editor@sikharchives.org
Guru Granth Sahib Ji

ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਭਾਸ਼ਾ, ਸਾਹਿਤ ਅਤੇ ਸਭਿਆਚਾਰਕ ਯੋਗਦਾਨ

ਸ੍ਰੀ ਗੁਰੂ ਗ੍ਰੰਥ ਸਾਹਿਬ ਪੰਜਾਬੀ ਬੋਲੀ, ਪੰਜਾਬੀ ਪ੍ਰਧਾਨ ਹਿੰਦੀ, ਬ੍ਰਿਜ ਬੋਲੀ ਅਤੇ ਗੁਰਮੁਖੀ ਅੱਖਰਾਂ ਵਿਚ ਆਕਾਰ ਦੇ ਲਿਹਾਜ਼ ਨਾਲ ਅਦੁੱਤੀ ਗ੍ਰੰਥ ਹੈ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਪੰਜਾਬ ਦੀ ਧਰਤੀ ’ਤੇ ਵਿਚਰੇ ਸਿੱਖ ਗੁਰੂ ਸਾਹਿਬਾਨ, ਸੂਫ਼ੀ-ਸੰਤਾਂ ਤੇ ਰਹੱਸਵਾਦੀ ਰੁਚੀਆਂ ਰੱਖਣ ਵਾਲੇ ਹੋਰ ਅਨੇਕਾਂ ਮਹਾਂਪੁਰਸ਼ਾਂ ਦਾ ਪੰਜਾਬੀ ਲੋਕਾਂ ਦੇ ਜੀਵਨ, ਪੰਜਾਬੀਆਂ ਦੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੀ ਉਸਾਰੀ ਉੱਪਰ ਅਤਿਅੰਤ ਡੂੰਘਾ, ਸਥਾਈ ਤੇ ਨਿਰੋਆ ਪ੍ਰਭਾਵ ਪਿਆ ਹੈ। ਪੰਜਾਬੀ ਲੋਕਾਂ ਦੇ ਸਮੁੱਚੇ ਜੀਵਨ ਉੱਪਰ ਇਨ੍ਹਾਂ ਦਾ ਜੋ ਪ੍ਰਭਾਵ ਪਿਆ, ਉਸ ਨੂੰ ਅੱਖੋਂ ਉਹਲੇ ਕਰ ਕੇ ਪੰਜਾਬੀ ਸਭਿਆਚਾਰ ਦੀ ਤਸਵੀਰ ਬਣਾਉਣੀ ਅਸੰਭਵ ਹੈ। ਬਾਬਾ ਫ਼ਰੀਦ ਜੀ, ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਭਾਈ ਗੁਰਦਾਸ ਜੀ ਆਦਿ ਦੇ ਜੀਵਨ, ਕਿਰਤਾਂ ਅਤੇ ਕਰਤੱਵਾਂ ਨੂੰ ਬਿਨਾਂ ਅਧਿਐਨ ਕੀਤੇ ਉਨ੍ਹਾਂ ਦੇ ਸਮਕਾਲੀ ਲੋਕਾਂ ਦੀਆਂ ਮਨੋਬਿਰਤੀਆਂ, ਸੋਚਾਂ ਦਾ ਅਧਿਐਨ ਨਹੀਂ ਹੋ ਸਕਦਾ।

‘ਪੰਜਾਬ ਜਿਊਂਦਾ ਗੁਰਾਂ ਦੇ ਨਾਮ ’ਤੇ’ ਕਹਿਣ ਵਾਲੇ ਪੰਜਾਬੀ ਨੇ ਇਕ ਜਿਊਂਦੀ ਸਚਾਈ ਬਿਆਨ ਕੀਤੀ ਹੈ। ਪੰਜਾਬ ਦੀ ਆਤਮਾ ਉੱਪਰ ਹੋਰ ਪ੍ਰਭਾਵ ਪੈਂਦੇ ਰਹੇ ਤੇ ਪੈ ਰਹੇ ਹਨ, ਪਰੰਤੂ ਪੰਜਾਬ ਦੀ ਧਰਤੀ ’ਤੇ ਵਿਚਰੇ ਸਿੱਖ ਗੁਰੂ ਸਾਹਿਬਾਨ, ਸੂਫ਼ੀ-ਸੰਤਾਂ ਦਾ ਪ੍ਰਭਾਵ ਹਾਲੇ ਤਕ ਸਭ ਤੋਂ ਗੌਰਵ ਵਾਲਾ ਸਾਬਤ ਹੋਇਆ ਹੈ। ਨਿਕਟ ਭਵਿੱਖ ਵਿਚ ਇਸ ਪ੍ਰਭਾਵ ਨੂੰ ਪੰਜਾਬ ਦੀ ਭਵਿੱਖਤ ਉਸਾਰੀ ਲਈ ਇਕ ਸਾਰਥਕ ਸਾਧਨ ਬਣਾ ਕੇ ਵਰਤਣ ਦੀ ਬਹੁਤ ਗੁੰਜਾਇਸ਼ ਨਜ਼ਰ ਆਉਂਦੀ ਹੈ। ਇਨ੍ਹਾਂ ਸ਼ਖ਼ਸੀਅਤਾਂ ਦੇ ਪੰਜਾਬ ਦੇ ਲੋਕਾਂ ਉੱਪਰ ਪ੍ਰਭਾਵ ਪੈਣ ਦੇ ਦੋ ਮਹੱਤਵਪੂਰਨ ਕਾਰਨ ਹਨ। ਪਹਿਲਾ, ਉਨ੍ਹਾਂ ਦੇ ਨਿੱਜੀ ਜੀਵਨ ਦੁਆਰਾ, ਕਿਉਂਕਿ ਉਨ੍ਹਾਂ ਦੀ ਕਹਿਣੀ ਤੇ ਕਰਨੀ ਵਿਚ ਕੋਈ ਫ਼ਰਕ ਨਹੀਂ ਸੀ। ਉਨ੍ਹਾਂ ਦੀ ਕਰਨੀ ਜਾਤੀ ਪੱਖ ਜਾਂ ਸਮਾਜਿਕ ਪੱਖ ਵਿਚ ਉੱਚ ਦਰਜੇ ਦੀ ਸੀ। ਕੋਈ ਵੀ ਮਨੁੱਖ ਜੋ ਉਨ੍ਹਾਂ ਦੇ ਨੇੜੇ ਆਉਂਦਾ, ਉਨ੍ਹਾਂ ਵਿਚ ਆਮ ਮਨੁੱਖਾਂ ਨਾਲੋਂ ਵਿਲੱਖਣਤਾ ਮਹਿਸੂਸ ਕਰਦਾ। ਦੂਸਰਾ, ਉਨ੍ਹਾਂ ਮਹਾਨ ਸ਼ਖ਼ਸੀਅਤਾਂ ਦੁਆਰਾ ਰਚੇ ਸਾਹਿਤ ਤੋਂ। ਉਨ੍ਹਾਂ ਦੁਆਰਾ ਰਚਿਆ ਸਾਹਿਤ ਸਾਧਾਰਨ ਤੋਂ ਵਧੀਕ ਡੂੰਘੇ ਮਨਾਂ ਦਾ ਹੀ ਹੈ। ਸਾਧਾਰਨ ਮਨੁੱਖਾਂ ਨਾਲੋਂ ਇਨ੍ਹਾਂ ਰਹੱਸਵਾਦੀਆਂ ਦੇ ਵਿਚਾਰ ਜਾਂ ਜਜ਼ਬੇ ਤੀਬਰ ਤੇ ਪ੍ਰਬਲ ਹੁੰਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹੇਠਲੇ ਸਲੋਕ ਤੋਂ ਉਨ੍ਹਾਂ ਦੇ ਦਿਲ ਵਿਚ ਮਨੁੱਖੀ ਦਰਦ ਦੀ ਤੇਜ਼ ਕਾਂਗ ਦੀ ਸੂਚਨਾ ਮਿਲਦੀ  ਹੈ:

ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ॥
ਕਰਤਾ ਤੂੰ ਸਭਨਾ ਕਾ ਸੋਈ॥
ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ॥
ਸਕਤਾ ਸੀਹੁ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ॥
ਰਤਨ ਵਿਗਾੜਿ ਵਿਗੋਏ ਕੁਤੀਂ ਮੁਇਆ ਸਾਰ ਨ ਕਾਈ॥ (ਪੰਨਾ 360)

ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ, “ਸਾਰੇ ਧਰਮ ਗ੍ਰੰਥਾਂ ਦਾ ਸਵਾਮੀ, ਸਿੱਖ ਧਰਮ ਦਾ ਮਹਾਂਮਾਨਯ ਸ੍ਰੀ ਗੁਰੂ ਗ੍ਰੰਥ ਸਾਹਿਬ, ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪਹਿਲੇ ਸਤਿਗੁਰਾਂ ਦੀ ਬਾਣੀ ਇਕੱਤਰ ਕਰ ਕੇ ਸੰਮਤ 1660 (1603 ਈ.) ਵਿਚ ਰਾਮਸਰ (ਅੰਮ੍ਰਿਤਸਰ) ਦੇ ਕਿਨਾਰੇ ਭਾਈ ਗੁਰਦਾਸ ਤੋਂ  ਲਿਖਵਾਉਣਾ ਆਰੰਭਿਆ, ਆਪਣੀ ਰਚਨਾ ਅਤੇ ਭਗਤ ਆਦਿਕਾਂ ਦੀ ਬਾਣੀ ਸ਼ਾਮਿਲ ਕਰ ਕੇ ਹਰਿਮੰਦਰ ਵਿਚ ਗੁਰਮਤਿ ਦੇ ਪ੍ਰਚਾਰ ਲਈ ਅਸਥਾਪਨ ਕਰ ਕੇ ਬਾਬਾ ਬੁੱਢਾ ਜੀ ਨੂੰ ਗ੍ਰੰਥੀ ਥਾਪਿਆ।”

“ਸ੍ਰੀ ਗੁਰੂ ਅਰਜਨ ਦੇਵ ਜੀ ਨੇ ਵਿਚਾਰ ਕੀਤਾ ਕਿ ਦ੍ਰਿੜ੍ਹ ਜੜ੍ਹ ਦੇ ਆਸਰੇ ਬ੍ਰਿਛ ਦੇ ਅਧਿਕ ਫੈਲਣ ਵਾਂਗ, ਮਜ਼ਹਬ, ਕੌਮ, ਧਰਮ ਦੇ ਆਸਰੇ
ਫੈਲਦਾ ਤਾਂ ਹੀ ਪ੍ਰਤੀਤ ਹੁੰਦਾ ਹੈ ਜੇਕਰ ਇਸ ਪਾਸ ਇਕ ਧਰਮ ਗ੍ਰੰਥ ਹੋਵੇ, ਲੋਕ ਵੀ ਉਸ ਨੂੰ ਈਸ਼ਵਰ ਦਾ ਹੁਕਮ ਸਮਝ ਕੇ ਪੂਜਦੇ ਹੋਣ। ਇਸੇ ਲਈ ਉਨ੍ਹਾਂ ਨੇ ਆਪਣੇ ਤੋਂ ਪਹਿਲੇ ਗੁਰੂ ਸਾਹਿਬਾਨ ਦੀ ਬਾਣੀ ਤੋਂ ਇਲਾਵਾ 15 ਹੋਰ ਭਗਤਾਂ ਦੀ ਵੀ ਬਾਣੀ, ਜਿਨ੍ਹਾਂ ਵਿਚ ਭਗਤ ਕਬੀਰ ਜੀ, ਭਗਤ ਨਾਮਦੇਵ ਜੀ, ਭਗਤ ਰਵਿਦਾਸ ਜੀ, ਭਗਤ ਤ੍ਰਿਲੋਚਨ ਜੀ ਅਤੇ ਬਾਬਾ ਫ਼ਰੀਦ ਜੀ ਪ੍ਰਸਿੱਧ ਹਨ, ਦਰਜ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਪੰਜਾਬੀ ਬੋਲੀ, ਪੰਜਾਬੀ ਪ੍ਰਧਾਨ ਹਿੰਦੀ, ਬ੍ਰਿਜ ਬੋਲੀ ਅਤੇ ਗੁਰਮੁਖੀ ਅੱਖਰਾਂ ਵਿਚ ਆਕਾਰ ਦੇ ਲਿਹਾਜ਼ ਨਾਲ ਅਦੁੱਤੀ ਗ੍ਰੰਥ ਹੈ। ਇਸ ਦੇ 1430 ਪੰਨੇ ਹਨ। ਏਨੇ ਵੱਡੇ ਆਕਾਰ ਦਾ ਕਾਵਿ-ਗ੍ਰੰਥ ਗੁਰਮੁਖੀ ਅੱਖਰਾਂ ਵਿਚ ਕੋਈ ਹੋਰ ਨਹੀਂ ਲਿਖਿਆ ਗਿਆ।”

ਭਾਸ਼ਾਈ ਪੱਖ

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਭਾਸ਼ਾ ਨੂੰ ਤਿੰਨਾਂ ਰੂਪਾਂ-ਲੋਕ-ਭਾਸ਼ਾ (ਜੋ ਲੋਕਾਂ ਵੱਲੋਂ ਬੋਲੀ ਜਾਂਦੀ ਹੈ), ਸ਼ਾਸਤਰ-ਭਾਸ਼ਾ (ਭਾਵ ਨਿਰੋਲ ਬੌਧਿਕ ਅਤੇ ਚਿੰਤਨ ਪ੍ਰਧਾਨ), ਕਾਵਿ-ਭਾਸ਼ਾ (ਭਾਵ ਮਨ ਦੇ ਅੰਦਰਲੇ ਭਾਵਾਂ, ਅਨੁਭਵਾਂ ਦੇ ਪ੍ਰਗਟਾਅ ਲਈ ਕਾਵਿ ਲਿਖਣਾ) ਦਾ ਸੁਮੇਲ ਕਿਹਾ ਜਾ ਸਕਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਾਦਨ ਭਾਵੇਂ 1603-04 ਈਸਵੀ ਵਿਚ ਹੋਇਆ, ਪਰੰਤੂ ਇਸ ਦੇ ਬਾਣੀਕਾਰਾਂ ਦਾ ਸਮਾਂ 12ਵੀਂ ਤੋਂ 17ਵੀਂ ਸਦੀ ਤਕ ਲੱਗਭਗ 500 ਸਾਲ ਦਾ ਹੈ। ਇੰਨੇ ਲੰਬੇ ਸਮੇਂ ਤੋਂ ਭਾਸ਼ਾ ਦੇ ਰੂਪ ਬਦਲਦੇ ਰਹਿਣਾ, ਵਿਸ਼ੇਸ਼ ਰਾਜਨੀਤਿਕ ਅਤੇ ਸਮਾਜਿਕ ਹਾਲਤਾਂ ਦੀ ਲੋੜ ਅਨੁਸਾਰ ਉਸ ਨੂੰ ਇਕ ਅੰਤਰ-ਪ੍ਰਾਂਤਕ ਰੂਪ ਵਿਚ ਕੇਂਦਰਿਤ ਕਰਨ ਦਾ ਉਪਰਾਲਾ ਕਰਨਾ ਨਿਰਸੰਦੇਹ ਇਕ ਮਹਾਨ ਕੰਮ ਹੈ। ਡਾ. ਟਰੰਪ (Dr. Trump) ਜਿਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅੰਗਰੇਜ਼ੀ ਅਨੁਵਾਦ ਸਭ ਤੋਂ ਪਹਿਲਾਂ ਕੀਤਾ ਹੈ, ਨੇ ਇਸ ਨੂੰ ਪ੍ਰਾਚੀਨ ਬੋਲੀਆਂ ਦਾ ਕੋਸ਼ ਕਿਹਾ ਹੈ। ਡਾ. ਟਰੰਪ ਅਨੁਸਾਰ –

“The Chief importance of the Sikh Granth lies in the linguistic line, as being the treasury of the old Hindu dia- lects.” 

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਧਾਨ ਬੋਲੀ ਪੁਰਾਣੀ ਪੰਜਾਬੀ ਹੈ। ਇਸ ਵਿਚ ਪੰਜਾਬੀ ਵੱਖ-ਵੱਖ ਇਲਾਕਿਆਂ ਜਿਵੇਂ ਕਿ ਲਹਿੰਦੀ, ਪੋਠੋਹਾਰੀ, ਪਹਾੜੀ ਤੇ ਮਲਵਈ ਬੋਲੀਆਂ ਦੇ ਸ਼ਬਦ ਤੇ ਨਮੂਨੇ ਆਮ ਤੌਰ ’ਤੇ ਮਿਲਦੇ ਹਨ। ਇਸ ਤੋਂ ਇਲਾਵਾ ਸੰਤ-ਭਾਸ਼ਾ ਤੇ ਪੰਜਾਬ ਦੀ ਪ੍ਰਦੇਸ਼ਿਕ ਭਾਸ਼ਾ ਪੰਜਾਬੀ (ਸ੍ਰੀ ਗੁਰੂ ਗ੍ਰੰਥ ਸਾਹਿਬ) ਸਾਹਿਤ-ਰਚਨਾ ਦੇ ਖੇਤਰ ਵਿਚ ਰਾਜ ਕਰਦੀ ਰਹੀ। ਗੁਰੂ ਸਾਹਿਬ ਵੀ ਸੰਤ-ਭਾਸ਼ਾ ਵਿਚ ਹੀ ਉਪਦੇਸ਼ ਦਿੰਦੇ ਰਹੇ।

ਸਮੁੱਚੇ ਤੌਰ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਭਾਸ਼ਾ ਨੂੰ ਸੰਤ-ਭਾਸ਼ਾ ਕਿਹਾ ਜਾ ਸਕਦਾ ਹੈ, ਪਰੰਤੂ ਬਾਣੀਕਾਰਾਂ ਦੇ ਸਮੇਂ, ਥਾਂ ਅਤੇ ਮਾਂ-ਬੋਲੀ ਦੇ ਅਨੁਸਾਰ ਭਾਸ਼ਾਵਾਂ ਦੇ ਕੁਝ ਸਮੂਹ ਬਣ ਗਏ। ਸੰਤ-ਭਾਸ਼ਾ ਦੀਆਂ ਹੇਠ ਲਿਖੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਹਨ:

1. ਤਦਭਵ ਸ਼ਬਦਾਂ ਦੀ ਪ੍ਰਧਾਨਤਾ ਅਤੇ ਧਰਮ-ਸੰਸਕਾਰ ਸਬੰਧੀ ਸ਼ਬਦਾਵਲੀ ਦੇ ਪੁਰਾਣੇ ਵਿਰਸੇ ਨੂੰ ਕਾਇਮ ਰੱਖਣਾ ਇਸ ਦੀ ਖਾਸ ਵਿਸ਼ੇਸ਼ਤਾ ਰਹੀ ਹੈ।
2. ਸੂਫ਼ੀ-ਸੰਤਾਂ ਦੁਆਰਾ ਯਾਤਰਾਵਾਂ ਕੀਤੇ ਜਾਣ ਕਾਰਨ ਭਾਸ਼ਾਵਾਂ ਵਿਚ ਆਈ ਨਿਵੇਕਲੀ ਰਲਾਵਟ ਨੇ ਇਸ ’ਤੇ ਵਿਸ਼ੇਸ਼ ਪ੍ਰਭਾਵ ਪਾਇਆ।
3. ਮੁਸਲਮਾਨਾਂ ਨਾਲ ਮੇਲ-ਜੋਲ ਕਾਰਨ ਮੁਸਲਿਮ ਸ਼ਬਦਾਵਲੀ ਦੇ ਮਿਸ਼ਰਨ ਕਾਰਨ ਇਸ ਨੂੰ ਹਿੰਦਵੀ ਭਾਸ਼ਾ ਕਿਹਾ ਜਾਣ ਲੱਗਾ।

ਸਾਹਿਤਕ ਪੱਖ

ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਦੂਸਰਾ ਮਹੱਤਵਪੂਰਨ ਪਰਿਪੇਖ ਸਾਹਿਤ ਹੈ। ‘ਸਾਹਿਤ’ ਸ਼ਬਦ ਦੀ ਉਤਪਤੀ ‘ਸਾਹਿ+ਯਤ’ ਪ੍ਰਤਿਅ ਤੋਂ ਹੋਈ ਹੈ। ਸ਼ਬਦ ਅਤੇ ਅਰਥ ਦਾ ਯਥਾਯੋਗ ਸਹਿਭਾਵ ਸਾਹਿਤ ਕਹਾਉਂਦਾ ਹੈ। ਇਸ ਦ੍ਰਿਸ਼ਟੀ ਤੋਂ ਹਰ ਇਕ ਉਹ ਸਾਰਥਕ ਸ਼ਬਦ ਜਿਸ ਦਾ ਪ੍ਰਗਟਾਓ ਕੀਤਾ ਜਾਂਦਾ ਹੈ, ਸਾਹਿਤ ਦਾ ਅੰਗ ਹੁੰਦਾ ਹੈ। ਇਹ ਬੜੀ ਵਿਆਪਕ ਪਰਿਭਾਸ਼ਾ ਹੈ – ਇਨਸਾਨ ਦੇ ਬੌਧਿਕ ਅਤੇ ਰਾਗਾਤਮਕ ਪ੍ਰਭਾਵਾਂ ਦਾ ਸਮੂਹ ਹੀ ਇਸ ਨਾਤੇ ਸਾਹਿਤ ਕਹਾਉਂਦਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਿਸ਼ਚੇ ਹੀ ਜੀਵਨ ਨਾਲ ਚੰਗੀ ਤਰ੍ਹਾਂ ਜੁੜੀ ਹੋਈ ਬਾਣੀ ਹੈ। ਸੂਫ਼ੀ-ਸੰਤਾਂ, ਗੁਰੂਆਂ-ਪੀਰਾਂ ਦਾ ਵੱਡਾ ਮੰਤਵ ਸਦਾ ਲੋਕ ਭਲਾਈ ਰਿਹਾ ਹੈ। ਉਨ੍ਹਾਂ ਦੀ ਬਾਣੀ ਅਤੇ ਹੋਰ ਸਾਹਿਤ ਵਿਚ ਅਧਿਆਤਮਕ ਪੁਕਾਰ, ਭਗਤੀ, ਗੁਰੂ, ਰੱਬ ਅਤੇ ਉਸ ਦੇ ਸਤਿ ਰੂਪ ਦੀ ਉਸਤਤ, ਮਾਇਆ ਤੋਂ ਛੁਟਕਾਰੇ ਦੀ ਪ੍ਰੇਰਨਾ, ਨਾਮ ਦਾ ਸਿਮਰਨ ਅਤੇ ਨਾਮੀ ਨਾਲ ਏਕਤਾ ਸਥਾਪਤ ਕਰਨ ਦਾ ਪਵਿੱਤਰ ਸੁਨੇਹਾ ਹੈ।

ਇਸ ਦੇ ਬਾਣੀਕਾਰਾਂ ਦਾ ਮੂਲ ਮੰਤਵ ਮਨੁੱਖੀ ਮਨ ਦੀ ਡੋਲਦੀ ਬੇੜੀ ਨੂੰ ਸੁਨੇਹਾ ਦੇਣਾ ਸੀ। ਇਸੇ ਲਈ ਅਸੀਂ ਉਨ੍ਹਾਂ ਨੂੰ ਪਹਿਲਾਂ ਉਪਦੇਸ਼ਕ ਤੇ ਰਹਿਬਰ ਮੰਨਦੇ ਹਾਂ, ਕਵੀ ਦਾ ਦਰਜਾ ਬਾਅਦ ਵਿਚ ਦਿੰਦੇ ਹਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਮੁੱਖ ਵਿਸ਼ਾ ਅਪਣਾਉਣ ਯੋਗ ਨੂੰ ਅਪਣਾਉਣਾ ਹੈ, ਤੇ ਤਿਆਗਣ ਯੋਗ ਨੂੰ ਤਿਆਗਣਾ ਹੈ; ਅਧਿਆਤਮਕ, ਸਭਿਆਚਾਰਕ ਅਤੇ ਪੰਥਕ ਪੱਧਰ ’ਤੇ ਟੁੱਟੀਆਂ ਹੋਈਆਂ ਕਦਰਾਂ-ਕੀਮਤਾਂ ਨੂੰ ਮੁੜ ਸੰਗਠਿਤ ਕਰਨਾ ਹੈ।

ਸਭਿਆਚਾਰਕ ਪੱਖ

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਭ ਤੋਂ ਵੱਡੀ ਮਹਾਨਤਾ ਇਹ ਹੈ ਕਿ ਇਸ ਨੇ ਪੰਜਾਬੀ ਸਭਿਆਚਾਰ ’ਤੇ ਜਿੰਨਾ ਪ੍ਰਭਾਵ ਪਾਇਆ ਹੈ, ਹੋਰ ਕਿਸੇ ਗ੍ਰੰਥ ਨੇ ਨਹੀਂ ਪਾਇਆ ਹੈ, ਇਸ ਨੇ ਪੰਜਾਬੀ ਜੀਵਨ, ਸਭਿਆਚਾਰ ’ਤੇ ਹੇਠ ਲਿਖੇ ਪ੍ਰਭਾਵ ਪਾਏ:

1. ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਸੈਂਕੜੇ ਤੁਕਾਂ ਪੰਜਾਬੀ ਜੀਵਨ ਦਾ ਅੰਗ ਬਣ ਗਈਆਂ ਜਿਨ੍ਹਾਂ ਨੂੰ ਲੋਕ ਅਖੌਤਾਂ ਵਾਂਗ ਨਿੱਤ ਦੇ ਜੀਵਨ ਵਿਚ ਵਰਤਣ ਲੱਗੇ। ਇਹ ਗਜ਼ਬ ਦੇ ਸੰਕੋਚ ਭਰੇ ਤੇ ਅਸਰ ਭਰਪੂਰ ਅਲੰਕਾਰ ਹਨ :

ੳ) ਮਨਿ ਜੀਤੈ ਜਗੁ ਜੀਤੁ॥
ਅ) ਨਾਨਕ ਦੁਖੀਆ ਸਭੁ ਸੰਸਾਰੁ॥
ੲ) ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ॥
ਸ) ਚੋਰ ਕੀ ਹਾਮਾ ਭਰੇ ਨ ਕੋਇ॥
ਹ) ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ॥

2. ਪੰਜਾਬੀ ਬੋਲੀ ਨੂੰ ਸਾਹਿਤਕ ਰਚਨਾ ਲਈ ਵਰਤਣ ਦੀ ਇਕ ਜ਼ਬਰਦਸਤ ਲਹਿਰ ਚਲਾ ਦਿੱਤੀ। ਪੰਜਾਬ ਵਿਚ ਸੂਫ਼ੀ ਤੇ ਹੋਰ ਸਾਹਿਤ ਉੱਪਰ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ਬਦਾਵਲੀ ਤੇ ਵਿਚਾਰਾਂ ਦਾ ਪ੍ਰਭਾਵ ਪਿਆ।

3. ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਰਤੇ ਅਲੰਕਾਰ, ਜੀਵਨ-ਸਿਧਾਂਤ ਅਤੇ ਸ਼ਬਦਾਵਲੀ ਆਮ ਪੰਜਾਬੀ ਸਾਹਿਤ ’ਤੇ ਛਾ ਗਈ।

4. ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜੀਵਨ-ਸੰਦੇਸ਼ ਨੇ ਪੰਜਾਬੀ ਲੋਕਾਂ ਦੀ ਕਾਇਆ-ਪਲਟ ਦਿੱਤੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਅਧੀਨ ਧਰਮ, ਨਿਆਂ ਤੇ ਦੁਖੀ ਮਜ਼ਲੂਮਾਂ ਦੀ ਰੱਖਿਆ ਲਈ ਸ਼ਸਤਰਬੱਧ ਜੰਗ ਸ਼ੁਰੂ ਹੋ ਗਈ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਕਈ ਬਾਣੀਆਂ ਲੋਕਾਂ ਦੇ ਜੀਵਨ ਦਾ ਨਿੱਤਨੇਮ ਤੇ ਜੀਵਨ-ਆਧਾਰ ਬਣ ਗਈਆਂ। ਸ੍ਰੀ ਗੁਰੂ ਗ੍ਰੰਥ ਸਾਹਿਬ ਇਕ ਉੱਚ-ਕੋਟੀ ਦੀ ਸਾਹਿਤਕ, ਸਭਿਆਚਾਰਕ ਤੇ ਆਤਮਿਕ ਭਾਂਤ ਦੀ ਉੱਚੀ ਰਚਨਾ ਮੰਨੀ ਗਈ।

ਸ੍ਰੀ ਗੁਰੂ ਗ੍ਰੰਥ ਸਾਹਿਬ ਇਕ ਅਦੁੱਤੀ ਰਚਨਾ ਹੈ। ਇਸ ਵਿਚ ਹਿੰਦੂ, ਮੁਸਲਮਾਨ ਅਤੇ ਊਚ-ਨੀਚ ਦੇ ਭੇਦ-ਭਾਵ ਨੂੰ ਮਿਟਾ ਕੇ ਨਿਰੋਲ ਅਕਾਲ ਪੁਰਖ ਦੀ ਉਪਾਸ਼ਨਾ ਕਰਨ ਦਾ ਸੰਦੇਸ਼ ਦੇਣ ਵਾਲੇ ਸਤਿਗੁਰਾਂ, ਸੰਤਾਂ, ਭਗਤਾਂ ਅਤੇ ਸੂਫ਼ੀ ਸਾਧਕਾਂ ਦੀ ਬਾਣੀ ਦਰਜ ਹੈ। ਇਹ ਸਭ ਮਹਾਂ-ਮਾਨਵ, ਜਾਤ-ਪਾਤ, ਵਰਨ, ਨਸਲ, ਕੁਲ ਅਤੇ ਧਰਮ ਦੇ ਆਧਾਰ ’ਤੇ ਭਿੰਨ-ਭੇਦਾਂ ਨੂੰ ਭੁਲਾ ਕੇ ਮਨੁੱਖ ਬਣਨ ਦੀ ਪ੍ਰੇਰਨਾ ਦਿੰਦੇ ਹਨ।

ਅਧਿਆਤਮਕ ਖੇਤਰ ਵਿਚ ਸਮਾਨਤਾ ਕਾਇਮ ਕਰਨ ਦਾ ਇਹ ਬਹੁਤ ਮਹਾਨ ਉੱਦਮ ਹੈ।

ਹਰ ਜ਼ੁਬਾਨ ਦਾ ਵਿਰਸਾ ਉਸ ਭਾਸ਼ਾ ਦੇ ਬੋਲਣ ਵਾਲਿਆਂ ਦੇ ਦਾਰਸ਼ਨਿਕ, ਸਭਿਆਚਾਰਕ, ਸਾਹਿਤਕ, ਬੋਲੀ ਦੀ ਬਣਤਰ ਅਤੇ ਸ਼ਬਦਾਵਲੀ ਵਿਚ ਕੀਤੀਆਂ ਪ੍ਰਾਪਤੀਆਂ ਦੀ ਗਵਾਹੀ ਦਿੰਦਾ ਹੈ। ਕੋਈ ਕੌਮ ਕਿੰਨੀ ਵੀ ਲੁੱਟ-ਖਸੁੱਟ ਕਰ ਲਵੇ, ਮਾਲ ਵੇਚ ਲਵੇ, ਮੰਡੀਆਂ ਬਣਾ ਲਵੇ ਜਾਂ ਸੋਨੇ ਦੇ ਭੰਡਾਰ ਲੱਭ ਲਵੇ, ਹਮੇਸ਼ਾਂ ਲਈ ਅਮੀਰ ਨਹੀਂ ਬਣ ਸਕਦੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇਹ ਸਭਿਆਚਾਰਕ ਅਤੇ ਭਾਸ਼ਾਈ ਵਿਰਸਾ ਸਾਡੇ ਹੱਥ ਆਈ ਅਮੁੱਲੀ ਦਾਤ ਹੈ ਜਿਸ ਦੀ ਨੀਂਹ ਉੱਪਰ ਵਧੀਆ ਸਮਾਜ ਦੀ ਉਸਾਰੀ ਹੋ ਸਕਣੀ ਬਹੁਤ ਆਸਾਨ ਹੈ। ਅਜੋਕੇ ਸੰਦਰਭ ਵਿਚ ਜਦੋਂ ਕਿ ਮਨੁੱਖਤਾ ਵਿਚ ਨੇਕੀ, ਪਿਆਰ ਤੇ ਹਮਦਰਦੀ ਦੀ ਭਾਵਨਾ ਮਿਟਦੀ ਜਾ ਰਹੀ ਪ੍ਰਤੀਤ ਹੁੰਦੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਦਾ ਅਧਿਐਨ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਸ਼ਾਂਤੀ ਕਾਇਮ ਕਰਨ ਵਿਚ ਸਹਾਈ ਹੋ ਸਕਦਾ ਹੈ।

ਸਹਾਇਕ ਸਮੱਗਰੀ

1. ਪੰਜਾਬੀ ਦੁਨੀਆ, ਪਟਿਆਲਾ, ਅਗਸਤ-ਸਤੰਬਰ 2000.
2. ਭਾਈ ਕਾਨ੍ਹ ਸਿੰਘ ਨਾਭਾ, ਗੁਰ ਸ਼ਬਦ ਰਤਨਾਕਰ ਮਹਾਨ ਕੋਸ਼, ਪਟਿਆਲਾ।
3. ਡਾ. ਮਨਮੋਹਨ ਸਹਿਗਲ, ਗੁਰੂ ਗ੍ਰੰਥ ਸਾਹਿਬ : ਇਕ ਸਭਿਆਚਾਰਕ ਸਰਵੇਖਣ, ਪਟਿਆਲਾ, 1987, ਪੰਨਾ 115, 117.
4. Trump, Ernest, The Adi Granth, London, 1877, P. 23.
5. ਡਾ. ਮਨਮੋਹਨ ਸਹਿਗਲ, ਉਹੀ, ਪੰਨਾ 152, 157.

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Mohammad Idris
ਐਸੋਸੀਏਟ ਪ੍ਰੋਫੈਸਰ ਅਤੇ ਮੁਖੀ, ਇਤਿਹਾਸ ਵਿਭਾਗ ਅਤੇ ਇੰਚਾਰਜ, -ਵਿਖੇ: ਮਹਾਰਾਣਾ ਪ੍ਰਤਾਪ ਚੇਅਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)