ਗੁਰਬਾਣੀ ਮਨੁੱਖਾ-ਜੀਵਨ ਨੂੰ ਸਰਬਪੱਖੀ ਸੇਧ ਦਿੰਦੀ ਹੈ। ਇਸ ਦੀ ਸਰਬ ਕਲਿਆਣਕਾਰੀ ਵਿਚਾਰਧਾਰਾ ਦਾ ਮੂਲ ਮੁੱਦਾ ਰੂਹਾਨੀ ਤੇ ਇਖ਼ਲਾਕੀ ਤੌਰ ‘ਤੇ ਇਕ ਨਿਰੋਏ ਮਨੁੱਖ (ਭਾਵ ਸਚਿਆਰ ਜਾਂ ਗੁਰਮੁਖ) ਦੀ ਘਾੜਤ ਘੜਨਾ ਹੈ ਤਾਂ ਜੋ ਇਕ ਸੁਚੱਜੇ ਤੇ ਨਿਰੋਏ ਸਮਾਜ ਦਾ ਨਿਰਮਾਣ ਹੋ ਸਕੇ। ਸਮੁੱਚੀ ਗੁਰਬਾਣੀ ਦੀ ਤਰ੍ਹਾਂ ‘ਓਅੰਕਾਰੁ’ ਬਾਣੀ ਦਾ ਉਦੇਸ਼ ਇਹੋ ਹੀ ਹੈ। ਇਕ ਸੁਚੱਜੇ ਸਮਾਜ ਦੀ ਘਾੜਤ ਲਈ ਗਿਆਨਵਾਨਾਂ ਦੀ ਭੂਮਿਕਾ ਨੂੰ ਅਹਿਮ ਜਾਣਦਿਆਂ ‘ਓਅੰਕਾਰੁ’ ਬਾਣੀ ਪੜ੍ਹੇ-ਲਿਖੇ ਵਰਗ ਨੂੰ ਸੰਬੋਧਿਤ ਹੈ, ਵਿਸ਼ੇਸ਼ ਤੌਰ ‘ਤੇ ਅਧਿਆਪਕ ਵਰਗ ਨੂੰ। ਵਿੱਦਿਆ ਦਾਤਾ ਵਜੋਂ ਜਾਣੇ ਜਾਂਦੇ ਅਧਿਆਪਕ (ਪਾਂਧੇ ਜਾਂ ਪਾਂਡੇ) ਦੀ ਜ਼ਿੰਮੇਵਾਰੀ ਨਿਰਧਾਰਤ ਕਰਦੇ ਹੋਏ ਗੁਰੂ ਨਾਨਕ ਸਾਹਿਬ ‘ਓਅੰਕਾਰੁ’ ਬਾਣੀ ਵਿਚ ਪਰਮਾਤਮਾ ਦੇ ਸੱਚ-ਨਾਮ ਦੀ ਪੱਟੀ ਲਿਖਣ ਦਾ ਸੰਦੇਸ਼ ਦਿੰਦੇ ਹਨ:
ਸੁਣਿ ਪਾਡੇ ਕਿਆ ਲਿਖਹੁ ਜੰਜਾਲਾ॥
ਲਿਖੁ ਰਾਮ ਨਾਮ ਗੁਰਮੁਖਿ ਗੋਪਾਲਾ॥ (ਪੰਨਾ 930)
ਸਚੀ ਪਟੀ ਸਚੁ ਮਨਿ ਪੜੀਐ ਸਬਦੁ ਸੁ ਸਾਰੁ॥
ਨਾਨਕ ਸੋ ਪੜਿਆ ਸੋ ਪੰਡਿਤੁ ਬੀਨਾ ਜਿਸੁ ਰਾਮ ਨਾਮੁ ਗਲਿ ਹਾਰੁ॥ (ਪੰਨਾ 938)
ਗੁਰਬਾਣੀ ਅਨੁਸਾਰ ਪਰਮਾਤਮਾ ਦਾ ਮੂਲ ਸਰੂਪ ‘ਸੱਚ’ ਹੈ ਜੋ ਕਿ ਸਰਬ-ਗੁਣ-ਸੰਪੰਨ (ਗੁਣੀ-ਨਿਧਾਨ) ਹਸਤੀ ਹੈ। ‘ਜੈਸਾ ਸੇਵੈ ਤੈਸੋ ਹੋਇ’ ਦੇ ਗੁਰਮਤਿ-ਸਿਧਾਂਤ ਅਨੁਸਾਰ ‘ਸੱਚ’ ਸਰੂਪ ਰੱਬੀ ਹਸਤੀ ਦਾ ਸਿਮਰਨ ਕਰਨ ਵਾਲਾ ਮਨੁੱਖ ਸੁਭਾਵਿਕ ਹੀ ਗੁਣਵਾਨ ਬਣ ਜਾਂਦਾ ਹੈ। ‘ਓਅੰਕਾਰੁ’ ਬਾਣੀ ਵਿਚ ਇਸ ਸਿਧਾਂਤ ਦੀ ਪ੍ਰੋੜ੍ਹਤਾ ਕਰਦਿਆਂ ਗੁਣੀ-ਨਿਧਾਨ ਦੇ ਗੁਣਾਂ ਦੀ ਵਿਚਾਰ ਕਰਨ ਦੀ ਭਰਪੂਰ ਪ੍ਰੇਰਨਾ ਦਿੱਤੀ ਗਈ ਹੈ। ਕਈ ਵਾਰ ਗੁਣਹੀਣ ਮਨੁੱਖ, ਪੜ੍ਹ-ਲਿਖ ਕੇ ਗਿਆਨਵਾਨ ਹੋਣ ਦਾ ਭਰਮ ਪਾਲ ਬੈਠਦਾ ਹੈ, ਪਰ ‘ਓਅੰਕਾਰੁ’ ਬਾਣੀ ਅਨੁਸਾਰ ਗੁਣਾਂ ਦੀ ਵਿਚਾਰ ਕਰਨ ਵਾਲਾ ਮਨੁੱਖ ਹੀ ਗਿਆਨੀ ਹੁੰਦਾ ਹੈ ਕਿਉਂਕਿ ਸੱਚਾ ਗਿਆਨ ਗੁਣਾਂ ਵਿੱਚੋਂ ਹੀ ਪ੍ਰਾਪਤ ਹੋ ਸਕਦਾ ਹੈ। ਇਹ ਵੀ ਸੱਚ ਹੈ ਕਿ ਪੜ੍ਹ-ਲਿਖ ਕੇ ਅੱਖਰ ਗਿਆਨ ਦੇਣ ਵਾਲੇ, ਸਮਾਜ ਵਿਚ ਬੇਸ਼ੁਮਾਰ ਹੁੰਦੇ ਹਨ ਜਦ ਕਿ ਸੱਚੇ-ਸੁੱਚੇ ਕਿਰਦਾਰ ਦਾ ਮਾਲਕ, ਗੁਣਾਂ ਦੀ ਦਾਤ ਵੰਡਣ ਵਾਲਾ ਸਮਾਜ ‘ਚੋਂ ਵਿਰਲਾ ਹੀ ਲੱਭਦਾ ਹੈ:
ਗੁਣ ਵੀਚਾਰੇ ਗਿਆਨੀ ਸੋਇ॥
ਗੁਣ ਮਹਿ ਗਿਆਨੁ ਪਰਾਪਤਿ ਹੋਇ॥
ਗੁਣਦਾਤਾ ਵਿਰਲਾ ਸੰਸਾਰਿ॥
ਸਾਚੀ ਕਰਣੀ ਗੁਰ ਵੀਚਾਰਿ॥ (ਪੰਨਾ 931)
ਇਕ ਸੁਚੱਜੇ ਸਮਾਜ ਦੇ ਨਿਰਮਾਣ ਲਈ ਵਿਦਿਆ ਦਾ ਪ੍ਰਸਾਰ ਬਹੁਤ ਹੀ ਜ਼ਰੂਰੀ ਸਮਝਿਆ ਗਿਆ ਹੈ। ਸੱਚੀ ਵਿਦਿਆ ਉਹੋ ਹੈ ਜੋ ਵਿਦਿਆਰਥੀ ਦੇ ਮਨ ‘ਚੋਂ ਭਰਮ ਤੇ ਅਗਿਆਨਤਾ ਦਾ ਹਨੇਰਾ ਦੂਰ ਕਰ ਕੇ ਸੱਚ, ਗਿਆਨ ਅਤੇ ਵਿਵੇਕ ਦਾ ਪ੍ਰਕਾਸ਼ ਕਰੇ। ਇਹ ਤਦ ਹੀ ਸੰਭਵ ਹੋ ਸਕਦਾ ਹੈ ਜੇ ਵਿਦਿਆ ਪੜ੍ਹਾਉਣ ਵਾਲੇ ਗੁਣਵਾਨ ਹੋਣ। ਨਿਰਸੰਦੇਹ ਗੁਣਹੀਣ ਅਤੇ ਅਗਿਆਨੀ ਅਧਿਆਪਕ ਤੋਂ ਪੜ੍ਹੇ ਹੋਏ ਵਿਦਿਆਰਥੀ, ਸਮਾਜ ਦੇ ਚੰਗੇ ਨਾਗਰਿਕ ਨਹੀਂ ਬਣ ਸਕਦੇ। ‘ਓਅੰਕਾਰੁ’ ਬਾਣੀ ਅਨੁਸਾਰ ਉਸੇ ਅਧਿਆਪਕ ਨੂੰ ਗੁਰਮੁਖ ਭਾਵ ਗੁਣਵਾਨ ਮੰਨਿਆ ਜਾ ਸਕਦਾ ਹੈ ਜੋ ਆਪਣੇ ਵਿਦਿਆਰਥੀਆਂ ਨੂੰ ‘ਸੱਚ’ ਗਿਆਨ ਦਾ ਖਜ਼ਾਨਾ ਇਕੱਤਰ ਕਰਨ ਦੀ ਸਿੱਖਿਆ ਦਿੰਦਾ ਹੈ:
ਪਾਧਾ ਗੁਰਮੁਖਿ ਆਖੀਐ ਚਾਟੜਿਆ ਮਤਿ ਦੇਇ॥
ਨਾਮੁ ਸਮਾਲਹੁ ਨਾਮੁ ਸੰਗਰਹੁ ਲਾਹਾ ਜਗ ਮਹਿ ਲੇਇ॥ (ਪੰਨਾ 938)
ਇੰਜ ਜਿਥੇ ਗੁਰਮੁਖ ਅਧਿਆਪਕ, ਵਿਦਿਆਰਥੀ ਨੂੰ ਗੁਣ ਗ੍ਰਹਿਣ ਕਰਨ ਦੀ ਸਿੱਖਿਆ ਦਿੰਦਾ ਹੈ ਉਥੇ ਮਨਮੁਖ, ਵਿਦਿਆ ਨੂੰ ਕੇਵਲ ਮਾਤਰ ਕਮਾਈ ਦਾ ਸਾਧਨ ਸਮਝਦਾ ਹੈ। ਵਿਦਿਆਰਥੀਆਂ ਨੂੰ ਸੱਚ ਦੇ ਵਪਾਰੀ ਬਣਾਉਣ ਵਾਲਾ ਅਧਿਆਪਕ ਆਪਣਾ ਅਸਲ ਕਰਤੱਵ ਭੁੱਲ ਕੇ ਜੇ ਵਿਦਿਆ ਨੂੰ ਵਪਾਰ ਸਮਝ ਲਵੇ ਤਾਂ ਗੁਰੂ ਨਾਨਕ ਸਾਹਿਬ ਦੀਆਂ ਨਜ਼ਰਾਂ ਵਿਚ ਉਹ ਮਨਮੁਖ ਹੈ ਅਤੇ ਮੂਰਖ ਵੀ ਕਿਉਂਕਿ ਉਹ ਸੱਚੀ ਵਿਦਿਆ ਦੀ ਅਸਲ ਕੀਮਤ ਤੋਂ ਅਨਜਾਣ ਹੈ। ‘ਓਅੰਕਾਰੁ’ ਬਾਣੀ ‘ਚ ਆਪ ਜੀ ਦਾ ਕਥਨ ਹੈ:
ਮਨਮੁਖੁ ਬਿਦਿਆ ਬਿਕ੍ਰਦਾ ਬਿਖੁ ਖਟੇ ਬਿਖੁ ਖਾਇ॥
ਮੂਰਖੁ ਸਬਦੁ ਨ ਚੀਨਈ ਸੂਝ ਬੂਝ ਨਹ ਕਾਇ॥ (ਪੰਨਾ 938)
ਗੁਰੂ ਨਾਨਕ ਸਾਹਿਬ ਤਤਕਾਲੀ ਅਧਿਆਪਕ ਵਰਗ (ਪਾਂਧਿਆਂ) ਦੇ ਕਿਰਦਾਰ ਤੋਂ ਭਲੀ-ਭਾਂਤ ਵਾਕਫ਼ ਸਨ ਅਤੇ ਇਸੇ ਲਈ ਉਹ ‘ਓਅੰਕਾਰੁ’ ਬਾਣੀ ‘ਚ ਅਧਿਆਪਕ ਵਰਗ ਨੂੰ ਸੰਬੋਧਨ ਹੋ ਰਹੇ ਹਨ। ‘ਓਅੰਕਾਰੁ’ ਬਾਣੀ ਦੀ ਸਿੱਖਿਆ ਦਾ ਕੇਂਦਰੀ ਨੁਕਤਾ ਇਹੋ ਹੈ ਕਿ ਅਧਿਆਪਕ ਵਿਦਿਆਰਥੀਆਂ ਨੂੰ ਫ਼ਜ਼ੂਲ ਗੱਲਾਂ ਪੜ੍ਹਾਉਣ ਜਾਂ ਉਲਝਣਾਂ ਵਿਚ ਪਾਉਣ ਦੀ ਥਾਂ ਉਨ੍ਹਾਂ ਦੇ ਮਨ ਦੀ ਪੱਟੀ ‘ਤੇ ‘ਸੱਚ’ ਨਾਮ ਦੀ ਪੜ੍ਹਾਈ ਲਿਖਣ ਦਾ ਕਰਤੱਵ ਨਿਭਾਵੇ:
ਸੁਣਿ ਪਾਡੇ ਕਿਆ ਲਿਖਹੁ ਜੰਜਾਲਾ॥
ਲਿਖੁ ਰਾਮ ਨਾਮ ਗੁਰਮੁਖਿ ਗੋਪਾਲਾ॥ (ਪੰਨਾ 930)
ਗੁਰੂ ਨਾਨਕ ਸਾਹਿਬ ਦੀਆਂ ਨਜ਼ਰਾਂ ‘ਚ ਸਿਆਣਾ ਜਾਂ ਵਿਦਵਾਨ ਅਧਿਆਪਕ ਉਹੀ ਹੈ ਜਿਹੜਾ ਸਹਿਜ ਨਾਲ ਵਿਦਿਆ ਦਾ ਡੂੰਘਾ ਅਧਿਐਨ ਕਰਦਾ ਹੈ ਅਤੇ ਬਿਬੇਕ ਬੁੱਧੀ ਦੁਆਰਾ ਵਿਦਿਆ ਸੰਬੰਧੀ ਭਰਮਾਂ ਨੂੰ ਸੋਧ ਕੇ ਅਸਲੀਅਤ ਦੀ ਪਛਾਣ ਕਰਨੀ/ ਕਰਾਉਣੀ ਜਾਣਦਾ ਹੈ:
ਪਾਧਾ ਪੜਿਆ ਆਖੀਐ ਬਿਦਿਆ ਬਿਚਰੈ ਸਹਜਿ ਸੁਭਾਇ॥
ਬਿਦਿਆ ਸੋਧੈ ਤਤੁ ਲਹੈ ਰਾਮ ਨਾਮ ਲਿਵ ਲਾਇ॥ (ਪੰਨਾ 937-38)
ਸਮਾਜ ਦੀ ਬਿਹਤਰੀ ਲਈ ਇਕ ਗੁਣਵਾਨ ਵਿਦਿਆ-ਦਾਤਾ ਹਮੇਸ਼ਾ ਸੱਚੀ ਸਿੱਖਿਆ ਦੇਵੇਗਾ ਤਾਂ ਜੋ ਵਿਦਿਆ ਗ੍ਰਹਿਣ ਕਰਨ ਵਾਲਾ ਆਪਣੀ ਸ਼ਖ਼ਸੀਅਤ ਨੂੰ ‘ਸੱਚ’ ਦੇ ਸੰਚੇ ਵਿਚ ਘੜ ਸਕੇ। ‘ਓਅੰਕਾਰੁ’ ਬਾਣੀ ਵਿਚ ਗੁਰੂ ਨਾਨਕ ਸਾਹਿਬ ਖੁਦ ਇਕ ਆਦਰਸ਼ਕ ਵਿਦਿਆ-ਦਾਤੇ ਵਜੋਂ ਆਪਣੇ ਸਿੱਖ (ਵਿਦਿਆਰਥੀ) ਨੂੰ ‘ਸੱਚ’ ਦਾ ਉਪਦੇਸ਼ ਦੇ ਰਹੇ ਹਨ। ਉਦਾਹਰਣ ਵਜੋਂ ਕੁਝ ਕਥਨ ਇਸ ਤਰ੍ਹਾਂ ਹਨ : ਧਨ ਇਕੱਠਾ ਕਰਨ ਵਾਲੇ ਮਾਇਆਧਾਰੀਆਂ ਨੂੰ:
ਸੁਇਨਾ ਰੁਪਾ ਸੰਚੀਐ ਧਨੁ ਕਾਚਾ ਬਿਖੁ ਛਾਰੁ॥
ਸਾਹੁ ਸਦਾਏ ਸੰਚਿ ਧਨੁ ਦੁਬਿਧਾ ਹੋਇ ਖੁਆਰੁ॥
ਸਚਿਆਰੀ ਸਚੁ ਸੰਚਿਆ ਸਾਚਉ ਨਾਮੁ ਅਮੋਲੁ॥
ਹਰਿ ਨਿਰਮਾਇਲੁ ਊਜਲੋ ਪਤਿ ਸਾਚੀ ਸਚੁ ਬੋਲੁ॥ (ਪੰਨਾ 937)
ਮੰਦਾ ਬੋਲਣ ਵਾਲਿਆਂ ਨੂੰ:
ਟੂਟਿ ਪਰੀਤਿ ਗਈ ਬੁਰ ਬੋਲਿ॥
ਦੁਰਮਤਿ ਪਰਹਰਿ ਛਾਡੀ ਢੋਲਿ॥
ਟੂਟੈ ਗੰਠਿ ਪੜੈ ਵੀਚਾਰਿ॥
ਗੁਰ ਸਬਦੀ ਘਰਿ ਕਾਰਜੁ ਸਾਰਿ॥ (ਪੰਨਾ 933)
ਝਗੜਾ ਕਰਨ ਵਾਲਿਆਂ ਨੂੰ:
ਝਖਿ ਬੋਲਣੁ ਕਿਆ ਜਗ ਸਿਉ ਵਾਦੁ॥
ਝੂਰਿ ਮਰੈ ਦੇਖੈ ਪਰਮਾਦੁ॥ (ਪੰਨਾ 933)
ਕੱਚੇ ਗੁਰੂਆਂ ਦੇ ਚੇਲਿਆਂ ਨੂੰ:
ਕੇਤੇ ਗੁਰ ਚੇਲੇ ਫੁਨਿ ਹੂਆ॥
ਕਾਚੇ ਗੁਰ ਤੇ ਮੁਕਤਿ ਨ ਹੂਆ॥ (ਪੰਨਾ 932)
ਕਾਮੀਆਂ, ਕ੍ਰੋਧੀਆਂ ਨੂੰ:
ਕਾਮੁ ਕ੍ਰੋਧੁ ਕਾਇਆ ਕਉ ਗਾਲੈ॥
ਜਿਉ ਕੰਚਨ ਸੋਹਾਗਾ ਢਾਲੈ॥ (ਪੰਨਾ 932)
ਆਚਰਣਹੀਣ ਮਨੁੱਖਾਂ ਨੂੰ:
ਕਰਿ ਆਚਾਰੁ ਸਚੁ ਸੁਖੁ ਹੋਈ॥ (ਪੰਨਾ 931)
ਜੇਕਰ ਅੱਜ ਸਭਿਅਕ ਸਮਝੇ ਜਾ ਰਹੇ ਸਮਾਜ ਅੰਦਰ ਵੀ ਭ੍ਰਿਸ਼ਟਾਚਾਰ, ਕਲਹ-ਕਲੇਸ਼, ਮਾਨਸਿਕ ਉਲਝਣਾਂ, ਵਿਕਾਰ ਅਤੇ ਹੋਰ ਬੁਰਾਈਆਂ ਦਾ ਵਰਤਾਰਾ ਵਰਤ ਰਿਹਾ ਹੈ ਤਾਂ ਸਮਝਣਾ ਔਖਾ ਨਹੀਂ ਕਿ ਅਜੋਕਾ ਵਿਦਿਅਕ ਢਾਂਚਾ ਬੁਨਿਆਦੀ ਕਦਰਾਂ-ਕੀਮਤਾਂ ਤਿਆਗ ਕੇ ਗੁਣਹੀਣਤਾ ਅਤੇ ਗਿਆਨਹੀਣਤਾ ਦਾ ਸ਼ਿਕਾਰ ਹੋ ਚੁਕਾ ਹੈ। ਕਹਿਣ ਤੋਂ ਭਾਵ ਬੌਧਿਕ ਅਤੇ ਨੈਤਿਕ ਕੰਗਾਲੀ ਦਾ ਸ਼ਿਕਾਰ ਹੋ ਚੁਕੀ ਅਜੋਕੀ ਵਿਦਿਅਕ ਪ੍ਰਣਾਲੀ ਸਮਾਜ ਦਾ ਸਹੀ ਮਾਰਗ-ਦਰਸ਼ਨ ਕਰਨ ਦੇ ਸਮਰੱਥ ਨਹੀਂ ਰਹੀ। ਅੱਜ ਦਾ ਅਧਿਆਪਕ ਵਰਗ ਆਪਣੇ ਹੱਕਾਂ ਪ੍ਰਤੀ ਹੱਦੋਂ ਵੱਧ ਚੇਤਨ ਹੈ ਪਰ ਆਪਣੇ ਫ਼ਰਜ਼ਾਂ ਪ੍ਰਤੀ ਓਨਾ ਹੀ ਲਾਪਰਵਾਹ। ਵਿਰਲੇ ਗੁਣਵਾਨ ਅਧਿਆਪਕਾਂ ਨੂੰ ਛੱਡ ਦੇਈਏ ਤਾਂ ਬਹੁਗਿਣਤੀ ਅਧਿਆਪਕ ਤਬਕੇ ਨੇ ਵਿਦਿਆ ਨੂੰ ਰੋਜ਼ੀ-ਰੋਟੀ ਦਾ ਸਾਧਨ ਹੀ ਸਮਝਿਆ ਹੋਇਆ ਹੈ। ਜਿੰਨੀ ਦਿਲਚਸਪੀ ਉਸ ਨੂੰ ਆਪਣੀ ਤਨਖਾਹ ਵਧਾਉਣ ਵਿਚ ਹੈ, ਓਨੀ ਵਿਦਿਆਰਥੀਆਂ ਨੂੰ ਸਹੀ ਗਿਆਨ ਪ੍ਰਦਾਨ ਕਰਨ ਵਿਚ ਨਹੀਂ। ਸਮਾਜ ਨੂੰ ਸੁਚੱਜੇ ਢੰਗ ਨਾਲ ਘੜਨ ਵਿਚ ਅਧਿਆਪਕ ਦੀ ਉਸਾਰੂ ਭੂਮਿਕਾ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ ਬਸ਼ਰਤੇ ਅਧਿਆਪਕ-ਵਰਗ ਆਪਣੇ ਫਰਜ਼ਾਂ ਤੋਂ ਸੁਚੇਤ ਹੋ ਕੇ ਕਾਰਜਸ਼ੀਲਤਾ ਨੂੰ ਕਾਇਮ ਰੱਖੇ।
ਸੋ ‘ਓਅੰਕਾਰੁ’ ਬਾਣੀ ਦਾ ਮਹੱਤਵ ਭਾਵੇਂ ਬਹੁਪੱਖੀ ਹੈ ਪਰ ਵਿਸ਼ੇਸ਼ ਮਹੱਤਵ ਵਿਦਿਆ ਪ੍ਰਣਾਲੀ ਨੂੰ ਰੂਹਾਨੀ ਤੇ ਨੈਤਿਕ ਸੇਧ ਦੇਣ ਵਜੋਂ ਰੂਪਮਾਨ ਹੁੰਦਾ ਹੈ।ਇਸ ਬਾਣੀ ਵਿਚ ਗੁਰੂ ਨਾਨਕ ਸਾਹਿਬ ਨੇ ਜਿਥੇ ਅਗਿਆਨਤਾ ਦੇ ਹਨੇਰੇ ਵਿਚ ਭਟਕ ਰਹੀ ਲੋਕਾਈ ਨੂੰ ਗਿਆਨ ਦੇ ਵਿਚਾਰ-ਪੰਧ ‘ਤੇ ਚੱਲਣ ਦਾ ਸੁਨੇਹਾ ਦਿੱਤਾ ਹੈ ਉਥੇ ਅਧਿਆਪਕ-ਵਰਗ ਨੂੰ ਸਮਾਜ ਦਾ ਅਹਿਮ ਅੰਗ ਸਵੀਕਾਰਦਿਆਂ ਉਸ ਦੇ ਗੁਣਵਾਨ ਹੋਣ ਦੀ ਤਵੱਕੋ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਅਧਿਆਪਕ-ਵਰਗ ਨੂੰ ਵਿਦਿਆਰਥੀਆਂ ਦੇ ਮਨ ਦੀ ਪੱਟੀ ‘ਤੇ ਰੂਹਾਨੀ ਗੁਣਾਂ ਦੀ ਪੜ੍ਹਾਈ ਲਿਖਣ ਦੀ ਤਾਕੀਦ ਵੀ ਕੀਤੀ ਹੈ। ਮੁੱਕਦੀ ਗੱਲ ਇਕ ਨਿਰੋਏ ਸਮਾਜ ਦੇ ਨਿਰਮਾਣ ਲਈ ਗੁਰਮਤਿ ਦੀ ਦਿਸ਼ਾ-ਸੇਧ ਵਿਚ ਇਕ ਆਦਰਸ਼ਕ ਵਿਦਿਅਕ ਪ੍ਰਣਾਲੀ ਦੀ ਰੂਪ-ਰੇਖਾ ਕਿਹੋ ਜਿਹੀ ਹੋ ਸਕਦੀ ਹੈ ਇਸ ਬਾਰੇ ‘ਓਅੰਕਾਰੁ’ ਬਾਣੀ ਵਿਚ ਕਈ ਬੁਨਿਆਦੀ ਸੰਕੇਤ ਜਾਂ ਨੁਕਤੇ ਉਪਲਬਧ ਹੁੰਦੇ ਹਨ।
ਸਹਾਇਕ ਪੁਸਤਕਾਂ ਦੀ ਸੂਚੀ
1. ਗੁਰੂ ਗ੍ਰੰਥ ਸੰਕੇਤ ਕੋਸ਼, ਪ੍ਰੋ. ਪਿਆਰਾ ਸਿੰਘ ਪਦਮ।
2. ਗੁਰੂ ਨਾਨਕ ਚਿੰਤਨ ਤੇ ਕਲਾ, ਡਾ. ਤਾਰਨ ਸਿੰਘ।
3. ਗੁਰੂ ਨਾਨਕ ਦੇਵ ਜੀ ਦੀਆਂ ਬਾਣੀਆਂ ਦਾ ਦਾਰਸ਼ਨਿਕ ਅਧਿਐਨ, ਡਾ. ਜਸਵਿੰਦਰ ਕੌਰ (ਢਿਲੋਂ)।
4. ਦਖਣੀ ਓਅੰਕਾਰੁ : ਇਕ ਅਧਿਐਨ, ਸ੍ਰੀਮਤੀ ਅਨੂਪ ਕੌਰ (ਬਾਂਸਲ)।
5. ਨਾਨਕ ਬਾਣੀ ਚਿੰਤਨ, ਡਾ. ਵਜ਼ੀਰ ਸਿੰਘ।
6. ਮਹਾਨ ਕੋਸ਼, ਭਾਈ ਕਾਨ੍ਹ ਸਿੰਘ ਨਾਭਾ।
ਲੇਖਕ ਬਾਰੇ
ਐੱਚ.ਆਈ.ਜੀ.- 725, ਫੇਜ਼-I, ਅਰਬਨ ਅਸਟੇਟ, ਪਟਿਆਲਾ
- ਸ. ਚਮਕੌਰ ਸਿੰਘhttps://sikharchives.org/kosh/author/%e0%a8%b8-%e0%a8%9a%e0%a8%ae%e0%a8%95%e0%a9%8c%e0%a8%b0-%e0%a8%b8%e0%a8%bf%e0%a9%b0%e0%a8%98/May 1, 2008
- ਸ. ਚਮਕੌਰ ਸਿੰਘhttps://sikharchives.org/kosh/author/%e0%a8%b8-%e0%a8%9a%e0%a8%ae%e0%a8%95%e0%a9%8c%e0%a8%b0-%e0%a8%b8%e0%a8%bf%e0%a9%b0%e0%a8%98/July 1, 2008