ਪੰਜਵੀਂ ਪੀੜ੍ਹੀ ਨਾਨਕੋਂ, ਭਾਨੀ ਦੇ ਪੁੱਤ ਨੂੰ ਗੁਰਿਆਈ,
ਬੈਠਾ ਸੋਢੀ ਪਾਤਸ਼ਾਹ, ਅੰਮ੍ਰਿਤਸਰ ਵਿਚ ਜੋਤ ਜਗਾਈ।
ਚਾਰੇ ਬੂਹੇ ਚਹੁੰ ਜੁੱਗੀਂ, ਚਹੁੰ ਵਰਨਾਂ ਦੀ ਸਾਂਝ ਬਣਾਈ,
ਸਿਰ ’ਤੇ ਚੁੱਕੀ ਟੋਕਰੀ, ਹਰਿਮੰਦਰ ਦੀ ਕਾਰ ਕਮਾਈ।
ਅੰਮ੍ਰਿਤ ਹਰਿ ਕੀ ਪਉੜੀਉਂ, ਪੀ-ਪੀ ਹੋਵੇ ਹਰੀ ਲੋਕਾਈ,
ਹਰਿਮੰਦਰ ਨੂੰ ਸਾਜਿਆ, ਭਰਮ ਭੁਲੇਖਾ ਬਾਣ ਚੁਕਾਈ।
ਦੁੱਖ ਭੰਜਨ ਦੁੱਖਭੰਜਨੀ, ਕਾਵਾਂ ਨੇ ਕਾਇਆ ਪਲਟਾਈ,
ਸੁਖ ਦੀ ਦਾਤੀ ਸੁਖਮਨੀ, ਧੁਰੋਂ ਉਤਾਰੀ ਜੱਗ ਵਿਚ ਆਈ।
ਬੱਧੀ ਬੀੜ ਗ੍ਰੰਥ ਸਾਹਿਬ, ਡੁੱਬਦੀ ਦੁਨੀਆਂ ਪਾਰ ਲੰਘਾਈ,
ਹੋਇਆ ਜਦੋਂ ਮੁਕਾਬਲਾ, ਜਬਰ ਸਬਰ ਦੀ ਛਿੜੀ ਲੜਾਈ।
ਜਿੱਤੀਆਂ ਜੰਗਾਂ ਸਤਿਗੁਰਾਂ, ਹਰ ਗਿਆ ਜਹਾਂਗੀਰ ਕਸਾਈ।
ਤਖ਼ਤ ਤਵੀ ਨੂੰ ਸਮਝਿਆ, ਸਿਰ ’ਤੇ ਕੜਛਾ ਚੌਰ ਝੁਲਾਈ,
ਬਿਰਾਜ ਕੇ ਤੱਤੀ ਤਵੀ ’ਤੇ, ਦੁਨੀਆਂ ’ਤੇ ਸ਼ਾਂਤੀ ਵਰਤਾਈ।
ਮੀਆਂ ਮੀਰ ਪੁਕਾਰਦਾ, ਮੌਲਾ ਇਹ ਕੀ ਬਣਤ ਬਣਾਈ?’
ਭਾਣੇ ਅੰਦਰ ਟਾਕਰਾ, ਬੈਠਾ ਸਤਿਗੁਰੂ ਆਸਣ ਲਾਈ,
ਸਿਜਦਾ ਕੀਤਾ ਪੀਰ ਨੇ, ਵਾਰ ਉਚਾਰ ਫਰਿਸ਼ਤੇ ਗਾਈ।
ਗੁਰ ਅਰਜਨ ਪਰਤਖ੍ਹ ਹਰਿ, ਪੁੱਗਦੀ ਨਾ ‘ਚਾਤਰ’ ਚਤਰਾਈ,
ਵੱਡੇ ਦੀ ਵੱਡੀ ਵਡਿਆਈ।
ਲੇਖਕ ਬਾਰੇ
(ਗੁਰਪੁਰਵਾਸੀ)
- ਹੋਰ ਲੇਖ ਉਪਲੱਭਧ ਨਹੀਂ ਹਨ