ਸਿੱਖ ਧਰਮ ਇਕ ਸਮਾਜਕ ਧਰਮ ਹੈ। ਇਸ ਵਿਚ ਗ੍ਰਿਹਸਤ ਜੀਵਨ ਦੀ ਬਹੁਤ ਮਹੱਤਤਾ ਹੈ। ਅਸਲ ਵਿਚ ਗੁਰਬਾਣੀ ਅਨੁਸਾਰ ਤਾਂ ਧਰਮ ਦਾ ਅਰਥ ਗ੍ਰਿਹਸਤ ਵਿਚ ਹੀ ਸਪੱਸ਼ਟ ਹੁੰਦਾ ਹੈ। ਭਗਤ ਕਬੀਰ ਜੀ ਦਾ ਕਥਨ ਧਰਮ ਅਤੇ ਗ੍ਰਿਹਸਤ ਦਾ ਅੰਤਰ-ਸੰਬੰਧ ਨਿਸਚਿਤ ਕਰਦਾ ਹੋਇਆ ਗੁਰਸਿੱਖ ਦੀ ਜੀਵਨ-ਸ਼ੈਲੀ ਦਾ ਦ੍ਰਿਸ਼ਟੀਕੋਣ ਪੇਸ਼ ਕਰਦਾ ਹੈ :
ਕਬੀਰ ਜਉ ਗ੍ਰਿਹੁ ਕਰਹਿ ਤ ਧਰਮੁ ਕਰੁ ਨਾਹੀ ਤ ਕਰੁ ਬੈਰਾਗੁ॥
ਬੈਰਾਗੀ ਬੰਧਨੁ ਕਰੈ ਤਾ ਕੋ ਬਡੋ ਅਭਾਗੁ॥ (ਪੰਨਾ 1367)
ਭਾਈ ਗੁਰਦਾਸ ਜੀ ਨੇ ਵੀ ਇਸੇ ਪ੍ਰਸੰਗ ਵਿਚ ਸਪੱਸ਼ਟ ਕਹਿ ਦਿੱਤਾ ਹੈ ਕਿ ਜੀਵਨ ਜੀਉਣ ਦੀਆਂ ਜੁਗਤਾਂ ਵਿੱਚੋਂ ਗ੍ਰਿਹਸਤ ਜੀਵਨ ਪ੍ਰਧਾਨ ਹੈ :
ਗਿਆਨਨ ਮੈ ਗਿਆਨੁ ਅਰੁ ਧਿਆਨਨ ਮੈ ਧਿਆਨ ਗੁਰ, ਸਕਲ ਧਰਮ ਮੈ ਗ੍ਰਿਹਸਤੁ ਪ੍ਰਧਾਨੁ ਹੈ॥ (ਕਬਿੱਤ ਨੰ: 376)
ਸਿੱਖ ਧਰਮ ਅਨੁਸਾਰ ਗ੍ਰਿਹਸਤ ਤੇ ਸੰਗੀਤ ਜ਼ਿੰਦਗੀ ਦੀ ਸਾਰਥਿਕਤਾ ਦੇ ਦੋ ਮਹੱਤਵਪੂਰਨ ਪਹਿਲੂ ਹਨ। ਦੋਵੇਂ ਪਹਿਲੂਆਂ ਦਾ ਜੀਵਨ ਵਿਚ ਰਚਮਿਚ ਜਾਣਾ ਇਕ ਕਰਤਾਰੀ ਕਲਾ ਦਾ ਆਗਾਜ਼ ਹੈ। ਗੁਰੂ ਸਾਹਿਬਾਨ ਨੇ ਸਿੱਖ ਗ੍ਰਿਹਸਤ ਸੰਗੀਤ ਨੂੰ ਇੰਞ ਓਤ-ਪੋਤ ਕਰ ਦਿੱਤਾ ਹੈ ਕਿ ਸਿੱਖ ਇਸ ਤੋਂ ਵੱਖ ਹੋ ਹੀ ਨਹੀਂ ਸਕਦਾ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਭਾਵ ਕਾਰਨ ਹਰ ਘਰ ਵਿਚ ਕੀਰਤਨ ਹੁੰਦਾ ਹੈ। ਭਾਈ ਗੁਰਦਾਸ ਜੀ ਦਾ ਕਥਨ ਹੈ ਕਿ ਜਿਨ੍ਹਾਂ ਘਰਾਂ ਵਿਚ ਗ੍ਰਿਹਸਤ ਹੈ ਜੇ ਉਥੇ ਕੀਰਤਨ ਵੀ ਹੋਵੇ ਤਾਂ ਉਹ ਘਰ ਧਰਮਸਾਲਾ ਦਾ ਦਰਜਾ ਹਾਸਲ ਕਰ ਲੈਂਦੇ ਹਨ:
ਘਰਿ ਘਰਿ ਅੰਦਰਿ ਧਰਮਸਾਲ ਹੋਵੈ ਕੀਰਤਨੁ ਸਦਾ ਵਿਸੋਆ। (ਵਾਰ 1:27)
ਗੁਰਮਤਿ ਵਿਚ ਗ੍ਰਿਹਸਤੀ ਦਾ ਗੁਰਦੁਆਰੇ ਜਾ ਕੇ ਸਤਿਸੰਗ ਕਰਨਾ ਜ਼ਰੂਰੀ ਦੱਸਿਆ ਹੈ। ਭਾਈ ਗੁਰਦਾਸ ਜੀ ਇਸੇ ਕਰਕੇ ਗੁਰਦੁਆਰੇ ਅਰਥਾਤ ਧਰਮਸਾਲ ਅਤੇ ਗੁਰਸਿੱਖ ਦੀ ਮਹਿਮਾ ਕਰਦੇ ਲਿਖਦੇ ਹਨ :
ਧਰਮਸਾਲ ਹੈ ਮਾਨਸਰੁ ਹੰਸ ਗੁਰਸਿਖ ਵਾਹੁ।
ਰਤਨ ਪਦਾਰਥ ਗੁਰ ਸਬਦੁ ਕਰਿ ਕੀਰਤਨੁ ਖਾਹੁ। (ਵਾਰ 9:14)
ਗ੍ਰਿਹਸਤੀ ਗੁਰਸਿੱਖ ਲਈ ਕੀਰਤਨ ਵੀ ਇਕ ਅਹਾਰ ਹੈ। ਜਿਵੇਂ ਭੋਜਨ ਪਦਾਰਥ ਸਰੀਰ ਲਈ ਖੁਰਾਕ ਹਨ ਇਸੇ ਤਰ੍ਹਾਂ ਕੀਰਤਨ ਵੀ ਰੂਹ ਲਈ ਅਮੁੱਲੀ ਖੁਰਾਕ ਹੈ। ਇਸੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਿੱਖ ਦੇ ਰੋਜ਼ਾਨਾ ਜੀਵਨ ਵਿਚ ਗੁਰਬਾਣੀ-ਗਾਇਨ ਨੂੰ ਇਕ ਨਿਤਨੇਮ ਵਜੋਂ ਸ਼ਾਮਲ ਕੀਤਾ ਹੈ:
ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ॥
ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ॥
ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ॥
ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ॥ (ਪੰਨਾ 305)
ਰੋਜ਼ਾਨਾ ਦੀ ਜ਼ਿੰਦਗੀ ਵਿਚ ਲੋਕਾਈ ਲੋੜ ਅਨੁਸਾਰ ਆਮ ਧੰਦਿਆਂ ਵਿਚ ਗ਼ਲਤਾਨ ਹੋ ਜਾਂਦੀ ਹੈ ਪਰ ਗੁਰਬਾਣੀ-ਗਾਇਨ ਤੇ ਪਰਮੇਸ਼ਰ ਧਿਆਉਣ ਦੀ ਲੋੜ ਤੇ ਵਿਧੀ ਗੁਰੂ ਦੇ ਉਪਦੇਸ਼ ਰਾਹੀਂ ਹੀ ਸਮਝ ਪੈਂਦੀ ਹੈ। ਆਪਣੇ ਆਪ ਨੂੰ ਗੁਰਸਿੱਖ ਅਖਵਾਉਣ ਲਈ ਗੁਰਬਾਣੀ ਦੀਆਂ ਉਕਤ ਪੰਗਤੀਆਂ ਅਨੁਸਾਰ ਜ਼ਿੰਦਗੀ ਦੀ ਕਾਰਜਵਿਧੀ ਦਾ ਨਿਯਮ ਨਿਰਧਾਰਿਤ ਕੀਤਾ ਗਿਆ ਹੈ। ਇਸ ਵਿਚ ਕਿਸੇ ਫੇਰ-ਬਦਲ ਦੀ ਗੁੰਜਾਇਸ਼ ਨਹੀਂ ਹੈ।
ਉਸ ਦੇ ਘਰ ਵਿਚ ਖੁਸ਼ੀ ਦਾ ਵਾਸ ਹੁੰਦਾ ਹੈ ਜਿਸ ਦੇ ਘਰ ਕੀਰਤਨ ਹੁੰਦਾ ਹੈ:
ਗ੍ਰਿਹਿ ਤਾ ਕੇ ਬਸੰਤੁ ਗਨੀ॥
ਜਾ ਕੈ ਕੀਰਤਨੁ ਹਰਿ ਧੁਨੀ॥ (ਪੰਨਾ 1180)
ਜੀਵਨ ਦੀ ਇਹੋ ਵਿਧੀ ਅੱਗੇ ਚੱਲ ਕੇ ਪ੍ਰੇਮਾ-ਭਗਤੀ ਦਾ ਦਰਜਾ ਹਾਸਲ ਕਰ ਲੈਂਦੀ ਹੈ। ਗੁਰੂ-ਬਾਣੀ ਦੇ ਆਸ਼ੇ ਅਨੁਸਾਰ ਪ੍ਰੇਮਾ-ਭਗਤੀ ਹੋਰਨਾਂ ਵਿਧੀਆਂ ਤੋਂ ਉੱਤਮ ਹੈ। ਭਗਤ ਤੇ ਗੁਰੂ ਸਾਹਿਬਾਨ ਨੇ ਇਸੇ ਤਰਕ ਨੂੰ ਚੁਣਿਆ, ਮਾਣਿਆ ਅਤੇ ਸਫਲਤਾ ਪ੍ਰਾਪਤ ਕੀਤੀ। ਜਿਹੜੇ ਲੋਕ ਘਰ-ਬਾਰ ਤਿਆਗ ਕੇ ਆਪਣੇ ਆਪ ਨੂੰ ਜੋਗੀ ਸਦਾਉਂਦੇ ਹਨ ਪਰ ਜਦੋਂ ਬਾਹਰ ਖਾਣ ਲਈ ਕੁਝ ਨਹੀਂ ਮਿਲਦਾ ਜੋਗੀ ਫੇਰ ਉਨ੍ਹਾਂ ਘਰਾਂ ਵਿਚ ਮੰਗਣ ਜਾਂਦੇ ਹਨ ਜਿਨ੍ਹਾਂ ਨੂੰ ਉਹ ਆਪਣੀ ਮੰਜ਼ਲ-ਪ੍ਰਾਪਤੀ ਦੀ ਰਾਹ ਦੀ ਰੁਕਾਵਟ ਸਮਝ ਕੇ ਛੱਡ ਗਏ ਸਨ। ਜੋਗ ਦੀ ਜੁਗਤੀ ਬਾਰੇ ਗੁਰਬਾਣੀ ਦਾ ਫ਼ਰਮਾਨ ਹੈ ਕਿ ਮਾਇਆ ਵਿਚ ਰਹਿੰਦੇ ਹੋਏ ਇਸ ਦੀ ਕਾਲਖ ਤੋਂ ਨਿਰਲੇਪ ਰਹਿਣਾ ਹੀ ਯੋਗ ਹੈ :
ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ॥ (ਪੰਨਾ 730)
ਅਤੇ ਗੁਰੂ ਸਾਹਿਬ ਉਸ ਗ੍ਰਿਹਸਤੀ ਨੂੰ ਨਿਰਬਾਨ-ਪਦ ਦਾ ਧਾਰਨੀ ਦੱਸਦੇ ਹਨ ਜਿਸ ਦੇ ਘਰ ਵਿਚ ਕੀਰਤਨ ਹੁੰਦਾ ਹੈ :
ਅਨਦਿਨੁ ਕੀਰਤਨੁ ਕੇਵਲ ਬਖ੍ਹਾਨੁ॥
ਗ੍ਰਿਹਸਤ ਮਹਿ ਸੋਈ ਨਿਰਬਾਨੁ॥ (ਪੰਨਾ 281)
ਗੁਰਮਤਿ ਸਾਹਿਤ ਵਿਚ ਗੁਰੂ ਸਾਹਿਬਾਨ ਵੱਲੋਂ ਗ੍ਰਿਹਸਤ ਜੀਵਨ ਵਿਚ ਕੀਰਤਨ ਦੀ ਮਹੱਤਤਾ ਦਰਸਾਉਣ ਲਈ ਅਨੇਕਾਂ ਹਵਾਲੇ ਪ੍ਰਾਪਤ ਹੁੰਦੇ ਹਨ।
ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਸੁਲਤਾਨਪੁਰ ਮੋਦੀਖਾਨੇ ਵਿਚ ਨੌਕਰੀ ਕਰਦੇ ਸਨ ਤਾਂ ਉਹ ਕੀਰਤਨ ਜ਼ਰੂਰ ਕਰਦੇ ਸਨ। ਵਲਾਇਤ ਵਾਲੀ ਜਨਮ ਸਾਖੀ ਅਨੁਸਾਰ-
“ਜੋ ਕਿਛੁ ਅਲੂਫਾ ਗੁਰੂ ਜੋਗ ਮਿਲੇ ਸੋ ਖਾਵੈ, ਹੋਰ ਪਰਮੇਸਰ ਦੇ ਅਰਥ ਦੇਵੇ ਅਤੇ ਨਿਤਾ ਪ੍ਰਤੀ ਰਾਤ ਕਉ ਕੀਰਤਨ ਹੋਵੈ।” (ਜਨਮ ਸਾਖੀ ਪਰੰਪਰਾ, ਪੰਨਾ 8)
ਮਿਹਰਬਾਨ ਵਾਲੀ ਜਨਮ ਸਾਖੀ ਵਿਚ ਵੀ ਕੀਰਤਨ ਕਰਨ ਦਾ ਜ਼ਿਕਰ ਹੋਇਆ ਹੈ-
“ਆਪ ਬਾਬਾ ਨਾਨਕੁ ਜੀ ਰਾਤਿ ਕੈ ਸਮੇ ਕੀਰਤਨ ਕਰੈ- ਕਰਾਇ ਅਰੁ ਪਿਛੁਲੀ ਰਾਤਿ ਨਾਵਣਿ ਜਾਇ। ਨਾਇ ਕਰਿ ਕਰਿ ਆਇ ਉਪਰਿ ਸਿਮਰਨੁ ਕੀਰਤਨੁ ਕਰੈ।”(ਜਨਮ ਸਾਖੀ ਪਰੰਪਰਾ, ਪੰਨਾ 81)
ਕੀਰਤਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਿਤਨੇਮ ਅਤੇ ਜੀਵਨ ਦਾ ਅਟੁੱਟ ਅੰਗ ਸੀ। ਉਹ ਕੀਰਤਨ ਤੋਂ ਬਿਨਾਂ ਰੋਟੀ ਵੀ ਨਹੀਂ ਖਾਂਦੇ ਸਨ। ਜਨਮ ਸਾਖੀ ਵਿਚ ਇਕ ਰਾਤ ਦਾ ਜ਼ਿਕਰ ਕਰਦਿਆਂ ਬੜਾ ਵਧੀਆ ਲਿਖਿਆ ਹੈ-
“ਤਬ ਰਸੋਈਏ ਕਹਿਆ ਜਿ, ਬਾਬਾ ਨਾਨਕੁ ਜੀ। ਰਸੋਈ ਬਡੀ ਦੇਰ ਕੀ ਹੋਈ ਪੜੀ ਹੈ, ਤੂ ਉਠਿ ਕਪੜੇ ਉਤਾਰਹੁ, ਪਰਸਾਦੁ ਲੇਹੁ। ਤਬ ਗੁਰੂ ਬਾਬੇ ਨਾਨਕ ਕਹਿਆ ਜੇ, ਸੁਆਮੀ ਜੀ! ਪਰਸਾਦੁ ਤਉ ਜੇਮੀਐਗਾ, ਪਣੁ ਕੀਰਤਨੁ ਨਾਹੀ ਕੀਤਾ। ਕਹੈ ਜੀ, ਸਵੇਰੇ ਆਈਦਾ ਤਾਂ ਜੇਵਿ ਕਰਿ, ਸਵੇਰੇ ਐਤੁ ਵਖਤਿ ਕੀਰਤਨ ਕਰਿ ਸਵੀਦਾ, ਹੁਣੁ ਜੇਵਿ ਕਰਿ ਸੰਵਿ ਰਹੀਐ। ਤਬਿ ਗੁਰੂ ਬਾਬੇ ਨਾਨਕ ਜੀ ਕਹਿਆ ਜਿ, ਗੈਰ ਸਾਲ ਗਲ ਆਖੀਆ, ਸੰਵੀਐ ਕਿਉ ਕਰਿ? ਜੇਵਿ ਕਰਿ ਕੀਰਤਨੁ ਕਰੀਐ।” (ਜਨਮ ਸਾਖੀ ਪਰੰਪਰਾ, ਮਿਹਰਬਾਨ ਵਾਲੀ ਜਨਮ ਸਾਖੀ, ਪੰਨਾ 83)
ਗੁਰੂ ਨਾਨਕ ਦੇਵ ਜੀ ਨੇ ਕੀਰਤਨ ਕਰਨ ਦੀ ਇਹ ਰੀਤ ਸਦਾ ਕਾਇਮ ਰੱਖੀ। ਉਦਾਸੀਆਂ ਤੋਂ ਬਾਅਦ ਜਦੋਂ ਕਰਤਾਰ ਪੁਰ ਵਸਾਇਆ ਤਾਂ ਉਥੇ ਵੀ ਸਵੇਰੇ ਸ਼ਾਮ ਕੀਰਤਨ ਹੁੰਦਾ ਸੀ। ‘ਗਿਆਨ ਰਤਨਾਵਲੀ’ ਵਿਚ ਲਿਖਿਆ ਹੈ-
“ਕਰਤਾਰਪੁਰ ਵਿਚ ਅੰਮ੍ਰਿਤ ਵੇਲੇ ਸਵਾ ਪਹਿਰ ਦਿਨ ਚੜ੍ਹਦਿਆਂ ਤੀਕਰ ਬਾਣੀ ਦੀ ਚਰਚਾ ਹੋਵੇ, ਉਪਰੰਤ ਕੀਰਤਨ ਹੋਵੇ, ਫਿਰ ਆਰਤੀ ਪੜ੍ਹੀਏ, ਤੀਸਰੇ ਪਹਿਰ ਕੀਰਤਨ ਕਰੀਏ, ਸੰਧਿਆ ਨੂੰ ਰਹਿਰਾਸ ਪੜ੍ਹੀਏ, ਫੇਰ ਕੀਰਤਨ ਗਾਵੀਏ ਅਤੇ ਪਹਿਰ ਰਾਤ ਗਈ ਸੋਹਿਲਾ ਪੜ੍ਹੀਏ ਅਰ ਫੇਰ ਪਿਛਲੀ ਰਾਤ ਜਪੁ ਪੜ੍ਹੀਏ ਅਰ ਆਸਾ ਦੀ ਵਾਰ ਪੜ੍ਹੀਏ।” (ਗੁਰਮਤ ਮਾਰਤੰਡ, ਪੰਨਾ 641)
ਗੁਰੂ ਸਾਹਿਬਾਨ ਦਾ ਪੱਕਾ ਨਿਸਚਾ ਸੀ ਕਿ ਪਰਮੇਸ਼ਰ ਦਾ ਜੱਸ ਗਾਉਣ ਨਾਲ ਮਾਇਆ ਦੀ ਕਾਲਖ ਨਹੀਂ ਲੱਗਦੀ। ਦੁਨੀਆਂਦਾਰੀ ਦੇ ਕੰਮ-ਧੰਦੇ ਕਰਦਿਆਂ ਕਿਸੇ ਵਿਕਾਰ ਦੇ ਪੈਦਾ ਹੋਣ ਨਾਲ ਆਪਣੀ ਸੂਝ ’ਤੇ ਕੋਈ ਮਾਰੂ ਅਸਰ ਪੈਂਦਾ ਦਿੱਸੇ ਤਾਂ ਜਪੁਜੀ ਸਾਹਿਬ ਦੀ ਇੱਕੋ ਤੁਕ ਅਜਿਹੇ ਸੌ ਰੋਗਾਂ ਦੀ ਇੱਕੋ ਦਵਾ ਹੈ:
ਭਰੀਐ ਮਤਿ ਪਾਪਾ ਕੈ ਸੰਗਿ॥
ਓਹੁ ਧੋਪੈ ਨਾਵੈ ਕੈ ਰੰਗਿ॥ (ਪੰਨਾ 2)
ਗੁਰੂ ਸਾਹਿਬ ਦੀ ਦੋ ਗ੍ਰਿਹਸਤੀ ਸਿੱਖਾਂ ਨਾਲ ਕੀਰਤਨ ਸਬੰਧੀ ਕੀਤੀ ਚਰਚਾ ਮਿਲਦੀ ਹੈ। ‘ਸਿੱਖਾਂ ਦੀ ਭਗਤਮਾਲਾ’ ਵਿਚ ‘ਮਾਲੋ ਅਤੇ ਮਾਂਗਾ’ ਦੋ ਸਿੱਖਾਂ ਦੀ ਸਾਖੀ ਵਿਚ ਬਾਕੀ ਕਰਮਾਂ ਦੇ ਮੁਕਾਬਲੇ ’ਤੇ ਕੀਰਤਨ ਫਲ ਦੀ ਮਹਿਮਾ ਨੂੰ ਬੜੇ ਸੁੰਦਰ ਦ੍ਰਿਸ਼ਟਾਂਤਾਂ ਨਾਲ ਵਾਰਤਾਲਾਪ ਰੂਪ ਵਿਚ ਇਉਂ ਦਰਸਾਇਆ ਗਿਆ ਹੈ:
‘ਤੁਸਾਂ ਬਚਨ ਕੀਤਾ ਹੈ ਜੇ ਕਰਮ ਸੁਗਮ ਹੈ ਕਥਾ ਕੀਰਤਨ, ਤੇ ਫਲੁ ਵਡਾ ਹੈ, ਏਹ ਅਸਾਡੇ ਸਮਝ ਵਿਚ ਕੈਸੇ ਆਵੇ? ਬਚਨ ਹੋਇਆ, ਜੋ ਲਕੜਹਾਰੇ ਲੱਕੜੀਆਂ ਲਿਆਂਦੇ ਹੈਨਿ ਤੇ ਪਾਂਡੀ ਪੰਡਾਂ ਲਿਆਂਵਦੇ ਹੈਨ, ਸੋ ਮਜੂਰੀ ਵੱਡੀ ਕਰਦੇ ਹੈਨਿ ਤੇ ਨਫਾ ਥੋੜ੍ਹਾ ਹੁੰਦਾ ਹੈ ਤੇ ਜੋ ਲੂਣ ਅੰਨ ਦੀ ਹੱਟੀ ਕਰਦੇ ਹੈਨਿ, ਮਜੂਰੀ ਓਨ੍ਹਾਂ ਦੀ ਥੋੜੀ ਹੁੰਦੀ ਹੈ ਤੇ ਨਫਾ ਵਧੀਕ ਹੁੰਦਾ ਹੈ ਤੇ ਸਰਾਫ ਤੇ ਬਜਾਜ ਓਨ੍ਹਾਂ ਥੀਂ ਭੀ ਮਜੂਰੀ ਘਟ ਕਰਦੇ ਹੈਨਿ, ਭੂਖਣਾ ਤੇ ਰੁਪਯਾਂ ਦਾ ਸੌਦਾ ਕਰਦੇ ਹੈਨ ਤੇ ਨਫਾ ਬਹੁਤ ਹੁੰਦਾ ਹੈ ਤੇ ਜਵਾਹਰੀ ਹੀਰੇ ਮੋਤੀ ਦਾ ਸੌਦਾ ਕਰਦੇ ਹੈਨਿ ਤੇ ਸੁਖ ਨਾਲਿ ਬੈਠੇ ਰਹਿੰਦੇ ਹਨ, ਪਰ ਨਫਾ ਬਹੁਤ ਉਨ੍ਹਾਂ ਨੂੰ ਹੁੰਦਾ ਹੈ ਤੇ ਜੋ ਉਨ੍ਹਾਂ ਦੀ ਸੇਵਾ ਕਰਦਾ ਹੈ ਸੋ ਭੀ ਮੋਤੀ ਹੀਰੇ ਦੀ ਪਰਖ ਸਿਖਦਾ ਹੈ। ਤੈਸੇ ਹੋਰ ਜੋ ਤਪ ਹੈਨਿ, ਸੋ ਸਰੀਰ ਉਪਰ ਕਸ਼ਟ ਹੁੰਦਾ ਹੈ ਤੇ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ। ਕਥਾ ਕੀਰਤਨ ਦੇ ਪੜ੍ਹਨ ਸੁਣਨ ਕਰ ਪ੍ਰਿਥਮੈ ਤਾਂ ਉਪਾਸਨਾ ਦ੍ਰਿੜ੍ਹ ਹੁੰਦੀ ਹੈ, ਪਿੱਛੋਂ ਇਸ ਦੇ ਵਿੱਚੋਂ ਗਿਆਨ ਪ੍ਰਾਪਤ ਹੋ ਜਾਂਦਾ ਹੈ ਤਾਂ ਤੇ ਇਹ ਸਾਂਤਕੀ ਤਪ ਹੈ ਨਫਾ ਬਹੁਤ ਹੈ ਤਾਂ ਏਹੁ ਬਚਨੁ ਸੁਣ ਕੇ ਭਾਈ ਮਾਲੋ ਪੋਥੀ ਗੁਰੂ ਕੀ ਬਾਣੀ ਦੀ ਕਥਾ ਕਰੇ ਤੇ ਭਾਈ ਮਾਂਗਾ ਸਨਮੁੱਖ ਬੈਠ ਕੇ ਸਭ ਇੰਦ੍ਰੀਆਂ ਤੇ ਮਨ ਨੂੰ ਸੰਕੋਚ ਕੈ ਸੁਣੇ, ਤੇ ਦੋਨੋਂ ਮਿਲ ਕੇ ਫੇਰ ਕੀਰਤਨ ਕਰਨਿ, ਤਾਂ ਓਨ੍ਹਾਂ ਦੀ ਰਸਨਾ ਥੀਂ ਐਸਾ ਸਭ ਸਿੱਖਾਂ ਨੂੰ ਰਸ ਆਵੈ ਕਿ ਜੋ ਕੋਈ ਸੁਣੇ, ਸਭ ਪਾਪਾਂ ਦਾ ਤਿਆਗੁ ਕਰਨਿ।’
ਗ੍ਰਿਹਸਤੀ ਲੋਕ ਗੁਰੂ ਦੇ ਅਜਿਹੇ ਉਪਦੇਸ਼ਾਂ ਨੂੰ ਸੁਣਨ ਤੇ ਗ੍ਰਹਿਣ ਕਰਨ ਤਾਂ ਹੀਰੇ-ਮੋਤੀਆਂ ਦੀ ਟਕਸਾਲ ਉਨ੍ਹਾਂ ਦੇ ਮਨ-ਮਸਤਕ ਵਿਚ ਲੱਗ ਸਕਦੀ ਹੈ। ਜਪੁਜੀ ਸਾਹਿਬ ਦਾ ਫ਼ਰਮਾਨ ਹੈ:
ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ॥ (ਪੰਨਾ 2)
ਅਤੇ ਗੁਰੂ ਦੀ ਮਤ ਕੀ ਹੈ?
ਗੁਣ ਗਾਵਾ ਦਿਨੁ ਰਾਤਿ ਨਾਨਕ ਚਾਉ ਏਹੁ॥ (ਪੰਨਾ 762)
ਪ੍ਰਭੂ ਦੇ ਗੁਣ ਗਾਉਣ ਦਾ ਚਾਅ ਗੁਰੂ ਨੂੰ ਹੈ ਤੇ ਉਹੀ ਚਾਅ ਗੁਰੂ ਜੀ ਆਪਣੇ ਗ੍ਰਿਹਸਤੀ ਸਿੱਖਾਂ ਦੇ ਮਨ ਅੰਦਰ ਵੇਖਣਾ ਚਾਹੁੰਦੇ ਹਨ।
ਜਦੋਂ ਸਿੱਖ ਦੇ ਘਰ ਬੱਚਾ ਜਨਮ ਲੈਂਦਾ ਹੈ, ਸਿੱਖ ਆਪਣੇ ਬੱਚੇ ਦੇ ਨਾਮਕਰਨ ਲਈ ਗੁਰੂ ਦੀ ਓਟ ਲੈਂਦਾ ਹੈ। ਆਮ ਤੌਰ ’ਤੇ ਘਰ ਵਿਚ ਖੁਸ਼ੀ ਮਨਾਈ ਜਾਂਦੀ ਹੈ ਤੇ ਸਮਾਗਮ ਕੀਤਾ ਜਾਂਦਾ ਹੈ। ਇਸ ਸਮਾਗਮ ਵਿਚ ਕੀਰਤਨ ਜ਼ਰੂਰ ਹੁੰਦਾ ਹੈ। ਕੀਰਤਨੀਏ ਕੀਰਤਨ ਕਰਦੇ ਹਨ। ਸਿਆਣੇ ਕੀਰਤਨੀਏ ਰਾਗ ਆਸਾ ਵਿਚ ਸ਼ਬਦ- ਗਾਇਨ ਕਰਦੇ ਹਨ :
ਸਤਿਗੁਰ ਸਾਚੈ ਦੀਆ ਭੇਜਿ॥
ਚਿਰੁ ਜੀਵਨੁ ਉਪਜਿਆ ਸੰਜੋਗਿ॥ (ਪੰਨਾ 396)
ਰਾਗ ਗੂਜਰੀ ਵਿਚ ਹੇਠ ਲਿਖਿਆ ਸ਼ਬਦ ਗਾਇਨ ਕੀਤਾ ਜਾਂਦਾ ਹੈ :
ਪੂਤਾ ਮਾਤਾ ਕੀ ਆਸੀਸ॥
ਨਿਮਖ ਨ ਬਿਸਰਉ ਤੁਮ੍ ਕਉ ਹਰਿ ਹਰਿ ਸਦਾ ਭਜਹੁ ਜਗਦੀਸ॥ (ਪੰਨਾ 496)
ਬੱਚਾ ਜਵਾਨ ਹੁੰਦਾ ਹੈ, ਉਸ ਦੀ ਕੁੜਮਾਈ ਕੀਤੀ ਜਾਂਦੀ ਹੈ। ਉਸ ਦੇ ਵਿਆਹ ਦੀਆਂ ਤਿਆਰੀਆਂ ਕੀਤੀਆਂ ਜਾਂਦੀਆਂ ਹਨ। ਸਮਾਗਮ ਹੁੰਦਾ ਹੈ। ਕੀਰਤਨੀਏ ਇਹ ਸ਼ਬਦ ਗਾਇਨ ਕਰਦੇ ਹਨ :
ਸਤੁ ਸੰਤੋਖੁ ਕਰਿ ਭਾਉ ਕੁੜਮੁ ਕੁੜਮਾਈ ਆਇਆ ਬਲਿ ਰਾਮ ਜੀਉ॥ (ਪੰਨਾ 773)
ਵਿਆਹ ਦੀ ਰਸਮ ਤਾਂ ਗੁਰਮਤਿ ਸੰਗੀਤ ਤੋਂ ਬਿਨਾਂ ਸੋਚੀ ਵੀ ਨਹੀਂ ਜਾ ਸਕਦੀ। ਇਸ ਸਮੇਂ ਜਦੋਂ ਬਰਾਤ ਦਾ ਢੁਕਾਉ ਹੁੰਦਾ ਹੈ ਤਾਂ ਮਿਲਣੀ ਵੇਲੇ ਹੇਠ ਲਿਖਿਆ ਛੰਤ ਗਾਇਆ ਜਾਂਦਾ ਹੈ :
ਹਮ ਘਰਿ ਸਾਜਨ ਆਏ॥
ਸਾਚੈ ਮੇਲਿ ਮਿਲਾਏ॥ (ਪੰਨਾ 764)
ਪੱਲਾ ਫੜਾਉਣ ਵੇਲੇ :
ਉਸਤਤਿ ਨਿੰਦਾ ਨਾਨਕ ਜੀ ਮੈ ਹਭ ਵਞਾਈ ਛੋੜਿਆ ਹਭੁ ਕਿਝੁ ਤਿਆਗੀ॥
ਹਭੇ ਸਾਕ ਕੂੜਾਵੇ ਡਿਠੇ ਤਉ ਪਲੈ ਤੈਡੈ ਲਾਗੀ॥ (ਪੰਨਾ 763)
ਜਨਮ ਸਾਖੀ ਵਿਚ ਗੁਰੂ ਨਾਨਕ ਦੇਵ ਜੀ ਨੇ ਆਪਣੇ ਵਿਆਹ ਸਮੇਂ ਕਿਵੇਂ ਇਨ੍ਹਾਂ ਛੰਦਾਂ ਦਾ ਕੀਰਤਨ ਕਰਦੇ ਇਹ ਪ੍ਰਸੰਗ ਬੜੇ ਭਾਵਪੂਰਤ ਢੰਗ ਨਾਲ ਬਿਆਨ ਕੀਤਾ ਹੈ: ‘ਤਬ ਉਨਹੁ ਇਸਤ੍ਰੀਅਹ ਜਿ ਭਲੇ ਘਰਿ ਮਹਿ ਮਿਲਿ ਕਰਿ ਸੋਹਿਲੇ ਗਾਏ। ਤਬ ਗੁਰੂ ਬਾਬਾ ਨਾਨਕ ਉਹਨਾਂ ਕਾ ਰਾਗੁ ਸੁਨਿ ਕਰਿ ਖੁਸੀ ਭੈਆ ਜਿ, ਭਾਈ ਏ ਇਸਤ੍ਰੀਆਂ ਖੁਸੀ ਹੋਇ ਹੋਇ ਮਾਨੁਖ ਕੇ ਸੋਹਿਲੇ ਕਿਉ ਗਾਵਦੀਆਂ ਹੈਨਿ, ਮੈ ਆਪਨੇ ਨਾਮ ਕੇ ਸੋਹਿਲੇ ਕਿਉ ਨਾਹੀ ਗਾਵਤਾ, ਜਿਸ ਸਿਉ ਮੇਰੀ ਪ੍ਰੀਤ ਹੈ, ਤਬ ਗੁਰੂ ਨਾਨਕੁ ਜੀ ਪ੍ਰੇਮ ਪਰਮੇਸੁਰ ਕੇ ਸਾਥਿ ਬਾਨੀ ਬੋਲਿ ਉਠਾ ਸੂਹੀ ਰਾਗ ਮਹਿ ਸਿਫਤੀ ਛੰਤ, ਜਿ:
ਹਮ ਘਰਿ ਸਾਜਨ ਆਏ॥
ਸਾਚੈ ਮੇਲਿ ਮਿਲਾਏ॥ (ਪੰਨਾ 764)
ਤਬ ਇਸਤਰੀਅਹੁ ਤਣੀ ਛੁਹਾਈ।
ਆਪਣਾ ਅਚਾਰ ਕੀਆ।
ਤਬ ਸੂਹੀ ਰਾਗ ਮਹਿ ਗੁਰੂ ਬਾਬਾ ਨਾਨਕੁ ਜੀ ਬਾਣੀ ਬੋਲਿ ਉਠਾ:
ਆਵਹੁ ਸਜਣਾ ਹਉ ਦੇਖਾ ਦਰਸਨੁ ਤੇਰਾ ਰਾਮ॥ (ਪੰਨਾ 764)
‘ਤਬ ਗੁਰੂ ਬਾਬੇ ਰਾਤਿ ਕੈ ਸਮਉ ਏਹੁ ਸਬਦੁ ਕੀਆ। ਅਰ ਇਸਨਾਨ ਕਰਿ ਕਰਿ ਪ੍ਰਾਤ ਸਮਉ ਜਨੇਤ ਮਹਿ ਆਇ ਬੈਠਾ। ਅਲਾਪ ਕਰਿ ਰਾਗੁ ਮੰਦਰੀ ਬਿਲਾਵਲੁ ਅਰੁ ਪੀਛੈ ਤੇ ਅਲਾਪਿ ਕਰਿ ਰਬਾਬੀ ਜਾਜਕ ਕੀਰਤਨੁ ਗਾਵਹਿ ਅਰ ਆਵੈ ਗੁਰੂ ਬਾਬਾ ਨਾਨਕ ਜੀ ਗਾਵੈ। ਪਰ ਜਿਨਹੁ ਗੁਰੂ ਬਾਬਾ ਨਾਨਕ ਜੀ ਗਾਵਤਾ ਸੁਣਿਆ ਤੇ ਸਦੇਹ ਪਰਮਗਤਿ ਗਏ। ਜਿਨੁ ਸੁਣਿਆ ਦੇਖਿਆ, ਜਿਨੁ ਗੁਰੂ ਬਾਬੇ ਕਾ ਸਬਦੁ ਬਿਰਾਨੇ ਮੁਖਿ ਤੇ ਸੁਣਿਆ ਤੇ ਭੀ ਮੁਕਤੇ ਭਏ।’ (ਜਨਮ ਸਾਖੀ ਪਰੰਪਰਾ, ਮਿਹਰਬਾਨ ਵਾਲੀ ਜਨਮ ਸਾਖੀ, ਪੰਨਾ 69)
ਰਾਗ ਸੂਹੀ ਵਿਚ ਦਰਜ ਲਾਵਾਂ ਦਾ ਗਾਇਨ ਅਤੇ ਉਪਰੰਤ ਰਾਮਕਲੀ ਰਾਗ ਵਿਚ ਦਰਜ ਅਨੰਦ ਸਾਹਿਬ ਦਾ ਕੀਰਤਨ ਹੁੰਦਾ ਹੈ। ਸ੍ਰੀ ਗੁਰੂ ਅਮਰਦਾਸ ਜੀ ਦੇ ਪੋਤਰੇ ਅਰਥਾਤ ਮੋਹਰੀ ਜੀ ਦੇ ਪੁੱਤਰ ਅਨੰਦ ਦੇ ਜਨਮ ਸਮੇਂ ਗੁਰੂ ਅਮਰਦਾਸ ਜੀ ਨੇ ਅਨੰਦ ਬਾਣੀ ਦੀ ਰਚਨਾ ਕੀਤੀ ਅਤੇ ਇਸ ਬਾਣੀ ਨੂੰ ਉੱਚੀ-ਉੱਚੀ ਗਾਉਣ ਦੇ ਆਦੇਸ਼ ਦਿੱਤੇ। ‘ਮਹਿਮਾ ਪ੍ਰਕਾਸ਼’ ਵਿਚ ਇਸ ਪ੍ਰਸੰਗ ਨੂੰ ਵਿਸਥਾਰ ਸਹਿਤ ਲਿਖਿਆ ਗਿਆ ਹੈ। ਅਨੰਦ ਬਾਣੀ ਦੇ ਗਾਇਨ ਕਰਨ ਬਾਰੇ ਆਦੇਸ਼ ਇਸ ਪ੍ਰਕਾਰ ਹਨ:
ਦੇ ਮਾਤਾ ਕੋ ਬਲੂ ਆਇਆ।
ਸਤਗੁਰ ਤਿਸ ਯਹ ਬਚਨ ਸੁਨਾਇਆ।
ਯਹ ਅਨੰਦ ਬਾਨੀ ਮੈ ਕੀਆ।
ਮੰਗਲ ਮੂਲ ਵਾਕ ਪ੍ਰਗਟੀਆ।19।
ਤੁਮ ਕੋਠੇ ਪਰ ਚੜ ਗਾਵੋ ਤਾਹਿ।
ਅਰੁ ਲੇ ਢੋਲਕ ਸੰਗ ਬਜਾਇ।
ਜੇ ਕੋਈ ਅਬ ਯਹ ਧੁਨ ਸੁਨੇ।
ਹੋਇ ਪਾਰਗੰਦ ਕਿਲਬਿਖ ਹਨੇ।20।
ਦੋਹਰਾ- ਸਭ ਕਾਰਜ ਯਾ ਤੇ ਸਿਧ ਹੋਇ ਜੋ ਪੜੇ ਕਰ ਪ੍ਰੇਮ ਪ੍ਰਤੀਤ।
ਮੰਗਲ- ਮੂਲ ਬਾਨੀ ਬਨੀ ਸੁਖਦਾਇਕ ਭਗਤ ਬਿਨੀਤ।
ਚੌਪਈ- ਬਲੂ ਚੜ ਕੋਠੇ ਪਰ ਗਾਇਆ।
ਢੋਲਕ ਬਜਾਇ ਸੰਗ ਸਬਦ ਸੁਹਾਇਆ।
ਤਿਸ ਸਮੇ ਸੁਨਾ ਜਿਨ ਆਨੰਦ ਬਾਣੀ।
ਪਾਇ ਭਗਤਿ ਤਿਨ ਪਦ ਨਿਰਬਾਣੀ।22।
ਇਸੇ ਦੇ ਨਾਲ-ਨਾਲ
ਵੀਆਹੁ ਹੋਆ ਮੇਰੇ ਬਾਬੁਲਾ ਗੁਰਮੁਖੇ ਹਰਿ ਪਾਇਆ॥ (ਪੰਨਾ 78)
ਅਤੇ
ਪੂਰੀ ਆਸਾ ਜੀ ਮਨਸਾ ਮੇਰੇ ਰਾਮ॥ (ਪੰਨਾ 577)
ਸ਼ਬਦਾਂ ਦਾ ਗਾਇਨ ਹੁੰਦਾ ਹੈ।
ਜਦੋਂ ਪ੍ਰਾਣੀ ਅਕਾਲ ਚਲਾਣਾ ਕਰਦਾ ਹੈ ਤਦੋਂ ਵੈਰਾਗਮਈ ਸ਼ਬਦਾਂ ਦਾ ਗਾਇਨ ਕੀਤਾ ਜਾਂਦਾ ਹੈ। ਰਾਮਕਲੀ ਸਦੁ ਵਿਚ ਗੁਰੂ ਅਮਰਦਾਸ ਜੀ ਦਾ ਬਚਨ ਹੈ:
ਅੰਤੇ ਸਤਿਗੁਰੁ ਬੋਲਿਆ ਮੈ ਪਿਛੈ ਕੀਰਤਨੁ ਕਰਿਅਹੁ ਨਿਰਬਾਣੁ ਜੀਉ॥ (ਪੰਨਾ 923)
ਭਾਈ ਕਾਨ੍ਹ ਸਿੰਘ ਨਾਭਾ ਅਕਾਲ ਚਲਾਣੇ ਦੀ ਮਰਯਾਦਾ ਬਿਆਨ ਕਰਦਿਆਂ ਲਿਖਦੇ ਹਨ :
‘ਮ੍ਰਿਤ ਸ਼ਰੀਰ ਨੂੰ ਸਨਾਨ ਕਰਾ ਕੇ ਨਿਰਮਲ ਵਸਤਰਾਂ ਨਾਲ ਢੱਕ ਕੇ ਤਖ਼ਤੇ, ਸੰਦੂਕ ਆਦਿ ਵਿਚ ਰੱਖ ਕੇ ਕੰਧਿਆਂ ਜਾਂ ਗੱਡੀ ਆਦਿ ਤੇ ਸੰਸਕਾਰ ਦੇ ਥਾਂ ਲੈ ਜਾਇਆ ਜਾਵੇ ਰਾਗੀ ਅਥਵਾ ਪ੍ਰੇਮੀ ਸਿੱਖ ਮਿਲ ਕੇ ਵੈਰਾਗਮਈ ਸ਼ਬਦਾਂ ਦਾ ਕੀਰਤਨ ਕਰਨ. ।’ (ਗੁਰਮਤ ਮਾਰਤੰਡ, ਪੰਨਾ 467)
ਰਹਿਤਨਾਮਾ ਭਾਈ ਚੌਪਾ ਸਿੰਘ ਵਿਚ ਲਿਖਿਆ ਹੈ :
ਪ੍ਰਾਣੀ ਕਾ ਸ਼ਰੀਰ ਅੰਤ ਹੋਵੇ ਤਾਂ ਕੀਰਤਨ ਕਰਾਵੇ…। (ਗੁਰਮਤ ਮਾਰਤੰਡ, ਪੰਨਾ 478)
‘ਗੁਰ ਬਿਲਾਸ ਪਾਤਸ਼ਾਹੀ 10’ ਦੇ ਅਧਿਆਇ 29 ਵਿਚ ਗੁਰੂ ਸਾਹਿਬ ਦੇ ਮੁਖ ਤੋਂ ਉਚਾਰਨ ਕਰਵਾਇਆ ਗਿਆ ਹੈ :
ਸ੍ਵਾਂਗ ਸਵਾਰੀ ਕਾ ਪ੍ਰਭ ਧਾਰੋ।
ਸਭ ਖਾਲਿਸ ਕੋ ਵਚਨ ਉਚਾਰੋ।
ਜਯੋਂ ਥਾ ਹੁਕਮ ਤਿਵੇਂ ਸਾ ਹੋਨਾ।
ਹਮ ਕੋ ਸ਼ਾਦੀ ਕਿਸੂ ਨ ਰੋਨਾ।
ਜੋ ਹਮ ਕੋ ਰੋਵੇਗਾ ਕੋਈ।
ਇਤ ਉਤ ਤਾਂ ਕੋ ਦੁਖ ਹੋਈ।
ਕੀਰਤਨ ਕਥਾ ਸੁ ਗਾਵਹੁ ਬਾਨੀ।
ਇਹੈ ਮੋਰ ਸਿਖਯਾ ਸੁਨ ਕਾਨੀ। (ਗੁਰਮਤ ਮਾਰਤੰਡ, ਪੰਨਾ 479)
‘ਗੁਰ ਪ੍ਰਤਾਪ ਸੂਰਜ’ ਰੁਤ 3, ਅਧਿਆਇ 40 ਵਿਚ ਲਿਖਿਆ ਹੈ:
ਮਰੇ ਸਿੱਖ ਤੇ ਕਰੇ ਕੜਾਹ।
ਤਿਸੁ ਕੁਟੰਬ ਰੁਦਨਹਿ ਬਹੁ ਨਾਂਹ।
ਤਜਹਿ ਸ਼ੋਕ ਸਭਿ ਅਨਦ ਬਢਾਇ।
ਨਹਿੰ ਪੀਟਹਿˆ ਤ੍ਰਿਯ ਮਿਲਿ ਸਮੁਦਾਇ।
ਪਢਹਿˆ ਸ਼ਬਦ ਕਿਰਤਨ ਕੋ ਕਰੈਂ।
ਸੁਨਹਿਂ ਬੈਠ ਬੈਰਾਗ ਸੁ ਧਰੈਂ। (ਗੁਰਮਤ ਮਾਰਤੰਡ, ਪੰਨਾ 479)
ਗੁਰੂ-ਕਾਲ ਵਿਚ ਵੀ ਅਕਾਲ-ਚਲਾਣੇ ਸਮੇਂ ਕੀਰਤਨ ਕਰਨ ਦੇ ਹਵਾਲੇ ਪ੍ਰਾਪਤ ਹੁੰਦੇ ਹਨ। ਗੁਰੂ ਸਾਹਿਬਾਨ ਦੇ ਜੋਤੀ ਜੋਤਿ ਸਮਾਉਣ ਸਮੇਂ ਕੀਰਤਨ ਕਰਨ ਦਾ ਉਲੇਖ ਅਨੇਕ ਥਾਈਂ ਆਇਆ ਹੈ। ਜਦੋਂ ਗੁਰੂ ਅੰਗਦ ਦੇਵ ਜੀ ਜੋਤੀ ਜੋਤਿ ਸਮਾਉਣ ਲੱਗੇ ਤਾਂ ਉਨ੍ਹਾਂ ਨੇ ਹੋਰ ਰਸਮਾਂ ਕਰਨ ਦੀ ਥਾਂ ਭਜਨ-ਕੀਰਤਨ ਕਰਨ ਦੇ ਆਦੇਸ਼ ਦਿੱਤੇ:
ਹਮਰੇ ਕਾਜ ਕਛੂ ਨਹੀ ਕਰਨਾ।
ਨਹੀ ਕਰਨਾ ਕੋਊ ਜਗ ਆਚਰਨਾ।23…
ਦੇਹ ਸਿਸਕਾਰ ਅਗਨ ਮੋ ਕਰਨਾ।
ਕੀਰਤਨ ਭਜਨ ਤੋਖ ਚਿਤ ਧਰਨਾ।24…
ਅਖੰਡ ਕੀਰਤਨ ਸਭ ਮਿਲ ਕੀਓ।
ਜੈ ਜੈ ਕਾਰ ਜਗਤ ਮੈਂ ਭਇਓ।
ਜਦੋਂ ਗੁਰੂ ਰਾਮਦਾਸ ਜੀ ਜੋਤੀ ਜੋਤਿ ਸਮਾਏ ਤਾਂ ਉਥੇ ਕੀਰਤਨ ਹੋਇਆ:
ਅੜਿਲ- ਨਿਸ਼ਾ ਨਾਸ ਰਵਿ ਆਯੋ ਹਰਖ ਬਢਾਇ ਕੈ।
ਕੀਰਤਨ ਭਯੋ ਅਪਾਰ ਦੇਵ ਕਰ ਆਇ ਕੈ।…775। (ਪੰਨਾ 194)
ਦੋਹਰਾ- ਵਡਹੰਸ ਵਾਰ ਪ੍ਰਥਮੇ ਪੜ੍ਹੋ, ਪੁਨ ਮਾਰੂ ਪੜ੍ਹ ਵਾਰ।
ਰਾਗ ਰਬਾਬੀ ਅਧਕ ਰਹਿੰ, ਕਰੈ ਸਰੁ ਬਿਸਤਾਰ।778। (ਪੰਨਾ 194)
ਭਾਈ ਬੁੱਢਾ ਲਾਇ ਦੀਵਾਨ।
ਸੁਨਤ ਸ਼ਬਦ ਮਾਰੂ ਧਰ ਧਿਆਨ।780।
ਦੋਹਿਰਾ- ਸਾਹਿਬ ਬੁੱਢੇ ਸੌਂ ਕਹਾ, ਅਲਾਹਿਣੀ ਪੜ੍ਹੌ ਸੁਹਾਇ।
ਰਬਾਬੀ ਰਾਗ ਮਿਲਾਇ ਕੈ, ਪੜ੍ਹੀ ਅਧਿਕ ਚਿਤ ਲਾਇ।781।
ਦੀਵਾਨ ਮਧ ਬੈਠੇ ਗੁਰ ਆਇ।
ਰਬਾਬੀ ਭੋਗ ਸ਼ਬਦ ਕਾ ਪਾਇ।782।
ਰਬਾਬੀ ਕੌ ਧਨ ਦੀਨ ਅਪਾਰਾ।
ਕੀਰਤਨ ਸੋਹਿਲਾ ਬਹੁਰ ਉਚਾਰਾ।…783।
ਸੁਨ ਪੈੜਾ ਕੀਰਤਨ ਬਹੁ ਹੋਵੈ।
ਭਾਂਤ ਭਾਂਤ ਚੌਕੀ ਦੁਖ ਖੋਵੈ।…785।
ਬਾਬਾ ਬੁੱਢਾ ਜੀ ਦੇ ਦੇਹਾਂਤ ਤੋਂ ਬਾਅਦ ਜੋ ਰਸਮਾਂ ਹੋਈਆਂ ਉਨ੍ਹਾਂ ਵਿਚ ਕੀਰਤਨ ਪ੍ਰਮੁੱਖ ਸੀ :
ਹਰਿਗੁਬਿੰਦ ਗੁਰੁ ਤਬ ਇਹ ਕੀਨੋ।
ਰਾਗੀ ਬੋਲ ਨਿਕਟ ਤਬ ਲੀਨੋ।51।
ਸ੍ਰੀ ਮੁਖ ਕਹਾ ਸਬਦ ਤੁਮ ਗਾਵੋ।
ਪ੍ਰਿਥਮ ਵਾਰ ਆਸਾ ਕੀ ਲਾਵੋ।
ਗਾਵਤ ਮਾਰੂ ਸਬਦ ਅਪਾਰਾ।…
ਰਾਗੀ ਭੋਗ ਸਬਦ ਕਾ ਪਾਯੋ।
ਸ੍ਰੀ ਗੁਰੁ ਤਿਨ ਕੌ ਐਸ ਅਲਾਯੋ।54।
ਦੋਹਿਰਾ- ਮਾਰੂ ਡਖਣੇ ਵਾਰ ਕੋ, ਅਬ ਗਾਵੋ ਸੁਰ ਊਚ।
ਸਿੱਖ ਸੰਗਤਿ ਆਈ ਘਨੀ, ਭਈ ਭੀਰ ਅਤਿ ਮੂਚ।55। (ਪੰਨਾ 351)
ਉਪਰੋਕਤ ਚਰਚਾ ਤੋਂ ਸਪੱਸ਼ਟ ਹੈ ਕਿ ਗੁਰਮਤਿ ਸੰਗੀਤ ਸਿੱਖ ਗ੍ਰਿਹਸਤ ਜੀਵਨ ਦਾ ਇਕ ਅਟੁੱਟ ਅੰਗ ਹੈ।
ਲੇਖਕ ਬਾਰੇ
ਡਾ: ਜਗੀਰ ਸਿੰਘ ਪੰਜਾਬ ਸਕੂਲ ਸਿੱਖਿਆ ਬੋਰਡ, ਮੋਹਾਲੀ ਦੇ ਡਿਪਟੀ ਡਾਇਰੈਕਟਰ ਸਨ। ਉਹ ਅੰਮ੍ਰਿਤ ਕੀਰਤਨ ਟਰੱਸਟ ਦੀ ਅਗਵਾਈ ਹੇਠ ਅੰਮ੍ਰਿਤ ਕੀਰਤਨ ਮੈਗਜ਼ੀਨ ਦੇ ਸੰਪਾਦਕ ਹਨ, ਜੋ ਕਿ 1989 ਤੋਂ ਚੰਡੀਗੜ੍ਹ ਤੋਂ ਪ੍ਰਕਾਸ਼ਤ ਹੋ ਰਿਹਾ ਹੈ। ਉਨ੍ਹਾਂ ਨੂੰ ਗੁਰਮਤਿ ਸੰਗੀਤ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦਾ ਚੇਅਰਪਰਸਨ ਵੀ ਨਿਯੁਕਤ ਕੀਤਾ ਗਿਆ, ਜਿਸ ਅਹੁਦੇ ਤੋਂ ਉਹ 31 ਦਸੰਬਰ, 2009 ਨੂੰ ਸੇਵਾਮੁਕਤ ਹੋਏ। ਡਾ: ਜਗੀਰ ਸਿੰਘ ਜੀ ਨੇ ਕਈ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਸੇਵਾ ਨਿਭਾਈ ਅਤੇ ਉਨ੍ਹਾਂ ਨੇ ਪਟਿਆਲਾ ਦੇ ਗੁਰਦੁਆਰਾ ਦੁਖ ਨਿਵਾਰਨ ਸਾਹਿਬ, ਗੁਰਦੁਆਰਾ ਫਤਹਿਗੜ੍ਹ ਸਾਹਿਬ ਅਤੇ ਤਖਤ ਸ੍ਰੀ ਕੇਸ਼ਗੜ੍ਹ ਸਾਹਿਬ ਸਮੇਤ ਵੱਖ ਵੱਖ ਗੁਰਦੁਆਰਿਆਂ ਵਿੱਚ ਕੀਰਤਨ ਦੀਆਂ ਡਿਊਟੀਆਂ ਲਗਾਈਆਂ।
ਡਾ. ਜਗੀਰ ਸਿੰਘ ਜੀ ਨੇ ਗੁਰਮਤਿ ਸੰਗੀਤ ਨਾਲ ਸਬੰਧਤ ਤਿੰਨ ਕਿਤਾਬਾਂ ਵੀ ਪ੍ਰਕਾਸ਼ਿਤ ਕੀਤੀਆਂ ਹਨ। ਉਸ ਦੀਆਂ ਹੋਰ ਪ੍ਰਾਪਤੀਆਂ ਵਿੱਚ ਹੇਠਾਂ ਦਿੱਤੇ ਅਨੁਸਾਰ ਬਹੁਤ ਸਾਰੇ ਪੁਰਸਕਾਰ ਸ਼ਾਮਲ ਹਨ:
ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਰਾਗੀ ਪੁਰਸਕਾਰ (1989)
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਪ੍ਰੋ. ਤਾਰਾ ਸਿੰਘ ਅਵਾਰਡ (1992)
ਅਦੁੱਤੀ ਗੁਰਮਤਿ ਸੰਗੀਤ ਸਮੇਲਨ, ਜਵੱਦੀ ਕਲਾਂ ਦੁਆਰਾ ਗੁਰਮਤਿ ਸੰਗੀਤ ਪੁਰਸਕਾਰ (2002)
ਰਾਸ਼ਟਰੀ ਪੁਰਸਕਾਰ (2003) ਸੰਗੀਤ ਨਾਟਕ ਅਕਾਦਮੀ, ਦਿੱਲੀ ਦੁਆਰਾ
ਪੰਜਾਬੀ ਸਾਹਿਤ ਕਲਾ ਸੰਗਮ, ਦਿੱਲੀ ਵੱਲੋਂ ਭਾਈ ਸੁਧ ਸਿੰਘ ਪ੍ਰਧਾਨ ਸਿੰਘ ਪੁਰਸਕਾਰ (2003)
- ਹੋਰ ਲੇਖ ਉਪਲੱਭਧ ਨਹੀਂ ਹਨ