editor@sikharchives.org

ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਗੁਰਗੱਦੀ ਦਿਵਸ

ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਕਈ-ਕਈ ਘੰਟੇ ਪਰਮਾਤਮਾ ਦੀ ਲਗਨ ਵਿਚ ਜੁੜੇ ਰਹਿੰਦੇ ਸਨ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਕੋਈ ਸੋਚ ਵੀ ਨਹੀਂ ਸਕਦਾ ਕਿ ਇੱਕ ਸਵਾ ਪੰਜ ਸਾਲ ਦਾ ਬੱਚਾ ਏਡੀ ਵੱਡੀ ਜ਼ਿੰਮੇਵਾਰੀ ਕਿੰਞ ਸੰਭਾਲੇਗਾ, ਭਾਵ ਧਰਮ ਤੇ ਜਥੇਬੰਦੀ ਦੀ ਅਗਵਾਈ ਕਿੰਞ ਕਰੇਗਾ? ਪਰ, ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੇ ਇਹ ਸੱਚ ਕਰ ਦਿਖਾਇਆ। ਇਹ ਸਿੱਖਾਂ ਦੇ ਸਭ ਤੋਂ ਛੋਟੀ ਆਯੂ ਵਾਲੇ ਗੁਰੂ ਬਣੇ ਅਤੇ ਕੁੱਲ ਅੱਠ ਸਾਲ ਦੀ ਆਯੂ ਦੇ ਬਾਅਦ ਉਹ ਸੱਚਖੰਡ ਪਯਾਨਾ ਕਰ ਗਏ।

ਅੱਠਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦਾ ਪ੍ਰਕਾਸ਼ ਮਾਤਾ ਕਿਸ਼ਨ ਕੌਰ ਅਤੇ ਪਿਤਾ ਸ੍ਰੀ ਗੁਰੂ ਹਰਿਰਾਇ ਜੀ ਦੇ ਗ੍ਰਹਿ ਵਿਖੇ ਸਾਵਣ ਵਦੀ 10 (8 ਸਾਵਣ) ਸੰਮਤ, 1713, 7 ਜੁਲਾਈ ਸੰਨ 1656 ਨੂੰ ਕੀਰਤਪੁਰ ਸਾਹਿਬ (ਜ਼ਿਲ੍ਹਾ ਰੂਪ ਨਗਰ) ਦੇ ਸਥਾਨ ’ਤੇ ਹੋਇਆ, ਜਿੱਥੇ ਅੱਜ ਗੁਰਦੁਆਰਾ ‘ਸ਼ੀਸ਼ ਮਹਿਲ’ ਸੁਸ਼ੋਭਿਤ ਹੈ। ਇਥੇ ਇਹ ਵੀ ਵਰਨਣਯੋਗ ਹੈ ਕਿ ਇਸੇ ਘਰ ਵਿਚ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣੇ ਜੀਵਨ ਦੇ ਆਖਰੀ ਵਰ੍ਹੇ ਬਿਤਾਏ ਅਤੇ ਇਥੇ ਹੀ ਸਾਹਿਬ ਸ੍ਰੀ ਗੁਰੂ ਹਰਿਰਾਇ ਜੀ ਦਾ 16 ਜਨਵਰੀ 1630 ਈਸਵੀ ਨੂੰ ਪ੍ਰਕਾਸ਼ ਹੋਇਆ ਸੀ।

ਸਾਹਿਬ ਸ੍ਰੀ ਗੁਰੂ ਹਰਿਰਾਇ ਸਾਹਿਬ ਦੇ ਦੋ ਬੇਟੇ ਸਨ- ਬਾਬਾ ਰਾਮ ਰਾਇ ਜੀ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ। ਬਾਬਾ ਰਾਮ ਰਾਇ ਜੋ ਸਤਵੇਂ ਪਾਤਸ਼ਾਹ ਦਾ ਵੱਡਾ ਸਾਹਿਬਜ਼ਾਦਾ ਸੀ, ਬਹੁਤ ਚਲਾਕ, ਹੁਸ਼ਿਆਰ ਅਤੇ ਨੀਤੀਨਿਪੁੰਨ ਹੋਣ ਦੇ ਨਾਲ-ਨਾਲ ਸਿੱਖ-ਸੰਗਤਾਂ ਅਤੇ ਮਸੰਦਾਂ ਵਿਚ ਚੰਗਾ ਰਸੂਖ ਰੱਖਦਾ ਸੀ। ਉਹ ਆਪਣੇ-ਆਪ ਨੂੰ ਹਰ ਪੱਖੋਂ ਗੁਰਗੱਦੀ ਦਾ ਹੱਕਦਾਰ ਸਮਝਦਾ ਸੀ।

ਬਚਪਨ ਤੋਂ ਹੀ ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੀ ਯਾਦ ਸ਼ਕਤੀ ਬਹੁਤ ਤੇਜ਼ ਸੀ। ਇਥੋਂ ਤਕ ਕਿ ਚਾਰ ਸਾਲ ਦੀ ਉਮਰ ਵਿਚ ਹੀ ਆਪ ਜੀ ਨੇ ਨਿਤਨੇਮ ਦੀਆਂ ਬਾਣੀਆਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਨੇਕ ਸ਼ਬਦ ਵੀ ਕੰਠ ਕਰ ਲਏ ਸਨ। ਇਹ ਵੀ ਕਿਹਾ ਜਾਂਦਾ ਹੈ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਕਈ-ਕਈ ਘੰਟੇ ਪਰਮਾਤਮਾ ਦੀ ਲਗਨ ਵਿਚ ਜੁੜੇ ਰਹਿੰਦੇ ਸਨ। ਇਸ ਤੋਂ ਵੀ ਜ਼ਿਆਦਾ ਇਹ ਹੈ ਕਿ ਜਦੋਂ ਸ੍ਰੀ ਗੁਰੂ ਹਰਿਰਾਇ ਜੀ ਸੰਗਤਾਂ ਨੂੰ ਉਪਦੇਸ਼ ਦਿੰਦੇ ਸਨ ਤਾਂ ਆਪ ਹਮੇਸ਼ਾਂ ਗੁਰੂ-ਪਿਤਾ ਦੇ ਨਾਲ ਬੈਠ ਕੇ ਉਨ੍ਹਾਂ ਦੇ ਵਿਚਾਰ ਸਰਵਣ ਕਰਦੇ ਸਨ।

ਜਦੋਂ ਸ੍ਰੀ ਗੁਰੂ ਹਰਿਰਾਇ ਜੀ ਆਪਣੇ ਦਵਾਖਾਨੇ ਵਿਚ ਜਾ ਕੇ ਰੋਗੀਆਂ ਦਾ ਇਲਾਜ ਕਰ ਰਹੇ ਹੁੰਦੇ ਤਾਂ ਬਾਲਾ ਪ੍ਰੀਤਮ ਵੀ ਗੁਰੂ-ਪਿਤਾ ਦੇ ਕੰਮ ’ਚ ਹੱਥ ਵਟਾਉਂਦੇ ਸਨ। ਕਈ ਰੋਗੀ ਤਾਂ ਉਨ੍ਹਾਂ ਦੇ ਕੋਮਲ ਹੱਥਾਂ ਦੀ ਛੋਹ ਪ੍ਰਾਪਤ ਕਰਕੇ ਅਤੇ ਉਨ੍ਹਾਂ ਦੇ ਮਿੱਠੇ ਬਚਨ ਸੁਣ ਕੇ ਹੀ ਰੋਗ ਮੁਕਤ ਹੋ ਜਾਂਦੇ ਸਨ।

ਇਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਦਾਰਾ ਸ਼ਿਕੋਹ ਜੋ ਔਰੰਗਜ਼ੇਬ ਦਾ ਵੱਡਾ ਭਰਾ ਸੀ, ਉਹ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਸਤਿਕਾਰ ਕਰਦਾ ਸੀ। ਇਹ ਗੱਲ 1660 ਈ. ਦੇ ਆਖੀਰ ਜਾਂ 1661 ਈ. ਦੇ ਸ਼ੁਰੂ ਮਹੀਨਿਆਂ ਦੀ ਹੈ ਜਦੋਂ ਔਰੰਗਜ਼ੇਬ ਨੇ ਸ੍ਰੀ ਗੁਰੂ ਹਰਿਰਾਇ ਸਾਹਿਬ ਨੂੰ ਦਿੱਲੀ ਬੁਲਾਇਆ ਤਾਂ ਉਨ੍ਹਾਂ ਆਪਣੀ ਥਾਂ ਬਾਬਾ ਰਾਮਰਾਇ ਨੂੰ ਭੇਜਿਆ। ਇਹ ਗੱਲ ਚੰਗੀ ਤਰ੍ਹਾਂ ਸਮਝਾ ਦਿੱਤੀ ਕਿ ਕੋਈ ਵੀ ਗੱਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਸ਼ੇ ਦੇ ਉਲਟ ਨਹੀਂ ਕਹਿਣੀ। ਸ੍ਰੀ ਗੁਰੂ ਨਾਨਕ ਦੇਵ ਜੀ ਤੁਹਾਡੇ ਅੰਗ-ਸੰਗ ਹਨ। ‘ਮਹਿਮਾ ਪ੍ਰਕਾਸ਼’ ’ਚ ਇਹ ਦਰਜ ਹੈ:

ਤੁਮਾਰਾ ਬਚਨ ਸੁਫਲ ਸਭ ਹੋਏ।
ਤੁਮ ਸਮਾਨ ਬਲੀ ਨਹੀਂ ਕੋਏ।
ਜੋ ਪੂਛੇ ਸੋ ਸਤ ਕਹਿ ਦੀਜੇ।
ਕਛੁ ਕਰਾਮਾਤ ਪ੍ਰਗਟ ਨਹੀਂ ਕੀਜੇ। (ਸਾਖੀ ਨੰਬਰ 18)

ਬਾਬਾ ਰਾਮਰਾਇ ਜੀ ਦੇ ਦਿੱਲੀ ਪਹੁੰਚਣ ’ਤੇ ਔਰੰਗਜ਼ੇਬ ਨੇ ਚੰਗੀ ਆਉ-ਭਗਤ ਕੀਤੀ। ਕਈ ਵਿਸ਼ਿਆਂ ’ਤੇ ਗਿਆਨ ਚਰਚਾ ਕੀਤੀ ਤੇ ਉਸ ਨੂੰ ਕਰਾਮਾਤ ਦਿਖਾਉਣ ਲਈ ਰਾਜ਼ੀ ਕਰ ਲਿਆ। ਬਾਬਾ ਰਾਮਰਾਇ ਜੀ ਨੇ ਆਪਣੀਆਂ ਸ਼ਕਤੀਆਂ ਦਾ ਪ੍ਰਗਾਵਾ ਉਸ ਵੇਲੇ ਕੀਤਾ ਜਦੋਂ ਉਹ ਇਕ ਖੂਹ ’ਤੇ ਚਾਦਰ ਵਿਛਾ ਕੇ ਬੈਠ ਗਏ। ਬਾਦਸ਼ਾਹ ਦੀ ਖੁਸ਼ਾਮਦ ਦੀ ਖ਼ਾਤਰ ਉਸ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀ ਤੁਕ ‘ਮਿੱਟੀ ਮੁਸਲਮਾਨ ਕੀ’ ਬਦਲ ਦਿੱਤੀ। ਇਸ ਕਾਰਨ ਸ੍ਰੀ ਗੁਰੂ ਹਰਿਰਾਇ ਸਾਹਿਬ ਨੇ ਉਸ ਨੂੰ ਤਿਆਗ ਦੇ ਦਿੱਤਾ ਅਤੇ ਮੱਥੇ ਲਾਉਣੋ ਨਾਂਹ ਕਰ ਦਿੱਤੀ।

ਅਜੇ ਸ੍ਰੀ ਗੁਰੂ ਹਰਿਰਾਇ ਜੀ 31 ਵਰ੍ਹਿਆਂ ਦੇ ਹੋਏ ਸਨ ਅਤੇ ਉਹ ਇਹ ਵੀ ਜਾਣਦੇ ਸਨ ਕਿ ਉਨ੍ਹਾਂ ਦਾ ਜੋਤੀ-ਜੋਤਿ ਸਮਾਉਣ ਦਾ ਸਮਾਂ ਨਜ਼ਦੀਕ ਆ ਗਿਆ ਹੈ, ਤਾਂ ਉਨ੍ਹਾਂ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਗੁਰਗੱਦੀ ਦੇ ਯੋਗ ਸਮਝ ਕੇ ਸਭ ਸਿੱਖ-ਸੰਗਤਾਂ ਨੂੰ ਆਗਿਆ ਕੀਤੀ ਕਿ ਸਾਡੇ ਮਗਰੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਨਿਰੰਕਾਰੀ ਜੋਤ ਸ੍ਰੀ ਹਰਿਕ੍ਰਿਸ਼ਨ ਸਾਹਿਬ ਵਿਚ ਬਿਰਾਜਮਾਨ ਹੋਵੇਗੀ ਅਤੇ ਸੰਸਾਰ ਦੇ ਜੀਵਾਂ ਨੂੰ ਰੱਬੀ ਗਿਆਨ ਦੇਵੇਗੀ। ਇਸ ਤਰ੍ਹਾਂ ਸ੍ਰੀ ਗੁਰੂ ਹਰਿਰਾਇ ਜੀ ਨੇ ਸੰਗਤਾਂ ਨੂੰ ਹੁਕਮ ਕੀਤਾ ਕਿ ਬਾਲਾ ਪ੍ਰੀਤਮ ਨੂੰ ਹੀ ਗੁਰੂ ਸਮਝਣਾ ਅਤੇ ਰਾਮ ਰਾਇ ਦੀਆਂ ਚਾਲਾਂ ਤੋਂ ਬਚ ਕੇ ਰਹਿਣਾ।

ਸਾਹਿਬ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਜੋਤੀ-ਜੋਤਿ ਸਮਾਉਣ ਤੋਂ ਅਗਲੇ ਦਿਨ ਕੱਤਕ ਵਦੀ 10 (6 ਕਤਕ) ਸੰਮਤ 1718, ਮੁਤਾਬਿਕ 7 ਅਕਤੂਬਰ ਸੰਨ 1661 ਨੂੰ ਸੋਮਵਾਰ ਦੇ ਦਿਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਗੁਰਗੱਦੀ ’ਤੇ ਬਿਠਾਇਆ ਗਿਆ। ਉਸ ਵੇਲੇ ਆਪ ਜੀ ਦੀ ਆਯੂ ਕੇਵਲ 5 ਸਾਲ 2 ਮਹੀਨੇ ਅਤੇ 16 ਦਿਨ ਸੀ। ਪਰ, ਆਪ ਵਿਚ ਜੋਤ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕੰਮ ਕਰ ਰਹੀ ਸੀ। ਬਾਲਾ ਪ੍ਰੀਤਮ ਸੰਗਤਾਂ ਨੂੰ ਗੁਰੂ-ਆਸ਼ੇ ਬਾਰੇ ਉਪਦੇਸ਼ ਦਿੰਦੇ, ਉਨ੍ਹਾਂ ਦੇ ਸ਼ੰਕੇ ਨਵਿੱਰਤ ਕਰਦੇ ਅਤੇ ਨਾਮ-ਦਾਨ ਬਖਸ਼ ਕੇ ਨਿਹਾਲ ਕਰਦੇ ਸਨ। ਆਪ ਨੇ ਗੁਰਸਿੱਖੀ ਦੇ ਪ੍ਰਚਾਰ ਤੇ ਵਾਧੇ ਲਈ ਹਰ ਪਾਸੇ ਪ੍ਰਚਾਰਕ ਭੇਜੇ ਸਨ। ਜਦੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੂੰ ਗੁਰਤਾ ਦਾ ਤਿਲਕ ਲੱਗਾ, ਰਾਮਰਾਇ ਦਿੱਲੀ ਬਾਦਸ਼ਾਹ ਦੇ ਦਰਬਾਰ ਵਿਚ ਸੀ। ਉਸ ਨੂੰ ਬਹੁਤ ਮਹਿਸੂਸ ਹੋਇਆ ਕਿਉਂਕਿ ਉਹ ਸਮਝਦਾ ਸੀ ਗੁਰਗੱਦੀ ’ਤੇ ਮੇਰਾ ਹੱਕ ਹੈ ਤੇ ਉਹ ਮਸੰਦਾਂ ਨਾਲ ਗੰਢ-ਤੁਪ ਕਰਕੇ ਗੁਰੂ ਬਣ ਬੈਠਾ। ਜਦੋਂ ਕੋਈ ਪੇਸ਼ ਨਾ ਗਈ ਤਾਂ ਉਸ ਨੇ ਬਾਦਸ਼ਾਹ ਪਾਸ ਇਕ ਅਰਜ਼ੀ ਦਿੱਤੀ ਤੇ ਕਿਹਾ, ‘ਮੈਂ ਸ੍ਰੀ ਗੁਰੂ ਹਰਿਰਾਇ ਸਾਹਿਬ ਦਾ ਵੱਡਾ ਪੁੱਤ ਹਾਂ ਤੇ ਗੁਰਗੱਦੀ ਮੈਨੂੰ ਮਿਲਣੀ ਚਾਹੀਦੀ ਹੈ, ਇਹ ਮੇਰਾ ਹੱਕ ਹੈ। ਪਰ, ਮੇਰਾ ਹੱਕ ਮਾਰ ਕੇ ਮੇਰੇ ਛੋਟੇ ਭਰਾ ਨੂੰ ਗੁਰੂ ਬਣਾ ਦਿੱਤਾ ਗਿਆ ਹੈ। ਉਸ ਨੂੰ ਇਥੇ ਤਲਬ ਕੀਤਾ ਜਾਵੇ ਅਤੇ ਮੇਰਾ ਹੱਕ ਮੈਨੂੰ ਦਿਵਾਇਆ ਜਾਵੇ।’

ਔਰੰਗਜ਼ੇਬ ਨੇ ਇਹ ਸੋਚਿਆ ਕਿ ਗੁਰੂ ਜੀ ਸ਼ਾਹੀ ਸੱਦਾ ਮੰਨ ਕੇ ਨਹੀਂ ਆਉਣ ਲੱਗੇ। ਉਸ ਨੇ ਮਿਰਜ਼ਾ ਰਾਜਾ ਜੈ ਸਿੰਘ ਨੂੰ ਕਿਹਾ ਕਿ ਉਹ ਗੁਰੂ ਸਾਹਿਬ ਨੂੰ ਆਪਣੇ ਘਰ ਬੁਲਾਉਣ ਤੇ ਰਾਜਾ ਜੈ ਸਿੰਘ ਨੇ ਇਸ ਤਰ੍ਹਾਂ ਹੀ ਕੀਤਾ। ਦਿੱਲੀ ਦੇ ਸਿੱਖਾਂ ਦੀ ਚਿੱਠੀ ਪੜ੍ਹ ਕੇ ਬਾਲਾ ਪ੍ਰੀਤਮ ਨੇ ਕਿਹਾ, ‘ਜਿੱਥੇ ਸੰਗਤ ਯਾਦ ਕਰੇਗੀ, ਓਥੇ ਅਸੀਂ ਜ਼ਰੂਰ ਪੁੱਜਾਂਗੇ’।

ਬਹੁਤ ਸਾਰੀ ਸੰਗਤ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨਾਲ ਦਿੱਲੀ ਜਾਣ ਲਈ ਤਿਆਰ ਹੋ ਗਈ। ਪਰ, ਅੰਬਾਲੇ ਪਾਸ ਪੰਜੋਖਰੇ ਪਿੰਡ ਪਹੁੰਚ ਕੇ ਬਾਲਾ ਪ੍ਰੀਤਮ ਨੇ ਸਾਰੀ ਸੰਗਤ ਵਾਪਿਸ ਭੇਜ ਦਿੱਤੀ। ਹਜ਼ੂਰੀ ਸੰਗਤ ਤੇ ਪਰਵਾਰ ਹੀ ਨਾਲ ਗਏ ਸਨ। ਇਥੇ ਹੀ ਇਕ ਹੰਕਾਰੀ ਬ੍ਰਾਹਮਣ ਲਾਲ ਚੰਦ ਨੂੰ ਸਿੱਧੇ ਰਸਤੇ ਪਾਇਆ। ਜਦੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੇ ਛੱਜੂ ਜੋ ਅਨਪੜ੍ਹ ਅਤੇ ਅਸਾਧਰਨ ਮਨੁੱਖ ਸੀ, ਉਸ ਪਾਸੋਂ ਵੀ ਗੀਤਾ ਦੇ ਔਖੇ ਤੋਂ ਔਖੇ ਵਾਕਾਂ ਦੇ ਅਰਥ ਕਰਵਾਏ।

ਸਤਿਨਾਮੁ ਦਾ ਉਪਦੇਸ਼ ਦਿੰਦੇ ਹੋਏ ਬਾਲਾ ਪ੍ਰੀਤਮ ਦਿੱਲੀ ਪਹੁੰਚ ਗਏ ਅਤੇ ਰਾਜਾ ਜੈ ਸਿੰਘ ਦੇ ਬੰਗਲੇ ਨੂੰ ਭਾਗ ਲਾਏ ਸਨ, ਜਿਥੇ ਅੱਜ ਗੁਰਦੁਆਰਾ ‘ਬੰਗਲਾ ਸਾਹਿਬ’ ਬਣਿਆ ਹੋਇਆ ਹੈ।

ਔਰੰਗਜ਼ੇਬ ਨੇ ਆਪ ਮਿਲਣ ਦੀ ਇੱਛਾ ਪ੍ਰਗਟ ਕੀਤੀ। ਪਰ, ਗੁਰੂ ਜੀ ਨੇ ਕਿਹਾ ਕਿ ਬਾਦਸ਼ਾਹ ਕੋਲੋਂ ਅਸੀਂ ਕੀ ਲੈਣਾ ਹੈ? ਅਸੀਂ ਤਾਂ ਸਤਿਨਾਮੁ ਦਾ ਉਪਦੇਸ਼ ਦਿੰਦੇ ਹਾਂ। ਮੇਰਾ ਵੱਡਾ ਭਰਾ ਤੁਹਾਡੇ ਪਾਸ ਹੈ, ਰਾਜਸੀ ਮਾਮਲਿਆਂ ਬਾਰੇ ਉਸ ਨਾਲ ਗੱਲ ਕਰ ਸਕਦੇ ਹੋ। ਫਿਰ ਅਗਲੀ ਸਵੇਰ ਔਰੰਗਜ਼ੇਬ ਦਾ ਸ਼ਾਹਜ਼ਾਦਾ ਆਇਆ। ਉਹ ਉਪਦੇਸ਼ ਸੁਣ ਕੇ ਨਿਹਾਲ ਹੋ ਗਿਆ। ਜਦ ਉਸ ਨੇ ਗੁਰਗੱਦੀ ਬਾਰੇ ਰਾਮਰਾਇ ਦੇ ਦਾਹਵੇ ਦੀ ਗੱਲ ਕੀਤੀ ਤਾਂ ਆਪ ਨੇ ਬਾਦਸ਼ਾਹ ਨੂੰ ਇਹ ਕਹਿ ਕਿ ਭੇਜਿਆ, ‘ਗੁਰਗੱਦੀ ਵਿਰਾਸਤ ਜਾਂ ਜੱਦੀ ਜਾਇਦਾਦ ਨਹੀਂ ਹੈ, ਗੁਰੂ ਨਾਨਕ ਦੇਵ ਜੀ ਨੇ ਆਪਣੇ ਪੁੱਤਰਾਂ ਨੂੰ ਛੱਡ ਕੇ ਸੇਵਕ ਸਿੱਖ ਨੂੰ ਗੁਰਗੱਦੀ ਬਖਸ਼ੀ ਸੀ। ਸ੍ਰੀ ਗੁਰੂ ਅੰਗਦ ਦੇਵ ਜੀ ਅਤੇ ਸ੍ਰੀ ਗੁਰੂ ਅਮਰਦਾਸ ਜੀ ਨੇ ਵੀ ਆਪਣੇ ਪੁੱਤਰਾਂ ਨੂੰ ਗੁਰਗੱਦੀ ਨਹੀਂ ਸੀ ਬਖਸ਼ੀ। ਸ੍ਰੀ ਗੁਰੂ ਰਾਮਦਾਸ ਜੀ ਨੇ ਵੱਡੇ ਦੋ ਪੁੱਤਰਾਂ ਨੂੰ ਛੱਡ ਕੇ ਛੋਟੇ ਪੁੱਤਰ ਨੂੰ ਗੁਰਿਆਈ ਬਖਸ਼ੀ ਸੀ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਪੁੱਤਰਾਂ ਤੇ ਵੱਡੇ ਪੋਤਰੇ ਨੂੰ ਛੱਡ ਕੇ ਛੋਟੇ ਪੋਤਰੇ ਨੂੰ ਗੁਰਗੱਦੀ ਲਈ ਚੁਣਿਆ ਸੀ। ਇਸੇ ਤਰ੍ਹਾਂ ਹੀ ਗੁਰੂ-ਪਿਤਾ ਨੇ ਵੱਡੇ ਨੂੰ ਛੱਡ ਕੇ ਛੋਟੇ ਪੁੱਤਰ ਨੂੰ ਗੁਰਗੱਦੀ ਲਈ ਚੁਣਿਆ। ਇਹ ਗੱਲ ਤਾਂ ਕੋਈ ਸਿੱਖ ਵੀ ਨਹੀਂ ਜਰ ਸਕਦਾ ਕਿ ਗੁਰਬਾਣੀ ਦੀ ਤੁਕ ਹੀ ਬਦਲ ਦਿੱਤੀ ਜਾਵੇ। ਗੁਰਬਾਣੀ ਵਿਚ ਆਉਂਦਾ ਹੈ ‘ਮਿੱਟੀ ਮੁਸਲਮਾਨ ਕੀ’ ਨਾ ਕਿ ‘ਮਿੱਟੀ ਬੇਈਮਾਨ ਕੀ’। ਇਸ ਵਿਚ ਕੋਈ ਵਧੀਕੀ ਜਾਂ ਧੱਕਾ ਨਹੀਂ, ਕੋਈ ਬੇਇਨਸਾਫ ਨਹੀਂ, ਰਾਮਰਾਇ ਦਾ ਦਾਹਵਾ ਝੂਠਾ ਹੈ।’

ਬਾਦਸ਼ਾਹ ਇਹ ਜਾਣ ਗਿਆ ਸੀ ਕਿ ਰਾਮਰਾਇ ਦਾ ਦਾਹਵਾ ਝੂਠਾ ਹੈ। ਫਿਰ ਵੀ ਉਸ ਨੇ ਰਾਜਾ ਜੈ ਸਿੰਘ ਨੂੰ ਬਾਲਾ ਪ੍ਰੀਤਮ ਦੀ ਕਰਾਮਾਤੀ ਸ਼ਕਤੀ ਦੀ ਪਰਖ ਕਰਨ ਲਿਆ ਕਿਹਾ। ਰਾਜਾ ਜੈ ਸਿੰਘ ਆਪਣੇ ਮਹਿਲਾਂ ਵਿਚ ਗੁਰੂ ਜੀ ਨੂੰ ਲੈ ਗਏ। ਗੁਰੂ ਜੀ ਕੀ ਦੇਖਦੇ ਹਨ ਕਿ ਸਾਰੀਆਂ ਇਸਤਰੀਆਂ ਨੇ ਇੱਕੋ ਜਿਹੇ ਵਸਤਰ ਪਾਏ ਹੋਏ ਸਨ। ਗੁਰੂ ਜੀ ਨੂੰ ਕਿਹਾ ਗਿਆ ਕਿ ਆਪ ਇਨ੍ਹਾਂ ਵਿੱਚੋਂ ਪਟਰਾਣੀ ਨੂੰ ਪਛਾਣੋ। ਗੁਰੂ ਜੀ ਨੇ ਵਾਰੀ-ਵਾਰੀ ਆਪਣੀ ਸੋਟੀ ਹਰੇਕ ਦੇ ਸਿਰ ’ਤੇ ਲਗਾਈ ਅਤੇ ਗਹੁ ਨਾਲ ਦੇਖਦੇ ਗਏ। ਅੰਤ ਗੁਰੂ ਜੀ ਨੇ ਪਟਰਾਣੀ ਦੀ ਪਛਾਣ ਕਰ ਲਈ। ਔਰੰਗਜ਼ੇਬ ਨੇ ਕਿਹਾ ਕਿ ਸ੍ਰੀ ਗੁਰੂ ਹਰਿਰਾਇ ਜੀ ਨੇ ਗੁਰਗੱਦੀ ਦੀ ਠੀਕ ਚੋਣ ਕੀਤੀ ਹੈ। ਉਸ ਨੇ ਰਾਮਰਾਇ ਦੀ ਅਰਜ਼ੀ ਖਾਰਜ ਕਰ ਦਿੱਤੀ ਅਤੇ ਕਿਹਾ, ‘ਹਕੂਮਤ ਕਿਸੇ ਨੂੰ ਗੁਰਿਆਈ ਨਹੀਂ ਦਿਵਾ ਸਕਦੀ। ਜੋ ਚੋਣ ਸਤਵੇਂ ਪਾਤਸ਼ਾਹ ਕਰ ਗਏ ਹਨ, ਉਸ ਨੂੰ ਬਦਲਣਾ ਸਾਡੇ ਵੱਸ ਦੀ ਗੱਲ ਨਹੀਂ।’

ਅਜੋਕੇ ਸਮਾਜ ਵਿਚ ਸਾਨੂੰ ਇਸ ਗੁਰਿਆਈ ਦਿਵਸ ਤੋਂ ਇਹ ਸਿੱਖਿਆ ਲੈਣੀ ਚਾਹੀਦੀ ਹੈ ਕਿ ਹਰ ਇਕ ਦੇ ਮਨ ’ਚ ਮਨੁੱਖੀ ਸੇਵਾ ਦੀ ਭਾਵਨਾ ਹੋਣੀ ਚਾਹੀਦੀ ਹੈ। ਗੁਰਬਾਣੀ ਤਾਂ ਮਨੁੱਖੀ ਕਦਰਾਂ-ਕੀਮਤਾਂ ਦਾ ਖਜ਼ਾਨਾ ਹੈ। ਸੋ ਸਾਨੂੰ ਸਭ ਨੂੰ ਗੁਰਬਾਣੀ ਦੇ ਅਨੁਕੂਲ ਹੀ ਆਪਣਾ ਜੀਵਨ ਢਾਲਣਾ ਚਾਹੀਦਾ ਹੈ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

#402-ਈ, ਸ਼ਹੀਦ ਭਗਤ ਸਿੰਘ ਨਗਰ, ਪੱਖੋਵਾਲ ਰੋਡ, ਲੁਧਿਆਣਾ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)