ਅੱਜ ਸਾਰੀ ਸ੍ਰਿਸ਼ਟੀ ਵਾਤਾਵਰਣ ਦੇ ਪੂਰੀ ਤਰ੍ਹਾਂ ਦੂਸ਼ਿਤ ਹੋ ਜਾਣ ਕਾਰਨ ਪੀੜਤ ਹੈ। ਮਨੁੱਖ ਦਾ ਸਮਾਜਿਕ, ਧਾਰਮਿਕ, ਆਰਥਿਕ ਅਤੇ ਰਾਜਨੀਤਿਕ ਜੀਵਨ ਅਤੇ ਉਸ ਦੀ ਸਰੀਰਕ ਪ੍ਰਕ੍ਰਿਆ ਸਭ ਦਰਮ-ਵਰਮ ਹੋ ਰਹੇ ਹਨ। ਸ੍ਰਿਸ਼ਟੀ ਵਿਨਾਸ਼ ਵੱਲ ਤੇਜ਼ੀ ਨਾਲ ਵਧ ਰਹੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ੍ਰਿਸ਼ਟੀ ਦੀਆਂ ਆਧੁਨਿਕ ਸਮੂਹ ਸਮੱਸਿਆਵਾਂ ਦਾ ਸਮਾਧਾਨ/ਹੱਲ ਮੌਜੂਦ ਹੈ। ਸਾਨੂੰ ਇਸ ਮਹਾਨ ਗੁਰਮਤਿ ਗਿਆਨ ਨੂੰ ਸਮਝਣ ਅਤੇ ਅਮਲ ਵਿਚ ਲਿਆਉਣ ਲਈ ਬੁੱਧ-ਵਿਵੇਕ ਦੀ ਲੋੜ ਹੈ। ਸ੍ਰਿਸ਼ਟੀ ਦੇ ਪੰਜ ਤੱਤ ਅਤੇ ਪੰਜ ਵਿਸ਼ੇ-ਵਿਕਾਰ ਹਨ। ਇਨ੍ਹਾਂ ਨੂੰ ਸ਼ੁੱਧ ਅਤੇ ਸਹੀ ਰੱਖਣ ਲਈ ਸਤ, ਸੰਜਮ ਅਤੇ ਸੰਤੋਖ ਦੀ ਲੋੜ ਹੈ। ਇਸ ਲੇਖ ਵਿਚ ਗੁਰਮਤਿ ਗਿਆਨ ਦੀ ਰੌਸ਼ਨੀ ਵਿਚ ਪ੍ਰਕਿਰਤੀ ਦੇ ਮਹੱਤਵ ਬਾਰੇ ਸੰਖੇਪ ਚਰਚਾ ਕਰ ਰਹੇ ਹਾਂ। ਪ੍ਰਕਿਰਤੀ ਇਸ ਸਾਰੀ ਸ੍ਰਿਸ਼ਟੀ ਰਚਨਾ ਦਾ ਮੂਲ-ਸ੍ਰੋਤ ਮੰਨਿਆ ਗਿਆ ਹੈ। ਮਨੁੱਖ ਵੀ ਇਸ ਸ੍ਰਿਸ਼ਟੀ ਰਚਨਾ ਦਾ ਹੀ ਇਕ ਅੰਗ ਹੈ। ਮਨੁੱਖ ਵਿਚ ਬੌਧਿਕ ਗੁਣ ਪ੍ਰਬਲ ਹੋਣ ਕਾਰਨ ਸਾਰੀ ਸ੍ਰਿਸ਼ਟੀ ਦਾ ਕੇਂਦਰ ਬਿੰਦੂ ਹੈ। ਸਰਦਾਰ ਹੈ (Crown and glory) ਅਰਥਾਤ ਸਾਰੀ ਮਖਲੂਕਾਤ ਉੱਤੇ ਮਨੁੱਖ ਦੀ ਸਰਦਾਰੀ ਹੈ। ਉਹ ਅਸ਼ਰਫ ਮਖਲੂਕਾਤ ਕਰਕੇ ਜਾਣਿਆ ਜਾਂਦਾ ਹੈ। ਗੁਰੂ ਸਾਹਿਬ ਨੇ ਫ਼ਰਮਾਇਆ ਹੈ:
ਅਵਰ ਜੋਨਿ ਤੇਰੀ ਪਨਿਹਾਰੀ॥
ਇਸੁ ਧਰਤੀ ਮਹਿ ਤੇਰੀ ਸਿਕਦਾਰੀ॥ (ਪੰਨਾ 374)
ਸ੍ਰਿਸ਼ਟੀ ਦੇ ਕਣ-ਕਣ ਤੋਂ ਲੈ ਕੇ ਮਨੁੱਖ ਦੇ ਰੋਮ-ਰੋਮ ਤਕ ਪ੍ਰਕਿਰਤੀ ਦੀ ਇਹ ਹੋਂਦ-ਹਸਤੀ ਅਤੇ ਸ਼ਕਤੀ ਵਿਦਮਾਨ ਹੈ। ਜਿਨ੍ਹਾਂ ਪੰਜ ਤੱਤਾਂ ਤੋਂ ਸ੍ਰਿਸ਼ਟੀ ਰਚੀ ਗਈ ਹੈ, ਉਹ ਪੰਜ ਤੱਤਾਂ ਤੋਂ ਹੀ ਮਨੁੱਖੀ ਸਰੀਰ ਦਾ ਗਠਨ ਹੋਇਆ ਹੈ। ਕ੍ਰਾਂਤੀਕਾਰੀ ਦਾਰਸ਼ਨਿਕ ਭਗਤ ਸ੍ਰੀ ਰਵਿਦਾਸ ਜੀ, ਭਗਤ ਪੀਪਾ ਜੀ ਅਤੇ ਗੁਰੂ ਸਾਹਿਬਾਨ ਵੱਲੋਂ ਗੁਰਬਾਣੀ ਵਿਚ ਦੱਸਿਆ ਗਿਆ ਹੈ:
ਜਲ ਕੀ ਭੀਤਿ ਪਵਨ ਕਾ ਥੰਭਾ ਰਕਤ ਬੁੰਦ ਕਾ ਗਾਰਾ॥
ਹਾਡ ਮਾਸ ਨਾੜੀਂ ਕੋ ਪਿੰਜਰੁ ਪੰਖੀ ਬਸੈ ਬਿਚਾਰਾ॥ (ਪੰਨਾ 659)
ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ॥ (ਪੰਨਾ 695)
ਪਾਂਚ ਤਤ ਕੋ ਤਨੁ ਰਚਿਓ ਜਾਨਹੁ ਚਤੁਰ ਸੁਜਾਨ॥ (ਪੰਨਾ 1427)
ਪੰਚ ਤਤੁ ਕਾ ਰਚਨੁ ਰਚਾਨਾ॥ (ਪੰਨਾ 1073)
ਗੁਰਬਾਣੀ ਸਾਨੂੰ ਸਪਸ਼ਟ ਕਰਦੀ ਹੈ ਕਿ ਇਨ੍ਹਾਂ ਪੰਜਾਂ ਤੱਤਾਂ ਦੁਆਰਾ ਹੀ ਅਕਾਲ ਪੁਰਖ ਨੇ ਸਾਰੀ ਸ੍ਰਿਸ਼ਟੀ ਸਾਜੀ ਹੈ। ਇਨ੍ਹਾਂ ਵਿਚ ਕੋਈ ਛੇਵਾਂ ਤੱਤ ਨਹੀਂ ਰਲਾਇਆ ਜਾ ਸਕਦਾ। ਸ੍ਰੀ ਗੁਰੂ ਰਾਮਦਾਸ ਜੀ ਫ਼ਰਮਾਉਂਦੇ ਹਨ:
ਪੰਚ ਤਤੁ ਕਰਿ ਤੁਧੁ ਸ੍ਰਿਸਟਿ ਸਭ ਸਾਜੀ ਕੋਈ ਛੇਵਾ ਕਰਿਉ ਜੇ ਕਿਛੁ ਕੀਤਾ ਹੋਵੈ॥ (ਪੰਨਾ 736)
ਗੁਰਮਤਿ ਅਤੇ ਵਿਗਿਆਨ ਵੱਲੋਂ ਸ੍ਰਿਸ਼ਟੀ ਰਚਨਾ ਵਿਚ ਪੰਜ ਤੱਤ ਇਹ ਮੰਨੇ ਗਏ ਹਨ- ਪਉਣ, ਪਾਣੀ, ਪ੍ਰਿਥਵੀ, ਅਕਾਸ਼ ਅਤੇ ਅਗਨੀ। ਇਨ੍ਹਾਂ ਪੰਜਾਂ ਤੱਤਾਂ ਦੇ ਮੇਲ ਤੋਂ ਕੁਦਰਤ ਨੇ ਇਕ ਵਿਸ਼ੇਸ਼ ਪ੍ਰਕਾਰ ਦਾ ਪ੍ਰਕ੍ਰਿਤਕ ਮੰਡਲ (ਵਾਤਾਵਰਣ-ਪਰਿਆਵਰਣ) ਸਿਰਜਿਆ। ਉਸ ਪ੍ਰਕ੍ਰਿਤਕ ਮੰਡਲ ਵਿਚ ਅਨੇਕ ਪ੍ਰਕਾਰੀ ਅਤੇ ਬਹੁਰੰਗੀ ਬਨਸਪਤੀ ਅਤੇ ਭਾਂਤ-ਭਾਂਤ ਦੇ ਜੀਵ-ਜੰਤੂ ਪੈਦਾ ਹੋਏ। ਇਹ ਪਰਿਆਵਰਣ ਇਨ੍ਹਾਂ ਦੀ ਹੋਂਦ-ਹਸਤੀ ਦਾ ਆਧਾਰ ਹੈ। ਇਨ੍ਹਾਂ ਪੰਜਾਂ ਤੱਤਾਂ ਵਿੱਚੋਂ ਕਿਸੇ ਵੀ ਇਕ ਦੀ ਘਾਟ ਜਾਂ ਵਾਧ ਸ੍ਰਿਸ਼ਟੀ ਲਈ ਨੁਕਸਾਨਦਾਇਕ ਹੈ। ਇਨ੍ਹਾਂ ਤੱਤਾਂ ਦਾ ਸੰਤੁਲਨ ਬਣਾਈ ਰੱਖਣਾ ਅਤਿ ਮਹੱਤਵਪੂਰਨ ਹੈ। ਗੁਰਬਾਣੀ ਅਨੁਸਾਰ ਸ੍ਰਿਸ਼ਟੀ ਰਚਨਾ ਵਿਚ ਪਉਣ ਅਤੇ ਪਾਣੀ ਦਾ ਸਭ ਤੋਂ ਵੱਧ ਮਹੱਤਵਪੂਰਨ ਯੋਗਦਾਨ ਮੰਨਿਆ ਗਿਆ ਹੈ। ਗੁਰਬਾਣੀ ਦੇ ਮਹਾਂਵਾਕ ਹਨ:
ਪਉਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥
ਦਿਨਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ॥ (ਪੰਨਾ 146)
ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ॥
ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ॥ (ਪੰਨਾ 19)
ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ॥ (ਪੰਨਾ 472)
ਕਾਦਰ ਦੀ ਕ੍ਰਿਤ-ਇਹ ਪ੍ਰਕਿਰਤੀ-ਕੁਦਰਤ ਦੇ ਇਕ ਨਿਯਮਬੱਧ ਰੂਪ ਵਿਚ ਕੰਮ ਕਰਦੀ ਹੈ। ਕੁਦਰਤ ਦੇ ਇਨ੍ਹਾਂ ਨਿਯਮਾਂ ਅਨੁਸਾਰ ਸੂਰਜ, ਚੰਦ ਅਤੇ ਤਾਰੇ ਪੈਦਾ ਹੋਏ ਹਨ। ਨਿਯਮ ਵਿਚ ਬੱਧੇ ਹੀ ਜੀਵ ਪੈਦਾ ਹੁੰਦੇ ਹਨ ਅਤੇ ਨਿਯਮ ਅਨੁਸਾਰ ਉਹ ਆਪਣਾ ਜੀਵਨ ਗੁਜ਼ਾਰਦੇ ਹਨ। ਜਪੁਜੀ ਸਾਹਿਬ ਵਿਚ ਵਰਣਨ ਕੀਤਾ ਗਿਆ ਹੈ:
ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ॥
ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ॥
ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ॥
ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ॥ (ਪੰਨਾ 1)
ਆਸਾ ਕੀ ਵਾਰ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਕਾਦਰ ਵੱਲੋਂ ਰਚੀ ਕੁਦਰਤ ਦੇ ਵੱਖ-ਵੱਖ ਰੂਪਾਂ ਬਾਰੇ ਬਿਆਨ ਕਰਦਿਆਂ ਸਮਝਾਉਂਦੇ ਹਨ ਕਿ ਇਸ ਅਗੰਮੀ ਰਚਨਾ ਦੀ ਸ਼ਕਤੀ ਅਤੇ ਹਸਤੀ ਬਾਰੇ ਅਕਾਲ ਪੁਰਖ ਆਪ ਹੀ ਜਾਣਦਾ ਹੈ। ਇਨ੍ਹਾਂ ਦਾ ਪੂਰਾ ਭੇਤ ਪਾ ਲੈਣਾ ਮਨੁੱਖ ਦੇ ਵੱਸ ਦੀ ਗੱਲ ਨਹੀਂ ਹੈ। ਸਤਿਗੁਰ ਫ਼ਰਮਾਉਂਦੇ ਹਨ:
ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂਹ॥
ਦੀਪਾਂ ਲੋਆਂ ਮੰਡਲਾਂ ਖੰਡਾਂ ਵਰਭੰਡਾਂਹ॥
ਅੰਡਜ ਜੇਰਜ ਉਤਭੁਜਾਂ ਖਾਣੀ ਸੇਤਜਾਂਹ॥
ਸੋ ਮਿਤਿ ਜਾਣੈ ਨਾਨਕਾ ਸਰਾਂ ਮੇਰਾਂ ਜੰਤਾਹ॥ (ਪੰਨਾ 467)
ਘਰ-ਗ੍ਰਿਹਸਤ ਦਾ ਵਾਤਾਵਰਣ ਪਰਵਾਰ ਦੇ ਜੀਆਂ ਦੇ ਸੁਭਾਅ ਉੱਤੇ ਨਿਰਭਰ ਹੈ। ਇਹ ਸੁਭਾਅ ਵੀ ਕੁਦਰਤ ਦੀ ਦੇਣ ਹੈ। ਭੂਗੋਲਿਕ ਸਥਿਤੀ ਅਤੇ ਜਲਵਾਯੂ ਦਾ ਪ੍ਰਭਾਵ ਸਮਾਜਿਕ ਰਹਿਣ-ਸਹਿਣ ਉੱਤੇ ਹੁੰਦਾ ਹੈ ਅਤੇ ਆਲੇ-ਦੁਆਲੇ ਦੇ ਸਮਾਜ ਪਰਿਵਾਰਕ ਹਾਲਾਤ ਦਾ ਅਸਰ ਵਿਅਕਤੀ ਸਹਿਜੇ ਹੀ ਗ੍ਰਹਿਣ ਕਰ ਲੈਂਦਾ ਹੈ। ਉਨ੍ਹਾਂ ਪ੍ਰਸਥਿਤੀਆਂ ਅਨੁਸਾਰ ਆਪਣੇ ਆਪ ਨੂੰ ਢਾਲ ਲੈਂਦਾ ਹੈ। ਉਥੋਂ ਦੀ ਭਾਸ਼ਾ ਸਹਿਜ ਨਾਲ ਹੀ ਸਿੱਖ ਲੈਂਦਾ ਹੈ ਅਰਥਾਤ ਉਥੋਂ ਦਾ ਸਭਿਆਚਾਰ, ਰਹਿਣ-ਸਹਿਣ, ਵੇਸ-ਭੂਸ਼ਾ ਧਾਰਨ ਕਰ ਲੈਂਦਾ ਹੈ। ਜਿਸ ਨਾਲ ਉਸ ਦੀ ਅਤੇ ਉਸ ਸਮਾਜ ਦੀ ਵੱਖਰੀ ਹੋਂਦ-ਹਸਤੀ ਤਥਾ ਪਹਿਚਾਨ ਸਥਾਪਤ ਹੋ ਜਾਂਦੀ ਹੈ। ਇਸੇ ਕਰਕੇ ਵੱਖ-ਵੱਖ ਤਰ੍ਹਾਂ ਦੇ ਜੀਵ-ਜੰਤੂ ਹਨ, ਵੱਖ-ਵੱਖ ਸਮਾਜ ਹਨ। ਹਰ ਸਮਾਜਿਕ ਢਾਂਚੇ ਵਿਚ ਕੁਝ ਲੋਕ ਚੰਗਿਆਈ ਅਤੇ ਕੁਝ ਬੁਰਿਆਈ ਕਰਨ ਵਾਲੇ ਹਨ ਅਰਥਾਤ ਉਨ੍ਹਾਂ ਦੀ ਸੋਚ ਅਤੇ ਸੁਭਾਅ ਵੱਖਰਾ-ਵੱਖਰਾ ਹੈ। ਇਹ ਸਭ ਸ੍ਰਿਸ਼ਟੀ ਅਤੇ ਜੀਵਨ ਕੁਦਰਤ ਦਾ ਹੀ ਰੂਪ ਹਨ। ਆਸਾ ਦੀ ਵਾਰ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਫ਼ਰਮਾਉਂਦੇ ਹਨ:
ਕੁਦਰਤਿ ਦਿਸੈ ਕੁਦਰਤਿ ਸੁਣੀਐ ਕੁਦਰਤਿ ਭਉ ਸੁਖ ਸਾਰੁ॥
ਕੁਦਰਤਿ ਪਾਤਾਲੀ ਆਕਾਸੀ ਕੁਦਰਤਿ ਸਰਬ ਆਕਾਰੁ॥
ਕੁਦਰਤਿ ਵੇਦ ਪੁਰਾਣ ਕਤੇਬਾ ਕੁਦਰਤਿ ਸਰਬ ਵੀਚਾਰੁ॥
ਕੁਦਰਤਿ ਖਾਣਾ ਪੀਣਾ ਪੈਨ੍ਣੁ ਕੁਦਰਤਿ ਸਰਬ ਪਿਆਰੁ॥
ਕੁਦਰਤਿ ਜਾਤੀ ਜਿਨਸੀ ਰੰਗੀ ਕੁਦਰਤਿ ਜੀਅ ਜਹਾਨ॥
ਕੁਦਰਤਿ ਨੇਕੀਆ ਕੁਦਰਤਿ ਬਦੀਆ ਕੁਦਰਤਿ ਮਾਨੁ ਅਭਿਮਾਨੁ॥
ਕੁਦਰਤਿ ਪਉਣੁ ਪਾਣੀ ਬੈਸੰਤਰੁ ਕੁਦਰਤਿ ਧਰਤੀ ਖਾਕੁ॥
ਸਭ ਤੇਰੀ ਕੁਦਰਤਿ ਤੂੰ ਕਾਦਿਰੁ ਕਰਤਾ ਪਾਕੀ ਨਾਈ ਪਾਕੁ॥
ਨਾਨਕ ਹੁਕਮੈ ਅੰਦਰਿ ਵੇਖੈ ਵਰਤੈ ਤਾਕੋ ਤਾਕੁ॥ (ਪੰਨਾ 464)
ਇਸ ਪ੍ਰਕਾਰ ਇਹ ਸਾਰੀ ਪ੍ਰਕ੍ਰਿਤੀ
‘ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ॥’
ਦੇ ਮਹਾਂਵਾਕ ਅਨੁਸਾਰ ਆਪਣੇ ਸਿਰਜਕ-ਕਾਦਰ ਦੇ ਹੁਕਮ ਵਿਚ ਬੱਧੀ ਹੋਈ ਹੈ। ਦਿਨ-ਰਾਤ, ਸਰਦੀ-ਗਰਮੀ, ਚੰਗੇ-ਮਾੜੇ, ਸੁਖ-ਦੁੱਖ, ਖੁਸ਼ੀ-ਗ਼ਮੀ, ਮੂਰਖ-ਸਿਆਣੇ ਇਹ ਸਭ
‘ਆਪੇ ਹਰਿ ਇਕ ਰੰਗੁ ਹੈ ਆਪੇ ਬਹੁ ਰੰਗੀ॥’
ਕੁਦਰਤ ਦਾ ਹੀ ਪ੍ਰਗਟਾਵਾ ਹੈ। ਇਹ ਮਨੁੱਖਤਾ ਲਈ ਕੁਦਰਤੀ ਅਤੇ ਇਲਾਹੀ ਵਿਰਾਸਤ ਹੈ। ਮਨੁੱਖ ਨੇ ਇਸ ਦੇ ਵਿਚ ਹੀ ਜੀਵਨ ਗੁਜ਼ਾਰਨਾ ਹੈ। ਮੌਸਮਾਂ ਦੀ ਤਬਦੀਲੀ, ਘਰੇਲੂ ਵਾਤਾਵਰਣ, ਸਮਾਜਿਕ ਅਤੇ ਰਾਜਨੀਤਿਕ ਹਾਲਾਤ ਮਨੁੱਖ ਦੇ ਜੀਵਨ ਦਾ ਹਿੱਸਾ ਬਣ ਜਾਂਦੇ ਹਨ। ਗੁਰਮਤਿ ਮਨੁੱਖ ਨੂੰ ਪ੍ਰਕ੍ਰਿਤੀ ਨਾਲ ਇਕਮਿਕ ਹੋ ਕੇ ਚੱਲਣ ਲਈ ਪ੍ਰੇਰਦੀ ਹੈ। ਮਨੁੱਖ ਇਸ ਪ੍ਰਕ੍ਰਿਤੀ ਦਾ ਕੇਂਦਰ ਬਿੰਦੂ ਹੈ ਅਤੇ ਉਹ ਕਾਦਰ ਦੀ ਕੁਦਰਤ ਦਾ ਸੁੰਦਰ, ਅਨਿੱਖੜਵਾਂ ਅਤੇ ਮਹੱਤਵਪੂਰਨ ਅੰਗ ਹੈ। ਮਨੁੱਖ ਸ਼ੁੱਧ ਪ੍ਰਕ੍ਰਿਤੀ-ਜੋ ਉਸ ਦਾ ਸਰੋਤ ਹੈ-ਰਾਹੀਂ ਹੀ ਕਾਦਰ ਤੀਕ ਪਹੁੰਚ ਸਕਦਾ ਹੈ।
ਪ੍ਰਕ੍ਰਿਤੀ ਦਾ ਹਰ ਅੰਗ ਅਤੇ ਹਰ ਸ਼ਕਤੀ ਰੂਪ ਕੁਦਰਤ ਦੇ ਵਿਧੀ-ਵਿਧਾਨ ਅਨੁਸਾਰ ਹੀ ਕੰਮ ਕਰਦਾ ਹੈ ਤੇ ਉਹ ਹੁਕਮ ਵਿਚ ਹੀ ਬੱਧਾ ਤੁਰ ਰਿਹਾ ਹੈ। ਸੂਰਜ ਅਤੇ ਚੰਦ ਵਰਗੇ ਵੱਡੇ-ਵੱਡੇ ਅਕਾਰ ਉਸ ਦੇ ਭੈ ਵਿਚ ਚੱਲ ਰਹੇ ਹਨ। ਧਰਤੀ ਅਣਗਿਣਤ ਭਾਰਾਂ ਥੱਲੇ ਦੱਬੀ ਹੋਈ ਹੈ। ਪਰ ਕੋਈ ਵੀ ਆਪਣੀ ਥਾਂ ਤੋਂ ਇਧਰ- ਉਧਰ ਨਹੀਂ ਹੋ ਸਕਦਾ। ਇਨ੍ਹਾਂ ਦੀ ਕਾਰਜਸ਼ੀਲਤਾ ਵਿਚ ਅਸਚਰਜ ਕਰਨ ਵਾਲਾ ਸਹਿਯੋਗ, ਜਾਬਤਾ ਅਤੇ ਸੰਤੁਲਨ ਹੈ। ਇਸ ਸੰਤੁਲਨ ਦੇ ਵਿਗੜ ਜਾਣ ਕਾਰਨ ਸਰਬਨਾਸ਼ ਨਿਸ਼ਚਤ ਹੀ ਹੈ। ਬਾਹਰਲੇ ਜਗਤ ਤੋਂ ਇਲਾਵਾ ਮਨੁੱਖ ਦਾ ਸਰੀਰਕ- ਸਿਸਟਮ ਤਥਾ ਅੰਦਰਲਾ ਜਗਤ ਵੀ ਕੁਦਰਤ ਹੀ ਚਲਾ ਰਹੀ ਹੈ। ਮਨੁੱਖ ਨੇ ਇਸ ਦੀ ਸੰਭਾਲ ਕਰਨੀ ਹੈ। ਲੋੜ ਪੈਣ ਉੱਤੇ ਮਨੁੱਖ ਦਵਾ-ਦਾਰੂ ਕਰ ਸਕਦਾ ਹੈ, ਪ੍ਰਕਿਰਤੀ ਵਿੱਚੋਂ ਹੀ ਤਿਆਰ ਕੀਤੀ ਇਹ ਦਵਾ-ਦਾਰੂ ਹੁੰਦੀ ਹੈ। ਹਰ ਦਵਾ ਦੀ ਆਪਣੀ ਤਾਸੀਰ ਹੈ, ਆਪਣੇ ਗੁਣ ਹਨ ਜੋ ਕੁਦਰਤ ਦੀ ਹੀ ਦੇਣ ਹਨ। ਮਨੁੱਖ ਆਦਿ ਕਾਲ ਤੋਂ ਕੁਦਰਤ ਦੇ ਭੇਦ ਜਾਣਨ, ਕੁਦਰਤੀ ਸ਼ਕਤੀਆਂ ਦੇ ਪ੍ਰਯੋਗ ਆਪਣੇ ਭਾਂਤ- ਭਾਂਤ ਦੇ ਹਿੱਤਾਂ ਦੀ ਪੂਰਤੀ ਲਈ ਅਨੇਕ ਪ੍ਰਕਾਰ ਦੇ ਯਤਨ, ਤਜਰਬੇ ਅਤੇ ਹੱਥ-ਕੰਡੇ ਵਰਤਦਾ ਆ ਰਿਹਾ ਹੈ। ਜਿਸ ਦਾ ਅੰਤ ਸਰਬਨਾਸ਼ ਹੀ ਹੁੰਦਾ ਰਿਹਾ ਹੈ। ਕੁਦਰਤ ਮੁੜ ਆਪਣੀ ਖੇਡ ਖੇਡਦੀ ਹੈ ਅਤੇ ਇਨ੍ਹਾਂ ਪੰਜਾਂ ਤੱਤਾਂ ਤੋਂ ਹੀ ਸ੍ਰਿਸ਼ਟੀ ਦੀ ਫਿਰ ਸਿਰਜਨਾ ਹੁੰਦੀ ਹੈ। ਗੁਰਵਾਕ ਹੈ:
ਕਈ ਬਾਰ ਪਸਰਿਓ ਪਾਸਾਰ॥
ਸਦਾ ਸਦਾ ਇਕੁ ਏਕੰਕਾਰ॥ (ਪੰਨਾ 276)
ਗੁਰਬਾਣੀ ਵਿਚ ਅਕਾਲ ਪੁਰਖ ਵਾਸਤੇ ਅਨੰਤ ਨਾਵਾਂ ਸਮੇਤ ਸ਼ਬਦ ਇਕ- ਓਅੰਕਾਰ ਵਰਤਿਆ ਗਿਆ ਹੈ। ਅਕਾਲ ਪੁਰਖ ਹੀ ਸਮੁੱਚੀ ਸ੍ਰਿਸ਼ਟੀ ਦਾ ਕਰਤਾ, ਭਰਤਾ ਅਤੇ ਹਰਤਾ ਹੈ। ਜਦੋਂ ਵੀ ਸ੍ਰਿਸ਼ਟੀ ਦੀ ਸਿਰਜਨਾ ਹੋਈ ਹੈ, ਅਕਾਲ ਪੁਰਖ ਦੇ ਹੁਕਮ ਅਨੁਸਾਰ ਹੀ ਹੋਈ ਹੈ। ਅਕਾਲ ਪੁਰਖ ਦੀ ਹੋਂਦ ਦਾ ਕਾਰਨ ਭਾਵੇਂ ਕੋਈ ਨਹੀਂ ਪਰ ਉਹ ਸ੍ਰਿਸ਼ਟੀ ਵਿਚਲੀਆਂ ਸਮੂਹ ਵਸਤਾਂ, ਹਸਤੀਆਂ ਅਤੇ ਸ਼ਕਤੀਆਂ ਦਾ ਕਾਰਨ ਹੈ। ਮਨੁੱਖ ਦੇ ਹੱਥ ਵਿਚ ਕੁਝ ਵੀ ਨਹੀਂ ਹੈ, ਮਨੁੱਖ ਕਾਦਰ ਦੀ ਕੁਦਰਤ ਦੇ ਹੱਥ ਵਿਚ ਇਕ ਖਿਡੌਣੇ ਦੀ ਨਿਆਈਂ ਹੀ ਹੈ। ਅਕਾਲ ਪੁਰਖ ਹੀ ਘੜਨ-ਭੰਜਨ ਸਮਰੱਥ ਹੈ। ਗੁਰੂ ਮਹਾਰਾਜ ਗੁਰਬਾਣੀ ਵਿਚ ਇਸ ਸਿਸਟਮ ਦੇ ਕੁਦਰਤੀ ਕੰਟਰੋਲ ਬਾਰੇ ਇਉਂ ਫ਼ਰਮਾਉਂਦੇ ਹਨ:
ਭੈ ਵਿਚਿ ਪਵਣੁ ਵਹੈ ਸਦਵਾਉ॥
ਭੈ ਵਿਚਿ ਚਲਹਿ ਲਖ ਦਰੀਆਉ॥
ਭੈ ਵਿਚਿ ਅਗਨਿ ਕਢੈ ਵੇਗਾਰਿ॥
ਭੈ ਵਿਚਿ ਧਰਤੀ ਦਬੀ ਭਾਰਿ॥
ਭੈ ਵਿਚਿ ਇੰਦੁ ਫਿਰੈ ਸਿਰ ਭਾਰਿ॥
ਭੈ ਵਿਚਿ ਰਾਜਾ ਧਰਮ ਦੁਆਰੁ॥
ਭੈ ਵਿਚਿ ਸੂਰਜੁ ਭੈ ਵਿਚਿ ਚੰਦੁ॥
ਕੋਹ ਕਰੋੜੀ ਚਲਤ ਨ ਅੰਤੁ॥ (ਪੰਨਾ 464)
ਕੀਤਾ ਕਰਣਾ ਸਰਬ ਰਜਾਈ ਕਿਛੁ ਕੀਚੈ ਜੇ ਕਰਿ ਸਕੀਐ॥
ਆਪਣਾ ਕੀਤਾ ਕਿਛੂ ਨ ਹੋਵੈ ਜਿਉ ਹਰਿ ਭਾਵੈ ਤਿਉ ਰਖੀਐ॥
ਮੇਰੇ ਹਰਿ ਜੀਉ ਸਭੁ ਕੋ ਤੇਰੈ ਵਸਿ॥
ਅਸਾ ਜੋਰੁ ਨਾਹੀ ਜੇ ਕਿਛੁ ਕਰਿ ਹਮ ਸਾਕਹ ਜਿਉ ਭਾਵੈ ਤਿਵੈ ਬਖਸਿ॥ (ਪੰਨਾ 736)
ਸਤਿਗੁਰੂ ਸਮਝਾਉਂਦੇ ਹਨ ਕਿ ਓਅੰਕਾਰ ਨੇ ਹੀ ਬ੍ਰਹਮਾ ਨੂੰ ਪੈਦਾ ਕੀਤਾ ਹੈ ਅਤੇ ਚਾਰੇ ਜੁਗ, ਖਾਣੀਆਂ, ਬਾਣੀਆਂ ਅਤੇ ਚਾਰੇ ਵੇਦ ਵੀ ‘ਓਅੰਕਾਰ’ ਨੇ ਹੀ ਪੈਦਾ ਕੀਤੇ ਹਨ। ਮਹਾਂਵਾਕ ਹੈ:
ਓਅੰਕਾਰਿ ਬ੍ਰਹਮਾ ਉਤਪਤਿ॥
ਓਅੰਕਾਰੁ ਕੀਆ ਜਿਨਿ ਚਿਤਿ॥
ਓਅੰਕਾਰਿ ਸੈਲ ਜੁਗ ਭਏ॥
ਓਅੰਕਾਰਿ ਬੇਦ ਨਿਰਮਏ॥
ਓਅੰਕਾਰਿ ਸਬਦਿ ਉਧਰੇ॥
ਓਅੰਕਾਰਿ ਗੁਰਮੁਖਿ ਤਰੇ॥
ਓਨਮ ਅਖਰ ਸੁਣਹੁ ਬੀਚਾਰੁ॥
ਓਨਮ ਅਖਰੁ ਤ੍ਰਿਭਵਣ ਸਾਰੁ॥ (ਪੰਨਾ 929)
ਪਰਮਾਤਮਾ ਦੀ ਤਾਕਤ ਬੇਅੰਤ ਹੈ, ਕਿਸੇ ਸੀਮਾ ਵਿਚ ਨਹੀਂ ਹੈ। ਉਹ ਅਸੀਮ ਹੈ। ਜਿੰਨਾ ਆਕਾਰ ਵਿਖਾਈ ਦਿੰਦਾ ਹੈ ਅਤੇ ਜੋ ਵੀ ਪਾਤਾਲ ਅਤੇ ਅਕਾਸ਼ ਵਿਚ ਮੌਜੂਦ ਹੈ ਅਤੇ ਜੋ ਪੰਜ ਤੱਤ ਸ੍ਰਿਸ਼ਟੀ ਰਚਨਾ ਦੇ ਮੂਲ ਤੱਤ ਹਨ, ਇਨ੍ਹਾਂ ਦਾ ਅਧਾਰ ਨਾਮ ਹੈ। ਇਹ ਨਾਮ ਤੋਂ ਹੀ ਪੈਦਾ ਹੋਏ ਹਨ, ਨਾਮ ਦੇ ਆਸਰੇ ਹੀ ਇਨ੍ਹਾਂ ਦੀ ਹੋਂਦ ਹੈ। ਗੁਰਬਾਣੀ ਵਿਚ ਦਰਜ ਹੈ:
ਨਾਮ ਕੇ ਧਾਰੇ ਆਗਾਸ ਪਾਤਾਲ॥
ਨਾਮ ਕੇ ਧਾਰੇ ਸਗਲ ਆਕਾਰ॥ (ਪੰਨਾ 284)
ਊਰਮ ਧੂਰਮ ਜੋਤਿ ਉਜਾਲਾ॥
ਤੀਨਿ ਭਵਣ ਮਹਿ ਗੁਰ ਗੋਪਾਲਾ॥ (ਪੰਨਾ 930)
ਅੰਡਜ ਜੇਰਜ ਸੇਤਜ ਉਤਭੁਜ ਘਟਿ ਘਟਿ ਜੋਤਿ ਸਮਾਣੀ॥ (ਪੰਨਾ 1109)
ਗੁਰਮਤਿ ਫ਼ਲਸਫ਼ੇ ਅਨੁਸਾਰ ਹਰੀ ਦਾ ਸਿਮਰਨ ਕਰਕੇ ਹੀ ਅਕਾਰ ਹੋਂਦ ਵਿਚ ਆਏ ਹਨ। ਹਰੀ ਦਾ ਸਿਮਰਨ ਕਰਕੇ ਹੀ ਪਰਮਾਤਮਾ ਦੀ ਹੋਂਦ, ਹਰੀ ਦੇ ਨਾਮ ਨਾਲ ਜੁੜਿਆ ਜਾ ਸਕਦਾ ਹੈ। ਇਸ ਲਈ ਇਹ ਸਾਰੀ ਰਚਨਾ ਅਤੇ ਸ੍ਰਿਸ਼ਟੀ ਦੇ ਮੂਲ ਤੱਤ ਪਰਮਾਤਮਾ ਦੇ ਸਿਮਰਨ ਵਿਚ ਲੱਗੇ ਹੋਏ ਹਨ ਤਾਂ ਜੋ ਨਾਮ ਦਾ ਅਧਾਰ ਬਣਿਆ ਰਹੇ। ਗੁਰਬਾਣੀ ਦੱਸਦੀ ਹੈ:
ਸਿਮਰੈ ਧਰਤੀ ਅਰੁ ਆਕਾਸਾ॥
ਸਿਮਰਹਿ ਚੰਦ ਸੂਰਜ ਗੁਣਤਾਸਾ॥
ਪਉਣ ਪਾਣੀ ਬੈਸੰਤਰ ਸਿਮਰਹਿ ਸਿਮਰੈ ਸਗਲ ਉਪਾਰਜਨਾ॥ (ਪੰਨਾ 1078-79)
ਗਾਵਹਿ ਤੁਹਨੋ ਪਉਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮੁ ਦੁਆਰੇ॥
ਗਾਵਹਿ ਚਿਤੁ ਗੁਪਤੁ ਲਿਖਿ ਜਾਣਹਿ ਲਿਖਿ ਲਿਖਿ ਧਰਮੁ ਵੀਚਾਰੇ॥ (ਪੰਨਾ 6)
ਅਕਾਲ ਪੁਰਖ ਦੇ ਸ੍ਰਿਸ਼ਟੀ ਰਚਨਾ ਬਾਰੇ ਮਹਾਨ ਵਿਦਵਾਨ ਗੁਰਮੁਖ ਪਿਆਰੇ ਭਾਈ ਗੁਰਦਾਸ ਜੀ ਜਿਨ੍ਹਾਂ ਦੀ ਅਲੌਕਿਕ ਰਚਨਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਕਰਕੇ ਜਾਣਿਆ ਜਾਂਦਾ ਹੈ, ਇਉਂ ਬਿਆਨ ਕਰਦੇ ਹਨ ਕਿ ਕਾਦਰ ਨੂੰ ਕਿਸੇ ਨਾ ਹੀ ਵੇਖਿਆ ਹੈ ਅਤੇ ਨਾ ਹੀ ਉਸ ਦੀ ਸਤਹ-ਸ਼ਕਤੀ ਦਾ ਹੀ ਕੋਈ ਅਨੁਮਾਨ ਲਗਾ ਸਕਦਾ ਹੈ। ਕਾਦਰ ਨੂੰ ਕੁਦਰਤ ਦੇ ਵਿਸ਼ਾਲ ਪਸਾਰੇ ਵਿੱਚੋਂ ਹੀ ਵੇਖਿਆ ਸਮਝਿਆ ਜਾ ਸਕਦਾ ਹੈ। ਆਪ ਨੇ ਲਿਖਿਆ ਹੈ:
ਕਾਦਰੁ ਕਿਨੇ ਨ ਲਖਿਆ ਕੁਦਰਤਿ ਸਾਜਿ ਕੀਆ ਅਵਤਾਰਾ।
ਇਕ ਦੂ ਕੁਦਰਤਿ ਲਖ ਕਰਿ ਬਿਅੰਤ ਅਸੰਖ ਅਪਾਰਾ।
ਰੋਮਿ ਰੋਮਿ ਵਿਚਿ ਰਖਿਓਨਿ ਕਰਿ ਬ੍ਰਹਮੰਡਿ ਕਰੋੜਿ ਸਮਾਰਾ।
ਇਕਸਿ ਇਕਸਿ ਬ੍ਰਹਮੰਡਿ ਵਿਚ ਦਸਿ ਦਸਿ ਕਰਿ ਅਵਤਾਰ ਉਤਾਰਾ।
ਕੇਤੇ ਬੇਦਿ ਬਿਆਸ ਕਰਿ ਕਈ ਕਤੇਬ ਮੁਹੰਮਦ ਯਾਰਾ।
ਕੁਦਰਤਿ ਇਕੁ ਏਤਾ ਪਾਸਾਰਾ॥4॥ (ਵਾਰ 1:4)
ਸ੍ਰੀ ਗੁਰੂ ਨਾਨਕ ਦੇਵ ਜੀ ਤਾਂ ਕਾਦਰ ਦੀ ਕੁਦਰਤ-ਪ੍ਰਕ੍ਰਿਤੀ-ਸ੍ਰਿਸ਼ਟੀ ਦੀ ਸਿਰਜਨਾ ਅਤੇ ਸਾਜਨਾ ਕਰਨ ਤੋਂ ਪਹਿਲਾਂ ਦੇ ਹਾਲਾਤ ਬਾਰੇ ਵੀ ਲੋਕਾਈ ਨੂੰ ਜਾਣੂੰ ਕਰਾਉਂਦੇ ਹਨ। ਵਿਗਿਆਨ ਤਾਂ ਅਜੇ ਤੀਕ ਉਥੇ ਤੀਕ ਪਹੁੰਚ ਨਹੀਂ ਸਕਿਆ। ਹਾਂ! ਵੱਖ-ਵੱਖ ਧਰਮਾਂ ਦੇ ਰਹਿਬਰ ਜ਼ਰੂਰ ਮੰਨਦੇ ਹਨ ਕਿ ਇਸ ਸਾਰੀ ਸ੍ਰਿਸ਼ਟੀ ਤੋਂ ਪਹਿਲਾਂ ਵੀ ਪਰਮਾਤਮਾ ਦੀ ਹੋਂਦ-ਹਸਤੀ ਕਾਇਮ-ਦਾਇਮ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਇਉਂ ਸਪਸ਼ਟ ਕਰਦੇ ਹਨ:
ਅਰਬਦ ਨਰਬਦ ਧੁੰਧੂਕਾਰਾ॥
ਧਰਣਿ ਨ ਗਗਨਾ ਹੁਕਮੁ ਅਪਾਰਾ॥
ਨਾ ਦਿਨੁ ਰੈਨਿ ਨ ਚੰਦੁ ਨ ਸੂਰਜੁ ਸੁੰਨ ਸਮਾਧਿ ਲਗਾਇਦਾ॥
ਖਾਣੀ ਨ ਬਾਣੀ ਪਉਣ ਨ ਪਾਣੀ॥
ਓਪਤਿ ਖਪਤਿ ਨ ਆਵਣ ਜਾਣੀ॥
ਖੰਡ ਪਤਾਲ ਸਪਤ ਨਹੀ ਸਾਗਰ ਨਦੀ ਨ ਨੀਰੁ ਵਹਾਇਦਾ॥ (ਪੰਨਾ 1035)
ਪਰਮਾਤਮਾ ਨੇ ਮਨੁੱਖ ਨੂੰ ਪੈਦਾ ਕਰਨ ਲਈ ਬਹੁਤ ਵੱਡੀ ਵਿਸ਼ਾਲ ਸ੍ਰਿਸ਼ਟੀ ਰਚੀ ਹੈ। ਮਨੁੱਖ ਦੀਆਂ ਸਭ ਪ੍ਰਕਾਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਕੁਦਰਤ ਨੇ ਅਨੇਕ ਤਰ੍ਹਾਂ ਦੀ ਬਨਸਪਤੀ ਪੈਦਾ ਕੀਤੀ ਹੈ। ਸਵਾਸ-ਸਵਾਸ ਮਨੁੱਖ ਦੀ ਪਾਲਣਾ ਕੁਦਰਤ ਹੀ ਕਰ ਰਹੀ ਹੈ। ਇਸ ਲਈ ਜੀਵ ਨੂੰ ਚਾਹੀਦਾ ਹੈ ਕਿ ਪਰਮਾਤਮਾ ਨੇ ਜੋ ਕੁਝ ਉਸ ਲਈ ਸਿਰਜਿਆ ਹੈ ਅਤੇ ਉਸ ਨੂੰ ਦਿੱਤਾ ਹੈ, ਉਸ ਉੱਤੇ ਹੀ ਸੰਤੋਖ ਰੱਖੇ ਅਤੇ ਉਸ ਦਾ ਸਤਿਕਾਰ ਕਰੇ ਭਾਵ ਉਸ ਦੀ ਪਵਿੱਤਰਤਾ ਨੂੰ ਭੰਗ ਹੋਣ ਤੋਂ ਬਚਾਵੇ। ਗੁਰੂ ਸਾਹਿਬਾਨ ਨੇ ਗੁਰਬਾਣੀ ਵਿਚ ਕੁਦਰਤ ਦੇ ਅਸਚਰਜ ਕਰ ਦੇਣ ਵਾਲੇ ਨਜ਼ਾਰੇ ਬੜੇ ਹੀ ਸੁੰਦਰ ਰੂਪ ਵਿਚ ਚਿਤਰੇ ਹਨ। ਰਾਤ ਦੀ ਸਿਫਤ ਕਰਦਿਆਂ ਆਪ ਫ਼ਰਮਾਉਂਦੇ ਹਨ,
ਭਿੰਨੀ ਰੈਨੜੀਐ ਚਾਮਕਨਿ ਤਾਰੇ॥
ਜਾਗਹਿ ਸੰਤ ਜਨਾ ਮੇਰੇ ਰਾਮ ਪਿਆਰੇ॥ (ਪੰਨਾ 459)
ਅੰਮ੍ਰਿਤ ਵੇਲੇ ਨੂੰ ਸ਼ੁੱਧ ਵਾਤਾਵਰਣ ਅਤੇ ਸ਼ਾਂਤਮਈ ਹੋਣ ਕਰਕੇ ਸਤਿਗੁਰੂ ਮਨੁੱਖ ਨੂੰ ਆਪਣੇ ਸਿਰਜਕ-ਮਾਲਕ ਪਰਮਾਤਮਾ ਦੀ ਸਿਫਤ-ਸਲਾਹ ਕਰਨ ਲਈ ਉੱਤਮ ਸਮਝਦੇ ਹਨ।-
ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ॥ (ਪੰਨਾ 2)
ਚਉਥੈ ਪਹਰਿ ਸਬਾਹ ਕੈ ਸੁਰਤਿਆ ਉਪਜੈ ਚਾਉ॥
ਤਿਨਾ ਦਰੀਆਵਾ ਸਿਉ ਦੋਸਤੀ ਮਨਿ ਮੁਖਿ ਸਚਾ ਨਾਉ॥ (ਪੰਨਾ 146)
ਧਰਤੀ ਅਤੇ ਅਕਾਸ਼ ਦਾ ਅਜ਼ਬ ਨਕਸ਼ਾ ਸਤਿਗੁਰੂ ਇਉਂ ਖਿੱਚਦੇ ਹਨ:
ਊਪਰਿ ਬਨੈ ਅਕਾਸੁ ਤਲੈ ਧਰ ਸੋਹਤੀ॥
ਦਹ ਦਿਸ ਚਮਕੈ ਬੀਜੁਲਿ ਮੁਖ ਕਉ ਜੋਹਤੀ॥ (ਪੰਨਾ 1362)
ਛੋਟੇ-ਛੋਟੇ ਜੀਵਾਂ ਦੇ ਸੁਭਾਅ ਅਤੇ ਉਨ੍ਹਾਂ ਦੀਆਂ ਸੰਗੀਤਮਈ ਬੋਲੀਆਂ ਭਿੰਨ-ਭਿੰਨ ਰੁੱਤਾਂ-ਜੋ ਕਾਦਰ ਦੀ ਅਨੰਤ ਕੁਦਰਤ ਦਾ ਅਜ਼ੀਮ ਹਿੱਸਾ ਹਨ, ਬਾਰੇ ਗੁਰੂ ਸਾਹਿਬ ਇਸ ਤਰ੍ਹਾਂ ਨਜ਼ਾਰਾ ਪ੍ਰਗਟ ਕਰਦੇ ਹਨ:
ਭਾਦਉ ਭਰਮਿ ਭੁਲੀ ਭਰਿ ਜੋਬਨਿ ਪਛੁਤਾਣੀ॥
ਜਲ ਥਲ ਨੀਰਿ ਭਰੇ ਬਰਸ ਰੁਤੇ ਰੰਗੁ ਮਾਣੀ॥
ਬਰਸੈ ਨਿਸਿ ਕਾਲੀ ਕਿਉ ਸੁਖੁ ਬਾਲੀ ਦਾਦਰ ਮੋਰ ਲਵੰਤੇ॥
ਪ੍ਰਿਉ ਪ੍ਰਿਉ ਚਵੈ ਬਬੀਹਾ ਬੋਲੇ ਭੁਇਅੰਗਮ ਫਿਰਹਿ ਡਸੰਤੇ॥
ਮਛਰ ਡੰਗ ਸਾਇਰ ਭਰ ਸੁਭਰ ਬਿਨੁ ਹਰਿ ਕਿਉ ਸੁਖੁ ਪਾਈਐ॥
ਨਾਨਕ ਪੂਛਿ ਚਲਉ ਗੁਰ ਅਪੁਨੇ ਜਹ ਪ੍ਰਭੁ ਤਹ ਹੀ ਜਾਈਐ॥ (ਪੰਨਾ 1108)
ਆਗੈ ਘਾਮ ਪਿਛੈ ਰੁਤਿ ਜਾਡਾ ਦੇਖਿ ਚਲਤ ਮਨੁ ਡੋਲੇ॥
ਦਹ ਦਿਸਿ ਸਾਖ ਹਰੀ ਹਰੀਆਵਲ ਸਹਜਿ ਪਕੈ ਸੋ ਮੀਠਾ॥ (ਪੰਨਾ 1109)
ਨਾਨਕ ਪ੍ਰਿਉ ਪ੍ਰਿਉ ਚਵੈ ਬਬੀਹਾ ਕੋਕਿਲ ਸਬਦਿ ਸੁਹਾਵੈ॥ (ਪੰਨਾ 1107)
ਕੋਕਿਲ ਅੰਬਿ ਸੁਹਾਵੀ ਬੋਲੈ ਕਿਉ ਦੁਖੁ ਅੰਕਿ ਸਹੀਜੈ॥
ਭਵਰੁ ਭਵੰਤਾ ਫੂਲੀ ਡਾਲੀ ਕਿਉ ਜੀਵਾ ਮਰੁ ਮਾਏ॥ (ਪੰਨਾ 1108)
ਚੇਤੁ ਬਸੰਤੁ ਭਲਾ ਭਵਰ ਸੁਹਾਵੜੇ॥
ਬਨ ਫੂਲੇ ਮੰਝ ਬਾਰਿ ਮੈ ਪਿਰੁ ਘਰਿ ਬਾਹੁੜੈ॥ (ਪੰਨਾ 1107-1108)
ਆਸਾੜੁ ਭਲਾ ਸੂਰਜੁ ਗਗਨਿ ਤਪੈ॥
ਧਰਤੀ ਦੂਖ ਸਹੈ ਸੋਖੈ ਅਗਨਿ ਭਖੈ॥
ਅਗਨਿ ਰਸੁ ਸੋਖੈ ਮਰੀਐ ਧੋਖੈ ਭੀ ਸੋ ਕਿਰਤੁ ਨ ਹਾਰੇ॥ (ਪੰਨਾ 1108)
ਅਜਿਹੀਆਂ ਅਨੇਕਾਂ ਹੀ ਮਿਸਾਲਾਂ ਗੁਰਬਾਣੀ ਵਿਚ ਮੌਜੂਦ ਹਨ, ਜਿਨ੍ਹਾਂ ਦੁਆਰਾ ਸਤਿਗੁਰਾਂ ਨੇ ਕਾਦਰ ਦੀ ਕੁਦਰਤ ਦੇ ਮਨਮੋਹਕ ਨਜ਼ਾਰੇ ਬਿਆਨ ਕੀਤੇ ਹਨ ਅਤੇ ਇਨ੍ਹਾਂ ਦਾ ਮਨੁੱਖੀ ਜ਼ਿੰਦਗੀ ਲਈ ਮਹੱਤਵ ਵੀ ਵਰਣਨ ਕੀਤਾ ਹੈ। ਸਾਵਣ ਦੇ ਮਹੀਨੇ ਦਾ ਦ੍ਰਿਸ਼ ਸਤਿਗੁਰੂ ਬੜੇ ਹੀ ਸੁੰਦਰ ਢੰਗ ਨਾਲ ਬਿਆਨ ਕਰਦੇ ਹੋਏ ਇਸ ਮਹੀਨੇ ਵਿਚ ਜੀਵ-ਆਤਮਾ ਅਤੇ ਪਰਮਾਤਮਾ ਦੇ ਸੰਜੋਗ-ਮੇਲ ਬਾਰੇ ਵੀ ਸਾਡਾ ਮਾਰਗ ਦਰਸ਼ਨ ਕਰਦੇ ਹਨ। ਸਤਿਗੁਰ ਫ਼ਰਮਾਉਂਦੇ ਹਨ:
ਸਾਵਣੁ ਆਇਆ ਝਿਮਝਿਮਾ ਹਰਿ ਗੁਰਮੁਖਿ ਨਾਮੁ ਧਿਆਇ॥
ਦੁਖ ਭੁਖ ਕਾੜਾ ਸਭੁ ਚੁਕਾਇਸੀ ਮੀਹੁ ਵੁਠਾ ਛਹਬਰ ਲਾਇ॥
ਸਭ ਧਰਤਿ ਭਈ ਹਰੀਆਵਲੀ ਅੰਨੁ ਜੰਮਿਆ ਬੋਹਲ ਲਾਇ॥ (ਪੰਨਾ 1250)
ਨਾਨਕ ਬਿਜੁਲੀਆ ਚਮਕੰਨਿ ਘੁਰਨ੍ ਿਘਟਾ ਅਤਿ ਕਾਲੀਆ॥
ਬਰਸਨਿ ਮੇਘ ਅਪਾਰ ਨਾਨਕ ਸੰਗਮਿ ਪਿਰੀ ਸੁਹੰਦੀਆ॥ (ਪੰਨਾ 1102)
ਸਤਿਗੁਰ ਫ਼ਰਮਾਉਂਦੇ ਹਨ ਕਿ ਜਿਸ ਤਰ੍ਹਾਂ ਸਾਵਣ ਦੇ ਮਹੀਨੇ ਕਾਲੀਆਂ ਘਟਾ ਆਉਂਦੀਆਂ, ਬਿਜਲੀਆਂ ਚਮਕਦੀਆਂ ਹਨ, ਬਾਰਸ਼ਾਂ ਪੈਂਦੀਆਂ ਹਨ ਅਤੇ ਧਰਤੀ ਹਰਿਆਵਲੀ ਹੋ ਜਾਂਦੀ ਹੈ ਅਤੇ ਮਣਾਂ ਮੂੰਹੀ ਅਨਾਜ ਪੈਦਾ ਹੋ ਜਾਂਦਾ ਹੈ ਅਤੇ ਮਨੁੱਖਤਾ ਦੀ ਸਰੀਰਕ ਭੁੱਖ ਦੀ ਤ੍ਰਿਪਤੀ ਦਾ ਕੁਦਰਤ ਪ੍ਰਬੰਧ ਕਰਦੀ ਹੈ। ਇਸੇ ਤਰ੍ਹਾਂ ਗੁਰਮੁਖ
“ਇਹੁ ਸਰੀਰੁ ਕਰਮ ਕੀ ਧਰਤੀ ਗੁਰਮੁਖਿ ਮਥਿ ਮਥਿ ਤਤੁ ਕਢਈਆ॥”
ਦੇ ਗੁਰਵਾਕ ਅਨੁਸਾਰ ਆਪਣਾ ਮਨ-ਚਿਤ-ਨਾਮ ਰੂਪੀ ਅੰਮ੍ਰਿਤ ਦੀ ਵਰਖਾ ਵਿਚ ਸਾਫ਼ ਅਤੇ ਸ਼ੁੱਧ ਕਰਕੇ ਆਪਣੀ ਸਰੀਰ ਰੂਪੀ ਧਰਤੀ ਨੂੰ ਹਰਿਆਵਲੀ ਕਰ ਲੈਂਦਾ ਹੈ ਅਤੇ ਨਾਮ ਦਾ ਬੋਹਲ ਇਕੱਠਾ ਕਰ ਲੈਂਦਾ ਹੈ ਅਤੇ ਆਪਣਾ ਜੀਵਨ ਲਕਸ਼ ਪੂਰਾ ਕਰ ਲੈਂਦਾ ਹੈ। ਸਤਿਗੁਰਾਂ ਦਾ ਮਹਾਂਵਾਕ ਹੈ:
ਚਾਰੇ ਕੁੰਡਾ ਝੋਕਿ ਵਰਸਦਾ ਬੂੰਦ ਪਵੈ ਸਹਜਿ ਸੁਭਾਇ॥
ਜਲ ਹੀ ਤੇ ਸਭ ਊਪਜੈ ਬਿਨੁ ਜਲ ਪਿਆਸ ਨ ਜਾਇ॥ (ਪੰਨਾ 1420)
ਜਲ ਥਲ ਚਹੁ ਦਿਸਿ ਵਰਸਦਾ ਖਾਲੀ ਕੋ ਥਾਉ ਨਾਹਿ॥
ਏਤੈ ਜਲਿ ਵਰਸਦੈ ਤਿਖ ਮਰਹਿ ਭਾਗ ਤਿਨਾ ਕੇ ਨਾਹਿ॥ (ਪੰਨਾ 1282)
ਇਸ ਤਰ੍ਹਾਂ ਸਤਿਗੁਰੂ ਸਮਝਾਉਂਦੇ ਹਨ ਕਿ ਸ੍ਰਿਸ਼ਟੀ ਨੂੰ ਅਨੰਤ-ਬੇਅੰਤ ਬਖਸ਼ਿਸ਼ਾਂ ਕਾਦਰ ਨੇ ਪ੍ਰਕ੍ਰਿਤੀ ਦੁਆਰਾ ਦਿੱਤੀਆਂ ਹਨ। ਜੇਕਰ ਮਨੁੱਖ ਇਸ ਦੇ ਬਾਵਜੂਦ ਵੀ ਤ੍ਰਿਪਤ ਨਹੀਂ ਹੁੰਦਾ ਤਾਂ ਇਹ ਉਸ ਦੀ ਬਦਕਿਸਮਤੀ ਹੀ ਹੈ। ਪਾਤਸ਼ਾਹ ਇਸ ਸੱਚਾਈ ਨੂੰ ਹੋਰ ਇਸ ਤਰ੍ਹਾਂ ਸਪਸ਼ਟ ਕਰਦੇ ਹਨ:
ਵੁਠੈ ਜੀਆ ਜੁਗਤਿ ਹੋਇ ਧਰਣੀ ਨੋ ਸੀਗਾਰੁ ਹੋਇ॥
ਨਾਨਕ ਇਹੁ ਜਗਤੁ ਸਭੁ ਜਲੁ ਹੈ ਜਲ ਹੀ ਤੇ ਸਭ ਕੋਇ॥ (ਪੰਨਾ 1283)
ਕੁਦਰਤ ਦਾ ਇਹ ਅਮੁੱਕ ਭੰਡਾਰਾ ਅਤੇ ਅਦਭੁੱਤ ਨਜ਼ਾਰਾ ਸਭ ਮਨੁੱਖ ਦੀ ਸੇਵਾ, ਸੰਭਾਲ, ਭਿੰਨ-ਭਿੰਨ ਕਿਸਮ ਦੀਆਂ ਲੋੜਾਂ ਦੀ ਪੂਰਤੀ ਅਤੇ ਮਨਪ੍ਰਚਾਵੇ ਦੇ ਸਾਧਨ ਲਈ ਹੀ ਹਨ। ਦੁਖਦਾਇਕ ਇਹ ਹੈ ਕਿ ਮਨੁੱਖ ਆਪਣੇ ਸਰੋਤ ਅਤੇ ਅਧਾਰ ਨੂੰ ਖੋਰਾ ਲਾਉਣ ਅਤੇ ਉਸ ਨੂੰ ਦੂਸ਼ਿਤ ਕਰਨ ਵਿਚ ਲੱਗਾ ਹੋਇਆ ਹੈ। ਮਨੁੱਖ ਨੇ ਕੁਦਰਤ ਦੇ ਅਦਭੁੱਤ ਨਜ਼ਾਰਿਆਂ, ਅਖੁਟ ਭੰਡਾਰਿਆਂ ਅਤੇ ਅਜੂਬਿਆਂ ਤੋਂ ਮੂੰਹ ਮੋੜ ਕੇ ‘ਕਸੁੰਭ ਦੇ ਫੁੱਲਾਂ’ ਵੱਲ ਤੇਜ਼ੀ ਨਾਲ ਆਪਣਾ ਕਦਮ ਵਧਾਇਆ ਹੈ, ਜੋ ਉਸ ਲਈ ਆਤਮਘਾਤੀ ਸਾਬਤ ਹੋ ਰਿਹਾ ਹੈ।
ਪਰਮਾਤਮਾ ਨੇ ਇਹ ਧਰਤੀ ਮਨੁੱਖਤਾ ਲਈ ਇਕ ਧਰਮਸ਼ਾਲ ਦੇ ਰੂਪ ਵਿਚ ਸਿਰਜੀ ਹੈ। ਇਥੇ ਹਰ ਤਰ੍ਹਾਂ ਦੇ ਵਾਤਾਵਰਣ ਨੂੰ ਸ਼ੁੱਧ ਰੱਖਣਾ ਹਰ ਪ੍ਰਾਣੀ ਦਾ ਪਵਿੱਤਰ ਫਰਜ਼ ਹੈ। ਬ੍ਰਹਿਮੰਡੀ ਵਾਤਾਵਰਣ ਦੇ ਨਾਲ-ਨਾਲ ਧਾਰਮਿਕ, ਸਮਾਜਿਕ, ਰਾਜਨੀਤਿਕ ਅਤੇ ਆਰਥਿਕ ਵਾਤਾਵਰਣ ਦੀ ਸ਼ੁੱਧਤਾ ਅਤੇ ਪਵਿੱਤਰਤਾ ਨੂੰ ਕਾਇਮ ਰੱਖਣਾ ਮਨੁੱਖ ਦਾ ਫਰਜ਼ੇ ਅੱਵਲ ਹੈ ਅਤੇ ਇੰਞ ਕਰਨਾ ਉਸ ਦੇ ਆਪਣੇ ਹਿੱਤ ਵਿਚ ਹੈ। ਇਹ ਜੀਵਨ ਦੇ ਹਰ ਪੱਧਰ ਉੱਤੇ ਸਤ, ਸੰਤੋਖ, ਸਬਰ ਅਤੇ ਸੰਜਮ ਨੂੰ ਨਿਸਚਿਤ ਕਰਨ ਨਾਲ ਹੀ ਹੋ ਸਕਦਾ ਹੈ:
ਸਬਰੁ ਏਹੁ ਸੁਆਉ ਜੇ ਤੂੰ ਬੰਦਾ ਦਿੜੁ ਕਰਹਿ॥
ਵਧਿ ਥੀਵਹਿ ਦਰੀਆਉ ਟੁਟਿ ਨ ਥੀਵਹਿ ਵਾਹੜਾ॥ (ਪੰਨਾ 1384)
ਜੈਸੇ ਜਲ ਮਹਿ ਕਮਲੁ ਨਿਰਾਲਮੁ ਮੁਰਗਾਈ ਨੈ ਸਾਣੇ॥
ਸੁਰਤਿ ਸਬਦਿ ਭਵ ਸਾਗਰੁ ਤਰੀਐ ਨਾਨਕ ਨਾਮੁ ਵਖਾਣੇ॥ (ਪੰਨਾ 938)
ਪੰਜਾਂ ਵਿਕਾਰਾਂ ਅਤੇ ਪੰਜਾਂ ਤੱਤਾਂ ਦੇ ਖੇਤਰ ਵਿਚ ਮਨੁੱਖ ਦਾ ਸਤ, ਸੰਤੋਖ, ਸੰਜਮ ਅਤੇ ਸਬਰ ਟੁੱਟਣ ਨਾਲ ਭਿਆਨਕ ਹਲਾਤ ਪੈਦਾ ਹੁੰਦੇ ਹਨ ਜੋ ਲੋਕ ਨਸ਼ੇ ਪੱਤੇ ਖਾ ਕੇ ਪਤਿਤ ਹੋ ਕੇ ਆਪਣੇ ਸਰੀਰ ਦਾ ਨਾਸ਼ ਕਰਦੇ ਹਨ, ਉਹ ਆਤਮਘਾਤੀ ਹਨ। ਜਿਹੜੇ ਲੋਕ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵਿਚ ਫਸ ਕੇ ਆਪਣੇ ਪਰਵਾਰ ਅਤੇ ਸਮਾਜ ਦਾ ਵਾਤਾਵਰਣ ਖਰਾਬ ਕਰਦੇ ਹਨ, ਉਹ ਵੀ ਵੱਡੇ ਗੁਨਾਹਗਾਰ ਹਨ। ਜਿਹੜੇ ਰਾਜੇ ਜਾਂ ਰਾਜ ਅਧਿਕਾਰੀ ਲੋਭ ਵੱਸ ਹੋ ਕੇ ਜ਼ੁਲਮ ਅਤੇ ਅਨਿਆਂ ਕਰਦੇ ਹਨ, ਉਹ ਕਸਾਈ ਦੇ ਨਿਆਈਂ ਹਨ। ਉਨ੍ਹਾਂ ਦੇ ਅਨਉਚਿਤ ਵਰਤਾਉ ਕਾਰਨ ਸਮਾਜਿਕ ਅਤੇ ਰਾਜਨੀਤਿਕ ਵਾਤਾਵਰਣ ਦੂਸ਼ਿਤ ਹੋ ਜਾਂਦਾ ਹੈ। ਗੁਰਬਾਣੀ ਦਾ ਫ਼ਰਮਾਨ ਹੈ:
ਆਪੀਨੈ੍ ਭੋਗ ਭੋਗਿ ਕੈ ਹੋਇ ਭਸਮੜਿ ਭਉਰੁ ਸਿਧਾਇਆ॥
ਵਡਾ ਹੋਆ ਦੁਨੀਦਾਰੁ ਗਲਿ ਸੰਗਲੁ ਘਤਿ ਚਲਾਇਆ॥
ਅਗੈ ਕਰਣੀ ਕੀਰਤਿ ਵਾਚੀਐ ਬਹਿ ਲੇਖਾ ਕਰਿ ਸਮਝਾਇਆ॥
ਥਾਉ ਨ ਹੋਵੀ ਪਉਦੀਈ ਹੁਣਿ ਸੁਣੀਐ ਕਿਆ ਰੂਆਇਆ॥
ਮਨਿ ਅੰਧੈ ਜਨਮੁ ਗਵਾਇਆ॥ (ਪੰਨਾ 464)
ਸਭ ਤੋਂ ਵੱਧ ਮਹੱਤਵ ਦੀ ਗੱਲ ਹੈ ਕਿ ਇਸ ਧਰਤੀ ਦੇ ਪਰਿਆਵਰਣ ਨੂੰ ਸ਼ੁੱਧ ਰੱਖਿਆ ਜਾਵੇ, ਵਾਯੂਮੰਡਲ ਦੇ ਅਸ਼ੁੱਧ ਹੋਣ ਨਾਲ ਧਰਤੀ ਦਾ ਤਾਪਮਾਨ ਵੱਧਦਾ ਹੈ। ਇਸ ਨਾਲ ਮੌਸਮਾਂ ਵਿਚ ਵਿਗਾੜ ਅਤੇ ਮਨੁੱਖਤਾ ਵਿਚ ਕਈ ਮਾਰੂ ਅਤੇ ਭਿਆਨਕ ਬਿਮਾਰੀਆਂ ਪੈਦਾ ਹੁੰਦੀਆਂ ਹਨ ਅਤੇ ਕਈ ਪ੍ਰਕਾਰ ਦੀਆਂ ਮੁਸੀਬਤਾਂ ਆ ਸਕਦੀਆਂ ਹਨ। ਪਰਿਆਵਰਣ ਨੂੰ ਖਰਾਬ ਕਰਨਾ ਸਮੁੱਚੀ ਮਨੁੱਖਤਾ ਦੀ ਹੋਂਦ ਲਈ ਵੱਡਾ ਖ਼ਤਰਾ ਹੈ। ਅਜੋਕੇ ਸਮੇਂ ਜਿਸ ਤਰ੍ਹਾਂ ਮਨੁੱਖ ਨੇ ਵਿਕਾਸ ਦੇ ਨਾਂ ਉੱਤੇ ਪਰਿਆਵਰਣ ਦਾ ਵਿਨਾਸ਼ ਕੀਤਾ ਹੈ, ਉਸ ਨਾਲ ਮਨੁੱਖਤਾ ਦੀ ਹੋਂਦ-ਹਸਤੀ ਨੂੰ ਹੀ ਖ਼ਤਰਾ ਪੈਦਾ ਹੋ ਗਿਆ ਹੈ; ਜਿਸ ਕਾਰਨ ਸਾਰਾ ਸੰਸਾਰ ਚਿੰਤਤ ਵਿਖਾਈ ਦੇ ਰਿਹਾ ਹੈ। ਤਰ੍ਹਾਂ-ਤਰ੍ਹਾਂ ਦੀਆਂ ਜ਼ਹਿਰੀਲੀਆਂ ਗੈਸਾਂ ਪੈਦਾ ਕਰਕੇ ਮਨੁੱਖ ਨੇ ਹਵਾ ਨੂੰ ਦੂਸ਼ਿਤ ਕਰ ਦਿੱਤਾ ਹੈ। ਧਰਤੀ ਦੀ ਕੁੱਖ ਵਿਚ ਅਨੇਕਾਂ ਪ੍ਰਕਾਰ ਦੇ ਕੈਮੀਕਲ ਅਤੇ ਕੀਟ-ਨਾਸ਼ਕ ਦਵਾਈਆਂ ਪਾ ਕੇ ਧਰਤੀ ਅਤੇ ਧਰਤੀ ਹੇਠਲੇ ਪਾਣੀ ਨੂੰ ਮਨੁੱਖ ਨੇ ਦੂਸ਼ਿਤ ਕਰ ਦਿੱਤਾ ਹੈ। ਭਾਵੇਂ ਸਾਨੂੰ ਗੁਰਬਾਣੀ
‘ਨਾਨਕ ਇਹੁ ਜਗਤੁ ਸਭੁ ਜਲੁ ਹੈ ਜਲ ਹੀ ਤੇ ਸਭ ਕੋਇ॥’
ਦਾ ਉਪਦੇਸ਼ ਦਿੰਦੀ ਹੈ। ਪਰ ਅਸੀਂ ਸਭ ਕੁਝ ਅਣਡਿੱਠ ਕਰ ਰਹੇ ਹਾਂ। ਗਰਮੀ ਇਤਨੀ ਵਧ ਗਈ ਹੈ ਕਿ ਮਨੁੱਖ ਲਈ ਇਸ ਨੂੰ ਝੱਲਣਾ ਮੁਸ਼ਕਿਲ ਹੋ ਗਿਆ ਹੈ। ਅਕਾਸ਼ ਦਾ ਸਾਨੂੰ ਜੋ ਖਲਾਅ ਨਜ਼ਰ ਆ ਰਿਹਾ ਹੈ ਉਹ ਵੀ ਧੂੰਏਂ, ਸੈਟਾਲਾਈਟਸ, ਮਾਰੂ ਬੰਬਾਂ- ਹਥਿਆਰਾਂ ਦੇ ਤਜ਼ਰਬਿਆਂ ਕਾਰਨ ਪੂਰੀ ਤਰ੍ਹਾਂ ਦੂਸ਼ਿਤ ਹੋ ਗਿਆ ਹੈ। ਓਜ਼ੋਨ ਪਰਤ ਵਿਚ ਵੱਡੇ-ਵੱਡੇ ਮਘੋਰੇ ਪੈ ਗਏ ਹਨ। ਜਿਸ ਕਾਰਨ ਧਰਤੀ ਅਤੇ ਹਵਾ ਵੀ ਸੂਰਜ ਵਾਂਗ ਤਪਣ ਲੱਗ ਪਈ ਹੈ। ਜਿਸ ਨਾਲ ਮਨੁੱਖੀ ਜ਼ਿੰਦਗੀ ਬੇਹਾਲ ਹੋ ਗਈ ਹੈ। ਇਹ ਵਰਤਾਰਾ ਕੁਦਰਤ ਦੀ ਦੇਣ ਨਹੀਂ ਸਗੋਂ ਮਨੁੱਖ ਨੇ ਸਬਰ ਅਤੇ ਸੰਤੋਖ ਨੂੰ ਤੋੜ ਕੇ ਆਪਣੇ ਸੌੜੇ ਹਿੱਤਾਂ ਖ਼ਾਤਰ ਇਹ ਸਭ ਕੁਝ ਪੈਦਾ ਕਰ ਦਿੱਤਾ ਹੈ। ਆਪਣੇ ਪੈਰਾਂ ਉੱਤੇ ਆਪ ਹੀ ਕੁਹਾੜਾ ਮਾਰ ਲਿਆ। ਅਜੋਕਾ ਮਨੁੱਖ ਅਤੇ ਖਾਸ ਕਰਕੇ ਸਾਡੇ ਵਿਗਿਆਨੀ, ਮਨੁੱਖ ਵੱਲੋਂ ਪੈਦਾ ਕੀਤੇ ਇਸ ਘੁੱਪ ਹਨੇਰੇ ਵਿਚ ਹੱਥ-ਪੈਰ ਮਾਰ ਰਹੇ ਹਨ। ਇਸ ਤਰ੍ਹਾਂ ਅਸੀਂ ਇਨ੍ਹਾਂ ਪੰਜਾਂ ਤੱਤਾਂ ਨੂੰ ਪ੍ਰਦੂਸ਼ਿਤ ਕਰ ਦਿੱਤਾ ਹੈ, ਇਨ੍ਹਾਂ ਦਾ ਸੰਤੁਲਨ ਵਿਗਾੜ ਦਿੱਤਾ ਹੈ ਅਤੇ ਕੁਦਰਤ ਦੀ ਇਸ ਅਨਮੋਲ ਦਾਤ ਦੀ ਪਵਿੱਤਰਤਾ ਭੰਗ ਕਰਕੇ ਇਸ ਨਾਲ ਘੋਰ ਖਿਲਵਾੜ ਕਰ ਦਿੱਤਾ ਹੈ। ਭਾਵੇਂ ਅਨੇਕਾਂ ਹੀ ਮੁਲਕਾਂ ਦੀਆਂ ਸਰਕਾਰਾਂ ਦੇ ਮੁੱਖੀ ਇਸ ਸਬੰਧੀ ਵਿਚਾਰਾਂ ਵੀ ਕਰ ਰਹੇ ਹਨ। ਪਰੰਤੂ ਇਹ ਕੋਈ ਠੋਸ ਕਦਮ ਸਾਬਤ ਨਹੀਂ ਹੋ ਰਹੇ ਕਿਉਂਕਿ ਜਿਨ੍ਹਾਂ ਕਾਰਜਾਂ ਕਰਕੇ ਵਿਸ਼ਵ-ਵਾਤਾਵਰਣ ਵਿਗੜਿਆ ਹੈ, ਉਹ ਵਿਨਾਸ਼ਕਾਰੀ ਕਾਰਜ ਅੱਜ ਵੀ ਬਾਦਸਤੂਰ ਜਾਰੀ ਹਨ। ਜਿਤਨਾ ਚਿਰ ਇਨ੍ਹਾਂ ਦਾ ਮੂਲ ਕਾਰਨ ਖਤਮ ਨਹੀਂ ਹੁੰਦਾ, ਉਤਨਾ ਚਿਰ ਇਹ ਵਿਉਂਤਬੰਦੀਆਂ ਕੇਵਲ ਛਲਾਵਾ ਹੀ ਸਿੱਧ ਹੋਣਗੀਆਂ। ਬੁਰਾਈ ਤਾਂ ਬੁਰਾਈ ਦੀ ਮਾਂ ਨੂੰ ਖ਼ਤਮ ਕਰਨ ਨਾਲ ਹੀ ਖ਼ਤਮ ਹੋ ਸਕਦੀ ਹੈ। ਇਹ ਤਾਂ ਹਾਥੀ ਦੇ ਖਾਣ ਦੇ ਦੰਦ ਹੋਰ ਅਤੇ ਦਿਖਾਉਣ ਦੇ ਹੋਰ ਵਾਲੀ ਗੱਲ ਹੀ ਹੋ ਰਹੀ ਹੈ। ਜਿਵੇਂ ਵਿਸ਼ਵ ਸ਼ਾਂਤੀ ਲਈ ਰੌਲਾ ਪਾਉਣ ਵਾਲੇ ਹੀ ਵਿਸ਼ਵ ਵਿਚ ਅਸ਼ਾਂਤੀ ਫੈਲਾਉਣ ਲਈ ਨਿੱਤ ਨਵੇਂ ਕਾਰਜ ਕਰ ਰਹੇ ਹਨ। ਅਨੇਕਾਂ ਹੀ ਸਰਬਨਾਸ਼ ਕਰਨ ਵਾਲੇ ਬੰਬ-ਗੋਲੇ ਅਤੇ ਅਤਿ ਖ਼ਤਰਨਾਕ ਮਾਰੂ ਹਥਿਆਰ ਤਿਆਰ ਕੀਤੇ ਜਾ ਰਹੇ ਹਨ। ਮਨੁੱਖਤਾ ਦਾ ਘਾਣ ਕਰਨ ਲਈ ਖ਼ਤਰਨਾਕ ਕਿਸਮ ਦਾ ਅੱਤਵਾਦ ਪੈਦਾ ਕੀਤਾ ਜਾ ਰਿਹਾ ਹੈ। ਇਨ੍ਹਾਂ ਸਾਜ਼ਸ਼ੀ ਜਤਨਾਂ ਨਾਲ ਇਹ ਮੁਲਕ ਆਪਣੇ-ਆਪ ਨਾਲ ਅਤੇ ਮਨੁੱਖਤਾ ਨਾਲ ਧੋਖਾ ਕਰ ਰਹੇ ਹਨ। ਇਸ ਲਈ ਵਿਸ਼ਵ ਵਾਤਾਵਰਣ ਦੀ ਸ਼ੁੱਧਤਾ ਕਾਇਮ ਕਰਨ ਲਈ ਸਾਰੇ ਮੁਲਕਾਂ ਦੀਆਂ ਸਰਕਾਰਾਂ ਨੂੰ ਸਾਰਥਕ ਅਤੇ ਠੋਸ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਸ੍ਰੀ ਗੁਰੂ ਅੰਗਦ ਸਾਹਿਬ ਜੀ ਫ਼ਰਮਾਉਂਦੇ ਹਨ,
‘ਨਾਨਕ ਪਰਖੇ ਆਪ ਕਉ ਤਾ ਪਾਰਖੁ ਜਾਣੁ॥
ਰੋਗੁ ਦਾਰੂ ਦੋਵੈ ਬੁਝੈ ਤਾ ਵੈਦੁ ਸੁਜਾਣੁ॥’
ਇਸ ਲਈ ਹਰ ਦੇਸ਼ ਨੂੰ ਆਪਣੇ ਅੰਦਰ ਝਾਤੀ ਮਾਰਨੀ ਪਵੇਗੀ ਅਤੇ ਇਸ ਰੋਗ ਦਾ ਇਲਾਜ ਲੱਭਣਾ ਪਵੇਗਾ। ਗੁਰਮਤਿ ਦੀ ਸਹਿਹੋਂਦ, ਸਹਿਣਸ਼ੀਲਤਾ ਅਤੇ ਸਾਂਝੀਵਾਲਤਾ ਦਾ ਸਿਧਾਂਤ ਹੀ ਵੱਖ-ਵੱਖ ਸਰਕਾਰਾਂ ਵਿਚਕਾਰ ਮੇਲ-ਮਿਲਾਪ, ਸੂਝ-ਬੂਝ ਪੈਦਾ ਕਰ ਸਕਦਾ ਹੈ। ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਜ਼ਮੀਨੀ ਪਾਣੀ ਦੀ ਬਹੁਤ ਜ਼ਿਆਦਾ ਵਰਤੋਂ ਅਤੇ ਫਸਲ ਕੱਟਣ ਤੋਂ ਬਾਅਦ ਝੋਨੇ ਅਤੇ ਕਣਕ ਦੀਆਂ ਪਰਾਲੀਆਂ ਨੂੰ ਅੱਗਾਂ ਲਾਉਣ ’ਤੇ ਸਖ਼ਤੀ ਨਾਲ ਪਾਬੰਦੀ ਲਾਵੇ ਅਤੇ ਇਸ ਨੂੰ ਅਮਲ ਵਿਚ ਲਿਆਵੇ। ਕਿਸਾਨਾਂ ਨੂੰ ਵੀ ਇਹ ਸਮਝਣਾ ਹੋਵੇਗਾ ਕਿ ਜੋ ਕੁਝ ਵੀ ਉਹ ਆਪਣੀ ਨਿੱਜੀ ਸੌਖ ਅਤੇ ਸੁਆਰਥ ਲਈ ਕਰ ਰਹੇ ਹਨ, ਉਨ੍ਹਾਂ ਖ਼ਤਰਨਾਕ ਹਾਲਾਤਾਂ ਦਾ ਉਹ ਖ਼ੁਦ ਵੀ ਸ਼ਿਕਾਰ ਹੋ ਰਹੇ ਹਨ। ਗੁਰਬਾਣੀ ਅੰਦਰ ਜ਼ਿਕਰ ਹੈ,
‘ਪਾਰੋਸੀ ਕੇ ਜੋ ਹੂਆ ਤੂ ਅਪਨੇ ਭੀ ਜਾਨੁ॥’
ਜ਼ਮੀਨਾਂ ਨੂੰ ਅੱਗ ਲਾ ਕੇ ਖੇਤਾਂ ਵਿਚ ਗਿਰੇ ਦਾਣੇ ਅਤੇ ਮਿੱਤਰ ਕੀੜੇ ਵੀ ਸੜ ਜਾਂਦੇ ਹਨ। ਪੰਛੀ ਉਨ੍ਹਾਂ ਦਾ ਲਾਭ ਨਹੀਂ ਉਠਾ ਸਕਦੇ। ਅਨੇਕ ਪ੍ਰਕਾਰ ਦੇ ਜੀਵ-ਜੰਤੂ ਅਤੇ ਕੀੜੇ-ਮਕੌੜੇ ਅਗਨ ਦੀ ਭੇਟ ਹੋ ਜਾਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਨਸ਼ਟ ਹੋ ਜਾਂਦੀ ਹੈ। ਧੂੰਆਂ ਫੈਲ ਕੇ ਹਵਾ ਪ੍ਰਦੂਸ਼ਤ ਕਰਦਾ ਹੈ। ਲੋਕਾਂ ਨੂੰ ਬਿਮਾਰੀਆਂ ਲੱਗਦੀਆਂ ਹਨ। ਸਾਇੰਸਦਾਨਾਂ ਦੇ ਕਈ ਤਰ੍ਹਾਂ ਦੇ ਪ੍ਰਯੋਗ ਕਰਨੇ ਵੀ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਂਦੇ ਹਨ। ਕਾਰਖਾਨਿਆਂ ਵਿੱਚੋਂ ਨਿਕਲਣ ਵਾਲਾ ਧੂੰਆਂ, ਗੰਧਲਾ ਅਤੇ ਜ਼ਹਿਲੀਆ ਜਲ ਵੀ ਹਵਾ ਅਤੇ ਪਾਣੀ ਨੂੰ ਪ੍ਰਦੂਸ਼ਿਤ ਕਰਦਾ ਹੈ। ਅਜਿਹੀਆਂ ਕਾਰਵਾਈਆਂ ਕੁਦਰਤ ਦੀ ਭਾਰੀ ਅਵੱਗਿਆ ਹੈ। ਮਨੁੱਖ ਨੂੰ ਸਾਰੇ ਜੀਵ-ਜੰਤੂਆਂ ਅਤੇ ਕੁਦਰਤ ਦਾ ਭਲਾ ਮੰਗਣਾ ਚਾਹੀਦਾ ਹੈ। ਇਸੇ ਵਿਚ ਮਨੁੱਖ ਦੀ ਭਲਾਈ ਹੈ। ਗੁਰਬਾਣੀ ਵਿਚ ਸਰਬੱਤ ਦਾ ਭਲਾ ਮੰਗਿਆ ਗਿਆ ਹੈ। ਮਹਾਂਵਾਕ ਹੈ:
ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ॥
ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ॥ (ਪੰਨਾ 853)
ਸਭੇ ਜੀਅ ਸਮਾਲਿ ਅਪਣੀ ਮਿਹਰ ਕਰੁ॥
ਅੰਨੁ ਪਾਣੀ ਮੁਚੁ ਉਪਾਇ ਦੁਖ ਦਾਲਦੁ ਭੰਨਿ ਤਰੁ॥ (ਪੰਨਾ 1251)
ਵਿਗਿਆਨਕ ਤਰੱਕੀ ਅਤੇ ਸ੍ਰਿਸ਼ਟੀ ਦੇ ਵਿਕਾਸ ਵਿਰੁੱਧ ਨਹੀਂ ਹੈ ਗੁਰਮਤਿ। ਪਰੰਤੂ ਇਹ ਮਨੁੱਖ ਨੂੰ ਇਨ੍ਹਾਂ ਤਜ਼ਰਬਿਆਂ, ਵਿਗਿਆਨਕ ਕਾਢਾਂ ਦੇ ਅਮਲ ਵਿਚ ਆਉਣ ਨਾਲ ਜੋ ‘ਰੋਗ’ ਪੈਦਾ ਹੋ ਰਿਹਾ ਹੈ, ਉਸ ਦਾ ‘ਦਾਰੂ’ ਵੀ ਨਾਲ-ਨਾਲ ਲੱਭਣ ਲਈ ਪ੍ਰੇਰਦੀ ਹੈ ਗੁਰਮਤਿ।
ਅਧਿਆਤਮਕ ਸਾਧਨਾ ਵਿਚ ਵੀ ਕੁਦਰਤ ਬਾਣੀ ਦੇ ਨਾਲ-ਨਾਲ ਆਪਣਾ ਸਹਿਯੋਗ ਦਿੰਦੀ ਹੈ। ਗੁਰੂ ਸਾਹਿਬ ਨੇ ਕੁਦਰਤ ਨੂੰ ਮੁੱਖ ਰੱਖ ਕੇ ਪਰਮਾਤਮਾ ਦੀ ਸਿਫਤ ਕੀਤੀ ਹੈ। ਕੁਦਰਤ ਰਾਹੀਂ ਹੀ ਕਾਦਰ ਨੂੰ ਸਲਾਹਿਆ ਹੈ। ਗੁਰਸਿੱਖਾਂ ਨੂੰ ਵੀ ਗੁਰਬਾਣੀ ਦੇ ਨਾਲ ਕੁਦਰਤ ਨੂੰ ਸਾਹਮਣੇ ਰੱਖਣ ਦਾ ਉਪਦੇਸ਼ ਦਿੱਤਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਰਮਾਤਮਾ ਦੇ ਨਾਲ-ਨਾਲ ਕੁਦਰਤ ਨੂੰ ਵੀ ਸੱਚ ਕਿਹਾ ਹੈ:
ਸਚੀ ਤੇਰੀ ਸਿਫਤਿ ਸਚੀ ਸਾਲਾਹ॥
ਸਚੀ ਤੇਰੀ ਕੁਦਰਤਿ ਸਚੇ ਪਾਤਿਸਾਹ॥ (ਪੰਨਾ 463)
ਅਖੀ ਕੁਦਰਤਿ ਕੰਨੀ ਬਾਣੀ ਮੁਖਿ ਆਖਣੁ ਸਚੁ ਨਾਮੁ॥
ਪਤਿ ਕਾ ਧਨੁ ਪੂਰਾ ਹੋਆ ਲਾਗਾ ਸਹਜਿ ਧਿਆਨੁ॥ (ਪੰਨਾ 1168)
ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ॥
ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ॥ (ਪੰਨਾ 13)
ਜਪੁਜੀ ਸਾਹਿਬ ਵਿਚ ਵਰਣਨ ਕੀਤੇ ਪੰਜਾਂ ਖੰਡਾਂ ਵਿਚ ਕੁਦਰਤ ਦੇ ਅਨੇਕਾਂ ਰੂਪ ਵਿਖਾਏ ਗਏ ਹਨ। ਧਰਮ ਖੰਡ ਵਿਚ ਧਰਤੀ ਅਤੇ ਰੁਤਾਂ ਦਾ ਵਰਣਨ ਕੀਤਾ ਗਿਆ ਹੈ। ਗਿਆਨ ਖੰਡ ਵਿਚ ਅਨੇਕਾਂ ਪਵਣ ਪਾਣੀ ਬੈਸੰਤਰ ਅਤੇ ਕੇਤੀਆਂ ਕਰਮ ਭੂਮੀਆਂ ਦੀ ਸਾਧਕ ਨੂੰ ਸੋਝੀ ਹੁੰਦੀ ਹੈ। ਸਰਮ ਖੰਡ ਦਾ ਰੂਪ ਸੁੰਦਰਤਾ ਵਾਲਾ ਹੈ। ਸਚ ਖੰਡ ਵਿਚ ਸਾਧਕ ਦੀ ਸੁਰਤ ਸਰਬਵਿਆਪਕ ਅਤੇ ਉਸ ਨੂੰ ਖੰਡਾਂ-ਬ੍ਰਹਿਮੰਡਾਂ ਦੀ ਸੋਝੀ ਹੋ ਜਾਂਦੀ ਹੈ। ਜਪੁ ਜੀ ਸਾਹਿਬ ਵਿਚ ਵਰਣਨ ਕੀਤਾ ਗਿਆ ਹੈ:
ਸਚ ਖੰਡਿ ਵਸੈ ਨਿਰੰਕਾਰੁ॥
ਕਰਿ ਕਰਿ ਵੇਖੈ ਨਦਰਿ ਨਿਹਾਲ॥
ਤਿਥੈ ਖੰਡ ਮੰਡਲ ਵਰਭੰਡ॥
ਜੇ ਕੋ ਕਥੈ ਤ ਅੰਤ ਨ ਅੰਤ॥
ਤਿਥੈ ਲੋਅ ਲੋਅ ਆਕਾਰ॥
ਜਿਵ ਜਿਵ ਹੁਕਮੁ ਤਿਵੈ ਤਿਵ ਕਾਰ॥
ਵੇਖੈ ਵਿਗਸੈ ਕਰਿ ਵੀਚਾਰੁ॥
ਨਾਨਕ ਕਥਨਾ ਕਰੜਾ ਸਾਰੁ॥ (ਪੰਨਾ 8)
ਮਨੁੱਖ ਮਾਇਆ ਜਾਲ ਕਰਕੇ ਅਨੇਕਾਂ ਹੀ ਲਾਲਸਾਵਾਂ ਅਤੇ ਤ੍ਰਿਸ਼ਨਾਵਾਂ ਦਾ ਗ਼ੁਲਾਮ ਬਣ ਜਾਂਦਾ ਹੈ। ਸ੍ਰੀ ਗੁਰੂ ਅਮਰ ਦਾਸ ਜੀ ਫ਼ਰਮਾਉਂਦੇ ਹਨ,
“ਲਿਵ ਛੁੜਕੀ ਲਗੀ ਤ੍ਰਿਸਨਾ ਮਾਇਆ ਅਮਰੁ ਵਰਤਾਇਆ”
ਸਾਰੇ ਸੰਸਾਰ ਉੱਤੇ ਉਸ ਦਾ ਹੁਕਮ ਚੱਲੇ, ਸਾਰੇ ਸੰਸਾਰ ਦੀ ਧਨ-ਦੌਲਤ ਉਸ ਨੂੰ ਪ੍ਰਾਪਤ ਹੋ ਜਾਵੇ। ਅਜਿਹੀ ਗ਼ੈਰ-ਕੁਦਰਤੀ ਬਿਰਤੀ ਕਾਰਨ ਮਨੁੱਖ ਅੱਜ ਵਿਸ਼ਵੀਕਰਨ ਦੇ ਯੁੱਗ ਵਿਚ ਆਪਣੇ-ਆਪ ਨੂੰ ਇਕੱਲਾ ਮਹਿਸੂਸ ਕਰ ਰਿਹਾ ਹੈ। ਉਹ ਅੰਦਰੋਂ ਦੋਫਾੜ ਹੈ। ਇਹੋ ਹਾਲ ਸਾਰੇ ਮੁਲਕਾਂ ਅਤੇ ਵਿਸ਼ਵ ਦਾ ਹੈ। ਗੁਰਬਾਣੀ ਮਨੁੱਖ ਅਰਥਾਤ ਦੇਸ਼ਾਂ ਸਗੋਂ ਸਮੁੱਚੀ ਲੋਕਾਈ ਨੂੰ ਹੀ ਸਤ, ਸੰਤੋਖ, ਸੰਜਮ ਅਤੇ ਸਬਰ ਧਾਰਨ ਕਰਨ ਲਈ ਪ੍ਰੇਰਦੀ ਹੈ। ਹਰ ਦੇਸ਼ ਇਕ-ਦੂਜੇ ਨੂੰ ਨੀਵਾਂ ਦਿਖਾਉਣ, ਸਾਰਿਆਂ ਸਾਧਨਾਂ ਅਤੇ ਸਰੋਤਾਂ ਉੱਤੇ ਕਾਬਜ਼ ਹੋਣ ਅਤੇ ਸੰਸਾਰ ਉੱਤੇ ਆਪਣੀ ਮੁਲਕੀ-ਸਰਦਾਰੀ ਕਾਇਮ ਕਰਨ ਹਿਤ, ਇਸ ਅੰਨ੍ਹੀ ਦੌੜ ਕਾਰਨ ਦੇਸ਼ ਅਨੇਕਾਂ ਹੀ ਗ਼ੈਰ-ਮਨੁੱਖੀ ਅਤੇ ਗ਼ੈਰ-ਕੁਦਰਤੀ ਢੰਗ-ਤਰੀਕੇ ਵਰਤ ਰਹੇ ਹਨ, ਜਿਸ ਕਰਕੇ ਸਾਰੇ ਸੰਸਾਰ ਵਿਚ ਤਣਾਅ ਪੈਦਾ ਹੋਇਆ ਹੈ ਅਤੇ ਹਰ ਪ੍ਰਕਾਰ ਦਾ ਵਾਤਾਵਰਣ ਪ੍ਰਦੂਸ਼ਤ ਹੋ ਗਿਆ ਹੈ। ਆਪਸੀ ਮਨੁੱਖੀ ਰਿਸ਼ਤਿਆਂ ਅਤੇ ਮੁਲਕੀ ਰਿਸ਼ਤਿਆਂ ਵਿਚ ਤਣਾਅ ਅਤੇ ਬੇਵਿਸ਼ਵਾਸੀ ਦਾ ਮਾਹੌਲ ਹੈ। ਸਤ, ਸੰਤੋਖ ਅਤੇ ਸੰਜਮ ਟੁੱਟ ਗਿਆ ਹੈ। ਗੁਰਬਾਣੀ ਥਾਂ ’ਪੁਰ ਥਾਂ ਮਨੁੱਖ ਨੂੰ ਹਰ ਖੇਤਰ ਵਿਚ ਸਤ, ਸੰਤੋਖ, ਸਬਰ ਅਤੇ ਸੰਜਮ ਅਖਤਿਆਰ ਕਰਨ ਲਈ ਪ੍ਰੇਰਿਤ ਕਰਦੀ ਹੈ। ਗੁਰਵਾਕ ਹੈ:
ਸਬਰੁ ਏਹੁ ਸੁਆਉ ਜੇ ਤੂੰ ਬੰਦਾ ਦਿੜੁ ਕਰਹਿ॥
ਵਧਿ ਥੀਵਹਿ ਦਰੀਆਉ ਟੁਟਿ ਨ ਥੀਵਹਿ ਵਾਹੜਾ॥ (ਪੰਨਾ 1384)
ਥਾਲ ਵਿਚਿ ਤਿੰਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ॥
ਅੰਮ੍ਰਿਤ ਨਾਮੁ ਠਾਕੁਰ ਕਾ ਪਇਓ ਜਿਸ ਕਾ ਸਭਸੁ ਅਧਾਰੋ॥ (ਪੰਨਾ 1429)
ਇਹ ਸੰਸਾਰ ਕੁਦਰਤ ਦਾ ਇਕ ਕ੍ਰਿਸ਼ਮਾ ਹੈ। ਮਨੁੱਖ ਨੇ ਸਰੀਰਕ ਪੱਧਰ ’ਤੇ, ਸਮਾਜਿਕ ਪੱਧਰ ’ਤੇ ਅਤੇ ਅਧਿਆਤਮਕ ਪੱਧਰ ’ਤੇ ਕੁਦਰਤ ਦੇ ਨਾਲ ਮਿਲ ਕੇ ਹੀ ਰਹਿਣਾ ਹੈ। ਕੁਦਰਤ ਤੋਂ ਪਰੇ ਹਟਣ ਜਾਂ ਕੁਦਰਤ ਦੇ ਨਿਯਮਾਂ ਨੂੰ ਭੰਗ ਕਰਨਾ ਉਸ ਦੀ ਬਿਹਤਰੀ ਨਹੀਂ ਹੈ। ਮਨੁੱਖ ਨੂੰ ਚਾਹੀਦਾ ਹੈ ਕਿ ਉਹ ਕੁਦਰਤ ਦੀ ਕਦਰ ਕਰਨੀ ਸਿੱਖੇ। ਸਰੀਰਕ, ਸਮਾਜਿਕ ਅਤੇ ਆਤਮਿਕ ਪੱਧਰ ’ਤੇ ਕੁਦਰਤ ਨੂੰ ਸਨਮੁੱਖ ਹੋ ਕੇ ਰਹੇ ਅਤੇ ਉਸ ਦਾ ਅਨੁਸਾਰੀ ਹੋ ਕੇ ਚੱਲੇ। ਕੁਦਰਤ ਦੇ ਕਿਸੇ ਵੀ ਰੂਪ ਨੂੰ ਵਿਗਾੜਨ ਦਾ ਯਤਨ ਨਾ ਕਰੇ। ਮਨੁੱਖ ਨੇ ਜੇਕਰ ਗ੍ਰਿਹਸਤੀ ਜੀਵਨ ਵਿਚ ਸੰਜਮ ਰੱਖਿਆ ਹੁੰਦਾ ਤਾਂ ਜਨਸੰਖਿਆ ਵਿਚ ਬੇਤਹਾਸ਼ਾ ਵਾਧਾ ਨਾ ਹੁੰਦਾ ਅਤੇ ਬਹੁਤੇ ਢਿੱਡਾਂ ਨੂੰ ਭਰਨ ਹਿਤ ਜੋ ਅਨਾਜ ਦੀ ਬਹੁਤਾਤ ਪੈਦਾ ਕਰਨ ਲਈ ਅਨੇਕਾਂ ਗ਼ੈਰ-ਕੁਦਰਤੀ ਢੰਗ-ਤਰੀਕੇ ਵਰਤ ਕੇ ਹਵਾ, ਪਾਣੀ ਅਤੇ ਧਰਤੀ ਨੂੰ ਪ੍ਰਦੂਸ਼ਿਤ ਕਰ ਰਹੇ ਹਾਂ। ਉਸ ਦੀ ਲੋੜ ਨਹੀਂ ਸੀ ਪੈਣੀ। ਭਾਰਤੀ ਵਾਤਾਵਰਣ ਦੇ ਪ੍ਰਦੂਸ਼ਿਤ ਹੋਣ ਵਿਚ ਜਨਸੰਖਿਆ ਵਿਚ ਹੋਏ ਬੇਤਹਾਸ਼ੇ ਵਾਧੇ ਦੀ ਲੋੜਾਂ ਪੂਰੀਆਂ ਕਰਨ ਹਿਤ ਕੀਤੇ ਜਾ ਰਹੇ ਸਾਰੇ ਗ਼ੈਰ-ਕੁਦਰਤੀ ਕਾਰਜ ਹੀ ਹਨ। ਨਸ਼ਿਆਂ, ਮਾਦਾ-ਭਰੂਣ ਹੱਤਿਆ, ਦਾਜ-ਦਹੇਜ, ਭ੍ਰਿਸ਼ਟਾਚਾਰ ਆਦਿ ਨੇ ਸਾਡਾ ਸਾਰਾ ਸਮਾਜਿਕ ਢਾਂਚਾ ਹੀ ਦੂਸ਼ਿਤ ਕਰ ਦਿੱਤਾ ਹੈ। ਸਮਾਜਿਕ ਜੀਵਨ ਵਿੱਚੋਂ ਨੇਕੀ, ਸੰਜਮ ਅਤੇ ਸਦਾਚਾਰ ਅਲੋਪ ਹੋ ਗਿਆ ਹੈ।
ਆਪਣੀਆਂ ਅਮੁੱਕ ਲਾਲਸਾਵਾਂ ਅਤੇ ਤ੍ਰਿਸ਼ਨਾਵਾਂ ਦੀ ਪੂਰਤੀ ਲਈ ਤਰੱਕੀ ਅਤੇ ਵਿਕਾਸ ਦੇ ਨਾਂ ਉੱਤੇ ਅਖੌਤੀ ਵਿਗਿਆਨਕ ਢੰਗ ਤਰੀਕੇ ਅਪਣਾ ਕੇ ਮਨੁੱਖ ਨੇ ਗ਼ੈਰ-ਕੁਦਰਤੀ ਕਾਰਜ ਕਰਕੇ ਅੱਜ ਇਨ੍ਹਾਂ ਪੰਜਾਂ ਤੱਤਾਂ ਦਾ ਸੰਤੁਲਨ ਵਿਗਾੜ ਦਿੱਤਾ ਹੈ। ਜਿਸ ਦੇ ਨਤੀਜੇ ਵਜੋਂ ਹੀ ਵਿਸ਼ਵ ਗਰਮੀ (ਤਪਸ਼) ਵਧੀ ਹੈ, ਮੌਸਮਾਂ ਵਿਚ ਵਿਗਾੜ ਆਇਆ ਹੈ, ਸੁਨਾਮੀ ਲਹਿਰਾਂ ਅਤੇ ਭੁਚਾਲ ਆ ਰਹੇ ਹਨ। ਗਲੇਸ਼ੀਅਰ ਪਿਘਲ ਰਹੇ ਹਨ। ਧਰਤੀ ਹੇਠਲਾ ਪਾਣੀ ਦੂਸ਼ਿਤ ਹੋ ਰਿਹਾ ਹੈ ਅਤੇ ਬਹੁਤ ਹੇਠਾਂ ਚਲਾ ਗਿਆ ਹੈ। ਸਮਾਜਿਕ ਬੁਰਾਈਆਂ ਦੇ ਵਧਣ ਅਤੇ ਸਮਾਜ ਵਿੱਚੋਂ ਸਤ, ਸੰਤੋਖ, ਸੰਜਮ ਅਤੇ ਜਾਬਤੇ ਦੇ ਟੁੱਟ ਜਾਣ ਕਾਰਨ ਸਮਾਜਿਕ ਅਤੇ ਆਰਥਿਕ ਵਾਤਾਵਰਣ ਪੂਰੀ ਤਰ੍ਹਾਂ ਦੂਸ਼ਿਤ ਹੋ ਗਿਆ ਹੈ। ਕੀਟਨਾਸ਼ਕ ਦਵਾਈਆਂ ਨਾਲ ‘ਮਾਤਾ ਧਰਤਿ ਮਹਤੁ’ ਦੀ ਪਵਿੱਤਰਤਾ ਭੰਗ ਹੋ ਗਈ ਹੈ। ਤਾਸੀਰ ਜ਼ਹਿਰੀਲੀ ਹੋ ਜਾਣ ਕਾਰਨ ਜੋ ਪੈਦਾ ਹੋ ਰਿਹਾ ਹੈ, ਉਹ ਸਭ ਜ਼ਹਿਰੀਲਾ ਅਤੇ ਮਨੁੱਖਤਾ ਲਈ ਅਤਿ ਨੁਕਸਾਨਦਾਇਕ ਹੈ। ਅਜਿਹੇ ਮਾਰੂ ਹਥਿਆਰ, ਕੈਮੀਕਲ ਬੰਬ ਅਤੇ ਅਤਿ ਖ਼ਤਰਨਾਕ ਕਿਸਮ ਦੇ ਐਕਸਪਲੋਸਿਵ ਅਤੇ ਖ਼ਤਰਨਾਕ ਕਿਸਮ ਦਾ ਅਤਿਵਾਦ ਮਨੁੱਖ ਨੇ ਪੈਦਾ ਕਰ ਲਿਆ ਹੈ। ਜਿਸ ਦੀ ਲਪੇਟ ਵਿਚ ਸਾਰਾ ਸੰਸਾਰ ਹੀ ਆਇਆ ਜਾਪਦਾ ਹੈ। “ਆਪੇ ਫਾਥੜੀਏ ਤੈਨੂੰ ਕੌਣ ਛਡਾਵੈ” ਵਾਲੀ ਸਥਿਤੀ ਪੈਦਾ ਹੋ ਗਈ ਹੈ। ਗੁਰਮਤਿ ਅਜਿਹੇ ਗ਼ੈਰ-ਕੁਦਰਤੀ ਅਤੇ ਗ਼ੈਰ-ਮਨੁੱਖੀ ਵਰਤਾਰੇ ਦੀ ਆਗਿਆ ਨਹੀਂ ਦਿੰਦੀ। ਅੱਜ ਵਿਸ਼ਵ ਦਾ ਸਮਾਜਿਕ, ਧਾਰਮਿਕ ਅਤੇ ਆਰਥਿਕ ਵਾਤਾਵਰਣ ਬਿਲਕੁਲ ਵਿਗੜ ਚੁੱਕਾ ਹੈ। ਸਮਾਜਿਕ ਜ਼ਿੰਦਗੀ ਵਿੱਚੋਂ ਜਾਬਤਾ ਅਤੇ ਸੰਜਮ ਖਤਮ ਹੋ ਗਿਆ ਹੈ, ਧਰਮ ਨੂੰ ਕੱਟੜਵਾਦ ਨੇ ਗ੍ਰਹਿਣ ਲਾ ਦਿੱਤਾ ਹੈ ਅਤੇ ਆਰਥਿਕ ਲੁੱਟ ਨੇ ਅਮੀਰ ਅਤੇ ਗਰੀਬ ਦਰਮਿਆਨ ਬਹੁਤ ਵੱਡਾ ਪਾੜਾ ਪਾ ਦਿੱਤਾ ਹੈ। ਇਸ ਤਰ੍ਹਾਂ ਸਮੁੱਚਾ ਸਮਾਜਿਕ ਢਾਂਚਾ ਹੀ ਲੜਖੜਾ ਗਿਆ ਹੈ। ਜੋ ਬਾਹਰੀ ਚਮਕ-ਦਮਕ ਨਜ਼ਰ ਆ ਰਹੀ ਹੈ, ਉਹ ਸਭ ਕਸੁੰਭੇ ਦੇ ਫੁੱਲਾਂ ਵਾਂਗ ਹੀ ਹੈ। ਜਿਨ੍ਹਾਂ ਤੋਂ ਬਚਣ ਲਈ ਭਗਤ ਫਰੀਦ ਜੀ ਨੇ ਸਮਝਾਇਆ ਸੀ,
“ਹਥੁ ਨ ਲਾਇ ਕਸੁੰਭੜੈ ਜਲਿ ਜਾਸੀ ਢੋਲਾ”
ਅੱਜ ਮਨੁੱਖਤਾ ਸਰਬਨਾਸ਼ ਦੀ ਕਗਾਰ ਉੱਤੇ ਖੜ੍ਹੀ ਜਾਪਦੀ ਹੈ। ਤੁਰੰਤ ਠੋਸ ਅਤੇ ਇਮਾਨਦਾਰੀ ਵਾਲੇ ਉਪਰਾਲੇ ਕਰਨ ਦੀ ਲੋੜ ਹੈ। ਸਭ ਤੋਂ ਵੱਧ ਦੁਖਦਾਇਕ ਗੱਲ ਇਹ ਹੈ ਕਿ ਅਜਿਹਾ ਸਰਬਨਾਸ਼ੀ ਵਾਤਾਵਰਣ ਉਸ ਮਨੁੱਖ ਰਾਹੀਂ ਪੈਦਾ ਕੀਤਾ ਗਿਆ ਹੈ, ਜਿਸ ਨੂੰ ਅਕਾਲ ਪੁਰਖ ਨੇ ਬ੍ਰਹਿਮੰਡ ਵਿਚ ਸਰਦਾਰੀ ਬਖ਼ਸ਼ੀ ਸੀ। ਜਿਸ ਪਾਸ ਬੌਧਿਕ ਸ਼ਕਤੀ ਦੀ ਦਾਤ ਪ੍ਰਾਪਤ ਹੈ। ਅਜਿਹੇ ਮਨੁੱਖੀ ਵਰਤਾਰੇ ਬਾਰੇ ਗੁਰਬਾਣੀ ਇਉਂ ਦੱਸਦੀ ਹੈ:
ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ॥
ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ॥ (ਪੰਨਾ 1376)
ਅੰਧੇ ਕੈ ਰਾਹਿ ਦਸਿਐ ਅੰਧਾ ਹੋਇ ਸੁ ਜਾਇ॥
ਹੋਇ ਸੁਜਾਖਾ ਨਾਨਕਾ ਸੋ ਕਿਉ ਉਝੜਿ ਪਾਇ॥
ਅੰਧੇ ਏਹਿ ਨ ਆਖੀਅਨਿ ਜਿਨ ਮੁਖਿ ਲੋਇਣ ਨਾਹਿ॥
ਅੰਧੇ ਸੇਈ ਨਾਨਕਾ ਖਸਮਹੁ ਘੁਥੇ ਜਾਹਿ॥ (ਪੰਨਾ 954)
ਪਰਮਾਤਮਾ ਨੇ ਸ੍ਰਿਸ਼ਟੀ ਦੀ ਰਚਨਾ ਕਰਕੇ ਸਭ ਕੁਝ ਸ਼ੁੱਧ ਅਤੇ ਸ੍ਰੇਸ਼ਟ ਹੀ ਸਿਰਜਿਆ ਸੀ। ਈਸਾਈ ਮਤ ਦੀ ਧਾਰਨਾ ਅਨੁਸਾਰ ਸ੍ਰਿਸ਼ਟੀ ਵਿਚ ਸਿਰਜੇ ਆਦਮ ਨੇ ਬੌਧਿਕਤਾ ਦਾ ਪ੍ਰਗਟਾਵਾ ਕਰਦੇ ਹੋਏ ਪਰਮਾਤਮਾ ਦੇ ਹੁਕਮ ਦੀ ਉਲੰਘਣਾ ਕਰਕੇ ਅਸ਼ੁੱਧਤਾ ਦਾ ਪ੍ਰਮਾਣ ਦਿੱਤਾ ਸੀ। ਮਨੁੱਖ ਦਾ ਬੌਧਿਕ ਵਿਕਾਸ ਹੀ ਉਸ ਦੇ ਵਿਨਾਸ਼ ਦਾ ਕਾਰਨ ਬਣ ਰਿਹਾ ਹੈ। ਆਦਮ ਬੌਧਿਕਤਾ ਦੇ ਅਨੁਚਿਤ ਵਿਕਾਸ ਕਾਰਨ ਪਰਮਾਤਮਾ ਤੋਂ ਦੂਰ ਹੋਇਆ ਸੀ ਅਤੇ ਉਸੇ ਦੀ ਔਲਾਦ ਅੱਜ ਦਾ ਮਨੁੱਖ ਉਸ ਦੇ ਹੁਕਮ ਵਿਚ ਸਾਜੀ ਸ੍ਰਿਸ਼ਟੀ ਨੂੰ ਪ੍ਰਦੂਸ਼ਿਤ ਕਰਕੇ ਆਪਣੇ ਵਿਨਾਸ਼ ਦਾ ਆਪੇ ਕਾਰਨ ਬਣ ਰਿਹਾ ਹੈ। ਇਹ ਤਾਂ ਚਾਨਣੀ ਰਾਤ ਵਿਚ ਘੁੱਪ ਹਨੇਰੇ ਵਾਲੀ ਗੱਲ ਹੋ ਰਹੀ ਹੈ। ਕੁਦਰਤ ਅਤੇ ਮਨੁੱਖ ਇਕ ਦੂਜੇ ਦੇ ਪੂਰਕ ਹਨ। ਪਰਮਾਤਮਾ ਜਾਂ ਕੁਦਰਤ ਕਦੇ ਵੀ ਆਪਣੇ ਹੁਕਮ ਦੀ ਉਲੰਘਣਾ ਬਰਦਾਸ਼ਤ ਨਹੀਂ ਕਰਦੀ ਅਤੇ ਮਨੁੱਖ ਲਈ ਇਹ ਜ਼ਰੂਰੀ ਹੈ ਕਿ ਉਹ ਕੁਦਰਤੀ ਨਿਯਮਾਂ ਅਨੁਸਾਰ ਜੀਵਨ ਗੁਜ਼ਾਰਦਾ ਹੋਇਆ ਕੁਦਰਤ ਅਤੇ ਪਰਮਾਤਮਾ ਵੱਲ ਮੁੜਨ ਦਾ ਯਤਨ ਕਰੇ ਤਾਂ ਹੀ ਇਕ ਪਾਸੇ ਉਹ ਆਪਣਾ ਜੀਵਨ ਉਦੇਸ਼ ਪ੍ਰਾਪਤ ਕਰਨ ਵਿਚ ਸਫਲ ਹੋ ਸਕੇਗਾ ਅਤੇ ਦੂਜੇ ਪਾਸੇ ਆਉਣ ਵਾਲੀਆਂ ਨਸਲਾਂ ਲਈ ਸ਼ੁੱਧਤਾ-ਭਰਪੂਰ ਵਾਤਾਵਰਣ ਅਤੇ ਜੀਵਨ-ਜਾਚ ਪ੍ਰਦਾਨ ਕਰ ਸਕੇਗਾ। ਇਸ ਲਈ ਤੁਰੰਤ ਹੀ ਠੋਸ ਉਪਰਾਲੇ ਕਰਨੇ ਪੈਣਗੇ ਨਹੀਂ ਤਾਂ “ਫਿਰ ਪਛਤਾਏ ਕਿਆ ਹੋਤ ਜਬ ਚਿੜੀਆ ਚੁਗ ਗਈ ਖੇਤ।” ਗੁਰਮਤਿ ਫ਼ਲਸਫ਼ਾ ਸਮੁੱਚੀ ਲੋਕਾਈ ਲਈ ਮੁਕੰਮਲ ਅਤੇ ਉੱਚਤਮ ਜੀਵਨ-ਜੁਗਤ ਹੈ, ਜਿਸ ਦੇ ਧਾਰਨੀ ਹੋ ਕੇ ਸਮੁੱਚੀ ਲੋਕਾਈ ਆਧੁਨਿਕ ਗੰਭੀਰ ਵਿਨਾਸ਼ਕਾਰੀ ਚੁਣੌਤੀਆਂ ਦਾ ਸਫਲ ਮੁਕਾਬਲਾ ਕਰਦਿਆਂ ਧਰਤੀ ਉੱਤੇ ਜੀਵਨ ਨੂੰ ਸਹੀ, ਸ਼ੁੱਧ ਅਤੇ ਪ੍ਰਦੂਸ਼ਣ ਰਹਿਤ ਵਾਤਾਵਰਣ ਵਿਚ ਜਿਉ ਸਕਦੀ ਹੈ। ਆਓ! ਸਤਿਗੁਰਾਂ, ਸੰਤਾਂ ਅਤੇ ਭਗਤਾਂ ਵੱਲੋਂ ਮਨੁੱਖਤਾ ਨੂੰ ਬਖ਼ਸ਼ੀ ਇਸ ਮਹਾਨ ਅਤੇ ਅਦੁੱਤੀ ਦਾਤਿ (ਗੁਰਮਤਿ ਗਿਆਨ) ਨੂੰ ਸਮਝੀਏ ਅਤੇ ਉਸ ਜੀਵਨ-ਜੁਗਤ ਨੂੰ ਆਪਣੇ ਜੀਵਨ ਵਿਚ ਧਾਰਨ ਕਰੀਏ ਤਾਂ ਜੋ ਮਨੁੱਖ ਸਚਮੁੱਚ ਹੀ ਅਸ਼ਰਫ਼ ਮਖਲੂਕਾਤ, , CROWN AND GLORY OF THE WORLD, ਅਰਥਾਤ ਸਿਕਦਾਰ-ਸਿਰਦਾਰ ਬਣ ਸਕੇ। ਸਚਿਆਰ ਬਣ ਸਕੇ। ਇਹੋ ਹੀ ਗੁਰਮਤਿ ਦਾ ਨਿਸ਼ਾਨਾ ਹੈ।
ਲੇਖਕ ਬਾਰੇ
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/June 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/June 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/August 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/September 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/October 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/December 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/January 1, 2008
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/March 1, 2008
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/May 1, 2008