editor@sikharchives.org

ਵੈਸਾਖੀ – ਖ਼ਾਲਸਾ ਸਿਰਜਣਾ ਦਿਵਸ

ਖਾਲਸਾ, ਹਰ ਕਿਸਮ ਦੀ ਸ਼ਖ਼ਸੀ ਗੁਲਾਮੀ ਤੋਂ ਅਜ਼ਾਦ ਹੋ ਕੇ ਅਕਾਲ ਪੁਰਖ ਵਾਹਿਗੁਰੂ ਨਾਲ ਸਿੱਧੇ ਰੂਪ ਵਿਚ ਸੰਬੰਧਿਤ ਹੈ ਜੋ ਪਰਮਾਤਮਾ ਦੀ ਆਪਣੀ ਰਜ਼ਾ ਵਿੱਚੋਂ ਹੀ ਪ੍ਰਗਟ ਹੋਇਆ ਹੈ
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਖਾਲਸਾ ਸ਼ਬਦ ਅਰਬੀ ਭਾਸ਼ਾ ਦਾ ਹੈ ਜਿਸ ਦਾ ਅਰਥ ਹੈ ਸ਼ੁੱਧ, ਖਰਾ, ਮਿਲਾਵਟ ਰਹਿਤ। ਇਸ ਦਾ ਦੂਜਾ ਅਰਥ ਹੈ, ਉਹ ਜਾਇਦਾਦ ਜੋ ਸਿੱਧੀ ਬਾਦਸ਼ਾਹ ਦੀ ਮਲਕੀਅਤ ਹੋਵੇ ਇਸੇ ਤਰ੍ਹਾਂ ਖਾਲਸਾ ਸਿੱਧਾ ਅਕਾਲ ਪੁਰਖ ਦੇ ਅਧੀਨ ਹੈ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜ ਕੇ ਇਕ ਅਹਿਮ ਕ੍ਰਿਸ਼ਮਾ ਦੁਨੀਆਂ ਅੱਗੇ ਪੇਸ਼ ਕੀਤਾ ਹੈ।

ਵੈਸਾਖੀ ਦੇ ਦਿਹਾੜੇ ਦੀ ਸਿੱਖ ਧਰਮ ਵਿਚ ਖਾਸ ਅਹਿਮੀਅਤ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਦਿਹਾੜੇ ਖ਼ਾਲਸੇ ਦੀ ਸਿਰਜਣਾ ਕਰ ਕੇ ਇਸ ਦਿਵਸ ਨੂੰ ਮਹੱਤਵਪੂਰਨ ਤੇ ਨਵੇਂ ਅਰਥ ਪ੍ਰਦਾਨ ਕੀਤੇ, ਭਾਵੇਂ ਕਿ ਖਾਲਸਾ ਸਿਰਜਣਾ ਤੋਂ ਪਹਿਲਾਂ ਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਜ਼ਾਬਰ ਦੇ ਜ਼ੁਲਮ ਖਿਲਾਫ਼ ਆਵਾਜ਼ ਉਠਾਉਣ ਦੀ ਪਰੰਪਰਾ ਅਰੰਭ ਹੋ ਚੁੱਕੀ ਸੀ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਸਿੱਖਾਂ ਨੂੰ ਸ਼ਸਤਰਧਾਰੀ ਹੋਣ ਦੇ ਹੁਕਮ ਜਾਰੀ ਹੋ ਗਏ ਸਨ ਅਤੇ ਇਤਿਹਾਸ ਇਸ ਗੱਲ ਦੀ ਗੁਆਹੀ ਭਰਦਾ ਹੈ ਕਿ ਸਮੇਂ-ਸਮੇਂ ਗੁਰੂ ਸਾਹਿਬ ਦੇ ਜੀਵਨ ਦੌਰਾਨ ਹੀ ਸਿੱਖਾਂ ਨੂੰ ਜ਼ੁਲਮ ਦੇ ਖਿਲਾਫ਼ ਧਰਮ ਯੁੱਧ ਲੜਨੇ ਪਏ। ਗੁਰਬਾਣੀ ਦੁਆਰਾ ਸਿੱਖਿਅਤ ਸਿੱਖ ਸਖਸ਼ੀਅਤ ਸਿੰਘ ਰੂਪ ਧਾਰ ਕੇ ਹਰ ਪ੍ਰਕਾਰ ਦੀ ਗੁਲਾਮੀ ਤੋਂ ਮੁਕਤ ਹੁੰਦਿਆਂ ਮਜ਼ਲੂਮਾਂ ਤੇ ਕਮਜ਼ੋਰਾਂ ਦੀ ਰਾਖੀ ਦੇ ਜ਼ਾਮਨ ਹੋਣ ਲੱਗ ਪਏ। ਇਸ ਸਭ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰੱਬੀ ਅਕਾਲੀ ਬਾਣੀ ਵਿਚ ਸਪਸ਼ਟ ਪ੍ਰੇਰਨਾ ਕੀਤੀ ਹੋਈ ਹੈ:

ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥
ਸਿਰੁ ਦੀਜੈ ਕਾਣਿ ਨ ਕੀਜੈ॥20॥ (ਪੰਨਾ 1412)

ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਬਾਕੀ ਗੁਰੂ ਸਾਹਿਬਾਨ ਨੇ ਵੀ ਸਿੱਖ ਸੰਗਤਾਂ ਨੂੰ ਇਹੋ ਪਾਠ ਦ੍ਰਿੜ੍ਹ ਕਰਵਾਇਆ। ਇਸ ਤਰ੍ਹਾਂ ਖਾਲਸੇ ਦੀ ਸਿਰਜਣਾ ਕਰੀਬ ਢਾਈ ਸਦੀਆਂ ਲੰਮੀ ਦੀਖਿਆ ਦੀ ਪੂਰਤੀ ਦਾ ਅਵਸਰ ਸੀ। ਮਨੁੱਖਤਾ ਦੇ ਇਤਿਹਾਸ ਵਿਚ 1756 ਬਿਕ੍ਰਮੀ ਦੀ ਵੈਸਾਖੀ ਵਾਲੇ ਦਿਨ ਇਕ ਅਜਿਹਾ ਇਨਕਲਾਬੀ ਮੋੜ ਆਇਆ ਜੋ ਸੰਸਾਰ ਦੀਆਂ ਅੱਖਾਂ ਨੇ ਨਾ ਪਹਿਲਾਂ ਕਦੀ ਵੇਖਿਆ ਸੀ ਅਤੇ ਨਾ ਹੀ ਕਦੀ ਵੇਖਣਾ ਹੈ। ਇਸ ਅਲੌਕਿਕ ਖੇਡ ਦਾ ਭੇਦ ਉਦੋਂ ਖੁੱਲ੍ਹਿਆ ਜਦੋਂ ਇੱਕ-ਇੱਕ ਖਾਲਸਾ ਸਵਾ-ਸਵਾ ਲੱਖ ਨਾਲ ਮੁਕਾਬਲਾ ਕਰਨ ਲੱਗ ਪਿਆ। ਚਮਕੌਰ ਦੀ ਕੱਚੀ ਗੜ੍ਹੀ ਵਿਚ ਚਾਲੀ ਭੁੱਖੇ-ਭਾਣੇ ਸਿੰਘਾਂ ਨੇ ਦਸ ਲੱਖ ਹਥਿਆਰ-ਬੰਦ ਸ਼ਾਹੀ ਫ਼ੌਜ ਦਾ ਟਾਕਰਾ ਕਰ ਵਿਖਾਇਆ। ਦਸਮ ਪਾਤਸ਼ਾਹ ਨੇ ਖਾਲਸਾ ਸਾਜ ਕੇ ਇਸ ਅੰਦਰ ਸਿੱਖੀ ਸਿਧਾਂਤ ਦੀ ਸੁਤੰਤਰਤਾ ਤੇ ਬਰਾਬਰਤਾ ਦਾ ਅਜਿਹਾ ਜਜ਼ਬਾ ਉਭਾਰਿਆ ਜਿਸ ਨੇ ਨਾ ਕੇਵਲ ਵਕਤ ਦੀ ਸ਼ਕਤੀਸ਼ਾਲੀ ਮੁਗ਼ਲ ਹਕੂਮਤ ਨੂੰ ਹੀ ਝੰਜੋੜਿਆ ਸਗੋਂ ਮਨੁੱਖਤਾ ਦੀਆਂ ਵੰਡੀਆਂ ਪਾਉਣ ਵਾਲੇ, ਜਾਤ-ਪਾਤ ਤੇ ਵਰਨ-ਵੰਡ ਕਰਨ ਵਾਲੇ ਸਮਾਜ ਨੂੰ ਵੀ ਪ੍ਰਭੂ ਦੇ ਸੱਚੇ ਮਨੁੱਖ ਬਣਨ ਦਾ ਉਪਦੇਸ਼ ਦਿੱਤਾ।

ਖਾਲਸਾ, ਹਰ ਕਿਸਮ ਦੀ ਸ਼ਖ਼ਸੀ ਗੁਲਾਮੀ ਤੋਂ ਅਜ਼ਾਦ ਹੋ ਕੇ ਅਕਾਲ ਪੁਰਖ ਵਾਹਿਗੁਰੂ ਨਾਲ ਸਿੱਧੇ ਰੂਪ ਵਿਚ ਸੰਬੰਧਿਤ ਹੈ ਜੋ ਪਰਮਾਤਮਾ ਦੀ ਆਪਣੀ ਰਜ਼ਾ ਵਿੱਚੋਂ ਹੀ ਪ੍ਰਗਟ ਹੋਇਆ ਹੈ:

ਖਾਲਸਾ ਅਕਾਲ ਪੁਰਖ ਕੀ ਫੌਜ।
ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ। (ਸਰਬ ਲੋਹ ਗ੍ਰੰਥ)

ਖਾਲਸਾ, ਇਕ ਅਕਾਲ ਪੁਰਖ ਦਾ ਪੁਜਾਰੀ ਹੈ। ਪੰਜ-ਕਕਾਰੀ ਰਹਿਤ ਰੱਖਣੀ, ਪੰਜਾਂ ਬਾਣੀਆਂ ਦਾ ਪਾਠ ਕਰਨਾ, ਸਦਾ ਹੀ ਸੱਚਾ, ਧਰਮੀ ਜੀਵਨ ਜਿਉਣਾ ਖਾਲਸੇ ਦਾ ਨੇਮ ਅਤੇ ‘ਗੁਰਸਿਖ ਮੀਤ ਚਲਹੁ ਗੁਰ ਚਾਲੀ’ ਦਾ ਧਾਰਨੀ ਹੋਣਾ ਹੈ। ਗੁਰਮੁਖ-ਗਾਡੀ ਰਾਹ ਦੀ ਜੀਵਨ-ਜਾਚ ਦਾ ਅਨੁਸਾਰੀ ਹੋਣਾ ਹੀ ਖਾਲਸੇ ਦਾ ਪਰਮ ਕਰਤੱਵ ਹੈ। ਉੱਚੀ-ਸੁੱਚੀ ਰਹਿਣੀ-ਬਹਿਣੀ ਵਿਚ ਸੰਪੂਰਨ ਖਾਲਸੇ ਨੂੰ ਤਾਂ ਗੁਰੂ ਸਾਹਿਬ ਨੇ ਆਪਣਾ ਇਸ਼ਟ ਬਣਾ ਕੇ ਇੰਞ ਸੰਬੋਧਨ ਕੀਤਾ:

ਰਹਿਣੀ ਰਹਹਿ ਸੋਈ ਸਿਖ ਮੇਰਾ।
ਉਹ ਠਾਕੁਰ ਮੈਂ ਉਸ ਕਾ ਚੇਰਾ।

ਖਾਲਸਾ; ਧਰਮ ਅਤੇ ਸਦਾਚਾਰ ਦਾ ਸੁਮੇਲ ਹੈ। ਇਹ ਅੰਦਰਲੀ ਅਤੇ ਬਾਹਰਲੀ ਇਕਸੁਰਤਾ ਕਾਇਮ ਰੱਖਣ ਦੀ ਜੁਗਤੀ ਹੈ। ਖਾਲਸੇ ਦੀ ਆਵਾਜ਼ ਹੱਕ, ਸੱਚ ਤੇ ਨਿਆਂ ਦੀ ਆਵਾਜ਼ ਹੈ। ਸੱਚ ਦੀ ਇਸ ਆਵਾਜ਼ ਅੱਗੇ ਕੋਈ ਜ਼ਾਲਮ, ਜਾਬਰ, ਪਾਖੰਡੀ ਅਤੇ ਅਹੰਕਾਰੀ ਕਦੇ ਵੀ ਟਿਕ ਨਹੀਂ ਸਕਿਆ। ਖਾਲਸੇ ਦਾ ਆਤਮਿਕ ਤੇ ਸਦਾਚਾਰਕ ਜੀਵਨ ਲੱਖਾਂ ਕਪਟੀਆਂ ‘ਤੇ ਭਾਰੂ ਹੁੰਦਾ ਹੈ। ਜਬਰ ਤੇ ਜ਼ੁਲਮ ਵਿਰੁੱਧ ਡਟਣਾ ਖਾਲਸੇ ਦਾ ਪਰਮ ਧਰਮ ਹੈ ਜੋ ਖਾਲਸੇ ਦੀ ਚੜ੍ਹਦੀ ਕਲਾ ਦਾ ਜ਼ਾਮਨ ਹੈ। ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਿਰਜਣਾ ਕਰ ਕੇ ਸੰਸਾਰ ਨੂੰ ਸੰਤ-ਸਿਪਾਹੀ ਦਾ ਅਜਿਹਾ ਨਵੀਨ, ਸ਼ਕਤੀਸ਼ਾਲੀ ਤੇ ਵਿਲੱਖਣ ਜੀਵਨ-ਸਿਧਾਂਤ ਦਿੱਤਾ ਹੈ ਜਿਹੜਾ ਹੁਣ ਤਕ ਸ਼ਹਾਦਤਾਂ ਤੇ ਕੁਰਬਾਨੀਆਂ ਦੀਆਂ ਨਿੱਤ- ਨਵੀਆਂ ਸਿਖਰਾਂ ਛੋਂਹਦਾ ਆ ਰਿਹਾ ਹੈ। ਸ਼ਹਾਦਤ ਦੀ ਭਾਵਨਾ ਅਤੇ ਸ਼ਕਤੀ, ਅਜਿਹੇ ਜੀਵਨ-ਸਿਧਾਂਤ ਵਿੱਚੋਂ ਹੀ ਉਪਜਦੀ ਹੈ, ਇਸੇ ਲਈ ਜਦ ਗੱਲਬਾਤ ਦੇ ਸਾਰੇ ਯਤਨ ਅਸਫ਼ਲ ਹੋ ਜਾਣ ਤਾਂ ਸ਼ਮਸ਼ੀਰ ਨੂੰ ਹੱਥ ਪਾਉਣਾ ਹਰ ਤਰ੍ਹਾਂ ਜਾਇਜ਼ ਹੁੰਦਾ ਹੈ ਜੋ ਧਾਰਮਿਕ ਫ਼ਰਜ਼ ਬਣ ਜਾਂਦਾ ਹੈ:

ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ॥
ਹਲਾਲੱਸਤ ਬੁਰਦਨ ਬ ਸ਼ਮਸ਼ੀਰ ਦਸਤ।22। (ਜ਼ਫ਼ਰਨਾਮਾ ਪਾ. 10)

ਯੂ. ਐਨ. ਓ. ਦੀ ਜਨਰਲ ਅਸੈਂਬਲੀ ਨੇ ਤਾਂ ਕੇਵਲ ਅੱਧੀ ਸਦੀ ਪਹਿਲਾਂ ਮਾਨਵ-ਅਧਿਕਾਰਾਂ ਦੀ ਰੱਖਿਆ ਲਈ ਇਕ ਮਤਾ ਪਾਸ ਕਰ ਕੇ ਮਨੁੱਖੀ ਅਜ਼ਾਦੀ, ਬਰਾਬਰੀ ਦੇ ਹੱਕ ਤੇ ਭਰਾਤਰੀ-ਭਾਵ ਦੀ ਗੱਲ ਕੀਤੀ, ਪਰ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਿੰਨ ਸਦੀਆਂ ਪਹਿਲਾਂ ਹੀ ਮਨੁੱਖਤਾ ਦੇ ਹੱਕਾਂ ਦੀ ਸਮਾਨਤਾ, ਜਬਰ-ਜ਼ੁਲਮ ਦੇ ਖਿਲਾਫ਼ ਟੱਕਰ ਲੈਣ ਅਤੇ ਮਜ਼ਲੂਮਾਂ ਦੀ ਰੱਖਿਆ ਕਰਨ ਵਾਲੀ ਜੀਵਨ-ਜਾਚ ‘ਤੇ ਅਧਾਰਤ ਵਿਲੱਖਣ ਹੋਂਦ-ਹਸਤੀ ਵਾਲੇ ‘ਖਾਲਸੇ’ ਦੀ ਸਿਰਜਣਾ ਕਰ ਕੇ ਅਜਿਹੀ ਭਾਵਨਾ ਨੂੰ ਅਮਲੀ ਰੂਪ ਵਿਚ ਪ੍ਰਗਟ ਕਰ ਦਿੱਤਾ ਸੀ। ਸੰਸਾਰ ਨੇ ਪਹਿਲੀ ਵਾਰ ਖਾਲਸੇ ਦੇ ਹੱਥੋਂ ਕਿਰਪਾਨ ਦੀ ਵਰਤੋਂ ਜ਼ੁਲਮ ਕਰਨ ਦੀ ਥਾਂ ਜ਼ੁਲਮ ਰੋਕਣ ਲਈ ਵਰਤੀ ਜਾਂਦੀ ਵੇਖੀ ਹੈ।

ਗੁਰੂ ਸਾਹਿਬ ਦੀ ਅਪਾਰ ਬਖ਼ਸ਼ਿਸ਼ ਸਦਕਾ ਕੁਰਬਾਨੀਆਂ ਨਾਲ ਹਮੇਸ਼ਾਂ ਸਿੱਖੀ ਪ੍ਰਫੁੱਲਤ ਹੋਈ ਹੈ। ਸਿੱਖ-ਇਤਿਹਾਸ ਵਿਚ ਸ਼ਹਾਦਤ ਦਾ ਜਾਮ ਪੀਣ ਵਾਲੇ ਤਾਂ ਹਮੇਸ਼ਾਂ-ਹਮੇਸ਼ਾਂ ਲਈ ਅਮਰ ਹੋ ਗਏ ਪਰ ਜਾਬਰਾਂ ਤੇ ਹੰਕਾਰੀਆਂ ਦੇ ਨਾਮੋ-ਨਿਸ਼ਾਨ ਤਕ ਮਿਟ ਗਏ। ਹਰ ਇਕ ਗੁਰਸਿੱਖ ਲਈ ਬਾਣੀ ਅਤੇ ਬਾਣੇ ਦੇ ਧਾਰਨੀ ਹੋਣਾ, ਰਹਿਤ ਦੀ ਪਰਪੱਕਤਾ ਅਤੇ ਗੁਰਮਤਿ ਸਿਧਾਂਤਾਂ ਦੀ ਜਾਣਕਾਰੀ ਉਸ ਦੇ ਖਾਲਸਾਈ ਜੀਵਨ ਦਾ ਅਹਿਮ ਵਿਧਾਨ ਹੈ। ਭਵਿੱਖ ਦੀ ਨਵੀਂ ਪੀੜ੍ਹੀ ਨੂੰ ਅਜਿਹੇ ਗੌਰਵਮਈ ਵਿਰਸੇ ਨਾਲ ਜੋੜਨ ਲਈ ਗੁਰਮਤਿ ਵਿਚਾਰਧਾਰਾ ਦੇ ਧਾਰਨੀ ਹੋਣਾ ਤੇ ਬੱਚਿਆਂ ਨੂੰ ਆਦਰਸ਼ ਗੁਰਸਿੱਖ ਬਣਾਉਣ ਲਈ ਮਾਤਾ-ਪਿਤਾ ਦਾ ਵੱਡਾ ਯੋਗਦਾਨ ਹੁੰਦਾ ਹੈ। ਇਸ ਕਾਰਜ ਲਈ ਹਰ ਗੁਰਸਿੱਖ ਨੂੰ ਵਿਅਕਤੀਗਤ ਰੂਪ ਵਿਚ ਤੇ ਹਰ ਸੰਸਥਾ ਨੂੰ ਸੰਸਥਾਗਤ ਰੂਪ ਵਿਚ ਸਾਰਥਕ ਉਪਰਾਲੇ ਕਰਨੇ ਚਾਹੀਦੇ ਹਨ। ਸਮੂਹ ਗੁਰੂ ਨਾਨਕ ਨਾਮ-ਲੇਵਾ ਗੁਰਸਿੱਖਾਂ ਨੂੰ ਆਪਣੇ ਮਹਾਨ ਤੇ ਅਮੀਰ ਵਿਰਸੇ ਨੂੰ ਪਹਿਚਾਣਦੇ ਹੋਏ ਬਾਣੀ ਤੇ ਬਾਣੇ ਦੇ ਧਾਰਨੀ ਹੋ, ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣਨਾ ਚਾਹੀਦਾ ਹੈ। ਰਹਿਤਵਾਨ ਸਿੱਖ ਤੋਂ ਕੁਰਬਾਨ ਜਾਂਦਿਆਂ ਗੁਰੂ ਸਾਹਿਬ ਦਾ ਫੁਰਮਾਨ ਹੈ:

ਜਬ ਲਗ ਖਾਲਸਾ ਰਹੇ ਨਿਆਰਾ।
ਤਬ ਲਗ ਤੇਜ ਦੀਓ ਮੈਂ ਸਾਰਾ।
ਜਬ ਇਹ ਗਹੈ ਬਿਪਰਨ ਕੀ ਰੀਤ।
ਮੈਂ ਨ ਕਰੋਂ ਇਨ ਕੀ ਪਰਤੀਤ।

ਖ਼ਾਲਸਾ ਸਿਰਜਣਾ ਦਿਵਸ ਸਾਨੂੰ ਗੁਰੂ-ਆਸ਼ੇ ਅਨੁਸਾਰੀ ਹੋ ਕੇ ਜੀਵਨ ਜਿਉਣ ਦੀ ਪ੍ਰੇਰਨਾ ਕਰਦਾ ਹੈ।ਇਸ ਇਤਿਹਾਸਕ ਸ਼ੁਭ ਅਵਸਰ ‘ਤੇ ਮੈਂ ਗੁਰੂ ਨਾਨਕ ਨਾਮ-ਲੇਵਾ ਸੰਗਤਾਂ ਨੂੰ ਖ਼ਾਲਸਾ ਸਾਜਣਾ ਦਿਵਸ ਦੀ ਮੁਬਾਰਕਬਾਦ ਦਿੰਦਾ ਹੋਇਆ ਅਪੀਲ ਕਰਦਾ ਹਾਂ ਕਿ ਆਓ! ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖ਼ਸ਼ਿਸ਼ ਕੀਤੀ ਖੰਡੇ-ਬਾਟੇ ਦੀ ਪਾਹੁਲ ਛਕ ਕੇ, ਗੁਰਮਤਿ ਦੇ ਧਾਰਨੀ ਹੋ ਕੇ ‘ਧਰਮ ਦਾ ਜੈਕਾਰ’ ਦੇ ਮਿਸ਼ਨ ਨੂੰ ਸਾਕਾਰ ਕਰਦੇ ਹੋਏ ਆਪਣਾ ਜੀਵਨ ਸਫਲਾ ਕਰੀਏ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਪ੍ਰਧਾਨ -ਵਿਖੇ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ

ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)