editor@sikharchives.org

ਸਿੱਖ ਪੰਥ ਵਿਚ ਨਿਹੰਗ ਸਿੰਘਾਂ ਦਾ ਯੋਗਦਾਨ

ਨਿਹੰਗ ਸਿੰਘਾਂ ਨੇ ਸਮੁੱਚੇ ਸਿੱਖ ਪੰਥ ਦੀ ਹੋਂਦ ਨੂੰ ਕਾਇਮ ਰੱਖਣ ਲਈ ਜੋ ਸੰਘਰਸ਼ ਕੀਤਾ, ਉਹ ਬੇਮਿਸਾਲ ਹੈ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਨਿਹੰਗ ਸਿੰਘਾਂ ਦਾ ਗੁਰੂ-ਘਰ ਨਾਲ ਨਿਕਟਵਰਤੀ ਅਤੇ ਭਾਵਨਾਤਮਕ ਸੰਬੰਧ ਹੈ। ਨਿਹੰਗ ਸਿੰਘਾਂ ਨੇ ਸਮੁੱਚੇ ਸਿੱਖ ਪੰਥ ਦੀ ਹੋਂਦ ਨੂੰ ਕਾਇਮ ਰੱਖਣ ਲਈ ਜੋ ਸੰਘਰਸ਼ ਕੀਤਾ, ਉਹ ਬੇਮਿਸਾਲ ਹੈ। ਇਨ੍ਹਾਂ ਨੇ ਅਠ੍ਹਾਰਵੀਂ ਸਦੀ ਦੇ ਭਿਆਨਕ ਦੌਰ ਵਿਚ ਵਿਦੇਸ਼ੀ ਹਮਲਾਵਰਾਂ ਦਾ ਮੁਕਾਬਲਾ ਬਹੁਤ ਹੀ ਬਹਾਦਰੀ, ਆਤਮ-ਵਿਸ਼ਵਾਸ ਅਤੇ ਦ੍ਰਿੜ੍ਹਤਾ ਨਾਲ ਕੀਤਾ। ਇਸ ਸਮੇਂ ਦੌਰਾਨ ਉਹ ਬਨਵਾਸੀਆਂ ਦੀ ਤਰ੍ਹਾਂ ਜੰਗਲਾਂ ਵਿਚ ਰਹੇ। ਕਈ-ਕਈ ਦਿਨ ਉਨ੍ਹਾਂ ਨੇ ਬਗੈਰ ਕੁਝ ਖਾਧਿਆਂ-ਪੀਤਿਆਂ ਘੋੜਿਆਂ ਦੀਆਂ ਕਾਠੀਆਂ ਉੱਤੇ ਬਤੀਤ ਕੀਤੇ। ਪਰੰਤੂ ਇਨ੍ਹਾਂ ਦੇ ਚਰਿੱਤਰ ਦਾ ਵਿਸ਼ੇਸ਼ ਗੁਣ ਇਹ ਸੀ ਕਿ ਇਨ੍ਹਾਂ ਨੇ ਕਦੇ ਵੀ ਸਿਦਕ ਨਹੀਂ ਹਾਰਿਆ। ਇਨ੍ਹਾਂ ਨੇ ਜ਼ਾਲਮਾਂ ਦੇ ਜ਼ੁਲਮਾਂ ਦਾ ਟਾਕਰਾ ਕਰਨ ਲਈ ਹਰ ਸਮੇਂ ਜਾਰੀ ਰੱਖਿਆ। ਇਨ੍ਹਾਂ ਦਿਨਾਂ ਵਿਚ ਪੰਜਾਬ ਦੇ ਆਮ ਵਸਨੀਕਾਂ ਦੀ ਜੋ ਦਸ਼ਾ ਸੀ ਉਹ ਇਸ ਅਖਾਣ ਤੋਂ ਸਪਸ਼ਟ ਹੋ ਜਾਂਦੀ ਹੈ-‘ਖਾਧਾ ਪੀਤਾ ਲਾਹੇ ਦਾ, ਰਹਿੰਦਾ ਅਹਿਮਦ ਸ਼ਾਹੇ ਦਾ।’ ਦੂਜੇ ਪਾਸੇ ਨਿਹੰਗ ਸਿੰਘਾਂ ਦੀ ਸੱਚੀ-ਸੁੱਚੀ, ਰਹਿਣੀ-ਬਹਿਣੀ ਅਤੇ ਪਵਿੱਤਰ ਆਚਰਣ ਦੇ ਕਾਰਨ ਹੀ ਇਹ ਕਹਾਵਤ ਮਸ਼ਹੂਰ ਹੋਈ-‘ਆਏ ਨੀ ਨਿਹੰਗ, ਬੂਹਾ ਖੋਲ੍ਹ ਦੇ ਨਿਸੰਗ।’

ਜੇਕਰ ਨਿਹੰਗ ਸਿੰਘਾਂ ਦੇ ਅਰੰਭ ਹੋਣ ਦੇ ਸਮੇਂ ਦੇ ਭਾਰਤੀ ਇਤਿਹਾਸ ਵੱਲ ਧਿਆਨ ਦੇਈਏ ਤਾਂ ਉਸ ਸਮੇਂ ਧਰਮ ਨੂੰ ਬਚਾਉਣ ਦਾ ਸਿਰਫ ਇੱਕੋ ਇਕ ਰਸਤਾ ਸੀ ਕਿ ਸ਼ਸਤਰਧਾਰੀ ਹੋ ਕੇ ਧਰਮ ਦੀ ਰੱਖਿਆ ਕੀਤੀ ਜਾਵੇ। 11ਵੀਂ ਸਦੀ ਤੋਂ ਗ਼ੁਲਾਮੀ ਦੀਆਂ ਜ਼ੰਜੀਰਾਂ ਵਿਚ ਜਕੜਿਆ ਹੋਇਆ ਹਿੰਦੁਸਤਾਨੀ ਸਮਾਜ ਆਪਣੀ ਅਣਖ ਅਤੇ ਗ਼ੈਰਤ ਨੂੰ ਗੁਆ ਚੁੱਕਿਆ ਸੀ। ਜੈਨ ਧਰਮ ਅਤੇ ਬੁੱਧ ਧਰਮ ਦੀਆਂ ਅਹਿੰਸਾਵਾਦੀ ਸਿੱਖਿਆਵਾਂ ਦਾ ਲੋਕਾਂ ਦੀ ਮਾਨਸਿਕਤਾ ਉੱਪਰ ਕਾਫੀ ਪ੍ਰਭਾਵ ਸੀ ਜਿਸ ਕਾਰਨ ਵਿਦੇਸ਼ੀ ਹਮਲਾਵਰ ਹਿੰਦੁਸਤਾਨ ਉੱਪਰ ਨਜਾਇਜ਼ ਕਾਬਜ਼ ਹੋ ਕੇ ਮਨ ਚਾਹੇ ਢੰਗ ਨਾਲ ਹਕੂਮਤ ਕਰ ਰਹੇ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਕ ਸਿੱਖ ਗੁਰੂ ਸਾਹਿਬਾਨ ਨੇ ਹਿੰਦੁਸਤਾਨੀਆਂ ਦੀ ਇਸ ਤਰਸਯੋਗ ਹਾਲਤ ਅਤੇ ਹਾਕਮਾਂ ਦੇ ਅਤਿਆਚਾਰੀ ਵਤੀਰੇ ਨੂੰ ਬੜੀ ਨਜ਼ਦੀਕੀ ਤੋਂ ਦੇਖਿਆ ਸੀ। ਸ਼ਾਂਤੀ ਅਤੇ ਅਹਿੰਸਾ ਦੇ ਮਾਰਗ ਉੱਤੇ ਚੱਲਦਿਆਂ ਹੋਇਆਂ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਸ਼ਹਾਦਤਾਂ ਹੋ ਚੁੱਕੀਆਂ ਸਨ। ਹੁਣ ਧਰਮ ਨੂੰ ਬਚਾਉਣ ਦਾ ਇੱਕੋ-ਇਕ ਰਸਤਾ ਹਥਿਆਰ ਉਠਾਉਣਾ ਅਤੇ ਜ਼ਾਲਮਾਂ ਦੇ ਵਿਰੁੱਧ ਜੰਗ-ਏ-ਮੈਦਾਨ ਵਿਚ ਜੂਝਣਾ ਸੀ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਪਹਿਲਾਂ ਹੀ ਇਸ ਰਸਤੇ ਉੱਪਰ ਚੱਲਣ ਦੀ ਸ਼ੁਰੂਆਤ ਕਰ ਚੁੱਕੇ ਸਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਫ਼ਰਮਾਨ ਹੈ:

ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ॥
ਹਲਾਲਸਤੁ ਬੁਰਦਨ ਬ ਸ਼ਮਸ਼ੀਰ ਦਸਤ॥1

ਸੋ ਅਜਿਹੇ ਸਮੇਂ ਵਿਚ ਜ਼ੁਲਮ ਅਤੇ ਜ਼ਾਲਮ ਦਾ ਟਾਕਰਾ ਕਰਨ ਲਈ ਨਿਹੰਗ ਸਿੰਘਾਂ ਦੀ ਸ਼ਸਤਰਧਾਰੀ, ਸੂਰਬੀਰ ਫੌਜ ਦਾ ਅਰੰਭ ਹੋਇਆ।

ਇਨ੍ਹਾਂ ਲਈ ‘ਅਕਾਲੀ’ ਜਾਂ ‘ਨਿਹੰਗ’ ਸ਼ਬਦ ਇਸ ਲਈ ਵਰਤਿਆ ਜਾਂਦਾ ਸੀ ਕਿਉਂਕਿ ਇਹ ਇੱਕੋ ਅਕਾਲ ’ਤੇ ਵਿਸ਼ਵਾਸ ਰੱਖਦੇ ਅਤੇ ਕਾਲ ਦੇ ਭੈਅ ਤੋਂ ਮੁਕਤ ਹੋ ਕੇ ਵਿਚਰਦੇ ਸਨ। ਫ਼ਾਰਸੀ ਵਿਚ ‘ਨਿਹੰਗ’ ਮਗਰਮੱਛ ਦਾ ਵਾਚਕ ਹੈ ਜੋ ਇਕ ਬੜਾ ਹਠੀਲਾ ਜਲ-ਜਾਨਵਰ ਹੈ। ਮਹਾਨ ਕੋਸ਼ ਵਿਚ ਨਿਹੰਗ ਦਾ ਅਰਥ ‘ਨਿਹਸ਼ੰਕ’ ਅਤੇ ‘ਨਿਹਸੰਗ’ ਦਿੱਤਾ ਗਿਆ ਹੈ।2 ‘ਨਿਹਸ਼ੰਕ’ ਭਾਵ ਜਿਸ ਨੂੰ ਮੌਤ ਦੀ ਚਿੰਤਾ ਨਹੀਂ ਬਹਾਦਰ, ਦਲੇਰ। ‘ਨਿਹਸੰਗ’ ਤੋਂ ਭਾਵ ਨਿਰਲੇਪ ਆਤਮਾ ਗਿਆਨੀ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਸ ਭਾਵ ਦਾ ਸ਼ਬਦ ਹੈ:

ਨਿਰਭਉ ਹੋਇਓ ਭਇਆ ਨਿਹੰਗਾ॥ (ਪੰਨਾ 392)

ਭਾਈ ਰਤਨ ਸਿੰਘ (ਭੰਗੂ) ਰਚਿਤ ਪ੍ਰਾਚੀਨ ਪੰਥ ਪ੍ਰਕਾਸ਼ ਵਿਚ ਲਿਖਿਆ ਹੈ:

ਨਿਹੰਗ ਕਹਾਵੈ ਸੋ ਪੁਰਸ਼ ਦੁਖ ਸੁਖ ਮੰਨੇ ਨ ਅੰਗ। (ਸਫ਼ਾ 413)

ਇਸ ਪ੍ਰਕਾਰ ਹੀ ਪਿਆਰਾ ਸਿੰਘ ਪਦਮ ਅਨੁਸਾਰ ਨਿਹੰਗ ਦਾ ਭਾਵ-ਅਰਥ ਨਿਧੜਕ ਤੇ ਨਿਰਭੈ ਵਰਿਆਮ ਯੋਧਾ ਹੈ, ਜੋ ਜੱਕੋ-ਤੱਕੀ ਨੂੰ ਛੱਡ ਕੇ ਇਕਦਮ ਐਕਸ਼ਨ ਕਰਦਾ ਤੇ ਫਿਰ ਪਿਛਾਂਹ ਨਹੀਂ ਹਟਦਾ।3 ਇਸ ਤਰ੍ਹਾਂ ‘ਨਿਹੰਗ’ ਤੋਂ ਭਾਵ ਨਿਰਭੈ, ਨਿਹਸ਼ੰਕ, ਨਿਹਸੰਗ, ਬੇਪਰਵਾਹ ਯੋਧਾ ਹੈ।

ਨਿਹੰਗ ਸਿੰਘਾਂ ਵਿਚ ‘ਚਲਦੇ ਵਹੀਰ’ ਦਾ ਕੇਂਦਰੀ ਮਹੱਤਵ ਹੈ। ਨਿਹੰਗ ਸਿੰਘਾਂ ਦੇ ‘ਚਲਦੇ ਵਹੀਰ’ (ਜਿਸ ਨੂੰ ਦਲ ਵੀ ਕਿਹਾ ਜਾਂਦਾ ਹੈ) ਵਿਚ ਸਭ ਤੋਂ ਮੁੱਖ ਸਥਾਨ ਜਥੇਦਾਰ ਦਾ ਹੁੰਦਾ ਹੈ।

ਨਿਹੰਗ ਸਿੰਘ ਜ਼ਿਆਦਾ ਕਰਕੇ ਨੀਲਾ ਬਾਣਾ ਪਹਿਨਦੇ ਹਨ ਅਤੇ ਸਿਰ ਉੱਪਰ ਨੀਲੇ ਜਾਂ ਕੇਸਰੀ ਰੰਗ ਦੀ ਗੋਲ ਦਸਤਾਰ ਬੰਨ੍ਹਦੇ ਹਨ ਜਿਸ ’ਤੇ ਚੱਕਰ, ਚੰਦ ਤੋੜੇ ਅਤੇ ਛੋਟੇ ਸ਼ਸਤਰ ਆਦਿ ਸਜਾਉਂਦੇ ਹਨ। ਇਹ ਸਰਬਲੋਹ ਦੇ ਸ਼ਸਤਰ ਬਹੁਤ ਸ਼ੌਂਕ ਨਾਲ ਰੱਖਦੇ ਹਨ। ਕਈ ਪੁਰਾਤਨ ਸਿੰਘਾਂ ਬਾਰੇ ਕਿਹਾ ਜਾਂਦਾ ਹੈ ਕਿ ਉਨ੍ਹਾਂ ਦੇ ਕਮਰਕੱਸੇ ਸਵਾ-ਸਵਾ ਮਣ ਭਾਰ ਦੇ ਹੋਇਆ ਕਰਦੇ ਸਨ। ਰਹਿਤਨਾਮੇ ਦਾ ਫ਼ਰਮਾਨ ਹੈ:

ਸੋ ਅਕਾਲੀ ਰੂਪ ਹੈ, ਨੀਲ ਬਸਤ੍ਰ ਪਹਿਰਾਇ।
ਜਪੇ ਜਾਪੁ ਗੁਰਬਰ ਅਕਾਲ, ਸਰਬਲੋਹ ਪਹਿਰਾਇ।4

ਨਿਹੰਗ ਸਿੰਘਾਂ ਦਾ ਜੀਵਨ ਇਕ ਕਠਿਨ ਤਪੱਸਿਆ ਤੋਂ ਘੱਟ ਨਹੀਂ ਹੁੰਦਾ। ਭਾਵੇਂ ਮੌਸਮ ਕਿਸੇ ਤਰ੍ਹਾਂ ਦਾ ਵੀ ਹੋਵੇ, ਇਹ ਜਦੋਂ ਰਵਾਨਾ ਹੋਣ ਦੀ ਅਰਦਾਸ ਕਰ ਲੈਂਦੇ ਹਨ ਤਾਂ ਫਿਰ ਕਿਸੇ ਵੀ ਹਾਲਤ ਵਿਚ ਰੁਕਦੇ ਨਹੀਂ। ਹਰ ਦੂਜੇ, ਚੌਥੇ ਦਿਨ ਸਥਾਨ (ਪੜਾਅ) ਬਦਲਣਾ, ਹਰੇਕ ਪੜਾਅ ’ਤੇ ਜਾ ਕੇ ਆਪਣਾ ਨਵਾਂ ਲੋਹ-ਲੰਗਰ ਤਿਆਰ ਕਰਨਾ, ਆਪਣੇ ਨਿਤਨੇਮ ਜਾਂ ਰਹਿਤ-ਬਹਿਤ ਵਿਚ ਛੋਟੀ ਜਿਹੀ ਭੁੱਲ ਹੋਣ ’ਤੇ ਵੀ ਤਨਖਾਹ ਲਵਾਉਣਾ ਇਨ੍ਹਾਂ ਦੇ ਜੀਵਨ ਵਿਚ ਸ਼ਾਮਲ ਹੈ।

ਇਨ੍ਹਾਂ ਸੰਤ-ਸਿਪਾਹੀ ਸੂਰਬੀਰਾਂ ਦੀ ਪ੍ਰਸੰਸਾ ਕੇਵਲ ਇਨ੍ਹਾਂ ਦੇ ਸ਼ੁਭ-ਚਿੰਤਕਾਂ ਨੇ ਹੀ ਨਹੀਂ ਕੀਤੀ ਬਲਕਿ ਜੰਗਾਂ-ਯੁੱਧਾਂ ਵਿਚ ਇਨ੍ਹਾਂ ਦੇ ਵਿਰੁੱਧ ਲੜਨ ਵਾਲੇ ਮੁਗ਼ਲ ਹਮਲਾਵਰਾਂ ਦੀਆਂ ਸਮਕਾਲੀ ਰਚਨਾਵਾਂ ਵਿੱਚੋਂ ਵੀ ਇਨ੍ਹਾਂ ਦੇ ਉੱਚੇ ਨੈਤਿਕ ਗੁਣਾਂ ਦਾ ਪ੍ਰਗਟਾਵਾ ਆਪ ਮੁਹਾਰੇ ਹੋਇਆ ਮਿਲਦਾ ਹੈ। ਜਿਵੇਂ ਅਹਿਮਦ ਸ਼ਾਹ ਦੁਰਾਨੀ ਦੇ 1764 ਈ. ਵਿਚ ਹੋਏ ਸਤਵੇਂ ਹਮਲੇ ਦਾ ਹਾਲ ਲਿਖਦਾ ਹੋਇਆ ਕਾਜ਼ੀ ਨੂਰ ਮੁਹੰਮਦ ਲਿਖਦਾ ਹੈ:

ਸਗਾਂ ਰਾ ਮਗੋ ਸਗ ਕਿ ਹਸਤੰਦ ਸ਼ੇਰ ਬ ਮੈਦਾਨੇ ਮਰਦਾਂ ਚੂੰ ਸ਼ੇਰਾਂ ਦਲੇਰ।
ਕਿ ਨ ਕੁਸ਼ੰਦ ਨਮਰਦ ਰਾ ਹੇਚ ਗਾਹ ਗੁਰੇਜ਼ੰਦਾ ਰਾਹਮ ਨਗੀਰੰਦ ਰਾਹ।
ਜਨਾਹਮ ਨ ਬਾਸ਼ਦ ਮਿਆਨੇ ਸਗਾਂ ਨ ਦੁਜ਼ਦੀ ਬਵਦ ਕਾਰੇ ਆਂ ਬਦਰਗਾਂ।
ਕਿ ਜ਼ਾਨੀ ਓ ਸਾਰਕ ਨ ਦਾਰੰਦ ਦੋਸ ਵਗਰ ਫਿਅਲੇ ਸ਼ਾਂ ਜੁਮਲਗੀ ਨ ਨਿਕੋਸਤ।5

ਭਾਵ : ਇਨ੍ਹਾਂ ਨੂੰ ਸਗ (ਕੁੱਤੇ) ਨ ਕਹੋ, ਇਹ ਤਾਂ ਸ਼ੇਰ ਹਨ ਤੇ ਮਰਦਾਨਗੀ ਦੇ ਮੈਦਾਨ ਵਿਚ ਸ਼ੇਰਾਂ ਤੋਂ ਵੀ ਵੱਧ ਦਲੇਰ ਹਨ। ਇਹ ਬੁਜ਼ਦਿਲ ਨੂੰ ਜੋ ਜੰਗ ਵਿਚ ਹਥਿਆਰ ਸੁੱਟ ਦੇਵੇ, ਨਹੀਂ ਮਾਰਦੇ ਤੇ ਨਾ ਹੀ ਭੱਜੇ ਜਾਂਦੇ ਦਾ ਪਿੱਛਾ ਕਰਦੇ ਅਤੇ ਫੜਦੇ ਹਨ। ਇਨ੍ਹਾਂ ‘ਸਗਾਂ’ ਵਿਚ ਵਿਭਚਾਰ ਵੀ ਨਹੀਂ ਤੇ ਨਾ ਹੀ ਚੋਰੀ ਦੀ ਆਦਤ ਹੈ। ਇਹ ਤਾਂ ਚੋਰ ਯਾਰ ਨੂੰ ਦੋਸਤ ਹੀ ਨਹੀਂ ਬਣਾਉਂਦੇ।

ਪੰਜਾਬ ਹੀ ਨਹੀਂ ਸਮੁੱਚੇ ਹਿੰਦੁਸਤਾਨ ਨੂੰ ਸਦੀਆਂ ਤੋਂ ਪਈਆਂ ਹੋਈਆਂ ਗ਼ੁਲਾਮੀ ਦੀਆਂ ਜ਼ੰਜੀਰਾਂ ਤੋਂ ਮੁਕਤ ਕਰਵਾਉਣ ਲਈ ਜਿਸ ਤਿਆਗ ਅਤੇ ਬਲੀਦਾਨ ਦੀ ਜ਼ਰੂਰਤ ਸੀ, ਉਹ ਇਨ੍ਹਾਂ ਸੰਤ-ਸਿਪਾਹੀਆਂ ਨੇ ਕੀਤਾ। ਇਸ ਸਮੇਂ ਦਾ ਜ਼ਿਕਰ ‘ਪ੍ਰਾਚੀਨ ਪੰਥ ਪ੍ਰਕਾਸ਼’ ਵਿਚ ਇਸ ਪ੍ਰਕਾਰ ਕੀਤਾ ਗਿਆ ਹੈ:

ਰਾਤ ਤੁਰੇ ਦਿਨ ਰਹੈਂ ਲੁਕਾਇ।
ਕਈਅਨ ਲੀਨੇ ਕੁੰਭਲ ਬਨਾਇ।
ਕਈ ਰਹੈਂ ਘਰ ਤੀਜੇ ਥਾਇ।
ਕਈ ਰਹੈਂ ਪਰਦੇਸਹਿ ਜਾਇ।
ਕਈ ਸਿੰਘ ਰਹੇ ਝਾੜਨ ਮਾਂਹੀ।
ਕਈ ਸਿੰਘ ਜਾ ਜੰਗਲ ਲੁਕਾਹੀਂ।6

ਅਜਿਹੀ ਹਾਲਤ ਵਿਚ ਵੀ ਸਿੰਘਾਂ ਨੇ ਆਪਣਾ ਮਨੋਬਲ ਨਹੀਂ ਤਿਆਗਿਆ ਉਨ੍ਹਾਂ ਨੇ ਪਹਿਲਾਂ ਆਪਣੇ ਆਪ ਨੂੰ ‘ਬੁੱਢਾ ਦਲ’ ਅਤੇ ‘ਤਰੁਨਾ ਦਲ’ ਵਿਚ ਸੰਗਠਤ ਕੀਤਾ ਅਤੇ ਫਿਰ ‘ਦਲ ਖਾਲਸਾ’ ਦੇ ਸੰਗਠਨ ਦੁਆਰਾ ਆਪਣੀ ਸ਼ਕਤੀ ਨੂੰ ਮਜ਼ਬੂਤ ਕਰ ਕੇ ਜਰਵਾਣਿਆਂ ਦੇ ਜ਼ੁਲਮਾਂ ਦਾ ਡਟ ਕੇ ਵਿਰੋਧ ਕੀਤਾ।

ਜਿਥੋਂ ਤਕ ਨਿਹੰਗ ਸਿੰਘ ਪਰੰਪਰਾ ਦੇ ਅਰੰਭ ਦਾ ਸਵਾਲ ਹੈ ਇਹ ਸਿੱਖ ਪੰਥ ਦੀ ਮੂਲ ਵਿਚਾਰਧਾਰਾ ‘ਨਿਰਭਉ’ ਅਤੇ ‘ਨਿਰਵੈਰ’ ਦੇ ਵਿਚਾਰ ’ਤੇ ਅਧਾਰਤਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਾਜੀ ਹੋਈ ਖਾਲਸਾ ਫੌਜ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ‘ਮੂਲ ਮੰਤਰ’ ਵਿਚ ‘ਪਰਮ ਸਤਿ’ ਦਾ ਸਰੂਪ ਬਿਆਨ ਕਰਦਿਆਂ ਨਿਰਭਉ ਹੋਣ ਨੂੰ ਉਸ (ਪਰਮ ਸਤਿ) ਦਾ ਵਿਸ਼ੇਸ਼ ਗੁਣ ਦੱਸਿਆ ਹੈ। ਸਿੱਖ ਧਰਮ ਵਿਚ ਸ਼ੁਰੂ ਤੋਂ ਹੀ ਭਗਤੀ-ਸ਼ਕਤੀ, ਮੀਰੀ-ਪੀਰੀ ਅਤੇ ਧਰਮ ਤੇ ਰਾਜਨੀਤੀ ਦਾ ਸੁਮੇਲ ਹੈ। ਇਸ ਵਿਲੱਖਣ ਵਿਚਾਰਧਾਰਾ ਦੇ ਆਧਾਰ ’ਤੇ ਹੀ ਸ੍ਰੀ ਗੁਰੂ ਹਰਿਗੋਬਿੰਦ ਜੀ ਨੇ ਸੰਤ-ਸਿਪਾਹੀ ਸਿੱਖਾਂ ਦੀ ਇਕ ਫੌਜ ਤਿਆਰ ਕੀਤੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਦਾ ਉਦੇਸ਼ ਦੱਸਦਿਆਂ ਹੋਇਆਂ ਸਪਸ਼ਟ ਕਿਹਾ ਹੈ ਕਿ ਜਿਥੇ ਉਨ੍ਹਾਂ ਦਾ ਉਦੇਸ਼ ਧਰਮ ਚਲਾਉਣਾ ਅਤੇ ਨੇਕ ਪੁਰਸ਼ਾਂ ਨੂੰ ਬਚਾਉਣਾ ਹੈ, ਉਥੇ ਦੁਸ਼ਟਾਂ ਦੋਖੀਆਂ ਨੂੰ ਮਾਰ-ਮੁਕਾਉਣਾ ਵੀ ਹੈ:

ਯਾਹੀ ਕਾਜ ਧਰਾ ਹਮ ਜਨਮੰ॥
ਸਮਝ ਲੇਹੁ ਸਾਧੂ ਸਭ ਮਨਮੰ॥
ਧਰਮ ਚਲਾਵਨ ਸੰਤ ਉਬਾਰਨ॥
ਦੁਸ਼ਟ ਸਭਨ ਕੋ ਮੂਲ ਉਪਾਰਨ॥7

ਇਸ ਤਰ੍ਹਾਂ ਗੁਰੂ-ਘਰ ਦੀ ਇਸ ਅਨੋਖੀ ਵਿਚਾਰਧਾਰਾ ਦੇ ਆਧਾਰ ’ਤੇ ਹੀ ਨਿਹੰਗ ਸਿੰਘਾਂ ਦਾ ਜਨਮ ਹੋਇਆ।

ਅੰਤ ਵਿਚ ਕਿਹਾ ਜਾ ਸਕਦਾ ਹੈ ਕਿ ਨਿਹੰਗ ਸਿੰਘਾਂ ਦਾ ਬਾਣਾ ਸਰੀਰਕ ਤੌਰ ’ਤੇ ਇਨ੍ਹਾਂ ਦੀ ਰਹਿਤ-ਬਹਿਤ, ਅਚਾਰ-ਵਿਹਾਰ ਦੇ ਤੌਰ ’ਤੇ ਇਨ੍ਹਾਂ ਦਾ ਬਹੁਤ ਜ਼ਿਆਦਾ ਨਿਤਨੇਮੀ ਹੋਣਾ ਮਾਨਸਿਕ ਅਤੇ ਆਤਮਿਕ ਤੌਰ ’ਤੇ ਇਨ੍ਹਾਂ ਦਾ ਪੂਰਨ ਖਾਲਸਾ ਹੋਣ ਦੀ ਗਵਾਹੀ ਭਰਦੇ ਹਨ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਸੁਪਤਨੀ ਸ. ਗੁਰਜੀਤ ਸਿੰਘ, ਸੰਧੂ ਫਾਰਮ ਹਾਊਸ, ਰਾਮਾਂ ਰੋਡ, ਪਿੰਡ ਤੇ ਡਾਕ: ਤਲਵੰਡੀ ਸਾਬੋ (ਬਠਿੰਡਾ)

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)