ਸਿੱਖ ਧਰਮ ਦਾ ਮੁੱਢਲਾ ਅਸੂਲ ਅਤੇ ਪਹਿਲਾ ਸਬਕ ਹੈ ਜਬਰ, ਜ਼ੁਲਮ, ਧੱਕੇ, ਬੇਇਨਸਾਫ਼ੀ, ਲੁੱਟ-ਖਸੁੱਟ ਅਤੇ ਧਾਰਮਿਕ ਕੱਟੜਤਾ ਵਿਰੁੱਧ ਜੂਝਣਾ। ਇਸ ਨੂੰ ਧਰਮ-ਯੁੱਧ ਦੀ ਸੰਗਿਆ ਦਿੱਤੀ ਗਈ ਹੈ। ‘ਅਵਰ ਵਾਸਨਾ ਨਾਹਿ ਪ੍ਰਭ ਧਰਮ ਜੁੱਧ ਕੈ ਚਾਇ’ ਫ਼ਰਮਾਇਆ ਹੈ ਦਸਮੇਸ਼ ਜੀ ਨੇ, ਇਹ ਯੁੱਧ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਬਾਬਰ ਦੇ ਜ਼ੁਲਮਾਂ ਦਾ ਡੱਟ ਕੇ ਵਿਰੋਧ ਕਰਨ ਅਤੇ ਲਤਾੜੀ ਜਾ ਰਹੀ ਹਿੰਦਵਾਇਣ ਦੇ ਹੱਕ ਵਿਚ ਆਵਾਜ਼ ਬੁਲੰਦ ਕਰਨ ਨਾਲ ਸ਼ੁਰੂ ਹੋਇਆ ਜੋ ਅੱਜ ਵੀ ਜਾਰੀ ਹੈ ਅਤੇ ਜਿਤਨਾ ਚਿਰ ਜਬਰ ਅਤੇ ਜ਼ੁਲਮ, ਧੱਕੇ, ਬੇਇਨਸਾਫ਼ੀ, ਲੁੱਟ-ਖਸੁੱਟ ਦਾ ਬੋਲਬਾਲਾ ਰਹੇਗਾ ਇਹ ਧਰਮ-ਯੁੱਧ ਕਿਸੇ ਨਾ ਕਿਸੇ ਸ਼ਕਲ ਵਿਚ ਜਾਰੀ ਰਹੇਗਾ।
ਜਦ ਨਾਦਰ ਸ਼ਾਹ ਨੇ ਭਾਰਤ ਉੱਤੇ ਹਮਲਾ ਕੀਤਾ ਅਤੇ ਲੁੱਟਦਾ, ਕੁੱਟਦਾ, ਬੇਇਜ਼ਤ ਕਰਦਾ, ਜਬਰ ਤੇ ਜ਼ੁਲਮ ਦੀ ਹਨੇਰੀ ਝੁਲਾਉਂਦਾ ਦਿੱਲੀ ਜਾ ਅੱਪੜਿਆ। ਉਸ ਨੇ ਹਿੰਦੁਸਤਾਨ ਦਾ ਬਹੁਤ ਭਾਰੀ ਮਾਲ-ਧਨ ਲੁੱਟ ਲਿਆ ਅਤੇ ਊਠਾਂ ਤੇ ਗੱਡਿਆਂ ਉੱਤੇ ਲੱਦ ਕੇ ਆਪਣੇ ਦੇਸ਼ ਨੂੰ ਤੁਰ ਪਿਆ ਅਤੇ ਭਾਰੀ ਗਿਣਤੀ ਵਿਚ ਸੁੰਦਰ ਨੌਜੁਆਨ ਮੁਟਿਆਰਾਂ ਨੂੰ ਕੈਦ ਕਰ ਕੇ ਨਾਲ ਤੋਰ ਲਿਆ। ਪਰੰਤੂ ਖਾਲਸਾ ਦਲਾਂ ਨੇ ਹਮਲਾ ਕਰ ਕੇ ਜਿੱਥੇ ਨਾਦਰ ਸ਼ਾਹ ਦੀ ਫੌਜ ਦਾ ਬਹੁਤ ਭਾਰੀ ਨੁਕਸਾਨ ਕੀਤਾ, ਉਥੇ ਉਸ ਦੇ ਕਬਜ਼ੇ ਵਿੱਚੋਂ ਹਜ਼ਾਰਾਂ ਦੀ ਗਿਣਤੀ ਵਿਚ ਨੌਜੁਆਨ ਸੁੰਦਰ ਲੜਕੀਆਂ ਨੂੰ ਛੁਡਾ ਕੇ, ਉਨ੍ਹਾਂ ਦੇ ਘਰ ਛੱਡਿਆ ਅਤੇ ਨਾਦਰ ਦੀਆਂ ਫੌਜਾਂ ਤੋਂ ਲੁੱਟ ਦਾ ਧਨ-ਮਾਲ ਖੋਹ ਕੇ ਗ਼ਰੀਬ ਲੋਕਾਂ ਵਿਚ ਵੰਡ ਦਿੱਤਾ। ਨਾਦਰ ਸ਼ਾਹ ਬੜਾ ਹੈਰਾਨ-ਪਰੇਸ਼ਾਨ ਹੋਇਆ ਅਤੇ ਉਸ ਨੇ ਲਾਹੌਰ ਦੇ ਸੂਬੇਦਾਰ ਖਾਨ ਬਹਾਦਰ ਜ਼ਕਰੀਆ ਖਾਨ ਨੂੰ ਖਾਲਸਾ ਪੰਥ ਬਾਰੇ ਪੁੱਛਿਆ। ਸਾਰੀ ਜਾਣਕਾਰੀ ਹਾਸਲ ਕਰਨ ਉਪਰੰਤ ਉਸ ਨੇ ਕਹਿ ਦਿੱਤਾ ਕਿ ਕਿਸੇ ਦਿਨ ਇਹ ਖਾਲਸਾ ਪੰਥ ਮੁਲਕਗੀਰ ਹੋਵੇਗਾ ਅਤੇ ਦੇਸ਼ ਉੱਤੇ ਰਾਜ ਕਰੇਗਾ। ਨਾਦਰ ਸ਼ਾਹ ਆਪਣੇ ਦੇਸ਼ ਮੁੜ ਗਿਆ। ਜ਼ਕਰੀਆ ਖਾਨ ਨੇ ਨਾਦਰ ਦੀ ਭਵਿੱਖਬਾਣੀ ਤੋਂ ਸਬਕ ਸਿੱਖਣ ਦੀ ਬਜਾਏ ਸਿੱਖਾਂ ਉੱਤੇ ਜ਼ੁਲਮ ਦੀ ਹਨੇਰੀ ਝੁਲਾ ਦਿੱਤੀ। ਸਿੱਖਾਂ ਦੇ ਘਰ-ਘਾਟ ਉਜਾੜ ਦਿੱਤੇ ਅਤੇ ਸਿੰਘਾਂ ਨੂੰ ਜੰਗਲਾਂ ਵੱਲ ਜਾਣ ਲਈ ਮਜਬੂਰ ਕਰ ਦਿੱਤਾ।
ਭਾਈ ਤਾਰੂ ਸਿੰਘ ਪਰਗਣਾ ਅੰਮ੍ਰਿਤਸਰ ਦੇ ਪਿੰਡ ਪੂਹਲੇ ਦਾ ਸਤਿਗੁਰਾਂ ਦਾ ਸਿਦਕੀ ਸਿੰਘ, ਜੋ ਅਜੇ ਅਣਵਿਆਹਿਆ ਸੀ, ਆਪਣੀ ਮਾਤਾ ਅਤੇ ਭੈਣ ਨਾਲ ਮਿਲ ਕੇ ਜੰਗਲਾਂ ਵਿਚ ਵਿਚਰ ਰਹੇ ਸਿੰਘ ਨੂੰ ਲੰਗਰ ਪਹੁੰਚਾਉਣ ਦੀ ਸੇਵਾ ਕਰਦਾ ਸੀ। ਇਨ੍ਹਾਂ ਬਾਰੇ ਇਉਂ ਲਿਖਿਆ ਹੈ:
ਹੈ ਤਾਰੂ ਸਿੰਘ ਦੀ ਭੈਣ ਔਰ ਮਾਈ।
ਪੀਸ ਕੂਟ ਵੇ ਕਰੈ ਕਮਾਈ।
ਸਬਦ ਚੌਕੀ ਗੁਰ ਆਪਨੇ ਕੀ ਰਹੇਂ।
ਸੋ ਮਰਨੇ ਤੇ ਨੈਕ ਨ ਡਰੈਂ।
1738 ਈ. ਵਿਚ ਜੰਡਿਆਲੇ ਦੇ ਹਰਭਗਤ ਨਿਰੰਜਨੀਏ ਨੇ ਸੂਬੇਦਾਰ ਲਾਹੌਰ ਕੋਲ ਚੁਗਲੀ ਕਰ ਦਿੱਤੀ, ਜਿਸ ਉੱਤੇ ਸੂਬੇਦਾਰ ਨੇ ਭਾਈ ਤਾਰੂ ਸਿੰਘ ਦੀ ਗ੍ਰਿਫ਼ਤਾਰੀ ਦਾ ਹੁਕਮ ਦੇ ਦਿੱਤਾ। ਜਦੋਂ ਸਿਪਾਹੀ ਭਾਈ ਸਾਹਿਬ ਨੂੰ ਗ੍ਰਿਫ਼ਤਾਰ ਕਰਕੇ ਲੈ ਜਾਣ ਲੱਗੇ ਤਾਂ ਲੋਕਾਂ ਨੇ ਸਖ਼ਤ ਵਿਰੋਧ ਕੀਤਾ ਕਿ ਭਾਈ ਤਾਰੂ ਸਿੰਘ ਨੇ ਕੋਈ ਠੱਗੀ, ਯਾਰੀ, ਚੋਰੀ, ਧੋਖਾਧੜੀ ਜਾਂ ਕੋਈ ਹੋਰ ਗ਼ਲਤ ਕੰਮ ਤਾਂ ਨਹੀਂ ਕੀਤਾ ਤਾਂ ਫਿਰ ਇਨ੍ਹਾਂ ਨੂੰ ਕਿਉਂ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ। ਪਰੰਤੂ ਭਾਈ ਸਾਹਿਬ ਨੇ ਲੋਕਾਂ ਨੂੰ ਸਮਝਾਇਆ ਅਤੇ ਭਾਣੇ ਵਿਚ ਵਿਚਰਨ ਲਈ ਕਿਹਾ।
ਲਾਹੌਰ ਪੁੱਜਣ ਉੱਤੇ ਭਾਈ ਸਾਹਿਬ ਨੂੰ ਬਹੁਤ ਡਰਾਇਆ, ਧਮਕਾਇਆ ਗਿਆ ਪਰੰਤੂ ‘ਮਨ ਨ ਡਿਗੈ ਤਨਿ ਕਾਹਿ ਕਉ ਡਰਾਇ’ ਅਨੁਸਾਰ ਆਪ ਅਡੋਲ ਅਤੇ ਅਡਿੱਗ ਰਹੇ। ਸੂਬੇਦਾਰ ਨੇ ਪੁੱਛਿਆ ਕਿ ਉਹ ਬਾਗੀ ਸਿੱਖੜਿਆਂ ਨੂੰ ਲੰਗਰ ਕਿਉਂ ਛਕਾਉਂਦਾ ਹੈ ਤਾਂ ਭਾਈ ਤਾਰੂ ਸਿੰਘ ਨੇ ਬੜੇ ਠਰ੍ਹੰਮੇ ਨਾਲ ਉੱਤਰ ਦਿੱਤਾ ਕਿ ਲੋੜਵੰਦਾਂ ਦੀ ਟਹਿਲ-ਸੇਵਾ ਕਰਨਾ ਤਾਂ ਉਨ੍ਹਾਂ ਨੂੰ ਉਨ੍ਹਾਂ ਦੇ ਸਤਿਗੁਰਾਂ ਦਾ ਉਪਦੇਸ਼ ਹੈ। ਸੂਬੇਦਾਰ ਕੜਕ ਕੇ ਬੋਲਿਆ ਕਿ ਦੀਨ ਮੁਹੰਮਦੀ ਕਬੂਲ ਕਰ ਲੈ ਨਹੀਂ ਤਾਂ ਤੈਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ।
ਭਾਈ ਤਾਰੂ ਸਿੰਘ ਨੇ ਸੂਬੇਦਾਰ ਨੂੰ ਸਮਝਾਉਂਦਿਆਂ ਕਿਹਾ ਕਿ ਇਹ ਸੰਸਾਰ ਨਾਸ਼ਵਾਨ ਹੈ। ਮਨੁੱਖ ਦੇ ਜਨਮ ਤੋਂ ਪਹਿਲਾਂ ਹੀ ਉਸ ਦੀ ਮੌਤ ਦਾ ਸਮਾਂ, ਸਥਾਨ ਅਤੇ ਕਾਰਨ ਨਿਸ਼ਚਿਤ ਹੁੰਦਾ ਹੈ। ਗੁਰਵਾਕ ਹੈ:
ਜੋ ਦੀਸੈ ਸੋ ਸਗਲ ਬਿਨਾਸੈ ਜਿਉ ਬਾਦਰ ਕੀ ਛਾਹੀ॥ (ਪੰਨਾ 1230)
ਮਰਣੁ ਲਿਖਾਇ ਮੰਡਲ ਮਹਿ ਆਏ ਜੀਵਣੁ ਸਾਜਹਿ ਮਾਈ॥ (ਪੰਨਾ 876)
ਇਹ ਜੁਆਬ ਸੁਣ ਕੇ ਸੂਬੇਦਾਰ ਦੇ ਸੱਤੀ ਕੱਪੜੀਂ ਅੱਗ ਲੱਗ ਗਈ। ਰਾਜ-ਮਦ ਵਿਚ ਮਦਹੋਸ਼ ਹੋਇਆ ਕੜਕਿਆ ਕਿ ਇਸ ਨੂੰ ਨਿਖਾਸ ਚੌਂਕ ਵਿਚ ਪੁੱਠੀਆਂ ਮਸ਼ਕਾਂ ਦੇ ਕੇ ਹੱਥ-ਪੈਰ ਨੂੜ ਕੇ ਸੁੱਟ ਦਿਉ। ਜੇਕਰ ਫਿਰ ਵੀ ਈਨ ਨਾ ਮੰਨੇ ਤਾਂ ਮੋਚੀ ਨੂੰ ਬੁਲਾ ਕੇ ਇਸ ਦੀ ਖੋਪੜੀ ਹੀ ਲਾਹ ਦਿਉ। ਮੋਚੀ ਸੱਦਿਆ ਗਿਆ, ਉਸ ਨੇ ਰੰਬੀ ਨਾਲ ਭਾਈ ਸਾਹਿਬ ਦਾ ਖੋਪਰ ਸਰੀਰ ਨਾਲੋਂ ਵੱਖ ਕਰ ਦਿੱਤਾ। ਪਰ ਧੰਨ ਗੁਰਸਿੱਖੀ! ਖੰਨਿਅਹੁ ਤਿਖੀ ਵਾਲਹੁ ਨਿਕੀ। ਭਾਈ ਸਾਹਿਬ ਨੇ ਸੀਅ ਤਕ ਨਾਂਹ ਉਚਾਰੀ। ਸੂਬੇਦਾਰ ਇਹ ਵੇਖ ਕੇ ਹੋਰ ਪਰੇਸ਼ਾਨ ਹੋ ਗਿਆ ਅਤੇ ਉਸ ਨੇ ਹੁਕਮ ਦਿੱਤਾ ਕਿ ਇਸ ਦੇ ਲਹੂ-ਲੁਹਾਣ ਸਰੀਰ ਨੂੰ ਖਾਈ ਵਿਚ ਸੁੱਟ ਦਿੱਤਾ ਜਾਏ ਤਾਂ ਜੋ ਕਾਂ ਕੁੱਤੇ ਖਾ ਜਾਣ। ਪਰੰਤੂ ਭਾਈ ਸਾਹਿਬ ਅਜੇ ਵੀ ਸਤਿਗੁਰਾਂ ਦਾ ਸ਼ੁਕਰਾਨਾ ਕਰ ਰਹੇ ਸਨ:
ਕਬੀਰ ਮੇਰਾ ਮੁਝ ਮਹਿ ਕਿਛੁ ਨਹੀ ਜੋ ਕਿਛੁ ਹੈ ਸੋ ਤੇਰਾ॥
ਤੇਰਾ ਤੁਝ ਕਉ ਸਉਪਤੇ ਕਿਆ ਲਾਗੈ ਮੇਰਾ॥ (ਪੰਨਾ 1375)
ਭਾਈ ਸਾਹਿਬ ਅਜਪਾ ਜਾਪ ਵਿਚ ਲੀਨ ਹੋ ਗਏ।। ਤਿੰਨ ਦਿਨਾਂ ਬਾਅਦ ਸੂਬੇਦਾਰ ਉਸੇ ਰਸਤੇ ਲੰਘਿਆ। ਉਸ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦ ਉਸ ਨੇ ਦੇਖਿਆ ਕਿ ਭਾਈ ਤਾਰੂ ਸਿੰਘ ਨਾ ਕੇਵਲ ਅਜੇ ਜੀਵਤ ਹੈ ਸਗੋਂ ਪਾਠ ਵਿਚ ਲੀਨ ਹੈ। ਸੂਬੇਦਾਰ ਨੇ ਪੁੱਛਿਆ, “ਓਏ! ਤੂੰ ਅਜੇ ਮਰਿਆ ਨਹੀਂ?” ਤਾਂ ਭਾਈ ਸਾਹਿਬ ਨੇ ਬੜੇ ਸਹਿਜ ਨਾਲ ਉੱਤਰ ਦਿੱਤਾ ਕਿ ਉਹ ਤੈਨੂੰ ਅਤੇ ਤੇਰੇ ਪੁੱਤਰ ਨੂੰ ਅੱਗੇ ਲਾ ਕੇ ਦੋਜਖ ਨੂੰ ਭੇਜ ਕੇ ਹੀ ਗੁਰੂ-ਚਰਨਾਂ ਵਿਚ ਜਾਣਗੇ।
ਲਾਗੇ ਹੀ ਤਰਖਾਣਾਂ ਦੀ ਬਸਤੀ ਅਤੇ ਧਰਮਸ਼ਾਲਾ ਸੀ। ਉਹ ਭਾਈ ਸਾਹਿਬ ਨੂੰ ਚੁੱਕ ਕੇ ਧਰਮਸ਼ਾਲਾ ਵਿਚ ਲੈ ਗਏ ਅਤੇ ਉਨ੍ਹਾਂ ਦੀ ਮਲ੍ਹਮ-ਪੱਟੀ ਕਰਨੀ ਸ਼ੁਰੂ ਕਰ ਦਿੱਤੀ। ਉਧਰ ਤਿੰਨ ਦਿਨਾਂ ਬਾਅਦ ਸੂਬੇਦਾਰ ਦਾ ਲੜਕਾ ਅਹੀਏ ਖਾਨ ਸ਼ਿਕਾਰ ਖੇਡਦਾ ਹੋਇਆ ਘੋੜੇ ਤੋਂ ਡਿੱਗ ਗਿਆ ਪਰੰਤੂ ਉਸ ਦਾ ਪੈਰ ਘੋੜੇ ਦੀ ਰਕਾਬ ਵਿਚ ਫਸ ਗਿਆ। ਘੋੜਾ ਡਰ ਕੇ ਦੌੜ ਪਿਆ ਅਤੇ ਉਸ ਨੇ ਦੂਰ ਤੀਕ ਸੂਬੇਦਾਰ ਦੇ ਲੜਕੇ ਅਹੀਏ ਖਾਨ ਨੂੰ ਘੜੀਸ-ਘੜੀਸ ਕੇ ਤੁੰਬਾ-ਤੁੰਬਾ ਕਰ ਕੇ ਦੋਜਖ ਨੂੰ ਭੇਜ ਦਿੱਤਾ। ਸੂਬੇਦਾਰ ਧਾਹਾਂ ਮਾਰ-ਮਾਰ ਕੇ ਪੁੱਤਰ ਦੇ ਵਿਜੋਗ ਵਿਚ ਹਾਲੋਂ-ਬੇਹਾਲ ਹੋ ਗਿਆ ਅਤੇ ਉਸ ਨੂੰ ਪਿਸ਼ਾਬ ਦਾ ਬੰਨ੍ਹ ਪੈ ਗਿਆ। ਉੱਚੀ-ਉੱਚੀ ਚੀਕਾਂ ਮਾਰੇ। ਹਾਏ ਪੁਕਾਰ ਕਰੇ। ਗੁਰਵਾਕ ਹੈ:
ਸੰਤਾ ਨਾਲਿ ਵੈਰੁ ਕਮਾਵਦੇ ਦੁਸਟਾ ਨਾਲਿ ਮੋਹੁ ਪਿਆਰੁ॥
ਅਗੈ ਪਿਛੈ ਸੁਖੁ ਨਹੀ ਮਰਿ ਜੰਮਹਿ ਵਾਰੋ ਵਾਰ॥ (ਪੰਨਾ 649)
ਸਾਰੇ ਇਲਾਜ ਬੇਅਰਥ ਹੋ ਗਏ। ਅੰਤ ਕਿਸੇ ਅਹਿਲਕਾਰ ਦੀ ਸਲਾਹ ਉੱਤੇ ਲਾਹੌਰ ਦੇ ਕੋਤਵਾਲ ਭਾਈ ਸੁਬੇਗ ਸਿੰਘ ਨੂੰ ਸੱਦਿਆ ਗਿਆ। ਉਨ੍ਹਾਂ ਦਾ ਸਿੱਖਾਂ ਅੰਦਰ ਕਾਫੀ ਅਸਰ-ਰਸੂਖ਼ ਤੇ ਮਾਨ-ਸਨਮਾਨ ਸੀ। ਸੂਬੇਦਾਰ ਨੇ ਭਾਈ ਸੁਬੇਗ ਸਿੰਘ ਨੂੰ ਮਿੰਨਤਾਂ ਤਰਲੇ ਕਰ ਕੇ ਅਰਜੋਈ ਕੀਤੀ ਕਿ ਉਹ ਭਾਈ ਤਾਰੂ ਸਿੰਘ ਪਾਸੋਂ ਉਸ ਦੀ ਭੁੱਲ ਬਖਸ਼ਾ ਦੇਣ। ਸੂਬੇਦਾਰ ਨੂੰ ਤੜਫਦਾ ਵੇਖ ਭਾਈ ਸੁਬੇਗ ਸਿੰਘ ਨੇ ਭਾਈ ਘਨੱਈਆ ਜੀ ਵੱਲੋਂ ਪਾਈ ਪਿਰਤ ਅਤੇ ਗੁਰ-ਉਪਦੇਸ਼ ‘ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ’ ਅਨੁਸਾਰ ਭਾਈ ਤਾਰੂ ਸਿੰਘ ਜੀ ਪਾਸ ਜਾ ਕੇ ਬੇਨਤੀ ਕੀਤੀ। ਭਾਈ ਸੁਬੇਗ ਸਿੰਘ ਨੇ ਭਾਈ ਤਾਰੂ ਸਿੰਘ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਫ਼ਰਮਾਨ ਦ੍ਰਿੜ੍ਹ ਕਰਵਾਇਆ। ਗੁਰਵਾਕ ਹੈ:
ਸੰਤ ਕੀ ਨਿੰਦਾ ਦੋਖ ਮਹਿ ਦੋਖੁ॥
ਨਾਨਕ ਸੰਤ ਭਾਵੈ ਤਾ ਉਸ ਕਾ ਭੀ ਹੋਇ ਮੋਖੁ॥ (ਪੰਨਾ 280)
ਭਾਈ ਸਾਹਿਬ ਨੇ ਕਿਹਾ ਮੇਰੇ ਪਾਸੋਂ ਤਾਂ ਤੀਰ ਨਿਕਲ ਗਿਆ। ਹੁਣ ਤਾਂ ਗੁਰੂ ਖਾਲਸਾ ਪੰਥ ਹੀ ਬਖਸ਼ਣ ਦੇ ਸਮਰੱਥ ਹੈ। ਭਾਈ ਸੁਬੇਗ ਸਿੰਘ ਦਲ ਖਾਲਸਾ ਗੁਰੂ ਪੰਥ ਦੇ ਜਾ ਪੇਸ਼ ਹੋਇਆ ਅਤੇ ਸੂਬੇਦਾਰ ਲਈ ਖਿਮਾ-ਯਾਚਨਾ ਲਈ ਬੇਨਤੀ ਕੀਤੀ। ਭਾਈ ਸੁਬੇਗ ਸਿੰਘ ਨੇ ਖਾਲਸਾ ਪੰਥ ਨੂੰ ਗੁਰ-ਉਪਦੇਸ਼ ‘ਜੋ ਸਰਣਿ ਆਵੈ ਤਿਸੁ ਕੰਠਿ ਲਾਵੈ ਇਹੁ ਬਿਰਦੁ ਸੁਆਮੀ ਸੰਦਾ’ ਵੱਲ ਧਿਆਨ ਦੁਆਇਆ। ਅਰਦਾਸ ਉਪਰੰਤ ਗੁਰਮਤਾ ਸੋਧਿਆ ਗਿਆ ਕਿ ਭਾਈ ਤਾਰੂ ਸਿੰਘ ਦੀ ਜੁੱਤੀ ਸੂਬੇਦਾਰ ਦੇ ਸਿਰ ਵਿਚ ਮਾਰੋ ਤਾਂ ਹੀ ਉਸ ਦਾ ਪਿਸ਼ਾਬ ਦਾ ਬੰਨ੍ਹ ਟੁੱਟ ਸਕੇਗਾ। ਭਾਈ ਸੁਬੇਗ ਸਿੰਘ, ਭਾਈ ਤਾਰੂ ਸਿੰਘ ਦੀ ਜੁੱਤੀ ਲੈ ਕੇ ਸੂਬੇਦਾਰ ਪਾਸ ਪਹੁੰਚਿਆ ਅਤੇ ਸਾਰੀ ਗੱਲ ਦੱਸੀ। ‘ਗੌਂ ਭੁੰਨਾਵੇ ਜੌਂ ਭਾਵੇਂ ਕੱਚੇ ਹੀ ਹੋਣ’ ਅਨੁਸਾਰ ਸੂਬੇਦਾਰ ਜੋ ਕਿ ਦਰਦ ਨਾਲ ਤੜਪ ਰਿਹਾ ਸੀ ਨੇ ਕਿਹਾ ਕਿ ਉਸ ਨੂੰ ਸ਼ਰਤ ਮਨਜ਼ੂਰ ਹੈ। ਗੁਰਵਾਕ ਹੈ:
ਹਰਿ ਜੀਉ ਅਹੰਕਾਰੁ ਨ ਭਾਵਈ ਵੇਦ ਕੂਕਿ ਸੁਣਾਵਹਿ॥ (ਪੰਨਾ 1089)
ਖ਼ਾਨ ਦਾ ਹੰਕਾਰ ਟੁੱਟ ਗਿਆ, ਮੌਤ ਤੋਂ ਡਰਦਾ ਨੀਵਾਂ ਹੋ ਗਿਆ। ਜਿਉਂ-ਜਿਉਂ ਭਾਈ ਸਾਹਿਬ ਦੀ ਜੁੱਤੀ ਸੂਬੇਦਾਰ ਦੇ ਸਿਰ ਵਿਚ ਮਾਰੀ ਜਾਵੇ ਤਿਉਂ-ਤਿਉਂ ਉਸ ਦਾ ਪਿਸ਼ਾਬ ਦਾ ਬੰਨ੍ਹ ਟੁੱਟਦਾ ਜਾਵੇ। ਅੰਤ 24 ਦਿਨਾਂ ਬਾਅਦ ਸੂਬੇਦਾਰ ਦੀ ਮੌਤ ਹੋ ਗਈ ਅਤੇ ਉਹ ਪਾਪਾਂ ਦਾ ਭਾਰ ਆਪਣੇ ਸਿਰ ਲੱਦ ਕੇ ਦੋਜ਼ਖ ਨੂੰ ਚਲਾ ਗਿਆ। ਉਧਰ ਜਦੋਂ ਭਾਈ ਤਾਰੂ ਸਿੰਘ ਨੂੰ ਇਹ ਖ਼ਬਰ ਹੋਈ ਕਿ ਦੋਵੇਂ ਪਿਉ-ਪੁੱਤਰ ਦੋਜ਼ਖ ਨੂੰ ਪਲਾਨ ਕਰ ਗਏ ਹਨ ਤਾਂ ਭਾਈ ਸਾਹਿਬ ਨੇ ਗੁਰੂ-ਚਰਨਾਂ ਦਾ ਧਿਆਨ ਧਰਦਿਆਂ ਆਪਣੀ ਆਤਮਾ ਪਰਮ ਤੱਤ ਵਿਚ ਲੀਨ ਕਰ ਦਿੱਤੀ।
ਸੱਚਮੁੱਚ ਹੀ ਸਤਿਗੁਰਾਂ ਨੇ ਗੁਰਸਿੱਖ ਦੀ ਸਿੱਖੀ ਕੇਸਾਂ-ਸੁਆਸਾਂ ਸੰਗ ਨਿਭਵਾ ਦਿੱਤੀ। ਇਸ ਮਹਾਨ ਸ਼ਹੀਦੀ ਨਾਲ ਸਤਿਗੁਰਾਂ ਦਾ ਮਹਾਂਵਾਕ ਅਮਲੀ ਰੂਪ ਵਿਚ ਜਗਤ ਦੇ ਸਾਹਮਣੇ ਪ੍ਰਗਟ ਹੋ ਗਿਆ। ਗੁਰਵਾਕ ਹੈ:
ਸੇਵਕ ਕੀ ਓੜਕਿ ਨਿਬਹੀ ਪ੍ਰੀਤਿ॥
ਜੀਵਤ ਸਾਹਿਬੁ ਸੇਵਿਓ ਅਪਨਾ ਚਲਤੇ ਰਾਖਿਓ ਚੀਤਿ॥ (ਪੰਨਾ 1001)
ਉਪਰੰਤ ਗੁਰ-ਮਰਿਆਦਾ ਅਨੁਸਾਰ ਉਨ੍ਹਾਂ ਦਾ ਦਾਹ-ਸੰਸਕਾਰ ਕਰ ਦਿੱਤਾ ਗਿਆ। ਭਾਈ ਸਾਹਿਬ ਦੇ ਸੰਸਕਾਰ ਵਾਲੀ ਪਵਿੱਤਰ ਥਾਂ ਉੱਤੇ ਗੁਰਦੁਆਰਾ ਸ਼ਹੀਦ ਗੰਜ ਸੁਸ਼ੋਭਿਤ ਹੈ ਜਿੱਥੇ 1947 ਤੋਂ ਪਹਿਲਾਂ ਸ਼ਹੀਦੀ ਜੋੜ-ਮੇਲਾ ਲੱਗਦਾ ਸੀ। ਹੁਣ ਵੀ ਪਾਕਿਸਤਾਨ ਵਿਚ ਰਹਿੰਦੀਆਂ ਸਿੱਖ ਸੰਗਤਾਂ ਅਤੇ ਵਿਦੇਸ਼ਾਂ ਵਿੱਚੋਂ ਜਾਣ ਵਾਲੇ ਸਿੱਖ ਸ਼ਰਧਾਲੂ ਯਾਤਰੀ ਇਸ ਅਸਥਾਨ ਉੱਤੇ ਨਤਮਸਤਕ ਹੋ ਕੇ ਸਿਜਦਾ ਕਰਦੇ ਹਨ ਅਤੇ ਆਪਣੀ ਸ਼ਰਧਾ ਅਤੇ ਸਤਿਕਾਰ ਮਹਾਨ ਸ਼ਹੀਦ ਨੂੰ ਭੇਂਟ ਕਰਦੇ ਹਨ।
ਲੇਖਕ ਬਾਰੇ
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/June 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/June 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/August 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/September 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/October 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/December 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/January 1, 2008
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/March 1, 2008
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/May 1, 2008