ਗੁਰੂ ਪਾਤਸ਼ਾਹਾਂ ਦੇ ਸਾਜੇ-ਨਿਵਾਜੇ ਸਿੱਖਾਂ ਦਾ ਇਕ ਵਿਲੱਖਣ ਪਹਿਲੂ ਇਹ ਹੈ ਕਿ ਇਹ ਮਰ ਜਾਣਾ ਤਾਂ ਪਸੰਦ ਕਰਦੇ ਹਨ ਪਰ ਜ਼ੁਲਮ ਅੱਗੇ ਝੁਕਦੇ ਨਹੀਂ। ਖਾਲਸੇ ਦੇ ਸਿਰਜਨਹਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜਦਿਆਂ ਸਿੱਖਾਂ ਨੂੰ ਅੰਮ੍ਰਿਤ ਰੂਪੀ ਗੁੜ੍ਹਤੀ ਦਿੰਦਿਆਂ ਇਹ ਗੁਣ ਉਨ੍ਹਾਂ ਵਿਚ ਕੁੱਟ-ਕੁੱਟ ਕੇ ਭਰ ਦਿੱਤਾ ਹੈ, ਜਿਸ ਕਾਰਨ ਸਿੱਖ ਇਕੱਲਿਆਂ ਵੀ ਲੱਖਾਂ-ਹਜ਼ਾਰਾਂ ਨਾਲ ਟੱਕਰ ਲੈਣ ਦੀ ਹਿੰਮਤ ਰੱਖਦਾ ਹੈ। ਅਜਿਹੇ ਕਈ ਇਤਿਹਾਸਕ ਕਾਰਨਾਮੇ ਇਤਿਹਾਸ ਦੇ ਪੰਨਿਆਂ ’ਤੇ ਸੁਨਹਿਰੀ ਅੱਖਰਾਂ ਵਿਚ ਲਿਖੇ ਮਿਲਦੇ ਹਨ ਕਿ ਕਿਵੇਂ ਗੁਰੂ ਕਲਗੀਧਰ ਦੇ ਬਚਨ ‘ਸਵਾ ਲਾਖ ਸੇ ਏਕ ਲੜਾਊਂ’ ਉੱਤੇ ਅਮਲ ਕਰਦਿਆਂ ਕੁਝ ਕੁ ਗਿਣਤੀ ਦੇ ਸਿੰਘਾਂ ਨੇ ਸਰਹਿੰਦ, ਅਨੰਦਪੁਰ ਸਾਹਿਬ, ਚਮਕੌਰ ਸਾਹਿਬ ਅਤੇ ਖਿਦਰਾਣੇ ਦੀ ਢਾਬ ਮੁਕਤਸਰ ਸਾਹਿਬ ਆਦਿ ਦੀਆਂ ਜੰਗਾਂ ਵਿਚ ਆਪਣੇ ਤੋਂ ਕਈ ਗੁਣਾ ਜ਼ਿਆਦਾ ਦੁਸ਼ਮਣਾਂ ਦਾ ਮੁਕਾਬਲਾ ਕਰਦਿਆਂ ਸ਼ਹੀਦੀ ਜਾਮ ਪੀਤੇ ਅਤੇ ਫਤਹਿ ਵੀ ਹਾਸਲ ਕੀਤੀ। ਇਸੇ ਪਰੰਪਰਾ ਨੂੰ ਕਾਇਮ ਰੱਖਦਿਆਂ ਹੀ ਜਨਰਲ ਜਗਜੀਤ ਸਿੰਘ ਅਤੇ ਜਰਨਲ ਹਰਬਖਸ਼ ਸਿੰਘ ਨੇ ਦੁਸ਼ਮਣ ਫੌਜ ਤੋਂ ਗੋਡੇ ਟਿਕਵਾਏ ਸਨ ਅਤੇ ਕਾਰਗਿਲ ਦੀ ਜੰਗ ਵੇਲੇ ਵੀ ਸਿੱਖ ਰੈਜਮੈਂਟ ਵੱਲੋਂ ਦਿਖਾਈ ਗਈ ਬਹਾਦਰੀ ਸਿੱਖਾਂ ਦੀ ਇਸ ਸ਼ਾਨਦਾਰ ਰਵਾਇਤ ਨੂੰ ਕਾਇਮ ਰੱਖਣ ਦੀ ਜਿਊਂਦੀ-ਜਾਗਦੀ ਮਿਸਾਲ ਹੈ।
ਸਿੱਖ ਕੌਮ ਸੰਸਾਰ ਦੀ ਇੱਕੋ-ਇੱਕ ਅਜਿਹੀ ਕੌਮ ਹੈ, ਜਿਸ ਦੇ ਯੋਧਿਆਂ ਦੀ ਪ੍ਰਸ਼ੰਸਾ ਉਸ ਦੇ ਵਿਰੋਧੀ ਵੀ ਕਰਦੇ ਆ ਰਹੇ ਹਨ। ਇਹ ਮਾਣ ਸਿਰਫ਼ ਸਿੱਖ ਕੌਮ ਦੇ ਹਿੱਸੇ ਹੀ ਆਇਆ ਹੈ। ਸਿੱਖਾਂ ਵੱਲੋਂ ਸਮੇਂ-ਸਮੇਂ ਦਿਖਾਈਆਂ ਗਈਆਂ ਸ਼ਾਨਦਾਰ ਬਹਾਦਰੀਆਂ ਦੀਆਂ ਗਾਥਾਵਾਂ ਵਿੱਚੋਂ ਸਾਰਾਗੜ੍ਹੀ ਦੀ ਜੰਗ ਇਕ ਅਜਿਹੀ ਅਹਿਮ ਜੰਗ ਹੈ, ਜਿਸ ਦੀ ਚਰਚਾ ਦੁਨੀਆਂ-ਭਰ ਵਿਚ ਹੋਈ। ਯੂਨੈਸਕੋ ਦੁਆਰਾ ਛਾਪੀ ਗਈ ਇਕ ਪੁਸਤਕ ਜਿਸ ਵਿਚ ਅਦੁੱਤੀ ਬਹਾਦਰੀ ਵਿਖਾਉਣ ਵਾਲੀਆਂ ਵਿਸ਼ਵ ਦੀਆਂ 8 ਵੱਡੀਆਂ ਲੜਾਈਆਂ ਦਾ ਜ਼ਿਕਰ ਹੈ ਅਤੇ ਸਾਰਾਗੜ੍ਹੀ ਦੀ ਜੰਗ ਵੀ ਉਨ੍ਹਾਂ ਵਿੱਚੋਂ ਇਕ ਹੈ।
ਦੇਸ਼ ਦੀ ਪੱਛਮੀ ਸਰਹੱਦ ਹਮੇਸ਼ਾਂ ਤੋਂ ਹੀ ਦੁਸ਼ਮਣਾਂ ਦਾ ਸਾਹਮਣਾ ਕਰਦੀ ਆ ਰਹੀ ਹੈ। ਸਾਰਾਗੜ੍ਹੀ ਦੀ ਲੜਾਈ ਇਸ ਗੱਲ ਦਾ ਸਬੂਤ ਹੈ ਕਿ ਕਿਵੇਂ ਅਰੰਭ ਤੋਂ ਹੀ ਸਿੱਖਾਂ ਦੀ ਮੱਦਦ ਨਾਲ ਹੀ ਇਸ ਸਰਹੱਦ ਤੋਂ ਦੁਸ਼ਮਣ ਦੀ ਘੁਸਪੈਠ ਨੂੰ ਰੋਕਿਆ ਜਾ ਸਕਿਆ ਹੈ। ਇਸੇ ਸਰਹੱਦ ਉੱਤੇ ਜਮਰੌਦ ਦੇ ਕਿਲ੍ਹੇ ਦੀ ਰਾਖੀ ਕਰਦਿਆਂ ਬਹਾਦਰ ਸਿੱਖ ਸਰਦਾਰ ਸ. ਹਰੀ ਸਿੰਘ ਨਲੂਆ ਸ਼ਹੀਦ ਹੋਏ ਸਨ। ਇਥੋਂ ਤਕ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ-ਕਾਲ ਤੋਂ ਬਾਅਦ ਅੰਗਰੇਜ਼ ਵੀ ਸਿੱਖ ਫੌਜੀਆਂ ਦੀ ਮਦਦ ਨਾਲ ਹੀ ਇਸ ਇਲਾਕੇ ਨੂੰ ਆਪਣੇ ਅਧੀਨ ਰੱਖਣ ਵਿਚ ਕਾਮਯਾਬ ਹੋਏ ਸਨ। ਉਦੋਂ ਤੋਂ ਹੁਣ ਤਕ ਦੇਸ਼ ਦੀ ਪੱਛਮੀ ਸਰਹੱਦ ਦੀ ਰਾਖੀ ਸਿੱਖ ਫੌਜੀ ਹੀ ਅੱਗੇ ਹੋ ਕੇ ਕਰਦੇ ਆ ਰਹੇ ਹਨ।
ਪੰਜਾਬੀ ਵਿਸ਼ਵ ਕੋਸ਼ ਅਨੁਸਾਰ, “ਸਾਰਾਗੜ੍ਹੀ ਉੱਤਰ-ਪੱਛਮੀ ਸਰਹੱਦੀ ਸੂਬੇ ਦੇ ਕੋਹਾਟ ਜ਼ਿਲ੍ਹੇ ਦਾ ਇਤਿਹਾਸਕ ਪਿੰਡ ਹੈ, ਜੋ ਸਮਾਨਾ ਰੇਂਜ ਦੀ ਚੋਟੀ ’ਤੇ 33.5” ਉੱਤਰੀ ਵਿਥਕਾਰ ਅਤੇ 70.45” ਲੰਬਕਾਰ ’ਤੇ ਸਥਿਤ ਹੈ। ਸਾਰਾਗੜ੍ਹੀ ਨੂੰ ਵਜ਼ੀਰਸਤਾਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਥੇ ਵਜ਼ੀਰ ਕਬੀਲੇ ਦੇ ਲੋਕ ਵਧੇਰੇ ਵੱਸਦੇ ਹਨ। ਇਸ ਥਾਂ ’ਤੇ ਇਕ ਗੜ੍ਹੀ ਬਣੀ ਹੋਈ ਹੈ, ਜੋ ਭਾਰਤੀ ਫੌਜ ਦੇ ਬੇ-ਮਿਸਾਲ ਜੋਸ਼, ਹੌਸਲੇ ਅਤੇ ਕੁਰਬਾਨੀ ਦਾ ਚਾਨਣ-ਮੁਨਾਰਾ ਹੈ।”
ਸਿੱਖ ਕੌਮ ਵਿਚਲਾ ਸੂਰਮਤਾਈ ਦਾ ਗੁਣ ਕਿਸੇ ਵੀ ਜਾਣ-ਪਹਿਚਾਣ ਦਾ ਮੁਥਾਜ ਨਹੀਂ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸੂਰਮੇ ਸਿੰਘਾਂ ਦਾ ਜਲੌਅ ਮਹਾਰਾਜਾ ਰਣਜੀਤ ਸਿੰਘ ਦੀ ਖਾਲਸਈ ਫੌਜ ਵਿਚ ਸ. ਹਰੀ ਸਿੰਘ ਨਲੂਆ ਅਤੇ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਦੇ ਸਮੇਂ ਵੀ ਚੜ੍ਹਦੀ ਕਲਾ ਦੇ ਜਲਵੇ ਦਿਖਾਉਂਦਾ ਰਿਹਾ ਹੈ। ਇਸੇ ਹੀ ਤਰ੍ਹਾਂ ਫੌਜ ਵਿਚ ਸਿੱਖ ਕੌਮ ਦੀ ਹਮੇਸ਼ਾਂ ਹੀ ਚੜ੍ਹਤ ਰਹੀ ਹੈ। ਇਸੇ ਨੂੰ ਦੇਖਦੇ ਹੋਏ ਹੀ 1 ਅਗਸਤ 1846 ਈ. ਨੂੰ ਸਿੱਖ ਰੈਜਮੈਂਟ ਦਾ ਆਧੁਨਿਕ ਵਿਸਥਾਰ ਕੀਤਾ ਗਿਆ, ਜਿਸ ਅਧੀਨ Captain G Tabbs ਦੀ ਅਗਵਾਈ ਵਿਚ ‘ਰੈਜਮੈਂਟ ਆਫ ਫਿਰੋਜ਼ਪੁਰ ਸਿੱਖਸ’ ਅਤੇ Lieutenant Colonel P Gordon ਦੀ ਅਗਵਾਈ ਵਿਚ ‘ਰੈਜਮੈਂਟ ਆਫ ਲੁਧਿਆਣਾ ਸਿੱਖਸ’ ਨਾਂ ਦੀਆਂ ਬਟਾਲੀਅਨਾਂ ਹੋਂਦ ਵਿਚ ਆਈਆਂ। ਇਨ੍ਹਾਂ ਦੋ ਬਟਾਲੀਅਨਾਂ ਤੋਂ ਸ਼ੁਰੂ ਹੋਈ ਸਿੱਖ ਰੈਜਮੈਂਟ ਅਧੀਨ ਅੱਜ 20 ਬਟਾਲੀਅਨਾਂ ਹਨ। ਇਸ ਸਿੱਖ ਰੈਜਮੈਂਟ ਦਾ ਸੈਂਟਰ ਅੱਜਕਲ੍ਹ ਰਾਮਗੜ੍ਹ ਕੈਂਟ (ਬਿਹਾਰ) ਵਿਚ ਹੈ। ਸਿੱਖ ਰੈਜਮੈਂਟ ਦਾ ਮੋਟੋ ‘ਨਿਸਚੈ ਕਰ ਅਪਨੀ ਜੀਤ ਕਰੋਂ’ ਹੈ। ਇਹ ਸਿੱਖ ਰੈਜਮੈਂਟ ਭਾਰਤ ਦੀ ਆਜ਼ਾਦੀ ਤੋਂ ਪਹਿਲਾਂ ਪਹਿਲੇ ਅਤੇ ਦੂਸਰੇ ਵਿਸ਼ਵ ਯੁੱਧ ਤੋਂ ਇਲਾਵਾ ਲੱਗਭਗ 50 ਤੋਂ ਵਧੇਰੇ ਅਤੇ ਆਜ਼ਾਦੀ ਤੋਂ ਬਾਅਦ ਭਾਰਤ-ਚੀਨ 1962, ਭਾਰਤ-ਪਾਕਿ 1965, ਭਾਰਤ-ਪਾਕਿ 1971 ਅਤੇ ਕਾਰਗਿਲ-1999 ਸਮੇਤ ਲਗਭਗ 7 ਲੜਾਈਆਂ ਵਿਚ ਦੇਸ਼ ਦੀ ਹਿਫਾਜ਼ਤ ਕਰਨ ਦੀ ਮਿਸਾਲਯੋਗ ਜ਼ਿੰਮੇਵਾਰੀ ਨਿਭਾ ਚੁੱਕੀ ਹੈ।
ਸਾਰਾਗੜ੍ਹੀ ਦੀ ਲੜਾਈ ਸਿੱਖ ਰੈਜਮੈਂਟ ਦੀ ਹੀ ਇਕ ਬਟਾਲੀਅਨ ‘36 ਸਿੱਖ ਰੈਜਮੈਂਟ’ ਜਿਸ ਨੂੰ ਕਿ ਹੁਣ ‘4 ਸਿੱਖ ਰੈਜਮੈਂਟ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਦੇ 21 ਸਿੱਖ ਸੂਰਮਿਆਂ ਦੀ ਯਾਦ ਨੂੰ ਤਾਜ਼ਾ ਕਰਦੀ ਹੈ, ਜਿਨ੍ਹਾਂ ਨੇ 12 ਸਤੰਬਰ, 1897 ਈ. ਨੂੰ 10,000 ਦੇ ਕਰੀਬ ਪਠਾਣਾਂ ਅਤੇ ਕਬਾਇਲੀਆਂ ਨਾਲ ਲੜਦੇ ਹੋਏ ਸ਼ਹੀਦੀਆਂ ਪ੍ਰਾਪਤ ਕੀਤੀਆਂ।
‘36 ਸਿੱਖ ਰੈਜਮੈਂਟ’ 23 ਮਾਰਚ, 1887 ਈ. ਨੂੰ ਕਰਨਲ ਜੇ. ਕੁੱਕ ਦੀ ਕਮਾਨ ਹੇਠ ਜਲੰਧਰ ਛਾਉਣੀ ਵਿਖੇ ਸਥਾਪਿਤ ਕੀਤੀ ਗਈ ਸੀ। 1891 ਤੋਂ 1894 ਈ. ਤਕ ਅਸਾਮ ਵਿਚਲੀ ਜਬਰਦਸਤ ਬਗ਼ਾਵਤ ਨੂੰ ਦਬਾਉਣ ਵਿਚ ਮੋਹਰੀ ਭੂਮਿਕਾ ਨਿਭਾਉਣ ਕਰਕੇ ਆਰਮੀ ਹੈੱਡਕੁਆਰਟਰ ਵੱਲੋਂ ਸਿੱਖ ਰੈਜਮੈਂਟ ਦੀ ਬੇਹੱਦ ਪ੍ਰਸ਼ੰਸਾ ਕੀਤੀ ਗਈ। 1896 ਈ. ਵਿਚ ਇਸ ਰੈਜਮੈਂਟ ਨੂੰ ਪਹਿਲਾਂ ਕੋਹਾਟ (ਉੱਤਰ-ਪੱਛਮੀ ਸੀਮਾ) ਅਤੇ ਫਿਰ 1897 ਈ. ਵਿਚ ਕੋਹਾਟ ਤੋਂ ਬਦਲ ਕੇ ਫੋਰਟ ਲਾਕ ਹਾਰਟ ਵਿਖੇ ਭੇਜ ਦਿੱਤਾ ਗਿਆ। ਉਸ ਵਕਤ ਲੈਫਟਨ ਕਰਨਲ ਹਾਰਟਨ ਇਸ ਰੈਜਮੈਂਟ ਦੀ ਕਮਾਨ ਕਰ ਰਹੇ ਸਨ। ਸਾਰਾਗੜ੍ਹੀ ਪਹਾੜੀ ਪੱਥਰਾਂ ਨਾਲ ਬਣਾਇਆ ਇਕ ਛੋਟਾ ਜਿਹਾ ਕਿਲ੍ਹਾ ਸੀ ਜੋ ਇਕ ਸਿਗਨਲ ਚੌਂਕੀ ਦੇ ਤੌਰ ’ਤੇ ਫੋਰਟ ਲਾਕ ਹਾਰਟ ਅਤੇ ਗੁਲਿਸਤਾਨ ਦੇ ਵਿਚਕਾਰ ਸੰਦੇਸ਼ ਪਹੁੰਚਾਉਣ ਦੇ ਮੰਤਵ ਲਈ ਵਰਤਿਆ ਜਾਂਦਾ ਸੀ। ਇਸ ਵਿਚ 36 ਸਿੱਖ ਬਟਾਲੀਅਨ ਦੇ 21 ਸਿੱਖ ਸੈਨਿਕ ਤੈਨਾਤ ਸਨ। ਮੁਹਿੰਮ ਦੌਰਾਨ 36 ਸਿੱਖ ਰੈਜਮੈਂਟ 5-6 ਮੀਲ ਦੇ ਘੇਰੇ ਵਿਚ ਛੋਟੀਆਂ-ਛੋਟੀਆਂ ਪਿਕਟਾਂ (ਟੁਕੜੀਆਂ) ਸਮਾਨਾਂ ਪਹਾੜੀ, ਕੁਰਾਗ, ਸੰਗਰ, ਸਹਤੋਪਧਾਰ ਅਤੇ ਸਾਰਾਗੜ੍ਹੀ ਕਿਲ੍ਹਾ ਆਦਿ ਵਿਚ ਵੰਡੀ ਗਈ ਸੀ।
ਅਗਸਤ 1897 ਈ. ਨੂੰ ਸਰਹੱਦ ਦੇ ਅਰਕਜ਼ਈ ਅਤੇ ਅਫਰੀਦੀ ਕਬਾਇਲੀਆਂ ਨੇ ਯੁੱਧ ਦਾ ਡੰਕਾ ਵਜਾ ਦਿੱਤਾ। ਉਨ੍ਹਾਂ ਨੇ 27 ਅਗਸਤ, 1897 ਈ. ਨੂੰ ਗੁਲਿਸਤਾਨ ਪੋਸਟ ’ਤੇ ਹਮਲਾ ਕਰ ਦਿੱਤਾ। ਕਰਨਲ ਹਾਰਟਨ ਨੇ ਆਪਣੇ ਕੁਝ ਜਵਾਨਾਂ ਦੀ ਮਦਦ ਨਾਲ ਆਪਣੀ ਪੋਸਟ ਤਾਂ ਬਚਾ ਲਈ ਪਰ ਆਪ ਜ਼ਖ਼ਮੀ ਹੋ ਗਏ। ਉਸ ਤੋਂ ਅਗਲੇ ਦਿਨ ਕਬਾਇਲੀਆਂ ਨੇ ਸੰਹਾਰ ਅਤੇ ਸਹਤੋਪਧਾਰ ਦੀਆਂ ਪੋਸਟਾਂ ’ਤੇ ਹਮਲਾ ਕਰ ਦਿੱਤਾ, ਪਰ ਉਸ ਹਮਲੇ ਵਿਚ ਵੀ ਉਹ ਸਫਲ ਨਾ ਹੋ ਸਕੇ। ਫਿਰ 3 ਸਤੰਬਰ ਨੂੰ ਕਬਾਇਲੀਆਂ ਨੇ ਗੁਲਿਸਤਾਨ ਪੋਸਟ ’ਤੇ ਦੁਬਾਰਾ ਹਮਲਾ ਕਰਕੇ ਉਸ ਨੂੰ ਤਿੰਨ ਪਾਸਿਆਂ ਤੋਂ ਅੱਗ ਲਗਾ ਦਿੱਤੀ। ਉਸ ਵਕਤ ਪੋਸਟ ਦੇ ਕਮਾਂਡਰ ਮੇਜਰ ਡੇਵਿਸ ਨੇ ਆਪਣੇ ਬੰਦਿਆਂ ਨੂੰ ਪੋਸਟ ਤੋਂ ਬਾਹਰ ਜਾ ਕੇ ਅੱਗ ਬੁਝਾਉਣ ਲਈ ਕਿਹਾ। ਕਮਾਂਡਰ ਦਾ ਹੁਕਮ ਮਿਲਦਿਆਂ ਹੀ ਸ. ਸੁੰਦਰ ਸਿੰਘ, ਸ. ਹੰਸਾ ਸਿੰਘ, ਸ. ਜੀਵਨ ਸਿੰਘ, ਸ. ਗੁਰਮੁਖ ਸਿੰਘ, ਸ. ਸੋਭਾ ਸਿੰਘ ਤੇ ਸ. ਭੋਲਾ ਸਿੰਘ ਨੇ ਬਾਹਰ ਆ ਕੇ ਨਾ ਕੇਵਲ ਅੱਗ ਹੀ ਬੁਝਾਈ ਸਗੋਂ ਦੁਸ਼ਮਣ ਦੇ ਹਮਲੇ ਨੂੰ ਵੀ ਪੂਰੀ ਤਰ੍ਹਾਂ ਅਸਫਲ ਕਰ ਦਿੱਤਾ।
ਗੁਲਿਸਤਾਨ ਪੋਸਟ ਦਾ ਕਰਨਲ ਹਾਰਟਨ ਹਨੇਰੀ ਰਾਤ ਅਤੇ ਗੋਲੀ-ਬਾਰੂਦ ਦਾ ਪੂਰਾ-ਪੂਰਾ ਫਾਇਦਾ ਉਠਾਉਣਾ ਚਾਹੁੰਦਾ ਸੀ ਇਸ ਲਈ ਉਸ ਨੇ ਜਵਾਨਾਂ ਨੂੰ ਹੁਕਮ ਕੀਤਾ ਕਿ ਉਹ ਆਪਣੀ ਪੋਸਟ ਤੋਂ ਬਾਹਰ ਜਾ ਕੇ ਅੱਗ ਲਗਾ ਕੇ ਰੋਸ਼ਨੀ ਕਰਨ ਤਾਂ ਜੋ ਦੁਸ਼ਮਣ ਦਾ ਪਤਾ ਲੱਗ ਸਕੇ। ਇਸ ਹੁਕਮ ਨੂੰ ਮੰਨਦਿਆਂ ਸਿਪਾਹੀ ਸ. ਹਰਨਾਮ ਸਿੰਘ, ਸ. ਘੁੱਲਾ ਸਿੰਘ ਤੇ ਸ. ਵਰਿਆਮ ਸਿੰਘ ਬਾਹਰ ਜਾ ਕੇ ਲੱਕੜੀਆਂ ਇਕੱਠੀਆਂ ਕਰਕੇ ਅੱਗ ਲਗਾ ਕੇ ਰੌਸ਼ਨੀ ਕਰਨ ਵਿਚ ਕਾਮਯਾਬ ਹੋ ਗਏ, ਇਸ ਰੌਸ਼ਨੀ ਨਾਲ ਦੁਸ਼ਮਣ ਨੂੰ ਪਿੱਛੇ ਹਟਾਉਣ ਵਿਚ ਬੜੀ ਭਾਰੀ ਮਦਦ ਮਿਲੀ। ਪਰ ਦੁਸ਼ਮਣ ਨੇ ਵਾਪਸ ਪਰਤਣ ਸਮੇਂ ਪੁਲਿਸ ਦੀਆਂ ਸਾਰੀਆਂ ਪੋਸਟਾਂ ਨੂੰ ਅੱਗ ਲਗਾ ਦਿੱਤੀ।
ਅਜਿਹੇ ਹਮਲੇ 3 ਸਤੰਬਰ ਤੋਂ 9 ਸਤੰਬਰ, 1897 ਈ. ਤਕ ਜਾਰੀ ਰਹੇ। ਪਰ ਹਰ ਵਾਰ ਸਾਰਾਗੜ੍ਹੀ ਚੌਂਕੀ ਉਨ੍ਹਾਂ ਦੇ ਰਸਤੇ ਵਿਚ ਰੁਕਾਵਟ ਬਣ ਜਾਂਦੀ, ਕਿਉਂਕਿ ਦੁਸ਼ਮਣ ਦੇ ਹਮਲਾ ਕਰਨ ਤੋਂ ਪਹਿਲਾਂ ਹੀ ਸਾਰਾਗੜ੍ਹੀ ਦੀ ਚੌਂਕੀ ਉੱਪਰ ਬੈਠਾ ਸ. ਗੁਰਮੁਖ ਸਿੰਘ ਸ਼ੀਸ਼ੇ ਅਤੇ ਝੰਡੇ ਦੀ ਸਹਾਇਤਾ ਨਾਲ ਗੁਲਿਸਤਾਨ ਅਤੇ ਲਾਕ ਹਾਰਟ ਦੇ ਕਮਾਂਡਰਾਂ ਤਕ ਸੰਦੇਸ਼ ਦਿੰਦਾ ਸੀ। ਇਸ ਤਰ੍ਹਾਂ ਸਾਰਾਗੜ੍ਹੀ ਦੇ ਬਹਾਦਰ ਅਤੇ ਜਾਗਰੂਕ ਸੈਨਿਕਾਂ ਕਾਰਨ ਦੁਸ਼ਮਣ ਕਿਸੇ ਵੀ ਪੋਸਟ ’ਤੇ ਸਫ਼ਲਤਾ ਹਾਸਲ ਨਾ ਕਰ ਸਕੇ ਸਗੋਂ ਉਨ੍ਹਾਂ ਨੂੰ ਭਾਰੀ ਨੁਕਸਾਨ ਉਠਾ ਕੇ ਪਿੱਛੇ ਹਟਣਾ ਪੈ ਗਿਆ। ਇਨ੍ਹਾਂ ਅਸਫਲਤਾਵਾਂ ਤੋਂ ਤੰਗ ਹੋ ਕੇ ਕਬਾਇਲੀਆਂ ਨੇ ਸਾਰਾਗੜ੍ਹੀ ਨੂੰ ਤਬਾਹ ਕਰਨਾ ਆਪਣਾ ਮੁੱਖ ਨਿਸ਼ਾਨਾ ਬਣਾਇਆ ਕਿਉਂਕਿ ਇਹੀ ਚੌਕੀ ਉਨ੍ਹਾਂ ਦੇ ਰਾਹ ਵਿਚ ਸਭ ਤੋਂ ਵੱਡੀ ਰੁਕਾਵਟ ਬਣੀ ਹੋਈ ਸੀ।
12 ਸਤੰਬਰ, 1897 ਈ. ਨੂੰ ਸਵੇਰ ਦੇ 9 ਵਜੇ ਕਰੀਬ 10,000 ਕਬਾਇਲੀਆਂ ਨੇ ਇਕੱਠੇ ਹੋ ਕੇ ਸਾਰਾਗੜ੍ਹੀ ਦੀ ਪੋਸਟ ’ਤੇ ਹਮਲਾ ਕਰ ਦਿੱਤਾ। ਸ. ਗੁਰਮੁਖ ਸਿੰਘ ਸ਼ੀਸ਼ਾ ਝੰਡੀ ਵਾਲੇ ਸਿਪਾਹੀ ਨੇ ਕਰਨਲ ਹਾਰਟਨ ਨੂੰ ਇਸ ਹਮਲੇ ਦੀ ਸੰਕੇਤ ਰਾਹੀਂ ਖ਼ਬਰ ਦਿੱਤੀ। ਲੈਫਟੀਨੈਂਟ ਕਰਨਲ ਹਾਰਟਨ ਜੋ ਕਿਲ੍ਹਾ ਲਾਕਹਾਰਟ ਵਿਖੇ ਕਮਾਂਡਿੰਗ ਅਫ਼ਸਰ ਸੀ, ਉਹ ਚਿੰਤਾਤੁਰ ਹੋ ਗਿਆ, ਕਿਉਂਕਿ ਸਾਰਾਗੜ੍ਹੀ ਚੌਂਕੀ ਵਿਚ ਕੁਝ ਕੁ ਗਿਣਤੀ ਦੇ ਹੀ ਸੈਨਿਕ ਮੌਜੂਦ ਸਨ। ਇਨ੍ਹਾਂ ਵਿਚ ਹਵਾਲਦਾਰ ਸ. ਈਸ਼ਰ ਸਿੰਘ (ਚੌਂਕੀ ਦਾ ਕਮਾਂਡਰ), ਨਾਇਕ ਸ. ਲਾਲ ਸਿੰਘ, ਲਾਸ ਨਾਇਕ ਸ. ਚੰਦਾ ਸਿੰਘ ਅਤੇ 18 ਹੋਰ ਫੌਜੀ ਮੌਜੂਦ ਸਨ। ਕਰਨਲ ਹਾਰਟਨ ਦਾ ਸਾਰਾਗੜ੍ਹੀ ਦੀ ਚੌਂਕੀ ਨਾਲ ਲਗਾਤਾਰ ਸੰਪਰਕ ਸੀ। ਉਸ ਨੇ ਮੋੜਵੇਂ ਸੁਨੇਹੇ ਵਿਚ ਹੁਕਮ ਦਿੱਤਾ ਕਿ ਗੜ੍ਹੀ ਦੀ ਰੱਖਿਆ ਹਰ ਕੀਮਤ ’ਤੇ ਕੀਤੀ ਜਾਣੀ ਚਾਹੀਦੀ ਹੈ, ਚਾਹੇ ਇਸ ਲਈ ਕੋਈ ਵੀ ਕੁਰਬਾਨੀ ਕਿਉਂ ਨਾ ਦੇਣੀ ਪਵੇ। ਉਸ ਨੇ ਹੁਕਮ ਦਿੱਤਾ ਕਿ ਦੁਸ਼ਮਣ ਦਾ ਬਹਾਦਰੀ ਨਾਲ ਮੁਕਾਬਲਾ ਕਰੋ ਪਰ ਖਿਆਲ ਰੱਖਣਾ ਕਿ ਗੋਲੀ-ਸਿੱਕਾ ਐਵੇਂ ਹੀ ਬਰਬਾਦ ਨਾ ਹੋਵੇ। ਗੜ੍ਹੀ ਵਿਚ ਤੈਨਾਤ ਸਿੱਖ ਸੈਨਿਕਾਂ ਨੇ ਅਰਦਾਸਾ ਸੋਧ ਕੇ ਕਬਾਇਲੀਆਂ ਦੇ ਇਸ ਹਮਲੇ ਦਾ ਡਟ ਕੇ ਮੁਕਾਬਲਾ ਕਰਨ ਦਾ ਫ਼ੈਸਲਾ ਕਰ ਲਿਆ। ਹਵਾਲਦਾਰ ਸ. ਈਸ਼ਰ ਸਿੰਘ ਨੇ ਜਵਾਨਾਂ ਨੂੰ ਢੁਕਵੀਆਂ ਪੋਜ਼ੀਸ਼ਨਾਂ ’ਤੇ ਲਾ ਕੇ ਦੁਸ਼ਮਣ ’ਤੇ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ। ਇਹ ਗੜ੍ਹੀ ਇਕ ਵੀਰਾਨ ਜਿਹੀ ਜਗ੍ਹਾ ’ਤੇ ਸਥਿਤ ਸੀ, ਇਸ ਲਈ ਇਸ ਚੌਕੀ ਅੰਦਰ ਤੈਨਾਤ ਜਵਾਨਾਂ ਨੂੰ ਬਾਹਰੋਂ ਕੋਈ ਸਹਾਇਤਾ ਨਹੀਂ ਸੀ ਭੇਜੀ ਜਾ ਸਕਦੀ। ਹਾਲਾਤ ਅਤਿ ਗੰਭੀਰ ਬਣ ਗਏ ਸਨ। ਸਾਰਾਗੜ੍ਹੀ ਦੇ ਸਿੱਖ ਸੈਨਿਕ ਚਮਕੌਰ ਦੀ ਗੜ੍ਹੀ ਵਾਲੀ ਇਤਿਹਾਸਕ ਘਟਨਾ ਨੂੰ ਯਾਦ ਕਰ ਪੂਰਨ ਚੜ੍ਹਦੀ ਕਲਾ ਵਿਚ ਸਨ। ਤਕਰੀਬਨ ਅੱਧੇ ਘੰਟੇ ਬਾਅਦ ਨਾਇਕ ਸ. ਲਾਲ ਸਿੰਘ, ਸ. ਭਗਵਾਨ ਸਿੰਘ ਤੇ ਸ. ਜੀਵਾ ਸਿੰਘ ਸਿਪਾਹੀ ਜੋਸ਼ ਵਿਚ ਆ ਕੇ ਪੋਸਟ ਤੋਂ ਬਾਹਰ ਨਿਕਲ ਕੇ ਦੁਸ਼ਮਣ ’ਤੇ ਫਾਇਰ ਕਰਨ ਲੱਗ ਪਏ। ਉਨ੍ਹਾਂ ਨੇ ਬਹੁਤ ਸਾਰੇ ਦੁਸ਼ਮਣਾਂ ਦਾ ਸਫਾਇਆ ਕਰ ਦਿੱਤਾ। ਕੁਝ ਦੇਰ ਦੀ ਫਾਇਰਿੰਗ ਮਗਰੋਂ ਗੋਲੀ ਲੱਗਣ ਨਾਲ ਸ. ਭਗਵਾਨ ਸਿੰਘ ਉਥੇ ਹੀ ਸ਼ਹੀਦ ਹੋ ਗਏ। ਬਾਕੀ ਦੇ ਦੋ ਸੈਨਿਕ ਵੀ ਇਸ ਗੋਲਾਬਾਰੀ ਵਿਚ ਗੰਭੀਰ ਜ਼ਖ਼ਮੀ ਹੋ ਗਏ ਸਨ। ਉਹ ਕਿਸੇ ਤਰ੍ਹਾਂ ਆਪਣੇ ਸਾਥੀ ਸ. ਭਗਵਾਨ ਸਿੰਘ ਦਾ ਮ੍ਰਿਤਕ ਸਰੀਰ ਚੁੱਕ ਕੇ ਗੜ੍ਹੀ ਵਿਚ ਆ ਗਏ। ਸ. ਗੁਰਮੁਖ ਸਿੰਘ ਆਪਣੇ ਝੰਡੇ ਅਤੇ ਸੂਰਜੀ ਰੌਸ਼ਨੀ ਦੇ ਸੰਚਾਰ ਉਪਕਰਣ ਨਾਲ ਗੜ੍ਹੀ ਦੇ ਅੰਦਰ ਅਤੇ ਬਾਹਰ ਵਾਪਰਨ ਵਾਲੀ ਹਰ ਘਟਨਾ ਦੀ ਸੂਚਨਾ ਲਗਾਤਾਰ ਕਰਨਲ ਹਾਰਟਨ ਤਕ ਪਹੁੰਚਾ ਰਿਹਾ ਸੀ। ਬਹੁਤ ਸਾਰੇ ਦੁਸ਼ਮਣ ਮਾਰੇ ਗਏ ਅਤੇ ਅੰਦਰ ਵੀ ਬਹਾਦਰ ਸਿੰਘਾਂ ਦੀ ਗਿਣਤੀ ਘੱਟ ਹੁੰਦੀ ਗਈ। ਪਰ ਫਿਰ ਵੀ ਬਹਾਦਰ ਸਿੰਘਾਂ ਨੇ ਦੁਸ਼ਮਣ ਨੂੰ ਪੋਸਟ ਦੇ ਨੇੜੇ ਨਾ ਲੱਗਣ ਦਿੱਤਾ। ਸ. ਗੁਰਮੁਖ ਸਿੰਘ ਲਗਾਤਾਰ ਹਰ ਇਕ ਬਹਾਦਰ ਸਿਪਾਹੀ ਦੀ ਸ਼ਹੀਦੀ ਦੀ ਖ਼ਬਰ ਕਰਨਲ ਹਾਰਟਨ ਤਕ ਪਹੁੰਚਾਉਂਦਾ ਰਿਹਾ। ਸਿੰਘਾਂ ਦੀ ਬਹਾਦਰੀ, ਦ੍ਰਿੜ੍ਹਤਾ ਅਤੇ ਚੜ੍ਹਦੀ ਕਲਾ ਨੂੰ ਸ. ਗੁਰਮੁਖ ਸਿੰਘ ਸ਼ੀਸ਼ਾ ਝੰਡੀ ਵਾਲੇ ਵੱਲੋਂ ਭੇਜੇ ਇਸ ਸੁਨੇਹੇ ਤੋਂ ਸਹਿਜੇ ਹੀ ਮਹਿਸੂਸ ਕੀਤਾ ਜਾ ਸਕਦਾ ਹੈ, ਜਿਸ ਵਿਚ ਉਸ ਨੇ ਕਰਨਲ ਹਾਰਟਨ ਨੂੰ ਦੱਸਿਆ ਕਿ ਉਨ੍ਹਾਂ ਦੇ ਅੱਧੇ ਸਿਪਾਹੀ ਸ਼ਹੀਦ ਹੋ ਚੁਕੇ ਹਨ ਪਰ ਹੁਣ ਬਾਕੀ ਬਚੇ ਸਾਰੇ ਸਿਪਾਹੀਆਂ ਕੋਲ ਦੋ-ਦੋ ਬੰਦੂਕਾਂ ਹਨ।
ਇਸ ਗੜ੍ਹੀ ਦੇ ਇਕ ਪਾਸੇ ਸਿੱਧੀ ਢਲਾਣ ਸੀ ਤੇ ਇਧਰੋਂ ਹਮਲਾ ਕਰਨਾ ਬਹੁਤ ਔਖਾ ਸੀ। ਪਰ ਬਾਕੀ ਤਿੰਨ ਪਾਸਿਆਂ ਵੱਲ ਥੋੜ੍ਹੀਆਂ ਢਲਾਣਾਂ ਹੋਣ ਕਰਕੇ ਕਬਾਇਲੀ ਬਾਰ-ਬਾਰ ਇਧਰੋਂ ਹੀ ਹਮਲਾ ਕਰ ਰਹੇ ਸਨ। ਗੜ੍ਹੀ ਵਿਚ ਘਿਰੇ ਹੋਏ ਸਿੰਘ ਜੈਕਾਰੇ ਬੁਲਾ-ਬੁਲਾ ਕੇ ਆਪਣੀ ਹੋਂਦ ਅਤੇ ਦ੍ਰਿੜ੍ਹਤਾ ਦਾ ਸਬੂਤ ਦੇ ਰਹੇ ਸਨ। ਲੜਾਈ ਸ਼ੁਰੂ ਹੋਇਆਂ 6 ਘੰਟੇ ਹੋ ਚੱਲੇ ਸਨ ਪਰ ਅਜੇ ਤਕ 10,000 ਕਬਾਇਲੀ ਇਸ ਚੌਕੀ ਨੂੰ ਜਿੱਤ ਸਕਣ ਵਿਚ ਕਾਮਯਾਬ ਨਹੀਂ ਸਨ ਹੋਏ। ਇਨ੍ਹਾਂ 6 ਘੰਟਿਆਂ ਵਿਚ 600 ਕਬਾਇਲੀ ਮਾਰੇ ਜਾ ਚੁਕੇ ਸਨ ਜਦਕਿ ਮੁਕਾਬਲਾ ਕਰ ਰਹੇ 21 ਸਿੱਖ ਸੈਨਿਕਾਂ ਵਿੱਚੋਂ 12 ਸ਼ਹੀਦ ਹੋ ਚੁਕੇ ਸਨ। ਹੁਣ ਕੇਵਲ ਨਾਇਕ ਸ. ਈਸ਼ਰ ਸਿੰਘ ਆਪਣੇ ਬਚੇ ਹੋਏ 8 ਸਿੱਖ ਸੂਰਬੀਰਾਂ ਨਾਲ ਦੁਸ਼ਮਣਾਂ ਦਾ ਮੁਕਾਬਲਾ ਕਰ ਰਿਹਾ ਸੀ। ‘ਐਨਸਾਈਕਲੋਪੀਡੀਆ ਆਫ ਸਿੱਖਇਜ਼ਮ’ ਭਾਗ ਚੌਥਾ, ਸਫਾ 59 ਉੱਪਰ ਲਿਖਿਆ ਹੈ : Havaldar (Nayak) Ishar Singh and his men, undaunted by the hopeless situation they were in, fought with grim determination.
2 ਵਜੇ ਦੇ ਕਰੀਬ ਸ. ਗੁਰਮੁਖ ਸਿੰਘ ਨੇ ਲਾਕ ਹਾਰਟ ਦੇ ਕਿਲ੍ਹੇ ਵਿਚ ਤੈਨਾਤ ਕਰਨਲ ਹਾਰਟਨ ਨੂੰ ਸੂਚਨਾ ਦਿੱਤੀ ਕਿ ਗੜ੍ਹੀ ਵਿਚਲਾ ਗੋਲਾ-ਬਾਰੂਦ ਮੁੱਕ ਰਿਹਾ ਹੈ, ਹੁਣ ਕੀ ਆਦੇਸ਼ ਹੈ। ਕਰਨਲ ਸਾਹਿਬ ਦਾ ਹੁਕਮ ਸੀ, ਡਟੇ ਰਹੋ ਤੇ ਜਿਸ ਤਰ੍ਹਾਂ ਹੋ ਸਕੇ ਦੁਸ਼ਮਣ ਦਾ ਮੁਕਾਬਲਾ ਕਰਦੇ ਰਹੋ।
ਕਿਲ੍ਹੇ ਤਕ ਪਹੁੰਚਣ ਲਈ ਕਬਾਇਲੀਆਂ ਨੇ ਲੜਾਈ ਦੀ ਇਕ ਸੂਝ-ਭਰੀ ਚਾਲ ਖੇਡੀ। ਉਨ੍ਹਾਂ ਨੇ ਇਕ ਮੰਜੀ ਲੈ ਕੇ ਉਸ ਉੱਤੇ ਮਿੱਟੀ ਤੇ ਪੱਥਰਾਂ ਦੀ 3 ਫੁੱਟ ਮੋਟੀ ਤਹਿ ਬਣਾ ਕੇ ਉਸ ਦੀ ਆੜ ਵਿਚ ਕਿਲ੍ਹੇ ਵੱਲ ਵਧਣਾ ਸ਼ੁਰੂ ਕਰ ਦਿੱਤਾ ਤੇ ਸੁਰੱਖਿਆ ਵਾਲੀ ਥਾਂ ’ਤੇ ਪਹੁੰਚ ਗਏ, ਜਿਥੇ ਗੋਲੀ ਦੀ ਮਾਰ ਨਹੀਂ ਹੋ ਸਕਦੀ ਸੀ। ਗੜ੍ਹੀ ਦੇ ਨੇੜੇ ਪਹੁੰਚ ਕੇ ਉਨ੍ਹਾਂ ਨੇ ਇਕ ਕੰਧ ਵਿਚ ਪਾੜ ਪਾਇਆ ਅਤੇ ਇਸ ਪਾਸੇ ਸੁੱਕੀਆਂ ਲੱਕੜਾਂ ਇਕੱਠੀਆਂ ਕਰ ਕੇ ਅੱਗ ਲਗਾ ਦਿੱਤੀ। ਸ. ਗੁਰਮੁਖ ਸਿੰਘ ਨੇ ਫਿਰ ਪਿੱਛੇ ਇਤਲਾਹ ਦਿੱਤੀ ਕਿ ਹੁਣ ਦਾਰੂ-ਸਿੱਕਾ ਬਿਲਕੁਲ ਮੁੱਕ ਗਿਆ ਹੈ ਤੇ ਦੁਸ਼ਮਣ ਕਿਲ੍ਹੇ ਦੇ ਨਾਲ ਮੁਰਦਿਆਂ ਦੀਆਂ ਲੋਥਾਂ ਨੂੰ ਰੱਖ ਕੇ ਉੱਪਰ ਚੜ੍ਹ ਰਿਹਾ ਹੈ ਅਤੇ ਸਾਡੇ ਦੋ ਸਿਪਾਹੀ ਕਿਲ੍ਹੇ ’ਤੇ ਚੜ੍ਹ ਰਹੇ ਦੁਸ਼ਮਣ ਨਾਲ ਲੜ ਰਹੇ ਹਨ ਅਤੇ ਬਾਕੀ ਕਿਲ੍ਹੇ ਵਿਚ ਦਾਖ਼ਲ ਹੋ ਚੁਕੇ ਦੁਸ਼ਮਣਾਂ ਨਾਲ ਲੜ ਰਹੇ ਹਨ।
ਸਾਰਾਗੜ੍ਹੀ ਦੇ ਅੰਦਰੋਂ ਫਾਇਰਿੰਗ ਦਾ ਜਵਾਬ ਨਾ ਮਿਲਣ ਕਰਕੇ ਕਬਾਇਲੀ ਅੱਗੇ ਵਧਦੇ ਆ ਰਹੇ ਸਨ। ਇਕ ਵਾਰ ਫਿਰ ਸ. ਗੁਰਮੁਖ ਸਿੰਘ ਨੇ ਲਾਕ ਹਾਰਟਨ ਦੇ ਕਿਲ੍ਹੇ ਵਿਚ ਸੂਚਨਾ ਭੇਜੀ ਕਿ ਅਸੀਂ ਹਰ ਪਾਸੇ ਤੋਂ ਘਿਰ ਗਏ ਹਾਂ ਪਰ ਫ਼ਿਕਰ ਨਾ ਕਰੋ, ਅਸੀਂ ਮਰ ਜਾਵਾਂਗੇ ਪਰ ਦੁਸ਼ਮਣ ਸਾਹਮਣੇ ਹਥਿਆਰ ਨਹੀਂ ਸੁੱਟਾਂਗੇ। ਅਸਲਾ ਖ਼ਤਮ ਹੋਣ ਮਗਰੋਂ ਜਵਾਨ ਤਲਵਾਰਾਂ ਅਤੇ ਸੰਗੀਨਾਂ ਲੈ ਕੇ ਮੈਦਾਨ ਵਿਚ ਨਿੱਤਰ ਗਏ। ਗੜ੍ਹੀ ਦਾ ‘ਕਮਾਂਡਰ’ ਹਵਾਲਦਾਰ ਸ. ਈਸ਼ਰ ਸਿੰਘ ਵੀ ਆਖ਼ਰੀ ਗੋਲੀ ਤਕ ਪਠਾਣਾਂ ਨਾਲ ਜੂਝਦਾ ਸ਼ਹੀਦ ਹੋ ਚੁੱਕਾ ਸੀ।
ਇਸ ਗਹਿਗੱਚ ਤੇ ਅਣ-ਸਾਵੀਂ ਲੜਾਈ ਵਿਚ ਬਚੇ ਹੋਏ ਸਿੰਘਾਂ ’ਚੋਂ ਕੇਵਲ ਸੂਚਨਾ ਭੇਜਣ ਵਾਲਾ ਸ. ਗੁਰਮੁਖ ਸਿੰਘ ਹੀ ਬਚਿਆ ਸੀ। ਹੁਣ ਉਸ ਨੇ ਕਰਨਲ ਹਾਟਨ ਕੋਲੋਂ ਆਗਿਆ ਮੰਗੀ ਕਿ ਉਹ ਸੰਚਾਰ ਉਪਕਰਣਾਂ ਨੂੰ ਬੰਦ ਕਰ ਕੇ ਆਪਣੀ ਰਾਈਫਲ ਚੁੱਕ ਕੇ ਦੁਸ਼ਮਣਾਂ ਨਾਲ ਭਿੜ ਜਾਵੇ। ਆਗਿਆ ਮਿਲਦੇ ਹੀ ਉਸ ਨੇ ਸੰਚਾਰ-ਸਾਧਨਾਂ ਲਈ ਵਰਤੇ ਜਾ ਰਹੇ ਸਾਰੇ ਉਪਕਰਣ ਕੱਪੜੇ ਦੇ ਥੈਲੇ ਵਿਚ ਬੰਦ ਕੀਤੇ ਅਤੇ ‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ’ ਦਾ ਨਾਅਰਾ ਬੁਲੰਦ ਕਰਦਾ, ਆਪਣੀ ਰਾਈਫਲ ਚੁੱਕ ਕੇ ਦੁਸ਼ਮਣਾਂ ’ਤੇ ਟੁੱਟ ਕੇ ਪੈ ਗਿਆ।
ਕਬਾਇਲੀ ਅਫਗਾਨ ਮੰਨਦੇ ਹਨ ਕਿ ਇਕੱਲੇ ਗੁਰਮੁਖ ਸਿੰਘ ਨੇ ‘ਸ਼ਹੀਦ’ ਹੋਣ ਤੋਂ ਪਹਿਲਾਂ ਸਾਡੇ 20 ਬੰਦਿਆਂ ਨੂੰ ਢੇਰੀ ਕਰ ਦਿੱਤਾ ਸੀ। ਹੁਣ ਤਕ ਕਰਨਲ ਹਾਟਨ ਨੂੰ ਸੁਨੇਹੇ ਮਿਲਣੇ ਵੀ ਬੰਦ ਹੋ ਚੁੱਕੇ ਸਨ।
36 ਸਿੱਖ ਰੈਜਮੈਂਟ ਦੇ ਇਹ 22 ਦੇ 22 ਸਿੰਘ ਉਥੇ ਹੀ ਸ਼ਹੀਦ ਹੋ ਗਏ। ਉਨ੍ਹਾਂ ਨੇ ਮੁੜ ਫੇਰ ਆਪਣੀ ਜਨਮ-ਭੂਮੀ ਨਾ ਵੇਖੀ। ਸਾਰਾਗੜ੍ਹੀ ਦੇ ਖੰਡਰ ਹੀ ਉਨ੍ਹਾਂ ਦੀਆਂ ਯਾਦਗਾਰਾਂ ਬਣ ਗਈਆਂ। ਇਹ ਮੁਹਾਵਰਾ ਕਿ ‘ਘਰ ਦੀ ਬਦਨਾਮੀ ਨਾਲੋਂ ਵਿਦੇਸ਼ੀ ਕਬਰ ਹੀ ਚੰਗੀ ਹੁੰਦੀ ਹੈ’ (Better a foreign grave than native scorn)
ਇਕ ਕਵੀ ਨੇ ਲਿਖਿਆ ਹੈ:
On Saragarhi remparts died the Bravest of the Brave ‘Neath Saragarhi’ ruined walls found a fitting grave, for Saragarhi bens the fame, They gave their lives to save.
(ਸਾਰਾਗੜ੍ਹੀ ਦੇ ਕਿਲ੍ਹੇ ਵਿਚ ਉਹ ਬਹਾਦਰਾਂ ਦੇ ਬਹਾਦਰ ਮਾਰੇ ਗਏ ਅਤੇ ਸਾਰਾਗੜ੍ਹੀ ਦਿਆਂ ਖੰਡਰਾਂ ਵਿਚ ਹੀ ਉਨ੍ਹਾਂ ਦੀਆਂ ਯਾਦਗਾਰਾਂ ਬਣੀਆਂ ਅਤੇ ਉਨ੍ਹਾਂ ਨੇ ਸਾਰਾਗੜ੍ਹੀ ਦੀ ਪ੍ਰਸਿੱਧੀ ਨੂੰ ਆਪਣੀਆਂ ਜਾਨਾਂ ਦੇ ਕੇ ਕਾਇਮ ਕੀਤਾ)।
ਹੁਣ ਕਬਾਇਲੀਆਂ ਨੇ ਆਪਣੇ ਸਾਥੀਆਂ ਦੀਆਂ ਲਾਸ਼ਾਂ ਨੂੰ ਗੜ੍ਹੀ ’ਚੋਂ ਬਾਹਰ ਕੱਢ ਕੇ ਗੜ੍ਹੀ ਨੂੰ ਅੱਗ ਲਗਾ ਦਿੱਤੀ। ਇਕ ਤਰ੍ਹਾਂ ਨਾਲ ਇਸ ਨੇ ਹੀ ਸ਼ਹੀਦ ਹੋਣ ਵਾਲੇ ਸਿੰਘਾਂ ਦੀ ਅੰਤਮ ਰਸਮ, ਅੰਤਮ ਸੰਸਕਾਰ ਦੀ ਭੂਮਿਕਾ ਨਿਭਾਈ। ਇਸ ਤਰ੍ਹਾਂ ਇਹ ਜਵਾਨ ਆਪਣਾ ਫ਼ਰਜ਼ ਨਿਭਾਉਂਦੇ ਤੇ ਬਹਾਦਰੀ ਦੀ ਮਿਸਾਲ ਕਾਇਮ ਕਰ ਕੇ ਆਖ਼ਰ ਗੜ੍ਹੀ ਦੀ ਰਾਖ਼ ਵਿਚ ਹੀ ਮਿਲ ਗਏ ਸਨ। ਬ੍ਰਿਗੇਡੀਅਰ ਡੀ.ਐਮ. ਬਾਹੀ ਨੇ ‘ਟਾਈਮਜ਼ ਆਫ ਇੰਡੀਆ’ ਦੇ 22 ਸਤੰਬਰ 1897 ਦੇ ਅੰਕ ਵਿਚ ਲਿਖਿਆ ਸੀ:
The smouldering ruins of Saragarhi formed a befitting funeral pyre for the immortal heroes… they fought to the ‘last man and last bullet’ not yielding an inch of ground to the enemy.
ਪੇਟੀ ਨੰ: ਰੈਂਕ ਨਾਮ ਐਡਰੈੱਸ |
165 ਹਵਾਲਦਾਰ ਈਸ਼ਰ ਸਿੰਘ ਪਿੰਡ ਤੇ ਡਾਕ. ਝੋਰੜਾਂ, ਵਾਇਆ ਬਸੀਆਂ, ਤਹਿ. ਜਗਰਾਓਂ, ਜ਼ਿਲ੍ਹਾ ਲੁਧਿਆਣਾ |
332 ਨਾਇਕ ਲਾਲ ਸਿੰਘ ਪਿੰਡ ਧੁਨ, ਤਹਿ. ਤਰਨਤਾਰਨ (ਅੰਮ੍ਰਿਤਸਰ) |
546 ਲਾਂਸ ਨਾਇਕ ਚੰਦਾ ਸਿੰਘ ਪਿੰਡ ਸੰਧੋ, ਤਹਿ. ਧਾਂਦੇ (ਪਟਿਆਲਾ) |
163 ਸਿਪਾਹੀ ਰਾਮ ਸਿੰਘ ਪਿੰਡ ਸੈਦੋਪੁਰ (ਅੰਬਾਲਾ) |
182 ਸਿਪਾਹੀ ਸਾਹਿਬ ਸਿੰਘ — |
192 ਸਿਪਾਹੀ ਉੱਤਮ ਸਿੰਘ ਪਿੰਡ ਚੜਿੱਕ, ਤਹਿ. ਮੋਗਾ, (ਫਿਰੋਜ਼ਪੁਰ) |
287 ਸਿਪਾਹੀ ਰਾਮ ਸਿੰਘ — |
359 ਸਿਪਾਹੀ ਹੀਰਾ ਸਿੰਘ ਪਿੰਡ ਦੂਲੋ ਰੂਲਾ (ਲਾਹੌਰ) |
687 ਸਿਪਾਹੀ ਦਇਆ ਸਿੰਘ ਪਿੰਡ ਖੜਕ ਸਿੰਘ ਵਾਲਾ (ਪਟਿਆਲਾ) |
760 ਸਿਪਾਹੀ ਜੀਵਨ ਸਿੰਘ ਪਿੰਡ ਸੰਗਤਪੁਰ, ਤਹਿ. ਨਕੋਦਰ (ਜਲੰਧਰ) |
791 ਸਿਪਾਹੀ ਭੋਲਾ ਸਿੰਘ — |
314 ਸਿਪਾਹੀ ਗੁਰਮੁਖ ਸਿੰਘ ਪਿੰਡ ਕਮਾਨਾ, ਤਹਿ. ਗੜ੍ਹਸ਼ੰਕਰ (ਹੁਸ਼ਿਆਰਪੁਰ) |
834 ਸਿਪਾਹੀ ਨਾਰਾਇਣ ਸਿੰਘ ਪਿੰਡ ਥੁਲੀਵਾਲ, ਤਹਿ. ਬੱਸੀ, (ਪਟਿਆਲਾ) |
871 ਸਿਪਾਹੀ ਜੀਵਨ ਸਿੰਘ ਪਿੰਡ ਥਹਵਾਲ, ਤਹਿ. ਬੱਸੀ (ਪਟਿਆਲਾ) |
1221 ਸਿਪਾਹੀ ਨੰਦ ਸਿੰਘ ਪਿੰਡ ਅਟਵਾਲ (ਹੁਸ਼ਿਆਰਪੁਰ) |
1257 ਸਿਪਾਹੀ ਭਗਵਾਨ ਸਿੰਘ ਪਿੰਡ ਲੋਹਗੜ੍ਹ, ਤਹਿ. ਅਮਰਗੜ੍ਹ (ਪਟਿਆਲਾ) |
1265 ਸਿਪਾਹੀ ਭਗਵਾਨ ਸਿੰਘ ਪਿੰਡ ਮੰਡਿਆਲਾ, ਤਹਿ. ਤੇ ਜ਼ਿਲ੍ਹਾ ਲੁਧਿਆਣਾ |
1327 ਸਿਪਾਹੀ ਸੁੰਦਰ ਸਿੰਘ — |
1556 ਸਿਪਾਹੀ ਬੂਟਾ ਸਿੰਘ ਪਿੰਡ ਸ਼ੇਰਪੁਰ, ਤਹਿ. ਫਿਲੌਰ (ਜਲੰਧਰ) |
1651 ਸਿਪਾਹੀ ਜੀਵਾ ਸਿੰਘ — |
1733 ਸਿਪਾਹੀ ਗੁਰਮੁਖ ਸਿੰਘ ਪਿੰਡ ਦਮੋਂਦਾ (ਜਲੰਧਰ) |
ਸਵੀਪਰ ਦਾਉ ਸਿੰਘ ਪਿੰਡ ਦਮੋਂਦਾ (ਜਲੰਧਰ) |
ਇਨ੍ਹਾਂ 22 ਸਿੱਖਾਂ ਨੇ ਸ਼ਹੀਦੀਆਂ ਪਾ ਕੇ ਆਪਣੀ ਅਣਖ, ਆਪਣੀ ਕੌਮ ਦੀ ਇੱਜ਼ਤ ਅਤੇ ਆਪਣੀਆਂ ਰਵਾਇਤਾਂ ਨੂੰ ਦਾਗ਼ ਨਹੀਂ ਲੱਗਣ ਦਿੱਤਾ। ਇਨ੍ਹਾਂ ਨੇ ਆਪਣੇ ਗੁਰੂ ਸਾਹਿਬ ਦੀ ਬਖ਼ਸ਼ੀ ਹੋਈ ਸ਼ਕਤੀ ਦੀ ਲਾਭਦਾਇਕ ਵਰਤੋਂ ਕੀਤੀ ਅਤੇ ਸ਼ਹੀਦ ਹੋ ਕੇ ਆਪਣੇ ਤੋਂ ਪਹਿਲਾਂ ਸ਼ਹੀਦ ਹੋਏ ਸਿੰਘਾਂ ਦੀ ਲਿਸਟ ਵਿਚ ਆਪਣੇ ਨਾਂ ਦਰਜ ਕਰਵਾ ਲਏ।
ਅਗਲੀ ਸਵੇਰ (13 ਸਤੰਬਰ, 1897) ਨੂੰ ਜਦੋਂ ਰਾਹਤ ਦਲ ਸਾਰਾਗੜ੍ਹੀ ਪਹੁੰਚਿਆ ਤਾਂ ਉਥੇ ਇਕ ਦਿਨ ਪਹਿਲਾਂ ਹੋਈ ਘਮਸਾਣ ਦੀ ਲੜਾਈ ਅਤੇ ਸਿੱਖ ਸ਼ਹੀਦਾਂ ਦੀਆਂ ਨਿਸ਼ਾਨੀਆਂ ਆਪਣੀ ਦਾਸਤਾਨ ਆਪ ਬਿਆਨ ਕਰ ਰਹੀਆਂ ਸਨ। ਭਾਰੀ ਮਾਤਰਾ ਵਿਚ ਜਾਨੀ ਅਤੇ ਮਾਲੀ ਨੁਕਸਾਨ ਉਠਾ ਕੇ ਪਰਤ ਰਹੇ ਕਬਾਇਲੀਆਂ ਨੇ ਵੀ ਕਦੇ ਨਹੀਂ ਸੀ ਸੋਚਿਆ ਕਿ ਇੰਨੀ ਥੋੜ੍ਹੀ ਗਿਣਤੀ ਵਿਚਲੇ ਸਿੱਖ ਸੂਰਬੀਰ ਉਨ੍ਹਾਂ ਦਾ ਇਤਨਾ ਨੁਕਸਾਨ ਕਰ ਦੇਣਗੇ।
ਜਦੋਂ ਸਾਰਾਗੜ੍ਹੀ ਦੀ ਘਟਨਾ ਅਤੇ ਸਿੱਖ ਸੂਰਬੀਰਾਂ ਦੀ ਕੁਰਬਾਨੀ ਦੀ ਗੱਲ ਇੰਗਲੈਂਡ ਵਿਖੇ ਰਾਣੀ ਵਿਕਟੋਰੀਆ ਤਕ ਪਹੁੰਚੀ ਤਾਂ ਉਸ ਵਕਤ ਦੇ ਬ੍ਰਿਟਿਸ਼ ਪਾਰਲੀਮੈਂਟ ਦੇ ਸੈਸ਼ਨ ਦੌਰਾਨ ਦੋਹਾਂ ਸਦਨਾਂ ਦੇ ਸਾਰੇ ਮੈਂਬਰਾਂ ਨੇ ਖੜ੍ਹੇ ਹੋ ਕੇ ਇਨ੍ਹਾਂ ਬਹਾਦਰਾਂ ਦੀ ਅਦੁੱਤੀ ਕੁਰਬਾਨੀ ਨੂੰ ਸਰਾਹੁੰਦਿਆਂ ਕਿਹਾ ਕਿ ਇੰਗਲੈਂਡ ਅਤੇ ਹਿੰਦੁਸਤਾਨ ਦੇ ਲੋਕਾਂ ਨੂੰ 36 ਸਿੱਖ ਰੈਜਮੈਂਟ ਦੇ ਇਨ੍ਹਾਂ ਵੀਰ ਸੈਨਿਕਾਂ ’ਤੇ ਬੜਾ ਮਾਣ ਹੈ। ਜਿਸ ਦੇਸ਼ ਦੀ ਫੌਜ ਵਿਚ ਸਿੱਖਾਂ ਵਰਗੀ ਬਹਾਦਰ ਕੌਮ ਹੋਵੇ, ਉਹ ਦੇਸ਼ ਲੜਾਈ ਦੇ ਮੈਦਾਨ ਵਿਚ ਕਦੇ ਹਾਰ ਨਹੀਂ ਸਕਦਾ।
ਸਾਰਾਗੜ੍ਹੀ ਦੀ ਜੰਗ ਸਿੱਖਾਂ ਵੱਲੋਂ ਅੰਗਰੇਜ਼ੀ ਹਕੂਮਤ ਅਧੀਨ ਲੜੀ ਗਈ। ਇਸ ਜੰਗ ਵਿਚ ਸਿੱਖਾਂ ਦੁਆਰਾ ਦਿਖਾਈ ਗਈ ਬਹਾਦਰੀ ਨੂੰ ਇੰਗਲੈਂਡ ਦੀ ਪਾਰਲੀਮੈਂਟ ਵਿਚ ਵੀ ਸ਼ਲਾਘਾ ਪ੍ਰਾਪਤ ਹੋਈ ਅਤੇ ਉਸ ਵਕਤ ਦੇ ਪਾਰਲੀਮੈਂਟ ਸੈਸ਼ਨ ਵਿਚ ਇਸ ਜੰਗ ਵਿਚ ਸ਼ਹੀਦ ਹੋਏ ਸਿੰਘਾਂ ਨੂੰ ਦੋ ਮਿੰਟ ਲਈ ਖੜ੍ਹੇ ਹੋ ਕੇ ਮੋਨ ਧਾਰ ਕੇ ਸ਼ਰਧਾਂਜਲੀ ਅਰਪਿਤ ਕੀਤੀ ਗਈ ਅਤੇ ਇਹ ਸ਼ਬਦ ਕਹੇ ਗਏ, “ਇੰਗਲੈਂਡ ਤੇ ਭਾਰਤ ਦੀ ਜਨਤਾ ਨੂੰ 36 ਸਿੱਖ ਰੈਜਮੈਂਟ ’ਤੇ ਮਾਣ ਹੈ ਅਤੇ ਜਿਸ ਦੇਸ਼ ਦੀ ਫੌਜ ਵਿਚ ਸਿੱਖਾਂ ਵਰਗੀ ਬਹਾਦਰ ਕੌਮ ਹੋਵੇ, ਉਹ ਦੇਸ਼ ਲੜਾਈ ਦੇ ਮੈਦਾਨ ਵਿਚ ਕਦੇ ਵੀ ਹਾਰ ਦਾ ਮੂੰਹ ਨਹੀਂ ਦੇਖ ਸਕਦਾ।”
ਸਾਰਾਗੜ੍ਹੀ ਦੀ ਜੰਗ ਸਮੂਹਿਕ ਸੂਰਮਗਤੀ ਦਾ ਇਕ ਅਸਾਧਾਰਨ ਕਾਰਨਾਮਾ ਹੈ, ਜਿਸ ਵਰਗੀ ਕੋਈ ਹੋਰ ਮਿਸਾਲ ਦੁਨੀਆਂ ਦੇ ਇਤਿਹਾਸ ਵਿਚ ਕਿਤੇ ਨਹੀਂ ਮਿਲਦੀ।
ਇਹ ਕੋਈ ਪਹਿਲੀ ਵਾਰ ਵੀ ਨਹੀਂ ਹੋਇਆ ਸੀ ਕਿ ਅੰਗਰੇਜ਼ਾਂ ਨੇ ਸਿੱਖਾਂ ਦੀ ਬਹਾਦਰੀ ਦੀ ਪ੍ਰਸ਼ੰਸਾ ਕਰਕੇ ਸਿੱਖਾਂ ਨੂੰ ਸਤਿਕਾਰ ਭੇਂਟ ਕੀਤਾ ਸੀ, ਸਗੋਂ ਇਸ ਤੋਂ ਪਹਿਲਾਂ ਜਦੋਂ ਸਿੱਖ ਅੰਗਰੇਜ਼ਾਂ ਵਿਰੁੱਧ ਹੀ ਲੜੇ ਸਨ ਤਾਂ ਇਕ ਅੰਗਰੇਜ਼ ਅਫਸਰ ਕਨਿੰਘਮ ਨੇ ਸਿੱਖਾਂ ਦੀ ਸੂਰਬੀਰਤਾ ਦੀ ਉਸ ਵਕਤ ਵੀ ਪ੍ਰਸ਼ੰਸਾ ਕੀਤੀ ਸੀ।
ਇਨ੍ਹਾਂ ਸਿੱਖ ਸੈਨਿਕਾਂ ਦੀ ਬਹਾਦਰੀ ਅਤੇ ਫ਼ਰਜ਼ ਲਈ ਕੁਰਬਾਨ ਹੋ ਜਾਣ ਦੀ ਭਾਵਨਾ ਨੂੰ ਵੇਖਦੇ ਹੋਏ ਇੰਗਲੈਂਡ ਦੀ ਸਰਕਾਰ ਨੇ ਸਾਰੇ ਬਹਾਦਰਾਂ ਨੂੰ ਮਰਨ-ਉਪਰੰਤ ‘ਇੰਡੀਅਨ ਆਰਡਰ ਆਫ ਮੈਰਿਟ’ ਨਾਲ ਸਨਮਾਨਿਤ ਕੀਤਾ ਤੇ ਉਨ੍ਹਾਂ ਦੇ ਵਾਰਸਾਂ ਨੂੰ 500 ਰੁਪਏ ਨਕਦ ਅਤੇ 2-2 ਮੁਰੱਬੇ ਜ਼ਮੀਨ (50-50 ਏਕੜ) ਦਿੱਤੀ ਗਈ ਤਾਂ ਕਿ ਉਹ ਸਨਮਾਨਜਨਕ ਜ਼ਿੰਦਗੀ ਜੀਅ ਸਕਣ। ਇਹ ਮੈਡਲ ‘ਵਿਕਟੋਰੀਆ ਕਰਾਸ’ ਅਤੇ ਅਜ਼ਾਦ ਭਾਰਤ ਵਿਚ ਦਿੱਤੇ ਜਾਂਦੇ ‘ਪਰਮਵੀਰ ਚੱਕਰ’ ਦੇ ਬਰਾਬਰ ਹਨ। 36ਵੀਂ ਸਿੱਖ ਬਟਾਲੀਅਨ ਨੂੰ ਵੀ ਜੰਗੀ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ। ਸਾਰਾਗੜ੍ਹੀ ਵਿਖੇ ਸ਼ਹੀਦ ਹੋਣ ਵਾਲੇ ਸੂਰਬੀਰਾਂ ਦੇ ਨਾਮ ਜਿਨ੍ਹਾਂ ਨੂੰ 12 ਸਤੰਬਰ 1897 ਈ. ਨੂੰ ਉਪਰੋਕਤ ਸਨਮਾਨ ਦਿੱਤਾ ਗਿਆ, ਇਸ ਪ੍ਰਕਾਰ ਹਨ:
ਸਿੱਖ ਫੌਜੀਆਂ ਦੀ ਇਸ ਬਹਾਦਰੀ ਨੂੰ ਦ੍ਰਿਸ਼ਟੀਮਾਨ ਕਰਨ ਲਈ ਅਲਾਹਾਬਾਦ ਦੇ ਅਖ਼ਬਾਰ ‘ਪਾਇਨੀਅਰ’ ਨੇ ਸਭ ਤੋਂ ਪਹਿਲਾਂ ਇਹ ਆਵਾਜ਼ ਉਠਾਈ ਕਿ ਇਨ੍ਹਾਂ ਸਿੱਖ ਸੂਰਬੀਰਾਂ ਦੇ ਮਾਣ ਵਿਚ ਕੋਈ ਢੁਕਵੀਂ ਯਾਦਗਾਰ ਕਾਇਮ ਕੀਤੀ ਜਾਏ। ਭਾਰਤ ਅਤੇ ਇੰਗਲੈਂਡ ਦੇ ਲੋਕਾਂ ਨੇ ਇਸ ਕਾਰਜ ਲਈ ਦਿਲ ਖੋਲ੍ਹ ਕੇ ਪੈਸਾ ਦਿੱਤਾ ਜਿਸ ਦੇ ਨਤੀਜੇ ਵਜੋਂ ਸਾਰਾਗੜ੍ਹੀ (ਵਜ਼ੀਰਸਤਾਨ) ਜਿਥੇ ਇਹ ਬਹਾਦਰ ਸ਼ਹੀਦ ਹੋਏ ਵਿਖੇ ਇਕ ਬੁਰਜ, ਫੋਰਟ ਲਾਕ ਹਾਰਟ ਵਿਖੇ ਇਕ ਮੀਨਾਰ ਅਤੇ ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਪਾਸ ਇਕ ਗੁਰਦੁਆਰਾ ਸਾਹਿਬ ਅਤੇ ਫਿਰੋਜ਼ਪੁਰ ਰੈਜਮੈਂਟ ਜਿਸ ਨਾਲ ਸਭ ਤੋਂ ਵੱਧ ਗਿਣਤੀ ਵਿਚ ਸ਼ਹੀਦ ਸੰਬੰਧਿਤ ਸਨ, ਵਿਖੇ ਇਕ ਗੁਰਦੁਆਰਾ ਸਾਹਿਬ ਸਥਾਪਿਤ ਕੀਤਾ ਗਿਆ। ਅੰਮ੍ਰਿਤਸਰ ਵਾਲਾ ਗੁਰਦੁਆਰਾ, ਗੁਰਦੁਆਰਾ ਸਾਰਾਗੜ੍ਹੀ ਸਾਹਿਬ ਕਰਕੇ ਜਾਣਿਆ ਜਾਂਦਾ ਹੈ ਜੋ ਕਿ ਚੌਂਕ ਧਰਮ ਸਿੰਘ ਮਾਰਕੀਟ ਦੇ ਨਜ਼ਦੀਕ ਹੈ, ਜਿਸ ਵਿਚ ਲੱਗੀ ਮਾਰਬਲ ਦੀ ਸਿਲ ’ਤੇ ਉਨ੍ਹਾਂ ਸੂਰਬੀਰਾਂ ਦੇ ਨਾਮ ਦਰਜ ਹਨ ਜੋ 12 ਸਤੰਬਰ, 1897 ਈ. ਨੂੰ ਸਾਰਾਗੜ੍ਹੀ ਵਿਖੇ ਜੂਝਦੇ ਹੋਏ ਸ਼ਹੀਦ ਹੋ ਗਏ ਸਨ।
ਫਿਰੋਜ਼ਪੁਰ ਵਾਲੀ ਯਾਦਗਾਰ ਉਸ ਸਮੇਂ ਫੌਜ ਵੱਲੋਂ ਬਹਾਦਰ ਸਿਪਾਹੀਆਂ ਨੂੰ ਸ਼ਰਧਾਂਜਲੀ ਦੇਣ ਲਈ 27, 118/- ਰੁਪਏ ਖਰਚ ਕਰਕੇ ਬਣਾਈ ਗਈ। ਇਸ ਲਈ ਇੰਗਲੈਂਡ ਦੀ ਮਲਕਾ ਨੇ ਵੀ ਫੰਡ ਪ੍ਰਦਾਨ ਕੀਤਾ ਸੀ। ਇਸ ਯਾਦਗਾਰ ਦਾ ਉਦਘਾਟਨ ਪੰਜਾਬ ਦੇ ਲੈਫਟੀਨੈਂਟ ਗਵਰਨਰ ਸਰ ਚਾਰਲਸ ਮੋਂਟਗੁੰਮਰੀ ਨੇ 18 ਜਨਵਰੀ, 1904 ਈ. ਨੂੰ ਕੀਤਾ ਸੀ। ਉਸੇ ਦਿਨ ਸਾਰਾਗੜ੍ਹੀ ਵਿਖੇ ਉਸਾਰੇ ਗਏ ਬੁਰਜ ਨੂੰ ਵੀ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਸੀ।
ਹਰ ਸਾਲ 12 ਸਤੰਬਰ ਨੂੰ ਫੌਜ ਵੱਲੋਂ ਸਾਰਾਗੜ੍ਹੀ ਵਿਖੇ ਸ਼ਹੀਦ ਹੋਏ ਫੌਜੀਆਂ ਨੂੰ ਸ਼ਰਧਾਂਜਲੀ ਦੇਣ ਲਈ ਸਾਰਾਗੜ੍ਹੀ ਦਿਵਸ ਮਨਾਇਆ ਜਾਂਦਾ ਹੈ।
ਇਨ੍ਹਾਂ ਸਿੰਘਾਂ ਦੀ ਸ਼ਹੀਦੀ ਨੇ ਸਾਰੇ ਯੂਰਪ ਵਿਚ ਤਹਿਲਕਾ ਮਚਾ ਦਿੱਤਾ। ਇਨ੍ਹਾਂ ਦੀ ਕੁਰਬਾਨੀ ਦੀਆਂ ਕਹਾਣੀਆਂ ਫਰਾਂਸ, ਇਟਲੀ ਅਤੇ ਜਾਪਾਨ ਆਦਿ ਦੇਸ਼ਾਂ ਦੇ ਸਕੂਲੀ ਬੱਚਿਆਂ ਨੂੰ ਤਾਂ ਪੜ੍ਹਾਈਆਂ ਜਾਣ ਲੱਗ ਪਈਆਂ। ਸਿੱਖ ਫੌਜ ਦੀ ਇਹ ਇੱਛਾ ਹੋਣ ਦੇ ਬਾਵਜੂਦ ਕਿ ਉਨ੍ਹਾਂ ਦੀ ਬਹਾਦਰੀ ਦੀ ਦਾਸਤਾਨ ਬਾਰੇ ਸਾਡੇ ਭਾਰਤ ਦੇ ਸਮੂਹ ਵਿਦਿਅਕ ਅਦਾਰਿਆਂ ਦੇ ਬੱਚਿਆਂ ਨੂੰ ਜਾਣੂ ਕਰਵਾਇਆ ਜਾਵੇ ਅਫ਼ਸੋਸ ਹੈ ਕਿ ਅਜੇ ਵੀ ਸਾਡੇ ਸਕੂਲਾਂ ਅਤੇ ਕਾਲਜਾਂ ਦੀਆਂ ਪੁਸਤਕਾਂ ਵਿਚ ਸਾਰਾਗੜ੍ਹੀ ਦੇ ਇਤਿਹਾਸ ਦਾ ਕੋਈ ਜ਼ਿਆਦਾ ਜ਼ਿਕਰ ਨਹੀਂ ਮਿਲਦਾ।
ਜਿਸ ਦੇਸ਼ ਨੂੰ ਅਜ਼ਾਦ ਕਰਾਉਣ ਵਿਚ ਅਤੇ ਦੇਸ਼ ਦੀ ਆਜ਼ਾਦੀ ਨੂੰ ਬਹਾਲ ਰੱਖਣ ਵਿਚ ਸਿੱਖਾਂ ਨੇ ਇੰਨੀਆਂ ਬੇਮਿਸਾਲ ਕੁਰਬਾਨੀਆਂ ਦਿੱਤੀਆਂ, ਉਸੇ ਦੇਸ਼ ਵਿਚ ਅੱਜ ਵੀ ਉਨ੍ਹਾਂ ਨੂੰ ਬਣਦਾ ਮਾਣ-ਸਤਿਕਾਰ ਨਾ ਦੇਣ ਲਈ ਉਨ੍ਹਾਂ ਦੀਆਂ ਕੁਰਬਾਨੀਆਂ ਦੁਆਰਾ ਪ੍ਰਾਪਤ ਕੀਤੀ ਜਿੱਤ ਦਾ ਸਿਹਰਾ ਧੋਖੇ ਨਾਲ ਦੂਸਰੇ ਦੇ ਸਿਰ ਸਜਾਉਣ ਦੀਆਂ ਸਾਜ਼ਿਸ਼ਾਂ ਘੜੀਆਂ ਜਾਂਦੀਆਂ ਰਹੀਆਂ ਹਨ। ਜਿਵੇਂ ਕਿ ਹੁਣੇ ਪਿੱਛੇ ਜਿਹੇ ਹੀ ਇਹ ਸਾਬਤ ਹੋ ਚੁੱਕਾ ਹੈ ਕਿ 1999 ਈ. ਵਿਚ ਕਾਰਗਿਲ ਦੀ ਜੰਗ ਵੇਲੇ ਵੀ 70-ਇਨਫੈਂਟਰੀ ਬ੍ਰਿਗੇਡ ਦੇ ਕਮਾਂਡਰ ਬ੍ਰਿਗੇਡੀਅਰ ਦਵਿੰਦਰ ਸਿੰਘ ਵੱਲੋਂ ਦਿਖਾਈ ਗਈ ਬਹਾਦਰੀ ਨੇ ਸਿੱਖਾਂ ਦੀ ਇਸ ਸ਼ਾਨਦਾਰ ਰਵਾਇਤ ਨੂੰ ਕਾਇਮ ਰੱਖਿਆ ਅਤੇ ਇਸ ਜੰਗ ਦੌਰਾਨ ਸਭ ਤੋਂ ਜ਼ਿਆਦਾ ਜ਼ੋਖ਼ਮ ਭਰਿਆ ਇਲਾਕਾ ਦੁਸ਼ਮਣ ਕੋਲੋਂ ਇਸੇ ਬ੍ਰਿਗੇਡ ਨੇ ਹੀ ਖਾਲੀ ਕਰਵਾਇਆ। ਇਸੇ ਬ੍ਰਿਗੇਡ ਨੇ ਹੀ ਕੁੱਲ 8 ਜੰਗੀ ਕੈਦੀਆਂ ਵਿੱਚੋਂ 6 ਕੈਦੀ ਅਤੇ ਦੁਸ਼ਮਣ ਪਾਸੋਂ ਸਭ ਤੋਂ ਵੱਧ ਹਥਿਆਰ ਵੀ ਇਸੇ ਬ੍ਰਿਗੇਡ ਨੇ ਕਾਬੂ ਕੀਤੇ ਅਤੇ ਸਭ ਤੋਂ ਵੱਧ ਸ਼ਹਾਦਤਾਂ ਵੀ ਇਸੇ ਬ੍ਰਿਗੇਡ ਨੇ ਹੀ ਦਿੱਤੀਆਂ। ਇਸ ਜੰਗ ਵਿਚ ਇਸ ਬ੍ਰਿਗੇਡ ਨੂੰ ਇਕ ਪਰਮਵੀਰ ਚੱਕਰ, ਦੋ ਮਹਾਂਵੀਰ ਚੱਕਰ, 34 ਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ। ਪਰ ਬ੍ਰਿਗੇਡੀਅਰ ਦਵਿੰਦਰ ਸਿੰਘ ਨੂੰ ਸਿਰਫ ਇਕ ਗ਼ੈਰ-ਬਹਾਦਰੀ ਪੁਰਸਕਾਰ ਹੀ ਦਿੱਤਾ ਗਿਆ। ਬੇਸ਼ੱਕ ਬ੍ਰਿਗੇਡੀਅਰ ਦਵਿੰਦਰ ਸਿੰਘ ਨੂੰ ਉਸ ਦੀ ਬਹਾਦਰੀ ਨੂੰ ਸਾਬਤ ਕਰਨ ਵਿਚ ਗਿਆਰਾਂ ਸਾਲ ਲੱਗ ਗਏ ਅਤੇ ਉਹ ਆਪਣੀ ਬਹਾਦਰੀ ਨੂੰ ਆਪਣੇ ਕਾਰਜ-ਕਾਲ ਦੌਰਾਨ ਸਾਬਤ ਨਹੀਂ ਕਰ ਸਕੇ ਪਰ ਅਖੀਰ ਹੁਣ ਗਿਆਰਾਂ ਸਾਲਾਂ ਬਾਅਦ ਉਨ੍ਹਾਂ ਨੇ ਆਪਣੇ ਨਾਲ ਹੋਈ ਬੇਇਨਸਾਫੀ ਪ੍ਰਤੀ ਕਾਨੂੰਨੀ ਲੜਾਈ ਵੀ ਜਿੱਤ ਲਈ ਅਤੇ ਆਰਮਡ ਫੋਰਸਿਜ਼ ਟ੍ਰਿਬਿਊਨਲ ਦੀ ਵਿਸ਼ੇਸ਼ ਅਦਾਲਤ ਨੇ ਉਨ੍ਹਾਂ ਦੀ ਅਪੀਲ ਤੇ ਦਲੀਲ ਨੂੰ ਸਹੀ ਠਹਿਰਾਉਂਦਿਆਂ ਆਰਮੀ ਹੈੱਡਕੁਆਰਟਰ ਨੂੰ ਆਦੇਸ਼ ਦਿੱਤਾ ਹੈ ਕਿ ਉਹ ਕਾਰਗਿਲ ਦੀ ਲੜਾਈ ਨਾਲ ਸੰਬੰਧਿਤ ਆਪਣੇ ਰਿਕਾਰਡਾਂ ’ਚ ਸੋਧ ਕਰੇ। ਪਰ ਦੇਖਣ ਵਾਲੀ ਗੱਲ ਇਹ ਹੈ ਕਿ ਬ੍ਰਿਗੇਡੀਅਰ ਦਵਿੰਦਰ ਸਿੰਘ ਵਰਗੇ ਹੋਰ ਕਿੰਨੇ ਖੁਸ਼ਕਿਸਮਤ ਅਫ਼ਸਰ ਹਨ, ਜਿਨ੍ਹਾਂ ਨੂੰ ਇਨਸਾਫ ਮਿਲਿਆ ਹੋਵੇਗਾ ਜਾਂ ਮਿਲੇਗਾ।
ਅਜੇ ਵੀ ਵਕਤ ਹੈ ਕਿ ਅਸੀਂ ਆਪਣੇ ਇਸ ਗੌਰਵਸ਼ਾਲੀ ਇਤਿਹਾਸ ਨਾਲ, ਨਾ ਕੇਵਲ ਆਪਣੀ ਨੌਜਵਾਨ ਪੀੜ੍ਹੀ ਨੂੰ ਰੂ-ਬ-ਰੂ ਕਰਵਾ ਕੇ ਆਪਣੀਆਂ ਸ਼ਾਨਦਾਰ ਪ੍ਰਾਪਤੀਆਂ ਨੂੰ ਆਪਣੀ ਅਗਲੀ ਪੀੜ੍ਹੀ ਤਕ ਪਹੁੰਚਾਉਂਦੇ ਹੋਏ ਉਨ੍ਹਾਂ ਨੂੰ ਆਪਣੇ ਸ਼ਾਨਦਾਰ ਵਿਰਸੇ ਨਾਲ ਜੋੜੀਏ ਸਗੋਂ ਅੱਜ ਵੀ ਅਜ਼ਾਦ ਭਾਰਤ ਵਿਚ ਇੰਨੀਆਂ ਕੁਰਬਾਨੀਆਂ ਦੇਣ ਅਤੇ ਅਸਧਾਰਨ ਬਹਾਦਰੀ ਦਿਖਾਉਣ ਵਾਲੇ ਸਿੱਖਾਂ ਨਾਲ ਹੁੰਦੀ ਬੇਇਨਸਾਫੀ ਨੂੰ ਦੂਰ ਕਰਵਾਉਣ ਲਈ ਇਕਜੁੱਟ ਹੋ ਕੇ ਉਨ੍ਹਾਂ ਨੂੰ ਇਨਸਾਫ ਦਿਵਾ ਕੇ ਉਨ੍ਹਾਂ ਦਾ ਬਣਦਾ ਮਾਣ-ਸਤਿਕਾਰ ਬਹਾਲ ਕਰਵਾਈਏ। ਵੈਸੇ ਵੀ ਦੇਸ਼ ਦੀ ਭਲਾਈ ਲਈ ਇਹ ਜ਼ਰੂਰੀ ਹੈ ਕਿ ਫੌਜ ਵਿਚ ਸਿੱਖਾਂ ਨਾਲ ਹੋ ਰਹੀ ਅਜਿਹੀ ਬੇਇਨਸਾਫੀ ਨੂੰ ਖ਼ਤਮ ਕੀਤਾ ਜਾਵੇ, ਇਹੀ ਸ਼ਹੀਦਾਂ ਨੂੰ ਸੱਚੀ ਅਤੇ ਸੁੱਚੀ ਸ਼ਰਧਾਂਜਲੀ ਹੋਵੇਗੀ!
ਲੇਖਕ ਬਾਰੇ
#8363, ਗਲੀ ਨੰ: 2, ਗੁਰੂ ਰਾਮਦਾਸ ਨਗਰ, ਸੁਲਤਾਨਵਿੰਡ ਰੋਡ, ਸ੍ਰੀ ਅੰਮ੍ਰਿਤਸਰ।
- ਮਨਮੋਹਨ ਕੌਰhttps://sikharchives.org/kosh/author/%e0%a8%ae%e0%a8%a8%e0%a8%ae%e0%a9%8b%e0%a8%b9%e0%a8%a8-%e0%a8%95%e0%a9%8c%e0%a8%b0/January 1, 2011