editor@sikharchives.org

ਦਾਸਨ ਕੇ ਬਸਿ ਬਿਰਦ ਸੰਭਾਰਾ

ਸਤਿਗੁਰ ਜੀ ਦਇਆਲ ਹੋਣ ਤਾਂ ਸਭ ਬਰਕਤਾਂ ਬਖਸ਼ ਦਿੰਦੇ ਹਨ ਤੇ ਬਖਸ਼ੀਆਂ ਦਾਤਾਂ ’ਚੋਂ ਜਦੋਂ ਗੁਰੂ ਦੇ ਲੋੜਵੰਦ ਸੇਵਕਾਂ ਨੂੰ ਲੋੜ ਪੈ ਜਾਵੇ ਤਾਂ ਧਨੀ ਸਿੱਖ ਵੱਲੋਂ ਨਾਂਹ ਹੋ ਜਾਵੇ ਤਾਂ ਫਿਰ ਨਜ਼ਰ ਪੁਠੀ ਵੀ ਹੋ ਜਾਂਦੀ ਹੈ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਜਦੋਂ ਮੁਸ਼ਕਲਾਂ ਬਣਦੀਆਂ ਹਨ ਤਾਂ ਸਭ ਸਾਕ-ਸਨਬੰਧੀ ਭੱਜ ਜਾਂਦੇ ਹਨ, ਦੁਸ਼ਮਣ ਵੀ ਉਸ ਵੇਲੇ ਭਾਰੂ ਹੋ ਜਾਂਦੇ ਹਨ, ਸਭ ਆਸਰੇ ਖਤਮ ਹੋ ਜਾਂਦੇ ਹਨ ਐਸੇ ਸਮੇਂ ਪਰਮਾਤਮਾ ਹਿਰਦੇ ਵਿਚ ਯਾਦ ਆਵੇ ਤਾਂ ਫਿਰ ਤੱਤੀ ਵਾ ਨਹੀਂ ਲੱਗਦੀ। ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਫੁਰਮਾਨ ਹੈ:

ਜਾ ਕਉ ਮੁਸਕਲੁ ਅਤਿ ਬਣੈ ਢੋਈ ਕੋਇ ਨ ਦੇਇ॥
ਲਾਗੂ ਹੋਏ ਦੁਸਮਨਾ ਸਾਕ ਭਿ ਭਜਿ ਖਲੇ॥
ਸਭੋ ਭਜੈ ਆਸਰਾ ਚੁਕੈ ਸਭੁ ਅਸਰਾਉ॥
ਚਿਤਿ ਆਵੈ ਓਸੁ ਪਾਰਬ੍ਰਹਮੁ ਲਗੈ ਨ ਤਤੀ ਵਾਉ॥ (ਪੰਨਾ 70)

ਅਕਾਲ ਪੁਰਖ ਆਪਣੇ ਭਗਤਾਂ ਦੀ ਸਦਾ ਪੈਜ ਰੱਖਦਾ ਹੈ। ਇਸੇ ਤਰ੍ਹਾਂ ਸਤਿਗੁਰ ਜੀ ਵੀ ਆਪਣੇ ਸੇਵਕਾਂ ਦੀ ਹਰ ਮੁਸ਼ਕਲ ਵਿਚ ਸਹਾਇਤਾ ਕਰਦੇ ਹਨ। ਸਤਿਗੁਰ ਜੀ ਦਇਆਲ ਹੋਣ ਤਾਂ ਸਭ ਬਰਕਤਾਂ ਬਖਸ਼ ਦਿੰਦੇ ਹਨ ਤੇ ਬਖਸ਼ੀਆਂ ਦਾਤਾਂ ’ਚੋਂ ਜਦੋਂ ਗੁਰੂ ਦੇ ਲੋੜਵੰਦ ਸੇਵਕਾਂ ਨੂੰ ਲੋੜ ਪੈ ਜਾਵੇ ਤਾਂ ਧਨੀ ਸਿੱਖ ਵੱਲੋਂ ਨਾਂਹ ਹੋ ਜਾਵੇ ਤਾਂ ਫਿਰ ਨਜ਼ਰ ਪੁਠੀ ਵੀ ਹੋ ਜਾਂਦੀ ਹੈ। ਗੰਗੂ ਸ਼ਾਹ ਬਸੀ ਖੱਤਰੀ ਗੜ੍ਹਸ਼ੰਕਰ (ਹੁਸ਼ਿਆਰਪੁਰ) ਦਾ ਵਸਨੀਕ ਲਾਹੌਰ ਵਿਖੇ ਆਪਣਾ ਧਨ ਦੇ ਵਣਜ ਦਾ ਵਿਹਾਰ ਕਰਦਾ ਸੀ। ਇਕ ਵਾਰ ਉਸ ਦਾ ਕਾਰੋਬਾਰ ਵਿਗੜ ਗਿਆ ਅਤੇ ਕਾਰੋਬਾਰ ਵਿਚ ਮੰਦਾ ਪੈ ਗਿਆ, ਰਕਮਾਂ ਫਸ ਗਈਆਂ। ਚਹੁੰ ਪਾਸਿਆਂ ਤੋਂ ਸੰਕਟ ਹੀ ਸੰਕਟ ਸਨ। ਉਸ ਨੇ ਬੜੇ ਉਪਾਅ ਕੀਤੇ ਪਰ ਅਸਫ਼ਲ ਰਿਹਾ। ਉਸ ਨੇ ਸਤਿਗੁਰ ਅਮਰਦਾਸ ਜੀ ਦੀ ਮਹਿਮਾ ਸੁਣ ਰੱਖੀ ਸੀ। ਅਖੀਰ ਆਪਣੀ ਟੇਕ ਸ੍ਰੀ ਗੁਰੂ ਅਮਰਦਾਸ ਜੀ ਉੱਪਰ ਰੱਖ ਲਈ ਤੇ ਇਹ ਦ੍ਰਿੜ੍ਹ-ਵਿਸ਼ਵਾਸ ਕਰਕੇ ਕਿ ਮੈਂ ਸਤਿਗੁਰਾਂ ਦੀ ਸ਼ਰਨ ਜਾਵਾਂ ਤੇ ਮੇਰਾ ਦੁੱਖਾਂ ਤੋਂ ਪਾਰ ਉਤਾਰਾ ਹੋ ਜਾਵੇਗਾ ਉਹ ਸ੍ਰੀ ਗੋਇੰਦਵਾਲ ਸਾਹਿਬ ਪਹੁੰਚ ਗਿਆ। ਉਸ ਸਮੇਂ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਬਉਲੀ ਦੀ ਸੇਵਾ ਚੱਲ ਰਹੀ ਸੀ। ਸਭ ਸੰਗਤ ਪ੍ਰੇਮ ਨਾਲ ਸੇਵਾ ਕਰ ਰਹੀ ਸੀ। ਪਹਿਲੇ ਪੰਗਤ ਕਰਕੇ ਪ੍ਰੇਮ ਸਹਿਤ ਸਤਿਗੁਰੂ ਜੀ ਦੀ ਹਜ਼ੂਰੀ ਗਿਆ ਅਤੇ ਦਰਸ਼ਨ ਕਰਕੇ ਨਿਹਾਲ ਹੋ ਗਿਆ। ‘ਰੱਖਿਆ ਕਰੋ, ਰੱਖਿਆ ਕਰੋ’ ਬੋਲਦਾ ਚਰਨ-ਕਮਲਾਂ ਤੇ ਢਹਿ ਪਿਆ। ਅੰਤਰਜਾਮੀ ਸਤਿਗੁਰ ਜੀ ਭਾਈ ਗੰਗੂ ਸ਼ਾਹ ਦੀ ਨਿਮਰਤਾ ’ਤੇ ਪ੍ਰਸੰਨ ਹੋਏ ਤੇ ਪੁੱਛਿਆ, ‘ਦੱਸ ਭਾਈ, ਤੇਰਾ ਕੀ ਹਾਲ ਹੈ?’ ਇਹ ਸੁਣ ਕੇ ਉਸ ਨੇ ਆਪਣਾ ਸਾਰਾ ਦੁੱਖ ਦੱਸ ਦਿੱਤਾ ਕਿ ‘ਪ੍ਰਭੂ ਜੀ, ਮੈਨੂੰ ਧਨ ਦਾ ਬਹੁਤ ਘਾਟਾ ਪੈ ਗਿਆ ਹੈ।’ ਸਤਿਗੁਰ ਜੀ ਨੇ ਬਚਨ ਕੀਤਾ ‘ਤੂੰ ਦਿੱਲੀ ਜਾ ਕੇ ਵਪਾਰ ਸ਼ੁਰੂ ਕਰ ਲੈ। ਸਤਿਸੰਗਤ ਦੀ ਸੇਵਾ ਕਰਿਆ ਕਰ। ਚਿੰਤਾ ਨਾ ਕਰ, ਬਹੁਤ ਧਨ ਪ੍ਰਾਪਤ ਹੋਵੇਗਾ।’ ਸਤਿਗੁਰਾਂ ਦੀ ਰਹਿਮਤ ਸਦਕਾ ਭਾਈ ਗੰਗੂ ਦਾ ਕਾਰੋਬਾਰ ਚੱਲ ਪਿਆ। ਘਰ ਵਿਚ ਉਸੇ ਤਰ੍ਹਾਂ ਧਨ ਆਉਣ ਲੱਗਾ। ਉਸ ਦਾ ਵਿਸ਼ਵਾਸ਼ ਵਧ ਗਿਆ ਤੇ ਉਸ ਦਾ ਨਾਮ ਸਭ ਸ਼ਹਿਰਾਂ ਵਿਚ ਫੈਲ ਗਿਆ। ਇਸ ਤਰ੍ਹਾਂ ਸਮਾਂ ਬੀਤਦਾ ਗਿਆ। ਇਕ ਵਾਰ ਇਕ ਗਰੀਬ ਬ੍ਰਾਹਮਣ ਸਤਿਗੁਰਾਂ ਦੀ ਸ਼ਰਨ ਆਇਆ ਤੇ ਬੇਨਤੀ ਕੀਤੀ, ‘ਹੇ ਸਤਿਗੁਰ ਜੀਉ! ਮੇਰੇ ਘਰ ਜਵਾਨ ਲੜਕੀ ਹੈ। ਮੈਨੂੰ ਕੁਝ ਧਨ ਦਿਉ ਤਾਂ ਜੋ ਮੈਂ ਲੜਕੀ ਦਾ ਵਿਆਹ ਕਰ ਲਵਾਂ। ਕਰਜ਼ੇ ਅਤੇ ਬਲਵਾਨ ਦੁਸ਼ਮਣ ਦਾ ਉਨਾ ਦੁੱਖ ਨਹੀਂ ਹੁੰਦਾ ਜਿੰਨਾ ਇਕ ਪਿਤਾ ਨੂੰ ਕੁਆਰੀ ਲੜਕੀ ਨੂੰ ਵੇਖ ਕੇ ਹੁੰਦੈ।’

ਸੁਖਾਂ ਦੀ ਪੂੰਜੀ ਸਤਿਗੁਰ ਜੀ ਨੇ 50 ਰੁਪਏ ਚਾਂਦੀ ਦੇ ਸਿੱਕਿਆਂ ਦੀ ਹੁੰਡੀ ਭਾਈ ਗੰਗੂ ਸ਼ਾਹ ਦੇ ਨਾਂ ਬਣਾ ਕੇ ਦਿੱਤੀ। ਬ੍ਰਾਹਮਣ ਨੇ ਦਿੱਲੀ ਪਹੁੰਚ ਕੇ ਹੁੰਡੀ ਵਾਲਾ ਕਾਗਜ ਭਾਈ ਗੰਗੂ ਸ਼ਾਹ ਨੂੰ ਦਿੱਤਾ ਜਿਸ ਨੂੰ ਵੇਖ ਕੇ ਉਹ ਹੈਰਾਨ ਹੋ ਗਿਆ ਤੇ ਚੁੱਪ ਰਿਹਾ ਅਤੇ ਉਸ ਨੇ ਧਨ ਵੀ ਨਾ ਦਿੱਤਾ। ਦੁਖੀ ਹਿਰਦਾ ਲੈ ਕੇ ਬ੍ਰਾਹਮਣ ਵਾਪਸ ਮੁੜ ਸਤਿਗੁਰ ਜੀ ਕੋਲ ਆਇਆ। ਅੰਤਰਜਾਮੀ, ਸਤਿਗੁਰ ਜੀ ਨੇ ਜਾਣ ਲਿਆ ਕਿ ਗੰਗੂ ਨੂੰ ਧਨ ਦਾ ਹੰਕਾਰ ਹੋ ਗਿਆ ਹੈ। ਸਤਿਗੁਰ ਜੀ ਨੇ ਵਿਚਾਰ ਦਿੱਤੀ ਕਿ ‘ਮਾਇਆ ਦਾ ਸੁਭਾਅ ਹੀ ਅਜਿਹਾ ਹੈ ਕਿ ਜਿਸ ਕੋਲ ਜਾਂਦੀ ਹੈ ਉਸ ਦੀ ਮੱਤ ਮਾਰੀ ਜਾਂਦੀ ਹੈ। ਗੁਰੂ ਅਤੇ ਨਿਰੰਕਾਰ ਵੀ ਉਸ ਨੂੰ ਵਿੱਸਰ ਜਾਂਦੇ ਹਨ। ਲਾਲਚ ਵਿਚ ਲੱਗ ਕੇ ਮਨੁੱਖ ਕਸ਼ਟਾਂ ਵਿਚ ਪੈ ਜਾਂਦਾ ਹੈ। ਪੈਸਾ ਮਨੁੱਖ ਨੂੰ ਬਾਵਰਾ ਕਰ ਦਿੰਦਾ ਹੈ। ਉਹ ਠੀਕ ਜਾਂ ਗਲਤ ਦੀ ਕੋਈ ਵਿਚਾਰ ਕਰਨ ਤੋਂ ਅਸਮਰੱਥ ਹੁੰਦਾ ਹੈ। ਸਤਿਗੁਰਾਂ ਨੇ ਬ੍ਰਾਹਮਣ ਨੂੰ ਕਿਸੇ ਹੋਰ ਸਿੱਖ ਤੋਂ ਧਨ ਦਿਵਾ ਦਿੱਤਾ ਤੇ ਲੜਕੀ ਦਾ ਵਿਆਹ ਕਰਕੇ ਉਹ ਖੁਸ਼ ਹੋ ਗਿਆ।

ਕਰਨੀ ਰੱਬ ਦੀ ਉਸ ਦਿਨ ਤੋਂ ਗੰਗੂ ਸ਼ਾਹ ਦਾ ਧਨ ਘਟਣਾ ਸ਼ੁਰੂ ਹੋ ਗਿਆ।ਦਿਨਾਂ ਵਿਚ ਹੀ ਉਹ ਕੰਗਾਲ ਹੋ ਗਿਆ, ਤਦ ਉਸ ਨੂੰ ਆਪਣੇ ਕੀਤੇ ਦੀ ਸੋਝੀ ਹੋਈ ਕਿ ‘ਸਤਿਗੁਰ ਜੀ ਤੋਂ ਮੈਂ ਬੇਮੁਖ ਹੋ ਗਿਆ ਹਾਂ, ਏਸੇ ਕਰਕੇ ਮੇਰਾ ਸਾਰਾ ਧਨ ਚਲਾ ਗਿਆ ਏ। ਗੁਰੂ ਤੋਂ ਬਗੈਰ ਹੁਣ ਕੌਣ ਮੇਰਾ ਮਦਦਗਾਰ ਹੈ? ਹੁਣ ਮੇਰੇ ਲਈ ਸਤਿਗੁਰੂ ਜੀ ਦਾ ਸੇਵਕ ਬਣ ਜਾਣਾ ਠੀਕ ਹੋਵੇਗਾ। ਮੈਂ ਜਗਤ-ਬਖ਼ਸ਼ਿੰਦ ਸਤਿਗੁਰ ਦੀ ਸ਼ਰਨ ਜਾਵਾਂਗਾ ਤੇ ਹਰ ਤਰ੍ਹਾਂ ਨਾਲ ਪਾਤਸ਼ਾਹ ਦੀ ਸੇਵਾ ਮੈਂ ਦਰ ਉੱਤੇ ਜਾ ਕੇ ਕਰਾਂਗਾ, ਝਾੜੂ ਦੇਵਾਂਗਾ, ਪਾਣੀ ਢੋਵਾਂਗਾ, ਭਾਂਡੇ ਮਾਂਜਾਂਗਾ।’ ਉਹ ਸ੍ਰੀ ਗੋਇੰਦਵਾਲ ਸਾਹਿਬ ਪਹੁੰਚ ਗਿਆ। ਬਉਲੀ ਦੀ ਸੇਵਾ ਅਜੇ ਚੱਲ ਰਹੀ ਸੀ। ਭਾਈ ਗੰਗੂ ਸ਼ਾਹ ਚੁੱਪਚਾਪ ਸੇਵਾ ਵਿਚ ਜੁੱਟ ਗਿਆ। ਸਤਿਗੁਰ ਜੀ ਜਾਣੀ-ਜਾਣ ਸਨ ਪਰ ਉਨ੍ਹਾਂ ਨਾ ਗੰਗੂ ਨੂੰ ਕੋਲ ਸੱਦਿਆ ਤੇ ਨਾ ਹੀ ਮੁਖ ’ਚੋਂ ਕੁਝ ਕਿਹਾ’, ਕੀਮਤੀ ਕੱਪੜੇ ਪਹਿਨੇ ਗੰਗੂ ਸ਼ਾਹ ਨੇ ਸਭ ਲੋਕ-ਲਾਜ ਤੇ ਕੁਲ ਦੀ ਰੀਤ, ਖਾਣ-ਪੀਣ ਦਾ ਆਦਿ ਦਾ ਤਿਆਗ ਕਰ ਦਿੱਤਾ। ਸਭ ਹੋਸ਼-ਹਵਾਸ ਭੁੱਲ ਕੇ ਮਸਤ ਹੋ ਕੇ ਸੇਵਾ ਵਿਚ ਲੱਗ ਗਿਆ ਤੇ ਪ੍ਰੇਮ-ਰਸ ਵਿਚ ਡੁੱਬ ਗਿਆ। ਨਾ ਕੁਝ ਮੂੰਹ ’ਚੋਂ ਬੋਲਦਾ ਤੇ ਨਾ ਕੰਨਾਂ ਨਾਲ ਸੁਣਦਾ। ਸੰਸਾਰ ਦੇ ਕਾਰ-ਵਿਹਾਰ ਸਭ ਛੱਡ ਦਿੱਤੇ। ਸੇਵਾ-ਸਾਧਨਾ ਨਾਲ ਉਤਸ਼ਾਹ ਪੈਦਾ ਹੋ ਗਿਆ ਤੇ ਅੰਤਰ-ਆਤਮਾ ਨਾਲ ਬਿਰਤੀ ਲਗਾ ਲਈ। ਹਿਰਦੇ ਵਿਚ ਪ੍ਰੇਮ ਦਾ ਪ੍ਰਵਾਹ ਵਹਿਣ ਲੱਗਾ। ਫਿਰ ਚਿੰਤਾ ਤੇ ਦੁੱਖ ਇਸ ਪ੍ਰਵਾਹ ਅੱਗੇ ਠਹਿਰ ਨਾ ਸਕੇ। ਦਿਨ-ਰਾਤ ਦੇ ਧਿਆਨ ਤੇ ਸੇਵਾ-ਸਾਧਨਾ ਨਾਲ ਸਤਿਗੁਰਾਂ ਨਾਲ ਪ੍ਰੇਮ-ਖਿੱਚ ਇੰਨੀ ਹੋ ਗਈ ਕਿ ਸਤਿਗੁਰਾਂ ਤੋਂ ਰਿਹਾ ਨਾ ਗਿਆ ‘ਤੂ ਭਗਤਾ ਕੈ ਵਸਿ ਭਗਤਾ ਤਾਣੁ ਤੇਰਾ’ ਦੇ ਪਾਵਨ ਵਾਕ ਅਨੁਸਾਰ ਸੇਵਕ ਦੇ ਵੱਸ ਹੋ ਕੇ ਸਤਿਗੁਰਾਂ ਨੇ ਗੰਗੂ ਸ਼ਾਹ ਨੂੰ ਕੋਲ ਸੱਦਿਆ ਤੇ ਬਚਨ ਕੀਤਾ, ‘ਹੇ ਗੰਗੂ ਸ਼ਾਹ, ਤੇਰੇ ਭਾਗ ਖੁੱਲ ਗਏ ਹਨ ਤੇ ਸਾਰੇ ਦੁੱਖ ਨਾਸ਼ ਹੋ ਗਏ ਹਨ:’

ਅਤਿਸ਼ੈ ਖੈਂਚ ਪ੍ਰੇਮ ਜਬਿ ਕੀਨਿ।
ਰਹਯੋ ਗਯੋ ਨਹਿਂ ਗੁਰੂ ਪ੍ਰਬੀਨਿ॥39॥
ਦਾਸਨ ਕੇ ਬਸਿ ਬਿਰਦ ਸੰਭਾਰਾ।
ਵਸੀ ਪ੍ਰੇਮ ਤੇ ਨਿਕਟ ਹਕਾਰਾ।
ਮੁਸਕਾਨੇ ਗੁਰ ਬਾਕ ਬਖਾਨਾ।
‘ਗੰਗੋ ਸ਼ਾਹੁ ਆਉ ਦੁਖ ਹਾਨਾ॥40॥ (ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਰਾਸਿ ਪਹਿਲੀ, ਅਧਿ: 54)

ਗੰਗੂ ਸ਼ਾਹ ਚਰਨੀਂ ਢਹਿ ਪਿਆ ਤੇ ਭਿੱਜੀਆਂ ਅੱਖਾਂ ਨਾਲ ਕਿਹਾ, ‘ਹੇ ਬਖਸ਼ੰਦ ਦੁੱਖ ਹਰਨ ਸਤਿਗੁਰੂ, ਮਾਇਆ ਵਿਚ ਮਸਤ ਹੋ ਕੇ ਮੈਂ ਆਪ ਤੋਂ ਬੇਮੁਖ ਹੋ ਗਿਆ ਸੀ, ਆਪਣਾ ਸੇਵਕ ਜਾਣ ਮੁਆਫ ਕਰ ਦਿਉ ਤਾਂ ਸਤਿਗੁਰੂ ਜੀ- ‘ਆ ਮੇਰੇ ਸੇਵਕ!’ ਆਪਣੇ ਪਾਵਨ ਮੁਖ ਤੋਂ ਬੋਲੇ। ‘ਚਰਨ ਕਮਲਾਂ ਵਿਚ ਰੱਖੋ।’ ਇਹ ਸੁਣ ਕੇ ਸਤਿਗੁਰ ਜੀ ਕਿਰਪਾ ਦੇ ਰਸ ਵਿਚ ਭਰ ਗਏ ਤੇ ਇਕ ਛਿਨ ਵਿਚ ਉਸ ਨੂੰ ਨਿਹਾਲ ਕਰ ਦਿੱਤਾ।

ਸਤਿਗੁਰ ਜੀ ਨੇ ਗੰਗੂ ਸ਼ਾਹ ਨੂੰ ਸਤਿ ਨਾਮੁ ਦਾ ਮੰਤਰ ਦਿੱਤਾ ਰਹਿਮਤਾਂ ਕਰਦਿਆਂ ਮੰਜੀਦਾਰ ਬਣਾਇਆ ਤੇ ਆਗਿਆ ਕੀਤੀ ਕਿ ਹੁਣ ਜਾਉ ਤੇ ਗੁਰਸਿੱਖੀ ਦੀ ਰੀਤ ਚਲਾਉ। ਭਾਈ ਗੰਗੂ ਸ਼ਾਹ ਸਰਮੌਰ ਦੇ ਇਲਾਕੇ ਵਿਚ ਗਏ ਅਤੇ ਇਨ੍ਹਾਂ ਨੇ ਸਿੱਖ ਧਰਮ ਦਾ ਕਾਫੀ ਪ੍ਰਚਾਰ ਕੀਤਾ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Balwinder Singh Jorasingha
ਰੀਸਰਚ ਸਕਾਲਰ, ਸਿੱਖ ਇਤਿਹਾਸ ਰੀਸਰਚ ਬੋਰਡ -ਵਿਖੇ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

#160, ਪ੍ਰਤਾਪ ਐਵੀਨਿਊ, ਜੀ. ਟੀ. ਰੋਡ, ਅੰਮ੍ਰਿਤਸਰ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)