ਗੁਰਬਾਣੀ ਵਿਚ ਕੁਦਰਤ ਨੂੰ ਅਨੰਤ ਮੰਨਦੇ ਹੋਇਆਂ ਉਸ ਨੂੰ ਪ੍ਰਭੂ ਦੁਆਰਾ ਸਿਰਜਿਤ ਅਤੇ ਅਨੁਸ਼ਾਸਤ ਮੰਨਿਆ ਗਿਆ ਹੈ। ਅਕਾਲ ਪੁਰਖ ਕੁਦਰਤ ਦੀ ਰਚਨਾ ਕਰਕੇ ਆਪ ਉਸ ਵਿਚ ਵਸਿਆ ਹੋਇਆ ਹੈ:
ਆਪੇ ਕੁਦਰਤਿ ਸਾਜਿ ਕੈ ਆਪੇ ਕਰੇ ਬੀਚਾਰੁ॥ (ਪੰਨਾ 143)
ਸ੍ਰੀ ਗੁਰੂ ਨਾਨਕ ਦੇਵ ਜੀ ਨੇ ‘ਆਸਾ ਕੀ ਵਾਰ’ ਵਿਚ ਕੁਦਰਤ ਨੂੰ ਸੱਚਾ-ਸੁੱਚਾ ਕਿਹਾ ਹੈ:
ਸਚੀ ਤੇਰੀ ਕੁਦਰਤਿ ਸਚੇ ਪਾਤਿਸਾਹ॥ (ਪੰਨਾ 463)
ਸਮਕਾਲੀ ਪੰਜਾਬ ਦਾ ਵਾਤਾਵਰਨ ਬਹੁਤ ਹੀ ਕਠਿਨ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਅਸੀਂ ਸਮੁੱਚੀ ਲੋਕਾਈ ਦਾ ਮਾਰਗ ਦਰਸ਼ਨ ਕਰਨ ਵਾਲੀ ਗੁਰਬਾਣੀ ਦੇ ਸੰਦੇਸ਼ਾਂ ਦਾ ਪਾਲਣ ਪੂਰੀ ਤਰ੍ਹਾਂ ਨਹੀਂ ਕਰ ਰਹੇ। ਦੂਜੇ ਕਾਰਨਾਂ ਵਿੱਚੋਂ ਸਭ ਤੋਂ ਅਹਿਮ ਹੈ ਕਿ ਪੰਜਾਬੀਆਂ ਨੇ ਹਰੀ ਕ੍ਰਾਂਤੀ ਦੇ ਨਕਾਬ ਹੇਠ ਧਰਤੀ ਮਾਤਾ ਨਾਲ ਘੋਰ ਅਨਿਆਂ ਕੀਤਾ ਹੈ। ਪੰਜਾਬ ਪੰਜ-ਦਰਿਆਵਾਂ ਕਾਰਨ ਵਿਸ਼ਵ-ਭਰ ਵਿਚ ਵਿਸ਼ੇਸ਼ ਸਥਾਨ ਰੱਖਦਾ ਹੈ। ਪਰ ਬਹੁਤ ਹੀ ਅਫਸੋਸ ਦੀ ਗੱਲ ਹੈ ਕਿ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਵਾਰਸ ਪੇਂਡੂ ਸਮਾਜ ਨੇ ਇਕ ਹੋਰ ਅਥਵਾ ਛੇਵਾਂ ਦਰਿਆ ਇਸ ਸੋਨਾ ਉਗਲਦੀ ਧਰਤੀ ਉੱਪਰ ਵਗਾ ਛੱਡਿਆ ਹੈ। ਇਹ ਛੇਵਾਂ ਦਰਿਆ ਹੈ-ਜ਼ਹਿਰਾਂ ਦਾ। ਜਿਸ ਨੇ ਸਾਡੀ ਰੁੱਖਾਂ, ਦਰਖ਼ਤਾਂ, ਫੁੱਲਾਂ, ਫਲਾਂ ਤੇ ਹੋਰ ਕੁਦਰਤੀ ਬਨਸਪਤੀ ਨਾਲ ਸੱਜੀ ਹਰੀ-ਭਰੀ ਫੁਲਕਾਰੀ ਰੂਪੀ ਧਰਤੀ ਨੂੰ ਆਪਣੇ ਜ਼ਹਿਰ ਨਾਲ ਪਰੁੰਨ ਛੱਡਿਆ ਹੈ। ਸਮਕਾਲੀ ਪੰਜਾਬ ਦੀ ਹਵਾ ਜ਼ਹਿਰੀਲੀ, ਪਾਣੀ ਜ਼ਹਿਰੀਲਾ, ਮਿੱਟੀ ਜ਼ਹਿਰੀਲੀ ਹੋਰ ਤਾਂ ਹੋਰ ਲੋਕਾਂ ਦੀਆਂ ਰਗਾਂ ਵਿਚ ਵਹਿਣ ਵਾਲਾ ਲਹੂ ਵੀ ਜ਼ਹਿਰੀਲਾ ਹੋ ਚੁੱਕਾ ਹੈ। ਹੁਣ ਇਹ ਲਤੀਫਾ ਸੱਚ ਹੋਣ ਵਿਚ ਦੇਰੀ ਨਹੀਂ ਲੱਗੇਗੀ ਕਿ ਫਲਾਣੇ ਬੰਦੇ ਨੂੰ ਸੱਪ ਨੇ ਡੰਗਿਆ ਅਤੇ ਸੱਪ ਮਰ ਗਿਆ।
ਅਕਾਲ ਪੁਰਖ ਵੱਲੋਂ ਬਖਸ਼ਿਆ ਅਨੇਕਾਂ ਸ਼ਕਤੀਆਂ ਦਾ ਸੋਮਾ ਵਾਤਾਵਰਨ ਸ਼ੁੱਧ ਹਵਾ, ਨਿਰਮਲ ਪਾਣੀ, ਸੁਨਹਿਰੀ ਕਿਰਨਾਂ, ਸ਼ੀਤਲ ਚਾਂਦਨੀ ਅਤੇ ਨਾ ਜਾਣੇ ਹੋਰ ਕਿੰਨੇ ਕੁ ਮਾਖਿਓਂ ਮਿੱਠੇ ਪਹਿਲੂਆਂ ਦਾ ਸੁਮੇਲ ਹੈ ਜੋ ਨਾ ਕੇਵਲ ਮਨੁੱਖ ਦੀ ਹੋਂਦ ਬਣਾਈ ਰੱਖਣ ਲਈ ਸਹਾਇਕ ਹੁੰਦਾ ਹੈ, ਸਗੋਂ ਉਹ ਸਾਰੀਆਂ ਮਾਨਸਿਕ ਅਤੇ ਆਤਮਿਕ ਸ਼ਕਤੀਆਂ ਵੀ ਜੁਟਾਉਂਦਾ ਹੈ ਜੋ ਉਸ ਨੂੰ ‘ਸ੍ਰੇਸ਼ਟ ਮਨੁੱਖ’ ਬਣਾਉਣ ਵਿਚ ਆਧਾਰ ਬਣਦੀਆਂ ਹਨ। ਲੇਕਿਨ ਪੈਸਾ ਕਮਾਉਣ ਦੀ ਅੰਨ੍ਹੀ ਦੌੜ ਨੇ ਹਰੇ-ਭਰੇ ਵਾਤਾਵਰਣ ਦੀ ਸ਼ੁੱਧਤਾ ਨੂੰ ਨਿਗਲ ਲਿਆ ਹੈ।
ਜਿੱਥੇ ਪਿਛਲੇ ਕੁਝ ਸਾਲਾਂ ਤੋਂ ਖੇਤੀਬਾੜੀ ਉਤਪਾਦਨ ਵਿਚ ਖੜੋਤ ਦੀ ਸਥਿਤੀ ਬਣੀ ਹੋਈ ਸੀ, ਉਥੇ ਇਸ ਨਾਲ ਕਣਕ ਦੇ ਘੱਟ ਉਤਪਾਦਨ ਨੇ ਸਾਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਪੰਜਾਬ ਦੀ 70% ਅਬਾਦੀ ਜੋ ਸਿੱਧੇ ਜਾਂ ਅਸਿੱਧੇ ਰੂਪ ਵਿਚ ਖੇਤੀਬਾੜੀ ਉੱਪਰ ਨਿਰਭਰ ਕਰਦੀ ਹੈ, ਉਸ ਦਾ ਭਵਿੱਖ ਕੀ ਹੋਵੇਗਾ? ਕੀ ਸਾਨੂੰ ਇਹ ਸੋਚਣ-ਵਿਚਾਰਨ ਦੀ ਲੋੜ ਨਹੀਂ ਕਿ ਅਸੀਂ ਵਿਸਮਾਦ ਤਕ ਪਹੁੰਚਦੇ-ਪਹੁੰਚਦੇ ਸੰਤਾਪ ਤਕ ਕਿਉਂ ਅਤੇ ਕਿਵੇਂ ਅੱਪੜ ਗਏ ਹਾਂ?
ਸਮਕਾਲੀ ਪੰਜਾਬ ਦੀ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਸਥਿਤੀ ਦਾ ਵਿਸ਼ਲੇਸ਼ਣ ਕਰਨ ਉਪਰੰਤ ਬੁੱਧੀਜੀਵੀ ਵਰਗ ਇਸ ਵਿਚ ਦੋ ਰਾਇ ਨਹੀਂ ਰੱਖਦਾ ਕਿ ਹਰੀ ਕ੍ਰਾਂਤੀ ਤੋਂ ਮਗਰੋਂ ਪੰਜਾਬ ਦੇ ਕੁਝ ਲੋਕ ਜ਼ਰੂਰ ਅਮੀਰ ਹੋ ਗਏ ਹਨ ਪਰ ਦੂਜੇ ਹੱਥ ਧਰਤੀ ਦਾ ਵਾਤਾਵਰਨ ਬਹੁਤ ਗਰੀਬ ਹੋ ਚੁੱਕਾ ਹੈ। ਤੀਜੇ ਸੰਸਾਰ ਦੇ ਮੁਲਕਾਂ ਵਿਚ ਵਿਗਿਆਨ ਨੇ ਭੁੱਖਮਰੀ ਦੇ ਸ਼ਿਕਾਰ ਕਰੋੜਾਂ ਲੋਕਾਂ ਦੇ ਢਿੱਡ ਭਰੇ ਹਨ। ਪਰ ਇਹ ਵੀ ਸ਼ੀਸ਼ੇ ਵਾਂਗ ਸਾਫ ਹੈ ਕਿ ਅੱਜ ਵਿਗਿਆਨ ਦੀ ਪਹੁੰਚ ਵਿਕਾਸਮੁਖੀ ਤਾਂ ਜ਼ਰੂਰ ਹੈ ਪਰ ਸਾਇੰਸ ਦਾ ਮਾਨਵਵਾਦੀ ਦ੍ਰਿਸ਼ਟੀਕੋਣ ਲਗਾਤਾਰ ਧੁੰਧਲਾ ਪੈਂਦਾ ਜਾ ਰਿਹਾ ਹੈ; ਜੋ ਸਮੁੱਚੀ ਲੋਕਾਈ ਦੇ ਰਾਖੇ ਵਾਤਾਵਰਨ ਨੂੰ ਵਿਨਾਸ਼ ਦੇ ਕੰਢੇ ਉੱਪਰ ਲੈ ਆਇਆ ਹੈ। ਪਦਾਰਥਕ ਉੱਨਤੀ ਨੇ ਵਾਤਾਵਰਨ ਪ੍ਰਦੂਸ਼ਨ ਨੂੰ ਜਨਮ ਦਿੱਤਾ ਅਤੇ ਵਾਤਾਵਰਨ ਦੇ ਪ੍ਰਦੂਸ਼ਨ ਨੇ ਮਾਨਸਿਕ ਪ੍ਰਦੂਸ਼ਨ ਨੂੰ ਜਨਮ ਦਿੱਤਾ। ਮਨੁੱਖੀ ਮਾਨਸਿਕਤਾ ਇਸ ਕਦਰ ਗਿਰ ਚੁੱਕੀ ਹੈ ਕਿ ਮਨੁੱਖ ਦਾ ਹੁਣ ਕੁਦਰਤ ਨਾਲ ਮਾਂ ਵਾਲਾ ਰਿਸ਼ਤਾ ਲਗਭਗ ਖ਼ਤਮ ਹੋ ਚੁੱਕਾ ਹੈ ਅਤੇ ਹੁਣ ਦਾ ਅਖੌਤੀ ਮਹਾਂਮਾਨਵ ਆਪਣੇ ਆਪ ਨੂੰ ਕੁਦਰਤ ਦਾ ਸਵਾਮੀ ਅਖਵਾਉਂਦਾ ਹੋਇਆ ਸਾਂਸਕ੍ਰਿਤਕ ਵਾਤਾਵਰਨ ਵਿਚ ਰਹਿਣਾ ਪਸੰਦ ਕਰਦਾ ਹੈ। ਅੱਜ ਦੇ ਪੜ੍ਹੇ-ਲਿਖੇ ਅਨਪੜ੍ਹ ਮਨੁੱਖ ਨੂੰ ਇਹ ਸਮਝਣ ਵਿਚ ਬਹੁਤ ਦੇਰ ਲੱਗੀ ਹੈ ਕਿ ਕੁਦਰਤੀ ਵਾਤਾਵਰਨ ਕੰਪਿਊਟਰ ਵਾਂਗ ਹੁਕਮ ਨਹੀਂ ਮੰਨਦਾ। ਸਗੋਂ ਕੁਦਰਤੀ ਵਰਤਾਰੇ ਅੱਜ ਵੀ ਸਮਝ ਤੋਂ ਬਾਹਰ ਹਨ ਜਾਂ ਕਹਿ ਲਈਏ ਕੁਦਰਤ ਅਨੁਕੂਲ ਜੀਵਨ-ਜਾਚ ਦੇ ਸਿਧਾਂਤ ਸ਼ਤਰੰਜ ਦੀ ਖੇਡ ਨਾਲੋਂ ਵੀ ਅਸੰਖ ਗੁਣਾਂ ਗੁੰਝਲਦਾਰ ਅਤੇ ਰਹੱਸਮਈ ਹਨ। ਅਕਾਲ ਪੁਰਖ ਦੁਆਰਾ ਸਾਜੀ ਕੁਦਰਤ ਬਹੁਤ ਹੀ ਅਨੁਸ਼ਾਸਨ-ਪਸੰਦ ਹੈ ਅਤੇ ਅਜੋਕਾ ਮਨੁੱਖ ਅਨੁਸ਼ਾਸਨ ਤੋਂ ਕੋਹਾਂ ਦੂਰ। ਸ਼ਾਇਦ ਇਹੀ ਕਾਰਨ ਹੈ ਕਿ ਅੱਜ ਦੇ ਰੋਬੋਟ ਰੂਪੀ ਮਨੁੱਖ ਦੇ ਜੀਵਨ ਵਿਚ ਸੰਤੁਸ਼ਟੀ ਘੱਟ ਅਤੇ ਭਟਕਣਾ ਜ਼ਿਆਦਾ ਹੈ। ਮਾਨਵ ਸੰਸਾਧਨ ਚਾਹੇ ਗਿਣਤੀ ਵਿਚ ਵਧਦਾ ਜਾ ਰਿਹਾ ਹੈ ਪਰ ਉਸ ਦੀ ਗੁਣਵੱਤਾ ਲਗਾਤਾਰ ਬੌਣੀ ਹੁੰਦੀ ਜਾ ਰਹੀ ਹੈ। ਉਸ ਦੀ ਮਾਨਸਿਕਤਾ ਉਪਰ ਛਾਈ ਅਮੀਰ ਬਣਨ ਦੀ ਲਾਲਸਾ ਕਾਰਨ ਉਸ ਦੁਆਰਾ ਕੁਦਰਤ ਦੇ ਨਿਯਮਾਂ ਦੀ ਉਲੰਘਣਾ ਕਰਨ ਕਰਕੇ ਧਰਤੀ ਦੀ ਪਵਿੱਤਰਤਾ ਅਤੇ ਪਾਕੀਜ਼ਗੀ ਦਿਨ-ਬ-ਦਿਨ ਖ਼ਤਮ ਹੋ ਰਹੀ ਹੈ।
ਨਤੀਜੇ ਵਜੋਂ ਮਨੁੱਖ ਨੂੰ ਦੁੱਖਾਂ, ਤਕਲੀਫਾਂ ਤੇ ਰੋਗਾਂ (ਸਰੀਰਕ ਅਤੇ ਮਾਨਸਿਕ ਦੋਵੇਂ) ਦੀ ਸਜ਼ਾ ਨਸੀਬ ਹੋਈ ਹੈ। ਸਮਾਜ ਵਿਚਲੇ ਲੋਕਾਂ ਅੰਦਰ ਦੈਵੀ ਤੱਤਾਂ ਦੇ ਮੁਕਾਬਲੇ ਰਾਖਸ਼ੀ ਤੱਤ ਵਧੇਰੇ ਪ੍ਰਬਲ ਹੋ ਰਹੇ ਹਨ। ਜਿਸ ਕਾਰਨ ਅਸੰਤੋਸ਼ ਦੀ ਭਾਵਨਾ ਬਹੁਤ ਵਧ ਗਈ ਹੈ। ਅਜੋਕੇ ਅਲਟਰਾਸਾਇੰਟੀਫਿਕ ਯੁੱਗ ਵਿਚ ਭੂਗੋਲਿਕ ਦੂਰੀਆਂ ਤਾਂ ਘੱਟ ਰਹੀਆਂ ਹਨ ਪਰ ਬੇਰੁਖ਼ੀ ਅਤੇ ਸੁਆਰਥ ਸਭ ਹੱਦਾਂ ਪਾਰ ਕਰ ਗਏ ਹਨ। ਅੱਜ ਅਸੀਂ ਨਿੱਜਵਾਦੀ ਪ੍ਰਵਿਰਤੀ ਕਰਕੇ ਹਰੇਕ ਵਿਚਾਰ ਨੂੰ ਵਿਗਿਆਨ ਦੀ ਕਸਵੱਟੀ ਉੱਪਰ ਪਰਖਣਾ ਚਾਹੁੰਦੇ ਹਾਂ। ਖੁਦਗਰਜ਼ੀ ਦੀ ਐਨਕ ਲਾ ਕੇ ਦੇਖਿਆਂ ਇਹ ਗੱਲ ਸਮਝ ਨਹੀਂ ਆਉਂਦੀ ਕਿ ਮਨੁੱਖੀ ਰਿਸ਼ਤਿਆਂ ਵਿਚਲਾ ਪ੍ਰਦੂਸ਼ਨ ਅਤੇ ਭੌਤਿਕ ਪ੍ਰਦੂਸ਼ਨ ਨਿਚੋੜ ਵਿਚ ਇੱਕੋ ਹੀ ਹਨ।
ਮਨੁੱਖੀ ਸਭਿਅਤਾ ਦੇ ਆਗਾਜ਼ ਤੋਂ ਲੈ ਕੇ ਹੀ ਕੁਦਰਤੀ ਨਿਰਮਾਣ ਕਾਰਜਾਂ ਲਈ ਪਲੇਟਫਾਰਮ ਪ੍ਰਦਾਨ ਕਰਦੀ ਰਹੀ ਹੈ। ਪਰ ਉਦਯੋਗਿਕ ਕ੍ਰਾਂਤੀ ਬਾਅਦ ਸੰਸਾਰ ਦੇ ਬਾਸ਼ਿੰਦਿਆਂ ਲਈ ਇਹ ਤ੍ਰਾਸਦੀ ਹੀ ਸਿੱਧ ਹੋਈ ਹੈ ਕਿ ਨਿਰਮਾਣ ਖੇਤਰ ਵਿਚ ਜਿੱਥੇ ਸਭ ਤੋਂ ਵੱਧ ਮਨੁੱਖੀ ਸ਼ੋਸ਼ਣ ਹੁੰਦਾ ਹੈ, ਉਥੇ ਵਾਤਾਵਰਨ ਵੀ ਸਭ ਤੋਂ ਵੱਧ ਪਲੀਤ ਹੁੰਦਾ ਹੈ। ਮਾਰੂ ਬਿਮਾਰੀਆਂ ਦਾ ਸ਼ਿਕਾਰ ਹੋਣਾ, ਕੁਦਰਤੀ ਸੋਮਿਆਂ ਦਾ ਉਜਾੜਾ, ਜ਼ਹਿਰੀਲੇ ਰਸਾਇਣਾਂ ਅਤੇ ਦਵਾਈਆਂ ਕਰਕੇ ਹਵਾ, ਪਾਣੀ ਅਤੇ ਵਾਤਾਵਰਨ ਦਾ ਗੰਧਲੇ ਹੋਣਾ, ਕੁਦਰਤੀ ਜੀਵ-ਜੰਤੂਆਂ ਦਾ ਅਲੋਪ ਹੋਣਾ ਆਦਿ ਸਭ ਪੰਜਾਬ ਦੇ ਖ਼ਤਰਨਾਕ ਭਵਿੱਖ ਦੀ ਨਿਸ਼ਾਨਦੇਹੀ ਕਰਦੇ ਹਨ।
ਬਲਿਹਾਰੀ ਕੁਦਰਤਿ ਵਸਿਆ॥
ਤੇਰਾ ਅੰਤੁ ਨ ਜਾਈ ਲਖਿਆ॥ (ਪੰਨਾ 469)
ਮਹਾਂਵਾਕ ਅਨੁਸਾਰ ਉਹ ਸਰਬ-ਸ਼ਕਤੀਮਾਨ ਅਕਾਲ ਪੁਰਖ ਜਿਸ ਨੇ ਇਹ ਪ੍ਰਿਥਵੀ ਸਾਜੀ ਹੈ, ਕੁਦਰਤ ਦੇ ਵਿਚ ਵਿਦਮਾਨ ਹੈ। ਪਰ ਆਪਣੇ ਗੰਧਲੇ ਅਤੇ ਡਰਾਉਣੇ ਭਵਿੱਖ ਤੋਂ ਬੇਖ਼ਬਰ ਅਤੇ ਬੇਮੁਖ ਇਨਸਾਨ ਚੰਦ ਛਿੱਲੜਾਂ ਦੀ ਖ਼ਾਤਰ ਉਸ ਰੂਹਾਨੀਅਤ ਦਾ ਨਿਵਾਸ ਹੀ ਖ਼ਤਮ ਕਰਨ ਉੱਪਰ ਤੁਲਿਆ ਹੋਇਆ ਹੈ। ਲਾਲਚੀ ਮਨੁੱਖ ਨਾ ਵਾਤਾਵਰਨ ਵਿਚ ਸੰਤੁਸ਼ਟ ਹੈ ਅਤੇ ਭਵਿੱਖ ਲਈ ਵੀ ਕੰਢੇ ਬੀਜ ਰਿਹਾ ਹੈ। ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਵਾਬਦੇਹ ਹੈ ਅਤੇ ਨਿਰਸੰਦੇਹ ਉਸ ਦਾ ਇਹ ਪਾਪ ਆਉਣ ਵਾਲੇ ਸਮੇਂ ਵਿਚ ਬਹੁਤ ਭਾਰੂ ਪਵੇਗਾ।
ਮਾਇਆਮੁਖੀ ਮਨੁੱਖ ਨੂੰ ਵਿਸ਼ਲੇਸ਼ਤ ਕਰਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਲਿਖਦੇ ਹਨ-
‘ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ॥
ਜਿਸ ਨੋ ਆਪਿ ਖੁਆਏ ਕਰਤਾ ਖੁਸਿ ਲਏ ਚੰਗਿਆਈ॥’ (ਪੰਨਾ 417)
ਉਪਰੋਕਤ ਮਹਾਂਵਾਕ ਦੇ ਪ੍ਰਸੰਗ ਵਿਚ ਵਿਚਾਰੀਏ ਤਾਂ ਅਜੋਕਾ ਮਨੁੱਖ ਜੋ ਦਿਨ-ਰਾਤ ਪੈਸੇ ਕਮਾਉਣ ਦੀ ਅੰਨ੍ਹੀ ਦੌੜ ਵਿਚ ਲੱਗਾ ਹੋਇਆ ਹੈ ਆਪਣੇ ਸਭਿਆਚਾਰ, ਵਾਤਾਵਰਨ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਛਿੱਕੇ ਟੰਗ ਕੇ ਸੁਖ ਦੀ ਲਾਲਸਾ ਵਿਚ ਪਾਪਾਂ ਦਾ ਭਾਗੀਦਾਰ ਬਣ ਚੁੱਕਾ ਹੈ।
ਜੇਕਰ ਪੰਜਾਬ ਦੇ ਸ਼ਹਿਰੀ ਜੀਵਨ ਦੀ ਗੱਲ ਕਰੀਏ ਤਾਂ ਤਸਵੀਰ ਬੜੀ ਭੱਦੀ ਕਹੀ ਜਾ ਸਕਦੀ ਹੈ। ਦਰਜਾ ਇਕ ਅਤੇ ਦਰਜਾ ਦੋ ਸ਼ਹਿਰਾਂ ਦੀ ਹਾਲਤ ਤਰਸਯੋਗ ਹੈ। ਲੁਧਿਆਣਾ, ਮੰਡੀ ਗੋਬਿੰਦਗੜ੍ਹ ਅਤੇ ਬਟਾਲਾ ਆਦਿ ਸ਼ਹਿਰ ਨਰਕਾਂ ਤੋਂ ਬਦਤਰ ਹਨ। ਪੰਜਾਬ ਦੇ ਬਾਕੀ ਸ਼ਹਿਰ ਵੀ ਗੰਦੀਆਂ ਬਸਤੀਆਂ ਵਿਚ ਤੇਜ਼ੀ ਨਾਲ ਦਾਖਲ ਹੋ ਰਹੇ ਹਨ। ਸਦੀਆਂ ਤੋਂ ਹੀ ਭੌਂ ਪ੍ਰਾਪਤੀ ਲਈ ਭੁੱਖੜ ਪ੍ਰਵਿਰਤੀ ਕਾਰਨ ਹੀ ਅਜੋਕਾ ਮਨੁੱਖ ਚੰਨ ਉਪਰਲੀ ਜ਼ਮੀਨ ਹੜੱਪਣ ਲਈ ਤਤਪਰ ਹੈ। ਮਨੁੱਖ ਦੀ ਚੰਨ ਅਤੇ ਹੋਰ ਗ੍ਰਹਿਆਂ ਵੱਲ ਦੀ ਉਡਾਰੀ ਨੇ ਉਸ ਦੇ ਧਰਤੀ ਤੋਂ ਪੈਰ ਚੁੱਕ ਦਿੱਤੇ ਹਨ ਜਦੋਂ ਕਿ ਲੋੜ ਧਰਤੀ ਨਾਲ ਮੁੜ ਜੁੜਨ ਦੀ ਹੈ।
ਜਿਤਨੇ ਵੀ ਵਿਦੇਸ਼ੀ ਹਮਲਾਵਰ ਪੰਜਾਬ ਆਏ ਉਹ ਸਭ ਪੰਜਾਬ ਦੇ ਹਰੇ-ਭਰੇ ਵਾਤਾਵਰਨ ਅਤੇ ਸ਼ਰਬਤ ਤੋਂ ਮਿੱਠੇ ਪਾਣੀਆਂ ਦੇ ਕਾਇਲ ਹੋਣ ਤੋਂ ਬਿਨਾਂ ਨਾ ਰਹਿ ਸਕੇ। ਇਹ ਜੱਗ ਜ਼ਾਹਿਰ ਹੈ ਕਿ ਜਿਸ ਪ੍ਰਕਾਰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਵਿਲੱਖਣ ਹੈ, ਉਸੇ ਪ੍ਰਕਾਰ ਸਾਡੇ ਕੁਦਰਤੀ ਸੋਮੇ (ਖਾਸ ਕਰ ਜਲ-ਸੋਮੇ ਅਤੇ ਮਿੱਟੀ) ਆਮ ਨਾ ਹੁੰਦੇ ਹੋਏ ਵਿਸ਼ੇਸ਼ ਅਤੇ ਵਿਲੱਖਣਤਾ ਦੇ ਧਾਰਨੀ ਹਨ।
ਕੁਦਰਤੀ ਨਿਆਮਤਾਂ ਨਾਲ ਓਤਪੋਤ ਪੰਜਾਬੀਆਂ ਦੇ ਸਿਰੜ, ਮਿਹਨਤ, ਲਿਆਕਤ, ਇਮਾਨਦਾਰੀ, ਜੋਸ਼, ਨਿਮਰਤਾ, ਨੈਤਿਕਤਾ, ਸੁਹਿਰਦਤਾ, ਸਹਿਨਸ਼ੀਲਤਾ ਅਤੇ ਪਾਕੀਜ਼ਗੀ ਅੱਗੇ ਪੂਰਾ ਵਿਸ਼ਵ ਝੁਕਿਆ ਹੈ। ਜੀਵਨ-ਸੇਧਾਂ ਲੈਂਦਾ ਰਿਹਾ ਹੈ। ਕਿਉਂਕਿ ਉਸ ਸਮੇਂ ਪੰਜਾਬੀ ਵੀ ਦਰਿਆਵਾਂ ਤੇ ਰੁੱਖਾਂ ਵਾਂਗ ਨਿਰਮਲ ਤੇ ਸਰੀਰਕ ਪੱਖੋਂ ਹਰੇ-ਭਰੇ ਸਨ। ਸ਼ਹਿਰੀਕਰਨ, ਉਦਯੋਗੀਕਰਨ, ਸਭਿਆਚਾਰ ਦੇ ਭੂ-ਮੰਡਲੀਕਰਨ ਕਰਕੇ ਧਰਤੀ ਦੇ ਪੁੱਤ ਪੰਜਾਬੀਆਂ ਨੇ ਧਰਤੀ ਤੋਂ ਪੈਰ ਚੁੱਕ ਕੇ ਹੋਰ ਦੇਸ਼ਾਂ ਦੀ ਰੀਸੇ ਖੇਤੀ ਦੇ ਆਧੁਨਿਕੀਕਰਨ ਵਿਚ ਉੱਚੀ ਛਲਾਂਗ ਲਗਾਈ। ਸਹਿਜ-ਸੁਭਾਇ ਚੱਲ ਰਹੀ ਕੁਦਰਤ ਨੂੰ ਪੁੱਠਾ ਗੇੜਾ ਦੇਣਾ ਸ਼ੁਰੂ ਕਰ ਦਿੱਤਾ। ਜਿਸ ਦੇ ਨਤੀਜੇ ਵਜੋਂ ਉਨ੍ਹਾਂ ਨੂੰ ਥੋੜ੍ਹ-ਚਿਰੀਆਂ ਭੌਤਿਕ ਖੁਸ਼ੀਆਂ ਤਾਂ ਮਿਲੀਆਂ ਪਰ ਨਾਲ ਹੀ ਕੁਦਰਤੀ ਕਰੋਪੀਆਂ ਉਨ੍ਹਾਂ ਦੀਆਂ ਸੰਗੀ ਹੋ ਗਈਆਂ। ਅੱਜ ਸਾਨੂੰ ਪੰਜਾਬੀਆਂ ਨੂੰ ਇਹ ਸਮਝ ਨਹੀਂ ਆ ਰਹੀ ਕਿ ‘ਆਬ ਹੈ ਤਾਂ ਪੰਜਾਬ ਹੈ, ਨਹੀਂ ਤਾਂ ਸਭ ਬਰਬਾਦ ਹੈ।’ ਸਾਡੀ ਸੰਸਕ੍ਰਿਤੀ, ਸਭਿਆਚਾਰ, ਨੈਤਿਕਤਾ, ਤਵਾਰੀਖ਼, ਰਾਜਨੀਤੀ ਆਦਿ ਸਭ ਪਾਣੀ ਦੇ ਉੱਪਰ ਹੀ ਆਧਾਰਿਤ ਹਨ। ਪੰਜਾਬੀਆਂ ਦੀਆਂ ਰਗਾਂ ਵਿਚ ਵਹਿੰਦਾ ਲਹੂ ਨਿਡਰਤਾ ਅਤੇ ਜ਼ਿੰਦਾਦਿਲੀ ਦੀ ਮਿਸਾਲ ਹੈ। ਪਰ ਅੱਜ ਸਾਡੀਆਂ ਰਗਾਂ ਵਿਚ ਖੂਨ ਦੀ ਜਗ੍ਹਾ ’ਤੇ ਕੀਟਨਾਸ਼ਕ ਤੈਰ ਰਹੇ ਹਨ। ਉਜਾੜ ਵੱਲ ਵਧ ਰਹੀ ਪੰਜਾਬੀਅਤ ਦੇ ਸੰਕਟ ਹਰਨ ਲਈ ਜ਼ਰੂਰੀ ਹੈ ਕਿ ਅਸੀਂ ਪ੍ਰਦੂਸ਼ਨ ਦੀ ਅੱਗ ਵਿਚ ਸੁਲਗ ਰਹੀ ਧਰਤੀ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈ ਕੇ ਵਿਚਾਰ ਰੂਪੀ ਜਲ ਛਿੜਕ ਕੇ ਬੀਆਬਾਨ ਹੋਣ ਤੋਂ ਬਚਾਈਏ। ਸ੍ਰੀ ਗੁਰੂ ਨਾਨਕ ਦੇਵ ਜੀ ‘ਜਪੁਜੀ ਸਾਹਿਬ’ ਵਿਚ ਫ਼ਰਮਾਉਂਦੇ ਹਨ-
‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥’ (ਪੰਨਾ 8)
ਬੜੇ ਦੁੱਖ ਦੀ ਗੱਲ ਹੈ ਕਿ ਅੱਜ ਨਾ ਅਸੀਂ ਜਲ ਦੀ ਅਹਿਮੀਅਤ ਨੂੰ ਸਮਝ ਰਹੇ ਹਾਂ ਅਤੇ ਨਾ ਹੀ ਮਿੱਟੀ ਨੂੰ ਸੰਭਾਲਣ ਲਈ ਕਾਰਗਰ ਕਦਮ ਚੁੱਕ ਰਹੇ ਹਾਂ। ਉਪਰੋਕਤ ਮਹਾਂਵਾਕ ਨੂੰ ਆਪਣੇ ਹਿਰਦੇ ਵਿਚ ਵਸਾਈਏ। ਸਾਨੂੰ ਚਾਹੀਦਾ ਹੈ ਕਿ ਅਸੀਂ ਮੁੜ ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਤਾ ਦਾ ਦਰਜਾ ਤੁਰੰਤ ਦੇਈਏ ਅਤੇ ਆਪਣੀਆਂ ਭੁੱਲਾਂ ਬਖਸ਼ਾਉਂਦੇ ਹੋਏ ਮੁੜ ਤੋਂ ਕੁਦਰਤ ਦੀ ਗੋਦ ਦਾ ਨਿੱਘ ਮਾਣੀਏ!
ਲੇਖਕ ਬਾਰੇ
- ਹੋਰ ਲੇਖ ਉਪਲੱਭਧ ਨਹੀਂ ਹਨ