ਬਹੁਤ ਹੀ ਗੁਰੂ ਕੇ ਪਿਆਰੇ ਸਿੱਖ ਹਰ ਰੋਜ਼ ਆਪੋ-ਆਪਣੇ ਘਰਾਂ ਵਿਚ ਪਾਵਨ ਅਤੇ ਪਵਿੱਤਰ ਗੁਰਬਾਣੀ ਦੇ ਨਿਤਨੇਮ ਅਤੇ ਵਾਹਿਗੁਰੂ ਜੀ ਦਾ ਸਿਮਰਨ ਬਹੁਤ ਹੀ ਪਿਆਰ ਨਾਲ ਕਰਦੇ ਹਨ ਅਤੇ ਇਸ ਤੋਂ ਇਲਾਵਾ ਬਹੁਤ ਹੀ ਪਿਆਰੇ ਸਿੱਖ ਹਰ ਰੋਜ਼ ਗੁਰੂ-ਘਰ ਵਿਚ ਜਾ ਕੇ ਮਹਾਨ ਸਤਿਗੁਰੂ ਜੀ ਦੇ ਦਰ ’ਤੇ ਬਹੁਤ ਹੀ ਸ਼ਰਧਾ ਅਤੇ ਪ੍ਰੇਮ ਨਾਲ ਮੱਥਾ ਟੇਕਦੇ ਹਨ, ਸੇਵਾ-ਸਿਮਰਨ ਕਰਦੇ ਹਨ ਅਤੇ ਕਈ ਕਿਸਮ ਦਾ ਦਾਨ-ਪੁੰਨ ਕਰਦੇ ਹਨ। ਬਹੁਤ ਹੀ ਮੁਬਾਰਕ ਹੈ ਐਸੇ ਪਿਆਰੇ ਸਿੱਖਾਂ ਦੇ ਐਸੇ ਨੇਕ ਅਤੇ ਸ਼ੁਭ-ਕਰਮ ਕਰਨ ’ਤੇ। ਗੁਰੂ ਕੇ ਪਿਆਰਿਓ, ਜਿਥੇ ਅਸੀਂ ਹਰ ਰੋਜ਼ ਪਾਵਨ ਗੁਰਬਾਣੀ ਦੇ ਨਿਤਨੇਮ ਕਰਦੇ ਹਾਂ, ਸੇਵਾ-ਸਿਮਰਨ ਕਰਦੇ ਹਾਂ, ਦਾਨ-ਪੁੰਨ ਕਰਦੇ ਹਾਂ, ਸਾਨੂੰ ਇਸ ਤੋਂ ਅਗਾਂਹ ਵੀ ਆਪਣੇ ਸਿੱਖੀ ਜੀਵਨ ਦੇ ਪੰਧ ’ਤੇ ਅੱਗੇ ਤੁਰਨ ਦਾ ਯਤਨ ਕਰਨਾ ਚਾਹੀਦਾ ਹੈ। ਪਿਆਰਿਓ, ਦਿਨ ਵਿਚ ਪਾਵਨ ਗੁਰਬਾਣੀ ਦੇ ਨਿਤਨੇਮ, ਸੇਵਾ-ਸਿਮਰਨ ਅਤੇ ਦਾਨ-ਪੁੰਨ ਕਰਨ ਤੋਂ ਬਾਅਦ, ਕੀਤੇ ਹੋਏ ਨਿਤਨੇਮ, ਸੇਵਾ-ਸਿਮਰਨ ਅਤੇ ਦਾਨ-ਪੁੰਨ ਨੂੰ ਸਾਰੇ ਦਿਨ ਵਿਚ ਆਪਣੇ ਹਿਰਦੇ ਅੰਦਰ ਸਾਂਭ ਕੇ ਰੱਖਣਾ ਹੀ, ਸਿੱਖੀ ਜੀਵਨ ਵਿਚ ਆਤਮਿਕ ਤਰੱਕੀ ਦੇ ਰਾਹ ਦੀ ਅਸਲ ਜੁਗਤ ਹੁੰਦੀ ਹੈ। ਪਰ ਜ਼ਰਾ ਇਸ ਵੱਲ ਅੱਜ ਆਪੋ-ਆਪਣੇ ਹਿਰਦੇ ਅੰਦਰ ਬਹੁਤ ਹੀ ਗਹੁ ਨਾਲ ਝਾਤ ਮਾਰੀਏ ਕਿ ਕਿਤਨੇ ਕੁ ਅਸੀਂ ਸਿੱਖ ਹਾਂ ਜੋ ਹਰ ਰੋਜ਼ ਦੇ ਕੀਤੇ ਹੋਏ ਨਿਤਨੇਮ, ਸੇਵਾ ਅਤੇ ਸਿਮਰਨ ਦੇ ਮਹਿੰਗੇ ਫਲ ਨੂੰ ਆਪਣੇ ਹਿਰਦੇ ਅੰਦਰ ਸਾਂਭ ਕੇ ਰੱਖਦੇ ਹਾਂ। ਇਸੇ ਪ੍ਰਥਾਇ ਹੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਨੇ ਪਾਵਨ ਗੁਰਬਾਣੀ ਵਿਚ ਆਪਣਾ ਪਵਿੱਤਰ ਉਪਦੇਸ਼ ਅੰਕਿਤ ਕੀਤਾ ਹੈ:
ਏਕੁ ਗਿਰਹੁ ਦਸ ਦੁਆਰ ਹੈ ਜਾ ਕੇ ਅਹਿਨਿਸਿ ਤਸਕਰ ਪੰਚ ਚੋਰ ਲਗਈਆ॥
ਧਰਮੁ ਅਰਥੁ ਸਭੁ ਹਿਰਿ ਲੇ ਜਾਵਹਿ ਮਨਮੁਖ ਅੰਧੁਲੇ ਖਬਰਿ ਨ ਪਈਆ॥ (ਪੰਨਾ 833)
ਮਹਾਨ ਸਤਿਗੁਰੂ ਜੀ ਫ਼ੁਰਮਾ ਰਹੇ ਹਨ ਕਿ ਪਿਆਰਿਆ, ਤੈਨੂੰ ਰੱਬ ਨੇ ਸਰੀਰ ਰੂਪੀ ਸੋਹਣਾ ਘਰ ਬਣਾ ਕੇ ਦਿੱਤਾ ਹੈ, ਇਸ ਸਰੀਰ ਰੂਪੀ ਘਰ ਵਿਚ ਇਸ ਦੇ ਦਸ ਦਰਵਾਜ਼ੇ ਲਾਏ ਹਨ ਅਤੇ ਇਸ ਵਿਚ ਹੀ ਤੇਰੀ ਆਤਮਾ ਦਾ ਵਾਸਾ ਹੈ। ਇਸ ਤੋਂ ਇਲਾਵਾ ਦਿਨ-ਰਾਤ ਇਸ ਸਰੀਰ ਦੇ ਹਿਰਦੇ ਰੂਪੀ ਘਰ ਵਿਚ ਤੇਰੇ ਨਾਲ ਹਰ ਵਕਤ ਪੰਜ ਵੱਡੇ ਚੋਰ (ਕਾਮ, ਕ੍ਰੋਧ, ਲੋਭ, ਮੋਹ, ਹੰਕਾਰ) ਤੇਰੇ ਮਹਿੰਗੇ ਪਾਵਨ ਬਾਣੀ ਅਤੇ ਸੇਵਾ-ਸਿਮਰਨ ਦੇ ਕਮਾਏ ਹੋਏ ਧਨ ਨੂੰ ਸਦਾ ਲੁੱਟਣ ਦੀ ਕੋਸ਼ਿਸ਼ ਕਰਦੇ ਹੀ ਰਹਿੰਦੇ ਹਨ। ਪਿਆਰਿਆ, ਜੋ ਤੂੰ ਹਰ ਰੋਜ਼ ਪਾਵਨ ਗੁਰਬਾਣੀ ਦੇ ਨਿਤਨੇਮ ਕਰਦਾ ਹੈਂ, ਸੇਵਾ-ਸਿਮਰਨ ਕਰਦਾ ਹੈਂ ਜਾਂ ਦਾਨ-ਪੁੰਨ ਕਰਦਾ ਹੈਂ, ਇਹ ਪੰਜੇ ਲੁਟੇਰੇ ਹਰ ਰੋਜ਼ ਤੇਰੇ ਕਮਾਏ ਹੋਏ ਸੱਚੇ ਧਨ ਨੂੰ ਲੁੱਟ ਕੇ ਤੈਨੂੰ ਹਰ ਰੋਜ਼ ਖ਼ਾਲੀ ਦਾ ਖ਼ਾਲੀ ਹੀ ਕਰ ਛੱਡਦੇ ਹਨ, ਤੂੰ ਸਮਝਦਾ ਹੈਂ ਕਿ ਮੈਂ ਅੱਜ ਨਿਤਨੇਮ ਕਰ ਲਿਆ ਹੈ, ਸੇਵਾ-ਸਿਮਰਨ ਕਰ ਲਿਆ ਹੈ, ਪਰ ਪਿਆਰਿਆ, ਯਾਦ ਰੱਖੀਂ, ਇਸ ਨਿਤਨੇਮ, ਸੇਵਾ-ਸਿਮਰਨ ਅਤੇ ਦਾਨ-ਪੁੰਨ ਦੇ ਫਲ ਨੂੰ ਹਰ ਰੋਜ਼ ਸ਼ਾਮ (ਰਾਤ) ਤਕ ਸਾਂਭ ਕੇ ਰੱਖਣਾ ਹੀ, ਅਸਲ ਸਿੱਖੀ ਹੁੰਦੀ ਹੈ। ਗੁਰੂ ਕੇ ਪਿਆਰਿਓ, ਮਹਾਨ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਆਪਣੇ ਪਾਵਨ ਉਪਦੇਸ਼ਾਂ ਵਿਚ ਸਿੱਖ ਨੂੰ ਵਾਰ-ਵਾਰ ਸਮਝਾਇਆ ਹੈ ਕਿ ਪਿਆਰਿਆ, ਜੋ ਤੂੰ ਸਤਿਗੁਰੂ ਜੀ ਦੀ ਬਖ਼ਸ਼ਿਸ਼ ਸਦਕਾ ਦਿਨ ਵਿਚ ਨਿਤਨੇਮ ਕੀਤੇ ਹਨ, ਸੇਵਾ-ਸਿਮਰਨ ਕੀਤਾ ਹੈ ਜਾਂ ਦਾਨ-ਪੁੰਨ ਕੀਤਾ ਹੈ, ਤਾਂ ਦਿਨ ਵਿਚ ਇਨ੍ਹਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਚੋਰਾਂ ਤੋਂ ਵੀ ਬਚ ਕੇ ਰਹੀਂ, ਤੂੰ ਕਿਸੇ ਦੀ ਐਵੇਂ ਨਿੰਦਿਆ, ਚੁਗ਼ਲੀ ਨਾ ਕਰੀਂ, ਕਿਸੇ ਧੀ-ਭੈਣ ਵੱਲ ਮਾੜਾ ਨਾ ਵੇਖੀਂ, ਸ਼ਰਾਬ ਜਾਂ ਹੋਰ ਕਿਸੇ ਨਸ਼ੇ ਦਾ ਸੇਵਨ ਨਾ ਕਰੀਂ, ਹੰਕਾਰ ਅਤੇ ਕ੍ਰੋਧ ਰੂਪੀ ਲੁਟੇਰਿਆਂ ਤੋਂ ਹਰ ਵਕਤ ਬਚਦਾ ਹੀ ਰਹੀਂ, ਲੋਭ ਦੇ ਵੱਡੇ ਚੋਰ ਤੋਂ ਬਚਦਾ ਹੋਇਆ, ਕਿਸੇ ਨਾਲ ਠੱਗੀ ਫ਼ਰੇਬ ਕਦੇ ਵੀ ਨਾ ਕਰੀਂ ਅਤੇ ਝੂਠ ਅਤੇ ਈਰਖਾ ਦੇ ਚੋਰਾਂ ਤੋਂ ਬਚਦਾ ਹੋਇਆ, ਆਪਣੇ ਹਿਰਦੇ ਅੰਦਰ ਹਰ ਵਕਤ ਇਨ੍ਹਾਂ ਚੋਰਾਂ ਤੋਂ ਆਪਣੇ ਮਨ ਨੂੰ ਸਦਾ ਸੁਚੇਤ ਹੀ ਰੱਖੀਂ। ਸੋ ਗੁਰੂ ਕੇ ਪਿਆਰਿਓ, ਪਾਵਨ ਗੁਰਬਾਣੀ ਦਾ ਪਾਠ ਕਰਨਾ, ਵਾਹਿਗੁਰੂ ਜੀ ਦਾ ਨਾਮ ਜਪਣਾ, ਸੇਵਾ ਕਰਨੀ ਅਤੇ ਦਾਨ-ਪੁੰਨ ਕਰਨਾ ਇਤਨਾ ਔਖਾ ਨਹੀਂ ਹੈ, ਇਸ ਤੋਂ ਦਸ ਗੁਣਾ ਔਖਾ ਹੈ ਸਾਰੇ ਦਿਨ ਵਿਚ ਕੀਤੇ ਹੋਏ ਨਿਤਨੇਮ, ਸੇਵਾ-ਸਿਮਰਨ ਅਤੇ ਦਾਨ-ਪੁੰਨ ਦੇ ਕਮਾਏ ਹੋਏ ਸੱਚੇ ਧਨ ਨੂੰ ਆਪਣੇ ਹਿਰਦੇ ਅੰਦਰ ਸਾਂਭ ਕੇ ਰੱਖਣਾ। ਪਿਆਰਿਓ, ਜਿਸ ਤਰ੍ਹਾਂ ਇਕ ਦੁਨਿਆਵੀ ਮਨੁੱਖ ਆਪਣੇ ਕਾਰੋਬਾਰ, ਵਪਾਰ ਜਾਂ ਨੌਕਰੀ ਆਦਿ ਰਾਹੀਂ ਹਰ ਰੋਜ਼ ਮਾਇਆ ਧਨ ਦੀ ਬਹੁਤ ਕਮਾਈ ਕਰਦਾ ਹੈ ਅਤੇ ਹਰ ਰੋਜ਼ ਦੀ ਕਮਾਈ ਵਿੱਚੋਂ ਬਹੁਤ ਪੈਸੇ ਬੈਂਕ ਵਿਚ ਜਮ੍ਹਾਂ ਕਰਾਈ ਜਾਂਦਾ ਹੈ ਅਤੇ 10-20 ਸਾਲਾਂ ਵਿਚ ਏਨਾ ਅਮੀਰ ਹੋ ਜਾਂਦਾ ਹੈ ਕਿ ਕੋਈ ਸਿਆਣਾ ਮਨੁੱਖ ਉਸ ਨੂੰ ਆਖ ਹੀ ਦਿੰਦਾ ਹੈ ਕਿ ਹੁਣ ਤੂੰ ਕਮਾਈ ਕਰਨੀ ਭਾਵੇਂ ਛੱਡ ਦੇ, ਤੇਰੀਆਂ ਕਈ ਕੁੱਲਾਂ ਕੋਲੋਂ ਵੀ ਤੇਰਾ ਇਹ ਕਮਾਇਆ ਹੋਇਆ ਮਾਇਆ ਧਨ ਨਹੀਂ ਮੁੱਕੇਗਾ। ਸੋ ਇਸੇ ਤਰ੍ਹਾਂ ਹੀ ਸਿੱਖ ਨੂੰ ਹਰ ਰੋਜ਼ ਨਿਤਨੇਮ, ਸੇਵਾ-ਸਿਮਰਨ ਦੇ ਮਹਿੰਗੇ ਨਾਮ-ਧਨ ਦੀ ਕਮਾਈ ਕਰਦਿਆਂ ਇਨ੍ਹਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਅਤੇ ਨਿੰਦਿਆ, ਚੁਗ਼ਲੀ, ਝੂਠ ਆਦਿ ਦੇ ਚੋਰਾਂ ਤੋਂ ਬਚਾ ਕੇ ਰੱਖਦਾ ਹੋਇਆ, ਆਪਣੇ ਨਾਮ ਧਨ ਦੀ ਕਮਾਈ ਨੂੰ ਆਪਣੇ ਹਿਰਦੇ ਰੂਪੀ ਬੈਂਕ ਵਿਚ ਜਮ੍ਹਾਂ ਕਰਨਾ ਹੈ।
ਸੋ ਗੁਰੂ ਕੇ ਪਿਆਰਿਓ, ਅੱਜ ਤੋਂ ਸਾਡਾ ਹਰ ਸਿੱਖ ਦਾ ਵੱਡਾ ਫ਼ਰਜ਼ ਬਣਦਾ ਹੈ ਕਿ ਮਹਾਨ ਸਤਿਗੁਰੂ ਜੀ ਦੇ ਪਿਆਰੇ ਹੁਕਮ ਮੁਤਾਬਕ ਜਿਥੇ ਆਪਾਂ ਹਰ ਰੋਜ਼ ਬਹੁਤ ਹੀ ਪਿਆਰ ਨਾਲ ਨਿਤਨੇਮ ਕਰਨੇ ਹਨ, ਸੇਵਾ-ਸਿਮਰਨ ਕਰਨਾ ਹੈ ਜਾਂ ਦਾਨ-ਪੁੰਨ ਕਰਨਾ ਹੈ, ਉਥੇ ਸਾਨੂੰ ਆਪੋ-ਆਪਣੇ ਹਿਰਦੇ ਘਰ ਵਿਚ ਇਨ੍ਹਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਅਤੇ ਨਿੰਦਿਆ, ਚੁਗਲੀ, ਝੂਠ ਆਦਿ ਦੇ ਵੱਡੇ ਚੋਰਾਂ ਤੋਂ ਵੀ ਬਚਣ ਦੇ ਸਦਾ ਉਪਰਾਲੇ ਕਰਦੇ ਹੀ ਰਹਿਣਾ ਚਾਹੀਦਾ ਹੈ ਅਤੇ ਹਰ ਰੋਜ਼ ਪਾਵਨ ਗੁਰਬਾਣੀ ਅਤੇ ਸੇਵਾ-ਸਿਮਰਨ ਦੀ ਕਮਾਈ ਨੂੰ ਆਪਣੇ ਹਿਰਦੇ ਰੂਪੀ ਬੈਂਕ ਵਿਚ ਜਮ੍ਹਾਂ ਕਰਦੇ ਹੋਏ, ਮਹਾਨ ਸਤਿਗੁਰੂ ਜੀ ਦੀਆਂ ਪਿਆਰੀਆਂ ਖੁਸ਼ੀਆਂ ਸਦਾ ਲੈਂਦੇ ਹੀ ਰਹਿਣਾ ਚਾਹੀਦਾ ਹੈ।
ਲੇਖਕ ਬਾਰੇ
ਮਜੀਠਾ ਰੋਡ, ਅੰਮ੍ਰਿਤਸਰ
- ਭਾਈ ਰੇਸ਼ਮ ਸਿੰਘhttps://sikharchives.org/kosh/author/%e0%a8%ad%e0%a8%be%e0%a8%88-%e0%a8%b0%e0%a9%87%e0%a8%b6%e0%a8%ae-%e0%a8%b8%e0%a8%bf%e0%a9%b0%e0%a8%98/August 1, 2007
- ਭਾਈ ਰੇਸ਼ਮ ਸਿੰਘhttps://sikharchives.org/kosh/author/%e0%a8%ad%e0%a8%be%e0%a8%88-%e0%a8%b0%e0%a9%87%e0%a8%b6%e0%a8%ae-%e0%a8%b8%e0%a8%bf%e0%a9%b0%e0%a8%98/October 1, 2007
- ਭਾਈ ਰੇਸ਼ਮ ਸਿੰਘhttps://sikharchives.org/kosh/author/%e0%a8%ad%e0%a8%be%e0%a8%88-%e0%a8%b0%e0%a9%87%e0%a8%b6%e0%a8%ae-%e0%a8%b8%e0%a8%bf%e0%a9%b0%e0%a8%98/April 1, 2009
- ਭਾਈ ਰੇਸ਼ਮ ਸਿੰਘhttps://sikharchives.org/kosh/author/%e0%a8%ad%e0%a8%be%e0%a8%88-%e0%a8%b0%e0%a9%87%e0%a8%b6%e0%a8%ae-%e0%a8%b8%e0%a8%bf%e0%a9%b0%e0%a8%98/September 1, 2009