ਭਗਤ ਤ੍ਰਿਲੋਚਨ ਜੀ ਭਗਤ ਨਾਮਦੇਵ ਜੀ ਦੇ ਸਮਕਾਲੀ ਸਾਥੀ ਤੇ ਸਹਿਯੋਗੀ ਸਨ। ਭਗਤ ਰਵਿਦਾਸ ਜੀ ਨੇ ਹੋਰਨਾਂ ਭਗਤਾਂ ਵਾਂਗ ਭਗਤ ਤ੍ਰਿਲੋਚਨ ਜੀ ਨੂੰ ਪਰਮ ਪਦ ਉੱਤੇ ਪੁੱਜੇ ਹੋਏ ਮਹਾਂਪੁਰਖਾਂ ਵਿਚ ਗਿਣਿਆ ਹੈ:
ਨਾਮਦੇਵ ਕਬੀਰੁ ਤਿਲੋਚਨੁ ਸਧਨਾ ਸੈਨੁ ਤਰੈ॥
ਕਹਿ ਰਵਿਦਾਸੁ ਸੁਨਹੁ ਰੇ ਸੰਤਹੁ ਹਰਿ ਜੀਉ ਤੇ ਸਭੈ ਸਰੈ॥(ਪੰਨਾ 1106)
ਭਗਤ ਤ੍ਰਿਲੋਚਨ ਜੀ ਦਾ ਜਨਮ 1324 ਈਸਵੀ ਮੁਤਾਬਕ ਸੰਮਤ 1267 ਵਿਚ ਪਿੰਡ ਬਾਰਸੀ, ਜ਼ਿਲ੍ਹਾ ਸ਼ੋਲਾਪੁਰ ਵਿਚ ਹੋਇਆ। ਆਪ ਵੈਸ਼ ਜਾਤੀ ਵਿੱਚੋਂ ਸਨ। ਕਈ ਵਿਦਵਾਨਾਂ ਨੇ ਆਪ ਨੂੰ ਬ੍ਰਾਹਮਣ ਵੀ ਲਿਖਿਆ ਹੈ। ਆਪ ਜੀ ਬਾਬਤ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿਚ ਇਉਂ ਵਰਣਨ ਮਿਲਦਾ ਹੈ:
ਦਰਸਨੁ ਦੇਖਣ ਨਾਮਦੇਵ ਭਲਕੇ ਉਠਿ ਤ੍ਰਿਲੋਚਨੁ ਆਵੈ।
ਭਗਤਿ ਕਰਨਿ ਮਿਲਿ ਦੁਇ ਜਣੇ ਨਾਮਦੇਉ ਹਰਿ ਚਲਿਤੁ ਸੁਣਾਵੈ।
ਮੇਰੀ ਭੀ ਕਰਿ ਬੇਨਤੀ ਦਰਸਨੁ ਦੇਖਾਂ ਜੇ ਤਿਸੁ ਭਾਵੈ।
ਠਾਕੁਰ ਜੀ ਨੋ ਪੁਛਿਓਸੁ ਦਰਸਨ ਕਿਵੈ ਤ੍ਰਿਲੋਚਨੁ ਪਾਵੈ।
ਹਸਿ ਕੇ ਠਾਕੁਰ ਬੋਲਿਆ ਨਾਮਦੇਉ ਨੋ ਕਹਿ ਸਮਝਾਵੈ।
ਹਥਿ ਨ ਆਵੈ ਭੇਟੁ ਸੋ ਤੁਸਿ ਤ੍ਰਿਲੋਚਨ ਮੈ ਲਾਵੈ।
ਹਉ ਅਧੀਨੁ ਹਾਂ ਭਗਤ ਦੇ ਪਹੁੰਚਿ ਨ ਹੰਘਾਂ ਭਗਤੀ ਦਾਵੈ।
ਹੋਇ ਵਿਚੋਲਾ ਆਣਿ ਮਿਲਾਵੈ॥ (ਵਾਰ 10:12)
ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ ਭਗਤ ਤ੍ਰਿਲੋਚਨ ਜੀ ਨੇ ਠਾਕੁਰ ਦੇ ਮਿਲਾਪ ਲਈ ਭਗਤ ਨਾਮਦੇਵ ਜੀ ਪਾਸ ਬੇਨਤੀ ਕੀਤੀ। ਭਗਤ ਨਾਮਦੇਵ ਜੀ ਦੀ ਸਿਫਾਰਸ਼ ’ਤੇ ਠਾਕੁਰ ਜੀ ਨੇ ਕਿਹਾ ਮੈਂ ਪ੍ਰੇਮਾ ਭਗਤੀ ਦੇ ਵਸ ਹਾਂ। ਅਹੰਕਾਰ ਨਾਲ ਮੈਨੂੰ ਕੋਈ ਪ੍ਰਾਪਤ ਨਹੀਂ ਕਰ ਸਕਦਾ। ਮੈਨੂੰ ਤਾਂ ਨਿਮਰਤਾ ਰਾਹੀਂ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ।
ਸ੍ਰੀ ਗੁਰੂ ਅਰਜਨ ਦੇਵ ਜੀ ਅਨੁਸਾਰ ਭਗਤ ਤ੍ਰਿਲੋਚਨ ਜੀ ਨੂੰ ਗੁਰੂ ਕੇ ਮੇਲ ਕਰਕੇ ਸਿਧੀ ਪ੍ਰਾਪਤ ਹੋਈ:
ਤ੍ਰਿਲੋਚਨ ਗੁਰ ਮਿਲਿ ਭਈ ਸਿਧਿ॥ (ਪੰਨਾ 1192)
ਸੰਸਾਰ ਵਿਚ ਦੋ ਪ੍ਰਕਾਰ ਦੇ ਮਤ ਹਨ ਇਕ ਉਹ ਹਨ, ਜਿਨ੍ਹਾਂ ਦਾ ਵਿਸ਼ਵਾਸ ਹੈ ਕਿ ਕੀਤੇ ਹੋਏ ਕਰਮ ਮਿਟ ਨਹੀਂ ਸਕਦੇ ਅਤੇ ਕਰਮਾਂ ਦਾ ਫਲ ਭੋਗਣਾ ਹੀ ਪੈਂਦਾ ਹੈ। ਦੂਸਰੇ ਮਤ ਯਹੂਦੀ, ਈਸਾਈ ਤੇ ਮੁਸਲਮਾਨ ਆਦਿ ਹਨ, ਜਿਨ੍ਹਾਂ ਦਾ ਭਰੋਸਾ ਹੈ ਕਿ ਕਿਸੇ ਖਾਸ ਪੈਗ਼ੰਬਰ ਤੇ ਈਮਾਨ ਲਿਆਈਐ ਤਾਂ ਰੱਬ ਬਖਸ਼ ਦਿੰਦਾ ਹੈ। ਕਈ ਮਤਾਂ ਨੇ ਬਖਸ਼ਿਸ਼ ਦੇ ਭਰੋਸੇ ਦੂਸਰੇ ਨੂੰ ਕਾਫਰ ਆਖਿਆ ਹੈ। ਗੁਰਮਤਿ ਨੇ ਚੰਗੇ ਕਰਮ ਕਰਨ ਦੀ ਪ੍ਰੇਰਨਾ ਦਿੱਤੀ ਹੈ ਤੇ ਨਾਲ ਹੀ ਅਕਾਲ ਪੁਰਖ ਦੀ ਬਖਸ਼ਿਸ਼ ’ਤੇ ਭਰੋਸਾ ਕਰਨਾ ਵੀ ਦੱਸਿਆ ਹੈ। ਭਗਤ ਤ੍ਰਿਲੋਚਨ ਜੀ ਇਸੇ ਵਿਚਾਰ ਨੂੰ ਮੁਖ ਰੱਖ ਕੇ ਕਹਿੰਦੇ ਹਨ:
ਪੂਰਬਲੋ ਕ੍ਰਿਤ ਕਰਮੁ ਨ ਮਿਟੈ ਰੀ ਘਰ ਗੇਹਣਿ ਤਾ ਚੇ ਮੋਹਿ ਜਾਪੀਅਲੇ ਰਾਮ ਚੇ ਨਾਮੰ॥ (ਪੰਨਾ 695)
ਇਸ ਸ਼ਬਦ ਰਾਹੀਂ ਭਗਤ ਜੀ ਦਿਖਾਵੇ ਦਾ ਖੰਡਨ ਕਰਦੇ ਹਨ ਤੇ ਕੁਝ ਕਮਾਈ ਕਰਨ ਦਾ ਉਪਦੇਸ਼ ਦਿੰਦੇ ਹਨ। ਆਪ ਜੀ ਦਾ ਕਥਨ ਹੈ ਕਿ ਜੇ ਪਰਮਾਤਮਾ ਦਾ ਨਾਮ ਜਪ ਕੇ ਕੁਝ ਕਮਾਈ ਨਹੀਂ ਕੀਤੀ ਤਾਂ ਅੱਗੇ ਜਾ ਕੇ ਸ਼ਰਮਸਾਰ ਹੋਣਾ ਪਵੇਗਾ ਭਾਵ ਪੂਰਬਲੇ ਕਰਮ ਨਹੀਂ ਮਿਟਦੇ ਇਸੇ ਲਈ ਮੈਂ ਰਾਮ-ਨਾਮ ਜਪਦਾ ਹਾਂ।
ਆਪ ਨੇ ਦੋ ਸ਼ਬਦ ਗੂਜਰੀ ਰਾਗ ਵਿਚ ਉਚਾਰਨ ਕੀਤੇ ਹਨ। ਪਹਿਲਾਂ ਸ਼ਬਦ ਹੈ:
ਅੰਤਰੁ ਮਲਿ ਨਿਰਮਲੁ ਨਹੀ ਕੀਨਾ ਬਾਹਰਿ ਭੇਖ ਉਦਾਸੀ॥
ਹਿਰਦੈ ਕਮਲੁ ਘਟਿ ਬ੍ਰਹਮੁ ਨ ਚੀਨ੍ਾ ਕਾਹੇ ਭਇਆ ਸੰਨਿਆਸੀ॥ (ਪੰਨਾ 525)
ਇਸ ਸ਼ਬਦ ਵਿਚ ਆਪ ਜੀ ਨੇ ਉਨ੍ਹਾਂ ਲੋਕਾਂ ਦਾ ਪਾਜ ਉਘਾੜਿਆ ਹੈ, ਜੋ ਕੇਵਲ ਬਾਹਰਲੇ ਭੇਖ ਨੂੰ ਹੀ ਸਭ ਕੁਝ ਸਮਝਦੇ ਹਨ। ਜਿਨ੍ਹਾਂ ਦਾ ਮਨ ਤਾਂ ਮਲੀਨ ਹੈ ਪਰ ਸਰੀਰ ਉੱਤੇ ਸਾਧੂਆਂ ਵਾਲਾ ਬਾਣਾ ਧਾਰਨ ਕਰ ਰੱਖਿਆ ਹੈ। ਐਸੇ ਲੋਕ ਆਪਣੇ ਅੰਦਰ ਪਰਮਾਤਮਾ ਨੂੰ ਨਹੀਂ ਵੇਖਦੇ ਤੇ ਉਸ ਦੀ ਬਾਹਰ ਭਾਲ ਕਰਦੇ ਹਨ। ਆਪ ਨੇ ਹਠ ਯੋਗ ਨਾਲ ਕੀਤੇ ਯਤਨਾਂ ਨੂੰ ਪਾਣੀ ਰਿੜਕਣ ਤੁਲ ਕਿਹਾ ਹੈ। ਭਾਵੇਂ ਇਹ ਸ਼ਬਦ ਕਿਸੇ ਭੇਖਧਾਰੀ ਜੈ ਚੰਦ ਨੂੰ ਸੰਬੋਧਨ ਕੀਤਾ ਹੈ ਪਰ ਅਸਲ ਵਿਚ ਇਹ ਉਨ੍ਹਾਂ ਸਭ ਵਾਸਤੇ ਹੈ ਜੋ ਕੇਵਲ ਬਾਹਰਲੇ ਵਿਖਾਵੇ ਨੂੰ ਹੀ ਮੁਕਤੀ ਦਾ ਸਾਧਨ ਸਮਝਦੇ ਸਨ। ਭਗਤ ਜੀ ਨੇ ਵਾਸ਼ਨਾ-ਰਹਿਤ ਪ੍ਰਭੂ ਨੂੰ ਹਰ ਵੇਲੇ ਯਾਦ ਕਰਨ ਦਾ ਉਪਦੇਸ਼ ਦਿੱਤਾ। ਉਸ ਪ੍ਰਭੂ ਨੂੰ ਜਿਸ ਇਹ ਚੌਰਾਸੀ ਲੱਖ ਜੂਨਾਂ ਵਾਲੀ ਸ੍ਰਿਸ਼ਟੀ ਪੈਦਾ ਕੀਤੀ ਹੈ:
ਕਾਇ ਜਪਹੁ ਰੇ ਕਾਇ ਤਪਹੁ ਰੇ ਕਾਇ ਬਿਲੋਵਹੁ ਪਾਣੀ॥
ਲਖ ਚਉਰਾਸੀਹ ਜਿਨਿ੍ ਉਪਾਈ ਸੋ ਸਿਮਰਹੁ ਨਿਰਬਾਣੀ॥ (ਪੰਨਾ 526)
ਭਗਤ ਤ੍ਰਿਲੋਚਨ ਜੀ ਨੇ ਸਿਰੀ ਰਾਗੁ ਵਿਚ ਇਕ ਸ਼ਬਦ ਉਚਾਰਿਆ ਹੈ:
ਮਾਇਆ ਮੋਹੁ ਮਨਿ ਆਗਲੜਾ ਪ੍ਰਾਣੀ ਜਰਾ ਮਰਣੁ ਭਉ ਵਿਸਰਿ ਗਇਆ॥ (ਪੰਨਾ 92)
ਇਸ ਸ਼ਬਦ ਵਿਚ ਭਗਤ ਜੀ ਨੇ ਦੱਸਿਆ ਹੈ ਕਿ ਜੀਵ ਮੋਹ-ਮਾਇਆ ਵਿਚ ਨਕਾ-ਨਕ ਫਸਿਆ ਹੋਣ ਕਰਕੇ ਮੌਤ ਨੂੰ ਭੁਲਾਈ ਬੈਠਾ ਹੈ, ਉਸ ਨੂੰ ਨਾ ਮੌਤ ਚੇਤੇ ਹੈ ਅਤੇ ਨਾ ਹੀ ਪਰਮਾਤਮਾ। ਉਹ ਮਾਇਕ-ਪਦਾਰਥਾਂ ਦੇ ਸੁਆਦ ਵਿਚ ਐਸਾ ਗ਼ਲਤਾਨ ਹੋਇਆ ਹੈ ਕਿ ਉਹ ਸਮਝਦਾ ਹੈ ਕਿ ਉਸ ਨੇ ਕਦੇ ਮਰਨਾ ਹੀ ਨਹੀਂ। ਪਰ ਅਸਲੀਅਤ ਇਹ ਹੈ ਕਿ ਇਹ ਜਗਤ ਇਕ ਦਿਨ ਛੱਡਣਾ ਹੀ ਪੈਣਾ ਹੈ।
ਆਪ ਨੇ ਮੌਤ ਦੇ ਡਰ ਤੋਂ ਮਨੁੱਖ ਨੂੰ ਭੈ-ਭੀਤ ਨਹੀਂ ਕੀਤਾ, ਸਗੋਂ ਉਨ੍ਹਾਂ ਵਿਰਲੇ ਭਲੇ ਪੁਰਸ਼ਾਂ ਦਾ ਪ੍ਰਮਾਣ ਦੇ ਕੇ ਸੁਝਾਅ ਦਿੱਤਾ ਹੈ ਕਿ ਆਪਣੇ ਅੰਤ ਸਮੇਂ ਨੂੰ ਚੇਤੇ ਰੱਖਣਾ ਚਾਹੀਦਾ ਹੈ ਤੇ ਪਰਮਾਤਮਾ ਦੀ ਮਿਲਾਪ ਦੀ ਤਾਂਘ ਚਿੱਤ ਵਿਚ ਰਖਦਿਆਂ ਉਸ ਅੱਗੇ ਅਰਦਾਸ ਕਰਨੀ ਚਾਹੀਦੀ ਹੈ:
ਆਜੁ ਮੇਰੈ ਮਨਿ ਪ੍ਰਗਟੁ ਭਇਆ ਹੈ ਪੇਖੀਅਲੇ ਧਰਮਰਾਓ॥
ਤਹ ਕਰ ਦਲ ਕਰਨਿ ਮਹਾਬਲੀ ਤਿਨ ਆਗਲੜੈ ਮੈ ਰਹਣੁ ਨ ਜਾਇ॥ (ਪੰਨਾ 92)
ਹੁਣ ਮੇਰੇ ਮਨ ਵਿਚ ਇਹ ਗੱਲ ਪ੍ਰਤੱਖ ਹੋ ਗਈ ਹੈ ਕਿ ਮਾਇਆ ਦੇ ਚੱਕਰ ਵਿਚ ਫਸੇ ਰਿਹਾਂ ਵੀ ਧਰਮਰਾਜ ਦਾ ਮੂੰਹ ਵੇਖਣਾ ਹੀ ਪਵੇਗਾ। ਉਥੇ ਤਾਂ ਵੱਡੇ-ਵੱਡੇ ਬਲਵਾਨਾਂ ਨੂੰ ਵੀ ਜਮਦੂਤ ਹੱਥਾਂ ਨਾਲ ਦਲ ਦਿੰਦੇ ਹਨ। ਮੈਂ ਉਨ੍ਹਾਂ ਅੱਗੇ ਕੀ ਹੀਲ-ਹੁੱਜਤ ਕਰ ਸਕਾਂਗਾ। ਪਰ ਅੰਤ ਤਸੱਲੀ ਨਾਲ ਆਖਦੇ ਹਨ ਕਿ ਜਦੋਂ ਕੋਈ ਮਹਾਂਪੁਰਖ ਮੈਨੂੰ ਸਿੱਖਿਆ ਦਿੰਦਾ ਹੈ ਤਾਂ ਪਰਮਾਤਮਾ ਮੈਨੂੰ ਸਰਬ-ਵਿਆਪਕ ਜਾਪਣ ਲੱਗ ਪੈਂਦਾ ਹੈ:
ਜੇ ਕੋ ਮੂੰ ਉਪਦੇਸੁ ਕਰਤੁ ਹੈ ਤਾ ਵਣਿ ਤ੍ਰਿਣਿ ਰਤੜਾ ਨਾਰਾਇਣਾ॥
ਐ ਜੀ ਤੂੰ ਆਪੇ ਸਭ ਕਿਛੁ ਜਾਣਦਾ ਬਦਤਿ ਤ੍ਰਿਲੋਚਨੁ ਰਾਮਈਆ॥ (ਪੰਨਾ 92)
ਰਾਗ ਗੂਜਰੀ ਵਿਚ ਆਪ ਦਾ ਦੂਸਰਾ ਸ਼ਬਦ ‘ਅੰਤਿ ਕਾਲਿ ਜੋ ਲਛਮੀ ਸਿਮਰੈ’ ਤੁਕ ਨਾਲ ਸ਼ੁਰੂ ਹੁੰਦਾ ਹੈ। ਭਗਤ ਤ੍ਰਿਲੋਚਨ ਜੀ ਇਸ ਸ਼ਬਦ ਰਾਹੀਂ ਸਿਖਿਆ ਦੇ ਰਹੇ ਹਨ, ਵੱਖ-ਵੱਖ ਜੂਨਾਂ ਵਿਚ ਪੈਣ ਬਾਰੇ ਜੋ ਵਿਚਾਰ ਹਿੰਦੂ ਜਨਤਾ ਵਿਚ ਪ੍ਰਚਲਤ ਸਨ; ਉਨ੍ਹਾਂ ਦਾ ਹਵਾਲਾ ਦੇ ਕੇ ਉਹ ਸਮਝਾ ਰਹੇ ਹਨ ਕਿ ਸਾਰੀ ਉਮਰ ਧਨ, ਇਸਤਰੀ, ਪੁੱਤਰ ਤੇ ਮਹਿਲ ਮਾੜੀਆਂ ਦੇ ਧੰਦਿਆਂ ਵਿਚ ਇਤਨਾ ਖੱਚਿਤ ਨਾ ਰਹੋ ਕਿ ਮਰਨ ਵੇਲੇ ਵੀ ਸੁਰਤਿ ਇਨ੍ਹਾਂ ਵਿਚ ਹੀ ਟਿਕੀ ਰਹੇ। ਸਗੋਂ ਉਪਦੇਸ਼ ਦਿੰਦੇ ਹਨ:
ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ॥ (ਪੰਨਾ 526)
ਤਾਂ ਕਿ ਅੰਤ ਸਮੇਂ ਮੋਹ-ਮਾਇਆ ਵਿਚ ਸੁਰਤਿ ਭਟਕਣ ਦੀ ਥਾਂ ਮਨ ਪ੍ਰਭੂ ਚਰਨਾਂ ਵਿਚ ਜੁੜੇ। ਭਗਤ ਜੀ ਨੇ ਮੁਕਤੀ ਦਾ ਸਾਧਨ ਦੱਸਦਿਆਂ ਕਿਹਾ ਹੈ:
ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ॥ (ਪੰਨਾ 526)
ਜੋ ਮਨੁੱਖ ਮਰਨ ਵੇਲੇ ਧਨ-ਪਦਾਰਥ ਚੇਤੇ ਕਰਦਾ ਹੈ ਤੇ ਇਸੇ ਸੋਚ ਵਿਚ ਹੀ ਮਰ ਜਾਂਦਾ ਹੈ ਉਹ ਮੁੜ-ਮੁੜ ਸੱਪ ਦੀ ਜੂਨੇ ਪੈਂਦਾ ਹੈ। ਜੋ ਮਨੁੱਖ ਮਰਨ ਸਮੇਂ (ਆਪਣੀ) ਇਸਤਰੀ ਨੂੰ ਹੀ ਯਾਦ ਕਰਦਾ ਹੈ ਤੇ ਇਸੇ ਯਾਦ ਵਿਚ ਪ੍ਰਾਣ ਤਿਆਗ ਦਿੰਦਾ ਹੈ, ਉਹ ਮੁੜ-ਮੁੜ ਵੇਸਵਾ ਦਾ ਜਨਮ ਲੈਂਦਾ ਹੈ। ਜੋ ਮਨੁੱਖ ਅੰਤ ਵੇਲੇ (ਆਪਣੇ) ਪੁੱਤਰਾਂ ਨੂੰ ਹੀ ਯਾਦ ਕਰਦਾ ਹੈ ਤੇ ਪੁੱਤਰਾਂ ਨੂੰ ਯਾਦ ਕਰਦਾ-ਕਰਦਾ ਹੀ ਮਰ ਜਾਂਦਾ ਹੈ, ਉਹ ਸੂਰ ਦੀ ਜੂਨੇ ਮੁੜ-ਮੁੜ ਜੰਮਦਾ ਹੈ। ਜੋ ਮਨੁੱਖ ਅਖੀਰ ਵੇਲੇ (ਆਪਣੇ) ਘਰ ਮਹਿਲ-ਮਾੜੀਆਂ ਦੇ ਹਾਉਕੇ ਲੈਂਦਾ ਹੈ ਤੇ ਇਨ੍ਹਾਂ ਹਾਉਕਿਆਂ ਵਿਚ ਸਰੀਰ ਛੱਡ ਜਾਂਦਾ ਹੈ, ਉਹ ਮੁੜ-ਮੁੜ ਪ੍ਰੇਤ ਬਣਦਾ ਹੈ। ਜੋ ਮਨੁੱਖ ਅੰਤ ਸਮੇਂ ਪਰਮਾਤਮਾ ਨੂੰ ਯਾਦ ਕਰਦਾ ਹੈ ਤੇ ਇਸ ਯਾਦ ਵਿਚ ਟਿਕਿਆ ਹੋਇਆ ਹੀ ਚੋਲਾ ਤਿਆਗਦਾ ਹੈ, ਉਹ ਮਨੁੱਖ (ਧਨ, ਇਸਤਰੀ, ਪੁੱਤਰ ਤੇ ਘਰ ਆਦਿਕ ਦੇ ਮੋਹ ਤੋਂ) ਅਜਾਦ ਹੋ ਜਾਂਦਾ ਹੈ, ਉਸ ਦੇ ਹਿਰਦੇ ਵਿਚ ਪਰਮਾਤਮਾ ਆਪ ਆ ਵੱਸਦਾ ਹੈ:
ਅੰਤਿ ਕਾਲਿ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ॥
ਸਰਪ ਜੋਨਿ ਵਲਿ ਵਲਿ ਅਉਤਰੈ॥1॥
ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ॥ ਰਹਾਉ॥
ਅੰਤਿ ਕਾਲਿ ਜੋ ਇਸਤ੍ਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ॥
ਬੇਸਵਾ ਜੋਨਿ ਵਲਿ ਵਲਿ ਅਉਤਰੈ॥2॥
ਅੰਤਿ ਕਾਲਿ ਜੋ ਲੜਿਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ॥
ਸੂਕਰ ਜੋਨਿ ਵਲਿ ਵਲਿ ਅਉਤਰੈ॥3॥
ਅੰਤਿ ਕਾਲਿ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ॥
ਪ੍ਰੇਤ ਜੋਨਿ ਵਲਿ ਵਲਿ ਅਉਤਰੈ॥4॥
ਅੰਤਿ ਕਾਲਿ ਨਾਰਾਇਣੁ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ॥
ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ॥ (ਪੰਨਾ 526)
‘ਅੰਤਿ ਕਾਲਿ ਜੋ ਲਛਮੀ ਸਿਮਰੈ’ ਇਕ ਅਜਿਹੀ ਸਮੁੱਚੀ ਮਾਨਸਿਕ ਅਵਸਥਾ ਹੈ, ਜੋ ਬੰਦੇ ਦੀ ਸਮੁੱਚੀ ਜੀਵਨ ਸ਼ੈਲੀ ਵਿੱਚੋਂ ਪੈਦਾ ਹੁੰਦੀ ਹੈ। ਬੰਦਾ ਮਰਨ ਸਮੇਂ ਉਸੇ ਕਿਸਮ ਦੀ ਚੀਜ਼ ਵੱਲ ਧਿਆਨ ਕਰਦਾ ਹੈ ਜੋ ਉਸ ਦੇ ਵਿਅਕਤੀਗਤ ਮਨੋਵਿਗਿਆਨ ਦੇ ਅਨੁਰੂਪ ਹੁੰਦੀ ਹੈ। ਮਰਨ ਦੇ ਪਲ ਬੰਦੇ ਦੀਆਂ ਸਾਰੀਆਂ ਇੰਦਰੀਆਂ ਨਿਢਾਲ ਹੋ ਗਈਆਂ ਹੁੰਦੀਆਂ ਹਨ। ਉਸ ਦੀ ਚੇਤਨਾ ਵੀ ਸਾਥ ਛੱਡ ਗਈ ਹੁੰਦੀ ਹੈ। ਉਸ ਦੀ ਤ੍ਰਿਸ਼ਨਾ ਅਜੇ ਗਈ ਨਹੀਂ ਹੁੰਦੀ।
ਜੇ ‘ਐਸੀ ਚਿੰਤਾ ਮਹਿ ਜੇ ਮਰੈ’ ਇਨ੍ਹਾਂ ਤੁਕਾਂ ਵਿਚ ਅੱਖਰ ‘ਜੇ’ ਬਹੁਤ ਮਹੱਤਵਪੂਰਨ ਹੈ ਇਹ ਨਹੀਂ ਕਿ ਬੰਦਾ ਆਪਣੇ ਮਾੜੇ ਕਰਮਾਂ ਦੇ ਕੌੜੇ ਫਲਾਂ ਤੋਂ ਹਮੇਸ਼ਾਂ ਬਰੀ ਹੋ ਜਾਂਦਾ ਹੈ। ਸਿਰਫ਼ ਕੌੜੇ ਫਲ ਮੁਲਤਵੀ ਹੋ ਜਾਂਦੇ ਹਨ, ਮਾੜੇ ਕਰਮ ਹਾਲ ਦੀ ਘੜੀ ਆਪਣਾ ਅਸਰ ਗਵਾ ਬੈਠਦੇ ਹਨ। ਹਰ ਇਕ ਨੇ ਆਪਣੀ ਇੱਛਾ ਦੇ ਅਨੁਸਾਰ ਜੋ ਅਨੇਕਾਂ ਰੂਪਾਂ ਵਿਚ ਪ੍ਰਗਟ ਹੁੰਦੀ ਰਹਿੰਦੀ ਹੈ ਹੀ ਜਨਮ ਲੈਣੇ ਹੁੰਦੇ ਹਨ, ਉਦੋਂ ਤਕ ਜਦ ਤਕ ਉਹ ਆਪਣੇ ਕਰਮਾਂ ਦਾ ਫਲ ਨਹੀਂ ਭੋਗ ਲੈਂਦਾ। ਇਸ ਸ਼ਬਦ ਵਿਚ ਇਨਸਾਨ ਦੀ ਅੰਤਿਮ ਇੱਛਾ ਦੀ ਗੱਲ ਕੀਤੀ ਗਈ ਹੈ। ਇਹ ਵੀ ਦੱਸਿਆ ਗਿਆ ਹੈ ਕਿ ਬੰਦਾ ਕਿਵੇਂ ਇਕ ਜੂਨ ਤੋਂ ਦੂਜੀ ਜੂਨ ਵਿਚ ਪ੍ਰਵੇਸ਼ ਕਰਦਾ ਹੈ। ਬੰਦੇ ਨੇ ਭਵਸਾਗਰ ਤੋਂ ਕਿਵੇਂ ਬਾਹਰ ਨਿਕਲਣਾ ਹੈ, ਇਸ ਬਾਰੇ ਵੀ ਸੋਝੀ ਦਿੱਤੀ ਗਈ ਹੈ।
ਗਫ਼ਲਤ ਵਿਚ ਪਏ ਮਨੁੱਖ ਦੀ ਤ੍ਰਿਸ਼ਨਾ ਮਾਲੂਆ ਵੇਲ ਵਾਂਗ ਵਧਦੀ ਹੈ, ਉਹ ਜੰਗਲ ਵਿਚ ਭਟਕਣ ਵਾਲੇ ਫਲ ਦੇ ਇਛੁਕ ਬਾਂਦਰ ਵਾਂਗ ਇਕ ਜਨਮ ਤੋਂ ਦੂਜੇ ਜਨਮ ਤਕ ਭਟਕਦਾ ਫਿਰਦਾ ਹੈ। ਸਾਰੰਸ਼ ਇਹ ਹੈ ਕਿ ਮਨੁੱਖ ਤ੍ਰਿਸ਼ਨਾ ਦਾ ਸਤਾਇਆ ਹੋਇਆ ਹੀ ਚੌਰਾਸੀ ਦੇ ਗੇੜ ਵਿਚ ਪਿਆ ਰਹਿੰਦਾ ਹੈ:
ਆਪ ਜੀ ਦਾ ਚੌਥਾ ਸ਼ਬਦ ਜੋ ਕਿ:
ਨਾਰਾਇਣ ਨਿੰਦਸਿ ਕਾਇ ਭੂਲੀ ਗਵਾਰੀ॥
ਦੁਕ੍ਰਿਤੁ ਸੁਕ੍ਰਿਤੁ ਥਾਰੋ ਕਰਮੁ ਰੀ॥ (ਪੰਨਾ 695)
ਵਾਲੀ ਤੁਕ ਨਾਲ ਅਰੰਭ ਹੁੰਦਾ ਹੈ। ਇਸ ਸ਼ਬਦ ਰਾਹੀਂ ਭਗਤ ਜੀ ਉਪਦੇਸ਼ ਦਿੰਦੇ ਹਨ ਕਿ ਹੇ ਮੂਰਖ ਜਿੰਦੇ! ਤੂੰ ਪਰਮਾਤਮਾ ਨੂੰ ਕਿਉਂ ਦੋਸ਼ ਦਿੰਦੀ ਹੈਂ? ਪਾਪ-ਪੁੰਨ ਤੇਰਾ ਆਪਣਾ ਕੀਤਾ ਹੋਇਆ ਕੰਮ ਹੈ। (ਜਿਸ ਦੇ ਕਾਰਨ ਦੁੱਖ ਸੁਖ ਸਹਾਰਨਾ ਪੈਂਦਾ ਹੈ) ਪਿਛਲਾ ਕੀਤਾ ਕੋਈ ਭੀ ਕਰਮ ਮਿਟਦਾ ਨਹੀਂ ਹੈ। ਤਾਹੀਏਂ ਤਾਂ ਮੈਂ ਪਰਮਾਤਮਾ ਦਾ ਨਾਮ ਸਿਮਰਦਾ ਹਾਂ। ਮੈਂ ਪਰਮਾਤਮਾ ਦੀ ਓਟ ਹੀ ਲੈਂਦਾ ਹਾਂ ਤੇ ਆਪਣੇ ਕੀਤੇ ਕਿਸੇ ਕਰਮ ਕਰਕੇ ਆਏ ਦੁੱਖ ਤੋਂ ਪ੍ਰਭੂ ਨੂੰ ਦੋਸ਼ ਨਹੀਂ ਦਿੰਦਾ।
ਭਗਤ ਜੀ ਦੀ ਵਿਚਾਰਧਾਰਾ ਗੁਰਮਤਿ ਦੇ ਅਨੁਕੂਲ ਹੈ। ਆਪ ਨੇ ਪਿਛਲੇ ਕੀਤੇ ਬੰਧਨਾਂ ਤੋਂ ਖਲਾਸੀ ਦਾ ਹੱਲ ਪਰਮਾਤਮਾ ਦਾ ਨਾਮ ਜਪਣ ਵਿਚ ਹੀ ਦੱਸਿਆ ਹੈ।
ਲੇਖਕ ਬਾਰੇ
# 302, ਕਿਦਵਾਈ ਨਗਰ, ਲੁਧਿਆਣਾ
- ਸ. ਗੁਰਦੀਪ ਸਿੰਘhttps://sikharchives.org/kosh/author/%e0%a8%b8-%e0%a8%97%e0%a9%81%e0%a8%b0%e0%a8%a6%e0%a9%80%e0%a8%aa-%e0%a8%b8%e0%a8%bf%e0%a9%b0%e0%a8%98/June 1, 2007
- ਸ. ਗੁਰਦੀਪ ਸਿੰਘhttps://sikharchives.org/kosh/author/%e0%a8%b8-%e0%a8%97%e0%a9%81%e0%a8%b0%e0%a8%a6%e0%a9%80%e0%a8%aa-%e0%a8%b8%e0%a8%bf%e0%a9%b0%e0%a8%98/August 1, 2007
- ਸ. ਗੁਰਦੀਪ ਸਿੰਘhttps://sikharchives.org/kosh/author/%e0%a8%b8-%e0%a8%97%e0%a9%81%e0%a8%b0%e0%a8%a6%e0%a9%80%e0%a8%aa-%e0%a8%b8%e0%a8%bf%e0%a9%b0%e0%a8%98/
- ਸ. ਗੁਰਦੀਪ ਸਿੰਘhttps://sikharchives.org/kosh/author/%e0%a8%b8-%e0%a8%97%e0%a9%81%e0%a8%b0%e0%a8%a6%e0%a9%80%e0%a8%aa-%e0%a8%b8%e0%a8%bf%e0%a9%b0%e0%a8%98/June 1, 2008
- ਸ. ਗੁਰਦੀਪ ਸਿੰਘhttps://sikharchives.org/kosh/author/%e0%a8%b8-%e0%a8%97%e0%a9%81%e0%a8%b0%e0%a8%a6%e0%a9%80%e0%a8%aa-%e0%a8%b8%e0%a8%bf%e0%a9%b0%e0%a8%98/July 1, 2008
- ਸ. ਗੁਰਦੀਪ ਸਿੰਘhttps://sikharchives.org/kosh/author/%e0%a8%b8-%e0%a8%97%e0%a9%81%e0%a8%b0%e0%a8%a6%e0%a9%80%e0%a8%aa-%e0%a8%b8%e0%a8%bf%e0%a9%b0%e0%a8%98/May 1, 2009