ਰਾਗ ਰਾਮਕਲੀ ਵਿਚ ਬਾਬਾ ਸੁੰਦਰ ਜੀ ਦੀ ਰਚਨਾ ‘ਸਦੁ’ ਅੰਕਿਤ ਹੈ ਜਿਸ ਵਿਚ ਸ੍ਰੀ ਗੁਰੂ ਅਮਰਦਾਸ ਜੀ ਦੇ ਅੰਤਿਮ ਸਮੇਂ ਦਾ ਹਾਲ ਅੰਕਿਤ ਕੀਤਾ ਗਿਆ ਹੈ। ਅੰਤ ਸਮੇਂ ਸਤਿਗੁਰੂ ਜੀ ਨੇ ਕੀ ਉਪਦੇਸ਼ ਦਿੱਤਾ? ਇਸ ਨੂੰ ਬਹੁਤ ਥੋੜ੍ਹੇ ਤੇ ਨਪੇ-ਤੁਲੇ ਸ਼ਬਦਾਂ ਵਿਚ ਸੰਭਾਲਿਆ ਗਿਆ ਹੈ। ਇਤਿਹਾਸਕ ਪੱਖੋਂ ਵੀ ਇਹ ਪਾਵਨ ਬਾਣੀ ਬਹੁਤ ਮੁੱਲਵਾਨ ਹੈ। ਇਸ ਛੋਟੇ ਆਕਾਰ ਦੀ ਪਾਵਨ ਬਾਣੀ ਦੇ ਕੁਝ ਅਹਿਮ ਪੱਖਾਂ ਬਾਰੇ ਸੰਖਿਪਤ ਵਿਚਾਰ ਕੀਤਾ ਜਾਂਦਾ ਹੈ।
(1)
‘ਸਦੁ’ ਸ਼ਬਦ ਦਾ ਅਰਥ ਕੀ ਹੈ? ਇਹ ਸਪੱਸ਼ਟ ਹੋਣ ’ਤੇ ਇਸ ਬਾਣੀ ਦੀ ਮੂਲ ਭਾਵਨਾ ਨੂੰ ਸਮਝਿਆ ਜਾ ਸਕਦਾ ਹੈ। ਭਾਈ ਵੀਰ ਸਿੰਘ ਜੀ ਅਨੁਸਾਰ, “ਸ਼ਬਦ ਦਾ ਪ੍ਰਾਕ੍ਰਿਤ ਰੂਪ ਸਦ ਤੇ ਪੰਜਾਬੀ ਸੱਦ। ਮੁਰਾਦ ਗਾਲਬਨ ਵਾਹਿਗੁਰੂ ਦੇ ਦਰੋਂ ਗੁਰੂ ਅਮਰਦਾਸ ਜੀ ਨੂੰ ਸੱਦੇ ਆਉਣ ਤੋਂ ਹੈ।”1 ਡਾ. ਰਤਨ ਸਿੰਘ (ਜੱਗੀ) ਨੇ ਵਿਸਥਾਰ ਸਹਿਤ ਵਿਚਾਰ ਕਰਦਿਆਂ ਲਿਖਿਆ ਹੈ, “ਇਸ ਦਾ ਸ਼ਾਬਦਿਕ ਅਰਥ ਹੈ ਆਵਾਜ਼ ਜਾਂ ਪੁਕਾਰ। ਜਦੋਂ ਕਿਸੇ ਵਿੱਛੜੇ ਹੋਏ ਵਿਅਕਤੀ ਨੂੰ ਸੰਬੋਧਨ ਕੀਤਾ ਜਾਂਦਾ ਹੈ ਤਾਂ ਸੱਦ ਕਾਵਿ-ਰੂਪ ਤੇ ਭਾਵ-ਅਭਿਵਿਅਕਤੀ ਦਾ ਸਾਧਨ ਬਣਾਇਆ ਜਾਂਦਾ ਹੈ।”2 ਭਾਈ ਕਾਨ੍ਹ ਸਿੰਘ ਨਾਭਾ ਨੇ ਸੱਦ ਬਾਰੇ ਵਿਚਾਰ ਕਰਦਿਆਂ ਲਿਖਿਆ ਹੈ, “ਪੰਜਾਬੀ ਵਿਚ ਇਕ ਪ੍ਰਕਾਰ ਦਾ ਗੀਤ, ਇਹ ਛੰਦ ਦੀ ਕੋਈ ਖਾਸ ਜਾਤਿ ਨਹੀਂ, ਕਿੰਤੂ ਲੰਮੀ ਹੇਕ ਨਾਲ ਗਾਇਆ ਹੋਇਆ ਪੇਂਡੂ ਲੋਕਾਂ ਦਾ ਪਿਆਰਾ ਗੀਤ ਹੈ। ਸੱਦ ਵਿਚ ਛੰਦਾਂ ਦੇ ਅਨੇਕ ਰੂਪ ਹੋਇਆ ਕਰਦੇ ਹਨ।”3 ਇਕ ਸਵਾਲ ਹੈ ਕਿ ਕੀ ਸੱਦ ਦਾ ਸੰਬੰਧ ਮੌਤ ਨਾਲ ਹੀ ਹੈ? ਨਹੀਂ, ਇਹ ਕਾਵਿ-ਰੂਪ ਹੈ। ਕਈ ਵਿਦਵਾਨਾਂ ਦਾ ਵਿਚਾਰ ਹੈ ਕਿ “‘ਸੱਦ’ ਵੀ ਮਰਸੀਏ ਵਾਂਗ ਕਿਸੇ ਦੀ ਮੌਤ ਤੋਂ ਪਿੱਛੋਂ ਲਿਖੀ ਜਾਂਦੀ ਹੈ। ਵਾਸਤਵ ਵਿਚ ਅਜਿਹੀ ਕੋਈ ਸ਼ਰਤ ਇਸ ’ਤੇ ਲਾਗੂ ਨਹੀਂ।”4 ਪ੍ਰੋ. ਸਾਹਿਬ ਸਿੰਘ ਨੇ ਭਾਸ਼ਾ-ਵਿਗਿਆਨ ਦੀ ਦ੍ਰਿਸ਼ਟੀ ਤੋਂ ਸੱਦ ਸ਼ਬਦ ਦਾ ਅਰਥ ਦਿੱਤਾ ਹੈ ‘ਸੱਦ’ ਲਫਜ਼ ਪੰਜਾਬੀ ਵਿਚ ਆਮ ਵਰਤਿਆ ਜਾਂਦਾ ਹੈ, ਇਸ ਦਾ ਅਰਥ ਹੈ ‘ਵਾਜ’। ਇਹ ਲਫ਼ਜ਼ ਸੰਸਕ੍ਰਿਤ ਦੇ ਲਫ਼ਜ਼ ‘ਸ਼ਬਦ’ (शाब्द) ਦਾ ਪ੍ਰਾਕ੍ਰਿਤ ਰੂਪ ਹੈ, ਸੱਦ (सद) ਜੋ ਪੰਜਾਬੀ ਵਿਚ ਭੀ ‘ਸੱਦ’ ਹੈ। ਸੰਸਕ੍ਰਿਤ ਦੇ ਤਾਲਵੀ ‘ਸ਼’ (शा) ਦੇ ਥਾਂ ਪ੍ਰਾਕ੍ਰਿਤ ਵਿਚ ਦੰਤਵੀ ‘ਸ’ ਰਹਿ ਗਿਆ ਅਤੇ ਦੋ ਅੱਖਰਾਂ (ब्द) ਦੇ ਥਾਂ ਇਕ ਅੱਖਰ ‘ਦ’ ਦੀ ਹੀ ਦੋਹਰੀ ਆਵਾਜ਼ ਰਹਿ ਗਈ।”5 ਉਪਰੋਕਤ ਵਿਚਾਰ ਤੋਂ ਸ੍ਵੈ-ਸਪੱਸ਼ਟ ਹੈ ਕਿ ਸੱਦ ਕਿਸੇ ਵਿਛੜੇ ਸੱਜਣ ਦੀ ਯਾਦ ਵਿਚ ਲਿਖੀ ਗਈ ਰਚਨਾ ਹੈ ਜਿਸ ਵਿਚ ਵਿਯੋਗ ਦਾ ਦੁੱਖ ਵਰਣਨ ਕੀਤਾ ਜਾਂਦਾ ਹੈ ਤੇ ਇਹ ਰਚਨਾ ਉੱਚੀ ਸੁਰ ਵਿਚ ਹੇਕ ਲਗਾ ਕੇ ਗਾਈ ਜਾਂਦੀ ਹੈ ਜੋ ਕਿਸੇ ਵੀ ਛੰਦ ਵਿਚ ਲਿਖੀ ਜਾ ਸਕਦੀ ਹੈ।
(2)
‘ਸਦੁ’ ਬਾਣੀ ਦੀ ਉਥਾਨਕਾ ਦਿੰਦਿਆਂ ਕਈ ਵਿਦਵਾਨਾਂ6 ਨੇ ਇਹ ਅਨੁਮਾਨ ਲਗਾਇਆ ਹੈ ਕਿ ਬਾਬਾ ਸੁੰਦਰ ਜੀ ਨੇ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਸਮਾਉਣ ਨੂੰ ਅੱਖੀਂ ਦੇਖਿਆ ਅਤੇ ਫਿਰ ਇਸ ਨੂੰ ਅੰਕਿਤ ਕਰ ਦਿੱਤਾ। ਇਤਿਹਾਸਕ ਤੌਰ ’ਤੇ ਇਹ ਗੱਲ ਠੀਕ ਨਹੀਂ ਹੈ ਕਿਉਂਕਿ ਜਦੋਂ ਸਤਿਗੁਰੂ ਜੀ ਨੇ ਅੰਤਿਮ ਕੌਤਕ ਕੀਤਾ ਉਸ ਸਮੇਂ ਬਾਬਾ ਸੁੰਦਰ ਜੀ ਦੇ ਪਿਤਾ ਬਾਬਾ ਆਨੰਦ ਜੀ ਦੀ ਉਮਰ 20 ਸਾਲ ਸੀ। ਇਸ ਤੋਂ ਸਪੱਸ਼ਟ ਹੈ ਕਿ ਬਾਬਾ ਸੁੰਦਰ ਜੀ ਦੀ ਉਸ ਸਮੇਂ ਇੰਨੀ ਆਯੂ ਨਹੀਂ ਸੀ ਜੋ ਬਾਣੀ ਰਚਨਾ ਕਰ ਸਕਦੇ। ਡਾਕਟਰ ਰਤਨ ਸਿੰਘ (ਜੱਗੀ) ਦਾ ਵਿਚਾਰ ਹੈ, “ਸੰਭਵ ਹੈ ਉਸ ਨੇ ਆਪਣੇ ਵੱਡਿਆਂ ਤੋਂ ਗੁਰੂ ਅਮਰਦਾਸ ਜੀ ਵੱਲੋਂ ਆਪਣੇ ਅੰਤ-ਕਾਲ ਵੇਲੇ ਦਿੱਤੇ ਉਪਦੇਸ਼ ਨੂੰ ਸੁਣ ਕੇ ਕਲਮਬੰਦ ਕੀਤਾ ਹੋਵੇ।”7 ਸੰਪ੍ਰਦਾਈ ਗਿਆਨੀਆਂ ਦੀ ਦਿੱਤੀ ਉਥਾਨਕਾ ਤੋਂ ਵੀ ਇਹ ਗੱਲ ਸਪੱਸ਼ਟ ਹੈ। ਸੰਤ ਕਿਰਪਾਲ ਸਿੰਘ8 ਨੇ ਉਥਾਨਕਾ ਦਿੰਦਿਆਂ ਲਿਖਿਆ ਹੈ ਕਿ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਾਦਨ ਕਰਨ ਲਈ ਗੋਇੰਦਵਾਲ ਸਾਹਿਬ ਵਿਖੇ ਪੋਥੀਆਂ ਲੈਣ ਗਏ ਤਾਂ ਬਾਬਾ ਮੋਹਰੀ ਜੀ ਨੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਸਾਡੇ ਗ੍ਰਹਿ ਵਿਖੇ ਚਰਨ ਪਾਓ। ਸਾਹਿਬ ਗਏ ਤੇ ਉਨ੍ਹਾਂ ਦਾ ਬੜਾ ਮਾਣ-ਸਤਿਕਾਰ ਕੀਤਾ ਗਿਆ। ਉਹ ਉਥੇ ਰਾਤ ਰਹੇ। ਸਵੇਰੇ ਉਹ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੇ ਦੇਹੁਰੇ ਨਮਸਕਾਰ ਕਰਨ ਲਈ ਗਏ। ਕੜਾਹ ਪ੍ਰਸ਼ਾਦ ਵਰਤਾਇਆ ਗਿਆ। ਇਥੇ ਬਾਬਾ ਸੁੰਦਰ ਜੀ ਵੀ ਉਨ੍ਹਾਂ ਦੇ ਨਾਲ ਸਨ ਤਾਂ ਸਤਿਗੁਰੂ ਜੀ ਨੇ ਆਖਿਆ, “ਹੇ ਸ਼ੂਭਮਤੀ! ਸ੍ਰੀ ਗੁਰੂ ਅਮਰਦਾਸ ਜੀ ਨੇ ਜਿਸ ਪ੍ਰਕਾਰ ਹਮਾਰੇ ਪਿਤਾ ਜੀ ਨੂੰ ਗੁਰਤਾ ਦਾ ਤਿਲਕ ਦਿੱਤਾ ਹੈ; ਔਰ ਅੰਤਮ ਸਮੇਂ ਜੋ ਜੋ ਬਚਨ ਕਹੇ ਹਨ, ਵੁਹ ਅਸਾਂ ਨੂੰ ਸਾਰੇ ਸੁਨਾਉਣਾ ਕਰੋ ਤਾਂ ਬਾਬਾ ਸੁੰਦਰ ਜੀ ਨੇ ਆਖਿਆ ਕਿ ਜਿਵੇਂ ਮੈਂ ਆਪਣੇ ਬਜ਼ੁਰਗਾਂ ਪਾਸੋਂ ਸੁਣਿਆ ਹੈ, ਆਪ ਜੀ ਨੂੰ ਸੁਣਾਉਂਦਾ ਹਾਂ। ਇਉਂ ਉਨ੍ਹਾਂ ਨੇ ਸੱਦ ਦੀ ਰਚਨਾ ਕੀਤੀ।” ਅਜਿਹੇ ਵਿਚਾਰ ਭਾਈ ਸੰਤੋਖ ਸਿੰਘ ਜੀ ਦੇ ਹਨ:
ਸੁਨ ਸੁੰਦਰ ਨੇ ਸਦ ਬਨਾਵਾ।
ਸ੍ਰੀ ਅਰਜਨ ਕੋ ਸਕਲ ਸੁਨਾਵਾ॥ 9
ਭਾਈ ਨਿਹਾਲ ਸਿੰਘ ਨੇ ਇਸ ਨੂੰ ਸਪੱਸ਼ਟ ਕਰਦਿਆਂ ਲਿਖਿਆ ਹੈ, “ਗੋਇੰਦਵਾਲ ਮੇਂ ਸ੍ਰੀ ਗੁਰੂ ਅਰਜਨ ਸਾਹਿਬ ਕੇ ਜਾਨੇ ਪਰ ਸੁੰਦਰ ਦਾਸ ਜੀ (ਗੁਰੂ ਅਮਰਦਾਸ ਜੀ ਕੇ ਪੜਪੋਤ੍ਰਾ) ਨੇ ਤੀਸਰੇ ਗੁਰੂ ਸਾਹਿਬ ਕੇ ਪਰਲੋਕ-ਗਮਨ ਕਾ ਸਮਾਚਾਰ (ਸਾਲ 1660 ਬਿ:) ਮੇਂ ਇਸ (ਸੱਦ) ਛੰਦ ਦੁਆਰਾ ਗੁਰੂ ਸਾਹਿਬ ਕੋ ਸੁਨਾਯਾ ਜਿਸ ਕੋ ਗੁਰਸਿਖੋਂ ਕੇ ਹਿਤਾਰਥ (ਪਾਂਚਵੇਂ) ਗੁਰੂ ਅਰਜਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮੇਂ ਲਿਖਵਾਇਆ।”10 ਉਪਰੋਕਤ ਵਿਚਾਰ ਤੋਂ ਸ੍ਵੈ-ਸਪੱਸ਼ਟ ਹੈ ਕਿ ਗੁਰੂ ਅਮਰਦਾਸ ਜੀ ਦੇ ਪੜਪੋਤੇ ਬਾਬਾ ਸੁੰਦਰ ਜੀ ਨੇ ‘ਸਦੁ’ ਲਿਖੀ ਜਿਸ ਵਿਚ ਬਜ਼ੁਰਗਾਂ ਪਾਸੋਂ ਸੁਣੇ ਸਮਾਚਾਰ ਅੰਕਿਤ ਕੀਤੇ ਤੇ ਇਹ ਰਚਨਾ ਉਸ ਸਮੇਂ ਦੀ ਨਹੀਂ ਹੈ ਜਦੋਂ ਸਤਿਗੁਰੂ ਅਮਰਦਾਸ ਜੀ ਜੋਤੀ ਜੋਤਿ ਸਮਾਏ, ਸਗੋਂ ਬਾਅਦ ਦੀ ਹੈ।
(3)
ਇਸ ਬਾਣੀ ਦਾ ਇਤਿਹਾਸਕ ਮਹੱਤਵ ਵੀ ਹੈ। ਸਤਿਗੁਰੂ ਜੀ ਨੇ ਆਪਣੇ ਅੰਤਮ ਸਮੇਂ ਆਪ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਬਖਸ਼ੀ ਸੀ ਅਤੇ ਸਾਰਿਆਂ ਨੂੰ ਭਾਵ ਸੰਗਤ ਤੇ ਪਰਵਾਰ ਨੂੰ ਉਨ੍ਹਾਂ ਦੇ ਚਰਨੀਂ ਲਗਾਇਆ ਸੀ:
ਸਤਿਗੁਰੂ ਪਰਤਖਿ ਹੋਦੈ ਬਹਿ ਰਾਜੁ ਆਪਿ ਟਿਕਾਇਆ॥
ਸਭਿ ਸਿਖ ਬੰਧਪ ਪੁਤ ਭਾਈ ਰਾਮਦਾਸ ਪੈਰੀ ਪਾਇਆ॥ (ਪੰਨਾ 923)
ਸਿੱਖ ਇਤਿਹਾਸ ਤੇ ਮੌਖਿਕ ਪਰੰਪਰਾ ਅਨੁਸਾਰ ਗੁਰੂ-ਪੁੱਤਰਾਂ ਨੇ ਗੁਰੂ ਰਾਮਦਾਸ ਜੀ ਨੂੰ ਗੁਰੂ ਮੰਨਣੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਉਹ ਆਪ ਗੁਰਗੱਦੀ ਦੇ ਵਾਰਸ ਬਣਨ ਦੀ ਕਾਮਨਾ ਕਰਦੇ ਸਨ ਪਰ ਆਖਰ ਸਤਿਗੁਰੂ ਦੇ ਹੁਕਮ ਨੂੰ ਸਿਰ ਨਿਵਾਇਆ ਤੇ ਗੁਰੂ ਰਾਮਦਾਸ ਜੀ ਨੂੰ ਮੱਥਾ ਟੇਕਿਆ ਅਤੇ ਜਿਹੜੇ ਉਨ੍ਹਾਂ ਦੇ ਨਿੰਦਕ ਨਹੀਂ ਨਿਵਦੇ ਸਨ ਉਨ੍ਹਾਂ ਨੂੰ ਸਤਿਗੁਰੂ ਨੇ ਆਪ ਗੁਰੂ ਰਾਮਦਾਸ ਜੀ ਦੇ ਪੈਰੀਂ ਪਾ ਕੇ ਕਲ-ਕਲੇਸ਼ ਦੂਰ ਕਰਨ ਦਾ ਸਫ਼ਲ ਯਤਨ ਕੀਤਾ ਸੀ। ਬਾਬਾ ਸੁੰਦਰ ਜੀ ਦੇ ਬਚਨ ਹਨ:
ਸਤਿਗੁਰੁ ਪੁਰਖੁ ਜਿ ਬੋਲਿਆ ਗੁਰਸਿਖਾ ਮੰਨਿ ਲਈ ਰਜਾਇ ਜੀਉ॥
ਮੋਹਰੀ ਪੁਤੁ ਸਨਮੁਖੁ ਹੋਇਆ ਰਾਮਦਾਸੈ ਪੈਰੀ ਪਾਇ ਜੀਉ॥
ਸਭ ਪਵੈ ਪੈਰੀ ਸਤਿਗੁਰੂ ਕੇਰੀ ਜਿਥੈ ਗੁਰੂ ਆਪੁ ਰਖਿਆ॥
ਕੋਈ ਕਰਿ ਬਖੀਲੀ ਨਿਵੈ ਨਾਹੀ ਫਿਰਿ ਸਤਿਗੁਰੂ ਆਣਿ ਨਿਵਾਇਆ॥
ਹਰਿ ਗੁਰਹਿ ਭਾਣਾ ਦੀਈ ਵਡਿਆਈ ਧੁਰਿ ਲਿਖਿਆ ਲੇਖੁ ਰਜਾਇ ਜੀਉ॥
ਕਹੈ ਸੁੰਦਰੁ ਸੁਣਹੁ ਸੰਤਹੁ ਸਭੁ ਜਗਤੁ ਪੈਰੀ ਪਾਇ ਜੀਉ॥ (ਪੰਨਾ 924)
ਉਪਰੋਕਤ ਵਿਚਾਰ ਤੋਂ ਸਪੱਸ਼ਟ ਹੈ ਕਿ ਗੁਰੂ ਅਮਰਦਾਸ ਜੀ ਨੇ ਆਪਣੇ ਹੱਥੀਂ ਗੁਰਿਆਈ ਸ੍ਰੀ ਗੁਰੂ ਰਾਮਦਾਸ ਜੀ ਨੂੰ ਬਖਸ਼ੀ। ਜੋ ਉਨ੍ਹਾਂ ਨੂੰ ਨਹੀਂ ਮੰਨਦੇ ਸਨ, ਉਨ੍ਹਾਂ ਨੂੰ ਆਪ ਸਤਿਗੁਰੂ ਜੀ ਦੇ ਚਰਨੀਂ ਲਗਾਇਆ। ਇਹ ਅਹਿਸਾਸ ਸਭ ਨੂੰ ਕਰਵਾ ਦਿੱਤਾ ਕਿ ਇਹ ਗੁਰਿਆਈ ਪਰਮਾਤਮਾ ਦੇ ਹੁਕਮ ਅਨੁਸਾਰ ਗੁਰੂ ਰਾਮਦਾਸ ਜੀ ਨੂੰ ਦਿੱਤੀ ਹੈ ਜਿਸ ਨੂੰ ਸਭ ਨੇ ਸਵੀਕਾਰ ਕਰ ਲਿਆ ਅਤੇ ਸਾਰੇ ਉਨ੍ਹਾਂ ਦੇ ਚਰਨੀਂ ਲੱਗ ਕੇ ਸ਼ੁਭ ਮਾਰਗ ’ਤੇ ਚੱਲਣ ਲੱਗੇ। ਇਉਂ ਇਸ ਛੋਟੇ ਆਕਾਰ ਦੀ ਪਾਵਨ ਬਾਣੀ ਨੂੰ ਸਿੱਖ ਇਤਿਹਾਸ ਲਿਖਣ ਲਈ ਸ੍ਰੋਤ ਵਜੋਂ ਵਰਤਿਆ ਜਾ ਸਕਦਾ ਹੈ ਜੋ ਅਤਿ ਪ੍ਰਾਚੀਨ ਤੇ ਪ੍ਰਮਾਣਿਕ ਹੈ।
(4)
ਜਦੋਂ ਬੰਦੇ ਦੀ ਉਮਰ ਖ਼ਤਮ ਹੋ ਜਾਂਦੀ ਹੈ ਤਾਂ ਉਸ ਦੀ ਆਤਮਾ ਸਰੀਰ ਨੂੰ ਤਿਆਗ ਦਿੰਦੀ ਹੈ। ਇਹ ਸਰੀਰ ਨਿਰਜਿੰਦ ਮਿੱਟੀ ਦੀ ਢੇਰੀ ਹੀ ਰਹਿ ਜਾਂਦਾ ਹੈ ਜਿਸ ਨੂੰ ਬਿਲੇ ਲਗਾਉਣ ਲਈ ਵਿਭਿੰਨ ਧਰਮਾਂ ਅਤੇ ਦੇਸ਼ਾਂ ਨੇ ਵਿਭਿੰਨ ਵਿਧੀਆਂ ਅਪਣਾਈਆਂ ਹਨ। ਇਨ੍ਹਾਂ ਰਸਮਾਂ-ਰਿਵਾਜਾਂ ਅਨੁਸਾਰ ਅੰਤਿਮ ਕਿਰਿਆ ਕੀਤੀ ਜਾਂਦੀ ਹੈ। ਹਿੰਦੂ ਧਰਮ ਦੀਆਂ ਇਨ੍ਹਾਂ ਰੀਤਾਂ-ਰਿਵਾਜਾਂ ਨੂੰ ਸਤਿਗੁਰੂ ਜੀ ਨੇ ਅਰਥਹੀਣ ਦੱਸਿਆ ਕਿਉਂਕਿ ਇਨ੍ਹਾਂ ਵਿਚ ਹੁਣ ਦਿਖਾਵਾ ਜਾਂ ਪਾਖੰਡ ਪ੍ਰਧਾਨ ਸੀ। ਸਤਿਗੁਰੂ ਨੇ ਗੁਰਮਤਿ ਅਨੁਸਾਰ ਅੰਤਿਮ ਕਿਰਿਆ-ਕਰਮ ਕਰਨ ਲਈ ਰਾਹ ਵਿਖਾਇਆ। ਇਸ ਦੀ ਮਹੱਤਤਾ ਨੂੰ ਸਮਝਣ ਲਈ ਗੁਰੂ ਸਾਹਿਬ ਤੋਂ ਪੂਰਵ-ਪ੍ਰਚਲਿਤ ਹਿੰਦੂ ਧਰਮ ਦੀਆਂ ਰਸਮਾਂ ਬਾਰੇ ਸੰਖਿਪਤ ਜਾਣਕਾਰੀ ਦੇਣੀ ਜ਼ਰੂਰੀ ਭਾਸਦੀ ਹੈ।
ਹਿੰਦੂ ਧਰਮ ਅਨੁਸਾਰ ਜਦੋਂ ਪ੍ਰਾਣੀ ਅੰਤਿਮ ਸਵਾਸਾਂ ’ਤੇ ਹੁੰਦਾ ਸੀ ਤਾਂ ਉਸ ਨੂੰ ਧਰਤੀ ਉੱਪਰ ਲੰਮਾ ਪਾ ਦਿੱਤਾ ਜਾਂਦਾ ਸੀ ਕਿਉਂਕਿ ਇਹ ਵਿਸ਼ਵਾਸ ਤੇ ਮਾਨਤਾ ਸੀ ਕਿ ਇਉਂ ਜਾਨ ਸੌਖੀ ਨਿਕਲਦੀ ਹੈ। ਉਸ ਦੇ ਨਜ਼ਦੀਕ ਘਿਉ ਦਾ ਦੀਵਾ ਬਾਲ ਕੇ ਰੱਖਿਆ ਜਾਂਦਾ ਹੈ ਤੇ ਕਈ ਥਾਈਂ ਮੁਰਦੇ ਦੀ ਤਲੀ ਉੱਪਰ ਦੀਵਾ ਰੱਖਣ ਦੀ ਰੀਤ ਹੈ। ਲੋਕ-ਵਿਸ਼ਵਾਸ ਹੈ ਕਿ ਇਹ ਦੀਵਾ ਉਸ ਦਾ ਪਰਲੋਕ ਦਾ ਮਾਰਗ ਰੁਸ਼ਨਾਉਂਦਾ ਹੈ ਤੇ ਪ੍ਰਾਣੀ ਅਸਾਨੀ ਨਾਲ ਯਮਲੋਕ ਵਿਚ ਪੁੱਜ ਜਾਂਦਾ ਹੈ। ਹਿੰਦੂ ਸ਼ਾਸਤਰਾਂ ਅਨੁਸਾਰ ਜੀਵਾਤਮਾ ਨੂੰ ਪਿੱਤਰ-ਲੋਕ ਤਕ ਪਹੁੰਚਣ ਲਈ 360 ਦਿਨ ਲੱਗਦੇ ਹਨ ਜਿਸ ਕਾਰਨ ਕਈ ਅੰਧਵਿਸ਼ਵਾਸੀ 360 ਦਿਨ ਘਰ ਦੀਵਾ ਬਾਲ ਕੇ ਰੱਖਦੇ ਹਨ ਕਿ ਉਨ੍ਹਾਂ ਦੇ ਮਰੇ ਸਨਬੰਧੀ ਨੂੰ ਯਮ-ਮਾਰਗ ’ਤੇ ਚਾਨਣਾ ਰਹੇ। ਇਸ ਤੋਂ ਇਲਾਵਾ ਸ਼ਨੀ ਦੇਵਤੇ ਦੇ ਮੰਦਰ ਵਿਚ ਵੀ 360 ਦਿਨ ਦੀਵੇ ਜਗਾਏ ਜਾਂਦੇ ਹਨ।
ਪ੍ਰਾਣੀ ਨਮਿਤ ਦਾਨ ਦੇਣ ਲਈ ਪਿੰਡ ਬਣਾਏ ਜਾਂਦੇ ਹਨ ਜੋ ਜੌਂ ਦੇ ਆਟੇ ਦੇ ਹੁੰਦੇ ਹਨ। ਇਨ੍ਹਾਂ ਪਿੰਡਾਂ ਨੂੰ ਪਤਲਾਂ ’ਤੇ ਰੱਖ ਕੇ ਮਨਸਾਇਆ ਜਾਂਦਾ ਹੈ। ਅਰਥੀ ਜਾਂ ਬਿਬਾਣ ਉੱਪਰ ਮੁਰਦੇ ਨੂੰ ਲਿਟਾ ਕੇ ਇਕ ਪਿੰਡ ਰੱਖਿਆ ਜਾਂਦਾ ਹੈ। ਘਰ ਦਾ ਦਰਵਾਜ਼ਾ ਲੰਘ ਕੇ ਦੂਸਰਾ ਅਤੇ ਪਿੰਡ ਦਾ ਦਰਵਾਜ਼ਾ ਲੰਘ ਕੇ ਤੀਸਰਾ ਅਤੇ ਮਸਾਣਾਂ ਵਿਚ ਚੌਥਾ ਪਿੰਡ ਦੇਣ ਦੀ ਪ੍ਰਥਾ ਹੈ। ਜਦੋਂ ਚਿਖਾ ਤਿਆਰ ਹੋ ਜਾਂਦੀ ਹੈ ਤਾਂ ਮੁਰਦੇ ਦੀ ਛਾਤੀ ਉੱਪਰ ਤੁਲਸੀ ਤੇ ਸੰਦਲ ਦੇ ਪੱਤੇ ਰੱਖ ਕੇ ਆਖ਼ਰੀ ਪਿੰਡ ਦੇਣ ਦੀ ਰਸਮ ਪੂਰੀ ਕੀਤੀ ਜਾਂਦੀ ਹੈ। ਘਰ ਤੇ ਮਸਾਣਾਂ ਦੇ ਦਰਮਿਆਨ ਮਿਰਤਕ ਦੀ ਅਰਥੀ ਰੱਖ ਘੜਾ ਭੰਨਿਆ ਜਾਂਦਾ ਹੈ ਤੇ ਉਸ ਮਿਰਤਕ ਪ੍ਰਾਣੀ ਦੇ ਪੁੱਤਰ ਜਾਂ ਸਕੇ-ਸਨਬੰਧੀ ਧਾਹ ਮਾਰਦੇ ਹਨ। ਇਹ ਲੋਕ-ਵਿਸ਼ਵਾਸ ਹੈ ਕਿ ਮੌਤ ਉਪਰੰਤ ਆਤਮਾ ਸਰੀਰ ਦੇ ਮੋਹ ਕਰਕੇ ਨਾਲ ਫਿਰਦੀ ਹੈ ਜਿਸ ਨੂੰ ਇਸ ਭਿਆਨਕ ਆਵਾਜ਼ ਨਾਲ ਡਰਾ ਕੇ ਭਜਾ ਦਿੱਤਾ ਜਾਂਦਾ ਹੈ। ਇਹ ਵਿਸ਼ਵਾਸ ਵੀ ਹੈ ਕਿ ਆਤਮਾ 13 ਦਿਨ ਪ੍ਰੇਤ ਬਣ ਕੇ ਘਰ ਦੁਆਲੇ ਭਟਕਦੀ ਰਹਿੰਦੀ ਹੈ। ਮ੍ਰਿਤ-ਪ੍ਰਾਣੀ ਦਾ ਪੁੱਤਰ 13 ਦਿਨ ਪਹਿਰ ਰਾਤ ਰਹਿੰਦੀ ਬਹੁਤ ਉੱਚੀ ਆਵਾਜ਼ ਵਿਚ ਢਾਹ ਮਾਰਦਾ ਹੁੰਦਾ ਸੀ, ਜਿਸ ਦਾ ਮੰਤਵ ਪ੍ਰੇਤ-ਆਤਮਾ ਨੂੰ ਡਰਾਉਣਾ ਹੁੰਦਾ ਸੀ। ਮੁਰਦੇ ਨੂੰ ਅਗਨ-ਭੇਟ ਕਰਨ ਮਗਰੋਂ ਜਦੋਂ ਉਸ ਦੀ ਖੋਪੜੀ ਨਜ਼ਰ ਆਉਣ ਲੱਗਦੀ ਹੈ ਤਾਂ ਉਸ ਵਿਚ ਡੰਡਾ ਮਾਰ ਕੇ ਕਪਾਲ-ਕਿਰਿਆ ਕੀਤੀ ਜਾਂਦੀ ਹੈ।
ਮੌਤ ਤੋਂ ਤੀਸਰੇ ਦਿਨ ਮਿਰਤਕ ਦੀਆਂ ਅਸਥੀਆਂ ਚੁਗੀਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਫੁੱਲ ਚੁਗਣੇ ਆਖਿਆ ਜਾਂਦਾ ਹੈ। ਇਸ ਕਾਰਜ ਲਈ ਇਕ ਛੋਟੀ ਜਿਹੀ ਫਹੁੜੀ, ਚਾਰ ਕਿੱਲੀਆਂ ਤੇ ਫੁੱਲ ਪਾਉਣ ਲਈ ਇਕ ਗੁਥਲੀ ਲੈ ਕੇ ਮੜ੍ਹੀਆਂ ਵਿਚ ਜਾਂਦੇ ਹਨ। ਇਸਤਰੀਆਂ ਦੇ ਫੁੱਲ ਪਾਉਣ ਲਈ ਲਾਲ ਅਤੇ ਪੁਰਸ਼ਾਂ ਲਈ ਚਿੱਟੀ ਗੁਥਲੀ ਦੀ ਵਰਤੋਂ ਕੀਤੀ ਜਾਂਦੀ ਹੈ। ਫੁੱਲ ਚੁਗ ਕੇ ਉਨ੍ਹਾਂ ਨੂੰ ਦੁੱਧ ਵਿਚ ਧੋਤਾ ਜਾਂਦਾ ਹੈ। ਫਿਰ ਇਨ੍ਹਾਂ ਨੂੰ ਹਰਿਦੁਆਰ ਜਾ ਕੇ ਗੰਗਾ ਵਿਚ ਪਾਇਆ ਜਾਂਦਾ ਹੈ। ਉਥੇ ਪੰਡਤ ਕਈ ਪ੍ਰਕਾਰ ਦੇ ਕਿਰਿਆ-ਕਰਮ ਕਰਦੇ ਹਨ। ਹਿੰਦੂ ਮਤ ਅਨੁਸਾਰ ਅਜਿਹਾ ਨਾ ਕਰਨ ’ਤੇ ਮਿਰਤਕ ਦੀ ਗਤੀ ਨਹੀਂ ਹੁੰਦੀ ਦਾ ਵਿਸ਼ਵਾਸ ਕੀਤਾ ਜਾਂਦਾ ਹੈ ਤੇ ਸਮਝਿਆ ਜਾਂਦਾ ਹੈ ਕਿ ਉਹ ਭੂਤ-ਪ੍ਰੇਤ ਬਣ ਕੇ ਭਟਕਦਾ ਰਹਿੰਦਾ ਹੈ।
ਮਿਰਤਕ ਦੇ ਸਸਕਾਰ ਤੋਂ ਕਿਰਿਆ ਵਾਲੇ ਦਿਨ ਤਕ ਗਰੁੜ ਪੁਰਾਣ ਦੀ ਕਥਾ ਘਰ ਵਿਚ ਕਰਵਾਈ ਜਾਂਦੀ ਹੈ। ਗਰੁੜ ਵਿਸ਼ਨੂੰ ਦਾ ਵਾਹਣ ਹੈ ਜਿਸ ਨੂੰ ਉਹ ਜਮ-ਮਾਰਗ ਦਾ ਹਾਲ ਸੁਣਾਉਂਦੇ ਹਨ ਜੋ ਭਿਆਨਕ ਹੈ। ਕਥਾਵਾਚਕ ਬ੍ਰਾਹਮਣ ਦੀ ਪ੍ਰਸੰਨਤਾ ਹਾਸਲ ਕਰਨੀ ਅਤਿ ਜ਼ਰੂਰੀ ਸਮਝੀ ਜਾਂਦੀ ਹੈ ਕਿਉਂਕਿ ਇਸ ਦੀ ਪ੍ਰਸੰਨਤਾ ਕਾਰਨ ਹੀ ਵਿਸ਼ਨੂੰ ਦੇਵਤਾ ਪ੍ਰਸੰਨ ਹੁੰਦੇ ਖ਼ਿਆਲ ਕੀਤੇ ਜਾਂਦੇ ਹਨ। ਕਥਾਵਾਚਕ ਬ੍ਰਾਹਮਣ ਨੂੰ ਗਊ, ਅੰਨ, ਧਨ, ਸੋਨਾ, ਬਸਤਰ ਆਦਿ ਦਾਨ ਕੀਤੇ ਜਾਂਦੇ ਹਨ।
ਮਰਨ ਤੋਂ ਸਾਲ ਮਗਰੋਂ ਬਰਸੀ/ਵਰ੍ਹੀਣਾ ਕੀਤਾ ਜਾਂਦਾ ਹੈ। ਪ੍ਰਾਣੀ ਨਮਿਤ ਪੁੰਨ-ਦਾਨ ਕੀਤਾ ਜਾਂਦਾ ਹੈ। ਸਭ ਨੂੰ ਰੋਟੀ ਆਦਿ ਖੁਆਈ ਜਾਂਦੀ ਹੈ। ਹਰ ਸਾਲ ਸ਼ਰਾਧ ਕੀਤੇ ਜਾਂਦੇ ਹਨ। ਬਹੁਤ ਲੰਮੀ ਉਮਰ ਭੋਗ ਕੇ ਮਰੇ ਪੜਪੋਤਰਿਆਂ ਵਾਲੇ ਵਿਅਕਤੀ ਨੂੰ ਵੱਡਾ ਕੀਤਾ ਜਾਂਦਾ ਹੈ। ਉਸ ਦੀ ਅਰਥੀ ਫੁੱਲਾਂ ਨਾਲ ਸਜਾਈ ਜਾਂਦੀ ਹੈ। ਸੁੰਦਰ ਕੱਪੜਿਆਂ ਵਿਚ ਦੇਹ ਕੱਜੀ ਜਾਂਦੀ ਹੈ। ਪੋਤਰੇ-ਪੜਪੋਤਰੇ ਉਸ ਦੀ ਅਰਥੀ ਉੱਪਰੋਂ ਮਖਾਣੇ, ਛੁਹਾਰੇ ਤੇ ਪੈਸੇ ਦੀ ਸੋਟ ਕਰਦੇ ਹਨ। ਇਸ ਅੰਤਿਮ ਰਸਮ ਨੂੰ ਬਿਬਾਣ ਕੱਢਣਾ ਆਖਿਆ ਜਾਂਦਾ ਹੈ। ਇਹ ਰਸਮਾਂ ਅੱਜ ਵੀ ਹਿੰਦੂ ਪਰਵਾਰਾਂ ਵਿਚ ਪ੍ਰਚਲਿਤ ਹਨ।
(5)
ਗੁਰੂ ਨਾਨਕ ਸਾਹਿਬ ਦੇ ਆਗਮਨ ਨਾਲ ਦੇਸ਼ ਦੇ ਲੋਕ-ਜੀਵਨ ਵਿਚ ਬਹੁਤ ਭਾਰੀ ਪਰਿਵਰਤਨ ਆਇਆ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਜੀਵਨ-ਮਰਨ ਪ੍ਰਭੂ ਦੀ ਰਜ਼ਾ ਹੈ। ਸਮੇਂ ਨਾਲ ਸਭ ਨੇ ਹੀ ਇਸ ਸੰਸਾਰ ਨੂੰ ਤਿਆਗਣਾ ਹੈ। ਇਸ ਅਸਲੀਅਤ ਦਾ ਗਿਆਨ ਜਿਸ ਨੂੰ ਹੋਵੇਗਾ ਉਹ ਕਦੇ ਵੀ ਨਹੀਂ ਰੋਵੇਗਾ ਸਗੋਂ ਪ੍ਰਭੂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨੇਗਾ ਤੇ ਸਹਿਜ ਅਵਸਥਾ ਵਿਚ ਟਿਕਿਆ ਰਹੇਗਾ।
ਸਤਿਗੁਰੂ ਦਾ ਵਿਚਾਰ ਹੈ ਇਹ ਦੀਵਾ ਜਗਾਉਣਾ, ਪਿੰਡ ਭਰਾਉਣੇ, ਸ਼ਰਾਧ ਆਦਿ ਕਰਨੇ ਫੋਕਟ ਕਰਮ ਹਨ ਕਿਉਂਕਿ ਜਮ-ਮਾਰਗ ਤੇ ਪਰਲੋਕ ਵਿਚ ਤਾਂ ਕੇਵਲ ਸ਼ੁਭ ਕਰਮ, ਪ੍ਰਭੂ ਨਾਮ-ਸਿਮਰਨ ਅਤੇ ਉੱਚਾ ਆਚਾਰ ਹੀ ਕੰਮ ਆਉਂਦਾ ਹੈ। ਅਜਿਹਾ ਮਨੁੱਖ ਹੀ ਮੁਕਤ ਹੋ ਕੇ ਸੱਚਖੰਡ ਵਿਚ ਸਦੀਵ-ਕਾਲ ਲਈ ਟਿਕ ਜਾਂਦਾ ਹੈ। ਗੁਰੂ ਅਮਰਦਾਸ ਜੀ ਨੇ ਅੰਤਿਮ ਸਮੇਂ ਜੋ ਉਪਦੇਸ਼ ਸੰਗਤਾਂ ਤੇ ਪਰਵਾਰ ਦੇ ਜੀਆਂ ਨੂੰ ਦਿੱਤਾ ਉਹ ਗੁਰੂ ਨਾਨਕ ਸਾਹਿਬ ਵਾਲਾ ਹੈ। ਆਪ ਜੀ ਦਾ ਆਦੇਸ਼ ਹੈ ਕਿ ਪਰਮਾਤਮਾ ਹਮੇਸ਼ਾਂ ਆਪਣੇ ਭਗਤਾਂ ਨੂੰ ਪਿਆਰ ਕਰਦਾ ਹੈ ਤੇ ਉਨ੍ਹਾਂ ਦੀ ਲੋਕ- ਪਰਲੋਕ ਵਿਚ ਰੱਖਿਆ ਕਰਦਾ ਹੈ। ਗੁਰੂ ਅਮਰਦਾਸ ਜੀ ਪ੍ਰਭੂ ਦੇ ਭਗਤ ਹਨ ਤੇ ਉਨ੍ਹਾਂ ਨੂੰ ਪਰਮ-ਪਦਵੀ ਪ੍ਰਾਪਤ ਹੋਈ ਹੈ। ਬਾਬਾ ਸੁੰਦਰ ਜੀ ਦੇ ਬਚਨ ਹਨ:
ਪਰਸਾਦਿ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵਹੇ॥ (ਪੰਨਾ 923)
ਪਰਮਾਤਮਾ ਦਾ ਭਾਣਾ ਹੈ ਕਿ ਗੁਰੂ ਜੀ ਨੂੰ ਇਸ ਸੰਸਾਰ ਵਿੱਚੋਂ ਪਰਲੋਕ ਜਾਣ ਲਈ ਸੱਦਾ ਆਇਆ ਹੈ। ਆਪ ਨੇ ਖਿੜੇ-ਮੱਥੇ ਮੰਨਿਆ ਹੈ:
ਹਰਿ ਭਾਣਾ ਗੁਰ ਭਾਇਆ ਗੁਰੁ ਜਾਵੈ ਹਰਿ ਪ੍ਰਭ ਪਾਸਿ ਜੀਉ॥ (ਪੰਨਾ 923)
ਸਤਿਗੁਰੂ ਨੇ ਅੰਤਿਮ ਸਮੇਂ ਪਰਮਾਤਮਾ ਦੇ ਨਾਮ ਦੀ ਮਹਿਮਾ ਕਹੀ ਤੇ ਪਰਮਾਤਮਾ ਦੇ ਸਨਮੁਖ ਅਰਜ਼ੋਈ ਕੀਤੀ, ‘ਆਪ ਪਰਲੋਕ ਵਿਚ ਰਖਿਆ ਕਰੋ ਕਿਉਂਕਿ ਨਾਮ ਹੀ ਸਭ ਥਾਂ ਸਹਾਈ ਹੁੰਦਾ ਹੈ, ਉਸ ਦਾ ਜਾਪ ਕੀਤਾ। ਸਤਿਗੁਰੂ ਜੀ ਦੀ ਅਰਦਾਸ ਪ੍ਰਭੂ ਨੇ ਸੁਣੀ ਤੇ ਉਨ੍ਹਾਂ ਦੀ ਉੱਚ ਕਰਨੀ ਨੂੰ ਸ਼ਾਬਾਸ਼ ਦਿੱਤੀ। ਬਾਬਾ ਸੁੰਦਰ ਜੀ ਦੇ ਸ਼ਬਦ ਹਨ:
ਸਤਿਗੁਰੁ ਕਰੇ ਹਰਿ ਪਹਿ ਬੇਨਤੀ ਮੇਰੀ ਪੈਜ ਰਖਹੁ ਅਰਦਾਸਿ ਜੀਉ॥
ਪੈਜ ਰਾਖਹੁ ਹਰਿ ਜਨਹ ਕੇਰੀ ਹਰਿ ਦੇਹੁ ਨਾਮੁ ਨਿਰੰਜਨੋ॥
ਅੰਤਿ ਚਲਦਿਆ ਹੋਇ ਬੇਲੀ ਜਮਦੂਤ ਕਾਲੁ ਨਿਖੰਜਨੋ॥
ਸਤਿਗੁਰੂ ਕੀ ਬੇਨਤੀ ਪਾਈ ਹਰਿ ਪ੍ਰਭਿ ਸੁਣੀ ਅਰਦਾਸਿ ਜੀਉ॥
ਹਰਿ ਧਾਰਿ ਕਿਰਪਾ ਸਤਿਗੁਰੁ ਮਿਲਾਇਆ ਧਨੁ ਧਨੁ ਕਹੈ ਸਾਬਾਸਿ ਜੀਉ॥ (ਪੰਨਾ 923)
ਗੁਰੂ ਅਮਰਦਾਸ ਜੀ ਨੇ ਮੌਤ ਦੀ ਅਟੱਲਤਾ ਬਾਰੇ ਸਪੱਸ਼ਟ ਕੀਤਾ ਹੈ ਕਿ ਆਉਣਾ-ਜਾਣਾ ਪ੍ਰਭੂ ਦੇ ਭਾਣੇ ਵਿਚ ਹੈ। ਪ੍ਰਭੂ-ਇੱਛਾ ਹੈ ਕਿ ਮੈਂ ਉਨ੍ਹਾਂ ਪਾਸ ਜਾਵਾਂ। ਮੈਂ ਜਾ ਰਿਹਾ ਹਾਂ। ਭਾਣੇ ਵਿਚ ਹਾਂ ਜਿਸ ਕਾਰਨ ਪਰਮਾਤਮਾ ਪ੍ਰਸੰਨ ਹੈ। ਤੁਸੀਂ ਮੇਰੇ ਪਰਵਾਰ ਵਾਲੇ ਸਭ ਇਹ ਮੰਨ ਲਉ ਕਿ ਇਹ ਪ੍ਰਭੂ-ਦਰਗਾਹ ਨੂੰ ਕੂਚ ਅਟੱਲ ਹੈ। ਇਸ ਵਿਚ ਕੋਈ ਵਿਘਨ ਪਾਉਣ ਦੇ ਸਮਰੱਥ ਨਹੀਂ ਹੈ। ਬਾਬਾ ਸੁੰਦਰ ਜੀ ਦੇ ਬਚਨ ਹਨ:
ਮੇਰੇ ਸਿਖ ਸੁਣਹੁ ਪੁਤ ਭਾਈਹੋ ਮੇਰੈ ਹਰਿ ਭਾਣਾ ਆਉ ਮੈ ਪਾਸਿ ਜੀਉ॥
ਹਰਿ ਭਾਣਾ ਗੁਰ ਭਾਇਆ ਮੇਰਾ ਹਰਿ ਪ੍ਰਭੁ ਕਰੇ ਸਾਬਾਸਿ ਜੀਉ॥
ਭਗਤੁ ਸਤਿਗੁਰੁ ਪੁਰਖੁ ਸੋਈ ਜਿਸੁ ਹਰਿ ਪ੍ਰਭ ਭਾਣਾ ਭਾਵਏ॥
ਆਨੰਦ ਅਨਹਦ ਵਜਹਿ ਵਾਜੇ ਹਰਿ ਆਪਿ ਗਲਿ ਮੇਲਾਵਏ॥
ਤੁਸੀ ਪੁਤ ਭਾਈ ਪਰਵਾਰੁ ਮੇਰਾ ਮਨਿ ਵੇਖਹੁ ਕਰਿ ਨਿਰਜਾਸਿ ਜੀਉ॥
ਧੁਰਿ ਲਿਖਿਆ ਪਰਵਾਣਾ ਫਿਰੈ ਨਾਹੀ ਗੁਰੁ ਜਾਇ ਹਰਿ ਪ੍ਰਭ ਪਾਸਿ ਜੀਉ॥ (ਪੰਨਾ 923)
ਸਤਿਗੁਰੂ ਅਮਰਦਾਸ ਜੀ ਨੇ ਆਪਣੀ ਇੱਛਾ ਅਨੁਸਾਰ ਸਾਰੇ ਪਰਵਾਰ ਨੂੰ ਪਾਸ ਬੁਲਾਇਆ ਅਤੇ ਉਨ੍ਹਾਂ ਨੂੰ ਉਪਦੇਸ਼ ਦਿੱਤਾ ਜਾਂ ਹਦਾਇਤ ਕੀਤੀ ਕਿ ਮੇਰੇ ਪਰਲੋਕ ਗਮਨ ਤੋਂ ਬਾਅਦ ਕਿਸੇ ਨੇ ਬਿਲਕੁਲ ਨਹੀਂ ਰੋਣਾ ਜੈਸੇ ਦੁਨੀਆਂ ਦੇ ਹੋਰ ਲੋਕ ਕਰਦੇ ਨੇ। ਜੇ ਕੋਈ ਰੋਵੇਗਾ ਤਾਂ ਮੈਨੂੰ ਇਹ ਬਿਲਕੁਲ ਚੰਗਾ ਨਹੀਂ ਲੱਗੇਗਾ। ਜੇਕਰ ਬੰਦੇ ਦੇ ਕਿਸੇ ਦੋਸਤ-ਮਿੱਤਰ ਨੂੰ ਕੋਈ ਵਡਿਆਈ ਮਿਲਦੀ ਹੈ ਤਾਂ ਉਹ ਪ੍ਰਸੰਨ ਹੁੰਦਾ ਹੈ। ਪਿਆਰਿਓ! ਮੈਨੂੰ ਵੀ ਤਾਂ ਪ੍ਰਭੂ ਦੀ ਦਰਗਾਹ ਵਿਚ ਆਦਰ-ਮਾਣ ਮਿਲ ਰਿਹਾ ਹੈ। ਸੋ ਤੁਸੀਂ ਸਾਰੇ ਪ੍ਰਸੰਨ ਹੋਣਾ। ਰੋਣਾ ਨਹੀਂ ਜੀ। ਬਾਬਾ ਸੁੰਦਰ ਜੀ ਦੇ ਬਚਨ ਹਨ:
ਸਤਿਗੁਰਿ ਭਾਣੈ ਆਪਣੈ ਬਹਿ ਪਰਵਾਰੁ ਸਦਾਇਆ॥
ਮਤ ਮੈ ਪਿਛੈ ਕੋਈ ਰੋਵਸੀ ਸੋ ਮੈ ਮੂਲਿ ਨ ਭਾਇਆ॥
ਮਿਤੁ ਪੈਝੈ ਮਿਤੁ ਬਿਗਸੈ ਜਿਸੁ ਮਿਤ ਕੀ ਪੈਜ ਭਾਵਏ॥
ਤੁਸੀ ਵੀਚਾਰਿ ਦੇਖਹੁ ਪੁਤ ਭਾਈ ਹਰਿ ਸਤਿਗੁਰੂ ਪੈਨਾਵਏ॥ (ਪੰਨਾ 923)
ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੇ ਸਨਬੰਧੀਆਂ ਤੇ ਸਿੱਖਾਂ ਨੂੰ ਹੁਕਮ ਦਿੱਤਾ ਕਿ ਮੇਰੇ ਪਰਲੋਕ ਗਮਨ ਉਪਰੰਤ ਕੀਰਤਨ ਕਰਿਓ ਅਤੇ ਪਰਮਾਤਮਾ ਦੇ ਪੰਡਤਾਂ ਭਾਵ ਸੰਤ-ਜਨਾਂ ਨੂੰ ਬੁਲਾ ਲਿਓ ਜੋ ਹਰਿ-ਜਸ ਦਾ ਗਾਇਨ ਕਰਨ ਜਾਂ ਬਾਤਾਂ ਪਾਉਣ। ਅਕਾਲ ਪੁਰਖ ਦੀ ਕਥਾ ਹੀ ਕੀਤੀ ਜਾਣੀ ਚਾਹੀਦੀ ਹੈ। ਪ੍ਰਭੂ-ਨਾਮ ਹੀ ਸੁਣਿਆ ਜਾਣਾ ਚਾਹੀਦਾ ਹੈ। ਗੁਰੂ ਨੂੰ ਸਿਰਫ਼ ਪਰਮਾਤਮਾ ਦਾ ਪਿਆਰ ਹੀ ਚੰਗਾ ਲੱਗਦਾ ਹੈ। ਪਿੰਡ, ਪਤਲ, ਦੀਵਾ, ਫੁਲ ਆਦਿ ਸਭਨਾਂ ਨੂੰ ਗੁਰੂ ਸਤਸੰਗ ਤੋਂ ਸਦਕੇ ਕਰਦਾ ਹੈ। ਇਸ ਦਾ ਭਾਵ ਹੈ ਪਰੰਪਰਾਗਤ ਰਸਮਾਂ ਨੂੰ ਤਿਆਗ ਕੇ ਇਨ੍ਹਾਂ ਨਵੇਂ ਵਿਚਾਰਾਂ ਨੂੰ ਅਪਣਾਇਆ ਜਾਵੇ। ਬਾਬਾ ਸੁੰਦਰ ਜੀ ਦੇ ਬਚਨ ਹਨ:
ਅੰਤੇ ਸਤਿਗੁਰੁ ਬੋਲਿਆ ਮੈ ਪਿਛੈ ਕੀਰਤਨੁ ਕਰਿਅਹੁ ਨਿਰਬਾਣੁ ਜੀਉ॥
ਕੇਸੋ ਗੋਪਾਲ ਪੰਡਿਤ ਸਦਿਅਹੁ ਹਰਿ ਹਰਿ ਕਥਾ ਪੜਹਿ ਪੁਰਾਣੁ ਜੀਉ॥
ਹਰਿ ਕਥਾ ਪੜੀਐ ਹਰਿ ਨਾਮੁ ਸੁਣੀਐ ਬੇਬਾਣੁ ਹਰਿ ਰੰਗੁ ਗੁਰ ਭਾਵਏ॥
ਪਿੰਡੁ ਪਤਲਿ ਕਿਰਿਆ ਦੀਵਾ ਫੁਲ ਹਰਿ ਸਰਿ ਪਾਵਏ॥ (ਪੰਨਾ 923)
ਜੋ-ਜੋ ਹੁਕਮ ਸ੍ਰੀ ਗੁਰੂ ਅਮਰਦਾਸ ਜੀ ਨੇ ਕੀਤੇ ਉਨ੍ਹਾਂ ਨੂੰ ਸਿੱਖਾਂ ਨੇ ਸਵੀਕਾਰ ਕਰ ਲਿਆ ਅਤੇ ਉਸ ਅਨੁਸਾਰ ਭਵਿੱਖ ਵਿਚ ਚੱਲਣ ਦਾ ਯਤਨ ਕੀਤਾ।
ਉਪਰੋਕਤ ਵਿਚਾਰ ਤੋਂ ਸਵੈ-ਸਪੱਸ਼ਟ ਹੈ ਕਿ:
(ੳ) ‘ਸਦੁ’ ਦੀ ਰਚਨਾ ਗੁਰੂ ਅਮਰਦਾਸ ਜੀ ਦੇ ਪੜਪੋਤਰੇ ਨੇ ਉਨ੍ਹਾਂ ਦੇ ਜੋਤੀ ਜੋਤਿ ਸਮਾਉਣ ਤੋਂ ਕਾਫੀ ਵਰ੍ਹਿਆਂ ਮਗਰੋਂ ਕੀਤੀ ਤੇ ਉਹ ਵਿਚਾਰ ਅੰਕਿਤ ਕੀਤੇ ਜੋ ਉਨ੍ਹਾਂ ਨੇ ਆਪਣੇ ਬਜ਼ੁਰਗਾਂ ਪਾਸੋਂ ਸੁਣੇ ਸਨ। ਉਹ ਆਪ ਚਸ਼ਮਦੀਦ ਗੁਆਹ ਨਹੀਂ ਸਨ।
(ਅ) ਗੁਰੂ ਅਮਰਦਾਸ ਜੀ ਨੇ ਆਪਣੇ ਅੰਤਿਮ ਸਮੇਂ ਆਪ ਸ੍ਰੀ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਬਖਸ਼ੀ। ਉਨ੍ਹਾਂ ਨੇ ਪਰਵਾਰ ਤੇ ਸਿੱਖਾਂ ਨੂੰ ਉਨ੍ਹਾਂ ਦੇ ਚਰਨੀਂ ਲਗਾਇਆ। ਜੋ ਆਕੀ ਸਨ ਉਨ੍ਹਾਂ ਨੂੰ ਵੀ ਚਰਨ ਪਰਸਣ ਲਈ ਹੁਕਮ ਕੀਤਾ।
(ੲ) ਸਾਰੇ ਧਰਮਾਂ ਵਿਚ ਮਿਰਤਕ ਸਰੀਰ ਨੂੰ ਵਿਲੀਨ ਕਰਨ ਲਈ ਵਿਸ਼ਵਾਸਾਂ ਅਨੁਸਾਰ ਕਾਰਵਾਈ ਕੀਤੀ ਜਾਂਦੀ ਹੈ। ਹਿੰਦੂ ਧਰਮ ਦੇ ਆਪਣੇ ਨਿਯਮ ਹਨ ਜਿਨ੍ਹਾਂ ਅਨੁਸਾਰ ਕਿਰਿਆ-ਕਰਮ ਤੇ ਅੰਤਿਮ ਸਮਾਗਮ ਕੀਤਾ ਜਾਂਦਾ ਹੈ। ਗੁਰੂ ਅਮਰਦਾਸ ਜੀ ਨੇ ਇਨ੍ਹਾਂ ਰਸਮਾਂ-ਰਿਵਾਜਾਂ ਨੂੰ ਫੋਕਟ ਮੰਨਿਆ ਜਿਸ ਕਾਰਨ ਉਨ੍ਹਾਂ ਨੇ ਰੋਣ-ਪਿੱਟਣ ਤੋਂ ਵਰਜਿਆ। ਸਰੀਰ ਸ਼ਾਂਤ ਹੋਣ ਉਪਰੰਤ ਹਰਿ-ਜਸ, ਹਰਿ-ਕੀਰਤਨ ਕਰਨ ਦਾ ਹੁਕਮ ਕੀਤਾ। ਸੰਤ-ਜਨਾਂ ਨੂੰ ਹਰਿ-ਕਥਾ ਕਰਨ ਲਈ ਬੁਲਾਉਣ ਦਾ ਹੁਕਮ ਕਰ ਕੇ ਗਰੁੜ ਪੁਰਾਣ ਦੀ ਕਥਾ ਤੋਂ ਵਰਜਿਆ ਕਿਉਂਕਿ ਉਸ ਵਿਚ ਪ੍ਰਭੂ ਦੀ ਥਾਂ ਦੇਵਤਿਆਂ ਦੀ ਕਥਾ ਹੈ ਅਤੇ ਜਮ-ਮਾਰਗ ਦੀਆਂ ਕਠਿਨਾਈਆਂ ਦਾ ਜ਼ਿਕਰ ਹੈ ਜੋ ਪ੍ਰਾਣੀ ਨੂੰ ਡਰਾਉਣ ਲਈ ਹੈ। ਮੌਤ ਅਟੱਲ ਹੈ। ਫਿਰ ਡਰ ਕਿਉਂ? ਚੰਗੇ ਜੀਵਨ ਵਾਲੇ, ਭਜਨ-ਪਾਠ ਕਰਨ ਵਾਲੇ, ਸ਼ੁਭ ਆਚਰਣ ਵਾਲੇ, ਪ੍ਰਭੂ ਦੇ ਭਗਤਾਂ ਨੂੰ ਮੌਤ ਦਾ ਡਰ ਕਿਉਂ ਹੋਵੇ? ਪਾਪੀ ਡਰਨ। ਸਤਿਗੁਰੂ ਨੇ ਅਜਿਹੇ ਵਿਚਾਰ ਦਿੱਤੇ ਹਨ। ਪਿੰਡ ਭਰਾਉਣੇ, ਰੋਣਾ ਪਿੱਟਣਾ, ਫੁੱਲ ਪਾਉਣੇ, ਸ਼ਰਾਧ ਕਰਨੇ, ਪੰਡਤਾਂ ਨੂੰ ਦਾਨ ਆਦਿ ਕਰਨ ਦੀ ਪ੍ਰਥਾ ਨੂੰ ਉਨ੍ਹਾਂ ਨੇ ਖ਼ਤਮ ਕਰ ਕੇ ਸਿੱਖਾਂ ਨੂੰ ਪ੍ਰਭੂ/ਗੁਰੂ-ਚਰਨਾਂ ਨਾਲ ਜੋੜਿਆ। ਮੌਤ ਨੂੰ ਅਟੱਲ ਮੰਨਦਿਆਂ ਰੋਸ ਕਰਨ, ਸੋਗ ਕਰਨ ਤੋਂ ਵਰਜਿਆ। ਇਹ ਵਿਚਾਰ ਮੱਧ-ਕਾਲ ਵਿਚ ਕ੍ਰਾਂਤੀਕਾਰੀ ਸਨ ਤੇ ਅੱਜ ਵੀ ਕ੍ਰਾਂਤੀਕਾਰੀ ਹਨ।
ਵਿਸਥਾਰ ਲਈ ਦੇਖੋ:
(ੳ) ਪ੍ਰੋ. ਵਣਜਾਰਾ ਬੇਦੀ, ਲੋਕਧਾਰਾ ਵਿਸ਼ਵ ਕੋਸ਼,
(ਅ) ਪ੍ਰੋ. ਸਾਹਿਬ ਸਿੰਘ ਸਦੁ ਸਟੀਕ;
(ੲ) ਭਾਈ ਕਾਨ੍ਹ ਸਿੰਘ ਨਾਭਾ, ਸਦੁ ਪ੍ਰਮਾਰਥ,
(ਸ) ਕਿਰਪਾਲ ਸਿੰਘ (ਸੰਤ), ਸ੍ਰੀ ਗੁਰੂ ਗ੍ਰੰਥ ਸਾਹਿਬ ਸੰਪ੍ਰਦਾਈ ਸਟੀਕ ਆਦਿ।
ਲੇਖਕ ਬਾਰੇ
# 8 ਦਸਮੇਸ਼ ਨਗਰ, ਪੁਲੀਸ ਲਾਈਨ ਰੋਡ, ਪਟਿਆਲਾ
- ਪ੍ਰੋ. ਗੁਰਮੁਖ ਸਿੰਘhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%97%e0%a9%81%e0%a8%b0%e0%a8%ae%e0%a9%81%e0%a8%96-%e0%a8%b8%e0%a8%bf%e0%a9%b0%e0%a8%98/October 1, 2007
- ਪ੍ਰੋ. ਗੁਰਮੁਖ ਸਿੰਘhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%97%e0%a9%81%e0%a8%b0%e0%a8%ae%e0%a9%81%e0%a8%96-%e0%a8%b8%e0%a8%bf%e0%a9%b0%e0%a8%98/May 1, 2008
- ਪ੍ਰੋ. ਗੁਰਮੁਖ ਸਿੰਘhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%97%e0%a9%81%e0%a8%b0%e0%a8%ae%e0%a9%81%e0%a8%96-%e0%a8%b8%e0%a8%bf%e0%a9%b0%e0%a8%98/August 1, 2009
- ਪ੍ਰੋ. ਗੁਰਮੁਖ ਸਿੰਘhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%97%e0%a9%81%e0%a8%b0%e0%a8%ae%e0%a9%81%e0%a8%96-%e0%a8%b8%e0%a8%bf%e0%a9%b0%e0%a8%98/
- ਪ੍ਰੋ. ਗੁਰਮੁਖ ਸਿੰਘhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%97%e0%a9%81%e0%a8%b0%e0%a8%ae%e0%a9%81%e0%a8%96-%e0%a8%b8%e0%a8%bf%e0%a9%b0%e0%a8%98/August 1, 2010