editor@sikharchives.org
Saka Paunta Sahib

ਸਾਕਾ ਪਾਉਂਟਾ ਸਾਹਿਬ

ਇਸ ਪਵਿੱਤਰ ਅਸਥਾਨ ’ਤੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1685 ਈ. ਤੋਂ 1689 ਈ. ਤਕ ਲਗਾਤਾਰ ਚਾਰ ਸਾਲ ਨਿਵਾਸ ਕੀਤਾ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਜ਼ਿਲ੍ਹਾ ਸਿਰਮੌਰ ਦੀ ਦੂਨ, ਨਾਹਨ ਦੇ ਰਾਜਾ ਮੇਦਨੀ ਪ੍ਰਕਾਸ਼ ਦੇ ਰਾਜ ਦੇ ਕੁਝ ਹਿੱਸੇ ’ਤੇ ਸ੍ਰੀਨਗਰ (ਗੜ੍ਹਵਾਲ) ਦੇ ਰਾਜਾ ਫਤਹਿ ਸ਼ਾਹ ਨੇ ਕਬਜ਼ਾ ਕਰ ਲਿਆ ਸੀ। ਰਾਜਾ ਮੇਦਨੀ ਪ੍ਰਕਾਸ਼ ਨੇ ਆਪਣੇ ਵਜ਼ੀਰਾਂ ਦੀ ਸਲਾਹ ਮੰਨ ਕੇ ਆਪਣੇ ਇਕ ਸਭ ਤੋਂ ਵੱਡੇ ਵਜ਼ੀਰ ਸੋਭਾ ਰਾਮ ਨੂੰ ਕਈ ਕੀਮਤੀ ਨਜ਼ਰਾਨੇ ਦੇ ਕੇ ਗੁਰੂ ਸਾਹਿਬ ਜੀ ਪਾਸ ਭੇਜਿਆ ਅਤੇ ਨਾਹਨ ਆ ਕੇ ਦਰਸ਼ਨ ਦੇਣ ਦੀ ਬੇਨਤੀ ਕੀਤੀ। ਕਲਗੀਧਰ ਪਾਤਸ਼ਾਹ ਰਾਜਾ ਮੇਦਨੀ ਪ੍ਰਕਾਸ਼ ਦੀ ਬੇਨਤੀ ਪ੍ਰਵਾਨ ਕਰ ਕੇ 500 ਸੈਨਾਬੱਧ ਫੌਜੀ ਜੁਆਨਾਂ ਨਾਲ 1685 ਈ. ਨੂੰ ਨਾਹਨ ਪੁੱਜ ਗਏ। ਰਾਜਾ ਮੇਦਨੀ ਪ੍ਰਕਾਸ਼ ਨੇ ਆਪਣੇ ਅਹਿਲਕਾਰਾਂ ਅਤੇ ਸੰਗਤਾਂ ਸਹਿਤ ਗੁਰੂ ਜੀ ਦਾ ਸ਼ਾਹੀ ਸੁਆਗਤ ਕੀਤਾ।

ਗੁਰੂ ਜੀ ਦੇ ਆਉਣ ਦੀ ਖ਼ਬਰ ਸੁਣ ਕੇ ਰਾਜਾ ਫਤਹਿ ਸ਼ਾਹ ਘਬਰਾ ਗਿਆ ਅਤੇ ਉਸ ਨੇ ਮੇਦਨੀ ਪ੍ਰਕਾਸ਼ ਦਾ ਖੋਹਿਆ ਇਲਾਕਾ ਵਾਪਸ ਕਰ ਦਿੱਤਾ। ਰਾਜਾ ਮੇਦਨੀ ਪ੍ਰਕਾਸ਼ ਨੇ ਗੁਰੂ ਜੀ ਨੂੰ ਆਪਣੇ ਪਾਸ ਪੱਕਾ ਨਿਵਾਸ ਕਰਨ ਲਈ ਬੇਨਤੀ ਕੀਤੀ ਅਤੇ ਇਸ ਲਈ ਸੁਹਣੇ-ਸੁਹਣੇ ਟਿਕਾਣੇ ਦਿਖਾਏ। ਇਕ ਦਿਨ ਸੈਰ ਕਰਦੇ ਗੁਰੂ ਸਾਹਿਬ ਜੀ ਨੇ ਜਮਨਾ ਦੇ ਕਿਨਾਰੇ ’ਤੇ ਇਕ ਥਾਂ ਪਸੰਦ ਕੀਤੀ ਜੋ ਅਤਿ ਰਮਣੀਕ ਸੀ। ਸੋ ਮੱਘਰ ਦੇ ਮਹੀਨੇ 1742 ਬਿਕਰਮੀ (ਸੰਨ 1685) ਨੂੰ ਪਾਉਂਟਾ ਸਾਹਿਬ ਦੀ ਨੀਂਹ ਰੱਖੀ ਗਈ। ਇਸ ਪਵਿੱਤਰ ਅਸਥਾਨ ’ਤੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1685 ਈ. ਤੋਂ 1689 ਈ. ਤਕ ਲਗਾਤਾਰ ਚਾਰ ਸਾਲ ਨਿਵਾਸ ਕੀਤਾ। ਇਸੇ ਜਗ੍ਹਾ ’ਤੇ ਕਲਗੀਧਰ ਪਾਤਸ਼ਾਹ ਨੇ 52 ਕਵੀ ਰੱਖ ਕੇ ਕੋਮਲ ਹੁਨਰ ਤੇ ਸਾਹਿਤ ਰਚ ਕੇ ਉਸ ਦਾ ਸਤਿਕਾਰ ਕਰਨਾ ਸਿਖਾਇਆ। ਇਸੇ ਜਗ੍ਹਾ ’ਤੇ ਪੀਰ ਬੁੱਧੂ ਸ਼ਾਹ ਨੇ ਆਪਣੇ ਚਾਰ ਸਪੁੱਤਰ ਬਾਈਧਾਰ ਦੇ ਰਾਜਿਆਂ ਨਾਲ ਭੰਗਾਣੀ ਦੇ ਯੁੱਧ ਦੇ ਸਮੇਂ ਗੁਰੂ ਜੀ ਤੋਂ ਕੁਰਬਾਨ ਕੀਤੇ। ਪੀਰ ਬੁੱਧੂ ਸ਼ਾਹ ਜਦੋਂ ਗੁਰੂ ਜੀ ਦੇ ਦਰਸ਼ਨ ਕਰਨ ਲਈ ਆਇਆ ਤਾਂ ਗੁਰੂ ਸਾਹਿਬ ਉਸ ਸਮੇਂ ਕੇਸਾਂ ਵਿਚ ਕੰਘਾ ਕਰ ਰਹੇ ਸਨ, ਗੁਰੂ ਸਾਹਿਬ ਤੋਂ ਕੰਘੇ ਵਿਚ ਅੜੇ ਕੇਸਾਂ ਸਮੇਤ ਕੰਘੇ ਦੀ ਦਾਤ ਮੰਗੀ ਤੇ ਗੁਰੂ ਜੀ ਨੇ ਆਪਣੇ ਸੇਵਕ ਦੀ ਮੰਗ ਪੂਰੀ ਕੀਤੀ। ਗੁਰੂ ਜੀ ਇਸ ਪਵਿੱਤਰ ਜਗ੍ਹਾ ’ਤੇ ਕਵੀ ਦਰਬਾਰ, ਕੀਰਤਨ ਦਰਬਾਰ ਅਤੇ ਦਸਤਾਰ ਮੁਕਾਬਲੇ ਕਰਾਉਂਦੇ ਰਹੇ। ਪਾਉਂਟਾ ਸਾਹਿਬ ਇਲਾਕੇ ਦਾ ਜ਼ਰਾ-ਜ਼ਰਾ ਗੁਰੂ ਸਾਹਿਬ ਦੀ ਪਵਿੱਤਰ ਪਾਵਨ-ਛੋਹ ਨਾਲ ਸਰਸ਼ਾਰ ਹੋ ਗਿਆ।

ਗੁਰੂ ਜੀ ਨੇ ਕਿਆਰ ਦੂਨ ਵਿਚ ਜ਼ਮੀਨ ਲੈ ਕੇ ਸੰਮਤ 1742 (ਸੰਨ 1685) ਵਿਚ ਜਮਨਾ ਦੇ ਕਿਨਾਰੇ ’ਤੇ ਇਕ ਕਿਲ੍ਹਾ ਬਣਾਇਆ, ਜਿਸ ਦਾ ਨਾਂ ‘ਪਾਂਵਟਾ’ ਰੱਖਿਆ। ਭੰਗਾਣੀ ਦਾ ਜੰਗ ਇਸੇ ਕਿਲ੍ਹੇ ਵਿਚ ਹੀ ਰਹਿਣ ਸਮੇਂ ਹੋਇਆ ਸੀ, ਜਿਸ ਦਾ ਜ਼ਿਕਰ ਭਾਈ ਸੰਤੋਖ ਸਿੰਘ ਇਸ ਤਰ੍ਹਾਂ ਕਰਦੇ ਹਨ:

ਪਾਂਵ ਟਿਕਾਯੋ ਸਤਿਗੁਰੂ ਕੋ ਆਨੰਦਪੁਰਿ ਤੇ ਆਇ।
ਨਾਮ ਧਰ੍ਯੋ ਇਮ ਪਾਂਵਟਾ ਸਭਿ ਦੇਸ਼ਨਿ ਪ੍ਰਗਟਾਇ। (ਗੁਰ ਪ੍ਰਤਾਪ ਸੂਰਜ, ਰਿਤੁ 1, ਅੰਸੂ 48)

ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਾ ਜਨਮ ਵੀ ਇਸੇ ਪਵਿੱਤਰ ਜਗ੍ਹਾ ’ਤੇ ਹੋਇਆ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਿੱਛੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੁਗੋ-ਜੁਗ ਅਟੱਲ ਸਿੱਖਾਂ ਦੇ ਗੁਰੂ ਬਣੇ ਅਤੇ ਗੁਰੂ ਸਾਹਿਬ ਦਾ ਨਿਵਾਸ ਸਥਾਨ ਗੁਰਦੁਆਰਾ ਸਾਹਿਬ ਬਣ ਗਏ। ਸੰਗਤਾਂ ਗੁਰਦੁਆਰਾ ਸਾਹਿਬ ਦੀ ਪਵਿੱਤਰਤਾ ਨੂੰ ਹਰ ਹੀਲੇ ਕਾਇਮ ਰੱਖਦੀਆਂ ਹਨ, ਭਾਵੇਂ ਇਸ ਲਈ ਅਨੇਕਾਂ ਵਾਰ ਕੁਰਬਾਨੀਆਂ ਵੀ ਦੇਣੀਆਂ ਪਈਆਂ। “ਮਰਉ ਤ ਹਰਿ ਕੈ ਦੁਆਰ” ਦੀ ਵਿਚਾਰਧਾਰਾ ਨੂੰ ਸਿੱਖਾਂ ਨੇ ਅਨੇਕਾਂ ਵਾਰ ਅਮਲੀ ਜਾਮਾ ਪਹਿਨਾ ਕੇ ਸਿੱਧ ਕੀਤਾ। ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਦੀ ਹੋ ਰਹੀ ਬੇਅਦਬੀ ਨੂੰ ਰੋਕਣ ਲਈ ਸਿੱਖਾਂ ਨੇ ਕਦੀ ਭਾਈ ਮਹਿਤਾਬ ਸਿੰਘ, ਭਾਈ ਸੁੱਖਾ ਸਿੰਘ, ਬਾਬਾ ਦੀਪ ਸਿੰਘ ਅਤੇ ਕਦੇ ਸ. ਜੱਸਾ ਸਿੰਘ ਆਹਲੂਵਾਲੀਆ ਬਣ ਕੇ ਇਸ ਦੀ ਪਵਿੱਤਰਤਾ ਨੂੰ ਕਾਇਮ ਰੱਖਿਆ। ਮਹਾਰਾਜਾ ਰਣਜੀਤ ਸਿੰਘ ਨੇ ਵੀ ਇਸ ਰਹੱਸ ਨੂੰ ਸਮਝ ਲਿਆ ਸੀ। ਉਸ ਨੇ ਵੀ ਸਿੱਖੀ ਦੇ ਸੋਮਿਆਂ ਨੂੰ ਨਰੋਆ ਕਰਨ ਲਈ ਪੂਰਾ ਜ਼ੋਰ ਲਗਾਇਆ। ਗੁਰਦੁਆਰਿਆਂ ਨੂੰ ਜਗੀਰਾਂ ਲਗਵਾਈਆਂ ਅਤੇ ਕਦੇ ਵੀ ਆਪਣੀ ਹਕੂਮਤ ਦਾ ਜ਼ੋਰ ਸ੍ਰੀ ਹਰਿਮੰਦਰ ਸਾਹਿਬ ਦੀ ਚਾਰਦੀਵਾਰੀ ਦੇ ਅੰਦਰ ਨਹੀਂ ਆਉਣ ਦਿੱਤਾ ਸਗੋਂ ਇਕ ਵਾਰ ਉਹ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਤਨਖਾਹ ਲਗਵਾਉਣ ਲਈ ਪੇਸ਼ ਵੀ ਹੋਇਆ।

ਗੁਰਦੁਆਰਿਆਂ ਦੀ ਸੇਵਾ-ਸੰਭਾਲ ਦਾ ਕੰਮ ਗੁਰੂ ਸਾਹਿਬਾਨ ਦੇ ਸਮੇਂ ਤੋਂ ਹੀ ਮਸੰਦ, ਉਦਾਸੀ ਅਤੇ ਨਿਰਮਲੇ ਕਰਦੇ ਸਨ। ਉਹ ਸਭ ਗੁਰੂ ਦੁਆਰਾ ਦੱਸੀ ਰਹਿਤ- ਬਹਿਤ ’ਤੇ ਹੀ ਜ਼ੋਰ ਦਿੰਦੇ ਸਨ। 1716 ਈ. ਤੋਂ 1799 ਈ. ਤਕ ਤਕਰੀਬਨ ਸਾਰੇ ਗੁਰਦੁਆਰਿਆਂ ਦੀ ਸੇਵਾ-ਸੰਭਾਲ ਇਨ੍ਹਾਂ ਦੇ ਹੱਥਾਂ ਵਿਚ ਆ ਗਈ ਸੀ। ਸਮੇਂ ਦੇ ਗੁਜ਼ਰਨ ਦੇ ਨਾਲ-ਨਾਲ ਇਨ੍ਹਾਂ ਵਿਚ ਕੁਰੀਤੀਆਂ ਆਈਆਂ ਅਤੇ ਅੰਧੇਰਗਰਦੀ ਸ਼ੁਰੂ ਹੋ ਗਈ ਜਿਸ ਕਾਰਨ ਰਹਿਤ-ਬਹਿਤ ਵਿਚ ਪੱਕੇ ਅਤੇ ਸੂਝਵਾਨ ਸਿੰਘਾਂ ਨੇ ਲੋੜ ਮਹਿਸੂਸ ਕੀਤੀ ਕਿ ਗੁਰਦੁਆਰਿਆਂ ਨੂੰ ਬੇਅਦਬੀ ਤੋਂ ਬਚਾਇਆ ਜਾ ਸਕੇ। ਸਾਰੇ ਗੁਰਦੁਆਰਾ ਸਾਹਿਬਾਨ ਮਹੰਤਾਂ ਦੇ ਕਬਜ਼ੇ ਹੇਠ ਆ ਗਏ ਸਨ ਅਤੇ ਉਨ੍ਹਾਂ ਨੇ ਆਪਣੀਆਂ ਮਨ-ਮਾਨੀਆਂ ਸ਼ੁਰੂ ਕਰ ਦਿੱਤੀਆਂ ਸਨ। ਸ੍ਰੀ ਦਰਬਾਰ ਸਾਹਿਬ ’ਤੇ ਅੰਗਰੇਜ਼ਾਂ ਦੇ ਪਿੱਠੂਆਂ ਦਾ ਕਬਜ਼ਾ ਹੋ ਗਿਆ ਸੀ, ਜਿਨ੍ਹਾਂ ਵੱਲੋਂ ਕਾਮਾਗਾਟਾਮਾਰੂ ਦੇ ਸ਼ਹੀਦਾਂ ਵਿਰੁੱਧ ਪਤਿਤ ਹੋਣ ਦਾ ਫ਼ੁਰਮਾਨ ਜਾਰੀ ਕੀਤਾ ਗਿਆ। ਜੱਲ੍ਹਿਆਂ ਵਾਲੇ ਬਾਗ ਦੇ ਖ਼ੂਨੀ ਸਾਕੇ ਦੇ ਦੋਸ਼ੀਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੁਜਾਰੀਆਂ ਨੇ ਸਿਰੋਪਾ ਦਿੱਤਾ। ਤਰਨ ਤਾਰਨ ਦੇ ਪਵਿੱਤਰ ਸਰੋਵਰ ਵਿਚ ਸ਼ਰਾਬ ਦੀਆਂ ਬੋਤਲਾਂ ਠੰਡੀਆਂ ਕੀਤੀਆਂ ਗਈਆਂ। ਜਿਸ ਦਰਬਾਰ ਤੋਂ ਮਾਂ, ਭੈਣ, ਧੀ ਦੀ ਪਤਿ ਦੀ ਰਾਖੀ ਲਈ ਸਿੱਖ ਜੂਝਦੇ ਸਨ, ਉਥੇ ਔਰਤਾਂ ਦੀ ਪਤਿ ਦਿਨ-ਦਿਹਾੜੇ ਲਾਹੀ ਜਾਣ ਲੱਗ ਪਈ। ਸ. ਹਜ਼ਾਰਾ ਸਿੰਘ ਨੇ ਇਸ ਵਿਰੁੱਧ ਆਵਾਜ਼ ਉਠਾਈ ਤਾਂ ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਮੱਥਾ ਟੇਕਦਿਆਂ 31 ਜਨਵਰੀ, 1921 ਨੂੰ ਟਕੂਏ ਨਾਲ ਸ਼ਹੀਦ ਕਰ ਦਿੱਤਾ ਗਿਆ। ਸ਼ਹੀਦਾਂ ਦੇ ਖੂਨ ਨੇ ਰੰਗ ਲਿਆਂਦਾ। ਗੁਰਦੁਆਰਾ ਤਰਨ ਤਾਰਨ ਸਾਹਿਬ ਪੰਥਕ ਹੱਥਾਂ ਵਿਚ ਆ ਗਿਆ। ਭਾਈ ਲਛਮਣ ਸਿੰਘ ਧਾਰੋਵਾਲੀ ਨੂੰ ਇਸ ਘਟਨਾ ਤੋਂ 20 ਦਿਨ ਬਾਅਦ ਨਨਕਾਣਾ ਸਾਹਿਬ ਵਿਖੇ ਮਹੰਤ ਨਰੈਣੂ ਨੇ 19 ਫਰਵਰੀ, 1921 ਨੂੰ ਜੰਡ ਨਾਲ ਪੁੱਠਾ ਟੰਗ ਕੇ ਅੱਗ ਲਾ ਕੇ ਸ਼ਹੀਦ ਕਰ ਦਿੱਤਾ। ਇਨ੍ਹਾਂ ਸ਼ਹੀਦਾਂ ਦੇ ਖੂਨ ਨੇ ਰੰਗ ਲਿਆਂਦਾ ਤੇ ਗੁਰਦੁਆਰਾ ਨਨਕਾਣਾ ਸਾਹਿਬ ਪੰਥਕ ਹੱਥਾਂ ਵਿਚ ਆ ਗਿਆ ਅਤੇ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ’ ਹੋਂਦ ਵਿਚ ਆ ਗਈ ਅਤੇ ਵਿਸਾਖੀ ਵਾਲੇ ਦਿਨ ਸਾਰੇ ਗੁਰਦੁਆਰਾ ਸਾਹਿਬਾਨ ਪੰਥਕ ਹੱਥਾਂ ਵਿਚ ਆ ਗਏ।

ਗੁਰਦੁਆਰਾ ਪਾਉਂਟਾ ਸਾਹਿਬ ਦਾ ਮਹੰਤ ਲਹਿਣਾ ਸਿੰਘ ਬਹੁਤ ਹੀ ਇਮਾਨਦਾਰ ਅਤੇ ਨੇਕਦਿਲ ਇਨਸਾਨ ਸੀ। ਜੱਲ੍ਹਿਆਂ ਵਾਲੇ ਬਾਗ ਦੇ ਖ਼ੂਨੀ ਸਾਕੇ ਸਮੇਂ ਉਹ ਬਾਗ ਵਿਚ ਸੀ ਅਤੇ ਕਿਸੇ ਨਾ ਕਿਸੇ ਤਰ੍ਹਾਂ ਸ਼ਹੀਦ ਹੋਣ ਤੋਂ ਬਚ ਗਿਆ ਸੀ। ਪੰਥ ਵਿਚ ਉਸ ਦਾ ਬਹੁਤ ਮਾਣ-ਸਤਿਕਾਰ ਸੀ। ਜਦੋਂ ਲਹਿਣਾ ਸਿੰਘ ਨੂੰ ਗੁਰਦੁਆਰਿਆਂ ਦੇ ਪ੍ਰਬੰਧ ਲਈ ਬਣੀ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ’ ਬਾਰੇ ਪਤਾ ਲੱਗਾ ਤਾਂ ਉਸ ਨੇ ਆਪ ਹੀ ਚਾਬੀਆਂ ਲੈ ਕੇ ਅੰਮ੍ਰਿਤਸਰ ਪਹੁੰਚ ਕੇ ਪ੍ਰਬੰਧ ਪੰਥਕ ਹੱਥਾਂ ਵਿਚ ਲੈ ਲੈਣ ਦੀ ਬੇਨਤੀ ਕੀਤੀ। ਪੰਥ ਨੇ ਮਹੰਤ ਦੀ ਕੁਰਬਾਨੀ ਤੇ ਨਿਮਰਤਾ ਦੇਖ ਕੇ ਉਨ੍ਹਾਂ ਨੂੰ ਸੇਵਾ-ਸੰਭਾਲ ਸੌਂਪੀ ਰੱਖਣ ਦਾ ਵੱਖਰਾ ਮਤਾ ਪਾਸ ਕਰ ਦਿੱਤਾ। ਮਹੰਤ ਜੀ ਦੇ ਕਾਲਵੱਸ ਹੋਣ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਗੁਰਦਿਆਲ ਸਿੰਘ ਨੇ ਗੁਰਦੁਆਰੇ ’ਤੇ ਆਪਣਾ ਹੱਕ ਸਮਝਦੇ ਹੋਏ ਕਬਜ਼ਾ ਕਰ ਲਿਆ ਅਤੇ ਆਪਣੀਆਂ ਮਨਮਤੀਆਂ ਤੇ ਕੁਰੀਤੀਆਂ ਸ਼ੁਰੂ ਕਰ ਦਿੱਤੀਆਂ।

ਸੰਨ 1950-51 ਵਿਚ ਨਿਹੰਗ ਸਿੰਘ ਤਰਨਾ ਦਲ ਹਰੀਆਂ ਵੇਲਾਂ ਦੇ ਜਥੇਦਾਰ ਬਾਬਾ ਹਰਭਜਨ ਸਿੰਘ ਜੀ ਆਪਣੇ ਜਥੇ ਨਾਲ ਗੁਰਦੁਆਰਾ ਪਾਉਂਟਾ ਸਾਹਿਬ ਦੇ ਦਰਸ਼ਨਾਂ ਲਈ ਗਏ। ਜਦੋਂ ਬਾਬਾ ਹਰਭਜਨ ਸਿੰਘ ਜੀ ਨੇ ਗੁਰਦੁਆਰਾ ਸਾਹਿਬ ਦਾ ਮਾੜਾ ਪ੍ਰਬੰਧ ਦੇਖਿਆ ਤਾਂ ਉਨ੍ਹਾਂ ਮਹੰਤ ਗੁਰਦਿਆਲ ਸਿੰਘ ਨੂੰ ਰਹਿਤ ਮਰਯਾਦਾ ਵਿਚ ਜੀਵਨ ਬਿਤਾਉਣ ਦੀ ਸਖ਼ਤ ਤਾੜਨਾ ਕੀਤੀ। ਕੁਝ ਸਮਾਂ ਤਾਂ ਮਹੰਤ ਠੀਕ ਰਿਹਾ ਪਰ ਬਾਬਾ ਜੀ ਦੇ ਚਲੇ ਜਾਣ ਤੋਂ ਬਾਅਦ ਫਿਰ ਉਸੇ ਤਰ੍ਹਾਂ ਕੁਰੀਤੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਲਾਕੇ ਦੀਆਂ ਸੰਗਤਾਂ ਨੇ ਫਿਰ ਬਾਬਾ ਹਰਭਜਨ ਸਿੰਘ ਜੀ ਪਾਸ ਜਾ ਕੇ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਵਿਚ ਸੁਧਾਰ ਕਰਨ ਦੀ ਬੇਨਤੀ ਕੀਤੀ।

ਤਰਨਾ ਦਲ ਹਰੀਆਂ ਵੇਲਾਂ ਦੇ ਮੌਜੂਦਾ ਮੁਖੀ ਨਿਹੰਗ ਸਿੰਘ ਜਥੇਦਾਰ ਬਾਬਾ ਨਿਹਾਲ ਸਿੰਘ ਅਨੁਸਾਰ ਬਾਬਾ ਹਰਭਜਨ ਸਿੰਘ ਦੀ ਅਗਵਾਈ ਹੇਠ 10 ਮਾਰਚ, 1964 ਨੂੰ ਜੈਕਾਰਿਆਂ ਦੀ ਗੂੰਜ ਵਿਚ ਸ਼ਸਤਰਧਾਰੀ ਨਿਹੰਗ ਸਿੰਘਾਂ ਦਾ ਦਲ ਪਾਉਂਟਾ ਸਾਹਿਬ ਪਹੁੰਚ ਗਿਆ। ਮਹੰਤ ਇਹ ਦੇਖ ਕੇ ਘਬਰਾ ਗਿਆ, ਉਸ ਨੇ 100 ਕੁ ਬਦਮਾਸ਼ ਇਕੱਠੇ ਕਰ ਕੇ ਉਨ੍ਹਾਂ ਨੂੰ ਸ਼ਰਾਬ ਆਦਿ ਪਿਲਾ ਕੇ ਨਾਲ ਰਲਾ ਲਿਆ ਅਤੇ ਇਕ-ਦੋ ਪਿੰਡਾਂ ਦੇ ਬੰਦੇ ਪੈਸੇ ਦੇ ਜ਼ੋਰ ਨਾਲ ਖਰੀਦ ਲਏ। ਆਪਣੀ ਪਹੁੰਚ ਨਾਲ ਪੁਲਿਸ ਦਾ ਪ੍ਰਬੰਧ ਵੀ ਕਰ ਲਿਆ। ਮਹੰਤ ਬਹੁਤ ਚਲਾਕ ਸੀ। ਉਸ ਨੇ ਬਾਬਾ ਹਰਭਜਨ ਸਿੰਘ ਜੀ ਪਾਸ ਆ ਕੇ ਗੱਲ ਕੀਤੀ ਕਿ ਤੁਸੀਂ ਗੱਲ ਨੂੰ ਉਲਝਾਓ ਨਾ, ਇਹ ਸਾਡੀ ਜੱਦੀ ਮਲਕੀਅਤ ਹੈ। ਸਾਡੇ ਤੋਂ ਬਗੈਰ ਇਥੇ ਕਿਸੇ ਹੋਰ ਦਾ ਕੋਈ ਹੱਕ ਨਹੀਂ ਪਰ ਫੇਰ ਵੀ ਜੇ ਤੁਸੀਂ ਰਸਦ ਲੈਣੀ ਹੈ ਤਾਂ ਲੈ ਲਓ ਅਤੇ ਇਥੋਂ ਚਲੇ ਜਾਓ ਅਤੇ ਇਥੇ ਦਾ ਇਹ ਅਸੂਲ ਹੈ ਕਿ ਤਿੰਨ ਦਿਨਾਂ ਤੋਂ ਵੱਧ ਇਥੇ ਕੋਈ ਨਹੀਂ ਰਹਿ ਸਕਦਾ। ਇਹ ਸੁਣ ਕੇ ਬਾਬਾ ਹਰਭਜਨ ਸਿੰਘ ਨੇ ਕਿਹਾ ਕਿ ਤੂੰ ਇਥੋਂ ਚਲਾ ਜਾ, ਜੇ ਇਹ ਸਾਡੇ ਗੁਰੂ ਦਾ ਘਰ ਹੋਵੇਗਾ ਤਾਂ ਤਿੰਨ ਦਿਨਾਂ ਤੋਂ ਵੱਧ ਰਹਿ ਲਵਾਂਗੇ, ਜੇ ਤੇਰਾ ਹੋਊ ਤਾਂ ਸਾਨੂੰ ਤੋਰ ਦੇਈਂ।

ਮਹੰਤ ਬਾਬਾ ਜੀ ਦਾ ਬਦਲਿਆ ਰੂਪ ਦੇਖ ਕੇ ਚਲਾ ਗਿਆ ਅਤੇ ਚਾਰ ਦਿਨ ਨਾ ਆਇਆ, ਨਾ ਘੋੜਿਆਂ ਨੂੰ ਪੱਠੇ ਅਤੇ ਨਾ ਸਿੰਘਾਂ ਨੂੰ ਪਰਸ਼ਾਦਾ। ਕੁਝ ਦਿਨ ਇਸੇ ਤਰ੍ਹਾਂ ਰਿਹਾ ਪਰ ਜਦੋਂ ਸ਼ਹਿਰ ਦੀ ਸੰਗਤ ਨੂੰ ਪਤਾ ਲੱਗਿਆ ਤਾਂ ਹਾਹਾਕਾਰ ਮੱਚ ਗਈ। ਸੰਗਤ ਨੇ ਰਲ ਕੇ ਘੋੜਿਆਂ ਦੇ ਪੱਠਿਆਂ ਅਤੇ ਸਿੰਘਾਂ ਲਈ ਲੰਗਰ ਦਾ ਪ੍ਰਬੰਧ ਕੀਤਾ। ਗੁਰੂ ਕਾ ਲੰਗਰ ਅਤੇ ਗੁਰਦੁਆਰਾ ਸਾਹਿਬ ਵਿਚ ਗੁਰਬਾਣੀ ਤੇ ਕੀਰਤਨ ਦਾ ਪ੍ਰਵਾਹ ਸ਼ੁਰੂ ਹੋ ਗਿਆ। ਸਾਰੇ ਪਾਸੇ ਭਾਰੀ ਰੌਣਕਾਂ ਲੱਗ ਗਈਆਂ। ਮਹੰਤ ਦੇ ਬੰਦਿਆਂ ਨੇ ਕਈ ਵਾਰ ਸਿੰਘਾਂ ਨਾਲ ਹੱਥੋਪਾਈ ਕਰਨ ਦੀ ਕੋਸ਼ਿਸ਼ ਕੀਤੀ ਪਰ ਸਿੰਘਾਂ ਨੇ ਸਿਆਣਪ ਤੋਂ ਕੰਮ ਲਿਆ। ਬਾਬਾ ਜੀ ਨੇ ਪਾਉਂਟਾ ਸਾਹਿਬ ਦੀ ਪਵਿੱਤਰਤਾ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 101 ਪਾਠਾਂ ਦੀ ਲੜੀ ਅਰੰਭ ਕਰ ਦਿੱਤੀ।

ਮਹੰਤ ਹਰ ਪਾਸੇ ਤੋਂ ਲਾਚਾਰ ਹੋ ਰਿਹਾ ਸੀ। ਉਸ ਨੇ ਇਕ ਹੋਰ ਚਾਲ ਚੱਲੀ ਕਿ ਤਿੰਨ ਲੱਖ ਰੁਪਿਆ ਬੈਂਕ ਵਿੱਚੋਂ ਕਢਵਾ ਕੇ ਆਹਲਾ ਅਫ਼ਸਰਾਂ ਵਿਚ ਵੰਡ ਦਿੱਤੇ ਅਤੇ ਆਪਣੇ ਨਾਲ ਰਲਾ ਕੇ ਆਪਣੇ ਇਕ ਆਦਮੀ ਕਸ਼ਮੀਰਾ ਸਿੰਘ ਨੂੰ ਗੁਰਦੁਆਰਾ ਸਾਹਿਬ ਦਾ ਰਿਸੀਵਰ ਮੁਕੱਰਰ ਕਰਵਾ ਲਿਆ ਪਰ ਸਿੰਘਾਂ ਨੇ ਉਸ ਨੂੰ ਕਬਜ਼ਾ ਦੇਣ ਤੋਂ ਨਾਂਹ ਕਰ ਦਿੱਤੀ।

22 ਅਖੰਡ ਪਾਠਾਂ ਦਾ ਭੋਗ ਪੈ ਚੁਕਾ ਸੀ ਅਤੇ 23ਵਾਂ ਅਖੰਡ ਪਾਠ ਅਰੰਭ ਸੀ। 22 ਮਈ, 1964 ਵਾਲੇ ਦਿਨ ਹਿਮਾਚਲ ਪ੍ਰਸ਼ਾਸਨ ਨੇ ਬਾਬਾ ਹਰਭਜਨ ਸਿੰਘ ਜੀ ਨੂੰ ਸਮਝੌਤਾ ਕਰਨ ਦੇ ਬਹਾਨੇ ਗੈਸਟ ਹਾਊਸ ਬੁਲਾ ਕੇ ਗ੍ਰਿਫ਼ਤਾਰ ਕਰ ਲਿਆ ਅਤੇ ਪੁਲਿਸ ਨੂੰ ਗੁਰਦੁਆਰਾ ਸਾਹਿਬ ਨੂੰ ਘੇਰ ਲੈਣ ਦਾ ਹੁਕਮ ਦੇ ਦਿੱਤਾ ਗਿਆ। ਗੁਰਦੁਆਰਾ ਸਾਹਿਬ ਅੰਦਰ ਮੌਜੂਦ ਸਿੰਘਾਂ ਨੇ ਸ੍ਰੀ ਅਖੰਡ ਪਾਠ ਸਾਹਿਬ ਦੀ ਬੇਅਦਬੀ ਹੋਣ ਦੇ ਡਰੋਂ ਗੁਰਦੁਆਰਾ ਸਾਹਿਬ ਦੇ ਦਰਵਾਜ਼ੇ ਖਿੜਕੀਆਂ ਅੰਦਰੋਂ ਬੰਦ ਕਰ ਲਏ। ਅੰਦਰ ਕੋਈ 15 ਕੁ ਸਿੰਘ ਸਨ, ਬਾਕੀ ਸਭ ਬਾਹਰ ਸਨ। ਪੁਲਿਸ ਨੇ ਅੰਦਰ ਵੜਨ ਲਈ ਲੋਹੇ ਦੀਆਂ ਰਾਡਾਂ ਅਤੇ ਪਾਈਪਾਂ ਨਾਲ ਦਰਵਾਜ਼ੇ ਖਿੜਕੀਆਂ ਤੋੜਨੇ ਸ਼ੁਰੂ ਕਰ ਦਿੱਤੇ ਅਤੇ ਬੂਟਾਂ ਸਮੇਤ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋਏ ਅਤੇ ਅਖੰਡ ਪਾਠ ਕਰ ਰਹੇ ਸਿੰਘਾਂ ’ਤੇ ਗੋਲੀਆਂ ਚਲਾਈਆਂ। ਉਸ ਸਮੇਂ ਗੁਰਦੁਆਰਾ ਸਾਹਿਬ ਅੰਦਰ ਸ. ਦਰਸ਼ਨ ਸਿੰਘ, ਸ. ਧੰਨਾ ਸਿੰਘ, ਸ. ਹਰਭਜਨ ਸਿੰਘ, ਸ. ਮੰਗਲ ਸਿੰਘ, ਸ. ਪ੍ਰੀਤਮ ਸਿੰਘ, ਸ. ਉਦੈ ਸਿੰਘ ਅਤੇ ਕੁਝ ਯਾਤਰਾ ਕਰਨ ਆਏ ਯਾਤਰੀ ਮੌਜੂਦ ਸਨ। ਡੀ.ਸੀ. ਆਰ.ਕੇ. ਚੰਡੇਲ ਨੇ ਵਾਰਨਿੰਗ ਦਿੱਤੀ ਕਿ ਅਖੰਡ ਪਾਠ ਸਾਹਿਬ ਸਮਾਪਤ ਕਰ ਕੇ ਸਾਰੇ ਬਾਹਰ ਆ ਕੇ ਗ੍ਰਿਫ਼ਤਾਰ ਹੋ ਜਾਉ, ਨਹੀਂ ਤਾਂ ਗੋਲੀ ਚਲਾਈ ਜਾਵੇਗੀ। ਪਰ ਕੋਈ ਵੀ ਬਾਹਰ ਨਾ ਆਇਆ। ਪੁਲਿਸ ਵੱਲੋਂ ਸ਼ਰ੍ਹੇਆਮ ਨਿਹੱਥੇ ਅਖੰਡ ਪਾਠ ਕਰ ਰਹੇ ਸਿੰਘਾਂ ’ਤੇ ਗੋਲੀਆਂ ਦਾ ਮੀਂਹ ਵਰ੍ਹਾ ਦਿੱਤਾ ਗਿਆ। ਗੁਰਦੁਆਰਾ ਸਾਹਿਬ ਦੀਆਂ ਕੰਧਾਂ ਛਾਨਣੀ ਹੋ ਗਈਆਂ। ਗੁਰਦੁਆਰਾ ਸਾਹਿਬ ਅੰਦਰ ਮੌਜੂਦ ਗਿਆਰਾਂ ਸਿੰਘ-

1. ਸ. ਪ੍ਰੀਤਮ ਸਿੰਘ ਜੀ ਨਿਹੰਗ ਸਿੰਘ ਫਤਹਿਪੁਰ ਕੋਠੀ, ਹੁਸ਼ਿਆਰਪੁਰ
2. ਸ. ਮੰਗਲ ਸਿੰਘ ਜੀ ਨਿਹੰਗ ਸਿੰਘ ਬਜਰੌਰ, ਹੁਸ਼ਿਆਰਪੁਰ
3. ਸ. ਹਰਭਜਨ ਸਿੰਘ ਜੀ ਨਿਹੰਗ ਸਿੰਘ ਚੌਹੜਾ, ਹੁਸ਼ਿਆਰਪੁਰ
4. ਸ. ਧੰਨਾ ਸਿੰਘ ਜੀ ਨਿਹੰਗ ਸਿੰਘ ਭਦੌੜ, ਸੰਗਰੂਰ
5. ਸ. ਸੰਤੋਖ ਸਿੰਘ ਜੀ ਨਿਹੰਗ ਸਿੰਘ, ਅੰਮ੍ਰਿਤਸਰ
6. ਸ. ਲਾਭ ਸਿੰਘ ਜੀ ਨਿਹੰਗ ਸਿੰਘ, ਫਿਰੋਜ਼ਪੁਰ
7. ਸ. ਦਲੀਪ ਸਿੰਘ ਜੀ ਨਿਹੰਗ ਸਿੰਘ, ਕਾਂਗੜਾ
8. ਸ. ਉਦੈ ਸਿੰਘ ਜੀ ਨਿਹੰਗ ਸਿੰਘ ਮਤੇਵਾਲ, ਅੰਮ੍ਰਿਤਸਰ
9. ਇਕ ਨਾਮਧਾਰੀ ਸਿੰਘ (ਯਾਤਰੂ)
10. ਬਾਬਾ ਸੂਬੇਦਾਰ ਜੀ (ਯਾਤਰੂ)
11. ਇਕ ਹੋਰ ਯਾਤਰੂ, ਜੋ ਇਕ ਦਿਨ ਪਹਿਲਾਂ ਆਇਆ ਸੀ, ਪੁਲਿਸ ਦੀਆਂ ਗੋਲੀਆਂ ਨਾਲ ਸ਼ਹੀਦ ਹੋ ਗਏ।

ਸ. ਧੰਨਾ ਸਿੰਘ, ਜੋ ਉਸ ਸਮੇਂ ਪਾਠ ਕਰ ਰਿਹਾ ਸੀ, ਉਸ ਦੀ ਵੱਖੀ ਵਿਚ ਗੋਲੀ ਲੱਗੀ ਅਤੇ ਉਹ ਉਥੇ ਹੀ ਢਹਿ-ਢੇਰੀ ਹੋ ਗਿਆ। ਬਾਬਾ ਨਿਹਾਲ ਸਿੰਘ ਜੀ ਜੋ ਅੱਜਕਲ੍ਹ ਤਰਨਾ ਦਲ ਹਰੀਆਂ ਵੇਲਾਂ ਦੇ ਮੁਖ ਜਥੇਦਾਰ ਹਨ, ਉਸ ਸਮੇਂ ਗੁਰੂ ਮਹਾਰਾਜ ਨੂੰ ਚੌਰ ਕਰ ਰਹੇ ਸਨ, ਉਨ੍ਹਾਂ ਦੇ ਹੱਥ ਵਿਚ, ਮੋਢੇ ਵਿਚ ਅਤੇ ਪੱਟ ਵਿਚ ਗੋਲੀਆਂ ਲੱਗੀਆਂ। 22 ਮਈ ਦਾ ਇਹ ਸਾਕਾ ਸਰਕਾਰ ਦੇ ਮੱਥੇ ਉੱਪਰ ਨਾ ਮਿਟਾਏ ਜਾਣ ਵਾਲੇ ਕਲੰਕ ਵਾਂਗ ਲੱਗ ਚੁੱਕਾ ਹੈ। ਦਿਨ-ਦਿਹਾੜੇ ਲੰਗਰ ਪਕਾਉਂਦੇ, ਸੇਵਾ ਕਰਦੇ, ਪਾਠ ਕਰਦੇ ਸਿੰਘਾਂ ਉੱਪਰ ਅੰਨ੍ਹੇਵਾਹ ਗੋਲੀ ਚਲਾਈ ਗਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸ਼ਹੀਦਾਂ ਦੇ ਲਹੂ ਨਾਲ ਲਥਪਥ ਹੋ ਗਿਆ। ਸ੍ਰੀ ਦਰਬਾਰ ਸਾਹਿਬ ਅੰਦਰ ਵਿਛਾਈਆਂ ਚਾਦਰਾਂ, ਰੁਮਾਲੇ ਸਭ ਖੂਨ ਨਾਲ ਲਥਪਥ ਸਨ। ਪੁਲਿਸ ਨੇ ਦੋ ਗੱਡੀਆਂ ਲਿਆ ਕੇ ਸ਼ਹੀਦਾਂ ਅਤੇ ਜ਼ਖ਼ਮੀਆਂ ਨੂੰ ਇਕ ਗੱਡੀ ਵਿਚ ਲੱਦ ਲਿਆ ਅਤੇ ਦੂਜੀ ਗੱਡੀ ਵਿਚ ਗੁਰੂ ਮਹਾਰਾਜ ਦਾ ਪਾਵਨ ਸਰੂਪ ਅਤੇ ਰੁਮਾਲੇ, ਦਰੀਆਂ ਆਦਿ। ਸੰਗਤਾਂ ਦੇ ਰੌਲਾ ਪਾਉਣ ’ਤੇ ਸ਼ਹੀਦਾਂ ਦੇ ਮ੍ਰਿਤਕ ਸਰੀਰਾਂ ਵਾਲੀ ਗੱਡੀ ’ਚੋਂ ਜ਼ਖ਼ਮੀਆਂ ਨੂੰ ਕੱਢ ਕੇ ਹਸਪਤਾਲ ਦਾਖਲ ਕਰਵਾਇਆ ਗਿਆ। ਸਿਰਫ਼ ਤਿੰਨ ਸ਼ਹੀਦ ਸਿੰਘਾਂ ਦੇ ਮ੍ਰਿਤਕ ਸਰੀਰ ਸੰਗਤਾਂ ਨੂੰ ਦਿੱਤੇ ਗਏ, ਜਿਨ੍ਹਾਂ ਦਾ ਸਸਕਾਰ 24 ਮਈ 1964 ਨੂੰ ਜਮਨਾ ਦੇ ਕਿਨਾਰੇ ’ਤੇ ਕੀਤਾ ਗਿਆ। ਪੁਲਿਸ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਸਤਰ, ਇਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ, ਇਕ ਦਸਮ ਗ੍ਰੰਥ ਦੀ ਬੀੜ ਨਾਲ ਲੈ ਗਈ। ਗੁਰਦੁਆਰਾ ਸਾਹਿਬ ਦੇ ਨਾਲ ਲੱਗਦਾ ਚੁਬੱਚਾ ਸਿੰਘਾਂ ਦਾ ਖੂਨ ਪੈ ਕੇ ਭਰਿਆ ਪਿਆ ਸੀ। ਇਹ ਖ਼ਬਰਾਂ ਜਦੋਂ ਸੰਗਤਾਂ ਵਿਚ ਪੁੱਜੀਆਂ ਤਾਂ ਸੰਗਤਾਂ ਨੇ ਪਾਉਂਟਾ ਸਾਹਿਬ ਵੱਲ ਨੂੰ ਵਹੀਰਾਂ ਘੱਤ ਦਿੱਤੀਆਂ ਅਤੇ ਇਸ ਤਰ੍ਹਾਂ ਸ਼ਹੀਦ ਸਿੰਘਾਂ ਨੇ ਆਪਣੀਆਂ ਜਾਨਾਂ ਵਾਰ ਕੇ ਗੁਰਦੁਆਰਾ ਸਾਹਿਬ ਮਹੰਤਾਂ ਦੇ ਕਬਜ਼ੇ ’ਚੋਂ ਅਜ਼ਾਦ ਕਰਵਾਇਆ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਮੁੱਖ ਸੰਪਾਦਕ -ਵਿਖੇ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

ਸਿਮਰਜੀਤ ਸਿੰਘ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ) ਵੱਲੋਂ ਛਾਪੇ ਜਾਂਦੇ ਮਾਸਿਕ ਪੱਤਰ ਗੁਰਮਤਿ ਪ੍ਰਕਾਸ਼ ਦੇ ਮੁੱਖ ਸੰਪਾਦਕ ਹਨ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)