ਭੱਟ ਵਿਦਵਾਨਾਂ ਦੀ ਉਸ ਜਾਤੀ ਦਾ ਨਾਂ ਹੈ ਜਿਸ ਦਾ ਕੰਮ ਰਾਜਿਆਂ ਮਹਾਰਾਜਿਆਂ ਅਤੇ ਮਹਾਂਪੁਰਖਾਂ ਦਾ ਜਸ ਗਾਇਨ ਕਰਨਾ ਤੇ ਉਨ੍ਹਾਂ ਦੇ ਇਤਿਹਾਸਕ ਕਾਰਨਾਮਿਆਂ ਨੂੰ ਸੰਭਾਲਣਾ ਰਿਹਾ ਹੈ। ਇਨ੍ਹਾਂ ਦਾ ਕਾਰਜ-ਖੇਤਰ ਮੁੱਖ ਤੌਰ ’ਤੇ ਉੱਤਰੀ ਭਾਰਤ ਹੈ ਭਾਵੇਂ ਕਿ ਗੁਜਰਾਤ ਮਹਾਂਰਾਸ਼ਟਰ ਤਕ ਇਨ੍ਹਾਂ ਦੇ ਖੇਤਰ ਦੇ ਪ੍ਰਮਾਣ ਵੀ ਮਿਲਦੇ ਹਨ। ਪੰਜਾਬ ਦੇ ਭੱਟ ਆਪਣੇ ਆਪ ਨੂੰ ਕੋਸ਼ਿਸ਼ ਰਿਖੀ ਦੀ ਸੰਤਾਨ ਮੰਨਦੇ ਹਨ ਤੇ ਅਲੋਪ ਹੋ ਚੁਕੀ ਸਰਸਵਤੀ ਦੇ ਕੰਢੇ ਹੋਣ ਕਰਕੇ ਸਾਰਸੁਤ ਬ੍ਰਾਹਮਣ ਅਖਵਾਉਂਦੇ ਹਨ।
ਮੁੱਖ ਤੌਰ ’ਤੇ ਤਿੰਨ ਜ਼ਿਲ੍ਹਿਆਂ ਵਿਚ ਭੱਟਾਂ ਦਾ ਵਾਸਾ ਹੈ ਸੰਗਰੂਰ, ਕਰਨਾਲ ਤੇ ਹਿਸਾਰ ਵਿਚ। ਪੁਰਾਣੀ ਰਿਆਸਤ ਜੀਂਦ ਦੇ ਕਰਸਿੰਧੂ (ਹੁਣ ਜ਼ਿਲ੍ਹਾ ਕਰਨਾਲ) ਤੇ ਤਲਉਂਢੇ ਨਗਰ ਵਿਚ ਭੱਟਾਂ ਦੇ ਕਈ ਘਰ ਹਨ। ਜ਼ਿਲ੍ਹਾ ਕਰਨਾਲ ਦੇ ਪਿੰਡ ਸਰਸਾ, ਅਟੋਲਾ, ਭਾਦਸੋਂ ਆਦਿ ਵਿਚ ਵੀ ਕੁਝ ਪਰਵਾਰ ਹਨ। ਜ਼ਿਲ੍ਹਾ ਹਿਸਾਰ ਦੇ ਬਰਵਾਲਾ ਪਿੰਡ ਬਨਭੌਰ ਵਿਚ ਲੱਗਭਗ 25-30 ਘਰ ਹਨ। ਲਾਡਵੇ ਵਾਲੇ ਅਜੀਤ ਸਿੰਘ ਨੇ ਭੱਟਾਂ ਨੂੰ ਇਕ ਪਿੰਡ ਲੁਹਾਰੜਾ (ਰਿਹਾੜਲਾ) ਦਾਨ ਕੀਤਾ ਹੋਇਆ ਸੀ। ਜਿੱਥੇ-ਜਿੱਥੇ ਇਨ੍ਹਾਂ ਭੱਟਾਂ ਦੀ ਸਰਪ੍ਰਸਤੀ ਰਹੀ ਤੇ ਰੁਜ਼ਗਾਰ ਚੱਲਦਾ ਰਿਹਾ, ਉਥੇ-ਉਥੇ ਇਹ ਵੱਸਦੇ ਗਏ। ਕਈ ਵਾਰ ਇਹ ਨਵੇਂ ਇਲਾਕਿਆਂ ਵਿਚ ਜਾ ਕੇ ਆਪਣੇ ਜੌਹਰ ਵਿਖਾਉਂਦੇ ਤੇ ਥਾਂ ਜਾ ਬਣਾਉਂਦੇ। ਇਸ ਤਰ੍ਹਾਂ ਉਸ ਹਲਕੇ ਦੇ ਮੁੱਖ ਘਰਾਣਿਆਂ ਦੀਆਂ ਬੰਸਾਵਲੀਆਂ ਯਾਦ ਕਰ ਕੇ ਹੌਲੀ-ਹੌਲੀ ਆਪਣਾ ਕੰਮ ਤੋਰ ਲੈਂਦੇ। ਇਸ ਕਰਕੇ ਇਨ੍ਹਾਂ ਵਹੀਆਂ ਦੇ ਨਾਮ ਇਲਾਕਿਆਂ, ਖਾਨਦਾਨਾਂ ਜਾਂ ਪਿੰਡਾਂ ਦੇ ਨਾਂ ’ਤੇ ਹਨ ਜਿਵੇਂ ਕਿ ਭੱਟ ਵਹੀ ਮੁਲਤਾਨੀ, ਸਿੰਧੀ, ਭੱਟ ਵਹੀ ਤਲਉਂਢਾ, ਭੱਟ ਵਹੀ ਕਰਸਿੰਧੂ, ਭੱਟ ਵਹੀ ਭਾਦਸੋਂ ਜਾਂ ਭੱਟ ਵਹੀ ਪੂਰਬੀ ਦੱਖਣੀ, ਭੱਟ ਵਹੀ ਜਾਦੋਬੰਸੀਆਂ ਦੀ।
ਇਨ੍ਹਾਂ ਨੇ ਆਪਣੇ ਖਾਨਦਾਨ ਬਾਰੇ ਜੋ ਵੇਰਵਾ ਦਿੱਤਾ ਹੈ ਉਹ ਇਸ ਪ੍ਰਕਾਰ ਹੈ। ਪਹਿਲਾਂ ਸੱਤ ਰਿਸ਼ੀ ਹੋਏ- ਗੌਤਮ, ਅਤ੍ਰੀ, ਭਾਰਦਵਾਜ, ਜਮਦਗਨ, ਕਸ਼ਪ, ਵਿਸ਼ਵਾਮਿਤ੍ਰ ਤੇ ਵਿਸ਼ਿਸ਼ਟ। ਇਨ੍ਹਾਂ ਰਿਸ਼ੀਆਂ ਦੀ ਸੰਤਾਨ ਭੱਟਾਂ ਸਮੇਤ ਸਮੂਹ ਉੱਤਰੀ ਭਾਰਤ ਵਾਸੀ ਹਨ। ਬ੍ਰਾਹਮਣਾਂ ਦੀਆਂ ਦੋ ਮੋਟੀਆਂ ਸ਼ਾਖਾਵਾਂ ਹਨ। ਸਰਸੁਤ ਤੇ ਗੌੜ। ਭੱਟਾਂ ਦਾ ਸੰਬੰਧ ਇਨ੍ਹਾਂ ਦੋਵਾਂ ਸ਼ਾਖਾਵਾਂ ਨਾਲ ਹੈ ਤੇ ਕੰਮ ਜਜਮਾਨੀ ਪਰੋਹਿਤੀ ਹੈ। ਲਾਗ-ਦੱਛਣਾ ਲੈਣ ਗਏ ਆਪਣੇ ਨਾਲ ਪੋਥੀਆਂ ਲੈ ਕੇ ਜਾਂਦੇ ਤੇ ਜਜਮਾਨਾਂ ਦੇ ਪਤੇ ਤੇ ਬੰਸਾਵਲੀਆਂ ਨਾਲੋ-ਨਾਲ ਦਰਜ ਕਰੀ ਜਾਂਦੇ। ਜਦੋਂ ਕੋਈ ਸਮਾਗਮ ਹੁੰਦਾ ਤਾਂ ਇਹ ਪਿਛਲੇ ਕੁਰਸੀਨਾਮੇ ਤੇ ਕਾਰਨਾਮੇ ਪੜ੍ਹ ਕੇ ਵਡਾਰੂਆਂ ਦੀ ਖਾਸ-ਖਾਸ ਵੀਰਤਾ ਤੇ ਦਾਨ ਦੀਆਂ ਉਭਰਵੀਆਂ ਗੱਲਾਂ ਦੱਸ ਕੇ ਨਵੀਂ ਪੀੜ੍ਹੀ ਦੇ ਮਨ ਵਿਚ ਹੁਲਾਰ ਪੈਦਾ ਕਰ ਦਿੰਦੇ ਤੇ ਦਾਨ ਬਖਸ਼ਿਸ਼ ਪ੍ਰਾਪਤ ਕਰਦੇ। ਭੱਟਾਂ ਦੇ ਜਜਮਾਨ ਵਧੇਰੇ ਰਾਜਪੂਤ ਘਰਾਣੇ ਦੇ ਸਨ ਜੋ ਚੰਗੇ ਰੱਜੇ-ਪੁੱਜੇ ਹੁੰਦੇ ਤੇ ਬੀਰਤਾ ਦੇ ਕਾਰਨਾਮੇ ਕਰ ਕੇ ਆਪਣੀ ਗੌਰਵਮਈ ਪਰੰਪਰਾ ਨੂੰ ਕਾਇਮ ਰੱਖਦੇ ਸਨ। ਰਾਜਪੂਤਾਂ ਦੀਆਂ ਪੰਜ ਮੂਹੀਆਂ ਹਨ, ਚੌਹਾਨ, ਪੰਵਾਰ, ਰਾਠੌਰ, ਤੋਮਰ ਤੇ ਜਾਦੋ। ਭੱਟ ਵਧੇਰੇ ਇਨ੍ਹਾਂ ਦੇ ਹੀ ਪਰੋਹਤ ਸਨ ਤੇ ਇਨ੍ਹਾਂ ਦਾ ਹੀ ਜੱਸ ਗਾਉਂਦੇ ਸੁਣੀਂਦੇ ਹਨ।
ਭੱਟ ਵਹੀਆਂ ਵਿਚ ਭੱਟਾਂ ਦੇ ਖਾਨਦਾਨ ਦਾ ਪੂਰਾ ਵੇਰਵਾ ਦਰਜ ਮਿਲਦਾ ਹੈ। ਇਨ੍ਹਾਂ ਭੱਟਾਂ ਦਾ ਸੰਬੰਧ ਭੱਟ ਵਹੀ ਮੁਲਤਾਨੀ ਸਿੰਧੀ ਹੈ, ਜਿਸ ਨੂੰ ਰਈਆ, ਭਿਖਾ ਤੇ ਫਿਰ ਕੀਰਤ ਭੱਟ ਲਿਖਦੇ ਰਹੇ। ਭੱਟਾਂ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਬਾਣੀ ਨੇ ਇਨ੍ਹਾਂ ਨੂੰ ਪਰਮਪਦ ਤਾਂ ਦਿੱਤਾ ਹੈ ਸਗੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੇਲੇ ਤੋਂ ਮੁਗ਼ਲ ਸਿੱਖ ਯੁੱਧ ਵਿਚ ਸ਼ਹਾਦਤਾਂ ਪਾ ਕੇ ਵੀ ਇਨ੍ਹਾਂ ਨੇ ਅਮਰਪਦ ਪਾਇਆ। ਭਾਈ ਗੁਰਦਾਸ ਜੀ ਨੇ ਲਿਖਿਆ ਹੈ:
ਭਿਖ ਟੋਡਾ ਭਟ ਦੁਇ ਧਾਰੋ ਸੂਰੁ ਮਹਲੁ ਤਿਸ ਧਾਰਾ।
ਸੁਤਲਾਨ ਭਗਤਿ ਭੰਡਾਰਾ (ਵਾਰ 21)
ਭਾਈ ਭਿਖਾ ਤੇ ਬਾਕੀ ਭੱਟਾਂ ਦੀ ਬੰਸਾਵਲੀ ਭੱਟ ਵਹੀਆਂ ਵਿੱਚੋਂ ਇਉਂ ਮਿਲਦੀ ਹੈ:- (ਭਗੀਰਥ ਬੰਸ, ਕੋਸ਼ਿਸ਼ ਗੋਤ੍ਰ, ਗੌੜ ਬ੍ਰਾਹਮਣ)
ਗੁਰੂ-ਘਰ ਦੇ ਅਨਿੰਨ ਸ਼ਰਧਾਲੂ ਭੱਟ ਭਿਖਾ ਜੀ ਤੇ ਭੱਟ ਟੋਡਾ ਜੀ ਗੁਰੂ-ਘਰ ਪ੍ਰਤੀ ਸ਼ਰਧਾਵਾਨ ਸਨ। ਸ਼ਰਧਾ ਜਾਗੀ ਤਾਂ ਸਾਰੀ ਸੰਤਾਨ ਵੀ ਗੁਰੂ-ਘਰ ਆਉਣ ਲੱਗੀ ਤੇ ਇਨ੍ਹਾਂ ਨੇ ਗੁਰ-ਮਹਿਮਾ ਕਰ ਕੇ ਆਪਣੀਆਂ ਰਚਨਾਵਾਂ ਰਚਣੀਆਂ ਸ਼ੁਰੂ ਕਰ ਦਿੱਤੀਆਂ। ਭਾਈ ਰਈਆ ਭੱਟ ਦੇ ਖਾਨਦਾਨ ਵਿੱਚੋਂ ਇਨ੍ਹਾਂ ਭੱਟਾਂ ਦੀ ਬਾਣੀ ਸਵੱਈਏ ਸਿਰਲੇਖ ਹੇਠ ਸੰਗ੍ਰਹਿ ਕੀਤੀ ਗਈ ਹੈ ਭਾਵੇਂ ਇਹ ਸਾਰੇ ਸਵੱਈਏ ਨਹੀਂ ਚੌਪਈ ਅਤੇ ਛਪੈ ਛੰਦ ਆਦਿ ਸਮਿਲਿਤ ਹਨ।
ਭੱਟਾਂ ਦੀ ਰਚਨਾ ਵਿਚ ਗੁਰੂ ਉਪਮਾ ਮਹਿਮਾ ਤੇ ਉਸਤਿਤ ਤੋਂ ਬਿਨਾਂ ਈਸ਼ਵਰ ਦੀ ਮਹਿਮਾ ਵੀ ਸ਼ਾਮਲ ਹੈ। ਇਸ ਸਾਰੀ ਬਾਣੀ ਦੀ ਮਹੱਤਤਾ ਤਿੰਨ ਪੱਖਾਂ ਤੋਂ ਹੈ; ਇਕ ਤਾਂ ਵਿਚਾਰਧਾਰਾ ਦੀ ਦ੍ਰਿਸ਼ਟੀ ਤੋਂ ਕਿ ਉਸ ਵੇਲੇ ਦੀ ਪੜ੍ਹੀ-ਲਿਖੀ ਸ਼੍ਰੇਣੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਤਾਂ ਨੂੰ ਕਿਸ ਰੂਪ ਵਿਚ ਵੇਖਿਆ; ਦੂਜੇ ਸ਼ੈਲੀ ਪੱਖ ਤੋਂ ਕਿ ਕਿਸ ਤਰ੍ਹਾਂ ਇਨ੍ਹਾਂ ਭੱਟਾਂ ਨੇ ਆਪਣੀ ਇਕ ਵਿਸ਼ੇਸ਼ ਸ਼ੈਲੀ ਸਥਾਪਿਤ ਕੀਤੀ ਜੋ ਪੂਰੇ ਭਾਰਤ ਵਿਚ ਤਕਰੀਬਨ ਸਮਾਨ ਸੀ। ਇਨ੍ਹਾਂ ਦੀ ਗੁਜਰਾਤੀ, ਰਾਜਸਥਾਨੀ ਜਾਂ ਪੰਜਾਬੀ ਵਿਚ ਰਚੀ ਰਚਨਾ ਤੋਂ ਜਾਚਿਆਂ ਪਤਾ ਲੱਗਦਾ ਹੈ ਕਿ ਮਾਮੂਲੀ ਸਥਾਨਕ ਅੰਤਰਾਂ ਨੂੰ ਛੱਡ ਕੇ ਬਹੁਤੀ ਭਿੰਨਤਾ ਨਹੀਂ ਸੀ। ਤੀਜੇ ਪੱਖ ਤੋਂ ਇਸ ਦਾ ਮਹੱਤਵ ਇਸ ਅੰਦਰ ਭਰੀ ਇਤਿਹਾਸਕ ਵਾਕਫ਼ੀ ਕਰਕੇ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਮਿਲਦੀ ਭੱਟਾਂ ਦੀ ਰਚਨਾ ਤੇ ਵਹੀਆਂ ਵਿਚ ਅਨੇਕਾਂ ਸਮਕਾਲੀ ਘਟਨਾਵਾਂ ਦਾ ਵੇਰਵਾ ਭਰਿਆ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੇ ਭੱਟ ਬਾਣੀਕਾਰ : ਭੱਟ ਕੱਲ੍ਹ ਜੀ: ਭੱਟਾਂ ਵਿੱਚੋਂ ਸਭ ਤੋਂ ਵਿਦਵਾਨ ਬਾਣੀਕਾਰ ਭਿਖਾ ਜੀ ਦਾ ਪੁੱਤਰ ਭੱਟ ਕਲ੍ਹ ਸੀ ਜਿਸ ਦੇ ਰਚੇ ਉਸਤਤ ਛੰਦ ਵੀ ਸਭ ਤੋਂ ਵੱਧ ਅਰਥਾਤ 123 ਵਿੱਚੋਂ 32 ਛੰਦ ਜਿਨ੍ਹਾਂ ਵਿੱਚੋਂ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ 10 ਛੰਦ, ਸ੍ਰੀ ਗੁਰੂ ਅਮਰਦਾਸ ਜੀ ਬਾਰੇ 9 ਤੇ ਸ੍ਰੀ ਗੁਰੂ ਰਾਮਦਾਸ ਜੀ ਬਾਰੇ 13 ਛੰਦ ਹਨ। ਭੱਟ ਕਲ੍ਹ ਜੀ ਮੁਗ਼ਲ ਕਾਲ ਦਾ ਬੜਾ ਪ੍ਰਸਿੱਧ ਕਵੀ ਸੀ। ਗੁਰੂ-ਮਹਿਮਾ ਤੋਂ ਬਿਨਾਂ ਉਸ ਨੇ ਦਿੱਲੀ ਰਾਜ ਬੰਸਾਵਲੀ ਨਾਂ ਦੀ ਪੁਸਤਕ ਵੀ ਲਿਖੀ ਜਿਸ ਦੇ 119 ਛੰਦ ਹਨ।
ਉਨ੍ਹਾਂ ਦੀ ਬਾਣੀ ਵਿਚ ਉੱਚ ਕੋਟੀ ਦਾ ਕਾਵਿ-ਰਸ, ਗੁਰਮਤਿ ਦੇ ਰਹੱਸ ਦੀ ਵਿਆਖਿਆ, ਪੁਰਾਤਨ ਇਤਿਹਾਸ ਸੋਝੀ, ਵਿੱਦਿਆ ਸੰਪਨਤਾ ਤੇ ਭਾਖਾਈ ਨਿਪੁੰਨਤਾ ਹੈ। ਇਕ-ਇਕ ਤੁਕ ਗੁਰਮਤਿ ਗਿਆਨ ਕਰਮ ਰਹੱਸ ਦਾ ਸਾਗਰ ਸੰਭਾਲੀ ਬੈਠੀ ਹੈ:
ਗਾਵਉ ਗੁਨ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਣ ਸਬਦ ਸਰੇ॥
ਗਾਵਹਿ ਗੰਭੀਰ ਧੀਰ ਮਤਿ ਸਾਗਰ ਜੋਗੀ ਜੰਗਮ ਧਿਆਨੁ ਧਰੇ॥
ਗਾਵਹਿ ਇੰਦ੍ਰਾਦਿ ਭਗਤ ਪ੍ਰਹਿਲਾਦਿਕ ਆਤਮ ਰਸੁ ਜਿਨਿ ਜਾਣਿਓ॥
ਕਬਿ ਕਲ ਸੁਜਸੁ ਗਾਵਉ ਗੁਰ ਨਾਨਕ ਰਾਜੁ ਜੋਗੁ ਜਿਨਿ ਮਾਣਿਓ॥2॥
ਗਾਵਹਿ ਜਨਕਾਦਿ ਜੁਗਤਿ ਜੋਗੇਸੁਰ ਹਰਿ ਰਸ ਪੂਰਨ ਸਰਬ ਕਲਾ॥
ਗਾਵਹਿ ਸਨਕਾਦਿ ਸਾਧ ਸਿਧਾਦਿਕ ਮੁਨਿ ਜਨ ਗਾਵਹਿ ਅਛਲ ਛਲਾ॥
ਗਾਵੈ ਗੁਣ ਧੋਮੁ ਅਟਲ ਮੰਡਲਵੈ ਭਗਤਿ ਭਾਇ ਰਸੁ ਜਾਣਿਓ॥
ਕਬਿ ਕਲ ਸੁਜਸੁ ਗਾਵਉ ਗੁਰ ਨਾਨਕ ਰਾਜੁ ਜੋਗੁ ਜਿਨਿ ਮਾਣਿਓ॥ (ਪੰਨਾ 1395)
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਪਮਾ ਵਿਚ ਗਾਏ ਇਨ੍ਹਾਂ ਸਵੱਈਆਂ ਵਿਚ ਉਹ ਗੁਰੂ ਜੀ ਨੂੰ ਹਰੀ ਦਾ ਰੂਪ ਜਾਣ ਕੇ ਸਿਫ਼ਤ ਕਰਦੇ ਹਨ:
ਇਕ ਮਨਿ ਪੁਰਖੁ ਨਿਰੰਜਨੁ ਧਿਆਵਉ॥
ਗੁਰ ਪ੍ਰਸਾਦਿ ਹਰਿ ਗੁਣ ਸਦ ਗਾਵਉ॥
ਗੁਨ ਗਾਵਤ ਮਨਿ ਹੋਇ ਬਿਗਾਸਾ॥
ਸਤਿਗੁਰ ਪੂਰਿ ਜਨਹ ਕੀ ਆਸਾ॥ (ਪੰਨਾ 1396)
ਉਪਰੋਕਤ ਸਵੱਈਏ ਸ੍ਰੀ ਗੁਰੂ ਰਾਮਦਾਸ ਜੀ ਦੀ ਮਹਿਮਾ ਦੇ ਹਨ, ਪਰੰਤੂ ਇਨ੍ਹਾਂ ਰਾਹੀਂ ਈਸ਼ਵਰ-ਪ੍ਰਾਪਤੀ ਮਾਰਗ ਵੀ ਦਰਸਾਇਆ ਗਿਆ ਹੈ।
ਭੱਟ ਭਿਖਾ ਜੀ: ਭੱਟ ਭਿਖਾ ਜੀ ਸ੍ਰੀ ਗੁਰੂ ਅਮਰਦਾਸ ਜੀ ਦੇ ਵੇਲੇ ਤੋਂ ਗੁਰੂ ਜੀ ਦੇ ਸ਼ਰਧਾਲੂ ਸਨ। ਰਈਆ ਭੱਟ ਜੀ ਦੇ ਖਾਨਦਾਨ ਵਿੱਚੋਂ ਸਭ ਤੋਂ ਵਡੇਰੇ ਸਨ ਜੋ ਗੁਰੂ-ਘਰ ਦੇ ਅਨਿੰਨ ਸੇਵਕ ਹੋਣ ਦੇ ਨਾਲ-ਨਾਲ ਕਵੀ ਵੀ ਸਨ ਅਤੇ ਜਿਨ੍ਹਾਂ ਦੇ ਦੋ ਸਵੱਈਏ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ। ਭੱਟ ਭਿਖਾ ਜੀ ਦੇ ਦੋਨੋਂ ਸਵੱਈਏ ਸ੍ਰੀ ਗੁਰੂ ਅਮਰਦਾਸ ਜੀ ਦੀ ਪ੍ਰਸੰਸਾ ਵਿਚ ਹਨ, ਜਿਨ੍ਹਾਂ ਵਿਚ ਗੁਰੂ ਗਿਆਨ ਧਿਆਨ ਰਾਹੀਂ ਪ੍ਰਭੂ-ਪ੍ਰਾਪਤੀ ਦੀ ਚਰਚਾ ਵੀ ਹੈ:
ਗੁਰੁ ਗਿਆਨੁ ਅਰੁ ਧਿਆਨੁ ਤਤ ਸਿਉ ਤਤੁ ਮਿਲਾਵੈ॥
ਸਚਿ ਸਚੁ ਜਾਣੀਐ ਇਕ ਚਿਤਹਿ ਲਿਵ ਲਾਵੈ॥
ਕਾਮ ਕ੍ਰੋਧ ਵਸਿ ਕਰੈ ਪਵਣੁ ਉਡੰਤ ਨ ਧਾਵੈ॥
ਨਿਰੰਕਾਰ ਕੈ ਵਸੈ ਦੇਸਿ ਹੁਕਮੁ ਬੁਝਿ ਬੀਚਾਰੁ ਪਾਵੈ॥ (ਪੰਨਾ 1395)
ਭੱਟ ਟੱਲ ਜੀ: ਭੱਟ ਟੱਲ ਜੀ, ਭੱਟ ਭਿਖਾ ਜੀ ਦੇ ਭਾਈ ਭੱਟ ਸੇਖਾ ਜੀ ਦੇ ਪੁੱਤਰ ਸਨ। ਜਿਨ੍ਹਾਂ ਨੂੰ ਗੁਰੂ-ਘਰ ਦੀ ਚੇਟਕ ਭਾਈ ਭਿਖਾ ਜੀ ਰਾਹੀਂ ਹੀ ਲੱਗੀ। ਭੱਟ ਟੱਲ ਜੀ ਦਾ ਇਹ ਸਵੱਈਆਂ ਬੜਾ ਪ੍ਰਸਿੱਧ ਹੈ:
ਸੁ ਕਹੁ ਟਲ ਗੁਰੁ ਸੇਵੀਐ ਅਹਿਨਿਸਿ ਸਹਜਿ ਸੁਭਾਇ॥
ਦਰਸਨਿ ਪਰਸਿਐ ਗੁਰੂ ਕੈ ਜਨਮ ਮਰਣ ਦੁਖੁ ਜਾਇ॥ (ਪੰਨਾ 1392)
ਸੇਵਾ ਤੇ ਸਹਜ ਤਪ ਦੀ ਵਿਆਖਿਆ ਭੱਟ ਟੱਲ ਜੀ ਨੇ ਬੜੀ ਬਾਰੀਕੀ ਨਾਲ ਕੀਤੀ ਹੈ:
ਭੱਟ ਜਾਲਪ ਜੀ: ਭੱਟ ਜਾਲਪ ਜੀ ਭੱਟ ਭਿਖਾ ਜੀ ਦੇ ਪੁੱਤਰ ਸਨ ਜੋ ਆਪਣੇ ਵੱਡੇ ਭਰਾ ਭੱਟ ਕੱਲ੍ਹ ਜੀ ਨਾਲ ਹੀ ਗੁਰੂ-ਘਰ ਦੀ ਸੇਵਾ ਵਿਚ ਮਗਨ ਹੋ ਗਏ ਸਨ। ਭੱਟ ਜਾਲਪ ਜੀ ਦੇ ਸਵੱਈਏ ਸ੍ਰੀ ਗੁਰੂ ਅਮਰਦਾਸ ਜੀ ਦੀ ਉਸਤਤਿ ਵਿਚ ਹਨ। ਇਨ੍ਹਾਂ ਦੀ ਬਾਣੀ ਦੀ ਸ਼ਬਦਾਵਲੀ ਥੋੜ੍ਹੀ ਕਠਿਨ ਹੈ:
ਸੁਖ ਲਹਹਿ ਤਿ ਨਰ ਸੰਸਾਰ ਮਹਿ ਅਭੈ ਪਟੁ ਰਿਪ ਮਧਿ ਤਿਹ॥
ਸਕਯਥ ਤਿ ਨਰ ਜਾਲਪੁ ਭਣੈ ਗੁਰ ਅਮਰਦਾਸੁ ਸੁਪ੍ਰਸੰਨੁ ਜਿਹ॥
ਰੁਕਮਾਂਗਦ ਕਰਤੂਤਿ ਰਾਮੁ ਜੰਪਹੁ ਨਿਤ ਭਾਈ॥
ਅੰਮਰੀਕਿ ਪ੍ਰਹਲਾਦਿ ਸਰਣਿ ਗੋਬਿੰਦ ਗਤਿ ਪਾਈ॥
ਤੈ ਲੋਭੁ ਕ੍ਰੋਧੁ ਤ੍ਰਿਸਨਾ ਤਜੀ ਸੁ ਮਤਿ ਜਲ੍ਹ ਜਾਣੀ ਜੁਗਤਿ॥
ਗੁਰੁ ਅਮਰਦਾਸੁ ਨਿਜ ਭਗਤੁ ਹੈ ਦੇਖਿ ਦਰਸੁ ਪਾਵਉ ਮੁਕਤਿ॥ (ਪੰਨਾ 1394)
ਭੱਟ ਕੀਰਤਿ ਜੀ : ਭੱਟ ਕੀਰਤਿ ਜੀ, ਭੱਟ ਭਿਖਾ ਜੀ ਦੇ ਸਪੁੱਤਰ ਸਨ। ਇਨ੍ਹਾਂ ਦੇ 8 ਛੰਦ; 4 ਸ੍ਰੀ ਗੁਰੂ ਅਮਰਦਾਸ ਜੀ ਦੀ ਉਸਤਤਿ ਵਿਚ ਤੇ 4 ਸ੍ਰੀ ਗੁਰੂ ਰਾਮਦਾਸ ਜੀ ਦੀ ਉਸਤਤਿ ਵਿਚ ਹਨ। ਉਨ੍ਹਾਂ ਅਨੁਸਾਰ ਸ੍ਰੀ ਗੁਰੂ ਅਮਰਦਾਸ ਜੀ ਦੀ ਜੋਤ ਪਰਮਜੋਤਿ ਦਾ ਰੂਪ ਹੈ ਜਿਨ੍ਹਾਂ ਨੇ ਸ਼ਬਦ ਦੀਪਕ ਰਾਹੀਂ ਜੀਵਨ ਨੂੰ ਨੂਰੋ-ਨੂਰ ਕਰ ਦਿੱਤਾ ਹੈ ਤੇ ਇਹ ਦਰਿਆ ਮਨ ਨੂੰ ਨਿਰਮਲ ਤੇ ਸੀਤਲ ਕਰਦਾ ਹੈ। ਆਪ ਸ੍ਰੀ ਗੁਰੂ ਅਮਰਦਾਸ ਜੀ ਦੇ ਵਿਅਕਤਿੱਤਵ ਦੀ ਉਪਮਾ ਕਰਦਿਆਂ ਕਹਿੰਦੇ ਹਨ ਕਿ ਇਹ ਗੁਰੂ ਜੋਤਿ ਦਾ ਚੰਦਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਸੁਗੰਧ ਵੰਡਦਾ ਆਇਆ ਹੈ। ਅਸੀਂ ਇਸ ਮਾਰਗ ਦੀ ਸੋਝੀ ਗੁਰੂ-ਸੰਗਤ ਤੋਂ ਪ੍ਰਾਪਤ ਕੀਤੀ ਹੈ ਅਤੇ ਸਾਡਾ ਨਿਸ਼ਚਾ ਹੈ ਕਿ ਇਸ ਨਾਲ ਮੌਤ ਦਾ ਭੈ ਨਸ਼ਟ ਹੋ ਜਾਵੇਗਾ। ਸਾਰੇ ਸਵੱਈਆਂ ਵਿਚ ਗੁਰੂ ਰਾਹੀਂ ਸ਼ਬਦ, ਗਿਆਨ, ਧਿਆਨ, ਸੰਤੁਸ਼ਟੀ, ਸੇਵਾ, ਸਾਧਨਾ ਤੇ ਈਸ਼ਵਰ-ਪ੍ਰਾਪਤੀ ਨੂੰ ਹੀ ਮੁੱਖ ਰੱਖਿਆ ਗਿਆ ਹੈ:
ਜਿਨਿ ਸਬਦੁ ਕਮਾਇ ਪਰਮ ਪਦੁ ਪਾਇਓ ਸੇਵਾ ਕਰਤ ਨ ਛੋਡਿਓ ਪਾਸੁ॥
ਤਾ ਤੇ ਗਉਹਰੁ ਗ੍ਹਾਨ ਪ੍ਰਗਟੁ ਉਜੀਆਰਉ ਦੁਖ ਦਰਿਦ੍ਰ ਅੰਧ੍ਹਾਰ ਕੋ ਨਾਸੁ॥
ਕਵਿ ਕੀਰਤ ਜੋ ਸੰਤ ਚਰਨ ਮੁੜਿ ਲਾਗਹਿ ਤਿਨ੍ ਕਾਮ ਕ੍ਰੋਧ ਜਮ ਕੋ ਨਹੀ ਤ੍ਰਾਸੁ॥
ਜਿਵ ਅੰਗਦੁ ਅੰਗਿ ਸੰਗਿ ਨਾਨਕ ਗੁਰ ਤਿਵ ਗੁਰ ਅਮਰਦਾਸ ਕੈ ਗੁਰੁ ਰਾਮਦਾਸੁ॥ (ਪੰਨਾ 1405)
ਭੱਟ ਕੀਰਤਿ ਜੀ 17 ਵੈਸਾਖ 1691 ਨੂੰ ਫੌਜਦਾਰ ਮੁਖਲਸ ਖਾਂ ਦੀ ਫੌਜ ਵਿਰੁੱਧ ਛੇਵੇਂ ਗੁਰੂ ਜੀ ਦੇ ਸਿੱਖਾਂ ਬੱਲੂ ਆਦਿ ਸਮੇਤ ਲੜ ਕੇ ਗੁਰੂ ਕੇ ਚੱਕ ਸ਼ਹੀਦ ਹੋਏ।
ਭੱਟ ਸਲ ਜੀ: ਭੱਟ ਸਲ ਜੀ ਭੱਟ ਭਿਖਾ ਜੀ ਦੇ ਭਰਾ ਭੱਟ ਸੇਖਾ ਜੀ ਦੇ ਸਪੁੱਤਰ ਸਨ। ਇਨ੍ਹਾਂ ਨੇ ਇਕ ਸਵੱਈਆਂ ਸ੍ਰੀ ਗੁਰੂ ਅਮਰਦਾਸ ਜੀ ਸਬੰਧੀ ਤੇ ਦੋ ਸਵੱਈਏ ਸ੍ਰੀ ਗੁਰੂ ਰਾਮਦਾਸ ਜੀ ਸਬੰਧੀ ਰਚੇ ਹਨ। ਉਹ ਲਿਖਦੇ ਹਨ ਕਿ ਤੀਜੇ ਗੁਰੂ ਸਾਹਿਬ ਦੀ ਬੀਰ ਸ਼ਖ਼ਸੀਅਤ ਸ਼ਬਦ ਦੇ ਹਥਿਆਰ ਨਾਲ ਬਦੀ ਦੇ ਦਲ ਨੂੰ ਤਹਿਸ-ਨਹਿਸ ਕਰ ਦੇਣ ਵਾਲੀ ਹੈ। ਚੌਥੇ ਗੁਰੂ ਸਾਹਿਬ ਸਬੰਧੀ ਭੱਟ ਸਲ ਜੀ ਕਹਿੰਦੇ ਹਨ ਕਿ ਆਪ ਨੇ ਬੁਰਾਈਆਂ ਨੂੰ ਪਛਾੜ ਕੇ ਰਾਜ ਯੋਗ ਦਾ ਤਾਜ ਸਿਰ ’ਤੇ ਸਜਾਇਆ ਹੋਇਆ ਹੈ ਅਤੇ ਇਹ ਪਰਮ ਜੋਤਿ ਆਦਿ ਜੁਗਾਦਿ ਤੋਂ ਪੂਜਾ ਦਾ ਕੇਂਦਰ ਬਣਦੀ ਆ ਰਹੀ ਹੈ:
ਸਿਰਿ ਆਤਪਤੁ ਸਚੌ ਤਖਤੁ ਜੋਗ ਭੋਗ ਸੰਜੁਤੁ ਬਲਿ॥
ਗੁਰ ਰਾਮਦਾਸ ਸਚੁ ਸਲ੍ਹ ਭਣਿ ਤੂ ਅਟਲੁ ਰਾਜਿ ਅਭਗੁ ਦਲਿ॥ (ਪੰਨਾ 1406)
ਭੱਟ ਭਲ ਜੀ: ਭੱਟ ਭਲ ਜੀ ਭੱਟ ਸਲ ਜੀ ਦੇ ਭਾਈ ਤੇ ਭੱਟ ਭਿਖਾ ਜੀ ਦੇ ਭਾਈ ਭੱਟ ਸੇਖੇ ਜੀ ਦੇ ਸਪੁੱਤਰ ਸਨ। ਉਨ੍ਹਾਂ ਦਾ ਸ੍ਰੀ ਗੁਰੂ ਅਮਰਦਾਸ ਜੀ ਦੀ ਉਸਤਤਿ ਵਿਚ ਇੱਕੋ ਇੱਕ ਸਵੱਈਆ ਹੈ, ਜਿਸ ਵਿਚ ਆਖਿਆ ਗਿਆ ਹੈ ਕਿ ਜਿਵੇਂ ਮੇਘ ਦੀਆਂ ਬੂੰਦਾਂ ਬਨਸਪਤੀ ਦੇ ਪੱਤੇ, ਬਸੰਤ ਦੇ ਫੁੱਲ, ਸੂਰਜ ਚੰਦ ਦੀਆਂ ਕਿਰਨਾਂ, ਸਮੁੰਦਰ ਦੀ ਡੂੰਘਾਣ ਤੇ ਗੰਗਾ ਦੀਆਂ ਤਰੰਗਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਉਸੇ ਤਰ੍ਹਾਂ ਸ੍ਰੀ ਗੁਰੂ ਅਮਰਦਾਸ ਜੀ ਦੀ ਵਡਿਆਈ ਅਕਥਨੀਯ ਹੈ। ਕੁਦਰਤ ਚਿਤਰਨ ਨਾਲ ਮਹਿਮਾ ਵਰਣਨ ਦਾ ਇਹ ਅਨੂਠਾ ਤਰੀਕਾ ਹੈ:
ਘਨਹਰ ਬੂੰਦ ਬਸੁਅ ਰੋਮਾਵਲਿ ਕੁਸਮ ਬਸੰਤ ਗਨੰਤ ਨ ਆਵੈ॥
ਰਵਿ ਸਸਿ ਕਿਰਣਿ ਉਦਰੁ ਸਾਗਰ ਕੋ ਗੰਗ ਤਰੰਗ ਅੰਤੁ ਕੋ ਪਾਵੈ॥
ਰੁਦ੍ਰ ਧਿਆਨ ਗਿਆਨ ਸਤਿਗੁਰ ਕੇ ਕਬਿ ਜਨ ਭਲ੍ਹ ਉਨਹ ਜੁੋ ਗਾਵੈ॥
ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਨਿ ਆਵੈ॥ (ਪੰਨਾ 1396)
ਭੱਟ ਨਲ ਜੀ : ਭੱਟ ਨਲ ਜੀ ਭੱਟ ਭਿਖਾ ਜੀ ਦੇ ਭਰਾ ਭੱਟ ਤੋਖਾ ਜੀ ਦੇ ਸਪੁੱਤਰ ਸਨ। ਉਨ੍ਹਾਂ ਦੇ 16 ਛੰਦ ਸ੍ਰੀ ਗੁਰੂ ਰਾਮਦਾਸ ਜੀ ਦੇ ਬਾਰੇ ਹਨ। ਇਹ ਵੀ ਭਲ੍ਹ ਕਵੀ ਵਾਂਗ ‘ਨਲ ਕਵਿ ਪਾਰਸ ਪਰਸ ਕਰ ਕੰਚਨਾ ਹੁਇ’ ਕਹਿ ਕੇ ਆਪਣੇ ਆਪ ਨਾਲ ਕਵੀ ਪਦ ਜੋੜਦੇ ਹਨ। ਇਨ੍ਹਾਂ ਨੇ ਦਾਸ ਪਦ ਵੀ ਵਰਤਿਆ ਹੈ, ਜਿਸ ਕਰਕੇ ਕਈ ਭੱਟ ਇਨ੍ਹਾਂ ਦੇ ਸਵੱਈਆਂ ਵਿਚਲੇ ਕਈ ਛੰਦ ਦਾਸ ਭੱਟ ਨਾਲ ਸੰਬੰਧਿਤ ਦੱਸਦੇ ਹਨ ਪਰ ਜੇ ਸਬਦਾਂ ਦੇ ਅਰਥਾਂ ਦੀ ਲੜੀ ਨੂੰ ਸਮਝਿਆ ਜਾਵੇ ਤਾਂ ਇਹ ਵੱਖ ਪ੍ਰਤੀਤ ਨਹੀਂ ਹੁੰਦੇ। ਸ਼ਾਇਦ ‘ਦਾਸ’ ਸ਼ਬਦ ਭੱਟ ਨਲ ਜੀ ਨੇ ਆਪਣੀ ਨਿਰਮਾਣਤਾ ਦੇ ਸੂਚਕ ਵਜੋਂ ਵਰਤਿਆ ਹੋਵੇ। ਗੁਰੂ-ਭਗਤੀ ਤੇ ਗੁਰੂ-ਪ੍ਰਾਪਤੀ ਇਨ੍ਹਾਂ ਦੀ ਬਾਣੀ ਦਾ ਮੁੱਖ ਵਿਸ਼ਾ ਹੈ। ਇਨ੍ਹਾਂ ਅਨੁਸਾਰ ਜਿਨ੍ਹਾਂ ਨੇ ਗੁਰੂ ਵੇਖਿਆ ਜਾਂ ਕੀਤਾ ਨਹੀਂ ਉਨ੍ਹਾਂ ਦਾ ਸੰਸਾਰ ਵਿਚ ਆਉਣਾ ਨਿਸਫਲ ਹੈ। ਗੁਰੂ ਜੀ ਨੂੰ ਪਾਵੋ ਤੇ ਧਿਆਵੋ ਤਾਂ ਕਿ ਉਹ ਭਵਜਲ ਪਾਰ ਕਰਨ ਵਿਚ ਸਾਡੇ ਸਹਾਈ ਹੋਣ।
ਗੁਰ ਬਿਨੁ ਘੋਰੁ ਅੰਧਾਰੁ ਗੁਰੂ ਬਿਨੁ ਸਮਝ ਨ ਆਵੈ॥
ਗੁਰ ਬਿਨੁ ਸੁਰਤਿ ਨ ਸਿਧਿ ਗੁਰੂ ਬਿਨੁ ਮੁਕਤਿ ਨ ਪਾਵੈ॥
ਗੁਰੁ ਕਰੁ ਸਚੁ ਬੀਚਾਰੁ ਗੁਰੂ ਕਰੁ ਰੇ ਮਨ ਮੇਰੇ॥
ਗੁਰੁ ਕਰੁ ਸਬਦ ਸਪੁੰਨ ਅਘਨ ਕਟਹਿ ਸਭ ਤੇਰੇ॥
ਗੁਰੁ ਨਯਣਿ ਬਯਣਿ ਗੁਰੁ ਗੁਰੁ ਕਰਹੁ ਗੁਰੂ ਸਤਿ ਕਵਿ ਨਲ੍ਹ ਕਹਿ॥
ਜਿਨਿ ਗੁਰੂ ਨ ਦੇਖਿਅਉ ਨਹੁ ਕੀਅਉ ਤੇ ਅਕਯਥ ਸੰਸਾਰ ਮਹਿ॥ (ਪੰਨਾ 1399)
ਭੱਟ ਗਯੰਦ ਜੀ: ਭੱਟ ਗਯੰਦ ਜੀ ਭੱਟ ਭਿਖਾ ਜੀ ਦੇ ਭਾਈ ਭੱਟ ਚੋਖਾ ਜੀ ਦੇ ਸਪੁੱਤਰ ਸਨ। ਇਨ੍ਹਾਂ ਦੇ 18 ਛੰਦ ਸ੍ਰੀ ਗੁਰੂ ਰਾਮਦਾਸ ਜੀ ਸਬੰਧੀ ਹੀ ਹਨ। ਉਦਾਹਰਣ :
ਕੁੰਡਲਨੀ ਸੁਰਝੀ ਸਤਸੰਗਤਿ ਪਰਮਾਨੰਦ ਗੁਰੂ ਮੁਖਿ ਮਚਾ॥
ਸਿਰੀ ਗੁਰੂ ਸਾਹਿਬੁ ਸਭ ਊਪਰਿ ਮਨ ਬਚ ਕ੍ਰੰਮ ਸੇਵੀਐ ਸਚਾ॥ (ਪੰਨਾ 1402)
ਜਰਮ ਕਰਮ ਮਛ ਕਛ ਹੁਅ ਬਰਾਹ ਜਮੁਨਾ ਕੈ ਕੂਲਿ ਖੇਲੁ ਖੇਲਿਓ ਜਿਨਿ ਗਿੰਦ ਜੀਉ॥
ਨਾਮੁ ਸਾਰੁ ਹੀਏ ਧਾਰੁ ਤਜੁ ਬਿਕਾਰੁ ਮਨ ਗਯੰਦ ਸਤਿਗੁਰੂ ਸਤਿਗੁਰੂ ਸਤਿਗੁਰ ਗੁਬਿੰਦ ਜੀਉ॥ (ਪੰਨਾ 1403)
ਭੱਟ ਬਲ ਜੀ: ਭੱਟ ਬਲ ਜੀ ਭੱਟ ਭਿਖਾ ਜੀ ਦੇ ਭਾਈ ਅਤੇ ਭੱਟ ਤੋਖਾ ਜੀ ਦੇ ਸਪੁੱਤਰ ਸਨ। ਇਨ੍ਹਾਂ ਦੇ 5 ਛੰਦ ਸ੍ਰੀ ਗੁਰੂ ਰਾਮਦਾਸ ਜੀ ਦੀ ਮਹਿਮਾ ਵਿਚ ਰਚੇ ਹੋਏ ਹਨ ਜਿਨ੍ਹਾਂ ਵਿਚ ਆਪ ਸਤਿਗੁਰੂ ਦਾ ਗੌਰਵ ਦੱਸਦਿਆਂ ਕਹਿੰਦੇ ਹਨ ਕਿ ਆਪ ਪਰਮਪਦ ਪ੍ਰਾਪਤ ਪੁਰਸ਼ ਹਨ ਤੇ ਆਪ ਦੇ ਦਰਸ਼ਨ ਨਾਲ ਅਗਿਆਨ ਤੇ ਮਨ ਦੀ ਤਪਸ਼ ਮਿਟਦੀ ਅਤੇ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ।
ਸੋਈ ਰਾਮਦਾਸੁ ਗੁਰੁ ਬਲ੍ਹ ਭਣਿ ਮਿਲਿ ਸੰਗਤਿ ਧੰਨਿ ਧੰਨਿ ਕਰਹੁ॥
ਜਿਹ ਸਤਿਗੁਰ ਲਗਿ ਪ੍ਰਭੁ ਪਾਈਐ ਸੋ ਸਤਿਗੁਰੁ ਸਿਮਰਹੁ ਨਰਹੁ॥ (ਪੰਨਾ 1405)
ਭੱਟ ਮਥਰਾ ਜੀ: ਭੱਟ ਮਥਰਾ ਜੀ ਭੱਟ ਭਿਖਾ ਜੀ ਦੇ ਪੁੱਤਰ ਸਨ। ਇਨ੍ਹਾਂ ਦੇ 7 ਸਵੱਈਏ ਸ੍ਰੀ ਗੁਰੂ ਰਾਮਦਾਸ ਜੀ ਦੀ ਉਸਤਤਿ ਵਿਚ ਹਨ ਤੇ 7 ਸ੍ਰੀ ਗੁਰੂ ਅਰਜਨ ਦੇਵ ਜੀ ਦੀ ਮਹਿਮਾ ਵਿਚ। ਸ੍ਰੀ ਗੁਰੂ ਰਾਮਦਾਸ ਜੀ ਬਾਰੇ ਲਿਖਦਿਆਂ ਉਹ ਕਹਿੰਦੇ ਹਨ ‘ਗੁਰੂ ਰਾਮਦਾਸ ਧਰਮ ਧੁਜਾ ਹੈ, ਮਾਨ ਸਰੋਵਰ ਹੈ, ਜਿਸ ਦੇ ਕੰਢੇ ਗੁਰਮੁਖ ਹੰਸ ਕਲੋਲਾਂ ਕਰਦੇ ਹਨ। ਇਸੇ ਤਰ੍ਹਾਂ ਗੁਰੂ ਅਰਜਨ ਦੇਵ ਜੀ ਜਹਾਜ਼ ਹਨ, ਇਸ ਜਹਾਜ਼ ਵਿਚ ਬੈਠ ਕੇ ਜਗਿਆਸੂ ਦਾ ਪਾਰ ਉਤਾਰਾ ਹੋ ਜਾਂਦਾ ਹੈ।’
‘ਪ੍ਰਗਟਿ ਜੋਤਿ ਜਗਮਰੀ ਤੈਸੁ ਭੂਅ ਮੰਡਲਿ ਛਾਣਉ’ ਤੋਂ ਆਪ ਦੇ ਵਿਆਪਕ ਪ੍ਰਭਾਵ ਦਾ ਵੀ ਪਤਾ ਲੱਗਦਾ ਹੈ, ਜਿਸ ਦੀ ਪੁਸ਼ਟੀ ‘ਦਬਿਸਤਾਨ ਮਜ਼ਾਹਬ’ ਤੋਂ ਵੀ ਹੋ ਜਾਂਦੀ ਹੈ ਕਿ ਪੰਚਮ ਗੁਰੂ ਜੀ ਦੇ ਸਮੇਂ ਹਿੰਦ ਦੇ ਹਰ ਮੁੱਖ ਸ਼ਹਿਰ ਵਿਚ ਸਿੱਖ ਮੌਜੂਦ ਸਨ। ਭੱਟ ਮਥਰਾ ਜੀ ਦੀ ਰਚਨਾ ਦਾ ਨਮੂਨਾ ਹੇਠ ਹੈ:
ਅਗਮੁ ਅਨੰਤੁ ਅਨਾਦਿ ਆਦਿ ਜਿਸੁ ਕੋਇ ਨ ਜਾਣੈ॥
ਸਿਵ ਬਿਰੰਚਿ ਧਰਿ ਧ੍ਹਾਨੁ ਨਿਤਹਿ ਜਿਸੁ ਬੇਦੁ ਬਖਾਣੈ॥
ਨਿਰੰਕਾਰੁ ਨਿਰਵੈਰੁ ਅਵਰੁ ਨਹੀ ਦੂਸਰ ਕੋਈ॥
ਭੰਜਨ ਗੜ੍ਹਣ ਸਮਥੁ ਤਰਣ ਤਾਰਣ ਪ੍ਰਭੁ ਸੋਈ॥
ਨਾਨਾ ਪ੍ਰਕਾਰ ਜਿਨਿ ਜਗੁ ਕੀਓ ਜਨੁ ਮਥੁਰਾ ਰਸਨਾ ਰਸੈ॥
ਸ੍ਰੀ ਸਤਿ ਨਾਮੁ ਕਰਤਾ ਪੁਰਖੁ ਗੁਰ ਰਾਮਦਾਸ ਚਿਤਹ ਬਸੈ॥ (ਪੰਨਾ 1404)
ਭੱਟ ਹਰਿਬੰਸ ਜੀ: ਭੱਟ ਹਰਿਬੰਸ ਜੀ ਭੱਟ ਭਿਖਾ ਜੀ ਦੇ ਭਰਾ ਭੱਟ ਗੋਖਾ ਜੀ ਦੇ ਪੁੱਤਰ ਸਨ। ਇਨ੍ਹਾਂ ਦੇ ਦੋ ਸਵੱਈਏ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਵਡਿਆਈ ਵਿਚ ਮਿਲਦੇ ਹਨ ਜਿਨ੍ਹਾਂ ਵਿਚ ਭੱਟ ਹਰਿਬੰਸ ਜੀ ਦੱਸਦੇ ਹਨ ਕਿ ਗੁਰੂ-ਜੋਤਿ ਕਦੇ ਵੀ ਖ਼ਤਮ ਹੋਣ ਵਾਲੀ ਨਹੀਂ ਸਗੋਂ ਗੰਗਾ-ਪ੍ਰਵਾਹ ਵਾਂਗ ਸਦਾ ਅਮਰ ਰਹਿਣ ਵਾਲੀ ਹੈ ਤੇ ਇਸ ਦਾ ਇਸ਼ਨਾਨ ਮਨ ਦੀ ਮੈਲ ਦੂਰ ਕਰਦਾ ਹੈ:
ਮਿਲਿ ਨਾਨਕ ਅੰਗਦ ਅਮਰ ਗੁਰ ਗੁਰੁ ਰਾਮਦਾਸੁ ਹਰਿ ਪਹਿ ਗਯਉ॥
ਹਰਿਬੰਸ ਜਗਤਿ ਜਸੁ ਸੰਚਰ੍ਹਉ ਸੁ ਕਵਣੁ ਕਹੈ ਸ੍ਰੀ ਗੁਰੁ ਮੁਯਉ॥ (ਪੰਨਾ 1409)
ਭੱਟ ਕਲਸਹਾਰ ਜੀ: ਭੱਟ ਕਲਸਹਾਰ ਜੀ ਭੱਟ ਭਿਖਾ ਜੀ ਦੇ ਭਾਈ ਭੱਟ ਚੋਖਾ ਜੀ ਦੇ ਸਪੁੱਤਰ ਸਨ। ਇਨ੍ਹਾਂ ਦੇ ਲਿਖੇ 12 ਸਵੱਈਏ ਮਿਲਦੇ ਹਨ ਜੋ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਪ੍ਰਸ਼ੰਸਾ ਵਿਚ ਹਨ। ਗੁਰੂ ਜੀ ਦੀ ਪ੍ਰਸ਼ੰਸਾ ਕਰਦਿਆਂ ਭੱਟ ਕਲਸਹਾਰ ਜੀ ਲਿਖਦੇ ਹਨ: ਗੁਰੂ ਅਰਜਨ ਦੇਵ ਪ੍ਰਮਾਣਿਕ ਪੁਰਖ ਹਨ, ਕੁੰਤੀ ਦੇ ਪੁੱਤਰ (ਅਰਜਨ) ਵਾਂਗ ਜੰਗ ਤੋਂ ਚਲੇ ਜਾਣ ਵਾਲੇ ਨਹੀਂ। ਨੇਜਾ ਉਨ੍ਹਾਂ ਹੱਥ ਕਿਹੜਾ ਹੈ? ਨਾਮ ਦਾ ਪ੍ਰਕਾਸ਼ ਜਿਸ ਨੇਜ਼ੇ ਨੂੰ ਗੁਰੂ ਦੇ ਸ਼ਬਦ ਨਾਲ ਸਜਾਇਆ ਹੈ, ਬਣਾਇਆ ਹੈ। ਸੰਸਾਰ ਸਮੁੰਦਰ ਹੈ, ਨਾਮ ਉਸ ਉੱਤੇ ਪੁਲ ਹੈ ਜਾਂ ਇਉਂ ਕਹੋ ਕਿ ਹਰੀ ਜਹਾਜ਼ ਹੈ। ਗੁਰੂ ਪਿਆਰ ਵਿਚ ਲੱਗ ਕੇ ਨਾਮ ਮਿਲਦਾ ਹੈ ਤੇ ਸੰਸਾਰ ਤੁਰਦਾ ਹੈ:
ਹਰਿ ਨਾਮਿ ਲਾਗਿ ਜਗ ਉਧਰ੍ਹਉ ਸਤਿਗੁਰੁ ਰਿਦੈ ਬਸਾਇਅਉ॥
ਗੁਰ ਅਰਜੁਨ ਕਲ੍ਹੁਚਰੈ ਤੈ ਜਨਕਹ ਕਲਸੁ ਦੀਪਾਇਅਉ॥ (ਪੰਨਾ 1408)
ਭੱਟ ਸਾਹਿਬਾਨ ਦਾ ਗੁਰੂ-ਘਰ ਨਾਲ ਸੰਬੰਧ ਸ੍ਰੀ ਗੁਰੂ ਅਮਰਦਾਸ ਜੀ ਤੋਂ ਸ਼ੁਰੂ ਹੋਇਆ। ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸਵੱਈਏ ਇਨ੍ਹਾਂ ਭੱਟਾਂ ਨੇ ਆਪ ਹੀ ਲਿਆ ਕੇ ਦਿੱਤੇ ਲੱਗਦੇ ਹਨ, ਜੋ ਉਨ੍ਹਾਂ ਨੇ ਗੁਰੂ-ਘਰ ਦੀ ਮਹਿਮਾ ਵਿਚ ਗੁਰੂ-ਦਰਬਾਰ ਵਿਚ ਗਾਏ ਹੋਣਗੇ। ਉਨ੍ਹਾਂ ਦੀ ਵਡਿਆਈ ਪਰਮ ਗੁਰੂ ਜੋਤਿ ਦੀ ਹੈ ਜੋ ਜੁਗਾਂ-ਜੁਗਾਂ ਤੋਂ ਵਰਤਦੀ ਆਈ ਹੈ।
ਭੱਟ ਸਾਹਿਬਾਨ ਦੀ ਬਾਣੀ ਜਿੱਥੇ ਗੁਰੂ-ਸਿਧਾਂਤ ਦੀ ਨਿੱਜੀ ਅਨੁਭਵ ਦੇ ਆਧਾਰ ’ਤੇ ਵਿਆਖਿਆ ਕਰਦੀ ਹੈ, ਇਕ ਨਵਾਂ ਰੱੰਗ ਪੇਸ਼ ਕਰਦੀ ਹੈ, ਉਥੇ ਸਿੱਖ- ਲਹਿਰ ਦੇ ਕਈ ਜ਼ਰੂਰੀ ਪਹਿਲੂਆਂ ਨੂੰ ਰੌਸ਼ਨ ਕਰਦੀ ਸਮਕਾਲੀ ਇਤਿਹਾਸਕ ਉਗਾਹੀ ਭੀ ਕਰਦੀ ਹੈ। ਗੁਰਬਾਣੀ ਤੋਂ ਇਲਾਵਾ ਭੱਟ ਮਥੁਰਾ ਜੀ ਤੇ ਭੱਟ ਕੀਰਤ ਜੀ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਜ਼ਾਲਮਾਂ ਵਿਰੁੱਧ ਲੜੇ ਯੁੱਧਾਂ ਵਿਚ ਸ਼ਹੀਦੀਆਂ ਪਾਈਆਂ। ਭੱਟ ਮਥਰਾ ਜੀ ਨੇ ਜਿਸ ਤਰ੍ਹਾਂ ਬੈਰਮ ਖਾਂ ਪਠਾਨ ਨੂੰ ਮਾਰਿਆ, ਉਸ ਦਾ ਵੇਰਵਾ ਪ੍ਰਿੰ. ਸਤਿਬੀਰ ਸਿੰਘ ਹੋਰਾਂ ਦੀ ਪੁਸਤਕ ਗੁਰਭਾਰੀ ਦੇ ਪੰਨਾ 94 ’ਤੇ ਮਿਲਦਾ ਹੈ।
ਲੇਖਕ ਬਾਰੇ
Education Administrator, Buisness Executive & Writer
Ex. Colonel Indian Armed Forces
Ex. Dean and Director Desh Bhagat University Panjab
1925, ਬਸੰਤ ਐਵਿਨਿਊ, ਲੁਧਿਆਣਾ। ਮੋ: 98153-66726
- ਡਾ. ਦਲਵਿੰਦਰ ਸਿੰਘ ਗਰੇਵਾਲhttps://sikharchives.org/kosh/author/%e0%a8%a1%e0%a8%be-%e0%a8%a6%e0%a8%b2%e0%a8%b5%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%97%e0%a8%b0%e0%a9%87%e0%a8%b5%e0%a8%be%e0%a8%b2/July 1, 2008
- ਡਾ. ਦਲਵਿੰਦਰ ਸਿੰਘ ਗਰੇਵਾਲhttps://sikharchives.org/kosh/author/%e0%a8%a1%e0%a8%be-%e0%a8%a6%e0%a8%b2%e0%a8%b5%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%97%e0%a8%b0%e0%a9%87%e0%a8%b5%e0%a8%be%e0%a8%b2/October 1, 2008
- ਡਾ. ਦਲਵਿੰਦਰ ਸਿੰਘ ਗਰੇਵਾਲhttps://sikharchives.org/kosh/author/%e0%a8%a1%e0%a8%be-%e0%a8%a6%e0%a8%b2%e0%a8%b5%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%97%e0%a8%b0%e0%a9%87%e0%a8%b5%e0%a8%be%e0%a8%b2/March 1, 2010