editor@sikharchives.org

ਹਮ ਇਹ ਕਾਜ ਜਗਤ ਮੋ ਆਏ

ਧਰਮ ਅਤੇ ਮਨੁੱਖਤਾ ਦੀ ਰੱਖਿਆ ਹਿਤ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਪਿਤਾ ‘ਹਿੰਦ ਦੀ ਚਾਦਰ’ ਸ੍ਰੀ ਗੁਰੂ ਤੇਗ ਬਹਾਦਰ ਜੀ, ਮਾਤਾ ਗੁਜਰੀ ਜੀ ਤੇ ਚਾਰੇ ਸਪੁੱਤਰਾਂ ਨੂੰ ਕੁਰਬਾਨ ਕਰ ਦਿੱਤਾ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਅੰਮ੍ਰਿਤ ਕੇ ਦਾਤੇ, ਸਰਬੰਸ-ਦਾਨੀ, ਨੀਲੇ ਦੇ ਸ਼ਾਹ-ਅਸਵਾਰ, ਮਹਾਨ ਕਵੀ ਤੇ ਕਵੀਆਂ ਦੇ ਕਦਰਦਾਨ, ਨੀਚੋਂ ਊਚ ਕਰਨ ਵਾਲੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਜੀਵਨ ਹੀ ਮਹਾਨ ਅਤੇ ਅਲੌਕਿਕ ਘਟਨਾਵਾਂ ਨਾਲ ਭਰਪੂਰ ਹੈ। ‘ਬਚਿਤ੍ਰ ਨਾਟਕ’ ਰਚਨਾ ਵਿਚ ਆਪਣੀ ਕਥਾ ਬਖਾਣਨ ਵਾਲੇ, ਮਰਦ ਅਗੰਮੜੇ ਨੇ 22 ਦਸੰਬਰ 1666 ਈ: ਨੂੰ ਪਿਤਾ ਗੁਰੂ ਤੇਗ ਬਹਾਦਰ ਜੀ ਤੇ ਮਾਤਾ ਗੁਜਰੀ ਜੀ ਦੇ ਗ੍ਰਹਿ ਪਟਨਾ ਸਾਹਿਬ (ਬਿਹਾਰ) ਵਿਖੇ ਪ੍ਰਕਾਸ਼ ਧਾਰਿਆ:

ਤਹੀ ਪ੍ਰਕਾਸ ਹਮਾਰਾ ਭਯੋ॥
ਪਟਨਾ ਸਹਰ ਬਿਖੈ ਭਵ ਲਯੋ॥ (ਅਧਿਆਇ 7)

ਧਰਮ ਅਤੇ ਮਨੁੱਖਤਾ ਦੀ ਰੱਖਿਆ ਹਿਤ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਪਿਤਾ ‘ਹਿੰਦ ਦੀ ਚਾਦਰ’ ਸ੍ਰੀ ਗੁਰੂ ਤੇਗ ਬਹਾਦਰ ਜੀ, ਮਾਤਾ ਗੁਜਰੀ ਜੀ ਤੇ ਚਾਰੇ ਸਪੁੱਤਰਾਂ ਨੂੰ ਕੁਰਬਾਨ ਕਰ ਦਿੱਤਾ। ਧਰਮ ਤੇ ਮਨੁੱਖਤਾ ਦਾ ਅਜਿਹਾ ਬੇਜੋੜ ਉਪਾਸ਼ਕ ਸਮੁੱਚੇ ਵਿਸ਼ਵ-ਇਤਿਹਾਸ ਵਿਚ ਨਾ ਤਾਂ ਅੱਜ ਤਕ ਪੈਦਾ ਹੋਇਆ ਹੈ ਅਤੇ ਨਾ ਹੀ ਕਦੇ ਪੈਦਾ ਹੋਵੇਗਾ। ਧਰਮ ਤੇ ਮਾਨਵਤਾ ਦੀ ਰੱਖਿਆ ਲਈ ਹੀ ‘ਅਕਾਲ ਪੁਰਖ’ ਨੇ ਸਤਿਗੁਰਾਂ ਨੂੰ ਇਸ ਜਗਤ ਵਿਚ ਭੇਜਿਆ ਸੀ:

ਹਮ ਇਹ ਕਾਜ ਜਗਤ ਮੋ ਆਏ॥
ਧਰਮ ਹੇਤ ਗੁਰਦੇਵ ਪਠਾਏ॥
ਜਹਾਂ ਤਹਾਂ ਤੁਮ ਧਰਮ ਬਿਥਾਰੋ॥
ਦੁਸਟ ਦੋਖੀਅਨਿ ਪਕਰਿ ਪਛਾਰੋ॥ (ਬਚਿਤ੍ਰ ਨਾਟਕ, ਅਧਿਆਇ 6)

ਸਿੱਖ ਧਰਮ ਦਾ ਸੰਦੇਸ਼ ਲੋਕਾਈ ਤੀਕ ਪ੍ਰਚਾਰਨ ਲਈ ਗੁਰੂ ਸਾਹਿਬਾਨ ਨੇ ਮਹਾਨ ਕਾਰਜ ਕੀਤੇ। ਜਿਸ ਧਰਮ ਰੂਪੀ ਮਹੱਲ ਦੀ ਬੁਨਿਆਦ ਸ੍ਰੀ ਗੁਰੂ ਨਾਨਕ ਸਾਹਿਬ ਨੇ ਰੱਖੀ ਸੀ ਅਤੇ ਜਿਸ ਦੀਆਂ ਨੀਹਾਂ ਵਿਚ ਗੁਰੂ ਅਰਜਨ ਦੇਵ ਜੀ ਤੇ ਗੁਰੂ ਤੇਗ ਬਹਾਦਰ ਜੀ ਨੇ ਆਪਣੀਆਂ ਮਹਾਨ ਸ਼ਹੀਦੀਆਂ ਦੀ ਰੱਤ ਪਾ ਕੇ ਇਸ ਨੂੰ ਮਜ਼ਬੂਤੀ ਬਖ਼ਸ਼ੀ ਸੀ, ਉਸ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਪੂਰਾ ਕੀਤਾ। ਗੁਰੂ ਗੋਬਿੰਦ ਸਿੰਘ ਜੀ ਨੇ ਪੈਰਾਂ ਹੇਠ ਲਿਤਾੜੀ ਜਾ ਰਹੀ ਮਨੁੱਖਤਾ ਦੀ ਰੱਖਿਆ ਕਰਨ ਹਿਤ ਭਾਰੀ ਜੱਦੋ-ਜਹਿਦ ਕੀਤੀ ਅਤੇ ‘ਸ਼ੁਭ ਕਰਮਨ ਤੇ ਕਬਹੂੰ ਨ ਟਰੋਂ’ ਅਨੁਸਾਰ ਪਰਮਾਤਮਾ ਵੱਲੋਂ ਸੌਂਪੇ ਕਾਰਜ ਨੂੰ ਪੂਰਨ ਸਫ਼ਲਤਾ ਸਹਿਤ ਮੁਕੰਮਲ ਕਰ ਵਿਖਾਇਆ। 9 ਸਾਲ ਦੀ ਉਮਰ ਵਿਚ ਆਪਣੇ ਪਿਤਾ ਜੀ ਨੂੰ ਦੂਜਿਆਂ ਦਾ ਧਰਮ ਬਚਾਉਣ ਲਈ ਬਲੀਦਾਨ ਦੇਣ ਲਈ ਤੋਰਨਾ, ਖਾਲਸਾ ਪੰਥ ਦੀ ਸਾਜਨਾ ਕਰਨੀ, ਮੁਰਦਾ ਹੋ ਚੁੱਕੀ ਕੌਮ ਵਿਚ ਨਵੀਂ ਰੂਹ ਫੂਕ ਕੇ ਜਾਗ੍ਰਿਤੀ ਪੈਦਾ ਕਰਨੀ, ਅਖੌਤੀ ਨੀਵੀਆਂ ਜ਼ਾਤਾਂ ਵਿੱਚੋਂ ਬਹਾਦਰ ਯੋਧੇ ਪੈਦਾ ਕਰਨਾ, ਔਰੰਗਜ਼ੇਬ ਦੇ ਵਿਸ਼ਾਲ ਸਾਮਰਾਜ ਨਾਲ ਟੱਕਰ ਲੈਣਾ, ਕਲਗੀਧਰ ਦਸਮੇਸ਼ ਪਿਤਾ ਜੀ ਦਾ ਹੀ ਕੰਮ ਸੀ। ਆਪ ਨੇ ਸਮਾਜ ਦੇ ਦੱਬੇ-ਕੁਚਲੇ ਲੋਕਾਂ ਦੀ ਸਾਰ ਲਈ ਅਤੇ ਉਨ੍ਹਾਂ ਨੂੰ ਸੀਨੇ ਨਾਲ ਲਾ, ਸਾਰੀਆਂ ਪ੍ਰਾਪਤੀਆਂ ਦਾ ਸਿਹਰਾ ਗਰੀਬ ਸਿੱਖਾਂ ਦੇ ਸਿਰ ਬੰਨ੍ਹਿਆ ਅਤੇ ਕਿਹਾ:

ਇਨ ਹੀ ਕੀ ਕ੍ਰਿਪਾ ਕੇ ਸਜੇ ਹਮ ਹੈਂ,
ਨਹੀਂ ਮੋ ਸੇ ਗਰੀਬ ਕਰੋਰ ਪਰੇ॥

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1756 ਬਿ: ਦੀ ਵਿਸਾਖੀ ਵਾਲੇ ਦਿਨ, ਆਨੰਦਪੁਰ ਸਾਹਿਬ ਵਿਖੇ ਖ਼ਾਲਸਾ ਪੰਥ ਦੀ ਸਿਰਜਨਾ ਕਰ, ਅਜਿਹੇ ਮਰਜੀਵੜਿਆਂ ਦੀ ਕੌਮ ਪੈਦਾ ਕੀਤੀ, ਜਿਸ ਨੇ ਕੌਮ ਅੰਦਰ ਏਕਤਾ, ਕੁਰਬਾਨੀ, ਦਲੇਰੀ ਤੇ ਜ਼ੁਲਮ ਵਿਰੁੱਧ ਡਟਣ ਦੀ ਭਾਵਨਾ ਪੈਦਾ ਕੀਤੀ। ਉਨ੍ਹਾਂ ਨੇ ਸਾਰੀਆਂ ਜ਼ਾਤਾਂ ਦੇ ਲੋਕਾਂ ਨੂੰ ਏਕਤਾ ਦੇ ਸੂਤਰ ਵਿਚ ਪ੍ਰੋਣ ਦਾ ਅਦੁੱਤੀ ਤੇ ਮਹਾਨ ਕਾਰਜ ਕੀਤਾ। ਖਾਲਸਾ ਪੰਥ ਦੀ ਸਿਰਜਨਾ ਕਰਨ ਸਮੇਂ ਉਨ੍ਹਾਂ ਨੇ ਪੰਜ ਪਿਆਰਿਆਂ ਵਿਚ ਭਿੰਨ-ਭਿੰਨ ਜ਼ਾਤਾਂ ਨੂੰ, ਇੱਥੋਂ ਤਕ ਕਿ ਅਖੌਤੀ ਨੀਵੀਆਂ ਜ਼ਾਤਾਂ ਦੇ ਲੋਕਾਂ ਨੂੰ ਵੀ ਸ਼ਾਮਲ ਕੀਤਾ। “ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ” ਦੇ ਸਿਧਾਂਤ ਨੂੰ ਅਮਲ ਵਿਚ ਲਿਆ ਕੇ ਪੰਜਾਂ ਪਿਆਰਿਆਂ ਨੂੰ ਇੱਕੋ ਹੀ ਬਾਟੇ ਤੋਂ ਅੰਮ੍ਰਿਤ ਛਕਾ ਕੇ ਊਚ-ਨੀਚ ਤੇ ਇਲਾਕਿਆਂ ਦਾ ਭੇਦ-ਭਾਵ ਮਿਟਾ ਕੇ ਲਿਤਾੜੀ, ਨਿਮਾਣੀ ਤੇ ਨਿਤਾਣੀ ਕੌਮ ਦੇ ਲੋਕਾਂ ਵਿਚ ਅਜਿਹੀ ਸ਼ਕਤੀ ਦਾ ਸੰਚਾਰ ਕੀਤਾ ਕਿ ਉਹ ਗਿੱਦੜਾਂ ਤੋਂ ਸ਼ੇਰ ਬਣ, ਸਵਾ-ਸਵਾ ਲੱਖ ਨਾਲ ਟੱਕਰ ਲੈਣ ਦੇ ਸਮਰੱਥ ਬਣ ਗਏ। ਉਨ੍ਹਾਂ ਨੂੰ ਏਕਤਾ, ਸਮਾਨਤਾ ਤੇ ਨਿਆਂ ਦਾ ਝੰਡਾ ਬੁਲੰਦ ਰੱਖਣ ਲਈ ਸਮੇਂ ਦੀ ਵੱਡੀ ਤੋਂ ਵੱਡੀ ਜ਼ੁਲਮੀ ਤਾਕਤ ਨਾਲ ਟੱਕਰ ਲੈਣ ਦੇ ਯੋਗ ਬਣਾਇਆ।

ਦਸਮੇਸ਼ ਪਿਤਾ ਜੀ ਦੇ ਸਾਜੇ-ਨਿਵਾਜੇ ਖਾਲਸਾ ਪੰਥ ਨੇ ਸ਼ਕਤੀਸ਼ਾਲੀ ਤੇ ਅੱਤਿਆਚਾਰੀ ਸ਼ਾਸਨ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ। ਇੱਥੇ ਹੀ ਬਸ ਨਹੀਂ, ਸਗੋਂ ਆਪ ਨੇ ਖ਼ੁਦ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਉਣ ਉਪਰੰਤ ਉਨ੍ਹਾਂ ਪਾਸੋਂ ਅੰਮ੍ਰਿਤ ਦੀ ਯਾਚਨਾ ਕੀਤੀ। ਸੰਸਾਰ ਦੇ ਕਿਸੇ ਪੀਰ-ਪੈਗੰਬਰ ਨੇ ਆਪਣੇ ਪੈਰੋਕਾਰਾਂ ਜਾਂ ਅਨੁਆਈਆਂ ਨੂੰ ਆਪਣੇ ਬਰਾਬਰ ਦੀ ਮਾਨਤਾ ਨਹੀਂ ਸੀ ਦਿੱਤੀ ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿੱਥੇ ਆਪ ਖ਼ਾਲਸਾ ਬਣੇ, ਉਥੇ ਖਾਲਸੇ ਨੂੰ ਵੀ ਆਪਣੇ ਬਰਾਬਰ ਦਾ ਦਰਜਾ ਦਿੱਤਾ। ਇਹ ਗੁਰੂ-ਚੇਲੇ ਦਾ ਕੌਤਕ ਸੱਚਮੁਚ ਵਾਹ-ਵਾਹ ਦੇ ਯੋਗ ਸੀ:

ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ॥ (ਵਾਰ 41:1)

ਪ੍ਰੋ. ਪਿਆਰਾ ਸਿੰਘ ਪਦਮ ਅਨੁਸਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਲਈ ‘ਵਾਹ-ਵਾਹ’ ਨਹੀਂ ਕਿ ਉਹ ਆਪਣੇ ਚੇਲਿਆਂ ਨੂੰ ਬਹਿਸ਼ਤਾਂ ਦੇ ਪਟੇ ਲਿਖ ਕੇ ਦੇ ਗਏ ਤੇ ਨਾ ਹੀ ਕਲਗੀ ਵਾਲੇ ਦੀ ਵਾਹ ਵਾਹ ਇਸ ਲਈ ਕਿ ਉਨ੍ਹਾਂ ਨੇ ਆਪਣੀ ਉੱਮਤ ਦੀ ਖੁਦਾ ਪਾਸ ਸਿਫਾਰਸ਼ ਕਰਨ ਦਾ ਜ਼ਿੰਮਾ ਲਿਆ ਹੈ। ਗੁਰੂ ਗੋਬਿੰਦ ਸਿੰਘ ਤਾਂ ਇਸ ਲਈ ਵਾਹ-ਵਾਹ ਦੇ ਯੋਗ ਹੋਏ ਕਿਉਂਕਿ ਉਨ੍ਹਾਂ ਨੇ ਕੀਟਾਂ ਨੂੰ ਸਿੰਘਾਸਨ ’ਤੇ ਬਿਠਾਇਆ ਤੇ ਮੈਲੇ-ਕੁਚੈਲੇ ਤੇ ਡਿੱਗਿਆਂ-ਢੱਠਿਆਂ ਨੂੰ ਸਰਦਾਰ ਬਣਾਇਆ। ਮਨੁੱਖ ਦੀ ਗਿਆਨ ਜੋਤ ਨੂੰ ਜਗਾ ਕੇ ਅੰਧਕਾਰੀ ਸੰਸਾਰ ਨੂੰ ਜਗਮਗਾ ਦੇਣਾ ਹੀ ਆਪ ਦੀ ਮਹਾਨ ਕਰਾਮਾਤ ਸੀ।

ਸੰਤ-ਸਿਪਾਹੀ ਗੁਰੂ ਗੋਬਿੰਦ ਸਿੰਘ ਜੀ ਦਾ ਸੰਘਰਸ਼ ਅਨਿਆਂ, ਅੱਤਿਆਚਾਰ ਤੇ ਅਮਾਨਵੀ ਤਾਕਤਾਂ ਦੇ ਖਿਲਾਫ਼ ਸੀ। ਉਨ੍ਹਾਂ ਦਾ ਉਦੇਸ਼ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੱਚੇ ਧਰਮ ਦਾ ਵਿਸਥਾਰ ਕਰਨਾ ਸੀ। ‘ਬਚਿਤ੍ਰ ਨਾਟਕ’ ਵਿਚ ਦਸਮੇਸ਼ ਪਿਤਾ ਜੀ ਨੇ ਆਪਣੇ ਜੀਵਨ ਦੇ ਮੂਲ ਉਦੇਸ਼ ਬਾਰੇ ਕਈ ਥਾਵਾਂ ’ਤੇ ਸੰਕੇਤ ਦਿੱਤੇ ਹਨ। ਉਨ੍ਹਾਂ ਦੇ ਕਲਿਆਣਕਾਰੀ ਜੀਵਨ ਦਾ ਮੁੱਖ ਉਦੇਸ਼ ਦੁਸ਼ਟਾਂ ਦਾ ਨਾਸ਼ ਕਰਨਾ ਤੇ ਸੰਤਾਂ ਨੂੰ ਉਭਾਰਨਾ ਹੀ ਸੀ:

ਧਰਮ ਚਲਾਵਨ ਸੰਤ ਉਬਾਰਨ॥
ਦੁਸਟ ਸਭਨ ਕੋ ਮੂਲ ਉਪਾਰਨ॥ (ਬਚਿਤ੍ਰ ਨਾਟਕ)

ਕਲਗੀਧਰ ਪਿਤਾ ਨੇ ਆਪਣੇ ਚਾਰੋਂ ਸਪੁੱਤਰ ਧਰਮ ਦੀ ਰੱਖਿਆ ਲਈ ਸ਼ਹੀਦ ਕਰਵਾ ਦਿੱਤੇ। ਵੱਡੇ ਸਾਹਿਬਜ਼ਾਦੇ ਚਮਕੌਰ ਦੇ ਯੁੱਧ ਵਿਚ ਜੂਝਦੇ ਹੋਏ ਸ਼ਹੀਦ ਹੋਏ ਜਦੋਂ ਕਿ ਛੋਟੇ ਸਾਹਿਬਜ਼ਾਦੇ ਸਰਹੰਦ ਵਿਖੇ ਦੀਵਾਰ ਵਿਚ ਚਿਣ ਕੇ ਸ਼ਹੀਦ ਕੀਤੇ ਗਏ। ਜਦੋਂ ਪੂਜ ਮਾਤਾਵਾਂ ਨੇ ਸਾਬੋ ਕੀ ਤਲਵੰਡੀ ਸ੍ਰੀ ਦਮਦਮਾ ਸਾਹਿਬ ਵਿਖੇ ਪ੍ਰਸ਼ਨ ਕੀਤਾ ਕਿ ਸਾਡੇ ਲਾਲ ਕਿੱਥੇ ਹਨ ਤਾਂ ਆਪ ਨੇ ਖਾਲਸਾ ਪੰਥ ਵੱਲ ਸੰਕੇਤ ਕਰਦਿਆਂ ਮੁਸਕਰਾਉਂਦਿਆਂ ਕਿਹਾ ਸੀ:

ਇਨ ਪੁਤਰਨ ਕੇ ਸੀਸ ਪਰ, ਵਾਰ ਦੀਏ ਸੁਤ ਚਾਰ।
ਚਾਰ ਮੂਏ ਤੋ ਕਿਆ ਹੂਆ, ਜੀਵਤ ਕਈ ਹਜ਼ਾਰ!

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦੇ ਅਨੰਦਮਈ ਦਿਨ ਵੀ ਦੇਖੇ। ਪਾਉਂਟਾ ਸਾਹਿਬ ਦੀ ਧਰਤੀ ’ਤੇ ਕੁਦਰਤੀ ਨਜ਼ਾਰੇ ਵੀ ਮਾਣੇ ਪਰ ਨਾਲ ਹੀ ਭੁੱਖਾਂ ਤੇ ਉਨੀਂਦਰੇ ਵੀ ਕੱਟੇ, ਨੰਗੇ ਪੈਰੀਂ ਮਾਛੀਵਾੜੇ ਦੇ ਜੰਗਲਾਂ ਵਿਚ ਸਫ਼ਰ ਵੀ ਕੀਤੇ, ਲੜਾਈਆਂ ਵੀ ਲੜੀਆਂ। ਇਥੋਂ ਤਕ ਕਿ ਮਾਤਾ-ਪਿਤਾ ਤੇ ਚਾਰੇ ਸਪੁੱਤਰ ਵੀ ਧਰਮ ਖਾਤਰ ਵਾਰ ਦਿੱਤੇ। ਪਰ ਫਿਰ ਵੀ ਕੋਈ ਸ਼ਿਕਵਾ ਜਾਂ ਸ਼ਿਕਾਇਤ ਨਹੀਂ ਕੀਤੀ, ਬਸ ਕੀਤਾ ਤਾਂ ਕੇਵਲ ਅਕਾਲ ਪੁਰਖ ਦਾ ਸ਼ੁਕਰਾਨਾ। ਉੱਘੇ ਇਤਿਹਾਸਕਾਰ ਡਾ. ਗੋਕਲ ਚੰਦ ਨਾਰੰਗ ਅਨੁਸਾਰ, “ਜੇਕਰ ਗੁਰੂ ਗੋਬਿੰਦ ਸਿੰਘ ਜੀ ਔਰੰਗਜ਼ੇਬ ਜਿਹੇ ਜ਼ਾਲਮ ਸਮਰਾਟ ਦੇ ਟਾਕਰੇ ਵਿਚ ਉਸ ਸਮੇਂ ਨਾ ਆਉਂਦੇ ਤਾਂ ਹਿੰਦੂ ਧਰਮ ਦਾ ਦੀਵਾ ਸਦਾ ਲਈ ਗੁੱਲ ਹੋ ਜਾਂਦਾ।”

ਅਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਰਸਾਏ ਸਰਬ-ਸਾਂਝੀਵਾਲਤਾ ਦੇ ਪੈਗ਼ਾਮ ਨੂੰ ਤਦ ਹੀ ਅੱਗੇ ਲੈ ਜਾ ਸਕਾਂਗੇ ਜੇਕਰ ਅਸੀਂ ਧਰਮ ਦੇ ਖੇਤਰ ਵਿਚ ਸਤਿਗੁਰਾਂ ਦੇ ਪਾਏ ਪੂਰਨਿਆਂ ’ਤੇ ਚੱਲਦੇ ਹੋਏ ਕਥਨੀ ਤੇ ਕਰਨੀ ਦੇ ਸੂਰੇ ਬਣਾਂਗੇ। ਆਓ! ਦਸਮੇਸ਼ ਪਿਤਾ ਜੀ ਦਾ ਪਾਵਨ ਪ੍ਰਕਾਸ਼ ਪੁਰਬ ਮਨਾਉਂਦੇ ਹੋਏ ਆਪ ਜੀ ਦੀ ਦ੍ਰਿੜ੍ਹਾਈ ਸਿੱਖਿਆ, ‘ਸਭ ਸਿਖਨ ਕੋ ਹੁਕਮ ਹੈ, ਗੁਰੂ ਮਾਨੀਓ ਗ੍ਰੰਥ’ ਅਤੇ ‘ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ’ ਦੇ ਅਨੁਸਾਰੀ ਹੋ, ਦੇਹਧਾਰੀ ਗੁਰੂਆਂ ਦੇ ਭਰਮ-ਜਾਲ ’ਚੋਂ ਨਿਕਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੀਏ ਅਤੇ ਬਾਣੀ ਤੇ ਬਾਣੇ ਦੇ ਧਾਰਨੀ ਬਣ, ਜੀਵਨ ਸਫ਼ਲਾ ਕਰੀਏ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਪ੍ਰਧਾਨ -ਵਿਖੇ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ

ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)