ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਰਾਗ ਰਾਮਕਲੀ ਵਿਚ ਦਰਜ ‘ਰਾਇ ਬਲਵੰਡ ਤਥਾ ਸਤੈ ਡੂਮਿ’ ਦੁਆਰਾ ਰਚੀ ਇਕ ਵਾਰ ਵੀ ਦਰਜ ਹੈ, ਜੋ ਪਹਿਲੇ ਪੰਜ ਗੁਰੂ ਸਾਹਿਬਾਨ ਦੀ ਉਸਤਤਿ ਕਰਦੀ ਹੈ। ਕੁੱਲ ਅੱਠ ਪਦਿਆਂ ਦੀ ਇਸ ਵਾਰ ਦੇ ਰਚੈਤਾ ਭਾਈ ਬਲਵੰਡ ਤੇ ਸੱਤੇ ਨੂੰ ਸਿੱਖ ਇਤਿਹਾਸ ਵਿਚ ਬਾਵਾ ਕ੍ਰਿਪਾਲ ਸਿੰਘ ਭੱਲਾ ਰਚਿਤ ‘ਮਹਿਮਾ ਪ੍ਰਕਾਸ਼’ ਵਿਚ ਪਿਉ ਪੁੱਤਰ ਅਤੇ ਭਾਈ ਸੰਤੋਖ ਸਿੰਘ ਨੇ ‘ਗੁਰ ਪ੍ਰਤਾਪ ਸੂਰਜ ਗ੍ਰੰਥ’ ਵਿਚ ਭਰਾਵਾਂ ਦਾ ਦਰਜਾ ਦਿੱਤਾ ਹੈ। ‘ਮਹਾਨ ਕੋਸ਼’ ਦੇ ਪੰਨਾ 844 ਉੱਤੇ ਇਹ ਦੋਵੇਂ ਰਿਸ਼ਤੇ ਹੀ ਦਰਜ ਹਨ। ਇਸ ਰਚਨਾ ਸੰਬੰਧੀ ਵਿਦਵਾਨਾਂ ਦਾ ਮੱਤ ਹੈ ਕਿ ਵਾਰ ਦੇ ਪਹਿਲੇ ਪਦੇ ਭਾਈ ਬਲਵੰਡ ਜੀ ਦੁਆਰਾ ਰਚੇ ਗਏ ਹਨ ਤੇ ਪਿਛਲੇ ਪਦੇ ਭਾਈ ਸੱਤਾ ਜੀ ਦੀ ਰਚਨਾ ਹੈ। ਇਹ ਅਨੁਮਾਨ ਏਸ ਲਈ ਲਾਇਆ ਗਿਆ ਹੈ ਕਿ ਤੀਸਰੇ ਪਦੇ ਵਿਚ ‘ਬਲਵੰਡ ਖੀਵੀ ਨੇਕ ਜਨ’ ਦਾ ਵਿਵਰਣ ਪ੍ਰਾਪਤ ਹੈ ਤੇ ਛੇਵੇਂ ਪਦੇ ਵਿਚ ‘ਦਾਨੁ ਜਿ ਸਤਿਗੁਰ ਭਾਵਸੀ ਸੋ ਸਤੇ ਦਾਨੁ॥6॥’ ਪਰ ਦੂਜੇ ਪਾਸੇ ਇਸ ‘ਸਤੇ’ ਤੋਂ ਮੁਰਾਦ ‘ਸੱਚ ਦਾ ਦਾਨ’ ਵੀ ਹੈ, ਜੋ ਗੁਰੂ ਨੂੰ ਸਦਾ ਭਾਉਂਦਾ ਹੈ, ਜਿਸ ਸਦਕਾ ਸੱਤਾ ਬਲਵੰਡ ਗੁਰੂ-ਘਰ ਦਾ ਨਿਰਾਦਰ ਕਰਕੇ ਪਰਉਪਕਾਰੀ ਭਾਈ ਲੱਧੇ ਦੀ ਵਿਚੋਲਗਿਰੀ ਕਾਰਨ ਬਖ਼ਸ਼ੇ ਗਏ ਤੇ ਇਸ ਵਾਰ ਦੀ ਰਚਨਾ ਕਰਕੇ ਅਮਰ ਹੋ ਗਏ। ਰਚਨਾਤਮਕ ਹਵਾਲਿਆਂ ਅਨੁਸਾਰ ਇਨ੍ਹਾਂ ਦਾ ਆਪਸੀ ਰਿਸ਼ਤਾ ਭਰਾਵਾਂ ਵਾਲਾ ਹੀ ਉਚਿਤ ਜਾਪਦਾ ਹੈ।
ਮੁਆਫ਼ੀ ਮਿਲਣ ’ਤੇ ਗੁਰੂ-ਉਸਤਤਿ ਵਿਚ ਭਾਈ ਬਲਵੰਡ ਜੀ ਨੇ ਪਹਿਲੀਆਂ 3 ਅਤੇ ਭਾਈ ਸੱਤਾ ਜੀ ਨੇ ਅੰਤਲੀਆਂ 5 ਪਉੜੀਆਂ ਦਾ ਉਚਾਰਣ, ਸਮੂਹ ਸੰਗਤ ਦੇ ਸਨਮੁਖ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਹਜ਼ੂਰੀ ਵਿਚ ਇਸ ਵਾਰ ਦੇ ਰੂਪ ਵਿਚ ਕੀਤਾ। ਸਤਿਗੁਰੂ ਜੀ ਨੇ ਬੀੜ ਬੰਨ੍ਹਣ ਵੇਲੇ ਇਹ ਬਾਣੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤੀਆਂ।
ਪ੍ਰੋ. ਸਾਹਿਬ ਸਿੰਘ ਇਨ੍ਹਾਂ ਬਾਣੀਆਂ ਨੂੰ ਸਿੱਖ ਧਰਮ ਦੇ ਇਤਿਹਾਸ ਵਿਚਲੇ ਅਮੁੱਲ ਦਸਤਾਵੇਜ਼ ਸਵੀਕਾਰਦੇ ਹਨ। ਉਨ੍ਹਾਂ ਦੀ ਜਾਚੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਦਸਤਾਰ ਬੰਦੀ ਸਮੇਂ ਬਾਬਾ ਪ੍ਰਿਥੀ ਚੰਦ ਜੀ ਨੇ ਜਦੋਂ ਧੱਕੇ ਨਾਲ ਦਸਤਾਰ ਖੋਹਣੀ ਚਾਹੀ ਤਾਂ ਉਹ ਸ੍ਰੀ ਗੁਰੂ ਨਾਨਕ ਸਾਹਿਬ ਦੇ ‘ਪਵਿੱਤਰ ਦੀਨਿਆਵੀ ਅੰਮ੍ਰਿਤ ਪ੍ਰਵਾਹ’ ਨੂੰ ‘ਦੁਨਿਆਵੀ ਧੜੇ ਦੀ ਨਾਲੀ’ ਵਿੱਚੋਂ ਲੰਘਾਉਣਾ ਚਾਹੁੰਦੇ ਸਨ। ਉਸ ਸਮੇਂ ਦੂਰੋਂ ਆਏ ਨਿਰਪੱਖ ਪਰਦੇਸੀ ਭੱਟਾਂ ਨੇ ਭਰੇ ਦਰਬਾਰ ਵਿਚ ਸਵੱਈਆਂ ਰਾਹੀਂ ਸੱਚਾਈ ਦਾ ਹੋਕਾ ਦਿੱਤਾ। ਦੂਜੇ ਪਾਸੇ ਪ੍ਰਿਥੀ ਚੰਦ ਵੱਲੋਂ ਆਪਣੇ ਸਾਥੀਆਂ ਨਾਲ ਗੋਇੰਦਵਾਲ ਪਰਤ ਕੇ ਅੰਮ੍ਰਿਤਸਰ ਵਿਚ ਕੀਤੀ ਨਾਕਾਬੰਦੀ ਨਾਲ ਵੀ ਜਦੋਂ ਅੰਮ੍ਰਿਤ ਦੇ ਸੋਮੇ ਸੁੱਕੇ ਨਹੀਂ ਸਗੋਂ ਵਧੇਰੇ ਉਜਵੱਲ ਰੂਪ ਵਿਚ ਪ੍ਰਸਫੁਟਿਤ ਹੋਏ ਤਾਂ ਉਨ੍ਹਾਂ ਦੀ ਯਾਦ ਵਿਚ ਸੱਚੇ-ਸੁੱਚੇ ਭਾਵਾਂ ਭਿੱਜੀ ਉਚਾਰੀ ‘ਰਾਮਕਲੀ ਕੀ ਵਾਰ’ ਉਚਾਰੀ।
ਵਾਰ ਦਾ ਸੁਭਾਓ ਹੈ ਕਿ ਇਸ ਵਿਚ ਨਾਇਕ ਦਾ ਪੂਰਾ ਜੀਵਨ ਨਹੀਂ, ਸਗੋਂ ਉਸ ਦੀ ਕੋਈ ਉੱਘੀ ਝਾਕੀ ਹੀ ਵਿਖਾਈ ਜਾਂਦੀ ਹੈ। ਹਰੇਕ ਵਾਰ ਦਾ ਕੇਂਦਰੀ ਵਿਸ਼ਾ ਇਕ ਹੀ ਹੁੰਦਾ ਹੈ। ਸ਼ੁਰੂ ਵਿਚ ਸਾਰੀਆਂ ਵਾਰਾਂ ਸਿਰਫ਼ ਪਉੜੀਆਂ ਦੇ ਸੰਗ੍ਰਹਿ ਸਨ, ਸਲੋਕ ਇਨ੍ਹਾਂ ਦੇ ਮੌਜੂਦਾ ਸਰੂਪ ਵਿਚ, ਬਾਅਦ ਵਿਚ ਦਰਜ ਹੋਏ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੀਆਂ 22 ਅਧਿਆਤਮਕ ਵਾਰਾਂ ਵਿੱਚੋਂ ਸਿਰਫ਼ 2 ਵਾਰਾਂ ‘ਬਸੰਤ ਕੀ ਵਾਰ ਮ: 5’ ਅਤੇ ‘ਸੱਤੇ ਬਲਵੰਡੇ ਕੀ ਵਾਰ’ ਹੀ ਸਲੋਕ ਰਹਿਤ ਹਨ।
ਕੁੱਲ 8 ਪਉੜੀਆਂ ਵਾਲੀ ਇਸ ਵਾਰ ਦੀ ਅੰਤਰੀਵ ਸੰਰਚਨਾ ਇਸ ਪ੍ਰਕਾਰ ਹੈ:
ਪਹਿਲੇ ਪਦੇ ਵਿਚ ਰਾਇ ਬਲਵੰਡ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅਰਾਧਨਾ ਕਰਦਾ ਹੋਇਆ ਆਖਦਾ ਹੈ ਕਿ ਕਰਤਾ ਪੁਰਖ ਕਾਦਰ ਨੇ ਆਪ ਸ੍ਰੀ ਗੁਰੂ ਨਾਨਕ ਸਾਹਿਬ ਦੇ ਨਾਉਂ ਨੂੰ ਇਹ ਵਡਿਆਈ ਬਖ਼ਸ਼ੀ ਹੈ, ਜਿਸ ਨੂੰ ਮੇਰੇ ਬੋਲ ਕਿਵੇਂ ਜੋਖ ਜਾਂ ਤੋਲ ਸਕਦੇ ਹਨ। ਜਿਸ ਸਤਿਗੁਣੀ/ਸਦਗੁਣੀ ਅਵਸਥਾ ਰਾਹੀਂ ਪਾਰ ਲੰਘਿਆ ਜਾ ਸਕਦਾ ਹੈ, ਉਹ ਗੁਣ ਤਾਂ ਮੇਰੇ ਗੁਰੂ ਦੇ ਭੈਣ-ਭਰਾਵਾਂ ਸਮਾਨ ਹਨ, ਸਦਾ ਉਸ ਦੇ ਅੰਗ ਸੰਗ ਹਨ, ਕੁਟੰਬ ਵਿਚ ਸੁਭਾਵਕ ਹੀ ਸ਼ਾਮਲ ਹਨ। ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਸੱਚ-ਰੂਪੀ ਕਿਲ੍ਹੇ ਦੀ ਉਸਾਰੀ ਮਜ਼ਬੂਤ ਨੀਹਾਂ ਉੱਪਰ ਕੀਤੀ ਹੈ। ਅਕਾਲ ਪੁਰਖ ਤੋਂ ਵਰੋਸਾਈ ਮਤ ਰੂਪੀ ਖੜਗ ਨਾਲ ਅੰਦਰੋਂ ਪਹਿਲਾ ਜੀਵਨ ਕੱਢ ਕੇ ਨਵਾਂ ਜੀਵਨ ਬਖ਼ਸ਼ਦਿਆਂ ਗੁਰਿਆਈ ਦਾ ਛਤਰ ਭਾਈ ਲਹਿਣਾ ਜੀ ਦੇ ਸੀਸ ’ਤੇ ਟਿਕਾ ਦਿੱਤਾ ਹੈ। ਮੁੜ ਗੁਰੂ ਨੇ ਚੇਲੇ ਨੂੰ ਨਮਸਕਾਰ ਕੀਤੀ, ਜਿਸ ਨਾਲ ਸ੍ਰੀ ਗੁਰੂ ਅੰਗਦ ਸਾਹਿਬ ਜੀ ਉਸ ਮਹਿਮਾ ਦੇ ਪਾਤਰ ਬਣੇ, ਜੋ ਮਹਿਮਾ ਸ੍ਰੀ ਗੁਰੂ ਨਾਨਕ ਸਾਹਿਬ ਨੂੰ ਧੁਰੋਂ ਪ੍ਰਾਪਤ ਹੋਈ ਸੀ। ਹੁਣ ਸ੍ਰੀ ਗੁਰੂ ਅੰਗਦ ਸਾਹਿਬ ਜੀ, ਸ੍ਰੀ ਗੁਰੂ ਨਾਨਕ ਸਾਹਿਬ ਜੀ ਵੱਲੋਂ ਫ਼ਰਮਾਏ ਹੁਕਮ ਦੀ ਕਾਰ ਕਮਾ ਰਹੇ ਹਨ। ਗੁਰੂ ਦੇ ਹੁਕਮ ਨੂੰ ਕਮਾਉਣਾ ਅਲੂਣੀ ਸਿਲ ਚੱਟਣ ਵਾਂਗ ਹੈ। ਗੁਰੂ ਦਰਬਾਰ ਵਿਚ ਅਕਾਲ ਪੁਰਖ ਦੀ ਸਿਫ਼ਤ ਸਲਾਹ ਕਾਰਨ ਅਗੰਮੀ ਦੇਸ ਤੋਂ ਨੂਰ ਝਰ ਰਿਹਾ ਹੈ ਤੇ ਸਤਿਗੁਰਾਂ ਦੇ ਨੂਰਾਨੀ ਦੀਦਾਰਿਆਂ ਨਾਲ ਜਨਮਾਂ-ਜਨਮਾਂਤਰਾਂ ਦੀ ਮੈਲ ਕੱਟੀ ਜਾ ਰਹੀ ਹੈ। ਇਹ ਸਭ ਉਸ ਕਰਾਮਾਤ ਦਾ ਸਦਕਾ ਹੈ, ਜੋ ਸ੍ਰੀ ਗੁਰੂ ਅੰਗਦ ਸਾਹਿਬ ਨੇ ਸ੍ਰੀ ਗੁਰੂ ਨਾਨਕ ਸਾਹਿਬ ਦਾ ਹਰ ਹੁਕਮ ਮੰਨ ਕੇ ਕਮਾਈ। ਇਸ ਕਮਾਈ ਦੇ ਪਾਤਰ ਗੁਰੂ ਸਾਹਿਬ ਦੇ ਫਰਜ਼ੰਦ ਨਾ ਬਣ ਸਕੇ। ਇਸ ਪਦੇ ਵਿਚ ‘ਕੋ ਸਾਲੁ ਜਿਵਾਹੇ ਸਾਲੀ’ ਦੇ ਰੂਪਕ ਰਾਹੀਂ ਇਕ ਭੇਤ ਵੱਲ ਇਸ਼ਾਰਾ ਕੀਤਾ ਗਿਆ ਹੈ ਕਿ ‘ਜਿਵਾਹੇ’ ਭਾਵ ਜਿਵਾਹਾਂ ਦੀ ਬੂਟੀ ਬੇਟ ਦੇ ਇਲਾਕੇ ਵਿਚ ਉਸ ਥਾਂ ਉੱਗਦੀ ਹੈ, ਜਿਥੇ ਦਰਿਆਂ ਦੇ ਹੜ੍ਹਾਂ ਨਾਲ ਭਲ ਪੈ ਕੇ ਥਾਂ ਉੱਚੀ ਹੋ ਜਾਂਦੀ ਹੈ। ਪਰ ਵਰਖਾ ਦੀ ਰੁੱਤ ਵਿਚ ਇਹ ਬੂਟੀ ਆਪੇ ਹੀ ਸੜ੍ਹ ਜਾਂਦੀ ਹੈ। ਦੂਜੇ ਪਾਸੇ ‘ਸਾਲੀ’ ਜਾਂ ‘ਮੁੰਜੀ’, ਉਹ ਬੂਟੀ ਹੈ, ਜੋ ਨੀਵੇਂ ਥਾਂ ਪਲਦੀ ਹੈ ਤੇ ਪ੍ਰਵਾਨ ਚੜ੍ਹ ਜਾਂਦੀ ਹੈ। ਸ੍ਰੀ ਗੁਰੂ ਅੰਗਦ ਸਾਹਿਬ ਜੀ ਨਿਰਮਾਣਤਾ ਵਿੱਚੋਂ ਪੱਲਰ ਕੇ ਅੱਜ ਜੀਵ-ਆਤਮਾ ਤੇ ਪਰਮ-ਆਤਮਾ ਵਿਚਕਾਰ ਵਿਚੋਲਗਿਰੀ ਕਰ ਰਹੇ ਹਨ। ਉਨ੍ਹਾਂ ਦਾ ਹਰ ਬੋਲ ਪੁੱਗ ਰਿਹਾ ਹੈ। ਅੰਤਲੇ ਬੰਦ ਵਿਚ ਰਾਇ ਬਲਵੰਡ ਜੀ ਸ੍ਰੀ ਗੁਰੂ ਅੰਗਦ ਸਾਹਿਬ ਜੀ ਦੀ ਸੁਪਤਨੀ ਮਾਤਾ ਖੀਵੀ ਜੀ ਦੀ ਭਲੀ ਛਾਂ ਦਾ ਵਿਵਰਣ ਪੇਸ਼ ਕਰਦਿਆਂ, ਉਨ੍ਹਾਂ ਦੇ ਲੰਗਰ ਵਿਚ ਵੰਡੀਦੀ ‘ਖੀਰ ਘਿਆਲੀ’ ਯਾਨੀ ਦੁੱਧ ਘਿਉ ਦੇ ਅਤੁੱਟ ਵਰਤਾਰੇ ਦੀ ਮਹਿਮਾ ਗਾਉਂਦਾ ਹੈ। ਜੋ ਸਰੀਰਿਕ ਤੇ ਆਤਮਿਕ ਉੱਚਤਾ ਦੇ ਜ਼ਾਮਨ ਹਨ।
ਚੌਥੇ ਬੰਦ ਵਿਚ ਫਿਰ ਸ੍ਰੀ ਗੁਰੂ ਨਾਨਕ ਸਾਹਿਬ ਦੀ ਮਹਿਮਾ ਤੋਂ ਗੱਲ ਆਰੰਭ ਹੋਣੀ ਹੀ ਸਿੱਧ ਕਰਦੀ ਹੈ ਕਿ ਵਾਰ ਦਾ ਇਹ ਹਿੱਸਾ ਭਾਈ ਸੱਤੇ ਜੀ ਦੁਆਰਾ ਰਚਿਆ ਹੋਇਆ ਹੈ, ਜੋ ਮੁੱਢੋਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ ਤੋਂ ਆਪਣੀ ਗੱਲ ਆਰੰਭਦੇ ਹਨ। ਉਨ੍ਹਾਂ ਦੀ ਗੱਲ ਕਲਜੁਗੀ ਦੌਰ ਵਿਚ ਸਤਿਜੁਗੀ ਪ੍ਰਵਾਹ ਚਲਾਉਣ ਵਾਲੇ ਸ੍ਰੀ ਗੁਰੂ ਨਾਨਕ ਸਾਹਿਬ ਦੇ ਦਰ-ਘਰ ਦੀ ਮਹਿਮਾ ਤੋਂ ਆਰੰਭ ਹੁੰਦੀ ਹੈ, ਜਿਥੇ ਜਗਤ-ਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਉੱਚੀ ਸੁਰ ਵਿਚ ਸੱਚ ਦਾ ਹੋਕਾ ਦੇ ਕੇ ਝੂਠੇ ਜਗਤ ਵਿਚ ਮਾਨੋ ਉਲਟੀ ਗੰਗਾ ਵਹਾ ਰਹੇ ਹਨ। ਪੌਰਾਣਿਕ ਹਵਾਲੇ ਮੂਜਬ ਜਿਵੇਂ ਦੇਵਤਿਆਂ ਨੇ ਪਰਬਤ ਨੂੰ ਬਾਸ਼ਕ ਨਾਗ ਦਾ ਨੇਤ੍ਰਾ ਪਾ ਕੇ ਸਾਗਰ-ਮੰਥਨ ਕਰਦਿਆਂ 14 ਰਤਨ ਕੱਢ ਕੇ ਜਗਤ ਦਾ ਕਲਿਆਣ ਕੀਤਾ ਸੀ, ਉਵੇਂ ਹੀ ਸ੍ਰੀ ਗੁਰੂ ਨਾਨਕ ਸਾਹਿਬ ਨੇ ਸੁਮੇਰ ਜਿਹੀ ਉੱਚੀ-ਸੁਰਤਿ ਨੂੰ, ਮਧਾਣੀ ਪਾ ਕੇ, ਮਨ ਰੂਪੀ ਨਾਗ-ਰਾਜ ਬਾਸ਼ਕ ਦਾ ਨੇਤ੍ਰਾ ਪਾਇਆ ਅਤੇ ਉਸ ਨੂੰ ਕਾਬੂ ਕਰ ਕੇ ਸ਼ਬਦ-ਸਾਗਰ ਵਿੱਚੋਂ ਰੱਬੀ ਗੁਣਾਂ ਰੂਪੀ 14 ਰਤਨ ਕੱਢ ਕੇ ਆਵਾਗਉਣ ਸੰਸਾਰ ਨੂੰ ਸੁੱਖਾਂ ਦੀ ਮਣੀ ਨਾਲ ਲਿਸ਼ਕਾ ਦਿੱਤਾ। ਇਹ ਉਸ ਦੀ ਕੁਦਰਤ ਭਾਵ ਕਮਾਲ ਦੀ ਸਿਖ਼ਰ ਸੀ, ਜਦੋਂ ਉਸ ਨੇ ਭਾਈ ਲਹਿਣੇ ਦਾ ਮਨ ਜਿੱਤ ਕੇ ਆਪਣੇ ਬਰਾਬਰ ਕੀਤਾ ਤੇ ਉਸ ਦੇ ਸਿਰ ’ਤੇ ਗੁਰਿਆਈ ਦਾ ਛਤ੍ਰ ਝੁਲਾ ਦਿੱਤਾ। ਜੋਤੀ ਜੋਤਿ ਰਲਾਉਣ ਵਾਲੇ ਇਸ ਅਨੂਠੇ ਕਾਰਜ ਵੇਲੇ ਗੁਰੂ ਜੀ ਨੇ ਆਪਣੇ ਹੋਰ ਸਿੱਖਾਂ ਤੇ ਪੁੱਤਰਾਂ ਦੀ ਪਰਖ ਵੀ ਕੀਤੀ ਪਰ ਸਿਵਾ ਲਹਿਣੇ ਦੇ ਉਸ ਦੀ ਪਰਖ ਵਿਚ ਸਾਹਵੇਂ ਕੋਈ ਨਾ ਟਿਕਿਆ। ਫੇਰ ਫੇਰੂ ਮੱਲ ਦੇ ਪੁੱਤਰ ਨੇ ਖਡੂਰ ਵਸਾ ਕੇ ਨਾਮ ਬਾਣੀ ਦਾ ਪ੍ਰਵਾਹ ਅਗਾਂਹ ਤੋਰਿਆ। ਪਰ ਉਸ ਵਿਚ ਹਉਂ ਦੀ ਕਣੀ ਮਾਤਰ ਵੀ ਪ੍ਰਵੇਸ਼ ਨਾ ਕੀਤੀ। ਲੋਭ ਆਮ ਮਨੁੱਖਾਂ ਦਾ ਉਵੇਂ ਹੀ ਨਾਸ਼ ਮਾਰ ਦੇਂਦਾ ਹੈ, ਜਿਵੇਂ ਖੜ੍ਹੇ ਪਾਣੀ ਉੱਪਰ ਬੂਰ ਜੰਮ ਜਾਂਦਾ ਹੈ ਪਰ ਤੇਰੀ ਦਰਗਾਹ ਵਿਚ ਨਾਮ ਦੀ ਵਰਖਾ ਹੋਣ ਕਾਰਨ ਰੱਬੀ ਨੂਰ ਦੀਆਂ ਡਲਕਾਂ ਸਦੀਵੀ ਹਨ। ਤੂੰ ਠਰੇ ਜਲ ਭਾਵ ਸੀਤਲਤਾ ਦਾ ਅਜਿਹਾ ਸਾਗਰ ਹੈਂ, ਜਿਸ ਦੀ ਥਾਹ ਨਹੀਂ ਪਾਈ ਜਾ ਸਕਦੀ। ਨਉਂ ਨਿਧੀਆਂ ਤੁੱਲ ਨਾਮ ਰੂਪੀ ਖ਼ਜ਼ਾਨਾ ਤੇਰੇ ਹਿਰਦੇ ਵਿਚ ਭਰਿਆ ਪਿਆ ਹੈ। ਜੋ ਮਨੁੱਖ ਤੇਰੀ ਨਿੰਦਾ ਕਰਦਾ ਹੈ, ਉਹ ਆਤਮਕ ਮੌਤੇ ਮਰ ਜਾਂਦਾ ਹੈ।
ਭਾਈ ਸੱਤਾ ਜੀ ਦੇ ਇਹ ਕੌਲ ਡੂੰਘੇ ਪਛਤਾਵੇ ਦੀ ਉਪਜ ਹਨ ਜੋ ਪੰਜਵੀਂ ਪਉੜੀ ਤੱਕ ਨਿਰੰਤਰ ਹਨ। ਛੇਵੀਂ ਪਉੜੀ ਵਿਚ ਉਹ ਤੀਜੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਨੂੰ ਸ੍ਰੀ ਗੁਰੂ ਨਾਨਕ ਸਾਹਿਬ ਦੀ ਤੀਜੀ ਪੀੜ੍ਹੀ ਭਾਵ ਪੋਤਰੇ ਵਜੋਂ ਪਛਾਣਦਾ ਸਪੱਸ਼ਟ ਕਹਿੰਦਾ ਹੈ ਕਿ ਇਸ ਦੇ ਮੱਥੇ ਦਾ ਨੂਰ ਟਿੱਕਾ, ਬਹਿਣ ਵਾਲਾ ਤਖ਼ਤ ਅਤੇ ਦਰਬਾਰ ਦੀ ਸ਼ੋਭਾ ਹੂ-ਬ-ਹੂ ਦਾਦੇ ਸ੍ਰੀ ਗੁਰੂ ਨਾਨਕ ਸਾਹਿਬ ਨਾਲ ਮੇਲ ਖਾਂਦੀ ਹੈ। ਇਥੋਂ ਤਕ ਇਸ ਦੀ ਸੁਰਤਿ ਵੀ ਉਨੀ ਹੀ ਉੱਚੀ ਅਤੇ ਸਾਗਰ-ਮੰਥਨ ਕਰਕੇ 14 ਰਤਨ ਵਿਹਾਝਣ ਵਾਲੀ ਹੈ। ਉਸ ਕੋਲ ਸਹਿਜ ਅਵਸਥਾ ਦਾ ਘੋੜਾ ਅਤੇ ਜਤ-ਸਤ ਦੀ ਕਾਠੀ ਹੈ। ਸੱਚੇ-ਸੁੱਚੇ ਆਚਰਣ ਦਾ ਕਮਾਨ ਅਤੇ ਰੱਬੀ ਸਿਫ਼ਤਿ-ਸਾਲਾਹ ਦਾ ਤੀਰ ਹੈ। ਉਹ ਵਿਕਾਰੀ ਸੰਸਾਰ ਦੇ ਤਾਮਸਿਕ ਹਨੇਰੇ ਵਿਚ ਸਾਤਵਿਕ ਸੂਰਜ ਦੀਆਂ ਕਿਰਨਾਂ ਪ੍ਰਕਾਸ਼ਨ ਤੇ ਸਤਿ ਦੀ ਉੱਜੜੀ ਖੇਤੀ ਨੂੰ ਜਮਾਉਣ ਅਤੇ ਉਸ ਦੀ ਰਾਖੀ ਕਰਨਾ ਵਾਲਾ ਹੈ। ਉਸ ਦੀ ਰਸੋਈ ਵਿਚ ਵੀ ਰੋਜ਼ ਘਿਉ ਮੈਦੇ ਤੇ ਮਿੱਠੇ ਦੇ ਸੁਮਿਸ਼ਰਣ ਨਾਲ ਬਣਿਆ ਪ੍ਰਸ਼ਾਦ ਪਰੋਸਿਆ ਜਾਂਦਾ ਹੈ। ਉਸ ਦੀ ਬਖ਼ਸ਼ਿਸ਼ ਨਾਲ ਨਦਰੀ-ਨਦਰਿ ਨਿਹਾਲ ਹੋਏ ਮਨਾਂ ਵਿਚ ਨਾਮ ਟਿਕ ਜਾਂਦਾ ਹੈ ਤੇ ਆਵਾਗਉਣ ਮਿਟ ਜਾਂਦਾ ਹੈ। ਵਿਕਾਰ ਝੱਖੜਾਂ ਵਿਚ ਉਹ ਖ਼ੁਦ ਵੀ ਅਡੋਲ ਹੈ ਤੇ ਉਸਦੇ ਨਾਮ-ਲੇਵਾ ਵੀ। ਉਹ ਘਟ-ਘਟ ਦੀ ਵਿੱਥਿਆ ਜਾਨਣ ਵਾਲਾ ਹੈ। ਉਸ ਸੁੰਦਰ ਸੁਘੜ ਸੁਜਾਣ ਦੀ ਸਿਫ਼ਤ ਨਹੀਂ ਹੋ ਸਕਦੀ, ਬਸ ਉਸਦੀ ਰਜ਼ਾ ਵਿਚ ਰਾਜ਼ੀ ਰਹਿਣ ਵਿਚ ਹੀ ਭਲਾ ਹੈ। ਇਥੇ ਭਾਈ ਸੱਤੇ ਦੀ ਭਾਵਨਾ ਸਪੱਸ਼ਟ ਹੋ ਰਹੀ ਹੈ ਕਿ ਉਸ ਨੇ ਆਪਣੀ ਬੇਟੀ ਦੇ ਵਿਆਹ ਸਮੇਂ ਜੋ ਮੰਗ ਕੀਤੀ ਸੀ, ਉਸ ਦੀ ਮਨ ਇਛਿੱਤ ਪੂਰਤੀ ਨਾ ਹੋਣ ’ਤੇ ਜੋ ਵਕਤੀ ਨਰਾਜ਼ਗੀ ਉਪਜੀ ਸੀ, ਹੁਣ ਗੁਰੂ ਬਖ਼ਸ਼ਿਸ਼ ਸਦਕਾ ਦੂਰ ਹੋ ਚੁਕੀ ਹੈ। ਉਹ ਪਛਤਾਵੇ ਦੀ ਭਾਵਨਾ ਵਿੱਚੋਂ ਗੁਜ਼ਰ ਕੇ ਖ਼ੁਦ ਵੀ ਸਹਿਜ ਹੋ ਚੁੱਕਾ ਹੈ ਤੇ ਰਜ਼ਾ ਦੇ ਨੁਕਤੇ ਦੀ ਬਾਰੀਕੀ ਸਮਝ ਕੇ ਹੁਣ ਸਮੂਹ ਸੰਗਤ ਨੂੰ ਵੀ ਉਸ ਵਿਚਲੀ ਰਮਜ਼ ਬਿਆਨ ਰਿਹਾ ਹੈ। ਭਾਈ ਸੱਤਾ ਜੀ ਦਾ ਇਹ ਕਹਿਣਾ ਹੈ ਕਿ:
ਦਾਨੁ ਜਿ ਸਤਿਗੁਰ ਭਾਵਸੀ ਸੋ ਸਤੇ ਦਾਣੁ॥ (ਪੰਨਾ 968)
ਭਾਵ ਮੈਨੂੰ (ਸੱਤੇ) ਸਤਿਗੁਰ ਦੀ ਉਹ ਬਖ਼ਸ਼ਿਸ਼ ਭਾਉਂਦੀ ਹੈ, ਜੋ ਤੂੰ (ਸੱਤੇ ਨੂੰ) ਦਾਨ ਵਜੋਂ ਦਿੱਤੀ। ਇਥੇ ਉਹ ਪਹਿਲੀਆਂ ਤਿੰਨਾਂ ਪਾਤਸ਼ਾਹੀਆਂ ਦੀ ਸਿਫ਼ਤ ਕਰਦਾ ਸ੍ਰੀ ਗੁਰੂ ਰਾਮਦਾਸ ਜੀ ਦੀ ਉਸਤਤਿ ਵਿਚ ਇਹ ਬੋਲ ਉਚਾਰਦਾ ਹੈ ਕਿ:
ਨਾਨਕੁ ਤੂ ਲਹਣਾ ਤੂਹੈ ਗੁਰੁ ਅਮਰੁ ਤੂ ਵੀਚਾਰਿਆ॥
ਗੁਰੁ ਡਿਠਾ ਤਾਂ ਮਨੁ ਸਾਧਾਰਿਆ॥ (ਪੰਨਾ 968)
ਗੁਰੂ ਦੀ ਬਖ਼ਸ਼ਿਸ਼ ਨਾਲ ਸਾਧੇ ਹੋਏ ਮਨ ਵਿੱਚੋਂ ਹੀ ਉਹ ਇਸ ਵਾਰ ਦੀ ਅੰਤਲੀ ਪਉੜੀ ਉਚਾਰਦਾ ਸਪੱਸ਼ਟ ਕਰਦਾ ਹੈ ਕਿ ਚਾਰੇ ਪਾਤਸ਼ਾਹੀਆਂ ਆਪੋ-ਆਪਣੇ ਵੇਲੇ ਦੇ ਰੌਸ਼ਨ ਮੀਨਾਰ ਹੋਏ, ਜਿਨ੍ਹਾਂ ਵਿਚ ਅਕਾਲ ਪੁਰਖ ਪ੍ਰਤੱਖ ਵਰਤਿਆ ਤੇ ਕਲਿਜੁਗੀ ਜੀਵਾਂ ਦੇ ਉਧਾਰ ਲਈ ਨਰੋਏ ਪੂਰਨੇ ਪਾਏ। ਹੁਣ ਉਸੇ ਤਖ਼ਤ ’ਤੇ ਸ੍ਰੀ ਗੁਰੂ ਅਰਜਨ ਸਾਹਿਬ ਬਿਰਾਜਮਾਨ ਹੋ ਕੇ ਸੂਰਜ ਉੱਗਣ ਤੋਂ ਅਸਤਣ ਤਾਈਂ ਚਹੁੰ ਕੂੰਟਾਂ ਵਿਚ ਨਾਮ ਦਾ ਪ੍ਰਕਾਸ਼ ਫੈਲਾ ਰਹੇ ਹਨ। ਜੋ ਮਨਮੁੱਖਤਾ ਤਹਿਤ ਉਸ ਦੇ ਬਚਨ ਤੋਂ ਫਿਰੇ, ਉਹ ਆਤਮਕ ਮੌਤੇ ਮਰੇ। ਜਿਨ੍ਹਾਂ ਉਸ ਦਾ ਬੋਲ ਪੁਗਾਇਆ, ਉਸ ਦੀ ਬਖ਼ਸ਼ਿਸ਼ ਦੇ ਪਾਤਰ ਬਣੇ। ਉਸ ਦੀ ਵਡਿਆਈ ਨਿਰੰਤਰ ਚਹੁੰ ਕੂੰਟਾਂ ਵਿਚ ਫੈਲ ਰਹੀ ਹੈ। ਇਸ ਸ੍ਰਿਸ਼ਟੀ ਲਈ ਉਹ ਸੱਚੇ ਦੇ ਦਰ ਤੋਂ ਆਈ ਸੱਚੀ ਸੌਗਾਤ ਹੈ।
ਗਹੁ ਕਰੀਏ ਤਾਂ ਵਾਰ ਦੀ ਬਣਤਰ ਮੂਜਬ ਇਹ ਆਪਣੇ ਨਾਇਕ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਅਦੁੱਤੀ ਸ਼ਖ਼ਸੀਅਤ ਨੂੰ ਉਸਾਰਨ ਹਿੱਤ ਹਰੇਕ ਪਉੜੀ ਵਿਚ ਅਗੰਮੀ ਜੋਤ ਦੇ ਝਲਕਾਰਿਆਂ ਨੂੰ ਉਭਾਰਨ ਦੇ ਰੱਦੇ ਹੀ ਉਸਾਰੇ ਗਏ ਹਨ, ਜੋ ਅੰਤਲੀ ਅੱਠਵੀਂ ਪਉੜੀ ਵਿਚ ਆਪਣੀ ਸਿਖ਼ਰ ਨੂੰ ਪੁੱਜਦੇ ਹਨ। ਰਾਇ ਬਲਵੰਡ ਜੀ ਨੇ ਪਹਿਲੀਆਂ ਤਿੰਨਾਂ ਪਉੜੀਆਂ ਵਿਚ ਕੇਵਲ ਪਹਿਲੇ ਦੋ ਸਤਿਗੁਰਾਂ ਦੀ ਮਹਿਮਾ ਗਾਈ ਹੈ ਅਤੇ ਭਾਈ ਸੱਤਾ ਜੀ ਨੇ ਅਗਲੀਆਂ 4 ਪਉੜੀਆਂ ਵਿਚ ਚਹੁੰ ਸਤਿਗੁਰਾਂ ਦੀ, ਅੰਤਲੀ ਪਉੜੀ ਵਿਚ ਇਹ ਵਾਰ ਉਸ ਨਾਇਕ ਦੀ ਪ੍ਰਤਿਸ਼ਠਾ ਉਜਾਗਰ ਕਰਦੀ ਹੈ, ਜੋ ਅਜੇ ਜੱਗ-ਜ਼ਾਹਰ ਹੋ ਰਿਹਾ ਹੈ ਅਤੇ ਜਿਸ ਸ੍ਰੀ ਗੁਰੂ ਰਾਮਦਾਸ ਜੀ ਦੇ ਸਿੰਘਾਸਨ ’ਤੇ ਬਹਿਣ ਦਾ ਸ਼ਰਫ਼ ਹਾਸਲ ਹੋਇਆ ਹੈ।
ਲੇਖਕ ਬਾਰੇ
ਗੁਰਪੁਰਵਾਸੀ ਡਾ. ਜਤਿੰਦਰਪਾਲ ਸਿੰਘ ਜੌਲੀ(1960-2009) ਸਾਬਕਾ ਪ੍ਰੋਫ਼ੈਸਰ ਅਤੇ ਰੀਡਰ, ਪੰਜਾਬੀ ਅਧਿਐਨ ਸਕੂਲ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਸ੍ਰੀ ਅੰਮ੍ਰਿਤਸਰ ਤੇ ਇੱਕ ਮਸ਼ਹੂਰ ਕਵੀ ਉੱਘੇ ਲੇਖਕ ਸਨ।
- ਡਾ. ਜਤਿੰਦਰਪਾਲ ਸਿੰਘ ਜੌਲੀhttps://sikharchives.org/kosh/author/%e0%a8%a1%e0%a8%be-%e0%a8%9c%e0%a8%a4%e0%a8%bf%e0%a9%b0%e0%a8%a6%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%9c%e0%a9%8c%e0%a8%b2%e0%a9%80/August 1, 2009