ਸ੍ਰੀ ਗੁਰੂ ਗ੍ਰੰਥ ਸਾਹਿਬ, ਸਤਿ ਸਰੂਪ, ਕਲਯੁਗ ਦੇ ਬੋਹਿਥ ਵਿਚ ਸਤਿਗੁਰੂ ਨਾਨਕ ਨਾਮ-ਲੇਵਾ ਸਿੱਖ ਦੇ ਸਰੂਪ ਬਾਰੇ ਉਲੇਖਣ ’ਚੋਂ ਕੁਝ ਇਕ ਇਲਾਹੀ ਕਥਨਾਂ ਦਾ ਬਿਰਤਾਂਤ ਕਰਨ ਤੇ ਸਮਝਣ ਦਾ ਯਤਨ ਕਰਦੇ ਹਾਂ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1245 ’ਤੇ ਸਤਿਗੁਰੂ ਜੀ ਦਾ ਫਰਮਾਨ ਹੈ:
ਜੈਸਾ ਕਰੈ ਕਹਾਵੈ ਤੈਸਾ ਐਸੀ ਬਨੀ ਜਰੂਰਤਿ॥
ਹੋਵਹਿ ਲਿੰਙ ਝਿੰਙ ਨਹ ਹੋਵਹਿ ਐਸੀ ਕਹੀਐ ਸੂਰਤਿ॥
ਇਹ ਕਥਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕੇਵਲ ਸਿੱਖ ਸਰੂਪ ਲਈ ਹੀ ਨਹੀਂ ਸਗੋਂ ਸਭ ਮਨੁੱਖਾਂ ਬਾਰੇ ਦੱਸਿਆ ਗਿਆ ਹੈ। ਇਹ ਮੌਲਿਕਤਾ ਹੈ। ਵਾਹਿਗੁਰੂ ਸਤਿ ਸਰੂਪ ਜੀ ਨੇ ਮਨੁੱਖ ਨੂੰ ਲੋੜੀਂਦੇ ਨਰੋਏ ਅੰਗ ਬਖ਼ਸ਼ੇ ਹਨ। ਸੁਹਣੇ ਅੰਗਾਂ ਵਾਲਾ ਮਨੁੱਖੀ ਸਰੀਰ ਦਿੱਤਾ ਹੈ। ਦੱਸਦੇ ਹਨ ਕਿ ਮਨੁੱਖ (ਆਪਣੀ ਮੱਤ ਅਨੁਸਾਰ) ਆਪਣੇ ਸਰੀਰ ’ਤੇ ਕਈ ਵੇਸ ਕਰਦਾ ਹੈ (ਸੰਵਾਰਦਾ-ਵਿਗਾੜਦਾ ਹੈ)। ਜਿਹੋ ਜੇਹਾ ਵੇਸ ਬਣਾਉਂਦਾ ਹੈ ਤੇਹੋ ਜੇਹਾ ਅਖਵਾਉਂਦਾ ਹੈ। ਕਲਾਕਾਰੀ ਨਾਟਕ ਇਸ ਦੀ ਸਪਸ਼ਟ ਮਿਸਾਲ (ਉਦਾਹਰਣ) ਹਨ। ਐਸਾ ਨਿਯਮ ਬਣਿਆ ਹੋਇਆ ਹੈ। ਇਸ ਨਿਯਮ ਅਨੁਸਾਰ ਮਨੁੱਖੀ ਸੂਰਤ ਉਹੀ ਅਖਵਾਉਂਦੀ ਹੈ, ਜਿਸ ਦੇ ਅੰਗ ਵਿਗਾੜੇ ਨਾ ਹੋਣ, ਨਰੋਏ ਤੇ ਪੂਰੇ ਹੋਣ। ਕੋਈ ਅੰਗ ਝੜਿਆ ਨਾ ਹੋਵੇ:
ਹਰਿ ਕਾ ਚਿਹਨੁ ਸੋਈ ਹਰਿ ਜਨ ਕਾ ਹਰਿ ਆਪੇ ਜਨ ਮਹਿ ਆਪੁ ਰਖਾਂਤਿ॥ (ਪੰਨਾ 1264)
ਕੁਦਰਤ ਵੱਸੇ ਵਾਹਿਗੁਰੂ-ਪ੍ਰਭੂ ਜੀ ਦਾ ਜੋ ਲੱਛਣ-ਚਿਹਨ ਹੈ ਸੋ ਹੀ ਉਸ ਦੇ ਜੀਵ, ਉਸ ਦੇ ਸਿੱਖ ਦਾ ਹੁੰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1084 ’ਤੇ ਸਤਿਗੁਰੂ ਜੀ ਦਾ ਫ਼ਰਮਾਨ ਹੈ:
ਨਾਪਾਕ ਪਾਕੁ ਕਰਿ ਹਦੂਰਿ ਹਦੀਸਾ ਸਾਬਤ ਸੂਰਤਿ ਦਸਤਾਰ ਸਿਰਾ॥
ਸਤਿਗੁਰੂ ਜੀ ਦੱਸ ਰਹੇ ਹਨ ਕਿ ਵਿਕਾਰਾਂ ਵਿਚ ਮਲੀਨ ਹੋ ਰਹੇ ਮਨ ਨੂੰ ਪਵਿੱਤਰ ਕਰਨਾ, ਇਹੀ ਹੈ ਰੱਬੀ ਸ਼ਰ੍ਹਾ ਦੀ ਪਵਿੱਤਰ ਪੁਸਤਕ/ਸਰੀਰ ਦਾ ਕੋਈ ਅੰਗ ਭੰਗ, ਛੇਦਨ ਨਾ ਕੀਤਾ ਹੋਵੇ। ਸਰੀਰ ਦੇ ਸਭ ਅੰਗਾਂ ਨੂੰ ਜਿਉਂ ਦਾ ਤਿਉਂ ਰੱਖਿਆ ਹੋਵੇ, ਸਿਰ ਉੱਪਰ ਦਸਤਾਰ ਦਾ ਆਦਰ-ਮਾਣ ਪ੍ਰਾਪਤ ਹੁੰਦਾ ਹੈ। ਇੱਜ਼ਤ ਪ੍ਰਾਪਤ ਕਰਨ ਦਾ ਵਸੀਲਾ ਬਣ ਜਾਂਦਾ ਹੈ। ਹੋਰ ਦੱਸਦੇ ਹਨ:
ਵੇਸ ਕਰੇ ਕੁਰੂਪਿ ਕੁਲਖਣੀ ਮਨਿ ਖੋਟੈ ਕੂੜਿਆਰਿ॥
ਪਿਰ ਕੈ ਭਾਣੈ ਨਾ ਚਲੈ ਹੁਕਮੁ ਕਰੇ ਗਾਵਾਰਿ॥ (ਪੰਨਾ 89)
ਕੋਝੇ ਰੂਪ ਵਾਲੇ ਵੇਸ, ਖੋਟੇ ਮਨ ਵਾਲੀ ਤੇ ਭੈੜੇ ਲੱਛਣਾਂ ਵਾਲੀ (ਜੀਵ) ਇਸਤਰੀ ਕਰਦੀ ਹੈ। ਆਪਣੇ ਪਤੀ-ਪਰਮੇਸ਼ਰ ਨਾਲ ਸਹਿਮਤ ਹੋ ਕੇ ਨਹੀਂ ਚੱਲਦੀ; ਉਲਟਾ ਪਤੀ ’ਤੇ ਹੁਕਮ ਚਲਾਉਂਦੀ ਹੈ, ਆਪਣੇ ਮਨ ਦੀ ਕਰਦੀ ਹੈ।ਸਿੱਟੇ ਵਜੋਂ ਬਹੁਤਾ ਦੁੱਖ ਪਾਉਂਦੀ ਹੈ।
ਸ੍ਰਿਸ਼ਟੀ ਦੇ ਸਿਰਜਣਹਾਰ ਵਾਹਿਗੁਰੂ ਜੀ ਨੇ ਅਨੇਕ ਭਾਂਤ ਦੇ ਜੀਵ ਬਣਾਏ ਹਨ। ਸਭ ਇਕ ਦੂਜੇ ਦੇ ਰੂਪ ਤੋਂ ਭਿੰਨ ਰੂਪ ਦੇ ਹਨ। ਇਹ ਗੁਰਮਤਿ ਦਾ ਗਿਆਨ ਹੈ। ਮਨਮਤ ਅਨੁਸਾਰ ਕਈ ਵਾਰ ਅਸੀਂ ਕੁਦਰਤ ਦੇ ਅਸਲ ਤੋਂ ਵੱਖਰੇ ਹੋ ਕੇ ਕੁਦਰਤ ਦੇ ਖਿਲਾਫ, ਆਪਣੇ ਅੰਗਾਂ ਚਿਹਨਾਂ ਨੂੰ ਛੇਦ ਕੇ, ਭੰਗ ਕਰ ਕੇ, ਆਪਣੇ ਰੂਪ ਨੂੰ ਬਦਲ ਕੇ ਵਧੇਰੇ ਸੁੰਦਰ ਲੱਗਣ ਦਾ ਭਰਮ ਪਾਲਦੇ ਹਾਂ। ਇਸ ਬਾਰੇ ਗੁਰਮਤਿ ਦਾ ਕਥਨ ਹੈ:
ਕਾਪੜੁ ਪਹਿਰਸਿ ਅਧਿਕੁ ਸੀਗਾਰੁ॥
ਮਾਟੀ ਫੂਲੀ ਰੂਪੁ ਬਿਕਾਰੁ॥ (ਪੰਨਾ 1187)
ਜੀਵ-ਇਸਤਰੀ ਕਦੇ ਸੁਹਣੇ-ਸੁਹਣੇ ਕੱਪੜੇ ਪਹਿਨ ਕੇ ਆਪਣੇ ਰੂਪ ਨੂੰ ਵੱਖ-ਵੱਖ ਢੰਗਾਂ ਨਾਲ ਸ਼ਿੰਗਾਰਦੀ ਹੈ। ਜਦੋਂ ਜੀਵ ਕਾਇਆ ਨੂੰ ਛੱਡ ਜਾਂਦਾ ਹੈ, ਜੋ ਕਿ ਸ੍ਰਿਸ਼ਟੀ ਦਾ ਅਟੱਲ ਨਿਯਮ ਹੈ, ਤਦੋਂ ਪਿੱਛੇ ਰਹਿ ਗਈ ਮਿੱਟੀ ਦੀ ਦੇਹ ਫੁੱਲ ਕੇ ਕਰੂਪ ਹੋ ਜਾਂਦੀ ਹੈ। ਉਸ ਵੇਲੇ ਰੂਪ, ਸ਼ਿੰਗਾਰ ਕਿਸੇ ਕੰਮ ਦਾ ਨਹੀਂ ਰਹਿ ਜਾਂਦਾ। ਹੁਣ ਸੱਚੇ ਗਿਆਨ-ਦਾਤੇ ਸਤਿਗੁਰੂ ਜੀ ਦਾ ਸਿੱਖਾਂ ਬਾਰੇ ਫ਼ਰਮਾਨ ਹੈ:
ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥ (ਪੰਨਾ 601)
ਸਿੱਖ ਨੂੰ ਹੁਕਮ-ਭਾਣਾ ਮੰਨਣਾ ਯੋਗ ਹੈ। ਜਦ ਤਕ ਸਿੱਖ ਗੁਰੂ ਦੇ ਭਾਣੇ ਅੱਗੇ ਸਮਰਪਣ ਨਹੀਂ ਕਰਦਾ, ਉਹ ਸਿੱਖੀ ਦੇ ਸੁਖ-ਅਨੰਦ ਨਹੀਂ ਮਾਣ ਸਕਦਾ। ਹਜ਼ੂਰ ਸਮਝਾ ਰਹੇ ਹਨ ਕਿ ਉਹ ਸਿੱਖ ਸਤਿਗੁਰੂ ਜੀ ਦਾ ਸਖਾ (ਪਿਆਰਾ ਮਿੱਤਰ), ਸੰਗੀ ਤੇ ਸਨਬੰਧੀ ਹੈ, ਜਿਹੜਾ ਸਤਿਗੁਰੂ ਜੀ ਦੀ ਸਿੱਖ-ਮੱਤ ਲੈ ਕੇ ਉਸ ਦੇ ਅਨੁਸਾਰ ਆਪਣੇ ਜੀਵਨ ਨੂੰ ਚਲਾਉਂਦਾ ਹੈ, ਸਤਿਗੁਰੂ ਜੀ ਦੇ ਉਪਦੇਸ਼ ਨੂੰ ਮੰਨ ਕੇ ਉਸ ਦਾ ਪਾਲਣ ਕਰਦਾ ਹੈ, ਉਸ ਸਿੱਖ ਦਾ ਜੀਵਨ ਸੁਖਮਈ ਹੋ ਜਾਂਦਾ ਹੈ।
ਲੇਖਕ ਬਾਰੇ
C 2/71, Janakpuri, New Delhi-58.
- ਹੋਰ ਲੇਖ ਉਪਲੱਭਧ ਨਹੀਂ ਹਨ