ਇਨਸਾਫ ਕਰੇ ਜੀ ਮੇਂ ਜ਼ਮਾਨਾ ਤੋ ਯਕੀਂ ਹੈ।
ਕਹਿ ਦੇ ਗੁਰੂ ਗੋਬਿੰਦ ਕਾ ਸਾਨੀ ਹੀ ਨਹੀਂ ਹੈ।…
ਹਰਚੰਦ ਮੇਰੇ ਹਾਥ ਮੇਂ ਪੁਰ ਜ਼ੋਰ ਕਲਮ ਹੈ।
ਸਤਿਗੁਰ ਕੇ ਲਿਖੂੰ ਵਸਫ਼, ਕਹਾਂ ਤਾਬਿ-ਰਕਮ ਹੈ।(ਗੰਜਿ ਸ਼ਹੀਦਾਂ-ਅੱਲ੍ਹਾ ਯਾਰ ਖਾਂ ਜੋਗੀ)
ਇਸ ਭਾਗਾਂਭਰੀ ਧਰਤ ਨੇ ਬੜੇ ਸਮੇਂ ਵੇਖੇ, ਬੜੇ ਸਮਿਆਂ ਦੇ ਰੰਗ ਵੇਖੇ; ਕਦੀ ਸੰਤਾਂ-ਫਕੀਰਾਂ ਨੂੰ ਜਨਮ ਦਿੱਤਾ ਜਿਨ੍ਹਾਂ ਅੰਮ੍ਰਿਤਵਤ ਬਾਣੀ ਨਾਲ ਲੋਕਤਾ ਨੂੰ ਠਾਰਿਆ; ਕਦੀ ਯੋਧੇ ਬਹਾਦਰ ਪੁਰਜ਼ਾ-ਪੁਰਜ਼ਾ ਕੱਟ ਮਰਨ ਲਈ ਅੰਗੜਾਈਆਂ ਲੈਣ ਲੱਗੇ; ਕਦੇ ਬੇਪਰਵਾਹ ਮਸਤਾਨੇ ਸਾਰੀ ਧਨ-ਦੌਲਤ ਲੁਟਾ, ਦਾਨਵੀਰ ਕਹਾਏ ਪਰ ਕੁਦਰਤ ਦਾ ਇਕ ਨਿਯਮ ਅਟੱਲ ਰਿਹਾ ਕਿ ਇਹ ਲੋਕ ਆਪਣੇ ਖੇਤਰ ਦੇ ਹੀ ਮਾਹਰ ਰਹੇ। ਸੂਰਮਾ ਹਮੇਸ਼ਾਂ ਸੂਰਮਾ ਹੀ ਰਿਹਾ ਅਤੇ ਭਗਤ ਹਮੇਸ਼ਾਂ ਭਗਤ ਹੀ ਰਿਹਾ। ਹਾਂ, ਇਹ ਸ਼ਾਇਦ ਸਤਾਰ੍ਹਵੀਂ ਸਦੀ ਦੇ ਨਸੀਬਾਂ ਵਿਚ ਹੀ ਸੀ ਕਿ ਇਸ ਨੇ ਇਕ ਅਜਿਹੇ ਸਪੂਤ ਨੂੰ ਦੁਨੀਆਂ ਦੇ ਨਕਸ਼ੇ ’ਤੇ ਤੱਕਿਆ ਜਿਹੜਾ ਇੱਕੋ ਸਮੇਂ ਵਲ਼ੀਆਂ ਦਾ ਵਲ਼ੀ, ਪੀਰਾਂ ਦਾ ਪੀਰ, ਸੂਰਮਿਆਂ ਵਿੱਚੋਂ ਵੱਡਾ ਸੂਰਮਾ ਅਤੇ ਦਾਨੀਆਂ ਵਿੱਚੋਂ ਮਹਾਂਦਾਨੀ ਹੋਇਆ। ਜੇ ਪਰਮਾਤਮਾ ਨਾਲ ਤਾੜੀ ਲਾਈ ਤਾਂ ‘ਦਵੈ ਤੇ ਏਕ ਰੂਪ ਹੋਇ ਗਯੋ’, ਕਿਰਪਾਨ ਫੜੀ ਤਾਂ ਜ਼ੁਲਮ-ਜਬਰ ਪਾਰੇ ਵਾਂਗ ਲਰਜ਼ਣ ਲੱਗਾ। ਜੇ ਬੇਪਰਵਾਹੀ ਦੇ ਘਰ ਵਿਚ ਆਇਆ ਤਾਂ ਢਾਲਾਂ ਭਰ-ਭਰ ਮੋਹਰਾਂ ਵੰਡੀਆਂ। ਜੇਕਰ ਕੌਮ ਨੂੰ ਲੋੜ ਪਈ ਤਾਂ ਪਰਵਾਰ ਦਾ ਕੱਲਾ-ਕੱਲਾ ਜੀਅ ਨਿਛਾਵਰ ਕਰ ਦਿੱਤਾ ਤੇ ਜੇਕਰ ਕਲਮ ਫੜੀ ਤਾਂ ਅਜਿਹੇ ਆਵੇਸ਼ ਵਿਚ ਆਏ ਕਿ ਬਾਣੀ ਦੀ ਵੰਨ-ਸੁਵੰਨੀ ਬਹਾਰ ਦਾ ਬਗੀਚਾ ਲਾ ਦਿੱਤਾ। ਇੱਕੋ ਹੀ ਸਮੇਂ ਸਾਹਿਬ ਦੇ ਹੱਥ ਕਦੀ ਮਾਲਾ, ਕਦੇ ਕਿਰਪਾਨ ਅਤੇ ਕਦੇ ਕਲਮ ਸੋਭਦੀ। ਭਾਵੇਂ ਸਾਹਿਬ ਇਸ ਫ਼ਾਨੀ ਸੰਸਾਰ ’ਤੇ ਸਿਰਫ਼ 41 ਸਾਲ, 9 ਮਹੀਨੇ ਅਤੇ 15 ਦਿਨ ਹੀ ਰਹੇ ਅਤੇ ਇਸ ਸਮੇਂ ਦੌਰਾਨ ਵੀ ਉਨ੍ਹਾਂ ਨੂੰ ਪੈਰ-ਪੈਰ ’ਤੇ ਜਬਰ-ਜ਼ੁਲਮ ਨਾਲ ਜੂਝਣਾ ਪਿਆ। ਜਦੋਂ ਹਕੂਮਤ ਵੈਰੀ ਹੋਵੇ ਅਤੇ ਅਖੌਤੀ ਆਪਣਿਆਂ (ਪਹਾੜੀ ਰਾਜਿਆਂ) ਦਾ ਵੀ ਇਕ ਟੋਲਾ ਹਕੂਮਤ ਦਾ ਹੱਥ-ਠੋਕਾ ਬਣਿਆ ਹੋਵੇ, ਨਾਲੇ ਕੌਮ ਦੇ ਹੱਡਾਂ ਵਿਚ ਵੀ ਸੀਤ ਜੰਮੀ ਹੋਵੇ ਤਾਂ ਇਕ ਅਕਾਲ ਪੁਰਖ ’ਤੇ ਭਰੋਸਾ ਰੱਖ ਕੇ ਕਿਸੇ ਮਿਸ਼ਨ ’ਤੇ ਚੱਲਣਾ ਕਿਸੇ ਕਰਾਮਾਤ ਤੋਂ ਘੱਟ ਨਹੀਂ। ਮਿਸ਼ਨ ਕੀ ਸੀ-
ਯਾਹੀ ਕਾਜ ਧਰਾ ਹਮ ਜਨਮੰ॥
ਸਮਝ ਲੇਹੁ ਸਾਧੂ ਸਭ ਮਨਮੰ॥
ਧਰਮ ਚਲਾਵਨ ਸੰਤ ਉਭਾਰਨ॥
ਦੁਸਟ ਸਭਨ ਕੋ ਮੂਲ ਉਪਾਰਨ॥43॥ (ਬਚਿੱਤਰ ਨਾਟਕ ਪਾ:10)
ਅਜਿਹੇ ਮਹਾਨ ਕਾਰਜ ਲਈ ਜ਼ਿੰਦਗੀ ਦੇ ਬਿਆਲੀ-ਕੁ ਵਰ੍ਹੇ ਬੜੇ ਥੋੜ੍ਹੇ ਸੀ ਜੋ ਸਾਹਿਬ ਨੇ ਆਪਣੀ ਸਾਰੀ ਉੱਮਤ ਨੂੰ ਸ਼ਬਦ-ਗੁਰੂ ਦੇ ਹਵਾਲੇ ਕਰ ਦਿੱਤਾ। ਗੁਰਬਾਣੀ ਕੀ ਹੈ:
ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ॥ (ਪੰਨਾ 335)
ਗੁਰਬਾਣੀ ਦੀ ਸੰਪਾਦਨਾ ਦਾ ਕਾਰਜ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਹੋਇਆ ਸੀ। ਇਸ ਮਿਸ਼ਨ ਨੂੰ ਹਰ ਗੁਰੂ ਸਾਹਿਬ ਨੇ ਬਾਖ਼ੂਬੀ ਨਿਭਾਇਆ। ਜਦੋਂ ਗੁਰੂ ਨਾਨਕ ਸਾਹਿਬ 1499 ਤੋਂ 1521 ਤਕ ਉਦਾਸੀਆਂ ਕਰ ਰਹੇ ਸਨ ਤਾਂ ਉਹ ਭਾਰਤ ਅਤੇ ਏਸ਼ੀਆ ਦੀਆਂ ਪ੍ਰਮੁੱਖ ਧਾਰਮਿਕ ਸੰਪਰਦਾਵਾਂ ਦੇ ਗੱਦੀ-ਨਸ਼ੀਨਾਂ ਨੂੰ ਵੀ ਮਿਲੇ। ਫਿਰ ਉਨ੍ਹਾਂ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਜੇਕਰ ਕੋਈ ਮਾਅਰਕੇ ਦੀ ਗੱਲ ਲੱਗੀ ਤਾਂ ਉਹ ਬਾਣੀ ਨੋਟ ਕਰ ਕੇ ਆਪਣੇ ਕੋਲ ਰੱਖੀ ਜਿਹਾ ਕਿ ਪਾਕਪਟਨ ਵਿਚ ਬਾਬਾ ਫਰੀਦ ਜੀ ਸ਼ਕਰਗੰਜ ਦੇ ਗੱਦੀ-ਨਸ਼ੀਨ ਸ਼ੇਖ ਬ੍ਰਹਮ ਤੋਂ ਬਾਬਾ ਫਰੀਦ ਜੀ ਦੀ ਬਾਣੀ ਹਾਸਲ ਕੀਤੀ। ਇਸ ਬਾਣੀ ਨੂੰ ਵੀ ਉਨ੍ਹਾਂ ਨੇ ਆਪਣੀ ਬਾਣੀ ਦੇ ਨਾਲ ਹੀ ਸੰਭਾਲ ਕੇ ਰੱਖ ਲਿਆ। ਫਿਰ ਜਦੋਂ ਗੁਰਗੱਦੀ ਦੂਜੇ ਗੁਰੂ, ਗੁਰੂ ਅੰਗਦ ਸਾਹਿਬ ਜੀ ਪਾਸ ਗਈ ਤਾਂ ਬਾਣੀ ਦਾ ਇਹ ਅਮੋਲਕ ਖਜ਼ਾਨਾ ਵੀ ਨਾਲ ਹੀ ਦੇ ਦਿੱਤਾ। ਇਸ ਤਰ੍ਹਾਂ ਪੜਾਅਵਾਰ ਇਹ ਬਾਣੀ ਪੰਜਵੇਂ ਗੁਰੂ ਸਾਹਿਬ ਪਾਸ ਪਹੁੰਚੀ। ਹਰ ਇਕ ਗੁਰੂ ਸਾਹਿਬ ਵਿਰਸੇ ਵਿਚ ਮਿਲੀ ਬਾਣੀ ਦੇ ਨਾਲ ਹੀ ਖ਼ੁਦ ਵੱਲੋਂ ਰਚੀ ਬਾਣੀ ਵੀ ਅੱਗੇ ਤੋਂ ਅੱਗੇ ਪਹੁੰਚਾਉਂਦੇ ਰਹੇ। ਸ੍ਰੀ ਗੁਰੂ ਅਰਜਨ ਸਾਹਿਬ ਦੇ ਸਮੇਂ ਉਨ੍ਹਾਂ ਦੇ ਭਤੀਜੇ ਸੋਢੀ ਮਿਹਰਬਾਨ ਨੇ ਆਪਣੀ ਪ੍ਰਤਿਭਾ ਵਧਾਉਣ ਲਈ ‘ਨਾਨਕ’ ਨਾਮ ਹੇਠ ਕੱਚੀ ਬਾਣੀ ਰਚਣੀ ਸ਼ੁਰੂ ਕਰ ਦਿੱਤੀ। ਇਹ ਗੁਰੂ ਅਰਜਨ ਸਾਹਿਬ ਦੇ ਵੱਡੇ ਭਰਾ ਪ੍ਰਿਥੀ ਚੰਦ ਦਾ ਪੁੱਤਰ ਸੀ। ਪ੍ਰਿਥੀ ਚੰਦ ਗੱਦੀ ਨਾ ਮਿਲਣ ਕਾਰਨ ਗੁਰੂ-ਘਰ ਨਾਲ ਨਾਰਾਜ਼ ਸੀ। ਇਹ ਗੁੱਸੇ ਦੀ ਭਾਵਨਾ ਉਹਦੇ ਪੁੱਤਰ ਸੋਢੀ ਮਿਹਰਬਾਨ ਵਿਚ ਵੀ ਸਾਫ਼ ਦਿੱਸਦੀ ਸੀ। ਹੁਣ ਸੱਚੀ ਅਤੇ ਕੱਚੀ ਬਾਣੀ ਨੂੰ ਅਲੱਗ-ਅਲੱਗ ਕਰਨ ਲਈ ਸ੍ਰੀ ਗੁਰੂ ਅਰਜਨ ਦੇਵ ਜੀ ਨੇ ‘ਧੁਰ ਕੀ ਬਾਣੀ’ ਨੂੰ ਸੰਪਾਦਨ ਕਰਨ ਦਾ ਬੀੜਾ ਚੁੱਕਿਆ। ਇਸ ਪਾਵਨ ਕਾਰਜ ਲਈ ਅੰਮ੍ਰਿਤਸਰ ਨਗਰ ਦੀ ਚੋਣ ਕੀਤੀ ਗਈ। ਦੇਸ਼-ਦੇਸ਼ਾਂਤਰਾਂ ਵਿਚ ਸੰਗਤ ਨੂੰ ਹੁਕਮਨਾਮੇ ਜਾਰੀ ਕੀਤੇ ਗਏ ਕਿ ਜੇਕਰ ਕਿਸੇ ਪਾਸ ਕੋਈ ਗੁਰੂ ਸਾਹਿਬ ਦਾ ਸ਼ਬਦ ਹੈ ਤਾਂ ਉਹ ਦਰਬਾਰ ਵਿਚ ਲੈ ਕੇ ਆਵੇ। ਫਿਰ ਕੀ ਸੀ ਸਿੱਖਾਂ ਨੇ ਕੁਝ ਲਿਖਤੀ ਬਾਣੀ ਅਤੇ ਕੁਝ ਜਿਹੜੀ ਜ਼ਬਾਨੀ ਕੰਠ ਸੀ, ਉਹ ਲਿਖ ਕੇ ਗੁਰੂ ਸਾਹਿਬ ਦੇ ਆਣ ਭੇਟ ਕੀਤੀ। ਦੋ ਪੋਥੀਆਂ ਸ੍ਰੀ ਗੁਰੂ ਅਮਰਦਾਸ ਜੀ ਦੇ ਲੜਕੇ ਬਾਬਾ ਮੋਹਨ ਜੀ ਕੋਲ ਸਨ, ਉਹ ਗੁਰੂ ਸਾਹਿਬ ਆਪ ਜਾ ਕੇ ਲੈ ਆਏ। ਇਕ ਪੋਥੀ ‘ਪ੍ਰਾਣ ਸੰਗਲੀ’ ਸੀ। ਗੁਰੂ ਸਾਹਿਬ ਨੇ ਇਹ ਸੰਗਲਾਦੀਪ ਦੇ ਰਾਜੇ ਸ਼ਿਵਨਾਭ ਦੇ ਘਰ ਭਾਈ ਜੇਠਾ ਜੀ ਨੂੰ ਭੇਜ ਕੇ ਮੰਗਵਾ ਲਈ। ਕੁਝ ਸਾਲ ਬਾਣੀ ਇਕੱਤਰ ਕਰਨ ਤੋਂ ਬਾਅਦ ਸ੍ਰੀ ਰਾਮਸਰ ਸਾਹਿਬ ਦੇ ਸਥਾਨ ’ਤੇ ਤੰਬੂ ਲਾ ਕੇ ਗੁਰਬਾਣੀ ਲਿਖਣ ਦਾ ਕਾਰਜ ਅਰੰਭ ਹੋਇਆ। ਗੁਰੂ ਅਰਜਨ ਸਾਹਿਬ ਬੈਠੇ ਬਾਣੀ ਉਚਾਰਦੇ ਅਤੇ ਸਮੇਂ ਦੇ ਪ੍ਰਸਿੱਧ ਵਿਦਵਾਨ ਭਾਈ ਗੁਰਦਾਸ ਜੀ ਲਿਖਦੇ। ਇਹ ਨੇਮ ਅੰਮ੍ਰਿਤ ਵੇਲੇ ਤੋਂ ਲੈ ਕੇ ਡੇਢ ਪਹਿਰ ਚਲਦਾ ਰਹਿੰਦਾ ਅਤੇ ਹੋਰ ਸਿੱਖ ਵੀ ਪਾਸ ਬੈਠੇ ਸੁਣਦੇ ਰਹਿੰਦੇ।
ਅਖ਼ੀਰ 1604 ਈ. ਨੂੰ ਗ੍ਰੰਥ ਸਾਹਿਬ ਦੀ ਬੀੜ ਨੂੰ ਤਿਆਰ ਕਰ ਕੇ ਭਾਈ ਬੰਨੋ ਜੀ ਨੂੰ ਜਿਲਦ ਬੰਨ੍ਹਵਾਉਣ ਲਈ ਲਾਹੌਰ ਭੇਜਿਆ ਗਿਆ ਅਤੇ 1604 ਈ. ਨੂੰ ਇਸ ਦਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿਚ ਕੀਤਾ ਗਿਆ। ਗੁਰੂ-ਘਰ ਦੇ ਪੁਰਾਣੇ ਅਤੇ ਅਨਿੰਨ ਸੇਵਕ ਬਾਬਾ ਬੁੱਢਾ ਜੀ ਨੂੰ ਗ੍ਰੰਥੀ ਸਿੰਘ ਦੀ ਪਵਿੱਤਰ ਤੇ ਮਹਾਨ ਜ਼ਿੰਮੇਵਾਰੀ ਸੌਂਪੀ ਗਈ। ਇਸ ਪ੍ਰਕਾਰ ਬਾਬਾ ਬੁੱਢਾ ਜੀ ਉਹ ਮਹਾਨ ਹਸਤੀ ਬਣ ਗਏ ਜਿਨ੍ਹਾਂ ਨੂੰ ਸਭ ਤੋਂ ਪਹਿਲੇ ਗ੍ਰੰਥੀ ਸਿੰਘ ਹੋਣ ਦਾ ਮਾਣ ਹਾਸਲ ਹੈ। ਇਹ ਬੀੜ ਅੱਜਕਲ੍ਹ ਕਰਤਾਰਪੁਰ ਵਿਚ ਧੀਰਮੱਲ ਦੀ ਸੰਤਾਨ ਕੋਲ ਹੈ। ਇਸ ਨੂੰ ਕਰਤਾਰਪੁਰ ਵਾਲੀ ਬੀੜ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਇਸ ਤੋਂ ਪੂਰੇ ਸੌ ਵਰ੍ਹੇ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਗ੍ਰੰਥ ਸਾਹਿਬ ਨੂੰ ਪੁਨਰ ਸੰਪਾਦਤ ਕੀਤਾ। ਐਤਕੀਂ ਲਿਖਣ ਦੀ ਸੇਵਾ ਲਈ ਸਮੇਂ ਦੇ ਪ੍ਰਸਿੱਧ ਦਾਰਸ਼ਨਿਕ ਭਾਈ ਮਨੀ ਸਿੰਘ ਜੀ ਨੇ ਕਮਰਕੱਸਾ ਕੀਤਾ। ਗੁਰੂ ਸਾਹਿਬ ਨੇ ਇਕ ਹੋਰ ਇਜ਼ਾਫਾ ਵੀ ਕੀਤਾ; ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 57 ਸਲੋਕ ਅਤੇ 59 ਸ਼ਬਦ ਵੀ ਰਾਗਾਂ ਅਨੁਸਾਰ ਅੰਕਿਤ ਕਰ ਦਿੱਤੇ। ਜੈਜਾਵੰਤੀ ਰਾਗ ਪਹਿਲਾਂ ਗੁਰੂ ਗ੍ਰੰਥ ਸਾਹਿਬ ਵਿਚ ਨਹੀਂ ਸੀ ਪਰ ਨੌਵੇਂ ਗੁਰੂ ਸਾਹਿਬ ਨੇ ਇਸ ਰਾਗ ਵਿਚ ਵੀ ਬਾਣੀ ਰਚੀ ਸੀ, ਇਸ ਲਈ ਇਸ ਰਾਗ ਨੂੰ ਅਖ਼ੀਰ ’ਤੇ ਸ਼ਾਮਲ ਕਰ ਦਿੱਤਾ ਗਿਆ। ਇਸ ਪ੍ਰਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੁੱਲ ਰਾਗਾਂ ਦੀ ਗਿਣਤੀ 31 ਹੋ ਗਈ।
ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ 6 ਗੁਰੂ ਸਾਹਿਬਾਨ, 15 ਭਗਤ ਸਾਹਿਬਾਨ, 11 ਭੱਟ ਸਾਹਿਬਾਨ ਅਤੇ ਹੋਰ ਗੁਰਸਿੱਖਾਂ ਦੀ ਬਾਣੀ ਸ਼ਾਮਲ ਹੈ।
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਪਾਵਨ ਬਾਣੀ ਗੁਰੂ ਸਾਹਿਬ ਦੇ ਦਰਬਾਰੀ ਕਵੀ ਕੰਕਣ ਅਨੁਸਾਰ ਦਿੱਲੀ ਤੋਂ ਭਾਈ ਜੈਤਾ ਜੀ ਅਨੰਦਪੁਰ ਲੈ ਕੇ ਆਏ ਸਨ, ਜਿਵੇਂ:
ਬਾਣੀ ਲਿਖ ਪੋਥੀ ਕਰੀ ਭੇਜੀ ਜੈਤੇ ਪਾਸਿ।
ਤਿਨ ਦੀਨੀ ਗੋਬਿੰਦ ਰਾਇ ਐਸੇ ਕਰ ਅਰਦਾਸਿ। (ਸੰਖੇਪ ਦਸ ਗੁਰ ਕਥਾ, ਪੰਨਾ 56)
ਆਦਿ ਸ੍ਰੀ ਗ੍ਰੰਥ ਸਾਹਿਬ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਅਤੇ ਬਾਣੀ ਦੀ ਤਰਤੀਬ ਓਹੀ ਹੈ। ਇਸ ਬੀੜ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚਾਰ ਉਤਾਰੇ ਬਾਬਾ ਦੀਪ ਸਿੰਘ ਜੀ ਤੋਂ ਹੋਰ ਕਰਵਾਏ ਜਿਨ੍ਹਾਂ ਵਿੱਚੋਂ ਇਕ ਦਮਦਮਾ ਸਾਹਿਬ, ਇਕ ਪਟਨਾ ਸਾਹਿਬ, ਇਕ ਕੇਸਗੜ੍ਹ ਸਾਹਿਬ ਅਤੇ ਇਕ ਅਕਾਲ ਬੁੰਗੇ ਹੈ।
ਦਮਦਮਾ ਸਾਹਿਬ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਰਥਾਂ ਦੀ ਟਕਸਾਲ ਖੋਲ੍ਹੀ। ਗੁਰੂ ਸਾਹਿਬ ਨੇ ਭਾਈ ਮਨੀ ਸਿੰਘ ਜੀ ਤੋਂ ਪਹਿਲੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਰਥ ਕਰਾਏ। ਇਸ ਪ੍ਰਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਰਥ ਪਹਿਲੀ ਵਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਹਜ਼ੂਰੀ ਵਿਚ ਹੋਏ। ਹੁਣ ਭਾਈ ਮਨੀ ਸਿੰਘ ਜੀ ਗੁਰੂ-ਘਰ ਦੇ ਪਹਿਲੇ ਗਿਆਨੀ ਕਹਾਏ ਅਤੇ ਬਾਬਾ ਦੀਪ ਸਿੰਘ ਜੀ ਪੂਰਨ ਗ੍ਰੰਥ ਸਾਹਿਬ ਦੇ ਪਹਿਲੇ ਗ੍ਰੰਥੀ ਸਿੰਘ ਬਣੇ। ਬਾਬਾ ਦੀਪ ਸਿੰਘ ਜੀ ਨੇ ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਰਥ ਸ੍ਰਵਣ ਕੀਤੇ ਉਸੇ ਪ੍ਰਕਾਰ ਆਪਣੇ ਉੱਤਰਾਧਿਕਾਰੀ ਨੂੰ ਸੁਣਾਏ। ਇਉਂ ਇਹ ਇਕ ਸੰਪਰਦਾ ਬਣ ਗਈ ਜਿਸ ਨੂੰ ਦਮਦਮੀ ਟਕਸਾਲ ਕਿਹਾ ਜਾਂਦਾ ਹੈ।
ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਂਦੇੜ ਪਹੁੰਚੇ ਤਾਂ ਮਾਧੋ ਦਾਸ ਨੂੰ ਸਿੰਘ ਸਜਾ ਪੰਜਾਬ ਵੱਲ ਤੋਰਿਆ ਅਤੇ ਆਪ ਕੁਝ ਸਮਾਂ ਇੱਥੇ ਠਹਿਰੇ। ਇਥੇ ਹੀ ਦੋ ਪਠਾਣ ਭਰਾ ਗੁਲ ਖਾਂ ਅਤੇ ਅਤਾਉਲਾ ਖਾਂ ਵੀ ਮਹਾਰਾਜ ਦੀ ਹਜ਼ੂਰੀ ਵਿਚ ਰਹਿਣ ਲੱਗੇ। ਇਨ੍ਹਾਂ ਦੇ ਬਾਪ-ਦਾਦਾ ਗੁਰੂ-ਘਰ ਨਾਲ ਲੜਾਈ ਕਰਦੇ ਮਾਰੇ ਜਾ ਚੁੱਕੇ ਸੀ। ਇਕ ਦਿਨ ਮੌਕਾ ਤਾੜ ਕੇ ਗੁਲ ਖਾਂ ਨੇ ਗੁਰੂ ਸਾਹਿਬ ਦੀ ਵੱਖੀ ਵਿਚ ਖੰਜਰ ਖੁਭੋ ਦਿੱਤਾ। ਉਸ ਸਮੇਂ ਮਹਾਰਾਜ ਅਰਾਮ ਕਰ ਰਹੇ ਸਨ। ਗੁਰੂ ਸਾਹਿਬ ਇਕਦਮ ਜਾਗੇ ਤੇ ਗੁਲ ਖਾਂ ਨੂੰ ਤਲਵਾਰ ਦੀ ਭੇਟ ਕਰ ਦਿੱਤਾ। ਗਿਆਨੀ ਗਿਆਨ ਸਿੰਘ ਅਨੁਸਾਰ ਅਤਾਉਲਾ ਖਾਂ ਨੂੰ ਭੱਜੇ ਜਾਂਦੇ ਨੂੰ ਸਿੰਘਾਂ ਨੇ ਪਾਰ ਬੁਲਾ ਦਿੱਤਾ। ਜ਼ਖ਼ਮ ਸੀਤੇ ਗਏ ਅਤੇ ਉੱਪਰੋਂ ਰਾਜ਼ੀ ਵੀ ਹੋ ਗਏ ਪਰ ਇਕ ਦਿਨ ਚਿੱਲਾ ਚੜ੍ਹਾਉਂਦਿਆਂ ਇਹ ਫਿਰ ਖੁੱਲ੍ਹ ਗਏ। ਗੁਰੂ ਸਾਹਿਬ ਆਪਣਾ ਅੰਤਿਮ ਸਮਾਂ ਨਜ਼ਦੀਕ ਜਾਣ ਕੇ ਸੰਗਤ ਸਮੇਤ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਹੋਏ ਅਤੇ ਪੰਜ ਪੈਸੇ ਅਤੇ ਨਾਰੀਅਲ ਰੱਖ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਕਰਮਾਂ ਕੀਤੀਆਂ ਅਤੇ ਸੰਗਤ ਨੂੰ ਮੁਖਾਤਿਬ ਹੋ ਕੇ ਕਿਹਾ ਕਿ ਅੱਜ ਤੋਂ ਤੁਹਾਡੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਹਨ, ਇਨ੍ਹਾਂ ਤੋਂ ਬਗੈਰ ਕਿਸੇ ਦੇਹਧਾਰੀ ਸ਼ਖ਼ਸ ਨੂੰ ਗੁਰੂ ਪ੍ਰਵਾਨ ਨਹੀਂ ਕਰਨਾ। ਭਾਈ ਕੁਇਰ ਸਿੰਘ ਗੁਰਗੱਦੀ ਦੇਣ ਦਾ ਹਵਾਲਾ ਇਸ ਪ੍ਰਕਾਰ ਦਿੰਦੇ ਹਨ:
ਗੁਰਿਆਈ ਕਾ ਨਹਿ ਅਬ ਕਾਲ।
ਤਿਲਕ ਨ ਦੇਵਹਿੰਗੇ ਕਿਸ ਭਾਲ।…
ਦਰਸਨ ਗੁਰ ਕਾ ਹੈ ਸਵਧਾਨ।
ਸ੍ਰੀ ਗ੍ਰੰਥ ਜੀ ਸਾਹਿਬ ਮਾਨ।…
ਤਬ ਪੁਨਿ ਆਪ ਉਠੇ ਸਭ ਸੰਗਾ।
ਪੈਸੇ ਪਾਂਚ ਨਈਲੇਰ ਸੁ ਅੰਗਾ। (ਗੁਰ ਬਿਲਾਸ ਪਾਤਸ਼ਾਹੀ 10ਵੀਂ)
ਇਸ ਪ੍ਰਕਾਰ ਦੁਨੀਆਂ ਦੇ ਇਤਿਹਾਸ ਵਿਚ ਪਹਿਲੀ ਵਾਰ ਕਿਸੇ ਕੌਮ ਦੀ ਵਾਗਡੋਰ ਕਿਸੇ ਮਹਾਨ ਗ੍ਰੰਥ ਦੇ ਹੱਥ ਆਈ ਜਿਸ ਤੋਂ ਅਗਵਾਈ ਲੈਣ ਲਈ ਰੱਬ ਜਿੰਨੀ ਸ਼ਰਧਾ ਦੀ ਲੋੜ ਹੈ। ਹੁਣ ਗੁਰੂ ਸਾਹਿਬ ਨੇ ਰੂਹਾਨੀ ਅਗਵਾਈ ਸ਼ਬਦ-ਗੁਰੂ ਦੇ ਹਵਾਲੇ ਕਰ ਦਿੱਤੀ ਜਿਹੜਾ ਨੈਤਿਕ ਕਦਰਾਂ-ਕੀਮਤਾਂ ਅਤੇ ਰਹੱਸ ਦਾ ਅਨੂਠਾ ਖਜ਼ਾਨਾ ਹੈ। ਜੇਕਰ ਸਰੀਰਕ ਅਗਵਾਈ ਦੀ ਲੋੜ ਹੋਵੇ ਤਾਂ ਪੰਜ ਸਿੰਘਾਂ ਦੁਆਰਾ ਮਤਾ ਪਾਸ ਕਰਨ ਦਾ ਵਿਧਾਨ ਬਣਾਇਆ। ਪਹਿਲਾਂ ਗੁਰੂ ਸਾਹਿਬ ਨੇ ਅੰਮ੍ਰਿਤਮਈ ਬਾਣੀ ਨਾਲ ਗ੍ਰੰਥ ਤਿਆਰ ਕੀਤਾ ਤੇ ਫਿਰ ਗੁਰਗੱਦੀ ਬਖਸ਼ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਬਣਾ ਦਿੱਤਾ ਤੇ ਆਪ ਸ਼ਬਦ ਨਾਲ ਅਭੇਦ ਹੋ ਗਏ।
ਲੇਖਕ ਬਾਰੇ
- ਹੋਰ ਲੇਖ ਉਪਲੱਭਧ ਨਹੀਂ ਹਨ