ਜ਼ਿਲ੍ਹਾ ਨਵਾਂ ਸ਼ਹਿਰ ਦਾ ਪ੍ਰਸਿੱਧ ਪਿੰਡ ਖਟਕੜ ਕਲਾਂ, ਬੰਗਾ-ਨਵਾਂ ਸ਼ਹਿਰ ਸੜਕ ’ਤੇ ਸਥਿਤ ਪੰਜਾਬ ਅਤੇ ਹੁਣ ਸਮੁੱਚੇ ਦੇਸ਼ ਦਾ ਵੀ ਇਕ ਪ੍ਰਸਿੱਧ ਇਤਿਹਾਸਕ ਪਿੰਡ ਹੈ। ਇਸ ਪਿੰਡ ਨੂੰ ਆਪਣੇ ਵਸਨੀਕ ਆਜ਼ਾਦੀ ਘੁਲਾਟੀਆਂ ਦੇ ਪਰਵਾਰ ’ਤੇ ਮਾਣ ਹੈ।
ਪਿੰਡ ਖਟਕੜ ਕਲਾਂ ਦੇ ਸਥਾਨ ’ਤੇ ਪਹਿਲਾਂ ਇਕ ਕਿਲ੍ਹਾ ਹੋਇਆ ਕਰਦਾ ਸੀ ਜਿਸ ਦਾ ਸਬੰਧ ਇਕ ਜਾਗੀਰ ਦੇ ਮੁਖੀ ਨਾਲ ਸੀ। ਇਸ ਦੇ ਨਾਲ ਹੋਰ ਵੀ ਕਈ ਕਿਲ੍ਹੇ ਸਨ ਪਰ ਉਹ ਇਸ ਨਾਲੋਂ ਛੋਟੇ ਸਨ ਜਿਸ ਕਾਰਨ ਉਨ੍ਹਾਂ ਨੂੰ ਗੜ੍ਹ ਖੁਰਦ ਕਿਹਾ ਜਾਂਦਾ ਸੀ ਅਤੇ ਇਸ ਨੂੰ ਗੜ੍ਹ ਕਲਾਂ ਜਾਂ ਬੜਾ ਗੜ੍ਹ ਕਿਹਾ ਜਾਂਦਾ ਸੀ।
ਸਰਦਾਰ ਭਗਤ ਸਿੰਘ ਦੇ ਵੱਡੇ-ਵਡੇਰੇ ਮੁਗ਼ਲ ਕਾਲ ਸਮੇਂ ਲਾਹੌਰ ਜ਼ਿਲ੍ਹੇ ਦੇ ਨਾਰਲੀ ਪਿੰਡ ਵਿਚ ਰਹਿੰਦੇ ਸਨ। ਨਾਰਲੀ ਪਿੰਡ ਅੱਜਕਲ੍ਹ ਪਾਕਿਸਤਾਨ ਦੀ ਸਰਹੱਦ ’ਤੇ ਵਾਕਿਆ ਹੈ। ਇਸ ਪਿੰਡ ਵਿਚ ਸ਼ਹੀਦ ਭਗਤ ਸਿੰਘ ਬਹੁਤ ਵਾਰ ਜਾਂਦੇ ਰਹੇ ਅਤੇ ਡਾ. ਸ਼ਵਿੰਦਰ ਸਿੰਘ (ਸੰਧੂ) ਦੀ ਪੁਸ਼ਤੈਨੀ ਹਵੇਲੀ ਵਿਚ ਠਹਿਰਦੇ ਰਹੇ। ਸੰਧੂਆਂ ਦਾ ਬਹਾਦਰ ਰਾਜਾ ਚਰਮਿਕ ਇੱਥੋਂ ਦਾ ਹੀ ਵਸਨੀਕ ਸੀ ਜਿਸ ਨੇ ਪੋਰਸ ਤੋਂ ਵੀ ਪਹਿਲਾਂ ਯੂਨਾਨੀ ਹਮਲਾਵਰਾਂ ਨੂੰ ਭਜਾਇਆ ਸੀ। ਇਸ ਘਰਾਣੇ ਵਿੱਚੋਂ ਹੀ ਕਰੋੜਸਿੰਘੀਆ ਮਿਸਲ ਦੇ ਸਰਦਾਰ ਸ. ਸ਼ਾਮ ਸਿੰਘ ਅਤੇ ਸ. ਬਘੇਲ ਸਿੰਘ ਨੇ ਲਾਲ ਕਿਲ੍ਹੇ ’ਤੇ ਖਾਲਸਾਈ ਨਿਸ਼ਾਨ ਸਾਹਿਬ ਝੁਲਾਇਆ ਸੀ। ਸ. ਭੀਲਾ ਸਿੰਘ ਨੇ ਆਜ਼ਾਦੀ ਘੁਲਾਟੀਏ ਨਾਮਧਾਰੀ ਸਿੰਘਾਂ ਦੀ ਰੱਖਿਆ ਹਿੱਤ ਸ਼ਹੀਦੀ ਪ੍ਰਾਪਤ ਕੀਤੀ। ਇਕ ਵਾਰ ਉਨ੍ਹਾਂ ਦੇ ਪਰਵਾਰ ਦਾ ਇਕ ਨੌਜਵਾਨ ਸ੍ਰੀ ਰਣੀਆ (ਸ. ਭਗਤ ਸਿੰਘ ਤੋਂ ਨੌਂ ਪੀੜ੍ਹੀਆਂ ਪਹਿਲਾਂ) ਆਪਣੇ ਬਜ਼ੁਰਗਾਂ ਦੀਆਂ ਅਸਥੀਆਂ ਜੋ ਕਿਸੇ ਅਣਸੁਖਾਵੀਂ ਘਟਨਾ ਵਿਚ ਮਾਰੇ ਗਏ ਸਨ, ਨੂੰ ਗੰਗਾ ਵਿਚ ਜਲ ਪ੍ਰਵਾਹ ਕਰਨ ਲਈ ਪਿੰਡੋਂ ਪੈਦਲ ਹਰਦੁਆਰ ਜਾ ਰਿਹਾ ਸੀ। ਰਸਤੇ ਵਿਚ ਬੜੇ ਗੜ੍ਹ ਕੋਲ ਉਸ ਨੂੰ ਰਾਤ ਹੋ ਗਈ ਤਾਂ ਉਹ ਬੜੇ ਗੜ੍ਹ ਦੇ ਮਾਲਕ ਤੋਂ ਰਾਤ ਠਹਿਰਣ ਦੀ ਆਗਿਆ ਲੈ ਕੇ ਉੱਥੇ ਠਹਿਰ ਗਿਆ। ਰਾਤ ਦਾ ਖਾਣਾ ਖਾਣ ਸਮੇਂ ਗੜ੍ਹ ਦੇ ਮਾਲਿਕ ਨੇ ਉਸ ਤੋਂ ਉਸ ਦੀ ਯਾਤਰਾ ਦਾ ਮਕਸਦ ਅਤੇ ਪਰਵਾਰਕ ਪਿਛੋਕੜ ਅਤੇ ਮੌਜੂਦਾ ਪਰਵਾਰ ਬਾਰੇ ਸਾਰੀ ਜਾਣਕਾਰੀ ਪ੍ਰਾਪਤ ਕਰਨ ਉਪਰੰਤ ਉਸ ਨੇ ਆਪਣੀ ਪਤਨੀ ਨਾਲ ਸਲਾਹ ਕਰਕੇ ਉਸ ਨੂੰ ਆਪਣੀ ਪੁੱਤਰੀ ਲਈ ਵਰ ਦੇ ਰੂਪ ਵਿਚ ਚੁਣਨ ਦੀ ਚਾਹਤ ਪੇਸ਼ ਕੀਤੀ, ਜਿਸ ਲਈ ਨੌਜਵਾਨ ਨੇ ਸਹਿਮਤੀ ਦਿੱਤੀ ਅਤੇ ਆਪਣੀ ਅਗਲੀ ਮੰਜ਼ਿਲ ਵੱਲ ਚੱਲ ਪਿਆ।
ਵਾਪਸ ਆਉਣ ’ਤੇ 1725 ਈ. ਦੇ ਲਗਭਗ ਉਨ੍ਹਾਂ ਦੋਨਾਂ ਦਾ ਵਿਆਹ ਬੜੀ ਹੀ ਧੂਮ-ਧਾਮ ਨਾਲ ਹੋਇਆ। ਗੜ੍ਹ ਦੇ ਮਾਲਕ ਅਤੇ ਮਾਲਕਣ ਨੇ ਇਹ ਬੜਾ ਗੜ੍ਹ ਇਸ ਵਿਆਹੇ ਜੋੜੇ ਨੂੰ ਰਹਿਣ ਲਈ ਦਹੇਜ ਵਿਚ ਦੇ ਦਿੱਤਾ। ਵਿਆਹ ਉਪਰੰਤ ਇਸ ਸਥਾਨ ਦਾ ਨਾਂ ਖਟ ਵਿਚ ਮਿਲੇ ਹੋਏ ਗੜ੍ਹ ਕਾਰਨ ਖਟਗੜ੍ਹ ਕਲਾਂ ਪੈ ਗਿਆ ਜੋ ਬਾਅਦ ਵਿਚ ਬਦਲਦਾ-ਬਦਲਦਾ ਖਟਕੜ ਕਲਾਂ ਬਣ ਗਿਆ ਹੈ। ਇਸ ਘਟਨਾ ਨੂੰ ਬਿਆਨ ਕਰਦੀ ਇਕ ਕਾਵਿਮਈ ਪੁਸਤਕ ਪ੍ਰੋ. ਦੀਦਾਰ ਸਿੰਘ ਨੇ ਸੰਨ 1984 ਵਿਚ ਪ੍ਰਕਾਸ਼ਿਤ ਕਰਵਾਈ ਜਿਸ ਵਿਚ ਜ਼ਿਕਰ ਹੈ:
ਰਾਵੀ ਨੇੜੇ ਨਗਰ ਨਾਰਲੀ, ਸੰਧੂ ਜੱਟਾਂ ਦਾ।
ਜਿਥੇ ਘੁੱਗ ਵਸਦੇ ਸਨ ਲੋਕੀਂ, ਝੁਰਮਟ ਹੱਟਾਂ ਦਾ।
ਪਿੰਡ ਵਿਚ ਝਗੜਾ ਮੂਲ ਨਾ ਕੋਈ, ਬੰਨਿਆਂ ਵੱਟਾਂ ਦਾ।
ਚਰਮਿਕ ਸੰਧੂ ਕੁਲ ਦਾ ਰਾਜਾ, ਰਸੀਆਂ ਭੱਟਾਂ ਦਾ।
ਰਹੇ ਸਿਰਲਥ ਸੂਰੇ ਜੂਝਦੇ, ਧੰਨ ਧੰਨ ਕਰੇ ਜਹਾਨ।
ਛੱਡ ਨਾਰਲੀ ਚਰਮਿਕ ਨੀਂਗਰ, ਪੁੱਜਾ ਖਟ ਗੜ੍ਹ ਆਣ।
ਗੜ੍ਹੀ ਦੇ ਰਾਜੇ ਆਪਣੀ ਬੇਟੀ ਸੁੰਦਰ ਚਤਰ ਸੁਜਾਨ।
ਗੜ੍ਹੀ ਤੇ ਸਾਰਾ ਰਾਜ ਭਾਗ ਵੀ, ਖੱਟ ਵਿਚ ਕੀਤਾ ਦਾਨ।
ਉਸ ਦਿਨ ਤੋਂ ਇਹ ਥਾਂ ਅਖਵਾਈ, ‘ਖੱਟ-ਗੜ੍ਹ’ ਬੰਗੇ ਕੋਲ।
ਇਸ ਜੋੜੇ ਤੋਂ ਖਟਕੜ ਕਲਾਂ ਵਿਖੇ ਮਹਾਨ ਆਜ਼ਾਦੀ ਘੁਲਾਟੀਆ ਅਤੇ ਸ਼ਹੀਦਾਂ ਦੇ ਪਰਵਾਰ ਦਾ ਅਰੰਭ ਹੋਇਆ। ਸਮਾਂ ਬਦਲਣ ਦੇ ਨਾਲ-ਨਾਲ ਇਸ ਗੜ੍ਹ ਦੀਆਂ ਦੀਵਾਰਾਂ ਢਹਿ-ਢੇਰੀ ਹੋ ਗਈਆਂ। ਗੜ੍ਹ ਦੀ ਸੁਰੱਖਿਆ ਲਈ ਬਣਾਈ ਗਈ ਡੂੰਘੀ ਖਾਈ ਹੌਲੀ-ਹੌਲੀ ਪਿੰਡ ਵਿਚ ਚਾਰ ਛੱਪੜਾਂ ਦਾ ਰੂਪ ਧਾਰਨ ਕਰ ਗਈ ਪਰ ਅੱਜ ਵੀ ਕਈ ਵਾਰ ਜਦੋਂ ਜ਼ਿਆਦਾ ਮੀਂਹ ਪੈ ਜਾਂਦੇ ਹਨ ਤਾਂ ਇਹ ਦੋ ਜਾਂ ਤਿੰਨ ਛੱਪੜ ਆਪਸ ਵਿਚ ਮਿਲ ਜਾਂਦੇ ਹਨ।
ਅੱਗੇ ਚੱਲ ਕੇ ਇਸ ਪਰਵਾਰ ਦੇ ਮੈਂਬਰ ਸਿੱਖ ਧਰਮ ਤੋਂ ਪ੍ਰਭਾਵਿਤ ਹੋ ਕੇ ਸਿੱਖ ਧਰਮ ਧਾਰਨ ਕਰ ਗਏ ਅਤੇ ਖਾਲਸਾ ਸਰਦਾਰ ਕਹਿ ਕੇ ਸਤਿਕਾਰੇ ਜਾਣ ਲੱਗੇ। ਇਸ ਪਰਵਾਰ ਦੀ ਤੀਸਰੀ ਪੀੜ੍ਹੀ ਵਿਚ ਸ. ਰਾਮ ਸਿੰਘ ਸਨ। ਇਨ੍ਹਾਂ ਨੇ ਸਿੱਖ ਰਾਜ ਦੀ ਸਥਾਪਨਾ ਲਈ ਮਹਾਰਾਜਾ ਰਣਜੀਤ ਸਿੰਘ ਦੀ ਮਦਦ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਕੀਤੀ। ਸਿੱਖ ਰਾਜ ਦੀ ਸਥਾਪਨਾ ਲਈ ਇਨ੍ਹਾਂ ਵੱਲੋਂ ਦਿਖਾਈ ਦਲੇਰੀ ਅਤੇ ਵਫ਼ਾਦਾਰੀ ਕਾਰਨ ਇਸ ਪਰਵਾਰ ਨੂੰ ਇਨਾਮ ਵੱਜੋਂ ਇਕ ਵੱਡੀ ਜਾਗੀਰ ਦਿੱਤੀ ਗਈ ਅਤੇ ਇਹ ਪਰਵਾਰ ਵੱਡੇ-ਵੱਡੇ ਜਗੀਰਦਾਰ ਘਰਾਣਿਆਂ ਵਿਚ ਗਿਣਿਆ ਜਾਣ ਲੱਗਾ।
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤਕ ਇਹ ਪਰਵਾਰ ਜਾਗੀਰਦਾਰਾਂ ਦੇ ਰੂਪ ਵਿਚ ਦਰਬਾਰ ਲਾਉਂਦਾ ਰਿਹਾ ਅਤੇ ਇਲਾਕੇ ਦੇ ਲੋਕਾਂ ਦਾ ਇਨਸਾਫ ਕਰਦਾ ਰਿਹਾ। ਇਸ ਪਰਵਾਰ ਪਾਸ ਆਪਣੀ ਨਿਸ਼ਚਿਤ ਫੌਜ ਰੱਖਣ ਦੇ ਅਧਿਕਾਰ ਸਨ ਜੋ ਲੋੜ ਪੈਣ ’ਤੇ ਮਹਾਰਾਜੇ ਨੂੰ ਭੇਜੀ ਜਾਂਦੀ ਸੀ। ਇਸ ਪਰਵਾਰ ਪਾਸ ਸਿੱਖ ਰਾਜ ਦਾ ਕੌਮੀ ਝੰਡਾ ਚੜ੍ਹਾਉਣ ਦੇ ਅਧਿਕਾਰ ਵੀ ਸਨ। ਪਰਵਾਰ ਦੇ ਮੈਂਬਰਾਂ ਵੱਲੋਂ ਸਿੱਖ ਰਾਜ ਦਾ ਕੌਮੀ ਝੰਡਾ ਸਾਲ ਵਿਚ ਚਾਰ ਵਾਰ ਬੜੇ ਉਤਸ਼ਾਹ ਨਾਲ ਚੜ੍ਹਾਉਣ ਦੀ ਰਸਮ ਅਦਾ ਕੀਤੀ ਜਾਂਦੀ ਸੀ। ਜਿਸ ਅਸਥਾਨ ’ਤੇ ਇਹ ਝੰਡਾ ਲਹਿਰਾਇਆ ਜਾਂਦਾ ਸੀ, ਉਸ ਅਸਥਾਨ ਦਾ ਨਾ ‘ਝੰਡਾ ਜੀ’ ਪੈ ਗਿਆ ਹੈ ਇਸ ਅਸਥਾਨ ’ਤੇ ਅੱਜਕਲ੍ਹ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਸ. ਰਾਮ ਸਿੰਘ ਦੇ ਘਰ 1820 ਈ. ਨੂੰ ਸ. ਫਤਿਹ ਸਿੰਘ ਨੇ ਜਨਮ ਲਿਆ।
ਮਹਾਰਾਜਾ ਰਣਜੀਤ ਸਿੰਘ ਦੀ ਮੌਤ ਉਪਰੰਤ ਪੰਜਾਬ ’ਤੇ ਅੰਗਰੇਜ਼ਾਂ ਨੇ ਆਪਣਾ ਅਧਿਕਾਰ ਸਥਾਪਿਤ ਕਰ ਲਿਆ ਅਤੇ ਉਨਾਂ ਨੇ ਲੋਕਾਂ ਦੇ ਅਧਿਕਾਰਾਂ ਨੂੰ ਕੁਚਲਣਾ ਸ਼ੁਰੂ ਕਰ ਦਿੱਤਾ। ਪੰਜਾਬ ਦੇ ਬਹਾਦਰ ਲੋਕਾਂ ਨੇ ਅੰਗਰੇਜ਼ ਧਾੜਵੀਆਂ ਨੂੰ ਆਪਣੇ ਦੇਸ਼ ਵਿੱਚੋਂ ਕੱਢਣ ਲਈ ਹਥਿਆਰ ਚੁੱਕ ਲਏ ਅਤੇ ਅੰਗਰੇਜ਼ ਹਾਕਮਾਂ ਵਿਰੁੱਧ ਲੜਨ-ਮਰਨ ਵਾਲੀ ਫੌਜ ਵਿਚ ਸ਼ਾਮਲ ਹੋ ਗਏ। ਸ. ਫਤਿਹ ਸਿੰਘ ਨੇ ਮੁੱਦਕੀ, ਸਭਰਾਓ, ਆਲੀਵਾਲ ਦੀਆਂ ਲੜਾਈਆਂ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ। ਅੰਗਰੇਜ਼ਾਂ ਖਿਲਾਫ਼ ਲੜਨ ਕਾਰਨ ਇਸ ਪਰਵਾਰ ਦੀ ਜਾਗੀਰ ਘੱਟ ਕਰ ਦਿੱਤੀ ਗਈ।
ਜਦੋਂ 1857 ਈ. ਦੀ ਆਜ਼ਾਦੀ ਦੀ ਲੜਾਈ ਵਿਚ ਕੁਝ ਜਾਗੀਰਦਾਰ ਅਤੇ ਰਾਜੇ ਅੰਗਰੇਜ਼ਾਂ ਵੱਲੋਂ ਦਿਖਾਏ ਸਬਜ਼ਬਾਗ ਦੇ ਪ੍ਰਭਾਵ ਥੱਲੇ ਅੰਗਰੇਜ਼ਾਂ ਦੇ ਹੱਕ ਵਿਚ ਆਪਣੇ ਹੀ ਦੇਸ਼ ਭਗਤ ਭਰਾਵਾਂ ਦੇ ਵਿਰੁੱਧ ਲੜੇ ਤਾਂ ਉਸ ਵਕਤ ਵੀ ਉਨ੍ਹਾਂ ਨਾਲ ਅੰਗਰੇਜ਼ ਸਾਮਰਾਜਵਾਦੀਆਂ ਨੇ ਧੋਖਾ ਦੇ ਕੇ ਭੈੜਾ ਮਜ਼ਾਕ ਕੀਤਾ।
ਸ. ਫਤਿਹ ਸਿੰਘ ਨੂੰ ਵੀ ਉਨ੍ਹਾਂ ਦੀ ਖੋਹੀ ਹੋਈ ਜਾਗੀਰ ਵਾਪਸ ਕਰਨ ਦਾ ਲਾਲਚ ਦੇ ਕੇ ਇਹ ਕੰਮ ਕਰਨ ਲਈ ਜੋਰ ਪਾਇਆ ਗਿਆ ਜਿਸ ਲਈ ਉਨ੍ਹਾਂ ਨੇ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਹ ਆਪਣੇ ਦੇਸ਼ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਆਪਣਾ ਸਾਰਾ ਕੁਝ ਗੁਵਾਉਣਾ ਹੀ ਚੰਗਾ ਸਮਝਦੇ ਹਨ, ਪਰ ਉਹ ਆਪਣੇ ਦੇਸ਼ ਦੇ ਹੀ ਲੋਕਾਂ ਵਿਰੁੱਧ ਹਥਿਆਰ ਨਹੀਂ ਚੁੱਕ ਸਕਦੇ।
ਸ. ਫਤਿਹ ਸਿੰਘ ਦਾ ਪੁੱਤਰ ਸੀ, ਜ਼ੈਲਦਾਰ ਗੁਰਬਚਨ ਸਿੰਘ (ਕਈ ਸ੍ਰੋਤਾਂ ਵਿਚ ਨਾਮ ਖੇਮ ਸਿੰਘ ਲਿਖਿਆ ਮਿਲਦਾ ਹੈ) ਅਤੇ ਇਸ ਦੇ ਤਿੰਨ ਪੁੱਤਰ ਸਨ ਸ. ਅਰਜਨ ਸਿੰਘ, ਸ. ਸੁਰਜਨ ਸਿੰਘ ਅਤੇ ਸ. ਮੇਹਰ ਸਿੰਘ। ਸ. ਅਰਜਨ ਸਿੰਘ ਇਕ ਮੰਨੇ-ਪ੍ਰਮੰਨੇ ਜ਼ਿਮੀਂਦਾਰ ਸਨ, ਜੋ ਆਜ਼ਾਦੀ ਦੀ ਲੜਾਈ ਵਿਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਰਹੇ। ਇਨ੍ਹਾਂ ਦੀ ਨੇਕਦਿਲੀ ਦੇ ਕਾਰਨ ਇਹ ਸਾਰੇ ਇਲਾਕੇ ਵਿਚ ਸਤਿਕਾਰੇ ਜਾਂਦੇ ਸਨ।
ਇਨ੍ਹਾਂ ਨੇ ਇਲਾਕੇ ਵਿਚ ਖੂਹ ਲਗਵਾਏ, ਸਰਾਵਾਂ ਬਣਵਾਈਆਂ, ਗੁਰਦੁਆਰੇ ਬਣਵਾਏ। ਸ. ਅਰਜਨ ਸਿੰਘ ਲਈ ਧਰਮ ਰੂਹ ਦੀ ਖੁਰਾਕ ਸੀ ਦਿਖਾਵਾ ਨਹੀਂ ਸੀ। ਇਹ ਕਿਰਤ ਕਰਕੇ ਧਰਮ ਲਈ ਹੱਥੋਂ ਦਾਨ ਦੇ ਕੇ ਭਲਾ ਮਨਾਉਣ ਵਿਚ ਵਿਸ਼ਵਾਸ ਰੱਖਦੇ ਸਨ। ਹਿੰਦੋਸਤਾਨ ਵਿਚ ਕੋਈ ਵੀ ਇਹੋ ਜਿਹੀ ਥਾਂ ਨਹੀਂ ਸੀ ਜਿਸ ਦਾ ਆਪ ਨੂੰ ਪਤਾ ਲਗਦਾ ਕਿ ਕਾਲ ਪਿਆ ਹੈ, ਭੁਚਾਲ ਆਇਆ ਹੈ ਜਾਂ ਹੜ੍ਹ ਆਇਆ ਹੈ ਜਾਂ ਕਿਸੇ ਹੋਰ ਕਾਰਨ ਕਰਕੇ ਜਨਤਾ ਦੁਖੀ ਹੈ, ਆਪ ਨੇ ਐਸੀ ਹਰ ਥਾਂ ’ਤੇ ਸਹਾਇਤਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ।
ਇਕ ਵਾਰ ਦੀ ਗੱਲ ਹੈ ਕਿ ਪਿੰਡ ਦਾ ਇਕ ਦਰਜੀ ਚੀਨ ਰੋਜ਼ਗਾਰ ਦੀ ਭਾਲ ਵਿਚ ਗਿਆ ਅਤੇ ਜਦੋਂ ਵਾਪਸ ਆਇਆ ਤਾਂ ਉਸ ਨੂੰ ਛੂਤ ਦੇ ਰੋਗ ਪਲੇਗ ਨੇ ਆ ਦਬੋਚਿਆ। ਦਿਨਾਂ ਵਿਚ ਹੀ ਇਹ ਬਿਮਾਰੀ ਪਿੰਡ ਵਿਚ ਫੈਲਣ ਲੱਗੀ। ਅੰਗਰੇਜ਼ ਕੁਲੈਕਟਰ ਨੇ ਹੁਕਮ ਦੇ ਦਿੱਤਾ ਕਿ ਜਿਨ੍ਹਾਂ ਘਰਾਂ ਵਿਚ ਪਲੇਗ ਫੈਲੀ ਹੋਈ ਹੈ, ਉਹ ਢਾਹ ਕੇ ਨਸ਼ਟ ਕਰ ਦਿੱਤੇ ਜਾਣ। ਸ. ਅਰਜਨ ਸਿੰਘ ਨੇ ਇਸ ਗੱਲ ਦਾ ਡੱਟ ਕੇ ਵਿਰੋਧ ਕੀਤਾ ਤੇ ਕਿਹਾ ਸਰਕਾਰ ਘਰ ਢਾਹੁਣ ਤੋਂ ਪਹਿਲਾਂ ਉਨ੍ਹਾਂ ਨੂੰ ਦੁਬਾਰਾ ਬਣਾਉਣਾ ਯਕੀਨੀ ਬਣਾਵੇ।
ਜਦੋਂ ਅੰਗਰੇਜ਼ ਸਰਕਾਰ ਨੇ ਬਾਰ ਦੇ ਜੰਗਲੀ ਇਲਾਕੇ ਨੂੰ ਆਬਾਦ ਕਰਨ ਲਈ 25-25 ਏਕੜ ਜ਼ਮੀਨ ਦੇ ਕੇ ਕਿਸਾਨਾਂ ਨੂੰ ਵਸਾਉਣ ਦਾ ਯਤਨ ਕੀਤਾ, ਉਸ ਸਮੇਂ ਸ. ਅਰਜਨ ਸਿੰਘ ਨੂੰ ਲਾਇਲਪੁਰ ਨੇੜੇ ਬੰਗਾ ਪਿੰਡ ਵਿਖੇ 25 ਏਕੜ ਜ਼ਮੀਨ ਅਲਾਟ ਹੋ ਗਈ ਅਤੇ ਉਹ ਉਥੇ ਜਾ ਵੱਸੇ।
ਸ. ਅਰਜਨ ਸਿੰਘ ਦੇ ਘਰ ਬੀਬੀ ਜੈ ਕੌਰ ਦੀ ਕੁੱਖੋਂ ਤਿੰਨ ਪੁੱਤਰਾਂ ਸ. ਕਿਸ਼ਨ ਸਿੰਘ, ਸ. ਅਜੀਤ ਸਿੰਘ ਅਤੇ ਸ. ਸਵਰਨ ਸਿੰਘ ਨੇ ਜਨਮ ਲਿਆ। ਇਨ੍ਹਾਂ ਤਿੰਨਾਂ ਭਰਾਵਾਂ ਨੇ ਪੰਜਾਬ ਵਿਚ ‘ਅੰਜਮਨ ਮੁਹਿੱਬਾਨੇ ਵਤਨ’ (ਭਾਰਤ ਮਾਤਾ ਸੁਸਾਇਟੀ) ਲਈ ਬਹੁਤ ਕੰਮ ਕੀਤਾ।
ਸ. ਕਿਸ਼ਨ ਸਿੰਘ ਦਾ ਜਨਮ 1876 ਈ. ਜ਼ਿਲ੍ਹਾ ਜਲੰਧਰ ਦੇ ਪਿੰਡ ਖਟਕੜ ਕਲਾਂ ਵਿਖੇ ਹੋਇਆ। ਸ. ਕਿਸ਼ਨ ਸਿੰਘ ਦੇ ਮਨ ਵਿਚ ਸਮਾਜ ਸੇਵਾ ਦੀ ਬਹੁਤ ਭਾਵਨਾ ਸੀ। ਸੰਨ 1898 ਈ. ਦੇ ਕਾਲ ਸਮੇਂ ਅਤੇ ਸੰਨ 1904 ਈ. ਵਿਚ ਕਾਂਗੜੇ ਵਿਚ ਆਏ ਭੂਚਾਲ ਸਮੇਂ ਲੋੜਵੰਦਾਂ ਦੀ ਬਹੁਤ ਸਹਾਇਤਾ ਕੀਤੀ। 1906 ਈ. ਵਿਚ ਆਪ ਰਾਜਨੀਤੀ ਵਿਚ ਸਰਗਰਮ ਹੋਏ। ਸੰਨ 1907 ਈ. ਵਿਚ ਆਪ ਨੇ ਕੈਨਾਲ ਐਕਟ ਦਾ ਡਟ ਕੇ ਵਿਰੋਧ ਕੀਤਾ। ਇਸ ਸਮੇਂ ਅੰਗਰੇਜ਼ ਸਰਕਾਰ ਨੇ ਆਪ ਨੂੰ ਗ੍ਰਿਫਤਾਰ ਕਰ ਲਿਆ ਅਤੇ ਆਪ ਨੂੰ ਦੋ ਸਾਲ ਦੀ ਕੈਦ ਭੁਗਤਣੀ ਪਈ। ਜੇਲ੍ਹ ਵਿਚ ਰਹਿਣ ਸਮੇਂ ਆਪ ਨੂੰ ਕੈਦੀਆਂ ਪ੍ਰਤੀ ਸਰਕਾਰ ਦੇ ਵਿਵਹਾਰ ਦਾ ਪਤਾ ਲੱਗਾ ਜਿਸ ਵਿਚ ਸੁਧਾਰ ਲਿਆਉਣ ਲਈ ਆਪ ਨੇ ਬਹੁਤ ਯਤਨ ਕੀਤੇ। ਸ. ਕਿਸ਼ਨ ਸਿੰਘ ਨੇ ਜ਼ੇਲ੍ਹ ਵਿਚ ਟੋਪੀ ਪਹਿਨਣ ਤੋਂ ਇਨਕਾਰ ਕਰ ਦਿੱਤਾ ਅਤੇ ਪਗੜੀ ਦੀ ਮੰਗ ਕੀਤੀ। ਆਪ ਨੇ ਭਾਰੀ ਜੱਦੋ-ਜਹਿਦ ਮਗਰੋਂ ਸਿੱਖ ਕੈਦੀਆਂ ਲਈ ਢਾਈ ਗਜ਼ ਪਗੜੀ ਦੀ ਮੰਗ ਅਖੀਰ ਮਨਵਾ ਹੀ ਲਈ। ਸੰਨ 1930 ਈ. ਦੀ ਨਾਮਿਲਵਰਤਨ ਵਿਚ ਹਿੱਸਾ ਲੈਣ ਕਾਰਨ ਆਪ ਨੂੰ ਸਰਕਾਰ ਦਾ ਤਸ਼ੱਦਦ ਸਹਿਣਾ ਪਿਆ। ਆਪ 1938 ਈ. ਵਿਚ ਪੰਜਾਬ ਲੈਜਿਸਲੇਟਿਵ ਅਸੈਂਬਲੀ ਦੇ ਮੈਂਬਰ ਚੁਣੇ ਗਏ।
ਸ. ਕਿਸ਼ਨ ਸਿੰਘ ਦੇ ਘਰ ਛੇ ਪੁੱਤਰਾਂ ਸ. ਜਗਤ ਸਿੰਘ, ਸ. ਭਗਤ ਸਿੰਘ, ਸ. ਕੁਲਬੀਰ ਸਿੰਘ, ਸ. ਕੁਲਤਾਰ ਸਿੰਘ, ਸ. ਰਜਿੰਦਰ ਸਿੰਘ, ਸ. ਰਣਵੀਰ ਸਿੰਘ ਅਤੇ ਤਿੰਨ ਪੁੱਤਰੀਆਂ ਬੀਬਾ ਅਮਰ ਕੌਰ, ਬੀਬਾ ਸਮਿੱਤਰਾ ਪ੍ਰਕਾਸ਼ ਕੌਰ ਅਤੇ ਸ਼ੰਕੁਤਲਾ ਨੇ ਜਨਮ ਲਿਆ। ਸ. ਜਗਤ ਸਿੰਘ ਦੀ 11 ਸਾਲ ਦੀ ਉਮਰ ਵਿਚ ਹੀ ਮੌਤ ਹੋ ਗਈ ਸੀ।
ਸ. ਅਰਜਨ ਸਿੰਘ ਦੇ ਘਰ 23 ਫਰਵਰੀ 1881 ਈ. ਨੂੰ ਸ. ਅਜੀਤ ਸਿੰਘ ਦਾ ਜਨਮ ਹੋਇਆ। ਆਪ ਜੀ ਦਾ ਵੱਡਾ ਭਰਾ ਸ. ਕਿਸ਼ਨ ਸਿੰਘ ਵੀ ਆਜ਼ਾਦੀ ਲਈ ਦਿਨ-ਰਾਤ ਲੜਾਈ ਲੜ ਰਿਹਾ ਸੀ। ਸ. ਅਜੀਤ ਸਿੰਘ ਨੇ ਸਾਂਈ ਦਾਸ ਐਗਲੋਂ ਸੰਸਕ੍ਰਿਤ ਸਕੂਲ ਜਲੰਧਰ ਤੋਂ ਵਿਦਿਆ ਪ੍ਰਾਪਤ ਕੀਤੀ।
ਸ. ਅਜੀਤ ਸਿੰਘ ਜਦੋਂ ਛੋਟਾ ਬੱਚਾ ਹੀ ਸੀ, ਉਦੋਂ ਤੋਂ ਹੀ ਆਪਣੇ ਦਾਦਾ ਜੀ ਤੋਂ ਦੇਸ਼ ਵਿਚ ਵਾਪਰੀਆਂ ਘਟਨਾਵਾਂ ਸੁਣਦੇ ਸਨ। ਇਹ ਘਟਨਾਵਾਂ ਸੁਣ ਕੇ ਉਸ ਅੰਦਰ ਅੰਗਰੇਜ਼ਾਂ ਵਿਰੁੱਧ ਨਫ਼ਰਤ ਪੈਦਾ ਹੁੰਦੀ ਚਲੀ ਗਈ। ਸ. ਅਜੀਤ ਸਿੰਘ ਆਪਣੇ ਘਰ ਆਏ ਤਹਿਸੀਲਦਾਰ ਅਤੇ ਥਾਣੇਦਾਰਾਂ ਨੂੰ ਦੇਖਦਾ ਤਾਂ ਉਹ ਸਾਰੇ ਪੰਜਾਬੀ ਹੁੰਦੇ ਸਨ। ਉਸ ਨੇ ਕਦੇ ਵੀ ਆਪਣੇ ਦਾਦਾ ਸ. ਫਤਿਹ ਸਿੰਘ ਪਾਸ ਕੋਈ ਅੰਗਰੇਜ਼ ਅਫਸਰ ਜਾਂ ਅੰਗਰੇਜ਼ ਦੇਖਣ ਨੂੰ ਨਹੀਂ ਸੀ ਮਿਲਿਆ। ਇਕ ਵਾਰ ਸ. ਅਜੀਤ ਸਿੰਘ ਨੇ ਆਪਣੇ ਚਾਚਾ ਸ. ਸੁਰਜਨ ਸਿੰਘ ਨੂੰ ਅੰਗਰੇਜ਼ ਅਫਸਰ ਨਾਲ ਦੇਖਿਆ। ਅੰਗਰੇਜ਼ ਅਫਸਰ ਸ. ਸੁਰਜਨ ਸਿੰਘ ਨਾਲੋਂ ਉਮਰ ਵਿਚ ਕਾਫੀ ਛੋਟਾ ਸੀ ਪਰ ਫੇਰ ਵੀ ਸ. ਸੁਰਜਨ ਸਿੰਘ ਨੇ ਉਸ ਨੂੰ ਝੁਕ ਕੇ ਸਲਾਮ ਕੀਤੀ ਅਤੇ ਅੰਗਰੇਜ਼ ਅਫਸਰ ਨੂੰ ਪੰਜਾਬੀ ਵੀ ਚੰਗੀ ਤਰ੍ਹਾਂ ਬੋਲਣੀ ਨਹੀਂ ਸੀ ਆਉਂਦੀ। ਜਿਸ ਦੀ ਟੁੱਟੀ-ਫੁੱਟੀ ਪੰਜਾਬੀ ਸੁਣ ਸ. ਅਜੀਤ ਸਿੰਘ ਦਾ ਅਕਸਰ ਹਾਸਾ ਨਿਕਲ ਜਾਇਆ ਕਰਦਾ ਸੀ। ਅੰਗਰੇਜ਼ ਉਸ ਨਾਲ ਇਸ ਗੱਲੋਂ ਵੀ ਅਕਸਰ ਨਰਾਜ਼ ਰਹਿੰਦੇ ਸਨ ਕਿ ਉਹ ਉਨ੍ਹਾਂ ਨੂੰ ਸਲੂਟ ਨਹੀਂ ਸੀ ਕਰਦਾ।
ਸ. ਅਜੀਤ ਸਿੰਘ ਜਦੋਂ ਅਜੇ ਬੱਚਾ ਹੀ ਸੀ ਕਿ ਆਪਣੇ ਵੱਡੇ ਭਰਾ ਸ. ਕਿਸ਼ਨ ਸਿੰਘ ਨਾਲ ਹੋਲੇ-ਮਹੱਲੇ ਵਾਲੇ ਦਿਨ ਸ੍ਰੀ ਅਨੰਦਪੁਰ ਸਾਹਿਬ ਜਾ ਦੋਵੇਂ ਅੰਮ੍ਰਿਤ ਛਕ ਕੇ ਤਿਆਰ-ਬਰ-ਤਿਆਰ ਸਿੰਘ ਸਜ ਗਏ। ਆਪ ਦਾ ਵਿਆਹ ਸ੍ਰੀ ਘਨਪਤ ਰਾਏ ਦੀ ਗੋਦ ਲਈ ਲੜਕੀ ਬੀਬੀ ਹਰਨਾਮ ਕੌਰ ਨਾਲ ਹੋਇਆ। ਵਿਆਹ ਤੋਂ ਬਾਅਦ ਸ. ਅਜੀਤ ਸਿੰਘ ਨੇ ਬੀਬੀ ਹਰਨਾਮ ਕੌਰ ਨੂੰ ਇਕ ਗੁਰਬਾਣੀ ਦਾ ਗੁਟਕਾ ਦਿੱਤਾ, ਜਿਸ ਤੋਂ ਉਹ ਹਰ ਦਿਨ ਸੌਣ ਤੋਂ ਪਹਿਲਾਂ ਪਾਠ ਕਰਦੀ ਸੀ। ਇਹ ਗੁਟਕਾ ਉਨ੍ਹਾਂ ਨੇ ਸਾਰੀ ਉਮਰ ਆਪਣੇ ਪਾਸ ਸੰਭਾਲ ਕੇ ਰੱਖਿਆ।
ਆਪ ਨੇ ਲਾਅ ਕਾਲਜ ਬਰੇਲੀ ਤੋਂ ਪੜ੍ਹਾਈ ਸ਼ੁਰੂ ਕੀਤੀ ਪਰ ਸਿਹਤ ਠੀਕ ਨਾ ਰਹਿਣ ਕਰਕੇ ਆਪ ਨੂੰ ਪੜ੍ਹਾਈ ਵਿੱਚੇ ਛੱਡ ਕੇ ਵਾਪਸ ਆਉਣਾ ਪਿਆ। ਫਿਰ ਆਪ ਨੇ ਡੀ.ਏ.ਵੀ ਕਾਲਜ ਲਾਹੌਰ ਤੋਂ ਐਫ.ਏ. ਪਾਸ ਕਰ ਲਈ। ਆਪ ਨੇ ਯੂਰਪੀ ਲੋਕਾਂ ਨੂੰ ਪੰਜਾਬੀ ਪੜ੍ਹਾਉਣੀ ਸ਼ੁਰੂ ਕਰ ਦਿੱਤੀ। ਸੰਨ 1907 ਈ. ਵਿਚ ਜ਼ਮੀਨੀ ਮਾਮਲੇ ਅਤੇ ਨਹਿਰੀ ਪਾਣੀ ਦੀਆਂ ਦਰਾਂ ਵਿਚ ਵਾਧਾ ਹੋ ਜਾਣ ਕਰਕੇ ਅੰਦੋਲਨ ਸ਼ੁਰੂ ਹੋ ਗਿਆ ਜਿਸ ਵਿਚ ਆਪ ਨੇ ਵੱਧ-ਚੜ੍ਹ ਕੇ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਆਪ ਨੇ ਸ਼ਾਹੂਕਾਰਾਂ ਅਤੇ ਜਾਗੀਰਦਾਰਾਂ ਦੀ ਲੁੱਟ-ਖਸੁੱਟ ਦਾ ਵਿਰੋਧ ਕੀਤਾ। ਕਿਸਾਨਾਂ ਨੂੰ ਜਥੇਬੰਦ ਕਰਕੇ ‘ਪਗੜੀ ਸੰਭਾਲ ਜੱਟਾ’ ਲਹਿਰ ਕਾਇਮ ਕੀਤੀ ਅਤੇ ਕਿਸਾਨ ਨੇਤਾ ਦੇ ਰੂਪ ਵਿਚ ਉੱਭਰ ਕੇ ਸਾਹਮਣੇ ਆਏ। ਆਪ ਨੇ ‘ਪੇਸ਼ਵਾ’ ਨਾਂ ਦਾ ਇਕ ਅਖ਼ਬਾਰ ਲਾਹੌਰ ਤੋਂ ਸ਼ੁਰੂ ਕੀਤਾ ਅਤੇ ਬਹੁਤ ਸਾਰੀਆਂ ਕਿਤਾਬਾਂ ਅਤੇ ਟ੍ਰੈਕਟ ਛਾਪ ਕੇ ਲੋਕਾਂ ਨੂੰ ਜਾਗ੍ਰਿਤ ਕਰਨ ਹਿੱਤ ਵੰਡੇ। ਜਿਨ੍ਹਾਂ ਵਿੱਚੋਂ 1857 ਦਾ ਗ਼ਦਰ, ਉਂਗਲੀ ਪਕੜੇ ਪੰਜਾ ਪਕੜਾ, ਬਾਗੀ ਮਸੀਹ, ਮਹਿਬੂਬ-ਏ-ਵਤਨ, ਬੰਦਰ ਬਾਦ, ਦੇਸੀ ਫੌਜ ਆਦਿ ਪ੍ਰਸਿੱਧ ਹਨ। ਇਨ੍ਹਾਂ ਵੱਲੋਂ ਲਿਖੇ ਗਏ ਬਹੁਤ ਸਾਰੇ ਟ੍ਰੈਕਟ ਸਰਕਾਰ ਵੱਲੋਂ ਬਗ਼ਾਵਤੀ ਸੁਰ ਵਾਲੇ ਸਮਝ ਕੇ ਜਬਤ ਕੀਤੇ ਜਾਂਦੇ ਰਹੇ।
ਸ. ਅਜੀਤ ਸਿੰਘ ਨੇ ਲਾਹੌਰ ਵਿਚ ‘ਮਹਿਬੂਬ-ਏ-ਵਤਨ’ ਨਾਂ ਦਾ ਇਕ ਸੰਘ ਕਾਇਮ ਕੀਤਾ। ਇਥੇ ਕੰਮ ਕਰਦਿਆਂ ਉਨ੍ਹਾਂ ਦੇ ਹੀ ਇਕ ਸਾਥੀ ਨੇ ਉਨ੍ਹਾਂ ਨੂੰ ਫੜਾ ਦਿੱਤਾ ਜਦੋਂ ਉਹ ਹਲਵਾਈ ਦੇ ਭੇਸ ਵਿਚ ਪੰਜਾਬ ਤੋਂ ਕਲਕੱਤੇ ਵੱਲ ਜਾ ਰਹੇ ਸਨ। ਉਨ੍ਹਾਂ ਨੂੰ ਲਾਲਾ ਲਾਜਪਤ ਰਾਏ ਦੇ ਨਾਲ ਹੀ ਮਾਂਡਲੇ ਜੇਲ੍ਹ ਵਿਚ ਕੈਦ ਕਰ ਦਿੱਤਾ ਗਿਆ। ਸੰਨ 1907 ਈ. ਵਿਚ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। ਆਪ ਰੂਪੋਸ਼ ਹੋ ਕੇ ਆਜ਼ਾਦੀ ਦੀ ਲੜਾਈ ਵਿਚ ਹਿੱਸਾ ਪਾਉਂਦੇ ਰਹੇ।
ਆਪ ਨੇ ਆਪਣੇ ਭਰਾ ਸ. ਅਜੀਤ ਸਿੰਘ ਨਾਲ ਰਲ ਕੇ ਲਾਲਾ ਲਾਜਪਤ ਰਾਏ ਨਾਲ ਵਿਸ਼ੇਸ਼ ਸੰਪਰਕ ਪੈਦਾ ਕੀਤੇ। ਆਪ ਦੇ ਭਾਸ਼ਣ ਵਿਚ ਬਹੁਤ ਦਲੀਲ ਸੀ ਜਿਸ ਕਾਰਨ ਸਰੋਤੇ ਆਪ ਵੱਲ ਕੀਲੇ ਚਲੇ ਆਉਂਦੇ ਸਨ।
ਸੰਨ 1905 ਈ. ਵਿਚ ਬੰਗਾਲ ਦੀ ਵੰਡ ਦੇ ਖਿਲਾਫ਼ ਸਾਰੇ ਦੇਸ਼ ਵਿਚ ਰੋਸ ਮੁਜ਼ਾਹਰੇ ਹੋ ਰਹੇ ਸਨ। ਪੰਜਾਬ ਦੇ ਲੋਕਾਂ ਵਿਚ ਇਸ ਵੰਡ ਕਾਰਨ ਬਹੁਤ ਗੁੱਸਾ ਸੀ। ਪੰਜਾਬ ਵਿਚ ਅੰਗਰੇਜ਼ਾਂ ਨੇ ਨਵੇਂ ਆਬਾਦਕਾਰਾਂ ਉਤੇ ਕਾਲੋਨਾਈਜੇਸ਼ਨ ਐਕਟ ਲਾਗੂ ਕਰ ਦਿੱਤਾ ਸੀ। ਸ. ਕਿਸ਼ਨ ਸਿੰਘ, ਸ. ਅਜੀਤ ਸਿੰਘ ਅਤੇ ਸ. ਸਵਰਨ ਸਿੰਘ, ਸੂਫੀ ਅੰਬਾਪ੍ਰਸਾਦਿ ਸਮੇਤ ਇਸ ਐਕਟ ਦਾ ਡੱਟ ਕੇ ਵਿਰੋਧ ਕਰ ਰਹੇ ਸਨ। ਹਜ਼ਾਰਾਂ ਹੀ ਕਿਸਾਨ ਇਸ ਅੰਦੋਲਨ ਵਿਚ ਸ਼ਿਰਕਤ ਕਰ ਰਹੇ ਸਨ। ਸੂਫੀ ਅੰਬਾਪ੍ਰਸਾਦਿ ਦੀ ਅਗਵਾਈ ਵਿਚ ‘ਪੇਸ਼ਵਾ’ ਅਖ਼ਬਾਰ ਅਤੇ ਕਿਤਾਬਚੇ ਛਾਪ ਕੇ ਵੰਡੇ ਗਏ। ਅੰਦੋਲਨ ਤੋਂ ਡਰਦੇ ਹੋਏ ਅੰਗਰੇਜ਼ਾਂ ਨੇ ਇਨ੍ਹਾਂ ਪ੍ਰਮੁੱਖ ਨੇਤਾਵਾਂ ਨੂੰ ਫੜ ਕੇ ਜੇਲ੍ਹ ਵਿਚ ਬੰਦ ਕਰ ਦਿੱਤਾ। 1904-05 ਈ. ਨੂੰ ਰਾਜਪੂਤਾਨੇ ਦੇ ਇਲਾਕੇ ਵਿਚ ਕਾਲ ਪੈ ਗਿਆ। ਇੰਨੀ ਬੁਰੀ ਹਾਲਤ ਹੋਈ ਕਿ ਚਾਰੇ ਪਾਸੇ ਹਾਹਾਕਾਰ ਮਚ ਗਈ। ਸ. ਕਿਸ਼ਨ ਸਿੰਘ ਨੇ ਇਸ ਭਿਅੰਕਰ ਸਥਿਤੀ ਵਿਚ ਲੋਕਾਂ ਲਈ ਅਨਾਜ, ਰੋਟੀ ਤੇ ਕੱਪੜੇ ਦਾ ਪ੍ਰਬੰਧ ਕੀਤਾ ਅਤੇ ਜਿਹੜੇ ਬੱਚਿਆਂ ਦੇ ਮਾਂ-ਬਾਪ ਮਰ ਗਏ, ਉਨ੍ਹਾਂ ਲਈ ਇਕ ਯਤੀਮਖਾਨੇ ਦਾ ਪ੍ਰਬੰਧ ਵੀ ਕੀਤਾ, ਜਿਸ ਦੀ ਦੇਖਭਾਲ ਇਹ ਆਪ ਕਰਦੇ ਰਹੇ।
ਸ. ਸਵਰਨ ਵੀ ਆਪਣੇ ਵੱਡੇ ਭਰਾ ਸ. ਅਜੀਤ ਸਿੰਘ ਵਾਂਗ ‘ਪਗੜੀ ਸੰਭਾਲ ਜੱਟਾ’ ਐਜੀਟੇਸ਼ਨ ਵਿਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਰਹੇ ਅਤੇ ਬਹੁਤ ਸਾਰੇ ਅਖ਼ਬਾਰ ਤੇ ਕਿਤਾਬਚਿਆਂ ਵਿਚ ਅੰਗਰੇਜ਼ ਸਰਕਾਰ ਦੀਆਂ ਕਾਲੀਆਂ ਕਰਤੂਤਾਂ ਨੂੰ ਲੋਕਾਂ ਸਾਹਮਣੇ ਲਿਆਂਦਾ। ਆਪ ਨੂੰ ਵੀ ਅੰਗਰੇਜ਼ਾਂ ਨੇ ਜੇਲ੍ਹ ਵਿਚ ਬੰਦ ਕਰ ਦਿੱਤਾ ਅਤੇ ਘੋਰ ਤਸੀਹੇ ਦਿੱਤੇ ਗਏ। ਆਪ ਤੋਂ ਅੰਦੋਲਨ ਦੇ ਭੇਤ ਪੁੱਛਣ ਲਈ ਕੋਹਲੂ ਅੱਗੇ ਬਲਦਾਂ ਦੀ ਥਾਂ ’ਤੇ ਜੋੜਿਆ ਜਾਂਦਾ ਰਿਹਾ। ਸੰਨ 1907 ਈ. ਵਿਚ ਆਪ ਨੂੰ ਵੀ ਹੋਰਨਾਂ ਕੈਦੀਆਂ ਨਾਲ ਰਿਹਾਅ ਕਰ ਦਿੱਤਾ ਗਿਆ ਪਰ ਆਪ ਜੇਲ੍ਹ ਵਿਚ ਨਾਮੁਰਾਦ ਬਿਮਾਰੀ ਟੀ.ਬੀ. ਦਾ ਸ਼ਿਕਾਰ ਹੋ ਗਏ।
ਸ਼ਹੀਦ ਸ. ਭਗਤ ਸਿੰਘ ਦਾ ਜਨਮ 28 ਸੰਤਬਰ 1907 ਈ. ਨੂੰ ਸ. ਕਿਸ਼ਨ ਸਿੰਘ ਦੇ ਘਰ ਮਾਤਾ ਵਿਦਿਆਵਤੀ ਦੀ ਕੁੱਖੋਂ ਪਿੰਡ ਬੰਗਾ ਚੱਕ 105 ਜ਼ਿਲ੍ਹਾ ਲਾਇਲਪੁਰ ਵਿਖੇ ਹੋਇਆ। ਸ. ਭਗਤ ਸਿੰਘ ਦੇ ਜਨਮ ਸਮੇਂ ਸਾਰੇ ਪਰਵਾਰ ਵਿਚ ਖੁਸ਼ੀ ਦੀ ਲਹਿਰ ਦੌੜ ਗਈ, ਨਵੇਂ ਜਨਮੇ ਬੱਚੇ ਨੂੰ ਭਾਗਾਂ ਵਾਲਾ ਸਮਝਿਆ ਗਿਆ ਕਿਉਂਕਿ ਇਸੇ ਦਿਨ ਇਨ੍ਹਾਂ ਦੇ ਪਿਤਾ ਦੀ ਲਾਹੌਰ ਸੈਂਟਰਲ ਜੇਲ੍ਹ ’ਚੋਂ ਜ਼ਮਾਨਤ ’ਤੇ ਰਿਹਾਈ ਹੋਈ ਅਤੇ ਇਨ੍ਹਾਂ ਦੇ ਚਾਚਾ ਸ. ਅਜੀਤ ਸਿੰਘ ਦੇ ਮਾਂਡਲੇ ਜੇਲ੍ਹ (ਬਰਮਾਂ) ਵਿੱਚੋਂ ਰਿਹਾਈ ਦੇ ਹੁਕਮ ਜਾਰੀ ਹੋਏ ਅਤੇ ਛੋਟੇ ਚਾਚਾ ਸਵਰਨ ਸਿੰਘ ਦੀ ਉਸ ਦਿਨ ਜੇਲ੍ਹ ’ਚੋਂ ਰਿਹਾਈ ਹੋਈ। ਇਨ੍ਹਾਂ ਕਾਰਨਾਂ ਕਰਕੇ ਨਵਜਨਮੇ ਬੱਚੇ ਦਾ ਨਾਂ ਦਾਦੀ ਨੇ ਭਾਗਾਂ ਵਾਲਾ ਰੱਖ ਦਿੱਤਾ ਅਤੇ ਬਾਅਦ ਵਿਚ ਭਗਤ ਸਿੰਘ ਕਿਹਾ ਜਾਣ ਲੱਗ ਪਿਆ।
ਸੰਨ 1910 ਈ. ਵਿਚ ਜਦੋਂ ਆਪ ਦੀ ਉਮਰ 3 ਸਾਲ ਦੇ ਲਗਭਗ ਸੀ, ਆਪ ਜੀ ਦੇ ਚਾਚਾ ਸ. ਸਵਰਨ ਸਿੰਘ ਜੀ 22 ਸਾਲ ਦੀ ਉਮਰ ਵਿਚ ਜੇਲ੍ਹ ਦੇ ਤਸੀਹਿਆਂ ਨਾਲ ਸਹੇੜੀ ਬਿਮਾਰੀ ਕਾਰਨ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ।
ਸ. ਭਗਤ ਸਿੰਘ ਬਚਪਨ ਵਿਚ ਹੀ ਆਪਣੇ ਘਰ ਵਿਚ ਵਿਧਵਾ ਵਾਂਗ ਜੀਵਨ ਬਤੀਤ ਕਰ ਰਹੀਆਂ ਆਪਣੀ ਵੱਡੀ ਚਾਚੀ ਬੀਬੀ ਹਰਨਾਮ ਕੌਰ ਅਤੇ ਛੋਟੀ ਚਾਚੀ ਹੁਕਮ ਕੌਰ ਨੂੰ ਦੇਖਦਾ ਰਿਹਾ। ਜਿਸ ਤੋਂ ਉਸ ਦੇ ਮਨ ਵਿਚ ਬਚਪਨ ਤੋਂ ਹੀ ਅੰਗਰੇਜ਼ਾਂ ਪ੍ਰਤੀ ਘੋਰ ਨਫ਼ਰਤ ਪੈਦਾ ਹੋਣੀ ਸ਼ੁਰੂ ਹੋ ਗਈ ਸੀ।
ਸ. ਭਗਤ ਸਿੰਘ ਜੀ ਨੇ ਮੁੱਢਲੀ ਸਿੱਖਿਆ ਬੰਗਾ, ਜ਼ਿਲ੍ਹਾ ਲਾਇਲਪੁਰ ਤੋਂ ਪ੍ਰਾਪਤ ਕੀਤੀ। ਸ. ਭਗਤ ਸਿੰਘ ਦੀ ਉਮਰ ਉਸ ਵਕਤ ਕੋਈ ਸੱਤ ਕੁ ਸਾਲ ਦੀ ਸੀ ਜਦੋਂ ਬਜਬਜ ਘਾਟ ’ਤੇ ਜਹਾਜ ਤੋਂ ਉਤਰਦੇ ਦੇਸ਼ ਭਗਤ ਗ਼ਦਰੀ ਬਾਬਿਆਂ ਨੂੰ ਅੰਗਰੇਜ਼ ਸਰਕਾਰ ਨੇ ਗੋਲੀਆਂ ਨਾਲ ਭੁੰਨ ਸੁੱਟਿਆ, ਕੁਝ ਨੂੰ ਸਮੁੰਦਰ ਦੇ ਖਾਰੇ ਪਾਣੀਆਂ ਵਿਚ ਡੋਬ ਦਿੱਤਾ ਗਿਆ ਅਤੇ ਜੋ ਬਚ ਗਏ ਉਨ੍ਹਾਂ ਨੂੰ ਜੇਲ੍ਹਾਂ ਵਿਚ ਬੰਦ ਕਰ ਦਿੱਤਾ ਗਿਆ। ਇਨ੍ਹਾਂ ਵਿੱਚੋਂ ਬਹੁਤ ਥੋੜ੍ਹੇ ਜਿਹੇ ਬਚਦੇ ਬਚਾਉਂਦੇ ਪੰਜਾਬ ਪਹੁੰਚ ਕੇ ਇਨਕਲਾਬੀ ਸਰਗਰਮੀਆਂ ਵਿਚ ਜੁੱਟ ਗਏ। ਇਨ੍ਹਾਂ ਦਿਨਾਂ ਵਿਚ ਹੀ ਸ. ਕਰਤਾਰ ਸਿੰਘ ਸਰਾਭਾ ਤੇ ਕਈ ਹੋਰ ਗ਼ਦਰੀਆਂ ਨੂੰ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਇਨ੍ਹਾਂ ਘਟਨਾਵਾਂ ਬਾਰੇ ਉਹ ਆਪਣੇ ਘਰ ਵਿਚ ਹੁੰਦੀ ਵਿਚਾਰ ਚਰਚਾ ਤੋਂ ਜਾਣੂੰ ਹੁੰਦਾ ਰਹਿੰਦਾ ਸੀ ਅਤੇ ਆਪਣੇ ਮਨ ਵਿਚ ਅਸਰ ਕਬੂਲਦਾ ਰਹਿੰਦਾ। ਸ. ਕਰਤਾਰ ਸਿੰਘ ਸਰਾਭਾ ਦੀ ਸ਼ਹਾਦਤ ਅਤੇ ਲਾਹੌਰ ਸਾਜਿਸ਼ ਕੇਸ ਨੇ ਆਪ ਨੂੰ ਬਹੁਤ ਪ੍ਰਭਾਵਿਤ ਕੀਤਾ। ਸੰਨ 1916 ਈ. ਵਿਚ ਆਪ ਡੀ.ਏ.ਵੀ. ਸਕੂਲ ਲਾਹੌਰ ਵਿਚ ਦਾਖਲ ਹੋ ਗਏ। ਇਥੇ ਪੜ੍ਹਦਿਆਂ ਆਪ ਜੀ ਦਾ ਸੰਬੰਧ ਪ੍ਰਸਿੱਧ ਦੇਸ਼ ਭਗਤਾਂ ਨਾਲ ਹੋਇਆ। ਸੰਨ 1917 ਈ. ਵਿਚ ਰੂਸ ਵਿਚ ਇਨਕਲਾਬੀ ਨੇ ਉਥੋਂ ਦੀ ਰਾਜਾਸ਼ਾਹੀ, ਭੂਮੀਸ਼ਾਹੀ ਆਦਿ ਨੂੰ ਗੱਦੀ ਤੋਂ ਲਾਹ ਦਿੱਤਾ ਅਤੇ ਕਿਰਤੀ ਸ਼੍ਰੇਣੀ ਦਾ ਰਾਜ ਸਥਾਪਿਤ ਕਰ ਲਿਆ। ਇਸ ਕ੍ਰਾਂਤੀ ਨੇ ਦੁਨੀਆਂ-ਭਰ ਵਿਚ ਆਪਣਾ ਅਸਰ ਛੱਡਿਆ ਜਿਸ ਤੋਂ ਭਾਰਤ ਵਿਚਲੇ ਇਨਕਲਾਬੀਆਂ ਨੂੰ ਵੀ ਹੌਸਲਾ ਪ੍ਰਾਪਤ ਹੋਇਆ। ਸ. ਭਗਤ ਸਿੰਘ ਦਾ ਇਸ ਨਾਲ ਹੌਸਲਾ ਬੁਲੰਦ ਹੋਇਆ।
13 ਅਪ੍ਰੈਲ 1919 ਈ. ਨੂੰ ਜਲ੍ਹਿਆਂ ਵਾਲੇ ਬਾਗ ਅੰਮ੍ਰਿਤਸਰ ਦਾ ਖੂਨੀ ਸਾਕਾ ਵਾਪਰਿਆ ਜਿਸ ਵਿਚ ਅੰਗਰੇਜ਼ ਸਰਕਾਰ ਨੇ ਅਨੇਕਾਂ ਹੀ ਨਿਹੱਥੇ ਭਾਰਤੀਆਂ ਨੂੰ ਤੋਪਾਂ ਬੰਦੂਕਾਂ ਦੀਆਂ ਗੋਲੀਆਂ ਨਾਲ ਭੁੰਨ ਸੁੱਟਿਆ। ਇਸ ਸਮੇਂ ਸ. ਭਗਤ ਸਿੰਘ ਦੀ ਉਮਰ 12 ਸਾਲ ਦੀ ਸੀ। ਸ. ਭਗਤ ਸਿੰਘ ਜਦੋਂ ਘਟਨਾ ਤੋਂ ਬਾਅਦ ਜਲ੍ਹਿਆਂ ਵਾਲੇ ਬਾਗ ਨੂੰ ਦੇਖਣ ਲਈ ਗਿਆ ਤਾਂ ਇਸ ਘਟਨਾ ਨੇ ਸ. ਭਗਤ ਸਿੰਘ ਦੇ ਮਨ ਵਿਚ ਅੰਗਰੇਜ਼ਾਂ ਵਿਰੁੱਧ ਸੰਘਰਸ਼ ਦੀ ਭਾਵਨਾ ਨੂੰ ਹੋਰ ਤੇਜ਼ ਕਰ ਦਿੱਤਾ। ਉਸ ਨੇ ਆਪਣੇ ਦੇਸ਼-ਵਾਸੀਆਂ ਦੇ ਹੋਏ ਖੂਨ-ਖਰਾਬੇ ਦਾ ਬਦਲਾ ਲੈਣ ਦੀ ਸਹੁੰ ਖਾਧੀ।
17 ਜਨਵਰੀ ਤੋਂ 19 ਜਨਵਰੀ 1921 ਈ. ਤਕ ਮਲੇਰਕੋਟਲੇ ਵਿਖੇ ਨਾਮਧਾਰੀ ਸ਼ਹੀਦਾਂ ਦੀ ਯਾਦ ਵਿਚ ਜੋੜ-ਮੇਲਾ ਮਨਾਇਆ ਗਿਆ। ਕੁਝ ਨਾਮਧਾਰੀ ਸਿੰਘਾਂ ਨੂੰ ਅੰਗਰੇਜ਼ ਸਰਕਾਰ ਨੇ ਅੰਮ੍ਰਿਤਸਰ, ਰਾਏਕੋਟ ਅਤੇ ਲੁਧਿਆਣਾ ਵਿਖੇ ਫਾਂਸੀ ਲਾ ਦਿੱਤਾ ਸੀ ਅਤੇ 1872 ਈ. ਵਿਚ ਮਲੇਰਕੋਟਲੇ ਵਿਖੇ 66 ਨਾਮਧਾਰੀ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ ਸੀ। ਪੰਜਾਬ ਵਿਚ ਅੰਗਰੇਜ਼ਾਂ ਨੇ ਮੁਸਲਮਾਨਾਂ ਅਤੇ ਸਿੱਖਾਂ ਵਿਚ ਮਤਭੇਦ ਪੈਦਾ ਕਰਨ ਲਈ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ, ਘੰਟਾ-ਘਰ ਵਾਲੀ ਥਾਂ ’ਤੇ ਅਤੇ ਰਾਏਕੋਟ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਕੋਲ ਮੁਸਲਮਾਨਾਂ ਤੋਂ ਬੁੱਚੜਖਾਨੇ ਖੁਲ੍ਹਵਾ ਦਿੱਤੇ, ਜਿਥੇ ਗਊਆਂ ਕਤਲ ਕੀਤੀਆਂ ਜਾਣ ਲੱਗ ਪਈਆਂ। ਇਸ ਦਾ ਬਾਬਾ ਰਾਮ ਸਿੰਘ ਅਤੇ ਨਾਮਧਾਰੀ ਸਿੰਘਾਂ ਨੇ ਡੱਟ ਕੇ ਵਿਰੋਧ ਕੀਤਾ ਅਤੇ ਪ੍ਰਤੀਕਰਮ ਵੱਲੋਂ ਅੰਮ੍ਰਿਤਸਰ ਅਤੇ ਰਾਏਕੋਟ ਦੇ ਕਈ ਬੁਚੜਾਂ ਨੂੰ ਕਤਲ ਕਰ ਕੇ ਗਊਆਂ ਨੂੰ ਅਜ਼ਾਦ ਕਰ ਦਿੱਤਾ। ਇਸ ਦੋਸ਼ ਵਿਚ ਇਹ ਉਪਰੋਕਤ ਸਾਕਾ ਵਾਪਰਿਆ ਜਿਸ ਦਾ ਜੋੜ-ਮੇਲਾ ਮਨਾਇਆ ਜਾ ਰਿਹਾ ਸੀ। ਇਸ ਜੋੜ-ਮੇਲੇ ਵਿਚ ਸ. ਭਗਤ ਸਿੰਘ ਆਪਣੇ ਪਿਤਾ ਸ. ਕਿਸ਼ਨ ਸਿੰਘ ਨਾਲ ਦੁਆਬੇ ਦੇ ਮਸ਼ਹੂਰ ਪਿੰਡ ਮੁੱਠਲਾ ਕਲਾਂ ਵਿਚ ਸ਼ਾਮਿਲ ਹੋਏ ਜਿਥੇ ਚੋਟੀ ਦੇ ਆਗੂਆਂ ਨੇ ਸ਼ਹੀਦਾਂ ਨੂੰ ਸ਼ਰਧਾਜਲੀ ਦਿੱਤੀ।
19 ਫਰਵਰੀ 1921 ਈ. ਨੂੰ ਨਨਕਾਣਾ ਸਾਹਿਬ ਦੇ ਮਹੰਤ ਨਰੈਣ ਦਾਸ ਦੇ ਗੁੰਡਿਆਂ ਨੇ ਅੰਗਰੇਜ਼ ਸਰਕਾਰ ਦੀ ਸ਼ਹਿ ’ਤੇ ਨਿਹੱਥੇ ਸਿੰਘਾਂ ਨੂੰ ਬੜੀ ਬੇਦਰਦੀ ਨਾਲ ਸ਼ਹੀਦ ਕੀਤਾ ਗਿਆ। ਜਥੇ ਦੇ ਆਗੂ ਜਥੇਦਾਰ ਲਛਮਣ ਸਿੰਘ ਨੂੰ ਜੰਡ ਨਾਲ ਬੰਨ੍ਹ ਕੇ ਅੱਗ ਲਾ ਕੇ ਕਤਲ ਕਰ ਦਿੱਤਾ ਗਿਆ। ਇਸ ਘਟਨਾ ਨਾਲ ਸਾਰੇ ਪਾਸੇ ਹਾਹਾਕਾਰ ਮੱਚ ਗਈ। ਇਸ ਸਾਕੇ ਤੋਂ ਬਾਅਦ ਸ. ਭਗਤ ਸਿੰਘ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਲਈ ਗਏ ਅਤੇ ਸਾਰੇ ਸਾਕੇ ਤੋਂ ਬਾਅਦ ਦਾ ਹਾਲ ਆਪਣੀ ਅੱਖੀਂ ਦੇਖਿਆ। ਭਗਤ ਸਿੰਘ ਉੱਥੋਂ ਵਾਪਸ ਆਉਂਦਾ ਹੋਇਆ ਸ਼ਹੀਦਾਂ ਦਾ ਇਕ ਕੈਲੰਡਰ ਵੀ ਲੈ ਕੇ ਆਇਆ। ਇਸ ਘਟਨਾ ਦੇ ਰੋਸ ’ਚ 5 ਮਾਰਚ ਨੂੰ ਇਕ ਵੱਡੀ ਰੋਸ ਰੈਲੀ ਕੀਤੀ ਗਈ, ਸ. ਭਗਤ ਸਿੰਘ ਨੇ ਵੀ ਕਾਲੇ ਰੰਗ ਦੀ ਪੱਗ ਬੰਨ੍ਹ ਕੇ ਇਸ ਵਿਚ ਸ਼ਿਰਕਤ ਕੀਤੀ ਅਤੇ ਅੱਗੇ ਤੋਂ ਕਾਲੇ ਰੰਗ ਦੀ ਹੀ ਪੱਗ ਬੰਨ੍ਹਣੀ ਸ਼ੁਰੂ ਕਰ ਦਿੱਤੀ।
ਜਦੋਂ ਸ. ਭਗਤ ਸਿੰਘ ਦਸਵੀਂ ਜਮਾਤ ਵਿਚ ਪੜ੍ਹਦਾ ਸੀ ਤਾਂ ਉਸ ਸਮੇਂ ਦੇਸ਼ ਵਿਚ ਅੰਗਰੇਜ਼ਾਂ ਵਿਰੁੱਧ ਨਾਮਿਲਵਰਤਨ ਲਹਿਰ ਸ਼ੁਰੂ ਹੋ ਗਈ। ਸ. ਭਗਤ ਸਿੰਘ ਨੇ ਵੀ ਡੀ.ਏ.ਵੀ. ਸਕੂਲ ਛੱਡ ਕੇ ਲਾਹੌਰ ਦੇ ਨਵੇਂ ਖੁੱਲ੍ਹੇ ਨੈਸ਼ਨਲ ਕਾਲਜ ਵਿਚ ਦਾਖਲਾ ਲੈ ਲਿਆ ਅਤੇ ਨਾਮਿਲਵਰਤਨ ਲਹਿਰ ਵਿਚ ਹਿੱਸਾ ਲਿਆ। ਨੈਸ਼ਨਲ ਕਾਲਜ ਕ੍ਰਾਂਤੀਕਾਰੀਆਂ ਦਾ ਗੜ੍ਹ ਸੀ। ਇਥੇ ਸ. ਭਗਤ ਸਿੰਘ ਦਾ ਮੇਲ ਸੁਖਦੇਵ, ਭਗਵਤੀ ਚਰਨ ਵੋਹਰਾ ਅਤੇ ਰਣਬੀਰ ਸਿੰਘ ਨਾਲ ਹੋਇਆ। ਸ. ਭਗਤ ਸਿੰਘ ਐਫ.ਏ. ਦੀ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਕਾਨਪੁਰ ਚਲਾ ਗਿਆ, ਜਿਥੇ ਆਪ ਦਾ ਮੇਲ ਬੀ.ਕੇ. ਦੱਤ, ਚੰਦਰ ਸ਼ੇਖਰ ਅਜਾਦ ਅਤੇ ਰਾਮ ਪ੍ਰਸ਼ਾਦ ਬਿਸਮਲਾ ਵਰਗੇ ਦੇਸ਼ ਭਗਤਾਂ ਨਾਲ ਹੋਇਆ। 1924 ਈ. ਵਿਚ ਆਪ ਵਾਪਸ ਲਾਹੌਰ ਆ ਗਏ।
ਮਾਰਚ 1924 ਈ. ਵਿਚ ਜੈਤੋ ਦਾ ਮੋਰਚਾ ਸ਼ੁਰੂ ਹੋ ਗਿਆ। ਅੰਗਰੇਜ਼ ਸਰਕਾਰ ਨੇ ਐਲਾਨ ਕਰ ਦਿੱਤਾ ਕਿ ਕੋਈ ਵੀ ਵਿਅਕਤੀ ਇਨ੍ਹਾਂ ਜੱਥੇ ਦੇ ਮੈਂਬਰਾਂ ਨੂੰ ਪਾਣੀ ਤਕ ਨਾ ਪਿਲਾਵੇ। ਇਸ ਚੁਣੌਤੀ ਨੂੰ ਸਵੀਕਾਰ ਕਰਦਿਆਂ ਸ. ਭਗਤ ਸਿੰਘ ਨੇ 13ਵੇਂ ਸ਼ਹੀਦੀ ਜੱਥੇ ਨੂੰ ਆਪਣੇ ਪਿੰਡ ਵਿਚ ਲੰਗਰ ਛਕਾਇਆ। ਜਦੋਂ ਅੰਗਰੇਜ਼ ਸਰਕਾਰ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਸ. ਭਗਤ ਸਿੰਘ ਦੀ ਗ੍ਰਿਫਤਾਰੀ ਦੇ ਵਰੰਟ ਜਾਰੀ ਕਰ ਦਿੱਤੇ।
ਪਿਤਾ ਜੀ ਨੇ ਆਪ ਨੂੰ ਕਾਨਪੁਰ ਭੇਜ ਦਿੱਤਾ। ਗਣੇਸ਼ ਸ਼ੰਕਰ ਵਿਦਿਆਰਥੀ ਨੇ ਆਪ ਨੂੰ ਅਲੀਗੜ੍ਹ ਜ਼ਿਲ੍ਹੇ ਦੇ ਪਿੰਡ ਸਾਦੀਪੁਰ ਵਿਚ ਨੈਸ਼ਨਲ ਸਕੂਲ ਦੇ ਹੈੱਡਮਾਸਟਰ ਲਗਾ ਦਿੱਤਾ। ਸੰਨ 1925 ਈ. ਤਕ ਸ. ਭਗਤ ਸਿੰਘ ਦਾ ਲਾਹੌਰ ਤੋਂ ਕਾਨਪੁਰ ਆਉਣਾ-ਜਾਣਾ ਹੁੰਦਾ ਰਿਹਾ।
1925 ਈ. ਵਿਚ ਆਪ ਨੇ ਜੋਸ਼ੀਲੇ ਨੌਜਵਾਨਾਂ ਨੂੰ ਇਕੱਠੇ ਕਰਕੇ ਨੌਜਵਾਨ ਸਭਾ ਭਾਰਤ ਦੀ ਨੀਂਹ ਰੱਖੀ। ਆਪ ਜੀ ਦੇ ਬਹੁਤ ਸਾਰੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸਾਥੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਪਾਰਟੀ ਦਾ ਸਾਰਾ ਕੰਮ ਆਪ ਦੇ ਮੋਢਿਆ ’ਤੇ ਆ ਗਿਆ। ਅਕਤੂਬਰ 1925 ਈ. ਵਿਚ ਲਾਹੌਰ ਵਿਖੇ ਦੁਸਹਿਰੇ ਦੇ ਮੌਕੇ ’ਤੇ ਇਕ ਬੰਬ ਧਮਾਕਾ ਹੋਇਆ ਜਿਸ ਵਿਚ ਸ਼ੱਕ ਦੇ ਆਧਾਰ ’ਤੇ ਸ. ਭਗਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਬਾਅਦ ਵਿਚ ਰਿਹਾਅ ਕਰ ਦਿੱਤਾ ਗਿਆ। ਸੰਨ 1928 ਈ. ਵਿਚ ਇਨ੍ਹਾਂ ਨੇ ਆਪਣੀ ਪਾਰਟੀ ਦਾ ਨਾਂ ਬਦਲ ਕੇ ਰੀਪਬਲਿਕ ਪਾਰਟੀ ਰੱਖ ਲਿਆ।
ਸ. ਭਗਤ ਸਿੰਘ ਅਤੇ ਸਾਥੀ ਫਿਰੋਜ਼ਪੁਰ ਸ਼ਹਿਰ ਵਿਚ ਰਹਿ ਕੇ ਆਪਣੀਆਂ ਸਰਗਰਮੀਆਂ ਚਲਾਉਂਦੇ ਰਹੇ। ਸ. ਭਗਤ ਸਿੰਘ ਅਤੇ ਉਸ ਦੇ ਸਾਥੀ ਆਪਣੇ ਗੁਪਤਵਾਸ ਦਾ ਸਮਾਂ ਫਿਰੋਜ਼ਪੁਰ ਸ਼ਹਿਰ ਦੇ ਤੂੜੀ ਬਜ਼ਾਰ ਦੇ ਇਕ ਚੁਬਾਰੇ ਵਿਚ ਗੁਜ਼ਾਰਦੇ ਰਹੇ। ਇਸ ਚੁਬਾਰੇ ਦੇ ਥੱਲੇ ਇਕ ਬੰਗਾਲੀ ਡਾਕਟਰ ਦੀ ਦੁਕਾਨ ਸੀ। ਇਸ ਬਜ਼ਾਰ ਦਾ ਨਾਂ ਆਜ਼ਾਦੀ ਤੋਂ ਬਾਅਦ ‘ਸ਼ਹੀਦ-ਏ-ਆਜਮ ਭਗਤ ਸਿੰਘ’ ਰੱਖਿਆ ਗਿਆ ਹੈ।
30 ਅਕਤੂਬਰ 1928 ਈ. ਨੂੰ ਸਾਈਮਨ ਕਮਿਸ਼ਨ ਲਾਹੌਰ ਆਇਆ ਤਾਂ ਦੇਸ਼ ਵਾਸੀਆਂ ਨੇ ਕਾਲੀਆਂ ਝੰਡੀਆਂ ਨਾਲ ਉਸ ਦਾ ਵਿਰੋਧ ਕੀਤਾ। ਸ. ਭਗਤ ਸਿੰਘ ਅਤੇ ਉਸ ਦੇ ਸਾਥੀ ਵੀ ਇਸ ਜਲੂਸ ਵਿਚ ਸ਼ਾਮਿਲ ਸਨ। ਅੰਗਰੇਜ਼ ਸਰਕਾਰ ਦੀ ਪੁਲਿਸ ਨੇ ਮੁਜਾਹਰਾਕਾਰੀਆਂ ’ਤੇ ਲਾਠੀਚਾਰਜ ਕੀਤਾ ਜਿਸ ਨਾਲ ਬਹੁਤ ਸਾਰੇ ਮੁਜ਼ਾਹਰਾਕਾਰੀ ਜ਼ਖਮੀ ਹੋ ਗਏ, ਜਿਨ੍ਹਾਂ ਵਿਚ ਲਾਲਾ ਲਾਜਪਤ ਰਾਏ ਵੀ ਸ਼ਾਮਿਲ ਸਨ, ਉਨ੍ਹਾਂ ਦੇ ਵੀ ਕੁਝ ਲਾਠੀਆਂ ਲੱਗੀਆਂ। ਲਾਲਾ ਲਾਜਪਤ ਰਾਏ ਨੇ ਪੰਡਿਤ ਜਵਾਹਰ ਲਾਲ ਨਹਿਰੂ ਨਾਲ ਦਿੱਲੀ ਜਾ ਕੇ ਮੀਟਿੰਗ ਕੀਤੀ ਪਰ ਉੱਥੋਂ ਉਹ ਕੁਝ ਤਕਰਾਰ ਤੋਂ ਬਾਅਦ ਵਾਪਸ ਆ ਗਏ ਅਤੇ ਜੋ ਕੁਝ ਦਿਨਾਂ ਬਾਅਦ 17 ਨਵੰਬਰ 1928 ਈ. ਨੂੰ ਅਕਾਲ ਚਲਾਣਾ ਕਰ ਗਏ। ਲਾਲਾ ਲਾਜਪਤ ਰਾਏ ਦੀ ਮੌਤ ਦੀ ਖ਼ਬਰ ਸਾਰੇ ਪਾਸੇ ਫੈਲ ਗਈ।
ਜਦੋਂ ਇਸ ਖ਼ਬਰ ਦਾ ਬੰਗਾਲ ਦੇ ਚਤਰੰਜਨ ਦਾਸ ਮੁਨਸ਼ੀ ਦੀ ਪਤਨੀ ਬਸੰਤੀ ਦੇਵੀ ਨੂੰ ਪਤਾ ਲੱਗਾ ਤਾਂ ਉਸ ਨੇ ਪੰਜਾਬੀਆਂ ਨੂੰ ਤਾਅਨੇ ਭਰਿਆ ਉਲਾਂਭਾ ਦਿੰਦੇ ਹੋਏ ਨਾਅਰਾ ਮਾਰਿਆ ਕਿ ਲਗਦਾ ਹੈ, ਬਹਾਦਰ ਪੰਜਾਬੀਆਂ ਦਾ ਲਹੂ ਸਫੈਦ ਹੋ ਗਿਆ ਹੈ। ਐਨਾ ਵੱਡਾ ਲੀਡਰ ਮਾਰਿਆ ਗਿਆ, ਪੰਜਾਬ ਨੇ ਇਹ ਕਿਵੇਂ ਬਰਦਾਸ਼ਤ ਕਰ ਲਿਆ। ਸ. ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਅੰਗਰੇਜ਼ਾਂ ਦੇ ਤਸ਼ੱਦਦ ਨਿਹੱਥੇ ਭਾਰਤੀਆਂ ’ਤੇ ਹੁੰਦੇ ਦੇਖੇ ਸਨ ਅਤੇ ਉਨ੍ਹਾਂ ਨੇ ਬਸੰਤੀ ਦੇਵੀ ਦੀ ਚੁਣੌਤੀ ਨੂੰ ਕਬੂਲ ਕਰਕੇ ਅੰਗਰੇਜ਼ਾਂ ਤੋਂ ਆਪਣੇ ਦੇਸ਼ ਵਾਸੀਆਂ ’ਤੇ ਹੁੰਦੇ ਅੰਨੇ ਤਸ਼ੱਦਦ ਦਾ ਬਦਲਾ ਲੈਣ ਦਾ ਪ੍ਰਣ ਕਰ ਲਿਆ। ਲਾਠੀਚਾਰਜ ਕਰਨ ਦਾ ਹੁਕਮ ਅੰਗਰੇਜ਼ ਅਫਸਰ ਮਿ. ਸਕਾਟ ਨੇ ਦਿੱਤਾ ਸੀ। 19 ਦਸੰਬਰ 1928 ਈ. ਨੂੰ ਸ. ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਮਿ. ਸਕਾਟ ਦੇ ਭੁਲੇਖੇ ਪੁਲਿਸ ਅਫਸਰ ਮਿ. ਸਾਂਡਰਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਸਾਂਡਰਸ ਦੇ ਕਤਲ ਤੋਂ ਬਾਅਦ ਸ. ਭਗਤ ਸਿੰਘ ਫਿਰੋਜ਼ਪੁਰ ਸ਼ਹਿਰ ਚਲੇ ਗਏ ਅਤੇ ਤੂੜੀ ਬਜ਼ਾਰ ਵਾਲੇ ਚੁਬਾਰੇ ਵਿਚ ਪਹੁੰਚ ਗਏ। ਇਥੇ ਉਸ ਦੇ ਚੁਬਾਰੇ ਦੇ ਸਾਹਮਣੇ ਗੰਜੀਆ ਨਾਈ ਰਹਿੰਦਾ ਸੀ, ਜਿਸ ਦੀ ਮਦਦ ਨਾਲ ਉਹ ਆਪਣਾ ਭੇਸ ਬਦਲ ਕੇ ਸਾਥੀਆਂ ਸਮੇਤ ਕਲਕੱਤੇ ਚਲਾ ਗਿਆ।
8 ਅਪ੍ਰੈਲ 1929 ਈ. ਨੂੰ ਸ. ਭਗਤ ਸਿੰਘ ਅਤੇ ਬੀ.ਕੇ. ਦੱਤ ਨੇ ਬ੍ਰਿਟਿਸ਼ ਹਕੂਮਤ ਦੇ ਕਾਲੇ ਕਾਨੂੰਨਾਂ ਵਿਰੁੱਧ ਰੋਸ ਪ੍ਰਗਟ ਕਰਨ ਲਈ ਐਸੰਬਲੀ ਹਾਲ ਵਿਚ ਬੰਬ ਸੁੱਟਿਆ ਅਤੇ ਆਪਣੀਆਂ ਮੰਗਾਂ ਦੇ ਇਸ਼ਤਿਹਾਰ ਵੀ ਵੰਡੇ। ਇਥੋਂ ਆਪ ਨੂੰ ਗ੍ਰਿਫਤਾਰ ਕਰਕੇ ਆਪ ’ਤੇ ਮੁਕੱਦਮਾ ਚਲਾਇਆ ਗਿਆ। ਸ. ਭਗਤ ਸਿੰਘ ਨੇ ਆਪਣੇ ਕੇਸ ਦੀ ਪੈਰਵਾਈ ਆਪ ਕੀਤੀ ਅਤੇ ਅਦਾਲਤ ਵਿਚ ਦਿੱਤੇ ਗਏ, ਉਨ੍ਹਾਂ ਦੇ ਭਾਸ਼ਨ ਆਜ਼ਾਦੀ ਦੀ ਲੜਾਈ ਦੇ ਮਹਾਨ ਦਸਤਾਵੇਜ ਬਣ ਗਏ, ਜਿਨ੍ਹਾਂ ਨਾਲ ਲੋਕਾਂ ਵਿਚ ਜੋਸ਼ ਦੀ ਲਹਿਰ ਫੈਲ ਗਈ।
ਜੇਲ੍ਹ ਵਿਚ ਸ. ਭਗਤ ਸਿੰਘ ਦਾ ਮੇਲ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨਾਲ ਹੋਇਆ। ਇਨ੍ਹਾਂ ਦੋਹਾਂ ਇਨਕਲਾਬੀਆਂ ਦੀ ਮਿਲਣੀ ਬਾਰੇ ਪ੍ਰਸਿੱਧ ਲੇਖਕ ਸ. ਜਸਵੰਤ ਸਿੰਘ ਕੰਵਲ ਨੇ ਆਪਣੀ ਲਿਖਤ ਵਿਚ ਬਿਆਨ ਕੀਤਾ ਹੈ ਕਿ ਜਦੋਂ ਦੋਵੇਂ ਸ਼ਖ਼ਸੀਅਤਾਂ ਦਾ ਜੇਲ੍ਹ ਵਿਚ ਮਿਲਾਪ ਹੋਇਆ ਤਾਂ ਸ. ਭਗਤ ਸਿੰਘ ਨੇ ਭਾਈ ਸਾਹਿਬ ਦੇ ਪੈਰੀਂ ਹੱਥ ਲਾਏ ਤਾਂ ਭਾਈ ਸਾਹਿਬ ਨੇ ਕਿਹਾ ਕਿ “ਗੁਰੂ ਕਿਆ ਸਿੱਖਾ! ਸਿੱਖੀ ਵਿਚ ਪੈਰੀਂ ਹੱਥ ਲਾਉਣਾ ਮਨਮੱਤ ਹੈ। ਫਤਹਿ ਗਜਾਅ ਅਤੇ ਸ. ਭਗਤ ਸਿੰਘ ਨੂੰ ਆਪਣੀ ਬੁੱਕਲ ਦੇ ਵਿਚ ਲੈਦਿਆਂ ਕਿਹਾ ਕਿ ਤੂੰ ਗੁਰੂ ਦੇ ਬਹਾਦਰ ਸਿੰਘ ਸੂਰਮਿਆਂ ਵਾਲਾ ਕੰਮ ਕੀਤਾ ਹੈ। ਧੰਨ ਤੂੰ ਤੇ ਧੰਨ ਤੇਰੀ ਜਣਨੀ।” ਸ. ਭਗਤ ਸਿੰਘ ਨੇ ਇਸ ਦੇ ਜਵਾਬ ਵਿਚ ਕਿਹਾ ਕਿ “ਅਸੀਂ ਤੁਹਾਡੇ ਬੱਚੇ ਹਾਂ ਅਤੇ ਆਜ਼ਾਦੀ ਸ਼ਮ੍ਹਾ ਦੇ ਪਰਵਾਨੇ ਅਤੇ ਆਜ਼ਾਦੀ ਦਾ ਫੁੱਲ ਪ੍ਰਾਪਤ ਕਰਨ ਲਈ ਕੰਡਿਆਲੀ ਤਾਰ ਤੋੜਨੀ ਹੀ ਪੈਣੀ ਹੈ।” ਭਾਈ ਸਾਹਿਬ ਨੇ ਨਸੀਹਤ ਦਿੰਦੇ ਹੋਏ ਕਿਹਾ ਕਿ “ਜਜ਼ਬਾਤ ਕੱਚਾ ਸੋਨਾ ਹੁੰਦੇ ਹਨ, ਇਨ੍ਹਾਂ ਨੂੰ ਕੁਰਬਾਨੀ ਹੀ ਸ਼ੁੱਧ ਸੋਨਾ ਬਣਾਉਂਦੀ ਹੈ।” ਸ. ਭਗਤ ਸਿੰਘ ਨੇ ਭਾਈ ਸਾਹਿਬ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਤੋਂ ਦਿਸ਼ਾ-ਨਿਰਦੇਸ਼ ਲੈ ਕੇ ਚੱਲਣ ਦਾ ਫੈਸਲਾ ਕਰ ਲਿਆ ਪਰ ਭਾਈ ਸਾਹਿਬ ਨੇ ਉਸ ਨੂੰ ਕਿਹਾ, “ਜੇਕਰ ਇਰਾਦਾ ਇੰਨਾਂ ਪੱਕਾ ਹੈ ਤਾਂ ਗੁਰੂ ਜ਼ਰੂਰ ਸਹਾਈ ਹੋਵੇਗਾ ਅਤੇ ਫਤਹਿ ਹਾਸਿਲ ਹੋਵੇਗੀ ਪਰ ਇੰਨੇ ਨਿੱਗਰ ਨਿਸ਼ਚੇ ਵਾਲਾ ਗੁਰੂ ਮਰਯਾਦਾ ਤੋਂ ਕਿਉਂ ਆਕੀ ਹੋਇਆ? ਕੀ ਤੇਰਾ ਗੁਰੂ ਸਾਹਿਬ ਵਿਚ ਵਿਸ਼ਵਾਸ ਨਹੀਂ?” ਸ. ਭਗਤ ਸਿੰਘ ਨੇ ਕਿਹਾ ਕਿ “ਉਨ੍ਹਾਂ ਦਾ ਗੁਰੂ ਸਾਹਿਬਾਨ ਵਿਚ ਪੂਰਾ ਵਿਸ਼ਵਾਸ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਆਜ਼ਾਦੀ ਲਈ ਸਰਬੰਸ ਕੁਰਬਾਨ ਕਰ ਦਿੱਤਾ, ਉਹ ਦੇਸ਼ ਭਗਤਾਂ ਦੇ ਸਿਰਤਾਜ ਹਨ, ਅਜਿਹੀ ਕੁਰਬਾਨੀ ਦੀ ਮਿਸਾਲ ਦੁਨੀਆਂ ਦੀ ਤਾਰੀਖ ’ਚੋਂ ਕਿਤੇ ਨਹੀਂ ਮਿਲਦੀ।” ਸ. ਭਗਤ ਸਿੰਘ ਨੇ ਦਾੜੀ ਕੇਸ ਰੱਖਣ ਦਾ ਵਾਅਦਾ ਕੀਤਾ। ਭਾਈ ਸਾਹਿਬ ਨੇ ਕਿਹਾ ਕਿ “ਇਥੇ ਨਿਰੀ ਦਾੜੀ ਕੇਸਾਂ ਦੀ ਗੱਲ ਨਹੀਂ, ਗੱਲ ਗੁਰੂ ’ਤੇ ਸਿਦਕ ਤੇ ਵਿਸ਼ਵਾਸ ਦੀ ਹੈ। ਆਜ਼ਾਦੀ ਦਾ ਪਤੰਗਾ ਤਾਂ ਬਣਿਆ ਹੀ ਹੈਂ ਗੁਰੂ ਦਾ ਸਿਦਕ ਵੀ ਰੱਖ ਲੈ ਜਾਂ ਭਗੌੜਾ ਹੋ ਜਾ।” ਸ. ਭਗਤ ਸਿੰਘ ਨੇ ਭਾਈ ਸਾਹਿਬ ਨੂੰ ਕਿਹਾ ਕਿ “ਗੁਰੂ ਤੋਂ ਬੇਮੁੱਖ ਹੋ ਕੇ ਤਾਂ ਮੈਂ ਮਿੱਟੀ ਹੀ ਹੋ ਜਾਵਾਂਗਾ।” ਭਾਈ ਸਾਹਿਬ ਨੇ ਉਸ ਨੂੰ ਨਿੱਘੇ ਪਿਆਰ ਨਾਲ ਬੁੱਕਲ ਵਿਚ ਘੁੱਟ ਲਿਆ ਅਤੇ ਦੋਵੇਂ ਮਹਾਨ ਸ਼ਖ਼ਸੀਅਤਾਂ ਇਕਮਿਕ ਹੋ ਗਈਆਂ।
ਇਥੇ ਇਕ ਗੱਲ ਹੋਰ ਵਰਨਣਯੋਗ ਹੈ ਕਿ ਅਲੱਗ-ਅਲੱਗ ਵਿਦਵਾਨਾਂ ਦੇ ਸ. ਭਗਤ ਸਿੰਘ ਦੇ ਨਾਸਤਿਕ ਹੋਣ ਬਾਰੇ ਅਲੱਗ-ਅਲੱਗ ਵਿਚਾਰ ਹਨ। ਜਦੋਂ ਉਸ ਦੇ ਦੋਸਤ ਉਸ ਤੋਂ ਵਾਰ-ਵਾਰ ਉਸ ਦੇ ਨਾਸਤਿਕ ਹੋਣ ਦੀ ਥੀਊਰੀ ਬਾਰੇ ਪੁੱਛਦੇ ਹਨ ਤਾਂ ਸ. ਭਗਤ ਸਿੰਘ ਇਸ ਬਾਰੇ ਤਰਕ ਭਰਪੂਰ ਰਾਇ ਦਿੰਦੇ ਹਨ ਕਿ ਉਹ ਨਾਸਤਿਕ ਨਹੀਂ ਹਨ। ਉਹ ਤਾਂ ਸਿਰਫ ਪਰਮਾਤਮਾ ਦੇ ਨਾਂ ’ਤੇ ਕੀਤੇ ਜਾਂਦੇ ਅੰਧਵਿਸ਼ਵਾਸਾਂ ਨੂੰ ਨਹੀਂ ਮੰਨਦੇ ਪਰ ਉਨ੍ਹਾਂ ਦਾ ਰੱਬ ਦੀ ਹੋਂਦ ਵਿਚ ਪੂਰਾ ਵਿਸ਼ਵਾਸ ਹੈ। ਉਨ੍ਹਾਂ ਨੇ ਅੰਗਰੇਜ਼ੀ ਵਿਚ ਆਪਣਾ ਲੇਖ ‘ਮੈਂ ਨਾਸਤਿਕ ਕਿਉਂ ਹਾਂ’ ਲਿਖਿਆ ਜੋ ਅੰਗਰੇਜ਼ੀ ਅਖ਼ਬਾਰ ‘ਦੀ ਪੀਪਲ’ ਵਿਚ ਲਾਹੌਰ ਤੋਂ ਪ੍ਰਕਾਸ਼ਿਤ ਹੋਇਆ ਸੀ ਅਤੇ ਜਿਸ ਦਾ ਅਨੁਵਾਦ ਬਾਅਦ ਵਿਚ ਹਰ ਭਾਸ਼ਾ ਵਿਚ ਹੋਇਆ ਹੈ। ਉਸ ਵਿਚ ਸ. ਭਗਤ ਸਿੰਘ ਦੱਸਦੇ ਹਨ ਕਿ “ਧਰਮ ਆਪਣੇ ਦੇਸ਼ ਲਈ ਸ਼ਹੀਦ ਹੋਣ ਲਈ ਸੌਖਾ ਕਰ ਦਿੰਦਾ ਹੈ ਤੇ ਅੰਧਵਿਸ਼ਵਾਸ ਮਨੁੱਖੀ ਕਮਜ਼ੋਰੀ ਦਾ ਪ੍ਰਮਾਣ ਬਣ ਜਾਂਦਾ ਹੈ, ਜੋ ਬਹੁਤ ਖ਼ਤਰਨਾਕ ਹੁੰਦਾ ਹੈ। ਸੋ ਇਸ ਪੱਖੋਂ ਮੈਂ ਰੱਬ ਨੂੰ ਤਾਂ ਮੰਨਦਾ ਹਾਂ ਪਰ ਅੰਧਵਿਸ਼ਵਾਸ ਦੇ ਵਿਰੁੱਧ ਹਾਂ।” ਅਦਾਲਤ ਵਿਚ ਬੰਬ ਸੁੱਟਣ ਦੇ ਕੇਸ ਵਿਚ ਸ. ਭਗਤ ਸਿੰਘ ਤੇ ਬੀ.ਕੇ. ਦੱਤ ਨੂੰ ਕਾਲੇਪਾਣੀ ਦੀ ਸਜ਼ਾ ਸੁਣਾਈ ਗਈ। ਇਸੇ ਸਮੇਂ ਸ. ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ’ਤੇ ਸਾਂਡਰਸ ਦੀ ਹੱਤਿਆ ਦਾ ਮੁਕੱਦਮਾ ਚੱਲ ਰਿਹਾ ਸੀ, ਜਿਸ ਵਿਚ ਇਨ੍ਹਾਂ ਤਿੰਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। ਉਨ੍ਹਾਂ ਦਿਨਾਂ ਵਿਚ ਕੈਨੇਡਾ ਪ੍ਰਕਾਸ਼ਿਤ ਹੁੰਦੇ ਹਫਤਾਵਾਰੀ ਪੰਜਾਬੀ ਅਖ਼ਬਾਰ ਨੇ ਸ. ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਦੀ ਸਜਾ ਦਿੱਤੇ ਜਾਣ ਵਿਰੁੱਧ ਜ਼ੋਰਦਾਰ ਅਵਾਜ਼ ਬੁਲੰਦ ਕੀਤੀ। 30 ਅਕਤੂਬਰ 1930 ਈ. ਦੇ ਅੰਕ ਵਿਚ ਅਖ਼ਬਾਰ ਦੇ ਮੁੱਖ ਸਫੇ ’ਤੇ ‘ਬੀਰ ਭਗਤ ਸਿੰਘ ਦੀ ਅਪੀਲ ਪ੍ਰਿਵੀ ਕੌਂਸਲ ਲੰਡਨ ਵਿਚ ਫਾਂਸੀ ਦੇ ਫੈਸਲੇ ਦੇ ਬਰ-ਖਿਲਾਫ਼ ਆਖਰੀ ਯਤਨ ਡੀਫੈਂਸ ਲਾਹੌਰ ਦੀ ਮਦਦ ਲਈ ਮੰਗ’ ਦੇ ਸਿਰਲੇਖ ਹੇਠ ਖ਼ਬਰ ਛਾਪ ਕੇ ਪੰਜਾਬੀਆਂ ਤੋਂ ਸਹਾਇਤਾ ਦੀ ਮੰਗ ਕੀਤੀ ਗਈ ਸੀ। ਇਸ ਖ਼ਬਰ ਵਿਚ ਸ. ਭਗਤ ਸਿੰਘ ਦੀ ਪੋਸਟਕਾਰਡ ਸਾਇਜ ਫੋਟੋ ਛਾਪ ਕੇ ਉੱਪਰ ਫਾਂਸੀ ਲਿਖਿਆ ਗਿਆ ਸੀ। ਅਖ਼ਬਾਰ ਦੇ ਸੰਪਾਦਕ ਵੱਲੋਂ ਇਸ ਅੰਕ ਦੀ ਸੰਪਾਦਕੀ ਵੀ ਇਸੇ ਵਿਸ਼ੇ ’ਤੇ ਲਿਖਦਿਆਂ ਲੋਕਾਂ ਨੂੰ ਇਨ੍ਹਾਂ ਸੂਰਬੀਰਾਂ ਪ੍ਰਤੀ ਸੱਚੀਆਂ ਭਾਵਨਾਵਾਂ ਨੂੰ ਉਜਾਗਰ ਕੀਤਾ ਗਿਆ ਸੀ। ਇਸ ਵਿਚ ਸੰਪਾਦਕ ਨੇ ਜ਼ਿਕਰ ਕੀਤਾ ਹੈ ਕਿ ਸ਼ਾਇਦ ਹੀ ਕੋਈ ਅਜਿਹਾ ਭਾਰਤੀ ਹੋਵੇਗਾ, ਜਿਸ ਦੀਆਂ ਰਗਾਂ ਵਿਚ ਖੂਨ ਉਬਾਲੇ ਨਹੀਂ ਖਾਂਦਾ। ਜਿਸ ਨੇ ਵੀ ਇਨ੍ਹਾਂ ਯੋਧਿਆਂ ਦੀ ਫਾਂਸੀ ਦੀ ਇਹ ਖ਼ਬਰ ਸੁਣੀ ਹੈ ਉਸ ਦਾ ਹਿਰਦਾ ਟੋਟੇ-ਟੋਟੇ ਹੋਇਆ ਹੈ। ਦੇਸ਼ ਦੀ ਆਜ਼ਾਦੀ ਲਈ ਕੁਰਬਾਨ ਹੋਣ ਵਾਲੇ ਇਨ੍ਹਾਂ ਸੂਰਬੀਰ ਯੋਧਿਆਂ ਦੀ ਸਹਾਇਤਾ ਲਈ ਮਾਇਕ ਸਹਾਇਤਾ ਦੀ ਮੰਗ ਵੀ ਇਸੇ ਅੰਕ ਵਿਚ ਕੀਤੀ ਗਈ ਹੈ, ਜਿਸ ਬਾਰੇ ਲਾਹੌਰ ਦੇ ਇਕ ਅੰਗਰੇਜ਼ੀ ਅਖ਼ਬਾਰ ‘ਪੀਪਲ ਵੀਕਲੀ’ ਨੂੰ ਭੇਜਣ ਬਾਰੇ ਲਿਖਿਆ ਗਿਆ ਹੈ। ਲੋਕਾਂ ਨੇ ਇਨ੍ਹਾਂ ਦੀ ਸਹਾਇਤਾ ਲਈ ਹਜ਼ਾਰਾਂ ਰੁਪਏ ਇਸ ਅਖ਼ਬਾਰ ਨੂੰ ਭੇਜੇ ਜਿਨ੍ਹਾਂ ਦੇ ਨਾਂ ਅਤੇ ਪਿੰਡ ਇਸ ਅਖ਼ਬਾਰ ਦੇ 13 ਨਵੰਬਰ 1930 ਵਾਲੇ ਅੰਕ ਵਿਚ ਪ੍ਰਕਾਸ਼ਿਤ ਕੀਤੇ ਗਏ। ਪਿੰਡ ਸੰਧਮ, ਬੜਾ ਪਿੰਡ, ਮੈਹਦਪੁਰ, ਭੰਗਲ ਜੰਡਿਆਲਾ, ਸੰਕਤ, ਖੋਸੇ, ਅਧਕਾਰੇ ਕਾਠੇ, ਪੰਡੋਰੀ ਨਿੱਝਰਾਂ, ਝਿੰਗੜ, ਰੁਟੈਂਡਾ, ਕੰਦੋਲਾ, ਪੁਰਹੀਰਾਂ, ਜੰਡਿਆਲੀ, ਕੋਟਲਾ ਆਦਿ ਅਨੇਕਾਂ ਪਿੰਡਾਂ ਦੇ ਵਿਅਕਤੀਆਂ ਵੱਲੋਂ ਭੇਜੀ ਗਈ ਸਹਾਇਤਾ ਦੀ ਸੂਚੀ ਛਾਪੀ ਗਈ ਹੈ, ਜਿਸ ਵਿਚ ਇਨ੍ਹਾਂ ਸੱਜਣਾਂ ਵੱਲੋਂ ਬੇਨਤੀ ਕੀਤੀ ਗਈ ਹੈ ਕਿ ਇਨ੍ਹਾਂ ਨੌਜਵਾਨਾਂ ਨੂੰ ਫਾਂਸੀ ਤੋਂ ਬਚਾਉਣ ਲਈ ਹਰ ਹੀਲਾ ਵਰਤਿਆ ਜਾਵੇ। ਕੈਨੇਡੀਅਨ ਕਾਂਗਰਸ ਕਮੇਟੀ ਦੇ ਮੈਂਬਰ ਵੱਲੋਂ ਵੀ ਸ. ਭਗਤ ਸਿੰਘ ਨੂੰ ਬਚਾਉਣ ਲਈ ਉਗਰਾਹੀ ਕੀਤੀ ਗਈ, ਜਿਸ ਨੂੰ ਲੋਕਾਂ ਨੇ ਭਰਪੂਰ ਸਹਿਯੋਗ ਦਿੱਤਾ, ਇਸ ਨੂੰ ਅਖ਼ਬਾਰ ਵਿਚ ਮੁਖ ਸੁਰਖੀ ਬਣਾ ਕੇ ਪ੍ਰਕਾਸ਼ਿਤ ਕੀਤਾ ਗਿਆ ਸੀ। ਇਸੇ ਅਖ਼ਬਾਰ ਵਿਚ ਲਾਹੌਰ ਵਿਚ ਚਲਦੇ ਮੁਕੱਦਮੇ ਬਾਰੇ ‘ਪੂਰਾ ਫੈਸਲਾ’ ਸਿਰਲੇਖ ਅਧੀਨ ਸਾਰਾ ਹਾਲ ਬਿਆਨ ਕੀਤਾ ਗਿਆ ਹੈ, ਜਿਸ ਵਿਚ ਛੋਟੇ ਸਿਰਲੇਖ ਬਣਾ ਕੇ ਫਾਂਸੀ, ਕਾਲੇਪਾਣੀ, ਸਖ਼ਤ ਕੈਦ ਅਤੇ ਛੱਡੇ ਗਏ ਵਿਅਕਤੀਆਂ ਦੇ ਨਾਂ ਵੀ ਪ੍ਰਕਾਸ਼ਿਤ ਕੀਤੇ ਗਏ ਹਨ। ਭਾਵੇਂ ਇਨ੍ਹਾਂ ਅਖ਼ਬਾਰਾਂ ਨੇ ਫਾਂਸੀ ਦੇ ਇਨ੍ਹਾਂ ਹੁਕਮਾਂ ਬਾਰੇ ਜ਼ੋਰਦਾਰ ਅਵਾਜ਼ ਬੁਲੰਦ ਕੀਤੀ ਸੀ ਪਰ ਫੇਰ ਵੀ ਅੰਗਰੇਜ਼ ਸਰਕਾਰ ਨੇ ਸਾਰੇ ਕਾਨੂੰਨਾਂ ਨੂੰ ਛਿੱਕੇ ’ਤੇ ਟੰਗ ਕੇ ਜ਼ਾਲਮਾਨਾਂ ਢੰਗ ਨਾਲ ਇਨ੍ਹਾਂ ਦੇਸ਼ ਪ੍ਰੇਮੀਆਂ ਨੂੰ 23 ਮਾਰਚ 1931 ਈ. ਨੂੰ ਫਾਂਸੀ ਲਾ ਕੇ ਹੀ ਦਮ ਲਿਆ।
ਉਨ੍ਹਾਂ ਦਿਨਾਂ ਵਿਚ ਫਾਂਸੀ ਦੇਣ ਦਾ ਆਮ ਅਸੂਲ ਇਹ ਸੀ ਕਿ ਜਿਸ ਦਿਨ ਦੀ ਫਾਂਸੀ ਦੇਣ ਦੀ ਤਾਰੀਕ ਨੀਯਤ ਕੀਤੀ ਜਾਂਦੀ ਸੀ, ਉਸ ਤੋਂ ਤਿੰਨ ਦਿਨ ਪਹਿਲਾਂ ਰਿਸ਼ਤੇਦਾਰ, ਮਿੱਤਰਾਂ-ਦੋਸਤਾਂ ਨੂੰ ਉਸ ਦੀ ਮੁਲਾਕਾਤ ਦੀ ਆਗਿਆ ਹੁੰਦੀ ਸੀ। ਜਦੋਂ ਸ. ਭਗਤ ਸਿੰਘ ਦੇ ਪਿਤਾ ਸ. ਕਿਸ਼ਨ ਸਿੰਘ ਅਤੇ ਹੋਰ ਸਾਕ-ਸੰਬੰਧੀ, ਦੋਸਤ ਮੁਲਾਕਾਤ ਕਰਨ ਲਈ ਗਏ ਤਾਂ ਦਰੋਗਾ ਜੇਲ੍ਹ ਨੇ ਕਿਹਾ ਕਿ ਸਿਰਫ ਸਕੇ-ਸੰਬੰਧੀ ਹੀ ਮੁਲਾਕਾਤ ਕਰ ਸਕਦੇ ਹਨ ਹੋਰ ਨਹੀਂ। ਸ. ਕਿਸ਼ਨ ਸਿੰਘ ਨੇ ਕਿਹਾ ਕਿ ਦੋਸਤਾਂ- ਮਿੱਤਰਾਂ ਨੂੰ ਆਗਿਆ ਹੋਣੀ ਚਾਹੀਦੀ ਹੈ ਨਹੀਂ ਤਾਂ ਉਹ ਵੀ ਮੁਲਾਕਾਤ ਨਹੀਂ ਕਰਨਗੇ। ਦੋਸਤਾਂ ਨੂੰ ਮਿਲਣ ਦੀ ਆਗਿਆ ਨਾ ਦਿੱਤੀ ਗਈ ਤਾਂ ਸ. ਕਿਸ਼ਨ ਸਿੰਘ ਜੀ ਨੇ ਵੀ ਮੁਲਾਕਾਤ ਨਾ ਕੀਤੀ। ਸ. ਭਗਤ ਸਿੰਘ ਦੀ ਮਾਂ ਨੇ ਉਸ ਨੂੰ ਪਿਆਰ ਕਰਦਿਆਂ ਕਿਹਾ ਕਿ ਇਕ ਦਿਨ ਤਾਂ ਹਰ ਇਕ ਨੇ ਮਰਨਾ ਹੀ ਹੈ ਪਰ ਸ਼ਾਨਦਾਰ ਮੌਤ ਉਹ ਹੁੰਦੀ ਹੈ ਜਿਸ ’ਤੇ ਦੁਨੀਆਂ ਮਾਣ ਕਰੇ। ਉਸ ਨੇ ਸ. ਭਗਤ ਸਿੰਘ ਨੂੰ ਫਾਂਸੀ ਚੜ੍ਹਨ ਤੋਂ ਪਹਿਲਾਂ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਾਉਣ ਲਈ ਵੀ ਆਖਿਆ।
ਜਿਸ ਦਿਨ ਕਿਸੇ ਨੂੰ ਫਾਂਸੀ ਲਾਉਣਾ ਹੁੰਦਾ ਸੀ ਇਕ ਦਿਨ ਪਹਿਲਾਂ ਮੁਲਾਕਾਤ ਕਰਨ ਲਈ ਆਏ ਵਾਰਸਾਂ ਨੂੰ ਲਾਸ਼ ਲੈ ਜਾਣ ਲਈ ਕਹਿ ਦਿੱਤਾ ਜਾਂਦਾ ਸੀ ਕਿ ਜੇ ਉਹ ਚਾਹੁੰਦੇ ਹਨ ਤਾਂ ਲਾਸ਼ ਲਿਜਾ ਸਕਦੇ ਹਨ। ਫਾਂਸੀ ਵਾਲੇ ਦਿਨ ਸਵੇਰੇ ਕੈਦੀ ਨੂੰ ਇਸ਼ਨਾਨ ਕਰਵਾਇਆ ਜਾਂਦਾ ਸੀ। ਉਸ ਦੇ ਨਾਲ ਤਕਰੀਬਨ ਸੂਰਜ ਚੜ੍ਹਦੇ ਨਾਲ ਗਰਮੀਆਂ ਵਿਚ ਸਾਢੇ ਸੱਤ, ਅੱਠ ਵਜੇ ਫਾਂਸੀ ਦਿੱਤੀ ਜਾਂਦੀ ਸੀ। ਮਜਿਸਟ੍ਰੈਟ ਆ ਕੇ ਫਾਂਸੀ ਲੁਆਉਂਦਾ ਸੀ। ਫਾਂਸੀ ਦੇਣ ਤੋਂ ਬਾਅਦ ਤਕਰੀਬਨ ਇਕ ਘੰਟਾ ਬਾਅਦ ਤਕ ਲਾਸ਼ ਲਟਕਦੀ ਰਹਿੰਦੀ ਸੀ। ਜੇਲ੍ਹ ਦਾ ਡਾਕਟਰ ਆ ਕੇ ਮੁਆਇਨਾ ਕਰਕੇ ਲਾਸ਼ ਉਤਰਾਉਂਦਾ ਸੀ, ਜੋ ਜੇਲ੍ਹ ਤੋਂ ਬਾਹਰ ਲਿਜਾ ਕੇ ਵਾਰਸਾਂ ਦੇ ਹਾਵਲੇ ਕਰ ਦਿੱਤੀ ਜਾਂਦੀ ਸੀ। ਪਰ ਸ. ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਫਾਂਸੀ ਦੇਣ ਸਮੇਂ ਕਿਸੇ ਵੀ ਕਾਇਦ-ਏ-ਕਾਨੂੰਨ ਦਾ ਖਿਆਲ ਨਹੀਂ ਰੱਖਿਆ ਗਿਆ। ਫਾਂਸੀ ਦੀ ਨੀਯਤ ਤਾਰੀਕ ਤੋਂ ਇਕ ਦਿਨ ਪਹਿਲਾਂ ਜੇਲ੍ਹ ਵਿਚਲੇ ਸਾਰੇ ਕੈਦੀਆਂ ਨੂੰ ਸ਼ਾਮ ਨੂੰ ਚਾਰ ਵਜੇ ਦੀ ਥਾਂ ਤਿੰਨ ਵਜੇ ਹੀ ਕੰਮ ਤੋਂ ਛੁੱਟੀ ਕਰਕੇ ਬੰਦ ਕਰ ਦਿੱਤੇ ਗਏ। ਜੇਲ੍ਹ ਦਾ ਇਕ ਅਹਾਤਾ ਜਿਸ ਨੂੰ ਹਵਾਲਾਤ ਕਿਹਾ ਜਾਂਦਾ ਸੀ, ਉਸ ਵਿੱਚੋਂ ਕੈਦੀਆਂ ਨੂੰ ਕੱਢ ਕੇ ਖਾਲੀ ਕਰ ਲਿਆ ਗਿਆ ਸੀ। ਉਥੇ ਲੱਕੜਾਂ, ਮਿੱਟੀ ਦੇ ਤੇਲ ਦੇ ਪੀਪੇ ਆਦਿ ਲਿਆ ਕੇ ਜਮ੍ਹਾਂ ਕਰ ਲਏ ਗਏ ਸਨ। ਸ਼ਾਇਦ ਪਹਿਲਾਂ ਸ. ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦਾ ਅੰਤਿਮ ਸਸਕਾਰ ਇਥੇ ਹੀ ਕਰਨ ਦੀ ਯੋਜਨਾ ਬਣਾਈ ਗਈ ਸੀ। ਸਾਢੇ ਛੇ ਵਜੇ ਦੇ ਲਗਭਗ ਸ. ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਪੁਲੀਸ ਦੀ ਗਾਰਦ ਨੇ ਫਾਂਸੀ ਵਾਲੀਆਂ ਵਰਦੀਆਂ ਪਵਾਈਆਂ। ਸ. ਭਗਤ ਸਿੰਘ ਹੋਰਾਂ ਨੇ ਟੋਪੀਆਂ ਲੈਣ ਤੋਂ ਇਨਕਾਰ ਕਰ ਦਿੱਤਾ। ਉਹ ਕੋਠੀਆਂ ਵਿੱਚੋਂ ਨਾਅਰੇ ਲਾਉਂਦੇ ਨਿਕਲੇ ਜਿਸ ਨਾਲ ਅਸਮਾਨ ਗੂੰਜ ਗਿਆ। ਪੁਲਿਸ ਵਾਲਿਆਂ ਨੇ ਸ. ਭਗਤ ਸਿੰਘ ਤੇ ਸਾਥੀਆਂ ਦੇ ਮੂੰਹ ਬੰਨ੍ਹ ਦਿੱਤੇ ਤਾਂ ਕਿ ਉਹ ਨਾਅਰੇ ਨਾ ਲਾ ਸਕਣ। ਸ. ਭਗਤ ਸਿੰਘ ਤੇ ਸਾਥੀਆਂ ਨੂੰ ਫਾਂਸੀ ਕੋਠੀਆਂ ਦੇ ਪਿੱਛੋਂ ਦੀ ਅੰਦਰ ਲਿਜਾਇਆ ਗਿਆ। ਫਾਂਸੀ ਦੇਣ ਤੋਂ ਪਹਿਲਾਂ ਉਨ੍ਹਾਂ ਦੇ ਮੂੰਹ ਖੋਲ੍ਹ ਦਿੱਤੇ ਗਏ ਸਨ। ਫਾਂਸੀ ਦੇ ਤਖਤੇ ’ਤੇ ਉਨ੍ਹਾਂ ਨੇ ਤਿੰਨ ਨਾਅਰੇ ਲਾਏ ਅਤੇ ‘ਖੁਸ਼ ਰਹੋ ਅਹਿਲ-ਏ-ਵਤਨ ਹਮ ਤੋਂ ਸਫਰ ਕਰਤੇ ਹੈਂ’ ਕਵਿਤਾ ਪੜ੍ਹੀ। ਜਲਾਦ ਨੇ ਫਾਂਸੀ ਦਾ ਤਖਤਾ ਖਿੱਚ ਦਿੱਤਾ। ਇਹ ਸਾਰਾ ਕੰਮ ਸ਼ਾਮ ਦੇ ਸੱਤ ਵਜੇ ਦੇ ਲਗਭਗ ਖਤਮ ਹੋ ਗਿਆ। ਆਮ ਤੌਰ ’ਤੇ ਫਾਂਸੀ ਦੇਣ ਤੋਂ ਇਕ ਘੰਟਾ ਬਾਅਦ ਤਕ ਲਾਸ਼ ਨੂੰ ਲਮਕਦਾ ਰੱਖਿਆ ਜਾਂਦਾ ਸੀ ਪਰ ਸ. ਭਗਤ ਸਿੰਘ ਹੋਰਾਂ ਦੇ ਕੇਸ ਵਿਚ ਇਸ ਤਰ੍ਹਾਂ ਨਹੀਂ ਹੋਇਆ। ਸ. ਭਗਤ ਸਿੰਘ ਅਤੇ ਸਾਥੀਆਂ ਨੂੰ ਫਾਂਸੀ ਦੇਣ ਵਾਲੇ ਜਲਾਦ ਨੇ ਫਾਂਸੀ ਦੇ ਹੇਠ ਬਣੇ ਟੋਏ ਵਿਚ ਉਤਰ ਕੇ ਉਨ੍ਹਾਂ ਦੀਆਂ ਲੱਤਾਂ ਨਾਲ ਲਮਕ ਕੇ ਉਨ੍ਹਾਂ ਦੀਆਂ ਘੰਡੀਆਂ ਤੋੜ ਦਿੱਤੀਆਂ ਅਤੇ 10-15 ਮਿੰਟ ਬਾਅਦ ਹੀ ਤੜਫਦੀਆਂ ਲਾਸ਼ਾਂ ਨੂੰ ਉਤਾਰ ਕੇ ਜੇਲ੍ਹ ਦੀ ਪਿਛਲੀ ਕੰਧ ਤੋੜ ਕੇ ਬਾਹਰ ਖੜ੍ਹੀਆਂ ਗੱਡੀਆਂ ਵਿਚ ਰੱਖ ਲਿਆ ਗਿਆ। ਗੱਡੀਆਂ ਵਿਚ ਹਥਿਆਰਬੰਦ ਅੰਗਰੇਜ਼ ਗਾਰਦ ਤੈਨਾਤ ਸੀ। ਅੰਗਰੇਜ਼ਾਂ ਨੂੰ ਸ. ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ’ਤੇ ਭਾਰੀ ਗੁੱਸਾ ਸੀ ਕਿਉਂਕਿ ਉਨ੍ਹਾਂ ਨੇ ਇਕ ਅੰਗਰੇਜ਼ ਦਾ ਕਤਲ ਕੀਤਾ ਸੀ। ਉਹ ਗੁੱਸੇ ਵਿਚ ਅੰਨ੍ਹੇ ਹੋਏ ਲਾਸ਼ਾਂ ਨੂੰ ਗੱਡੀ ਵਿਚ ਵੱਢਦੇ-ਟੁਕਦੇ ਗਏ ਅਤੇ ਸਤਲੁਜ ਦਰਿਆ ਦੇ ਗੰਡਾ ਸਿੰਘ ਵਾਲੇ ਪੁਲ ਦੇ ਲਾਗੇ ਜਾ ਕੇ ਫ਼ਰਜੀ ਤੌਰ ’ਤੇ ਅੱਗ ਲਾਉਣ ਦਾ ਡਰਾਮਾ ਕਰਕੇ ਲਾਸ਼ਾਂ ਨੂੰ ਸਤਲੁਜ ਦਰਿਆ ਵਿਚ ਰੋੜ੍ਹ ਦਿੱਤਾ। ਇਹ ਸਾਰੀ ਘਟਨਾ 23 ਮਾਰਚ 1931 ਈ. ਨੂੰ ਸੈਂਟਰਲ ਜੇਲ੍ਹ ਲਾਹੌਰ ਵਿਖੇ ਵਾਪਰੀ। ਇਸ ਸਬੰਧੀ ਪਤਾ ਲੱਗਣ ’ਤੇ ਲੋਕਾਂ ਵਿਚ ਹਾਹਾਕਾਰ ਮੱਚ ਗਈ। ਥਾਂ-ਥਾਂ ’ਤੇ ਅੰਗਰੇਜ਼ ਸਰਕਾਰ ਵਿਰੁੱਧ ਜਲਸੇ ਜਲੂਸ ਹੋਣ ਲੱਗੇ। ਉਸ ਦਿਨ ਫਿਰੋਜ਼ਪੁਰ ਸ਼ਹਿਰ ਦੇ ਗੋਖਲੇ ਹਾਲ ਵਿਚ ਵੀ ਲੋਕਾਂ ਵੱਲੋਂ ਇਕ ਜਲਸਾ ਕੀਤਾ ਗਿਆ। ਹਜ਼ਾਰਾਂ ਲੋਕ ਟੋਲੀਆਂ ਬਣਾ ਕੇ ਸ਼ਹੀਦਾਂ ਦੀ ਦਾਹ ਸਸਕਾਰ ਵਾਲੀ ਥਾਂ ਦੀ ਭਾਲ ਕਰਨ ਲੱਗੇ। ਕਿਹਾ ਜਾਂਦਾ ਹੈ ਕਿ ਫਿਰੋਜ਼ਪੁਰ ਸ਼ਹਿਰ ਦੇ ਇਕ ਵਿਅਕਤੀ ਰਾਮਜੀ ਦਾਸ ਢੰਡੋਰੇ ਵਾਲਾ ਦੇ ਪੈਰਾਂ ਨੂੰ ਗਰਮ ਧਰਤੀ ਲੱਗੀ ਜਿਸ ਨਾਲ ਸ਼ਹੀਦਾਂ ਦੀਆਂ ਲਾਸ਼ਾਂ ਦੀ ਹੋਈ ਬੇਪਤੀ ਦਾ ਅੰਦਾਜ਼ਾ ਲਾਇਆ ਗਿਆ। ਸ਼ਹੀਦ ਸ. ਭਗਤ ਸਿੰਘ ਦੇ ਫਾਂਸੀ ਲੱਗਣ ਤੋਂ ਬਾਅਦ ਅਖ਼ਬਾਰਾਂ ਨੇ ਇਹ ਗੱਲ ਜੱਗ ਜ਼ਾਹਿਰ ਕੀਤੀ ਕਿ ਉਸ ਦਾ ਨਿਸ਼ਚਾ ਸਿੱਖ ਧਰਮ ਵਿਚ ਪੱਕਾ ਸੀ। ਕਸੂਰ ਦੇ ਗ੍ਰੰਥੀ ਭਾਈ ਨੱਥਾ ਸਿੰਘ ਨੇ ਅਖ਼ਬਾਰਾਂ ਨੂੰ ਦੱਸਿਆ ਕਿ ਸਸਕਾਰ ਵੇਲੇ ਸ਼ਹੀਦ ਸ. ਭਗਤ ਸਿੰਘ ਦੇ ਸਿਰ ’ਤੇ ਛੇ-ਛੇ ਇੰਚ ਲੰਬੇ ਕੇਸ ਸਨ ਅਤੇ ਸਰਕਾਰ ਦਾ ਵੀ ਐਲਾਨ ਸੀ ਕਿ ਮ੍ਰਿਤਕ ਦਾ ਸਸਕਾਰ ਸਿੱਖ ਰਵਾਇਤਾਂ ਅਨੁਸਾਰ ਕਰਵਾਇਆ ਜਾਵੇ। ਬੰਬਈ ਦੇ ਬਲਟਿਜ਼ ਅਖ਼ਬਾਰ ਦੇ 26 ਮਾਰਚ 1949 ਈ. ਦੇ ਅੰਕ ਵਿਚ ਸ਼ਹੀਦ ਸ. ਭਗਤ ਸਿੰਘ ਦੀ ਸਿੱਖੀ ਸਰੂਪ ਵਾਲੀ ਛਾਪੀ ਗਈ। ਇਹ ਫੋਟੋ ਸ. ਭਗਤ ਸਿੰਘ ਦੇ ਫਾਂਸੀ ਲੱਗਣ ਤੋਂ ਕੁਝ ਮਿੰਟ ਪਹਿਲਾਂ ਦਿੱਲੀ ਦੇ ਸੱਜਣ ਸ਼ਾਮ ਲਾਲ ਨੇ ਖਿੱਚੀ ਗਈ ਦੱਸੀ ਜਾਂਦੀ ਹੈ।
23 ਮਾਰਚ 1932 ਈ. ਨੂੰ ਸ. ਭਗਤ ਸਿੰਘ ਤੇ ਸ਼ਹੀਦ ਸਾਥੀਆਂ ਦਾ ਪਹਿਲਾ ਸ਼ਹੀਦੀ ਦਿਵਸ ਮਨਾਇਆ ਗਿਆ। ਉਸ ਸਮੇਂ ਲੋਕ ਕਵੀ ‘ਤਾਇਰ’ ਨੇ ਟਾਂਗੇ ’ਤੇ ਖੜ੍ਹ ਕੇ ਸ. ਭਗਤ ਸਿੰਘ ਦੀ ਘੋੜੀ ਪੜ੍ਹੀ:
ਆਵੋ ਨੀ ਭੈਣੋਂ ਰਲ਼ ਗਾਵੀਏ ਘੋੜੀਆਂ, ਜੰਞ ਤੇ ਹੋਈ ਏ ਤਿਆਰ ਵੇ ਹਾਂ।
ਮੌਤ ਕੁੜੀ ਨੂੰ ਪਰਨਾਵਣ ਚੱਲਿਆ, ਦੇਸ਼ ਭਗਤ ਸਰਦਾਰ ਵੇ ਹਾਂ।
ਫਾਂਸੀ ਦੇ ਤਖਤੇ ਵਾਲਾ ਖ਼ਾਰਾ ਬਣਾ ਕੇ, ਬੈਠਾ ਤੂੰ ਚੌਕੜੀ ਮਾਰ ਵੇ ਹਾਂ।
ਹੰਝੂਆਂ ਦੇ ਪਾਣੀ ਭਰ ਨਹਾਵੋ ਗੜੋਲੀ, ਲਹੂ ਦੀ ਰੱਤੀ ਮੋਹਲ੍ਹੀ ਧਾਰ ਵੇ ਹਾਂ।
ਫਾਂਸੀ ਦੀ ਟੋਪੀ ਵਾਲਾ ਮੁੱਕਟ ਬਣਾ ਕੇ, ਸਿਹਰਾ ਤੂੰ ਬੱਧਾ ਝਾਲਰਦਾਰ ਵੇ ਹਾਂ।
ਜੰਡੀ ਤੇ ਵੱਢੀ ਲਾੜੇ ਜ਼ੋਰ-ਜ਼ੁਲਮ ਦੀ, ਸਬਰ ਦੀ ਮਾਰ ਤਲਵਾਰ ਵੇ ਹਾਂ।
ਰਾਜਗੁਰੂ ਤੇ ਸੁਖਦੇਵ ਸਰਬਾਲ੍ਹੇ, ਚੜ੍ਹਿਆ ਤੇ ਤੂੰ ਹੀ ਵਿਚਕਾਰ ਵੇ ਹਾਂ।
ਵਾਗ-ਫੜਾਈ ਤੈਥੋਂ ਭੈਣਾਂ ਨੇ ਲੈਣੀ, ਭੈਣਾਂ ਦਾ ਰੱਖਿਆ ਉਧਾਰ ਵੇ ਹਾਂ।
ਹਰੀ ਕਿਸ਼ਨ ਤੇਰਾ ਬਣਿਆ ਵੇ ਸਾਂਢੂ, ਢੁੱਕੇ ਤੇ ਤੁਸੀਂ ਇਕੋ ਵਾਰ ਵੇ ਹਾਂ।
ਪੈਂਤੀ ਕਰੋੜ ਤੇਰੇ ਜਾਂਞੀ ਵੇ ਲਾੜਿਆ, ਕਈ ਪੈਦਲ ਤੇ ਕਈ ਸਵਾਰ ਵੇ ਹਾਂ।
ਕਾਲੀਆਂ ਪੁਸ਼ਾਕਾਂ ਪਾ ਕੇ ਜੰਞ ਜੁ ਤੁਰ ਪਈ, ‘ਤਾਇਰ’ ਵੀ ਹੋਇਆ ਏ ਤਿਆਰ ਵੇ ਹਾਂ।
15 ਅਗਸਤ ਸੰਨ 1947 ਈ. ਵਿਚ ਭਾਰਤ ਅਜ਼ਾਦ ਹੋਇਆ, ਉਸੇ ਦਿਨ ਸ. ਅਜੀਤ ਸਿੰਘ ਦੀ ਮੌਤ ਦੀ ਖ਼ਬਰ ਆ ਗਈ। ਇਸ ਸਮੇਂ ਜਦੋਂ ਸਾਰਾ ਭਾਰਤ ਆਜ਼ਾਦੀ ਦਾ ਜਸ਼ਨ ਮਨਾ ਰਿਹਾ ਸੀ, ਉਸ ਸਮੇਂ ਪੰਜਾਬ ਫਿਰਕਾਪ੍ਰਸਤੀ ਅਤੇ ਦੰਗਿਆਂ ਦਾ ਅਜੀਬ ਤਰ੍ਹਾਂ ਦਾ ਸੰਤਾਪ ਭੋਗ ਰਿਹਾ ਸੀ। ਪਾਕਿਸਤਾਨ ਹੋਂਦ ਵਿਚ ਆ ਚੁੱਕਾ ਸੀ। ਇਸ ਵੰਡ ਸਮੇਂ ਦੇਸ਼ ਦੇ ਮਹਾਨ ਸ਼ਹੀਦਾਂ ਦੀ ਸਤਲੁਜ ਕੰਢੇ ਹੁਸੈਨੀਵਾਲਾ ਵਾਲੀ ਥਾਂ ਪਾਕਿਸਤਾਨ ਵਿਚ ਚਲੀ ਗਈ, ਜਿਸ ਨੂੰ 17 ਜਨਵਰੀ 1961 ਈ. ਵਿਚ ਸ. ਪ੍ਰਤਾਪ ਸਿੰਘ ਕੈਰੋਂ ਮੁੱਖ ਮੰਤਰੀ ਪੰਜਾਬ ਦੀਆਂ ਕੋਸ਼ਿਸ਼ਾਂ ਸਦਕਾ ਪਾਕਿਸਤਾਨ ਤੋਂ ਖਰੀਦ ਕੇ ਭਾਰਤ ਵਿਚ ਸ਼ਾਮਲ ਕੀਤਾ ਗਿਆ ਅਤੇ ਸ਼ਹੀਦਾਂ ਦੀ ਯਾਦਗਾਰ ਕਾਇਮ ਕੀਤੀ ਗਈ। ਫਿਰੋਜ਼ਪੁਰ ਵਿਖੇ ਸ਼ਹੀਦਾਂ ਦੀ ਸਸਕਾਰ ਵਾਲੀ ਥਾਂ ’ਤੇ ਉਨ੍ਹਾਂ ਦੀਆਂ ਸਮਾਧੀਆਂ ਬਣਾਈਆਂ ਗਈਆਂ ਅਤੇ ਕਾਂਸੀ ਦੇ ਬੁੱਤ ਸਥਾਪਿਤ ਕੀਤੇ ਗਏ।
ਆਜ਼ਾਦੀ ਤੋਂ ਬਾਅਦ ਸ. ਭਗਤ ਸਿੰਘ ਦੇ ਭਰਾ ਸ. ਕੁਲਬੀਰ ਸਿੰਘ ਖਟਕੜ ਕਲਾਂ ਤੋਂ ਫਿਰੋਜ਼ਪੁਰ ਚਲੇ ਗਏ ਅਤੇ ਮੋਤੀ ਬਜ਼ਾਰ ਵਿਚ ਰਹਿਣ ਲੱਗ ਪਏ। ਸੰਨ 1962 ਈ. ਵਿਚ ਉਨ੍ਹਾਂ ਨੇ ਜਨਸੰਘ ਪਾਰਟੀ ਵੱਲੋਂ ਚੋਣਾਂ ਵਿਚ ਹਿੱਸਾ ਲਿਆ ਅਤੇ ਆਪਣੇ ਵਿਰੋਧੀ ਨੂੰ ਭਾਰੀ ਬਹੁਮਤ ਨਾਲ ਹਰਾ ਕੇ ਫਿਰੋਜਪੁਰ ਤੋਂ ਐਮ.ਐਲ.ਏ. ਦੀ ਚੋਣ ਜਿੱਤੀ।
23 ਮਾਰਚ 1963 ਈ. ਨੂੰ ਸ. ਭਗਤ ਸਿੰਘ ਦਾ ਬੁੱਤ ਖਟਕੜ ਕਲਾਂ ਵਿਖੇ ਸਥਾਪਿਤ ਕੀਤਾ ਗਿਆ। ਬੁੱਤ ’ਤੇ ਸਭ ਤੋਂ ਪਹਿਲਾਂ ਹਾਰ ਉਨ੍ਹਾਂ ਦੀ ਮਾਤਾ ਵਿਦਿਆਵਤੀ ਜੀ ਨੇ ਪਹਿਨਾਇਆ। ਇਸ ਖ਼ਬਰ ਦਾ ਫਿਲਮਾਂਕਣ ਸਾਰੇ ਟੈਲੀਵਿਜ਼ਨਾਂ ’ਤੇ ਦਿਖਾਇਆ ਗਿਆ। ਜਿਸ ਨੂੰ ਦੇਖ ਕੇ ਉਨ੍ਹਾਂ ਦਾ ਸਾਥੀ ਜ਼ਿੰਦਾ ਸ਼ਹੀਦ ਸ੍ਰੀ ਬੀ.ਕੇ.ਦੱਤ ਉਨ੍ਹਾਂ ਦੀ ਮਾਂ ਨੂੰ ਮਿਲਣ ਲਈ ਆਇਆ। ਇਸ ਮਿਲਾਪ ਤੋਂ ਸੱਤ ਦਿਨ ਬਾਅਦ ਦੱਤ ਬਿਮਾਰ ਹੋ ਗਿਆ ਅਤੇ ਕੁਝ ਸਮਾਂ ਬਾਅਦ ਸਦਾ ਦੀ ਨੀਂਦ ਸੌਂ ਗਿਆ। ਬੀ.ਕੇ. ਦੱਤ ਦੀ ਵਸੀਅਤ ਮੁਤਾਬਕ ਉਨ੍ਹਾਂ ਦਾ ਅੰਤਿਮ ਸਸਕਾਰ ਵੀ ਇਥੇ ਕਰਕੇ ਉਨ੍ਹਾਂ ਦੀ ਸਮਾਧੀ ਬਣਾਈ ਗਈ।
ਇਸੇ ਸਾਲ ਸ. ਅਜੀਤ ਸਿੰਘ ਦੀ ਪਤਨੀ ਮਾਤਾ ਹਰਨਾਮ ਕੌਰ ਦੀ ਮੌਤ ਹੋ ਗਈ। ਉਨ੍ਹਾਂ ਦਾ ਦਾਹ-ਸਸਕਾਰ ਵੀ ਉਨ੍ਹਾਂ ਦੀ ਅੰਤਿਮ ਇੱਛਾ ਮੁਤਾਬਿਕ ਸ਼ਹੀਦ ਭਗਤ ਸਿੰਘ ਦੀ ਸਮਾਧੀ ਦੇ ਨੇੜੇ ਹੀ ਕੀਤਾ ਗਿਆ।
ਸੰਨ 1971 ਈ. ਵਿਚ ਭਾਰਤ-ਪਾਕਿਸਤਾਨ ਜੰਗ ਸਮੇਂ ਪਾਕਿਸਤਾਨੀ ਫੌਜਾਂ ਨੇ ਭਾਰਤ ਦੇ ਇਲਾਕੇ ਤੇ ਇਨ੍ਹਾਂ ਸਮਾਧਾਂ ਤਕ ਕਬਜ਼ਾ ਕਰ ਲਿਆ। ਭਾਰਤੀ ਫੌਜ ਦੇ ਯੋਧਿਆਂ ਨੇ ਆਪਣੀ ਜਾਨ ’ਤੇ ਖੇਡ ਕੇ ਇਨ੍ਹਾਂ ਯਾਦਗਾਰਾਂ ਨੂੰ ਦੁਬਾਰਾ ਆਪਣੇ ਕਬਜ਼ੇ ਵਿਚ ਲਿਆ। ਪਰ ਪਾਕਿਸਤਾਨੀ ਫੌਜ ਨੇ ਇਨ੍ਹਾਂ ਦੇ ਕਾਂਸੀ ਦੇ ਬੁੱਤਾਂ ਨੂੰ ਤੋੜ ਕੇ ਨਸ਼ਟ ਕਰ ਦਿੱਤਾ। ਭਾਰਤ ਸਰਕਾਰ ਵੱਲੋਂ ਕਾਫੀ ਦੇਰ ਬਾਅਦ ਇਨ੍ਹਾਂ ਯਾਦਗਾਰਾਂ ਨੂੰ ਦੁਬਾਰਾ ਸਥਾਪਿਤ ਕੀਤਾ ਗਿਆ।
ਸ. ਭਗਤ ਸਿੰਘ ਦੀ ਮਾਤਾ ਨੂੰ 1 ਜਨਵਰੀ 1973 ਈ. ਵਿਚ ਪੰਜਾਬ ਸਰਕਾਰ ਵੱਲੋਂ ‘ਪੰਜਾਬ ਮਾਤਾ’ ਦਾ ਖਿਤਾਬ ਅਤੇ 1000 ਰੁਪਏ ਮਹੀਨਾ ਪੈਨਸ਼ਨ ਦੇ ਕੇ ਸ਼ਹੀਦ ਦੀ ਮਾਤਾ ਹੋਣ ਦਾ ਸਤਿਕਾਰ ਕੀਤਾ ਗਿਆ। ਇਨ੍ਹਾਂ ਦੀ ਮੌਤ ਤੋਂ ਬਾਅਦ ਇਨ੍ਹਾਂ ਦਾ ਸਸਕਾਰ ਵੀ ਸ਼ਹੀਦਾਂ ਦੀਆਂ ਸਮਾਧਾਂ ਦੇ ਪਾਸ ਫਿਰੋਜ਼ਪੁਰ ਵਿਖੇ ਕਰਕੇ ਇਨ੍ਹਾਂ ਦੀ ਸਮਾਧੀ ਸਥਾਪਿਤ ਕੀਤੀ ਗਈ।
ਸ੍ਰੋਤ ਪੁਸਤਕਾਂ :
1. ਸਿੱਖ ਪੰਥ ਵਿਸ਼ਵ ਕੋਸ਼-ਡਾ. ਰਤਨ ਸਿੰਘ (ਜੱਗੀ)
2. ਪੰਜਾਬ ਕੋਸ਼-ਭਾਸ਼ਾ ਵਿਭਾਗ ਪੰਜਾਬ
3. ਜਨ ਸਾਹਿਤ ਸਤੰਬਰ 2007-ਭਾਸ਼ਾ ਵਿਭਾਗ ਪੰਜਾਬ
4. ਜੇਲ੍ਹ ਚਿੱਠੀਆਂ-ਭਾਈ ਰਣਧੀਰ ਸਿੰਘ
5. ਜੇਲ੍ਹ ਡਾਇਰੀ ਸ. ਭਗਤ ਸਿੰਘ-ਪੰਜਾਬ ਸਰਕਾਰ
6. ਸਾਡਾ ਨਵਾਂ ਸ਼ਹਿਰ-ਜੇ.ਬੀ. ਗੋਇਲ ਆਈ.ਏ.ਐੱਸ.”
7. ਪਿੰਡ, ਸ਼ਹਿਰ ਤੇ ਕਸਬੇ-ਸ. ਅਮਰਜੀਤ ਸਿੰਘ
8. ਯੁੱਗ ਪੁਰਸ਼ ਸ. ਭਗਤ ਸਿੰਘ ਅਤੇ ਉਨ੍ਹਾਂ ਦੇ ਬਜ਼ੁਰਗ-ਵਰਿੰਦਰ ਸੰਧੂ
9. ਸਾਥੀ ਭਗਤ ਸਿੰਘ ਸ਼ਹੀਦ ਦੀ ਸ਼ਹੀਦੀ ਦੇ ਅੱਖੀ ਦੇਖੇ ਹਾਲਾਤ ਅਤੇ ਮੇਰੀ ਆਪ ਬੀਤੀ-ਸਾਹਿਬ ਸਿੰਘ ਸਲਾਣਾ
ਲੇਖਕ ਬਾਰੇ
ਸਿਮਰਜੀਤ ਸਿੰਘ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ) ਵੱਲੋਂ ਛਾਪੇ ਜਾਂਦੇ ਮਾਸਿਕ ਪੱਤਰ ਗੁਰਮਤਿ ਪ੍ਰਕਾਸ਼ ਦੇ ਮੁੱਖ ਸੰਪਾਦਕ ਹਨ।
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/June 1, 2007
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/August 1, 2007
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/October 1, 2007
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/November 1, 2007
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/December 1, 2007
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/January 1, 2008
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/February 1, 2008
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/June 1, 2008
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/June 1, 2009