ਭਗਤ ਰਾਮਾਨੰਦ ਜੀ ਪ੍ਰਸਿੱਧ ਭਗਤ ਹਨ, ਜਿਨ੍ਹਾਂ ਨੇ ਉੱਤਰੀ ਭਾਰਤ ਵਿਚ ਭਗਤੀ ਲਹਿਰ ਨੂੰ ਵਿਕਾਸ ਦੇ ਪੱਥ ’ਤੇ ਤੋਰਿਆ ਅਤੇ ਸਭ ਜੀਵਾਂ ਨੂੰ ਪ੍ਰਭੂ-ਭਗਤੀ ਦੇ ਅਧਿਕਾਰੀ ਮੰਨਦਿਆਂ ਪ੍ਰਭੂ-ਭਗਤੀ ਵਿਚ ਲੀਨ ਹੋਣ ਦਾ ਮਾਰਗ ਦੱਸਿਆ। ਜਾਤ-ਪਾਤ ਦੀਆਂ ਫੌਲਾਦੀ ਦੀਵਾਰਾਂ ਨੂੰ ਜਰਜਰਾ ਕੀਤਾ। ਆਪ ਨੇ ਤਥਾ-ਕਥਿਤ ਸ਼ੂਦਰਾਂ ਨੂੰ ਭਗਤੀ ਦੇ ਅਧਿਕਾਰੀ ਮੰਨਿਆ ਅਤੇ ਭਗਤ ਕਬੀਰ ਜੀ, ਭਗਤ ਨਾਮਦੇਵ ਜੀ ਅਤੇ ਭਗਤ ਰਵਿਦਾਸ ਜੀ ਜੈਸੇ ਭਗਤਾਂ ਨੂੰ ਆਪਣੇ ਗਲ ਨਾਲ ਲਗਾ ਕੇ ਬੇਅੰਤ ਜਾਤ-ਅਭਿਮਾਨੀਆਂ ਨੂੰ ਨਰਾਜ਼ ਕਰ ਲਿਆ ਪਰ ਇਸ ਰਾਹ ਨੂੰ ਠੀਕ ਮੰਨਦਿਆਂ ਅਗਾਂਹ ਵਧਦੇ ਗਏ। ਭਗਤ ਕਬੀਰ-ਪੰਥੀਆਂ ਵਿਚ ਇਕ ਦੋਹਰਾ ਪ੍ਰਸਿੱਧ ਹੈ ਜਿਸ ਤੋਂ ਆਪ ਦੀ ਭਗਤੀ ਲਹਿਰ ਨੂੰ ਦੇਣ ਦੇ ਮਹੱਤਵ ਦਾ ਗਿਆਨ ਹੁੰਦਾ ਹੈ:-
ਭਕਤਿ ਦ੍ਰਾਵਿੜ ਉਪਜੀ, ਲਾਏ ਰਾਮਾਨੰਦ।
ਪ੍ਰਗਟ ਕੀਆ ਕਬੀਰ ਨੇ, ਸਪਤ ਦੀਪ ਨਵਖੰਡ।
ਭਗਤ ਰਾਮਾਨੰਦ ਜੀ ਦਾ ਜਨਮ ਪ੍ਰਯਾਗ ਵਿਖੇ ਕੰਨਿਆ ਕੁਬਜ ਬ੍ਰਾਹਮਣ ਪਰਵਾਰ ਵਿਚ ਸ੍ਰੀ ਭੂਰਿਕਰਮ ਦੇ ਘਰ ਮਾਤਾ ਸੁਸ਼ੀਲਾ ਦੀ ਕੁੱਖੋਂ 1336 ਈ. ਵਿਚ ਹੋਇਆ। ਆਪ ਦੀ ਜਨਮ-ਮਿਤੀ ਬਾਰੇ ਵਿਦਵਾਨਾਂ ਵਿਚ ਮਤਭੇਦ ਹੈ। ਆਪ ਦਾ ਬਚਪਨ ਦਾ ਨਾਂ ਰਾਮਦੱਤ ਜਾਂ ਰਾਮ ਭਾਰਤੀ ਸੀ ਪਰ ਸਮਾਂ ਪਾ ਕੇ ਆਪ ਸੁਆਮੀ ਰਾਮਾਨੰਦ ਦੇ ਨਾਂ ਨਾਲ ਪ੍ਰਸਿੱਧ ਹੋਏ। ਆਪ ਦੇ ਮਾਤਾ-ਪਿਤਾ ਨੇ ਆਪ ਨੂੰ ਉਚੇਰੀ ਵਿੱਦਿਆ ਪ੍ਰਾਪਤ ਕਰਨ ਲਈ ਕਾਸ਼ੀ ਭੇਜ ਦਿੱਤਾ ਜੋ ਵਿੱਦਿਆ ਦਾ ਮਹਾਨ ਕੇਂਦਰ ਸੀ। ਇਥੇ ਆਪ ਨੇ 12-13 ਸਾਲ ਦੀ ਉਮਰ ਵਿਚ ਦਰਸ਼ਨ, ਕਾਵਿ-ਸ਼ਾਸਤਰ, ਪੁਰਾਣ ਤੇ ਬੇਅੰਤ ਸੰਸਕ੍ਰਿਤ ਗ੍ਰੰਥਾਂ ਦਾ ਡੂੰਘਾ ਗਿਆਨ ਪ੍ਰਾਪਤ ਕੀਤਾ।
ਭਗਤ ਰਾਮਾਨੰਦ ਜੀ ਦੀ ਬਚਪਨ ਤੋਂ ਹੀ ਰੁਚੀ ਪ੍ਰਭੂ-ਭਗਤੀ ਵੱਲ ਸੀ ਤੇ ਇਕ ਸਾਧੂ ਪਾਸੋਂ ਧਰਮ-ਵਿੱਦਿਆ ਤੇ ਸਾਧਨਾ ਬਾਰੇ ਗਿਆਨ ਹਾਸਲ ਕੀਤਾ। ਇਕ ਦਿਨ ਆਪ ਜੀ ਦਾ ਮਿਲਾਪ ਸੁਆਮੀ ਰਾਘਵਾਨੰਦ ਨਾਲ ਹੋਇਆ। ਉਨ੍ਹਾਂ ਨੇ ਇਸ ਨੌਜਵਾਨ ਨੂੰ ਜੀਵਨ ਦੇ ਲਕਸ਼ ਬਾਰੇ ਦੱਸਿਆ ਤੇ ਇਸ ਦੀ ਪ੍ਰਾਪਤੀ ਦਾ ਮਾਰਗ ਪ੍ਰਭੂ-ਸਿਮਰਨ ਬਾਰੇ ਸੋਝੀ ਕਰਵਾਈ ਤਾਂ ਇਹ ਇੰਨੇ ਪ੍ਰਭਾਵਿਤ ਹੋਏ ਕਿ ਉਸ ਮਹਾਂਪੁਰਖ ਦੀ ਸ਼ਰਨ ਵਿਚ ਚਲੇ ਗਏ। ਗਿਆਨੀ ਪ੍ਰਤਾਪ ਸਿੰਘ ਅਨੁਸਾਰ, “ਰਾਮਾਨੰਦ ਕੁਝ ਸਮਾਂ ਆਪਣੇ ਗੁਰੂ ਪਾਸ ਟਿਕੇ, ਯੋਗ-ਸਾਧਨਾ ਨਾਲ ਇਨ੍ਹਾਂ ਦਾ ਸਰੀਰ ਬੜਾ ਸੁੰਦਰ ਤੇ ਅਰੋਗ ਹੋ ਗਿਆ। ਮਨ ਵੀ ਟਿਕਾਉ ਵਿਚ ਹੋ ਗਿਆ ਸੀ। ਰਾਘਵਾਨੰਦ ਆਪਣੇ ਸੇਵਕ ਦੀ ਆਤਮਿਕ ਉੱਨਤੀ ਨੂੰ ਦੇਖ ਕੇ ਬੜੇ ਪ੍ਰਸੰਨ ਹੋਏ। ਉਸ ਨੇ ਅਸੀਸ ਦਿੱਤੀ, ਜਾਹ ਸੰਸਾਰ ਵਿਚ ਤੇਰਾ ਨਾਮ ਰੌਸ਼ਨ ਹੋਵੇਗਾ, ਆਯੂ ਵੀ ਵੱਡੀ ਹੋਵੇਗੀ।1 ਇਉਂ ਸਪੱਸ਼ਟ ਹੈ ਕਿ ਆਪ ਸੁਆਮੀ ਰਾਘਵਾਨੰਦ ਦੇ ਚੇਲੇ ਸਨ।
ਭਗਤ ਰਾਮਾਨੰਦ ਜੀ ਨੇ ਇਕ ਵਾਰ ਆਪਣੇ ਗੁਰੂ ਰਾਘਵਾਨੰਦ ਪਾਸੋਂ ਤੀਰਥ ਯਾਤਰਾ ਕਰਨ ਲਈ ਆਗਿਆ ਮੰਗੀ ਜੋ ਮਿਲ ਗਈ। ਆਪ ਬਹੁਤ ਸਾਰੇ ਤੀਰਥਾਂ ’ਤੇ ਗਏ। ਕਈ ਧਰਮਾਂ ਦੇ ਸਾਧੂਆਂ ਜਾਂ ਆਗੂਆਂ ਨਾਲ ਆਪ ਦਾ ਮੇਲ ਹੋਇਆ। ਆਪ ਨੇ ਕੱਟੜਤਾ ਦਾ ਤਿਆਗ ਕਰ ਦਿੱਤਾ। ਆਪ ਨੇ ਸਭ ਜਾਤਾਂ, ਵਰਨਾਂ ਤੇ ਜਗਿਆਸੂਆਂ ਨੂੰ ਸਿੱਖਿਆ ਦੇਣੀ ਅਰੰਭ ਕਰ ਦਿੱਤੀ ਤਾਂ ਆਪ ਦਾ ਬਹੁਤ ਵਿਰੋਧ ਹੋਇਆ। “ਕੱਟੜ-ਪੰਥੀਆਂ ਨੇ ਆਪ ਦੀ ਵਿਰੋਧਤਾ ਕੀਤੀ ਪਰ ਉਨ੍ਹਾਂ ਆਖਿਆ ਕਿ ਸਭ ਭਗਤਾਂ ਦਾ ਗੋਤਰ ਇਕ ਹੈ, ਇੱਕੋ ਪੰਗਤ ਵਿਚ ਬੈਠ ਕੇ ਲੰਗਰ ਛਕਣ ਦੀ ਆਗਿਆ ਦੇ ਦਿੱਤੀ।”2 ਆਪ ਦੇ ਗੁਰੂ ਸੁਆਮੀ ਰਾਘਵਾਨੰਦ ਨੂੰ ਵੀ ਆਪ ਦਾ ਇਹ ਵਿਚਾਰ ਪਸੰਦ ਨਹੀਂ ਸੀ ਜਿਸ ਕਾਰਨ ਗੁਰੂ-ਸ਼ਿਸ਼ ਵਿਚ ਫਾਸਲਾ ਵਧਦਾ ਗਿਆ ਤੇ ਭਗਤ ਰਾਮਾਨੰਦ ਜੀ ਨੇ ਵੱਖਰੀ ਸੰਪ੍ਰਦਾਇ ਬਣਾ ਲਈ।
ਭਗਤ ਰਾਮਾਨੰਦ ਜੀ ਨੂੰ ਮਿਹਰਵਾਨ ਸੋਢੀ ਨੇ ‘ਆਦਿ ਭਗਤ’ ਕਹਿ ਕੇ ਵਡਿਆਇਆ ਹੈ। “ਅਰੁ ਕਲਜੁਗ ਕੇ ਭਗਤਾਂ ਬੀਚ ਤੇ ਪ੍ਰਥਮੇਂ ਆਦਿ ਸਭਨਾਂ ਭਗਤਾਂ ਤੇ ਜੁ ਭੈਆ ਹੈ ਗੁਸਾਈਂ ਰਾਮਾਨੰਦ ਸੰਨਿਆਸੀ ਅਰ ਜਨਮ ਕਾ ਬ੍ਰਾਹਮਣੁ ਥਾ। ਤਿਨਿ ਐਸੀ ਭਗਤ ਕਮਾਈ ਜਿਸ ਕੀ ਸੰਪ੍ਰਦਾ ਚਲੀ ਜਾਤੀ ਹੈ। ਅਰੁ ਨਾਮੇ ਕੰਬੀਰ ਰਵਿਦਾਸ ਤੇ ਲਾਇ ਕਰਿ ਸਭ ਭਗਤ ਜਿਸ ਕੇ ਸਿਖ ਥੇ। ਜਿਨਿ ਜਿਨਿ ਗੁਸਾਈਂ ਰਾਮਾਨੰਦ ਜੀ ਕੀ ਦੀਖਿਆ ਲਈ ਹੈ ਤਿਸ ਕੰਉ ਸਾਈਂ ਰਾਮਾਨੰਦ ਸ੍ਰੀ ਠਾਕੁਰ ਜੀ ਕੰਉ ਮਿਲਾਇ ਛੋਡਿਆ ਹੈ।”3 ਇਸ ਤੋਂ ਭਗਤ ਜੀ ਦੀ ਆਤਮਿਕ ਬੁਲੰਦੀ ਦਾ ਅਨੁਮਾਨ ਸਹਿਜੇ ਲਗਾਇਆ ਜਾ ਸਕਦਾ ਹੈ। ਭਾਈ ਦਰਬਾਰੀ ਦਾਸ ਨੇ ਵੀ ਭਗਤ ਜੀ ਦੀ ਸਾਧਨਾ ਤੇ ਉਦਾਰ ਬਿਰਤੀ ਬਾਰੇ ਸ਼ਰਧਾ ਸਹਿਤ ਲਿਖਿਆ ਹੈ:-
ਆਦਿ ਕਾਲ ਕੇ ਰਾਮਾਨੰਦ।
ਅੰਧਘੋਰ ਮਹਿ ਪਾਯਾ ਰੰਦ।
ਭਗਤਿ ਕਰੈ ਹਰਿ ਕੈ ਗੁਣ ਗਾਵੈ।
ਸਾਸਿ ਸਾਸਿ ਹਰਿਨਾਮ ਧਯਾਵੈ।
ਬਰਨੁ ਬ੍ਰਹਮਣੁ ਭਯਾ ਬੈਰਾਗੀ।
ਮਾਯਾ ਮਮਤਾ ਸਗਲ ਤਯਾਗੀ।
ਜਿਨ ਜਨ ਦੀਖਯਾ ਲੀਨੀ ਆਇ।
ਸੋ ਪ੍ਰਭਿ ਲੀਨੇ ਆਪਿ ਮਿਲਾਇ।4
ਭਗਤ ਰਾਮਾਨੰਦ ਜੀ ਨੇ ਭਗਤੀ ਦਾ ਪ੍ਰਚਾਰ ਕੀਤਾ ਅਤੇ ਬਹੁਤ ਸਾਰੇ ਭਗਤ ਆਪ ਦੇ ਸ਼ਿਸ਼ ਬਣ ਗਏ ਜਿਨ੍ਹਾਂ ਵਿਚ ਪ੍ਰਸਿੱਧ ਹੋਏ ਭਗਤਾਂ ਦਾ ਜ਼ਿਕਰ ਨਾਭਾ ਦਾਸ ਨੇ ਇਉਂ ਕੀਤਾ ਹੈ:-
ਅਨੰਤ ਨੰਦ ਕਬੀਰ ਸੁਖਾ ਸੁਰਸੁਰਾ ਪਦਮਾਵਤ ਨਰਹਰਿ।
ਪੀਪਾ ਭਾਵਾ ਨੰਦ ਰਵਿਦਾਸ ਧੰਨਾ ਸੈਣ ਸੁਰਸੁਰੀ ਕੀ ਪਾਰ ਹਰਿ।
ਔਰੇ ਸਿਸ ਪ੍ਰਸਿਧਯ ਏਕ ਤੇ ਏਕ ਉਜਾਗਰ।
ਵਿਸ਼ਵ ਮੰਗਲ ਆਧਾਰ ਸਰਬ ਨੰਦ ਜਸਧਾ ਕੇ ਆਗਰ।5
ਇਨ੍ਹਾਂ ਸ਼ਿਸ਼ਾਂ ਨੇ ਭਗਤ ਰਾਮਾਨੰਦ ਜੀ ਦੀ ਵਿਚਾਰਧਾਰਾ ਨੂੰ ਆਪ ਅਪਣਾਇਆ ਤੇ ਆਪਣੇ-ਆਪਣੇ ਕਰਮ-ਖੇਤਰ ਵਿਚ ਖ਼ੂਬ ਪ੍ਰਚਾਰ ਕੀਤਾ। ਸਰਗੁਣ ਭਗਤੀ ਤੋਂ ਨਿਰਗੁਣ ਭਗਤੀ ਦਾ ਵਿਕਾਸ ਇਨ੍ਹਾਂ ਸੰਤਾਂ ਦੀ ਵਿਚਾਰਧਾਰਾ ਵਿਚ ਪਰਿਵਰਤਨ ਦਾ ਮਹੱਤਵਪੂਰਨ ਪ੍ਰਮਾਣ ਹੈ।
ਭਗਤ ਰਾਮਾਨੰਦ ਜੀ ਦੀ ਸੰਪ੍ਰਦਾਇ ਨੂੰ ਵੈਰਾਗੀ ਸੰਪ੍ਰਦਾਇ ਵੀ ਆਖਿਆ ਜਾਂਦਾ ਹੈ ਤੇ ਹੋਰ ਨਾਂ ਵੀ ਦਿੱਤੇ ਗਏ ਹਨ। “ਭਗਤ ਰਾਮਾਨੰਦ ਜੀ ਨੇ ਇਕ ਸੰਪ੍ਰਦਾਇ ਕਾਇਮ ਕੀਤੀ ਜੋ ਸ਼੍ਰੀ ਸੰਪ੍ਰਦਾਇ ਰਾਮਾਨੰਦੀ ਸੰਪ੍ਰਦਾਇ ਤੇ ਰਾਮਾਵਤ ਸੰਪ੍ਰਦਾਇ ਨਾਂ ਨਾਲ ਪ੍ਰਸਿੱਧ ਹੈ। ਕੁਝ ਲੋਕ ਇਨ੍ਹਾਂ ਨੂੰ ਤਿੰਨ ਵੱਖ-ਵੱਖ ਸੰਪ੍ਰਦਾਵਾਂ ਮੰਨਦੇ ਹਨ। ਰਾਮਾਨੰਦੀ ਸੰਪ੍ਰਦਾਇ ਦੇ ਪੈਰੋਕਾਰ ਕੁਝ ‘ਅਵਧੂਤ’ ਅਖਵਾਉਂਦੇ ਹਨ ਅਤੇ ਕੁਝ ‘ਵੈਰਾਗੀ’। ਇਨ੍ਹਾਂ ਦੋਹਾਂ ਸਾਧੂ ਸੰਪ੍ਰਦਾਵਾਂ ਦੇ ਭੇਖ ਅਤੇ ਮਾਨਤਾਵਾਂ ਸੰਬੰਧੀ ਫ਼ਰਕ ਵੀ ਹਨ। ਭਗਤ ਰਾਮਾਨੰਦ ਜੀ ਦੇ ਇਨ੍ਹਾਂ ਦੋਵਾਂ ਸੰਪ੍ਰਦਾਵਾਂ ਨੇ ਨਿਰਗੁਣ ਸੰਤਾਂ ਨੂੰ ਕੁਝ ਕਿਰਿਆਤਮਕ ਅਤੇ ਕੁਝ ਪ੍ਰਤੀ ਕਿਰਿਆਤਮਕ ਪ੍ਰੇਰਨਾਵਾਂ ਜ਼ਰੂਰ ਪ੍ਰਦਾਨ ਕੀਤੀਆਂ ਹੋਣਗੀਆਂ। ਭਗਤ ਰਾਮਾਨੰਦ ਜੀ ਦੇ ਬਹੁਤ ਸਾਰੇ ਚੇਲੇ ਸਨ। ਇਨ੍ਹਾਂ ਵਿੱਚੋਂ ਬਹੁਤਿਆਂ ਦੀ ਵਿਚਾਰਧਾਰਾ ਨਿਰਗੁਣ ਹੀ ਸੀ। ਇਨ੍ਹਾਂ ਵਿਚ ਭਗਤ ਧੰਨਾ ਜੀ, ਭਗਤ ਪੀਪਾ ਜੀ ਤੇ ਭਗਤ ਸੈਣ ਜੀ ਵਿਸ਼ੇਸ਼ ਪ੍ਰਸਿੱਧੀ ਦੇ ਧਾਰਨੀ ਹਨ।”6 ਇਉਂ ਭਗਤ ਰਾਮਾਨੰਦ ਜੀ ਦੇ ਪੈਰੋਕਾਰਾਂ ਵਿਚ ਨਿਰਗੁਣ ਤੇ ਸਰਗੁਣ ਭਗਤੀ ਦੇ ਪ੍ਰਚਾਰਕ ਸਨ ਜਿਨ੍ਹਾਂ ਨੇ ਪ੍ਰਚੱਲਤ ਪੂਜਾ-ਭਗਤੀ ਦੀ ਪਾਖੰਡ ਤੇ ਆਡੰਬਰਮਈ ਵਿਧੀ ਦਾ ਤਿਆਗ ਕਰ ਕੇ ਲੋਕਾਂ ਨੂੰ ਪ੍ਰਭੂ ਨਾਲ ਮਿਲਣ ਲਈ ਨਵਧਾ ਭਗਤੀ ਦਾ ਪ੍ਰਚਾਰ ਕੀਤਾ।
ਭਗਤ ਰਾਮਾਨੰਦ ਜੀ ਦੇ ਵਿਚਾਰਾਂ ਬਾਰੇ ਡਾ. ਰਾਮ ਕੁਮਾਰ ਵਰਮਾ ਦਾ ਮੱਤ ਹੈ ਕਿ-
“(ੳ) ਭਗਤ ਰਾਮਾਨੰਦ ਜੀ ਨੇ ਜਾਤ-ਪਾਤ ਦਾ ਬੰਧਨ ਢਿੱਲਾ ਕਰ ਦਿੱਤਾ… ਉਨ੍ਹਾਂ ਨੇ ਖਾਣ-ਪੀਣ ਦੇ ਵਿਸ਼ੇ ਵਿਚ ਖੁੱਲ੍ਹ ਦਿੱਤੀ। ਉਨ੍ਹਾਂ ਨੇ ਇੰਨਾ ਜ਼ਰੂਰ ਕੀਤਾ ਕਿ ਭਗਤੀ ਲਈ ਅਨੇਕ ਜਾਤ ਦੇ ਜਗਿਆਸੂਆਂ ਨੂੰ ਇਕ ਪੰਗਤੀ ਵਿਚ ਬਿਠਾ ਦਿੱਤਾ।
(ਅ) ਉਨ੍ਹਾਂ ਨੇ ਧਰਮ ਪ੍ਰਚਾਰ ਲਈ ਸੰਸਕ੍ਰਿਤ ਦੀ ਬਜਾਏ ਲੋਕ-ਭਾਸ਼ਾ ਨੂੰ ਪਹਿਲ ਦਿੱਤੀ। ਭਾਵੇਂ ਉਨ੍ਹਾਂ ਦੀ ਹਿੰਦੀ ਰਚਨਾ ਬਹੁਤ ਘੱਟ ਹੈ ਪਰ ਉਨ੍ਹਾਂ ਨੇ ਆਪਣੇ ਸ਼ਿਸ਼ਾਂ ਨੂੰ ਲੋਕ-ਭਾਸ਼ਾ ਵਿਚ ਧਰਮ ਪ੍ਰਚਾਰ ਕਰਨ ਦੀ ਆਗਿਆ ਦਿੱਤੀ ਸੀ।
(ੲ) ਸੁਆਮੀ (ਭਗਤ ਰਾਮਾਨੰਦ) ਜੀ ਨੇ ਈਸ਼ਵਰ ਦੇ ਵਰਣਨ ਵਿਚ ਅਦ੍ਵੈਤਵਾਦ ਅੰਦਰ ਵਰਤੇ ਜਾਂਦੇ ਈਸ਼ਵਰ ਦੇ ਨਾਵਾਂ ਦਾ ਉਪਯੋਗ ਕੀਤਾ।
(ਸ) ਸ਼ੰਕਰਾਚਾਰੀਆ ਦੇ ਸੰਨਿਆਸੀਆਂ ਤੋਂ ਭਗਤ ਰਾਮਾਨੰਦ ਜੀ ਦੇ ਸੰਨਿਆਸੀਆਂ ਦੀ ਆਚਾਰਾਤਮਕ ਸੁਤੰਤਰਤਾ ਬਹੁਤ ਜ਼ਿਆਦਾ ਹੈ।”7
ਭਗਤ ਰਾਮਾਨੰਦ ਜੀ ਦੀ ਭਗਤੀ ਲਹਿਰ ਨੂੰ ਦੇਣ ਬੜੀ ਨਿੱਗਰ ਹੈ ਤੇ ਆਪ ਦੀ ਮਹਿਮਾ ਕਈ ਸੰਤ ਕਵੀਆਂ ਨੇ ਆਖੀ ਹੈ। ਬਾਵਾ ਰਾਮਦਾਸ ਜੀ ਪਟਿਆਲੇ ਵਾਲੇ ਲਿਖਦੇ ਹਨ:-
ਸ੍ਰੀ ਰਾਮਾਨੰਦ ਦਇਆਲ ਭਗਤ ਇਕ ਰੰਗ ਹੈ।
ਆਠ ਪਹਰ ਆਨੰਦ ਸਦ ਸਤ ਸੰਗ ਹੈ।
ਤਜੀ ਜੁਗਤ ਕੀ ਆਸ ਲਗੇ ਨਿਜ ਨਾਂਮ ਸਿਉਂ।
ਹਰਿ ਹਾਂ ਰਾਮਦਾਸ ਕਰ ਭਗਤਿ ਮਿਲੇ ਸ੍ਰੀ ਰਾਮ ਸਿਉਂ।8
ਭਗਤ ਰਾਮਾਨੰਦ ਜੀ ਦੀ ਉਮਰ ਬਹੁਤ ਲੰਮੀ ਸੀ। ਨਾਭਾ ਦਾਸ ਅਨੁਸਾਰ:-
ਬਹੁਤ ਕਾਲ ਬਪ ਧਾਰ ਕੇ ਪ੍ਰਣਤ ਜਨਨਿ ਕੋ ਪਾਰ ਦੀਯੋ।
ਭਾਈ ਦਰਬਾਰੀ ਦਾਸ ਨੇ ਆਪ ਜੀ ਬਾਰੇ ਲਿਖਿਆ ਹੈ:-
ਰਾਮਾਨੰਦ ਕੀ ਆਉ ਚੌਦਹ ਸੈ ਬਰਸਾ ਭਾਈ।
ਕਲਜੁਗ ਏਹ ਸੁਭਾਉ ਸੌ ਬਰਸ ਜੀਵੈ ਨਹੀ।9
ਇਨ੍ਹਾਂ ਦੇ ਬ੍ਰਹਮਲੀਨ ਹੋਣ ਦੀ ਮਿਤੀ ਬਾਰੇ ਵਿਦਵਾਨਾਂ ਵਿਚ ਮਤਭੇਦ ਹੈ ਪਰ ਬਹੁਤੇ 1467 ਈ. ਮੰਨਦੇ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਆਪ ਜੀਵਨ ਦੇ ਅੰਤਲੇ ਦਿਨਾਂ ਵਿਚ ਅਯੋਧਿਆ ਚਲੇ ਗਏ ਸਨ, ਜਿੱਥੇ ਇਕ ਗੁਫਾ ਵਿਚ ਰਹਿੰਦੇ ਸਨ। ਇਕ ਦਿਨ ਸਵੇਰੇ-ਸਵੇਰੇ ਗੁਫਾ ਵਿਚ ਸੰਖ ਦੀ ਧੁਨ ਸੁਣਾਈ ਦਿੱਤੀ। ਜਦੋਂ ਭਗਤਾਂ ਨੇ ਗੁਫਾ ਵਿਚ ਜਾ ਕੇ ਦੇਖਿਆ, ਉਥੇ ਸਭ ਕੁਝ ਖ਼ਤਮ ਸੀ। ਭਗਤ ਉਨ੍ਹਾਂ ਦੀਆਂ ਖੜਾਵਾਂ ਕਾਸ਼ੀ ਲੈ ਆਏ ਤੇ ਉਨ੍ਹਾਂ ਨੇ ਪੰਚ ਗੰਗਾ ਘਾਟ ’ਤੇ ਸਥਾਪਿਤ ਕਰ ਦਿੱਤੀਆਂ। ਇਸ ਸਥਾਨ ਨੂੰ ਸ੍ਰੀ ਮੱਠ ਆਖਿਆ ਜਾਂਦਾ ਹੈ।
ਸੁਆਮੀ ਰਾਮਾਨੰਦ ਜੀ ਦੀਆਂ ਰਚਨਾਵਾਂ
ਆਪ ਨੇ ਸੰਸਕ੍ਰਿਤ ਤੇ ਹਿੰਦੀ ਵਿਚ ਰਚਨਾ ਕੀਤੀ ਹੈ। ਆਪ ਨੇ ਵੇਦਾਂਤ ਦਾ ਡੂੰਘਾ ਅਧਿਐਨ ਕੀਤਾ ਤੇ ਪ੍ਰਮੁੱਖ ਗ੍ਰੰਥਾਂ ਦਾ ਸਾਰ-ਤੱਤ ਗ੍ਰਹਿਣ ਕੀਤਾ।
ਸੰਸਕ੍ਰਿਤ ਗ੍ਰੰਥ :
(1) ਵੈਸ਼ਣਵ ਮਤਾ ਬਜ ਭਾਸਕਰ
(2) ਸ੍ਰੀ ਰਾਮ ਅਰਚਨਾ ਪਧਤਿ
ਆਪ ਦੇ ਚੇਲਿਆਂ ਨੇ ਆਪ ਦੇ ਨਾਂ ’ਤੇ 17 ਗ੍ਰੰਥ ਲਿਖ ਕੇ ਪ੍ਰਸਿੱਧ ਕਰਨ ਦਾ ਯਤਨ ਕੀਤਾ ਹੈ ਜੋ ਅਪ੍ਰਮਾਣਿਕ ਹਨ ਤੇ ਵਿਦਵਾਨ10 ਉਨ੍ਹਾਂ ਨੂੰ ਸੁਆਮੀ ਜੀ ਦੀ ਰਚਨਾ ਨਹੀਂ ਮੰਨਦੇ।
ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਭਗਤ ਰਾਮਾਨੰਦ ਜੀ :
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਨਿਰਗੁਣ ਧਾਰਾ ਦੇ ਸੰਤਾਂ ਮਹਾਤਮਾਵਾਂ ਦੇ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੰਕਲਿਤ ਕੀਤੇ ਹਨ। ਭਗਤ ਰਾਮਾਨੰਦ ਜੀ ਦਾ ਨਿਮਨ ਸ਼ਬਦ ਰਾਗ ਬਸੰਤ11 ਵਿਚ ਉਪਲਬਧ ਹੈ:
ਰਾਮਾਨੰਦ ਜੀ ਘਰੁ 1 ੴ ਸਤਿਗੁਰ ਪ੍ਰਸਾਦਿ॥
ਕਤ ਜਾਈਐ ਰੇ ਘਰ ਲਾਗੋ ਰੰਗੁ॥
ਮੇਰਾ ਚਿਤੁ ਨ ਚਲੈ ਮਨੁ ਭਇਓ ਪੰਗੁ॥1॥ ਰਹਾਉ॥
ਏਕ ਦਿਵਸ ਮਨ ਭਈ ਉਮੰਗ॥
ਘਸਿ ਚੰਦਨ ਚੋਆ ਬਹੁ ਸੁਗੰਧ॥
ਪੂਜਨ ਚਾਲੀ ਬ੍ਰਹਮ ਠਾਇ॥
ਸੋ ਬ੍ਰਹਮੁ ਬਤਾਇਓ ਗੁਰ ਮਨ ਹੀ ਮਾਹਿ॥1॥
ਜਹਾ ਜਾਈਐ ਤਹ ਜਲ ਪਖਾਨ॥
ਤੂ ਪੂਰਿ ਰਹਿਓ ਹੈ ਸਭ ਸਮਾਨ॥
ਬੇਦ ਪੁਰਾਨ ਸਭ ਦੇਖੇ ਜੋਇ॥
ਊਹਾਂ ਤਉ ਜਾਈਐ ਜਉ ਈਹਾਂ ਨ ਹੋਇ॥2॥
ਸਤਿਗੁਰ ਮੈ ਬਲਿਹਾਰੀ ਤੋਰ॥
ਜਿਨਿ ਸਕਲ ਬਿਕਲ ਭ੍ਰਮ ਕਾਟੇ ਮੋਰ॥
ਰਾਮਾਨੰਦ ਸੁਆਮੀ ਰਮਤ ਬ੍ਰਹਮ॥
ਗੁਰ ਕਾ ਸਬਦੁ ਕਾਟੈ ਕੋਟਿ ਕਰਮ॥3॥1॥ (ਪੰਨਾ 1195)
ਇਸ ਸ਼ਬਦ ਦੇ ਅਧਿਐਨ ਤੋਂ ਸ੍ਵੈ-ਸਪੱਸ਼ਟ ਹੈ ਕਿ ਭਗਤ ਜੀ ਨੇ ਆਪਣੇ ਜੀਵਨ ਦੇ ਆਖਰੀ ਚਰਨ ਵਿਚ ਸਰਗੁਣ ਦੀ ਬਜਾਏ ਨਿਰਗੁਣ ਬ੍ਰਹਮ ਦੀ ਭਗਤੀ ਅਰੰਭ ਕਰ ਦਿੱਤੀ ਸੀ। ਡਾ. ਰਤਨ ਸਿੰਘ (ਜੱਗੀ) ਦਾ ਵਿਚਾਰ ਹੈ- “ਰਾਮਾਨੰਦ ਪਹਿਲਾਂ ਸੀਤਾ ਰਾਮ ਦੀ ਉਪਾਸਨਾ ਕਰਦੇ ਸਨ ਪਰ ਪਿਛਲੀ ਉਮਰ ਵਿਚ ਉਹ ਮੂਰਤੀ ਪੂਜਾ ਅਥਵਾ ਪ੍ਰਤੀਕ-ਉਪਾਸਨਾ ਤੋਂ ਉੱਚੇ ਉੱਠ ਕੇ ਨਿਰਗੁਣ ਦੀ ਉਪਾਸਨਾ ਵੱਲ ਰੁਚਿਤ ਹੋਏ।” ਇਸ ਸ਼ਬਦ ਵਿਚ ਸੁਆਮੀ ਜੀ ਨੇ ਮਨ ਦੇ ਟਿਕਾਓ ਕਾਰਨ ਮਨ ਵਿਚ ਵਿਆਪਕ ਆਨੰਦ ਦਾ ਜ਼ਿਕਰ ਕੀਤਾ ਹੈ। ਬ੍ਰਹਮ ਕਿਧਰੇ ਬਾਹਰ ਨਹੀਂ ਹੈ, ਉਹ ਤਾਂ ਮਨ ਅੰਦਰ ਹੀ ਵਿਦਮਾਨ ਹੈ ਜਿਸ ਦਾ ਗਿਆਨ ਗੁਰੂ ਤੋਂ ਮਿਲਦਾ ਹੈ। ਉਹ ਪਾਰਬ੍ਰਹਮ ਸਰਬ- ਵਿਆਪਕ ਹੈ। ਉਸ ਦੀ ਖੋਜ ਵਿਚ ਕਿਧਰੇ ਜਾਣ ਦੀ ਜ਼ਰੂਰਤ ਨਹੀਂ ਹੈ, ਉਹ ਤਾਂ ਸਭ ਦੇ ਪਾਸ ਹੀ ਹੈ। ਸਭ ਪ੍ਰਕਾਰ ਦੇ ਭਰਮ ਸਤਿਗੁਰੂ ਨੇ ਕੱਟ ਦਿੱਤੇ ਹਨ। ਹਰ ਪ੍ਰਕਾਰ ਦੇ ਕਰਮ ਨੂੰ ਗੁਰੂ ਦਾ ਸ਼ਬਦ ਕੱਟ ਦਿੰਦਾ ਹੈ। ਇਸ ਸ਼ਬਦ ਵਿਚ ਪ੍ਰਭੂ ਨੂੰ ਬਾਹਰ ਭਾਲਣ ਦੀ ਥਾਂ ਅੰਦਰ ਭਾਲਣ ਦਾ ਉਪਦੇਸ਼ ਹੈ। ਉਹ ਸਭ ਥਾਂ ਹੈ। ਸਭ ਵਿਚ ਹੈ। ਇਹ ਸੋਝੀ ਸਤਿਗੁਰੂ ਦੀ ਬਖ਼ਸ਼ਿਸ਼ ਨਾਲ ਹੁੰਦੀ ਹੈ। ਕਰਮ-ਸਿਧਾਂਤ ਨੂੰ ਨਕਾਰਦਿਆਂ ਸਪੱਸ਼ਟ ਕੀਤਾ ਹੈ ਕਿ ਗੁਰੂ ਦਾ ਸ਼ਬਦ ਹਰ ਪ੍ਰਕਾਰ ਦੇ ਕਰਮ ਦੇ ਪ੍ਰਭਾਵ ਜਾਂ ਉਸ ਕਾਰਨ ਮਿਲਣ ਵਾਲੇ ਫਲ ਨੂੰ ਕੱਟ ਦਿੰਦਾ ਹੈ। ਭਗਤ ਰਾਮਾਨੰਦ ਜੀ ਦੀ ਭਗਤੀ ਲਹਿਰ ਨੂੰ ਮਹਾਨ ਦੇਣ ਹੈ ਤੇ ਆਪ ਦੀਆਂ ਰਚਨਾਵਾਂ ਵਿਚ ਨਵੇਂ ਵਿਚਾਰ ਉਪਲਬਧ ਹਨ ਜੋ ਪਰੰਪਰਾਵਾਦੀ ਵਿਚਾਰਾਂ ਨਾਲੋਂ ਭਿੰਨ ਹਨ। ਆਪ ਨੇ ਸਭ ਭਗਤਾਂ ਨੂੰ ਸਮਾਨ ਮੰਨਿਆ ਅਤੇ ਜਾਤ-ਪਾਤ ਦੀ ਜਕੜ ਨੂੰ ਢਿੱਲੀ ਕਰਨ ਦਾ ਸਫ਼ਲ ਯਤਨ ਕੀਤਾ।
ਲੇਖਕ ਬਾਰੇ
# 8 ਦਸਮੇਸ਼ ਨਗਰ, ਪੁਲੀਸ ਲਾਈਨ ਰੋਡ, ਪਟਿਆਲਾ
- ਪ੍ਰੋ. ਗੁਰਮੁਖ ਸਿੰਘhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%97%e0%a9%81%e0%a8%b0%e0%a8%ae%e0%a9%81%e0%a8%96-%e0%a8%b8%e0%a8%bf%e0%a9%b0%e0%a8%98/October 1, 2007
- ਪ੍ਰੋ. ਗੁਰਮੁਖ ਸਿੰਘhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%97%e0%a9%81%e0%a8%b0%e0%a8%ae%e0%a9%81%e0%a8%96-%e0%a8%b8%e0%a8%bf%e0%a9%b0%e0%a8%98/November 1, 2008
- ਪ੍ਰੋ. ਗੁਰਮੁਖ ਸਿੰਘhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%97%e0%a9%81%e0%a8%b0%e0%a8%ae%e0%a9%81%e0%a8%96-%e0%a8%b8%e0%a8%bf%e0%a9%b0%e0%a8%98/August 1, 2009
- ਪ੍ਰੋ. ਗੁਰਮੁਖ ਸਿੰਘhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%97%e0%a9%81%e0%a8%b0%e0%a8%ae%e0%a9%81%e0%a8%96-%e0%a8%b8%e0%a8%bf%e0%a9%b0%e0%a8%98/
- ਪ੍ਰੋ. ਗੁਰਮੁਖ ਸਿੰਘhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%97%e0%a9%81%e0%a8%b0%e0%a8%ae%e0%a9%81%e0%a8%96-%e0%a8%b8%e0%a8%bf%e0%a9%b0%e0%a8%98/August 1, 2010