ਆਨੰਦਪੁਰ ਦਾ ਆਨੰਦ ਨਹੀਂ ਭੁੱਲ ਸਕਦੇ, ਇਸ ਯਾਦ ਨੂੰ ਮਨ ’ਚੋਂ ਕੱਢ ਕੇ ਚੱਲੇ।
ਅੰਧੇਰਾ ਜ਼ੁਲਮਾਂ ਦਾ ਵਾਜਾਂ ਮਾਰਦਾ ਏ, ਆਨੰਦਗੜੀ ਦੀ ਗੜ੍ਹੀ ਨੂੰ ਛੱਡ ਕੇ ਚੱਲੇ।
ਮੰਜ਼ਲ ਦੂਰ ਦੀ ਅਜੇ ਨਹੀਂ ਭਾਲ ਹੋਣੀ, ਸਮੇਂ ਸਮੇਂ ’ਤੇ ਇਸ ਨੂੰ ਲੱਭ ਕੇ ਚੱਲੇ।
ਅਸੀਂ ਰਹਿ ਜਾਈਏ ਭਾਵੇਂ ਚਲੇ ਜਾਈਏ, ਜੜ੍ਹ ਜ਼ੁਲਮ ਦੀ ਸਦਾ ਲਈ ਵੱਢ ਕੇ ਚੱਲੇ।
ਵਿਛੋੜਾ ਪੈ ਗਿਆ ਰਾਤ ਅੰਧੇਰ ਦੀ ਸੀ, ਇਕ ਦੂਜੇ ਤੋਂ ਸਦਾ ਲਈ ਵੱਖ ਹੋ ਗਏ।
ਸਮਾਂ ਸਮੇਂ ਦਾ ਸਾਥ ਵੀ ਛੱਡ ਜਾਂਦਾ, ਲੱਖਾਂਪਤੀ ਅੱਜ ਲੱਖ ਤੋਂ ਕੱਖ ਹੋ ਗਏ।
ਧਨ-ਦੌਲਤ ਦੀ ਅੱਜ ਨਹੀਂ ਲੋੜ ਸਾਨੂੰ, ਸਾਡੀ ਤੇਗ ਦੀ ਜੈ ਜੈ ਕਾਰ ਹੋਵੇ।
ਅਣਖ ਖਾਲਸੇ ਦੀ ਕਦੇ ਵੀ ਝੁਕਦੀ ਨਹੀਂ, ਭਾਵੇਂ ਆਰ ਹੋਵੇ ਭਾਵੇਂ ਪਾਰ ਹੋਵੇ।
ਜੰਗ ਚਮਕੌਰ ਦੀ ਕਦੀ ਵੀ ਭੁੱਲਣੀ ਨਹੀਂ, ਜਿੱਥੇ ਚਾਲੀ ਸਿੰਘਾਂ ਦਾ ਲੱਖਾਂ ’ਤੇ ਵਾਰ ਹੋਵੇ।
ਵੱਢ-ਵੱਢ ਕੇ ਲਾਸ਼ਾਂ ਦੇ ਢੇਰ ਲੱਗ ਗਏ, ਅਜੀਤ ਸਿੰਘ ਅੱਗੇ ਨਾਲ ਸਿੰਘ ਜੁਝਾਰ ਹੋਵੇ।
ਬੱਚੇ ਸ਼ੇਰਾਂ ਦੇ ਜੰਮਦੇ ਸ਼ੇਰ ਹੁੰਦੇ, ਸ਼ੇਰ ਗਿੱਦੜਾਂ ਤੋਂ ਕਦੇ ਨਹੀਂ ਡਰਨ ਵਾਲੇ।
ਅਸੀਂ ਕਿਸੇ ਦਾ ਜ਼ੁਲਮ ਸਹਾਰਦੇ ਨਹੀਂ, ਨਾ ਹੀ ਕਿਸੇ ’ਤੇ ਜ਼ੁਲਮ ਕਰਨ ਵਾਲੇ।
ਜ਼ੋਰਾਵਰ ਸਿੰਘ ਤੇ ਫਤਿਹ ਸਿੰਘ ਦੀ ਆਈ ਵਾਰੀ, ਸੂਬਾ ਆਪਣਾ ਹੁਕਮ ਸੁਣਾਉਣ ਲੱਗਾ।
ਕਹਿਰ ਸੁਣ ਕੇ ਲੋਕਾਈ ਨੇ ਅੱਖ ਭਰ ਲਈ, ਜ਼ਾਲਮ ਕਹਿਰ ਦੇ ਜ਼ੁਲਮ ਵਰਤਾਉਣ ਲੱਗਾ।
ਬੱਚੇ ਨੰਨ੍ਹੇ ਤੇ ਇਨ੍ਹਾਂ ਨਾਲ ਵੈਰ ਕਾਹਦਾ, ਮੀਟ ਅੱਖਾਂ ਨੂੰ ਭੁੱਲਣ ਭੁਲਾਉਣ ਲੱਗਾ।
ਨਾ ਹੀ ਰਹਿਮ ਕੀਤਾ ਨਾ ਹੀ ਸ਼ਰਮ ਆਈ, ਕਾਜ਼ੀ ਕੰਧ ਦੇ ਵਿਚ ਚਿਣਵਾਉਣ ਲੱਗਾ।
ਸਾਹ ਦੀ ਮਾਤਰਾ ਕੰਧ ਨੇ ਘੱਟ ਕਰ ’ਤੀ, ਖੜ੍ਹੇ ਫਿਰ ਵੀ ਅਡੋਲ ਨਾ ਡੋਲਦੇ ਸੀ।
ਸਾਹ ਥੋੜ੍ਹਾ ਸੀ ਗਲੇ ਤੋਂ ਬਾਹਰ ਆਉਂਦਾ, ਦੋਵੇਂ ਫਤਹਿ ਜੈਕਾਰੇ ਹੀ ਬੋਲਦੇ ਸੀ,
ਸਾਡਾ ਖੂਨ ਸ਼ਹੀਦਾਂ ਦਾ ਡੁੱਲ੍ਹਿਆ ਏ, ਇਸ ਜ਼ੁਲਮ ਦਾ ਕੋਈ ਹਿਸਾਬ ਕਰੂਗਾ।
ਇਹ ਸਰਹੰਦ ਦੇ ਜ਼ਾਲਮ ਸੂਬੇ ਨੂੰ, ਬੰਦਾ ਸਿੰਘ ਹੀ ਆ ਕੇ ਬਰਬਾਦ ਕਰੂਗਾ।
ਲੇਖਕ ਬਾਰੇ
- ਹੋਰ ਲੇਖ ਉਪਲੱਭਧ ਨਹੀਂ ਹਨ