ਪੰਚਮ ਪਿਤਾ ਗੁਰੂ ਅਰਜਨ, ਗੁਰੂ ਗ੍ਰੰਥ ਜਹਾਜ਼ ਬਣਾਇਆ।
ਭੈਣ ਭਰਾਵੋ ਇਸ ਵਿਚ ਬੈਠੋ, ਸਭ ਨੂੰ ਤਾਰਨ ਆਇਆ।
ਛੇ ਗੁਰੂਆਂ ਤੇ ਪੰਦਰਾਂ ਭਗਤਾਂ, ਇਸ ਵਿਚ ਹਿੱਸਾ ਪਾਇਆ।
ਗਿਆਰਾਂ ਭੱਟਾਂ ਤੇ ਕੁਝ ਸਿੱਖਾਂ ਨੇ ਵੀ, ਇਸ ਨੂੰ ਰੰਗ ਚੜ੍ਹਾਇਆ।
ਕਿਸੇ ਇਕ ਫ਼ਿਰਕੇ ਦੀ ਗੱਲ ਨਹੀਂ ਕੀਤੀ, ਸਭ ਨੂੰ ਤਾਰਨ ਆਇਆ।
ਭੈਣ ਭਰਾਵੋ ਇਸ ਵਿਚ ਬੈਠੋ…
ਗੁਰਬਾਣੀ ਇਕ ਅੰਮ੍ਰਿਤ ਹੈ, ਜਿਸ ਜਿਸ ਨੇ ਵੀ ਪੀਤਾ।
ਪੰਜ ਵਿਕਾਰ ਵੱਸ ਵਿਚ ਕਰ ਕੇ, ਜੀਵਨ ਸਫ਼ਲਾ ਕੀਤਾ।
ਸੱਚ ਦੀ ਖ਼ਾਤਰ ਮਨੀ ਸਿੰਘ ਜੀ, ਬੰਦ-ਬੰਦ ਕਟਵਾ ਗਏ।
ਮਜ਼ਲੂਮਾਂ ਖ਼ਾਤਰ ਗੁਰੂ ਤੇਗ ਬਹਾਦਰ, ਆਪ ਸ਼ਹੀਦੀ ਪਾ ਗਏ।
ਹਿੰਦ ਦਾ ਧਰਮ ਬਚਾ ਕੇ, ਹਿੰਦ ਦਾ ਪੀਰ ਕਹਾਇਆ।
ਭੈਣ ਭਰਾਵੋ ਇਸ ਵਿਚ ਬੈਠੋ…
ਪੜ੍ਹ ਗੁਰਬਾਣੀ ਅਜੀਤ ਜੁਝਾਰ, ਵੈਰੀ ਨੂੰ ਲਲਕਾਰ ਗਏ।
ਜ਼ੋਰਾਵਰ ਤੇ ਫ਼ਤਹਿ ਸਿੰਘ, ਨੀਹਾਂ ’ਚ ਜਿੰਦੜੀ ਵਾਰ ਗਏ।
ਪੜ੍ਹ ਬਾਣੀ ਮਾਂ ਗੁਜਰੀ ਨੇ, ਸੌ-ਸੌ ਕਸ਼ਟ ਵਿਸਾਰੇ।
ਹੱਕ ਸੱਚ ਖ਼ਾਤਰ ਪਤੀ ਵਾਰਿਆ, ਪੋਤੇ ਪੰਥ ਤੋਂ ਵਾਰੇ।
ਬਾਣੀ ਪੜ੍ਹ ਦਸਮੇਸ਼ ਪਿਤਾ ਨੇ, ਅੰਮ੍ਰਿਤ ਤਿਆਰ ਕਰਾਇਆ।
ਭੈਣ ਭਰਾਵੋ ਇਸ ਵਿਚ ਬੈਠੋ…
ਗੁਰਤਾਗੱਦੀ ਦਿਵਸ ਮਨਾ ਹੁਣ, ਗੁਰਮਤਿ ਨੂੰ ਅਪਣਾਈਏ।
ਵੈਰ-ਵਿਰੋਧ ਨੂੰ ਪਾਸੇ ਰੱਖ, ਕੋਈ ਸਾਂਝਾ ਕਦਮ ਉਠਾਈਏ।
ਮਲਕ ਭਾਗੋ ਦੇ ਮਹਿਲ ਨੂੰ ਛੱਡ ਕੇ, ਲਾਲੋ ਦੇ ਘਰ ਜਾਣਾ।
ਨਸ਼ਿਆਂ ਵਿਚ ਪਏ ਜਵਾਨਾਂ ਨੂੰ, ਅਸਾਂ ਨਵਾਂ ਪੈਗ਼ਾਮ ਸੁਣਾਉਣਾ।
ਵਹਿਮਾਂ-ਭਰਮਾਂ ’ਚ ਫਸਿਆਂ ਨੂੰ ਕੱਢ ਸੁਮਾਰਗ ਪਾਈਏ।
ਸੁਖਵਿੰਦਰ ਸਿੰਘ ਪੰਡੋਰੀ ਦੀ ਗੱਲ ਹਰ ਇਕ ਘਰ ਪਹੁੰਚਾਈਏ।
ਮੇਰੇ ਪੰਥ ਦੇ ਰਹਿਨੁਮਾਓ ਘਰ-ਘਰ ਦੀਪ ਜਗਾਓ।
ਮੇਰੇ ਪੰਥ ਦੇ ਰਹਿਨੁਮਾਓ ਗੁਰਮਤਿ ਜੋਤ ਜਗਾਓ।
ਲੇਖਕ ਬਾਰੇ
- ਹੋਰ ਲੇਖ ਉਪਲੱਭਧ ਨਹੀਂ ਹਨ