editor@sikharchives.org
Har Kirtan

ਹਰਿ ਕੀਰਤਨ

ਕੀਰਤਨ ਭਟਕਣਾ ਨੂੰ ਮਿਟਾ ਕੇ ਇਕਾਗਰਤਾ ਪ੍ਰਦਾਨ ਕਰਦਾ ਹੈ
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਮਨ ਮਹਿ ਚਿਤਵਉ ਚਿਤਵਨੀ ਉਦਮੁ ਕਰਉ ਉਠਿ ਨੀਤ॥
ਹਰਿ ਕੀਰਤਨ ਕਾ ਆਹਰੋ ਹਰਿ ਦੇਹੁ ਨਾਨਕ ਕੇ ਮੀਤ॥ (ਪੰਨਾ 519)

ਸਾ ਰਸਨਾ ਧਨੁ ਧੰਨੁ ਹੈ ਮੇਰੀ ਜਿੰਦੁੜੀਏ ਗੁਣ ਗਾਵੈ ਹਰਿ ਪ੍ਰਭ ਕੇਰੇ ਰਾਮ॥
ਤੇ ਸ੍ਰਵਨ ਭਲੇ ਸੋਭਨੀਕ ਹਹਿ ਮੇਰੀ ਜਿੰਦੁੜੀਏ ਹਰਿ ਕੀਰਤਨੁ ਸੁਣਹਿ ਹਰਿ ਤੇਰੇ ਰਾਮ॥ (ਪੰਨਾ 540)

ਵਡਭਾਗੀ ਹਰਿ ਕੀਰਤਨੁ ਗਾਈਐ॥
ਪਾਰਬ੍ਰਹਮ ਤੂੰ ਦੇਹਿ ਤ ਪਾਈਐ॥ (ਪੰਨਾ 196)

‘ਕੀਰਤਨ’ ਦੀ ਪਰੰਪਰਾ ਓਨੀ ਹੀ ਪੁਰਾਣੀ ਹੈ, ਜਿੰਨਾ ਪੁਰਾਣਾ ਸਿੱਖ ਪੰਥ ਆਪ ਹੈ। ਕੀਰਤਨ ਦਾ ਸਿੱਖੀ ਵਿਚ ਵਿਸ਼ੇਸ਼ ਸਥਾਨ ਹੈ। ਕੀਰਤਨ ਸਿੱਖੀ ਦਾ ਕੇਂਦਰੀ ਧੁਰਾ ਹੈ। ਕੀਰਤਨ ਅੰਮ੍ਰਿਤ ਦੀ ਉਹ ਵਰਖਾ ਹੈ, ਜਿਸ ਦੀ ਸਿੰਚਾਈ ਨਾਲ ਸਿੱਖੀ ਦਾ ਰੁੱਖ ਚੰਦਨ ਦੀ ਤਰ੍ਹਾਂ ਸੁਗੰਧਤ ਹੋ ਕੇ ਫਲਦਾ-ਫੁਲਦਾ ਹੈ। ਕੀਰਤਨ ਦੀ ਸ਼ਾਸਵਤ ਵ੍ਰਸ਼ਟੀ ਦੇ ਕਾਰਨ ਹੀ ਸਿੱਖੀ ਵਿੱਚੋਂ ਅੰਮ੍ਰਿਤਵ ਦੀ ਪ੍ਰਾਪਤੀ ਹੁੰਦੀ ਹੈ। ਕੀਰਤਨ ਉਹ ਨਿਰਮਲ ਧਾਰਾ ਹੈ, ਜਿਸ ਵਿਚ ਜੋ ਜੋ ਵੀ ਇਸ਼ਨਾਨ ਕਰਦਾ ਹੈ, ਪਰਮ ਪਾਵਨ ਹੋ ਕੇ ਨਿਕਲਦਾ ਹੈ। ਅਕਾਲ ਪੁਰਖ ਦੇ ਮਿਲਾਪ ਦਾ ਸਾਧਨ ਕੇਵਲ ਕੀਰਤਨ ਹੀ ਹੈ। ਇਸ ਵਾਸਤੇ ਗੁਰਬਾਣੀ ਨੇ ਕੀਰਤਨ ਨੂੰ ‘ਨਿਰਮੋਲਕੁ ਹੀਰਾ’ ਕਹਿ ਕੇ ਕੀਰਤਨ ਦਾ ਗੌਰਵ ਪ੍ਰਗਟ ਕੀਤਾ ਹੈ। ਗੁਰਬਾਣੀ ਦਾ ਕੀਰਤਨ ਸਭ ਤੋਂ ਉੱਤਮ ਕਰਮ ਹੈ। ਜਿਸ ਸਥਾਨ ’ਤੇ ਵੀ ਕੀਰਤਨ ਹੁੰਦਾ ਹੈ, ਉਹੀ ਬੈਕੁੰਠ ਹੈ : ‘ਤਹਾ ਬੈਕੁੰਠੁ ਜਹ ਕੀਰਤਨੁ ਤੇਰਾ॥’ ਕੀਰਤਨ ਸੁਣਨ ਤੇ ਸੁਣਾਉਣ ਵਾਲੇ ਦੋਨੋਂ ਹੀ ਜੀਵਨ-ਮੁਕਤਿ ਦੇ ਅਧਿਕਾਰੀ ਹੁੰਦੇ ਹਨ:

ਹਰਿ ਦਿਨੁ ਰੈਨਿ ਕੀਰਤਨੁ ਗਾਈਐ॥
ਬਹੁੜਿ ਨ ਜੋਨੀ ਪਾਈਐ॥ (ਪੰਨਾ 623)

ਕੀਰਤਨ ਕਰਨ ਅਤੇ ਸੁਣਨ ਵਾਲੇ ਗੁਰਮੁਖ ਸਦੈਵ ਹੀ ਬੈਕੁੰਠ ਦੇ ਵਾਸੀ ਹਨ। ਅਜਿਹੇ ਗੁਰਸਿੱਖਾਂ ਦੀ ਪਰਮ ਕੀਰਤਨ ਭਗਤੀ ਵੇਖ ਕੇ ਹੀ ਯਮਰਾਜ ਨੇ ਯਮਦੂਤਾਂ ਨੂੰ ਆਦੇਸ਼ ਦਿੱਤਾ ਸੀ:

ਜਹ ਸਾਧੂ ਗੋਬਿਦ ਭਜਨੁ ਕੀਰਤਨੁ ਨਾਨਕ ਨੀਤ॥
ਣਾ ਹਉ ਣਾ ਤੂੰ ਣਹ ਛੁਟਹਿ ਨਿਕਟਿ ਨ ਜਾਈਅਹੁ ਦੂਤ॥ (ਪੰਨਾ 256)

ਕੀਰਤਨ ਮਨ ਨੂੰ ਨਿਰਮਲ ਬਣਾਉਂਦਾ ਹੈ, ਮੈਲ ਨੂੰ ਕੱਟਦਾ ਹੈ, ਅਗਿਆਨ ਨੂੰ ਨਵਿਰਤ ਕਰਦਾ ਹੈ:

ਜੋ ਜੋ ਕਥੈ ਸੁਨੈ ਹਰਿ ਕੀਰਤਨੁ ਤਾ ਕੀ ਦੁਰਮਤਿ ਨਾਸ॥ (ਪੰਨਾ 1300)

ਕੀਰਤਨ ਦੁਰਬੁੱਧੀ ਨੂੰ ਮਿਟਾ ਕੇ ਸਦਬੁੱਧੀ ਪ੍ਰਦਾਨ ਕਰਦਾ ਹੈ। ਇਸੇ ਵਾਸਤੇ ਕੀਰਤਨ ਦੇ ਕਰਨ ਨਾਲ, ਕੀਰਤਨ ਦੇ ਸ੍ਰਵਣ ਨਾਲ ਸਰਬ ਸੁਖਾਂ ਦੀ ਪ੍ਰਾਪਤੀ ਹੁੰਦੀ ਹੈ:

ਨਾਨਕ ਸੁਖੁ ਪਾਇਆ ਹਰਿ ਕੀਰਤਨਿ ਮਿਟਿਓ ਸਗਲ ਕਲੇਸਾ॥ (ਪੰਨਾ 213)

ਕੀਰਤਨ ਵਾਹਿਗੁਰੂ-ਮਿਲਾਪ ਦਾ ਪੁਲ ਹੈ। ਕੀਰਤਨ ਭਟਕਣਾ ਨੂੰ ਮਿਟਾ ਕੇ ਇਕਾਗਰਤਾ ਪ੍ਰਦਾਨ ਕਰਦਾ ਹੈ। ਸਹਿਜ ਅਤੇ ਨਾਮ ਵਿਚ ਟਿਕਾਉਂਦਾ ਹੈ, ਵਿਕਾਰਾਂ ਨੂੰ ਕਾਬੂ ਵਿਚ ਕਰਦਾ ਹੈ, ਹਉਮੈ ਦੇ ਦੀਰਘ ਰੋਗ ਤੋਂ ਮੁਕਤੀ ਪ੍ਰਦਾਨ ਕਰਦਾ ਹੈ।

‘ਕੀਰਤਨ’ ਮੂਲ ਸ਼ਬਦ ‘ਕੀਰਤੀ’ ਤੋਂ ਬਣਿਆ ਹੈ, ਜਿਸ ਦਾ ਅਰਥ ਹੈ, ਯਸ਼, ਉਸਤਤੀ, ਪ੍ਰਸ਼ੰਸਾ। ਪੁਰਾਤਨ ਭਾਰਤ ਵਿਚ ਕੀਰਤੀ-ਸਤੰਭ ਸਥਾਪਨਾ ਦਾ ਰਿਵਾਜ ਰਿਹਾ ਹੈ। ਮਹਾਰਾਜਾ ਅਸ਼ੋਕ ਦੇ ਕੀਰਤੀ-ਸਤੰਭ ਪ੍ਰਸਿੱਧਤਾ ਰੱਖਦੇ ਹਨ। ਇਨ੍ਹਾਂ ਦੀ ਸਥਾਪਨਾ ਦਾ ਉਦੇਸ਼ ਇਹ ਸੀ ਕਿ ਸਥਾਪਕ ਦਾ ਸਦੈਵ ਜੱਸ ਰਹੇ ਅਤੇ ਆਉਣ ਵਾਲੀ ਸੰਗਤ ਪ੍ਰੇਰਤ ਹੋ ਕੇ ਅਜਿਹੇ ਜੱਸ ਤੇ ਪ੍ਰਸੰਸਾ ਵਾਲੇ ਕਰਮ ਕਰਦੀ ਰਹੇ। ਸਾਰਨਾਥ (ਵਾਰਾਨਸੀ) ਦੇ ਕੀਰਤੀ-ਸਤੰਭ ਦੇ ਸਿੰਘ-ਸੀਰਸ਼ ਨੂੰ ਸਾਡੀ ਸਰਕਾਰ ਨੇ ਰਾਜ-ਚਿੰਨ੍ਹ ਨਿਯੁਕਤ ਕੀਤਾ ਹੈ।

ਪ੍ਰਾਚੀਨ ਸ਼ਾਸਤਰਾਂ ਵਿਚ ਪਹਿਲਾ ਕੀਰਤਨੀਆ ਨਾਰਦ ਰਿਸ਼ੀ ਨੂੰ ਮੰਨਿਆ ਗਿਆ ਹੈ। ਇਨ੍ਹਾਂ ਦਾ ਵਾਦਕ ਯੰਤ੍ਰ (ਸਾਜ਼) ਨਾਰਦ-ਵੀਣਾ ਹੈ, ਨਾਲ ਹੀ ਇਨ੍ਹਾਂ ਦਾ ਇਕ ਸ਼ਾਸਤਰ ‘ਭਗਤੀ ਸੂਤ੍ਰ’ ਵੀ ਪ੍ਰਸਿੱਧ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਨ ਤੋਂ ਪਹਿਲਾਂ ਜਿਵੇਂ ਵਿਸ਼ਵ ਅਗਿਆਨਤਾ ਵਿਚ ਗ੍ਰਸਿਆ ਹੋਇਆ ਸੀ, ਇਸੇ ਤਰ੍ਹਾਂ ਕੀਰਤਨ ਪਰਮ ਸ਼ਰਧਾ, ਅਨਿੰਨ ਭਗਤੀ ਦਾ ਸਾਧਨ ਅਤੇ ਸੰਗੀਤ ਵਰਗੀ ਲਲਿਤ ਕਲਾ ਵੀ ਕਈ ਇਤਿਹਾਸਕ ਅਤੇ ਰਾਜਨੀਤਿਕ ਕਾਰਨਾਂ ਕਰਕੇ ਪਤਨ ਵੱਲ ਚਲੀ ਗਈ ਸੀ। ਸਤਿਗੁਰੂ ਨਾਨਕ ਦੇਵ ਜੀ ਨੇ ਇਸ ਵੱਲ ਸੰਕੇਤ ਕੀਤਾ ਹੈ, ਜਿਵੇਂ:

ਵਾਇਨਿ ਚੇਲੇ ਨਚਨਿ ਗੁਰ॥
ਪੈਰ ਹਲਾਇਨਿ ਫੇਰਨ੍‍ ਸਿਰ॥
ਉਡਿ ਉਡਿ ਰਾਵਾ ਝਾਟੈ ਪਾਇ॥
ਵੇਖੈ ਲੋਕੁ ਹਸੈ ਘਰਿ ਜਾਇ॥ (ਪੰਨਾ 465)

ਗੁਰਮਤਿ ਵਿਚ ਅਕਾਲ ਪੁਰਖ ਦੀ ਕੀਰਤੀ (ਉਸਤਤ) ਕਰਨ ਦੀ ਆਗਿਆ ਹੈ। ਇਸ ਵਾਸਤੇ ਅਕਾਲੀ ਉਸਤਤੀ ਲਈ ਸਤਿਗੁਰੂ ਜੀ ਨੇ ਕੀਰਤਨ ਦਾ ਵਿਧਾਨ ਕੀਤਾ ਹੈ:

ਕੀਰਤਿ ਪ੍ਰਭ ਕੀ ਗਾਉ ਮੇਰੀ ਰਸਨਾਂ॥ (ਪੰਨਾ 1298)

ਤਥਾ

ਜਾਗਨਾ ਜਾਗਨੁ ਨੀਕਾ ਹਰਿ ਕੀਰਤਨ ਮਹਿ ਜਾਗਨਾ॥ (ਪੰਨਾ 1018)

ਇਸ ਤਰ੍ਹਾਂ ਗੁਰਮਤਿ ਵਿਚ ਕੀਰਤਨ ਦਾ ਸਰਬੋਤਮ ਸਥਾਨ ਹੈ।

ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਭ ਤੋਂ ਪਹਿਲੇ ਕੀਰਤਨੀਏ ਭਾਈ ਮਰਦਾਨਾ ਜੀ ਨੂੰ ਨਿਯੁਕਤ ਕੀਤਾ। ਭਾਈ ਮਰਦਾਨਾ ਜੀ ਭੀ ਸਤਿਗੁਰੂ ਜੀ ਦੇ ਪਿੰਡ ਦੇ ਰਹਿਣ ਵਾਲੇ ਅਤੇ ਗੁਰੂ ਜੀ ਤੋਂ ਆਯੂ ਵਿਚ 10 ਵਰ੍ਹੇ ਵੱਡੇ ਸਨ। ਭਾਈ ਮਰਦਾਨਾ ਜੀ ਬੇਹੱਦ ਨਿਰਛਲ ਨਿਰਮਲ ਹਿਰਦੇ ਵਾਲੇ ਅਤੇ ਕੋਮਲ ਸੁਭਾਉ ਸਨ। ਆਪ ਜੀ ਸਾਫ਼ ਹਿਰਦੇ ਵਾਲੇ, ਸੰਜੀਦਾ ਅਤੇ ਸੰਗੀਤ ਕਲਾ ਦੇ ਵਿਸ਼ੇਸ਼ਗ ਸਨ।

ਇਕ ਵਾਰ ਭਾਈ ਮਰਦਾਨਾ ਜੀ ਰਾਇ ਭੋਇ ਦੀ ਤਲਵੰਡੀ ਤੋਂ ਸੁਲਤਾਨਪੁਰ ਕੋਈ ਸੁਨੇਹਾ ਲੈ ਕੇ ਗੁਰੂ ਜੀ ਕੋਲ ਪਹੁੰਚੇ। ਸਤਿਗੁਰੂ ਜੀ ਦੀ ਸੰਗਤ, ਕਥਾ, ਕੀਰਤਨ, ਪ੍ਰਚਾਰ ਅਤੇ ਲੰਗਰ ਤੋਂ ਪ੍ਰਭਾਵਤ ਹੋ ਕੇ ਸਦਾ ਵਾਸਤੇ ਗੁਰੂ ਜੀ ਦੇ ਚਰਨਾਂ ਵਿਚ ਰਹਿਣ ਲੱਗੇ।

ਗੁਰੂ ਜੀ ਨੂੰ ਹਰਿ ਕੀਰਤਨ ਨਾਲ ਅਤਿ ਪਿਆਰ ਸੀ। ਸੁਬ੍ਹਾ-ਸ਼ਾਮ ਕੀਰਤਨ ਹੁੰਦਾ ਸੀ। ਕੀਰਤਨ ਵਿਚ ਭਾਈ ਮਰਦਾਨਾ ਜੀ ਪ੍ਰਮੁੱਖ ਕੀਰਤਨੀਏ ਬਣ ਚੁਕੇ ਸਨ। ਇਸ ਵਾਸਤੇ ਮਹਿਸੂਸ ਕੀਤਾ ਗਿਆ ਕਿ ਕੀਰਤਨ ਲਈ ਮਰਦਾਨਾ ਜੀ ਵਾਸਤੇ ਚੰਗਾ ਸਾਜ਼ ਪ੍ਰਾਪਤ ਕੀਤਾ ਜਾ ਸਕੇ। ਭੈਣ ਨਾਨਕੀ ਜੀ ਤੋਂ 7 ਰੁਪਏ ਲਏ ਤਾਂ ਕਿ ਸਾਜ਼ ਖਰੀਦਿਆ ਜਾ ਸਕੇ। ਸਾਜ਼ ਖਰੀਦਣ ਤੋਂ ਪਹਿਲਾਂ ਭਾਈ ਮਰਦਾਨਾ ਜੀ ਨੇ ਸਤਿਗੁਰੂ ਜੀ ਨੂੰ ਪੁੱਛਿਆ, “ਜੀ! ਤੰਬੂਰਾ ਲਈਏ ਜਾਂ ਹੋਰ ਸਾਜ਼?” ਤਾਂ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ, “ਭਾਈ ਮਰਦਾਨਾ! ਰਬਾਬ ਭਲਾ ਸਾਜ਼ ਐ।” ਅਤੇ ਭਾਈ ਮਰਦਾਨਾ ਜੀ ਨੂੰ ਗੁਰੂ ਜੀ ਨੇ ਭਾਈ ਫਿਰੰਦੇ ਰਾਗੀ ਕੋਲ ਪਿੰਡ ਭੈਰੋਵਾਲ (ਜ਼ਿਲ੍ਹਾ ਕਪੂਰਥਲਾ) ਵਿਚ ਭੇਜਿਆ। ਭਾਈ ਮਰਦਾਨਾ ਜੀ ਭਾਈ ਫਿਰੰਦੇ ਨੂੰ ਰਬਾਬ ਸਮੇਤ ਗੁਰੂ ਜੀ ਕੋਲ ਲਿਆਏ। ਸਤਿਗੁਰੂ ਜੀ ਨੇ ਰਬਾਬ ਪਰਖ ਕੇ, ਵਜਾ ਕੇ ਰੱਖ ਲਈ ਅਤੇ ਭਾਈ ਫਿਰੰਦੇ ਦਾ ਯੋਗ ਸਤਿਕਾਰ ਕਰ ਕੇ ਵਿਦਿਆ ਕੀਤਾ। ਇਸ ਤਰ੍ਹਾਂ ਸਿੱਖ ਸੰਪ੍ਰਦਾਇ ਵਿਚ ਕੀਰਤਨ ਦਾ ਬਾਕਾਇਦਾ ਅਰੰਭ ਹੋ ਗਿਆ। ਭਾਈ ਗੁਰਦਾਸ ਜੀ ਨੇ ਆਪਣੀ ਪਾਵਨ ਕਲਮ ਨਾਲ ਅੰਕਿਤ ਕੀਤਾ ਹੈ:

ਇਕੁ ਬਾਬਾ ਅਕਾਲ ਰੂਪੁ ਦੂਜਾ ਰਬਾਬੀ ਮਰਦਾਨਾ। (ਵਾਰ 1:35)

ਭਲਾ ਰਬਾਬ ਵਜਾਇੰਦਾ ਮਜਲਸ ਮਰਦਾਨਾ ਮੀਰਾਸੀ। (ਵਾਰ 11:13)

ਕੀਰਤਨ ਨੂੰ ਸਤਿਗੁਰੂ ਨਾਨਕ ਦੇਵ ਜੀ ਨੇ ਨਵੀਨ ਸ਼ੈਲੀ ਤੇ ਟਕਸਾਲ ਵਿਚ ਢਾਲ ਕੇ ਸੰਗੀਤ ਤੇ ਵਿੰਦ੍ਰਾਵਨੀ ਸ਼ੈਲੀ ਨਾਲੋਂ ਭਿੰਨ ਰੂਪ ਵਿਚ ਸਥਾਪਨ ਕਰ ਦਿੱਤਾ, ਜਿਸ ਨੂੰ ਸਿੱਖੀ ਵਿਚ ‘ਹਰਿ ਕੀਰਤਨ’ ਆਖਿਆ ਜਾਂਦਾ ਹੈ। ਹਰਿ ਕੀਰਤਨ ਵਿਚ ਗੁਰਬਾਣੀ, ਭਾਈ ਗੁਰਦਾਸ ਜੀ ਅਤੇ ਭਾਈ ਨੰਦ ਲਾਲ ਜੀ ਦੀ ਬਾਣੀ ਤੋਂ ਬਿਨਾਂ ਹੋਰ ਕੱਚੀ ਬਾਣੀ ਪੜ੍ਹਨ ਦੀ ਆਗਿਆ ਨਹੀਂ:

ਹਰਿ ਕੀਰਤਨ ਮਹਿ ਊਤਮ ਧੁਨਾ॥
ਨਾਨਕ ਗੁਰ ਮਿਲਿ ਗਾਇ ਗੁਨਾ॥ (ਪੰਨਾ 1182)

ਹਰਿ ਕੀਰਤਨ ਚੰਚਲਤਾ ਪੈਦਾ ਨਹੀਂ ਕਰਦਾ, ਹਰਿ ਕੀਰਤਨ ਕੋਲਾਹਲ ਪੈਦਾ ਨਹੀਂ ਕਰਦਾ। ਹਰਿ ਕੀਰਤਨ ਭੜਕੀਲਾ ਨਹੀਂ ਹੁੰਦਾ, ਹਰਿ ਕੀਰਤਨ ਵਿਚ ਸ਼ਾਂਤ ਰਸ ਹੀ ਪ੍ਰਧਾਨ ਰਹਿੰਦਾ ਹੈ। ਹਰਿ ਕੀਰਤਨ ਈਰਖਾ-ਦਵੈਸ਼ ਤੋਂ ਮੁਕਤ ਕਰਦਾ ਹੈ। ਹਰਿ ਕੀਰਤਨ ਹਉਮੈ ਦੀ ਨਵਿਰਤੀ ਕਰਦਾ ਹੈ। ਹਰਿ ਕੀਰਤਨ ਭਗਤੀ, ਸ਼ਰਧਾ ਅਤੇ ਪ੍ਰੇਮ ਦਾ ਅਦੁੱਤੀ ਸ੍ਰੋਤ ਹੈ। ਹਰਿ ਕੀਰਤਨ ਆਤਮਕ ਸ਼ਾਂਤੀ ਦਾ ਸੋਮਾ ਹੈ। ਹਰਿ ਕੀਰਤਨ ਆਤਮਿਕ ਭੋਜਨ ਹੈ। ਹਰਿ ਕੀਰਤਨ ਸੁਰਤ ਨੂੰ ਉੱਚਾ ਰੱਖਦਾ ਹੈ। ਹਰਿ ਕੀਰਤਨ ਗੁਰਬਾਣੀ ਨੂੰ ਹਿਰਦੇ ਵਿਚ ਵਸਾਉਂਦਾ ਹੈ। ਹਰਿ ਕੀਰਤਨ ਈਸ਼ਵਰ ਨਾਲ ਅਭੇਦ ਹੋਣ ਦਾ ਪਰਮ ਸਾਧਨ ਹੈ। ਇਸ ਵਾਸਤੇ ਗੁਰਮਤਿ ਵਿਚ ਹਰਿ ਕੀਰਤਨ ਨੂੰ ਪ੍ਰਮੁੱਖ ਸਥਾਨ ਪ੍ਰਾਪਤ ਹੈ। ਹਰਿ ਕੀਰਤਨ ਵਿਚ ਗੁਰਬਾਣੀ ਦੇ ਗਾਇਨ ਸਮੇਂ ਪਰਮ ਸ਼ਾਂਤ ਅਧਿਆਤਮਿਕ ਵਾਤਾਵਰਨ ਬਣ ਚੁਕਿਆ ਹੁੰਦਾ ਹੈ। ਸੰਗਤ ਸੁਭਾਵਕ ਹੀ ਅਡੋਲ ਅਤੇ ਇਕਾਗਰਚਿਤ ਹੁੰਦੀ ਹੈ। ਕੀਰਤਨੀਏ ਰਾਗੀ ਸਿੰਘ ਵੀ ਸ਼ਬਦ ਦਾ ਇਸ ਤਰ੍ਹਾਂ ਗਾਇਨ ਕਰ ਰਹੇ ਹੁੰਦੇ ਹਨ, ਜਿਵੇਂ ਸਮਾਧੀ ਵਿਚ ਲੀਨ ਹਨ। ਗੁਰਮਤਿ ਹਰਿ ਕੀਰਤਨ ਦੇ ਗਾਇਕ ਹੱਥ-ਪੈਰ ਮਾਰ ਕੇ, ਸਿਰ ਮਾਰ ਕੇ, ਹਾਵ-ਭਾਵ ਜੇਹੇ ਕਰ ਕੇ ਚੰਚਲਤਾ ਪੈਦਾ ਨਹੀਂ ਕਰਦੇ। ਕੀਰਤਨ ਦੀ ਅੰਮ੍ਰਿਤ-ਵਰਖਾ ਗੁਰਮੁਖ ਸਰੋਤਿਆਂ ਉੱਪਰ ਇਲਾਹੀ ਵਰਖਾ ਵਰਸ ਕੇ ਮਨ ਬੁੱਧੀ ਅਤੇ ਹਿਰਦੇ ਉੱਤੇ ਸਿੰਚਤ ਹੁੰਦੀ ਹੈ, ਜਿਸ ਨਾਲ ਮਨ ਵਿਚ ਕੋਮਲਤਾ ਪੈਦਾ ਹੁੰਦੀ ਹੈ। ਆਤਮਕ ਅਵਸਥਾ ਉੱਚੀ ਤੇ ਬਲਵਾਨ ਬਣਦੀ ਹੈ। ਬਾਣੀ ਕ੍ਰਿਆਤਮਿਕ ਰੂਪ ਵਿਚ ਆਤਮਾ ਵਿਚ ਵੱਸਦੀ ਹੈ। ਅਗਿਆਨ ਦੀ ਨਵਿਰਤੀ ਅਤੇ ਗਿਆਨ ਦਾ ਵਾਧਾ ਹੁੰਦਾ ਹੈ। ਲੋਕ ਅਤੇ ਪ੍ਰਲੋਕ ਵਿਚ ਹਰਿ ਕੀਰਤਨ ਦੁਆਰਾ ਹੀ ਕੀਰਤਨ ਧਵਜ ਦੀ ਧਰਮ ਪਤਾਕਾ ਝੁਲਦੀ ਹੈ। ਸਿੱਖ ਸੰਪ੍ਰਦਾਇ ਵਿਚ ਹਰਿ ਕੀਰਤਨ ਦੇ ਸਥਾਨ ਪ੍ਰਤਿਸ਼ਠਾ ਅਤੇ ਇਤਿਹਾਸ ਬਾਰੇ ਇਕ ਅਦਭੁਤ ਸਾਖੀ ਮਿਲਦੀ ਹੈ।

ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਨ ਲੱਗੇ ਤਾਂ ਸਤਿਗੁਰੂ ਅਮਰਦਾਸ ਜੀ ਮਹਾਰਾਜ ਵਾਲੀਆਂ ਦੋਨੋਂ ਪੋਥੀਆਂ ਦੀ ਆਵੱਸ਼ਕਤਾ ਪਈ ਜੋ ਬਾਬਾ ਮੋਹਨ ਜੀ ਦੇ ਕੋਲ ਗੋਇੰਦਵਾਲ ਸਾਹਿਬ ਵਿਖੇ ਸਨ। ਸਤਿਗੁਰੂ ਅਰਜਨ ਦੇਵ ਜੀ ਗੋਇੰਦਵਾਲ ਸਾਹਿਬ ਪੁੱਜੇ। ਪਤਾ ਲੱਗਾ ਕਿ ਬਾਬਾ ਮੋਹਨ ਜੀ ਐਸੀ ਸਮਾਧੀ ਵਿਚ ਹਨ, ਜੋ ਕਠਨ ਖੁੱਲ੍ਹਦੀ ਹੈ। ਸਤਿਗੁਰੂ ਜੀ ਆਪਣਾ ਪਿਆਰਾ ਵਾਦਕ ਯੰਤ੍ਰ (ਸਾਜ਼) ‘ਸਰੰਦਾ’ ਲੈ ਕੇ ਕੀਰਤਨ ਕਰਨ ਬੈਠ ਗਏ। ਜਿਉਂ ਹੀ ਸਰੰਦੇ ਉੱਤੇ ਗਜ਼ ਫਿਰਿਆ, ਸਾਰੇ ਵਾਤਾਵਰਨ ਵਿਚ ਗੁਰਬਾਣੀ ਦਾ ਸੰਗੀਤ ਘੁਲ ਗਿਆ। ਦਵੈਸ਼, ਈਰਖਾ ਪੰਖ ਲਾ ਕੇ ਉੱਡ ਗਏ। ਨਿਰਮਲਤਾ ਵਰਤਣ ਲੱਗੀ। ਸੁੰਨ-ਸਮਾਧੀ ਦੇ ਧਾਰਨੀ ਹਰਿ ਕੀਰਤਨ ਦੇ ਖਿੱਚੇ ਬਾਬਾ ਮੋਹਨ ਜੀ ਗੁਰਬਾਣੀ ਦੀਆਂ ਪੋਥੀਆਂ ਲੈ ਕੇ ਸਤਿਗੁਰੂ ਜੀ ਦੇ ਪਾਵਨ ਚਰਨਾਂ ਵਿਚ ਨਤਮਸਤਕ ਹੋ ਗਏ। ਇਹ ਕੀਰਤਨ ਦਾ ਇਤਿਹਾਸਕ ਪ੍ਰਮਾਣ ਹੈ।

ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਕੀਰਤਨ ਦੇ ਪਰਮ ਰਸੀਏ ਅਤੇ ਮਹਾਨ ਸੰਗੀਤਾਚਾਰਯ ਸਨ। ਭਾਰਤੀ ਸੰਗੀਤ ਸ਼ਾਸਤਰ ਦੀ ਕਿੰਨੀ ਜਾਣਕਾਰੀ ਸੀ, ਇਸ ਦਾ ਪ੍ਰਤੱਖ ਪ੍ਰਮਾਣ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਸਨਮੁਖ ਹਨ। ‘ਸਰੰਦਾ’ (ਤੰਤੀਵਾਦਕ ਯੰਤਰ) ਗੁਰੂ ਜੀ ਦੀ ਹੀ ਕਾਢ ਹੈ। ਹਰਿਮੰਦਰ ਸਾਹਿਬ ਜੀ ਦੀ ਸਥਾਪਨਾ ਕਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ, ਸਤਿਗੁਰੂ ਜੀ ਨੇ ਸਿੱਖ ਸੰਗਤਾਂ ਨਾਲ ਮਿਲ ਕੇ ਆਪ ਕੀਰਤਨ ਕੀਤਾ ਅਤੇ ਭਵਿੱਖ ਲਈ ਟਕਸਾਲ ਸਥਾਪਤ ਕੀਤੀ। ਵਿਸ਼ਵ ਵਿਚ ਸਤਿਗੁਰੂ ਅਰਜਨ ਦੇਵ ਜੀ ਦਾ ਸਥਾਪਤ ਕੀਤਾ ਸ੍ਰੀ ਹਰਿਮੰਦਰ ਸਾਹਿਬ ਧਰਤੀ ਉੱਪਰ ਪ੍ਰਤੱਖ ਸੱਚਖੰਡ ਹੈ, ਜਿੱਥੇ ਰਾਤ ਦਿਨ ਕੇਵਲ ਹਰੀ ਦਾ ਜੱਸ ਭਾਵ ਕੀਰਤਨ ਹੁੰਦਾ ਹੈ। ਆਪਣੇ ਪਵਿੱਤਰ ਸ੍ਰੀ ਮੁਖਵਾਕ ਤੋਂ ਉਚਾਰੇ ਗੁਰਬਾਣੀ ਦੇ ਵਾਕ ਨੂੰ ਹਜ਼ੂਰ ਨੇ ਕ੍ਰਿਆਤਮਿਕ ਰੂਪ ਦੇ ਦਿੱਤਾ:

ਸੋ ਅਸਥਾਨੁ ਬਤਾਵਹੁ ਮੀਤਾ॥
ਜਾ ਕੈ ਹਰਿ ਹਰਿ ਕੀਰਤਨੁ ਨੀਤਾ॥ (ਪੰਨਾ 385)

ਸਤਿਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਹਰਿ ਕੀਰਤਨ ਦੀ ਸਿਮ੍ਰਿਤੀ ਵਿਚ ਇਕ ਨਗਰ ਦਾ ਨਾਉਂ ਹੀ ‘ਕੀਰਤਪੁਰ ਸਾਹਿਬ’ ਰੱਖਿਆ, ਜੋ ਵਰਤਮਾਨ ਸਮੇਂ ਵਿਚ ਸਿੱਖ-ਪੰਥ ਦਾ ਪ੍ਰਸਿੱਧ ਅਸਥਾਨ ਹੈ। ਸਤਿਗੁਰੂ ਤੇਗ ਬਹਾਦਰ ਜੀ ਨੇ ਪੂਰਬ ਦੀ ਯਾਤਰਾ ਸਮੇਂ ਅਯੁੱਧਿਆ ਦੇ ਪੜਾਅ ’ਤੇ ਜੌਨਪੁਰ ਦੇ ਮਹੰਤ ਭਾਈ ਗੁਰਬਖਸ਼ ਨੂੰ ਮ੍ਰਿਦੰਗ ਬਖਸ਼ ਕੇ ਕੀਰਤਨ ਕਰਨ ਦਾ ਵਰਦਾਨ ਦਿੱਤਾ ਸੀ। ‘ਮਹਿਮਾ ਪ੍ਰਕਾਸ਼’ ਵਿਚ ਲਿਖਿਆ ਹੈ:

ਭਾਈ ਗੁਰਬਖਸ਼ ਜਵਨ ਪੁਰ ਬਾਸੀ।
ਭਜਨ ਕਰੇ ਉਰ ਭਗਤ ਨਿਵਾਸੀ।
ਸਤਿਗੁਰ ਹਜੂਰ ਭਜਨ ਤਿਨ ਕਰਾ।
ਅੰਮ੍ਰਿਤ ਧੁੰਨਿ ਗੁਰਪ੍ਰੇਮ ਰਸ ਭਰਾ।
ਸੁਣ ਪ੍ਰਸੰਨ ਭਏ ਗੁਰ ਦਿਆਲਾ।
ਕਰ ਧਰ ਬੰਦਨ ਤਿਸ ਕੀਆ ਨਿਹਾਲਾ।
ਤੁਮਰੇ ਘਰ ਉਤਪਤ ਜੋ ਹੋਇ।
ਕੀਰਤਨ ਭਜਨ ਕਰੇ ਸਭ ਕੋਇ। (ਸਫ਼ਾ 695)

ਗੁਰੂ-ਘਰ ਵਿਚ ਕੀਰਤਨ ਦਾ ਸਥਾਨ ਪ੍ਰਧਾਨ ਮੰਨਿਆ ਗਿਆ ਹੈ। ਇਸ ਵਾਸਤੇ ਹਰਿ ਕੀਰਤਨ ਸਰਬੋਤਮ ਕਰਮ ਹੈ। ਹਰਿ ਕੀਰਤਨ ਨਾਲ ਸ਼ਬਦ-ਜੋਤਿ ਦਾ ਵਿਕਾਸ ਹੁੰਦਾ ਹੈ। ਹਰਿ ਕੀਰਤਨ ਨਾਲ ਗੁਰਬਾਣੀ ਹਿਰਦੇ ਵਿਚ ਵੱਸਦੀ ਹੈ। ਸਤਿਗੁਰੂ ਦੀ ਨਦਰ ਨਿਹਾਲਤਾ ਪ੍ਰਾਪਤ ਹੁੰਦੀ ਹੈ। ਨਾਮ-ਔਸ਼ਧੀ ਮਿਲਦੀ ਹੈ, ਜਿਸ ਨਾਲ ਤਿੰਨੇ ਤਾਪ ਅਤੇ ਜਰਾ ਮਰਨ ਦਾ ਰੋਗ ਨਵਿਰਤ ਹੋ ਜਾਂਦਾ ਹੈ। ਸਤਿਗੁਰੂ ਜੀ ਨੇ ਫ਼ਰਮਾਇਆ ਹੈ:

ਕਲਿਜੁਗੁ ਹਰਿ ਕੀਆ ਪਗ ਤ੍ਰੈ ਖਿਸਕੀਆ ਪਗੁ ਚਉਥਾ ਟਿਕੈ ਟਿਕਾਇ ਜੀਉ॥
ਗੁਰ ਸਬਦੁ ਕਮਾਇਆ ਅਉਖਧੁ ਹਰਿ ਪਾਇਆ ਹਰਿ ਕੀਰਤਿ ਹਰਿ ਸਾਂਤਿ ਪਾਇ ਜੀਉ॥ (ਪੰਨਾ 446)

ਸਤਿਗੁਰੂ ਜੀ ਵੱਲੋਂ ਗੁਰਬਾਣੀ ਵਿਚ ਪੁਨਹ ਪੁਨਹ ਹਰਿ ਕੀਰਤਨ ਕਰਨ ਦਾ ਹੀ ਆਦੇਸ਼ ਹੈ। ਹਰਿ ਕੀਰਤਨ ਨੂੰ ਜੀਵਨ ਦਾ ਆਧਾਰ ਅਤੇ ਲਕਸ਼ ਬਣਾਉਣ ਦੀ ਆਗਿਆ ਹੈ। ਹਰਿ ਕੀਰਤਨ ਦੁਆਰਾ ਹੀ ਆਤਮਕ ਸ਼ਾਂਤੀ ਅਤੇ ਹਰਿ ਕੀਰਤਨ ਦੁਆਰਾ ਹੀ ਕਲਿਆਣ ਦੀ ਪ੍ਰਾਪਤੀ ਹੁੰਦੀ ਹੈ:

ਸੰਤਨ ਕੈ ਸੁਨੀਅਤ ਪ੍ਰਭ ਕੀ ਬਾਤ॥
ਕਥਾ ਕੀਰਤਨੁ ਆਨੰਦ ਮੰਗਲ ਧੁਨਿ ਪੂਰਿ ਰਹੀ ਦਿਨਸੁ ਅਰੁ ਰਾਤਿ॥ (ਪੰਨਾ 820)

ਪ੍ਰਭੂ ਦੀ ਉੱਤਮ ਬਾਣੀ ‘ਗਾਉਣ ਨਾਲ ਹੀ ਜੀਵਨ-ਮੁਕਤਿ ਹੋਣ ਦੀ ਜੁਗਤਿ’ ਮਿਲਦੀ ਹੈ। ਇਹ ਸਹਿਜ ਯੋਗ ਨੂੰ ਪ੍ਰਦਾਨ ਕਰਨ ਵਾਲੀ ਅਕਥਨੀਯ ਬਾਣੀ ਹੈ, ਜਿਸ ਦਾ ਗਾਇਨ ਅਤੇ ਕੀਰਤਨ ਹੀ ਪਰਮ ਕਲਿਆਣ ਦਾ ਹੇਤੂ ਹੈ। ਪਰੰਤੂ ਜਿਸ ’ਤੇ ਪ੍ਰਭੂ ਕਿਰਪਾ ਕਰਦਾ ਹੈ, ਉਸ ਨੂੰ ਹੀ ਕੀਰਤਨ ਕਰਨ ਤੇ ਸੁਣਨ ਦੀ ਸੇਵਾ ਵਿਚ ਲਾਉਂਦਾ ਹੈ:

ਮੁਕਤਿ ਭੁਗਤਿ ਜੁਗਤਿ ਤੇਰੀ ਸੇਵਾ ਜਿਸੁ ਤੂੰ ਆਪਿ ਕਰਾਇਹਿ॥
ਤਹਾ ਬੈਕੁੰਠੁ ਜਹ ਕੀਰਤਨੁ ਤੇਰਾ ਤੂੰ ਆਪੇ ਸਰਧਾ ਲਾਇਹਿ॥ (ਪੰਨਾ 749)

ਜਿੱਥੇ ਕੀਰਤਨ ਹੁੰਦਾ ਹੈ, ਉਹ ਸਥਾਨ ਬੈਕੁੰਠ ਬਣ ਜਾਂਦਾ ਹੈ। ਸੰਗਤ ਪਰਮ ਪਦ ਦੀ ਅਤੇ ਬ੍ਰਹਮ ਗਿਆਨ ਦੀ ਅਧਿਕਾਰੀ ਬਣ ਜਾਂਦੀ ਹੈ। ਸਰਬੱਤ ਦੈਵੀ ਗੁਣ ਪ੍ਰਾਪਤ ਹੋ ਜਾਂਦੇ ਹਨ। ਅਸੁਰੀ ਕਾਮਨਾਵਾਂ ਦਾ ਨਾਸ ਹੋ ਜਾਂਦਾ ਹੈ। ਮਨ ਸ਼ਾਂਤ ਹੋ ਜਾਂਦਾ ਹੈ, ਆਤਮਾ ਪਰਮ ਅਨੰਦ ਨੂੰ ਪ੍ਰਾਪਤ ਕਰ ਲੈਂਦੀ ਹੈ, ਇਨ੍ਹਾਂ ਸਮੂਹ ਆਦਰਸ਼ਕ ਗੁਣਾਂ ਦੀ ਪ੍ਰਾਪਤੀ ਗੁਰਬਾਣੀ-ਕੀਰਤਨ ਨਾਲ ਹੀ ਹੁੰਦੀ ਹੈ। ਕੀਰਤਨ ਨਾਲ ਹੀ ਸਰਬ ਸੁਖਾਂ ਦੀ ਪ੍ਰਾਪਤੀ ਹੁੰਦੀ ਹੈ:

ਬਹੁਤੁ ਖਜਾਨਾ ਤਿੰਨ ਪਹਿ ਹਰਿ ਜੀਉ ਹਰਿ ਕੀਰਤਨੁ ਲਾਹਾ ਰਾਮ॥ (ਪੰਨਾ 543)
ਕੀਰਤਨੁ ਨਿਰਮੋਲਕ ਹੀਰਾ॥
ਆਨੰਦ ਗੁਣੀ ਗਹੀਰਾ॥ (ਪੰਨਾ 893)

ਰਤਨਾ ਰਤਨ ਪਦਾਰਥ ਬਹੁ ਸਾਗਰੁ ਭਰਿਆ ਰਾਮ॥
ਬਾਣੀ ਗੁਰਬਾਣੀ ਲਾਗੇ ਤਿਨ੍‍ ਹਥਿ ਚੜਿਆ ਰਾਮ॥
ਗੁਰਬਾਣੀ ਲਾਗੇ ਤਿਨ੍‍ ਹਥਿ ਚੜਿਆ ਨਿਰਮੋਲਕੁ ਰਤਨੁ ਅਪਾਰਾ॥(ਪੰਨਾ 442)

ਰਾਜੁ ਮਾਲੁ ਜੰਜਾਲੁ ਕਾਜਿ ਨ ਕਿਤੈ ਗਨੋੁ॥
ਹਰਿ ਕੀਰਤਨੁ ਆਧਾਰੁ ਨਿਹਚਲੁ ਏਹੁ ਧਨੋੁ॥ (ਪੰਨਾ 398)

ਕੀਰਤਨ ਦੇ ਰਸ ਨੂੰ ਉਹੀ ਵਿਅਕਤੀ ਅਨੁਭਵ ਕਰ ਸਕਦੇ ਹਨ, ਜਿਨ੍ਹਾਂ ਨੂੰ ਇਸ ਰਸ ਦੇ ਮਾਣਨ ਦਾ ਸੁਆਦ ਪੈ ਗਿਆ। ਜਿਨ੍ਹਾਂ-ਜਿਨ੍ਹਾਂ ਨੂੰ ਵੀ ਕੀਰਤਨ ਦਾ ਰਸ ਪ੍ਰਦਾਨ ਹੋ ਗਿਆ, ਉਨ੍ਹਾਂ ਨੂੰ ਸੰਸਾਰ ਦੇ ਹੋਰ ਰਸ ਖਿੱਚ ਨਹੀਂ ਸਕਦੇ। ਕੀਰਤਨ ਦੇ ਪ੍ਰੇਮੀਆਂ ਦੀਆਂ ਅਲੌਕਿਕ ਅਤੇ ਅਦਭੁਤ ਕਥਾਵਾਂ ਹਨ ਜਿਨ੍ਹਾਂ ਨੇ ਸਿੱਖ-ਇਤਿਹਾਸ ਵਿਚ ਗੌਰਵਸ਼ਾਲੀ ਪ੍ਰਭਾਵ ਪਾਇਆ ਹੈ। ਕੀਰਤਨ ਕਰਨ ਵਾਲੀਆਂ ਪਾਵਨ ਆਤਮਾਵਾਂ ਦਾ ਜ਼ਿਕਰ ਕਰਨਾ ਸ੍ਰੋਤਿਆਂ ਵਾਸਤੇ ਅਪ੍ਰਸੰਗਕ ਨਹੀਂ ਹੋਵੇਗਾ।

ਸ. ਜੱਸਾ ਸਿੰਘ ਜੀ ਆਹਲੂਵਾਲੀਆ ਬਾਲ-ਵਰੇਸ ਅਵਸਥਾ ਵਿਚ ਆਪਣੀ ਨਿਜ-ਜਣਨੀ ਨਾਲ ਪੂਜਯ ਮਾਤਾ, ਮਾਤਾ ਸੁੰਦਰੀ ਜੀ ਕੋਲ ਦਿੱਲੀ ਵਿਖੇ ਕੀਰਤਨ ਕਰਦੇ ਸਨ। ਇਸ ਬਾਲਕ ਨੂੰ ਪੂਜਯ ਮਾਤਾ ਜੀ ਨੇ ਕਈ ਵਰਦਾਨ ਪ੍ਰਦਾਨ ਕੀਤੇ। ਕੀਰਤਨ ਦੀ ਪਾਵਨ ਦਾਤ ਦੇ ਕਾਰਨ ਹੀ ਸਰਦਾਰ ਸਾਹਿਬ ਪੰਥ ਦੇ ਜਥੇਦਾਰ ਨਵਾਬ ਕਪੂਰ ਸਿੰਘ ਜੀ ਬਣੇ ਅਤੇ ਸਮਾਂ ਪਾ ਕੇ ਪੰਥ ਦੇ ਜਥੇਦਾਰ, ਸੁਲਤਾਨ-ਉਲ- ਰਿਆਸਤ ਕਪੂਰਥਲਾ ਦੇ ਸੰਸਥਾਪਕ ਅਤੇ ਪੰਥ ਦਾ (ਸੁਲਤਾਨ-ਉਲ-ਕੌਮ) ਬਣਨ ਦਾ ਮਾਨ ਪ੍ਰਾਪਤ ਕੀਤਾ। ਅਸਲ ਵਿਚ ਸ. ਜੱਸਾ ਸਿੰਘ ਜੀ ਨੂੰ ਇਹ ਗੌਰਵ ਕੀਰਤਨ ਦੀ ਪਰਮ ਦਾਤ ਨੇ ਬਖਸ਼ਿਆ ਸੀ।

ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮਕਾਲੀ ਦਰਬਾਰ ਸਾਹਿਬ (ਸ੍ਰੀ ਹਰਿਮੰਦਰ ਸਾਹਿਬ) ਜੀ ਦੇ ਮੁੱਖ ਕੀਰਤਨੀਏ ਭਾਈ ਮਣਸਾ ਸਿੰਘ ਜੀ ਪੰਥ ਵਿਚ ਪਰਮ ਸੰਤੋਖੀ ਸਤਿ ਪੁਰਸ਼ ਹੋਏ ਹਨ।  ਭਾਈ  ਸਾਹਿਬ  ਜੀ ਦੀ ਗਰੀਬੀ ਜਾਂ ਤੰਗਦਸਤੀ ਦਾ ਪਤਾ ਮਹਾਰਾਜਾ ਰਣਜੀਤ  ਸਿੰਘ ਜੀ ਨੂੰ  ਲੱਗਾ ਤਾਂ ਖੁਦ ਸਰਕਾਰ ਭਾਈ ਸਾਹਿਬ ਜੀ ਦੇ ਆਸ਼ਰਮ ਵਿਚ ਮੋਹਰਾਂ ਦਾ ਥਾਲ ਅਤੇ ਥੈਲੀਆਂ ਭਰ ਕੇ ਹਾਜ਼ਰ ਹੋਈ। ਕਿੰਤੂ ਭਾਈ ਸਾਹਿਬ ਜੀ ਨੇ ਅੰਦਰੋਂ ਬਿਨਾਂ ਦਰਵਾਜ਼ਾ ਖੋਲ੍ਹੇ ਸਰਕਾਰ ਨੂੰ ਮੋੜ ਦਿੱਤਾ ਅਤੇ ਨਿਮਰਤਾ ਨਾਲ ਫ਼ਰਮਾਇਆ, ‘ਕਿਸੇ ਤਰ੍ਹਾਂ ਦੀ ਇੱਛਾ ਹੋਵੇਗੀ ਤਾਂ ਆਪੇ ਸਤਿਗੁਰੂ ਰਾਮਦਾਸ ਜੀ ਤੋਂ ਮੰਗ ਲਵਾਂਗਾ।’

ਸ਼ਬਦ ਦਾ ਸਰੂਪ ਹੀ ਬਣ ਜਾਣ ਵਾਲੇ ਪਰਮ ਕੀਰਤਨੀਏ ਭਾਈ ਸ਼ਾਮ ਸਿੰਘ ਜੀ ਲਗਾਤਾਰ 78 ਵਰ੍ਹੇ ਸ੍ਰੀ ਦਰਬਾਰ ਸਾਹਿਬ (ਹਰਿਮੰਦਰ ਸਾਹਿਬ ਜੀ) ਵਿਚ ਕੀਰਤਨ ਦੀ ਚੌਂਕੀ ਭਰਦੇ ਰਹੇ। ਆਪ ਜੀ ਦੀ ਆਯੂ 125 ਵਰ੍ਹੇ ਦੀ ਹੋਈ ਹੈ। ਹੁਣ ਤਕ ਇੰਨਾ ਦੀਰਘ ਸਮਾਂ ਸਤਿਗੁਰੂ ਰਾਮਦਾਸ ਜੀ ਦੇ ਦਰਬਾਰ ਵਿਚ ਕੀਰਤਨ ਕਰਨ ਦਾ ਸੁਭਾਗ ਸ਼ਾਇਦ ਆਪ ਜੀ ਨੂੰ ਹੀ ਪ੍ਰਾਪਤ ਹੋਇਆ ਹੈ।

ਬਾਬਾ ਅਤਰ ਸਿੰਘ ਜੀ ਗੁਰ ਸਾਗਰ ਮਸਤੂਆਣਾ ਵਾਲਿਆਂ ਨੇ ਪੰਥ ਨੂੰ ਹਰਿ ਕੀਰਤਨ ਅੰਮ੍ਰਿਤ ਨਾਮ ਮਹਾਂ ਰਸ ਦੀ ਵਰਖਾ ਨਾਲ ਸਿੰਚਿਆ। ਕੀਰਤਨ ਦੇ ਅਣਿਆਲੇ ਬਾਣਾਂ ਨਾਲ ਪੱਥਰ-ਹਿਰਦੇ ਵੀ ਪਿਘਲਾ ਦਿੱਤੇ। ਆਪ ਜੀ ਦੇ ਪ੍ਰਭਾਵ ਹੇਠ ਕਈ ਲੱਖ ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਕੇ ਗੁਰਸਿੱਖੀ ਨੂੰ ਧਾਰਨ ਕੀਤਾ।

ਭਾਈ ਰਣਧੀਰ ਸਿੰਘ ਜੀ ਨਾਰੰਗਵਾਲ ਵਾਲੇ ਗੁਰਮੁਖ ਪਿਆਰੇ, ਗੁਰਸਿੱਖ ਸਨ। ਪੂਰਬੀ ਅਤੇ ਪੱਛਮੀ ਵਿੱਦਿਆ ਦੇ ਮਹਾਨ ਗਿਆਤਾ, ਵਿਆਖਿਆਕਾਰ, ਲੇਖਕ, ਦਾਰਸ਼ਨਿਕ ਅਤੇ ਸਭ ਤੋਂ ਉੱਪਰ ਵਾਧਾ ਇਹ ਸੀ ਕਿ ਆਪ ਕੀਰਤਨ ਦੇ ਰਸੀਏ ਸਨ। ਨਾਮ-ਬਾਣੀ ਦੇ ਲੱਖਾਂ ਜਗਿਆਸੂ, ਆਤਮਾ-ਮੰਡਲ ਦੇ ਪੰਧਾਊ ਆਪ ਜੀ ਦੀ ਸ਼ਬਦ-ਜਯੋਤੀ ਦੇ ਚੁਫੇਰੇ ਪਤੰਗਿਆਂ ਵਾਂਗ ਇਕੱਠੇ ਹੋ ਗਏ। ਹਰਿ ਕੀਰਤਨ ਦੁਆਰਾ ਲੱਖਾਂ ਪ੍ਰਾਣੀ ਗੁਰਮਤਿ ਦੇ ਪਾਂਧੀ ਅੰਮ੍ਰਿਤਧਾਰੀ ਬਣੇ। ਅੱਜ ਵੀ ਆਪ ਜੀ ਦੀ ਚਲਾਈ ਰੈਣ-ਸਬਾਈ ਤੇ ਅਖੰਡ (ਨਿਰਬਾਣ) ਕੀਰਤਨ ਲਹਿਰ ਦੇ ਲੱਖਾਂ ਗੁਰਸਿੱਖ ਰਸੀਏ ਹਨ। ਸਾਰੇ ਭਾਰਤ ਵਿਚ ਰੈਣ-ਸਬਾਈ ਕੀਰਤਨ ਦੇ ਸਮਾਗਮ ਹੁੰਦੇ ਹਨ, ਜਿਨ੍ਹਾਂ ਨਾਲ ਲੱਖਾਂ ਪ੍ਰਾਣੀਆਂ ਨੂੰ ਗੁਰਬਾਣੀ ਨਾਮ ਮਹਾਂ ਰਸ ਦੀ ਪ੍ਰਾਪਤੀ ਹੁੰਦੀ ਹੈ।

ਸੰਤ ਫਤਹ ਸਿੰਘ ਜੀ ਵੀ ਕੀਰਤਨੀਏ ਸਨ। ਰਾਜਨੀਤੀ ਵਿਚ ਪ੍ਰਵੇਸ਼ ਕਰਨ ਤੋਂ ਪਹਿਲਾਂ ਆਪ ਜੀ ਨੇ ਮਾਲਵੇ ਅਤੇ ਰਾਜਸਥਾਨ ਵਿਚ ਕੀਰਤਨ ਰਾਹੀਂ ਗੁਰਮਤਿ ਪ੍ਰਚਾਰ ਦੀ ਸੇਵਾ ਕੀਤੀ ਸੀ। 1930 ਤੋਂ 1970 ਈ: ਤਕ ਆਪ ਪੰਥ ਦੇ ਸਰਵੇ-ਸਰਵਾ ਵੀ ਰਹੇ, ਪਰ ਕੀਰਤਨ ਦੀ ਲਗਨ ਵਿਚ ਤਰੁੱਟੀ ਨਹੀਂ ਪਈ। ਵੱਡੇ-ਵੱਡੇ ਰਾਜਨੀਤਕ ਸਮਾਗਮਾਂ ਵਿਚ ਆਪ ਕੀਰਤਨ ਕਰਨ ਤੋਂ ਬਾਅਦ ਹੀ ਵਿਖਿਆਨ ਦਿਆ ਕਰਦੇ ਸਨ।

ਭਾਈ ਹੀਰਾ ਸਿੰਘ ਜੀ ਨੇ ਸਿੰਧ ਪ੍ਰਾਂਤ ਵਿਚ ਲੱਖਾਂ ਪ੍ਰਾਣੀਆਂ ਨੂੰ ਸਤਿਗੁਰੂ ਨਾਨਕ ਦੇਵ ਜੀ ਦੇ ਚਰਨ-ਕੰਵਲਾਂ ਨਾਲ ਜੋੜਿਆ। ਆਪ ਦੀ ਕੀਰਤਨ-ਸ਼ੈਲੀ ਪ੍ਰਮਾਣ ਅਤੇ ਸਾਥੀ ਦੇ ਸਮਾਵੇਸ਼ ਵਾਲੀ ਰਹੀ ਹੈ। ਭਾਈ ਸੁਰਜਨ ਸਿੰਘ ਜੀ ਗੁਰੂ-ਘਰ ਦੇ ਮਹਾਨ ਕੀਰਤਨੀਏ ਹੋਏ ਹਨ ਜਿਨ੍ਹਾਂ ਦੀ ਸੁਰੀਲੀ ਅਵਾਜ਼ ਨੂੰ ਸੰਗਤਾਂ ਹਾਲੀਂ ਤਕ ਵੀ ਭੁਲਾ ਨਹੀਂ ਸਕੀਆਂ। ਭਾਈ ਸੰਤਾ ਸਿੰਘ ਜੀ ਸੁਰ, ਲੈਅ ਅਤੇ ਸ਼ਬਦ ਦੇ ਅਦਭੁਤ ਸੰਗੀਤ ਸ਼ਾਸਤਰੀ ਹੋਏ ਹਨ। ਭਾਈ ਸਮੁੰਦ ਸਿੰਘ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਅੰਕਤ ਹਰ ਰਾਗ ਦਾ ਗਾਇਨ ਕਰਨ ਦੀ ਸਮਰੱਥਾ ਰੱਖਦੇ ਸਨ। ਭਾਈ ਭਾਗ ਸਿੰਘ ਜੀ ਅਤੇ ਭਾਈ ਜਵਾਲਾ ਸਿੰਘ ਜੀ ਦੀ ਸ਼ਰਧਾ ਪ੍ਰੇਮ ਦੀ ਭਾਵਨਾ ਅਕਥਨੀਯ ਸੀ। ਇਹ ਸਮੂਹ ਕੀਰਤਨੀਏ ‘ਭਲੋ ਭਲੋ ਰੇ ਕੀਰਤਨੀਆ’ ਦੇ ਪਾਵਨ ਗੁਰਵਾਕ ਦੇ ਸਾਖਿਆਤ ਰੂਪ ਹੋਏ ਹਨ।

ਵਰਤਮਾਨ ਸਮੇਂ ਵਿਚ ਵੀ ਸੈਂਕੜੇ ਰਾਗੀ, ਗੁਰਮੁਖ ਪਿਆਰੇ, ਭਾਰਤ ਵਰਸ਼ ਦੇ ਕੋਨੇ-ਕੋਨੇ ਵਿਚ ਕੀਰਤਨ ਨਾਮ ਦੀ ਵਰਖਾ ਵਰਸਾ ਕੇ ਤਪਤ ਹਿਰਦਿਆਂ ਨੂੰ ਪਰਮ ਸ਼ਾਂਤੀ ਪ੍ਰਦਾਨ ਕਰ ਰਹੇ ਹਨ, ਜਿਨ੍ਹਾਂ ਗੁਰਮੁਖ ਪਿਆਰਿਆਂ ਦੀ ਸੇਵਾ ਨੂੰ ਗੁਰੂ ਖਾਲਸਾ ਪੰਥ ਭਲੀ ਪ੍ਰਕਾਰ ਜਾਣਦਾ ਹੈ। ਇਹ ਗੁਰਮੁਖ ਪਿਆਰੇ ਰਾਗੀ ਸਿੰਘ ਕੀਰਤਨ ਦੇ ਆਧਾਰ ਨਾਲ ਪੰਥ ਨੂੰ ਸ਼ਬਦ ਨਾਲ ਜੋੜ ਰਹੇ ਹਨ:

ਸਹਜ ਸਿਫਤਿ ਭਗਤਿ ਤਤੁ ਗਿਆਨਾ॥
ਸਦਾ ਅਨੰਦੁ ਨਿਹਚਲੁ ਸਚੁ ਥਾਨਾ॥
ਤਹਾ ਸੰਗਤਿ ਸਾਧ ਗੁਣ ਰਸੈ॥
ਅਨਭਉ ਨਗਰੁ ਤਹਾ ਸਦ ਵਸੈ॥
ਤਹ ਭਉ ਭਰਮਾ ਸੋਗੁ ਨ ਚਿੰਤਾ॥
ਆਵਣੁ ਜਾਵਣੁ ਮਿਰਤੁ ਨ ਹੋਤਾ॥
ਤਹ ਸਦਾ ਅਨੰਦ ਅਨਹਤ ਆਖਾਰੇ॥
ਭਗਤ ਵਸਹਿ ਕੀਰਤਨ ਆਧਾਰੇ॥ (ਪੰਨਾ 237)

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Giani Balwant Singh Kothaguru

ਸਿੱਖ ਜਗਤ ਵਿਚ ਗਿਆਨੀ ਬਲਵੰਤ ਸਿੰਘ ਕੋਠਾ ਗੁਰੂ ਦਾ ਨਾਂ ਇਕ ਉੱਘੇ ਇਤਿਹਾਸਕਾਰ, ਸਾਹਿਤਕਾਰ ਅਤੇ ਦਾਰਸ਼ਨਿਕ ਵਜੋਂ ਸਨਮਾਨਿਆ ਜਾਂਦਾ ਹੈ। ਉਹ ਜਿਥੇ ਮਹਾਨ ਵਿਦਵਾਨ ਸਨ ਉਥੇ ਨਿਮਰ ਤੇ ਪ੍ਰਭਾਵਸ਼ਾਲੀ ਸ਼ਖ਼ਸੀਅਤ ਦੇ ਮਾਲਕ ਸਨ। ਗਿਆਨੀ ਜੀ ਦਾ ਜਨਮ ੨੫ ਜੂਨ ੧੯੩੩ ਈ: ਨੂੰ ਪਿੰਡ ਕੋਠਾ ਗੁਰੂ ਜ਼ਿਲ੍ਹਾ ਬਠਿੰਡਾ ਵਿਚ ਸ. ਬੁੱਘਾ ਸਿੰਘ ਮਾਨ ਦੇ ਘਰ ਸ੍ਰੀਮਤੀ ਵੀਰ ਕੌਰ ਦੀ ਕੁਖੋਂ ਹੋਇਆ। ਪੁਰਾਣੇ ਸਮਿਆਂ ਵਿਚ ਸਕੂਲ ਬਹੁਤ ਘੱਟ ਹੁੰਦੇ ਸਨ, ਜਿਸ ਕਾਰਨ ਉਨ੍ਹਾਂ ਨੇ ਸਾਧੂ-ਸੰਤਾਂ ਦੇ ਡੇਰਿਆਂ ਵਿਚੋਂ ਵਿਦਿਆ ਗ੍ਰਹਿਣ ਕੀਤੀ। ਇਥੋਂ ਹੀ ਗਿਆਨੀ ਜੀ ਨੂੰ ਪੜ੍ਹਨ ਲਿਖਣ ਦਾ ਅਭਿਆਸ ਪਿਆ। ਉਨ੍ਹਾਂ ਨੇ ਬ੍ਰਜ ਭਾਸ਼ਾ, ਹਿੰਦੀ, ਸੰਸਕ੍ਰਿਤ ਅਤੇ ਗੁਰਮੁਖੀ ਵਿਚ ਮੁਹਾਰਤ ਹਾਸਲ ਕੀਤੀ ਅਤੇ ਨਾਲ ਹੀ ਉਰਦੂ ਦਾ ਵੀ ਅਧਿਐਨ ਕੀਤਾ। ਗਿਆਨੀ ਬਲਵੰਤ ਸਿੰਘ ਦਾ ਜੀਵਨ ਸਾਹਿਤਕ ਸੇਵਾ ਨੂੰ ਸਮਰਪਿਤ ਸੀ। ਉਨ੍ਹਾਂ ਨੇ ਧਰਮ, ਇਤਿਹਾਸ, ਦਰਸ਼ਨ, ਵੇਦਾਂਤ ਅਤੇ ਸੰਤਾਂ ਮਹਾਂਪੁਰਖਾਂ ਦੇ ਜੀਵਨ ਨਾਲ ਸੰਬੰਧਿਤ ਸਾਹਿਤ ਦੀ ਸਿਰਜਣਾ ਕੀਤੀ। ਗਿਆਨੀ ਜੀ ਨੇ ਦੋ ਦਰਜਨ ਤੋਂ ਵਧ ਪੁਸਤਕਾਂ ਦੀ ਰਚਨਾ ਕੀਤੀ। ਗਿਆਨੀ ਬਲਵੰਤ ਸਿੰਘ ਕੋਠਾ ਗੁਰੂ 27 ਫਰਵਰੀ 2019 ਨੂੰ ਗੁਰੂ ਚਰਨਾਂ ਵਿੱਚ ਬਿਰਾਜ ਗਏ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)