ਖਾਲਸਾ ਸਾਜਣ ਦੇ ਸਿੱਟੇ ਬਹੁਤ ਮਹੱਤਵਪੂਰਨ ਨਿਕਲੇ। ਇਸ ਨੇ ਸਿੱਖਾਂ ਦੇ ਆਚਰਨ ਅਤੇ ਮਾਨਸਿਕ ਵਿਚਾਰਾਂ ਉੱਤੇ ਜਾਦੂ ਦਾ ਅਸਰ ਕੀਤਾ। ਅੰਮ੍ਰਿਤ ਛਕਣ ਕਾਰਨ ਸਾਧਾਰਨ ਅਤੇ ਸਮਾਜ ਵੱਲੋਂ ਧਿਕਾਰੇ ਅਖੌਤੀ ਨੀਵੀਆਂ ਜਾਤਾਂ ਦੇ, ਵਿਸ਼ੇਸ਼ ਕਰਕੇ ਦਲਿਤ ਵਰਗ ਸ਼ੇਰ ਬਣ ਕੇ ਸਾਹਮਣੇ ਆਇਆ ਜਿਸ ਵਰਗ ਦੇ ਲੋਕ ਪਹਿਲਾਂ ਬੁਜ਼ਦਿਲ, ਡਰਾਕਲ ਅਤੇ ਹੀਣ-ਭਾਵਨਾ ਵਾਲੇ ਸਨ।
ਅੰਮ੍ਰਿਤ ਛਕਣ ਕਾਰਨ ਜਿੱਥੇ ਇਨ੍ਹਾਂ ਦਾ ਪਹਿਰਾਵਾ ਬਦਲ ਗਿਆ ਉੱਥੇ ਮਾਨਸਿਕ ਤੌਰ ’ਤੇ ਹੌਸਲੇ ਵੀ ਬੁਲੰਦ ਹੋ ਗਏ। ਸਿਰ ਉੱਤੇ ਕੇਸ, ਸੁਹਣੀ ਤਰ੍ਹਾਂ ਸਜਾਈ ਦਸਤਾਰ, ਤੇੜ ਕਛਹਿਰਾ ਅਤੇ ਗਾਤਰੇ ਵਿਚ ਲੰਮੀ ਕ੍ਰਿਪਾਨ। ਹੱਥ ਵਿਚ ਪਾਏ ਲੋਹੇ ਦੇ ਕੜੇ ਨੇ ਢਾਲ ਦਾ ਰੂਪ ਧਾਰਨ ਕਰ ਲਿਆ। ਲੱਕੜ ਦੇ ਕੰਘੇ ਨੇ ਜਿੱਥੇ ਅਵੇਸਲਾਪਣ ਦੂਰ ਕਰ ਦਿੱਤਾ ਉੱਥੇ ਕੇਸਾਂ ਦੀ ਸਫਾਈ ਵੀ ਨਾਲ ਦੀ ਨਾਲ ਕਰਾਉਣ ਲਈ ਸੁਖਾਵਾਂ ਬਣਾ ਦਿੱਤਾ। ਸ਼ਕਲ ਸੂਰਤ ਸੁਹਣੀ ਤੇ ਰੁਹਬਦਾਰ ਬਣਨ ਕਾਰਨ ਦਿਲਾਂ ਅੰਦਰ ਸੁਤੰਤਰਤਾ ਤੇ ਇਨਕਲਾਬ ਦਾ ਬੀਜ ਪੁੰਗਰਨ ਲੱਗਾ।
ਪ੍ਰਿੰ. ਤੇਜਾ ਸਿੰਘ ਤੇ ਡਾ. ਗੰਡਾ ਸਿੰਘ ਲਿਖਦੇ ਹਨ: “ਅਜਿਹੇ ਪੁਰਸ਼ ਵੀ ਜਿਨ੍ਹਾਂ ਨੂੰ ਬਿਲਕੁਲ ਨਖਿੱਧ ਤੇ ਮਨੁੱਖਤਾ ਦਾ ਰਹਿੰਦ-ਖੂੰਹਦ ਸਮਝਿਆ ਜਾਂਦਾ ਸੀ ਕਿਸੇ ਕਰਾਮਾਤੀ ਸ਼ਕਤੀ ਨਾਲ ਉੱਚੇ ਤੇ ਅਦਭੁੱਤ ਬਣਾ ਦਿੱਤੇ ਗਏ। ਜਿਨ੍ਹਾਂ ਨੇ ਤੇਗ਼ ਨੂੰ ਕਦੀ ਹੱਥ ਨਹੀਂ ਲਾਇਆ ਸੀ ਤੇ ਜਿਨ੍ਹਾਂ ਦੇ ਵੱਡੇ-ਵਡੇਰੇ ਸਦੀਆਂ ਤੋਂ ਅਖੌਤੀ ਉੱਚੀਆਂ ਜਾਤਾਂ ਦੇ ਹੀਣੇ ਦਾਸ ਬਣ ਕੇ ਰਹਿੰਦੇ ਸਨ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਉਭਾਰੂ ਅਗਵਾਈ ਹੇਠ ਸੂਰਬੀਰ ਯੋਧੇ ਬਣ ਗਏ ਜਿਨ੍ਹਾਂ ਨੂੰ ਕਦੇ ਡਰ ਨਹੀਂ ਪੋਂਹਦਾ ਸੀ ਤੇ ਜੋ ਆਪਣੇ ਗੁਰੂ ਦੇ ਹੁਕਮ ਉੱਤੇ ਮੌਤ ਨੂੰ ਜੱਫੀਆਂ ਪਾਉਣ ਲਈ ਤਿਆਰ ਰਹਿੰਦੇ ਸਨ।”
ਸੱਚਮੁੱਚ ਅੰਮ੍ਰਿਤ ਨੇ ਗਿੱਦੜਾਂ ਨੂੰ ਸ਼ੇਰ ਬਣਾ ਦਿੱਤਾ, ਚਿੜੀਆਂ ਨੂੰ ਬਾਜਾਂ ਨਾਲ ਲੜਾਇਆ ਤੇ ਇੱਕ-ਇੱਕ ਅੰਮ੍ਰਿਤਧਾਰੀ ਯੋਧਾ ਸਵਾ ਲੱਖ ਨਾਲ ਲੜਿਆ। ਕਨਿੰਘਮ ਦਾ ਵਿਚਾਰ ਹੈ ਕਿ ਖੰਡੇ ਦੀ ਪਾਹੁਲ ਦੇ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹਾਰੇ ਹੋਏ ਲੋਕਾਂ ਦੀਆਂ ਸਿਥਲ ਸ਼ਕਤੀਆਂ ਨੂੰ ਟੁੰਬਿਆ ਅਤੇ ਉਨ੍ਹਾਂ ਦੇ ਅੰਦਰ ਸਮਾਜਿਕ ਸੁਤੰਤਰਤਾ ਤੇ ਰਾਸ਼ਟਰੀ ਗੌਰਵਤਾ ਦੀ ਉੱਚੀ ਰੀਝ ਭਰੀ।
ਭਾਈ ਬਚਿੱਤਰ ਸਿੰਘ ਜੋ ਭਾਈ ਮਨੀ ਸਿੰਘ ਜੀ ਦੇ ਬੇਟੇ ਸਨ, ਦੇ ਨੌਂ ਹੋਰ ਭਰਾ ਸਨ। ਆਪ ਦਾ ਜਨਮ 12 ਅਪ੍ਰੈਲ 1663 ਈ: ਵਿਚ ਪਿੰਡ ਅਲੀਪੁਰ ਜ਼ਿਲ੍ਹਾ ਮੁਜੱਫਰਗੜ੍ਹ ਵਿਚ ਹੋਇਆ ਸੀ। ਭੱਟ ਵਹੀਆਂ ਦੇ ਆਧਾਰ ’ਤੇ ‘ਗੁਰੂ ਕੀਆਂ ਸਾਖੀਆਂ’ ਵਿਚ ਵੇਰਵਾ ਇਸ ਪ੍ਰਕਾਰ ਹੈ:
“ਭਾਈ ਮਨੀ ਸਿੰਘ ਦੇ ਦਸ ਪੁੱਤਰ ਸਨ-ਚਿੱਤਰ ਸਿੰਘ, ਬਚਿੱਤਰ ਸਿੰਘ,ਊਦੈ ਸਿੰਘ, ਅਨਿਕ ਸਿੰਘ, ਅਜਬ ਸਿੰਘ, ਅਜਾਇਬ ਸਿੰਘ, ਗੁਰਬਖਸ਼ ਸਿੰਘ, ਭਗਵਾਨ ਸਿੰਘ, ਬਲਰਾਮ ਸਿੰਘ ਅਤੇ ਦੇਸਾ ਸਿੰਘ। ਭਾਈ ਚਿੱਤਰ ਸਿੰਘ ਤੇ ਭਾਈ ਗੁਰਬਖਸ਼ ਸਿੰਘ ਆਪਣੇ ਪਿਤਾ ਭਾਈ ਮਨੀ ਸਿੰਘ ਨਾਲ ਲਾਹੌਰ 24 ਜੂਨ 1734 ਈ: ਨੂੰ ਸ਼ਹੀਦ ਹੋ ਗਏ ਸਨ। ਅਨਿਕ ਸਿੰਘ, ਅਜਬ ਸਿੰਘ ਅਤੇ ਅਜਾਇਬ ਸਿੰਘ ਤਿੰਨੋਂ ਚਮਕੌਰ ਵਿਖੇ ਬਲੀਦਾਨ ਦੇ ਗਏ। ਭਾਈ ਊਦੈ ਸਿੰਘ ਸ਼ਾਹੀ ਟਿੱਬੀ ’ਤੇ ਲੜਦਾ ਸ਼ਹਾਦਤ ਪਾ ਗਿਆ ਸੀ ਤੇ ਇਵੇਂ ਭਾਈ ਬਚਿੱਤਰ ਸਿੰਘ ਕਾਰੀ ਜ਼ਖ਼ਮ ਪਾ ਕੇ ਕੋਟਲਾ ਨਿਹੰਗ ਖਾਂ ਵਿਚ ਪ੍ਰਾਣ ਤਿਆਗ ਗਿਆ ਸੀ।”
ਭਾਈ ਬਚਿੱਤਰ ਸਿੰਘ ਦਾ ਬਹੁਤ ਸਮਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੰਗਤ ਵਿਚ ਬੀਤਿਆ। ਆਪ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਹੁਤ ਨਜ਼ਦੀਕੀ ਸਿੱਖਾਂ ਵਿੱਚੋਂ ਸਨ ਅਤੇ ਗੁਰੂ ਸਾਹਿਬ ਵੀ ਉਨ੍ਹਾਂ ਨੂੰ ਬਹੁਤ ਪਿਆਰ ਕਰਿਆ ਕਰਦੇ ਸਨ। ਭਾਈ ਬਚਿੱਤਰ ਸਿੰਘ ਇਕ ਬਹਾਦਰ ਸਿਪਾਹੀ, ਦਲੇਰ ਨੌਜੁਆਨ ਅਤੇ ਹਮਦਰਦ ਇਨਸਾਨ ਸਨ। ਆਪ ਜੰਗ ਵਿਚ ਹਮੇਸ਼ਾਂ ਹੀ ਸਭ ਤੋਂ ਅੱਗੇ ਹੋ ਕੇ ਲੜਦੇ ਸਨ। ਤੇਗ਼ ਚਲਾਉਣ ਵਿਚ ਏਨੇ ਮਾਹਿਰ ਸਨ ਕਿ ਕਈ-ਕਈ ਬੰਦਿਆਂ ਨਾਲ ਆਪ ਇਕੱਲੇ ਹੀ ਲੜ ਸਕਦੇ ਸਨ। ਭਾਈ ਬਚਿੱਤਰ ਸਿੰਘ ਨੇ ਗੁਰੂ ਸਾਹਿਬ ਦੀਆਂ ਜ਼ਿਆਦਾਤਰ ਜੰਗਾਂ ਵਿਚ ਹਿੱਸਾ ਲਿਆ ਸੀ।
ਕਿਲ੍ਹਾ ਅਨੰਦਗੜ੍ਹ ਤੋਂ ਦੂਜੇ ਨੰਬਰ ’ਤੇ ਕਿਲ੍ਹਾ ‘ਲੋਹਗੜ੍ਹ ਸਾਹਿਬ’ ਸੀ। ਇਹ ਕਿਲ੍ਹਾ ਨਗਰ ਦੇ ਪੂਰਬ-ਦੱਖਣ ਵੱਲ ਬਿਲਕੁਲ ਮੈਦਾਨੀ ਇਲਾਕੇ ਵਿਚ ‘ਚਰਨ ਗੰਗਾ’ ਦੇ ਅੰਦਰਲੇ ਕੰਢੇ ਉੱਪਰ ਸਥਿਤ ਸੀ। ਇਸ ਕਿਲ੍ਹੇ ਦਾ ਮੁੱਖ ਮਨੋਰਥ ਦੱਖਣ-ਪੂਰਬ ਵੱਲੋਂ ਹਮਲਾਵਰ ਦੁਸ਼ਮਣ ਨੂੰ ਰੋਕਣ ਦਾ ਸੀ। ਇਸ ਤਰ੍ਹਾਂ ਮੈਦਾਨੀ ਇਲਾਕੇ ਵਿਚ ਹੋਣ ਕਰਕੇ ਭੀ ਇੱਥੇ ਹਰ ਹਮਲੇ ਸਮੇਂ ਖਾਲਸੇ ਨੂੰ ਦੁਸ਼ਮਣ ਨਾਲ ਸਿੱਧੀ ਅਤੇ ਹੱਥੋ-ਹੱਥ ਲੜਾਈ ਕਰਨੀ ਪੈਂਦੀ ਸੀ। ਪਰ ਇਸ ਦੇ ਨਾਲ ਲਗਵਾਂ ਬਰਸਾਤੀ ਨਾਲਾ ਹੋਣ ਕਰਕੇ ਇਸ ਦੀ ਸੁਰੱਖਿਆ ਤਕੜੀ ਹੋ ਜਾਂਦੀ ਸੀ। ਇਸ ਕਿਲ੍ਹੇ ਵਿਚ ਹਰ ਸਮੇਂ ਸਿੰਘਾਂ ਦਾ ਇਕ ਤਕੜਾ ਜਥਾ ਤਾਇਨਾਤ ਕਰਕੇ ਰੱਖਿਆ ਜਾਂਦਾ ਸੀ। ਕਿਲ੍ਹਾ ਅਨੰਦਗੜ੍ਹ ਅਤੇ ਕਿਲ੍ਹਾ ਲੋਹਗੜ੍ਹ ਦਾ ਸਿੱਧਾ ਫਾਸਲਾ ਤਕਰੀਬਨ ਦੋ ਕੁ ਫਰਲਾਂਗ ਦਾ ਬਣਦਾ ਹੈ। ਇਸ ਦਾ ਭਾਵ ਹੈ ਕਿ ਕਿਲ੍ਹਾ ਅਨੰਦਗੜ੍ਹ ਤੋਂ ਇਸ ਕਿਲ੍ਹੇ ਦੀ ਚੰਗੀ ਤਰ੍ਹਾਂ ਨਜ਼ਰਸਾਨੀ ਕੀਤੀ ਜਾ ਸਕਦੀ ਸੀ। ਇਹ ਵੀ ਰਵਾਇਤ ਹੈ ਕਿ ਕਿਲ੍ਹਾ ਲੋਹਗੜ੍ਹ ਵਿਚ ਖਾਲਸੇ ਵੱਲੋਂ ਲੋਹੇ ਦੇ ਹਥਿਆਰ ਬਣਾਏ ਜਾਂਦੇ ਸਨ। ਇਸ ਤਰ੍ਹਾਂ ਇੱਥੇ ਲੋਹੇ ਦਾ ਸਾਮਾਨ ਤਿਆਰ ਹੋਣ ਕਰਕੇ ਵੀ ਇਸ ਦਾ ਨਾਂ ‘ਲੋਹਗੜ੍ਹ’ ਪਿਆ।
ਅਨੰਦਪੁਰ ਸਾਹਿਬ ਦੇ ਇਕ ਯੁੱਧ ਸਮੇਂ ਜਦੋਂ ਪਹਾੜੀ ਰਾਜਿਆਂ ਦੀ ਸੈਨਾ ਖਾਲਸੇ ਨੂੰ ਜਿੱਤਣ ਵਿਚ ਅਸਫ਼ਲ ਰਹੀ ਸੀ ਤਾਂ ਰਾਜਿਆਂ ਨੇ ਆਖਰੀ ਹਥਿਆਰ ਵਜੋਂ ਕਿਲ੍ਹਾ ਲੋਹਗੜ੍ਹ ’ਤੇ ਕਬਜ਼ਾ ਕਰਨ ਲਈ ਇਕ ਹਾਥੀ ਨੂੰ ਸ਼ਰਾਬ ਨਾਲ ਮਸਤ ਕਰਕੇ ਅਤੇ ਉਸ ਨੂੰ ਢਾਲਾਂ ਅਤੇ ਤਵਿਆਂ ਨਾਲ ਸੁਰੱਖਿਅਤ ਕਰਕੇ ਕਿਲ੍ਹੇ ਦੇ ਦਰਵਾਜ਼ੇ ਨੂੰ ਤੋੜਨ ਲਈ ਭੇਜਿਆ ਸੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਤ ਪੁਸਤਕ ‘ਜੰਗਾਂ’ ਮੁਤਾਬਿਕ ਮੰਡੀ ਦੇ ਰਾਜੇ ਨੇ ਗੁਰੂ ਜੀ ਨਾਲ ਸੁਲ੍ਹਾ ਕਰਨ ਦੀ ਤਜਵੀਜ਼ ਰੱਖੀ ਪਰ ਪਹਾੜੀਆਂ ਨੇ ਸਗੋਂ ਲੋਹਗੜ੍ਹ ਦੇ ਦਰਵਾਜ਼ੇ ਨੂੰ ਮਸਤ ਹਾਥੀ ਨਾਲ ਤੋੜੇ ਜਾਣ ਦੀ ਵਿਉਂਤ ਬਣਾਈ। ਉਨ੍ਹਾਂ ਦਾ ਖਿਆਲ ਸੀ ਕਿ ਦਰਵਾਜ਼ੇ ਟੁੱਟਣ ਦੀ ਸੂਰਤ ਵਿਚ ਕਿਲ੍ਹੇ ’ਤੇ ਕਬਜ਼ਾ ਹੋ ਜਾਏਗਾ ਤੇ ਫਿਰ ਅਨੰਦਪੁਰ ਜਿੱਤਣਾ ਆਸਾਨ ਹੋਵੇਗਾ। ਭਾਈ ਮਨੀ ਸਿੰਘ ਜੀ ਦੇ ਪੁੱਤਰ ਭਾਈ ਬਚਿੱਤਰ ਸਿੰਘ ਜੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨਾਗਣੀ (ਵਲੇਵੇਂਦਾਰ ਬਰਛਾ) ਦੇ ਕੇ ਮਸਤ ਹਾਥੀ ਦਾ ਟਾਕਰਾ ਕਰਨ ਲਈ ਭੇਜਿਆ। ਹਾਥੀ ਪੂਰੀ ਤਰ੍ਹਾਂ ਸੰਜੋਅ ਨਾਲ ਢੱਕਿਆ ਹੋਇਆ ਸੀ। ਸਿਰਫ਼ ਸੁੰਡ ਦਾ ਮੂੰਹ ਹੀ ਨੰਗਾ ਸੀ। ਭਾਈ ਬਚਿੱਤਰ ਸਿੰਘ ਨੇ ਉਸ ਦੇ ਮੱਥੇ ’ਤੇ ਐਸੀ ਨਾਗਣੀ ਚਲਾਈ ਕਿ ਹਾਥੀ ਚੀਖ-ਚਿਹਾੜਾ ਪਾਉਂਦਾ ਪਹਾੜੀ ਫੌਜਾਂ ਨੂੰ ਲਿਤਾੜਨ ਲੱਗਿਆ। ਉਧਰ ਭਾਈ ਉਦੈ ਸਿੰਘ ਨੇ ਪਹਿਲੇ ਹੀ ਵਾਰ ਨਾਲ ਕੇਸਰੀ ਚੰਦ ਦਾ ਸਿਰ ਵੱਢ ਲਿਆ ਅਤੇ ਗੁਰੂ ਸਾਹਿਬ ਦੇ ਕਦਮਾਂ ਵਿਚ ਜਾ ਭੇਟਾ ਕੀਤਾ।
ਪਹਾੜੀ ਰਾਜੇ ਪੈਂਦੇ ਖਾਂ ਦੀ ਮੌਤ ਅਤੇ ਆਪਣੀ ਹੱਤਕ ਤੋਂ ਬਹੁਤ ਜ਼ਲੀਲ ਤੇ ਦੁਖੀ ਹੋਏ। ਅਜਮੇਰ ਚੰਦ ਕਹਿਲੂਰੀਏ ਨੇ ਬਾਕੀ ਪਹਾੜੀ ਰਾਜੇ ਹਿੰਮਤ ਸਿੰਹ ਹਡੂੰਰੀ, ਕਰਮ ਪ੍ਰਕਾਸ਼, ਮਦਨ ਪਾਲ ਕੁਨਾੜ ਵਾਲਾ, ਬੀਰ ਸਿੰਹ ਜਸਪਾਲੀਆ, ਘਮੰਡ ਚੰਦ ਕਾਂਗੜੀਆ, ਗੋਪਾਲ ਚੰਦ ਗੁਲੇਰੀਆ ਆਦਿ ਰਾਜਿਆਂ ਨੂੰ ਕਹਿਲੂਰ ਵਿਖੇ ਫੇਰ ਇਕੱਠਾ ਕੀਤਾ। ਉਨ੍ਹਾਂ ਦੇ ਨਾਲ ਜਗਤਉਲਾਹ ਗੁੱਜਰ ਆਦਿ ਵੀ ਮਿਲ ਗਏ। ਰਾਜਾ ਭੂਪ ਚੰਦ ਹਡੂੰਰੀਆ ਨੇ ਤਜਵੀਜ਼ ਦਿੱਤੀ ਕਿ ਸਾਰੇ ਪਹਾੜੀ ਰਾਜੇ ਮਿਲ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਨਿਪਟਣ। ਰਾਜਾ ਗੋਪਾਲ ਚੰਦ ਗੁਲੇਰੀਆ ਜਿਸ ਨੂੰ ਗੁਰੂ ਜੀ ਨੇ ਹੁਸੈਨ ਖਾਂ ਦੇ ਕ੍ਰੋਧ ਤੋਂ ਬਚਾਇਆ ਸੀ, ਵੀ ਬਾਕੀ ਰਾਜਿਆਂ ਨਾਲ ਮਿਲ ਕੇ ਗੁਰੂ ਜੀ ਨਾਲ ਯੁੱਧ ਕਰਨ ਲਈ ਤਿਆਰ ਹੋ ਗਿਆ। ਇਸ ਤਰ੍ਹਾਂ ਸਾਰੇ ਪਹਾੜੀ ਰਾਜਿਆਂ ਨੇ ਰਲ ਕੇ ਫਿਰ ਅਨੰਦਪੁਰ ਸਾਹਿਬ ਉੱਤੇ ਚੜ੍ਹਾਈ ਕਰ ਦਿੱਤੀ। ਪਹਿਲੀ ਸੱਟੇ ਹੀ ਰੰਘੜ ਦਸਤੇ ਦਾ ਸਰਦਾਰ ਜਗਤਉਲਾਹ ਮਾਰਿਆ ਗਿਆ। ਉਹ ਬਹੁਤ ਹੀ ਵੱਡਾ ਬਹਾਦਰ ਜਰਨੈਲ ਸੀ। ਉਸ ਦੇ ਮਾਰੇ ਜਾਣ ਨਾਲ ਰੰਘੜ ਮੈਦਾਨ ਛੱਡ ਗਏ। ਪਹਾੜੀ ਫੌਜਾਂ ਦਾ ਬਹੁਤ ਹੀ ਨੁਕਸਾਨ ਹੋਇਆ। ਪਹਾੜੀ ਰਾਜੇ ਸਿਰ ਜੋੜ ਕੇ ਬੈਠ ਗਏ। ਰਾਜਾ ਕੇਸਰੀ ਚੰਦ ਨੇ ਅਨੰਦਪੁਰ ਦਾ ਘੇਰਾ ਚੁੱਕਣ ਦੀ ਡੱਟ ਕੇ ਵਿਰੋਧਤਾ ਕੀਤੀ। ਉਸ ਨੇ ਕਿਹਾ ਕਿ ਜੇ ਇਸ ਤਰ੍ਹਾਂ ਪਹਾੜੀ ਰਾਜਿਆਂ ਦੀ ਪਲਟਨ ਮੈਦਾਨ ਛੱਡ ਕੇ ਭੱਜ ਗਈ ਤਾਂ ਰਾਜੇ ਕਿਸੇ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਰਹਿਣਗੇ। ਉਸ ਨੇ ਛਾਤੀ ’ਤੇ ਹੱਥ ਮਾਰ ਕੇ ਯਕੀਨ ਦਿਵਾਇਆ ਕਿ “ਕੱਲ੍ਹ ਸਭ ਤੋਂ ਪਹਿਲਾਂ ਲੋਹਗੜ੍ਹ ਕਿਲ੍ਹੇ ਵਿਚ ਮੈਂ ਦਾਖ਼ਲ ਹੋਵਾਂਗਾ। ਸਾਡੇ 22 ਰਾਜਿਆਂ ਦੇ ਸਾਹਮਣੇ ਗੁਰੂ ਦੀ ਕੀ ਮਜਾਲ ਕਿ ਉਹ ਬਚ ਕੇ ਕਿਸੇ ਪਾਸੇ ਨੂੰ ਨਿਕਲ ਜਾਵੇ। ਸਾਡੇ ਸਾਰਿਆਂ ਦੇ ਅੱਗੇ ਲੋਹੇ ਨਾਲ ਜੜਿਆ ਇਕ ਮਸਤ ਹਾਥੀ ਹੋਵੇਗਾ। ਮਸਤ ਹਾਥੀ ਸਿੱਧਾ ਲੋਹਗੜ੍ਹ ਦੇ ਕਿਲ੍ਹੇ ਦੇ ਦਰਵਾਜ਼ੇ ਨਾਲ ਜਾ ਟਕਰਾਏਗਾ। ਉਸ ਮਸਤ ਹਾਥੀ ਦੇ ਅੱਗੇ ਕੌਣ ਆਏਗਾ?” ਕੇਸਰੀ ਚੰਦ ਦੀ ਇਹ ਤਜਵੀਜ਼ ਸਭ ਨੇ ਮੰਨ ਲਈ ਅਤੇ ਇਸ ਸ਼ਕਤੀਸ਼ਾਲੀ ਹਾਥੀ ਨੂੰ ਲੋਹੇ ਵਿਚ ਮੜ੍ਹਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ।
ਵੈਰੀ ਦੀ ਇਸ ਚਾਲ ਦੀ ਸੂਹ ਗੁਰੂ ਜੀ ਨੂੰ ਮਿਲ ਗਈ। ਉਸ ਸਮੇਂ ਇਕ ਊਠ ਜਿਹੇ ਕੱਦ ਅਤੇ ਸਵਾ ਗਜ਼ ਚੌੜੀ ਛਾਤੀ ਵਾਲਾ ਅੰਮ੍ਰਿਤਸਰ ਤੋਂ ਆਇਆ ਇਕ ਦੁਨੀ ਚੰਦ ਗੁਰੂ ਜੀ ਦੀ ਹਜ਼ੂਰੀ ਵਿਚ ਬੈਠਾ ਹੋਇਆ ਸੀ। ਉਸ ਵੱਲ ਇਸ਼ਾਰਾ ਕਰਦਿਆਂ ਗੁਰੂ ਜੀ ਬਚਨ ਕੀਤਾ ਕਿ “ਮੇਰਾ ਹਾਥੀ ਤਾਂ ਦੁਨੀ ਚੰਦ ਹੈ। ਇਸ ਦੇ ਹੁੰਦਿਆਂ ਵੈਰੀਆਂ ਦਾ ਮਸਤ ਹਾਥੀ ਲੋਹਗੜ੍ਹ ਦੇ ਦਰਵਾਜ਼ੇ ਕੋਲ ਢੁੱਕ ਨਹੀਂ ਸਕੇਗਾ।” ਦੁਨੀ ਚੰਦ 500 ਮਝੈਲਾਂ ਦਾ ਸਰਦਾਰ ਅਨੰਦਪੁਰ ਇਸੇ ਘੇਰੇ ਤੋਂ ਪਹਿਲਾਂ ਆਇਆ ਪਰੰਤੂ ਘੇਰਾ ਲੰਮਾ ਹੋਣ ਨਾਲ ਪਹਿਲਾਂ ਹੀ ਘਬਰਾਇਆ ਹੋਇਆ ਸੀ। ਗੁਰੂ ਜੀ ਦੇ ਹਾਥੀ ਨਾਲ ਲੜਨ ਦੇ ਹੁਕਮ ਨੂੰ ਸੁਣ ਕੇ ਤਾਂ ਉਸ ਦੀ ਖਾਨਿਓਂ ਗਈ। ਉਹ ਮਸੰਦ ਸੀ। ਉਸ ਨੇ ਰਾਤੋ-ਰਾਤ ਅਨੰਦਪੁਰ ਸਾਹਿਬ ਵਿੱਚੋਂ ਭੱਜਣ ਦੀ ਯੋਜਨਾ ਬਣਾਈ। ਕਿਲ੍ਹੇ ਤੋਂ ਰੱਸਾ ਬੰਨ੍ਹ ਕੇ ਹੇਠਾਂ ਉਤਰ ਰਿਹਾ ਸੀ ਕਿ ਰੱਸਾ ਟੁੱਟ ਗਿਆ। ਦੁਨੀ ਚੰਦ ਡਿੱਗ ਪਿਆ। ਉਸ ਦੀ ਲੱਤ ਟੁੱਟ ਗਈ। ਆਪਣੇ ਘਰ ਪਹੁੰਚਣ ਤੋਂ ਕੁਝ ਦਿਨਾਂ ਪਿੱਛੋਂ ਸੱਪ ਦੇ ਲੜਨ ਨਾਲ ਮਰ ਗਿਆ। ਅਗਲੇ ਦਿਨ ਗੁਰੂ ਜੀ ਨੂੰ ਉਸ ਦੇ ਨੱਠ ਜਾਣ ਦੀ ਖ਼ਬਰ ਮਿਲੀ ਤਾਂ ਗੁਰੂ ਸਾਹਿਬ ਨੇ ਭਾਈ ਮਨੀ ਸਿੰਘ ਦੇ ਸਪੁੱਤਰ ਭਾਈ ਬਚਿੱਤਰ ਸਿੰਘ ’ਤੇ ਰਹਿਮਤ ਕੀਤੀ। ਬਚਨ ਕੀਤਾ, “ਬਈ ਹਾਥੀ ਦਾ ਟਾਕਰਾ ਤਾਂ ਸ਼ੇਰ ਹੀ ਕਰ ਸਕਦਾ ਹੈ। ਬਚਿੱਤਰ ਸਿੰਘ ਤਾਂ ਮੇਰਾ ਬੱਬਰ ਸ਼ੇਰ ਹੈ। ਇਹ ਹਾਥੀ ਦਾ ਮੂੰਹ ਮੋੜੇਗਾ।” ਗੁਰੂ ਜੀ ਨੇ ਇਕ ਨਾਗਨੀ (ਇਕ ਤਰ੍ਹਾਂ ਦੀ ਬਰਛੀ ਜੋ ਹੁਣ ਵੀ ਕੇਸਗੜ੍ਹ ਸਾਹਿਬ-ਅਨੰਦਪੁਰ ਸਾਹਿਬ ਵਿਖੇ ਮੌਜੂਦ ਹੈ) ਭਾਈ ਬਚਿੱਤਰ ਸਿੰਘ ਨੂੰ ਦਿੱਤੀ। ਪਿੱਠ ’ਤੇ ਥਾਪੀ ਵੀ ਦਿੱਤੀ। ਬਸ ਫੇਰ ਕੀ ਸੀ। ਭਾਈ ਬਚਿੱਤਰ ਸਿੰਘ ਸ਼ੇਰ ਵਾਂਗ ਛਾਲਾਂ ਮਾਰਦਾ ਲੋਹਗੜ੍ਹ ਦੇ ਦਰਵਾਜ਼ੇ ਅੱਗੇ ਜਾ ਖੜੋਤਾ। ਗੁਰੂ ਜੀ ਕੋਲ ਭਾਈ ਉਦੈ ਸਿੰਘ ਵੀ ਖੜ੍ਹਾ ਸੀ। ਬੇਨਤੀ ਕਰਨ ਲੱਗਾ, “ਸੱਚੇ ਪਾਤਸ਼ਾਹ! ਹਾਥੀ ਨੂੰ ਮਸਤ ਕਰਕੇ ਰਾਜਾ ਕੇਸਰੀ ਚੰਦ ਘੋੜੇ ’ਤੇ ਸਵਾਰ ਹਾਥੀ ਦੇ ਪਿੱਛੇ ਬੜੇ ਰੋਹ ਅਤੇ ਟੌਹਰ ਨਾਲ ਆ ਰਿਹਾ ਹੈ। ਬਹਾਦਰ ਵੀ ਮੰਨਿਆ ਹੋਇਆ ਹੈ। ਆਗਿਆ ਕਰੋ ਤੇ ਮਿਹਰ ਦਾ ਹੱਥ ਮੇਰੇ ਸਿਰ ’ਤੇ ਰੱਖੋ ਤਾਂ ਮੈਂ ਉਸ ਦਾ ਸਿਰ ਵੱਢ ਕੇ ਤੁਹਾਡੇ ਚਰਨਾਂ ਵਿਚ ਆ ਰੱਖਾਂ।” ਗੁਰੂ ਜੀ ਨੇ ਹੱਸ ਕੇ ਉਸ ਨੂੰ ਵੀ ਥਾਪੀ ਦੇ ਦਿੱਤੀ। ਭਾਈ ਉਦੈ ਸਿੰਘ ਵੀ ਭੱਜ ਕੇ ਬਾਹਰ ਕਿਲ੍ਹੇ ਦੇ ਦਰਵਾਜ਼ੇ ਕੋਲ ਖੜ੍ਹੇ ਭਾਈ ਬਚਿੱਤਰ ਸਿੰਘ ਨਾਲ ਜਾ ਖਲੋਤਾ। ਲਓ ਹਾਥੀ ਆ ਗਿਆ। ਉਸ ਦੇ ਨਾਲ ਪਹਾੜੀ ਰਾਜੇ ਨਗਾਰੇ ਵਜਾਉਂਦੇ ਆ ਰਹੇ ਸਨ। ਠੱਠਾ ਕਰਦੇ ਸਨ ਕਿ ਲੈ ਆ ਖੜੋਤੇ ਦੋਵੇਂ। ਗੁਰੂ ਦੇ ਦੋ ਜਰਨੈਲ ਹਾਥੀ ਦਾ ਟਾਕਰਾ ਕਰਨ ਲਈ। ਲਓ ਹੁਣ ਤਾਂ ਮਸਤ ਹਾਥੀ ਪੂਰੀ ਮਸਤੀ ਨਾਲ ਭਾਈ ਬਚਿੱਤਰ ਸਿੰਘ ਕੋਲ ਆ ਪਹੁੰਚਾ। ਫਿਰ ਨਾਗਨੀ ਵੀ ਚੱਲ ਪਈ। ਚਲਾਈ ਵੀ ਇਤਨੀ ਜ਼ੋਰ ਨਾਲ ਭਾਈ ਬਚਿੱਤਰ ਸਿੰਘ ਨੇ ਕਿ ਸਿੱਧੀ ਹਾਥੀ ਦੇ ਮੱਥੇ ਵਿਚ ਜਾ ਧੱਸੀ। ਹਾਥੀ ਚੰਘਾੜ ਉੱਠਿਆ। ਭਾਈ ਬਚਿੱਤਰ ਸਿੰਘ ਗਰਜ ਉੱਠਿਆ, “ਬੋਲੇ ਸੋ ਨਿਹਾਲ”। ਲੋਹਗੜ੍ਹ ਵਿੱਚੋਂ ਆਵਾਜ਼ ਆਈ, “ਸਤਿ ਸ੍ਰੀ ਅਕਾਲ”। ਪੰਜਾਂ ਪਿਆਰਿਆਂ ਵਿੱਚੋਂ ਇਕ ਭਾਈ ਮੋਹਕਮ ਸਿੰਘ ਨੇ ਝਪਟ ਕੇ ਹਾਥੀ ਦੀ ਸੁੰਡ ਅੱਖ ਦੇ ਫੋਰ ਵਿਚ ਆਪਣੀ ਕ੍ਰਿਪਾਨ ਨਾਲ ਵੱਢ ਸੁੱਟੀ। ਚੰਗਾੜਦਾ, ਲੰਘਾੜਦਾ ਹਾਥੀ ਪਿੱਛੇ ਭੱਜ ਉੱਠਿਆ। ਹਾਹਾਕਾਰ ਮੱਚ ਗਈ। ਇਸ ਤੋਂ ਪਹਿਲਾਂ ਕਿ ਰਾਜਾ ਕੇਸਰੀ ਚੰਦ ਆਪਣੀਆਂ ਭੱਜੀਆਂ ਜਾਂਦੀਆਂ ਫੌਜਾਂ ਨੂੰ ਰੋਕਦਾ ਭਾਈ ਉਦੈ ਸਿੰਘ ਦੀ ਤਲਵਾਰ ਨੇ ਉਸ ਨੂੰ ਚੁੱਪ ਹੀ ਕਰਾ ਦਿੱਤਾ। ਭਾਈ ਉਦੈ ਸਿੰਘ ਨੇ ਤਲਵਾਰ ਨਾਲ ਉਸ ਦਾ ਸਿਰ ਕੱਟ ਲਿਆ ਅਤੇ ਆਪਣੇ ਨੇਜ਼ੇ ਉੱਤੇ ਖੱਖੜੀ (ਖਰਬੂਜ਼ਾ) ਵਾਂਗੂੰ ਵਿੰਨ੍ਹ ਲਿਆ। ਇਸ ਹਫੜਾ-ਦਫੜੀ ਵਿਚ ਹਡੂੰਰ ਦਾ ਰਾਜਾ ਭੂਪ ਚੰਦ ਲਹੂ-ਲੁਹਾਣ ਹੋ ਗਿਆ। ਕਾਂਗੜੇ ਦਾ ਰਾਜਾ ਘੁਮੰਡ ਚੰਦ ਵੀ ਮਾਰਿਆ ਗਿਆ। ਬਾਕੀ ਰਾਜੇ ਪੈਰ ਸਿਰਾਂ ’ਤੇ ਰੱਖੀ ਉੱਡੇ ਜਾਂਦੇ ਸਨ।
ਪ੍ਰਿੰਸੀਪਲ ਸਤਿਬੀਰ ਸਿੰਘ ਨੇ ਅਨੰਦਪੁਰ ਸਾਹਿਬ ਦੇ ਕਿਲ੍ਹੇ ਦਾ ਦਰਵਾਜ਼ਾ ਤੜਵਾਉਣ, ਮਸੰਦ ਦੁਨੀ ਚੰਦ ਦੇ ਭੱਜਣ ਅਤੇ ਭਾਈ ਬਚਿੱਤਰ ਸਿੰਘ ਦੁਆਰਾ ਹਾਥੀ ਨੂੰ ਨਾਗਣੀ, ਬਰਛੀ ਰਾਹੀਂ ਜ਼ਖ਼ਮੀ ਕਰਕੇ ਆਪਣੀ ਹੀ ਫੌਜ ਵੱਲ ਵਾਪਸ ਜਾ ਕੇ ਕੁਚਲਣ ਬਾਰੇ ਵੇਰਵਾ ਦਿੱਤਾ ਹੈ।
ਡਾ. ਗੋਪਾਲ ਸਿੰਘ ਨੇ ਮਸੰਦ ਦੁਨੀ ਚੰਦ ਦੀ ਪਿੱਠ ਦਿਖਾ ਕੇ ਭੱਜਣ ਬਾਰੇ ਪੁਸ਼ਟੀ ਕੀਤੀ ਹੈ ਜਿਸ ਦੀ ਟੂਕ ਹੇਠਾਂ ਦਿੱਤੀ ਜਾ ਰਹੀ ਹੈ:
“They sent a intoxicated elephant to make a breach in the walled defences. Seeing this, a Sikh Duni Chand who had brought a detachment of five hundred from the central Punjab to aid this, Guru, fled in terror, secretly. The Guru on hearing of the remarked, “He who flies from death in the face of danger to his nation finds death awaiting him in an- other garb.” It is said when Duni Chand reached Amritsar and his foul deed was known to the community, he was ostracised from society and died a lonely man soon thereafter, stung by a cobra.”
ਭਾਈ ਵੀਰ ਸਿੰਘ ਜੀ ਨੇ ਜਿੱਥੇ ਮਸੰਦ ਦੁਨੀ ਚੰਦ ਬਾਰੇ ਵੇਰਵਾ ਦਿੱਤਾ ਹੈ ਉੱਥੇ ਉਸ ਦੇ ਦੋਵੇਂ ਪੋਤਿਆਂ ਭਾਈ ਅਨੂਪ ਸਿੰਘ ਅਤੇ ਭਾਈ ਸਰੂਪ ਸਿੰਘ ਦੁਆਰਾ ਆਪਣੇ ਦਾਦੇ ਮਹੰਤ ਦੁਨੀ ਚੰਦ ਵੱਲੋਂ ਲਗਾਏ ਕਲੰਕ ਨੂੰ ਦੂਰ ਕਰਨ ਲਈ ਪੂਰੀ ਵੇਰਵੇ ਸਹਿਤ ਜਾਣਕਾਰੀ ਦਿੱਤੀ ਹੈ। ਇਸ ਦੇ ਨਾਲ ਹੀ ਭਾਈ ਬਚਿੱਤਰ ਸਿੰਘ ਬਾਰੇ ਵੀ ਵਿਸਥਾਰ ਪੂਰਵਕ ਤੱਥ ਬਿਆਨ ਕੀਤੇ ਹਨ। ਹਵਾਲੇ ਲਈ ਟੂਕਾਂ ਹੇਠਾਂ ਦਿੱਤੀਆਂ ਹਨ:
(1) ਦੁਨੀ ਚੰਦ ਦੀ ਦਸ਼ਾ ਇਹ ਹੋਈ ਕਿ ਜਦੋਂ ਕਿਲ੍ਹੇ ਤੋਂ ਰੱਸੇ ਦੇ ਆਸਰੇ ਹੇਠਾਂ ਨੂੰ ਪਲਮਿਆ ਤਾਂ ਉਸ ਦਾ ਸਰੀਰ ਗ੍ਰਾਂਡੀਲ ਤੇ ਵਜ਼ਨ ਵਿਚ ਭਾਰਾ ਹੋਣ ਕਰਕੇ ਰੱਸਾ ਟੁੱਟ ਗਿਆ ਤੇ ਉਹ ਇਕ ਟੰਗ ਦੇ ਭਾਰ ਢੱਠਾ, ਟੰਗ ਟੁੱਟ ਗਈ ਤੇ ਸਾਥੀ ਉਸ ਨੂੰ ਬੁਰੇ ਹਾਲ ਲੈ ਕੇ ਨਿਕਲੇ, ਫਿਰ ਮੰਜੀ ’ਤੇ ਪਾ ਕੇ ਅੰਮ੍ਰਿਤਸਰ ਲਿਆਏ। ਇੱਥੇ ਆ ਕੇ ਸੱਪ ਡੱਸਣ ਨਾਲ ਮਰ ਗਿਆ। ਦੁਨੀ ਚੰਦ ‘ਭਾਈ ਸ਼ਾਲੋ’ ਪੰਜਵੇਂ ਸਤਿਗੁਰੂ ਜੀ ਦੇ ਪਰਮ ਪ੍ਰੇਮੀ ਸਿੱਖ, ਸਿੱਧ ਅਵਸਥਾ ਦੇ ਤਪੱਸਵੀ ਤੇ ਪਰਉਪਕਾਰੀ ਦਾ ਪੋਤਾ ਸੀ। ਇਨ੍ਹਾਂ ਨੇ ਇਕ ਤਲਾਅ ਪੁੱਟਿਆ ਸੀ ਜੋ ‘ਭਾਈ ਸਾਲੋ ਦਾ ਟੋਭਾ’ ਕਰਕੇ ਵੱਜਦਾ ਸੀ, ਜਿੱਥੇ ਹੁਣ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ।
(2) ਅਗੰਮਪੁਰੇ ਦੇ ਸਿੰਘਾਂ ਨੇ ਬੜੀ ਸੂਰਮਤਾ ਵਿਖਾਈ ਤੇ ਥੋੜ੍ਹੇ ਹੋਣ ’ਤੇ ਵੀ ਸ਼ੱਤਰੂ ਦੀ ਸੈਨਾ ਦੇ ਆਹੂ ਲਾਹ ਦਿੱਤੇ। ਸਿੰਘ ਨਾਲੇ ਲੜਦੇ ਸਨ ਤੇ ਨਾਲੇ ਲੋਹਗੜ੍ਹ ਵੱਲ ਹਟਦੇ ਸਨ। ਅੱਜ ਦੀ ਸਿੱਖਾਂ ਦੀ ਵਿਉਂਤ ਇਹ ਸੀ ਕਿ ਅਗੰਮਪੁਰੇ ਵੱਲ ਸ਼ੱਤਰੂ ਦਲ ਜਦ ਬਹੁਤ ਇਕੱਠਾ ਹੋ ਜਾਏ ਤਦ ਉਸ ਨੂੰ ਲੋਹਗੜ੍ਹ ਆਉਣ ਦਾ ਦਾਉ ਦੇ ਦਿੱਤਾ ਜਾਵੇ, ਇੱਥੇ ਭਾਈ ਬਚਿੱਤਰ ਸਿੰਘ ਤੋਂ ਵੈਰੀ ਦੇ ਹਾਥੀ ਨੂੰ ਪਿੱਛੇ ਭਜਵਾ ਕੇ ਵੈਰੀ ਦਲ ਦੇ ਗਲੇ ਪਾ ਦਿੱਤਾ ਜਾਵੇ ਤੇ ਬੇਤਰਤੀਬੀ ਮੱਚ ਜਾਵੇ। ਉਸ ਰੌਲੇ-ਗੌਲੇ ਵੇਲੇ ਬਲ ਪਾ ਕੇ ਵਿਜੈ ਪਾਉਣ ਦਾ ਮੌਕਾ ਹੋਵੇਗਾ।
ਸ. ਪਿਆਰਾ ਸਿੰਘ ਦਾਤਾ ਅਨੁਸਾਰ:-
ਇਕ ਦਿਨ ਰਾਜਿਆਂ ਨੇ ਇਕ ਤਕੜੇ ਹਾਥੀ ਨੂੰ ਸ਼ਰਾਬ ਪਿਆ ਕੇ ਬਦਮਸਤ ਕਰਕੇ ਉਸ ਦੇ ਸਿਰ ’ਤੇ ਭਾਰੀ ਲੋਹੇ ਦੀ ਤਵੀ ਬੰਨ੍ਹ ਕੇ ਅਨੰਦਗੜ੍ਹ ਦੇ ਕਿਲ੍ਹੇ ਦੇ ਵੱਡੇ ਦਰਵਾਜ਼ੇ ਨੂੰ ਤੋੜਨ ਲਈ ਘੱਲਿਆ। ਗੁਰੂ ਜੀ ਨੂੰ ਵਕਤ ਸਿਰ ਇਸ ਖ਼ਬਰ ਦਾ ਪਤਾ ਲੱਗ ਗਿਆ। ਉਨ੍ਹਾਂ ਆਪਣੇ ਇਕ ਜਵਾਨ ਭਾਈ ਬਚਿੱਤਰ ਸਿੰਘ ਨੂੰ ਥਾਪੀ ਦੇ ਕੇ ਘੱਲਿਆ, “ਜਾਹ ਸ਼ੇਰਾ! ਜ਼ਰਾ ਹਾਥੀ ਨਾਲ ਦੋ ਹੱਥ ਕਰ ਵਿਖਾ।”
ਭਾਈ ਬਚਿੱਤਰ ਸਿੰਘ ਨੇ ਐਸੇ ਜ਼ੋਰ ਦਾ ਨੇਜ਼ਾ ਹਾਥੀ ਦੇ ਮੱਥੇ ਵਿਚ ਮਾਰਿਆ ਕਿ ਉਹ ਤਵੀ ਨੂੰ ਚੀਰਦਾ ਪਾਰ ਨਿਕਲ ਗਿਆ। ਹਾਥੀ ਚਿੰਘਾੜਦਾ ਪਿਛਾਂਹ ਵੱਲ ਨੱਠ ਉਠਿਆ ਤੇ ਉਲਟਾ ਪਹਾੜੀਆਂ ਦੀਆਂ ਫੌਜਾਂ ਨੂੰ ਹੀ ਲਿਤਾੜ ਦਿੱਤਾ। ਭਾਈ ਬਚਿੱਤਰ ਸਿੰਘ ਇਹ ਮੁਹਿੰਮ ਸਰ ਕਰਕੇ ਵਾਪਸ ਕਿਲ੍ਹੇ ਵਿਚ ਆ ਗਿਆ। ਗੁਰੂ ਜੀ ਨੇ ਉਸ ਨੂੰ ਛਾਤੀ ਨਾਲ ਲਾਇਆ ਤੇ ਬੜੀ ਇੱਜ਼ਤ ਕੀਤੀ।
ਲਾਲ ਸਿੰਘ ਗਿਆਨੀ ਮੁਤਾਬਿਕ :-
ਅਖੀਰ ਪਹਾੜੀਆਂ ਨੇ ਇਕ ਮਸਤ ਹਾਥੀ ਨੂੰ ਸ਼ਰਾਬ ਪਿਆ ਕੇ ਅਤੇ ਉਹਦੇ ਮੱਥੇ ਉੱਤੇ ਫੌਲਾਦੀ ਤਵੇ ਬੰਨ੍ਹ ਕੇ ਕਿਲ੍ਹੇ ਦਾ ਬੂਹਾ ਤੋੜਨ ਲਈ ਅੱਗੇ ਵਧਾਇਆ। ਇਧਰੋਂ ਭਾਈ ਮਨੀ ਸਿੰਘ ਦਾ ਸਪੁੱਤਰ ਭਾਈ ਬਚਿੱਤਰ ਸਿੰਘ ਜੋ ਭਾਰੀ ਯੋਧਾ ਤੇ ਹੱਦ ਦਰਜੇ ਦਾ ਪਲੱਥੇਬਾਜ ਸੀ ਘੋੜੇ ਉੱਤੇ ਚੜ੍ਹ ਕੇ ਬਾਹਰ ਨਿਕਲਿਆ ਤੇ ਉਸ ਨੇ ਨਾਗਣੀ ਬਰਛੇ ਦਾ ਇਕ ਅਜਿਹਾ ਭਰਪੂਰ ਤੇ ਤੁਲਵਾਂ ਵਾਰ ਹਾਥੀ ਦੇ ਮੱਥੇ ਉੱਤੇ ਕੀਤਾ ਕਿ ਫੌਲਾਦੀ ਤਵੇ ਟੁੱਟ ਕੇ ਚੂਰ-ਚੂਰ ਹੋ ਗਏ ਤੇ ਹਾਥੀ ਘਾਇਲ ਹੋ ਗਿਆ। ਇਸ ਉੱਤੇ ਉਹ ਚੀਕਾਂ ਮਾਰਦਾ ਹੋਇਆ ਪਿੱਛੇ ਵੱਲ ਭੱਜਾ ਤੇ ਦੁਸ਼ਮਣ ਦੇ ਅਨੇਕਾਂ ਸਿਪਾਹੀ ਉਸ ਦੇ ਪੈਰਾਂ ਥੱਲੇ ਆ ਕੇ ਲਿਤਾੜੇ ਗਏ।
ਇੱਥੇ ਇਹ ਚੇਤੇ ਰੱਖਣ ਦੀ ਲੋੜ ਹੈ ਕਿ ਸ. ਸ਼ਮਸ਼ੇਰ ਸਿੰਘ ਅਸ਼ੋਕ, ਲਾਲਾ ਦੌਲਤ ਰਾਏ, ਭਾਈ ਸੰਤੋਖ ਸਿੰਘ, ਭਾਈ ਕੋਇਰ ਸਿੰਘ, ਭਾਈ ਸੁੱਖਾ ਸਿੰਘ, ਕਵੀ ਬੀਰ ਸਿੰਘ ਬੱਲ ਅਤੇ ਭਾਈ ਕਾਨ੍ਹ ਸਿੰਘ ਨਾਭਾ ਵੱਲੋਂ ਲੋਹਗੜ੍ਹ ਦੇ ਕਿਲ੍ਹੇ ਦਾ ਦਰਵਾਜ਼ਾ ਤੋੜਨ ਲਈ ਹੀ ਹਾਥੀ ਭੇਜਣ ਬਾਰੇ ਪੁਸ਼ਟੀ ਕੀਤੀ ਗਈ ਹੈ। ਮਸਤ ਹਾਥੀ ਨੂੰ ਭੇਜਣ ਵਾਲੀ ਇਸ ਘਟਨਾ ਨੂੰ ਇਸੇ ਪ੍ਰਕਾਰ ਕੁਝ ਲੇਖਕਾਂ ਜਿਵੇਂ ਦੁਰਲੱਭ ਸਿੰਘ, ਡਾ. ਮਹੀਪ ਸਿੰਘ, ਪ੍ਰਿੰ. ਸਤਿਬੀਰ ਸਿੰਘ ਅਤੇ ਸ. ਰਣਬੀਰ ਸਿੰਘ ਵੱਲੋਂ ਵੀ ਅਨੰਦਗੜ੍ਹ ਕਿਲ੍ਹੇ ਨਾਲ ਜੋੜਿਆ ਗਿਆ ਹੈ। ਕਿਉਂਕਿ ਕਿਲ੍ਹਾ ਅਨੰਦਗੜ੍ਹ ਦੀ ਸਥਿਤੀ ਐਸੀ ਸੀ ਕਿ ਇੱਥੇ ਹਾਥੀ ਭੇਜਿਆ ਹੀ ਨਹੀਂ ਜਾ ਸਕਦਾ, ਕਿਉਂ ਜੋ ਬਾਕੀ ਦੇ ਕਿਲ੍ਹੇ ਇਸ ਤੋਂ ਕੁਝ ਫਰਕ ਨਾਲ ਸਨ, ਜਿੱਥੇ ਕਿ ਸਿੰਘਾਂ ਦੇ ਜਥੇ ਦੁਸ਼ਮਣ ਦੇ ਸਾਹਮਣੇ ਅੜੇ ਬੈਠੇ ਸਨ, ਅਨੰਦਗੜ੍ਹ ਤਕ ਦੁਸ਼ਮਣ ਤਦ ਹੀ ਪਹੁੰਚੇਗਾ ਜੇਕਰ ਪਹਿਲਾਂ ਬਾਕੀ ਦੇ ਕਿਲ੍ਹਿਆਂ ਨੂੰ ਫਤਿਹ ਕਰੇ। ਬਾਕੀ ਦੇ ਕਿਲ੍ਹੇ ਫ਼ਤਿਹ ਨਹੀਂ ਹੋ ਸਕੇ ਅਤੇ ਇਸ ਸੂਰਤ ਵਿਚ ਹਾਥੀ ਅਨੰਦਗੜ੍ਹ ਤਕ ਪਹੁੰਚ ਹੀ ਨਹੀਂ ਸਕਦਾ।
‘ਗੁਰੂ ਕੀਆਂ ਸਾਖੀਆਂ’ ਵਿਚ ਇਸ ਦਾ ਜ਼ਿਕਰ ਇਉਂ ਆਉਂਦਾ ਹੈ ਕਿ
“ਬੁੱਢੇ ਵਜ਼ੀਰ ਪਰਮਾਨੰਦ ਨੇ ਕਿਹਾ ਕਿ ਕੱਲ ਕੀ ਜੰਗ ਗੁਰੂ ਕੇ ਸਾਤ ਕਿਲ੍ਹੋਂ ਮੇਂ ਸੇ ਲੋਹਗਢ ਕੇ ਕਿਲ੍ਹੇ ਕੇ ਸਿੱਖੋਂ ਗੈਲ ਲਰੀ ਜਾਏ, ਠੀਕ ਰਹੇਗੀ। ਦੇਖਨਾਂ ਅਬ ਯਹ ਹੈ ਕਿ ਲੋਹਗਢ ਕਿਲ੍ਹੇ ਕਾ ਦਰਵਾਜ਼ਾ ਬੜਾ ਮਜ਼ਬੂਤ ਹੈ ਤੇ ਇਸੇ ਕੈਸੇ ਤੋੜਾ ਜਾਏਗਾ…। ਵਜ਼ੀਰ ਪਰਮਾਨੰਦ ਫਿਰ ਬੋਲਾ… ਸੁਬਹ ਏਕ ਹਾਥੀ ਜਿਸੇ ਮਦ ਪੀਲਾਏ ਤਿਆਰ ਕੀਆ ਜਾਏ ਤੇ ਉਸਕੇ ਸਿਰ ਪੈ-ਏਕ ਜਾਂ ਦੋਇ ਫੁਲਾਦੀ ਤਵੀਆਂ ਬਾਂਧ ਉਸ ਤੇ ਦੋਧਾਰੀ ਸਾਂਗ ਖੀਂਚ ਕੇ ਬਾਂਧ ਦੀ ਜਾਏ ਤੋ ਹੱਛਾ ਰਹੇਗਾ। ਕਿਲ੍ਹਾ ਅਨੰਦਗੜ ਮੇਂ ਸੰਧਿਆ ਕੇ ਬਾਦ ਸੂਹੀਏ ਸਿੱਖ ਚਤਰ ਸਿੰਘ ਬਰਾੜ ਨੇ ਆਇ ਆਜ ਕੀ ਸਾਰੀ ਵਿਥਿਆ ਸਤਿਗੁਰਾਂ ਸੇ ਸੁਣਾਈ ਜਿਸੇ ਸੁਨ ਗੁਰੂ ਜੀ ਮੁਸਕਰਾਏ…। ਭਾਈ ਆਲਮ ਸਿੰਘ ਨਚਨਾ ਬੋਲਾ- ਜੀ ਗਰੀਬ ਨਿਵਾਜ! ਡਰਤਾ ਦੁਨੀ ਚੰਦ ਕਾਇਰ ਹੋਇ ਜਹਾਂ ਸੇ ਭਾਗ ਗਿਆ ਹੈ। ਇੰਨਾ ਤੋ ਬਤਾਈਏ ਕਿ ਸੁਬਹ ਜਿਹੜੀ ਬਲਾ ਕਿਲ੍ਹਾ ਲੋਹਗੜ੍ਹ ਤੇ ਆਇ ਰਹੀ ਹੈ, ਇਸ ਕਾ ਟਾਕਰਾ ਕੌਣ ਕਰੇਗਾ… ਸਤਿਗੁਰਾਂ ਚਤਰ ਸਿੰਘ ਸੇ ਖਬਰ ਪਾਇ ਲਗੇ ਦਰਬਾਰ ਮੇਂ ਚਵੀਂ ਪਾਸੀ ਦੇਖਾ ਕਿ ਹਾਥੀ ਕੇ ਮੁਕਾਬਲਾ ਮੇਂ ਕਉਨ ਸਾ ਜੋਧਾ ਭੇਜਾ ਜਾਇ। ਲਾਲ ਸਿੰਘ ਆਦਿ ਪਚੀਸ ਸਿੱਖ ਜਿਹੜੇ ਰਾਤ੍ਰੀ ਕੇ ਸਮੇਂ ਗੁਰੂ ਜੀ ਕੇ ਪਲੰਘ ਕੀ ਸੇਵਾ ਮੇਂ ਰਹਿਤੇ ਥੇ, ਇਨ ਮੇਂ ਭਾਈ ਬਚਿੱਤਰ ਸਿੰਘ ਕੀ ਤਰਫ ਨਿਗਾਹ ਜਾਇ ਪਈ…। ਬਚਨ ਹੋਆ ਸਿੰਘਾ! ਕਿਲ੍ਹਾ ਲੋਹਗੜ੍ਹ ਮੇ ਜਾਇ ਰਾਜਯੋਂ ਕਾ ਆਇ ਰਹਾ ਮਦਮਸਤ ਹਾਥੀ ਕਾ ਸਾਮਨਾ ਕਰਨਾ ਹੈ, ਤਿਆਰੀ ਕਰੀਏ। ਗੁਰੂ ਜੀ ਨੇ ਇਸੇ ਉਹ ਬਰਛਾ ਦੀਆ ਜਿਸੇ ਸੰਮਤ ਸਤਰਾਂ ਸੈ ਤੀਸ, ਜੇਠ ਮਾਸ ਕੀ ਪੰਦਰਸ ਕੇ ਦਿਹੁੰ ਅਨੰਦਪੁਰ-ਏਕ ਪਹਾੜੀ ਕੀ ਠੇਰੀ ਤੇ ਇਸੇ ਭੂਮੀ ਬੀਚ ਮਾਰ ਕੇ ਪਾਣੀ ਨਿਕਾਲਾ ਥਾ, ਜਿਸੇ ਤਿਰਬੈਨੀ ਬੋਲਾ ਜਾਤਾ ਹੈ। ਬਚਿੱਤਰ ਸਿੰਘ ਗੁਰੂ ਜੀ ਕਾ ਹੁਕਮ ਪਾਇ ਅਰਦਾਸ ਕਰਕੇ ਕਿਲ੍ਹਾ ਲੋਹਗੜ੍ਹ ਕੀ ਤਰਫ ਆਇਆ। ਇਸ ਦੇ ਨਾਲ ਹੀ ਦੁਸ਼ਮਣ ਨੇ ਮਸਤ ਹਾਥੀ ਦੇ ਪਿੱਛੇ ਇਕ ਤਕੜੀ ਫੌਜ ਵੀ ਭੇਜੀ ਸੀ ਤਾਂ ਕਿ ਹਾਥੀ ਵੱਲੋਂ ਕਿਲ੍ਹੇ ਦਾ ਦਰਵਾਜ਼ਾ ਤੋੜੇ ਜਾਣ ਦੀ ਸੂਰਤ ਵਿਚ ਇਹ ਫੌਜ ਤੁਰੰਤ ਕਿਲ੍ਹੇ ਵਿਚ ਦਾਖਲ ਹੋ ਜਾਏ…। ਸਭ ਸੇ ਆਗੇ ਮਦਮਸਤ ਹਾਥੀ ਇਸ ਕੇ ਪਾਛੇ ਘੋੜ ਅਸਵਾਰ ਹੋਇ ਰਾਜਾ ਕੇਸਰੀ ਚੰਦ ਜਸਵਾਰੀਆ ਚਲਾ ਆਇ ਰਹਾ ਹੈ। ਗੁਰੂ ਦਰਬਾਰ ਮੇਂ ਸਤਿਗੁਰਾਂ ਦੇ ਨਿਕਟ ਬੈਠੇ ਮੁਸਾਹਿਬ ਆਲਮ ਸਿੰਘ ਨੇ ਇਸੇ ਆਤੇ ਹੂਏ ਕੋ ਦੇਖਾ।
ਭਾਈ ਊਦੈ ਸਿੰਘ ਸਾਵ੍ਹੇਂ ਆਂਇ ਖਲਾ ਹੂਆ ਹਾਥ ਬਾਂਧ ਬੋਲਾ ਕਿ ਜਿਵੇਂ ਰਾਵਰ ਕੀ ਮਰਜ਼ੀ, ਹਾਜ਼ਰ ਹਾਂ। ਗੁਰੂ ਜੀ ਨੇ ਇਸੇ ਦੂਜਾ ਬਰਛਾ ਦੀਵਾਨ ਸਾਹਿਬ ਸਿੰਘ ਸੇ ਕਹਿ ਕੇ ਮੰਗਵਾਇ ਦੀਆ। ਊਦੈ ਸਿੰਘ ਗੁਰੂ ਜੀ ਕਾ ਹੁਕਮ ਪਾਇ ਅਰਾਕੀ ’ਤੇ ਅਸਵਾਰ ਹੋਇ ਕਿਲ੍ਹਾ ਲੋਹਗੜ੍ਹ ਮੇਂ ਆਇ ਪਹੁੰਚਾ…।
ਉਧਰ ਸਵਾ ਪਹਿਰ ਦਿਹੁੰ ਚੜ੍ਹੇ ਰਾਜਾ ਅਜਮੇਰ ਚੰਦ ਕਹਿਲੂਰੀ ਬਮੈ ਫੌਜ ਕਿਲ੍ਹਾ ਲੋਹਗੜ੍ਹ ਕੇ ਨਜ਼ਦੀਕ ਆਇ ਪਹੁੰਚਾ। ਭਾਈ ਬਚਿੱਤਰ ਸਿੰਘ ਨੇ ਦੇਖਾ ਸਮਾਂ ਨੇੜੇ ਆਇ ਚੁੱਕਾ ਹੈ। ਇਹ ਪ੍ਰਿਥਮੇਂ ਅਰਦਾਸ ਕਰਕੇ ਤੇ ਸਾਥੀ ਸਿੰਘਾਂ ਸੇ ਆਗਿਆ ਲੈ ਘੋੜੇ ਤੇ ਅਸਵਾਰ ਹੋਇ ਕਿਲ੍ਹਾ ਲੋਹਗੜ੍ਹ ਸੇ ਬਾਹਰ ਆਇਆ…। ਬਚਿੱਤਰ ਸਿੰਘ ‘ਸਤਿ ਸ੍ਰੀ ਅਕਾਲ’ ਕਾ ਜੈਕਾਰਾ ਗਜਾਇ ਆਂਖ ਕੀ ਫੋਰ ਮੇਂ ਬਿਜਲੀ ਕੀ ਤਰਹ ਘੋੜੇ ਕੋ ਭਜਾਇ ਹਾਥੀ ਕੇ ਨਿਕਟ ਜਾਇ ਪਹੁੰਚਾ। ਭਾਈ ਸਾਹਿਬ ਨੇ ਦੋਨੋਂ ਪਾਉਂ ਕਾ ਭਾਰ ਘੋੜੇ ਕੀ ਰਕਾਬੋਂ ਮੇ ਪਾਇ ਐਸੇ ਜ਼ੋਰ ਸੇ ਹਾਥੀ ਕੇ ਮਸਤਕ ਮੇਂ ਬਰਛਾ ਮਾਰਾ ਕਿ ਉਸ ਕੇ ਮਾਥੇ ਕੀਆਂ ਤਵੀਆਂ ਵਿੰਨ੍ਹ ਕੇ ਬੀਚ ਫਸ ਗਿਆ। ਬਚਿੱਤਰ ਸਿੰਘ ਤੇਜ਼ੀ ਸੇ ਜ਼ੋਰ ਕੇ ਸਾਥ ਬਰਛਾ ਹਾਥੀ ਕੇ ਮਸਤਕ ਸੇ ਖੀਂਚਾ, ਹਾਥੀ ਚਿੰਘਾਰਤਾ ਹੂਆ ਪਾਛੇ ਕੀ ਤਰਫ ਮੁੜ ਆਇਆ। ਇਸੇ ਸਿਰ ਨਾਲ ਬਾਂਧੀ ਤੇਗ ਸੇ ਤੇ ਪਾਉਂ ਗੈਲ ਲਤਾੜ ਕਈ ਪਰਬਤੀ ਜਮਪੁਰੀ ਰਵਾਨਾ ਕਰ ਦੀਏ। ਇਹ ਦੇਖ ਭਾਈ ਊਦੈ ਸਿੰਘ… ਸਤਿ ਸ੍ਰੀ ਅਕਾਲ ਕਾ ਜੈਕਾਰਾ ਬੁਲਾਇ ਘੋੜੇ ਸੇ ਐਡੀ ਮਾਰ ਕੇਸਰੀ ਚੰਦ ਕੇ ਸਾਵ੍ਹੇਂ ਜਾਇ ਖਲਾ ਹੂਆ…। ਊਦੈ ਸਿੰਘ ਨੇ ਪਰਤਵਾਂ ਵਾਰ ਸ੍ਰੀ ਸਾਹਿਬ ਸੇ ਐਸਾ ਕੀਆ ਜਿਸ ਸੇ ਕੇਸਰੀ ਚੰਦ ਕਾ ਸੀਸ ਧੜ ਸੇ ਜੁਦਾ ਹੋਇ ਗਿਆ। ਇਸ ਬਹਾਦਰ ਜੋਧੇ ਨੇ ਫੁਰਤੀ ਸੇ ਪਰਬਤੀਆਂ ਕੇ ਦੇਖਦੇ ਦੇਖਦੇ… ਵਾਪਸ ਕਿਲਾ ਅਨੰਦਗੜ੍ਹ ਕੀ ਤਰਫ ਆਇ ਗਿਆ।”
ਜਦੋਂ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਛੱਡਣ ਦਾ ਫੈਸਲਾ ਕੀਤਾ ਤਾਂ ਭਾਈ ਬਚਿੱਤਰ ਸਿੰਘ ਉਨ੍ਹਾਂ 40 ਸਿੰਘਾਂ ਵਿੱਚੋਂ ਇਕ ਸੀ ਜਿਨ੍ਹਾਂ ਗੁਰੂ ਸਾਹਿਬ ਦੇ ਨਾਲ ‘ਇਕੱਠੇ ਜੀਣ ਮਰਨ’ ਦਾ ਪ੍ਰਣ ਕੀਤਾ ਸੀ। ਗੁਰੂ ਸਾਹਿਬ ਨੇ ਭਾਈ ਬਚਿੱਤਰ ਸਿੰਘ ਨੂੰ ਇਕ ਸੌ ਸਿੰਘਾਂ ਦੇ ਜਥੇ ਦਾ ਮੁਖੀ ਬਣਾ ਕੇ ਵਹੀਰ ਦੇ ਨਾਲ ਤੋਰਿਆ। ਇਹ ਵਹੀਰ ਅਨੰਦਪੁਰ ਸਾਹਿਬ ਤੋਂ ਕੀਰਤਪੁਰ ਤਕ ਅਰਾਮ ਨਾਲ ਨਿਕਲ ਗਈ ਅਤੇ ਉਥੇ ਸਰਸਾ ਨਦੀ ਵੱਲ ਰਵਾਨਾ ਹੋਈ। ਇਸ ਮੌਕੇ ’ਤੇ ਬੜੀਆਂ ਭਾਰੀ ਦੁਸ਼ਮਣ ਫੌਜਾਂ ਨੇ ਉਨ੍ਹਾਂ ’ਤੇ ਤੀਰਾਂ ਅਤੇ ਗੋਲੀਆਂ ਦੀ ਵਾਛੜ ਸ਼ੁਰੂ ਕਰ ਦਿੱਤੀ। ਗੁਰੂ ਸਾਹਿਬ ਨੇ ਵੱਖ-ਵੱਖ ਜਥਿਆਂ ਨੂੰ ਵੱਖ-ਵੱਖ ਥਾਵਾਂ ’ਤੇ ਤਾਇਨਾਤ ਕਰ ਦਿੱਤਾ। ਉਨ੍ਹਾਂ ਭਾਈ ਬਚਿੱਤਰ ਸਿੰਘ ਨੂੰ ਹਦਾਇਤ ਦਿੱਤੀ ਕਿ ਉਹ ਰੋਪੜ ਵੱਲ ਚਲੇ ਜਾਣ ਤਾਂ ਜੋ ਸਰਹਿੰਦ ਤੋਂ ਆ ਰਹੀ ਮੁਗ਼ਲ ਫੌਜ ਨੂੰ ਉਧਰ ਹੀ ਰੋਕਿਆ ਜਾ ਸਕੇ। ਜਦੋਂ ਭਾਈ ਬਚਿੱਤਰ ਸਿੰਘ ਦਾ ਜਥਾ ਪਿੰਡ ਮਲਕਪੁਰ ਰੰਘੜਾਂ ਪੁੱਜਾ ਤਾਂ ਉਥੇ ਉਨ੍ਹਾਂ ਦੀ ਝੜਪ ਸਥਾਨਕ ਰੰਘੜਾਂ ਅਤੇ ਸਰਹਿੰਦ ਦੀ ਫੌਜ ਨਾਲ ਹੋ ਗਈ। ਇਸ ਮੌਕੇ ’ਤੇ ਬਹੁਤ ਭਿਆਨਕ ਲੜਾਈ ਹੋਈ। ਇਸ ਲੜਾਈ ਵਿਚ ਸਾਰੇ ਸੌ ਦੇ ਸੌ ਸਿੰਘ ਹੀ ਹਜ਼ਾਰਾਂ ਦੀ ਗਿਣਤੀ ਵਿਚ ਮੁਗ਼ਲ ਸਿਪਾਹੀਆਂ ਅਤੇ ਰੰਘੜਾਂ ਨੂੰ ਮਾਰ ਕੇ ਸ਼ਹੀਦ ਹੋ ਗਏ। ਭਾਈ ਬਚਿੱਤਰ ਸਿੰਘ ਇਸ ਮੌਕੇ ’ਤੇ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋ ਕੇ ਡਿੱਗ ਪਏ। ਮੁਗ਼ਲ ਸੈਨਾ ਆਪ ਨੂੰ ਮਰਿਆ ਸਮਝ ਕੇ ਛੱਡ ਗਈ ਅਤੇ ਅਗਾਂਹ ਨੂੰ ਚਲੀ ਗਈ। ਪਿੱਛੋਂ ਆ ਰਹੇ ਸਾਹਿਬਜ਼ਾਦਾ ਅਜੀਤ ਸਿੰਘ, ਭਾਈ ਮਦਨ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਜਦੋਂ ਭਾਈ ਬਚਿੱਤਰ ਸਿੰਘ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਪਿਆ ਦੇਖਿਆ ਤਾਂ ਉਸ ਨੂੰ ਚੁੱਕ ਕੇ 6 ਕਿਲੋਮੀਟਰ ਦੂਰ ਕੋਟਲਾ ਨਿਹੰਗ ਖਾਂ ਲੈ ਆਏ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਹਿਲਾਂ ਹੀ ਉਥੇ ਮੌਜੂਦ ਸਨ। ਭਾਈ ਬਚਿੱਤਰ ਸਿੰਘ ਨੂੰ ਨਿਹੰਗ ਖਾਂ ਦੇ ਘਰ ਉਨ੍ਹਾਂ ਦੇ ਸਪੁਰਦ ਕਰ ਦਿੱਤਾ। ਨਿਹੰਗ ਖਾਨ ਦੀ ਬੇਟੀ ਬੀਬੀ ਮੁਮਤਾਜ ਨੇ ਉਨ੍ਹਾਂ ਦੀ ਬਹੁਤ ਸੇਵਾ ਕੀਤੀ ਪਰ ਗਹਿਰੇ ਜ਼ਖ਼ਮਾਂ ਕਾਰਨ ਉਹ ਬਚ ਨਾ ਸਕੇ। ਆਪ ਦਾ ਸਸਕਾਰ ਭਾਈ ਗੁਰਸਾ ਸਿੰਘ ਗਹੂਣੀਆ ਤੇ ਭਾਈ ਬੱਗਾ ਸਿੰਘ ਤਖ਼ਣੇਟੇ ਸਿੱਖ ਨੇ ਰਾਤੋ-ਰਾਤ ਕਰ ਦਿੱਤਾ। ਇਸ ਤਰ੍ਹਾਂ ਭਾਈ ਬਚਿੱਤਰ ਸਿੰਘ ਗੁਰੂ ਦੀ ਸੇਵਾ ਕਰਦੇ ਹੋਏ ਸ਼ਹੀਦੀ ਜਾਮ ਪੀ ਗਏ।
ਭੱਟ ਵਹੀ ਤਲਉਂਢਾ ਪਰਗਨਾ ਜੀਂਦ ਦੀ ਟੂਕ ਇੰਞ ਹੈ:
(ੳ) ਬਚਿੱਤਰ ਸਿੰਘ ਬੇਟਾ ਮਨੀ ਸਿੰਘ ਕਾ ਪੋਤਾ ਭਾਈ ਮਾਈਦਾਸ ਕਾ ਪੜਪੋਤਾ ਬੱਲੂ ਕਾ ਚੰਦਰਬੰਸੀ ਭਾਰਦਵਾਜੀ ਗੋਤਰ ਪੁਆਰ ਬੰਸ ਬੀਂਝੇ ਕਾ ਬੰਝਰਉਤ ਜਲ੍ਹਾਨਾ ਬਲਾਉਂਤ ਗੁਰੂ ਕਾ ਬਚਨ ਪਾਇ ਸੰਮਤ 1762 ਪੋਖ ਮਾਸੇ ਸੁਦੀ ਦੂਜ ਕੋ ਮਲਕਪੁਰ ‘ਰੰਘੜਾਂ’ ਕੇ ਮਲਾਨ੍ਹ ਰੰਘੜਾਂ ਕੇ ਹਾਥ ਸੇ ਘਾਇਲ ਹੋਇ ਪੋਖ ਮਾਸੇ ਸੁਦੀ ਚਉਥ ਸ਼ੁਕਰਵਾਰ ਕੇ ਦਿਹੁੰ ਡੇਢ ਪਹਿਰ ਰਾਤ ਗਈ ਕੋਟਲਾ ਨਿਹੰਗ ਮੇਂ ਸੁਆਸ ਪੂਰੇ ਹੂਏ…।
ਭੱਟ ਵਹੀ ਮੁਲਤਾਨੀ ਸਿੰਧੀ ਦੀ ਟੂਕ:
(ਅ) ਬਚਿੱਤਰ ਸਿੰਘ ਬੇਟਾ ਮਨੀ ਸਿੰਘ ਕਾ ਪੋਤਾ ਮਾਈਦਾਸ ਕਾ……..ਗੁਰੁ ਕਾ ਬਚਨ ਪਾਇ ਸਾਲ ਸਤਰਾਂ ਸੈ ਬਾਸਠ ਪੋਖ ਮਾਸੇ ਸੁਦੀ ਦੂਜ ਵੀਰਵਾਰ ਕੇ ਦਿਹੁੰ ਮਲਕਪੁਰ ਕੇ ਮਲ੍ਹਾਨ ਪ੍ਰਗਨਾਂ ਰੋਪੜ ਰੰਘੜਾਂ ਗੈਲ ਜੁਧ ਮੇਂ ਘਾਇਲ ਹੋਇ ਗਾਮ ਕੋਟਲਾ ਪ੍ਰਗਨਾਂ ਨਿਹੰਗ ਖਾਨ ਕੇ ਗ੍ਰਹਿ ਰਹਾ। ਪੋਖ ਮਾਸੇ ਸੁਦੀ ਚੌਥ ਸ਼ਨੀਵਾਰ ਕੇ ਦਿਵਸ ਡੇਢ ਪਹਿਰ ਰੈਣ ਗਈ ਸੁਆਸ ਪੂਰੇ ਹੋਏ। ਨਿਹੰਗ ਖਾਨ ਕੀ ਪਤ ਗੁਰੂ ਰਾਖੀ. ।
ਭਾਈ ਕਰਤਾਰ ਸਿੰਘ ਕਲਾਸਵਾਲੀਏ ਨੇ ਭਾਈ ਭਚਿੱਤਰ ਸਿੰਘ ਦੁਆਰਾ ਹਾਥੀ ਨੂੰ ਨਾਗਣੀ ਬਰਛੀ ਮਾਰ ਕੇ ਪਿਛਾਂਹ ਭਜਾਉਣ ਬਾਰੇ ਬਹੁਤ ਸੁਹਣੇ ਢੰਗ ਨਾਲ ਵਰਣਨ ਕੀਤਾ ਹੈ:
ਹਾਥੀ ਮਾਰ ਚੀਕਾਂ ਪਿਛਾਂ ਉੱਠ ਨੱਠਾ,
ਵੜਿਆ ਫੌਜ ਦੇ ਵਿਚ ਲਾਚਾਰ ਹੋਯਾ।
ਦਲ ਮਲ ਪਹਾੜੀਏ ਕਈ ਮਾਰੇ,
ਰੌਲਾ ਪੈ ਗਿਆ ਵੈਰੀ ਖਵਾਰ ਹੋਯਾ।
ਏਹ ਵੇਖ ਰਾਜੇ ਪਛਤਾਏ ਬਹੁਤੇ,
ਇਹ ਵੀ ਹੱਲਾ ਅਸਾਡਾ ਬੇਕਾਰ ਹੋਯਾ।
ਏਸ ਹਿਲਜੁਲੀ ਵਿਚ ‘ਕਰਤਾਰ ਸਿੰਘਾ’,
ਚੰਗਾ ਮੌਤ ਦਾ ਗਰਮ ਬਾਜਾਰ ਹੋਯਾ।
ਹਵਾਲੇ/ਟਿੱਪਣੀਆਂ
1. ਮਹਾਨ ਕੋਸ਼-ਭਾਈ ਕਾਨ੍ਹ ਸਿੰਘ ਨਾਭਾ।
2. ਸੂਰਜ ਪ੍ਰਕਾਸ਼ ਗ੍ਰੰਥ (ਜਿਲਦ 12)-ਭਾਈ ਸੰਤੋਖ ਸਿੰਘ
3. ਪੰਜਾਬੀ ਵੀਰ ਪਰੰਪਰਾ ਸਤਾਰ੍ਹਵੀਂ ਸਦੀ ਈ.-ਸ. ਸ਼ਮਸ਼ੇਰ ਸਿੰਘ ਅਸ਼ੋਕ।
4. ਗੁਰੂ ਗੋਬਿੰਦ ਸਿੰਘ ਔਰ ਉਨਕੀ ਹਿੰਦੀ ਕਵਿਤਾ-ਡਾ. ਮਹੀਪ ਸਿੰਘ (ਹਿੰਦੀ)।
5. ਰਾਸ਼ਟ੍ਰੀਯ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ-ਸ. ਦੁਰਲੱਭ ਸਿੰਘ।
6. ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ-ਲਾਲਾ ਦੌਲਤ ਰਾਏ।
7. ਅਠਾਰਵੀਂ ਸਦੀ ਵਿਚ ਬੀਰ ਪਰੰਪਰਾ ਦਾ ਵਿਕਾਸ-ਪ੍ਰਿੰ. ਸਤਿਬੀਰ ਸਿੰਘ।
8. ਯੁੱਗ ਪੁਰਸ਼-ਸ. ਰਣਬੀਰ ਸਿੰਘ।
9. ਗੁਰ ਬਿਲਾਸ ਪਾਤਸ਼ਾਹੀ 10-ਭਾਈ ਕੋਇਰ ਸਿੰਘ।
10. ਸਿੰਘ ਸਾਗਰ-ਕਵੀ ਬੀਰ ਸਿੰਘ ਬੱਲ।
11. ਕਥਾ ਪੁਰਾਤਨ ਇਉ ਸੁਣੀ (ਭਾਗ ਦੂਜਾ)-ਪ੍ਰਿੰ. ਸਤਿਬੀਰ ਸਿੰਘ।
12. ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ-ਡਾ. ਸੁਖਦਿਆਲ ਸਿੰਘ।
13. ਗੁਰੂ ਕੇ ਸ਼ੇਰ-ਡਾ. ਹਰਜਿੰਦਰ ਸਿੰਘ ਦਿਲਗੀਰ।
14. ਗੁਰੂ ਕੀਆਂ ਸਾਖੀਆਂ-ਪ੍ਰੋ. ਪਿਆਰਾ ਸਿੰਘ ਪਦਮ।
15. ਗੁਰ ਬਿਲਾਸ ਪਾਤਸ਼ਾਹੀ ਦਸਵੀਂ-ਭਾਈ ਸੁੱਖਾ ਸਿੰਘ।
16. ਪੰਜਾਬ ਦੀ ਵੀਰ ਪਰੰਪਰਾ-ਲਾਲ ਸਿੰਘ ਗਿਆਨੀ।
17. ਇਨਕਲਾਬੀ ਯੋਧਾ-ਸ. ਪਿਆਰਾ ਸਿੰਘ ਦਾਤਾ।
18. ਪੁਰਖ ਭਗਵੰਤ-ਪ੍ਰਿੰ. ਸਤਿਬੀਰ ਸਿੰਘ।
19. ਅਮਨ ਪੈਗੰਬਰ ਗੁਰੂ ਗੋਬਿੰਦ ਸਿੰਘ-ਡਾ. ਕੇ.ਐੱਸ.ਰਾਜੂ।
20. ਸਿੱਖ ਇਤਿਹਾਸ ਭਾਗ ਪਹਿਲਾ-ਸ. ਕਰਤਾਰ ਸਿੰਘ (ਸ਼੍ਰੋਮਣੀ ਗੁ: ਪ੍ਰ: ਕਮੇਟੀ)।
21. ਜੰਗਾਂ ਗੁਰੂ ਪਾਤਸ਼ਾਹਾਂ ਦੀਆਂ (ਉਕਤ)।
22. ਸ੍ਰੀ ਕਲਗੀਧਰ ਚਮਤਕਾਰ (ਪੂਰਬਾਰਧ)-ਭਾਈ ਵੀਰ ਸਿੰਘ।
23. ਸ੍ਰੀ ਗੁਰੂ ਦਸਮੇਸ਼ ਪ੍ਰਕਾਸ਼-ਕਰਤਾਰ ਸਿੰਘ ਗਿਆਨੀ।
24. ਗੁਰੂ ਗੋਬਿੰਦ ਸਿੰਘ-ਡਾ. ਗੋਪਾਲ ਸਿੰਘ (ਅੰਗਰੇਜ਼ੀ)।
ਲੇਖਕ ਬਾਰੇ
ਫਲੈਟ ਨੰ: ਬੀ-2, ਪਲਾਟ ਨੰ: 8, ਅਸ਼ੋਕਾ ਅਪਾਰਟਮੈਂਟ, ਸੈਕਟਰ 12, ਦਵਾਰਕਾ, ਨਵੀਂ ਦਿੱਲੀ-110078-02
- ਹੋਰ ਲੇਖ ਉਪਲੱਭਧ ਨਹੀਂ ਹਨ