ਭਾਈ ਕਾਨ੍ਹ ਸਿੰਘ ਜੀ (ਗੁਰਸ਼ਬਦ ਰਤਨਾਕਰ-ਮਹਾਨ ਕੋਸ਼) ਦੇ ਕਥਨ ਅਨੁਸਾਰ ਭਾਈ ਮਰਦਾਨਾ ਜੀ ਦਾ ਜਨਮ ਬੀਬੀ ਲੱਖੋ ਦੇ ਉਦਰ ਤੋਂ ਭਾਈ ਬਦਰੇ (ਮਿਰਾਸੀ) ਦੇ ਘਰ ਰਾਇ ਭੋਇ ਦੀ ਤਲਵੰਡੀ ਜ਼ਿਲ੍ਹਾ ਸ਼ੇਖੂਪਰਾ (ਪਾਕਿਸਤਾਨ) ਵਿਖੇ ਹੋਇਆ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਪਰਕ ਵਿਚ ਆਉਣ ਉਪਰੰਤ ਗੁਰੂ ਦਾ ਸਿੱਖ ਬਣਿਆ ਤੇ ‘ਭਾਈ’ ਪਦ ਦਾ ਅਧਿਕਾਰੀ ਹੋਇਆ। ਭਾਈ ਮਰਦਾਨਾ ਜੀ ਦੇਸ਼-ਦੇਸ਼ਾਂਤਰਾਂ ਵਿਚ ਜਗਤ-ਗੁਰੂ ਜੀ ਦੀ ਸੇਵਾ ਵਿਚ ਹਾਜ਼ਰ ਰਹਿ ਕੇ ਕੀਰਤਨ ਕਰਦੇ ਰਹੇ। ਗੁਰੂ ਬਾਬੇ ਦੇ ਬਗ਼ਦਾਦ ਜਾਣ ਦੀ ਸਾਖੀ ਆਉਂਦੀ ਹੈ। ਭਾਈ ਗੁਰਦਾਸ ਜੀ ਨੇ ਪਹਿਲੀ ਵਾਰ (ਪਉੜੀ 35) ਵਿਚ ਇਸ ਪਾਸੇ ਸੰਕੇਤ ਕੀਤਾ ਹੈ:
ਫਿਰਿ ਬਾਬਾ ਗਇਆ ਬਗਦਾਦਿ ਨੋ ਬਾਹਰਿ ਜਾਇ ਕੀਆ ਅਸਥਾਨਾ।
ਇਕੁ ਬਾਬਾ ਅਕਾਲ ਰੂਪੁ ਦੂਜਾ ਰਬਾਬੀ ਮਰਦਾਨਾ।
ਦਿਤੀ ਬਾਂਗਿ ਨਿਵਾਜਿ ਕਰਿ ਸੁੰਨਿ ਸਮਾਨਿ ਹੋਆ ਜਹਾਨਾ।
ਭਾਈ ਮਰਦਾਨਾ ਜੀ ਰਬਾਬ ਤੇ ਗੁਰੂ ਬਾਬੇ ਦਾ ਸ਼ਬਦ ਦੋਵੇਂ ਅਮਰ ਸਨ। ਇਹ ਸਾਧਨ ਸਨ, ਕਲਜੁਗ ਨੂੰ, ਕਲਿਜੁਗ ਦੇ ਹਨ੍ਹੇਰੇ ਨੂੰ ਅਤੇ ਮਨੁੱਖੀ ਭੈਅ ਨੂੰ ਦੂਰ ਕਰਨ ਦੇ। ‘ਪੁਰਾਤਨ ਜਨਮ ਸਾਖੀ’ ਵਿਚ ਆਉਂਦਾ ਹੈ ਕਿ ਕਲਿਜੁਗ ਗੁਰੂ ਬਾਬੇ ਨੂੰ ਮਨੁੱਖੀ ਰੂਪ ਵਿਚ ਮਿਲਣ ਆਇਆ, ਪਰ ਉਸ ਤੋਂ ਪਹਿਲਾਂ ਉਸ ਨੇ ਕਈ ਭਿਆਨਕ ਰੂਪ ਧਾਰੇ। ਪੁਰਾਤਨ ਜਨਮ ਸਾਖੀ ਵਿਚ ਇਸ ਪ੍ਰਕਾਰ ਆਉਂਦਾ ਹੈ:
“ਤਬਿ ਬਾਬਾ ਦੇਖੇ ਤਾਂ ਅੰਧੇਰੀ ਬਹੁਤ ਆਈ, ਦਰਖਤਿ ਲਗੇ ਉਡਣਿ। ਤਬ ਮਰਦਾਨਾ ਬਹੁਤ ਭੈ-ਮਾਨ ਹੋਇਆ, ਆਕਿਓ ਸੁ, ‘ਜੀਓ ਪਾਤਿਸਾਹ, ਆਣਿ ਉਜਾੜ ਵਿਚ ਪਾਇ ਮਾਰਿਓ, ਗੋਰ ਖਫਣਹੁ ਭੀ ਗਏ।’ ਤਬ ਗੁਰੂ ਬਾਬੇ ਕਹਿਆ ‘ਮਰਦਾਨਿਆ ਕਾਹੁਲਾ ਹੋਹੇ ਨਾਹੀਂ….।’ ‘ਲੰਮੀ ਨਦਰ’ ਰਚਿਤ ਡਾ. ਬਲਬੀਰ ਸਿੰਘ (ਰਬਾਬ) ਵਿਚ ਇਸ ਦਾ ਭਾਵ ਇਹ ਦੱਸਿਆ ਹੈ ਕਿ ਮਰਦਾਨੇ ਦਾ ਕਲਿਜੁਗ ਤੋਂ ਡਰਨਾ ਇਕ ਵਿਕਾਰਜਨਕ ਘਟਨਾ ਹੈ। ਮਰਦਾਨਾ ਕੀ ਆਖ ਤੇ ਡਰਨਾ ਕੀ ਆਖ, ਪਰ ਉਸ ਨੂੰ ਆਪਣੀ ਮਰਦਾਨਗੀ ਦਾ ਪਤਾ ਨਹੀਂ ਸੀ। ਉਹ ਆਪਣੀ ਸੂਰਮਤਾਈ ਦਾ ਸਾਖੀ ਨਹੀਂ ਸੀ। ਉਹ ਬਹਾਦਰ ਸੀ, ਮਰਦਾਨਾ ਸੀ, ਪਰ ਭੁੱਲ ਜਾਂਦਾ ਸੀ। ਉਸ ਕੋਲ ਉਹ ਵਿੱਦਿਆ ਸੀ, ਜਿਸ ਪ੍ਰਤਾਪ ਨਾਲ ਕਲਿਜੁਗ ਉੱਤੇ ਫਤਹਿ ਮਿਲ ਜਾਂਦੀ ਹੈ। ਕਲਿਜੁਗ ਵਿਚ ਕਮਜ਼ੋਰੀ ਹੈ। ਇਸ ਕਮਜ਼ੋਰੀ ਉੱਪਰ ਉਂਗਲ ਰੱਖਣ ਨਾਲ ਹੀ ਉਹ ਢਹਿ ਪੈਂਦਾ ਹੈ। ਇਹ ਗੱਲ ਦੁਨੀਆਂ ਭੁੱਲ ਗਈ ਸੀ। ਇਸ ਗੱਲ ਵਿਚ ਬਾਬਾ ਭਾਈ ਮਰਦਾਨੇ ਨੂੰ ਸੁਚੇਤ ਕਰਨ ਲਈ ਆਇਆ ਸੀ ਤੇ ਭਾਈ ਮਰਦਾਨਾ ਜੀ ਦੇ ਬਹਾਨੇ ਸਾਰੀ ਲੋਕਾਈ ਨੂੰ ਬਾਬੇ ਬਗੈਰ ਹੋਰ ਕੋਈ ਨਹੀਂ ਸੀ, ਜੋ ਇਸ ਭੇਦ ਨੂੰ ਉਸ ਜ਼ਮਾਨੇ ਵਿਚ ਪ੍ਰਗਟ ਕਰਦਾ। ਇਸ ਭੇਦ ਵਿਚ ਕਲਿਜੁਗ ਦੀ ਕਮਜ਼ੋਰੀ ਦਾ ਰਾਜ਼ ਛਿਪਿਆ ਹੋਇਆ ਸੀ ਜੋ ਉਨ੍ਹਾਂ ਪ੍ਰਗਟ ਕਰ ਦਿੱਤਾ:
ਕਲੀ ਕਾਲ ਮਹਿ ਇਕ ਕਲ ਰਾਖੀ॥
ਬਿਨੁ ਗੁਰ ਪੂਰੇ ਕਿਨੈ ਨ ਭਾਖੀ॥ (ਪੰਨਾ 1024)
ਇਹ ਕੀ ‘ਕਲ’ ਸੀ। ਗੁਰੂ ਅਮਰਦਾਸ ਜੀ ਨੇ ਏਸ ਗੱਲ ਨੂੰ ਖੋਲ੍ਹ ਦਿੱਤਾ। ਉਨ੍ਹਾਂ ਨੇ ਕਿਹਾ:
ਕਲਿ ਕੀਰਤਿ ਪਰਗਟੁ ਚਾਨਣੁ ਸੰਸਾਰਿ॥
ਗੁਰਮੁਖਿ ਕੋਈ ਉਤਰੈ ਪਾਰਿ॥ (ਪੰਨਾ 145)
ਇਹ ਭੇਤ ਕੀਰਤਨ ਦੇ ਚਾਨਣੁ ਨਾਲ ਪ੍ਰਤੱਖ ਹੁੰਦਾ ਹੈ। ਪਰ ਇਹ ਅਮੁੱਲ ਰਤਨ ਕਿਸੇ ਵਿਰਲੇ ਨੂੰ ਹੀ ਪ੍ਰਾਪਤ ਹੁੰਦਾ ਹੈ:
ਜਿਸ ਨੋ ਨਦਰਿ ਕਰੇ ਤਿਸੁ ਦੇਵੈ॥
ਨਾਨਕ ਗੁਰਮੁਖਿ ਰਤਨੁ ਸੋ ਲੇਵੈ॥ (ਪੰਨਾ 145)
ਇਹ ਭੇਤ ਗੁਰੂ ਬਾਬੇ ਨੇ ਭਾਈ ਮਰਦਾਨੇ ਨੂੰ ਦੱਸ ਦਿੱਤਾ ਤੇ ਕਿਹਾ, ਮਰਦਾਨਿਆ, ਰਬਾਬ ਫੜ ਤੇ ਸ਼ਬਦ ਦਾ ਕੀਰਤਨ ਕਰ। ਇਸ ’ਤੇ ਭਾਈ ਮਰਦਾਨਾ ਜੀ ਦਾ ਸਾਰਾ ਡਰ ਦੂਰ ਹੋ ਗਿਆ। ਕਲਿਜੁਗ ਉੱਡ-ਪੁੱਡ ਗਿਆ।
ਗੁਰੂ ਬਾਬੇ ਦੀ ਦੋਸਤੀ ਮਰਦਾਨਾ ਜੀ ਨਾਲ ਸੰਕੇਤ ਸੀ, ਸੁਰਤ ਤੇ ਸ਼ਬਦ ਦੇ ਮਿਲਾਪ ਦਾ। ਬਾਬਾ ਸ਼ਬਦ ਰੂਪ ਸੀ, ਭਾਈ ਮਰਦਾਨਾ ਸੁਰਤ ਸੀ। ਸੁਰਤ ਭੁੱਲ ਜਾਂਦੀ ਸੀ, ਕਲਿਜੁਗ ਆ ਜਾਂਦਾ ਸੀ। ਸੁਰਤ ਡਰ ਜਾਂਦੀ ਸੀ, ਸ਼ਬਦ ਦੀ ਤਾਰ ਟੁੱਟ ਜਾਂਦੀ ਸੀ, ਸ਼ੋਰ ਪਾਉਣ ਲੱਗ ਜਾਂਦੀ ਸੀ। ਬਾਬੇ ਨੇ ਭਾਈ ਮਰਦਾਨੇ ਨੂੰ ਇਹੋ ਗੱਲ ਸਮਝਾਈ ਕਿ ‘ਡਰ ਨਾ’ ਤੇ ਕਿਹਾ:
ਡਰੀਐ ਜੇ ਡਰੁ ਹੋਵੈ ਹੋਰੁ॥
ਡਰਿ ਡਰਿ ਡਰਣਾ ਮਨ ਕਾ ਸੋਰੁ॥ (ਪੰਨਾ 151)
ਗੁਰੂ ਨਾਨਕ ਸਾਹਿਬ ਦੀ ਦੋਸਤੀ ਭਾਈ ਮਰਦਾਨਾ ਜੀ ਨਾਲ ਕੋਈ ਮਾਇਆ ਦਾ ਸੰਬੰਧ ਨਹੀਂ ਸੀ। ਉਨ੍ਹਾਂ ਦੋਹਾਂ ਦੀ ਦੁਨੀਆਂ ਵੱਖਰੀ ਸੀ। ਉਹ ਹੁਨਰ ਦੇ ਘਰ ਵਿਚ ਇਕਸੁਰ ਸਨ। ਉਨ੍ਹਾਂ ਦਾ ਮਨ ਵੀ ਇਕਸੁਰ ਹੋ ਜਾਂਦਾ ਸੀ। ਉਨ੍ਹਾਂ ਦਾ ਸੰਬੰਧ ‘ਸੁਰ ਸਨਬੰਦ’ ਸੀ। ਫ਼ਰਕ ਕੇਵਲ ਇਤਨਾ ਸੀ ਕਿ ਗੁਰੂ ਨਾਨਕ ਸਾਹਿਬ ਸੁਰ ਤੋਂ ਉੱਪਰ ਉੱਠ ਜਾਂਦੇ ਸਨ। ਸ਼ਬਦ ਤੋਂ ਅਨਹਤ ਸ਼ਬਦ ਵੱਲ ਚਲੇ ਜਾਂਦੇ ਸਨ। ਹੁਨਰ ਤੋਂ ਉੱਠ ਕੇ ਸੁੰਨ ਵਿਚ ਪ੍ਰਵੇਸ਼ ਕਰਦੇ ਸਨ ਤੇ ਪਰਮ ਆਤਮਾ ਨਾਲ ਇਕਰੂਪ ਹੋ ਜਾਂਦੇ ਸਨ:
ਅਨਹਤ ਸੁੰਨਿ ਰਤੇ ਸੇ ਕੈਸੇ॥
ਜਿਸ ਤੇ ਉਪਜੇ ਤਿਸ ਹੀ ਜੈਸੇ॥ (ਪੰਨਾ 943)
ਗੁਰੂ ਨਾਨਕ ਸਾਹਿਬ ਨੇ ਇਸੇ ਅਨਹਤ ਸ਼ਬਦ ਨਾਲ ਭਾਈ ਮਰਦਾਨਾ ਜੀ ਦੇ ਮਨ ਨੂੰ ਬ੍ਰਹਮ ਨਾਲ ਇਕਸੁਰ ਕਰ ਦਿੱਤਾ ਸੀ। ਭਾਈ ਮਰਦਾਨਾ ਜੀ ਸੇਵਕ ਸਨ, ਸਿੱਖ ਸਨ, ਚੇਲਾ ਸਨ, ਰਬਾਬੀ ਸਨ, ਬਚਪਨ ਦੇ ਸਾਥੀ ਸਨ, ਪਰ ਜੋ ਕੁਝ ਵੀ ਸਨ, ਉਨ੍ਹਾਂ ਨੂੰ ਇਸ ਗੱਲ ਦਾ ਮਾਣ ਜ਼ਰੂਰ ਸੀ ਕਿ ਉਹ ਗੁਰੂ ਨਾਨਕ ਸਾਹਿਬ ਦੇ ਦੋਸਤ ਸਨ। ਗੁਰੂ ਨਾਨਕ ਸਾਹਿਬ ਵੀ ਉਨ੍ਹਾਂ ਨੂੰ ਜੀਵਨ ਸਾਥੀ ਸਮਝਦੇ ਸਨ। ਭਾਈ ਮਰਦਾਨਾ ਜੀ ਨਾਲ ਇਥੇ ਗੁਰੂ ਨਾਨਕ ਸਾਹਿਬ ਦਾ ਦਿਲ ਇਕਸੁਰ ਹੋ ਚੁੱਕਾ ਸੀ:
ਜੋ ਦਿਲਿ ਮਿਲਿਆ ਸੁ ਮਿਲਿ ਰਹਿਆ ਮਿਲਿਆ ਕਹੀਐ ਰੇ ਸੋਈ॥ (ਪੰਨਾ 725)
ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨਾ ਜੀ ਨੂੰ ਦੋਸਤੀ ਲਈ ਇਕ ਨੀਵੀਂ ਜਾਤ ’ਚੋਂ ਚੁਣਿਆ ਤੇ ਗੁਰੂ ਨਾਨਕ ਸਾਹਿਬ ਨੀਚੋਂ ਊਚ ਕਰਨ ਵਾਲੇ ਗੋਬਿੰਦ ਸਨ। ਗੁਰੂ ਨਾਨਕ ਸਾਹਿਬ ਨੇ ਕਲਿਜੁਗ ਵਿਚ ਨਾਮ ਕੀਰਤਨ ਨੂੰ ਸੁਰਜੀਤ ਕੀਤਾ, ਜਿਸ ਨੇ ਸਭ ਦਾ ਉਧਾਰ ਕੀਤਾ। ਸ੍ਰੀ ਗੁਰੂ ਰਾਮਦਾਸ ਜੀ ਦਾ ਵਾਕ ਹੈ:
ਚਾਰਿ ਬਰਨ ਚਾਰਿ ਆਸ੍ਰਮ ਹੈ ਕੋਈ ਮਿਲੈ ਗੁਰੂ ਗੁਰ ਨਾਨਕ ਸੋ ਆਪਿ ਤਰੈ ਕੁਲ ਸਗਲ ਤਰਾਧੋ॥ (ਪੰਨਾ 1297)
ਭਾਈ ਮਰਦਾਨਾ ਜੀ ਨੇ ਅਖ਼ੀਰ ਤਕ ਗੁਰੂ ਨਾਨਕ ਸਾਹਿਬ ਜੀ ਦਾ ਸਾਥ ਦਿੱਤਾ। ਭਾਈ ਮਰਦਾਨਾ ਜੀ ਦੇ ਅੰਤ ਬਾਰੇ ਕਈ ਖ਼ਿਆਲ ਹਨ, ਕਈ ਵੱਖ-ਵੱਖ ਰਾਵਾਂ ਹਨ, ਪਰ ਇਸ ਗੱਲ ਨਾਲ ਕਿ ਗੁਰੂ ਨਾਨਕ ਸਾਹਿਬ ਨੇ ਉਸ ਪਾਰਬ੍ਰਹਮ ਨਾਲ ਅਭੇਦ ਕਰ ਦਿੱਤਾ, ਕਿਸੇ ਨੂੰ ਮੱਤਭੇਦ ਨਹੀਂ। ਮੈਕਾਲਿਫ਼ ਨੇ “ਸਿੱਖ ਰਿਲੀਜ਼ਨ’ ਵਿਚ ਇਸ ਬਾਰੇ ਇਸ ਪ੍ਰਕਾਰ ਲਿਖਿਆ ਹੈ:
“ਗੁਰੂ ਜੀ ਨੇ ਮਰਦਾਨੇ ਨੂੰ ਕਿਹਾ, ‘ਬ੍ਰਾਹਮਣ ਦੀ ਦੇਹੀ ਜਲ ਪ੍ਰਵਾਹ ਕੀਤੀ ਜਾਂਦੀ ਹੈ, ਖੱਤਰੀ ਦੀ ਅੱਗ ਵਿਚ ਸਾੜੀ ਜਾਂਦੀ ਹੈ, ਵੈਸ਼ ਦੀ ਪੌਣ ਵਿਚ ਸੁੱਟੀ ਜਾਂਦੀ ਹੈ ਅਤੇ ਸ਼ੂਦਰ ਦੀ ਦਬਾਈ ਜਾਂਦੀ ਹੈ। ਤੇਰੀ ਦੇਹੀ ਦਾ ਜਿਸ ਤਰ੍ਹਾਂ ਤੂੰ ਕਹੇਂ, ਤੇਰੀ ਇੱਛਾ ਅਨੁਸਾਰ, ਅੰਤਮ ਸਸਕਾਰ ਕੀਤਾ ਜਾਵੇਗਾ।’ ਭਾਈ ਮਰਦਾਨੇ ਨੇ ਉੱਤਰ ਦਿੱਤਾ, ‘ਮਹਾਰਾਜ! ਤੁਹਾਡੇ ਉਪਦੇਸ਼ ਨਾਲ ਮੇਰਾ ਦੇਹ ਅਭਿਮਾਨ ਉੱਕਾ ਹੀ ਨਾਸ ਹੋ ਗਿਆ ਹੈ। ਚੌਹਾਂ ਵਰਣਾਂ ਦੀਆਂ ਦੇਹੀਆਂ ਦੇ ਅੰਤਮ ਸੰਸਕਾਰ ਦੇ ਢੰਗ ਵੀ ਹੰਕਾਰ ਨਾਲ ਸੰਬੰਧ ਰੱਖਦੇ ਹਨ। ਮੈਂ ਤਾਂ ਆਪਣੀ ਆਤਮਾ ਨੂੰ ਕੇਵਲ ਆਪਣੇ ਸਰੀਰ ਦਾ ਸਾਖੀ ਸਮਝਦਾ ਹਾਂ। ਅਤੇ ਮੈਨੂੰ ਦੇਹੀ ਦਾ ਖਿਆਲ ਹੀ ਨਹੀਂ। ਮਹਾਰਾਜ ਜਿਵੇਂ ਇੱਛਾ ਹੋਵੇ, ਤਿਵੇਂ ਹੀ ਕਰੋ।’ ਤਦ ਗੁਰੂ ਬਾਬੇ ਨੇ ਕਿਹਾ, ‘ਤੇਰੀ ਸਮਾਧੀ ਬਣਾ ਕੇ ਤੈਨੂੰ ਜਗਤ ਵਿਚ ਮਸ਼ਹੂਰ ਕਰ ਦੇਈਏ?’ ਭਾਈ ਮਰਦਾਨੇ ਨੇ ਕਿਹਾ, ‘ਮਹਾਰਾਜ! ਜਦ ਮੇਰੀ ਆਤਮਾ ਸਰੀਰ ਰੂਪੀ ਸਮਾਧ ਵਿੱਚੋਂ ਨਿਕਲ ਜਾਵੇਗੀ ਤਾਂ ਉਸ ਨੂੰ ਫਿਰ ਪੱਥਰ ਜਾਂ ਇੱਟਾਂ ਗਾਰੇ ਦੀ ਸਮਾਧ ਵਿਚ ਕਿਉਂ ਬੰਦ ਕਰਦੇ ਹੋ?’ ਗੁਰੂ ਜੀ ਨੇ ਕਿਹਾ, ‘ਮਰਦਾਨਿਆ! ਤੂੰ ਬ੍ਰਹਮ ਨੂੰ ਪਛਾਣ ਲਿਆ ਹੈ, ਅੰਮ੍ਰਿਤ ਵੇਲੇ ਉਸ ਦੀ ਆਤਮਾ ਬ੍ਰਹਮ ਵਿਚ ਜਾ ਮਿਲੀ। ਗੁਰੂ ਜੀ ਨੇ ਆਪਣੇ ਕਰ-ਕਮਲਾਂ ਨਾਲ ਸਿੱਖ ਸੇਵਕਾਂ ਦੀ ਸਹਾਇਤਾ ਨਾਲ ਭਾਈ ਮਰਦਾਨੇ ਦੀ ਦੇਹ ਦਾ ਅੰਤਿਮ ਸੰਸਕਾਰ ਕਰ ਦਿੱਤਾ। ਫਿਰ ਸੋਹਿਲੇ ਦਾ ਪਾਠ ਕੀਤਾ ਅਤੇ ਕੜਾਹ ਪ੍ਰਸ਼ਾਦਿ ਵਰਤਾਇਆ”।
ਕਿਸ ਨੂੰ ਨਸੀਬ ਹੁੰਦਾ ਹੈ ਅਜਿਹਾ ਅੰਤ ਕਿ ਉਸ ਦੀ ਦੇਹ ਨੂੰ ਦੋ ਜਹਾਨ ਦਾ ਵਾਲੀ ਪਾਤਸ਼ਾਹ ਆਪਣੇ ਹਸਤ ਕਮਲਾਂ ਨਾਲ ਜਲਧਾਰਾ ਸਪੁਰਦ ਕਰੇ। ਭਾਗਾਂ ਵਾਲਾ ਸੀ ਭਾਈ ਮਰਦਾਨਾ। ਆਖ਼ਰ ਗੁਰੂ ਨਾਨਕ ਸਾਹਿਬ ਦਾ ਜੀਵਨ ਭਰ ਸਾਥੀ ਰਿਹਾ ਸੀ, ਦੋਸਤ ਸੀ, ਸਖਾ ਸੀ। ਗੁਰੂ ਨਾਨਕ ਸਾਹਿਬ ਆਪ ਸੱਚੇ ਦਰਬਾਰ ਦੇ ਢਾਡੀ ਸਨ ਤੇ ਭਾਈ ਮਰਦਾਨਾ ਜੀ ਉਨ੍ਹਾਂ ਦੇ ਰਬਾਬੀ। ਗੁਰੂ ਨਾਨਕ ਸਾਹਿਬ ਦੀ ਦੋਸਤੀ ਦਾ ਮਾਣ ਉਨ੍ਹਾਂ ਨੂੰ ਪ੍ਰਾਪਤ ਸੀ। ਉਨ੍ਹਾਂ ਦਾ ਜੰਮਣ-ਮਰਨ ਕੱਟਿਆ ਗਿਆ:
ਗੁਰਮੁਖ ਸਉ ਕਰਿ ਦੋਸਤੀ ਸਤਿਗੁਰ ਸਉ ਲਾਇ ਚਿਤੁ॥
ਜੰਮਣ ਮਰਣ ਕਾ ਮੂਲੁ ਕਟੀਐ ਤਾਂ ਸੁਖੁ ਹੋਵੀ ਮਿਤ॥ (ਪੰਨਾ 1421)
ਭਾਈ ਕਾਨ੍ਹ ਸਿੰਘ ਜੀ ‘ਮਹਾਨਕੋਸ਼’ ਵਿਚ ਲਿਖਦੇ ਹਨ ਕਿ ਭਾਈ ਮਰਦਾਨਾ ਜੀ ਦਾ ਅੰਤ ਅਫਗਾਨਿਸਤਾਨ ਵਿਚ ਦਰਿਆ ਕੁੱਰਮ ਕੰਢੇ ਹੋਇਆ। ਮੈਕਾਲਿਫ ਤੇ ਹੋਰ ਕਈ ਇਤਿਹਾਸਕਾਰ ਭਾਈ ਮਰਦਾਨਾ ਜੀ ਦਾ ਅੰਤ ਕਰਤਾਰਪੁਰ ਵਿਖੇ ਦਰਿਆ ਰਾਵੀ ਦੇ ਕੰਢੇ ਹੋਇਆ ਦੱਸਦੇ ਹਨ। ਮੈਕਾਲਿਫ ਅਨੁਸਾਰ ਗੁਰੂ ਨਾਨਕ ਸਾਹਿਬ ਨੇ ਅੰਤ ਵੇਲੇ ਭਾਈ ਮਰਦਾਨਾ ਜੀ ਦੇ ਸਪੁੱਤਰ ਸ਼ਾਹਜ਼ਾਦੇ ਤੇ ਦੂਜੇ ਸਾਕਾਂ ਸਨਬੰਧੀਆਂ ਨੂੰ ਬੁਲਾਇਆ ਤੇ ਕਿਹਾ, ‘ਰੋਣਾ ਬਿਲਕੁਲ ਨਹੀਂ, ਸਗੋਂ ਮੰਗਲਮਈ ਵਕਤ ਹੈ’ (ਗਿਆਨ ਰਤਨਾਵਲੀ)। ਕਹਿੰਦੇ ਹਨ, ਸ਼ਾਹਜ਼ਾਦਾ ਗੁਰੂ ਸਾਹਿਬ ਦੇ ਬਾਕੀ ਦੇ ਸਾਲਾਂ ਵਿਚ ਉਨ੍ਹਾਂ ਨਾਲ ਕਰਤਾਰਪੁਰ ਹੀ ਰਿਹਾ ਤੇ ਨਿਰੰਤਰ ਕੀਰਤਨ ਕਰਦਾ ਰਿਹਾ।
ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨਾ ਜੀ ਦੇ ਵਿਛੋੜੇ ਨੂੰ ਕਿਵੇਂ ਮਹਿਸੂਸ ਕੀਤਾ, ਕੌਣ ਦੱਸ ਸਕਦਾ ਹੈ, ਪਰ ਅਨੁਭਵ ਨਾਲ ਕਿਹਾ ਜਾ ਸਕਦਾ ਹੈ ਕਿ ਭਾਈ ਮਰਦਾਨਾ ਜੀ ਦੀ ਦੇਹ ਨਿਰਜਿੰਦ ਪਈ ਹੈ, ਕੋਲ ਰਬਾਬ ਹੈ ਤੇ ਗੁਰੂ ਨਾਨਕ ਸਾਹਿਬ ਕਹਿ ਰਹੇ ਹਨ:
ਤੂਟੀ ਤੰਤੁ ਰਬਾਬ ਕੀ ਵਾਜੈ ਨਹੀ ਵਿਜੋਗਿ॥ (ਪੰਨਾ 934)
ਤੇ ਇਸ ਵਿਛੋੜੇ ਦੀ ਸ਼ਿੱਦਤ ਨੂੰ ਘਟਾਉਣ ਲਈ ਗੁਰੂ ਨਾਨਕ ਸਾਹਿਬ ਕਹਿ ਰਹੇ ਹਨ:
ਜੋ ਉਸਾਰੇ ਸੋ ਢਾਹਸੀ ਤਿਸੁ ਬਿਨੁ ਅਵਰੁ ਨ ਕੋਇ॥
ਗੁਰ ਪਰਸਾਦੀ ਤਿਸੁ ਸੰਮ੍ਲਾ ਤਾ ਤਨਿ ਦੂਖੁ ਨ ਹੋਇ॥ (ਪੰਨਾ 934)
ਡਾ. ਬਲਬੀਰ ਸਿੰਘ (ਲੰਮੀ ਨਦਰ) ਦੇ ਸ਼ਬਦਾਂ ਵਿਚ ਕੀ ਭਾਈ ਮਰਦਾਨਾ ਰਬਾਬੀ ਸੀ? ਨਹੀਂ, ਉਹ ਆਪ ਰਬਾਬ ਹੀ ਸੀ, ਉਸ ਦੀ ਦੇਹ ਰਬਾਬ ਦੀ ਤਾਰ ਸੀ, ਉਸ ਦਾ ਮਰਨਾ ਕੇਵਲ ਰਬਾਬ ਦੀ ਤਾਰ ਟੁੱਟਣੀ ਸੀ। ਰਬਾਬ ਸਾਬਤ ਹੈ। ਚਾਹੇ ਤਾਰ ਟੁੱਟਣ ਕਰਕੇ ਵੱਜਦੀ ਨਹੀਂ। ਪਰ ਤਾਰ ਦਾ ਟੁੱਟਣਾ ਤਾਂ ਮਾਮੂਲੀ ਗੱਲ ਹੈ:
ਤੂਟੀ ਤੰਤੁ ਰਬਾਬ ਕੀ ਵਾਜੈ ਨਹੀ ਵਿਜੋਗਿ॥
ਵਿਛੁੜਿਆ ਮੇਲੈ ਪ੍ਰਭੂ ਨਾਨਕ ਕਰਿ ਸੰਜੋਗ॥ (ਪੰਨਾ 934)
ਭਾਈ ਮਰਦਾਨਾ ਰਬਾਬ ਰੂਪ ਹੋ ਕੇ ਵੱਜ ਗਿਆ ਸੀ। ਉਸ ਦਾ ਕੀਰਤਨ ਜੁੱਗ ਪਲਟਾ ਗਿਆ ਸੀ। ਉਸ ਦੀ ਰਬਾਬ ਤੇ ਗੁਰੂ ਨਾਨਕ ਸਾਹਿਬ ਦੇ ਸ਼ਬਦ ਨੇ ਕਲਿਜੁਗ ਨੂੰ ਸਤਿਜੁਗ ਬਣਾ ਦਿੱਤਾ ਸੀ। ਭਾਈ ਮਰਦਾਨਾ ਜੀ ਦੀ ਰਬਾਬ ਵਿਚ ਇਕ ਵਿਸ਼ੇਸ਼ ਪੜਦਾ (ਧੁਨਿ) ਸੀ। ਇਹ ਪੜਦਾ ਅਨਹਦ ਦੀ ਗਤਿ ਨਾਲ ਸੁਰ ਅਭੇਦ ਹੋ ਕੇ ਵੱਜ ਉੱਠਦਾ ਸੀ, ਨਹੀਂ ਸਗੋਂ ਅਨਹਦ ਸ਼ਬਦ ਹੀ ਏਸ ਰਬਾਬ ਨੂੰ ਵਜਾਉਣ ਹਾਰਾ ਸੀ: ਰਬਾਬੁ ਪਖਾਵਜ ਤਾਲ ਘੁੰਘਰੂ ਅਨਹਦ ਸਬਦੁ ਵਜਾਵੈ॥ (ਪੰਨਾ 381)
ਗੁਰੂ ਨਾਨਕ ਸਾਹਿਬ ਨੂੰ ਭਾਈ ਮਰਦਾਨਾ ਜੀ ਕਿੰਨੇ ਕੁ ਪਿਆਰੇ ਸਨ, ਇਸ ਦਾ ਅਨੁਮਾਨ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਆਪਣੇ ਪਿਆਰੇ ਦੋਸਤ, ਜੀਵਨ ਸਾਥੀ ਨੂੰ (ਬਿਹਾਗੜੇ ਕੀ ਵਾਰ ਮ: 4) ਤਿੰਨ ਸਲੋਕ ਸਮਰਪਣ ਕੀਤੇ ਹਨ।
ਸਲੋਕੁ ਮਰਦਾਨਾ 1॥
ਕਲਿ ਕਲਵਾਲੀ ਕਾਮੁ ਮਦੁ ਮਨੂਆ ਪੀਵਣਹਾਰੁ॥
ਕ੍ਰੋਧ ਕਟੋਰੀ ਮੋਹਿ ਭਰੀ ਪੀਲਾਵਾ ਅਹੰਕਾਰੁ॥
ਮਜਲਸ ਕੂੜੇ ਲਬ ਕੀ ਪੀ ਪੀ ਹੋਇ ਖੁਆਰੁ॥
ਕਰਣੀ ਲਾਹਣਿ ਸਤੁ ਗੁੜੁ ਸਚੁ ਸਰਾ ਕਰਿ ਸਾਰੁ॥
ਗੁਣ ਮੰਡੇ ਕਰਿ ਸੀਲੁ ਘਿਉ ਸਰਮੁ ਮਾਸੁ ਆਹਾਰੁ॥
ਗੁਰਮੁਖਿ ਪਾਈਐ ਨਾਨਕਾ ਖਾਧੈ ਜਾਹਿ ਬਿਕਾਰ॥1॥ ਮਰਦਾਨਾ 1॥
ਕਾਇਆ ਲਾਹਣਿ ਆਪੁ ਮਦੁ ਮਜਲਸ ਤ੍ਰਿਸਨਾ ਧਾਤੁ॥
ਮਨਸਾ ਕਟੋਰੀ ਕੂੜਿ ਭਰੀ ਪੀਲਾਏ ਜਮਕਾਲੁ॥
ਇਤੁ ਮਦਿ ਪੀਤੈ ਨਾਨਕਾ ਬਹੁਤੇ ਖਟੀਅਹਿ ਬਿਕਾਰ॥
ਗਿਆਨੁ ਗੁੜੁ ਸਾਲਾਹ ਮੰਡੇ ਭਉ ਮਾਸੁ ਆਹਾਰੁ॥
ਨਾਨਕ ਇਹੁ ਭੋਜਨੁ ਸਚੁ ਹੈ ਸਚੁ ਨਾਮੁ ਆਧਾਰੁ॥2॥
ਕਾਂਯਾਂ ਲਾਹਣਿ ਆਪੁ ਮਦੁ ਅੰਮ੍ਰਿਤ ਤਿਸ ਕੀ ਧਾਰ॥
ਸਤਸੰਗਤਿ ਸਿਉ ਮੇਲਾਪੁ ਹੋਇ ਲਿਵ ਕਟੋਰੀ ਅੰਮ੍ਰਿਤ ਭਰੀ ਪੀ ਪੀ ਕਟਹਿ ਬਿਕਾਰ॥3॥ (ਪੰਨਾ 553)
ਇਸ ਤਰ੍ਹਾਂ ਭਾਈ ਮਰਦਾਨਾ ਜੀ ਪ੍ਰਤੀਕ ਹਨ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਗ-ਸਾਥ ਦਾ, ਮਰਦਾਨਗੀ ਦਾ, ਨਿਰਭੈਤਾ ਦਾ, ਜੋ ਉਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਦੀ ਸੰਗਤਿ ਤੋਂ ਪ੍ਰਾਪਤ ਹੋਈ। ਸੁਰਤ ਦਾ, ਆਤਮਾ ਦਾ ਤੇ ਗੁਰਬਾਣੀ ਦੇ ਅਲਾਪ ਦਾ, ਜਿਸ ਦਾ ਗੁਰਮਤਿ ਸਾਹਿਤ ਵਿਚ, ਸਿੱਖ ਇਤਿਹਾਸ ਵਿਚ ਤੇ ਸੰਸਾਰ-ਯਾਤਰਾ ਦੀ ਅਮਰ ਗਾਥਾ ਵਿਚ ਵਿਸ਼ੇਸ਼ ਮਹੱਤਵਪੂਰਨ ਅਸਥਾਨ ਹੈ, ਜਿਸ ਨੂੰ ਕੋਈ ਵੀ ਗੁਰੂ ਬਾਬੇ ਦਾ ਅਨੁਯਾਈ ਅੱਖੋਂ ਓਹਲੇ ਨਹੀਂ ਕਰ ਸਕਦਾ। ਨਿਰਸੰਦੇਹ ਭਾਈ ਮਰਦਾਨਾ ਜੀ ਸਮੁੱਚੇ ਸਿੱਖ-ਜਗਤ ਦੇ ਮਾਨ-ਸਤਿਕਾਰ ਦੇ ਪਾਤਰ ਹਨ, ਉਨ੍ਹਾਂ ਅੱਗੇ ਸਾਡਾ ਸਭਨਾਂ ਦਾ ਸੀਸ ਝੁਕ ਜਾਂਦਾ ਹੈ।
ਲੇਖਕ ਬਾਰੇ
ਪ੍ਰਸਿਧ ਪੰਜਾਬੀ ਸਾਹਿਤਕਾਰ ਅਤੇ ਵਿਦਵਾਨ ਅਧਿਆਪਕ ਡਾ. ਜੀਤ ਸਿੰਘ ਸੀਤਲ (1911-1987) ਪੰਜਾਬੀ ਖੋਜ ਸਾਹਿਤ ਦੇ ਖੇਤਰ ਦਾ ਸਥਾਪਤ ਨਾਮ ਹੈ। ਉਹ ਪੰਜਾਬੀ ਸਾਹਿਤ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿੱਚ ਪ੍ਰੋਫ਼ੈਸਰ ਤੇ ਮੁਖੀ(1973 ਤੋਂ 1978) ਰਹੇ ਹਨ। ਉਹਨਾਂ ਦਾ ਮੌਲਿਕ ਲੇਖਣ, ਅਨੁਵਾਦ ਅਤੇ ਸੰਪਾਦਨ ਦਾ ਕੰਮ ਵੱਡੇ ਪਧਰ ਤੇ ਕੀਤਾ ਮਿਲਦਾ ਹੈ। ਪੰਜਾਬੀ ਦੇ ਨਾਲ ਨਾਲ ਉਰਦੂ ਅਤੇ ਫ਼ਾਰਸੀ ਭਾਸ਼ਾਵਾਂ ਉੱਤੇ ਵੀ ਉਹਨਾਂ ਨੂੰ ਚੰਗੀ ਮੁਹਾਰਤ ਪ੍ਰਾਪਤ ਸੀ।
ਲੈਕਚਰਾਰ: ਸਿਖ ਨੈਸ਼ਨਲ ਕਾਲਜ ਲਾਹੌਰ (1938-1940)
ਦਿਆਲ ਸਿੰਘ ਕਾਲਜ ਲਾਹੌਰ (1940-1946)
ਰਣਬੀਰ ਕਾਲਜ ਸੰਗਰੂਰ (1947-1952)
ਰਾਜਿੰਦਰਾ ਕਾਲਜ ਬਠਿੰਡਾ (1952-1953)
ਸਹਾਇਕ ਡਇਰੇਕਟਰ ਪੰਜਾਬੀ ਮਹਿਕਮਾ ਪੈਪਸੂ (1953-1960)
ਡਇਰੈਕਟਰ ਭਾਸ਼ਾ ਵਿਭਾਗ ਪੰਜਾਬ (1960-1965)[1]
ਰੀਡਰ ਪੰਜਾਬੀ ਯੂਨੀਵਰਸਟੀ ਪਟਿਆਲਾ (1960-1965)
ਹੈਡ ਪੰਜਾਬੀ ਸਾਹਿਤ ਅਧਿਐਨ ਵਿਭਾਗ ਪੰਜਾਬੀ ਯੂਨੀਵਰਸਟੀ ਪਟਿਆਲਾ (1965-1973) ਅਤੇ (1973-1978)
- ਹੋਰ ਲੇਖ ਉਪਲੱਭਧ ਨਹੀਂ ਹਨ