editor@sikharchives.org

ਸੋਹਿਲਾ ਬਾਣੀ ਦੇ ਸ਼ਬਦ ‘ਆਰਤੀ’ ਦਾ ਲੋਕਧਾਰਾਈ ਅਧਿਐਨ

ਗੁਰਬਾਣੀ ਸਿੱਧੇ ਤੌਰ ’ਤੇ ਲੋਕ-ਮਨ ਨਾਲ ਹੀ ਜੁੜੀ ਹੋਈ ਹੈ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਬਾਣੀ ਦੀਆਂ ਵਿਭਿੰਨ ਜੁਗਤਾਂ ਸੰਗੀਤ, ਕਾਵਿ-ਭਾਸ਼ਾ ਅਤੇ ਲੋਕਧਾਰਾ ਵਿਆਪਕ ਪੱਧਰ ’ਤੇ ਬਾਣੀ ਦੇ ਸੰਚਾਰ ਹਿਤ ਨਿਰੰਤਰ ਕਾਰਜਸ਼ੀਲ ਕਦਰਾਂ-ਕੀਮਤਾਂ ਅਤੇ ਅਧਿਆਤਮਿਕਤਾ ਆਦਿ ਬੁਨਿਆਦੀ ਵਿਧੀਆਂ ਹਨ ਅਤੇ ਇਨ੍ਹਾਂ ਵਿਚ ਵਿਚਰਦਿਆਂ ਮਨੁੱਖ ਸਮਾਜਿਕਤਾ ਤੋਂ ਅਧਿਆਤਮਿਕਤਾ ਤਕ ਦਾ ਸਫ਼ਰ ਤੈਅ ਕਰਦਾ ਹੈ। ਗੁਰਬਾਣੀ ਅਨੁਸਾਰ ਮਨੁੱਖ ਨੂੰ ਸੰਸਾਰਕ ਕਾਰ-ਵਿਹਾਰ ਕਰਦਿਆਂ ਹੀ ਅਧਿਆਤਮਿਕਤਾ ਵੱਲ ਜਤਨਸ਼ੀਲ ਰਹਿਣਾ ਚਾਹੀਦਾ ਹੈ। ਲੋਕ-ਮਾਨਸ ਜਾਂ ਲੋਕ-ਮਨ ਹੀ ਲੋਕਧਾਰਾ ਦਾ ਬੁਨਿਆਦੀ ਤੱਤ ਹੈ। ਗੁਰਬਾਣੀ ਸਿੱਧੇ ਤੌਰ ’ਤੇ ਲੋਕ-ਮਨ ਨਾਲ ਹੀ ਜੁੜੀ ਹੋਈ ਹੈ।

ਸ੍ਰੀ ਗੁਰੂ ਨਾਨਕ ਸਾਹਿਬ ਨੇ ਅਜਿਹੇ ਕਾਵਿ-ਰੂਪ ਅਪਣਾਏ ਹਨ ਜੋ ਜਨ-ਸਾਧਾਰਨ ਦੇ ਪ੍ਰਚਾਰ ਵਿਚ ਹਨ। ਜਨ-ਸਾਧਾਰਨ ਵਿਚ ਪ੍ਰਚੱਲਿਤ ਕਾਵਿ-ਰੂਪਾਂ ਪਿੱਛੇ ਸਮੁੱਚਾ ਸਭਿਆਚਾਰਕ ਜੀਵਨ ਮੂਰਤ, ਅਮੂਰਤ ਰੂਪ ਵਿਚ ਕਾਰਜਸ਼ੀਲ ਹੁੰਦਾ ਹੈ। ਗੁਰੂ ਸਾਹਿਬ ਨੇ ਅਜਿਹੇ ਲੋਕਧਾਰਾ ਦੇ ਅੰਸ਼ਾਂ ਨੂੰ ਚੁਣਿਆ ਜੋ ਲੋਕਾਂ ਦੇ ਜੀਵਨ ਵਿਚ ਪੂਰੀ ਤਰ੍ਹਾਂ ਰਮੇ ਹੋਏ ਹਨ। ਆਪ ਨੇ ਲੋਕ ਕਾਵਿ-ਰੂਪਾਂ ਦੇ ਜ਼ਰੀਏ ਅਧਿਆਤਮਿਕਤਾ ਦਾ ਸੁਨੇਹਾ ਪੂਰੀ ਲੋਕਾਈ ਤਕ ਪਹੁੰਚਾਇਆ। ਸੋਹਿਲਾ, ਘੜੀਆਂ, ਛੰਤ, ਅਲਾਹੁਣੀਆਂ, ਵਾਰਾਂ, ਬਾਰਾਮਾਹ, ਆਰਤੀ, ਅੰਜਲੀ, ਮੁੰਦਾਵਣੀ, ਪਹਰੇ, ਥਿਤੀ, ਦਿਨ ਰੈਣ ਆਦਿ ਲੋਕ-ਕਾਵਿ-ਰੂਪਾਂ ਦਾ ਪ੍ਰਯੋਗ ਗੁਰਬਾਣੀ ਪ੍ਰਬੰਧ ਦੇ ਅੰਤਰਗਤ ਕੀਤਾ।

ਗੁਰਬਾਣੀ ਵਿਚ ਵਰਤੇ ਗਏ ਲੋਕ-ਕਾਵਿ-ਰੂਪਾਂ ਦਾ ਬੁਨਿਆਦੀ ਸੁਭਾਅ ਗਾਇਨਮੁਖੀ ਹੈ। ਲੋਕ ਕਾਵਿ-ਰੂਪ ਆਪਣੇ ਨਾਲ ਇਕ ਖਾਸ ਕਿਸਮ ਦੀ ਲੋਕ-ਧੁਨ ਵੀ ਰੱਖਦੇ ਹਨ। ਇਨ੍ਹਾਂ ਲੋਕ-ਧੁਨਾਂ ਤੋਂ ਬਿਨਾਂ ਲੋਕ-ਕਾਵਿ-ਰੂਪਾਂ ਦੀ ਹੋਂਦ ਨਾਂ-ਮਾਤਰ ਹੈ। ਗੁਰੂ ਸਾਹਿਬਾਨ ਨੇ ਇਨ੍ਹਾਂ ਲੋਕ-ਕਾਵਿ-ਰੂਪਾਂ ਅਤੇ ਲੋਕ-ਤੱਤਾਂ ਦਾ ਪ੍ਰਯੋਗ ਜਿਉਂ ਦਾ ਤਿਉਂ ਨਹੀਂ ਕੀਤਾ ਬਲਕਿ ਇਨ੍ਹਾਂ ਤੋਂ ਨਵੇਂ ਅਰਥ-ਸੰਚਾਰ ਕੀਤੇ ਹਨ।

ਸ੍ਰੀ ਗੁਰੂ ਨਾਨਕ ਸਾਹਿਬ ਦੁਆਰਾ ਰਚਿਤ ਸ਼ਬਦ ‘ਆਰਤੀ’ ਵੀ ਲੋਕ-ਧਰਮ ਜਾਂ ਲੋਕ-ਪੂਜਾ ਦੇ ਅੰਗ ‘ਆਰਤੀ’ ਦਾ ਹੀ ਨਵੇਂ ਅਰਥਾਂ ਵਾਲਾ ਰੂਪ ਹੈ। ਗੁਰੂ ਸਾਹਿਬ ਨੇ ਇਸ ਸ਼ਬਦ ਵਿਚ ਕਰਮਕਾਂਡੀ ਆਰਤੀ ਦੀ ਬਜਾਇ ਕੁਦਰਤ ਵੱਲੋਂ ਹੋ ਰਹੀ ਨਿਤ ਨਵੀਂ ਆਰਤੀ ਦਾ ਰੂਪ ਸੁਝਾਇਆ ਹੈ।

‘ਆਰਤੀ’ ਸ਼ਬਦ ਸੰਸਕ੍ਰਿਤ ਦੇ ਸ਼ਬਦ ‘ਅਰਾਤ੍ਰਿਕ’ ਦਾ ਅਪ੍ਰਭੰਸ਼ ਰੂਪ ਹੈ ਜਿਸ ਦਾ ਸ਼ਾਬਦਿਕ ਅਰਥ ਹੈ, ਉਹ ਜੋਤ ਜੋ ਰਾਤ ਦੇ ਹਿਤ ਵਜੋਂ ਨਾ ਜਗਾਈ ਜਾਵੇ। ਆਰਤੀ ਵੇਲੇ ਜੋ ਜੋਤਾਂ ਜਗਾਈਆਂ ਜਾਂਦੀਆਂ ਹਨ, ਉਨ੍ਹਾਂ ਦਾ ਮਨੋਰਥ ਰਾਤ ਦਾ ਹਨੇਰਾ ਦੂਰ ਕਰਨਾ ਨਹੀਂ ਹੁੰਦਾ ਸਗੋਂ ਜੋਤਾਂ ਦੁਆਰਾ ਆਪਣੇ ਦੇਵਤੇ ਦੀ ਮੂਰਤੀ ਸਾਹਮਣੇ ਖਲੋ ਕੇ ਉਸ ਦੀ ਉਪਾਸ਼ਨਾ ਕਰਨਾ ਹੈ। ਕਈ ਵਿਦਵਾਨ ‘ਆਰਤੀ’ ਨੂੰ ਸੰਸਕ੍ਰਿਤ ਸ਼ਬਦ ‘ਆਰਤ’ ਦਾ ਵਿਕ੍ਰਿਤ ਰੂਪ ਮੰਨਦੇ ਹਨ, ਜਿਸ ਦਾ ਅਰਥ ਦੁਖੀ ਜਾਂ ਆਤੁਰ ਹੈ। ਆਤੁਰ ਪ੍ਰਾਣੀ ਜਿਸ ਵਿਧੀ ਰਾਹੀਂ ਆਪਣੇ ਇਸ਼ਟ ਤੋਂ ਸੁਖ ਦੀ ਯਾਚਨਾ ਕਰਦਾ ਹੈ, ਉਹ ਆਰਤੀ ਹੁੰਦੀ ਹੈ।”1

ਇਸ ਪਿੱਛੇ ਇਕ ਪਰੰਪਰਾਗਤ ਧਾਰਨਾ ਇਹ ਵੀ ਸੀ ਕਿ ਜਿਸ ਤਰ੍ਹਾਂ ਦੀਵਿਆਂ ਦੀ ਜੋਤੀ ਨਿਰੰਤਰ ਉੱਪਰ ਨੂੰ ਉੱਠਦੀ ਹੈ ਉਸੇ ਤਰ੍ਹਾਂ ਆਤਮਾ ਨੇ ਵੀ ਪ੍ਰਭੂ ਦੇ ਚਰਨਾਂ ਵਿਚ ਜਾਣਾ ਹੈ। ਇਸ਼ਟ ਦੀ ਪੂਜਾ ਦੇ ਦੌਰਾਨ ਉਸ ਦੀ ਮਹਿਮਾ ਨੂੰ ਗਾਉਣਾ ਵੀ ਆਰਤੀ ਦੀ ਪਰੰਪਰਾ ਦਾ ਇਕ ਅਹਿਮ ਹਿੱਸਾ ਹੈ। ਹਿੰਦੂ ਮੱਤ ਅਨੁਸਾਰ ਇਸ਼ਟ ਨੂੰ ਪ੍ਰਸੰਨ ਕਰਨ ਲਈ ਦੀਵੇ ਜਗਾ ਕੇ ਸੱਤ ਵਾਰ ਉਸ ਦੇ ਦੁਆਲੇ ਘੁਮਾਉਂਦੇ ਹਨ। ਚਾਰ ਵਾਰ ਚਰਨਾਂ ’ਤੇ, ਦੋ ਵਾਰ ਧੁੰਨੀ ’ਤੇ ਅਤੇ ਇਕ ਵਾਰ ਮੁੱਖੜੇ ’ਤੇ। ਆਰਤੀ ਸਮੇਂ ਧੂਪ, ਫੁੱਲ ਅਤੇ ਵਾਜੇ ਵਜਾਉਣ ਆਦਿ ਦਾ ਵਿਧਾਨ ਹੈ।

ਉਸ ਸਮੇਂ ਆਰਤੀ ਮਹਿਜ਼ ਇਕ ਬਾਹਰੀ ਦਿਖਾਵਾ ਬਣ ਚੁਕੀ ਸੀ। ਸ੍ਰੀ ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਵਿਚ ਆਰਤੀ ਦੀ ਪ੍ਰਚੱਲਿਤ ਪਰੰਪਰਾ ਦਾ ਬੜੇ ਸੁਲਝੇ ਢੰਗ ਨਾਲ ਖੰਡਨ ਕੀਤਾ। ‘ਆਰਤੀ’ ਸਿਰਲੇਖ ਅਧੀਨ ਹੀ ਉਨ੍ਹਾਂ ਦਾ ਸ਼ਬਦ ਇਸੇ ਵੰਨਗੀ ਦੀ ਇਕ ਉਤਕ੍ਰਿਸ਼ਟ ਰਚਨਾ ਹੈ। ਸ੍ਰੀ ਗੁਰੂ ਨਾਨਕ ਸਾਹਿਬ ਨੇ ਜਗਨਨਾਥਪੁਰੀ ਦੇ ਮੰਦਰ ਵਿਚ ਇਕ ਕਰਮਕਾਂਡੀ ਆਰਤੀ ਦੇਖ ਕੇ ਕੁਦਰਤ ਵੱਲੋਂ ਹੋ ਰਹੀ ਆਰਤੀ ਦਾ ਸਰੂਪ ਸੁਝਾਇਆ। ਗੁਰੂ ਸਾਹਿਬ ਨੇ ਸਾਰੇ ਬ੍ਰਹਿਮੰਡ ਅਤੇ ਪ੍ਰਕਿਰਤੀ ਨੂੰ ਲੈ ਕੇ ਇਕ ਨਵੀਂ ਅਲੌਕਿਕ ਆਰਤੀ ਦੀ ਸਿਰਜਣਾ ਕੀਤੀ, ਜਿਸ ਦੇ ਸਾਹਮਣੇ ਪ੍ਰਚੱਲਿਤ ਕਰਮਕਾਂਡੀ ਆਰਤੀ ਤੁੱਛ ਲੱਗਦੀ ਹੈ। ਇਸ ਅਲੌਕਿਕ ਆਰਤੀ ਰਾਹੀਂ ਉਸ ਪਾਰਬ੍ਰਹਮ ਨਾਲ ਜੁੜਨ ਦੀ ਸਿੱਖਿਆ ਵੀ ਦਿੰਦੇ ਹਨ।

ਕਰਮਕਾਂਡਾਂ ਦੀ ਮਿੱਟੀ ਥੱਲੇ ਦੱਬੇ ਪਏ ਇਕ ਆਮ ਪੁਜਾਰੀ ਦੀ ਆਰਤੀ ਤਾਂ ਆਪਣੇ ਇਸ਼ਟ ਦੀ ਮੂਰਤੀ ਤਕ ਸੀਮਤ ਹੋ ਸਕਦੀ ਹੈ ਪਰ ਗੁਰੂ ਸਾਹਿਬ ਦੀ ਆਰਤੀ ਤਾਂ ਜਨ-ਸਾਧਾਰਨ ਨੂੰ ਉਸ ਵਿਰਾਟ ਅਤੇ ਸਰਬ-ਵਿਆਪਕ ਪਰਮਾਤਮਾ ਨਾਲ ਜੋੜਦੀ ਹੈ।

ਘਿਉ ਬਲਣ ਵਾਲੇ ਦੀਵਿਆਂ ਦੇ ਮੁਕਾਬਲੇ, ਸੂਰਜ, ਚੰਦਾਂ ਦੀ ਰੌਸ਼ਨੀ ਅਤੇ ਤਾਰਿਕਾ ਮੰਡਲ ਨੂੰ ਗਗਨ ਦੇ ਥਾਲ ਵਿਚ ਰੱਖੇ ਹੋਏ ਮੋਤੀ ਕਹਿਣਾ ਵਚਿੱਤਰਤਾ ਦੇ ਅਹਿਸਾਸ ਨੂੰ ਬਹੁਤ ਡੂੰਘੇਰਾ ਕਰ ਦਿੰਦਾ ਹੈ। ਸੂਖ਼ਮ ਸੁਗੰਧੀ ਫੈਲਾ ਰਹੀ ਧੂਪ, ਹੌਲੀ-ਹੌਲੀ ਹਿੱਲ ਰਿਹਾ ਚੌਰ ਹੋਰ ਵੀ ਨਵਾਂ ਰੰਗ ਭਰਦੇ ਹਨ। ਮਲਿਆਗਰ ਪਰਬਤ ਦੇ ਚੰਦਨ ਦੇ ਅਣਗਿਣਤ ਬ੍ਰਿਛ, ਵਿਸ਼ਾਲ ਪੌਣਾਂ ਦੀ ਹਰਕਤ ਤੇ ਸਗਲ ਬਨਸਪਤੀ ਦੀ ਬਹੁਲਤਾ ਹੋਰ ਵੀ ਵਿਸਮਾਦਪੂਰਨ ਛੁਹਾਂ ਹਨ। ਆਰਤੀ ਵੇਲੇ ਮੂਰਤੀ ਦੇ ਸਿਰ ’ਤੇ ਹਿੱਲ ਰਿਹਾ ਚੌਰ ਹਵਾ ਵਿਚ ਇਕ ਮੱਧਮ ਜਿਹੀ ਰੁਮਕ ਪੈਦਾ ਕਰਦਾ ਹੈ, ਪਰ ਧਰਤੀ ਦੇ ਸਾਰੇ ਖੰਡਾਂ ਦੁਆਲੇ ਲਿਪਟਿਆ ਹਵਾ-ਮੰਡਲ ਪੌਣ-ਚਾਲਾਂ ਦੀ ਕਿੰਨੀ ਵੰਨ-ਸੁਵੰਨਤਾ ਨਾਲ ਭਰਪੂਰ ਹੈ! ਪੌਣਾਂ ਦੇ ਚੱਕਰ ਦਾ ਆਕਾਰ ਮੂਰਤੀ ਦੇ ਚੌਰ ਦੇ ਆਕਾਰ ਨਾਲੋਂ ਓਨਾ ਹੀ ਵੱਡਾ ਹੈ ਜਿੰਨਾ ਮਲਿਆਗਰ ਵਣਾਂ ਦਾ ਆਕਾਰ ਉਂਗਲ ਜਿੰਨੀ ਧੂਪ-ਬੱਤੀ ਨਾਲੋਂ। ਇਸ ਸ੍ਰਿਸ਼ਟੀ ਦੇ ਪਾਲਣਹਾਰ ਪਰਮਾਤਮਾ ਦੀ ਸਰਬ-ਵਿਆਪਕਤਾ ਨੂੰ ਚਿਤਰਦੇ ਹੋਏ ਗੁਰੂ ਸਾਹਿਬ ਨੇ ਦੁਨਿਆਵੀ ਸਾਜ਼ਾਂ ਦੀ ਬਜਾਇ ਨਿਰੰਤਰ ਲੀਨ ਹੋਏ ਅਧਿਆਤਮਕ ਸਾਜ਼ਾਂ ਦੀ ਗੱਲ ਕੀਤੀ ਹੈ।

‘ਆਰਤੀ’ ਸ਼ਬਦ ਦੇ ਦੂਸਰੇ ਬੰਦ ਵਿਚ ਸ੍ਰੀ ਗੁਰੂ ਨਾਨਕ ਸਾਹਿਬ ਨੇ ਆਪਣੇ ਉਸ ਇਸ਼ਟ ਦੀ ਮੂਰਤ ਪੇਸ਼ ਕੀਤੀ ਹੈ, ਜਿਸ ਅੱਗੇ ਸਾਰਾ ਜਗਤ ਆਰਤੀ ਕਰਦਾ ਹੈ ਤੇ ਜੋ ਵਿਸ਼ਵ-ਆਰਤੀ ਜਿੱਡੀ ਵਿਸ਼ਾਲ ਹੈ। ਸਾਰਾ ਬ੍ਰਹਿਮੰਡ ਇਸ ਮੂਰਤੀ ਦਾ ਸਮੁੱਚਾ ਆਕਾਰ ਹੈ। ਰਵਿ, ਚੰਦ ਤੇ ਤਾਰਿਆਂ ਦੇ ਅਣਗਿਣਤ ਸਮੂਹ ਇਸ ਮੂਰਤੀ ਦੇ ਨੈਣ ਹਨ। ਧਰਤੀ ਦੀ ਬੇਓੜਕ ਬਨਸਪਤੀ ਇਸ ਦੇ ਪੈਰ ਹਨ ਤੇ ਸੁਗੰਧੀਆਂ ਭਰੇ ਬ੍ਰਿਛਾਂ ਤੇ ਫੁੱਲਾਂ ਦੇ ਅੰਬਾਰ ਇਸ ਦੀਆਂ ਨਾਸਿਕਾਂ ਹਨ। ਗੁਰੂ ਨਾਨਕ ਸਾਹਿਬ ਦਾ ਇਸ਼ਟ ਤਾਂ ਸ੍ਰਿਸ਼ਟੀ ਦੇ ਕਣ-ਕਣ ਵਿਚ ਮੌਜੂਦ ਹੈ। ਉਨ੍ਹਾਂ ਦਾ ਪੂਜ ਉਹ ਹਕੀਕਤ ਹੈ ਜੋ ਸਾਰੀ ਮਨੁੱਖਤਾ ਤੇ ਕੁਦਰਤ ਵਿੱਚੋਂ ਝਲਕਾਰਾ ਦੇ ਰਹੀ ਹੈ। ਜਿੱਥੇ ਗਗਨਾਂ ਦੇ ਤਾਰੇ, ਚੰਦ ਤੇ ਸੂਰਜ ਗੁਰੂ ਸਾਹਿਬ ਨੂੰ ਸੁਹਜਾਂ ਦੇ ਭੰਡਾਰ, ਅਨੰਤ ਪ੍ਰਭੂ ਨਾਲ ਜੋੜਦੇ ਹਨ। ਇਥੇ ਉਨ੍ਹਾਂ ਦੀ ਕਲਪਨਾ, ਮੂਰਤੀ ਦੀ ਸੀਮਤਤਾ ਦੀ ਕੈਦ ਵਿੱਚੋਂ ਸੁਤੰਤਰ ਹੋ ਕੇ ਅਨੰਤਤਾ ਦੀ ਅਸਗਾਹ ਵਿਸ਼ਾਲਤਾ ਵਿਚ ਉਡਾਰੀ ਮਾਰਦੀ ਹੈ। ਭਾਰਤੀ ਦਰਸ਼ਨ ਸਾਹਿਤ ਦੀ ਮੂਲ ਧਾਰਨਾ ਵਾਂਗ ਗੁਰੂ ਨਾਨਕ ਸਾਹਿਬ ਨੇ ਵੀ ‘ਸਭ ਮਹਿ ਜੋਤਿ ਜੋਤਿ ਹੈ ਸੋਇ’ ਦਾ ਸੰਦੇਸ਼ ਦਿੱਤਾ ਭਾਵ ਸਭ ਮਨੁੱਖਾਂ ਦੇ ਅੰਦਰ ਇੱਕੋ ਜੋਤ ਪ੍ਰਵੇਸ਼ ਕਰਦੀ ਹੈ। ਗੁਰੂ ਸਾਹਿਬ ਨੇ ‘ਜੋਤ’ ਸ਼ਬਦ ਨੂੰ ਤਰਜੀਹ ਦਿੱਤੀ ਕਿਉਂਕਿ ਆਰਤੀ ਵਿਚ ਪ੍ਰਧਾਨ ਅੰਗ ਜੋਤਾਂ ਦਾ ਹੁੰਦਾ ਹੈ। ਸਭ ਵਿਅਕਤੀਆਂ ਵਿਚ ਵਿਆਪਕ ਆਤਮਾਵਾਂ ਮਾਨੋ ਬੇਅੰਤ ਜੋਤਾਂ ਹਨ ਜਿਨ੍ਹਾਂ ਦਾ ਸਮੂਹ ਇਕ ਆਤਮਿਕ ਆਰਤੀ ਦਾ ਰੂਪ ਧਾਰਦਾ ਹੈ। ਅਗਲੀ ਤੁਕ ਵਿਚ ਗੁਰੂ ਸਾਹਿਬ ਨੇ ‘ਜੋਤੀ’ ਸ਼ਬਦ ਪ੍ਰਤੱਖ ਤੌਰ ’ਤੇ ਬ੍ਰਹਿਮੰਡ ਵਿਚ ਵਿਆਪਕ ਪਰਮਜੋਤਿ ਲਈ ਵਰਤਿਆ ਹੈ। ਇਸ ਤਰ੍ਹਾਂ ਗੁਰੂ ਸਾਹਿਬ ਮੰਦਰ ਨੂੰ ਕਲਪਨਾ ਦੀ ਆਰਤੀ ਤੋਂ ਕੁਦਰਤ ਦੀ ਆਰਤੀ ਵੱਲ ਲਿਜਾ ਕੇ ਫਿਰ ਆਤਮਿਕ ਆਰਤੀ ਤਕ ਪਹੁੰਚਾ ਦਿੰਦੇ ਹਨ। ਤੀਸਰੇ ਬੰਦ ਦੀ ਤੀਸਰੀ ਤੁਕ ਵਿਚ ਚਾਨਣ ਆਤਮਾ ਜਾਂ ਬ੍ਰਹਮ ਦੀ ਬਜਾਇ ਉਸ ਗਿਆਨ ਦਾ ਪ੍ਰਤੀਕ ਹੈ ਜਿਸ ਦੀ ਅਰਾਧਨਾ ਆਰਤੀ ਦੇ ਗੰਭੀਰ ਜਗਿਆਸੂ ਨੂੰ ਪ੍ਰਾਪਤ ਹੁੰਦੀ ਹੈ; ਉਹ ਉਸ ਤੋਂ ਇੰਞ ਨਿਖੇੜੀ ਨਹੀਂ ਜਾ ਸਕਦੀ, ਜਿਸ ਤਰ੍ਹਾਂ ਕਿਸੇ ਵਸਤ ਤੋਂ ਵਸਤ ਦਾ ਗਿਆਨ। ਅੱਗੇ ਜਾ ਕੇ ਗੁਰੂ, ਜਗਿਆਸੂ ਤੇ ਰੱਬ ਤਿੰਨੇ ਇਕ ਜੋਤ ਬਣ ਜਾਂਦੇ ਹਨ, ਜਿਨ੍ਹਾਂ ਵਿਚ ਕਿਧਰੇ ਕੋਈ ਲੀਕ ਖਿੱਚੀ ਨਹੀਂ ਜਾ ਸਕਦੀ।

ਪਰਮਾਤਮਾ ਉਹੀ ਕਰਦਾ ਹੈ ਜੋ ਉਸ ਨੂੰ ਭਾਉਂਦਾ ਹੈ। ਸੱਚੇ ਜਗਿਆਸੂ ਲਈ ਹਰ ਪਲ ਰੱਬ ਦੀ ਰਜ਼ਾ ਉੱਤੇ ਫੁੱਲ ਚੜ੍ਹਾਉਣੇ ਉਸ ਦੀ ਸੱਚੀ ਆਰਤੀ ਉਤਾਰਨੀ ਹੈ। ਜਿਹੜਾ ਮਨੁੱਖ ਰਜ਼ਾ ਦਾ ਜੀਵਨ ਜੀਉਂਦਾ ਹੈ, ਉਸ ਦੀ ਜੀਵਨ-ਸੇਧ ਸਹੀ ਹੈ, ਉਸ ਦਾ ਪੰਧ ਉੱਜਲਾ ਹੈ, ਉਹ ਹਨੇਰੇ ਵਿਚ ਠੋਕਰਾਂ ਨਹੀਂ ਖਾਂਦਾ। ਗੁਰੂ ਨਾਨਕ ਸਾਹਿਬ ਮਨੁੱਖ ਦੇ ਅੰਦਰ-ਬਾਹਰ ਇਕ ਜੋਤ ਦਾ ਪ੍ਰਕਾਸ਼ ਦੇਖਦੇ ਹਨ। ਉਨ੍ਹਾਂ ਨੂੰ ਸਾਰੀ ਸ੍ਰਿਸ਼ਟੀ ਅਤੇ ਸਰਬ-ਮਨੁੱਖਤਾ ਰੱਬੀ ਰਜ਼ਾ ਦੀ ਤਾਰ ਵਿਚ ਪਰੋਏ ਹੋਏ ਦਿੱਸਦੇ ਹਨ। ਇਸ ਰਜ਼ਾ ਦੀ ਸੁਨਹਿਰੀ ਤਾਰ ਨੂੰ ਉਹ ਅਸਲ ਆਰਤੀ ਮੰਨਦੇ ਹਨ।

ਸ਼ਬਦ ਦੇ ਚੌਥੇ ਬੰਦ ਵਿਚ ਗੁਰੂ ਨਾਨਕ ਸਾਹਿਬ ਉਸ ਅਮਰ ਜੋਤਿ ਪਾਸੋਂ ਮਨ ਦੀ ਸੱਚੀ ਤ੍ਰਿਪਤੀ ਦੀ ਯਾਚਨਾ ਕਰਦੇ ਹਨ, ਜਿਸ ਦੀ ਹਜ਼ੂਰੀ ਵਿਚ ਸਾਰੇ ਵਿਸ਼ਵ ਨੂੰ ਉਹ ਆਰਤੀ ਕਰਦਾ ਦਿਖਾਉਂਦੇ ਹਨ। ਹਰੀ ਪ੍ਰਭੂ ਦੇ ਚਰਨਾਂ ਦੀ ਛੋਹ ਰਹੱਸਵਾਦੀ ਦਾਇਰਿਆਂ ਵਿਚ ਹਰੀ ਦੇ ਸੰਜੋਗ ਦਾ ਹੀ ਪ੍ਰਤੀਕ ਮੰਨੀ ਜਾਂਦੀ ਹੈ। ਗੁਰੂ ਨਾਨਕ ਸਾਹਿਬ ਫ਼ਰਮਾਉਂਦੇ ਹਨ ਕਿ ਭੌਰਾ-ਮਨ ਹਰੀ ਦੇ ਚਰਨਾਂ ਰੂਪੀ ਕਮਲਾਂ ਨੂੰ ਦੇਖ ਕੇ ਉਨ੍ਹਾਂ ਉੱਤੇ ਲੁਭਾਇਮਾਨ ਹੋ ਗਿਆ ਹੈ। ਦਿਨ-ਰਾਤ ਉਨ੍ਹਾਂ ਦਾ ਮਕਰੰਦ ਰਸ ਮਾਣਨ ਲਈ ਇਹ ਨਿੱਜੀ ਲਾਲਸਾ ਗਿਆਨ ਦੀ ਅਰਾਧਨਾ ਦਾ ਹੀ ਦੂਜਾ ਨਾਂ ਹੈ। ਜਦੋਂ ਹਰੀ ਦੀ ਚਰਨ-ਛੁਹ ਜਾਂ ਉਸ ਨਾਲ ਅਭੇਦਤਾ ਦੀ ਯਾਚਨਾ ਮਨ ਕਰਦਾ ਹੈ ਤਾਂ ਭਾਣੇ ਦੇ ਮੁਕੰਮਲ ਜੀਵਨ ਦੀ ਹੀ ਅਭਿਲਾਸ਼ਾ ਪ੍ਰਗਟਾਉਂਦਾ ਹੈ। ਗੁਰੂ ਸਾਹਿਬ ਇਸ ਸ਼ਬਦ ਵਿਚ ਦ੍ਰਿੜ੍ਹ ਕਰਵਾਉਂਦੇ ਹਨ ਕਿ ਰੱਬ ਦਾ ਹੁਕਮ ਸਾਰੀ ਸ੍ਰਿਸ਼ਟੀ ਵਿਚ ਵਿਆਪਕ ਹੈ ਅਤੇ ਨਿਰਗੁਣ ਤੋਂ ਸਰਗੁਣ ਤੇ ਸਰਗੁਣ ਤੋਂ ਨਿਰਗੁਣ ਹੋਣ ਦੀ ਕਿਰਿਆ ਵੀ ਉਸ ਦੇ ਹੁਕਮ ਵਿਚ ਹੁੰਦੀ ਹੈ। ਰੱਬ ਦਾ ਹੁਕਮ ਜੀਵ-ਇਸਤਰੀ ਵਿਚ ਵੀ ਹੈ, ਭੌਰਾ- ਮਨ ਪਿਆਸ ਰਾਹੀਂ ਰੱਬੀ ਹੁਕਮ ਨਾਲ ਇਕਸੁਰ ਹੋਣ ਦੀ ਲੋਚਾ ਵਿਅਕਤ ਕਰਦਾ ਹੈ। ਹੁਕਮ ਨਾਲ ਇਕਸੁਰ ਹੋਣਾ ਜੇ ਅੰਤਿਮ ਲਕਸ਼ ਹੈ ਤਾਂ ਇਸ ਦਾ ਸਾਧਨ ਨਾਮ-ਸਿਮਰਨ ਹੈ। ਸ਼ਬਦ ਦੇ ਅਖ਼ੀਰ ਵਿਚ ਗੁਰੂ ਸਾਹਿਬ ਹੁਕਮ ਦੀ ਪ੍ਰਾਪਤੀ ਖ਼ਾਤਰ ਨਾਮ ਦੀ ਹੀ ਮੰਗ ਕਰਦੇ ਹਨ।

ਇਸ ਤਰ੍ਹਾਂ ਗੁਰੂ ਸਾਹਿਬ ਨੇ ਲੋਕਧਾਰਾ ਦੇ ਪ੍ਰਵਾਹ ਵਿਚ ਚੱਲਦੀਆਂ ਰੀਤਾਂ ਦੇ ਜ਼ਰੀਏ ਕੁਦਰਤ ਦੇ ਨਿਰਮਾਣ-ਕਰਤਾ ਕਾਦਰ ਦੀ ਵਡਿਆਈ ਕੀਤੀ ਹੈ। ਲੋਕ ਪਹਿਲਾਂ ਪ੍ਰਕਿਰਤੀ ਤੋਂ ਡਰ ਕੇ ਉਸ ਦੀ ਪੂਜਾ ਕਰਦੇ ਸਨ ਪਰ ਇਸ ਵਿਚਲੇ ਰਹੱਸ ਤੋਂ ਨਾਵਾਕਿਫ਼ ਸਨ। ਗੁਰੂ ਸਾਹਿਬ ਨੇ ਸਾਰੀ ਲੋਕਾਈ ਤਕ ਇਹ ਸੰਦੇਸ਼ ਪਹੁੰਚਾਇਆ ਕਿ ਪ੍ਰਕਿਰਤੀ, ਜਿਸ ਦੀ ਪੂਜਾ ਕੀਤੀ ਜਾਂਦੀ ਹੈ ਉਹ ਤਾਂ ਖ਼ੁਦ ਪਰਮ-ਪਰਮੇਸਰ ਦੀ ਆਰਤੀ ਉਤਾਰ ਰਹੀ ਹੈ, ਇਸ ਲਈ ਸਾਨੂੰ ਸਰਬ-ਸ਼ਕਤੀਮਾਨ ਪਰਮਾਤਮਾ ਦੀ ਹੀ ਅਰਾਧਨਾ ਕਰਨੀ ਚਾਹੀਦੀ ਹੈ।

ਗੁਰੂ ਸਾਹਿਬ ਨੇ ਆਪਣੀ ਇਸ ਰਚਨਾ ਦੁਆਰਾ ਪ੍ਰਚਲਿਤ ਰਸਮਾਂ-ਰੀਤਾਂ ਅਤੇ ਵਿਸ਼ਵਾਸਾਂ ਨੂੰ ਕਰਮਕਾਂਡੀ ਅਰਥਾਂ ਤੋਂ ਨਿਖੇੜ ਕੇ ਨਵੇਂ ਦ੍ਰਿਸ਼ਟੀਕੋਣ ਤੋਂ ਪੇਸ਼ ਕੀਤਾ ਹੈ।

ਡਾ. ਮਹਿੰਦਰ ਕੌਰ ਅਨੁਸਾਰ : “ਜੋ ਆਰਤੀ ਸਾਰੀ ਸ੍ਰਿਸ਼ਟੀ ਬਨਸਪਤੀ ਰਲ ਕੇ ਕਰ ਰਹੀ ਹੈ ਉਹ ਸਭ ਤੋਂ ਉੱਤਮ ਤੇ ਵੱਖਰੀ ਹੈ। ਇਸ ਦਾ ਮੁਕਾਬਲਾ ਕਿਸੇ ਵੀ ਕਿਸਮ ਦੀ ਰਵਾਇਤੀ ਆਰਤੀ ਨਾਲ ਨਹੀਂ ਕੀਤਾ ਜਾ ਸਕਦਾ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਆਰਤੀ ਦੀ ਰੀਤ ਦੇ ਇਸ ਸੀਮਤ ਅਰਥਾਂ ਨੂੰ ਵਿਸ਼ਾਲਤਾ ਨਾਲ ਜੋੜ ਦਿੱਤਾ ਹੈ ਤੇ ਅਜਿਹਾ ਕਰ ਕੇ ਉਹ ਆਰਤੀ ਨੂੰ ਨਵੇਂ ਅਰਥ ਦਿੰਦੇ ਹਨ।”2

ਸੋ ਸਮੁੱਚੇ ਤੌਰ ’ਤੇ ਅਸੀਂ ਕਹਿ ਸਕਦੇ ਹਾਂ ਕਿ ਗੁਰੂ ਨਾਨਕ ਸਾਹਿਬ ਨੇ ‘ਆਰਤੀ’ ਲੋਕ-ਕਾਵਿ-ਰੂਪ ਦੇ ਜ਼ਰੀਏ ਪਰੰਪਰਾ ਤੋਂ ਅਧਿਆਤਮਿਕਤਾ ਤਕ ਦਾ ਸਫ਼ਰ ਦ੍ਰਿੜ੍ਹ ਕਰਵਾਇਆ ਹੈ। ਉਹ ਪ੍ਰਕਿਰਤੀ ਤਾਂ ਖ਼ੁਦ ਪਰਮੇਸਰ ਦੀ ਆਰਤੀ ਉਤਾਰਦੀ ਹੈ ਜਿਸ ਦੀ ਆਰਤੀ ਅਸੀਂ ਉਤਾਰਦੇ ਹਾਂ। ਸਰਬ-ਗੁਣ, ਸਰਬ-ਉੱਚ ਪਰਮਾਤਮਾ ਹੀ ਪੂਜਾ ਦਾ ਹੱਕਦਾਰ ਹੈ ਅਤੇ ਸਾਨੂੰ ਉਸੇ ਦੀ ਅਰਾਧਨਾ ਕਰਨੀ ਚਾਹੀਦੀ ਹੈ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਸ/ਰੀਸਰਚ ਸਕਾਲਰ -ਵਿਖੇ: ਸਿੱਖ ਇਤਿਹਾਸ ਰੀਸਰਚ ਬੋਰਡ (ਸ਼੍ਰੋਮਣੀ ਗੁ. ਪ੍ਰ. ਕਮੇਟੀ), ਸ੍ਰੀ ਅੰਮ੍ਰਿਤਸਰ
ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)