‘ਅਨੰਦ ਸਾਹਿਬ’ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਮਹਲਾ 3, ਭਾਵ ਗੁਰੂ ਅਮਰਦਾਸ ਜੀ ਦੀ ਰਚਨਾ ਸ਼ਾਮਲ ਹੈ। ਚਾਲ੍ਹੀ ਪਉੜੀਆਂ ਦੀ ਇਹ ਰਚਨਾ ਸ੍ਰੀ ਗੁਰੂ ਗ੍ਰੰਥ ਸਹਿਬ ਵਿਚ ਸ਼ਾਮਿਲ ਲੰਮੇਰੀਆਂ ਬਾਣੀਆਂ ਵਿੱਚੋਂ ਇਕ ਹੈ। ਇਹ ਪਾਵਨ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਪੰਨਾ 917 ਤੋਂ ਸ਼ੁਰੂ ਹੋ ਕੇ ਪੰਨਾ 922 ਤੀਕ ਸੁਸ਼ੋਭਿਤ ਹੈ।
ਇਸ ਬਾਣੀ ਨੂੰ ਨਿਤਨੇਮ ਦੀਆਂ ਬਾਣੀਆਂ ਵਿਚ ਸ਼ਾਮਿਲ ਕੀਤਾ ਗਿਆ ਹੈ। ਖੁਸ਼ੀ-ਗ਼ਮੀ ਦੇ ਕਾਰਜ ਅਤੇ ਰਹਿਰਾਸ ਸਾਹਿਬ ਦੇ ਪਾਠ ਸਮੇਂ ਵੀ ਇਸ ਦਾ ਕੁਝ ਭਾਗ ਪਾਠ ਵਜੋਂ ਸ਼ਾਮਲ ਕੀਤਾ ਗਿਆ ਹੈ।
ਸਿੱਖ ਇਤਿਹਾਸਕਾਰਾਂ ਅਨੁਸਾਰ ਗੁਰੂ ਅਮਰਦਾਸ ਜੀ ਦੀ ਇਹ ਰਚਨਾ ਉਨ੍ਹਾਂ ਦੇ ਜੀਵਨ ਦੇ ਪਿਛਲੇ ਸਮੇਂ ਦੀ ਰਚਨਾ ਹੈ। ਗੁਰਗੱਦੀ ਦੀ ਪ੍ਰਾਪਤੀ ਉਨ੍ਹਾਂ ਨੂੰ ਪਿਛਲੀ ਉਮਰ ਵਿਚ ਹੋਈ ਸੀ। ਗੁਰੂ-ਪ੍ਰਾਪਤੀ ਹੋਣ ਉਪਰੰਤ ਉਨ੍ਹਾਂ ਨੂੰ ਅਧਿਆਤਮਕ ਰਸ ਦੀ ਪ੍ਰਾਪਤੀ ਹੋਈ। ਉਸ ਰਸ ਵਿੱਚੋਂ ਅਨੰਦ ਰੂਪੀ ਭਾਵਨਾਵਾਂ ਸਫੁਟਿਤ ਹੋ ਕੇ ਅਨੰਦ ਬਾਣੀ ਦਾ ਰੂਪ ਧਾਰਨ ਕਰਦੀਆਂ ਹਨ।
‘ਅਨੰਦ’ ਬਾਰੇ ਭਾਰਤੀ-ਦਰਸ਼ਨ ਵਿਚ ਬਹੁਤ ਚਰਚਾ ਕੀਤੀ ਮਿਲਦੀ ਹੈ। ‘ਅਨੰਦ’ ਅਤੇ ‘ਸੁਖ’ ਨੂੰ ਨਿਖੇੜਦਿਆਂ ਦਰਸ਼ਨਕਾਰ ‘ਸੁਖ’ ਨੂੰ ਇੰਦ੍ਰਿਆਵੀ ਪੱਖ ਨਾਲ ਜੋੜਦੇ ਹਨ। ‘ਅਨੰਦ’ ਦਾ ਸੰਬੰਧ ਆਤਮਾ ਨਾਲ ਹੈ। ਸੁਖ ਅਨੰਦ ‘ਤੇ ਨਿਰਭਰ ਮੰਨਿਆ ਗਿਆ ਹੈ ਅਤੇ ਅਨੰਦ ਨੂੰ ਆਤਮ-ਨਿਰਭਰ ਦਰਸਾਇਆ ਗਿਆ ਹੈ। ਸੁਖ ਭੌਤਿਕ ਪ੍ਰਾਪਤੀ ਹੈ ਜਦੋਂ ਕਿ ਅਨੰਦ ਅਧਿਆਤਮਕ ਅਵਸਥਾ ਹੈ। ਅਨੰਦ ਦੇ ਮੁਕਾਬਲੇ ’ਤੇ ਬਾਕੀ ਰਸ ਫਿੱਕੇ ਹਨ। ਭਗਤੀ-ਮਾਰਗ ਦਾ ਸੰਬੰਧ ‘ਅਨੰਦ’ ਪ੍ਰਾਪਤੀ ਨਾਲ ਹੈ। ਇਸ ਦੀ ਪ੍ਰਾਪਤੀ ਹੀ ਭਗਤ ਦਾ ਮੁੱਖ ਲਕਸ਼ ਮੰਨਿਆ ਗਿਆ ਹੈ। ਅਨੰਦ ਪ੍ਰਾਪਤੀ ਦਾ ਸਾਧਨ ਈਸ਼ਵਰ ਸਾਧਨਾ ਹੈ। ਪ੍ਰਭੂ ਨਾਲ ਸੱਚੀ ਲਿਵ ਜੋੜਨ ’ਤੇ ਅਨੰਦ ਦੀ ਪ੍ਰਾਪਤੀ ਹੁੰਦੀ ਹੈ। ਇਸ ਪ੍ਰਾਪਤੀ ਵਿਚ ਯਤਨ ਨਾਲੋਂ ਪ੍ਰਭੂ-ਕਿਰਪਾ ਦਾ ਪੱਖ ਵਧੇਰੇ ਅਧਿਕਾਰ ਰੱਖਦਾ ਹੈ। ਪ੍ਰਭੂ-ਕਿਰਪਾ ਸਹਿਜ-ਸੁਭਾਵਿਕ ਹੁੰਦੀ ਹੈ ਜਿਸ ਉਪਰ ਕਿਸੇ ਪ੍ਰਕਾਰ ਦਾ ਅਧਿਕਾਰ ਕਾਰਜਸ਼ੀਲ ਨਹੀਂ ਹੈ।
ਸ੍ਰੀ ਗੁਰੂ ਅਮਰਦਾਸ ਜੀ ਅਨੁਸਾਰ ਅਨੰਦ ਦੀ ਪ੍ਰਾਪਤੀ ‘ਗੁਰੂ’ ਦੀ ਪ੍ਰਾਪਤੀ ਦੁਆਰਾ ਸੰਭਵ ਹੋਈ ਹੈ:
ਕਹੈ ਨਾਨਕੁ ਅਨੰਦੁ ਹੋਆ ਸਤਿਗੁਰੂ ਮੈ ਪਾਇਆ॥ (ਪੰਨਾ 917)
ਸਤਿਗੁਰੁ ਤ ਪਾਇਆ ਸਹਜ ਸੇਤੀ ਮਨਿ ਵਜੀਆ ਵਾਧਾਈਆ॥ (ਪੰਨਾ 917)
ਉਪਰੋਕਤ ਪੰਗਤੀਆਂ ਅਨੁਸਾਰ ਸ੍ਰੀ ਗੁਰੂ ਅਮਰਦਾਸ ਜੀ ਉਸ ਪਰਮ-ਅਵਸਥਾ ਦਾ ਵਰਣਨ ਕਰਦੇ ਹਨ ਜਿਥੇ ‘ਨਾਮ’ ਅਤੇ ‘ਨਾਮੀ’ ਇਕ-ਸੁਰ ਹੋ ਜਾਂਦੇ ਹਨ। ਉਸ ਪਰਮ-ਮਿਲਾਪ ਦੀ ਅਵਸਥਾ ਵਿੱਚੋਂ ਅਨੰਦ ਉਪਜਦਾ ਹੈ।
ਸ੍ਰੀ ਗੁਰੂ ਅਮਰਦਾਸ ਜੀ ਦੀ ਸ਼ਖ਼ਸੀਅਤ ਅਤੇ ਅਧਿਆਤਮਕ ਅਵਸਥਾ ਦਾ ਮਹਲਾ 3 ਦੇ ਸਵੱਈਆਂ ਦਾ ਸਾਰ ਉਨ੍ਹਾਂ ਦੀ ਸਿਖਰਲੀ ਅਵਸਥਾ ਦਾ ਵਰਣਨ ਕਰਦਾ ਹੈ, ਜੋ ਅਵਸਥਾ ਆਪ ਨੂੰ ਨਾਮ ਦੁਆਰਾ ਪ੍ਰਾਪਤ ਹੋਈ:
ਸਤਿ ਸੂਰਉ ਸੀਲਿ ਬਲਵੰਤੁ ਸਤ ਭਾਇ ਸੰਗਤਿ
ਸਘਨ ਗਰੂਅ ਮਤਿ ਨਿਰਵੈਰਿ ਲੀਣਾ॥
ਜਿਸੁ ਧੀਰਜੁ ਧੁਰਿ ਧਵਲੁ ਧੁਜਾ ਸੇਤਿ ਬੈਕੁੰਠ ਬੀਣਾ॥ (ਪੰਨਾ 1393)
ਤੈ ਲੋਭੁ ਕ੍ਰੋਧੁ ਤ੍ਰਿਸਨਾ ਤਜੀ ਸੁ ਮਤਿ ਜਲ੍ਹ ਜਾਣੀ ਜੁਗਤਿ॥ (ਪੰਨਾ 1394)
ਜਪੁ ਤਪੁ ਸਤੁ ਸੰਤੋਖੁ ਪਿਖਿ ਦਰਸਨੁ ਗੁਰ ਸਿਖਹ॥ (ਪੰਨਾ 1395)
ਗੁਰੁ ਗਿਆਨੁ ਅਰੁ ਧਿਆਨੁ ਤਤ ਸਿਉ ਤਤੁ ਮਿਲਾਵੈ॥
ਸਚਿ ਸਚੁ ਜਾਣੀਐ ਇਕ ਚਿਤਹਿ ਲਿਵ ਲਾਵੈ॥
ਕਾਮ ਕ੍ਰੋਧ ਵਸਿ ਕਰੈ ਪਵਣੁ ਉਡੰਤ ਨ ਧਾਵੈ॥ (ਪੰਨਾ 1395)
ਪਹਿਰਿ ਸਮਾਧਿ ਸਨਾਹੁ ਗਿਆਨਿ ਹੈ ਆਸਣਿ ਚੜਿਅਉ॥
ਧ੍ਰੰਮ ਧਨਖੁ ਕਰ ਗਹਿਓ ਭਗਤ ਸੀਲਹ ਸਰਿ ਲੜਿਅਉ॥
ਭੈ ਨਿਰਭਉ ਹਰਿ ਅਟਲੁ ਮਨਿ ਸਬਦਿ ਗੁਰ ਨੇਜਾ ਗਡਿਓ॥
ਕਾਮ ਕ੍ਰੋਧ ਲੋਭ ਮੋਹ ਅਪਤੁ ਪੰਚ ਦੂਤ ਬਿਖੰਡਿਓ॥ (ਪੰਨਾ 1396)
ਸ੍ਰੀ ਗੁਰੂ ਅਮਰਦਾਸ ਜੀ ਦੇ ਅਧਿਆਪਕ ਪੱਖ ਦੀ ਉਚਾਈ ਦਾ ਵਰਣਨ ਕਰਦਿਆਂ ਭੱਟ ਸਾਹਿਬਾਨ ਨੇ ਆਪ ਨੂੰ ਪਰਮਾਤਮਾ ਦਾ ਰੂਪ ਹੀ ਦੱਸਿਆ ਹੈ:
ਗੁਰੁ ਅਮਰਦਾਸੁ ਪਰਸੀਐ ਪੁਹਮਿ ਪਾਤਿਕ ਬਿਨਾਸਹਿ॥
ਗੁਰੁ ਅਮਰਦਾਸੁ ਪਰਸੀਐ ਸਿਧ ਸਾਧਿਕ ਆਸਾਸਹਿ॥
ਗੁਰੁ ਅਮਰਦਾਸੁ ਪਰਸੀਐ ਧਿਆਨੁ ਲਹੀਐ ਪਉ ਮੁਕਿਹਿ॥
ਗੁਰੁ ਅਮਰਦਾਸੁ ਪਰਸੀਐ ਅਭਉ ਲਭੈ ਗਉ ਚੁਕਿਹਿ॥
ਇਕੁ ਬਿੰਨਿ ਦੁਗਣ ਜੁ ਤਉ ਰਹੈ ਜਾ ਸੁਮੰਤ੍ਰਿ ਮਾਨਵਹਿ ਲਹਿ॥
ਜਾਲਪਾ ਪਦਾਰਥ ਇਤੜੇ ਗੁਰ ਅਮਰਦਾਸਿ ਡਿਠੈ ਮਿਲਹਿ॥ (ਪੰਨਾ 1394-95)
ਅਨੰਦ ਦੀ ਵਿਚਾਰਧਾਰਾ (ਪਉੜੀ ਵਾਰ) ਦੇ ਆਧਾਰ ‘ਤੇ ਸਮੁੱਚੀ ਬਾਣੀ ਵਿੱਚੋਂ ਜੋ ਥੀਮ ਉਜਾਗਰ ਹੁੰਦਾ ਹੈ, ਉਸ ਦਾ ਸੰਖੇਪ ਸਾਰ ਹੇਠ ਲਿਖੇ ਅਨੁਸਾਰ ਦਿੱਤਾ ਜਾਂਦਾ ਹੈ:
ਅਨੰਦ ਅਵਸਥਾ ਦੀ ਪ੍ਰਾਪਤੀ ਦਾ ਆਧਾਰ ਸਤਿਗੁਰੂ ਦੀ ਪਹਿਚਾਣ, ਸਹਿਜ ਦਾ ਜੀਵਨ, ਰਾਗਾਤਮਕ ਅਤੇ ਸ਼ਬਦ-ਲੀਨਤਾ ਹੈ। ਸਹਿਜ ਜੀਵਨ ਦਾ ਪੂਰਨ ਸੰਤੁਲਨ ਹੈ।
ਪ੍ਰਭੂ-ਸੱਤਾ ਸਰਬ-ਵਿਆਪਕ ਹੈ ਅਤੇ ਸਰਬ-ਸਮਰੱਥ ਹੈ। ਇਸ ਦਾ ਅਨੁਭਵ ਕਲੇਸ਼ ਦਾ ਨਾਸ ਕਰਦਾ ਹੈ।
ਪ੍ਰਭੂ ਨਾਲ ਸੰਬੰਧ ਸਿਫ਼ਤ-ਸਲਾਹ ਦੁਆਰਾ ਸਥਾਪਿਤ ਹੁੰਦਾ ਹੈ ਅਤੇ ਅਗਰ ਇਹ ਸੰਬੰਧ ਸਥਾਪਿਤ ਹੋ ਜਾਵੇ ਤਦ ਪਰਮ-ਅਵਸਥਾ ਦੀ ਪ੍ਰਾਪਤੀ ਹੁੰਦੀ ਹੈ।
ਨਾਮ ਦਾ ਸਿਮਰਨ ਜੀਵਨ-ਸੱਤਾ ਦਾ ਆਧਾਰ ਹੈ ਅਤੇ ਗੁਰੂ ਦਾ ਗਿਆਨ ਨਾਮ ਦਿੰਦਾ ਹੈ।
ਅਨੰਦ ਦਾ ਆਧਾਰ ਜੀਵਨ ਦੀ ਧਾਰਾ ਵਿਚ ਹੀ ਰਹਿ ਕੇ ਪਰਮ-ਅਵਸਥਾ ਪ੍ਰਾਪਤ ਹੋਣ ਨਾਲ ਹੁੰਦਾ ਹੈ ਅਤੇ ਪੰਚਾਂ ‘ਤੇ ਵਸੀਕਾਰ ਪ੍ਰਾਪਤ ਹੁੰਦਾ ਹੈ।
ਅਨੰਦ ਦੀ ਪ੍ਰਾਪਤੀ ਸਿਆਣਪ ਅਤੇ ਚਤੁਰਾਈਆਂ ਨਾਲ ਨਹੀਂ ਮਿਲਦੀ ਬਲਕਿ ਪ੍ਰਭੂ ਕਿਰਪਾ ਨਾਲ ਮਿਲਦੀ ਹੈ।
ਜੀਵਨ ਦੀ ਸੱਚੀ ਜੁਗਤੀ ਸਰਬ-ਵਿਆਪਕ ਈਸ਼ਵਰ ਦੇ ਸਿਮਰਨ ਤੋਂ ਮਿਲਦੀ ਹੈ ਜਿਸ ਨਾਲ ਮਨੁੱਖ ਕੁਟੰਬ ਦੇ ਮੋਹ ਤੋਂ ਉੱਪਰ ਹੋ ਸਕਦਾ ਹੈ।
ਨਾਮ ਦਾ ਸਿਮਰਨ ਭਰਮ ਕੱਟਦਾ ਹੈ। ਮਨ ਨੂੰ ਨਿਰਮਲ ਕਰਦਾ ਹੈ ਅਤੇ ਜੀਵਨ ਨੂੰ ਪ੍ਰਭੂ ਭਾਣੇ ਵਿਚ ਲਿਆਉਂਦਾ ਹੈ।
ਬਾਣੀ ਦੀ ਵਿਚਾਰ ਵਿੱਚੋਂ ਸੂਝ ਮਿਲਦੀ ਹੈ ਅਤੇ ਇਹ ਸੂਝ ਚਤੁਰਾਈ ਛੱਡ ਕੇ ਉਸ ਦੇ ਹੁਕਮ ਵਿਚ ਚੱਲਣ ਨਾਲ ਪ੍ਰਾਪਤ ਹੁੰਦੀ ਹੈ।
ਮਾਇਆ ਤੋਂ ਛੁਟਕਾਰਾ ਆਪਣਾ ਆਪ ਪ੍ਰਭੂ ਦੇ ਸਮਰਪਨ ਕਰਨ ਨਾਲ ਹੁੰਦਾ ਹੈ ਅਤੇ ਮਾਇਆ ਤੋਂ ਛੁਟਕਾਰਾ ਹੀ ਵਾਸਤਵਿਕ ਅਨੰਦ ਹੈ।
ਸੱਚ ਕੀ ਹੈ, ਇਸ ਦੀ ਸੋਝੀ ਗੁਰੂ ਦਿੰਦਾ ਹੈ। ਗੁਰੂ ਕੁਟੰਬ ਦੇ ਮੋਹ ਤੋਂ ਉੱਪਰ ਉਠਾ ਕੇ ਸੱਚੇ ਪ੍ਰਭੂ ਦੇ ਸਿਮਰਨ ਵਿਚ ਲਗਾਉਂਦਾ ਹੈ।
ਹੁਕਮ ਅਤੇ ਭਾਣੇ ਦਾ ਜੀਵਨ ਅਨੰਦ-ਪ੍ਰਾਪਤੀ ਦਾ ਰਸਤਾ ਹੈ।
ਪ੍ਰਭੂ ਦਾ ਸਿਮਰਨ ਸਾਡੇ ਮਨ ਦੇ ਲੋਭ ਅਤੇ ਅਹੰਕਾਰ ਦੀ ਜ਼ਹਿਰ ਨੂੰ ਕੱਟਦਾ ਹੈ। ਉਚੇਚੇ ਮਨੁੱਖ ਅਤੇ ਅਧਿਆਤਮਕ ਰਾਹ ਦੇ ਪਾਂਧੀ ਇਸ ਅੰਮ੍ਰਿਤ ਦੀ ਤਲਾਸ਼ ਵਿਚ ਹਨ।
ਅਨੰਦ ਦੀ ਪ੍ਰਾਪਤੀ ਨਾਮ ਸਿਮਰਨ ਵਿਚ ਲੱਗ ਕੇ ਆਪਣੇ ਆਪ ਦੇ ਤਿਆਗ ਵਿਚ ਹੁੰਦੀ ਹੈ।
ਨਾਮ ਦਾ ਮਾਰਗ ਪ੍ਰਭੂ ਦੀ ਕਿਰਪਾ ਨਾਲ ਗੁਰੂ ਦੀ ਬਾਣੀ ਵਿੱਚੋਂ ਪ੍ਰਾਪਤ ਹੁੰਦਾ ਸ਼ਬਦ ਦੀ ਪ੍ਰਾਪਤੀ ਪ੍ਰਭੂ ਦੀ ਸਿਫ਼ਤ-ਸਲਾਹ ਨਾਲ ਹੁੰਦੀ ਹੈ ਅਤੇ ਧੁਰ ਤੋਂ ਹੋਈ ਬਖ਼ਸ਼ਿਸ਼ ਦੁਆਰਾ ਮਿਲਦੀ ਹੈ।
ਅਨੰਦ ਦੀ ਪ੍ਰਾਪਤੀ ਪਵਿੱਤਰਤਾ ਵਿਚ ਹੈ।
ਅਨੰਦ ਦੀ ਪ੍ਰਾਪਤੀ ਉਦੋਂ ਹੈ ਜਦੋਂ ਸਹਿਜ ਪ੍ਰਾਪਤ ਹੋ ਜਾਂਦਾ ਹੈ ਅਤੇ ਸਹਿਜ ਇਕ ਪੂਰਨ ਗਿਆਨ ਦੀ ਅਵਸਥਾ ਹੈ। ਨਾਮ ਦਾ ਸਿਮਰਨ ਗੁਰੂ ਜੀ ਦੇ ਸ਼ਬਦ ਵਿੱਚੋਂ ਮਿਲਦਾ ਹੈ।
ਅਨੰਦ ਦੀ ਪ੍ਰਾਪਤੀ ਕੂੜ ਦੇ ਤਿਆਗਣ ਅਤੇ ਸੱਚ ਦੇ ਗ੍ਰਹਿਣ ਕਰਨ ਵਿਚ ਹੈ। ਨਾਮ ਦੇ ਸਿਮਰਨ ਨਾਲ ਕੂੜ ਮਿਟਦਾ ਅਤੇ ਸੱਚ ਦੀ ਪ੍ਰਾਪਤੀ ਹੁੰਦੀ ਹੈ।
ਅਨੰਦ ਦੀ ਪ੍ਰਾਪਤੀ ਅੰਦਰੋਂ ਅਤੇ ਬਾਹਰੋਂ ਨਿਰਮਲ ਹੋਣ ਵਿਚ ਹੈ। ਸਤਿਗੁਰੂ ਦੇ ਹੁਕਮ ਵਿਚ ਚੱਲਣ ਨਾਲ ਇਨਸਾਨ ਦਾ ਮਨ ਨਿਰਮਲ ਹੁੰਦਾ ਹੈ।
ਸਤਿਗੁਰੂ ਦੇ ਸਨਮੁਖ ਹੋਣ ਦਾ ਤਰੀਕਾ ਸਤਿਗੁਰੂ ਦੀ ਸੱਚੀ ਬਾਣੀ ਦਾ ਗਾਇਨ ਹੈ, ਨਾਮ ਅੰਮ੍ਰਿਤ ਦਾ ਸਿਮਰਨ ਹੈ ਅਤੇ ਨਾਮ ਰੰਗ ਵਿਚ ਰੰਗੇ ਰਹਿਣਾ ਹੈ।
ਕੱਚੀ ਬਾਣੀ ਦੇ ਰਚਨਹਾਰ ਆਪ ਕੱਚੇ ਹੁੰਦੇ ਹਨ ਅਤੇ ਉਸ ਬਾਣੀ ਦੇ ਗਾਇਨ ਅਤੇ ਸੁਣਨ ਵਾਲੇ ਵੀ ਕੱਚੇ ਹੁੰਦੇ ਹਨ।
ਸੱਚ ਸ਼ਬਦ, ਗੁਰੂ ਦਾ ਸ਼ਬਦ ਹੈ ਅਤੇ ਇਹ ਸ਼ਬਦ ਰਤਨ ਹੀਰਿਆਂ ਤੋਂ ਵੀ ਕੀਮਤੀ ਹੈ।
ਅਨੰਦ ਪ੍ਰਾਪਤੀ ਦਾ ਆਧਾਰ ਹੁਕਮੀ ਬੰਦਾ ਹੋਣ ਵਿਚ ਹੈ। ਹੁਕਮ ਦੀ ਸੋਝੀ ਗੁਰੂ ਤੋਂ ਹੁੰਦੀ ਹੈ।
ਅਨੰਦ ਦੀ ਪ੍ਰਾਪਤੀ ਸੱਚੇ ਪ੍ਰਿਤਪਾਲਕ ਪ੍ਰਭੂ ਦੇ ਚਿੰਤਨ ਮਨਨ ਵਿਚ ਹੈ। ਸੱਚਾ ਪ੍ਰਭੂ ਜੀਵ ਨੂੰ ਮਾਤਾ ਦੇ ਉਦਰ ਵਿਚ ਵੀ ਆਹਾਰ ਪਹੁੰਚਾਉਂਦਾ ਹੈ।
ਅਨੰਦ ਦੀ ਪ੍ਰਾਪਤੀ ਉਦੋਂ ਹੁੰਦੀ ਹੈ ਜਦੋਂ ਮਨੁੱਖ ਦੀ ਰਸਨਾ ਨਾਸ਼ਮਾਨ ਪਦਾਰਥਾਂ ਦਾ ਤਿਆਗ ਕਰ ਕੇ ਹਰੀ ਨਾਮ ਦੇ ਰਸ ਵਿਚ ਲੀਨ ਹੁੰਦੀ ਹੈ ਅਤੇ ਨਾਮ ਦਾ ਰਸ ਸਤਿਗੁਰੂ ਤੋਂ ਮਿਲਦਾ ਹੈ।
ਅਨੰਦ ਦੀ ਪ੍ਰਾਪਤੀ ਉਦੋਂ ਹੁੰਦੀ ਹੈ, ਜਦੋਂ ਜੀਵ ਆਪਣੇ ਸਰੀਰ ਦੇ ਅੰਦਰ ਵਿਦਮਾਨ ਪਰਮਾਤਮਾ ਦੇ ਨਾਮ ਤੇ ਗਿਆਨ ਨੂੰ ਪਾ ਲੈਂਦਾ ਹੈ ਅਤੇ ਉਸ ਨੂੰ ਇਹ ਸੋਝੀ ਪ੍ਰਾਪਤ ਹੁੰਦੀ ਹੈ ਕਿ ਜੀਵ ਦਾ ਮੂਲ ਉਸ ਦੇ ਅੰਦਰ ਵਿਦਮਾਨ ਹੈ, ਸਰੀਰ ਨਹੀਂ, ਸਰੀਰ ਤਾਂ ਸਾਧਨ ਮਾਤਰ ਹੈ।
ਅਨੰਦ ਦੀ ਪ੍ਰਾਪਤੀ ਉਦੋਂ ਹੁੰਦੀ ਹੈ ਜਦੋਂ ਪ੍ਰਭੂ ਆਪ ਜੀਵ ਦੇ ਹਿਰਦੇ ਵਿਚ ਆ ਟਿਕਦਾ ਹੈ। ਉਦੋਂ ਹਿਰਦਾ ਇੱਕੋ ਪਵਿੱਤਰ ਮੰਦਰ ਬਣ ਜਾਂਦਾ ਹੈ ਅਤੇ ਅਨਹਦ ਦਾ ਨਾਦ ਵੱਜਦਾ ਹੈ।
ਅਨੰਦ ਦੀ ਪ੍ਰਾਪਤੀ ਤਦ ਹੁੰਦੀ ਹੈ ਜਦੋਂ ਜੀਵ ਦੇ ਨੇਤਰ ਦਿੱਬ-ਦ੍ਰਿਸ਼ਟੀ ਵਾਲੇ ਹੋ ਜਾਣ। ਹਰ ਪਾਸੇ ਪ੍ਰਭੂ ਦੀ ਜੋਤ ਦੇ ਪਾਸਾਰੇ ਨੂੰ ਅਨੁਭਵ ਕਰਦਾ ਹੈ।
ਅਨੰਦ ਦੀ ਪ੍ਰਾਪਤੀ ਤਦ ਹੁੰਦੀ ਹੈ ਜਦੋਂ ਸ੍ਰਵਣ ਦੁਆਰਾ ਪ੍ਰਭੂ ਦਾ ਹੀ ਜੱਸ ਸੁਣਨ ਅਤੇ ਉਸ ਈਸ਼ਵਰ ਦੀ ਗਤਿ-ਮਿਤ ਨੂੰ ਅਕੱਥ ਮੰਨਣ ਲਗਦਾ ਹੈ।
ਅਨੰਦ ਦੀ ਪ੍ਰਾਪਤੀ ਸੱਚ ਦੀ ਪ੍ਰਾਪਤੀ ‘ਤੇ ਆਧਾਰਿਤ ਹੈ ਅਤੇ ਸੱਚ ਦੀ ਪ੍ਰਾਪਤੀ ਸੱਚੇ ਮਨ ‘ਤੇ ਆਧਾਰਿਤ ਹੈ।
ਇਸ ਪ੍ਰਕਾਰ ਇਸ ਮਹਾਨ ਬਾਣੀ ਵਿਚ ਸ੍ਰੀ ਗੁਰੂ ਅਮਰਦਾਸ ਜੀ ਨੇ ਅਧਿਆਤਮਕ ਮਾਰਗ ਦਾ ਨਿਚੋੜ ਪੇਸ਼ ਕਰਕੇ ਗੁਰਮਤਿ ਗਿਆਨ ਦਾ ਵਿਸ਼ਾਲ ਭੰਡਾਰ ਕਾਇਮ ਕਰ ਦਿੱਤਾ ਹੈ।
ਅਨੰਦ ਪ੍ਰਾਪਤੀ ਤਦ ਹੈ, ਜਦ ਤਨਾਉ ਮੁੱਕਦਾ ਹੈ ਅਤੇ ਮਨੁੱਖ ਗੁਰੂ ਆਸ਼ੇ ਵੱਲ ਝੁਕਦਾ ਹੈ। ਜੇ ਉਹ ਗੁਰੂ ਤੋਂ ਬੇਮੁਖ ਹੋ ਕੇ ਦੂਜੇ ਪਾਸੇ ਭਾਵ ਸਹਿਸਾ, ਤ੍ਰਿਸ਼ਨਾਵਾਂ, ਪੰਚਦੂਤ, ਲੱਬ-ਲੋਭ, ਬਾਹਰ-ਮੁਕਤਾ ਵੱਲ ਉਲਾਰ ਹੋ ਜਾਵੇ ਤਦ ਵੀ ਸੁਖ ਅਨੰਦ ਅਸੰਭਵ ਹੈ।
‘ਅਨੰਦ’ ਬਾਣੀ ਵਿਚ ਧਰਮ ਨੂੰ ਰਸਿਕ ਗ੍ਰਹਿਣੀ ਦੇ ਰੂਪ ਵਿਚ ਪ੍ਰਗਟ ਕੀਤਾ ਹੈ ਜਿਸ ਦੇ ਅੰਗ ਸਨਮੁਖਤਾ, ਸਹਿਜ, ਸੰਗਤ ਤੇ ਸੰਗੀਤ ਹਨ। ਅਨੰਦ ਆਪ ਵੀ ਇਕ ਰਸਿਕ ਤਜਰਬਾ ਹੈ ਅਤੇ ਰਸਿਕ ਅਨੁਭਵ ਹੈ। ਸਿੱਖ ਧਾਰਮਿਕ ਜਥੇਬੰਦੀ ਜਾਂ ਸੰਗਤ ਦਾ ਮੁਖ ਆਸਰਾ ਸ਼ਬਦ ਚਿੰਤਨ ਦਾ ਗਾਇਨ ਤੇ ਸ੍ਰਵਣ ਰੱਖਿਆ ਹੈ। ਗਾਇਨ ਹੀ ਸੋਦਰੁ ਦਾ ਬੁਨਿਆਦੀ ਅੰਸ ਹੈ। ਸੋਦਰੁ ਰਸਿਕਤਾ ਦਾ ਘਰ ਹੈ, ਤਾਲ, ਸੁਰ, ਲੈਅ ਦਾ ਰਾਗ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੋਦਰ ਕੀਰਤਨ ਇਹ ਹੈ ਕਿ ਸਭ ਤੱਤ, ਸਭ ਖੰਡ-ਬ੍ਰਹਿਮੰਡ, ਸਭ ਸਾਧਿਕ ਰਸਿਕਤਾ ਦੁਆਰਾ ਹੀ ਅਨੰਦ ਰੂਪ ਪਰਮ-ਸੱਤਾ ਦਾ ਰਸਾਲੂ ਪ੍ਰਭੂ ਨਾਲ ਇਕਸੁਰ ਹੁੰਦੇ ਹਨ। ਸੋਦਰ ਵਿਚ ਰਸਿਕ ਕੀਰਤਨ ਦੀ ਧੁਨੀ ਹੈ। ‘ਅਨੰਦ’ ਬਾਣੀ ਵਿਚ ਰਸਿਕਤਾ ਦੇ ਅਨੰਦ ਜੁੜੇ ਹੋਏ ਹਨ। ਅਨੰਦ ਰੂਪ ਪ੍ਰਭੂ ਆਪ ਹੈ। ਅਨੰਦ ਦਾ ਰਸ ਉਸ ਨਾਲ ਅਭੇਦਤਾ ਵਿਚ ਹੈ। ਇਹ ਅਭੇਦਤਾ ਰਸਿਕ ਕੀਰਤਨ ਨਾਲ ਪ੍ਰਾਪਤ ਹੁੰਦੀ ਹੈ।
ਅਨੰਦ ਬਾਣੀ ਦੀ ਸਮਰੱਥਾ ਇਸ ਦੇ ਪ੍ਰਬੰਧ ਬਾਣੀ ਰੂਪ ਵਿਚ ਹੈ। ਇਸ ਰਚਨਾ ਦੀ ਹਰ ਪਉੜੀ ਸਿੱਧੀ ਕੇਂਦਰੀ ਵਿਸ਼ੇ ਅਨੰਦ ਨਾਲ ਸੰਬੰਧਿਤ ਹੈ। ਅਨੰਦ ਦੇ ਅਧਿਆਤਮਕ ਮਾਰਗ ਦਾ ਗੁਰੂ-ਭਗਤੀ ਤੋਂ ਅਰੰਭ ਕਰ ਕੇ ਸਦਾਚਾਰ, ਬਾਣੀ, ਸ਼ਬਦ, ਸਿਮਰਨ ਦੇ ਪੜਾਵਾਂ ਤੋਂ ਹੁੰਦਾ ਸਾਰੇ ਗਿਆਨ ਤੇ ਕਰਮ ਇੰਦਰੀਆਂ ’ਤੇ ਵਸੀਕਾਰ ਪ੍ਰਾਪਤ ਕਰਦਾ ਹੈ ਅਤੇ ਅਨੰਦ ਦੀ ਅਵਸਥਾ ‘ਤੇ ਪੁੱਜਦਾ ਹੈ, ਜਿਥੇ ਪ੍ਰਭੂ ਆਪ ਸਾਖਿਆਤ ਹੈ। ਇਸ ਬਾਣੀ ਦੀ ਉਸਾਰੀ ਪੂਰੇ ਪ੍ਰਬੰਧ ਵਿਚ ਹੈ, ਜੋ ਕਿ ਹੌਲੀ-ਹੌਲੀ ਇਨਸਾਨ ਦੀ ਅਧਿਆਤਮਿਕਤਾ ਦੀ ਉਸਾਰੀ ਕਰ ਰਿਹਾ ਹੈ ਅਤੇ ਅਨੰਦ ਦੀ ਅਵਸਥਾ ਵਿਚ ਪਹੁੰਚਾਉਂਦਾ ਹੈ।
ਲੇਖਕ ਬਾਰੇ
# 280, ਮੈਡੀਕਲ ਇਨਕਲੇਵ, ਸਰਕੂਲਰ ਰੋਡ, ਅੰਮ੍ਰਿਤਸ
- ਡਾ. ਸਿਮਰਜੀਤ ਸਿੰਘhttps://sikharchives.org/kosh/author/%e0%a8%a1%e0%a8%be-%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/December 1, 2008
- ਡਾ. ਸਿਮਰਜੀਤ ਸਿੰਘhttps://sikharchives.org/kosh/author/%e0%a8%a1%e0%a8%be-%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/December 1, 2010