editor@sikharchives.org

ਸਵੱਈਏ ਮਹਲੇ ਪਹਿਲੇ ਕੇ – ਵਿਸ਼ਾ-ਵਸਤੂ ਅਤੇ ਰੂਪ-ਵਿਧਾਨ

ਸਤਿਕਾਰਤ ਭੱਟ ਸਾਹਿਬਾਨ ਦੀ ਰਚੀ ਸਵੱਈਆਂ ਦੇ ਰੂਪਾਕਾਰ ਤੇ ਛੰਦ-ਵਿਧਾਨ ਵਿਚ ਢਲੀ ਪਾਵਨ ਬਾਣੀ ਦਾ ਕੇਂਦਰੀ ਵਿਸ਼ਾ-ਵਸਤੂ ਗੁਰੂ-ਉਪਮਾ ਹੈ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਇਤਿਹਾਸ ਵਿਚ ਇਸ ਘਟਨਾ ਦਾ ਉਲੇਖ ਮਿਲਦਾ ਹੈ ਕਿ ਪੰਜਵੇਂ ਗੁਰੂ ਸਾਹਿਬ ਸੀ ਗੁਰੂ ਅਰਜਨ ਦੇਵ ਜੀ ਦੀ ਦਸਤਾਰਬੰਦੀ ਦੀ ਰਸਮ ਦੇ ਪਵਿੱਤਰ ਅਵਸਰ ਉੱਪਰ ਦੂਰੋਂ-ਨੇੜਿਓਂ ਚੱਲ ਕੇ ਆਈਆਂ ਬੇਅੰਤ ਸੰਗਤਾਂ ਵਿਚ ਗਿਆਰ੍ਹਾਂ ਭੱਟ ਵੀ ਸ਼ਾਮਲ ਸਨ। ਗੁਰੂ-ਘਰ ਦੀ ਕੀਰਤੀ ਦੀ ਪਸਰੀ ਖੁਸ਼ਬੋਈ ਲੈਂਦੇ ਹੋਏ ਆਪੋ ਵਿਚ ਨਜ਼ਦੀਕੀ ਸਾਕਾਦਾਰੀ ਅਤੇ ਵਿਚਾਰਾਂ ਤੇ ਭਾਵਾਂ ਦੀ ਡੂੰਘੀ ਸਾਂਝ ਰੱਖਣ ਵਾਲੇ ਭੱਟਾਂ ਨੂੰ ਗੁਰੂ-ਘਰ ਰੂਪੀ ਮੰਜ਼ਲ ਮਿਲ ਜਾਣ ’ਤੇ ਸਮੂਹਿਕ ਵਿਸਮਾਦੀ ਪ੍ਰਸੰਨਤਾ ਦਾ ਅਨੁਭਵ ਹੋਇਆ। ਮਾਨੋ ਗਿਆਰ੍ਹਾਂ ਵਰਖਾ-ਬੂੰਦਾਂ ਨੂੰ ਅਸੀਮ ਸਾਗਰ ਮਿਲ ਗਿਆ ਹੋਵੇ। ਪਪੀਹੇ ਨੂੰ ਸਵਾਂਤੀ ਬੂੰਦ ਮਿਲ ਗਈ ਹੋਵੇ। ਭੱਟ ਜਿਨ੍ਹਾਂ ਦਾ ਪੂਰਬਲਾ ਵਿਸ਼ਾ-ਖੇਤਰ ਮੁੱਖ ਤੌਰ ’ਤੇ ਸਰਗੁਣ ਉਪਾਸਨਾ ਸੀ, ਜਿਨ੍ਹਾਂ ਦੀ ਆਯੂ ਦਾ ਬਹੁਤਾ ਹਿੱਸਾ ਪ੍ਰਾਚੀਨ ਹਿੰਦੂ ਧਰਮ-ਗ੍ਰੰਥਾਂ ਦਾ ਅਧਿਐਨ ਕਰਦਿਆਂ ਅਤੇ ਅਵਤਾਰਵਾਦ ਨਾਲ ਗੂੜ੍ਹ ਰੂਪ ’ਚ ਜੁੜੇ ਸਾਧਾਂ-ਸੰਤਾਂ ਨਾਲ ਗਿਆਨ-ਗੋਸ਼ਟੀਆਂ ਕਰਦਿਆਂ ਬਤੀਤ ਹੋਇਆ ਸੀ ਗੁਰੂ-ਘਰ ਰੂਪੀ ਅਦੁੱਤੀ ਰੂਹਾਨੀ ਘਰ ਦੀ ਦੁਰਲੱਭ ਵੱਥ ਪਰਮ ਪਾਵਨ ਗੁਰਬਾਣੀ ਅਤੇ ਇਸ ਵਿਚ ਪ੍ਰਸਤੁਤ ਤੇ ਗੁਰੂ ਅਤੇ ਗੁਰਸਿੱਖਾਂ ਦੁਆਰਾ ਅਮਲੀ ਰੂਪ ਵਿਚ ਜੀਵੀ ਜਾ ਰਹੀ ਗੁਰਮਤਿ ਵਿਚਾਰਧਾਰਾ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਸਮੂਹਿਕ ਨਿਰਣਾ ਕੀਤਾ ਕਿ ਉਹ ਹੁਣ ਇਹ ਦਰ ਛੱਡ ਕੇ ਹੋਰ ਕਿਧਰੇ ਨਹੀਂ ਜਾਣਗੇ, ਗੁਰੂ ਸਾਹਿਬ ਤੇ ਸਿੱਖ ਸੰਗਤਾਂ ਦੇ ਦਰਸ਼ਨ-ਦੀਦਾਰਿਆਂ ਦਾ ਭਰਪੂਰ ਲਾਹਾ ਲੈਣਗੇ। ਇਨ੍ਹਾਂ ਨੇ ਇਸ ਨਿਰਣੇ ਦੇ ਸਿੱਟੇ ਵਜੋਂ ਇਨ੍ਹਾਂ ਭੱਟ ਸਾਹਿਬਾਨ ਉੱਪਰ ਇੰਨੀ ਮਹਿਮਾ ਬਖ਼ਸ਼ਿਸ਼ ਹੋਈ ਕਿ ਇਨ੍ਹਾਂ ਦੇ ਹਿਰਦਿਆਂ ਰੂਪ ਸੋਮਿਆਂ ’ਚੋਂ ਰੱਬੀ ਬਾਣੀ ਦੇ ਝਰਨੇ ਵਹਿ ਤੁਰੇ। ਗਿਆਰ੍ਹਾਂ ਦੇ ਗਿਆਰ੍ਹਾਂ ਭੱਟ ਅਨੰਦ-ਹੁਲਾਸ ਵਿਚ ਵਿਚਰਦੇ ਰਹੇ। ਇਉਂ ਜਦੋਂ ਗੁਰੂ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦਾ ਮਹਾਨ ਕਾਰਜ ਕਰ ਰਹੇ ਸਨ ਤਾਂ ਇਨ੍ਹਾਂ ਭੱਟਾਂ ਪਾਸ ਰੱਬੀ ਬਾਣੀ ਦਾ ਇਕ ਵੱਡਾ ਸੰਗ੍ਰਹਿ ਇਕੱਤਰ ਹੋ ਚੁਕਾ ਸੀ। ਇਹ ਸੰਗ੍ਰਹਿ ਗੁਰੂ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤਾ।

ਸਤਿਕਾਰਤ ਭੱਟ ਸਾਹਿਬਾਨ ਦੀ ਰਚੀ ਸਵੱਈਆਂ ਦੇ ਰੂਪਾਕਾਰ ਤੇ ਛੰਦ-ਵਿਧਾਨ ਵਿਚ ਢਲੀ ਪਾਵਨ ਬਾਣੀ ਦਾ ਕੇਂਦਰੀ ਵਿਸ਼ਾ-ਵਸਤੂ ਗੁਰੂ-ਉਪਮਾ ਹੈ। ਰੂਹਾਨੀ ਦਾਤ ਬਖ਼ਸ਼ਣ ਵਾਲਾ ਕੇਵਲ ਗੁਰੂ ਹੀ ਹੈ। ਉਂਞ ਲੋਕਾਈ ਦੇ ਕਲਿਆਣ ਵਾਸਤੇ ਹਰੇਕ ਯੁੱਗ ਵਿਚ  ਅਵਤਾਰ ਹੋਏ ਹਨ। ਕਲਿਯੁਗ ਵਿਚ ਕੁੱਲ ਦੁਨੀਆਂ ਨੂੰ ਤਾਰਨ ਵਾਸਤੇ ਸ੍ਰੀ ਗੁਰੂ ਨਾਨਕ ਪਾਤਸ਼ਾਹ ਆਏ ਹਨ। ਸ੍ਰੀ ਗੁਰੂ ਨਾਨਕ ਪਾਤਸ਼ਾਹ ਪਰਮਾਤਮਾ ਦੇ ਅਵਤਾਰ ਹੋਣ ਦੇ ਨਾਲ-ਨਾਲ ਪਰਮਾਤਮਾ ਦਾ ਰੂਪ ਵੀ ਹਨ। ਭੱਟ ਕਲਸਹਾਰ ਜੀ ਫ਼ਰਮਾਉਂਦੇ ਹਨ ਕਿ ਗੁਰੂ ਨਾਨਕ ਪਾਤਸ਼ਾਹ ਸੁਖਾਂ ਦੇ ਸਮੁੰਦਰ ਹਨ। ਆਪ ਦੁੱਖ ਦੂਰ ਕਰਨ ਵਾਲੇ ਦੈਵੀ ਸ਼ਬਦਾਂ ਦੇ ਸਰੋਵਰ ਹਨ। ਗੁਰੂ ਨਾਨਕ ਪਾਤਸ਼ਾਹ ਨੂੰ ਧੀਰਜਵਾਨ ਅਤੇ ਜੋਗੀ ਵੀ ਗਾਉਂਦੇ ਹਨ। ਆਤਮ-ਰਸ ਦੇ ਰਸੀਏ ਇੰਦਰ, ਭਗਤ ਪ੍ਰਹਿਲਾਦ ਵੀ ਗਾਉਂਦੇ ਹਨ। ਗੁਰੂ ਪਾਤਸ਼ਾਹ ਜੀ ਰਾਜ ਜੋਗ ਮਾਣਨ ਵਾਲੇ ਹਨ। ਬਾਣੀਕਾਰ ਦਾ ਸੰਕੇਤ ਹੈ ਕਿ ਗੁਰੂ ਨਾਨਕ ਪਾਤਸ਼ਾਹ ਤੋਂ ਪੂਰਵ ਸਾਡੇ ਦੇਸ਼ ਦੀ ਅਧਿਆਤਮਕ ਪਰੰਪਰਾ ਵਿਚ ਗ੍ਰਿਹਸਤ ਧਰਮ ਦੀ ਕੋਈ ਮਾਨਤਾ ਨਹੀਂ ਸੀ। ਗ੍ਰਿਹਸਤ ਧਰਮ ਅਤੇ ਅਧਿਆਤਮਕਤਾ ਦਾ ਸੰਬੰਧ ਜੋੜਨ ਦੀ ਪਹਿਲ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਹੀ ਕੀਤੀ।

ਗਾਵਉ ਗੁਨ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਣ ਸਬਦ ਸਰੇ॥
ਗਾਵਹਿ ਗੰਭੀਰ ਧੀਰ ਮਤਿ ਸਾਗਰ ਜੋਗੀ ਜੰਗਮ ਧਿਆਨੁ ਧਰੇ॥
ਗਾਵਹਿ ਇੰਦ੍ਰਾਦਿ ਭਗਤ ਪ੍ਰਹਿਲਾਦਿਕ ਆਤਮ ਰਸੁ ਜਿਨਿ ਜਾਣਿਓ॥
ਕਬਿ ਕਲ ਸੁਜਸੁ ਗਾਵਉ ਗੁਰ ਨਾਨਕ ਰਾਜੁ ਜੋਗੁ ਜਿਨਿ ਮਾਣਿਓ॥ (ਪੰਨਾ 1389)

ਭੱਟ ਕਲਸਹਾਰ ਜੀ ਵੱਲੋਂ ਪੁਰਾਤਨ ਕਾਲ ਵਿਚ ਹੋ ਚੁੱਕੇ ਅਵਤਾਰਾਂ, ਰਿਸ਼ੀਆਂ-ਮੁਨੀਆਂ ਨੂੰ ਗੁਰੂ ਨਾਨਕ ਪਾਤਸ਼ਾਹ ਦਾ ਜੱਸ ਗਾਉਂਦਿਆਂ ਵਰਣਨ ਕੀਤਾ ਗਿਆ ਹੈ, ਜੋ ਪਾਠਕਾਂ-ਸ੍ਰੋਤਿਆਂ ਦੇ ਹਿਰਦਿਆਂ ਨੂੰ ਵਿਸਮਾਦ ਪ੍ਰਦਾਨ ਕਰਦਾ ਹੋਇਆ ਗੁਰੂ ਪਾਤਸ਼ਾਹ ਦੇ ਪਰਮ ਪਾਵਨ ਦੈਵੀ ਸਰੂਪ ਨਾਲ ਉਨ੍ਹਾਂ ਦੀ ਜਾਣ-ਪਛਾਣ ਕਰਵਾਉਣ ਦੇ ਮਨੋਭਾਵ ਦਾ ਆਭਾਸ ਦਿੰਦਾ ਹੈ। ਗੁਰੂ ਨਾਨਕ ਪਾਤਸ਼ਾਹ ਨੂੰ ਰਾਜਾ ਜਨਕ ਕਈ ਜੋਗੀਆਂ ਸਹਿਤ ਗਾਉਂਦਾ ਹੈ। ਧ੍ਰੂ ਭਗਤ, ਕਪਲ ਮੁਨੀ, ਪਰਸਰਾਮ, ਕ੍ਰਿਸ਼ਨ, ਊਧੋ, ਬਿਦਰ, ਸ਼ਿਵ ਜੀ, ਬ੍ਰਹਮਾ ਸਾਰੇ ਹੀ ਐ ਗੁਰੂ ਨਾਨਕ ਪਾਤਸ਼ਾਹ, ਮੈਂ ਵੇਖ ਸੁਣ ਰਿਹਾ ਹਾਂ ਕਿ ਆਪ ਜੀ ਨੂੰ ਗਾ ਰਹੇ ਹਨ:

ਗਾਵਹਿ ਜਨਕਾਦਿ ਜੁਗਤਿ…
ਗਾਵਹਿ ਕਪਿਲਾਦਿ ਆਦਿ ਜੋਗੇਸੁਰ…
ਗਾਵੈ ਜਮਦਗਨਿ ਪਰਸਰਾਮੇਸੁਰ…
ਉਧੌ ਅਕ੍ਰੂਰੁ ਬਿਦਰੁ ਗੁਣ ਗਾਵੈ… (ਪੰਨਾ 1389)

ਗਾਵਹਿ ਗੁਣ ਬਰਨ ਚਾਰਿ ਖਟ ਦਰਸਨ ਬ੍ਰਹਮਾਦਿਕ ਸਿਮਰੰਥਿ ਗੁਨਾ॥
ਗਾਵੈ ਗੁਣ ਮਹਾਦੇਉ ਬੈਰਾਗੀ ਜਿਨਿ ਧਿਆਨ ਨਿਰੰਤਰਿ ਜਾਣਿਓ॥ (ਪੰਨਾ 1390)

ਚਹੁੰ ਜੁਗਾਂ ਦੇ ਪ੍ਰਮੁੱਖ ਅਵਤਾਰਾਂ ਦਾ ਉਨ੍ਹਾਂ ਦੇ ਮੁੱਖ ਕਾਰਜਾਂ ਸਹਿਤ ਵਰਣਨ ਕੀਤਾ ਗਿਆ ਹੈ। ਗੁਰੂ ਨਾਨਕ ਪਾਤਸ਼ਾਹ ਦੇ ਅੰਗਦ ਅਤੇ ਅਮਰਦਾਸ ਰੂਪਾਂ ਦਾ ਵੀ ਵਰਣਨ ਹੈ:

ਸਤਜੁਗਿ ਤੈ ਮਾਣਿਓ ਛਲਿਓ ਬਲਿ ਬਾਵਨ ਭਾਇਓ॥
ਤ੍ਰੇਤੈ ਤੈ ਮਾਣਿਓ ਰਾਮੁ ਰਘੁਵੰਸੁ ਕਹਾਇਓ॥
ਦੁਆਪੁਰਿ ਕ੍ਰਿਸਨ ਮੁਰਾਰਿ ਕੰਸੁ ਕਿਰਤਾਰਥੁ ਕੀਓ॥
ਉਗ੍ਰਸੈਣ ਕਉ ਰਾਜੁ ਅਭੈ ਭਗਤਹ ਜਨ ਦੀਓ॥
ਕਲਿਜੁਗਿ ਪ੍ਰਮਾਣੁ ਨਾਨਕ ਗੁਰੁ ਅੰਗਦੁ ਅਮਰੁ ਕਹਾਇਓ॥
ਸ੍ਰੀ ਗੁਰੂ ਰਾਜੁ ਅਬਿਚਲੁ ਅਟਲੁ ਆਦਿ ਪੁਰਖਿ ਫੁਰਮਾਇਓ॥ (ਪੰਨਾ 1390)

ਇਉਂ ਹੀ  ਭੱਟ  ਕਲਸਹਾਰ  ਜੀ ਨੇ ਭਗਤ  ਰਵਿਦਾਸ  ਜੀ, ਭਗਤ  ਜੈਦੇਵ ਜੀ, ਭਗਤ ਤ੍ਰਿਲੋਚਨ ਜੀ, ਭਗਤ ਨਾਮਦੇਵ ਜੀ, ਭਗਤ ਕਬੀਰ ਜੀ, ਭਗਤ ਬੇਣੀ  ਜੀ ਭਗਤ ਸਾਹਿਬਾਨ ਨੂੰ ਵੀ ਗੁਰੂ ਨਾਨਕ ਦੇ ਨਿਰਗੁਣ ਨਿਰੰਕਾਰੀ ਸਰੂਪ ਚਿਤਵਦਿਆਂ ਆਤਮ-ਰਸ ਰੰਗ ਮਾਣਦਿਆਂ ਵਰਣਨ ਕੀਤਾ ਹੈ, ਜਿਵੇਂ:

ਗੁਣ ਗਾਵੈ ਰਵਿਦਾਸੁ ਭਗਤੁ ਜੈਦੇਵ ਤ੍ਰਿਲੋਚਨ॥
ਨਾਮਾ ਭਗਤੁ ਕਬੀਰੁ ਸਦਾ ਗਾਵਹਿ ਸਮ ਲੋਚਨ॥
ਭਗਤੁ ਬੇਣਿ ਗੁਣ ਰਵੈ ਸਹਜਿ ਆਤਮ ਰੰਗੁ ਮਾਣੈ॥
ਜੋਗ ਧਿਆਨਿ ਗੁਰ ਗਿਆਨਿ ਬਿਨਾ ਪ੍ਰਭ ਅਵਰੁ ਨ ਜਾਣੈ॥ (ਪੰਨਾ 1390)

ਨੌਂ ਨਾਥ, ਮਾਧਾਤਾ, ਬਲਿ ਅਤੇ ਪੁਰੂ ਰਾਜੇ, ਭਰਥਰੀ ਜੋਗੀ ਅਤੇ ਦੁਰਬਾਸ਼ਾ ਅਤੇ ਅੰਗਰਾ ਰਿਸ਼ੀ ਵੀ ਭੱਟ ਕਲਸਹਾਰ ਜੀ ਦੀ ਅਗੰਮੀ ਦ੍ਰਿਸ਼ਟੀ ਤੇ ਵਿਸਮਾਦੀ ਸੰਵੇਦਨਾ ਮੁਤਾਬਕ ਗੁਰੂ ਨਾਨਕ ਪਾਤਸ਼ਾਹ ਦੇ ਹੀ ਗੁਣ ਗਾਇਨ ਕਰ ਰਹੇ ਹਨ:

ਗੁਣ ਗਾਵਹਿ ਨਵ ਨਾਥ ਧੰਨਿ ਗੁਰੁ ਸਾਚਿ ਸਮਾਇਓ॥
ਮਾਂਧਾਤਾ ਗੁਣ ਰਵੈ ਜੇਨ ਚਕ੍ਰਵੈ ਕਹਾਇਓ॥
ਗੁਣ ਗਾਵੈ ਬਲਿ ਰਾਉ ਸਪਤ ਪਾਤਾਲਿ ਬਸੰਤੌ॥
ਭਰਥਰਿ ਗੁਣ ਉਚਰੈ ਸਦਾ ਗੁਰ ਸੰਗਿ ਰਹੰਤੌ॥
ਦੂਰਬਾ ਪਰੂਰਉ ਅੰਗਰੈ ਗੁਰ ਨਾਨਕ ਜਸੁ ਗਾਇਓ॥
ਕਬਿ ਕਲ ਸੁਜਸੁ ਨਾਨਕ ਗੁਰ ਘਟਿ ਘਟਿ ਸਹਜਿ ਸਮਾਇਓ॥ (ਪੰਨਾ 1390)

ਭੱਟ ਕਲਸਹਾਰ ਅਖੀਰ ਵਿਚ ਤੱਤਸਾਰੀ ਭਾਵ ਪ੍ਰਗਟਾਉਂਦਿਆਂ ਆਪਣੀ ਗੱਲ ਸੰਪੂਰਨ ਕਰਦੇ ਹਨ ਕਿ ਗੁਰੂ ਨਾਨਕ ਪਾਤਸ਼ਾਹ ਦਾ ਜੱਸ ਤਾਂ ਇਸ ਸ੍ਰਿਸ਼ਟੀ ਦੇ ਘਟ-ਘਟ ਵਿਚ ਸਮਾਇਆ ਹੋਇਆ ਹੈ:

ਕਬਿ ਕਲ ਸੁਜਸੁ ਨਾਨਕ ਗੁਰ ਘਟਿ ਘਟਿ ਸਹਜਿ ਸਮਾਇਓ॥ (ਪੰਨਾ 1390)

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਪਮਾ ਆਪਣੇ ਆਪ ਵਿਚ ਇਕ ਉਚੇਰੀਆਂ ਵਿਸਮਾਦੀ ਸੰਭਾਵਨਾਵਾਂ ਵਾਲਾ ਵਿਸ਼ਾ-ਵਸਤੂ ਹੈ ਜਿਸ ਨੂੰ ਭੱਟ ਕਲਸਹਾਰ ਜੀ ਵਰਗੇ ਭਾਵ-ਭਿੰਨੇ ਤੇ ਸੰਵੇਦਨਸ਼ੀਲ ਬਾਣੀਕਾਰ ਦੁਆਰਾ ਜਿਸ ਵਿਸਮਾਦੀ ਰੂਪਾਕਾਰ ਤੇ ਅੰਦਾਜ਼ ਵਿਚ ਨਿਭਾਇਆ ਗਿਆ ਹੈ ਉਹ ਜਗਿਆਸੂਆਂ ਤੇ ਪਾਠਕਾਂ-ਸ੍ਰੋਤਿਆਂ ਨੂੰ ਭਰਪੂਰ ਵਿਸਮਾਦ ਪ੍ਰਦਾਨ ਕਰਨ ਵਾਲਾ ਵਿਸ਼ਾ-ਵਸਤੂ ਹੋ ਨਿੱਬੜਿਆ ਹੈ। ਭੱਟ ਕਲਸਹਾਰ ਜੀ ਨੇ ਇਸ ਵਿਸ਼ੇ ਦਾ ਸਮੁੱਚਾ ਨਿਭਾਅ ਹੀ ਵਿਸਮਾਦੀ ਰਉਂ ਨੂੰ ਅਰੰਭ ਤੋਂ ਅੰਤ ਤਕ ਬਰਕਰਾਰ ਰੱਖਦਿਆਂ ਕੀਤਾ ਹੈ। ਇਹ ਮੱਧ ਯੁੱਗ ਦੇ ਮਹਾਨਤਮ ਅਧਿਆਤਮਵਾਦੀ ਗੁਰੂ ਨਾਨਕ ਪਾਤਸ਼ਾਹ ਦੀ ਵਿਰਾਟ ਤੇ ਵਿਆਪਕ ਸ਼ਖਸੀਅਤ ਅਤੇ ਉਨ੍ਹਾਂ ਦੀ ਮੁੱਖ ਤੌਰ ’ਤੇ ਸਮੁੱਚੇ ਭਾਰਤ ਭੂ-ਖੰਡ ਅਤੇ ਸਮੁੱਚੇ ਤੌਰ ’ਤੇ ਸਾਰੇ ਸੰਸਾਰ ਨੂੰ ਵਿਲੱਖਣ ਦੇਣ ਦਾ ਭਾਵ-ਭਿੰਨਾ ਤੇ ਰਸੀਲਾ ਗੁਣ-ਗਾਨ ਹੈ। ਕਵੀ ਭੱਟ ਕਲਸਹਾਰ ਬਾਹਰਮੁਖੀ ਇਤਿਹਾਸਕ ਵੇਰਵਿਆਂ ਵਿਚ ਨਾ ਪੈਂਦੇ ਹੋਏ ਪੂਰਨ ਸੂਖਮ ਤੇ ਸੰਕੇਤਕ ਪਹੁੰਚ ਤੇ ਢੰਗ ਅਪਣਾਉਂਦੇ ਹਨ। ਗੁਰੂ ਜੀ ਦੀ ਸ਼ਖ਼ਸੀਅਤ ਪ੍ਰਤੀ ਇਹ ਸੰਖੇਪ ਬਾਣੀ ਇਕ ਸੱਚੇ ਸੁਹਿਰਦ ਸ਼ਿਸ਼ ਜਾਂ ਸਿੱਖ ਦਾ ਸੱਚਾ-ਸੁੱਚਾ ਨਮਨ ਹੈ, ਨਮਸਕਾਰ ਹੈ। ਇਹ ਨਮਨ, ਨਮਸਕਾਰ ਵਾਸਤੇ ਬਾਣੀਕਾਰ ਨੇ ਮੁੱਖ ਤੌਰ ’ਤੇ ਸਹਾਇਕ ਟੇਕ ਵਜੋਂ ਆਪਣੇ ਪ੍ਰਾਚੀਨ ਅਧਿਆਤਮਕ ਕਥਾ-ਸਾਹਿਤ ਦੇ ਵਿਆਪਕ-ਅਧਿਐਨ ਨੂੰ ਲੈ ਕੇ ਇਸ ਵਿਸ਼ੇ-ਵਸਤੂ ਨਾਲ ਪੂਰਨ ਨਿਆਂ ਕਰਨ ਦਾ ਸਫ਼ਲ ਯਤਨ ਕੀਤਾ ਹੈ। ਗੁਰੂ ਨਾਨਕ ਪਾਤਸ਼ਾਹ ਦੀ ਸ਼ਖ਼ਸੀਅਤ ਸੰਬੰਧੀ ਮੱਧਕਾਲ ਤੋਂ ਹੁਣ ਤਕ ਅਨੇਕਾਂ ਵਾਰਤਾਕਾਰ ਅਤੇ ਕਵੀ-ਜਨ ਵਿਭਿੰਨ ਭਾਸ਼ਾਵਾਂ ਵਿਚ ਬਖਾਨ ਕਰਦੇ ਆ ਰਹੇ ਹਨ, ਜਿਨ੍ਹਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਮਾਤਰ ਦੋ ਪਾਵਨ ਪੰਨਿਆਂ ਵਿਚ ਅੰਕਤ ਇਹ ਬਾਣੀ ਆਪਣੇ ਵਿਲੱਖਣ ਵਿਸ਼ੇ-ਵਸਤੂ ਦੇ ਇਕਹਿਰੇਪਨ, ਸੂਖ਼ਮ ਅਤੇ ਸੰਕੇਤਕ ਨਿਭਾਅ, ਸੰਵੇਦਨਾ, ਰਸੀਲੀ ਭਾਸ਼ਾ, ਸ਼ੈਲੀ, ਸ਼ਬਦਾਵਲੀ, ਕਾਵਿ-ਰੂਪ ਅਤੇ ਛੰਦ-ਵਿਧਾਨ ਕਰਕੇ ਆਪਣੀ ਉਦਾਹਰਨ ਆਪ ਹੈ। ਇਸ ਨੂੰ ਭੱਟ ਕਲਸਹਾਰ ਜੀ ਦਾ ਅਤਿਅੰਤ ਸੰਖੇਪ ਆਕਾਰ ਵਿਚ ਗੁਰੂ ਨਾਨਕ ਪਾਤਸ਼ਾਹ ਜੀ ਦੇ ਮਹਾਨ ਵਿਅਕਤਿੱਤਵ ਦਾ ਇਕ ਵਿਲੱਖਣ ਸਕੈੱਚ ਅਥਵਾ ਚਿੱਤਰ ਮੰਨਿਆ ਜਾ ਸਕਦਾ ਹੈ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਸਹਾਇਕ ਸੰਪਾਦਕ ਗੁਰਮਤਿ ਪ੍ਰਕਾਸ਼/ਗੁਰਮਤਿ ਗਿਆਨ -ਵਿਖੇ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)