editor@sikharchives.org

ਮਨੁੱਖੀ ਬਰਾਬਰੀ, ਅਜ਼ਾਦੀ ਅਤੇ ਅਧਿਕਾਰਾਂ ਦੇ ਅਲੰਬਰਦਾਰ ਕਾਮਾਗਾਟਾ ਮਾਰੂ ਜਹਾਜ਼ ਦੇ ਸੰਘਰਸ਼ੀ ਯੋਧੇ

ਇਸ ਇਤਿਹਾਸਕ ਘਟਨਾ ਦੀ ਅਗਵਾਈ ਕਰਨ ਵਾਲੇ ਹੋਰਨਾਂ ਤੋਂ ਇਲਾਵਾ ਮਹਾਨ ਕ੍ਰਾਂਤੀਕਾਰੀ ਸਿੱਖ ਆਗੂ ਬਾਬਾ ਗੁਰਦਿੱਤ ਸਿੰਘ ਜੀ ਸਨ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਭਾਰਤ ਦੇਸ਼ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ। ਭਾਰਤ ਵਿਚ ਹਰ ਤਰ੍ਹਾਂ ਦੇ ਖਣਿਜ ਪਦਾਰਥ ਮੌਜੂਦ ਹਨ। ਇਥੋਂ ਵਰਗਾ ਜਲਵਾਯੂ ਅਤੇ ਰੰਗ-ਬਰੰਗੀਆਂ ਰੁੱਤਾਂ ਸ਼ਾਇਦ ਹੀ ਹੋਰ ਕਿਧਰੇ ਹੋਣ। ਖੇਤੀਬਾੜੀ ਪ੍ਰਧਾਨ ਦੇਸ਼ ਹੈ। ਇਥੋਂ ਦਾ ਮੁੱਖ ਕਿੱਤਾ ਖੇਤੀ ਹੈ। ਦੇਸ਼ ਦਾ ਬੜਾ ਵੱਡਾ ਹਿੱਸਾ ਸਮੁੰਦਰੀ ਤੱਟ ਨਾਲ ਲੱਗਦਾ ਹੈ ਜੋ ਜਹਾਜ਼ ਰਾਹੀਂ ਵਪਾਰ ਪੱਖੋਂ ਬਹੁਤ ਲਾਭਦਾਇਕ ਹੈ। ਸੈˆਕੜੇ ਹੀ ਦਰਿਆ, ਨਦੀਆਂ ਅਤੇ ਨਾਲੇ ਦੇਸ਼ ਦੇ ਵਾਤਾਵਰਣ ਨੂੰ ਸ਼ਾਂਤ ਅਤੇ ਸ਼ੁੱਧ ਰੱਖਣ, ਹਰਿਆਵਲ ਪ੍ਰਦਾਨ ਕਰਨ ਅਤੇ ਪ੍ਰਦੂਸ਼ਣ ਰਹਿਤ ਵਾਤਾਵਰਣ ਦੇਣ ਅਤੇ ਧਰਤੀ ਨੂੰ ਜਰਖੇਜ਼ ਬਣਾਉਣ ਲਈ ਉੱਤਮ ਸਨ। ਦੇਸ਼ ਜੰਗਲਾਂ ਅਤੇ ਬੇਲਿਆਂ ਕਰਕੇ ਮਸ਼ਹੂਰ ਸੀ। ਭਾਰਤ ਸਭ ਪੱਖੋਂ ਉੱਨਤ, ਖੁਸ਼ਹਾਲ ਅਤੇ ਅਮੀਰ ਦੇਸ਼ ਸੀ। ਨਾਲੰਦਾ ਅਤੇ ਟੈਕਸਲਾ ਆਦਿ ਵਿਸ਼ਵ ਵਿਦਿਆਲਿਆਂ ਕਾਰਨ ਵਿੱਦਿਆ ਦਾ ਗੜ੍ਹ ਸੀ। ਵਿਦੇਸਾਂ ਵਿੱਚੋਂ ਲੋਕ ਇਥੇ ਵਿਦਿਆ ਹਾਸਲ ਕਰਨ ਲਈ ਆਉਂਦੇ ਸਨ। ਭਾਰਤ ਇਕ ਬਹੁਕੌਮੀ, ਬਹੁਧਰਮੀ, ਬਹੁਜਾਤੀ ਅਤੇ ਬਹੁਭਾਸ਼ੀ ਦੇਸ਼ ਹੈ। ਇਸ ਦੀ ਇਸ ਅਨੇਕਤਾ ਵਿਚ ਹੀ ਏਕਤਾ ਹੈ। ਜ਼ਮੀਨੀ ਹਕੀਕਤ ਹੈ ਕਿ ਜੇਕਰ ਘਰ, ਕੌਮ ਜਾਂ ਦੇਸ਼ ਵਿਚ ਫੁੱਟ ਪੈਦਾ ਹੋ ਜਾਵੇ ਜਾਂ ਪਾ ਦਿੱਤੀ ਜਾਵੇ ਤਾਂ ਉਹ ਸਾਰੀਆਂ ਨਿਆਮਤਾਂ, ਕੁਦਰਤੀ ਦਾਤਾਂ ਅਤੇ ਗੁਣਾਂ ਦੇ ਬਾਵਜੂਦ ਕਮਜ਼ੋਰ ਹੋ ਜਾਂਦਾ ਹੈ ਅਤੇ ਸਮਾਂ ਪਾ ਕੇ ਉਹ ਗ਼ੁਲਾਮੀ ਦੇ ਜੂਲੇ ਹੇਠ ਆ ਜਾਂਦਾ ਹੈ। ਜਿਸ ਤਰ੍ਹਾਂ ਅੰਗਰੇਜ ਲਿਖਾਰੀ ਜਾਨ ਡਿਕਨਜ਼ ਲਿਖਦਾ ਹੈ, “UNITED WE STAND, DIVIDED WE FALL.”  ਜਾਂ ਭਾਰਤੀ ਕਹਾਵਤ ਹੈ, “ਘਰ ਪਾਟਿਆ ਲੰਕਾ ਫੂਕੀ।” ਇਹ ਦੇਸ਼ ਦੀ ਬਦਕਿਸਮਤੀ ਹੀ ਸਮਝੋ ਕਿ ਘੁੱਗ ਵੱਸਦੇ ਦੇਸ਼ ਨੂੰ ਸਮਾਜਿਕ, ਧਾਰਮਿਕ, ਆਰਥਿਕ ਅਤੇ ਰਾਜਨੀਤਕ ਖੇਤਰਾਂ ਵਿਚ ਏਕਾਅਧਿਕਾਰ ਤਹਿਤ ਕਰ ਦਿੱਤਾ। ਸਮਾਜਿਕ ਤੌਰ ਉੱਤੇ ਵਰਣ ਵੰਡ- ਖੱਤਰੀ, ਬ੍ਰਾਹਮਣ, ਸੂਦ (ਸੂਦਰ) ਅਤੇ ਵੈਸ਼ ਅਤੇ ਜ਼ਿੰਦਗੀ ਚਾਰ ਆਸਰਮਾਂ ਵਿਚ ਵੰਡ ਦਿੱਤੀ ਗਈ। ਜਿਸ ਕਰਕੇ ਦੇਸ਼ ਅੰਦਰ ਸੰਨਿਆਸੀਆਂ, ਜੋਗੀਆਂ ਅਤੇ ਉਦਾਸੀਆਂ ਦੇ ਵਿਹਲੜ ਟੋਲਿਆਂ ਦੀ ਗਿਣਤੀ ਬੇਸ਼ੁਮਾਰ ਹੋ ਗਈ। ਵਰਣ-ਵੰਡ ਦੇ ਸਦਕਾ ਬ੍ਰਾਹਮਣ ਉੱਚੇ ਬਣ ਗਏ ਭਾਵੇਂ ਉਨ੍ਹਾਂ ਵਿਚ ਗੁਣ ਹੋਣ ਜਾਂ ਨਾ। ਭਾਵੇਂ ਉਨ੍ਹਾਂ ਦਾ ਕਿਰਦਾਰ ਕਿਤਨਾ ਭੀ ਨਖਿੱਧ ਕਿਉਂ ਨਾ ਹੋਵੇ ਅਤੇ ਇਨ੍ਹਾਂ ਲੋਕਾਂ ਨੇ ਧਰਮ ਉਤੇ ਏਕਾਅਧਿਕਾਰ ਜਮਾਂ ਲਿਆ। ਤੁਲਸੀ ਦਾਸ ਜੀ ਇਨ੍ਹਾਂ ਹਾਲਾਤਾਂ ਬਾਰੇ ਠੀਕ ਹੀ ਲਿਖਦੇ ਹਨ,

“ਸੇਵੀਐ ਬਿਪ੍ਰ ਗਯਾਨ ਗੁਣ ਹੀਨਾ।
ਸੂਦ੍ਰ ਨ ਸੇਵੀਐ ਗਯਾਨ ਪ੍ਰਬੀਨਾ।”

ਦੂਸਰੇ ਖੱਤਰੀ ਉੱਚ ਸ਼੍ਰੇਣੀ ਵਾਲਿਆਂ ਦਾ ਰਾਜਸੀ ਸ਼ਕਤੀ ਉਤੇ ਏਕਾਅਧਿਕਾਰ ਕਾਇਮ ਹੋ ਗਿਆ ਭਾਵੇਂ ਉਹ ਕਿਤਨੇ ਹੀ ਅੱਯਾਸ਼ ਹੋਣ, ਬਲਾਸੀ ਹੋਣ, ਨਿਕੰਮੇ ਹੋਣ ਜਾਂ ਜਾਲਮ ਅਤੇ ਜ਼ਾਬਰ

“ਰਾਜੇ ਸੀਹ ਮੁਕਦਮ ਕੁਤੇ॥”

ਅਤੇ

“ਰਾਜੈ ਪਾਪ ਕਮਾਂਵਦੇ ਉਲਟੀ ਵਾੜ ਖੇਤੁ ਕਉ ਖਾਈ॥”

ਹੋਣ। ਰਾਜੇ ਨਿਹਕਲੰਕ ਬਣ ਗਏ ਅਤੇ ਬ੍ਰਾਹਮਣ ਜਗਤ ਗੁਰੂ ਬਣ ਗਿਆ ਅਤੇ ਉਹ ਜਿਵੇਂ ਦਾ ਵੀ ਜੀਵਨ ਬਤੀਤ ਕਰਨ ਕਿਸੇ ਨੂੰ ਵੀ ਉਫ਼ ਕਰਨ ਦਾ ਕੋਈ ਅਧਿਕਾਰ ਨਹੀਂ ਸੀ। ਇਸੇ ਕਰਕੇ ਇਹ ਕਹਾਵਤ ਬਣ ਗਈ, “ਰਾਣੀ ਨੂੰ ਕੌਣ ਕਹੇ ਅੱਗਾ ਢਕ।” ਇਸੇ ਤਰ੍ਹਾਂ ਵਪਾਰ ਅਤੇ ਖੇਤੀਬਾੜੀ ਜ਼ਿਮੀਂਦਾਰੀ ਵਿਚ ਮਾਲਕੀ ਦਾ ਅਧਿਕਾਰ ਵੈਸ਼ਾਂ ਪਾਸ ਰਾਖਵਾਂ ਹੋ ਗਿਆ। ਸਾਰੇ ਦੇਸ਼ ਸਮਾਜ ਦੀ ਸੇਵਾ ਕਰਨ, ਕਿਰਤ ਕਰਨ ਅਤੇ ਗ਼ੁਲਾਮੀ ਕਰਨ ਦਾ ਫਰਜ਼ ਸ਼ੂਦਰ ਦੇ ਪੱਲੇ ਪੈ ਗਿਆ। ਇਨ੍ਹਾਂ ਪਾਸ ਕੇਵਲ ਤੇ ਕੇਵਲ ਫਰਜ਼ ਹੀ ਸਨ, ਪਰੰਤੂ ਅਧਿਕਾਰ ਕਿਸੇ ਵੀ ਖੇਤਰ ਵਿਚ ਕੋਈ ਨਹੀਂ ਸੀ। ਬੱਸ! ਇਹ ਕੇਵਲ ਸਾਰੇ ਦੇਸ਼-ਸਮਾਜ ਦਾ ਹਰ ਕਿਸਮ ਦਾ ਬੋਝ ਚੁੱਕਣ ਵਾਲੇ ਧਰਤੀ ਦੇ ਪੁੱਤ ਬਣ ਗਏ।

“ਇਕਿ ਨਿਹਾਲੀ ਪੈ ਸਵਨਿ ਇਕਿ ਉਪਰਿ ਰਹਨਿ ਖੜੇ॥” (475)

ਵਾਲੀ ਸਥਿਤੀ ਬਣੀ ਹੋਈ ਸੀ। ਕ੍ਰਿਤੀ ਅਤੇ ਕ੍ਰਿਤ ਦਾ ਕੋਈ ਸਤਿਕਾਰ ਨਾ ਰਿਹਾ। ਗੁਣ ਕਾ ਗਾਹਕ ਕੋਈ ਨਾ ਰਿਹਾ। ਕ੍ਰਿਤੀਆਂ ਪਾਸ ਸੇਵਾ ਤੋਂ ਬਿਨਾਂ ਕੋਈ ਵੀ ਅਧਿਕਾਰ ਨਹੀਂ ਸੀ। ਉਪਰਲਿਆਂ ਪਾਸ ਸਾਰੇ ਅਧਿਕਾਰ, ਸੁਖ-ਸਹੂਲਤਾਂ, ਧਨ-ਧਰਤੀ, ਜਗੀਰਦਾਰੀ, ਰਾਜ ਅਤੇ ਧਰਮ ਦੀ ਮਾਲਕੀ ਹੋਣ ਕਰਕੇ ਉਹ ਕੁਰਾਹੇ ਪੈ ਗਏ,

“ਬਹੁ ਸਾਦਹੁ ਦੂਖੁ ਪਰਾਪਤਿ ਹੋਵੈ॥
ਭੋਗਹੁ ਰੋਗ ਸੁ ਅੰਤਿ ਵਿਗੋਵੈ॥
ਹਰਖਹੁ ਸੋਗੁ ਨ ਮਿਟਈ ਕਬਹੂ ਵਿਣੁ ਭਾਣੇ ਭਰਮਾਇਦਾ॥” (1034)

ਵਾਲੀ ਗੱਲ ਹੋ ਗਈ। ਅੱਯਾਸ਼ੀ ਅਤੇ ਬਲਾਸੀ ਹੋਣ ਕਰਕੇ ਉਨ੍ਹਾਂ ਨੇ ਆਪਣਾ ਧਰਮ ਤਥਾ ਫਰਜ਼ ਤਿਆਗ ਦਿੱਤਾ। ਜ਼ੋਰ, ਜਬਰ ਅਤੇ ਜ਼ੁਲਮ ਦਾ ਬੋਲਬਾਲਾ ਹੋ ਗਿਆ। ਜਿਸ ਦਾ ਨਤੀਜਾ ਦੇਸ਼ ਦੀ ਲੰਮੀ ਗ਼ੁਲਾਮੀ ਵਿਚ ਨਿਕਲਿਆ। ਇਨ੍ਹਾਂ ਅਖੌਤੀ ਉੱਚ ਸ਼੍ਰੇਣੀ ਵਾਲਿਆਂ ਨੇ ਆਪਣੇ ਦੇਸ਼, ਧਰਮ ਅਤੇ ਕੌਮ ਦੀ ਰਾਖੀ ਕਰਨ ਦੀ ਥਾਂ ਵਿਦੇਸ਼ੀਆਂ ਨਾਲ ਸਮਝੌਤੇ ਕਰਕੇ ਜਾਂ ਹਾਰ ਮੰਨ ਕੇ ਉਨ੍ਹਾਂ ਦੀ ਅਧੀਨਗੀ ਕਬੂਲ ਕਰ ਲਈ ਅਤੇ ਆਪਣੀਆਂ “ਗ਼ੁਲਾਮ ਗੱਦੀਆਂ” ਕਾਇਮ ਰੱਖ ਲਈਆਂ। ਗਿਰਾਵਟ ਇਤਨੀ ਆ ਗਈ ਕਿ ਵਿਦੇਸ਼ੀਆਂ ਨਾਲ ਭਾਈਵਾਲ ਬਣ ਕੇ ਆਪਣੇ ਭਰਾਵਾਂ ਉਤੇ ਹਮਲੇ ਕਰਦੇ ਰਹੇ। ਜ਼ੁਲਮ ਢਾਹੁੰਦੇ ਰਹੇ। ਗੁਰ-ਇਤਿਹਾਸ ਵਿਚ ਭੰਗਾਣੀ ਦਾ ਯੁੱਧ, ਨਦੌਣ ਦਾ ਯੁੱਧ, ਸ੍ਰੀ ਅਨੰਦਪੁਰ ਸਾਹਿਬ ਦਾ ਯੁੱਧ ਅਤੇ ਖਿਦਰਾਣੇ ਦੀ ਢਾਬ (ਮੁਕਤਸਰ) ਦੀ ਜੰਗ ਇਤਿਹਾਸਕ ਗਵਾਹੀ ਵਜੋਂ ਕੁਝ-ਕੁ ਉਦਾਹਰਣਾਂ ਮੌਜੂਦ ਹਨ। ਦੇਸ਼ ਭਗਤੀ, ਰਾਸ਼ਟਰੀਅਤਾ, ਅਣਖ ਅਤੇ ਗ਼ੈਰਤ ਨਾਂ ਦੀ ਕੋਈ ਚੀਜ਼ ਨਾ ਰਹੀ। ਬ੍ਰਾਹਮਣ ਨੇ

“ਅੰਤਰਿ ਪੂਜਾ ਪੜਹਿ ਕਤੇਬਾ ਸੰਜਮੁ ਤੁਰਕਾ ਭਾਈ॥” (471)

ਦੀ ਹਾਲਤ ਵਿਚ ਵਿਚਰਨਾ ਹੀ ਕਬੂਲ ਕਰ ਲਿਆ। ਇਸ ਤਰ੍ਹਾਂ ਸਮਾਜ ਹਰ ਪੱਖੋਂ ਦੋ ਫਾੜ ਹੋ ਗਿਆ। ਬੁਰੀ ਤਰ੍ਹਾਂ ਵੰਡਿਆ ਗਿਆ। ਪ੍ਰਸਿੱਧ ਪੰਜਾਬੀ ਕਵੀ ਪ੍ਰੋ: ਮੋਹਨ ਸਿੰਘ ਲਿਖਦੇ ਹਨ:-

ਦੋ ਟੋਟਿਆਂ ਦੇ ਵਿਚ ਭੋਂ ਟੁੱਟੀ, ਇਕ ਮਹਿਲਾਂ ਦੀ ਇਕ ਢੋਕਾਂ ਦੀ।
ਦੋ ਧੜਿਆਂ ਵਿਚ ਖਲਕਤ ਵੰਡੀ, ਇੱਕ ਲੋਕਾਂ ਦੀ ਇੱਕ ਜੋਕਾਂ ਦੀ।

ਇਨ੍ਹਾਂ ਹਾਲਾਤਾਂ ਵਿਚ ਗ਼ਰੀਬ ਕਿਰਤੀ ਸ਼ੂਦਰ ਦੂਹਰੀ ਗ਼ੁਲਾਮੀ ਹੇਠ ਆ ਗਿਆ ਅਤੇ ਉਹ ਚੱਕੀ ਦੇ ਦੋਹਾਂ ਪੁੜਾਂ ਵਿਚਾਲੇ ਪੀਸਿਆ ਗਿਆ। ਜਿਸ ਤਰ੍ਹਾਂ ਕੁਦਰਤ ਦਾ ਇਹ ਕਾਨੂੰਨ ਮੰਨਿਆ ਗਿਆ ਹੈ ਕਿ ਹਰ ਚੀਜ਼ ਦੀ ਸੀਮਾ ਅਤੇ ਅੰਤ ਹੁੰਦਾ ਹੈ ਅਤੇ ਤਬਦੀਲੀ ਕੁਦਰਤ ਦਾ ਕਾਨੂੰਨ ਹੈ। ਅੰਗਰੇਜ ਲਿਖਾਰੀ ਨੇ ਵੀ ਲਿਖਿਆ ਹੈ, “EVERY THING HAS ITS LIMITS.” ਤਥਾ CHANGE IS THE LAW OF NATURE.” ਕਿਰਤੀਆਂ-ਸੂਦਰਾਂ ਉਤੇ ਝੁੱਲ ਰਹੀ ਹਨੇਰੀ ਵਿਰੁੱਧ ਭਾਰਤ ਦੇ ਵੱਖ-ਵੱਖ ਕੋਨਿਆਂ ਤੋਂ ਇਸ ਘੋਰ ਬੇਇਨਸਾਫੀ, ਗ਼ੈਰਕੁਦਰਤੀ ਅਤੇ ਗ਼ੈਰਮਨੁੱਖੀ ਵਰਤਾਰੇ, ਜ਼ੋਰ, ਜਬਰ ਅਤੇ ਜ਼ੁਲਮ ਵਿਰੁੱਧ ਅਵਾਜ਼ ਉਠਣ ਲੱਗੀ। ਇਸ ਦੇ ਮੋਢੀਆਂ ਵਿੱਚੋਂ ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਭਗਤ ਨਾਮਦੇਵ ਜੀ, ਭਗਤ ਸੈਣ ਜੀ ਆਦਿ ਸੂਦਰ ਜਾਤੀਆਂ ਨਾਲ ਸਬੰਧਤ ਸ਼੍ਰੋਮਣੀ ਭਗਤਾਂ ਦਾ ਨਾਮ ਲਿਆ ਜਾ ਸਕਦਾ ਹੈ। ਇਸ ਨੂੰ ਭਾਰਤ ਦੇ ਇਤਿਹਾਸ ਵਿਚ “ਭਗਤੀ ਲਹਿਰ” ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸੇ ਸਮੇਂ ਇਕ ਹੋਰ “ਬੁਲੰਦ ਅਵਾਜ਼” ਪੰਜਾਬ ਤੋਂ ਉਠੀ ਜਿਸ ਨੇ ਦੁਨੀਆਂ ਖਾਸ ਕਰਕੇ ਭਾਰਤ-ਭਰ ਵਿਚ ਵਰਤ ਰਹੇ ਗ਼ੈਰ-ਕੁਦਰਤੀ ਅਤੇ ਗ਼ੈਰ ਮਨੁੱਖੀ ਵਰਤਾਰੇ, ਜਾਬਰ, ਜ਼ਾਲਮ ਅਤੇ ਲੋਟੂ ਸ਼ਕਤੀਆਂ, ਜਗੀਰਦਾਰੀ ਸਿਸਟਮ, ਵਰਣ ਵੰਡ ਅਤੇ ਆਸ਼ਰਮ ਵੰਡ ਵਿਰੁੱਧ ਇਕ ਸੰਪੂਰਨ ਕ੍ਰਾਂਤੀ ਦਾ ਮੁੱਢ ਬੱਝਿਆ ਅਤੇ ਇਸ ਕ੍ਰਾਂਤੀ ਨੂੰ ਸਫਲ ਬਣਾਉਣ ਹਿੱਤ ਦੇਸ਼ ਦੁਨੀਆਂ ਨੂੰ ਇਕ ਨਿਵੇਕਲੀ ਅਤੇ ਮੁਕੰਮਲ (ਫ਼ਲਸਫ਼ਾ) ਵਿਚਾਰਧਾਰਾ ਦਿੱਤੀ। ਜਿਸ ਦੇ ਪ੍ਰਚਾਰ ਲਈ ਉਨ੍ਹਾਂ ਨੇ ਚਾਰੇ ਦਿਸ਼ਾਵਾਂ ਵਿਚ ਚਾਰ ਉਦਾਸੀਆਂ ਦੇ ਰੂਪ ਵਿਚ ਭਰਮਣ ਕੀਤਾ ਅਤੇ ਲੋਕਾਂ ਅੰਦਰ ਉਨ੍ਹਾਂ ਦੀ ਹੋਂਦ ਹਸਤੀ ਦੇ ਅਹਿਸਾਸ, ਅਣਖ, ਗ਼ੈਰਤ, ਮਨੁੱਖੀ ਅਜ਼ਾਦੀਆਂ, ਮਨੁੱਖੀ ਬਰਾਬਰੀ ਅਤੇ ਹੱਕਾਂ ਪ੍ਰਤੀ ਜਾਗ੍ਰਤੀ ਪੈਦਾ ਕੀਤੀ। ਇਹ ਬੁਲੰਦ ਅਵਾਜ ਸੀ ਰਾਇ ਭੋਇ ਦੀ ਤਲਵੰਡੀ (ਹੁਣ ਨਨਕਾਣਾ ਸਾਹਿਬ ਪਾਕਿਸਤਾਨ) ਤੋਂ ਜਗਤ ਦੇ ਰਹਿਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੇਸ਼ ਅੰਦਰ ਚਿਰਾਂ ਤੋਂ ਪਨਪ ਰਹੇ ਗ਼ੈਰ-ਕੁਦਰਤੀ ਅਤੇ ਗ਼ੈਰ-ਮਨੁੱਖੀ ਵਰਤਾਰੇ ਅਤੇ ਸਮੁੱਚੇ ਰੂੜ੍ਹੀਵਾਦੀ ਢਾਂਚੇ ਉਤੇ ਕਰਾਰੀ ਸੱਟ ਮਾਰੀ ਕਿਉਂਕਿ ਸਾਰਾ ਢਾਂਚਾ ਮਨੁੱਖੀ ਚਤੁਰਾਈ, ਅਤੇ ਖ਼ੋਖਲੇ ਵਿਚਾਰਾਂ ਵਿੱਚੋਂ ਪੈਦਾ ਹੋਇਆ ਸੀ ਜੋ ਕਿ ਗ਼ੈਰ-ਕੁਦਰਤੀ ਸੀ। ਇਸ ਦੀਆਂ ਜੜ੍ਹਾਂ ਹਿੱਲਣ ਲੱਗੀਆਂ। ਨਤੀਜੇ ਵਜੋਂ ਇਨ੍ਹਾਂ ਸ਼ਕਤੀਆਂ ਨੇ ਵਿਦੇਸ਼ੀਆਂ ਨਾਲ ਰਲ ਕੇ ਇਸ ਨਵੀਂ ਉਠ ਰਹੀ ਮਨੁੱਖੀ ਹੱਕਾਂ ਅਤੇ ਬਰਾਬਰੀ ਦੀ ਲਹਿਰ ਦਾ ਸਖ਼ਤ ਵਿਰੋਧ ਸ਼ੁਰੂ ਕਰ ਦਿੱਤਾ। ਇਸ ਵਿਰੋਧ ਦੇ ਕਾਰਨ ਇਨ੍ਹਾਂ ਮਨੁੱਖੀ ਬਰਾਬਰੀ ਅਤੇ ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰਾਂ ਨੂੰ ਮਹਾਨ ਕੁਰਬਾਨੀਆਂ ਕਰਨੀਆਂ ਪਈਆਂ ਅਤੇ ਸ਼ਹੀਦੀਆਂ ਦੇਣੀਆਂ ਪਈਆਂ ਅਤੇ ਅਣਕਿਆਸੇ ਜ਼ੁਲਮ ਅਤੇ ਤਸੀਹੇ ਝੱਲਣੇ ਪਏ। ਸਮਾਂ ਪਾ ਕੇ ਹੇਠਲੀ ਉਤੇ ਆਈ। ਜਦੋਂ ਮਹਾਨ ਸੂਰਬੀਰ ਅਤੇ ਅਦੁੱਤੀ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨੇ ‘ਗੁਰੂ ਕਿਰਪਾ’ ਦੁਆਰਾ ਧਰਤੀ ਉਤੇ ਕਿਰਤੀਆਂ ਨੂੰ ਰਾਜ-ਭਾਗ, ਧਰਮ, ਧਾਰਮਿਕਤਾ, ਆਰਥਿਕਤਾ ਅਤੇ ਜ਼ਮੀਨ ਦੀ ਮਾਲਕੀ ਦੇ ਕੇ ਨਵੀਂ ਕ੍ਰਾਂਤੀ ਨੂੰ ਸੱਚ ਕਰ ਵਿਖਾਇਆ। ਉਨ੍ਹਾਂ ਪਿੱਛੋਂ ਇਸ ਲਹਿਰ ਦੀ ਅਗਵਾਈ 12 ਮਿਸਲਾਂ ਦੇ ਰੂਪ ਵਿਚ ਹੋਈ ਅਤੇ ਉਪਰੰਤ 1799 ਈ: ਤੋਂ 1849 ਈ: ਤੀਕ ਦਾ ਮਹਾਰਾਜਾ ਰਣਜੀਤ ਸਿੰਘ ਦੇ ਵਿਸ਼ਾਲ ਰਾਜ ਦੇ ਰੂਪ ਵਿਚ ਕਾਇਮ ਰਹੀ। ਦੇਸ਼ ਅਤੇ ਕੌਮ ਦੀ ਬਦਕਿਸਮਤੀ ਕਿ ਇਸੇ ਸਮੇਂ ਦੌਰਾਨ ਉਹ ਪੁਰਾਣੀਆਂ ਬੁਰਾਈਆਂ ਜਾਤ-ਪਾਤੀ ਅਤੇ ਜਗੀਰਦਾਰੀ ਸਿਸਟਮ ਮੁੜ ਕਾਇਮ ਹੋ ਗਿਆ ਅਤੇ ਲਾਹੌਰ ਦਰਬਾਰ ਵੀ ਆਮ ਰਾਜ ਦਰਬਾਰਾਂ ਵਾਂਗ ਦਰਬਾਰੀ ਸਾਜਿਸ਼ਾਂ ਦਾ ਸ਼ਿਕਾਰ ਹੋ ਗਿਆ ਅਤੇ ਦੇਸ਼ ਦੇ ਬਾਕੀ ਵੱਡੇ ਹਿੱਸੇ ਵਾਂਗ “ਦੇਸ਼ ਪੰਜਾਬ” ਵੀ ਅੰਗਰੇਜ਼ ਦਾ ਗ਼ੁਲਾਮ ਹੋ ਗਿਆ। ਪਰੰਤੂ ਖ਼ਾਲਸਾ ਪੰਥ ਅੰਦਰ ਸਤਿਗੁਰਾਂ ਵੱਲੋਂ ਜਗਾਈ ਸਵੈਮਾਣ ਅਤੇ ਅਜਾਦੀ ਦੀ ਪਰਚੰਡ ਜੋਤਿ ਅਜੇ ਮੱਧਮ ਨਹੀਂ ਹੋਈ ਸੀ। ਸਿੱਖਾਂ ਅਤੇ ਖ਼ਾਲਸਾ ਫੌਜਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਬਾਅਦ ਫਿਰੰਗੀਆਂ ਨਾਲ ਸਾਰੀਆਂ ਲੜਾਈਆਂ ਬੜੀ ਬਹਾਦਰੀ, ਦਲੇਰੀ ਅਤੇ ਜਾਂਬਾਜੀ ਨਾਲ ਲੜੀਆਂ ਅਤੇ ਅੰਗਰੇਜ ਅਤੇ ਭਾਰਤੀ ਫੌਜਾਂ ਦੀ ਸਾਂਝੀ ਕਮਾਨ ਦੇ ਥਾਂ-ਥਾਂ ਦੰਦ ਖੱਟੇ ਕਰ ਦਿੱਤੇ ਅਤੇ ਲੰਦਨ ਟਾਪੂਆਂ ਵਿਚ ਕੁਰਲਾਹਟ ਮੱਚਾ ਦਿੱਤੀ ਪਰੰਤੂ ਮਕਾਰ ਅਤੇ ਗ਼ਦਾਰ ਡੋਗਰਿਆਂ ਅਤੇ ਪੂਰਬੀਆਂ ਮਿਸਰ ਲਾਲ ਸਿੰਹੁ ਅਤੇ ਤੇਜ ਸਿਹੁੰ ਦੀਆਂ ਸਾਜਿਸ਼ਾਂ, ਕਪਟ ਅਤੇ ਧੋਖਾਧੜੀ ਅਤੇ ਬਾਕੀ ਦੇ ਭਾਰਤ ਦੀਆਂ ਫੌਜਾਂ ਦੀ ਅੰਗਰੇਜੀ ਫੌਜਾਂ ਨਾਲ ਸਾਂਝ ਕਾਰਨ ਖ਼ਾਲਸਾ ਫੌਜਾਂ ਨੂੰ ਜਿੱਤ ਕੇ ਵੀ ਹਾਰ ਹੋਈ। ਮਹਾਰਾਜਾ ਰਣਜੀਤ ਸਿੰਘ ਦੇ ਲਾਸਾਨੀ, ਜਾਂਬਾਜ, ਦਲੇਰ ਅਤੇ ਬਹਾਦਰ ਜਰਨੈਲਾਂ ਨੇ ਜਾਨ ਹੂਲ ਕੇ ਲੜਾਈਆਂ ਲੜੀਆਂ ਅਤੇ ਸ਼ਹੀਦੀਆਂ ਪਾਈਆਂ। ਪਰੰਤੂ ਦੇਸ਼ ਪੰਜਾਬ ਗ਼ੁਲਾਮ ਹੋ ਗਿਆ। ਹੁਣ ਸਮੁੱਚਾ ਭਾਰਤ ਹੀ ਅੰਗਰੇਜ ਦੇ ਅਧੀਨ ਹੋ ਗਿਆ। ਅੰਗਰੇਜ ਨੇ ਦੇਸ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ। ਦੇਸ਼ ਤੋਂ ਕੱਚਾ ਮਾਲ ਵਿਦੇਸ਼ਾਂ ਵੱਲ ਲਿਜਾਇਆ ਗਿਆ। ਭਾਰਤ ਵਿਚ ਤਾਂ ਕੱਪੜੇ ਸਿਉਣ ਵਾਲੀ ਸੂਈ ਵੀ ਹੁਣ ਵਿਦੇਸ਼ਾਂ ਵਿੱਚੋਂ ਆਉਂਦੀ ਸੀ। ਪੇਂਡੂ ਵੱਸੋਂ ਜਾਤ-ਪਾਤੀ ਸਿਸਟਮ ਤੋਂ ਇਲਾਵਾ ਦੋ ਹਿੱਸਿਆਂ ਵਿਚ ਵੰਡੀ ਗਈ ਇੱਕ ਹਿੱਸਾ ਜਗੀਰਦਾਰਾਂ ਅਤੇ ਦੂਸਰਾ ਕਿਰਤੀ ਮਜ਼ਾਰਿਆਂ ਦਾ ਹੋ ਗਿਆ। ਸਖ਼ਤ ਕਾਨੂੰਨਾਂ ਅਤੇ ਭਾਂਤ-ਭਾਂਤ ਦੇ ਟੈਕਸਾਂ ਕਾਰਨ ਲੋਕਾਂ ਦਾ ਜਿਉਣਾ ਦੁੱਭਰ ਹੋ ਗਿਆ। ਲਿਖਣ ਅਤੇ ਬੋਲਣ ਦੀ ਕੋਈ ਆਜ਼ਾਦੀ ਨਹੀਂ ਸੀ। ਜੇਕਰ ਕੋਈ ਅੰਗਰੇਜ਼ ਸਰਕਾਰ ਦੀਆਂ ਵਧੀਕੀਆਂ ਵਿਰੁੱਧ ਬੋਲਣ ਦਾ ਹੀਆ-ਹੌਂਸਲਾ ਕਰਦਾ ਸੀ ਤਾਂ ਉਸ ਨੂੰ ਮੁਗ਼ਲ ਸਰਕਾਰਾਂ ਨਾਲੋਂ ਵੀ ਵੱਧ ਸਖ਼ਤ ਸਜਾਵਾਂ ਦਿੱਤੀਆਂ ਜਾਂਦੀਆਂ ਸਨ। ਜਿਸ ਕਾਰਨ ਪੰਜਾਬ ਅੰਦਰ ਗ਼ਰੀਬੀ, ਬੇਰੁਜ਼ਗਾਰੀ ਅਤੇ ਅਨਪੜ੍ਹਤਾ ਜ਼ੋਰ ਫੜਨ ਲੱਗੀ। ਪਹਿਲਾ ਸੰਸਾਰ ਦਾ ਯੁੱਧ 1914-1919 ਵਿਚ ਅਤੇ ਦੂਜਾ ਸੰਸਾਰ ਯੁੱਧ 1939-1945 ਹੋਇਆ। ਮੌਕੇ ਮੁਤਾਬਕ ਪੰਜਾਬੀ ਗੱਭਰੂਆਂ ਅਤੇ ਖ਼ਾਸ ਕਰਕੇ ਸਿੱਖ ਨੌਜੁਆਨਾਂ ਨੇ ਅੰਗਰੇਜ ਫੌਜ ਜਾਂ ਸਿਵਲ ਪ੍ਰਸਾਸ਼ਨ ਜਾਂ ਫਿਰੰਗੀ ਦੇ ਨਿੱਜੀ ਘਰਾਂ ਵਿਚ ਨੌਕਰੀਆਂ ਕਰ ਲਈਆਂ ਅਤੇ ਉਹ ਸਮੁੰਦਰੋਂ ਪਾਰ ਵਿਦੇਸਾਂ ਵਿਚ ਪਹੁੰਚੇ। ਇਨ੍ਹਾਂ ਸਿੱਖ ਫੌਜੀਆਂ ਨੇ ਅੰਗਰੇਜ ਕਮਾਨ ਅਧੀਨ ਦੋਹਾਂ ਸੰਸਾਰ ਯੁੱਧਾਂ ਵਿਚ ਜੋ ਜੌਹਰ ਦਿਖਾਏ ਉਸ ਕਾਰਨ ਇਨ੍ਹਾਂ ਨੂੰ ਅੰਗਰੇਜ ਵੱਲੋਂ ਪੂਰਾ ਮਾਣ-ਸਨਮਾਨ ਮਿਲਣ ਦੀ ਆਸ ਸੀ। ਵਿਦੇਸ਼ਾਂ ਵਿਚ ਜਾ ਕੇ ਵੱਸਣ ਵਾਲੇ ਬਹੁਤੇ ਇਹ ਪੁਰਾਣੇ ਸਿੱਖ ਫੌਜੀ ਜਾਂ ਮੁਲਾਜ਼ਮ ਤਬਕਾ ਹੀ ਸੀ। ਇਨ੍ਹਾਂ ਨੇ ਕੈਨੇਡਾ, ਅਮਰੀਕਾ, ਮਲਾਇਆ, ਸਿੰਘਾਪੁਰ ਆਦਿ ਦੇਸ਼ਾਂ ਵਿਚ ਛੋਟੇ ਧੰਦੇ ਅਰੰਭ ਕਰ ਲਏ। ਇਸ ਤਰ੍ਹਾਂ ਬਹੁਤ ਸਾਰਿਆਂ ਨੇ ਰੋਜ਼ੀ-ਰੋਟੀ ਕਮਾਉਣ ਹਿਤ ਵਿਦੇਸ਼ਾਂ ਵਿਚ ਜਾ ਡੇਰੇ ਲਾਏ ਅਤੇ ਛੋਟੀਆਂ-ਮੋਟੀਆਂ ਨੌਕਰੀਆਂ, ਠੇਕੇਦਾਰੀ ਜਾਂ ਵਪਾਰ ਅਰੰਭ ਕਰ ਲਿਆ। ਪੰਜਾਬੀ ਮੁੱਢਲੇ ਤੌਰ ’ਤੇ ਕਿਰਤੀ, ਮਿਹਨਤੀ, ਅਗਾਂਹ ਵਧੂ ਅਤੇ ਹਿੰਮਤੀ ਹਨ। ਗੁਰਮਤਿ ਨੇ ਇਨ੍ਹਾਂ ਨੂੰ

“ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ ॥
ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ॥” (522)

ਤਥਾ

“ਸੁਕ੍ਰਿਤੁ ਕੀਜੈ ਨਾਮੁ ਲੀਜੈ ਨਰਕਿ ਮੂਲਿ ਨ ਜਾਈਐ॥” (461)

ਦਾ ਸਿਧਾਂਤ ਦਿੱਤਾ ਅਤੇ ਇਹ ਨੰਗ ਭੁੱਖ ਤੋਂ ਖਹਿੜਾ ਛੁਡਾਉਣ ਲਈ ‘ਹਥੀਂ ਕਾਰ ਕਮਾਵਣੀ’ ਦੇ ਰਾਹ ਤੁਰੇ। ਇਸ ਤਰ੍ਹਾਂ ਹਿੰਮਤ, ਹੌਂਸਲਾ ਅਤੇ ਕਿਰਤ ਕਰਨ ਦੀ ਭਾਵਨਾ ਤਾਂ ਇਨ੍ਹਾਂ ਨੂੰ ਵਿਰਸੇ ਵਿਚ ਹੀ ਮਿਲੀ ਸੀ। ਵਿਦੇਸ਼ਾਂ ਜਿਵੇਂ ਕਿ ਮਲੇਸ਼ੀਆ, ਹਾਂਗਕਾਂਗ, ਥਾਈਲੈˆਡ, ਜਾਵਾ ਤੇ ਸਮਾਟਰਾ, ਸ਼ੰਘਾਈ, ਮਨੀਲਾ, ਕੈਨੇਡਾ, ਪੂਰਬੀ ਅਮਰੀਕਾ, ਆਸਟਰੇਲੀਆ ਅਤੇ ਇੰਗਲੈˆਡ ਆਦਿ ਵਿਚ ਇਹ ਪੰਜਾਬੀ ਵਿਸੇਸ਼ ਕਰਕੇ ਸਿੱਖ ਤਕਰੀਬਨ ਸੰਨ 1900 ਈ: ਵਿਚ ਪਹੁੰਚੇ, ਫੈਲੇ ਪਸਰੇ ਅਤੇ ਟਿਕੇ, ਕਿਉਂਕਿ ਹੁਣ ਇਹ ਸਾਰੇ ਮੁਲਕ ਅੰਗਰੇਜਾਂ ਦੀਆਂ ਬਸਤੀਆਂ ਸਨ। ਹਰ ਇਕ ਨੂੰ ਕਿਧਰੇ ਵੀ ਜਾਂ ਕਿਸੇ ਵੀ ਦੂਸਰੇ ਦੇਸ਼ ਵਿਚ ਜਾ ਸਕਣ ਵਿਚ ਕੋਈ ਔਖ ਨਹੀਂ ਸੀ ਅਤੇ ਕੋਈ ਪਾਸਪੋਰਟ ਜਾਂ ਵੀਜ਼ਾ ਲੈਣ ਦੀ ਲੋੜ ਨਹੀਂ ਸੀ। ਸਾਰੇ ਹੀ ਬਰਤਾਨਵੀ ਸਰਕਾਰ ਦੇ ਅਧੀਨ ਸਨ। ਭਾਵੇਂ ਪਹਿਲਾਂ ਹੀ ਜਗੀਰਦਾਰੀ ਅਤੇ ਜਾਤ-ਪਾਤੀ ਸਿਸਟਮ ਛੋਟੀਆਂ ਭਾਰਤੀ ਰਿਆਸਤਾਂ ਦੇ ਹੋਂਦ ਵਿਚ ਆਉਣ ਕਾਰਨ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਹੀ ਮੁੜ ਪ੍ਰਫੁਲਤ ਹੋਣ ਲੱਗ ਪਿਆ ਸੀ ਪਰੰਤੂ ਅੰਗਰੇਜੀ ਸਰਕਾਰ ਦੇ ਰਾਜ ਕਾਲ ਸਮੇਂ ਇਹ ਚੌਂਕੀਦਾਰ, ਨੰਬਰਦਾਰ, ਜ਼ੈਲਦਾਰ, ਸਫੈਦਪੋਸ਼ ਅਤੇ ਜਗੀਰਦਾਰ ਆਦਿ ਦੀਆਂ ਸੰਸਥਾਵਾਂ ਰਾਹੀਂ ਹੋਰ ਪੱਕੇ ਪੈਰੀਂ ਹੋ ਗਿਆ। ਗ਼ਰੀਬ ਕਿਰਤੀਆਂ, ਗ਼ਰੀਬ ਜਾਤੀਆਂ ਉਤੇ ਜ਼ੁਲਮ, ਕੰਗਾਲੀ ਅਤੇ ਭੁੱਖਮਰੀ ਦਾ ਦੌਰ ਸ਼ੁਰੂ ਹੋ ਗਿਆ, ਉਪਰੋਂ ਕੁਦਰਤ ਦੀ ਕਰੋਪੀ ਕਾਰਨ ਪਏ ਕਾਲ ਮਹਾਂਮਾਰੀ ਅਤੇ ਗ਼ਰੀਬੀ ਨੇ ਪੰਜਾਬੀਆਂ ਦੀ ਪੀੜਾ ਨੂੰ ਹੋਰ ਵੀ ਗੰਭੀਰ ਬਣਾ ਦਿੱਤਾ। ਜਿਸ ਕਰਕੇ “ਭੁਖਾ ਮਰਦਾ, ਕੀ ਨਾ ਕਰਦਾ” ਦੀ ਕਹਾਵਤ ਅਨੁਸਾਰ ਇਨ੍ਹਾਂ ਨੇ ਰੁਜ਼ਗਾਰ ਦੀ ਭਾਲ ਵਿਚ ਹੀ ਵਿਦੇਸ਼ਾਂ ਨੂੰ ਚਾਲੇ ਪਾਏ ਸਨ। ਇਨ੍ਹਾਂ ਸਿੱਖਾਂ ਨੇ ਕੈਨੇਡਾ ਵਿਚ ਸੜਕਾਂ ਅਤੇ ਰੇਲ ਲਾਈਨਾਂ ਵਿਛਾਉਣ ਲਈ ਜ਼ਮੀਨ ਸਾਫ ਅਤੇ ਪੱਧਰੀ ਕਰਨ ਦਾ ਕੰਮ, ਇਮਾਰਤਸ਼ਾਜੀ ਦਾ ਕੰਮ, ਆਰਾ-ਮਿੱਲਾਂ ਚਲਾਉਣ ਦਾ ਕੰਮ, ਬਾਗਾਂ ਵਿੱਚੋਂ ਫੁੱਲ ਅਤੇ ਫ਼ਲ ਤੋੜਨ ਦਾ ਕੰਮ, ਗੋਰਿਆਂ ਦੇ ਘਰ- ਪਰਵਾਰਾਂ ਲਈ ਛੋਟੇ-ਛੋਟੇ ਕੰਮ ਕਰਨ, ਧੋਬੀਆਂ ਦਾ ਕੰਮ ਆਦਿ ਕਰਨਾ ਅਰੰਭ ਦਿੱਤਾ, ਇਹ ਗੱਲ ਬੜੇ ਮਾਣ ਵਾਲੀ ਹੈ ਕਿ ਸਿੱਖ ਸੰਸਾਰ ਵਿਚ ਜਿੱਥੇ ਵੀ ਗਏ ਉਨ੍ਹਾਂ ਦੇ ਉਸ ਦੇਸ਼ ਦੇ ਵਿਕਾਸ ਅਤੇ ਆਰਥਿਕ ਤਰੱਕੀ ਵਿਚ ਚੋਖਾ ਹਿੱਸਾ ਪਾਇਆ ਅਤੇ ਜਿਸ ਨਾਲ ਵੀ ਉਹ ਖੜੇ, ਪੂਰੀ ਇਮਾਨਦਾਰੀ ਨਾਲ ਉਨ੍ਹਾਂ ਦਾ ਸਾਥ ਨਿਭਾਇਆ ਭਾਵੇਂ ਇਸ ਵਫ਼ਾਦਾਰੀ ਪਾਲਣ ਕਾਰਨ ਉਨ੍ਹਾਂ ਨੂੰ ਆਪਣੀ ਜਾਨ ਦੀ ਬਾਜੀ ਵੀ ਕਿਉਂ ਨਾ ਲਾਉਣੀ ਪਈ ਹੋਵੇ। ਪਰੰਤੂ ਬਦਕਿਸਮਤੀ ਕਿ ਗੋਰਿਆਂ ਵੱਲੋਂ ਉਨ੍ਹਾਂ ਸਿੱਖਾਂ ਨਾਲ ਵੱਖਰੀ ਬੋਲੀ- ਸ਼ੈਲੀ, ਕਾਰਜਸ਼ੀਲਤਾ, ਮਿਹਨਤੀ ਸੁਭਾਅ ਅੱਡਰੇ ਸੱਭਿਆਚਾਰ ਕਾਰਨ ਸਿੱਖਾਂ ਦੇ ਘੱਟ ਉਜਰਤ ਉੱਤੇ ਜ਼ਿਆਦਾ ਕੰਮ ਕਰਨ ਦੀ ਰੁੱਚੀ ਕਾਰਨ ਆਪਣੀ ਰੋਜ਼ੀ-ਰੋਟੀ ਖੁੱਸ ਜਾਣ ਦੇ ਡਰੋਂ ਸਿੱਖਾਂ ਨਾਲ ਵਿਤਕਰਾ ਸ਼ੁਰੂ ਹੋ ਗਿਆ। ਅਜਿਹਾ ਹੀ ਸਲੂਕ ਜਦੋਂ ਚੀਨੀਆਂ ਜਾਂ ਜਾਪਾਨੀਆਂ ਨਾਲ ਕੀਤਾ ਜਾਂਦਾ ਤਾਂ ਉਨ੍ਹਾਂ ਦੀਆਂ ਸਰਕਾਰਾਂ ਪੂਰੀ ਸ਼ਕਤੀ ਨਾਲ ਉਨ੍ਹਾਂ ਦਾ ਪੱਖ ਪੂਰਦੀਆਂ ਸਨ ਪਰੰਤੂ ਸਿੱਖਾਂ ਦੇ ਮਾਮਲੇ ਵਿਚ ਤਾਂ ਗੱਲ ਬਿਲਕੁਲ ਉਲਟ ਸੀ। ਭਾਰਤੀ ਅੰਗਰੇਜੀ ਸਰਕਾਰ ਨੇ ਕਦੀ ਵੀ ਸਿੱਖਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਵੀ ਨਾ ਮਾਰਿਆ ਅਤੇ ਉਨ੍ਹਾਂ ਨੂੰ ਕੈਨੇਡਾ ਸਰਕਾਰ ਦੇ ਰਹਿਮੋ-ਕਰਮ ਉਤੇ ਹੀ ਛੱਡ ਦਿੱਤਾ ਗਿਆ। ਇਸ ਤਰ੍ਹਾਂ ਸਿੱਖਾਂ ਨੂੰ ਉਥੋਂ ਭਜਾਉਣ ਲਈ ਉਨ੍ਹਾਂ ਵਿਰੁੱਧ ਭਾਂਤ-ਭਾਂਤ ਦੀਆਂ ਮਨਘੜਤ ਅਫਵਾਹਾਂ ਫੈਲਾਈਆਂ ਜਾਣ ਲੱਗੀਆਂ। ਇਨ੍ਹਾਂ ਨੇ ਗੋਰਿਆਂ ਤੋਂ ਵੱਧ ਮਿਹਨਤ ਕਰਕੇ ਆਪਣੀ ਛਾਪ ਕਾਇਮ ਕਰ ਦਿੱਤੀ। ਗੋਰਿਆਂ ਅੰਦਰ ਇਹ ਅਹਿਸਾਸ ਪੈਦਾ ਹੋ ਗਿਆ ਕਿ ਪੰਜਾਬੀ ਲੋਕ ਉਨ੍ਹਾਂ ਪਾਸੋਂ ਸਾਰਾ ਕਾਰੋਬਾਰ ਹਥਿਆ ਲੈਣਗੇ ਅਤੇ ਉਨ੍ਹਾਂ ਨੂੰ ਬੇਰੁਜ਼ਗਾਰੀ ਦਾ ਸਾਹਮਣਾ ਕਰਨਾ ਪਵੇਗਾ। ਇਸ ਲਈ ਉਦੋਂ ਹੀ ਪੰਜਾਬੀਆਂ ਨਾਲ ਸਾੜਾ, ਈਰਖਾ ਅਤੇ ਨਫ਼ਰਤ ਸ਼ੁਰੂ ਹੋ ਗਈ। ਨਤੀਜੇ ਵਜੋਂ ਉਨ੍ਹਾਂ ਨੂੰ ਉਥੋਂ ਬਾਹਰ ਭਜਾਉਣ ਲਈ ਭਾਂਤ-ਭਾਂਤ ਦੇ ਹੱਥ ਕੰਡੇ ਵਰਤੇ ਜਾਣ ਲੱਗੇ। ਜਿਸ ਤਰ੍ਹਾਂ ਸ਼ੁਰੂ ਤੋਂ ਹੁੰਦਾ ਆਇਆ ਸੀ ਇਥੇ ‘ਸਿੱਖ ਵਿਰੋਧੀ ਲਹਿਰ’ ਨੂੰ ਤੂਲ ਦੇਣ ਅਤੇ ਬਲਦੀ ਉਤੇ ਤੇਲ ਪਾਉਣ ਦਾ ਕੰਮ ਉਨ੍ਹਾਂ ਦੇ ਪੰਜਾਬੀ ਤਥਾ ਭਾਰਤੀ ਸ਼ਰੀਕਾਂ ਵੱਲੋਂ ਕੀਤਾ ਜਾਣ ਲੱਗ ਪਿਆ। ਪੰਜਾਬੀ ਅਖਾਣ “ਸ਼ਰੀਕ ਦੀ ਮੱਝ ਜਾਏ ਭਾਵੇਂ ਰੱਸਾ ਆਪਣਾ ਹੀ ਕਿਉਂ ਨਾ ਨਾਲ ਚਲਾ ਜਾਏ” ਵਾਲੀ ਗੱਲ ਹੋਣ ਲੱਗ ਪਈ। ਜਿਸ ਨਾਲ ਅੰਗਰੇਜ ਦਾ ਕੰਮ ਸੌਖਾ ਹੋ ਗਿਆ। ਉਹਨੀਂ ਦਿਨੀਂ ‘ਅੰਗਰੇਜ ਦੇ ਰਾਜ ਉਤੇ ਸੂਰਜ ਨਹੀਂ ਸੀ ਛਿਪਦਾ’ ਭਾਵ ਦੁਨੀਆਂ ਦਾ ਬਹੁਤ ਵੱਡਾ ਹਿੱਸਾ ਬਰਤਾਨਵੀ ਰਾਜ (British Crown) ਅਧੀਨ ਸੀ।ਇਸ ਸਮੁੱਚੇ ਵਰਤਾਰੇ ਵਿੱਚੋਂ ਕਲੱਕਤਾ ਦੀ ਬਜਬਜ ਘਾਟ ਉਤੇ ਹੋਈ ਇਕ ਦਿਲ ਕੰਬਾਊ ਘਟਨਾ ਵੀ ਅਹਿਮ ਸੀ। ਜਿਸ ਨੂੰ ‘ਕਾਮਾਗਾਟਾਮਾਰੂ ਜਹਾਜ਼ ਦੀ ਘਟਨਾ’ ਕਰਕੇ ਜਾਣਿਆ ਜਾਂਦਾ ਹੈ। ਇਸ ਲੇਖ ਵਿਚ ਕਾਮਾਗਾਟਾਮਾਰੂ ਜਹਾਜ਼ ਦੇ ਸਵਾਰ 376 ਪੰਜਾਬੀ ਕਿਰਤੀਆਂ ਨਾਲ ਜੋ ਵਾਪਰਿਆ ਉਸ ਬਾਰੇ ਵਿਚਾਰ ਕਰ ਰਹੇ ਹਾਂ। ਇਸ ਇਤਿਹਾਸਕ ਘਟਨਾ ਦੀ ਅਗਵਾਈ ਕਰਨ ਵਾਲੇ ਹੋਰਨਾਂ ਤੋਂ ਇਲਾਵਾ ਮਹਾਨ ਕ੍ਰਾਂਤੀਕਾਰੀ ਸਿੱਖ ਆਗੂ ਬਾਬਾ ਗੁਰਦਿੱਤ ਸਿੰਘ ਜੀ ਸਨ। ਜਿਨ੍ਹਾਂ ਨੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਐਸਾ ਕਾਰਨਾਮਾ ਕੀਤਾ ਕਿ ਉਹ ਪੰਜਾਬੀ ਮਾਂ ਦੇ ਮਹਾਨ ਸਪੂਤ ਹੋ ਨਿਬੜੇ।

ਜਿਸ ਤਰ੍ਹਾਂ ਭਾਰਤ ਅੰਦਰ ਜਾਤ-ਪਾਤੀ ਸਿਸਟਮ ਮੌਜੂਦ ਹੈ। ਇਸੇ ਤਰ੍ਹਾਂ ਸੰਸਾਰ ਪੱਧਰ ਉਤੇ ਵੀ ਰੰਗ, ਨਸਲ, ਧਰਮ ਅਤੇ ਇਲਾਕਾਈ ਭਿੰਨ-ਭੇਦ, ਵਿਤਕਰਾ ਅਤੇ ਨਫ਼ਰਤ ਮੌਜੂਦ ਹੈ। ਗੋਰਿਆਂ ਅਤੇ ਕਾਲਿਆਂ ਦਰਮਿਆਨ ਠੰਡੀ ਜੰਗ ਹਮੇਸ਼ਾਂ ਹੀ ਮੌਜੂਦ ਰਹੀ ਹੈ। ਹਾਲਾਂਕਿ ਗੋਰਿਆਂ ਦੇ ਮੁਲਕਾਂ ਨੇ ਜੋ ਵੀ ਤਰੱਕੀ ਕੀਤੀ ਹੈ, ਉਸ ਵਿਚ ਕਿਰਤ ਅਤੇ ਮਿਹਨਤ ਪੱਖੋਂ ਕਾਲਿਆਂ ਖਾਸ ਕਰਕੇ ਪੰਜਾਬੀਆਂ ਦਾ ਯੋਗਦਾਨ ਸਭ ਤੋਂ ਵੱਧ ਰਿਹਾ ਹੈ ਅਤੇ ਅੱਜ ਵੀ ਇਹ ਵਰਤਾਰਾ ਜਾਰੀ ਹੈ। ਪੱਛਮੀ ਸਭਿਅਤਾ ਵਾਲਿਆਂ ਨੇ ਆਪਣੇ- ਆਪ ਨੂੰ ਫ਼ਲਸਫ਼ੇ, ਸੱਭਿਆਚਾਰ, ਰਹਿਣੀ-ਸਹਿਣੀ ਆਦਿ ਦੇ ਅਧਾਰ ਉਤੇ ਕਾਲਿਆਂ ਤਥਾ ਪੂਰਬੀ ਸੱਭਿਅਤਾ ਨਾਲੋਂ ਹਮੇਸ਼ਾਂ ਹੀ ਸ਼੍ਰੇਸਠ ਅਤੇ ਵਧੀਆ ਸਮਝਿਆ ਹੈ। ਤੱਥਾਂ ਦੇ ਅਧਾਰ ਉਤੇ ਗੰਭੀਰ ਖੋਜ ਅਤੇ ਪਰਖ ਕਰਨ ਉਤੇ ਸਪਸ਼ਟ ਹੋ ਜਾਵੇਗਾ ਕਿ ਪੂਰਬੀ ਫ਼ਲਸਫ਼ਾ ਪੱਛਮੀ ਫ਼ਲਸਫ਼ੇ ਨਾਲੋਂ ਪੁਰਾਣਾ ਅਤੇ ਹਰ ਪੱਖੋਂ ਨਰੋਆ ਹੈ। ਹਿੰਦੂ ਧਰਮ ਦੇ ਚਾਰ ਵੇਦ, ਛੇ ਸ਼ਾਸਤਰ, 18 ਉਪਨਿਸ਼ਦ, ਬੁੱਧ ਮੱਤ ਦਾ ਗ੍ਰੰਥ “ਤ੍ਰਿਪਿਟਕ” ਜੈਨ ਮੱਤ ਦਾ ਆਗਮ ਗ੍ਰੰਥ, ਇਸਲਾਮ ਦਾ ਕੁਰਾਨ ਸ਼ਰੀਫ, ਤਾਮਿਲ ਫ਼ਿਲਾਸਫ਼ਰ ਤੀਰੂ ਬੀਲੂਬਰ ਦੀ 2000 ਸਾਲ ਪੁਰਾਣੀ ਫ਼ਲਸਫ਼ੇ ਦੀ ਪੁਸਤਕ “ਤੀਰੂ ਕੁਰਲ” ਅਤੇ ਕੁਟਲਿਆ ਦਾ ਅਰਥ ਸ਼ਾਸਤਰ ਅਤੇ ਆਧੁਨਿਕ ਯੁੱਗ ਦਾ ਸਰਬ-ਸ਼੍ਰੇਸਠ ਅਤੇ ਸੰਪੂਰਨ ਫ਼ਲਸਫ਼ੇ ਅਤੇ ਤ੍ਰੈਲੋਕੀ ਦੇ ਗਿਆਨ ਤੇ ਵਿਗਿਆਨ ਦਾ ਸਾਗਰ ਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੂਰਬੀ ਸੱਭਿਅਤਾ ਦੇ ਅਨਮੋਲ ਅਤੇ ਲਾਮਿਸਾਲ ਖ਼ਜ਼ਾਨੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਸਮੁੱਚੀ ਲੋਕਾਈ ਲਈ ਅਧਿਆਤਮਕ ਅਤੇ ਸੰਸਾਰਕ ਜੀਵਨ ਦੀ ਸਫ਼ਲਤਾ ਲਈ ਉੱਚਤਮ ਜੀਵਨ ਜੁਗਤ ਹੈ। ਗੋਰੇ-ਕਾਲੇ ਦਾ ਅੰਤਰ ਕੁਦਰਤੀ ਜਲਵਾਯੂ ਅਤੇ ਰੁੱਤਾਂ ਕਾਰਨ ਹੈ। ਜੋ ਧਰਤੀ ਦੇ ਸੂਰਜ ਦੁਆਲੇ ਘੁੰਮਣ ਦੀ ਚਾਲ ਅਤੇ ਸਥਿਤੀ ਕਾਰਨ ਬਣਦੀਆਂ ਹਨ। ਇਹ ਵਰਤਾਰਾ ਕੁਦਰਤੀ ਹੈ। ਪਰੰਤੂ ਗੋਰਿਆਂ ਵੱਲੋਂ ਹਮੇਸ਼ਾਂ ਹੀ ਕਾਲਿਆਂ ਨਾਲ ਰੰਗ, ਨਸਲ ਅਤੇ ਧਰਮ ਦੇ ਅਧਾਰ ਉਤੇ ਵਿਤਕਰਾ ਅਤੇ ਨਫ਼ਰਤ ਹੀ ਕੀਤੀ ਜਾਂਦੀ ਰਹੀ ਹੈ ਜੋ ਅੱਜ ਵੀ ਜਾਰੀ ਹੈ। ਕਾਮਾਗਾਟਾ ਮਾਰੂ ਜਹਾਜ਼ ਦਾ ਸਾਕਾ ਵੀ ਇਸੇ ਰੰਗ ਅਤੇ ਨਸਲੀ ਵਿਤਕਰੇ ਦਾ ਹੀ ਨਤੀਜਾ ਸੀ। ਕਾਮਾਗਾਟਾ ਮਾਰੂ ਉਸ ਜਪਾਨੀ ਸਮੁੰਦਰੀ ਜਹਾਜ਼ ਦਾ ਨਾਮ ਸੀ ਜੋ ਭਾਰਤੀਆਂ (ਪੰਜਾਬੀਆਂ) ਨੇ ਗੋਰਿਆਂ ਦੀ ਸਰਕਾਰ ਅੰਗਰੇਜੀ ਦੀ ਸ਼ਰਤ ਪੂਰੀ ਕਰਨ ਹਿੱਤ ਕਿਰਾਏ ਉਤੇ ਲਿਆ ਸੀ। ਕਾਮਾਗਾਟਾ ਮਾਰੂ ਜਹਾਜ਼ ਦੇ ਜਾਂਬਾਜ਼ ਸੂਰਮਿਆਂ ਦੇ ਅਦੁੱਤੀ ਕਾਰਨਾਮਿਆਂ ਅਤੇ ਸਾਰੇ ਹਾਲਾਤ ਬਾਰੇ ‘ਬੱਬਰ ਕਾਮਾਗਾਟਾ ਮਾਰੂ ਮੈਮੋਰੀਅਲ ਟਰੱਸਟ ਦੇ ਸਤਿਕਾਰਯੋਗ ਚੇਅਰਮੈਨ ਸ. ਜਸਮਿੰਦਰ ਸਿੰਘ (ਘੁਮਾਣ) ਵੱਲੋਂ ਕੀਤੀ ਡੂੰਘੀ ਖੋਜ ਉੱਤੇ ਅਧਾਰਤ ਦਿੱਤੀ ਜਾਣਕਾਰੀ ਅਤੇ ਸਾਬਕਾ ਚੇਅਰਮੈਨ, ਬਜਬਜ, ਮਿਉਂਸਪੈਲਟੀ ਸ੍ਰੀ ਗਣੇਸ਼ ਘੋਸ਼ ਵੱਲੋਂ ਲਿਖੀ ਅਤੇ ਸ. ਬਚਨ ਸਿੰਘ ਸਰਲ ਵੱਲੋਂ ਪੰਜਾਬੀ ਵਿਚ ਅਨੁਵਾਦ ਕੀਤੀ ਪੁਸਤਕ “ਕੌਮਾਗਾਟਾ ਮਾਰੂ ਪ੍ਰਸੰਗ” ਅਤੇ ਸੈˆਟਰਲ ਗੁਰਦੁਆਰਾ ਕਮੇਟੀ, ਪੱਛਮੀ ਬੰਗਾਲ ਦੇ ਪ੍ਰਧਾਨ ਸ. ਜਗਮੋਹਨ ਸਿੰਘ (ਗਿੱਲ) ਵੱਲੋਂ ਮੁਹੱਈਆ ਕਰਵਾਏ ਗਏ ਕੁਝ ਲਿਟਰੇਚਰ ਨੂੰ ਧੰਨਵਾਦ ਸਹਿਤ ਇਸ ਲੇਖ ਦੇ ਸਰੋਤ ਵਜੋਂ ਵਰਤਿਆ ਗਿਆ ਹੈ।

ਜਿਸ ਤਰ੍ਹਾਂ ਇਹ ਤੱਥ ਸਪਸ਼ਟ ਹੀ ਹੈ ਕਿ ਪੰਜਾਬੀ ਭਾਈਚਾਰੇ ਨੂੰ ਸੰਸਾਰ ਪੱਧਰ ਉਤੇ ਹੀ ਸਖ਼ਤ ਮਿਹਨਤੀ, ਸਿਰੜੀ, ਸਿਦਕੀ, ਉਦਮੀ ਅਤੇ ਅਗਾਂਹ ਵਧੂ ਕਰਕੇ ਸਮਝਿਆ ਜਾਂਦਾ ਹੈ। ਜਦੋਂ ਪੰਜਾਬ ਵਿਚ ਉਨ੍ਹਾਂ ਨੂੰ ਰੋਜ਼ਗਾਰ ਦੇ ਮੌਕੇ ਘਟਦੇ ਦਿਖਾਈ ਦਿੱਤੇ ਤਾਂ ਉਨ੍ਹਾਂ ਬਾਹਰਲੇ ਮੁਲਕਾਂ ਵੱਲ ਮੂੰਹ ਕਰ ਲਿਆ। ਦੇਸ਼ ਪੰਜਾਬ ਦੇ ਅੰਗਰੇਜ ਰਾਜ ਦੇ ਅਧੀਨ ਆ ਜਾਣ ਉਪਰੰਤ ਅੰਗਰੇਜ ਨੇ ਪੰਜਾਬੀਆਂ ਉਤੇ ਸਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ। ਅੰਗਰੇਜਾਂ ਅੰਦਰ ਪੰਜਾਬੀਆਂ ਅਤੇ ਖ਼ਾਸ ਕਰਕੇ ਸਿੱਖਾਂ ਵਿਰੁੱਧ ਗੁੱਸੇ ਅਤੇ ਨਫ਼ਰਤ ਦੀ ਭਾਵਨਾ ਬਹੁਤ ਪ੍ਰਬਲ ਸੀ। ਉਨ੍ਹਾਂ ਨੇ ਪੰਜਾਬੀ ਭਾਈਚਾਰੇ ਨੂੰ ਆਪਣੇ ਕਾਬੂ ਵਿਚ ਰੱਖਣ ਹਿੱਤ ਕਾਨੂੰਨੀ ਸਖ਼ਤੀ ਵਰਤਣੀ ਸ਼ੁਰੂ ਕਰ ਦਿੱਤੀ। ਜਗੀਰਦਾਰ, ਸਫ਼ੈਦਪੋਸ਼, ਜ਼ੈਲਦਾਰ, ਨੰਬਰਦਾਰ ਅਤੇ ਚੌਂਕੀਦਾਰ ਉਤੇ ਅਧਾਰਤ ਸਿਸਟਮ ਸਿੱਧਾ ਅੰਗਰੇਜ ਰਾਜ ਦੇ ਬਾਣੇ ਅਤੇ ਤਹਿਸੀਲ ਨਾਲ ਜੁੜਿਆ ਹੋਇਆ ਸੀ ਅਤੇ ਸਰਕਾਰ ਅੰਗਰੇਜ ਵੱਲੋਂ ਪੰਜਾਬੀਆਂ ਨੂੰ ਗ਼ੁਲਾਮ ਰੱਖਣ ਲਈ ਉਨ੍ਹਾਂ ਉਤੇ ਢਾਹੇ ਜਾਂਦੇ ਜ਼ੁਲਮਾਂ ਉਤੇ ਵਾਅਦਾ ਮੁਆਫ਼ ਗੁਆਹ ਸੀ। ਉਹ ਇਕ ਤਰ੍ਹਾਂ ਨਾਲ ਅੰਗਰੇਜ ਦੇ ਟੋਡੀ ਹੀ ਸਨ। ਪੰਜਾਬੀ ਸਮਾਜ ਦੀ ਹਰ ਤਰ੍ਹਾਂ ਦੀ ਖ਼ਬਰ ਸਰਕਾਰੇ-ਦਰਬਾਰੇ ਪਹੁੰਚਾਉਣਾ ਇਨ੍ਹਾਂ ਦਾ ਫਰਜ਼-ਏ-ਅੱਵਲ ਸੀ। ਅੰਗਰੇਜ ਦੇ ਸ਼ਾਤਰ ਸ਼ਾਸਨ ਅਤੇ ਕੂਟਨੀਤੀ ਕਾਰਨ ਪੰਜਾਬੀ ਨੰਗ-ਭੁੱਖ ਦਾ ਸ਼ਿਕਾਰ ਹੋਣ ਲੱਗੇ।

ਓਧਰ ਦੋਹਾਂ ਸੰਸਾਰ ਮਹਾਂਯੁੱਧਾਂ ਵਿਚ ਅੰਗਰੇਜ ਨੂੰ ਸਿੰਘਾਂ ਵਰਗੇ ਜਾਂਬਾਜਾਂ ਦੀ ਲੋੜ ਸੀ ਇਸ ਲਈ ਅੰਗਰੇਜ ਨੇ “ਗੌਂ ਭੁਨਾਏਂ ਜੌਂ” ਅਨੁਸਾਰ ਨਵਾਂ ਪੈਤੜਾਂ ਵਰਤਦਿਆਂ ਪੰਜਾਬੀਆਂ ਖ਼ਾਸ ਕਰਕੇ ਸਿੱਖਾਂ ਨੂੰ ਫੌਜ ਵਿਚ ਭਰਤੀ ਕਰਨਾ ਸ਼ੁਰੂ ਕਰ ਦਿੱਤਾ। ਉਧਰ ਪੰਜਾਬੀਆਂ ਅਤੇ ਸਿੱਖਾਂ ਨੇ ਸਮੇਂ ਦੇ ‘ਸੱਚ’ ਨੂੰ ਪਛਾਣਦਿਆਂ ਅੰਗਰੇਜ ਸਰਕਾਰ ਅਧੀਨ ਫੌਜ ਵਿਚ ਨੌਕਰੀਆਂ ਕਬੂਲ ਕਰ ਲਈਆਂ। ਪੰਜਾਬੀ ਅੰਗਰੇਜ ਦੀਆਂ ਫੌਜਾਂ ਵਿਚ ਅਤੇ ਅੰਗਰੇਜ ਅਫਸਰਾਂ ਨਾਲ ਉਨ੍ਹਾਂ ਦੇ ਸੇਵਾਦਾਰ ਕਾਮਿਆਂ (ਅਰਦਲੀ ਜਾਂ ਕੁੱਲੀ) ਦੇ ਤੌਰ ਉਤੇ ਨੌਕਰੀ ਕਰਨ ਕਾਰਨ ਵਿਦੇਸ਼ਾਂ ਵਿਚ ਜਾ ਆਏ ਸਨ। ਜਿਥੇ ਉਨ੍ਹਾਂ ਨੂੰ ਰੁਜ਼ਗਾਰ ਦੇ ਸਾਧਨ ਮੌਜੂਦ ਦਿਸੇ। ਇਸ ਲਈ ਹੁਣ ਉਹ ਰੁਜ਼ਗਾਰ ਦੀ ਭਾਲ ਵਿਚ ਮਲਾਇਆ, ਸਿੰਘਾਪੁਰ, ਹਾਂਗਕਾਂਗ, ਥਾਈਲੈˆਡ, ਜਾਵਾ, ਸਮਾਟਰਾ, ਸੰਘਾਈ, ਮਨੀਲਾ, ਕੈਨੇਡਾ, ਪੂਰਬੀ ਅਮਰੀਕਾ ਅਤੇ ਆਸਟਰੇਲੀਆ ਆਦਿ ਦੇਸ਼ਾਂ ਵਿਚ ਪਹੁੰਚ ਗਏ। ਆਪਣੇ ਸੁਭਾਅ ਅਨੁਸਾਰ ਇਨ੍ਹਾਂ ਪੰਜਾਬੀਆਂ ਨੇ ਜ਼ੋਰਦਾਰ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ ਅਤੇ ਇਹ ਮਿਹਨਤਾਨਾ ਵੀ ਗੋਰੇ ਕਾਮਿਆਂ ਨਾਲੋਂ ਘੱਟ ਲੈ ਕੇ ਕੰਮ ਜ਼ਿਆਦਾ ਕਰਦੇ ਸਨ। ਜਿਸ ਦੇ ਨਤੀਜੇ ਵਜੋਂ ਗੋਰਿਆਂ ਪਾਸੋਂ ਕੰਮ ਖੁੱਸਣਾ ਕੁਦਰਤੀ ਹੀ ਸੀ ਕਿਉਂ ਕਿ ਵਪਾਰੀ ਨੇ ਤਾਂ ਆਪਣਾ ਮੁਨਾਫ਼ਾ ਹੀ ਵੇਖਣਾ ਹੁੰਦਾ ਹੈ ਉਹ ਭਾਵੇਂ ਅੰਗਰੇਜ ਪਾਸੋਂ ਹੋਵੇ ਭਾਵੇਂ ਕਿਸੇ ਸਿੱਖ ਪਾਸੋਂ ਹੋਵੇ ਅਤੇ ਇਸੇ ਕਰਕੇ ਰੰਗ, ਨਸਲ, ਬੋਲੀ ਅਤੇ ਸਭਿਆਚਾਰ ਦੇ ਅਧਾਰ ਉਤੇ ਨਫ਼ਰਤ ਅਤੇ ਵਿਤਕਰਾ ਸਿਖਰਾਂ ਨੂੰ ਛੂਹਣ ਲੱਗਾ। ਜਿਸ ਕਰਕੇ ਗੋਰਿਆਂ ਅਤੇ ਕਾਲਿਆਂ ਵਿਚਕਾਰ ਤਣਾਅ ਰਹਿਣ ਲੱਗਾ। ਕਿਉਂਕਿ ਰਾਜਭਾਗ ਅਤੇ ਸ਼ਕਤੀ ਦੀ ਮਾਲਕੀ ਅੰਗਰੇਜ ਪਾਸ ਸੀ ਇਸ ਲਈ ਕਾਲਿਆਂ ਉਤੇ ਜ਼ੁਲਮ ਸ਼ੁਰੂ ਹੋ ਗਏ ਕਿਉਂਕਿ ਪੰਜਾਬੀ ਅਖਾਣ ਅਨੁਸਾਰ ‘ਭਾਵੇਂ ਛੁਰੀ ਖ਼ਰਬੂਜੇ ਉਤੇ ਡਿੱਗੇ ਜਾਂ ਖਰਬੂਜਾ ਛੁਰੀ ਉਤੇ ਡਿੱਗ ਜਾਵੇ’ ਤਾਂ ਦੋਹਾਂ ਹਾਲਤਾਂ ਵਿਚ ਨੁਕਸਾਨ ਤਾਂ ਖਰਬੂਜੇ ਦਾ ਹੀ ਹੋਣਾ ਹੈ। ਇਸ ਲਈ ਪੰਜਾਬੀ ਗੋਰਿਆਂ ਦੇ ਗੁੱਸੇ ਦਾ ਸ਼ਿਕਾਰ ਹੋਣ ਲੱਗ ਪਏ ਅਤੇ ਗੋਰਿਆਂ ਵੱਲੋਂ ਉਨ੍ਹਾਂ ਨੂੰ ਵਿਦੇਸ਼ਾਂ ਵਿੱਚੋਂ ਬਾਹਰ ਕੱਢਣ/ਭਜਾਉਣ ਲਈ ਯਤਨ ਅਰੰਭ ਹੋ ਗਏ।

ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ (B.C.) ਦੀ ਸੂਬਾ ਸਰਕਾਰ ਨੇ 1900 ਈ: ਤੋਂ 1904 ਈ: ਦੌਰਾਨ ਏਸ਼ੀਅਨ ਲੋਕਾਂ ਦੇ ਉਥੇ ਆਉਣ ਤੋਂ ਰੋਕਣ ਲਈ ਕਾਨੂੰਨ ਬਣਾਉਣ ਦੇ ਯਤਨ ਕੀਤੇ। 1907 ਈ: ਵਿਚ ਅੰਗਰੇਜ ਰਾਜ ਦੀ ਪਰਜਾ ਬਣੇ ਭਾਰਤੀਆਂ ਪਾਸੋਂ ਵੋਟ ਦਾ ਹੱਕ ਖੋਹ ਲਿਆ ਗਿਆ। 12 ਅਗਸਤ, 1907 ਈ: ਨੂੰ ਭਾਰਤੀਆਂ ਨੂੰ ਕੈਨੇਡਾ ਆਉਣ ਤੋਂ ਰੋਕਣ ਲਈ “ਏਸ਼ੀਏਟਕ ਐਕਸਕਲਿਯੂਨ ਲੀਗ” ਨਾਮ ਦੀ ਜਥੇਬੰਦੀ ਦਾ ਗਠਨ ਕੀਤਾ ਗਿਆ। ਥੋੜ੍ਹੇ ਸਮੇਂ ਵਿਚ ਹੀ ਇਸ ਸੰਗਠਨ ਦੇ ਵੱਡੀ ਗਿਣਤੀ ਵਿਚ ਗੋਰੇ ਮੈਂਬਰ ਬਣ ਗਏ। ਇਨ੍ਹਾਂ ਲੋਕਾਂ ਨੇ ਕੈਨੇਡੀਅਨ ਸਰਕਾਰ ਦੀ ਮਿਲੀ-ਭੁਗਤ ਨਾਲ ਭਾਰਤੀਆਂ ਖ਼ਾਸ ਕਰਕੇ ਸਿੱਖਾਂ ਵਿਰੁੱਧ ਰੰਗ, ਨਸਲ, ਬੋਲੀ ਅਤੇ ਸੱਭਿਆਚਾਰ ਦੇ ਅਧਾਰ ਉਤੇ ਨਫ਼ਰਤ ਅਤੇ ਵਿਤਕਰੇ ਦੀ ਮੁਹਿੰਮ ਖੜ੍ਹੀ ਕਰ ਲਈ। ਇਨ੍ਹਾਂ ਦੇ ਮਨਸੂਬਿਆਂ ਅਨੁਸਾਰ ਕੈਨੇਡੀਅਨ ਪਾਰਲੀਮੈਂਟ ਨੇ ਏਸ਼ੀਅਨ ਲੋਕਾਂ ਵਿਰੁੱਧ ਮਤੇ ਪਾਸ ਕਰ ਦਿੱਤੇ ਜਿਸ ਦੇ ਅਧਾਰ ਉਤੇ ਕੈਨੇਡਾ ਸਰਕਾਰ ਨੇ 8 ਜਨਵਰੀ, 1908 ਈ: ਨੂੰ ਇਕ ਕਾਲਾ ਕਾਨੂੰਨ ਹੋਂਦ ਵਿਚ ਲਿਆਂਦਾ। ਜਿਸ ਅਨੁਸਾਰ ਕੈਨੇਡਾ ਦੀ ਧਰਤੀ ਉਤੇ ਮਿਹਨਤ ਮਜ਼ਦੂਰੀ ਕਰਨ ਲਈ ਕੇਵਲ ਉਹ ਸ਼ਖ਼ਸ ਹੀ ਪੈਰ ਧਰ ਸਕਦਾ ਸੀ ਜਿਹੜਾ ਵਿਅਕਤੀ ਆਪਣੇ ਦੇਸ਼ ਤੋਂ ਅਟੁੱਟ ਜਹਾਜ਼ੀ ਸਫ਼ਰ ਰਾਹੀਂ ਕੈਨੇਡਾ ਪਹੁੰਚਿਆ ਹੋਵੇ। ਇਹ ਕਾਨੂੰਨ ਭਾਰਤੀ ਅਤੇ ਖ਼ਾਸ ਕਰਕੇ ਸਿੱਖਾਂ ਉਤੇ ਸਿੱਧਾ ਅਤੇ ਗੰਭੀਰ ਹਮਲਾ ਸੀ। ਇਸੇ ਤਰ੍ਹਾਂ ਪਹਿਲਾਂ ਹੀ ਕੈਨੇਡਾ ਵਿਚ ਰਹਿ ਰਹੇ ਸਿੱਖਾਂ ਨੂੰ ਹਾਂਡੂਰਸ ਭੇਜਣ ਦਾ ਵੀ ਅਸਫਲ ਯਤਨ ਕੀਤਾ ਗਿਆ। ਇਸ ਸਾਜਿਸ਼ ਨੂੰ ਫੇਲ੍ਹ ਕਰਨ ਵਿਚ ਸੰਤ ਤੇਜਾ ਸਿੰਘ ਮਸਤੂਆਣਾ ਨੇ ਅਗਵਾਈ ਦਿੱਤੀ। ਇਸੇ ਤਰ੍ਹਾਂ ਸਿੱਖ ਵਿਰੋਧੀ ਮੁਹਿੰਮ ਨੂੰ ਅੱਗੇ ਤੋਰਨ ਹਿੱਤ ਕੈਨੇਡਾ ਸਰਕਾਰ ਨੇ ਇਕ ਨਵਾਂ ਕਾਨੂੰਨ 9 ਮਈ, 1910 ਈ: ਨੂੰ ਹੋਂਦ ਵਿਚ ਲਿਆਂਦਾ ਜਿਸ ਅਨੁਸਾਰ ਕੈਨੇਡਾ ਵਿਚ ਉਹੀ ਭਾਰਤੀ ਤਥਾ ਏਸ਼ੀਆਈ ਦਾਖਲ ਹੋ ਸਕਦਾ ਸੀ। ਜਿਸ ਪਾਸ ਨਗਦ 200 ਡਾਲਰ (ਦੋ ਸੌ ਡਾਲਰ) ਹੋਣ। ਸਿੱਧੇ ਜਹਾਜ਼ੀ ਸਫ਼ਰ ਅਤੇ ਨਗ਼ਦ 200 ਡਾਲਰ ਦੀ ਸ਼ਰਤ ਨੇ ਸਿੱਖਾਂ ਦਾ ਕੈਨੇਡਾ ਵਿਚ ਜਾਣਾ ਇਕ ਤਰ੍ਹਾਂ ਨਾਲ ਅਸੰਭਵ ਹੀ ਬਣਾ ਦਿੱਤਾ। ਨਤੀਜੇ ਵਜੋਂ ਪਰਵਾਰਾਂ ਵਿਚਲਾ ਮੇਲ-ਮਿਲਾਪ ਟੁੱਟਣ ਲੱਗਾ ਅਤੇ ਕੈਨੇਡਾ ਵਾਲੇ ਕੈਨੇਡਾ ਵਿਚ ਅਤੇ ਪੰਜਾਬ ਵਾਲੇ ਪੰਜਾਬ ਵਿਚ ਜੁਦਾਈ ਦੀ ਅੱਗ ਵਿਚ ਸੜਨ ਲਈ ਮਜਬੂਰ ਹੋ ਗਏ। ਐਸੇ ਗ਼ੈਰ-ਕੁਦਰਤੀ ਅਤੇ ਗ਼ੈਰ-ਮਨੁੱਖੀ ਕਾਨੂੰਨ, ਵਿਤਕਰਾ ਅਤੇ ਨਫ਼ਰਤ ਉਸ ਗੋਰੀ ਕੌਮ ਅਤੇ ਉਸ ਦੀ ਸਰਕਾਰ ਵੱਲੋਂ ਕੀਤਾ ਗਿਆ ਜੋ ਸੰਸਾਰ ਵਿਚ ਆਪਣੇ ਆਪ ਨੂੰ ਸਭ ਤੋਂ ਵੱਧ ਸੱਭਿਅਕ, ਮਨੁੱਖੀ ਅਧਿਕਾਰਾਂ ਦੀ ਅਲੰਬਰਦਾਰ ਅਤੇ ਇਨਸਾਫ ਪਸੰਦ ਹੋਣ ਦਾ ਦਾਅਵਾ ਕਰਦੀ ਹੈ। ਭਾਵੇਂ ਗੋਰਿਆਂ ਦੀ ਇਹ ਬੇਈਮਾਨੀ, ਕਪਟ, ਸਾਜਿਸ਼ੀ ਅਤੇ ਛਲੀਆ ਨੀਤੀ ਬਾਰੇ ਸਿੰਘਾਂ ਨੂੰ ਕੋਈ ਅਚੰਭਾ ਨਹੀਂ ਸੀ ਕਿਉਂਕਿ ਉਨ੍ਹਾਂ ਨੂੰ ਚਿੱਟੇ ਦਿਨ ਵਾਂਗ ਯਾਦ ਸੀ ਕਿ ਇਸੇ ਹੀ ਗੋਰੀ ਕੌਮ ਨੇ ਕਿਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਨੂੰ ਮਿੱਤਰ ਕਹਿ ਕੇ ਅਤੇ ਉਸ ਮਿੱਤਰਤਾਈ ਉਤੇ ਪੱਕੀ ਮੋਹਰ ਲਾਉਣ ਹਿੱਤ ਕੀਤੀ 1809 ਈ: ਦੀ ਰੋਪੜ ਸੰਧੀ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਅੱਖਾਂ ਮੀਟ ਜਾਣ ਤੋਂ ਬਾਅਦ ਮਿੱਟੀ ਵਿਚ ਰੋਲ ਦਿੱਤਾ, ਪੰਜਾਬ ਨੂੰ ਗ਼ੁਲਾਮ ਬਣਾ ਲਿਆ, ਬਾਲਕ ਮਹਾਰਾਜਾ ਦਲੀਪ ਸਿੰਘ ਨੂੰ ਉਸ ਦੀ ਮਾਤਾ ਪੰਜਾਬ ਦੀ ਸ਼ੇਰਨੀ ਮਹਾਰਾਣੀ ਜਿੰਦ ਕੌਰ ਤੋਂ ਵੱਖ ਕਰਕੇ ਲੇਡੀ ਲਾਗਨ ਦੇ ਸਖਤ ਯਤਨਾਂ ਦਆਰਾ ਈਸਾਈ ਬਣਾ ਲਿਆ ਅਤੇ ਮਹਾਰਾਣੀ ਨੂੰ ਦੇਸ਼ ਨਿਕਾਲਾ ਦੇ ਦਿੱਤਾ। ਸਿੱਖ ਚੰਗੀ ਤਰ੍ਹਾਂ ਸਮਝਦੇ ਸਨ ਕਿ ਅੰਗਰੇਜ ਦੇ ਖਾਣ ਦੇ ਦੰਦ ਹੋਰ ਅਤੇ ਦਿਖਾਉਣ ਦੇ ਦੰਦ ਹੋਰ ਹੀ ਹਨ।

‘ਤੰਗ ਆਮਦ ਬਜੰਗ ਆਮਦ’ ਦੀ ਕਹਾਵਤ ਅਤੇ ਆਪਣੇ ਵਿਰਸੇ ਅਤੇ ਸੁਭਾਅ ਅਨੁਸਾਰ ਸਿੱਖਾਂ ਅੰਦਰ ਗੁੱਸੇ ਦੀ ਲਹਿਰ ਦੌੜ ਗਈ ਅਤੇ ਉਨ੍ਹਾਂ ਨੇ ਗੰਭੀਰਤਾ ਨਾਲ ਸੋਚ ਕੇ ਘੁੱਟ-ਘੁੱਟ ਕੇ ਮਰਨ ਨਾਲੋਂ ਆਪਣੇ ਹੱਕਾਂ ਅਤੇ ਹਿੱਤਾਂ ਲਈ ਜੂਝਣ ਦਾ ਮਨ ਬਣਾ ਲਿਆ। ਸਿੱਖਾਂ ਵੱਲੋਂ ‘ਖ਼ਾਲਸਾ ਦੀਵਾਨ ਸੁਸਾਇਟੀ’ ਦਾ ਗਠਨ ਕੀਤਾ ਗਿਆ। ਗੋਰੀ ਸਰਕਾਰ ਵਿਰੁੱਧ ਉਠੀ ਇਸ ਲਹਿਰ ਨੂੰ ਸਿੱਖ ਇਤਿਹਾਸ ਵਿਚ ‘ਗਦਰ ਲਹਿਰ’ ਵਜੋਂ ਜਾਣਿਆ ਜਾਂਦਾ ਹੈ। ਬਹੁਤ ਸਾਰੇ ਸਿੱਖ ਇਸ ਲਹਿਰ ਨਾਲ ਜੁੜ ਗਏ ਅਤੇ ਬਾਕੀਆਂ ਨੇ ਸਿੱਖਾਂ ਦੀਆਂ ਦੁੱਖ-ਤਕਲੀਫਾਂ ਨੂੰ ਦੂਰ ਕਰਨ ਹਿੱਤ ਆਪਣੇ-ਆਪਣੇ ਢੰਗ ਨਾਲ ਕਾਰਜ ਕਰਨੇ ਸ਼ੁਰੂ ਕਰ ਦਿੱਤੇ। ਇਸੇ ਦੌਰਾਨ 24 ਦਸੰਬਰ, 1913 ਈ: ਨੂੰ ਬ੍ਰਿਟਿਸ਼ ਕੋਲੰਬੀਆ (B.C.) ਦੀ ਸੁਪਰੀਮ ਕੋਰਟ ਨੇ ਆਪਣੇ ਫੈਸਲੇ ਵਿਚ ਪੰਜਾਬ ਤੋਂ 35 ਨਵੇਂ ਆਏ ਸਿੱਖਾਂ ਨੂੰ ਉਥੇ ਰਹਿਣ ਦੀ ਆਗਿਆ ਦੇ ਦਿੱਤੀ। ਇਸ ਫੈਸਲੇ ਨਾਲ ਸਿੱਖਾਂ ਦੇ ਹੌਂਸਲੇ ਹੋਰ ਬੁਲੰਦ ਹੋ ਗਏ।

ਗੋਰੀ ਸਰਕਾਰ ਦੇ ਭਾਰਤੀਆਂ ਅਤੇ ਖ਼ਾਸ ਕਰਕੇ ਸਿੱਖਾਂ ਪ੍ਰਤੀ ਇਸ ਗ਼ੈਰ-ਇਖ਼ਲਾਕੀ, ਅਸੱਭਿਅਕ, ਈਰਖਾਲੂ, ਨਫ਼ਰਤ, ਨਸਲਵਾਦੀ ਨੀਤੀ ਅਤੇ ਗ਼ੈਰਕੁਦਰਤੀ- ਜਾਬਰ ਵਰਤਾਰੇ ਵਿਰੁੱਧ ਸੰਘਰਸ਼ ਕਰਨ ਹਿਤ ਉਠੀ ਲਹਿਰ ਨੂੰ ਹੋਰ ਪ੍ਰਚੰਡ ਕਰਨ ਅਤੇ ਗੋਰਿਆਂ ਦੇ ਨਕਲੀ ਅਤੇ ਅਸਲੀ ਚਿਹਰੇ ਦੁਨੀਆਂ ਵਿਚ ਨੰਗੇ ਕਰਨ ਹਿੱਤ ਸਿੱਖਾਂ ਨੇ ਇਨਕਲਾਬੀ ਪ੍ਰੋਗਰਾਮ ਉਲੀਕ ਲਿਆ। ਇਨ੍ਹਾਂ ਵਿਚ ਕੁਝ ਸਿੰਘਾਂ ਬਾਰੇ ਜਾਣਨਾ ਯੋਗ ਹੋਵੇਗਾ। ਇਨ੍ਹਾਂ ਵਿਚ ਮੁੱਖ ਤੌਰ ਉਤੇ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਦੇ ਮਸ਼ਹੂਰ ਪਿੰਡ ਸਰਹਾਲੀ ਦੇ ਪੰਥਕ ਸੰਘਰਸ਼ੀ ਪਿਛੋਕੜ ਵਾਲੇ ਬਾਬਾ ਗੁਰਦਿੱਤ ਸਿੰਘ ਸਨ। ਇਨ੍ਹਾਂ ਦੇ ਦਾਦਾ ਜੀ ਸਰਦਾਰ ਰਤਨ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿਚ ਵੱਡੇ ਆਹੁਦੇ ਉਤੇ ਤਾਇਨਾਤ ਸਨ। ਉਨ੍ਹਾਂ ਨੂੰ ਅੰਗਰੇਜ ਨੇ ਆਪਣੇ ਪੱਖ ਵਿਚ ਕਰਨ ਹਿਤ ਜਾਗ਼ੀਰ ਦੇਣ ਦੀ ਪੇਸ਼ਕਸ਼ ਕੀਤੀ ਸੀ ਜਿਸ ਨੂੰ ਸਰਦਾਰ ਰਤਨ ਸਿੰਘ ਨੇ ਜੁੱਤੀ ਦੀ ਨੋਕ ਉਤੇ ਠੁਕਰਾ ਦਿੱਤਾ ਸੀ, ਬਾਬਾ ਗੁਰਦਿੱਤ ਸਿੰਘ ਦੇ ਪਿਤਾ ਸ. ਹਾਕਮ ਸਿੰਘ ਸਮਾਂ ਪਾ ਕੇ ਮਲਾਇਆ ਆ ਗਏ, ਜਿਥੇ ਉਨ੍ਹਾਂ ਨੇ ਠੇਕੇਦਾਰੀ ਦਾ ਕਾਰੋਬਾਰ ਅਰੰਭ ਕਰ ਲਿਆ ਅਤੇ 12 ਸਾਲ ਦੀ ਛੋਟੀ ਉਮਰੇ ਬਾਲਕ ਗੁਰਦਿੱਤ ਸਿੰਘ ਵੀ ਆਪਣੇ ਪਿਤਾ ਜੀ ਪਾਸ ਮਲਾਇਆ ਪਹੁੰਚ ਗਿਆ। ਦੂਸਰੇ ਪੰਥਕ ਜ਼ਜ਼ਬੇ ਵਾਲੇ ਜ਼ਿਲ੍ਹਾ ਫਿਰੋਜਪੁਰ ਦੇ ਵਸਨੀਕ ਭਾਈ ਤਖ਼ਤ ਸਿੰਘ ਜੀ ਸਨ, ਦੋਵਾਂ ਨੇ ਵੱਖ-ਵੱਖ ਦੇਸ਼ਾਂ ਵਿਚ ਮਿਹਨਤ ਮਜ਼ਦੂਰੀ ਕਰਕੇ ਰੋਜ਼ੀ-ਰੋਟੀ ਕਮਾਉਣ ਲਈ ਕੈਨੇਡਾ, ਇੰਗਲੈਂਡ, ਮਲਾਇਆ, ਥਾਈਲੈਂਡ, ਸਮਾਰਟਾ ਆਦਿ ਮੁਲਕਾਂ ਵਿਚ ਪਹੁੰਚੇ ਸਿੱਖਾਂ ਨੂੰ ਉਨ੍ਹਾਂ ਵਿਰੁੱਧ ਹੋ ਰਹੀਆਂ ਵਧੀਕੀਆਂ ਦਾ ਵਿਰੋਧ ਕਰਨ ਲਈ ਲਾਮਬੰਦ ਕਰਨਾ ਸ਼ੁਰੂ ਕਰ ਦਿੱਤਾ। ਬਾਬਾ ਗੁਰਦਿੱਤ ਸਿੰਘ ਆਪਣੇ ਉੱਚੇ-ਸੁੱਚੇ ਜੀਵਨ ਪੰਥਕ ਜ਼ਜ਼ਬੇ ਅਤੇ ਜੋਸ਼ੀਲੇ ਸੁਭਾਅ ਕਰਕੇ ਸਿੱਖਾਂ ਅੰਦਰ ਬੜੇ ਸਤਿਕਾਰੇ ਜਾਂਦੇ ਸਨ। ਉਨ੍ਹਾਂ ਨੇ ਗੋਰੀ ਸਰਕਾਰ ਦੀ ਮਾਰੂ ਨੀਤੀ ਨੂੰ ਅਸਫਲ ਬਣਾਉਣ ਅਤੇ ਕਾਨੂੰਨੀ ਪ੍ਰਕ੍ਰਿਆ ਪੂਰੀ ਕਰਨ ਹਿੱਤ ‘ਗੁਰੂ ਨਾਨਕ ਸਟੀਮ ਸ਼ਿਪ ਕੰਪਨੀ’ ਸਥਾਪਤ ਕਰ ਲਈ ਅਤੇ 24 ਮਾਰਚ, 1914 ਨੂੰ ਬਾਬਾ ਗੁਰਦਿੱਤ ਸਿੰਘ ਨੇ ਜਪਾਨੀ ਕੰਪਨੀ ਸ਼ੀਨੀ ਕਿਸ਼ਨ ਗੋ.ਸੀ.ਕਾਈਸ਼ਰ ਪਾਸੋਂ ਹਾਂਗਕਾਂਗ ਵਿਖੇ ਕਾਮਾਗਾਟਾਮਾਰੂ ਜਹਾਜ਼ ਕਿਰਾਏ ’ਤੇ ਲਿਆ। ਬਾਬਾ ਗੁਰਦਿੱਤ ਸਿੰਘ ਦਾ ਪਹਿਲਾ ਇਰਾਦਾ ਕਲਕੱਤਾ ਤੋਂ ਜਹਾਜ਼ ਭਾੜੇ ’ਤੇ ਲੈ ਕੇ ਕੈਨੇਡਾ ਜਾਣ ਦਾ ਸੀ ਪਰ ਅਖੀਰ ਹਾਂਗਕਾਂਗ ਤੋਂ ਚੱਲਣਾ ਪਿਆ। ਸ਼ੁਰੂ ਵਿਚ 500 ਪਰਵਾਸੀਆਂ ਨੇ ਜਹਾਜ਼ ਰਾਹੀਂ ਜਾਣ ਦਾ ਪ੍ਰੋਗਰਾਮ ਬਣਾਇਆ ਪਰੰਤੂ ਹਾਂਗਕਾਂਗ ਦੀ ਪੁਲਿਸ ਨੇ ਬਾਬਾ ਗੁਰਦਿੱਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਬਿਨਾਂ ਦੋਸ਼ ਤੋਂ ਹੀ ਨਜਰਬੰਦ ਕਰ ਲਿਆ ਸੀ। ਸਥਾਨਕ ਭਾਰਤ ਵਿਰੋਧੀ ਅਨਸਰਾਂ ਨੇ ਬਾਬਾ ਗੁਰਦਿੱਤ ਸਿੰਘ ਵਿਰੁੱਧ ਭੰਡੀ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਕਾਮਾਗਟਾਮਾਰੂ ਜਹਾਜ਼ ਦੇ ਯਾਤਰੀਆਂ ਨੂੰ ਡਰਾਉਣਾ ਸ਼ੁਰੂ ਕਰ ਦਿੱਤਾ ਸੀ। ਅਖੀਰ ਵਿਚ ਬਿਨਾਂ ਕੋਈ ਮੁਕੱਦਮਾ ਚਲਾਏ ਬਾਬਾ ਗੁਰਦਿੱਤ ਸਿੰਘ ਨੂੰ ਰਿਹਾ ਕਰ ਦਿੱਤਾ। ਬਾਬਾ ਗੁਰਦਿੱਤ ਸਿੰਘ ਵੱਲੋਂ ਸਰਕਾਰ ਵਿਰੁੱਧ ਅਦਾਲਤੀ ਕੇਸ ਕਰਨ ਦੀ ਧਮਕੀ ਕਾਰਨ ਉਨ੍ਹਾਂ ਉੱਤੇ ਲਾਈ ਪਾਬੰਦੀ ਹਟਾ ਲਈ ਸੀ ਪਰੰਤੂ ਜਹਾਜ਼ ਵਿਚ ਸਵਾਰ ਅਖੌਤੀ ਸ਼ੱਕੀ ਯਾਤਰੀਆਂ ਬਾਰੇ ਅਧਿਕਾਰੀ ਕੈਨੇਡਾ ਸਰਕਾਰ ਅਤੇ ਭਾਰਤੀ ਬਰਤਾਨਵੀ ਸਰਕਾਰ ਨੂੰ ਚੇਤਾਵਨੀ ਦੇ ਚੁੱਕੇ ਸਨ।

“ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ ॥” (91)

ਦੇ ਸਿਧਾਂਤ

“ਦੇਹਿ ਸ਼ਿਵਾ ਬਰ ਮੋਹਿ ਇਹੈ ਸ਼ੁਭ ਕਰਮਨ ਤੇ ਕਬਹੂੰ ਨ ਟਰੋਂ।
ਨ ਡਰੋਂ ਅਰਿ ਸੋ ਜਬ ਜਾਇ ਲਰੋਂ ਨਿਸਚੈ ਕਰ ਆਪਣੀ ਜੀਤ ਕਰੋਂ।”

ਦੇ ਜ਼ਜ਼ਬੇ ਨਾਲ ਅਖੀਰ 165 ਸਵਾਰੀਆਂ ਨੂੰ ਲੈ ਕੇ ਬਾਬਾ ਗੁਰਦਿੱਤ ਸਿੰਘ ਜੀ ਇਸ ਜਪਾਨੀ ਜਹਾਜ਼ ਰਾਹੀਂ 4 ਅਪ੍ਰੈਲ, 1914 ਈ: ਨੂੰ ਹਾਂਗਕਾਂਗ ਤੋਂ ਕੈਨੇਡਾ ਲਈ ਚੱਲ ਪਏ। ਇਹ ਪੰਜ ਦਿਨ ਸ਼ੰਘਾਈ ਵਿਖੇ ਰੁੱਕੇ ਅਤੇ 111 ਹੋਰ ਸਵਾਰੀਆਂ ਨੂੰ ਲੈ ਕੇ ਮੋਜੀ ਲਈ ਚੱਲ ਪਿਆ। ਮੋਜੀ ਤੋਂ ਹੋਰ 86 ਸਵਾਰੀਆਂ ਜਹਾਜ਼ ਵਿਚ ਚੜ੍ਹੀਆਂ। ਜਹਾਜ਼ ਦਾ ਅਗਲਾ ਪੜਾਅ 8 ਅਪ੍ਰੈਲ ਨੂੰ ਚੀਨ ਦੀ ਬੰਦਰਗਾਹ ਯੋਕੇਹਾਮਾ ਦਾ ਸੀ। ਉਥੋਂ 14 ਸਵਾਰੀਆਂ ਹੋਰ ਚੜੀਆਂ। ਇਸ ਤਰ੍ਹਾਂ ਜਹਾਜ਼ ਦੀਆਂ ਸਵਾਰੀਆਂ ਦੀ ਗਿਣਤੀ 376 ਹੋ ਗਈ। ਜਿਨ੍ਹਾਂ ਵਿੱਚੋਂ 25 ਸਵਾਰੀਆਂ ਤੋਂ ਬਿਨਾਂ ਬਾਕੀ ਸਾਰੇ ਸਿੱਖ ਸਨ। ਉਥੋਂ ਚੱਲ ਕੇ ਇਹ “ਕਾਮਾਗਾਟਾਮਾਰੂ” ਜਹਾਜ਼ 21 ਮਈ, 1914 ਈ: ਦੀ ਸ਼ਾਮ ਨੂੰ ਵਿਕਟੋਰੀਆ (ਭ.ਛ.) ਦੇ ਨੇੜੇ ਪਹੁੰਚ ਗਿਆ। ਇਥੋਂ 22 ਮਈ ਨੂੰ ਇਹ ਵੈਨਕੂਵਰ ਲਈ ਰਵਾਨਾ ਹੋ ਗਿਆ ਪਰੰਤੂ ਬੰਦਰਗਾਹ ਦੇ ਪ੍ਰਬੰਧਕਾਂ ਅਤੇ ਇੰਮੀਗਰੇਸ਼ਨ ਦੇ ਅਧਿਕਾਰੀਆਂ ਨੇ ‘ਕਾਮਾਗਾਟਾਮਾਰੂ’ ਜਹਾਜ਼ ਨੂੰ ਬਰਾਂਡ ਦੇ ਨੇੜੇ ਬੰਦਰਗਾਹ ਤੋਂ ਇਕ ਮੀਲ ਦੀ ਦੂਰੀ ਉਤੇ ਡੂੰਘੇ ਪਾਣੀ ਵਿਚ ਹੀ ਰੋਕ ਦਿੱਤਾ ਅਤੇ ਮੁਸਾਫਿਰਾਂ ਨੂੰ ਇਹ ਕਹਿ ਕੇ ਉਤਰਨ ਨਹੀਂ ਦਿੱਤਾ ਕਿ ਤੁਸੀਂ ਪ੍ਰਚਲਤ ਪ੍ਰਵਾਸੀ ਕਾਨੂੰਨ ਦੀਆਂ ਸ਼ਰਤਾਂ ਪੂਰੀਆਂ ਕਰਨ ਵਿਚ ਅਸਫਲ ਰਹੇ ਹੋ। ਬਾਅਦ ਵਿਚ 22 ਸਵਾਰੀਆਂ ਨੂੰ ਉਤਰਨ ਦੀ ਆਗਿਆ ਵੀ ਦਿੱਤੀ ਗਈ। ਅਜਿਹਾ ਜਹਾਜ਼ ਵਿਚ ਗ਼ੈਰ-ਸਿੱਖ ਯਾਤਰੀਆਂ ਦੀ ਗਿਣਤੀ ਘੱਟ ਕਰਨ ਲਈ ਕੀਤਾ ਗਿਆ। ਸਵਾਰੀਆਂ ਵਿਚ ਡਾਕਟਰ ਰਘੂਨਾਥ ਅਤੇ ਉਸ ਦੇ ਸਾਥੀ ਵਿਦਿਆਰਥੀ ਨੇ ਜਹਾਜ਼ ਵਿਚ ਸਵਾਰ ਮੁਸਾਫਿਰਾਂ ਵਿਚ ਬਾਬਾ ਗੁਰਦਿੱਤ ਸਿੰਘ ਪ੍ਰਤੀ ਵਫਾਦਾਰੀ ਤੋੜਨ ਲਈ ਲਗਾਤਾਰ ਯਤਨ ਵੀ ਕੀਤੇ।

ਜਹਾਜ਼ ਦੇ ਚਾਰੇ ਪਾਸੇ ਹਥਿਆਰਬੰਦ ਸੁਰੱਖਿਆ ਦਸਤਿਆਂ ਦਾ ਸਖ਼ਤ ਪਹਿਰਾ ਲਾ ਕੇ ਮੁਸਾਫਿਰਾਂ ਨੂੰ ਕਿਸੇ ਨਾਲ ਵੀ ਮਿਲਣ ਉਤੇ ਪਾਬੰਦੀ ਲਗਾ ਦਿੱਤੀ। ਇਸ ਗ਼ੈਰ-ਕਾਨੂੰਨੀ ਅਤੇ ਅਣਮਨੁੱਖੀ ਵਤੀਰੇ ਵਿਰੁੱਧ ਬਾਬਾ ਗੁਰਦਿੱਤ ਸਿੰਘ ਦੀ ਅਗਵਾਈ ਵਿਚ ਮੁਸਾਫਿਰਾਂ ਨੇ ਇੰਮੀਗਰੇਸ਼ਨ ਦੇ ਉੱਚ-ਅਧਿਕਾਰੀ ਮੈਲਕਾਮ ਰੀਡ ਪਾਸ ਰੋਸ ਪ੍ਰਗਟ ਕੀਤਾ ਪਰੰਤੂ ਉਨ੍ਹਾਂ ਨੇ ਕੂਟਨੀਤੀ ਅਨੁਸਾਰ ਇਨ੍ਹਾਂ ਦੇ ਪ੍ਰੋਟੈਸ਼ਟ ਨੂੰ ਅਣਗੌਲਿਆਂ ਕਰ ਦਿੱਤਾ। ਬਾਬਾ ਗੁਰਦਿੱਤ ਸਿੰਘ ਨੇ ਦਲੀਲ ਦਿੱਤੀ ਕਿ ਜਹਾਜ਼ ਵਿਚ ਕੋਲਾ ਲੱਦਿਆ ਹੋਇਆ ਹੈ। ਇਸ ਨੂੰ ਲਾਹ ਕੇ ਵੇਚਣ ਦਾ ਬਤੌਰ ਵਪਾਰੀ ਉਨ੍ਹਾਂ ਦਾ ਪੂਰਾ ਕਾਨੂੰਨੀ ਹੱਕ ਹੈ ਅਤੇ ਇਹ ਬੰਦਰਗਾਹ ਦੇ ਨਿਯਮਾਂ ਅਨੁਸਾਰ ਹੈ ਪਰੰਤੂ ਅੰਗਰੇਜ ਅਧਿਕਾਰੀ ਦੇ ਕੰਨ ਤੋਂ ਜੂੰਅ ਨਾ ਸਰਕੀ। ਇਸੇ ਦੌਰਾਨ ਵੈਨਕੂਵਰ ਵਿਚ ਪਹਿਲਾਂ ਤੋਂ ਹੀ ਵੱਸਦੇ ਸਿੱਖਾਂ ਨੇ ਇਸ ਜਹਾਜ਼ ਨੂੰ ਐਲਵਾਲੀ ਬੰਦਰਗਾਹ ਉਤੇ ਲਿਜਾ ਕੇ ਮੁਸਾਫਿਰਾਂ ਨੂੰ ਉਤਾਰਨ ਦੀ ਯੋਜਨਾ ਬਣਾਈ ਜੋ ਕੁਝ ਕਾਰਨਾਂ ਕਰਕੇ ਸਿਰੇ ਨਾ ਚੜ੍ਹ ਸਕੀ। ਸੰਘਰਸ਼ ਨੂੰ ਅੱਗੇ ਤੋਰਦਿਆਂ ਯੂਨਾਇਟਡ ਇੰਡੀਆ ਲੀਗ ਅਤੇ ਖ਼ਾਲਸਾ ਦੀਵਾਨ ਸੁਸਾਇਟੀ ਵੱਲੋਂ ਸਾਂਝੇ ਤੌਰ ’ਤੇ ਬੰਦੀ ਬਣਾਏ ਮੁਸਾਫਿਰਾਂ ਦਾ ਕੇਸ ਲੜਨ ਲਈ ਇਕ ਅੰਗਰੇਜ ਵਕੀਲ ਮਿਸਟਰ ਬਰਡ ਰਾਹੀਂ ਯਤਨ ਕੀਤਾ ਗਿਆ। ਵਕੀਲ ਬਰਡ ਨੇ ਆਪਣੇ ਕਾਨੂੰਨੀ ਹੱਕ ਅਨੁਸਾਰ ਆਪਣੇ ਮੁਵਕਿੱਲ ਬਾਬਾ ਗੁਰਦਿੱਤ ਸਿੰਘ ਨੂੰ ਮਿਲਣ ਦੀ ਆਗਿਆ ਮੰਗੀ ਜੋ ਇੰਮੀਗਰੇਸ਼ਨ ਅਧਿਕਾਰੀਆਂ ਵੱਲੋਂ ਖ਼ਾਰਜ ਕਰ ਦਿੱਤੀ ਗਈ। ਇਸੇ ਦੌਰਾਨ ਕੈਨੇਡਾ ਦੇ ਮੈਬਰ ਪਾਰਲੀਮੈਂਟ ਮਿਸਟਰ ਕਾਸਗਰੇਨ ਨੇ ਪਾਰਲੀਮੈˆਟ ਵਿਚ ਜਹਾਜ਼ ਵਿਚ ਬੰਦੀ ਸਿੱਖ ਮੁਸਾਫਿਰਾਂ ਦੇ ਹੱਕ ਵਿਚ ਇਹ ਮੁੱਦਾ ਉਠਾਉਂਦਿਆਂ ਕਿਹਾ ਕਿ ਸਿੱਖ ਫੌਜੀ ਬਰਤਾਨਵੀ ਫੌਜ ਦੇ ਸਾਬਕਾ ਕਾਰਕੁੰਨ ਹਨ ਅਤੇ ਇਨ੍ਹਾਂ ਨੂੰ ਬਾਕੀ ਏਸ਼ੀਆਈ ਮੁਲਕਾਂ ਤੋਂ ਆਉਣ ਵਾਲੇ ਲੋਕਾਂ ਵਾਂਗ ਕੈਨੇਡਾ ਵਿਚ ਦਾਖਲ ਹੋਣ ਦਿੱਤਾ ਜਾਵੇ। ਇਸ ਤਰ੍ਹਾਂ ਇਹ ‘ਕਾਮਾਗਾਟਾਮਾਰੂ’ ਜਹਾਜ਼ ਦਾ ਮਸਲਾ ਸਮੇਂ ਦੇ ਅਖ਼ਬਾਰਾਂ ਰਾਹੀਂ ਰਾਜਨੀਤਿਕ ਅਤੇ ਸਮਾਜਿਕ ਪੱਧਰ ਉੱਤੇ ਗੰਭੀਰ ਚਰਚਾ ਦਾ ਵਿਸ਼ਾ ਬਣ ਗਿਆ। ਵਕੀਲ ਬਰਡ ਨੇ ਇਸ ਧੱਕੇਸ਼ਾਹੀ ਅਤੇ ਬੇਇਨਸਾਫ਼ੀ ਖਿਲਾਫ਼ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਲਿਖਿਆ ਜਿਸ ਉਤੇ ਵਕੀਲ ਮਿਸਟਰ ਬਰਡ ਅਤੇ ਬਾਬਾ ਗੁਰਦਿੱਤ ਸਿੰਘ ਦੀ ਸਮੁੰਦਰ ਦੇ ਵਿਚ ਹੀ ਵੱਖਰੀਆਂ-ਵੱਖਰੀਆਂ ਕਿਸ਼ਤੀਆਂ ਵਿਚ ਸਖ਼ਤ ਸੁਰੱਖਿਆ ਪਹਿਰੇ ਹੇਠ ਮੁਲਾਕਾਤ ਕਰਵਾਈ ਗਈ ਪਰੰਤੂ ਇਸ ਅਣਸੁਖਾਵੀਂ ਮੁਲਾਕਾਤ ਦੌਰਾਨ ਕੋਈ ਠੋਸ ਗੱਲਬਾਤ ਨਾ ਹੋ ਸਕੀ ਉਪਰੋਂ ਇੰਮੀਗਰੇਸ਼ਨ ਅਧਿਕਾਰੀ ਮਿਸਟਰ ਮੈਲਕਾਮਰੀਡ ਨੇ ਨੀਚਤਾ ਦੀ ਹੱਦ ਟੱਪਦਿਆਂ ਵਕੀਲ ਬਰਡ ਨੂੰ ਸਮੁੰਦਰ ਵਿਚ ਸੁੱਟਣ ਦੀ ਧਮਕੀ ਦੇ ਦਿੱਤੀ। ਇਹ ਖ਼ਬਰ ਜੰਗਲ ਦੀ ਅੱਗ ਵਾਂਗ ਬਾਕੀ ਮੁਲਕਾਂ ਵਿਚ ਵੀ ਫੈਲ ਗਈ। ਉਥੋਂ ਦੇ ਸਿੱਖਾਂ ਨੇ ਵੀ ਕੈਨੇਡੀਅਨ ਸਰਕਾਰ ਵਿਰੁੱਧ ਰੋਸਮਈ ਆਵਾਜ਼ ਬੁਲੰਦ ਕੀਤੀ।

ਵੈਨਕੂਵਰ ਵਿਚ ਵੱਸਦੇ ਸਿੱਖਾਂ ਨੂੰ ਜਦੋਂ ਪਤਾ ਲੱਗਾ ਕਿ ਜਪਾਨੀ ਜਹਾਜ਼ ਦੀ ਅਗਲੀ ਕਿਸ਼ਤ ਉਤਾਰਨ ਯੋਗ ਹੈ। ਉਨ੍ਹਾਂ ਤੁਰੰਤ ਹੰਭਲਾ ਮਾਰਦਿਆਂ ਸਿੱਖ ਸੰਗਤਾਂ ਪਾਸੋਂ 11000 ਡਾਲਰ (ਗਿਆਰਾਂ ਹਜ਼ਾਰ ਡਾਲਰ) ਇਕੱਤਰ ਕਰਕੇ ਜਹਾਜ਼ ਦੀ ਕਿਸ਼ਤ ਉਤਾਰ ਦਿੱਤੀ। ਕੈਨੇਡੀਅਨ ਸਰਕਾਰ ਨੇ ਸਿੱਖਾਂ ਦੇ ਜਹਾਜ਼ ਦੇ ਅੰਦਰਲੀਆਂ ਅਤੇ ਬਾਹਰਲੀਆਂ ਗਤੀਵੀਧੀਆਂ ਦਾ ਪਤਾ ਲਾਉਣ ਲਈ ਇਕ ਜਾਸੂਸ “ਵਿਲੀਅਮ ਹਾਪਕਿਨਸਨ” ਦੀਆਂ ਸੇਵਾਵਾਂ ਲੈ ਲਈਆਂ। ਇਹ ਹਾਪਕਿਨਸਨ ਕਲਕੱਤੇ ਵੱਸਦੇ ਇਕ ਗੋਰੇ ਬਾਪ ਅਤੇ ਭਾਰਤੀ ਮਾਂ ਦਾ ਬੇਟਾ ਸੀ। ਪੰਜਾਬੀ ਬੋਲਣੀ, ਲਿਖਣੀ ਅਤੇ ਸਮਝਣੀ ਜਾਣਦਾ ਸੀ। ਇਸ ਨੇ ਜਹਾਜ਼ ਦੇ ਅੰਦਰ ਆਪਣਾ ਤਾਲਮੇਲ ਪੈਦਾ ਕਰਕੇ ਜਹਾਜ਼ ਅੰਦਰ ਸਵਾਰ ਡਾ. ਰਘੂਨਾਥ ਨੂੰ ਲਾਲਚ ਦੇ ਕੇ ਆਪਣਾ ਜਾਸੂਸੀ ਏਜੰਟ (Source) ਬਣਾ ਲਿਆ। ਇਸੇ ਤਰ੍ਹਾਂ ਹਾਪਕਿਨਸਨ ਨੇ ਕੈਨੇਡਾ ਵਿਚ ਵਸਦੇ ਸਿੱਖਾਂ ਦੀਆਂ ਸਰਗਰਮੀਆਂ ਬਾਰੇ ਸੂਹ ਲਾਉਣ ਹਿੱਤ ਜ਼ਿਲ੍ਹਾ ਹੁਸ਼ਿਆਰਪੁਰ ਪਿੰਡ ਸਿਆਣ ਤੋਂ ਕੈਨੇਡਾ ਵੱਸੇ ਹੋਏ ਸ. ਬੇਲਾ ਸਿੰਘ ਅਤੇ ਕਈ ਹੋਰਨਾਂ ਨੂੰ ਆਪਣੇ ਜਸੂਸੀ ਏਜੰਟ ਬਣਾ ਲਿਆ। ਅਜਿਹੇ ਲੋਕਾਂ ਦੀ ਇਤਿਹਾਸ ਵਿਚ ਕਦੀ ਵੀ ਘਾਟ ਨਹੀਂ ਰਹੀ। ਡਾ. ਰਘੂਨਾਥ ਅਤੇ ਸ. ਬੇਲਾ ਸਿੰਘ ਵਰਗੇ ਚੰਦੂ, ਗੰਗੂ, ਸੁੱਚਾ ਨੰਦ ਅਤੇ ‘ਪਹਾੜਾ ਸਿੰਘ ਸੀ ਯਾਰ ਫਿਰੰਗੀਆਂ ਦਾ’ ਵਰਗੇ ਲੋਕ ਇਤਿਹਾਸ ਨੇ ਵੇਖੇ ਜਿਨ੍ਹਾਂ ਹਮੇਸ਼ਾਂ ਆਪਣੇ ਨਿੱਜੀ ਹਿੱਤਾਂ ਅਤੇ ਗ਼ੁਲਾਮ ਜ਼ਹਿਨੀਅਤ ਕਾਰਨ ਦੇਸ਼ ਅਤੇ ਕੌਮ ਵਿਰੋਧੀ ਕਾਰਵਾਈਆਂ ਕਰਕੇ ਇਤਿਹਾਸ ਨੂੰ ਕਲੰਕਿਤ ਕੀਤਾ। ਜਾਸੂਸ ਹਾਪਕਿਨਸਨ ਅਤੇ ਉਸ ਦੇ ਸਾਥੀਆਂ ਵੱਲੋਂ ਸਰਕਾਰ ਨੂੰ ਦਿੱਤੀਆਂ ਰਿਪੋਰਟਾਂ ਦੇ ਅਧਾਰ ਉਤੇ ਸਰਕਾਰ ਨੇ ਜਹਾਜ਼ ਅੰਦਰ ਰਾਸ਼ਨ-ਪਾਣੀ ਜਾਣੋ ਰੋਕ ਦਿੱਤਾ। ਇਹ ਅਖੌਤੀ ਸੱਭਿਅਕ ਸਰਕਾਰ ਦਾ ਕ੍ਰਿਸ਼ਮਾ ਸੀ। ਉਧਰ ਕੈਨੇਡਾ ਨਿਵਾਸੀ ਉਨ੍ਹਾਂ ਸਰਗਰਮ ਸਿੱਖਾਂ ਉਤੇ ਸਖ਼ਤ ਨਿਗਰਾਨੀ ਰੱਖਣੀ ਸ਼ੁਰੂ ਕਰ ਦਿੱਤੀ ਜਿਹੜੇ ਜਹਾਜ਼ ਵਿਚ ਬੰਦੀਆਂ ਦੀ ਕਾਨੂੰਨੀ ਅਤੇ ਹੋਰ ਢੰਗ ਨਾਲ ਮਦਦ ਕਰਦੇ ਸਨ। ਇਨ੍ਹਾਂ ਵਿਚ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਭਿਖੀਵਿੰਡ ਨਗਰ ਦੇ ਸ. ਭਾਗ ਸਿੰਘ, ਜ਼ਿਲ੍ਹਾ ਜਲੰਧਰ ਦੇ ਪਿੰਡ ਖੁਰਦਪੁਰ ਦੇ ਭਾਈ ਬਲਵੰਤ ਸਿੰਘ, ਜ਼ਿਲਾ ਮਾਨਸਾ ਦੇ ਪਿੰਡ ਦਲੇਰ ਸਿੰਘ ਵਾਲਾ ਦੇ ਸਰਦਾਰ ਬਤਨ ਸਿੰਘ, ਸ. ਹਰਨਾਮ ਸਿੰਘ ਸਾਹਰੀ ਅਤੇ ਸ. ਸੁੰਦਰ ਸਿੰਘ ਬਾੜੀਆ ਆਦਿ ਵਰਨਣਯੋਗ ਹਨ। ਕੈਨੇਡੀਅਨ ਸਰਕਾਰ ਇਨ੍ਹਾਂ ਨੂੰ ਆਪਣਾ ਦੁਸ਼ਮਣ ਸਮਝਦੀ ਸੀ। ਸਿੰਘਾਂ ਉਤੇ ਇਹ ਸਖ਼ਤ ਸਿਕੰਜਾ ਕੱਸਿਆ ਜਾਣ ਦਾ ਕਾਰਨ ਮੁੱਢਲੇ ਤੌਰ ਉਤੇ ਗੋਰੀ ਸਰਕਾਰ ਵੱਲੋਂ ਸਿੱਖਾਂ ਅੰਦਰ ਦਹਿਸ਼ਤ ਪੈਦਾ ਕਰਕੇ ਉਨ੍ਹਾਂ ਨੂੰ ਬਾਹਰ ਕੱਢਣਾ ਸੀ। ਜਿਸ ਘਿਨਾਉਣੇ ਕਾਰਜ ਦੀ ਪੂਰਤੀ ਵਿਚ ਇਨ੍ਹਾਂ ਜਾਸੂਸਾਂ ਨੇ ਪੂਰਾ ਹਿੱਸਾ ਪਾਇਆ। ਦੁਨੀਆਂ ਦੀਆਂ ਸਾਰੀਆਂ ਹੀ ਇਨਕਲਾਬੀ ਲਹਿਰਾਂ ਨੂੰ ਅਸਫਲ ਕਰਨ ਹਿੱਤ ਸਮੇਂ ਦੀਆਂ ਸਰਕਾਰਾਂ ਆਪਣੇ ਮੁਖਬਰਾਂ-ਏਜੰਟਾਂ ਰਾਹੀਂ ਘੁਸਪੈਠ ਕਰਦੀਆਂ ਰਹੀਆਂ ਹਨ ਅਤੇ ਅੱਜ ਵੀ ਇਹੋ ਵਰਤਾਰਾ ਜਾਰੀ ਹੈ। ਗੋਰੀ ਸਰਕਾਰ ਨੇ ਸਿੰਘਾਂ ਦੀਆਂ ਸਰਗਰਮੀਆਂ ਦੇ ਸਨਮੁਖ ਬੰਦਸ਼ਾਂ ਹੋਰ ਸਖ਼ਤ ਕਰ ਦਿੱਤੀਆਂ ਗਈਆਂ। ਇਸ ਤਰ੍ਹਾਂ ਜਹਾਜ਼ ਅੰਦਰ ਬੰਦੀਆਂ ਨੂੰ ਭੁੱਖੇ ਮਰਨ ਲਈ ਮਜਬੂਰ ਕਰ ਦਿੱਤਾ ਗਿਆ। ਜਿਸ ਤਰ੍ਹਾਂ ਸਰਹਿੰਦ ਦੇ ਅਲਫ਼ਸਾਨੀ ਦੀ ਨਕਸ਼ਬੰਦੀ ਲਹਿਰ ਸਿੱਖਾਂ ਦੇ ਵਿਰੁੱਧ ਸੀ ਇਸੇ ਤਰ੍ਹਾਂ ਵੈਨਕੂਵਰ ਵਿਚ ‘ਦੀ ਔਰੀਐਂਟਲ ਪ੍ਰਾਬਲਮ’ ਨਾਮ ਦੀ ਕਿਤਾਬ ਦਾ ਲਿਖਾਰੀ ਅਤੇ ਏਸੀਅਨ ਖਾਸ ਕਰਕੇ ਸਿੱਖਾਂ ਦੇ ਸਖ਼ਤ ਵਿਰੋਧੀ ਐਫ.ਐਚ. ਸਟੀਵਨਜ਼ ਨੇ ਜਿਥੇ ਸਿੱਖਾਂ ਵਿਰੁੱਧ ਮੁਹਿੰਮ ਅਰੰਭੀ ਉਥੇ ਪ੍ਰਧਾਨ ਮੰਤਰੀ ਗੋਰਡਨ ਨੂੰ ਸਲਾਹ ਦਿੱਤੀ ਕਿ ਉਹ ਇਮੀਗ੍ਰੇਸਨ ਦੇ ਅਧਿਕਾਰੀ ਮੈਲਕਾਮ ਰੀਡ ਨੂੰ ਸਖ਼ਤ ਹਦਾਇਤ ਕਰੇ ਕਿ ਮਿਸਟਰ ਰੀਡ “ਕਾਮਾਗਾਟਾਮਾਰੂ” ਜਹਾਜ਼ ਦੇ ਮਾਮਲੇ ਵਿਚ ਕਿਸੇ ਕੋਰਟ-ਕਚਹਿਰੀ ਦੀ ਕਾਨੂੰਨੀ ਕਾਰਵਾਈ ਨੂੰ ਅਣਗੌਲਿਆ ਕਰ ਦੇਵੇ ਅਤੇ ‘ਸਿੱਖ ਵਿਰੋਧੀ’ ਕਾਰਵਾਈ ਨੂੰ ਨੇਪਰੇ ਚਾੜ੍ਹੇ।

ਲੋਕ ਰੋਹ ਨੂੰ ਵੇਖਦਿਆਂ ਅਤੇ ਦੁਨੀਆਂ ਦੀਆਂ ਅੱਖਾਂ ਸਾਹਮਣੇ ਆਪਣੇ ਆਪ ਨੂੰ ਇਨਸਾਫ-ਪਸੰਦ ਸਾਬਤ ਕਰਨ ਹਿੱਤ ਬੜੀ ਸ਼ਾਤਰਤਾ ਨਾਲ ਸਰਕਾਰ ਨੇ ਇਕ ਬੋਰਡ ਦਾ ਗਠਨ ਕਰ ਦਿੱਤਾ ਤਾਂ ਜੋ ਜਹਾਜ਼ ਅੰਦਰ ਬੰਦੀ ਬਣਾਏ ਬੰਦੀਆਂ ਦਾ ਸਟੇਟਸ ਕਾਨੂੰਨ ਅਨੁਸਾਰ ਪਰਖਿਆ ਜਾਵੇ। ਸਲਾਹ ਮਸ਼ਵਰੇ ਉਪਰੰਤ ਜਹਾਜ਼ੀ ਮੁਸਾਫਿਰਾਂ ਵਿੱਚੋਂ ਜ਼ਿਲ੍ਹਾ ਹੁਸਿਆਰਪੁਰ ਦੇ ਪਿੰਡ ਗੁਲਪੁਰ ਦੇ ਸਰਦਾਰ ਮੁਨਸ਼ੀ ਸਿੰਘ ਨੂੰ ਬੋਰਡ ਸਾਹਮਣੇ ਪੇਸ਼ ਹੋਣ ਲਈ ਕਿਹਾ। ਸ. ਮੁਨਸ਼ੀ ਸਿੰਘ ਦਾ ਇਹ ਇਕ ਟੈਸਟ ਕੇਸ ਹੀ ਸੀ। ਸ. ਮੁਨਸ਼ੀ ਸਿੰਘ ਨੇ ਆਪਣੇ ਕਿਸਾਨ ਹੋਣ ਅਤੇ ਕਾਨੂੰਨ ਅਨੁਸਾਰ ਕੈਨੇਡਾ ਪਹੁੰਚਣ ਸਬੰਧੀ ਭਰਪੂਰ ਦਲੀਲਾਂ ਦਿੱਤੀਆਂ ਪਰੰਤੂ ਗੋਰੀ ਸਰਕਾਰ ਦੀ ਨੀਤੀ ਅਨੁਸਾਰ ਬੋਰਡ ਦੇ ਮੈˆਬਰ ਪਹਿਲਾਂ ਹੀ ਸਿੱਖ ਵਿਰੋਧੀ ਰਵੱਈਆ ਅਖਤਿਆਰ ਕਰੀ ਬੈਠੇ ਸਨ ਉਨ੍ਹਾਂ ਨੇ ਸ. ਮੁਨਸ਼ੀ ਸਿੰਘ ਦੀ ਇਕ ਵੀ ਦਲੀਲ ਨਾ ਮੰਨੀ ਅਤੇ ‘ਮੈˆ ਨਾ ਮਾਨੂੰ’ ਦੀ ਰੱਟ ਲਾਉਂਦੇ ਰਹੇ ਅਤੇ ਉਸ ਦਾ ਕੇਸ ਰੱਦ ਕਰ ਦਿੱਤਾ ਅਤੇ ਉਸ ਨੂੰ ਕੈਨੇਡਾ ਵਿਚ ਦਾਖ਼ਲ ਹੋਣ ਤੋਂ ਰੋਕ ਦਿੱਤਾ ਜਿਸ ਦਾ ਸਿੱਧਾ ਮਤਲਬ ਸੀ ਕਿ ਜਹਾਜ਼ ਵਿਚਲੇ ਸਾਰੇ ਬੰਦੀਆਂ ਲਈ ਕੈਨੇਡਾ ਵਿਚ ਕੋਈ ਦਾਖ਼ਲਾ ਨਹੀਂ ਅਤੇ ਉਹ ਭਾਰਤ ਵਾਪਸ ਜਾਣ। ਸਿੱਖਾਂ ਨੇ ਇਸ ਫੈਸਲੇ ਵਿਰੁੱਧ ਸੁਪਰੀਮ ਕੋਰਟ ਵਿਚ ਅਪੀਲ ਕੀਤੀ ਪਰੰਤੂ ਸੁਪਰੀਮ ਕੋਰਟ ਨੇ ਬਿਨਾਂ ਸੁਣਵਾਈ ਹੀ ਬੰਦੀਆਂ ਦੀ ਅਪੀਲ ਖ਼ਾਰਜ ਕਰ ਦਿੱਤੀ। ਸਾਰੇ ਬੰਦੀ ਸਖ਼ਤ ਮਾਨਸਿਕ ਤਣਾਅ ਅਤੇ ਸੰਤਾਪ ਭੋਗਣ ਲਈ ਮਜਬੂਰ ਸਨ। ਇਹ ਅਖੌਤੀ ਸੱਭਿਅਕ ਸਰਕਾਰ ਦਾ ਮੁੱਢੋਂ ਹੀ ਅਸੱਭਿਅਕ ਅਤੇ ਅਣਮਨੁੱਖੀ ਵਰਤਾਰਾ ਸੀ।

ਕੈਨੇਡਾ ਵਿਚ ਵੱਸਣ ਵਾਲੇ ਸਿੱਖਾਂ ਨੇ ਸਰਕਾਰ ਦੀਆਂ ਵਧੀਕੀਆਂ, ਜ਼ਿਆਦਤੀਆਂ ਅਤੇ ਪਸ਼ੂਆਂ ਵਾਲੀ ਧੱਕੇਸ਼ਾਹੀ ਬਾਰੇ ਕੈਨੇਡਾ ਅਤੇ ਹੋਰ ਦੇਸ਼ਾਂ ਦੇ ਲੋਕਾਂ ਨੂੰ ਜਾਣੂੰ ਕਰਾਉਣ ਹਿੱਤ ਸ. ਭਾਗ ਸਿੰਘ, ਸ. ਬਲਵੰਤ ਸਿੰਘ, ਸ. ਉਮਰਾਓ ਸਿੰਘ, ਸ. ਸੋਹਣ ਸਿੰਘ ਅਤੇ ਜਨਾਬ ਹਸਨ ਰਹੀਮ ਉਤੇ ਅਧਾਰਤ ਇਕ ਪੰਜ ਮੈਂਬਰੀ ਕੋਰ ਗਰੁੱਪ ਕਾਇਮ ਕੀਤਾ। ਇਸ ਕੋਰ ਗਰੁੱਪ ਨੇ ਪੂਰੀ ਸੁਹਿਰਦਤਾ ਅਤੇ ਤੇਜ਼ੀ ਨਾਲ ਆਪਣਾ ਕਾਰਜ ਅਰੰਭਿਆ। ਭਾਵੇਂ ਵਿਦੇਸ਼ੀ ਧਰਤੀ ਉਤੇ ਅਜਿਹੀਆਂ ਲਹਿਰਾਂ ਚਲਾਉਣਾ ਬੜਾ ਹੀ ਕਠਿਨ ਕਾਰਜ ਹੁੰਦਾ ਹੈ ਪਰੰਤੂ ਸਿੰਘਾਂ ਨੇ ਪੂਰੀ ਦ੍ਰਿੜ੍ਹਤਾ, ਸਿਰੜ ਅਤੇ ਸਿਦਕ ਨਾਲ ਇਹ ਕਾਰਜ ਕੀਤਾ।

ਜਹਾਜ਼ ਦੇ ਬੰਦੀਆਂ ਵੱਲੋਂ 18 ਜੁਲਾਈ 1914 ਈ: ਨੂੰ ਕੈਨੇਡੀਅਨ ਸਰਕਾਰ ਦੇ ਗਵਰਨਰ ਜਰਨਲ ਨੂੰ ਤਾਰ ਰਾਹੀਂ ਉਨ੍ਹਾਂ ਨੂੰ ਇਨਸਾਫ਼ ਦੇਣ ਦੀ ਮੰਗ ਕੀਤੀ ਜਿਸ ਵਿਚ ਉਨ੍ਹਾਂ ਨੇ ਫਿਰ ਦੁਹਰਾਇਆ ਕਿ ਉਹ ਪੰਜਾਬੀ ਸਿੱਖ ਕਿਸਾਨ ਹਨ ਅਤੇ ਕੈਨੇਡਾ ਵਿਚ ਮਿਹਨਤ ਕਰਕੇ ਆਪਣਾ ਗੁਜ਼ਾਰਾ ਕਰਨ ਅਤੇ ਕੈਨੇਡਾ ਦੇ ਵਿਕਾਸ ਵਿਚ ਯੋਗਦਾਨ ਪਾਉਣ ਲਈ ਉਥੇ ਪਹੁੰਚੇ ਹਨ ਅਤੇ ਉਨ੍ਹਾਂ ਦੇ 35000 ਡਾਲਰ ਖ਼ਰਚਣ ਦੇ ਬਾਵਜੂਦ ਉਨ੍ਹਾਂ ਨੂੰ ਪਿਛਲੇ ਦੋ ਮਹੀਨਿਆਂ ਤੋਂ ਜਹਾਜ਼ ਅੰਦਰ ਅਪਰਾਧੀ ਕੈਦੀਆਂ ਵਾਂਗ ਰੱਖਿਆ ਜਾ ਰਿਹਾ ਹੈ ਪਰੰਤੂ ਇਸ ਅਪੀਲ ਦਾ ਵੀ ਉਹੀ ਹਸ਼ਰ ਹੋਇਆ ਜੋ ਸਰਕਾਰ ਦੇ ਵੱਖ- ਵੱਖ ਵੱਡੇ ਅਧਿਕਾਰੀਆਂ ਨੂੰ ਪਹਿਲਾਂ ਕੀਤੀਆਂ ਅਪੀਲਾਂ ਦਾ ਹੋਇਆ ਸੀ। ਅਪੀਲ ਰੱਦ ਕਰ ਦਿੱਤੀ ਗਈ। ਨਤੀਜੇ ਵਜੋਂ ਇੰਮੀਗ੍ਰੇਸ਼ਨ ਅਧਿਕਾਰੀ, ਜੋ ਧੁਰ ਅੰਦਰੋ ਸਿੱਖਾਂ ਪ੍ਰਤੀ ਨਫ਼ਰਤ ਨਾਲ ਭਰੇ ਹੋਏ ਸਨ, ਨੇ ਜਹਾਜ਼ ਦੇ ਬੰਦੀਆਂ ਨੂੰ ਹੋਰ ਜ਼ਿਆਦਾ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਇਸ ਦੇ ਨਾਲ ਹੀ ਦੁਨੀਆਂ ਨੂੰ ਗੁੰਮਰਾਹ ਕਰਨ ਹਿੱਤ ਇਹ ਵੀ ਝੂਠ ਬੋਲਿਆ ਜਾਣ ਲੱਗਿਆ ਕਿ ਕੈਨੇਡਾ ਸਰਕਾਰ ਵੱਲੋਂ ਜਹਾਜ਼ ਉਤੇ ਰਾਸ਼ਨ ਪਾਣੀ ਪਹੁੰਚਾਇਆ ਜਾ ਰਿਹਾ ਹੈ, ਜੋ ਕਿ ਸਰਾਸਰ ਝੂਠ ਸੀ। ਇਸ ਤਰ੍ਹਾਂ ਦਲੀਲ-ਅਪੀਲ ਅਤੇ ਇਨਸਾਫ਼ ਦੇ ਸਾਰੇ ਰਸਤੇ ਬੰਦ ਹੋ ਜਾਣ ਕਾਰਨ ਮੁਸਾਫਿਰਾਂ ਨੇ ਫ਼ੈਸਲਾ ਕਰ ਲਿਆ ਕਿ ਉਹ ਲੋੜੀਂਦਾ ਰਾਸ਼ਨ-ਪਾਣੀ ਲੈ ਕੇ ਉਥੋਂ ਭਾਰਤ ਲਈ ਵਾਪਸ ਤੁਰ ਪੈਣ। ਰਾਸ਼ਨ-ਪਾਣੀ ਮੁਹੱਈਆ ਕਰਵਾਉਣ ਦੀ ਥਾਂ 18 ਜੁਲਾਈ, 1914 ਈ: ਨੂੰ “ਸੀ ਲਾਈਨ” (SEA LINE) ਨਾਮੀ ਜਹਾਜ਼ ਉਤੇ ਸਵਾਰ ਹੋ ਕੇ ਕੈਨੇਡੀਅਨ ਪੁਲਿਸ ਨੇ ਕਾਮਾਗਾਟਾਮਾਰੂ ਜਹਾਜ਼ ਉਤੇ ਫਾਇਰਿੰਗ (ਗੋਲਾਬਾਰੀ) ਕਰ ਦਿੱਤੀ ਪਰੰਤੂ ਸਿੱਖਾਂ ਨੇ ਮੋੜਵੇ ਹਮਲੇ ਦੇ ਰੂਪ ਵਿਚ ਜਹਾਜ਼ ਉਤੇ ਪਏ ਕੋਲਿਆਂ ਨਾਲ ਕੈਨੇਡਾ ਦੀ ਪੁਲਿਸ ਉਤੇ ਜਬਰਦਸਤ ਹੱਲਾ ਬੋਲ ਦਿੱਤਾ ਜਿਸ ਕਰਕੇ ਪੁਲਿਸ ਵਾਲੇ ਭੱਜ ਨਿਕਲੇ। ਬਾਬਾ ਗੁਰਦਿੱਤ ਸਿੰਘ ਅਨੁਸਾਰ ਉਨ੍ਹਾਂ ਪੁਲਸੀਆਂ ਦੇ ਨਾਲ ਡਾਕਟਰ ਰਘੂਨਾਥ ਵੀ ਸੀ। ਜਿਸ ਨੂੰ ਬਤੌਰ ਜਾਸੂਸ ਵਰਤਣ ਹਿੱਤ ਸਰਕਾਰ ਨੇ ਕੈਨੇਡਾ ਵਿਚ ਉਤਰਨ ਦੀ ਆਗਿਆ ਵੀ ਦੇ ਦਿੱਤੀ ਸੀ। ਇਸ ਤਰ੍ਹਾਂ ਜਾਸੂਸ ਹਾਪਕਿਨਸਨ ਅਤੇ ਡਾਕਟਰ ਰਘੂਨਾਥ ਦੀ ਜਹਾਜ਼ ਉਤੇ ਕਬਜ਼ਾ ਕਰਨ ਦੀ ਸਾਜਿਸ਼ ਫ਼ੇਲ੍ਹ ਹੋ ਗਈ। ਪਰੰਤੂ 20 ਜੁਲਾਈ, 1914 ਈ: ਨੂੰ ਕੈਨੇਡਾ ਦਾ ਤੋਪਾਂ ਨਾਲ ਲੈਸ ਜਹਾਜ਼ ਰੈਨਬੋ (RAINBOW) ਕਾਮਾਗਾਟਾਮਾਰੂ ਜਹਾਜ਼ ਉਤੇ ਹਮਲਾ ਕਰਨ ਲਈ ਪਹੁੰਚ ਗਿਆ। ਕੈਨੇਡਾ ਸਰਕਾਰ ਨੇ ਰੈਨਬੋ ਦੇ ਕਮਾਂਡਰ ਨੂੰ ਨਿਰਦੇਸ਼ ਦਿੱਤੇ ਕਿ ਉਹ ਆਪਣੇ ਬੰਦੇ ਵੀਰਵਾਰ ਨੂੰ ਰਵਾਨਾ ਹੋ ਰਹੇ ਕਾਮਾਗਾਟਾ ਮਾਰੂ ਜਹਾਜ਼ ’ਤੇ ਭੇਜੇ ਤਾਂ ਕਿ ਇਸ ਵਿੱਚੋਂ ਗ਼ੈਰ-ਸਿੱਖਾਂ ਦੀ ਗਿਣਤੀ ਘਟਾਈ ਜਾ ਸਕੇ। ਦੇਸ਼ ਨਿਕਾਲੇ ਦੇ ਹੁਕਮ ਦੀ ਪਾਲਣਾ ਨਾ ਕਰਨ ਦੀ ਸੂਰਤ ਵਿਚ ਜਹਾਜ਼ ਦੇ ਮਾਲਕ ਅਤੇ ਕਿਰਾਏਦਾਰ ਵਿਰੁੱਧ ਵੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇ। ਕਾਮਾਗਾਟਾਮਾਰੂ ਜਹਾਜ਼ ਵਿਰੁੱਧ ਰੈਨਬੋ ਵੱਲੋਂ ਕੀਤੀ ਜਾਣ ਵਾਲੀ ਕਾਰਵਾਈ ਨੂੰ ਵੇਖਣ ਲਈ ਲਗਭਗ 10000 ਲੋਕ ਇਕੱਤਰ ਹੋਏ ਸਨ ਪਰ ਉਨ੍ਹਾਂ ਨੂੰ ਨਰਾਸ਼ ਹੋਣਾ ਪਿਆ ਸੀ। ਹੁਣ ਕੈਦੀ ਮੁਸਾਫਿਰਾਂ ਪਾਸ ਦੋ ਹੀ ਰਸਤੇ ਸਨ। ਪਹਿਲਾ, ਜੇਕਰ ਕੈਨੇਡਾ ਦੀ ਸਰਕਾਰ ਰਾਸ਼ਨ ਸਮੱਗਰੀ ਅਤੇ ਜਹਾਜ਼ ਲਈ ਤੇਲ ਦੇਵੇ ਤਾਂ ਜਹਾਜ਼ ਭਾਰਤ ਵੱਲ ਨੂੰ ਚੱਲ ਪਵੇਗਾ। ਦੂਸਰਾ ਜੇ ਸਰਕਾਰ ਜਹਾਜ਼ ਲਈ ਤੇਲ ਅਤੇ ਮੁਸਾਫਿਰਾਂ ਲਈ ਰਾਸ਼ਨ ਪਾਣੀ ਨਾ ਦੇਵੇ ਤਾਂ ਉਨ੍ਹਾਂ ਦੇ ਸਮੁੰਦਰ ਦੇ ਡੂੰਘੇ ਪਾਣੀ ਵਿਚ ਡੁੱਬ ਮਰਨਾ ਜ਼ਰੂਰੀ ਸੀ। ਜਹਾਜ਼ ਦੇ ਬੰਦੀਆਂ ਵੱਲੋਂ ਕੀਤੇ ਇਨ੍ਹਾਂ ਵਿਚਾਰਾਂ ਦਾ ਕੈਨੇਡਾ ਵਿਚ ਵੱਸਦੇ ਭਾਰਤੀਆਂ ਖ਼ਾਸ ਕਰਕੇ ਸਿੱਖਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ 21 ਜੁਲਾਈ, 1914 ਈ: ਨੂੰ ਵੈਨਕੂਵਰ ਦੇ ਗੁਰਦੁਆਰਾ ਸਾਹਿਬ ਵਿਖੇ ਸ਼ਾਮ ਦੇ ਸਜਾਏ ਧਾਰਮਿਕ ਦੀਵਾਨ ਵਿਚ ਸਖ਼ਤ ਰੋਸ ਦਾ ਪ੍ਰਗਟਾਵਾ ਕਰਦਿਆਂ ਮਤਾ ਪਾਸ ਕਰ ਦਿੱਤਾ ਕਿ ਜੇਕਰ ਜਹਾਜ਼ ਉਤੇ ਗੋਲੀ ਚੱਲੀ ਜਾਂ ਕੈਦੀ ਮੁਸਾਫਿਰਾਂ ਦੀ ਜਾਨ-ਮਾਲ ਨੂੰ ਕੋਈ ਖ਼ਤਰਾ ਪੈਦਾ ਹੋਇਆ ਤਾਂ ਵੈਨਕੂਵਰ ਵਿਚ ਵੱਸਣ ਵਾਲੇ ਸਿੱਖ ਵੈਨਕੂਵਰ ਨੂੰ ਸਾੜ ਦੇਣਗੇ। ਪਾਸ ਕੀਤੇ ਮਤੇ ਦੀ ਕਾਰਵਾਈ ਨੂੰ ਸਰੇ-ਅੰਜਾਮ ਦੇਣ ਹਿੱਤ ਵੱਖ-ਵੱਖ ਗਰੁੱਪਾਂ ਨੂੰ ਕੰਮ ਵੀ ਸੋਂਪ ਦਿੱਤਾ ਗਿਆ। ਵੈਨਕੂਵਰ ਦੀ ਸਰਕਾਰ ਕੰਬ ਗਈ ਅਤੇ 22 ਜੁਲਾਈ, 1914 ਈ: ਨੂੰ ਮੁਸਾਫਿਰਾਂ ਦੀਆਂ ਲੋੜਾਂ ਭਾਵ ਮੁਸਾਫਿਰਾਂ ਲਈ ਰਾਸ਼ਨ-ਪਾਣੀ ਅਤੇ ਜਹਾਜ਼ ਲਈ ਤੇਲ-ਪਾਣੀ ਦੇ ਕੇ ਪੂਰਾ ਕਰ ਦਿੱਤਾ। ਇਸ ਉਪਰੰਤ 23 ਜੁਲਾਈ ਨੂੰ ਕਾਮਾਗਾਟਾਮਾਰੂ ਜਹਾਜ਼ ਕੈਨੇਡਾ ਤੋਂ ਵਾਪਸ ਤੁਰ ਪਿਆ।

ਭਾਰਤੀ ਅੰਗਰੇਜੀ ਸਰਕਾਰ ਦੇ ਜਬਰ-ਜ਼ੁਲਮ ਅਤੇ ਧੱਕੇ ਕਾਰਨ ਪੰਜਾਬ ਅੰਦਰ ਗ਼ਦਰ ਲਹਿਰ ਸ਼ੁਰੂ ਹੋ ਚੁੱਕੀ ਸੀ। ਇਸ ਕਰਕੇ ਭਾਰਤੀ ਅੰਗਰੇਜੀ ਸਰਕਾਰ ਨੂੰ ਇਸ ਗੱਲ ਦਾ ਖ਼ਦਸ਼ਾ ਸੀ ਕਿ ਕਾਮਾਗਾਟਾਮਾਰੂ ਜਹਾਜ਼ ਦੇ ਮੁਸਾਫਿਰਾਂ ਦੇ ਭਾਰਤ ਵਿਚ ਪੁੱਜਣ ਨਾਲ ਗ਼ਦਰ ਲਹਿਰ ਨੂੰ ਹੋਰ ਬਲ ਮਿਲ ਜਾਵੇਗਾ ਅਤੇ ਇਹ ਸਾਰੇ ਕੈਦੀ ਭਾਰਤ ਵਿਚ ਪ੍ਰਵੇਸ਼ ਕਰਨ ਤੋਂ ਬਾਅਦ ਗ਼ਦਰ ਲਹਿਰ ਨਾਲ ਜੁੜ ਜਾਣਗੇ। ਭਾਰਤੀ ਅੰਗਰੇਜੀ ਸਰਕਾਰ ਨੇ 5 ਸਤੰਬਰ, 1914 ਈ: ਨੂੰ ਇਕ ਹੁਕਮ ਜਾਰੀ ਕਰ ਦਿੱਤਾ ਕਿ ਵਿਦੇਸ਼ ਤੋਂ ਪੁੱਜ ਰਹੇ ਲੋਕਾਂ ਦੀ ਪੁੱਛ-ਗਿਛ ਕੀਤੀ ਜਾਵੇ ਅਤੇ ਇਸ ਕਾਰਜ ਲਈ ਲੁਧਿਆਣੇ ਵਿਖੇ ਦਫ਼ਤਰ ਵੀ ਖੋਲ੍ਹ ਦਿੱਤਾ ਗਿਆ।

ਜ਼ੁਲਮ ਅਤੇ ਧੱਕੇ ਦੀ ਇੰਤਹਾ! ਸਿੰਘਾਪੁਰ ਤੋਂ ਕਲਕੱਤੇ ਦੇ ਰਸਤੇ ਆਉਂਦਿਆਂ ਜਹਾਜ਼ ਦੀ ਤਲਾਸ਼ੀ ਲਈ ਗਈ। ਅੰਤ 29 ਸਤੰਬਰ, 1914 ਈ: ਨੂੰ ਇਸ ਜਹਾਜ਼ ਨੂੰ ਕਲਕੱਤੇ ਤੋਂ ਤਕਰੀਬਨ 26-27 ਕਿਲੋਮੀਟਰ ਦੂਰ ਬਜਬਜ ਘਾਟ ’ਤੇ ਰੋਕ ਲਿਆ ਅਤੇ ਮੁਸਾਫਿਰਾਂ ਨੂੰ ਧੱਕੇ ਨਾਲ ਪੰਜਾਬ ਨੂੰ ਜਾਂਦੀ ਰੇਲ ਗੱਡੀ ਵਿਚ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਗਈ ਪਰੰਤੂ ਅੰਗਰੇਜ ਦੀ ਇਹ ਸਾਜਿਸ਼ ਵੀ ਸਿੱਖਾਂ ਨੇ ਨਾਕਾਮ ਕਰ ਦਿੱਤੀ। ਸਗੋਂ ਮੁਸਾਫਿਰਾਂ ਨੇ ਜਹਾਜ਼ ਵਿੱਚੋਂ ਉੱਤਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿਚ ਕਲਕੱਤੇ ਵੱਲ ਨੂੰ ਜਲੂਸ ਦੀ ਸਕਲ ਵਿਚ ਚਾਲੇ ਪਾ ਦਿੱਤੇ। ਜਹਾਜ਼ ਵਿਚ ਸਿੱਖ ਮੁਸਾਫਿਰਾਂ ਵੱਲੋਂ ਜਹਾਜ਼ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਾਲ ਰੱਖਣਾ ਅਤੇ ਜਹਾਜ਼ ਵਿੱਚੋਂ ਉਤਰ ਕੇ ਆਇ ਔਖੇ ਸਮੇਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਰੀ ਸ਼ਰਧਾ ਅਤੇ ਸਤਿਕਾਰ ਨਾਲ ਸੁਰੱਖਿਅਤ ਥਾਂ ਉੱਤੇ ਸੁਸ਼ੋਭਿਤ ਕਰਨਾ ਸਿੱਖ ਮੁਸਾਫਿਰਾਂ ਅੰਦਰ ਗੁਰਮਤਿ ਦੇ ਪੱਕੇ ਅਤੇ ਦ੍ਰਿੜ੍ਹ ਵਿਸਵਾਸ਼ੀ ਹੋਣ ਦਾ ਸਬੂਤ ਸੀ। ਨਿਰਸੰਦੇਹ ਉਹ ਪੱਕੇ, ਸੱਚੇ, ਸੁੱਚੇ ਗੁਰਸਿੱਖ ਸਨ। ਬਹੁਤ ਸਾਰੇ ਮੁਸਾਫਿਰਾਂ ਨੇ ਪੈਸਿਆਂ ਦੀ ਘਾਟ ਕਾਰਨ ਕਲਕੱਤੇ ਅਤੇ ਇਸ ਦੇ ਆਲੇ-ਦੁਆਲੇ ਦੇ ਖੇਤਰ ਵਿਚ ਹੀ ਕੰਮ-ਕਾਰ ਕਰਕੇ ਰੋਜ਼ੀ-ਰੋਟੀ ਕਮਾਉਣ ਦਾ ਮਨ ਬਣਾ ਲਿਆ ਪਰੰਤੂ ਰਸਤੇ ਵਿਚ ਹੀ ਭਾਰਤੀ ਅੰਗਰੇਜ ਸਰਕਾਰ ਦੀ ਫੌਜ ਅਤੇ ਪੁਲਿਸ ਨੇ ਇਨ੍ਹਾਂ ਨੂੰ ਘੇਰ ਕੇ ਧੱਕੇ ਨਾਲ ਵਾਪਸ ਬਜਬਜ ਘਾਟ ਉਤੇ ਲੈ ਆਂਦਾ। ਸਿੰਘਾਂ ਨੇ ਇਕ ਸਾਫ ਜਗ੍ਹਾ ਉਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਪਾਠ ਕਰਨਾ ਅਰੰਭ ਕਰ ਦਿੱਤਾ। ਗੁੱਸੇ ਨਾਲ ਭਰੇ-ਪੀਤੇ ਪੁਲਿਸ ਕਪਤਾਨ ਮਿਸਟਰ ਈਸਟਵੂਡ ਨੇ ਜਦੋਂ ਬਾਬਾ ਗੁਰਦਿੱਤ ਸਿੰਘ ਨੂੰ ਗ੍ਰਿਫ਼ਤਾਰ ਕਰਨ ਦਾ ਯਤਨ ਕੀਤਾ ਤਾਂ ਸਿੰਘਾਂ ਵੱਲੋਂ ਇਸ ਦਾ ਜ਼ੋਰਦਾਰ ਵਿਰੋਧ ਕੀਤਾ ਗਿਆ। ਪੁਲਿਸ ਕਪਤਾਨ ਈਸਟ ਵੂਡ ਨੇ ਪਹਿਲਾਂ ਆਪਣੀ ਪਿਸਤੌਲ ਤੋਂ ਗੋਲੀ ਚਲਾ ਦਿੱਤੀ। ਜਿਸ ਨੂੰ ਵੇਖ ਕੇ ਪੁਲਿਸ ਨੇ ਵੀ ਅੰਧਾ-ਧੁੰਦ ਗੋਲੀਬਾਰੀ ਸ਼ੁਰੂ ਕਰ ਦਿੱਤੀ। ਬਜਬਜ ਘਾਟ ’ਤੇ ਕਾਮਾਗਾਟਾਮਾਰੂ ਜਹਾਜ਼ ਦੇ ਪਹੁੰਚਣ ਸਮੇਂ ਯਾਤਰੀਆਂ ਦੀ ਗਿਣਤੀ 321 ਸੀ। ਜਿਨ੍ਹਾਂ ਵਿੱਚੋਂ 20 ਸਿੱਖ ਮੁਸਾਫਿਰ ਸ਼ਹੀਦ ਹੋ ਗਏ ਅਤੇ 211 ਮੁਸਾਫਿਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਪਰੰਤੂ ਬਾਬਾ ਗੁਰਦਿੱਤ ਸਿੰਘ 28 ਹੋਰ ਸਿੰਘਾਂ ਸਮੇਤ ਇਸ ਗੋਲੀਬਾਰੀ ਵਿੱਚੋਂ ਬੱਚ ਨਿਕਲੇ ਅਤੇ 62 ਯਾਤਰੀਆਂ ਨੂੰ ਪੁਲਿਸ ਦੇ ਪਹਿਰੇ ਹੇਠ ਰੇਲ ਗੱਡੀ ਰਾਹੀਂ ਪੰਜਾਬ ਭੇਜਿਆ ਗਿਆ ਸੀ। ਇਹ ਵਰਣਨਯੋਗ ਹੈ ਕਿ ਕਾਮਾਗਾਟਾਮਾਰੂ ਜਹਾਜ਼ ਦੇ ਇਸ ਘਟਨਾਕ੍ਰਮ ਵਿਚ ਇਹ ਯਾਤਰੀ ਲਗਭਗ ਛੇ ਮਹੀਨੇ ਰਹੇ ਸਨ। ਇਥੋਂ ਪੰਜਾਬ ਵਿਚ ਪੁੱਜ ਕੇ ਬਾਬਾ ਗੁਰਦਿੱਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਭਾਰਤ ਦੀ ਅਜ਼ਾਦੀ ਲਈ ਪੰਜਾਬ ਵਿਚ ਚੱਲ ਰਹੇ ਸੰਘਰਸ਼ ਵਿਚ ਸ਼ਾਮਲ ਹੋਏ।

ਇਸ ਸਾਰੇ ਲੰਮੇ ਘਟਨਾ ਚੱਕਰ ਦੌਰਾਨ ਅੰਗਰੇਜ ਪੱਖੀ ਪਰੰਤੂ ਦੇਸ਼ ਵਿਰੋਧੀ ਕਾਰਵਾਈਆਂ ਵਿਚ ਸਰਗਰਮੀ ਨਾਲ ਖ਼ਚਤ ਰਹੇ ਟੋਡੀਆਂ ਨੂੰ ਸਰਕਾਰ ਵੱਲੋਂ ਜ਼ਮੀਨ ਦੇ ਮੁਰੱਬੇ ਦੇ ਕੇ ਨਿਵਾਜਿਆ ਗਿਆ ਪਰੰਤੂ ਬਾਬਾ ਗੁਰਦਿੱਤ ਸਿੰਘ ਦੀ ਅਗਵਾਈ ਹੇਠ ਗ਼ਦਰੀ ਬਾਬਿਆਂ ਨੇ ਸਭ ਟੋਡੀਆਂ ਸਮੇਤ ਹਾਪਕਿਨਸਨ ਦੇ ਉਨ੍ਹਾਂ ਵੱਲੋਂ ਕੀਤੇ ਦੀ ਸਜਾ ਦੇ ਕੇ ਮਾਰ-ਮੁਕਾਇਆ। ਪੰਜਾਬ ਵਿਚ ਉਠੀ ਗ਼ਦਰ ਲਹਿਰ ਬਾਰੇ ਵੱਖਰੇ ਲੇਖ ਵਿਚ ਚਰਚਾ ਕੀਤੀ ਜਾਵੇਗੀ।

ਅਫ਼ਸੋਸ ਇਸ ਬਾਤ ਦਾ ਹੈ ਕਿ ਇਨ੍ਹਾਂ ਸੰਘਰਸ਼ੀ ਯੋਧਿਆਂ ਅਤੇ ਸ਼ਹੀਦੀਆਂ ਪਾਉਣ ਵਾਲੇ ਯੋਧਿਆਂ ਨੂੰ ਦੇਸ਼ ਦੇ ਅਜਾਦ ਹੋਣ ਤੋਂ ਬਾਅਦ ਅਣਗੌਲਿਆਂ ਹੀ ਕਰ ਦਿੱਤਾ ਅਤੇ ਇਨ੍ਹਾਂ ਨੂੰ ਸੁਤੰਤਰਤਾ ਸੰਗਰਾਮੀਏ ਹੀ ਨਹੀਂ ਮੰਨਿਆ ਗਿਆ। ਉਨ੍ਹਾਂ ਦੇ ਵਾਰਸਾਂ ਵੱਲੋਂ ਇਸ ਜਾਇਜ਼ ਹੱਕ ਦੀ ਪ੍ਰਾਪਤੀ ਲਈ ਲੰਮਾਂ ਸੰਘਰਸ਼ ਕੀਤਾ ਗਿਆ। ਅੰਤ ਨੂੰ ਜਦੋਂ ਲੇਖਕ ਪਾਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਸੀ (27 ਨਵੰਬਰ, 2001 ਤੋਂ 20 ਜੁਲਾਈ, 2003) ਉਸ ਸਮੇਂ ਸਿੱਖਾਂ ਦੀ ਸਿਰਮੌਰ ਸੰਸਥਾ ਦੇ ਮੁਖੀ ਹੋਣ ਦੇ ਨਾਤੇ ਕੇਂਦਰ ਸਰਕਾਰ ਪਾਸ ਪੁਰ-ਵਿਸਥਾਰ ਅਤੇ ਭਾਵਪੂਰਤ ਤਰੀਕੇ ਨਾਲ ਇਹ ਮਾਮਲਾ ਉਠਾਇਆ ਗਿਆ ਸੀ ਅਤੇ ਤਤਕਾਲੀਨ ਪ੍ਰਧਾਨ ਮੰਤਰੀ ਅਤੇ ਉਪ-ਪ੍ਰਧਾਨ ਮੰਤਰੀ ਕ੍ਰਮਵਾਰ ਸ੍ਰੀ ਅੱਟਲ ਬਿਹਾਰੀ ਵਾਜਪਈ ਅਤੇ ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਨੂੰ ਮਿਲ ਕੇ ਵੀ ਇਸ ਸਬੰਧੀ ਜ਼ੋਰ ਪਾਇਆ ਗਿਆ। ਉਪਰੰਤ ਉਨ੍ਹਾਂ ਮਹਾਨ ਯੋਧਿਆਂ ਦੇ ਵਾਰਸਾਂ ਵੱਲੋਂ ਕੀਤੇ ਬੜੇ ਲੰਮੇ ਸੰਘਰਸ਼ ਮਗਰੋਂ 7 ਸਤੰਬਰ, 2009 ਨੂੰ ਦੇਸ਼ ਦੀ ਅਜ਼ਾਦੀ ਦੇ 62 ਸਾਲ ਬਾਅਦ ਇਨ੍ਹਾਂ ਸੰਘਰਸ਼ੀ ਯੋਧਿਆਂ ਅਤੇ ਅਜ਼ਾਦੀ ਦੇ ਪਰਵਾਨਿਆਂ ਨੂੰ ‘ਸੁਤੰਤਰਤਾ ਸੰਗਰਾਮੀਏ’ ਮੰਨਿਆ ਗਿਆ। ਅਫਸੋਸ ਨਾਲ ਹੀ ਕਿਹਾ ਜਾ ਸਕਦਾ ਹੈ ਕਿ ਸਾਡੇ ਦੇਸ਼ ਦੀ ਰੀਤ ਹੀ ‘ਖਾਣ ਪੀਣ ਨੂੰ ਬਾਂਦਰੀ, ਡੰਡੇ ਖਾਣ ਨੂੰ ਰਿਛ’ ਵਾਲੀ ਹੀ ਰਹੀ ਹੈ। ਅਜ਼ਾਦੀ ਦਾ ਪੂਰਾ ਨਿੱਘ, ਰਾਜ-ਭਾਗ, ਮਾਨ-ਸਨਮਾਨ ਉਨ੍ਹਾਂ ਲੋਕਾਂ-ਪਰਵਾਰਾਂ ਨੇ ਮਾਣਿਆ ਅਤੇ ਅੱਜ ਵੀ ਮਾਣ ਰਹੇ ਹਨ ਜਿਹੜੇ ਬਹੁਤ ਕਰਕੇ ਅਜ਼ਾਦੀ ਦੇ ਸੰਘਰਸ਼ ਦੌਰਾਨ ਅੰਦਰ ਖਾਤੇ ਅੰਗਰੇਜ ਦੇ ਨਾਲ ਮਿਲੇ ਰਹੇ ਅਤੇ ਉਨ੍ਹਾਂ ਦੇ ਪਰਿਵਾਰਾਂ ਵੱਲੋਂ ਕੋਈ ਠੋਸ ਯੋਗਦਾਨ ਨਹੀਂ ਪਾਇਆ ਗਿਆ। ਪਰੰਤੂ ਆਰਥਿਕ ਤੌਰ ਉਤੇ ਖੁਸ਼ਹਾਲ ਹੋਣ, ਚੰਗੇ ਪੜ੍ਹੇ-ਲਿਖੇ ਹੋਣ, ਪੱਛਮੀ ਸੱਭਿਅਤਾ ਵਿਚ ਪਲੇ, ਪੁੰਗਰੇ ਅਤੇ ਜੁਆਨ ਹੋਏ ਹੋਣ ਕਾਰਨ ਇਹ ਲੋਕ ਜਿੱਤੀ ਹੋਈ ਬਾਜੀ ਉਤੇ ਕਾਬਜ਼ ਹੋ ਗਏ। ਜੋ ਦੇਸ਼ ਦੇ ਅਜੋਕੇ ਹਾਲਾਤ, ਜਗ਼ੀਰਦਾਰੀ, ਸ਼ਰਮਾਏਦਾਰੀ, ਅਜਾਰੇਦਾਰੀ, ਪੂੰਜੀਪਤੀ, ਪਰਿਵਾਰਵਾਦ ਅਤੇ ਭ੍ਰਿਸਟਾਚਾਰੀ ਸਿਸਟਮ ਦੇ ਦੁਖਾਂਤ ਲਈ ਜ਼ਿੰਮੇਵਾਰ ਹੈ ਅਤੇ ਆਮ ਲੋਕਾਂ ਨੂੰ ਅਜ਼ਾਦੀ ਦਾ ਅਸਲ ਨਿੱਘ ਪ੍ਰਾਪਤ ਹੀ ਨਹੀਂ ਹੋ ਸਕਿਆ ਅਤੇ ਉਹ ਗ਼ਰੀਬੀ, ਬੇਰੁਜ਼ਗਾਰੀ, ਲਾਚਾਰੀ ਅਤੇ ਨਸ਼ਿਆ ਊਚ-ਨੀਚ ਅਤੇ ਜਾਤ-ਪਾਤੀ ਸਿਸਟਮ ਦਾ ਬੁਰੀ ਤਰ੍ਹਾਂ ਸ਼ਿਕਾਰ ਹੋ ਰਹੇ ਹਨ।

ਇਸ ਤਰ੍ਹਾਂ ਕਾਮਾਗਾਟਾਮਾਰੂ ਜਹਾਜ਼ ਦਾ ਇਹ ਸਾਕਾ ਸਿੱਖ ਇਤਿਹਾਸ ਵਿਚ ਇਕ ਹੋਰ ਪੰਨਾ ਜੋੜ ਗਿਆ। ਸਿੱਖਾਂ ਦਾ ਥੋੜ੍ਹੇ ਸਮੇਂ ਦਾ ਇਤਿਹਾਸ ਕੁਰਬਾਨੀਆਂ, ਸੰਘਰਸ਼ਾਂ ਅਤੇ ਸ਼ਹੀਦੀਆਂ ਨਾਲ ਭਰਿਆ ਪਿਆ ਹੈ। ਅੱਜ ਜੇਕਰ ਭਾਰਤ ਦੇਸ਼ ਅਜ਼ਾਦ ਹੈ ਤਾਂ ਇਸ ਅਜ਼ਾਦੀ ਦੀ ਜੰਗ ਵਿਚ ਕੁਰਬਾਨੀ ਕਰਨ, ਜੇਲ੍ਹਾਂ ਵਿਚ ਜਾਣ, ਫਾਂਸੀ ਦੇ ਰੱਸੇ ਚੁੰਮਣ, ਜ਼ਮੀਨਾਂ-ਜ਼ਾਇਦਾਦਾਂ ਕੁਰਕ ਕੀਤੇ ਜਾਣ ਅਤੇ ਭਾਰੀ ਜ਼ੁਰਮਾਨਿਆਂ ਦੇ ਬੋਝ ਝੱਲਣ ਵਾਲਿਆਂ ਵਿੱਚੋਂ 80% ਸਿੱਖ ਹੀ ਸਨ। ਹੁਣ ਜਦੋਂ ਲੰਮੇ ਸੰਘਰਸ਼ ਤੋਂ ਬਾਅਦ ਕੇਂਦਰ ਅਤੇ ਸੂਬਾ ਸਰਕਾਰ ਨੇ ਉਨ੍ਹਾਂ ਸੰਘਰਸ਼ੀ ਯੋਧਿਆਂ ਨੂੰ ‘ਸੁਤੰਤਰਤਾ ਸੰਗਰਾਮੀਏ’ ਮੰਨ ਲਿਆ। ਉਨ੍ਹਾਂ ਦੀ ਕੋਈ ਯਾਦਗਾਰ ਜ਼ਰੂਰੀ ਬਣਾਈ ਜਾਣੀ ਚਾਹੀਦੀ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਨ੍ਹਾਂ ਮਹਾਨ ਸੂਰਬੀਰਾਂ ਦੀ ਕੁਰਬਾਨੀ ਅਤੇ ਸ਼ਹੀਦੀ ਬਾਰੇ ਜਾਣਕਾਰੀ ਮਿਲਦੀ ਰਹੇ। ਇਸ ਤਰ੍ਹਾਂ ਕਰਨਾ ਕੌਮੀ ਹਿਤ ਵਿਚ ਹੋਵੇਗਾ।

ਇਥੇ ਇਹ ਵੀ ਵਰਨਣ ਕਰਨਾ ਯੋਗ ਹੋਵੇਗਾ ਕਿ ਕੈਨੇਡਾ ਵਾਸੀ ਸਿੱਖਾਂ ਵੱਲੋਂ ਸਾਲ 2008 ਈ: ਵਿਚ ਕੈਨੇਡੀਅਨ ਸਰਕਾਰ ਪਾਸੋਂ ਮੰਗ ਕੀਤੀ ਗਈ ਸੀ ਕਿ ਸਰਕਾਰ 1914 ਈ: ਦੀ ਇਸ ਦਿਲ ਕੰਬਾਉ, ਗ਼ੈਰ-ਮਨੁੱਖੀ ਅਤੇ ਗ਼ੈਰ-ਕੁਦਰਤੀ ਘਟਨਾ ਲਈ ਸਿੱਖ ਕੌਮ ਪਾਸੋਂ ਮੁਆਫੀ ਮੰਗੇ। ਸਿੱਖ ਸ਼ਕਤੀ ਅਗੇ ਝੁਕਦਿਆਂ ਕੈਨੇਡਾ ਦੇ ਮੌਜੂਦਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਵੱਲੋਂ ਮੁਆਫੀ ਮੰਗ ਲਈ ਗਈ ਪਰੰਤੂ ਸਿੱਖਾਂ ਦੀ ਮੰਗ ਹੈ ਕਿ ਦੇਸ਼ ਦੀ ਪਾਰਲੀਮੈˆਟ (HOUSE OF COMMONS) ਵੱਲੋਂ ਮੁਆਫੀ ਮੰਗੀ ਜਾਵੇ। ਉਪਰੰਤ ਮਹੀਨਾ ਅਪ੍ਰੈਲ, 2009 ਈ: ਵਿਚ ਨਿਊਂ ਡੈਮੋਕਰੇਟਿਕ ਪਾਰਟੀ ਆਫ ਕੈਨੇਡਾ (ਵਿਰੋਧੀ ਪਾਰਟੀ) ਦੇ ਐਮ.ਪੀ. ਲਾਰਡ ਜ਼ੈਕ ਲੇਟਨ ਵੱਲੋਂ ਇਸ ਮੰਤਵ ਲਈ ਇਕ ਬਾ-ਦਲੀਲ ਪਟੀਸਨ ਕੈਨੇਡੀਅਨ ਪਾਰਲੀਮੈˆਟ ਵਿਚ ਦਾਇਰ ਕੀਤੀ ਗਈ ਹੈ, ਜਿਸ ਵਿਚ ਮੰਗ ਕੀਤੀ ਗਈ ਹੈ ਕਿ ਜਿਵੇਂ ਕੈਨੇਡੀਅਨ ਸਰਕਾਰ ਵੱਲੋਂ ਹੋਰ ਪਿਛਲੀਆਂ ਘਟਨਾਵਾਂ ਲਈ ਹੋਰਨਾਂ ਕੌਮਾਂ ਪਾਸੋਂ ਮੁਆਫੀ ਮੰਗੀ ਗਈ ਹੈ, ਇਸੇ ਤਰ੍ਹਾਂ ਦੇਸ਼ ਦੀ ਪਾਰਲੀਮੈਂਟ ਸਿੱਖ ਕੌਮ ਪਾਸੋਂ ਵੀ ਮੁਆਫੀ ਮੰਗੇ।

ਅਜੋਕੇ ਸਮੇਂ ਵਿਸ਼ਵੀਕਰਨ ਦਾ ਸਿਧਾਂਤ ਅਤੇ ਸੋਚ ਜ਼ੋਰ ਫੜਦੀ ਜਾ ਰਹੀ ਹੈ। ਸੰਸਾਰ ਆਧੁਨਿਕ ਆਵਾਜਾਈ ਅਤੇ ਸੰਚਾਰ (ਕਮਿਊਨੀਕੇਸ਼ਨ) ਦੇ ਸਾਧਨਾਂ ਕਰਕੇ ਮਾਨੋ ਇੱਕ ਮੁੱਠੀ ਵਿਚ ਹੀ ਆ ਗਿਆ ਹੈ। ਵੱਖ-ਵੱਖ ਮੁਲਕਾਂ ਦਰਮਿਆਨ ਵਪਾਰਕ, ਰਾਜਨੀਤਕ ਅਤੇ ਸਭਿਆਚਾਰਕ ਸਾਂਝਾਂ ਕਾਇਮ ਕਰਨ ਲਈ ਸਮਝੌਤੇ ਅਤੇ ਸੰਧੀਆਂ ਹੋ ਰਹੀਆਂ ਹਨ। ਸੰਯੁਕਤ ਰਾਸ਼ਟਰ ਅਤੇ ਕਾਮਨਵੈਲਥ ਵਰਗੀਆਂ ਸੰਸਥਾਵਾਂ ਹੋਂਦ ਵਿਚ ਆ ਗਈਆਂ ਹਨ। ਭਾਰੀ ਗਿਣਤੀ ਵਿਚ ਇਕ ਮੁਲਕ ਦੇ ਟੈਕਨੋਕਰੇਟ ਦੂਸਰੇ ਦੇਸ਼ ਵਿਚ ਜਾ ਰਹੇ ਹਨ ਅਤੇ ਇਸ ਤਰ੍ਹਾਂ ਵੱਖ-ਵੱਖ ਮੁਲਕਾਂ ਦੇ ਵਿਦਿਆਰਥੀ ਇਕ ਦੂਜੇ ਦੇਸ਼ ਵਿਚ ਵਿਦਿਆ ਪ੍ਰਾਪਤੀ ਲਈ ਜਾ ਰਹੇ ਹਨ ਅਤੇ ਵਪਾਰ ਅਤੇ ਨੌਕਰੀ ਤਥਾ ਕਿਰਤ ਕਰਨ ਹਿੱਤ ਪੰਜਾਬੀ ਲੋਕ ਪੱਛਮੀ ਤਥਾ ਅਰਬ ਦੇਸ਼ਾਂ ਵਿਚ ਭਾਰੀ ਗਿਣਤੀ ਵਿਚ ਜਾ ਰਹੇ ਹਨ। ਪੰਜਾਬੀ ਅਤੇ ਭਾਰਤੀ ਤਥਾ ਪੂਰਬੀ ਮੂਲ ਦੇ ਲੋਕ ਵਿਦੇਸ਼ਾਂ ਵਿਚ ਵੱਡੇ-ਵੱਡੇ ਆਹੁਦਿਆਂ ਉਤੇ ਤਾਇਨਾਤ ਹਨ, ਵਿਧਾਨਕਾਰ, ਪਾਰਲੀਮੈਂਟੇਰੀਅਨ, ਮੰਤਰੀ ਅਤੇ ਮੁੱਖ ਮੰਤਰੀ, ਅਦਾਲਤਾਂ ਵਿਚ ਜੱਜ ਆਦਿ ਆਹੁਦਿਆਂ ਉਤੇ ਕਾਰਜਸ਼ੀਲ ਹਨ ਜੋ ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ।

ਬਦਕਿਸਮਤੀ ਨਾਲ ਵਿਗਿਆਨਕ ਤਰੱਕੀ, ਆਪਸੀ ਤਾਲਮੇਲ ਅਤੇ ਆਧੁਨਿਕ ਸੰਚਾਰ ਸਾਧਨਾਂ ਦੇ ਬਾਵਜੂਦ ਰੰਗ, ਨਸਲ, ਸਭਿਆਚਾਰ ਅਤੇ ਧਰਮ ਦੀਆਂ ਸਮੱਸਿਆਵਾਂ ਮੁੜ ਉਠ ਖੜ੍ਹੀਆਂ ਹੋ ਰਹੀਆਂ ਹਨ ਅਤੇ ਗੋਰਿਆਂ ਦੇ ਵੱਖ-ਵੱਖ ਦੇਸ਼ਾਂ ਵਿਚ ਕਾਲਿਆਂ ਅਤੇ ਖ਼ਾਸ ਕਰਕੇ ਭਾਰਤੀਆਂ ਤਥਾ ਪੰਜਾਬੀਆਂ ਨੂੰ ਵਿਤਕਰੇ ਅਤੇ ਨਫ਼ਰਤ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ਸਭ ਤੋਂ ਵੱਧ ਨੁਕਸਾਨ ਸਿੱਖ ਕੌਮ ਦਾ ਹੋ ਰਿਹਾ ਹੈ, ਵਿਦੇਸ਼ਾਂ ਵਿਚ ਸਿੱਖਾਂ ਦੀ ਦਸਤਾਰ, ਕਿਰਪਾਨ, ਦਾਹੜੀ ਅਤੇ ਕੇਸਾਂ, ਬੋਲੀ ਆਦਿ ਦੀਆਂ ਸਮੱਸਿਆਵਾਂ ਖੜ੍ਹੀਆਂ ਹੋ ਰਹੀਆਂ ਹਨ। ਭਾਰਤੀ ਸਰਕਾਰ ਵੱਲੋਂ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਗੋਰੀਆਂ ਸਰਕਾਰਾਂ ਉੱਤੇ ਪੂਰਾ ਦਬਾਅ ਨਹੀਂ ਬਣਾਇਆ ਜਾ ਰਿਹਾ। ਗੋਰੇ ਮੁੜ 20ਵੀਂ ਸਦੀ ਵਾਂਗ ਇਕ ਵਾਰ ਫਿਰ ਮਹਿਸੂਸ ਕਰਨ ਲੱਗ ਪਏ ਹਨ ਕਿ ਉਦਮੀ, ਮਿਹਨਤੀ ਅਤੇ ਘੱਟ ਮਿਹਨਤਾਨਾ ਲੈ ਕੇ ਜ਼ਿਆਦਾ ਕੰਮ ਕਰਨ ਵਾਲੇ ਪੰਜਾਬੀਆਂ ਨੇ ਗੋਰਿਆਂ ਲਈ ਭਾਰੀ ਸਮਸਿਆਵਾਂ ਖੜ੍ਹੀਆਂ ਕਰ ਦਿੱਤੀਆਂ ਹਨ। ਨਤੀਜੇ ਵਜੋਂ ਵਿਦੇਸ਼ਾਂ ਵਿਚ ਕਿਰਤੀ ਅਤੇ ਵਿਦਿਆਰਥੀ ਪੰਜਾਬੀਆਂ ਉਤੇ ਜ਼ੁਲਮ ਢਾਹੇ ਜਾਣ ਲੱਗ ਪਏ ਹਨ ਅਤੇ ਉਨ੍ਹਾਂ ਦੇ ਕਤਲ ਕੀਤੇ ਜਾ ਰਹੇ ਹਨ ਜੋ ਕਿ ਪੰਜਾਬੀਆਂ ਲਈ ਇਕ ਚਿੰਤਾ ਦਾ ਵਿਸ਼ਾ ਹੈ।

ਇਸ ਵਰਤਾਰੇ ਨਾਲ ਪੰਜਾਬੀਆਂ ਨੂੰ ਪੰਜਾਬ ਵੱਲ ਨੂੰ ਮੋੜਾ ਪਾਉਣਾ ਪਵੇਗਾ ਜਿਥੇ ਪਹਿਲਾਂ ਹੀ ਕਿਰਤ ਦੇ ਸਾਧਨ ਘੱਟ ਹਨ, ਜ਼ਮੀਨੀ ਮਾਲਕੀਆਂ ਘੱਟ ਰਹੀਆਂ ਹਨ। ਖੇਤੀ ਅਤੇ ਹੋਰ ਕਿੱਤਿਆਂ ਦਾ ਮਸ਼ੀਨੀ ਕਰਨ ਹੋਣ ਕਾਰਨ ਬਹੁਤ ਭਾਰੀ ਗਿਣਤੀ ਬੇਰੁਜ਼ਗਾਰਾਂ ਦੀ ਹੋ ਗਈ ਹੈ। ਸਰਕਾਰੀ ਪੱਧਰ ਉਤੇ ਵੀ ਨੌਕਰੀਆਂ ਘੱਟ ਰਹੀਆਂ ਹਨ। ਪੰਜਾਬ ਵਿਚ ਖੇਤੀ ਅਧਾਰਤ ਜਾਂ ਹੋਰ ਉਦਯੋਗ ਬਹੁਤ ਘੱਟ ਹੀ ਨਹੀਂ ਬਲਕਿ ਨਾਮਾਤਰ ਹੀ ਹਨ। ਜੋ ਥੋੜ੍ਹੇ ਬਹੁਤ ਉਦਯੋਗ ਇਥੇ ਹੈਨ ਵੀ ਉਹ ਵੀ ਕੇਂਦਰੀ ਸਰਕਾਰ ਦੀਆਂ ਗ਼ਲਤ ਅਤੇ ਪੰਜਾਬ ਵਿਰੋਧੀ ਨੀਤੀਆਂ ਕਾਰਨ ਫ਼ੇਲ੍ਹ ਹੋ ਰਹੇ ਹਨ। ਜ਼ਮੀਨ ਹੇਠਲੇ ਪਾਣੀ ਦਾ ਪੱਧਰ ਚਿੰਤਾਜਨਕ ਪੱਧਰ ਉਤੇ ਹੇਠਾਂ ਪਹੁੰਚ ਗਿਆ ਹੈ ਅਤੇ ਡੈਮਾਂ ਵਿਚ ਪਾਣੀ ਦੀ ਘਾਟ ਕਾਰਨ ਨਹਿਰੀ ਪਾਣੀ ਵੀ ਪੂਰਾ ਨਹੀਂ ਮਿਲ ਰਿਹਾ। ਪੰਜਾਬ ਦੀ ਧਰਤੀ, ਪਾਣੀ ਅਤੇ ਹਵਾ ਤਥਾ ਸਮੁੱਚਾ ਵਾਤਾਵਰਣ ਹੀ ਬੁਰੀ ਤਰ੍ਹਾਂ ਪ੍ਰਦੂਸ਼ਤ ਹੋ ਗਿਆ ਹੈ। ਨਤੀਜੇ ਵਜੋਂ ਕਈ ਖ਼ਤਰਨਾਕ ਅਤੇ ਮਾਰੂ ਬਿਮਾਰੀਆਂ ਫੈਲ ਰਹੀਆਂ ਹਨ। ਪੰਜਾਬ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਾਰਨ ਸਮੁੱਚਾ ਪੰਜਾਬ ਬਹੁਤ ਵੱਡੀ ਤਬਾਹੀ ਵੱਲ ਵਧ ਰਿਹਾ ਹੈ। ਵਿਦੇਸ਼ਾਂ ਵਿਚ ਜਾਣ ਵਿਚ ਖੜ੍ਹੀਆਂ ਹੋ ਰਹੀਆਂ ਮੁਸ਼ਕਲਾਂ, ਰੁਜ਼ਗਾਰ ਦੇ ਯੋਗ ਸਾਧਨ ਨਾਂ ਹੋਣ ਕਰਕੇ ਪੰਜਾਬੀ ਨੌਜੁਆਨ ਪੀੜ੍ਹੀ ਬੇਰੁਜ਼ਗਾਰੀ, ਨਮੋਸ਼ੀ ਅਤੇ ਮਾਯੂਸੀ ਕਾਰਨ ਨਸ਼ਿਆਂ, ਅਪਰਾਧਾਂ, ਚੋਰੀਆਂ, ਲੁੱਟਾਂ ਅਤੇ ਹੋਰ ਧੋਖਾਧੜੀਆਂ ਦੇ ਜ਼ੁਰਮਾਂ ਵਿਚ ਖ਼ਚਤ ਹੋ ਰਹੀ ਹੈ ਅਤੇ ਸਵੈ-ਤਬਾਹੀ ਵੱਲ ਨੂੰ ਤੇਜ਼ੀ ਨਾਲ ਵਧ ਰਹੀ ਹੈ। ਇਸ ਲਈ ਇਸ ਪਹਾੜ ਨੁਮਾ ਬਣਦੀ ਜਾ ਰਹੀ ਗੰਭੀਰ ਸਮੱਸਿਆਂ ਨੂੰ ਪੂਰੀ ਸੁਹਿਰਦਤਾ, ਗੰਭੀਰਤਾ ਅਤੇ ਡੂੰਘਾਈ ਨਾਲ ਜਲਦ ਵਿਚਾਰਨ ਦੀ ਲੋੜ ਹੈ ਅਤੇ ਇਸ ਸਮੱਸਿਆ ਦਾ ਫੌਰੀ ਹੱਲ ਲੱਭਣ ਦੀ ਲੋੜ ਹੈ ਤਾਂ ਜੋ ਆਪਣੀ ਨੌਜੁਆਨ ਪੀੜ੍ਹੀ ਅਤੇ ਪੰਜਾਬ ਨੂੰ ਬਚਾਇਆ ਜਾ ਸਕੇ। ਇਸ ਕਾਰਜ ਵਿਚ ਸਰਕਾਰ, ਗ਼ੈਰ-ਸਰਕਾਰੀ ਸੰਗਠਨਾਂ ਅਤੇ ਸਮਾਜ ਨੂੰ ਸਿਰ ਜੋੜ ਕੇ ਬੈਠਣਾ ਹੋਵੇਗਾ ਅਤੇ ਇਸ ਸਮੱਸਿਆ ਦਾ ਯੋਗ ਹੱਲ ਲੱਭਣਾ ਹੋਵੇਗਾ। ਹਰ ਪੰਜਾਬੀ ਨੂੰ ਪੰਜਾਬ ਦੇ ਨੁਕਸਾਨ ਨੂੰ ਆਪਣਾ ਨਿੱਜੀ ਨੁਕਸਾਨ ਸਮਝਣਾ ਹੋਵੇਗਾ ਅਤੇ ਮੈਨੂੰ ਕੀ? ਦੀ ਗਲਤ ਨੀਤੀ ਤਿਆਗਣੀ ਹੋਵੇਗੀ। ਇਸੇ ਵਿਚ ਸਮੁੱਚੇ ਪੰਜਾਬੀਆਂ ਦਾ ਭਲਾ ਹੈ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)