ਚਮਕੌਰ ਦਾ ਯੁੱਧ ਵਿਸ਼ਵ-ਇਤਿਹਾਸ ਦਾ ਰੌਂਗਟੇ ਖੜ੍ਹੇ ਕਰ ਦੇਣ ਵਾਲਾ ਇਕ ਅਸਾਵਾਂ ਯੁੱਧ ਸੀ ਜਿਸ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਦੁੱਤੀ ਅਗਵਾਈ ਵਿਚ 40 ਸਿੰਘਾਂ ਨੇ ਅਜੀਬ ਕੌਤਕ ਵਿਖਾਏ। “ਜ਼ਫ਼ਰਨਾਮਹ” ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪ ਲਿਖਦੇ ਹਨ:
ਗੁਰਸਨਹ ਚਿਹ ਕਾਰੇ ਕੁਨੱਦ ਚਿਹਲ ਨਰ।
ਕਿ ਦਹ ਲੱਕ ਬਿਆਯਦ ਬਰੋ ਬੇਖ਼ਬਰ।
(ਚਾਲੀ ਭੁੱਖੇ ਭਾਣੇ ਕੀ ਕਰ ਸਕਦੇ ਹਨ, ਜੇਕਰ ਉਨ੍ਹਾਂ ਨੂੰ ਲੱਖਾਂ ਦੀ ਗਿਣਤੀ ਵਿਚ ਵਹੀਰ ਆ ਕੇ ਘੇਰ ਲਵੇ?)
ਇਹ ਯੁੱਧ 1704 ਈ. ਵਿਚ ਅਨੰਦਪੁਰ ਛੱਡ ਦੇਣ ਪਿੱਛੋਂ ਲੜਿਆ ਗਿਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਹਾੜੀ ਰਾਜਿਆਂ ਅਤੇ ਮੁਗ਼ਲ ਸਿਪਾਹਸਾਲਾਰਾਂ ਦੀਆਂ ਝੂਠੀਆਂ ਕਸਮਾਂ ’ਤੇ ਭਰੋਸਾ ਕਰਕੇ ਅਨੰਦਪੁਰ ਖਾਲੀ ਕਰਨਾ ਮੰਨ ਲਿਆ।
ਉਨ੍ਹਾਂ ਨੇ ਅਨੰਦਪੁਰ ਰਾਤ ਨੂੰ ਖਾਲੀ ਕੀਤਾ। ਬਿਕਰਮੀ ਸੰਮਤ 1762 ਦੀ 6-7 ਪੋਹ ਦੀ ਰਾਤ ਨੂੰ ਅਨੰਦਪੁਰ ਦਾ ਕਿਲ੍ਹਾ ਖਾਲੀ ਕੀਤਾ ਗਿਆ ਸੀ।1
ਸਾਰੇ ਵਾਅਦੇ ਭੁਲਾ ਕੇ ਤੇ ਖਾਧੀਆਂ ਕਸਮਾਂ ਛਿੱਕੇ ਟੰਗ ਕੇ ਮੁਗ਼ਲ ਸੂਬੇਦਾਰ ਤੇ ਪਹਾੜੀ ਰਾਜੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਉਨ੍ਹਾਂ ਦੇ ਸਿੱਖਾਂ ਦੇ ਲਹੂ ਦੇ ਪਿਆਸੇ ਹੋ ਗਏ ਤੇ ਹੱਥ ਧੋ ਕੇ ਮਗਰ ਪੈ ਗਏ। 7 ਪੋਹ ਨੂੰ ਸ਼ਾਹੀ ਟਿੱਬੀ ਅਤੇ ਸਰਸਾ ਨਦੀ ਉੱਪਰ ਘਮਸਾਨ ਦਾ ਯੁੱਧ ਹੋਇਆ। ਅਨੰਦਪੁਰ ਸਾਹਿਬ ਛੱਡਣ ਸਮੇਂ ਗੁਰੂ ਜੀ ਨਾਲ 1500 ਸਿੰਘ ਸਨ ਜਿਨ੍ਹਾਂ ਵਿਚ 500 ਘੋੜ-ਸਵਾਰ ਤੇ ਬਾਕੀ ਪਿਆਦਾ ਸਨ।2 ਰਾਤ ਨੂੰ ਅਚਾਨਕ ਹਮਲੇ ਹੋਣ ਕਾਰਨ ਸਾਰੇ ਸਿੰਘ ਖਿੰਡ-ਪੁੰਡ ਗਏ। ਇਸ ਹਫੜਾ-ਦਫੜੀ ਵਿਚ ਗੁਰੂ ਜੀ ਦਾ ਪਰਵਾਰ ਵੀ ਨਿਖੜ ਗਿਆ। ਬਹੁਤ ਸਾਰਾ ਸਾਹਿਤ ਭੀ ਸਰਸਾ ਦੀ ਭੇਟ ਚੜ੍ਹ ਗਿਆ।
ਗੁਰੂ ਸਾਹਿਬ ਨੇ ਭਾਈ ਉਦੈ ਸਿੰਘ ਨੂੰ 50 ਸਿੰਘ ਦੇ ਕੇ ਸ਼ਾਹੀ ਟਿੱਬੀ ’ਤੇ ਤਾਇਨਾਤ ਕੀਤਾ, ਇਕ ਜਥਾ ਭਾਈ ਜੀਵਨ ਸਿੰਘ ਦੀ ਅਗਵਾਈ ਵਿਚ ਪਿੰਡ ਝਖੀਆਂ ਰੇਲ3 ਤੇ ਇਕ ਜਥਾ ਸਰਸਾ ਦੇ ਦੱਖਣੀ ਕੰਢੇ ਕੋਲ ਨਿਯੁਕਤ ਕੀਤਾ ਸੀ। ਇਕ ਜਥਾ ਸਰਸਾ ਪਾਰ ਕਰਕੇ ਰੋਪੜ ਵੱਲ ਚਲਾ ਗਿਆ ਸੀ। ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦੇ ਆਪਣੀ ਦਾਦੀ ਮਾਤਾ ਗੁਜਰੀ ਜੀ ਦੇ ਨਾਲ ਗੰਗੂ ਰਸੋਈਏ ਦੇ ਨਾਲ ਉਸ ਦੇ ਪਿੰਡ ਸਹੇੜੀ (ਖੇੜੀ) ਵੱਲ ਚਲੇ ਗਏ। ਗੁਰੂ ਸਾਹਿਬ ਦੇ ਮਹਿਲ ਭਾਈ ਮਨੀ ਸਿੰਘ ਨਾਲ ਦਿੱਲੀ ਵੱਲ ਚਲੇ ਗਏ। ਗੁਰੂ ਜੀ ਆਪ ਸਿੰਘਾਂ ਨਾਲ ਕੋਟਲਾ ਨਿਹੰਗ ਖਾਂ ਪਹੁੰਚ ਗਏ।2
ਮੁਗ਼ਲ ਫੌਜਾਂ ਨਾਲ ਲੋਹਾ ਲੈਂਦੇ ਹੋਏ ਭਾਈ ਜੀਵਨ ਸਿੰਘ (ਭਾਈ ਜੈਤਾ ਜੀ) ਤੇ 100 ਸਿੰਘ ਸ਼ਹਾਦਤਾਂ ਪਾ ਗਏ। ਭਾਈ ਉਦੈ ਸਿੰਘ ਤੇ ਉਨ੍ਹਾਂ ਦੇ 50 ਸਾਥੀ ਸਿੰਘ ਸ਼ਾਹੀ ਟਿੱਬੀ ’ਤੇ ਸ਼ਹੀਦ ਹੋ ਗਏ। ਭਾਈ ਬਚਿੱਤਰ ਸਿੰਘ ਦਾ ਜਥਾ ਮਲਕਪੁਰ ਰੰਘੜਾਂ ਦੀ ਜੂਹ ਵਿਚ ਮੁਗ਼ਲ ਫੌਜਾਂ ਨਾਲ ਭਿੜ ਪਿਆ। ਭਾਈ ਬਚਿੱਤਰ ਸਿੰਘ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਸਾਹਿਬਜ਼ਾਦਾ ਅਜੀਤ ਸਿੰਘ, ਭਾਈ ਮਦਨ ਸਿੰਘ ਤੇ ਉਨ੍ਹਾਂ ਦੇ ਸਾਥੀ ਚੁੱਕ ਕੇ ਕੋਟਲਾ ਨਿਹੰਗ ਖਾਂ ਲੈ ਗਏ।
ਗੁਰੂ ਸਾਹਿਬ ਕੋਟਲਾ ਨਿਹੰਗ ਖਾਂ ਛੱਡ ਕੇ ਚਮਕੌਰ ਵੱਲ ਤੁਰ ਪਏ। ਗੁਰੂ ਜੀ ਚੌਧਰੀ ਗਰੀਬੂ ਦੀ ਹਵੇਲੀ ਆ ਕੇ ਰੁਕੇ ਸਨ। ਇੱਥੇ ਹੀ ਸ਼ਾਹੀ ਫੌਜ, ਰੋਪੜ ਦੇ ਰੰਘੜ ਤੇ ਮਲੇਰਕੋਟਲੇ ਦੇ ਪਠਾਣਾਂ ਤੇ ਆਲੇ-ਦੁਆਲੇ ਦੇ ਮੁਲਖਈਏ ਨੇ ਮੁੱਠੀ ਭਰ ਸਿੰਘਾਂ ਨੂੰ ਆ ਕੇ ਘੇਰ ਲਿਆ।
ਚਮਕੌਰ ਦਾ ਯੁੱਧ ਤੇ ਗੁਰੂ ਜੀ ਦੀ ਫੌਜੀ ਕਲਾ:
ਲੱਖਾਂ ਦੇ ਮੁਕਾਬਲੇ 40 ਸਿੰਘਾਂ ਲਈ ਇਹ ਅਸਾਵਾਂ ਯੁੱਧ ਜਿੱਤਣਾ ਬਹੁਤ ਔਖਾ ਕਾਰਜ ਸੀ ਪਰ ਫਿਰ ਵੀ ਗੁਰੂ ਜੀ ਦੀਆਂ ਯੁੱਧ-ਵਿਉਂਤਾਂ ਨੇ ਵੈਰੀ ਨੂੰ ਚੰਗੀ ਟੱਕਰ ਦਿੱਤੀ। ਗੜ੍ਹੀ ਦੀ ਰਾਖੀ ਲਈ ਚੌਹਾਂ ਬਾਹੀਆਂ ’ਤੇ ਅੱਠ-ਅੱਠ ਸਿੰਘ ਨਿਯੁਕਤ ਕੀਤੇ। ਭਾਈ ਮਦਨ ਸਿੰਘ ਤੇ ਭਾਈ ਕਾਠਾ ਸਿੰਘ ਨੂੰ ਡਿਉਢੀ ਜਾਂ ਪ੍ਰਵੇਸ਼ ਦੁਆਰ ’ਤੇ ਨਿਯੁਕਤ ਕਰ ਦਿੱਤਾ ਗਿਆ। ਦੋਵੇਂ ਸਾਹਿਬਜ਼ਾਦੇ (ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ) ਤੇ ਪੰਜ ਪਿਆਰੇ ਮੁਕਾਬਲੇ ਲਈ ਪਹਿਲੀ ਮੰਜ਼ਲ ’ਤੇ ਜਾ ਡਟੇ। ਸਾਰਾ ਦਿਨ ਯੁੱਧ ਹੁੰਦਾ ਰਿਹਾ ਤੇ ਵੈਰੀ ਦੇ ਗੜ੍ਹੀ ਵਿਚ ਦਾਖਲ ਹੋਣ ਦੇ ਸਾਰੇ ਜਤਨ ਅਸਫਲ ਕਰ ਦਿੱਤੇ ਗਏ।5 ਜਦੋਂ ਗੋਲਾ ਬਾਰੂਦ ਤੇ ਤੀਰਾਂ ਦੀ ਘਾਟ ਹੋ ਗਈ ਤਾਂ ਸਿੰਘ ਦੋ-ਹੱਥੀ ਲੜਾਈ ਲਈ ਮੈਦਾਨ ਵਿਚ ਜਾ ਉਤਰੇ। ਪਹਿਲੇ ਦੋ ਹੱਲੇ ਵਾਰੋ-ਵਾਰੀ ਸਾਹਿਬਜ਼ਾਦਾ ਅਜੀਤ ਸਿੰਘ ਜੀ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੇ ਕੀਤੇ। ਸਾਹਿਬਜ਼ਾਦੇ ਦੋ ਹੱਥ ਵਿਖਾ ਕੇ ਸ਼ਹਾਦਤ ਦਾ ਜਾਮ ਪੀ ਗਏ। ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਅੱਲਾ ਯਾਰ ਖਾਂ ਜੋਗੀ ਨੇ ਇਸ ਤਰ੍ਹਾਂ ਲਿਖਿਆ ਹੈ:
ਬੱਸ, ਏਕ ਹਿੰਦ ਮੇਂ ਤੀਰਥ ਹੈ, ਯਾਤ੍ਰਾ ਕੇ ਲਿਯੇ।
ਕਟਾਏ ਬਾਪ ਨੇ ਬੱਚੇ ਜਹਾਂ, ਖੁਦਾ ਕੇ ਲਿਯੇ।
ਚਮਕ ਹੈ ਮਿਹਰ ਕੀ ਚਮਕੌਰ! ਤੇਰੇ ਜ਼ੱਰੋਂ ਮੇਂ।
ਯਹੀਂ ਸੇ ਬਨ ਕੇ ਸਤਾਰੇ ਗਏ ਸਮਾੱ ਕੇ ਲਿਯੇ।
ਗੁਰੂ ਗੋਬਿੰਦ ਕੇ ਲਖਤਿ-ਜਿਗਰ ਅਜੀਤ-ਓ-ਜੁਝਾਰ।
ਫਲਕ ਪਿ ਇੱਕ, ਯਹਾਂ ਦੋ ਚਾਂਦ ਹੈ ਜ਼ਿਯਾ ਕੇ ਲਿਯੇ।
….. ….. ….. …..
ਯਿਹ ਹੈ ਵੁਹ ਜਾ ਜਹਾਂ ਚਾਲੀਸ ਤਨ ਸ਼ਹੀਦ ਹੂਏ,
ਖ਼ਤਾਬ ‘ਸਰਵਰੀ’ ਸਿੰਘੋਂ ਨੇ ਸਰ ਕਟਾ ਕੇ ਲੀਏ।
ਦਿਲਾਈ ਪੰਤ ਕੋ ਸਰ-ਬਾਜ਼ੀਓ ਸੇ ਸਰਦਾਰੀ,
ਬਰਾਇ ਕੌਮ ਯਿਹ ਰੁਤਬੇ ਲਹੂ ਬਹਾ ਕੇ ਲੀਏ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜ਼ਫ਼ਰਨਾਮੇ ਵਿਚ ਮੁਗਲਾਂ ਦੀਆਂ ਝੂਠੀਆਂ ਕਸਮਾਂ ਬਾਰੇ ਔਰੰਗਜ਼ੇਬ ਨੂੰ ਲਿਖਿਆ ਹੈ:
ਹਰਾਂ ਕਸ ਕਿ ਕ਼ਉਲਿ ਕੁਰਆਂ ਆਯਦਸ਼।
ਨ ਜ਼ੋ ਬਸਤਨੋ ਕੁਸ਼ਤਨੋ ਬਸਤਨ ਬਾਯਦਸ਼।
ਐ ਔਰੰਗਜ਼ੇਬ ਤੇਰੀ ਫੌਜ ਕਾਲੀਆਂ ਵਰਦੀਆਂ ਪਾ ਕੇ ਮਧੂ ਮੱਖੀਆਂ ਵਾਂਗ ਆ ਗਈ। ਜੋ ਵੀ ਕੰਧ ਵੱਲ ਵਧਿਆ,ਉਹ ਰੱਤ ਵਿਚ ਡੁੱਬ ਗਿਆ। ਪਹਿਲਾਂ ਨਾਹਰ ਖਾਂ, ਫਿਰ ਖ੍ਵਾਜਾ ਜ਼ਫਰਬੇਗ ਮਾਰੇ ਗਏ। ਡੀਂਗਾਂ ਮਾਰਦੇ ਅਨੇਕਾਂ ਪਠਾਣ ਜਾਨ ਬਚਾ ਕੇ ਨੱਸ ਗਏ। ਪਰ ਲੜਾਈ ਵਿਚ ਇਕੱਲੀ ਵੀਰਤਾ ਕੀ ਕਰ ਸਕਦੀ ਸੀ ਕਿਉਂਕਿ ਇਕ ਪਾਸੇ ਸਿਰਫ਼ ਚਾਲੀ ਸਨ ਤੇ ਦੂਸਰੇ ਪਾਸੇ ਹਜ਼ਾਰਾਂ ਤੇ ਲੱਖਾਂ ਦੀ ਗਿਣਤੀ ਵਿਚ ਫੌਜਾਂ ਤੇ ਮੁਲਖਈਆ।
ਹਮ ਆਖ਼ਿਰ ਚਿਹ ਮਰਦੀ ਕੁਨਦ ਕਾਰਜ਼ਾਰ।
ਕਿ ਬਰ ਚਿਹਲ ਤਨ ਆਯਦਸ਼ ਬੇ ਸ਼ੁਮਾਰ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਗੜ੍ਹੀ ਛੱਡ ਕੇ ਚਲੇ ਜਾਣ ਦਾ ਹੁਕਮ ਦੇਣ ਵਾਲੇ ਪੰਜਾਂ ਸਿੰਘ ਨਾਲ ਕੁਝ ਹੀ ਹੋਰ ਸਿੰਘ ਬਚੇ ਸਨ। ਪੰਜ ਪਿਆਰਿਆਂ ਵਿੱਚੋਂ ਭਾਈ ਧਰਮ ਸਿੰਘ ਤੇ ਭਾਈ ਦਇਆ ਸਿੰਘ ਤੇ ਤਿੰਨ ਹੋਰ ਭਾਈ ਮਾਨ ਸਿੰਘ, ਭਾਈ ਸੰਗਤ ਸਿੰਘ ਤੇ ਭਾਈ ਸੰਤ ਸਿੰਘ। ਭਾਈ ਸੰਗਤ ਸਿੰਘ ਨੂੰ ਕਲਗੀ ਸਜਾ ਕੇ ਗੁਰੂ ਜੀ ਨੇ ਆਪਣੀ ਥਾਂ ’ਤੇ ਬਿਠਾ ਦਿੱਤਾ ਤਾਂ ਜੋ ਮੁਗ਼ਲ ਫੌਜ ਨੂੰ ਭੁਲੇਖਾ ਬਣਿਆ ਰਹੇ। ਭਾਈ ਸੰਤ ਸਿੰਘ ਭਾਈ ਸੰਗਤ ਸਿੰਘ ਦੇ ਨਾਲ ਹੀ ਰਿਹਾ ਤੇ ਬਾਕੀ ਤਿੰਨੇ ਸਿੰਘ ਗੁਰੂ ਜੀ ਨੂੰ ਅਗਲੀ ਸਵੇਰ ਵੱਖ-ਵੱਖ ਮਾਛੀਵਾੜੇ ਜਾ ਮਿਲੇ।
ਗੁਰੂ ਜੀ ਨੇ ਜਦੋਂ ਜਾਣ ਸਮੇਂ ਜੈਕਾਰਾ ਛੱਡਿਆ ਤਾਂ ਅੱਬੜਵਾਹੀ ਮੁਗ਼ਲ ਫੌਜ ਆਪਸ ਵਿਚ ਹੀ ਭਿੜ ਗਈ ਤੇ ਇਸ ਰੌਲੇ-ਗੋਲੇ ਵਿਚ ਖਿਜ਼ਰ ਖਾਂ ਲਾਹੌਰ ਤੇ ਮੁਹੰਮਦ ਖਾਂ ਬਿਜਵਾੜੀਆ ਆਪਣੇ ਬੰਦੇ ਹੀ ਮਰਵਾ ਬੈਠੇ।
ਗੁਰੂ ਜੀ ਦਾ ਇਕ ਵੱਡੀ ਫੌਜ ਦੇ ਘੇਰੇ ਵਿੱਚੋਂ ਬਚ ਕੇ ਨਿਕਲ ਜਾਣਾ ਇਤਿਹਾਸਕ ਤੇ ਸੈਨਿਕ ਦ੍ਰਿਸ਼ਟੀ ਵਿਚ ਇਕ ਕ੍ਰਿਸ਼ਮਾ ਹੀ ਹੈ। ਕੁੱਲ ਮਿਲਾ ਕੇ ਚਮਕੌਰ ਦਾ ਯੁੱਧ ਨਾ ਸਿਰਫ਼ ਸਿੱਖ ਇਤਿਹਾਸ ਦਾ ਸਗੋਂ ਵਿਸ਼ਵ-ਇਤਿਹਾਸ ਦਾ ਵੀ ਇਕ ਅਦਭੁਤ ਸਾਕਾ ਹੈ।
ਲੇਖਕ ਬਾਰੇ
#21/14 ਜ਼ੀਰਾ, ਜ਼ਿਲ੍ਹਾ ਫਿਰੋਜ਼ਪੁਰ-142047.
- ਹੋਰ ਲੇਖ ਉਪਲੱਭਧ ਨਹੀਂ ਹਨ