editor@sikharchives.org

ਭਗਤ ਸੈਣ ਜੀ

ਭਗਤ ਸੈਣ ਜੀ ਪੰਦਰ੍ਹਵੀਂ ਸਦੀ ਦੇ ਇਕ ਅਹਿਮ ਭਗਤ ਹੋਏ ਹਨ, ਜਿਨ੍ਹਾਂ ਦੀ ਬਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸ਼ਾਮਲ ਹੈ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਭਗਤ ਸੈਣ ਜੀ ਪੰਦਰ੍ਹਵੀਂ ਸਦੀ ਦੇ ਇਕ ਅਹਿਮ ਭਗਤ ਹੋਏ ਹਨ, ਜਿਨ੍ਹਾਂ ਦੀ ਬਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸ਼ਾਮਲ ਹੈ। ਭਗਤ ਜੀ ਦੇ ਜਨਮ ਬਾਰੇ ਅਨੇਕਾਂ ਵੱਖ-ਵੱਖ ਮਨੌਤਾਂ ਹਨ। ਡਾ. ਹਰਦਿਆਲ ਸਿੰਘ (ਸੈਂਭੀ) ਅਨੁਸਾਰ ਉਹ ਕਰਨਾਟਕ ਰਾਜ ਦੇ ਬਿਦਰ ਇਲਾਕੇ ਦੇ ਰਾਜੇ ਦੀ ਨੌਕਰੀ ਕਰਦੇ ਸਨ, ਜਿਸ ਕਰਕੇ ਉਹ ਇਸ ਦੱਖਣੀ ਇਲਾਕੇ ਦੇ ਹੀ ਵਸਨੀਕ ਸਨ। ਦੂਜੇ ਪਾਸੇ ਕੁਝ ਹੋਰ ਸਿੱਖ ਵਿਦਵਾਨਾਂ ਅਨੁਸਾਰ ਭਗਤ ਸੈਣ ਜੀ ਰਾਜਸਥਾਨ ਦੇ ਬਾਂਧਵਰਾਜ ਇਲਾਕੇ ਦੇ ਸਮਰਾਟ ਰਾਜਾ ਰਾਮ ਜੀ ਦੀ ਸੇਵਾ ਵਿਚ ਸਾਰੀ ਉਮਰ ਰਹੇ, ਜਿਸ ਕਰਕੇ ਉਨ੍ਹਾਂ ਬਾਰੇ ਇਹੀ ਕਿਆਸ ਲਗਾਇਆ ਜਾਂਦਾ ਹੈ ਕਿ ਉਹ ਰਾਜਸਥਾਨ ਦੇ ਬਾਸ਼ਿੰਦੇ ਸਨ। ਕੁਝ ਵਿਦਵਾਨ ਇਹ ਵੀ ਮੰਨਦੇ ਹਨ ਕਿ ਭਗਤ ਸੈਣ ਜੀ ਪੰਜਾਬ ਦੇ ਹੀ ਸਪੂਤ ਸਨ, ਜਿਨ੍ਹਾਂ ਦਾ ਜਨਮ, ਅੰਮ੍ਰਿਤਸਰ ਜ਼ਿਲ੍ਹੇ ਦੇ ਨਿੱਕੇ ਜਿਹੇ ਪਿੰਡ ਸੋਹਲ ਝਬਾਲ ਵਿਚ ਮਾਤਾ ਜੀਵਨੀ ਦੀ ਪਵਿੱਤਰ ਕੁੱਖੋਂ ਅਤੇ ਬਾਬਾ ਮੁਕੰਦ ਰਾਏ ਦੇ ਗ੍ਰਹਿ ਵਿਖੇ ਮੱਘਰ ਦੀ ਪੂਰਨਮਾਸ਼ੀ ਦੇ ਦਿਨ ਸਰਘੀ ਵੇਲੇ ਹੋਇਆ। ਪਿੰਡ ਸੋਹਲ ਝਬਾਲ ਵਿਚ ਭਗਤ ਸੈਣ ਜੀ ਦੀ ਯਾਦ ਵਿਚ ਇਕ ਪਵਿੱਤਰ ਗੁਰਦੁਆਰੇ ਦਾ ਨਿਰਮਾਣ ਹੋ ਚੁੱਕਾ ਹੈ, ਜਿਸ ਦੇ ਨਾਲ ਹੀ ਇਕ ਸਰੋਵਰ ਵੀ ਸੁਸ਼ੋਭਿਤ ਹੈ। ਕਿਹਾ ਜਾਂਦਾ ਹੈ ਕਿ ਇਸ ਸਰੋਵਰ ਦਾ ਪਹਿਲਾ ਟੱਕ ਭਗਤ ਸੈਣ ਜੀ ਨੇ ਖੁਦ ਲਗਾਇਆ ਸੀ ਅਤੇ ਇਸ ਦੇ ਕੰਢੇ ਬੈਠ ਕੇ ਹੀ ਉਨ੍ਹਾਂ ਨੇ ਭਗਤੀ ਕੀਤੀ ਸੀ।

ਵੱਡੇ ਹੋਣ ’ਤੇ ਭਗਤ ਸੈਣ ਜੀ ਆਪਣੀ ਭੂਆ ਦੇਵੀ ਕੋਲ ਲਾਹੌਰ ਚਲੇ ਗਏ। ਉਥੇ ਉਨ੍ਹਾਂ ਭਾਈ ਜਲਖੜ ਜੀ ਦੀ ਲੜਕੀ ਸੁਲੱਖਣੀ ਜੀ ਨਾਲ ਸ਼ਾਦੀ ਕਰ ਕੇ ਗ੍ਰਿਹਸਤ ਧਾਰਨ ਕੀਤਾ। ਸੰਤਾਨ ਵਜੋਂ ਉਨ੍ਹਾਂ ਦੇ ਘਰ ਇਕ ਪੁੱਤਰ ਨੇ ਜਨਮ ਲਿਆ। ਇਸ ਤੋਂ ਬਾਅਦ ਉਹ ਦਿੱਲੀ ਪ੍ਰਵਾਸ ਕਰ ਗਏ ਅਤੇ ਉਥੇ ਰਾਜਸਥਾਨ ਦੇ ਰਾਜੇ ਦੀ ਨੌਕਰੀ ਵਿਚ ਜਾ ਪਹੁੰਚੇ ਅਤੇ ਉਥੇ ਹੀ ਇਨ੍ਹਾਂ ਨੂੰ ਅਕਾਲ ਪੁਰਖ ਤਕ ਰਸਾਈ ਪ੍ਰਾਪਤ ਹੋਈ। ਭਗਤ ਜੀ ਦੀ ਸ਼ੋਭਾ ਪੰਜਾਬ, ਰਾਜਸਥਾਨ ਅਤੇ ਕਰਨਾਟਕ ਤਕ ਪੁੱਜੀ ਹੋਈ ਸੀ ਅਤੇ ਇਨ੍ਹਾਂ ਸੂਬਿਆਂ ਦੇ ਇਤਿਹਾਸ ਦਾ ਅਧਿਐਨ ਕਰਨ ਸਮੇਂ ਭਗਤੀ ਲਹਿਰ ਵਿਚ ਭਗਤ ਸੈਣ ਜੀ ਦਾ ਨਾਮ ਉੱਘਾ ਹੈ, ਜਿਸ ਤੋਂ ਇਸ ਗੱਲ ਦਾ ਸਹਿਜੇ ਹੀ ਅੰਦਾਜ਼ਾ ਹੋ ਜਾਂਦਾ ਹੈ ਕਿ ਪ੍ਰਭੂ ਪ੍ਰਾਪਤੀ ਬਾਅਦ ਭਗਤ ਸੈਣ ਜੀ ਨੇ ਇਨ੍ਹਾਂ ਇਲਾਕਿਆਂ ਵਿਚ ਜਾ ਕੇ ਪ੍ਰਚਾਰ ਅਤੇ ਪ੍ਰਸਾਰ ਕੀਤਾ।

ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਸੰਤ ਰਾਗ ਦੇ ਇਕ ਸ਼ਬਦ ਵਿਚ ਭਗਤ ਸੈਣ ਜੀ ਬਾਰੇ ਲਿਖਿਆ ਹੈ ਕਿ ਜੀਵਨ ਨਿਰਬਾਹ ਲਈ ਉਨ੍ਹਾਂ ਨਾਈ ਦਾ ਪੇਸ਼ਾ ਅਖਤਿਆਰ ਕੀਤਾ ਸੀ। ਗੁਰੂ ਸਾਹਿਬ ਜੀ ਫ਼ਰਮਾਉਂਦੇ ਹਨ ਕਿ ਭਗਤ ਸੈਣ ਜੀ ਨੇ ਲਗਾਤਾਰ ਪ੍ਰਭੂ ਨਾਮ ਵਿਚ ਲਗਨ ਜੋੜੀ ਰੱਖੀ ਅਤੇ ਪ੍ਰਭੂ ਨੂੰ ਪ੍ਰਾਪਤ ਕਰ ਲਿਆ, ਜਿਸ ਕਰਕੇ ਉਨ੍ਹਾਂ ਦਾ ਨਾਮ ਬੱਚੇ-ਬੱਚੇ ਦੀ ਜ਼ਬਾਨ ’ਤੇ ਚੜ੍ਹ ਗਿਆ। ਪ੍ਰਭੂ-ਭਗਤੀ ਦੁਆਰਾ ਭਗਤ ਜੀ ਨੇ ਅਤਿਅੰਤ ਸ਼ੋਹਰਤ ਹਾਸਲ ਕੀਤੀ ਅਤੇ ਉਨ੍ਹਾਂ ਨਾਮ-ਬਾਣੀ ਦਾ ਪ੍ਰਚਾਰ ਵੀ ਕੀਤਾ:

ਸੈਨੁ ਨਾਈ ਬੁਤਕਾਰੀਆ ਓਹੁ ਘਰਿ ਘਰਿ ਸੁਨਿਆ॥
ਹਿਰਦੇ ਵਸਿਆ ਪਾਰਬ੍ਰਹਮੁ ਭਗਤਾ ਮਹਿ ਗਨਿਆ॥ (ਪੰਨਾ 487)

ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪਵਿੱਤਰ ਸ਼ਬਦ ਦੁਆਰਾ ਫ਼ਰਮਾਨ ਕੀਤਾ ਹੈ ਕਿ ਪਿੰਡ ਦੀਆਂ ਬੁੱਤੀਆਂ ਕਰਨ ਵਾਲਾ ਭਗਤ ਸੈਣ ਘਰ-ਘਰ ਵਿਚ ਪ੍ਰਸਿੱਧ ਹੋ ਗਿਆ। ਕਿਰਤ ਕੋਈ ਵੀ ਹੋਵੇ, ਉਹ ਸੱਚੀ ਹੈ, ਬਸ਼ਰਤੇ ਕਿ ਉਹ ਦਸਾਂ ਨਹੁੰਆਂ ਦੀ ਕਿਰਤ ਹੋਵੇ ਅਤੇ ਭਗਤ ਸੈਣ ਜੀ ਨੇ ਹੱਕ-ਹਲਾਲ ਦੀ ਕਮਾਈ ਕਰਦਿਆਂ ਪਰਮਾਤਮਾ ਨੂੰ ਪ੍ਰਾਪਤ ਕੀਤਾ। ਭਗਤ ਸੈਣ ਜੀ ਪ੍ਰਤੀ ਪੰਚਮ ਪਾਤਸ਼ਾਹ ਜੀ ਵੱਲੋਂ ਸਨਮਾਨ ਅਤੇ ਪਿਆਰ ਦੀ ਸਾਖੀ ਇਸ ਗੱਲ ਤੋਂ ਮਿਲਦੀ ਹੈ ਕਿ ਪਵਿੱਤਰ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦਾ ਸੰਪਾਦਨ ਕਰਨ ਸਮੇਂ ਗੁਰੂ ਸਾਹਿਬ ਜੀ ਨੇ ਭਗਤ ਸੈਣ ਜੀ ਦੇ ਸ਼ਬਦ ਨੂੰ ਬਾਣੀ ਵਿਚ ਸੰਕਲਨ ਕਰਨ ਸਮੇਂ ਭਗਤ ਜੀ ਦਾ ਨਾਮ ‘ਸ੍ਰੀ ਸੈਣ ਜੀ’ ਲਿਖਿਆ ਹੈ। ਭਗਤ ਜੀ ਦਾ ਇਹ ਸ਼ਬਦ ਅਕਾਲ ਪੁਰਖ ਦੀ ਆਰਤੀ ਨਾਲ ਸੰਬੰਧਿਤ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 695 ’ਤੇ ਰਾਗ ਧਨਾਸਰੀ ਵਿਚ ਭਗਤ ਸੈਣ ਜੀ ਦਾ ਇਹ ਸ਼ਬਦ ਮੌਜੂਦ ਹੈ:

ਧੂਪ ਦੀਪ ਘ੍ਰਿਤ ਸਾਜਿ ਆਰਤੀ॥
ਵਾਰਨੇ ਜਾਉ ਕਮਲਾ ਪਤੀ॥1॥
ਮੰਗਲਾ ਹਰਿ ਮੰਗਲਾ॥
ਨਿਤ ਮੰਗਲੁ ਰਾਜਾ ਰਾਮ ਰਾਇ ਕੋ॥1॥ ਰਹਾਉ॥
ਊਤਮੁ ਦੀਅਰਾ ਨਿਰਮਲ ਬਾਤੀ॥
ਤੁਹੀਂ ਨਿਰੰਜਨੁ ਕਮਲਾ ਪਾਤੀ॥2॥
ਰਾਮਾ ਭਗਤਿ ਰਾਮਾਨੰਦੁ ਜਾਨੈ॥
ਪੂਰਨ ਪਰਮਾਨੰਦੁ ਬਖਾਨੈ॥3॥
ਮਦਨ ਮੂਰਤਿ ਭੈ ਤਾਰਿ ਗੋਬਿੰਦੇ॥
ਸੈਨੁ ਭਣੈ ਭਜੁ ਪਰਮਾਨੰਦੇ॥4॥2॥ (ਪੰਨਾ 695)

ਇਸ ਸ਼ਬਦ ਵਿਚ ਭਗਤ ਸੈਣ ਜੀ ਆਖਦੇ ਹਨ ਕਿ ਮੈਂ ਉਨ੍ਹਾਂ ਤੋਂ ਵਾਰਨੇ ਜਾਂਦਾ ਹਾਂ ਜੋ ਪਰਮ ਤੱਤ ਭਾਵ ਅਕਾਲ ਪੁਰਖ ਦੀ ਆਰਤੀ ਵਿਚ ਲੀਨ ਰਹਿੰਦੇ ਹਨ। ਚੇਤੇ ਰਹੇ ਪ੍ਰਭੂ ਦੀ ਆਰਤੀ ਦਾ ਭਾਵ ਪ੍ਰਭੂ ਨੂੰ ਹਮੇਸ਼ਾਂ ਚੇਤੇ ਰੱਖਣਾ, ਉਸ ਦੀ ਭਗਤੀ ਵਿਚ ਲੀਨ ਰਹਿਣਾ, ਉਸ ਨੂੰ ਅਥਾਹ ਪਿਆਰ ਕਰਨਾ, ਨਿਰੰਤਰ ਸ਼ਰਧਾ ਰੱਖਣਾ ਅਤੇ ਉਸ ਵਿਚ ਸਦੀਵੀ ਯਕੀਨ ਰੱਖਣਾ ਹੈ। ਹੇ ਵਾਹਿਗੁਰੂ! ਪ੍ਰਭੁ-ਪਰਮੇਸ਼ਰ!! ਤੇਰੇ ਭਗਤ ਹੀ ਤੈਨੂੰ ਪਹਿਚਾਣਦੇ ਅਤੇ ਤੇਰੀ ਮਹਿਮਾ ਗਾਉਂਦੇ ਹਨ। ਕਿਰਪਾ ਕਰਨਾ, ਪ੍ਰਭੂ ਜੀ, ਮੈਨੂੰ ਵੀ ਇਸ ਦੁਨਿਆਵੀ ਭਵ-ਸਾਗਰ ਵਿੱਚੋਂ ਆਪਣੀ ਪਵਿੱਤਰ ਮਿਹਰ ਸਦਕਾ ਪਾਰ ਉਤਾਰਨਾ ਜੀ।

ਭਾਈ ਗੁਰਦਾਸ ਜੀ ਨੇ ਆਪਣੀ 10ਵੀਂ ਵਾਰ ਦੀ 16ਵੀਂ ਪਉੜੀ ਵਿਚ ਭਗਤ ਸੈਣ ਜੀ ਨੂੰ ਕਬੀਰ ਜੀ ਤੋਂ ਪਿੱਛੋਂ ਰਾਮਾਨੰਦ ਜੀ ਦਾ ਦੂਜਾ ਪ੍ਰਮੁੱਖ ਸਿੱਖ ਦੱਸਦੇ ਹੋਏ ਇਨ੍ਹਾਂ ਬਾਰੇ ਚੋਖੀ ਜਾਣਕਾਰੀ ਦਿੱਤੀ ਹੈ। ਭਾਈ ਗੁਰਦਾਸ ਜੀ ਲਿਖਦੇ ਹਨ:

ਸੁਣਿ ਪਰਤਾਪੁ ਕਬੀਰ ਦਾ ਦੂਜਾ ਸਿਖੁ ਹੋਆ ਸੈਣੁ ਨਾਈ।
ਪ੍ਰੇਮ ਭਗਤਿ ਰਾਤੀ ਕਰੈ ਭਲਕੈ ਰਾਜ ਦੁਆਰੈ ਜਾਈ।
ਆਏ ਸੰਤ ਪਰਾਹੁਣੇ ਕੀਰਤਨੁ ਹੋਆ ਰੈਣਿ ਸਬਾਈ।
ਛਡਿ ਨ ਸਕੈ ਸੰਤ ਜਨ ਰਾਜ ਦੁਆਰਿ ਨ ਸੇਵ ਕਮਾਈ।
ਸੈਣ ਰੂਪਿ ਹਰਿ ਜਾਇ ਕੈ ਆਇਆ ਰਾਣੈ ਨੋ ਰੀਝਾਈ।
ਸਾਧ ਜਨਾਂ ਨੋ ਵਿਦਾ ਕਰ ਰਾਜ ਦੁਆਰਿ ਗਇਆ ਸਰਮਾਈ।
ਰਾਣੈ ਦੂਰਹੁੰ ਸਦਿ ਕੈ ਗਲਹੁੰ ਕਵਾਇ ਖੋਲਿ ਪੈਨ੍ਹਾਈ।
ਵਸਿ ਕੀਤਾ ਹਉਂ ਤੁਧੁ ਅਜੁ ਬੋਲੈ ਰਾਜਾ ਸੁਣੈ ਲੁਕਾਈ।
ਪਰਗਟੁ ਕਰੈ ਭਗਤਿ ਵਡਿਆਈ॥

ਭਾਈ ਗੁਰਦਾਸ ਜੀ ਆਖਦੇ ਹਨ ਕਿ ਭਗਤ ਕਬੀਰ ਜੀ ਦੇ ਪ੍ਰਤਾਪ ਨੂੰ ਸੁਣ ਕੇ ਅਖੌਤੀ ਨੀਵੀਂਆਂ ਜਾਤੀਆਂ ਵਿੱਚੋਂ ਦੂਜਾ ਚੇਲਾ ਨਾਈ ਜਾਤ ਦਾ ਭਗਤ ਸੈਣ ਹੋਇਆ ਹੈ ਜੋ ਕਿ ਰਾਤੀਂ ਪ੍ਰਭੂ ਦੀ ਪ੍ਰੇਮ-ਭਗਤੀ ਵਿਚ ਲੀਨ ਰਹਿੰਦਾ ਸੀ ਅਤੇ ਅੰਮ੍ਰਿਤ ਵੇਲੇ ਰਾਜੇ ਦੇ ਮਹਿਲਾਂ ਵਿਚ ਜਾ ਕੇ ਉਸ ਦੇ ਸਰੀਰਿਕ ਰੋਗ ਦੇ ਨਿਵਾਰਣ ਲਈ ਉਸ ਦੀ ਮਾਲਸ਼ ਕਰਦਾ ਹੈ। ਇਕ ਦਿਨ ਸੰਤ ਪ੍ਰਾਹੁਣੇ ਆਏ ਤੇ ਭਗਤ ਸੈਣ ਜੀ ਸਾਰੀ ਰਾਤ ਕੀਰਤਨ ਵਿਚ ਹੀ ਮਗਨ ਰਹੇ ਅਤੇ ਸੰਤਾਂ ਅਤੇ ਭਗਤਾਂ ਦੀ ਅਦੁੱਤੀ ਸਤਿ ਸੰਗਤ ਕਰਨ ਕਰਕੇ ਰਾਜੇ ਦੇ ਦਰਬਾਰ ਵਿਚ ਜਾ ਕੇ ਉਸ ਦੀ ਸੇਵਾ ਕਰਨ ਲਈ ਜਾਣਾ ਭੁੱਲ ਗਏ। ਆਪਣੇ ਭਗਤ ਦੀ ਸਤਿਸੰਗਤ ਵਿਚ ਇਕ ਡੂੰਘੀ ਨਿਸ਼ਠਾ ਅਤੇ ਸਮਰਪਣ ਵੇਖ ਕੇ ਪ੍ਰਭੂ ਪਰਮੇਸ਼ਰ ਨੇ ਖੁਦ ਭਗਤ ਸੈਣ ਜੀ ਦਾ ਰੂਪ ਧਾਰਨ ਕਰਕੇ ਰਾਜੇ ਦੀ ਵਧੀਆ ਸੇਵਾ ਕੀਤੀ, ਜਿਸ ਨਾਲ ਰਾਜਾ ਰੋਗ-ਮੁਕਤ ਹੋ ਗਿਆ। ਉਧਰ ਸੈਣ ਭਗਤ ਆਪਣੇ ਸੰਗੀ-ਸਾਥੀਆਂ ਤੋਂ ਵਿਹਲਾ ਹੋ ਕੇ ਬੜੀ ਸ਼ਰਮਿੰਦਗੀ ਤੇ ਆਜ਼ਜ਼ੀ ਨਾਲ ਰਾਜੇ ਦੇ ਗ੍ਰਹਿ ਵਿਖੇ ਗਿਆ, ਤਾਂ ਜੋ ਗ਼ੈਰ ਹਾਜ਼ਰੀ ਦੀ ਮੁਆਫ਼ੀ ਮੰਗ ਸਕੇ। ਭਗਤ ਸੈਣ ਜੀ ਨੂੰ ਦੂਰੋਂ ਆਉਂਦਿਆਂ ਵੇਖ ਕੇ ਰਾਜੇ ਨੇ ਆਵਾਜ਼ ਮਾਰ ਕੇ ਬੁਲਾਇਆ ਅਤੇ ਖੁਸ਼ੀ ਦੇ ਪ੍ਰਗਟਾਵੇ ਵਜੋਂ ਆਪਣੀ ਪੌਸ਼ਾਕ ਲਾਹ ਕੇ ਉਸ ਦੇ ਗਲੇ ਵਿਚ ਪਾ ਦਿੱਤੀ ਅਤੇ ਕਿਹਾ ਕਿ ਸੈਣ, ਰਾਤੀਂ ਤੂੰ ਮੈਨੂੰ ਮਾਲਿਸ਼ ਕਰ ਕੇ ਆਪਣੇ ਵੱਸ ਕਰ ਲਿਆ ਹੈ। ਮੇਰੇ ਰੋਗ ਮਿਟ ਗਏ ਹਨ। ਇਸ ਗੱਲ ਨੂੰ ਸਾਰੀ ਦੁਨੀਆਂ ਨੇ ਸੁਣਿਆ। ਇਸ ਤਰ੍ਹਾਂ ਵਾਹਿਗੁਰੂ ਨੇ ਆਪ ਦੀ ਉਸ ਸਮੇਂ ਮਦਦ ਕੀਤੀ ਜਦੋਂ ਉਨ੍ਹਾਂ ਨੂੰ ਸੱਚਮੁਚ ਸਹਾਇਤਾ ਦੀ ਲੋੜ ਸੀ। ਭਗਤਾਂ ਨਾਲ ਅਕਸਰ ਅਜਿਹੇ ਕਾਰਨਾਮੇ ਕਰਕੇ ਪਰਮਾਤਮਾ ਸਹਾਇਤਾ ਕਰਦਾ ਰਹਿੰਦਾ ਹੈ।

ਪਰ ਭਗਤ ਸੈਣ ਜੀ ਨੇ ਰਾਜੇ ਨੂੰ ਸੱਚੋ-ਸੱਚ ਸਾਰੀ ਗੱਲ ਦੱਸ ਦਿੱਤੀ। ਭਗਤ ਜੀ ਦੀ ਪ੍ਰੇਮਾ ਭਗਤੀ ਦੇਖ ਕੇ, ਰਾਜੇ ਦੀ ਭਗਤ ਜੀ ਵਿਚ ਸ਼ਰਧਾ ਪੈਦਾ ਹੋ ਗਈ ਅਤੇ ਉਹ ਆਪਣੇ ਸਮੁੱਚੇ ਪਰਵਾਰ ਸਮੇਤ ਭਗਤ ਜੀ ਦਾ ਚੇਲਾ ਬਣ ਗਿਆ। ਇਸ ਤਰ੍ਹਾਂ ਪੰਚਮ ਪਾਤਸ਼ਾਹ ਜੀ ਦੇ ਨਿਮਨਲਿਖਤ ਬੋਲ ਸਾਕਾਰ ਹੋ ਗਏ:

ਜਿਸੁ ਨੀਚ ਕਉ ਕੋਈ ਨ ਜਾਨੈ॥
ਨਾਮੁ ਜਪਤ ਉਹੁ ਚਹੁ ਕੁੰਟ ਮਾਨੈ॥1॥
ਦਰਸਨੁ ਮਾਗਉ ਦੇਹਿ ਪਿਆਰੇ॥
ਤੁਮਰੀ ਸੇਵਾ ਕਉਨ ਕਉਨ ਨ ਤਾਰੇ॥ (ਪੰਨਾ 386)

ਇਸੇ ਪ੍ਰਸੰਗ ਦੇ ਆਧਾਰ ’ਤੇ ਭਗਤ ਰਵਿਦਾਸ ਜੀ ਨੇ ਵੀ ਫ਼ਰਮਾਇਆ ਹੈ:

ਨਾਮਦੇਵ ਕਬੀਰੁ ਤਿਲੋਚਨੁ ਸਧਨਾ ਸੈਨੁ ਤਰੈ॥
ਕਹਿ ਰਵਿਦਾਸੁ ਸੁਨਹੁ ਰੇ ਸੰਤਹੁ ਹਰਿ ਜੀਉ ਤੇ ਸਭੈ ਸਰੈ॥ (ਪੰਨਾ 1106)

ਇਸ ਤਰ੍ਹਾਂ ਪ੍ਰਭੂ ਦਾ ਜੱਸ ਗਾਉਂਦਿਆਂ ਅਤੇ ਜਨਤਾ ਵਿਚ ਪ੍ਰਚਾਰ ਕਰਦਿਆਂ, ਭੁੱਲੀ ਗੁਮਰਾਹ ਹੋਈ ਭੋਲੀ-ਭਾਲੀ ਲੋਕਾਈ ਨੂੰ ਸਿੱਧੇ ਰਾਹ ਪਾਉਂਦਿਆਂ, ਪ੍ਰਭੂ-ਨਾਮ ਦਾ ਉਪਦੇਸ਼ ਦਿੰਦਿਆਂ ਅਤੇ ਵਾਹਿਗੁਰੂ ਨਾਮ ਦਾ ਸਿਮਰਨ ਕਰਦਿਆਂ ਪੰਜਾਹ ਸਾਲ ਦੀ ਉਮਰ ਵਿਚ ਸੰਨ 1440 ਈ: ਵਿਚ ਇਸ ਫਾਨੀ ਜਹਾਂ ਨੂੰ ਸਦਾ ਲਈ ਅਲਵਿਦਾ ਕਹਿੰਦਿਆਂ ਪ੍ਰਾਣ ਤਿਆਗ ਕੇ ਉਸ ਵਿਸਮਾਦੀ ਇਲਾਹੀ ਪਰਮ ਜੋਤਿ ਵਿਚ ਸਦੀਵੀ ਤੌਰ ’ਤੇ ਲੀਨ ਹੋ ਗਏ, ਜਿਸ ਦੀ ਭਗਤੀ ਉਨ੍ਹਾਂ ਸਾਰੀ ਉਮਰ ਕੀਤੀ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਮੁਖੀ, -ਵਿਖੇ: ਪੰਜਾਬੀ ਅਧਿਐਨ ਵਿਭਾਗ, ਐਸ.ਡੀ. ਕਾਲਜ ਆਫ਼ ਐਜ਼ੂਕੇਸ਼ਨ, ਬਰਨਾਲਾ-148101

#2919, ਪਿਲਕਿਨ ਸਟਰੀਟ, ਅਨਾਰਕਲੀ ਬਜ਼ਾਰ, ਜਗਰਾਓਂ-142026 (ਪੰਜਾਬ)

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)