ਭਗਤ ਸਾਹਿਬਾਨ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਵਿਚ ਵੱਡਾ ਯੋਗਦਾਨ ਹੈ। ਭਗਤ ਸਾਹਿਬਾਨ ਵਿੱਚੋਂ ਹੋਏ ਭਗਤ ਧੰਨਾ ਜੀ ਕਿਸਾਨੀ ਪਰਵਾਰ ਨਾਲ ਸੰਬੰਧਤਿ ਰਾਜਪੂਤਾਨੇ ਦੇ ਜੱਟ ਸਨ। ਭਾਈ ਕਾਨ੍ਹ ਸਿੰਘ ਨਾਭਾ 1 ਅਨੁਸਾਰ ਆਪ ਦਾ ਜਨਮ ਟਾਂਕ ਦੇ ਇਲਾਕੇ ਦੇ ਧੂਆਨ ਪਿੰਡ ਵਿਚ ਸੰਮਤ 1415 ਈ. ਨੂੰ ਹੋਇਆ। ਮੈਕਸ ਆਰਥਰ ਮੈਕਾਲਿਫ 2 ਜਨਮ ਦਾ ਸੰਨ 1415 ਈ. ਨਿਰਧਾਰਤ ਕਰਦਾ ਹੈ ਜੋ ਉਪਰੋਕਤ ਸੰਮਤ ਨਾਲ ਮੇਲ ਖਾਂਦਾ ਹੈ। ਕੁਝ ਵਿਦਵਾਨ ਭਗਤ ਧੰਨਾ ਜੀ ਦਾ ਪਿਛੋਕੜ ਜੈਪੁਰ ਜ਼ਿਲ੍ਹੇ ਦੇ ਪਿੰਡ ‘ਡਿਗੀ ਕਿਸ਼ਨਗੜ੍ਹ’ ਨੂੰ ਦੱਸਦੇ ਹਨ ਅਤੇ ਇਥੋਂ ਹੀ ਆਪ ਦੇ ਬਜ਼ੁਰਗ ਧੁਆਨ (ਬੜਾ ਧੂਆਂ) ਜਾ ਵੱਸੇ ਸਨ। 3 ਭਗਤ ਧੰਨਾ ਜੀ ਨੇ ਗ੍ਰਿਹਸਤੀ ਜੀਵਨ ਬਤੀਤ ਕੀਤਾ ਅਤੇ ਖੇਤੀ ਕਰਨ ਤੇ ਪਸ਼ੂ ਚਾਰਨ ਦੀ ਕਿਰਤ ਦੇ ਨਾਲ-ਨਾਲ ਪ੍ਰਭੂ- ਭਗਤੀ ਵੱਲ ਆਪਣਾ ਮਨ ਜੋੜੀ ਰੱਖਿਆ। ਪ੍ਰਭੂ-ਪ੍ਰੇਮ ਦੀ ਪ੍ਰਬਲ ਇੱਛਾ ਹੋਣ ਕਰਕੇ ਪਰਮਾਤਮਾ ਨੂੰ ਉਨ੍ਹਾਂ ਨੇ ਆਪਣੇ ਨਿਰਛਲ ਸੁਭਾਅ ਰਾਹੀਂ ਸਹਿਜੇ ਹੀ ਪਾ ਲਿਆ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਬਸੰਤ ਰਾਗ ਦੀ ਭਗਤਾਂ ਦੀ ਸਾਖੀ ਵਿਚ ਜਿੱਥੇ ਹੋਰ ਭਗਤਾਂ ਦੀ ਕਠਿਨ ਸਾਧਨਾ ਦਾ ਜ਼ਿਕਰ ਕਰਦੇ ਹਨ ਉਥੇ ‘ਧੰਨੈ ਸੇਵਿਆ ਬਾਲ ਬੁਧਿ’ (ਪੰਨਾ 1192) ਰਾਹੀਂ ਉਨ੍ਹਾਂ ਦੇ ਪ੍ਰਭੂ-ਮਿਲਾਪ ਦਾ ਜ਼ਿਕਰ ਕੀਤਾ ਹੈ।
ਭਗਤ ਧੰਨਾ ਜੀ ਦੇ ਜੀਵਨ ਦੇ ਭਗਤੀ-ਭਾਵ ਨਾਲ ਅਨੇਕਾਂ ਕਹਾਣੀਆਂ ਜੁੜੀਆਂ ਹੋਈਆਂ ਹਨ। ਇਸ ਨੂੰ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਵਿਚ ਇਉਂ ਬਿਆਨ ਕਰਦੇ ਹਨ:
ਬਾਮ੍ਹਣ ਪੂਜੈ ਦੇਵਤੇ ਧੰਨਾ ਗਊ ਚਰਾਵਣ ਆਵੈ।
ਧੰਨੈ ਡਿਠਾ ਚਲਿਤ ਏਹ ਪੁਛੈ ਬਾਮ੍ਹਣ ਆਖ ਸੁਣਾਵੈ।
ਠਾਕੁਰ ਦੀ ਸੇਵਾ ਕਰੇ ਜੋ ਇਛੇ ਸੋਈ ਫਲ ਪਾਵੈ।
ਧੰਨਾ ਕਰਦਾ ਜੋਦੜੀ ਮੈਂ ਭਿ ਦੇਹ ਇਕ ਜੋ ਤੁਧ ਭਾਵੈ।
ਪੱਥਰ ਇਕ ਲਪੇਟ ਕਰ ਦੇ ਧੰਨੇ ਨੋਂ ਗੈਲ ਛੁਡਾਵੈ।
ਠਾਕੁਰ ਨੋਂ ਨ੍ਹਾਵਾਲਕੇ ਛਾਹਿ ਰੋਟੀ ਲੈ ਭੋਗ ਚੜ੍ਹਾਵੈ।
ਹਥ ਜੋੜ ਮਿੰਨਤ ਕਰੇ ਪੈਰੀਂ ਪੈ ਪੈ ਬਹੁਤ ਮਨਾਵੈ।
ਹਉਂ ਬੀ ਮੂੰਹ ਨ ਜੁਠਾਲਸਾਂ ਤੂੰ ਰੁਠਾ ਮੈਂ ਕਿਹੁ ਨ ਸੁਖਾਵੈ।
ਗੋਸਾਈਂ ਪਰਤੱਖ ਹੋਇ ਰੋਟੀ ਖਾਇ ਛਾਹਿ ਮੁਹਿ ਲਾਵੈ।
ਭੋਲਾ ਭਾਉ ਗੋਵਿੰਦ ਮਿਲਾਵੈ ॥ (ਵਾਰ 10:13)
ਭਗਤ ਧੰਨਾ ਜੀ ਨੇ ਆਪਣੀ ਆਤਮਿਕ ਭੁੱਖ ਨੂੰ ਮਿਟਾਉਣ ਲਈ ਪਰਮਾਰਥ ਦੇ ਰਾਹ ਦੀ ਤਲਾਸ਼ ਵਿਚ ਬਹੁਤ ਸਮਾਂ ਗੁਜ਼ਾਰਿਆ ਸੀ ਅਤੇ ਦੂਰ-ਦੂਰ ਤਕ ਦੀ ਯਾਤਰਾ ਕੀਤੀ। ਸ਼ਾਇਦ ਇਸੇ ਤਲਬ ਵਿਚ ਆਪ ਜੀ ਨੇ ਆਪਣਾ ਪਿੰਡ ਅਤੇ ਘਰ ਵੀ ਤਿਆਗ ਦਿੱਤਾ ਸੀ ਜਿਸ ਦਾ ਪ੍ਰਮਾਣ ਇਸ ਗੱਲ ਤੋਂ ਮਿਲਦਾ ਹੈ ਕਿ ਅੱਜ ਧੂਆਨ ਪਿੰਡ ਵਿਚ ਭਗਤ ਧੰਨਾ ਜੀ ਦੇ ਵੰਸ਼ ਵਿੱਚੋਂ ਕੋਈ ਵੀ ਨਹੀਂ ਵੱਸਦਾ। ਪਿੰਡ ਦੇ ਚੜ੍ਹਦੇ ਪਾਸੇ ਖੁਸ਼ਕ ਪਹਾੜ ਦੇ ਪੈਰਾਂ ਵਿਚ ਭਗਤ ਧੰਨਾ ਜੀ ਦੀ ਜ਼ਮੀਨ ਹੈ, ਜਿੱਥੇ ਚੂਨਾ ਗੱਚ ਦਾ ਇਕ ਥੜ੍ਹਾ ਬਣਿਆ ਹੋਇਆ ਹੈ। ਕਹਿੰਦੇ ਹਨ ਕਿ ਇਥੇ ਬੈਠ ਕੇ ਭਗਤ ਧੰਨਾ ਜੀ ਗਊਆਂ ਚਾਰਿਆ ਕਰਦੇ ਸਨ। ਸ਼ਰਧਾਵਾਨ ਲੋਕ ਇਥੇ ਆਉਂਦੇ ਹਨ। ਭਗਤ ਧੰਨਾ ਜੀ ਨੂੰ ਪਰਮਾਰਥ ਦੀ ਸੋਝੀ ਭਗਤ ਰਾਮਾਨੰਦ ਜੀ ਤੋਂ ਪ੍ਰਾਪਤ ਹੋਈ ਸੀ। ਭਗਤ ਰਾਮਾਨੰਦ ਜੀ ਉੱਤਰੀ ਭਾਰਤ ਵਿਚ ਦੱਖਣ ਦੇ ਰਾਮਾਨੁਜ ਦੀ ਚੌਧਵੀਂ ਪੀੜ੍ਹੀ ਦੇ ਉਤਰਾਧਿਕਾਰੀ ਸਨ ਅਤੇ ਨਿਰਗੁਣ ਭਗਤੀ ਦੇ ਪ੍ਰਚਾਰਕ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੀ ਭਗਤ ਬਾਣੀ ਦੇ ਅੱਧੇ ਭਗਤ ਆਪ ਦੇ ਚੇਲੇ ਤੇ ਸਮਕਾਲੀ ਸਨ। ਨਾਭਾ ਜੀ (ਜੋ ਖੁਦ ਰਾਮਾਨੰਦ ਸੰਪਰਦਾ ਵਿੱਚੋਂ ਸਨ) ਨੇ ਭਗਤਮਾਲਾ ਵਿਚ ਰਾਮਾਨੰਦ ਦੇ ਭਗਤਾਂ ਦਾ ਜ਼ਿਕਰ ਇਸ ਪ੍ਰਕਾਰ ਕੀਤਾ ਹੈ, ਜਿਸ ਵਿਚ ਭਗਤ ਧੰਨਾ ਜੀ ਦਾ ਨਾਮ ਵੀ ਸ਼ਾਮਲ ਹੈ-
ਸ੍ਰੀ ਰਾਮਾਨੰਦ ਰਘੁਨਾਥ ਜਯੋ ਦੁਨੀਆ ਸੇਤੁ ਜਗ ਤਾਰਨ ਕੀਯੋ।
ਅਨੰਤ ਨੰਦ, ਕਬੀਰ, ਸੁਖਾ, ਸੁਰਸਯ, ਪਦਮਾਵਤੀ, ਨਰ ਹਰਿ।
ਪੀਪਾ, ਭਾਵਾਨੰਦ, ਰੈਦਾਸ, ਧੰਨਾ, ਸੈਨ, ਸੁਰਸਾਰੀ ਕੀ ਸਰਹਰਿ।
ਔਰ ਸ਼ਿਸ਼ ਪ੍ਰਤਿਸ਼ਟ ਏਕ ਤੇ ਏਕ ਉਜਾਗਰ।4
ਪਰਚੀਆਂ ਸ੍ਰੀ ਸੈਣ ਭਗਤ ਜੀ ਵਿਚ ਵੀ ਭਗਤ ਰਾਮਾਨੰਦ ਜੀ ਦੇ ਭਗਤਾਂ ਦਾ ਜੋ ਜ਼ਿਕਰ ਆਇਆ ਹੈ, ਉਸ ਵਿਚ ਵੀ ਭਗਤ ਧੰਨਾ ਜੀ ਸ਼ਾਮਲ ਹਨ-
ਧੰਨਾ ਤੇ ਰਵਿਦਾਸ ਜੀ ਤ੍ਰਿਲੋਚਨ ਸਧਨਾ ਜਾਣ।
ਸੂਰਦਾਸ ਘਰ ਨਾਮਦੇਵ ਕਰਿਤਨ ਕੀਤਾ ਜਾਮ। (ਧਨਾਸਰੀ ਪੱਤਰਾ) 5
ਇਵੇਂ ਭਗਤ ਧੰਨਾ ਜੀ ਸਾਧੂਆਂ ਦੀ ਸੰਗਤ ਰਾਹੀਂ ਭਗਤ ਰਾਮਾਨੰਦ ਜੀ ਦੀ ਸ਼ਰਨ ਵਿਚ ਜਾ ਕੇ ਆਪਣੀ ਸਾਧਨਾ ਨਾਲ ਬਾਕੀ ਭਗਤ ਸਾਹਿਬਾਨ ਵਿਚ ਚੰਗਾ ਸਥਾਨ ਬਣਾ ਲੈਂਦੇ ਹਨ। ਇਸ ਦਾ ਜ਼ਿਕਰ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਕਰਦੇ ਹਨ :
ਨਾਮਾ ਜੈਦੇਉ ਕੰਬੀਰੁ ਤ੍ਰਿਲੋਚਨੁ ਅਉਜਾਤਿ ਰਵਿਦਾਸੁ ਚਮਿਆਰੁ ਚਮਈਆ ॥
ਜੋ ਜੋ ਮਿਲੈ ਸਾਧੂ ਜਨ ਸੰਗਤਿ ਧਨੁ ਧੰਨਾ ਜਟੁ ਸੈਣੁ ਮਿਲਿਆ ਹਰਿ ਦਈਆ ॥7॥
ਸੰਤ ਜਨਾ ਕੀ ਹਰਿ ਪੈਜ ਰਖਾਈ ਭਗਤਿ ਵਛਲੁ ਅੰਗੀਕਾਰੁ ਕਰਈਆ ॥
ਨਾਨਕ ਸਰਣਿ ਪਰੇ ਜਗਜੀਵਨ ਹਰਿ ਹਰਿ ਕਿਰਪਾ ਧਾਰਿ ਰਖਈਆ ॥ (ਪੰਨਾ 835)
ਸ੍ਰੀ ਗੁਰੂ ਅਰਜਨ ਦੇਵ ਜੀ ਦੇ ਭਗਤ ਧੰਨਾ ਜੀ ਦੇ ਆਸਾ ਰਾਗ ਦੇ ਸ਼ਬਦਾਂ ਵਿਚ ਆਪਣਾ ਇਕ ਸ਼ਬਦ ਜੋੜ ਕੇ ਉਨ੍ਹਾਂ ਦੀ ਭਗਤੀ-ਭਾਵਨਾ ਦਾ ਸਨਮਾਨ ਕਰਦੇ ਲਿਖਦੇ ਹਨ:
ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ ॥
ਆਢ ਦਾਮ ਕੋ ਛੀਪਰੋ ਹੋਇਓ ਲਾਖੀਣਾ ॥1॥ ਰਹਾਉ ॥
ਬੁਨਨਾ ਤਨਨਾ ਤਿਆਗਿ ਕੈ ਪ੍ਰੀਤਿ ਚਰਨ ਕਬੀਰਾ ॥
ਨੀਚ ਕੁਲਾ ਜੋਲਾਹਰਾ ਭਇਓ ਗੁਨੀਯ ਗਹੀਰਾ ॥1॥
ਰਵਿਦਾਸੁ ਢੁਵੰਤਾ ਢੋਰ ਨੀਤਿ ਤਿਨਿ ਤਿਆਗੀ ਮਾਇਆ ॥
ਪਰਗਟੁ ਹੋਆ ਸਾਧਸੰਗਿ ਹਰਿ ਦਰਸਨੁ ਪਾਇਆ ॥2॥
ਸੈਨੁ ਨਾਈ ਬੁਤਕਾਰੀਆ ਓਹੁ ਘਰਿ ਘਰਿ ਸੁਨਿਆ ॥
ਹਿਰਦੇ ਵਸਿਆ ਪਾਰਬ੍ਰਹਮੁ ਭਗਤਾ ਮਹਿ ਗਨਿਆ ॥3॥
ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ ॥
ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ ॥ (ਪੰਨਾ 488)
ਭਗਤ ਧੰਨਾ ਜੀ ਨੇ ਭਾਵੇਂ ਭਗਤੀ-ਭਾਵਨਾ ਵਿਚ ਆ ਕੇ ਕਾਫ਼ੀ ਬਾਣੀ ਰਚੀ ਹੋਵੇ ਜਿਸ ਬਾਰੇ ਸਹੀ ਪ੍ਰਮਾਣ ਤੇ ਤੱਥ ਪ੍ਰਾਪਤ ਤਾਂ ਨਹੀਂ ਹੁੰਦੇ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਆਪ ਦੇ ਤਿੰਨ ਸ਼ਬਦ ਸ਼ਾਮਲ ਕੀਤੇ ਗਏ ਹਨ। ਦੋ ਸ਼ਬਦ ਰਾਗ ਆਸਾ ਵਿਚ ‘ਆਸਾ ਬਾਣੀ ਭਗਤ ਧੰਨੇ ਜੀ ਕੀ’ ਸਿਰਲੇਖ ਹੇਠ ਧਨਾਸਰੀ ਰਾਗ ਵਿਚਲੇ ਆਰਤੀ ਦੇ ਸ਼ਬਦਾਂ ਵਿਚ ਹੈ। ਪ੍ਰਭੂ-ਮਹਿਮਾ ਕਰਦਿਆਂ ਭਗਤ ਧੰਨਾ ਜੀ ਨੇ ਪ੍ਰਭੂ-ਪਰਮਾਤਮਾ ਅੱਗੇ ਰੋਜ਼ਨੁਮਾ ਜ਼ਿੰਦਗੀ ਦੀਆਂ ਲੋੜਾਂ ਦਾ ਮੰਗ-ਪੱਤਰ ਪੇਸ਼ ਕੀਤਾ ਹੈ।
ਆਸਾ ਰਾਗ ਦੇ ਪਹਿਲੇ ਸ਼ਬਦ ਵਿਚ ਭਗਤ ਧੰਨਾ ਜੀ ਨੇ ਆਪਣੇ ਪੂਰਬਲੇ ਜਨਮ ਦੀ ਭਟਕਣਾ ਅਤੇ ਪ੍ਰਭੂ ਨੂੰ ਪ੍ਰਾਪਤ ਕਰਨ ਦੀ ਬਿਹਬਲਤਾ ਨੂੰ ਬਿਆਨ ਕੀਤਾ ਹੈ। ਜੀਵ ਦੀ ਵਿਅਕਤੀਗਤ ਅਤੇ ਬਾਹਰਮੁਖੀ ਸਾਧਨਾ ਸਾਰੀ ਦੀ ਸਾਰੀ ਮਨਮੁਖਤਾ ਹੈ। ਜਿੰਨਾ ਚਿਰ ਗੁਰੂ ਦੀ ਕਿਰਪਾ ਨਹੀਂ ਹੁੰਦੀ, ਤਦ ਤਕ ਪ੍ਰਭੂ ਦੀ ਪ੍ਰਾਪਤੀ ਨਹੀਂ ਹੁੰਦੀ ਅਤੇ ਨਾ ਹੀ ਮਨ ਵੱਸ ਵਿਚ ਆਉਂਦਾ ਹੈ। ਆਪਣੀ ਇਸ ਮਾਨਸਿਕ ਭਟਕਣਾ ਨੂੰ ਬਿਆਨ ਕਰਦੇ ਆਪ ਲਿਖਦੇ ਹਨ ਕਿ ਕਈ ਜਨਮ ਬੀਤ ਗਏ ਪਰ ਤਨ, ਮਨ, ਧਨ ਵਿਚ ਸਹਿਜ ਨਹੀਂ ਆਇਆ। ਇਹ ਟਿਕਾਉ ਆ ਵੀ ਨਹੀਂ ਸਕਦਾ ਕਿਉਂਕਿ ਤਨ ਬਿਨਸ ਜਾਂਦਾ ਹੈ, ਮਨ ਭਟਕਦਾ ਰਹਿੰਦਾ ਹੈ ਤੇ ਧਨ ਉੱਡ-ਪੁੱਡ ਜਾਂਦਾ ਹੈ। ਇਸ ਭਟਕਣ ਦੇ ਕਾਰਨ ਨੂੰ ਅਨੁਭਵ ਕਰਦੇ ਆਪ ਸਪੱਸ਼ਟ ਕਰਦੇ ਹਨ ਕਿ ਇਸ ਲੋਭੀ ਜੀਵ ਦੇ ਜ਼ਹਿਰੀਲੇ ਸੁਆਦਾਂ ਅਤੇ ਕਾਮ ਦੇ ਰੰਗ ਵਿਚ ਰੰਗੇ ਹੋਣ ਕਰਕੇ ਹੀਰੇ ਰੂਪੀ ਪ੍ਰਭੂ ਵਿੱਸਰਿਆ ਹੋਇਆ ਸੀ। ਇਸ ਬਉਰੇ ਮਨ ਨੂੰ ਜ਼ਹਿਰ ਰੂਪੀ ਫਲ ਮਿੱਠੇ ਲੱਗਦੇ ਸਨ।
ਸ਼ੁਭ-ਕਰਮਾਂ ਤੋਂ ਉਲਟ ਮਾਇਆਵੀ ਪ੍ਰੀਤ ਵੱਸ ਜਨਮ-ਮਰਨ ਦਾ ਤਾਣਾ ਤਣਿਆ ਰਿਹਾ ਅਤੇ ਆਵਾਗਵਨ ਦਾ ਚੱਕਰ ਚੱਲਦਾ ਰਿਹਾ। ਹਿਰਦੇ ਵਿਚ ਪਰਮਾਤਮਾ ਨਾਲ ਜੁੜਨ ਦੀ ਚੰਗੀ ਵਿਉਂਤ ਨਾ ਟਿਕਾਉਣ ਕਰਕੇ ਇਹ ਜੀਵ ਤ੍ਰਿਸ਼ਨਾ ਦੀ ਅੱਗ ਵਿਚ ਸੜਦਾ ਮੌਤ ਦੇ ਫੰਦੇ ਵਿਚ ਫਸਿਆ ਰਿਹਾ। ਵਿਸ਼ਿਆਂ-ਵਿਕਾਰਾਂ ਦੇ ਰਸ ਇਕੱਠੇ ਕਰ ਕੇ ਮਨ ਨੂੰ ਇਸ ਕਦਰ ਭਰ ਲਿਆ ਕਿ ਪਰਮ ਪੁਰਖ ਵਿੱਸਰ ਹੀ ਗਿਆ। ਗੁਰੂ ਨੇ ਜਦੋਂ ਮਨ ਵਿਚ ਗਿਆਨ ਦਾ ਧਨ ਭਰ ਦਿੱਤਾ ਤਾਂ ਮਨ ਸਹਿਜ ਦੀ ਤ੍ਰਿਪਤੀ ਵਿਚ ਆ ਗਿਆ। ਇਹ ਜੁਗਤ ਵਰਤ ਕੇ ਸਭ ਥਾਂ ਸਮਾਈ ਹੋਈ ਪ੍ਰਭੂ ਦੀ ਜੋਤ ਨੂੰ ਹਿਰਦੇ ਵਿਚ ਵਸਾ ਕੇ ਨਾ ਛਲੇ ਜਾਣ ਵਾਲੇ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ। ਇਵੇਂ ਭਗਤ ਧੰਨਾ ਜੀ ਨੇ ਸੰਤ-ਜਨਾਂ ਨਾਲ ਮਿਲ ਕੇ ਧਰਤੀ ਨੂੰ ਸਹਾਰਾ ਦੇਣ ਵਾਲੇ ਧਰਨੀਧਰ ਨੂੰ ਪ੍ਰਾਪਤ ਕਰ ਲਿਆ। ਇਹ ਸ਼ਬਦ ਜੀਵ ਨੂੰ ਪਰਮਾਰਥ ਦੀ ਪੂਰੀ ਸੇਧ ਦਿੰਦਾ ਹੈ:
ਭ੍ਰਮਤ ਫਿਰਤ ਬਹੁ ਜਨਮ ਬਿਲਾਨੇ ਤਨੁ ਮਨੁ ਧਨੁ ਨਹੀ ਧੀਰੇ ॥
ਲਾਲਚ ਬਿਖੁ ਕਾਮ ਲੁਬਧ ਰਾਤਾ ਮਨਿ ਬਿਸਰੇ ਪ੍ਰਭ ਹੀਰੇ ॥1॥ ਰਹਾਉ ॥
ਬਿਖੁ ਫਲ ਮੀਠ ਲਗੇ ਮਨ ਬਉਰੇ ਚਾਰ ਬਿਚਾਰ ਨ ਜਾਨਿਆ ॥
ਗੁਨ ਤੇ ਪ੍ਰੀਤਿ ਬਢੀ ਅਨ ਭਾਂਤੀ ਜਨਮ ਮਰਨ ਫਿਰਿ ਤਾਨਿਆ ॥1॥
ਜੁਗਤਿ ਜਾਨਿ ਨਹੀ ਰਿਦੈ ਨਿਵਾਸੀ ਜਲਤ ਜਾਲ ਜਮ ਫੰਧ ਪਰੇ ॥
ਬਿਖੁ ਫਲ ਸੰਚਿ ਭਰੇ ਮਨ ਐਸੇ ਪਰਮ ਪੁਰਖ ਪ੍ਰਭ ਮਨ ਬਿਸਰੇ ॥2॥
ਗਿਆਨ ਪ੍ਰਵੇਸੁ ਗੁਰਹਿ ਧਨੁ ਦੀਆ ਧਿਆਨੁ ਮਾਨੁ ਮਨ ਏਕ ਮਏ ॥
ਪ੍ਰੇਮ ਭਗਤਿ ਮਾਨੀ ਸੁਖੁ ਜਾਨਿਆ ਤ੍ਰਿਪਤਿ ਅਘਾਨੇ ਮੁਕਤਿ ਭਏ ॥3॥
ਜੋਤਿ ਸਮਾਇ ਸਮਾਨੀ ਜਾ ਕੈ ਅਛਲੀ ਪ੍ਰਭੁ ਪਹਿਚਾਨਿਆ ॥
ਧੰਨੈ ਧਨੁ ਪਾਇਆ ਧਰਣੀਧਰੁ ਮਿਲਿ ਜਨ ਸੰਤ ਸਮਾਨਿਆ ॥ (ਪੰਨਾ 487)
ਦੂਜੇ ਸ਼ਬਦਾਂ ਵਿਚ ਆਤਮ ਸਥਿਰਤਾ ਦਾ ਪ੍ਰਗਟਾਵਾ ਹੈ। ਇਸ ਵਿਚ ਇਹ ਤਸੱਲੀ ਪ੍ਰਗਟ ਕੀਤੀ ਗਈ ਹੈ ਕਿ ਪਰਮਾਤਮਾ ਦੀ ਭਗਤੀ ਕਿਉਂ ਨਾ ਕੀਤੀ ਜਾਵੇ ਜੋ ਹਰ ਜੀਵ ਨੂੰ ਰੋਜ਼ੀ ਦਿੰਦਾ ਹੈ? ਉਸ ਤੋਂ ਬਿਨਾਂ ਦੂਸਰਾ ਹੋਰ ਕੋਈ ਪ੍ਰਤਿਪਾਲਕ ਨਹੀਂ ਹੈ। ਹੇ ਜੀਵ! ਜੇ ਤੂੰ ਬ੍ਰਹਿਮੰਡ ਦੇ ਵੱਖਰੇ-ਵੱਖਰੇ ਦੇਸਾਂ ਵਿਚ ਵੀ ਦੌੜਾ ਫਿਰੇਂ ਤਾਂ ਭੀ ਜੋ ਕਰਤਾਰ ਕਰੇਗਾ, ਉਹੀ ਹੋਵੇਗਾ। ਇਸ ਸ਼ਬਦ ਵਿਚ ਦ੍ਰਿਸ਼ਟਾਂਤ ਦੇ ਕੇ ਦੱਸਿਆ ਗਿਆ ਹੈ ਕਿ ਪਰਮਾਤਮਾ ਨੇ ਮਾਤਾ ਦੇ ਗਰਭ ਵਿਚ ਸਾਡਾ ਸਰੀਰ ਸਾਜਿਆ ਹੈ ਅਤੇ ਉਹ ਪਰਮਾਤਮਾ ਉਸ ਅਗਨੀ ਵਿਚ ਖੁਰਾਕ ਦੇ ਕੇ ਸਾਡੀ ਰੱਖਿਆ ਕਰਦਾ ਹੈ। ਇਵੇਂ ਹੀ ਕੱਛੂਕੁੰਮੀ ਆਪ ਪਾਣੀ ਦੇ ਵਿਚ ਹੁੰਦੀ ਹੈ ਅਤੇ ਉਸ ਦੇ ਬੱਚੇ ਬਾਹਰ ਕਿਨਾਰੇ ’ਤੇ ਹੁੰਦੇ ਹਨ। ਨਾ ਉਨ੍ਹਾਂ ਨੂੰ ਮਾਤਾ ਦੇ ਖੰਭਾਂ ਦੀ ਰਖਿਆ ਹੁੰਦੀ ਹੈ ਨਾ ਹੀ ਮਾਤਾ ਦਾ ਦੁੱਧ ਪ੍ਰਾਪਤ ਹੁੰਦਾ ਹੈ। ਇਹ ਗੱਲ ਵਿਚਾਰਨ ਵਾਲੀ ਹੈ ਕਿ ਪ੍ਰਭੂ ਉਨ੍ਹਾਂ ਦੀ ਪਾਲਣਾ ਕਰਦਾ ਹੈ। ਇਵੇਂ ਹੀ ਪੱਥਰ ਵਿਚ ਕੀੜਾ ਲੁਕ ਕੇ ਰਹਿੰਦਾ ਹੈ, ਉਸ ਨੂੰ ਬਾਹਰ ਨਿਕਲਣ ਦਾ ਕੋਈ ਰਸਤਾ ਵੀ ਨਹੀਂ ਹੁੰਦਾ ਕਿ ਉਹ ਖਾ-ਪੀ ਸਕੇ। ਭਗਤ ਧੰਨਾ ਜੀ ਕਹਿੰਦੇ ਹਨ ਕਿ ਈਸ਼ਵਰ ਉਸ ਨੂੰ ਵੀ ਖੁਰਾਕ ਦਿੰਦਾ ਹੈ। ਇਸ ਲਈ ਹੇ ਜੀਵ! ਡਰ ਜਾਂ ਚਿੰਤਾ ਦੀ ਲੋੜ ਨਹੀਂ, ਜੇ ਪ੍ਰਭੂ ਭਗਤੀ ਵੱਲ ਲੱਗ ਜਾਵੇਂ ਤਾਂ ਉਹ ਆਪੇ ਹੀ ਤੇਰੀ ਰੋਟੀ-ਰੋਜ਼ੀ ਦਾ ਫਿਕਰ ਕਰਦਾ ਹੈ, ਭਾਵ ਸਭ ਤਰ੍ਹਾਂ ਦੀ ਪ੍ਰਤਿਪਾਲਣਾ ਕਰਦਾ ਹੈ:
ਰੇ ਚਿਤ ਚੇਤਸਿ ਕੀ ਨ ਦਯਾਲ ਦਮੋਦਰ ਬਿਬਹਿ ਨ ਜਾਨਸਿ ਕੋਈ ॥
ਜੇ ਧਾਵਹਿ ਬ੍ਰਹਮੰਡ ਖੰਡ ਕਉ ਕਰਤਾ ਕਰੈ ਸੁ ਹੋਈ ॥1॥ ਰਹਾਉ ॥
ਜਨਨੀ ਕੇਰੇ ਉਦਰ ਉਦਕ ਮਹਿ ਪਿੰਡੁ ਕੀਆ ਦਸ ਦੁਆਰਾ ॥
ਦੇਇ ਅਹਾਰੁ ਅਗਨਿ ਮਹਿ ਰਾਖੈ ਐਸਾ ਖਸਮੁ ਹਮਾਰਾ ॥1॥
ਕੁੰਮੀ ਜਲ ਮਾਹਿ ਤਨ ਤਿਸੁ ਬਾਹਰਿ ਪੰਖ ਖੀਰੁ ਤਿਨ ਨਾਹੀ ॥
ਪੂਰਨ ਪਰਮਾਨੰਦ ਮਨੋਹਰ ਸਮਝਿ ਦੇਖੁ ਮਨ ਮਾਹੀ ॥2॥
ਪਾਖਣਿ ਕੀਟੁ ਗੁਪਤੁ ਹੋਇ ਰਹਤਾ ਤਾ ਚੋ ਮਾਰਗੁ ਨਾਹੀ ॥
ਕਹੈ ਧੰਨਾ ਪੂਰਨ ਤਾਹੂ ਕੋ ਮਤ ਰੇ ਜੀਅ ਡਰਾਂਹੀ ॥ (ਪੰਨਾ 488)
ਧਨਾਸਰੀ ਰਾਗ ਵਿਚ ਜਿੱਥੇ ਬਾਕੀ ਭਗਤ ਸਾਹਿਬਾਨ ਭਗਤ ਤ੍ਰਿਲੋਚਨ ਜੀ, ਭਗਤ ਸੈਣੁ ਜੀ, ਭਗਤ ਪੀਪਾ ਜੀ ਦੇ ਆਰਤੀ ਵਾਲੇ ਸ਼ਬਦ ਹਨ, ਉਥੇ ਅੰਤ ਵਿਚ ਭਗਤ ਧੰਨਾ ਜੀ ਦਾ ਸ਼ਬਦ ਹੈ। ਇਸ ਵਿਚ ਭਗਤ ਜੀ ਨੇ ਆਪਣੀ ਆਤਰਤਾ ਦੱਸ ਕੇ ਦਾਲ, ਸੀਧਾ, ਘਿਉ ਖਾਣ ਵਾਲੀਆਂ ਚੀਜ਼ਾਂ ਮੰਗੀਆਂ ਹਨ। ਜੁੱਤੀ, ਕੱਪੜਾ ਪਹਿਨਣ ਲਈ, ਸੱਤ ਵਾਰੀ ਪੈਲੀ ਵਾਹ ਕੇ ਬੀਜਿਆ ਅੰਨ, ਦੁੱਧ ਪੀਣ ਲਈ ਲਵੇਰੀ ਗਊ-ਭੈਂਸ ਅਤੇ ਸਵਾਰੀ ਲਈ ਚੰਗੀ ਘੋੜੀ ਦੀ ਮੰਗ ਕੀਤੀ ਹੈ। ਸੁਸ਼ੀਲ ਗ੍ਰਹਿਣੀ ਦੀ ਵੀ ਜਾਚਨਾ ਕੀਤੀ ਹੈ। ਭਗਤ ਧੰਨਾ ਜੀ ਦਾ ਇਹ ਵੀ ਵਿਸ਼ਵਾਸ ਹੈ ਕਿ ਪ੍ਰਭੂ ‘ਜੋ ਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ’ ਹੈ। ਆਪ ਸਰੀਰ ਦੀ ਖੁਰਾਕ ਅਤੇ ਜੀਵਨ ਦੀਆਂ ਨਿੱਤ ਵਰਤੋਂ ਦੀਆਂ ਚੀਜ਼ਾਂ ਦੀ ਹੀ ਮੰਗ ਕਰਦੇ ਹਨ। ਇਸ ਵਿੱਚੋਂ ਭਗਤ ਧੰਨਾ ਜੀ ਦੀ ਸਾਦਗੀ ਅਤੇ ਨਿਰਛਲਤਾ ਝਲਕਦੀ ਹੈ:
ਗੋਪਾਲ ਤੇਰਾ ਆਰਤਾ ॥
ਜੋ ਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ ॥1॥ ਰਹਾਉ ॥
ਦਾਲਿ ਸੀਧਾ ਮਾਗਉ ਘੀਉ ॥
ਹਮਰਾ ਖੁਸੀ ਕਰੈ ਨਿਤ ਜੀਉ ॥
ਪਨੀ੍ਆ ਛਾਦਨੁ ਨੀਕਾ ॥
ਅਨਾਜੁ ਮਗਉ ਸਤ ਸੀ ਕਾ ॥1॥
ਗਊ ਭੈਸ ਮਗਉ ਲਾਵੇਰੀ ॥
ਇਕ ਤਾਜਨਿ ਤੁਰੀ ਚੰਗੇਰੀ ॥
ਘਰ ਕੀ ਗੀਹਨਿ ਚੰਗੀ ॥
ਜਨੁ ਧੰਨਾ ਲੇਵੈ ਮੰਗੀ ॥ (ਪੰਨਾ 695)
ਗਿਣਾਤਮਕ ਪੱਖੋਂ ਭਾਵੇਂ ਭਗਤ ਧੰਨਾ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕੇਵਲ ਤਿੰਨ ਸ਼ਬਦ ਹੀ ਹਨ ਪਰ ਗੁਰਮਤਿ ਸਿਧਾਂਤਾਂ ਦੀ ਵਿਆਖਿਆ ਅਤੇ ਜਗਿਆਸੂ ਜੀਵਾਂ ਲਈ ਪਰਮਾਰਥ ਦੇ ਰਸਤੇ ਦੀ ਸੇਧ ਦੇਣ ਪੱਖੋਂ ਇਨ੍ਹਾਂ ਸ਼ਬਦਾਂ ਦਾ ਬਹੁਤ ਵੱਡਾ ਯੋਗਦਾਨ ਹੈ। ਭਾਸ਼ਾਈ ਪੱਖੋਂ ਇਨ੍ਹਾਂ ਸ਼ਬਦਾਂ ਰਾਹੀਂ ਆਪ ਨੇ ਬਹੁਤ ਹੀ ਸਪੱਸ਼ਟ ਬਿਆਨੀ ਰਾਹੀਂ ਆਪਣੇ ਅਧਿਆਤਮਕ ਵਿਚਾਰ ਪ੍ਰਗਟ ਕੀਤੇ ਹਨ। ਇਹ ਸ਼ਬਦ ਉਚੇਰੀ ਰੂਹਾਨੀਅਤ ਨੂੰ ਰੂਪਮਾਨ ਕਰਦੇ ਹਨ। ਇਵੇਂ ਬਾਕੀ ਭਗਤ ਸਾਹਿਬਾਨ ਵਾਂਗ ਆਪ ਜੀ ਦੀ ਬਾਣੀ ਗੁਰਮਤਿ ਦੇ ਜਗਿਆਸੂਆਂ ਨੂੰ ਸਪੱਸ਼ਟ ਸੇਧ ਦਿੰਦੀ ਹੈ ਅਤੇ ਆਪ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਸਿਧਾਂਤਕ ਪੱਖੋਂ ਬਹੁਤ ਵੱਡਾ ਯੋਗਦਾਨ ਹੈ।
ਭਗਤ ਨਾਮਦੇਵ ਜੀ
ਭਗਤ ਨਾਮਦੇਵ ਜੀ ਦੀ ਰਚਨਾ ਦੀ ਜਦ ਗੱਲ ਕੀਤੀ ਜਾਂਦੀ ਹੈ ਤਾਂ ਭਾਸ਼ਾਈ ਨਜ਼ਰੀਏ ਤੋਂ ਇਹ ਰਚਨਾ ਤਿੰਨਾਂ ਕੋਟੀਆਂ ਵਿਚ ਵੰਡੀ ਮਿਲਦੀ ਹੈ। ਪਹਿਲੀ ਕੋਟੀ ਮਰਾਠੀ ਭਾਸ਼ਾ ਵਿਚ ਰਚੇ ਉਨ੍ਹਾਂ ਅਭੰਗਾਂ ਦੀ ਹੈ, ਜਿਨ੍ਹਾਂ ਦੀ ਗਿਣਤੀ 2500 ਦੇ ਕਰੀਬ ਦੱਸੀ ਜਾਂਦੀ ਹੈ ਪਰ ਇਸ ਦੀ ਪ੍ਰਮਾਣਿਕਤਾ ਬਾਰੇ ਵਿਦਵਾਨਾਂ ਵਿਚ ਮੱਤਭੇਦ ਹਨ। ਦੂਜੀ ਕੋਟੀ ਹਿੰਦੀ ਭਾਸ਼ੀ ਪਦਿਆਂ ਦੀ ਹੈ, ਜਿਨ੍ਹਾਂ ਦੀ ਗਿਣਤੀ 250 ਹੈ। ਤੀਜੀ ਕੋਟੀ ਪੰਜਾਬੀ ਭਾਸ਼ਾ ਵਿਚ ਰਚੇ ਸ਼ਬਦਾਂ ਦੀ ਹੈ, ਜਿਨ੍ਹਾਂ ਦੀ ਪ੍ਰਮਾਣਿਕਤਾ ਬਾਰੇ ਕਿਸੇ ਪ੍ਰਕਾਰ ਦੀ ਕੋਈ ਦੁਬਿਧਾ ਨਹੀਂ ਅਤੇ ਇਸ ਦੀ ਪ੍ਰਸੰਗਤਾ ਹੀ ‘ਬਾਣੀ ਭਗਤ ਨਾਮਦੇਉ ਜੀ ਕੀ’ ਦੇ ਹੱਥਲੇ ਸਿਰਲੇਖ ਨਾਲ ਸੰਬੰਧਿਤ ਹੈ। ਇਹ ਅਧਿਆਤਮਕ ਬਾਣੀ ਦਾ ਯੋਗਦਾਨ ਹੀ ਬਾਣੀ ਦੇ ਰੂਪ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ ਅਤੇ ਇਸ ਦੇ ਨਾਲ ਹੀ ਭਗਤ ਜੀ ਭਾਰਤੀ ਚਿੰਤਨ ਦੀ ਪਰਤ ਨਾਲੋਂ ਵੱਖ-ਵੱਖ ਹੋ ਕੇ ਗੁਰਮਤਿ ਚਿੰਤਨ ਦਾ ਅੰਗ ਹੋ ਨਿੱਬੜਦੇ ਹਨ। ਇਹ ਬਾਣੀ 18 ਰਾਗਾਂ ਵਿਚ ਰਚੀ ਗਈ ਹੈ।
ਇਥੇ ਇਹ ਗੱਲ ਕਰਨੀ ਵੀ ਉਚਿਤ ਹੈ ਕਿ ਭਗਤ ਨਾਮਦੇਵ ਜੀ ਦੀ ਅਧਿਆਤਮਕ ਚੇਤਨਾ ਦਾ ਵਿਕਾਸ ਭਾਰਤੀ ਧਰਮ-ਚਿੰਤਨ ਦੀਆਂ ਕਿਹੜੀਆਂ ਪ੍ਰਸਥਿਤੀਆਂ ਵਿੱਚੋਂ ਹੋਇਆ। ਜਿਸ ਸਮੇਂ ਤਕ ਭਗਤ ਜੀ ਦੀ ਅਧਿਆਤਮਕ ਜਗਿਆਸਾ ਆਪਣੇ ਸਿਖਰ ਵੱਲ ਪਹੁੰਚ ਰਹੀ ਸੀ, ਉਦੋਂ ਤਕ ਭਾਰਤ ਵਿਚ ਦੋ ਕੌਮਾਂ (ਆਰੀਆਈ ਤੇ ਸਾਮੀ) ਦੀ ਵਿਚਾਰਧਾਰਾ ਦਾ ਵਿਧਾਨ ਸਥਾਪਤ ਹੋ ਚੁੱਕਾ ਸੀ। ਦੋਵੇਂ ਆਪਣੀ- ਆਪਣੀ ਹਉਮੈ ਨੂੰ ਉਕਸਾਉਂਦੇ ਹੋਏ ਇਕ-ਦੂਜੇ ਨੂੰ ਨੀਵਾਂ ਦਿਖਾਉਣ ਦੀ ਮਨਸ਼ਾ ਨਾਲ ਆਪਣੀ-ਆਪਣੀ ਸਰਦਾਰੀ ਕਾਇਮ ਕਰਨ ਵਿਚ ਲੱਗੇ ਹੋਏ ਸਨ। ਆਰੀਆਈ ਪਰੰਪਰਾ ਬਹੁਦੇਵ ਪੂਜਾ (Polytheism) ਦੇ ਅੰਧ ਵਿਚ ਫਸੀ ਹੋਈ ਇੱਕ ਪਰਮਾਤਮਾ ਨੂੰ ਬੁੱਝਣ ਤੇ ਸਮਝਣ ਤੋਂ ਅਸਮਰੱਥ ਸੀ। ਸਾਮੀ ਪਰੰਪਰਾ ਜੋ ਇਸਲਾਮ ਦੇ ਰੂਪ ਵਿਚ ਭਾਵੇਂ ਇਕ ਖ਼ੁਦਾ (Monotheism) ਦੀ ਵਿਸ਼ਵਾਸੀ ਸੀ ਪਰ ਰਾਜਸੀ ਸ਼ਕਤੀ ਦੀ ਗਰੂਰੀ ਵਿਚ ਮੋਮਨ ਤੇ ਕਾਫਰ ਨੂੰ ਨਿਹਾਰ ਰਹੀ ਸੀ। ਪੁਜਾਰੀ ਅਤੇ ਸ਼ਾਸਕ ਵਰਗ ਵੱਲੋਂ ਪ੍ਰਦੂਸ਼ਤ ਹੋ ਚੁਕੀ ਭਾਰਤੀ ਚਿੰਤਨ ਵਿਚਲੀ ਇਸ ਬਾਹਰਮੁਖੀ ਅਰਚਾ-ਪੂਜਾ ਅਤੇ ਸ਼ਰ੍ਹਾ-ਸ਼ਰੀਅਤ ਨੂੰ ਭਗਤ ਜੀ ਨੇ ਪੂਰੀ ਤਰ੍ਹਾਂ ਰੱਦ ਕਰ ਕੇ ਆਪਣਾ ਸਪੱਸ਼ਟ ਨਿਰਣਾ ਲੈਂਦੇ ਹੋਏ ਪਰਮਾਤਮਾ ਦੇ ਨਾਮ-ਸਿਮਰਨ ਵਾਲੀ ਭਾਉ- ਭਗਤੀ ਨੂੰ ਪਰਮਾਰਥੀ ਪਹੁੰਚ ਵਜੋਂ ਪ੍ਰਚਾਰਿਆ। ਆਪ ਨੇ ਸਪੱਸ਼ਟ ਰੂਪ ਵਿਚ ਆਪਣੀ ਅਧਿਆਤਮਕ ਵਿਚਾਰਧਾਰਾ ਦਾ ਐਲਾਨ ਇਨ੍ਹਾਂ ਸ਼ਬਦਾਂ ਰਾਹੀਂ ਕੀਤਾ:
ਹਿੰਦੂ ਅੰਨਾ੍ ਤੁਰਕੂ ਕਾਣਾ॥
ਦੁਹਾਂ ਤੇ ਗਿਆਨੀ ਸਿਆਣਾ॥
ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ॥
ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ॥ (ਪੰਨਾ 875)
ਇਵੇਂ ਭਗਤ ਜੀ ਨੇ ਭਾਰਤ ਦੇ ਲੋਕਾਂ ਨੂੰ ਨਾਮ-ਸਿਮਰਨ ਰਾਹੀਂ ਆਪਣੇ ਅੰਦਰੋਂ ਪਰਮਾਤਮਾ ਨੂੰ ਖੋਜਣ ਦਾ ਉਪਦੇਸ਼ ਦਿੱਤਾ। ਇਸ ਸਰਲ ਤੇ ਸਪੱਸ਼ਟ ਗਿਆਨ-ਮਾਰਗ ਕਰਕੇ ਜਿੱਥੇ ਆਪ ਜੀ ਨੂੰ ਹਾਕਮਾਂ (ਸੁਲਤਾਨ ਮੁਹੰਮਦ ਤੁਗ਼ਲਕ) ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ, ਉਥੇ ਸਮਕਾਲੀ ਕੱਟੜਪੰਥੀ ਸਮਾਜ ਨੇ ਵੀ ਉਨ੍ਹਾਂ ਵੱਲ ਪਿੱਠ ਕਰ ਲਈ। ਪਰ ਆਪ ਜੀ ਨੇ ਇਨ੍ਹਾਂ ਦੁਨਿਆਵੀ ਵਿਰੋਧਾਂ ਦੀ ਪਰਵਾਹ ਨਾ ਕਰਦੇ ਹੋਏ ਨਿਧੜਕ ਹੋ ਕੇ ਆਪਣੇ ਆਪ ਨੂੰ ਪਰਮਾਤਮਾ ਦੀ ਨੇੜਤਾ ਨਾਲ ਨਿਰੰਤਰ ਕੇਂਦਰਿਤ ਰੱਖਿਆ।
‘ਬਾਣੀ ਭਗਤ ਨਾਮਦੇਉ ਜੀ ਕੀ’ ਦੇ ਆਧਾਰ ’ਤੇ ਵੇਖਿਆ ਜਾਵੇ ਤਾਂ ਆਪ ਜੀ ਦੀ ਵਿਚਾਰਧਾਰਾ ਭਾਰਤੀ ਚਿੰਤਨ ਨਿਰੋਲ ਅਦਵੈਤਵਾਦੀ ਸੀ। ਆਪ ਜੀ ਨੇ ਗੱਲ ਸਾਹਮਣੇ ਲਿਆਂਦੀ ਕਿ ਜਦ ਤ੍ਰੈਗੁਣੀ ਰਚਨਾ ਤੋਂ ਪਾਰ ਹੋ ਜਾਈਏ ਤਾਂ ਅਦਵੈਤ ਦਾ ਗਿਆਨ ਹੁੰਦਾ ਹੈ। ਸ਼ਬਦ ਰੂਪੀ ਇਹ ਗਿਆਨ ਹੀ ਅਵਿੱਦਿਆ ਦਾ ਵਿਨਾਸ਼ ਕਰਦਾ ਹੈ। ਭਗਤ ਜੀ ਨੇ ਪਰਮਾਰਥ ਦੀ ਦ੍ਰਿਸ਼ਟੀ ਨਾਲ ਸ੍ਰਿਸ਼ਟੀ ਦੇ ਸਮੁੱਚੇ ਪਸਾਰੇ ਨੂੰ ਪਰਮਸਤਿ ਤਸੱਵਰ ਕੀਤਾ ਹੈ। ਇਸ ਨਾਲ ਭਾਰਤੀ ਚਿੰਤਨ ਵਿਚ ਇਕ ਨਵਾਂ ਮੋੜ ਆਇਆ ਅਤੇ ਗ੍ਰਿਹਸਤੀ ਜੀਵਨ ਰਾਹੀਂ ਮੁਕਤੀ ਪ੍ਰਾਪਤ ਕਰਨ ਦੀ ਚੇਤਨਾ ਉਜਾਗਰ ਹੋਈ। ਦੂਜਾ ਪਰਮਸਤਿ ਦੀ ਸੋਝੀ ਲਈ ਸਮਾਜ ਵੱਲੋਂ ਸਥਾਪਤ ਜਾਤੀ ਆਧਾਰਿਤ ਵਰਨ-ਵੰਡ ਦੀ ਥਾਂ ਸਮਾਜਿਕ ਏਕਤਾ ਅਤੇ ਬਰਾਬਰੀ ਦਾ ਰਾਹ ਮੋਕਲਾ ਹੋਇਆ।
ਆਪ ਜੀ ਦੀ ਬਾਣੀ ਮੁੱਖ ਰੂਪ ਵਿਚ ‘ਪਰਮਾਤਮਾ’, ‘ਗੁਰੂ’ ਅਤੇ ‘ਨਾਮ’ ਦੇ ਸਰੋਕਾਰਾਂ ਦੁਆਲੇ ਕੇਂਦਰਿਤ ਹੈ। ਇਨ੍ਹਾਂ ਤਿੰਨਾਂ ਦੇ ਜੋ ਪ੍ਰਸੰਗ ਭਗਤ ਜੀ ਨੇ ਪ੍ਰਸਤੁਤ ਕੀਤੇ ਹਨ, ਉਹ ਭਾਰਤੀ ਚਿੰਤਨ ਦੀ ਪਰੰਪਰਾ ਤੋਂ ਨਿਵੇਕਲੇ ਹਨ। ਉਹ ਤਿੰਨੇ ਸਰੋਕਾਰ ਅਧਿਆਤਮਕ ਪੱਧਰ ’ਤੇ ਤ੍ਰੈਗੁਣੀ ਚੇਤਨਾ ਤੋਂ ਉੱਪਰ ਚੌਥੇ ਪਦ ਵਿਚ ਵਿਚਰਦੇ ਹਨ। ਆਪ ਪਰਮਾਤਮਾ ਨੂੰ ਜੋਤਿ ਸਰੂਪੀ ਤਸੱਵਰ ਕਰਦੇ ਹਨ ਅਤੇ ਇਸ ਜੋਤਿ ਦਾ ਪ੍ਰਕਾਸ਼ ਹਰ ਇਨਸਾਨ ਦੇ ਅੰਦਰ ਕਾਇਮ-ਦਾਇਮ ਹੈ। ਇਸ ਦੀ ਸੋਝੀ ਗੁਰੂ-ਕਿਰਪਾ ਅਤੇ ਨਾਮ-ਸਿਮਰਨ ਦੀ ਸਾਧਨਾ ਨਾਲ ਹੁੰਦੀ ਹੈ। ਇਹ ਜੋਤਿ ਸਰਬ ਘਟਾਂ ਵਿਚ ਏਕ ਹੈ ਅਤੇ ਬਾਹਰਮੁਖਤਾ ਤੋਂ ਜੋ ਅਨੇਕ ਨਜ਼ਰ ਆਉਂਦਾ ਹੈ, ਇਹ ਬ੍ਰਹਮ ਪਾਸਾਰ ਜਾਂ ਮਾਇਆ ਦੇ ਚਿਤ੍ਰ-ਬਿਚਿਤ੍ਰ ਹਨ। ਸਰਲ ਸ਼ਬਦਾਂ ਵਿਚ ਪਰਮਾਤਮਾ ਏਕ ਹੈ ਅਤੇ ਜਦੋਂ ਇਸ ਨੇ ਏਕ ਤੋਂ ਅਨੇਕ ਹੋਣਾ ਹੈ ਤਾਂ ਕੁਦਰਤ (ਮਾਇਆ) ਦਾ ਰੂਪ ਧਾਰਨ ਕਰਨਾ ਹੈ। ਵੇਦਾਂਤਕ ਨਜ਼ਰੀਏ ਦੀ ਤਰਕ ਵਿਧੀ ਨਾਲ ਜੇਕਰ ਕੁਦਰਤ ਦੇ ਇਸ ਪਾਸਾਰੇ ਨੂੰ ਬੁੱਝਣ ਦਾ ਯਤਨ ਕੀਤਾ ਜਾਵੇ ਤਾਂ ਇਹ ਸਭ ਮਾਇਆ ਹੈ, ਮਿਥਿਆ ਹੈ ਅਤੇ ਦਵੈਤ ਨਜ਼ਰ ਆਉਂਦਾ ਹੈ। ਪਰ ਜੇਕਰ ਅੱਖ ਵਿੱਚੋਂ ਹਉਮੈ ਦਾ ਕੱਖ ਕੱਢ ਕੇ ਤ੍ਰੈਗੁਣਾਂ ਤੋਂ ਉੱਪਰ ਉੱਠ ਕੇ ਵੇਖਿਆ ਜਾਵੇ ਤਾਂ ਦ੍ਰਿਸ਼ਟਮਾਨ ਦੀ ਅਨੇਕਤਾ ਪਿੱਛੇ ਕੰਮ ਕਰ ਰਹੀ ਇੱਕੋ ਪਰਮ ਹਸਤੀ ਦਾ ਅਹਿਸਾਸ ਹੋ ਜਾਂਦਾ ਹੈ। ਇਹ ਦ੍ਰਿਸ਼ਟੀ ਉਦੋਂ ਹੀ ਉਜਾਗਰ ਹੁੰਦੀ ਹੈ ਜਦੋਂ ਪਰਮ ਤੱਤ ਦੀ ਜੀਵ ਨਾਲ ਅਭੇਦਤਾ ਹੋ ਜਾਂਦੀ ਹੈ। ਤ੍ਰੈਗੁਣੀ ਚੇਤਨਾ ਵਿਚ ‘ਜਿਨ ਕੈ ਭੀਤਰਿ ਹੈ ਅੰਤਰਾ- ਜੈਸੇ ਪਸੁ ਤੈਸੇ ਓਇ ਨਰਾ॥’ ਅਨੁਸਾਰ ਮਨੁੱਖ ਆਪਣੀਆਂ ਖਾਹਿਸ਼ਾਂ ਕਰਕੇ ਪਸ਼ੂ ਸਮਾਨ ਹੈ। ਜਿਨ੍ਹਾਂ ਜੀਵਾਂ ਦੀ ਸੁਰਤ ਅਤੇ ਨਿਰਤ ਚੌਥੇ ਪਦ ਵਿਚ ਵਿਚਰਦੀ ਹੈ, ਅਜਿਹੀ ਜਾਗੀ ਹੋਈ ਆਤਮਾ ਵਾਲੇ ਮਨੁੱਖ ਵਿਰਲੇ ਹੀ ਹੁੰਦੇ ਹਨ ਅਤੇ ਇਨ੍ਹਾਂ ਨੂੰ ਭਗਤ ਜੀ ਨੇ ‘ਬਿਰਲਾ ਬੂਝੈ ਕੋਈ’ ਕਿਹਾ ਹੈ।
ਮਾਇਆ ਅਤੇ ਪਰਮਾਤਮਾ ਦੇ ਸੰਬੰਧਾਂ ਨੂੰ ਭਗਤ ਨਾਮਦੇਵ ਜੀ ਪਾਣੀ ਅਤੇ ਬੁਲਬੁਲੇ ਦੇ ਦ੍ਰਿਸ਼ਟਾਂਤ ਰਾਹੀਂ ਪੇਸ਼ ਕਰਦੇ ਹਨ। ਮਾਇਆ ਬੁਲਬੁਲੇ ਵਾਂਗ ਆਪਣੇ ਲੁਭਾਉਪੁਣੇ ਤੋਂ ਬਿਨਾਂ ਕੋਈ ਹੋਂਦ ਤੇ ਹਸਤੀ ਨਹੀਂ ਰੱਖਦੀ। ਬੁਲਬੁਲੇ ਦੀ ਹੋਂਦ ਛਿਣਭੰਗਰੀ ਹੈ ਅਤੇ ਇਹ ਪਾਣੀ ਵਿੱਚੋਂ ਪੈਦਾ ਹੋ ਕੇ ਪਾਣੀ ਵਿਚ ਹੀ ਸਮਾ ਜਾਂਦਾ ਹੈ। ਮਾਇਆ ਦੀ ਅਸਲੀਅਤ ਵੀ ਇਹੀ ਹੈ ਕਿ ਇਹ ਪਰਮਾਤਮਾ ਨੇ ਪੈਦਾ ਕੀਤੀ ਹੈ ਅਤੇ ਇਸ ਨੇ ਪਰਮਾਤਮਾ ਵਿਚ ਹੀ ਸਮੇਟੀ ਜਾਣਾ ਹੈ। ਇਵੇਂ ਸੰਸਾਰ ਪਰਮਾਤਮਾ ਦੀ ਖੇਡ ਹੈ। ਦਵੈਤ ਮਾਇਆ ਦਾ ਪੈਦਾ ਕੀਤਾ ਭਰਮ ਹੈ। ਇਸ ਦਾ ਦੂਜਾ ਨਾਉਂ ਹਉਮੈ ਹੈ। ਇਹ ਹਉਮੈ ਹੀ ਜੀਵ ਦੇ ਮਨ ਅੰਦਰ ਬੁਲਬੁਲੇ ਵਾਂਗ ਅੱਡਰੀ ਹੋਂਦ ਦਾ ਭਰਮ ਪੈਦਾ ਕਰਦੀ ਹੈ। ਜੋ ਜੀਵ ਮਾਇਆ ਨਾਲ ਪਿਆਰ ਪਾਉਂਦਾ ਹੈ, ਉਹ ਬਿਨਸਦਾ ਹੈ ਅਤੇ ਜੋ ਪਰਮਸਤਿ ਨਾਲ ਪਿਆਰ ਪਾਉਂਦਾ ਹੈ, ਉਹ ਸੁਖ-ਸ਼ਾਂਤੀ ਤੇ ਰੂਹਾਨੀ ਅਨੰਦ ਦਾ ਅਨੁਭਵ ਕਰਦਾ ਹੈ। ਇਸ ਨੂੰ ਭਗਤ ਜੀ ‘ਕਾਹੇ ਰੇ ਨਰ ਗਰਬੁ ਕਰਤ ਹਹੁ ਬਿਨਸਿ ਜਾਇ ਝੂਠੀ ਦੇਹੀ’ ਰਾਹੀਂ ਬਿਆਨ ਕਰਦੇ ਹਨ। ਭਗਤ ਜੀ ਇਹ ਚੇਤਾਵਨੀ ਵੀ ਦਿੰਦੇ ਹਨ ਕਿ ਅਸਲੀਅਤ ਦਾ ਗਿਆਨ ਪ੍ਰਾਪਤ ਕਰਨ ਵਿਚ ਹੀ ਮਨੁੱਖ ਦਾ ਛੁਟਕਾਰਾ ਹੈ, ਨਹੀਂ ਤਾਂ ਦਿੱਸਦੀ ਅਨੇਕਤਾ ਦੀਆਂ ਭੁੱਲ-ਭੁਲੱਈਆਂ ਵਿਚ ਗਵਾਚੇ ਜਾਣ ਦਾ ਸੰਤਾਪ ਹੰਢਾਉਣਾ ਪੈਂਦਾ ਹੈ। ਇਹ ਸੰਤਾਪ ਹੀ ਪਰਮਸਤਿ ਤੋਂ ਜੀਵ ਹੋਣ ਦਾ ਦਰਦ ਹੈ। ਇਸ ਭੁੱਲ-ਭੁਲੱਈਏ ਦੇ ਭਰਮ ਤੋਂ ਉੱਪਰ ਉੱਠ ਕੇ ਹੀ ਮਨੁੱਖ ਨੂੰ ਘਟ-ਘਟ ਵਿਚ ਸਰਬ ਨਿਰੰਤਰ ਹੋਣ ਦਾ ਅਨੁਭਵ ਹੁੰਦਾ ਹੈ। ਆਸਾ ਰਾਗ ਦੇ ਇਕ ਸ਼ਬਦ ਰਾਹੀਂ ਪਰਮਾਤਮਾ ਦੀ ਏਕਤਾ ਅਤੇ ਅਨੇਕਤਾ ਦੇ ਰਹੱਸ ਨੂੰ ਭਗਤ ਜੀ ਨੇ ਸਰਲਤਾ ਅਤੇ ਸਪੱਸ਼ਟਤਾ ਰਾਹੀਂ ਬਿਆਨ ਕੀਤਾ ਹੈ:
ਏਕ ਅਨੇਕ ਬਿਆਪਕ ਪੂਰਕ ਜਤ ਦੇਖਉ ਤਤ ਸੋਈ॥
ਮਾਇਆ ਚਿਤ੍ਰ ਬਚਿਤ੍ਰ ਬਿਮੋਹਿਤ ਬਿਰਲਾ ਬੂਝੈ ਕੋਈ॥1॥
ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ॥
ਸੂਤੁ ਏਕੁ ਮਣਿ ਸਤ ਸਹੰਸ ਜੈਸੇ ਓਤਿ ਪੋਤਿ ਪ੍ਰਭੁ ਸੋਈ॥1॥ ਰਹਾਉ॥
ਜਲ ਤਰੰਗ ਅਰੁ ਫੇਨ ਬੁਦਬੁਦਾ ਜਲ ਤੇ ਭਿੰਨ ਨ ਹੋਈ॥
ਇਹੁ ਪਰਪੰਚੁ ਪਾਰਬ੍ਰਹਮ ਕੀ ਲੀਲਾ ਬਿਚਰਤ ਆਨ ਨ ਹੋਈ॥2॥
ਮਿਥਿਆ ਭਰਮੁ ਅਰੁ ਸੁਪਨ ਮਨੋਰਥ ਸਤਿ ਪਦਾਰਥੁ ਜਾਨਿਆ॥
ਸੁਕ੍ਰਿਤ ਮਨਸਾ ਗੁਰ ਉਪਦੇਸੀ ਜਾਗਤ ਹੀ ਮਨੁ ਮਾਨਿਆ॥3॥
ਕਹਤ ਨਾਮਦੇਉ ਹਰਿ ਕੀ ਰਚਨਾ ਦੇਖਹੁ ਰਿਦੈ ਬੀਚਾਰੀ॥
ਘਟ ਘਟ ਅੰਤਰਿ ਸਰਬ ਨਿਰੰਤਰਿ ਕੇਵਲ ਏਕ ਮੁਰਾਰੀ॥ (ਪੰਨਾ 485)
ਪਰਮਸਤਿ ਦੀ ਅਭੇਦਤਾ ਦੇ ਅਦਵੈਤਵਾਦੀ ਸਿਧਾਂਤ ਨੂੰ ਭਗਤ ਨਾਮਦੇਵ ਜੀ ਇਕ ਹੋਰ ਸ਼ਬਦ ਰਾਹੀਂ ਇਉਂ ਬਿਆਨ ਕਰਦੇ ਹਨ:
ਠਾਕੁਰ ਤੇ ਜਨੁ ਜਨ ਤੇ ਠਾਕੁਰੁ ਖੇਲੁ ਪਰਿਓ ਹੈ ਤੋ ਸਿਉ॥1॥ ਰਹਾਉ॥
ਆਪਨ ਦੇਉ ਦੇਹੁਰਾ ਆਪਨ ਆਪ ਲਗਾਵੈ ਪੂਜਾ॥
ਜਲ ਤੇ ਤਰੰਗ ਤਰੰਗ ਤੇ ਹੈ ਜਲੁ ਕਹਨ ਸੁਨਨ ਕਉ ਦੂਜਾ॥1॥
ਆਪਹਿ ਗਾਵੈ ਆਪਹਿ ਨਾਚੈ ਆਪਿ ਬਜਾਵੈ ਤੂਰਾ॥ (ਪੰਨਾ 1252)
ਤ੍ਰੈਗੁਣੀ ਮਾਇਆ ਦਾ ਪਰਦਾ ਚਾਕ ਕਰ ਕੇ ਜਦ ਭਗਤ ਨਾਮਦੇਵ ਜੀ ਪਰਮਾਤਮਾ ਦੀ ਅਗੰਮਤਾ ਦਾ ਅਨੁਭਵ ਕਰਦੇ ਹਨ ਤਾਂ ਉਨ੍ਹਾਂ ਦੀ ਚੇਤਨਾ ਵਿਚ ਪਰਮਾਤਮਾ ਦੀਆਂ ਸਿਫ਼ਤਾਂ ਦੇ ਅਨੇਕਾਂ ਅਹਿਸਾਸ ਉਜਾਗਰ ਹੁੰਦੇ ਹਨ। ਇਨ੍ਹਾਂ ਅਹਿਸਾਸਾਂ ਦੀਆਂ ਕੁਝ ਪਰਤਾਂ ਇਸ ਪ੍ਰਕਾਰ ਹਨ-
(ੳ) ਪਰਮਾਤਮਾ ਸਰਬ-ਵਿਆਪਕ ਹੈ:
ਈਭੈ ਬੀਠਲੁ ਊਭੈ ਬੀਠਲੁ ਬੀਠਲ ਬਿਨੁ ਸੰਸਾਰੁ ਨਹੀ॥
ਥਾਨ ਥਨੰਤਰਿ ਨਾਮਾ ਪ੍ਰਣਵੈ ਪੂਰਿ ਰਹਿਓ ਤੂੰ ਸਰਬ ਮਹੀ॥ (ਪੰਨਾ 485)
ਸਭੈ ਘਟ ਰਾਮੁ ਬੋਲੈ ਰਾਮਾ ਬੋਲੈ॥
ਰਾਮ ਬਿਨਾ ਕੋ ਬੋਲੈ ਰੇ॥ (ਪੰਨਾ 988)
(ਅ) ਪਰਮਾਤਮਾ ਅੰਤਰਜਾਮੀ ਹੈ:
ਨਾਮੇ ਕਾ ਸੁਆਮੀ ਅੰਤਰਜਾਮੀ ਫਿਰੇ ਸਗਲ ਬੇਦੇਸਵਾ॥ (ਪੰਨਾ 1167)
(ੲ) ਪਰਮਾਤਮਾ ਨਿਰਮਾਇਲ ਹੈ ਅਤੇ ਉਸ ਨੂੰ ਮੈਲ ਨਹੀਂ ਲੱਗਦੀ। ਉਸ ਦਾ ਅਨੁਭਵ ਸੁਗੰਧੀ ਵਾਂਗ ਮਹਾਂ ਸੂਖ਼ਮ ਅਤੇ ਅਨੰਦਦਾਇਕ ਹੈ, ਪਰ ਉਹ ਅਦ੍ਰਿਸ਼ਟ ਹੈ:
ਮਲੈ ਨ ਲਾਛੈ ਪਾਰ ਮਲੋ ਪਰਮਲੀਓ ਬੈਠੋ ਰੀ ਆਈ॥
ਆਵਤ ਕਿਨੈ ਨ ਪੇਖਿਓ ਕਵਨੈ ਜਾਣੈ ਰੀ ਬਾਈ॥ (ਪੰਨਾ 525)
(ਸ) ਪਰਮਾਤਮਾ ਪਰਮ-ਕ੍ਰਿਪਾਲੂ ਹੈ:
ਕਰੀਮਾਂ ਰਹੀਮਾਂ ਅਲਾਹ ਤੂ ਗਨੀਂ॥
ਹਾਜਰਾ ਹਜੂਰਿ ਦਰਿ ਪੇਸਿ ਤੂੰ ਮਨੀਂ॥ (ਪੰਨਾ 727)
(ਹ) ਪਰਮਾਤਮਾ ਹਰ ਜੀਵ ਦੇ ਹਿਰਦੇ ਵਿਚ ਵੱਸਦਾ ਹੈ:
ਪ੍ਰਣਵੈ ਨਾਮਦੇਉ ਲਾਗੀ ਪ੍ਰੀਤਿ॥
ਗੋਬਿਦੁ ਬਸੈ ਹਮਾਰੈ ਚੀਤਿ॥ (ਪੰਨਾ 1164)
ਇਵੇਂ ਵਿਸਮਾਦ ਵਿਚ ਆਏ ਭਗਤ ਜੀ ਪਰਮਾਤਮਾ ਨੂੰ ਕਈ ਰੂਪਾਂ-ਰੰਗਾਂ ਵਿਚ ਅਨੁਭਵ ਕਰਦੇ ਹਨ। ਕਦੇ ‘ਤੇਰਾ ਨਾਮੁ ਰੂੜੋ ਰੂਪੁ ਰੂੜੋ ਅਤਿ ਰੰਗ ਰੂੜੋ ਮੇਰੋ ਰਾਮਈਆ’ ਕਹਿ ਕੇ ਯਾਦ ਕਰਦੇ ਹਨ ਅਤੇ ਕਦੇ ਉਸ ਨੂੰ ‘ਅਨੰਦ ਰੂਪੀ ਮੇਰੇ ਰਾਮਈਆ’ ਜਾਂ ਫਿਰ ‘ਅਨੰਤ ਰੂਪ ਤੇਰੇ ਨਾਰਾਇਣਾ’ ਕਹਿੰਦੇ ਹਨ। ਇਵੇਂ ਇਹ ਮਹਿਮਾ ਇੰਨੀ ਬੇਅੰਤ ਹੈ ਕਿ ਬਿਆਨ ਤੋਂ ਬਾਹਰੀ ਹੈ। ਇਸੇ ਕਰਕੇ ਭਗਤ ਜੀ ਅੰਤ ‘ਤੇਰਾ ਪਾਰੁ ਨ ਪਾਇਓ ਬੀਠੁਲਾ’ ਜਾਂ ਫਿਰ ‘ਹਰਿ ਕੀ ਮਹਿਮਾ ਕਿਛੁ ਕਥਨ ਨ ਜਾਈ’ ਕਹਿ ਕੇ ਆਪਣੀ ਅਸਮਰੱਥਾ ਜ਼ਾਹਿਰ ਕਰਦੇ ਹਨ।
ਭਗਤ ਨਾਮਦੇਵ ਜੀ ਪਰਮਾਤਮਾ ਪ੍ਰਾਪਤੀ ਦਾ ਸਰਬ-ਸ੍ਰੇਸ਼ਟ ਅਤੇ ਸਮਰੱਥ ਸਾਧਨ ਗੁਰੂ-ਕਿਰਪਾ ਅਤੇ ਨਾਮ-ਸਿਮਰਨ ਨੂੰ ਪ੍ਰਵਾਨ ਕਰਦੇ ਹਨ। ਗੁਰੂ ਉਹ ਮਤਿ- ਬੁਧਿ ਅਤੇ ਦ੍ਰਿਸ਼ਟੀ ਪ੍ਰਦਾਨ ਕਰਦਾ ਹੈ, ਜਿਸ ਨਾਲ ਜੀਵ ਮਨੁੱਖਾ ਜਨਮ ਨੂੰ ਸਫ਼ਲਾ ਕਰ ਸਕਦਾ ਹੈ। ਜੋ ਮਾਇਆ ਦੀ ਧੰਦੇ-ਧਾਵਣੀ ਵਿਚ ਨਾਮ ਅਤੇ ਗੁਰੂ-ਕਿਰਪਾ ਤੋਂ ਵਿਹੂਣੇ ਰਹਿ ਜਾਂਦੇ ਹਨ, ਉਹ ਜੀਵਨ ਦਾ ਉੱਤਮ ਮੌਕਾ ਗਵਾ ਬੈਠਦੇ ਹਨ। ਭਗਤ ਜੀ ਆਪਣੇ ਜੀਵਨ ਦਾ ਪ੍ਰਮਾਣ ਦਿੰਦੇ ਹੋਏ ਇਹ ਗੱਲ ਠੋਕ-ਵਜਾ ਕੇ ਐਲਾਨੀਆ ਰੂਪ ਵਿਚ ਕਹਿੰਦੇ ਹਨ ਕਿ ਗੁਰੂ ਜੀ ਨੇ ਮੈਨੂੰ ਸਫ਼ਲ ਜੀਵਨ ਵਾਲਾ ਬਣਾ ਦਿੱਤਾ ਹੈ। ਇਹ ਸਫ਼ਲਤਾ ਜਾਗੀ ਹੋਈ ਸੁਰਤਿ ਦਾ ਵਿਸਮਾਦ ਹੈ, ਜਿਸ ਨਾਲ ਤ੍ਰੈਗੁਣੀ ਰਚਨਾ ਦੇ ਦੁੱਖਾਂ ਨੂੰ ਭੁੱਲ ਕੇ ਚੌਥੇ ਪਦ ਦੀ ਸੁਖਮਈ ਅਵਸਥਾ ਵਿਚ ਵਿਚਰਨ ਦਾ ਅਹਿਸਾਸ ਪ੍ਰਾਪਤ ਹੁੰਦਾ ਹੈ:
ਸਫਲ ਜਨਮੁ ਮੋ ਕਉ ਗੁਰ ਕੀਨਾ॥
ਦੁਖ ਬਿਸਾਰਿ ਸੁਖ ਅੰਤਰਿ ਲੀਨਾ॥1॥
ਗਿਆਨ ਅੰਜਨੁ ਮੋ ਕਉ ਗੁਰਿ ਦੀਨਾ॥
ਰਾਮ ਨਾਮ ਬਿਨੁ ਜੀਵਨੁ ਮਨ ਹੀਨਾ॥ (ਪੰਨਾ 857-58)
ਗੁਰੂ ਮਨੁੱਖ ਨੂੰ ਦੈਵੀ ਗੁਣਾਂ ਦਾ ਧਾਰਨੀ ਬਣਾਉਂਦਾ ਹੈ। ਹਉਮੈ ਨਾਲ ਪੈਦਾ ਹੋਣ ਵਾਲੇ ਔਗੁਣਾਂ ਤੋਂ ਬਚਣਾ ਹੀ ਦੈਵੀ ਗੁਣਾਂ ਦਾ ਧਾਰਕ ਹੋਣਾ ਹੈ। ਸਤਿਗੁਰੂ ਦੀ ਸਿੱਖਿਆ ਤੇ ਕਿਰਪਾ ਦ੍ਰਿਸ਼ਟੀ ਉਹ ਦਵਾਈ ਹੈ, ਜਿਸ ਨਾਲ ਮਨੁੱਖੀ ਜੀਵਨ ਦੇ ਸਾਰੇ ਸਰੋਕਾਰ ਹੀ ਬਦਲ ਜਾਂਦੇ ਹਨ ਅਤੇ ਮਨੁੱਖ ਮਾਨਸ ਤੋਂ ਦੇਵਤਾ ਬਣ ਜਾਂਦਾ ਹੈ। ਇਹੀ ਜੀਵਨ ਨੂੰ ਸਫ਼ਲ ਕਰਨ ਦਾ ਪ੍ਰਸੰਗ ਹੈ ਜਿਸ ਵਿਚ ਗੁਰੂ ਵੱਲੋਂ ਬਖ਼ਸ਼ੀ ਅੰਤਰ-ਦ੍ਰਿਸ਼ਟੀ ਮੁੱਖ ਭੂਮਿਕਾ ਨਿਭਾਉਂਦੀ ਹੈ:
ਨਰ ਤੇ ਸੁਰ ਹੋਇ ਜਾਤ ਨਿਮਖ ਮੈ ਸਤਿਗੁਰ ਬੁਧਿ ਸਿਖਲਾਈ॥
ਨਰ ਤੇ ਉਪਜਿ ਸੁਰਗ ਕਉ ਜੀਤਿਓ ਸੋ ਅਵਖਧ ਮੈ ਪਾਈ॥ (ਪੰਨਾ 874)
ਸਤਿਗੁਰੂ ਦੀ ਪ੍ਰਾਪਤੀ ਨਾਲ ਸਾਰੇ ਸੰਸੇ ਅਤੇ ਦੁਬਿਧਾਵਾਂ ਮਿਟ ਜਾਂਦੀਆਂ ਹਨ ਅਤੇ ਹਰ ਪ੍ਰਕਾਰ ਦੀ ਪੂਜਾ-ਅਰਚਾ ਫੋਕਟ ਕਰਮ ਬਣ ਕੇ ਰਹਿ ਜਾਂਦੇ ਹਨ :
ਸਤਿਗੁਰੁ ਮਿਲੈ ਤ ਸਹਸਾ ਜਾਈ॥
ਕਿਸੁ ਹਉ ਪੂਜਉ ਦੂਜਾ ਨਦਰਿ ਨ ਆਈ॥ (ਪੰਨਾ 525)
ਭਗਤ ਨਾਮਦੇਵ ਜੀ ਨਾਮ-ਸਿਮਰਨ ਨੂੰ ਪ੍ਰਵਾਨ ਕਰਦੇ ਹਨ। ਇਸ ਨਾਮ ਦੀ ਪ੍ਰਾਪਤੀ ਹੀ ਗੁਰੂ ਦੀ ਕਿਰਪਾ ਹੈ। ਪਰਮਾਰਥ ਦੇ ਮਾਰਗ ਉੱਪਰ ਚੱਲਣ ਲਈ ਜਗਿਆਸੂ-ਜਨ ਲਈ ਇਹ ਅੰਨ੍ਹੇ ਦੀ ਡੰਗੋਰੀ ਵਰਗਾ ਸਹਾਰਾ ਹੈ, ਜਿਸ ਨਾਲ ਉਸ ਦੀ ਰੂਹ ਅਧਿਆਤਮਕ ਮਾਰਗ ਦੇ ਬਿਖੜੇ ਪੈਡਿਆਂ ਵਿਚ ਟੋਹ ਪ੍ਰਾਪਤ ਕਰਦੀ ਹੈ।
ਨਾਮ ਦੀ ਇਸ ਮਹੱਤਤਾ ਨੂੰ ਭਗਤ ਜੀ ਇਉਂ ਬਿਆਨ ਕਰਦੇ ਹਨ:
ਮੈ ਅੰਧੁਲੇ ਕੀ ਟੇਕ ਤੇਰਾ ਨਾਮੁ ਖੁੰਦਕਾਰਾ॥
ਮੈ ਗਰੀਬ ਮੈ ਮਸਕੀਨ ਤੇਰਾ ਨਾਮੁ ਹੈ ਅਧਾਰਾ॥ (ਪੰਨਾ 727)
ਨਾਮ ਦਾ ਸਿਮਰਨ ਜੀਵ ਦੇ ਕਰਮਾਂ ਨੂੰ ਕੱਟਦਾ ਹੈ। ਇਸ ਨਾਲ ਹਰ ਤਰ੍ਹਾਂ ਦੇ ਦੋਸ਼ ਤੋਂ ਮੁਕਤ ਹੋ ਕੇ ਮਨੁੱਖ ਕਲੰਕਹੀਣ ਹੋ ਜਾਂਦਾ ਹੈ। ਨਾਮ ਹੀ ਵਿਕਾਰਾਂ ਦੀ ਮੈਲ ਧੋਂਦਾ ਹੈ:
ਕਉਨ ਕੋ ਕਲੰਕੁ ਰਹਿਓ ਰਾਮ ਨਾਮੁ ਲੇਤ ਹੀ॥
ਪਤਿਤ ਪਵਿਤ ਭਏ ਰਾਮੁ ਕਹਤ ਹੀ॥ (ਪੰਨਾ 718)
ਨਾਮ-ਸਿਮਰਨ ਨਾਲ ਜੀਵਨ ਦਾ ਅਰਥ ਬਦਲ ਜਾਂਦਾ ਹੈ। ਮਾਇਆ ਦੇ ਮੋਹ ਨਾਲੋਂ ਟੁੱਟ ਕੇ ਮਨੁੱਖ ਪਰਮਾਤਮਾ ਨਾਲ ਜੁੜ ਜਾਂਦਾ ਹੈ। ਨਾਮ-ਸਿਮਰਨ ਦੀ ਇਹ ਸਾਧਨਾ ਇਕ ਸਹਿਜ ਪ੍ਰਕਿਰਿਆ ਹੈ, ਜਿਸ ਨਾਲ ਬਿਨਾਂ ਕਿਸੇ ਕਰਮਕਾਂਡ ਅਤੇ ਹਠ-ਸਾਧਨਾ ਦੇ ਮਨ ਆਪਣੇ ਆਪ ਨਿੱਜ ਘਰ ਵਿਚ ਥਿਰ ਹੋ ਜਾਂਦਾ ਹੈ। ਇਸ ਅਵਸਥਾ ਵਿਚ ਦੁਨੀਆਂ ਦੇ ਕੰਮ-ਧੰਦੇ ਕਰਦਿਆਂ ਧਿਆਨ ਹਮੇਸ਼ਾਂ ਪਰਮਾਤਮਾ ਨਾਲ ਜੁੜਿਆ ਰਹਿੰਦਾ ਹੈ। ਨਾਮ-ਸਿਮਰਨ ਦੀ ਸਾਧਨਾ ਦੀ ਇਸ ਜੁਗਤੀ ਬਾਰੇ ਭਗਤ ਨਾਮਦੇਵ ਜੀ ਭਗਤ ਤ੍ਰਿਲੋਚਨ ਜੀ ਨਾਲ ਸੰਵਾਦ ਰਚਾਉਂਦੇ ਹੋਏ ਕਹਿੰਦੇ ਹਨ ਕਿ ਜਿਵੇਂ ਕੋਈ ਲੜਕਾ ਅਕਾਸ਼ ਵਿਚ ਗੁੱਡੀ (ਪਤੰਗ) ਚੜ੍ਹਾਉਂਦਾ ਹੋਇਆ ਆਪਣੇ ਮਿੱਤਰਾਂ ਨਾਲ ਗੱਲਾਂ ਵੀ ਕਰੀ ਜਾਂਦਾ ਤੇ ਧਿਆਨ ਡੋਰ ਤੇ ਪਤੰਗ ਵਿਚ ਰੱਖਦਾ ਹੈ। ਸੁਨਿਆਰ ਸੋਨੇ ਦੇ ਗਹਿਣੇ ਘੜਦਾ ਧਿਆਨ ਸੋਨੇ ਵਿਚ ਜੋੜੀ ਰੱਖਦਾ ਹੈ, ਲੜਕੀਆਂ ਘੜਿਆਂ ਵਿਚ ਪਾਣੀ ਭਰ ਕੇ ਲਈ ਆਉਂਦੀਆਂ ਰਸਤੇ ਵਿਚ ਸਖੀਆਂ ਨਾਲ ਗੱਲਾਂਬਾਤਾਂ ਵੀ ਕਰੀ ਜਾਂਦੀਆਂ ਹਨ ਅਤੇ ਸਿਰ ’ਤੇ ਰੱਖੇ ਘੜੇ ਵੱਲ ਵੀ ਧਿਆਨ ਰੱਖਦੀਆਂ ਹਨ, ਬਾਹਰ ਘਾਹ ਚਰਨ ਗਈਆਂ ਗਊਆਂ ਆਪਣਾ ਧਿਆਨ ਪਿੱਛੇ ਰਹਿ ਗਏ ਬਛੜਿਆਂ ਵਿਚ ਰੱਖਦੀਆਂ ਹਨ ਜਾਂ ਫਿਰ ਮਾਂ ਅੰਦਰ-ਬਾਹਰ ਕੰਮ ਕਰਦੀ ਆਪਣੇ ਮਨ ਨੂੰ ਬੱਚੇ ਨਾਲ ਲਾਈ ਰੱਖਦੀ ਹੈ, ਇਵੇਂ ਹੀ ਦੁਨਿਆਵੀ ਕੰਮ ਕਰਦੇ ਆਪਣਾ ਧਿਆਨ ਪਰਮਾਤਮਾ ਨਾਲ ਜੋੜੀ ਰੱਖਣਾ ਸਿਮਰਨ ਹੈ। ਭਗਤ-ਜਨ ਲਈ ਇਹ ਸਿਮਰਨ ਇਕ ਸਹਿਜ ਪ੍ਰਕਿਰਿਆ ਹੀ ਹੁੰਦਾ ਹੈ। ਰਾਮਕਲੀ ਰਾਗ ਦੇ ਇਸ ਸ਼ਬਦ ਨੂੰ ਪੜ੍ਹ ਕੇ ਇਸ ਰਹੱਸ ਦਾ ਅਨੂਪਮ ਅਨੰਦ ਮਾਣਿਆ ਜਾ ਸਕਦਾ ਹੈ:
ਆਨੀਲੇ ਕਾਗਦੁ ਕਾਟੀਲੇ ਗੂਡੀ ਆਕਾਸ ਮਧੇ ਭਰਮੀਅਲੇ॥
ਪੰਚ ਜਨਾ ਸਿਉ ਬਾਤ ਬਤਊਆ ਚੀਤੁ ਸੁ ਡੋਰੀ ਰਾਖੀਅਲੇ॥1॥
ਮਨੁ ਰਾਮ ਨਾਮਾ ਬੇਧੀਅਲੇ॥
ਜੈਸੇ ਕਨਿਕ ਕਲਾ ਚਿਤੁ ਮਾਂਡੀਅਲੇ॥1॥ ਰਹਾਉ॥
ਆਨੀਲੇ ਕੁੰਭੁ ਭਰਾਈਲੇ ਊਦਕ ਰਾਜ ਕੁਆਰਿ ਪੁਰੰਦਰੀਏ॥
ਹਸਤ ਬਿਨੋਦ ਬੀਚਾਰ ਕਰਤੀ ਹੈ ਚੀਤੁ ਸੁ ਗਾਗਰਿ ਰਾਖੀਅਲੇ॥2॥
ਮੰਦਰੁ ਏਕੁ ਦੁਆਰ ਦਸ ਜਾ ਕੇ ਗਊ ਚਰਾਵਨ ਛਾਡੀਅਲੇ॥
ਪਾਂਚ ਕੋਸ ਪਰ ਗਊ ਚਰਾਵਤ ਚੀਤੁ ਸੁ ਬਛਰਾ ਰਾਖੀਅਲੇ॥3॥
ਕਹਤ ਨਾਮਦੇਉ ਸੁਨਹੁ ਤਿਲੋਚਨ ਬਾਲਕੁ ਪਾਲਨ ਪਉਢੀਅਲੇ॥
ਅੰਤਰਿ ਬਾਹਰਿ ਕਾਜ ਬਿਰੂਧੀ ਚੀਤੁ ਸੁ ਬਾਰਿਕ ਰਾਖੀਅਲੇ॥ (ਪੰਨਾ 972)
ਇਕ ਹੋਰ ਸ਼ਬਦ ਵਿਚ ਨਾਮ-ਸਿਮਰਨ ਦੇ ਇਸ ਰਹੱਸ ਨੂੰ ਭਗਤ ਨਾਮਦੇਵ ਜੀ, ਭਗਤ ਤ੍ਰਿਲੋਚਨ ਜੀ ਨੂੰ ਸਮਝਾਉਂਦੇ ਹੋਏ ਕਹਿੰਦੇ ਹਨ:
ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮਾ੍ਲਿ॥
ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ॥ (ਪੰਨਾ 1376)
ਭਗਤ ਨਾਮਦੇਵ ਜੀ ਦੀ ਬਾਣੀ ਤੋਂ ਇਹ ਗੱਲ ਸਹਿਜੇ ਹੀ ਪ੍ਰਗਟ ਹੋ ਜਾਂਦੀ ਹੈ ਕਿ ਆਪ ਨੇ ਬਾਹਰਮੁਖੀ ਕਰਮਕਾਂਡੀ ਸਾਧਨਾ ਨੂੰ ਮੁੱਢੋਂ ਹੀ ਰੱਦ ਕਰ ਕੇ ਮੱਧਕਾਲੀਨ ਭਾਰਤੀ ਸਮਾਜ ਨੂੰ ਨਾਮ-ਸਿਮਰਨ ਦੀ ਸਾਧਨਾ ਨਾਲ ਜੋੜਿਆ ਹੈ। ਇਹੀ ਕਾਰਨ ਹੈ ਕਿ ਆਪ ਦੀ ਅਧਿਆਤਮਕ ਵਿਚਾਰਧਾਰਾ ਭਾਰਤ ਚਿੰਤਨ ਨਾਲੋਂ ਗੁਰਮਤਿ ਚਿੰਤਨ ਦੇ ਵਧੇਰੇ ਨੇੜੇ ਹੈ। ਆਪ ਨੇ ਸਥਾਪਤ ਸਮਕਾਲੀ ਬਾਹਰਮੁਖੀ ਭਗਤੀ ਨੂੰ ਪਾਖੰਡ ਤਸਲੀਮ ਕਰਦੇ ਹੋਏ, ਇਸ ਦੇ ਨਿਖੇਧ ਲਈ ਕਰਾਰੇ ਵਿਅੰਗ ਵੀ ਕੱਸੇ ਹਨ ਜਿਵੇਂ ਇਕ ਸ਼ਬਦ ਵਿਚ ਆਪ ਜੀ ਕਹਿੰਦੇ ਹਨ ਕਿ ਭਾਵੇਂ ਆਪਣੇ ਭਾਰ ਦੇ ਬਰਾਬਰ ਸੋਨਾ ਜਾਂ ਧਨ ਤੋਲ ਕੇ ਦਾਨ ਕਰ ਲਵੋ, ਤੀਰਥਾਂ ’ਤੇ ਇਸ਼ਨਾਨ ਕਰ ਲਵੋ, ਪਿੰਡ ਭਰਾ ਲਵੋ, ਇਹ ਸਾਰੇ ਕਰਮ ਨਾਮ ਦੀ ਕਮਾਈ ਦੇ ਮੁਕਾਬਲੇ ਵਿਅਰਥ ਹਨ। ਸਮੁੱਚੇ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਭਗਤ ਨਾਮਦੇਵ ਜੀ ਦੀ ਬਾਣੀ ਗੁਰਮਤਿ ਦੇ ਰੋਲ-ਮਾਡਲ ਅਨੁਸਾਰੀ ਹੈ।
ਲੇਖਕ ਬਾਰੇ
ਔਸਟੀ ਕਾਲੋਨੀ (ਨੇੜੇ ਐਮ.ਪੀ. ਦੀ ਕੋਠੀ), ਡਾਕ: ਪ੍ਰਤਾਪ ਨਗਰ, ਨੰਗਲ ਡੈਮ (ਰੋਪੜ)-140125
- ਡਾ. ਗੁਲਜ਼ਾਰ ਸਿੰਘ ਜ਼ਹੂਰਾhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b2%e0%a9%9b%e0%a8%be%e0%a8%b0-%e0%a8%b8%e0%a8%bf%e0%a9%b0%e0%a8%98-%e0%a9%9b%e0%a8%b9%e0%a9%82%e0%a8%b0%e0%a8%be/August 1, 2009
- ਡਾ. ਗੁਲਜ਼ਾਰ ਸਿੰਘ ਜ਼ਹੂਰਾhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b2%e0%a9%9b%e0%a8%be%e0%a8%b0-%e0%a8%b8%e0%a8%bf%e0%a9%b0%e0%a8%98-%e0%a9%9b%e0%a8%b9%e0%a9%82%e0%a8%b0%e0%a8%be/
- ਡਾ. ਗੁਲਜ਼ਾਰ ਸਿੰਘ ਜ਼ਹੂਰਾhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b2%e0%a9%9b%e0%a8%be%e0%a8%b0-%e0%a8%b8%e0%a8%bf%e0%a9%b0%e0%a8%98-%e0%a9%9b%e0%a8%b9%e0%a9%82%e0%a8%b0%e0%a8%be/