editor@sikharchives.org

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕੁਦਰਤ ਪਿਆਰ

ਇਸ ਮਹਾਨ ਪਾਵਨ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਓੜਕਾਂ ਦਾ ਕੁਦਰਤ ਪਿਆਰ ਹੈ ਤੇ ਕਿਸੇ ਇਕ ਰੂਪ ਵਿਚ ਨਹੀਂ, ਸਗੋਂ ਅਨੇਕਾਂ ਰੂਪਾਂ ਵਿਚ ਇਸ ਪਿਆਰ ਦੇ ਸੋਮੇ ਭਰਪੂਰ ਹਨ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਕੁਦਰਤ ਤੇ ਮਨੁੱਖ ਦਾ ਪਰਸਪਰ ਬੜਾ ਸੰਬੰਧ ਹੈ। ਅਸਲ ਵਿਚ ਮਨੁੱਖ ਕੁਦਰਤ ਦਾ ਹੀ ਅੰਸ਼ ਹੈ, ਪਰ ਸੱਭਿਅਤਾ ਦੇ ਵਿਕਾਸ ਨਾਲ ਉਸ ਤੋਂ ਵੱਖ ਹੋ ਖਲੋਤਾ ਹੈ। ਫਿਰ ਵੀ ਸਦਾ ਆਪਣੇ ਅਸਲੇ ਨੂੰ ਪਛਾਣ ਕੇ ਹਰ ਇਕ ਮਨੁੱਖ ਕੁਦਰਤ ਨੂੰ ਕੁਝ ਨਾ ਕੁਝ ਪਿਆਰ ਕਰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਮਨੁੱਖ ਤੇ ਕੁਦਰਤ ਦਾ ਇਹ ਸੰਬੰਧ ਚੰਗੀ ਤਰ੍ਹਾਂ ਉਜਾਗਰ ਕੀਤਾ ਗਿਆ ਹੈ। ਇਸ ਮਹਾਨ ਪਾਵਨ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਓੜਕਾਂ ਦਾ ਕੁਦਰਤ ਪਿਆਰ ਹੈ ਤੇ ਕਿਸੇ ਇਕ ਰੂਪ ਵਿਚ ਨਹੀਂ, ਸਗੋਂ ਅਨੇਕਾਂ ਰੂਪਾਂ ਵਿਚ ਇਸ ਪਿਆਰ ਦੇ ਸੋਮੇ ਭਰਪੂਰ ਹਨ।

ਕਈ ਕਵੀ ਕੁਦਰਤ ਦਾ ਕੇਵਲ ਉੱਪਰਲਾ ਤਲ ਵੇਖ ਕੇ ਹੀ ਸੰਤੁਸ਼ਟ ਹੋ ਜਾਂਦੇ ਹਨ, ਪਰ ਗੁਰੂ ਸਾਹਿਬਾਨ, ਜਿਹੜੇ ਸ੍ਰਿਸ਼ਟੀ ਦੇ ਚੋਲੇ ਹੇਠਾਂ ਇਸ ਦੇ ਅਸਲੀ ਆਕਾਰ ਵੇਖਣ ਦੀ ਸਮਰੱਥਾ ਰੱਖਦੇ ਹਨ, ਕੁਦਰਤ ਦੇ ਕਿਣਕੇ-ਕਿਣਕੇ ਵਿੱਚੋਂ ਉਹਦੀ ਅਸਲੀਅਤ ਦੀ ਝਾਕੀ ਵੇਖਦੇ ਹਨ। ਉਨ੍ਹਾਂ ਦੇ ਖਿਆਲ ਅਨੁਸਾਰ ਕੁਦਰਤ ਇਸ ਲਈ ਪਿਆਰੀ ਹੈ ਕਿ ਇਸ ਵਿਚ ਸੁੰਦਰਤਾ ਦੇ ਸੋਮੇ ਦਾ ਨਿਵਾਸ ਹੈ। ਉਹ ਕੁਦਰਤ ਦੀ ਸੁੰਦਰਤਾ ਤੋਂ ਪ੍ਰਭਾਵਤ ਹੁੰਦੇ ਹੋਏ ਉੱਚਾ ਪੁਕਾਰ ਕੇ ਕਹਿੰਦੇ ਹਨ, ‘ਬਲਿਹਾਰੀ ਕੁਦਰਤਿ ਵਸਿਆ’। ਗੁਰੂ ਸਾਹਿਬਾਨ ਨੇ ਕੁਦਰਤ ਦੀਆਂ ਸੁੰਦਰ ਚੀਜ਼ਾਂ ਵੇਖੀਆਂ, ਪਰ ਉਹ ਆਪਣੇ ਆਪ ਵਿਚ ਸੁੰਦਰ ਨਜ਼ਰ ਨਾ ਆਈਆਂ। ਸੂਰਜ ਤੇ ਚੰਨ ਉਜਾਲਾ ਕਰਦੇ ਹੋਏ ਵੇਖੇ, ਪਰ ਉਨ੍ਹਾਂ ਨੂੰ ਇਹ ਪ੍ਰਕਾਸ਼ ਕਿਸੇ ਹੋਰ ਦਾ ਨਜ਼ਰ ਆਇਆ। ਇਸ ਲਈ ਉਨ੍ਹਾਂ ਕੁਦਰਤ ਦਾ ਇਹ ਭੇਦ ਦੱਸਿਆ:

ਸੂਰਜ ਚੰਦੁ ਕਰਹਿ ਉਜੀਆਰਾ॥
ਸਭ ਮਹਿ ਪਸਰਿਆ ਬ੍ਰਹਮ ਪਸਾਰਾ॥(ਪੰਨਾ 329)

ਅੱਜਕਲ੍ਹ ਦੇ ਕਈ ਵਿਗਿਆਨੀ ਪਰਮਾਤਮਾ ਨੂੰ ਕੁਦਰਤ ਵਿਚ  ਵੱਸਿਆ ਹੋਇਆ ਮੰਨ ਕੇ ਵੀ ਇਹ ਵਿਸ਼ਵਾਸ ਰੱਖਦੇ ਹਨ ਕਿ ਇਹਦੇ ਪ੍ਰਬੰਧ ਵਿਚ ਪਰਮਾਤਮਾ ਦਾ ਕੋਈ ਹੱਥ ਨਹੀਂ। ਉਹ ਸਮਝਦੇ ਹਨ ਕਿ ਇਹਦਾ ਸਾਰਾ ਪ੍ਰਬੰਧ ਕਿਸੇ ਅਟੱਲ ਨਿਯਮ ਦੁਆਰਾ ਆਪਮੁਹਾਰੇ ਚੱਲ ਰਿਹਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਸ਼ੰਕੇ ਨੂੰ ਬੜਾ ਖੋਲ੍ਹ ਕੇ ਨਵਿਰਤ ਕੀਤਾ ਹੈ। ਉਨ੍ਹਾਂ ਨੇ ਕੁਦਰਤ ਦੇ ਰਚਣ ਤੇ ਉਹਦੇ ਪ੍ਰਬੰਧ ਬਾਰੇ ਸਪੱਸ਼ਟ ਕੀਤਾ ਹੈ ਕਿ ਇਹ ਦੋਵੇਂ ਪਰਮਾਤਮਾ ਦੇ ਹੱਥ ਵਿਚ ਹਨ। ਇਹ ਪ੍ਰਬੰਧ ਉਹ ਕਿਸ ਨਿਯਮ ਅਨੁਸਾਰ ਚਲਾ ਰਿਹਾ ਹੈ, ਇਹ ਉਹ ਆਪ ਹੀ ਜਾਣਦਾ ਹੈ, ਪਰ ਜੁਗਾਂ-ਜੁਗਾਂਤਰਾਂ ਤੋਂ ਇਹ ਸਾਰਾ ਪ੍ਰਬੰਧ ਬਿਲਕੁਲ ਠੀਕ ਚੱਲਦਾ ਵੇਖ ਕੇ ਸਹਿਜੇ ਹੀ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਉਹਦਾ ਪ੍ਰਬੰਧ ਨਿਪੁੰਨ ਹੈ। ਤਾਹੀਓਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਫ਼ਰਮਾਇਆ ਹੈ:

ਸਭ ਤੇਰੀ ਕੁਦਰਤਿ ਤੂੰ ਕਾਦਿਰੁ ਕਰਤਾ ਪਾਕੀ ਨਾਈ ਪਾਕੁ॥
ਨਾਨਕ ਹੁਕਮੈ ਅੰਦਰਿ ਵੇਖੈ ਵਰਤੈ ਤਾਕੋ ਤਾਕੁ॥ (ਪੰਨਾ 464)

ਗੁਰੂ ਸਾਹਿਬਾਨ ਪਰਮਾਤਮਾ ਨੂੰ ਕੁਦਰਤ ਦਾ ਸੰਚਾਲਕ ਜਾਣ ਕੇ ਸੰਸਾਰ ਨੂੰ ਇਹੋ ਉਪਦੇਸ਼ ਦਿੰਦੇ ਹਨ ਕਿ ਕੁਦਰਤ ਦੇ ਸੁੰਦਰ ਦ੍ਰਿਸ਼ਾਂ ਨੂੰ ਵੇਖ ਕੇ ਇਨ੍ਹਾਂ ਦੇ ਰਚਨਹਾਰ ਦੀ ਉਸਤਤ ਕਰੋ:

ਅਖੀ ਕੁਦਰਤਿ ਕੰਨੀ ਬਾਣੀ ਮੁਖਿ ਆਖਣੁ ਸਚੁ ਨਾਮੁ॥ (ਪੰਨਾ 1168)

ਗੁਰੂ ਸਾਹਿਬਾਨ ਨੇ ਕੁਦਰਤ ਦਾ ਭੇਦ ਸਮਝ ਕੇ ਇਹਨੂੰ ਬੜੇ ਵਿਸ਼ਾਲ ਰੂਪ ਵਿਚ ਵੇਖਿਆ। ਉਨ੍ਹਾਂ ਦੀ ਬਾਣੀ ਕਿਸੇ ਖਾਸ ਕਿਸਮ ਦੇ ਕੁਦਰਤੀ ਦ੍ਰਿਸ਼ਾਂ ਤਕ ਸੀਮਿਤ ਨਹੀਂ, ਸਗੋਂ ਹਰ ਪ੍ਰਕਾਰ ਦੇ ਪ੍ਰਕਿਰਤਕ ਦ੍ਰਿਸ਼ ਇਸ ਵਿਚ ਸਮਾਏ ਹੋਏ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ‘ਆਸਾ ਕੀ ਵਾਰ’ ਵਿਚ ਇਸ ਵਿਸ਼ਾਲ ਕੁਦਰਤ ਨੂੰ ਚੰਗੀ ਤਰ੍ਹਾਂ ਦਰਸਾਇਆ ਹੈ ਅਤੇ ਸਭ ਅਕਾਸ਼ਾਂ, ਪਤਾਲਾਂ ਤੇ ਬ੍ਰਹਿਮੰਡਾਂ ਨੂੰ ਕੁਦਰਤ ਦੱਸਿਆ ਹੈ:

ਕੁਦਰਤਿ ਦਿਸੈ ਕੁਦਰਤਿ ਸੁਣੀਐ ਕੁਦਰਤਿ ਭਉ ਸੁਖ ਸਾਰੁ॥
ਕੁਦਰਤਿ ਪਾਤਾਲੀ ਆਕਾਸੀ ਕੁਦਰਤਿ ਸਰਬ ਆਕਾਰੁ॥ (ਪੰਨਾ 464)

ਉਹ ਇਕ ਦਿਸ਼ਾ ਵਿਚ ਨਹੀਂ, ਸਗੋਂ ਦਸਾਂ ਦਿਸ਼ਾਂ ਵਿਚ ਕੁਦਰਤ ਦੀ ਸੁੰਦਰਤਾ ਨੂੰ ਵੇਖਣ ਵਾਲੇ ਹਨ:

ਊਪਰਿ ਬਨੈ ਅਕਾਸੁ ਤਲੈ ਧਰ ਸੋਹਤੀ॥
ਦਹ ਦਿਸ ਚਮਕੈ ਬੀਜੁਲਿ ਮੁਖ ਕਉ ਜੋਹਤੀ॥ (ਪੰਨਾ 1362)

ਸ੍ਰੀ ਗੁਰੂ ਨਾਨਕ ਦੇਵ ਜੀ ਜਦ ਆਰਤੀ ਕਰਦੇ ਹਨ ਤਾਂ ਸਾਰੀ ਕੁਦਰਤ ਦੀ ਸੁੰਦਰਤਾ ਉਹਨੂੰ ਅਰਪਨ ਕਰ ਦਿੰਦੇ ਹਨ। ਇਸ ਆਰਤੀ ਲਈ ਅਕਾਸ਼ ਰੂਪੀ ਥਾਲ ਪੇਸ਼ ਕਰਦੇ ਹਨ, ਜਿਸ ਵਿਚ ਕਈ ਸੂਰਜ ਅਤੇ ਚੰਨ ਦੀਵਿਆਂ ਦੀ ਥਾਂ ਰੱਖੇ ਹੋਏ ਹਨ, ਤਾਰਿਆਂ ਦਾ ਮੰਡਲ ਮੋਤੀ ਹਨ, ਮਲ੍ਯ ਪਰਬਤ ਦੀ ਸੁਗੰਧਿਤ ਵਾਯੂ ਧੂਪ ਹੈ, ਪੌਣ ਚੌਰ ਕਰ ਰਹੀ ਹੈ ਤੇ ਸਾਰੀ ਬਨਸਪਤੀ ਮਾਨੋ ਫੁੱਲ ਸਜਾਏ ਹੋਏ ਹਨ।

ਸ੍ਰੀ ਗੁਰੂ ਨਾਨਕ ਦੇਵ ਜੀ ‘ਅਨੰਤ’ ਜੇਡੀ ਵਿਸ਼ਾਲ ਕੁਦਰਤ ਇੱਕੋ ਵਾਰ ਹੀ ਵੇਖ ਲੈਣ ਦੀ ਸਮਰੱਥਾ ਰੱਖਦੇ ਹਨ। ਉਹ ‘ਪਾਤਾਲਾ ਪਾਤਾਲ’ ਤੇ ‘ਲਖ ਆਗਾਸਾ ਆਗਾਸ’ ਇੱਕੋ ਵਾਰ ਹੀ ਆਪਣੇ ਮਨ ਦੀਆਂ ਅੱਖਾਂ ਅੱਗੇ ਲਿਆ ਕੇ ਉਨ੍ਹਾਂ ਦੀ ਸੁੰਦਰਤਾ ਮਾਣ ਸਕਦੇ ਹਨ। ਪਰ ਇੰਨੀ ਵਿਸ਼ਾਲ ਦ੍ਰਿਸ਼ਟੀ ਰੱਖਦਿਆਂ ਹੋਇਆਂ ਵੀ ਉਹ ਬਾਰੀਕ ਤੋਂ ਬਾਰੀਕ ਚੀਜ਼ ਨੂੰ ਗਹੁ ਨਾਲ ਵੇਖਣ ਦੀ ਸ਼ਕਤੀ ਰੱਖਦੇ ਹਨ ਜੋ ਗਰਮੀਆਂ ਦੀ ਰੁੱਤ ਵਿਚ ਹਰ ਇਕ ਬ੍ਰਿਛ ਦੀ ਛਾਇਆ ਵੱਲ ਮੁੜਦਾ ਹੈ ਜਾਂ ਬਨ ਵਿਚ ਟਿੱਡਾ ਬੋਲਦਾ ਹੈ ਤਾਂ ਉਸ ਵੱਲ ਵੀ ਪੂਰਾ ਧਿਆਨ ਦਿੰਦੇ ਹਨ। ਇਸੇ ਤਰ੍ਹਾਂ ਜੇ ਬਰਸਾਤ ਵਿਚ ਡੱਡੂ ਤੇ ਮੋਰ ਬੋਲਦੇ ਹਨ ਅਤੇ ਸੱਪ ਡੱਸਦੇ ਫਿਰਦੇ ਹਨ ਤਾਂ ਗੁਰੂ ਜੀ ਨੇ ਉਨ੍ਹਾਂ ਨੂੰ ਵੀ ਆਪਣੇ ਧਿਆਨ ਤੋਂ ਪਰ੍ਹੇ ਨਹੀਂ ਜਾਣ ਦਿੱਤਾ। ਜੇ ਚੇਤ ਦੇ ਮਹੀਨੇ ਵਿਚ ਵਣਾਂ ਦੇ ਬ੍ਰਿਛ ਫੁਲਦੇ ਹਨ ਤਾਂ ਆਮ ਲੋਕਾਂ ਲਈ ਇਹ ਸਾਧਾਰਨ ਜਿਹੀ ਗੱਲ ਹੈ, ਪਰ ਕੁਦਰਤ ਦੀਆਂ ਨਿੱਕੀਆਂ-ਵੱਡੀਆਂ ਚੀਜ਼ਾਂ ਨਾਲ ਪਿਆਰ ਕਰਨ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਲਈ ਇਹ ਬੜਾ ਮਹੱਤਵਪੂਰਨ ਦ੍ਰਿਸ਼ ਹੈ ਤੇ ਆਪਣੇ ਜੀਵਨ ਦੇ ਸਮੇਂ ਤਕ ਇਸ ਨੂੰ ਇਉਂ ਯਾਦ ਕਰਦੇ ਰਹੇ:

ਬਨ ਫੂਲੇ ਮੰਝ ਬਾਰਿ ਮੈ ਪਿਰੁ ਘਰਿ ਬਾਹੁੜੈ॥ (ਪੰਨਾ 1108)

ਗੁਰੂ ਸਾਹਿਬਾਨ ਵਿਚ ਕੁਦਰਤ ਨਾਲ ਬੇਅੰਤ ਪਿਆਰ ਦੇ ਸਕਦੇ ਕੁਦਰਤੀ ਮੰਡਲ ਦਾ ਤਜਰਬਾ ਬੜਾ ਅਥਾਹ ਸੀ। ਇਹ ਸੁਭਾਵਕ ਗੱਲ ਹੈ ਕਿ ਜਿਸ ਚੀਜ਼ ਦਾ ਤਜਰਬਾ ਕਿਸੇ ਵਿਚ ਜ਼ਿਆਦਾ ਹੋਵੇ, ਉਸੇ ਦੀਆਂ ਉਪਮਾਵਾਂ ਹੀ ਆਪਣੀ ਰਚਨਾ ਵਿਚ ਵੱਧ ਤੋਂ ਵੱਧ ਦਿੰਦਾ ਹੈ। ਇਸ ਲਈ ਗੁਰੂ ਸਾਹਿਬਾਨ ਨੇ ਜੀਵਨ ਦੇ ਹਰ ਵਿਸ਼ੇ ਨੂੰ ਸਮਝਣ ਲਈ ਕੁਦਰਤ ਦੀਆਂ ਉਪਮਾਵਾਂ ਦਿੱਤੀਆਂ ਹਨ। ਖੁਸ਼ੀ, ਦੁੱਖ, ਵਿਛੋੜਾ, ਮਿਲਾਪ ਤੇ ਸੰਸਾਰ ਦੀ ਅਸਥਿਰਤਾ ਬਾਰੇ ਕੁਦਰਤ ਮੰਡਲ ਵਿੱਚੋਂ ਲਈਆਂ ਉਪਮਾਵਾਂ ਦੇ ਢੇਰਾਂ ਦੇ ਢੇਰ ਲਾ ਦਿੱਤੇ ਹਨ। ਜੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੁਖੀ ਜੀਵਨ ਦੀ ਝਾਕੀ ਵਿਖਾਈ ਹੈ ਤਾਂ ਉਹਨੂੰ ਅੰਬਾਂ ਦੀ ਛਾਂ ਨਾਲ ਉਪਮਾਇਆ ਹੈ, ਜੇ ਮਨੁੱਖ ਦੇ ਦੁੱਖ ਨੂੰ ਪ੍ਰਗਟ ਕਰਨਾ ਹੈ ਤਾਂ ਉਹਨੂੰ ‘ਕਣ’ ਤੋਂ ਬਿਨਾਂ ਖਾਲੀ ‘ਤੁਖਾ’ ਦੇ ਨਿਆਈਂ ਦੱਸਿਆ ਹੈ, ਜੇ ਵਿਛੋੜੇ ਤੇ ਮਿਲਾਪ ਦੀ ਮਿਸਾਲ ਦੇਣੀ ਹੈ ਤਾਂ ‘ਨਦੀਆਂ ਵਾਹ ਵਿਛੁੰਨੀਆ, ਮੇਲਾ ਸੰਜੋਗੀ ਰਾਮ’ ਦੀ ਉਦਾਹਰਣ ਦਿੱਤੀ ਹੈ, ਜੇ ਸੰਸਾਰ ਦੀ ਅਸਥਿਰਤਾ ਦ੍ਰਿੜ੍ਹ ਕਰਾਉਣੀ ਹੈ ਤਾਂ ਜੋਬਨ ਦਾ ਝੜਨਾ ਤੇ ਪਬਣਿ ਦੇ ਪੱਤਿਆਂ ਦਾ ਝੜਨਾ ਇਕ ਬਰਾਬਰ ਦੱਸਿਆ ਹੈ। ਇਸੇ ਤਰ੍ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਦੁਨੀਆਂ ਦੀ ਨਾਸ਼ਮੰਦੀ ਨੂੰ ਬਿਜਲੀ ਦੇ ਛਿੰਨ-ਭੰਗਰ ਚਮਤਕਾਰ ਨਾਲ ਉਪਮਾਉਂਦੇ ਹਨ:

ਦਾਮਨੀ ਚਮਤਕਾਰ ਤਿਉ ਵਰਤਾਰਾ ਜਗ ਖੇ॥ (ਪੰਨਾ 319)

ਕੁਦਰਤ ਨਾਲ ਪਿਆਰ ਕਰਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਕਦੀ-ਕਦੀ ਤਾਂ ਇਸ ਵਿਚ ਬਿਲਕੁਲ ਅਭੇਦ ਹੋਣਾ ਲੋਚਦੇ ਹਨ। ਇਸ ਅਵਸਥਾ ਵਿਚ ਉਹ ਕਈ ਵਾਰ ਆਪਣਾ ਖਾਣਾ-ਪੀਣਾ ਤੇ ਸੌਣਾ ਵੀ ਕੁਦਰਤ ਵਿਚ ਫਿਰਦੇ ਜੀਵਾਂ ਵਾਂਗ ਕਰਨ ਦਾ ਤਸੱਵਰ ਕਰਨ ਤੋਂ ਸੰਕੋਚ ਨਹੀਂ ਕਰਦੇ। ਤਾਹੀਓਂ ਭਾਈ ਗੁਰਦਾਸ ਜੀ ਉਨ੍ਹਾਂ ਬਾਰੇ ਕਹਿੰਦੇ ਹਨ:

ਰੇਤ ਅੱਕ ਆਹਾਰ ਕਰ ਰੋੜਾਂ ਦੀ ਗੁਰੁ ਕਰੀ ਵਿਛਾਈ।

ਸ੍ਰੀ ਗੁਰੂ ਨਾਨਕ ਦੇਵ ਜੀ ਵਿਚ ਕੁਦਰਤ ਦੀਆਂ ਚੀਜ਼ਾਂ ਨਾਲ ਇਕਮਿਕ ਹੋਣ ਦੀ ਇੰਨੀ ਚਾਹ ਹੈ ਕਿ ਉਹ ਕਈ ਵਾਰ ਪੰਛੀਆਂ, ਹਰਨੀਆਂ ਤੇ ਕੋਇਲਾਂ ਆਦਿ ਦਾ ਜੀਵਨ ਬਿਤਾਉਣਾ ਚਾਹੁੰਦੇ ਹਨ ਤੇ ਸੱਚ ਤਾਂ ਇਹ ਹੈ ਕਿ ਆਪ ਨੇ ਇਨ੍ਹਾਂ ਵਰਗਾ ਹੀ ਖੁੱਲ੍ਹਾ ਤੇ ਆਜ਼ਾਦ ਜੀਵਨ ਬਿਤਾਇਆ। ਪੰਛੀਆਂ ਵਾਂਗ ਹੀ ਦੇਸਾਂ-ਦੇਸਾਂਤਰਾਂ ਵਿਚ ਖੁੱਲ੍ਹੀਆਂ ਉਡਾਰੀਆਂ ਲਾਈਆਂ, ਹਰਨੀਆਂ ਵਾਂਗ ਹੀ ਜੰਗਲਾਂ ਵਿਚ ਫਿਰਦੇ ਰਹੇ ਤੇ ਕੋਇਲਾਂ ਵਾਂਗ ਬ੍ਰਿਛਾਂ ਦੇ ਵਾਯੂਮੰਡਲ ਵਿਚ ਆਪਣੇ ਪਿਆਰੇ ਦੀਆਂ ਸਿਫਤਾਂ ਗਾਈਆਂ। ਸ੍ਰੀ ਗੁਰੂ ਅਰਜਨ ਦੇਵ ਜੀ ਵੀ ਪਰਮਾਤਮਾ ਦੇ ਚਰਨਾਂ ਤਕ ਪੁੱਜਣ ਲਈ ਪੰਛੀ ਬਣਨਾ ਲੋੜਦੇ ਹਨ ਤੇ ਮੰਗ ਕਰਦੇ ਹਨ:

ਖੰਭ ਵਿਕਾਂਦੜੇ ਜੇ ਲਹਾਂ ਘਿੰਨਾ ਸਾਵੀ ਤੋਲਿ॥
ਤੰਨਿ ਜੜਾਂਈ ਆਪਣੈ ਲਹਾਂ ਸੁ ਸਜਣੁ ਟੋਲਿ॥ (ਪੰਨਾ 1426)

ਗੁਰੂ ਸਾਹਿਬਾਨ ਨੇ ਕੁਦਰਤ ਦੇ ਸੁੰਦਰ ਦ੍ਰਿਸ਼ਾਂ ਦਾ ਮਨੁੱਖੀ ਮਨ ਉੱਤੇ ਪ੍ਰਭਾਵ ਦੱਸਦਿਆਂ ਇਹੋ ਦ੍ਰਿੜ੍ਹ ਕਰਾਇਆ ਹੈ ਕਿ ਇਨ੍ਹਾਂ ਦੇ ਦਰਸ਼ਨਾਂ ਨਾਲ ਸਾਡਾ ਮਨ ਕੰਵਲ ਵਾਂਗ ਖਿੜ ਉੱਠਦਾ ਹੈ। ਜੇ ਅਕਾਸ਼ ’ਤੇ ਸਭ ਪਾਸੇ ਬੱਦਲ ਛਾਏ ਹੋਏ ਵੇਖੇ ਹਨ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਨ੍ਹਾਂ ਦਾ ਪ੍ਰਭਾਵ ਇਉਂ ਦੱਸਿਆ ਹੈ:

ਉਨਵਿ ਘਨ ਛਾਏ ਬਰਸੁ ਸੁਭਾਏ ਮਨਿ ਤਨਿ ਪ੍ਰੇਮੁ ਸੁਖਾਵੈ॥ (ਪੰਨਾ 1107)

ਫਿਰ ਜਦ ਵਰਖਾ ਤੋਂ ਪਿੱਛੋਂ ਸਭ ਪਾਸੇ ਹਰਿਆਵਲ ਵੇਖਦੇ ਹਨ ਤਾਂ ਉਹਨੂੰ ‘ਦਹਦਿਸ ਸਾਖ ਹਰੀ ਹਰੀਆਵਲ’ ਕਹਿ ਕੇ ਅਨੰਦ ਨਾਲ ਖਿੜ ਜਾਂਦੇ ਹਨ। ਸ੍ਰੀ ਗੁਰੂ ਅੰਗਦ ਦੇਵ ਜੀ ਕੁਦਰਤਿ ਦੇ ਇਕਾਂਤ-ਭਰੇ ਸਮੇਂ ਆਪਣੀ ਸੁਰਤੀ ਵਿਚ ਚਾਓ ਭਰਿਆ ਪ੍ਰਤੀਤ ਕਰਦੇ ਹਨ ਤਾਂ ਉਸ ਖੁਸ਼ੀ ਦੀ ਲਹਿਰ ਨੂੰ ਇਉਂ ਵਰਣਨ ਕਰਦੇ ਹਨ:

ਚਉਥੈ ਪਹਰਿ ਸਬਾਹ ਕੈ ਸੁਰਤਿਆ ਉਪਜੈ ਚਾਉ॥
ਤਿਨਾ ਦਰੀਆਵਾ ਸਿਉ ਦੋਸਤੀ ਮਨਿ ਮੁਖਿ ਸਚਾ ਨਾਉ॥ (ਪੰਨਾ 146)

ਅਸਲ ਵਿਚ ਪੰਜਾਬ ਦਾ ਜਲਵਾਯੂ ਹੀ ਅਜਿਹਾ ਹੈ ਕਿ ਇਥੇ ਸਭ ਰੁੱਤਾਂ ਬੜੀਆਂ ਸਖ਼ਤ ਹੁੰਦੀਆਂ ਹਨ। ਇਸ ਲਈ ਜਦੋਂ ਇਕ ਸਖ਼ਤ ਰੁੱਤ ਹਟਣ ਤੋਂ ਪਿੱਛੋਂ ਸੁਖਦਾਇਕ ਰੁੱਤ ਆਉਂਦੀ ਹੈ ਤਾਂ ਮਨੁੱਖ ਦਾ ਮਨ ਮੌਲ ਉੱਠਦਾ ਹੈ। ਇਹੋ ਜਿਹੀਆਂ ਦੋ ਰੁੱਤਾਂ ਖਾਸ ਕਰਕੇ ਸੁਖਦਾਇਕ ਹਨ, ਇਕ ਵਰਖਾ ਰੁੱਤ, ਜਿਹੜੀ ਅਤਿ ਗਰਮੀ ਪਿੱਛੋਂ ਤੇ ਦੂਜੀ ਬਸੰਤ, ਜਿਹੜੀ ਅਤਿ ਸਰਦੀ ਪਿੱਛੋਂ ਆਉਂਦੀ ਹੈ। ਗੁਰੂ ਸਾਹਿਬਾਨ ਦੀ ਬਾਣੀ ਵਿਚ ਇਨ੍ਹਾਂ ਦੋਹਾਂ ਰੁੱਤਾਂ ਦੀ ਬੜੀ ਪ੍ਰਸੰਸਾ ਕੀਤੀ ਹੋਈ ਹੈ। ਵਰਖਾ ਰੁੱਤ ਵਿਚ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮਨ ਤ੍ਰੇਲ ਧੋਤੇ ਫੁੱਲ ਵਾਂਗ ਖਿੜ ਜਾਂਦਾ ਹੈ ਤਾਂ ਉਹ ਆਪਣੀ ਖੁਸ਼ੀ ਇਉਂ ਪ੍ਰਗਟ ਕਰਦੇ ਹਨ:

ਸਾਵਣਿ ਸਰਸ ਮਨਾ ਘਣ ਵਰਸਹਿ ਰੁਤਿ ਆਏ॥ (ਪੰਨਾ 1108)

ਇਸੇ ਤਰ੍ਹਾਂ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ‘ਝਿਮਿ ਝਿਮੇ ਝਿਮਿ ਝਿਮਿ ਵਰਸੈ ਅੰਮ੍ਰਿਤ ਧਾਰਾ ਰਾਮ॥’ ਦੀ ਧੁਨੀ ਰਾਹੀਂ ਵਰਖਾ ਦਾ ਅਨੰਦ ਮਾਣਦੇ ਹਨ। ਵਰਖਾ ਨੂੰ ਸਦਾ ਪਰਮਾਤਮਾ ਦੀ ਬਖਸ਼ਿਸ਼ ਦਾ ਚਿੰਨ੍ਹ ਸਮਝਿਆ ਜਾਂਦਾ ਹੈ। ਇਸ ਲਈ ਸ੍ਰੀ ਗੁਰੂ ਅਰਜਨ ਦੇਵ ਜੀ ਅਤਿ ਗਰਮੀ ਦੀ ਹਿਰਦੇਵੇਧਕ ਤਪਸ਼ ਪਿੱਛੋਂ ਵਰਖਾ ਰੁੱਤ ਨੂੰ ਇਉਂ ਜੀ ਆਇਆਂ ਕਹਿੰਦੇ ਹਨ:

ਮੀਹੁ ਪਇਆ ਪਰਮੇਸਰਿ ਪਾਇਆ॥
ਜੀਅ ਜੰਤ ਸਭਿ ਸੁਖੀ ਵਸਾਇਆ॥ (ਪੰਨਾ 105)

ਦੂਜੀ ਸੁਖਦਾਇਕ ਰੁੱਤ ਅਰਥਾਤ ਬਸੰਤ ਵਿਚ ਬਨਸਪਤੀ ਆਪਣੀ ਖੁਸ਼ੀ ਹਰੀਆਂ ਕਚੂਰ, ਕਰੂੰਬਲਾਂ ਤੇ ਰੰਗ-ਬਿਰੰਗੇ ਫੁੱਲਾਂ ਰਾਹੀਂ ਪ੍ਰਗਟ ਕਰਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਚੇਤ ਦੇ ਮਹੀਨੇ ਨੂੰ ਭਲਾ ਸਮਝਦੇ ਹਨ, ਕਿਉਂ ਜੋ ਇਸ ਰੁੱਤ ਵਿਚ ਫੁੱਲਾਂ ਉੱਤੇ ਭੰਵਰ ਸੁਹਣੇ ਲੱਗਦੇ ਹਨ। ਇਸੇ ਰੁੱਤ ਨੂੰ ਉਹ ਪ੍ਰਭੂ ਦੇ ਮੇਲ ਦੀ ਰੁੱਤ ਦੱਸਦੇ ਹਨ। ਸ੍ਰੀ ਗੁਰੂ ਰਾਮਦਾਸ ਜੀ ਵੀ ਚੇਤ ਨੂੰ ਖੁਸ਼ੀ-ਭਰੀ ਰੁੱਤ ਜਾਣ ਕੇ ਪ੍ਰਭੂ-ਮਿਲਾਪ ਲਈ ਸਭ ਤੋਂ ਚੰਗੀ ਗਿਣਦੇ ਹਨ ਅਤੇ ਇਨ੍ਹਾਂ ਦੋਹਾਂ ਖੁਸ਼ੀਆਂ ਨੂੰ ਇਉਂ ਵਰਣਨ ਕਰਦੇ ਹਨ:

ਬਨਸਪਤਿ ਮਉਲੀ ਚੜਿਆ ਬਸੰਤੁ॥
ਇਹੁ ਮਨੁ ਮਉਲਿਆ ਸਤਿਗੁਰੂ ਸੰਗਿ॥  (ਪੰਨਾ 1176)

ਸ੍ਰੀ ਗੁਰੂ ਅਰਜਨ ਦੇਵ ਜੀ ਬਸੰਤ ਦੀ ਰੁੱਤ ਵਿਚ ਸਭ ਪਾਸੇ ਵਣਤ੍ਰਿਣ ਮੌਲਿਆ ਵੇਖ ਕੇ ਚਾਹੁੰਦੇ ਹਨ ਕਿ ਇਸ ਰੁੱਤ ਵਿਚ ਸਭ ਲੋਕਾਂ ਦੇ ਮਨ ਵੀ ਹਰੇ-ਭਰੇ ਹੋਣ:

ਕਰਮਿ ਲਿਖੰਤੈ ਪਾਈਐ ਇਹ ਰੁਤਿ ਸੁਹਾਈ॥
ਵਣੁ ਤ੍ਰਿਣੁ ਤ੍ਰਿਭਵਣੁ ਮਉਲਿਆ ਅੰਮ੍ਰਿਤ ਫਲੁ ਪਾਈ॥ (ਪੰਨਾ 1193)

ਜਿੱਥੇ ਅਸੀਂ ਗੁਰੂ ਸਾਹਿਬਾਨ ਦੇ ਕੁਦਰਤ ਪਿਆਰ ਨੂੰ ਵੇਖਣਾ ਹੈ, ਉਥੇ ਇਸ ਗੱਲ ਨੂੰ ਕਦੀ ਨਹੀਂ ਭੁੱਲਣਾ ਕਿ ਉਨ੍ਹਾਂ ਨੇ ਕੁਦਰਤ ਨੂੰ ਮਨੁੱਖੀ ਮਨ ਦੇ ਸੰਬੰਧ ਨਾਲ ਹੀ ਪਛਾਣਿਆ ਅਤੇ ਆਪਣੇ ਮਨ ਵਿਚ ਹੀ ਕੁਦਰਤ ਦੀ ਹਰੇਕ ਅਵਸਥਾ ਨੂੰ ਮਾਣਿਆ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਮਨ ਦੀ ਅਵਸਥਾ ਅਨੁਸਾਰ ਹੀ ਕੁਦਰਤ ਦਾ ਪ੍ਰਕਾਸ਼ ਵੇਖਿਆ। ਇਸ ਅਵਸਥਾ ਵਿਚ ਉਨ੍ਹਾਂ ਨੂੰ ਵਿਸ਼ਵਾਸ ਹੋ ਜਾਂਦਾ ਹੈ ਕਿ ਜੇ ਮੈਂ ਖੁਸ਼ ਹਾਂ ਤਾਂ ਸਾਰੀ ਕੁਦਰਤ ਖੁਸ਼ ਹੈ, ਜੇ ਮੈਂ ਆਪਣੇ ਪਿਆਰੇ ਦੇ ਮਿਲਾਪ ਵਿਚ ਖਿੜਿਆ ਹੋਇਆ ਹਾਂ ਤਾਂ ਸਾਰੀ ਕੁਦਰਤ ਵੀ ਖਿੜੀ ਹੋਈ ਹੈ ਅਤੇ ਜੇ ਮੈਂ ਆਪਣੇ ਪ੍ਰੀਤਮ ਦੇ ਵਿਛੋੜੇ ਵਿਚ ਦੁਖੀ ਹਾਂ ਤਾਂ ਕੁਦਰਤ ਦੀਆਂ ਸਭ ਚੀਜ਼ਾਂ ਹਮਦਰਦੀ ਵਜੋਂ ਦੁਖੀ ਹਨ। ਉਨ੍ਹਾਂ ਨੇ ਕੁਦਰਤ ਨਾਲ ਆਪਣੇ ਦੁੱਖ-ਸੁਖ ਦੀ ਸਾਂਝ ਨੂੰ ਇਉਂ ਪ੍ਰਗਟਾਇਆ ਹੈ:

ਮੈ ਰੋਵੰਦੀ ਸਭੁ ਜਗੁ ਰੁਨਾ ਰੁੰਨੜੇ ਵਣਹੁ ਪੰਖੇਰੂ॥  (ਪੰਨਾ 558)

ਅਸਲ ਵਿਚ ਗੁਰੂ ਸਾਹਿਬਾਨ ਨੇ ਜਿੱਥੇ ਮਨੁੱਖ ਨੂੰ ਪਰਮਾਤਮਾ ਦਾ ਅੰਗ ਮੰਨਿਆ ਹੈ, ਉਥੇ ਕੁਦਰਤ ਨੂੰ ਵੀ ਉਸ ਸੋਮੇ ਦਾ ਭਾਗ ਜਾਣਿਆ ਹੈ। ਉਹ ਸਮਝਦੇ ਹਨ ਕਿ ਇਕ ਚੀਜ਼ ਦੇ ਦੋ ਅੰਗ ਕਦੀ ਵੱਖ ਨਹੀਂ ਹੋ ਸਕਦੇ। ਉਨ੍ਹਾਂ ਵਿਚ ਜਨਮ-ਜਨਮਾਂਤਰਾਂ ਤੇ ਜੁਗਾਂ-ਜੁਗਾਂਤਰਾਂ ਦੀ ਸਾਂਝ ਹੈ, ਇਕ ਜਿੰਦ-ਪਾਉਂਦੀ ਨੇੜਤਾ ਅਤੇ ਪ੍ਰਤੱਖ ਅਭੇਦਤਾ ਹੈ। ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨਾਂ ਵਿਚ ਹੀ ਕੁਦਰਤੀ ਦ੍ਰਿਸ਼ਾਂ ਦੇ ਹਰ ਪ੍ਰਕਾਰ ਦੇ ਦਰਸ਼ਨ ਸਮਾ ਜਾਂਦੇ ਹਨ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)