ਸ. ਹਰੀ ਸਿੰਘ ਨਲੂਆ 19ਵੀਂ ਸਦੀ ਦੀ ਪੰਜਾਬੀ ਵੀਰ ਪਰੰਪਰਾ ਦਾ ਇਕ ਅਦੁੱਤੀ ਨਾਇਕ ਹੈ, ਜਿਸ ਨੇ ਖਾਲਸਾ ਰਾਜ ਦੀ ਸਥਾਪਤੀ ਅਤੇ ਵਿਸਥਾਰ ਵਿਚ ਸਭ ਤੋਂ ਵੱਧ ਯੋਗਦਾਨ ਪਾਇਆ। ਉਹ ਇਕ ਮਹਾਨ ਜਰਨੈਲ, ਸਫ਼ਲ ਪ੍ਰਬੰਧਕ ਅਤੇ ਪ੍ਰਭਾਵਸ਼ਾਲੀ ਸ਼ਖ਼ਸੀਅਤ ਦਾ ਮਾਲਕ ਸੀ। ਉਸ ਨੇ ਨਾ ਸਿਰਫ਼ ਸਿੱਖ ਰਾਜ ਦੀਆਂ ਨੀਹਾਂ ਨੂੰ ਹੀ ਮਜ਼ਬੂਤ ਕੀਤਾ ਸਗੋਂ ਇਸ ਦੇ ਵਿਕਾਸ ਅਤੇ ਪ੍ਰਫੁਲਤਾ ਲਈ ਬਹੁਪੱਖੀ ਯੋਗਦਾਨ ਪਾ ਕੇ ਪੰਜਾਬ ਨੂੰ ਇਕ ਸ਼ਕਤੀਸ਼ਾਲੀ ਰਾਜ ਵਿਚ ਪਰਿਵਰਤ ਕਰ ਦਿੱਤਾ। ਉਹ ਪੰਜਾਬ ਦੇ ਮਹਾਨ ਨਿਰਮਾਤਾਵਾਂ ਵਿੱਚੋਂ ਇਕ ਸੀ, ਜਿਸ ਦੀ ਛਾਪ ਲੋਕ ਜੀਵਨ ਦੇ ਹਰ ਖੇਤਰ ਵਿਚ ਵੇਖੀ ਜਾ ਸਕਦੀ ਸੀ।
ਸ. ਹਰੀ ਸਿੰਘ ਨਲੂਆ ਦਾ ਜਨਮ ਅਪ੍ਰੈਲ ਸੰਨ 1791 ਵਿਚ ਗੁਜਰਾਂਵਾਲਾ (ਮੌਜੂਦਾ ਪਾਕਿਸਤਾਨ) ਦੇ ਸਥਾਨ ’ਤੇ ਸ. ਗੁਰਦਿਆਲ ਸਿੰਘ ਅਤੇ ਮਾਤਾ ਧਰਮ ਕੌਰ ਦੇ ਗ੍ਰਹਿ ਵਿਖੇ ਹੋਇਆ। ਸ. ਗੁਰਦਿਆਲ ਸਿੰਘ ਸ਼ੁਕਰਚੱਕੀਆ ਮਿਸਲ ਦੇ ਕੁਮੇਦਾਨ ਸਨ। ਇਨ੍ਹਾਂ ਦਾ ਪਰਵਾਰ ਮਜੀਠਾ (ਅੰਮ੍ਰਿਤਸਰ) ਤੋਂ ਆ ਕੇ ਗੁਜਰਾਂਵਾਲਾ ਵਿਚ ਆਬਾਦ ਹੋ ਗਿਆ ਸੀ। ਸ. ਹਰੀ ਸਿੰਘ ਦੇ ਦਾਦਾ ਸ. ਹਰਦਾਸ ਸਿੰਘ 1762 ਈਸਵੀ ਵਿਚ ਅਹਿਮਦ ਸ਼ਾਹ ਅਬਦਾਲੀ ਦੇ ਵਿਰੁੱਧ ਲੜਦੇ ਹੋਏ ਸ਼ਹੀਦ ਹੋਏ ਸਨ।
ਸ. ਹਰੀ ਸਿੰਘ ਦੇ ਪਿਤਾ ਸ. ਗੁਰਦਿਆਲ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਸ. ਮਹਾਂ ਸਿੰਘ ਅਤੇ ਦਾਦਾ ਸ. ਚੜ੍ਹਤ ਸਿੰਘ ਨਾਲ ਮਿਲ ਕੇ ਅਫਗਾਨਾਂ ਵਿਰੁੱਧ ਕਈ ਲੜਾਈਆਂ ਵਿਚ ਹਿੱਸਾ ਲਿਆ ਸੀ।
ਅਜੇ ਹਰੀ ਸਿੰਘ ਨਲੂਆ ਕੇਵਲ ਸੱਤ ਸਾਲ ਦਾ ਸੀ ਕਿ ਇਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ। ਇਨ੍ਹਾਂ ਦੀ ਮਾਤਾ ਆਪਣੇ ਪੁੱਤਰ ਹਰੀ ਸਿੰਘ ਨੂੰ ਨਾਲ ਲੈ ਕੇ ਆਪਣੇ ਭਰਾਵਾਂ ਕੋਲ ਆ ਗਈ। ਹਰੀ ਸਿੰਘ ਨਲੂਆ ਦਾ ਬਚਪਨ ਆਪਣੇ ਨਾਨਕੇ ਪਰਵਾਰ ਵਿਚ ਹੀ ਬੀਤਿਆ। ਇੱਥੇ ਰਹਿੰਦਿਆਂ ਉਸ ਨੇ ਪੰਜਾਬੀ, ਫ਼ਾਰਸੀ ਅਤੇ ਗੁਰਬਾਣੀ ਦੇ ਨਾਲ-ਨਾਲ ਲੜਾਈ ਦੇ ਹੁਨਰ ਸਿੱਖੇ। ਜਦੋਂ ਹਰੀ ਸਿੰਘ 12 ਸਾਲ ਦਾ ਸੀ ਤਾਂ ਉਸ ਦੀ ਮਾਤਾ ਧਰਮ ਕੌਰ ਉਸ ਨੂੰ ਫੇਰ ਗੁਜਰਾਂਵਾਲਾ ਲੈ ਆਈ, ਜਿੱਥੇ ਉਸ ਦੇ ਪਤੀ ਦਾ ਘਰ ਅਤੇ ਜ਼ਮੀਨ-ਜਾਇਦਾਦ ਸੀ।
ਪੰਜਾਬ ਵਿਚ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਾਇਮ ਹੋ ਚੁਕਾ ਸੀ। ਉਹ ਉਮਰ ਵਿਚ ਹਰੀ ਸਿੰਘ ਤੋਂ 11 ਸਾਲ ਵੱਡਾ ਸੀ। ਸੰਨ 1805 ਵਿਚ ਉਸ ਵੱਲੋਂ ਆਯੋਜਿਤ ਬਸੰਤੀ ਦਰਬਾਰ ਦੇ ਮੌਕੇ ’ਤੇ ਸ. ਹਰੀ ਸਿੰਘ ਨੇ ਆਪਣੀ ਬਹਾਦਰੀ ਅਤੇ ਜੰਗੀ ਕਰਤੱਵ ਵਿਖਾ ਕੇ ਸਭ ਨੂੰ ਚਕ੍ਰਿਤ ਕਰ ਦਿੱਤਾ। ਉਹ ਭਰਵੇਂ ਸਰੀਰ ਅਤੇ ਸੁਹਣੀ ਡੀਲ ਡੌਲ ਵਾਲਾ ਨੌਜਵਾਨ ਸੀ। ਉਹ ਪਹਿਲੀ ਵਾਰ ਇਹੋ ਜਿਹੇ ਮੁਕਾਬਲਿਆਂ ਵਿਚ ਸ਼ਾਮਲ ਹੋਇਆ ਸੀ। ਉਹ ਹੁਣ ਤਕ ਘੋੜ-ਸਵਾਰੀ, ਨੇਜਾਜ਼ਨੀ, ਤਲਵਾਰਜ਼ਨੀ ਅਤੇ ਬੰਦੂਕ ਆਦਿ ਚਲਾਉਣ ਵਿਚ ਕਮਾਲ ਦਾ ਨਿਸ਼ਾਨੇਬਾਜ ਬਣ ਚੁੱਕਾ ਸੀ। ਮਹਾਰਾਜਾ ਰਣਜੀਤ ਸਿੰਘ ਨੇ ਉਸ ਦੀ ਯੋਗਤਾ ਨੂੰ ਵੇਖਦੇ ਹੋਏ ਉਸ ਨੂੰ ਆਪਣੀ ਖਾਸ ਫੌਜ ਵਿਚ ਭਰਤੀ ਕਰ ਲਿਆ। ਕੁਝ ਚਿਰ ਮਗਰੋਂ ਸ਼ਿਕਾਰ ਦੇ ਮੌਕੇ ’ਤੇ ਜਦੋਂ ਉਸ ਨੇ ਇਕ ਸ਼ੇਰ ਦਾ ਨਿਹੱਥੇ ਮੁਕਾਬਲਾ ਕਰ ਕੇ ਉਸ ਨੂੰ ਮਾਰ ਦਿੱਤਾ ਤਾਂ ਮਹਾਰਾਜੇ ਨੇ ਨਾ ਸਿਰਫ਼ ਉਸ ਨੂੰ ‘ਨਲੂਵਾ’ ਦਾ ਖਿਤਾਬ ਦੇ ਕੇ ਹੀ ਸਨਮਾਨਿਤ ਕੀਤਾ ਸਗੋਂ ‘ਸ਼ੇਰਦਿਲ’ ਨਾਮ ਦੀ ਇਕ ਰਜਮੈਂਟ ਦਾ ਗਠਨ ਕਰ ਕੇ ਉਸ ਨੂੰ 800 ਘੋੜ-ਸਵਾਰਾਂ ਅਤੇ ਪਿਆਦਾ ਸੈਨਿਕਾਂ ਦਾ ਜਰਨੈਲ ਨਿਯੁਕਤ ਕਰ ਦਿੱਤਾ।
ਸ. ਹਰੀ ਸਿੰਘ ਦੇ ਫੌਜੀ ਜੀਵਨ ਦਾ ਅਰੰਭ 1807 ਈ: ਵਿਚ ਕਸੂਰ ਦੀ ਜਿੱਤ ਨਾਲ ਹੋਇਆ, ਜਿਸ ਵਿਚ ਉਸ ਦੁਆਰਾ ਵਿਖਾਈ ਬਹਾਦਰੀ ਅਤੇ ਜੰਗੀ ਚਾਲਾਂ ਅੱਗੇ ਉਥੋਂ ਦਾ ਹਾਕਮ ਕੁਤਬ-ਉ-ਦੀਨ ਕਸੂਰੀਆ ਗੋਡੇ ਟੇਕਣ ’ਤੇ ਮਜਬੂਰ ਹੋ ਗਿਆ ਸੀ। ਮਹਾਰਾਜੇ ਨੇ ਕਸੂਰ ਦੀ ਜਿੱਤ ਤੋਂ ਖੁਸ਼ ਹੋ ਕੇ ਸ. ਹਰੀ ਸਿੰਘ ਨੂੰ ਤੀਹ ਹਜ਼ਾਰ ਰੁਪਏ ਸਲਾਨਾ ਦੀ ਆਮਦਨ ਵਾਲੀ ਜਾਗੀਰ ਇਨਾਮ ਵਿਚ ਦਿੱਤੀ। ਹੌਲੀ-ਹੌਲੀ ਮਹਾਰਾਜੇ ਵੱਲੋਂ ਮਿਲੀਆਂ ਹੋਰ ਕਈ ਜਾਗੀਰਾਂ ਤੋਂ ਹੋਣ ਵਾਲੀ ਆਮਦਨੀ ਅੱਠ ਲੱਖ ਰੁਪਏ ਸਲਾਨਾ ਤਕ ਪਹੁੰਚ ਗਈ। ਕਸੂਰ ਦੀ ਜਿੱਤ ਮਗਰੋਂ ਸ. ਹਰੀ ਸਿੰਘ ਦੀ ਗਣਨਾ ਪੰਜਾਬ ਦੇ ਖਾਸ ਜਰਨੈਲਾਂ ਵਿਚ ਕੀਤੀ ਜਾਣ ਲੱਗੀ।
1810 ਈ: ਵਿਚ ਸ. ਹਰੀ ਸਿੰਘ ਨੇ ਮੁਲਤਾਨ ਦੇ ਸ਼ਾਸਕ ਨਵਾਬ ਮੁਜ਼ੱਫ਼ਰ ਖਾਨ ਨੂੰ ਹਰਾਇਆ ਅਤੇ ਮਿੱਠਾ ਟਿਵਾਣਾ ਦੇ ਪੀਰਾਂ ਅਤੇ ਸੱਯਦਾਂ ਨੂੰ ਸੋਧ ਕੇ ਉੱਥੇ ਅਮਨ ਕਾਇਮ ਕੀਤਾ। 1813 ਈ: ਵਿਚ ਉਸ ਨੇ ਅਟਕ ਦੇ ਦੋਸਤ ਮੁਹੰਮਦ ਨੂੰ ਹਰਾ ਕੇ ਆਪਣੀ ਫੌਜੀ ਸ਼ਕਤੀ ਦੀ ਧਾਂਕ ਦੂਰ-ਦੂਰ ਤਕ ਫੈਲਾ ਦਿੱਤੀ। 1814 ਈ: ਵਿਚ ਜਦੋਂ ਖ਼ਾਲਸਾ ਦਰਬਾਰ ਦੇ ਵੱਡੇ ਜਰਨੈਲ ਮੋਹਕਮ ਚੰਦ ਦੀ ਮੌਤ ਹੋਈ ਤਾਂ ਸ. ਹਰੀ ਸਿੰਘ ਨਲੂਆ ਨੂੰ ਖਾਲਸਾ ਫੌਜਾਂ ਦਾ ਕਮਾਂਡਰ-ਇਨ-ਚੀਫ਼ ਬਣਾ ਦਿੱਤਾ ਗਿਆ। ਮਹਾਰਾਜਾ ਉਸ ਦੀ ਦਲੇਰੀ ਅਤੇ ਖਾਲਸਾ ਰਾਜ ਪ੍ਰਤੀ ਨਿਸ਼ਟਾ ਅਤੇ ਵਫ਼ਾਦਾਰੀ ਤੋਂ ਬੇਹੱਦ ਪ੍ਰਸੰਨ ਸੀ। ਉਹ ਸਿੱਖ ਰਾਜ ਦਾ ਵੱਡਾ ਹਿਤੈਸ਼ੀ ਅਤੇ ਲੜਾਈ ਦੇ ਮੈਦਾਨ ਵਿਚ ਲਾਸਾਨੀ ਯੋਧਾ ਸੀ। 1818 ਵਿਚ ਮੁਲਤਾਨ, 1819 ਵਿਚ ਕਸ਼ਮੀਰ ਅਤੇ 1834 ਵਿਚ ਪਿਸ਼ਾਵਰ ਦੀ ਜਿੱਤ ਉਸ ਦੀਆਂ ਮਹੱਤਵਪੂਰਨ ਪ੍ਰਾਪਤੀਆਂ ਸਨ। ਮੁਲਤਾਨ ਦੀ ਲੜਾਈ ਵਿਚ ਨਿਹੰਗ ਸਾਧੂ ਸਿੰਘ ਅਤੇ ਅਕਾਲੀ ਫੂਲਾ ਸਿੰਘ ਨੇ ਵੀ ਬਹਾਦਰੀ ਦੇ ਅਦੁੱਤੀ ਜੌਹਰ ਵਿਖਾਏ ਸਨ।
1819 ਵਿਚ ਕਸ਼ਮੀਰ ਨੂੰ ਖਾਲਸਾ ਰਾਜ ਵਿਚ ਮਿਲਾਏ ਜਾਣ ਮਗਰੋਂ ਮਹਾਰਾਜਾ ਰਣਜੀਤ ਸਿੰਘ ਨੇ 25 ਅਗਸਤ 1820 ਨੂੰ ਸ. ਹਰੀ ਸਿੰਘ ਨਲੂਆ ਨੂੰ ਉਥੋਂ ਦਾ ਗਵਰਨਰ ਨਿਯੁਕਤ ਕੀਤਾ। ਲੰਮੇ ਸਮੇਂ ਤੋਂ ਕਸ਼ਮੀਰ ਵਿਚ ਹਿੰਦੂਆਂ ’ਤੇ ਜ਼ੁਲਮ ਹੁੰਦੇ ਚਲੇ ਆ ਰਹੇ ਸਨ। ਬੇਗ਼ਾਰੀ ਮਜ਼ਦੂਰੀ ਜ਼ੋਰਾਂ ’ਤੇ ਸੀ। ਕਾਗਜ਼, ਕੇਸਰ ਤੇ ਸ਼ਾਲਾਂ ਦਾ ਉਦਯੋਗ ਲਗਭਗ ਖ਼ਤਮ ਹੋ ਚੁਕਾ ਸੀ। ਹਰ ਪਾਸੇ ਬਦਅਮਨੀ ਅਤੇ ਅਸੁਰੱਖਿਆ ਦਾ ਦੌਰ ਜਾਰੀ ਸੀ। ਸ. ਹਰੀ ਸਿੰਘ ਨਲੂਆ ਨੇ ਆਪਣੇ ਸ਼ਾਸਕੀ ਪ੍ਰਬੰਧ ਦੁਆਰਾ ਉਥੋਂ ਦੇ ਲੋਕਾਂ ਨੂੰ ਅਜਿਹਾ ਸੁਚੱਜਾ ਨਿਜ਼ਾਮ ਦਿੱਤਾ ਕਿ ਮਹਾਰਾਜੇ ਨੇ ਖੁਸ਼ ਹੋ ਕੇ ਸ. ਹਰੀ ਸਿੰਘ ਨੂੰ ਆਪਣੇ ਨਾਮ ਦਾ ਸਿੱਕਾ ਜਾਰੀ ਕਰਨ ਦਾ ਅਧਿਕਾਰ ਦੇ ਦਿੱਤਾ। ਸ. ਹਰੀ ਸਿੰਘ ਦੇ ਨਾਮ ’ਤੇ ਜਾਰੀ ਕੀਤਾ ਗਿਆ ਸਿੱਕਾ 1890 ਈ: ਤਕ ਕਸ਼ਮੀਰ ਵਿਚ ਚੱਲਦਾ ਰਿਹਾ। ਇਸ ਸਬੰਧ ਵਿਚ ਕੇ.ਕੇ. ਖੁੱਲਰ ਆਪਣੀ ਪੁਸਤਕ ‘ਮਹਾਰਾਜਾ ਰਣਜੀਤ ਸਿੰਘ’ ਵਿਚ ਲਿਖਦਾ ਹੈ:
His administration of Kashmir will be long rememberedin that he carried out a series of social reforms in the valley. He discontinued the system of forced labour which was prevalent in the valley for the last nine hundred years. The Hindus of Kashmir who were denied the use of shoes, turbans or caps were allowed the use of thses articles. Grazing tax was reduced and shawl industry was re-organised. The cultivation of saffron was developed. Tora tax on births, marriages and deaths was abolishes and Kashmir’s paper industry was revived. His coin known as ‘Hari Singhee’ was in use in Kashmir till 1890.
1827 ਤੋਂ ਲੈ ਕੇ 1831 ਤਕ ਅਫਗਾਨਾਂ ਅਤੇ ਸੱਯਦਾਂ ਵਿਰੁੱਧ ਲੜੀਆਂ ਗਈਆਂ ਲੜਾਈਆਂ ਵਿਚ ਉਸ ਨੇ ਉੱਤਰ ਪੱਛਮੀ ਸੀਮਾਵਾਂ ਵੱਲੋਂ ਆਉਣ ਵਾਲੇ ਜਰਵਾਣਿਆਂ ਨੂੰ ਅਜਿਹੀ ਕਰਾਰੀ ਹਾਰ ਦਿੱਤੀ ਕਿ ਉਹ ਸ. ਹਰੀ ਸਿੰਘ ਨਲੂਆ ਦੇ ਨਾਮ ਤੋਂ ਥਰ-ਥਰ ਕੰਬਣ ਲੱਗ ਪਏ। ਸ. ਹਰੀ ਸਿੰਘ ਨਲੂਆ ਦੀ ਸਿਫਤ ਕਰਦਾ ਕਵੀ ਕਾਦਰ ਯਾਰ ਲਿਖਦਾ ਹੈ:
ਧਨੀ ਤੇਗ਼ ਦਾ ਮਰਦ ਨਸੀਬ ਵਾਲਾ,
ਸਾਯਾ ਉਸ ਦਾ ਕੁਲ ਸੰਸਾਰ ਤਾਈਂ।
ਕਾਦਰ ਯਾਰ ਪਹਾੜਾਂ ਨੂੰ ਸੋਧਿਓ ਸੁ,
ਕਾਬਲ ਕੰਬਿਆ ਖੌਫ ਕੰਧਾਰ ਤਾਂਈ। (ਵਾਰ ਸ. ਹਰੀ ਸਿੰਘ ਨਲੂਆ)
ਮਾਂਗਲੀ, ਮੁੰਘੇਰ ਅਤੇ ਡੇਰਾ ਗਾਜ਼ੀ ਖਾਨ ਇਤਿਆਦਿ ਸਰਹੱਦੀ ਇਲਾਕਿਆਂ ਦੀ ਜਿੱਤ ਮਗਰੋਂ ਸ. ਹਰੀ ਸਿੰਘ ਨਲੂਆ ਨੂੰ ਹਜ਼ਾਰੇ ਦਾ ਗਵਰਨਰ ਨਿਯੁਕਤ ਕੀਤਾ ਗਿਆ। ਉਸ ਇਲਾਕੇ ਵਿਚ ਸ. ਹਰੀ ਸਿੰਘ ਦੇ ਨਾਮ ਦੀ ਐਸੀ ਦਹਿਸ਼ਤ ਸੀ ਕਿ ਅਫਗਾਨ ਮਾਵਾਂ ਆਪਣੇ ਰੋਂਦੇ ਬੱਚਿਆਂ ਨੂੰ ਚੁੱਪ ਕਰਾਉਣ ਲਈ ਕਿਹਾ ਕਰਦੀਆਂ ਸਨ, ‘ਚੁੱਪ ਕਰ ਨਹੀਂ ਤੇ ਹਰੀਆ ਰਾਂਗਲੇ’ ਭਾਵ ਹਰੀ ਸਿੰਘ ਆ ਜਾਵੇਗਾ। ਇਕ ਵਾਰ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਹਰੀ ਸਿੰਘ ਨਲੂਆ ਨੂੰ ਆਪਣੇ ਨਾਮ ਦਾ ਸਿੱਕਾ ਜਾਰੀ ਕਰਨ ਦਾ ਅਧਿਕਾਰ ਦੇ ਕੇ ਉਸ ਦੀ ਵਡਿਆਈ ਵਿਚ ਚਾਰ ਚੰਨ ਲਗਾ ਦਿੱਤੇ।
ਮਹਿਮੂਦ ਗਜ਼ਨਵੀ ਤੋਂ ਲੈ ਕੇ ਅਹਿਮਦ ਸ਼ਾਹ ਅਬਦਾਲੀ ਤਕ ਦੱਰਾ ਖ਼ੈਬਰ ਅਤੇ ਉੱਤਰ-ਪੱਛਮੀ ਸੀਮਾਵਾਂ ਦੇ ਹੋਰ ਪਹਾੜੀ ਰਸਤੇ ਹਿੰਦੁਸਤਾਨ ਵਿਚ ਪ੍ਰਵੇਸ਼ ਕਰਨ ਵਾਲਿਆਂ ਲਈ ਸਵਰਗ ਦੁਆਰ ਬਣੇ ਹੋਏ ਸਨ। ਪਰ 1834 ਵਿਚ ਪਿਸ਼ਾਵਰ ਦੀ ਜਿੱਤ ਮਗਰੋਂ ਸ. ਹਰੀ ਸਿੰਘ ਨਲੂਆ ਨੇ ਇਸ ਇਲਾਕੇ ਵਿਚ ਕਿਲ੍ਹਿਆਂ ਦਾ ਅਜਿਹਾ ਜਾਲ ਵਿਛਾਇਆ ਕਿ ਭਵਿੱਖ ਵਿਚ ਹੋਣ ਵਾਲੇ ਅਫਗਾਨ ਹਮਲਿਆਂ ਉੱਤੇ ਪੂਰੀ ਰੋਕ ਲੱਗ ਗਈ। ਐਨਸਾਈਕਲੋਪੀਡੀਆ ਆਫ਼ ਸਿੱਖਇਜ਼ਮ ਅਨੁਸਾਰ:
In 1834, Hari Singh finally took Peshawar and an- nexed it to the Sikh dominions. Two years later, he built a fort at Jamrud at the mouth of the Kahiber Pass and sealed it once for all invaders from the northwest. (Vol. II, P. 252) ਜਮਰੌਦ ਦੇ ਨਾਲ-ਨਾਲ ਉਸ ਨੇ ਹਰੀਪੁਰ, ਸਮਤੋਰ, ਨਵਾਂ ਸ਼ਹਿਰ, ਮਨਸ਼ਰਾ, ਸ਼ਿੰਕਿਆਰੀ, ਦਰਬੰਦ ਆਦਿ ਥਾਵਾਂ ’ਤੇ ਕਿਲ੍ਹੇ ਅਤੇ ਸੜਕਾਂ ਦਾ ਨਿਰਮਾਣ ਕਰਵਾ ਕੇ ਇਨ੍ਹਾਂ ਥਾਵਾਂ ’ਤੇ ਫੌਜੀ ਟੁਕੜੀਆਂ ਤੈਨਾਤ ਕਰ ਦਿੱਤੀਆਂ ਤਾਂ ਕਿ ਈਰਾਨ ਅਤੇ ਅਫ਼ਗਾਨਿਸਤਾਨ ਵੱਲੋਂ ਦਾਖ਼ਲ ਹੋਣ ਵਾਲੇ ਧਾੜਵੀ ਪੰਜਾਬ ਦੀ ਧਰਤੀ ਉੱਪਰ ਪੈਰ ਰੱਖਣ ਦਾ ਹੌਂਸਲਾ ਨਾ ਕਰ ਸਕਣ। ਡਾ. ਗੁਰਬਚਨ ਸਿੰਘ The Compaigns of General Hari Singh Nalwa’ ਵਿੱਚ ਲਿਖਦੀ ਹੈ ਕਿ “The Sealing of the North Western Frontier Border was a unique act having international legacy,” (Preface)
ਉਸ ਨੇ ਆਪਣੇ ਜੀਵਨ ਦੀ ਆਖ਼ਰੀ ਲੜਾਈ ਅਪ੍ਰੈਲ 1837 ਵਿਚ ਜਮਰੌਦ ਦੇ ਸਥਾਨ ਤੇ ਦੋਸਤ ਮੁਹੰਮਦ ਖਾਨ, ਸ਼ਮਸ-ਉ-ਦੀਨ ਅਤੇ ਅਕਬਰ ਖਾਨ ਅਫਗਾਨ ਦੇ ਵਿਰੁੱਧ ਲੜੀ। ਇਸ ਲੜਾਈ ਵਿਚ ਕਿਸੇ ਲੁਕਵੀਂ ਥਾਂ ਤੋਂ ਅਫਗਾਨ ਸੈਨਿਕਾਂ ਦੁਆਰਾ ਚਲਾਈਆਂ ਗਈਆਂ ਗੋਲੀਆਂ ਨਾਲ ਉਹ ਬੁਰੀ ਤਰ੍ਹਾਂ ਘਾਇਲ ਹੋ ਗਿਆ। ਉਸ ਦੀ ਛਾਤੀ ਉੱਪਰ ਖੰਜਰ ਦੇ ਵੀ ਦੋ ਗਹਿਰੇ ਘਾਓ ਸਨ। ਸਮੇਂ ਸਿਰ ਮਰ੍ਹਮ ਪੱਟੀ ਨਾ ਹੋਣ ਕਰ ਕੇ ਅਤੇ ਸਰੀਰ ਵਿੱਚੋਂ ਬਹੁਤ ਖੂਨ ਵਗ ਜਾਣ ਕਾਰਨ ਪੰਜਾਬ ਦਾ ਇਹ ਸੂਰਬੀਰ ਜਰਨੈਲ 30 ਅਪ੍ਰੈਲ 1837 ਨੂੰ ਸ਼ਹੀਦੀ ਪਾ ਗਿਆ। ਜਮਰੌਦ ਦੇ ਕਿਲ੍ਹੇ ਵਿਚ ਜਿਸ ਥਾਂ ’ਤੇ ਸ. ਹਰੀ ਸਿੰਘ ਨਲੂਆ ਦਾ ਸਸਕਾਰ ਕੀਤਾ ਗਿਆ, ਉੱਥੇ ਇਕ ਯਾਦਗਾਰ ਕਾਇਮ ਕੀਤੀ ਗਈ ਜਿਸ ਨੂੰ 1902 ਵਿਚ ਪਿਸ਼ਾਵਰ ਦੇ ਗੱਜਣ ਮੱਲ ਕਪੂਰ ਨੇ ਆਪਣੇ ਖਰਚ ’ਤੇ ਪੱਕਿਆਂ ਕਰਵਾ ਦਿੱਤਾ।
With his death passed away a great stalwart in Sikh history, and one of the ablest generals of the Sikh Government who had contributed much to the extension and consolidation of Ranjit Singh’s empire. (Biramjit Hasrat, Life and Times of Ranjit Singh, P. 134)
ਕਵੀ ਕਾਦਰ ਯਾਰ ਸਿੱਖ ਕੌਮ ਦੇ ਮਹਾਨ ਜਰਨੈਲ ਬਾਰੇ ਕੁਝ ਹੋਰ ਲਿਖਦਾ ਹੈ:
ਅਲਫ-ਆਫਰੀਂ ਜੰਮਣਾ ਕਹਿਣ ਸਾਰੇ, ਹਰੀ ਸਿੰਘ ਦੂਲੇ ਸਰਦਾਰ ਤਾਈਂ।
ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਸ. ਹਰੀ ਸਿੰਘ ਨਲੂਆ ਦੀ ਸ਼ਹੀਦੀ ਦੀ ਖ਼ਬਰ ਮਿਲੀ ਤਾਂ ਉਸ ਦੀਆਂ ਅੱਖਾਂ ਭਰ ਆਈਆਂ। ਉਸ ਨੇ ਬੜੇ ਵੈਰਾਗ ਵਿਚ ਆ ਕੇ ਕਿਹਾ, ‘ਅੱਜ ਖਾਲਸਾ ਰਾਜ ਦਾ ਸਭ ਤੋਂ ਮਜ਼ਬੂਤ ਥੰਮ੍ਹ ਗਿਰ ਗਿਆ ਹੈ।’ ਉਹ ਸ. ਹਰੀ ਸਿੰਘ ਨਲੂਆ ਨੂੰ ਖਾਲਸਾ ਦਰਬਾਰ ਦਾ ਸਭ ਤੋਂ ਵੱਧ ਵਫ਼ਾਦਾਰ ਅਤੇ ‘ਨਮਕ-ਹਲਾਲ’ ਜਰਨੈਲ ਕਿਹਾ ਕਰਦਾ ਸੀ। ਪੰਜਾਬ ਦੇ ਪ੍ਰਸਿੱਧ ਸ਼ਾਇਰ ਕਾਦਰ ਯਾਰ ਨੇ ‘ਸੀਹਰਫੀਆਂ ਹਰੀ ਸਿੰਘ ਨਲੂਆ’ ਵਿਚ ਲਿਖਿਆ ਹੈ:
ਰਣਜੀਤ ਸਿੰਘ ਸਰਦਾਰ ਦੇ ਅਫ਼ਸਰਾਂ ਨੂੰ,
ਡਿੱਠਾ ਨਜ਼ਰ ਮੈਂ ਪਾ ਕੇ ਸਾਰਿਆਂ ਵਿਚ।
ਕਾਦਰ ਯਾਰ ਬਹਾਦਰਾਂ ਵਿਚ ਚਮਕੇ,
ਹਰੀ ਸਿੰਘ ਜਿਉਂ ਚੰਨ ਸਤਾਰਿਆਂ ਵਿਚ।
ਸ. ਹਰੀ ਸਿੰਘ ਨਲੂਆ ਬੜਾ ਖ਼ੂਬਸੂਰਤ, ਗੋਰਾ ਚਿੱਟਾ ਅਤੇ ਰੋਹਬ-ਦਾਅਬ ਵਾਲਾ ਜਰਨੈਲ ਸੀ। ਉਸ ਦਾ ਕੱਦ ਉੱਚਾ ਅਤੇ ਨੈਣ ਨਕਸ਼ ਤਿੱਖੇ ਸਨ। ਸਰੀਰਕ ਤੌਰ ’ਤੇ ਉਹ ਬੜਾ ਚੁਸਤ ਅਤੇ ਫੁਰਤੀਲਾ ਸੀ। ਸ਼ਸਤਰ-ਅਸਤਰ ਵਿਚ ਨਿਪੁੰਨ ਉਹ ਇਲਮ ਅਤੇ ਹੁਨਰ ਦਾ ਮਾਹਿਰ ਸੀ। ਆਚਾਰ ਅਤੇ ਵਿਹਾਰ ਦਾ ਸਾਫ-ਸੁਥਰਾ, ਉਹ ਸਦਾਚਾਰਕ ਤੌਰ ’ਤੇ ਬੜਾ ਉੱਚਾ ਅਤੇ ਬੇਦਾਗ਼ ਚਰਿੱਤਰ ਦਾ ਮਾਲਕ ਸੀ। ਉਹ ਵਿਦਵਾਨਾਂ ਅਤੇ ਕਲਾਕਾਰਾਂ ਦਾ ਬੜਾ ਆਦਰ ਕਰਿਆ ਕਰਦਾ ਸੀ। ਉਸ ਦੇ ਦਾਨ-ਪੁੰਨ ਦੀਆਂ ਗੱਲਾਂ ਦੂਰ-ਦੂਰ ਤਕ ਪ੍ਰਸਿੱਧ ਸਨ। ਇਕ ਕਵੀ ਸਹਾਈ ਸਿੰਘ ਨੇ ‘ਵਾਰ ਹਰੀ ਸਿੰਘ ਕੀ’ ਵਿਚ ਲਿਖਿਆ ਹੈ:
ਸਤਿਜੁਗ ਵਿਚ ਰਾਜਾ ਕਰਨ ਹੋਇਆ,
ਤੇਹਾ ਪੁੰਨ ਹਰੀ ਸਿੰਘ ਹੁਣ ਕਰਦਾ।
ਐਡਾ ਪੁੰਨੀ ਤੇ ਦਾਨੀ ਨਾ ਹੋਰ ਕੋਈ,
ਜਿਸ ਦਾ ਨਾਉਂ ਸੁਣ ਕੇ ਜਸ ਲੋਕ ਕਰਦਾ।
ਦਾਨ ਦੇਣ ਦੇ ਮਾਮਲੇ ਵਿਚ ਕੇ.ਕੇ. ਖੁੱਲਰ ਉਸ ਦੀ ਤੁਲਨਾ ਰਾਜਾ ਨੱਲ ਨਾਲ ਕਰਦਾ ਲਿਖਦਾ ਹੈ ਕਿ “He used to give alms on such a large scale that people compared him with Raja Nal… A truely secular mind he gave liberal grants to the learned Muslimsaints and Sufis.” (Maharaja Ranjit Singh, P. 226).
ਆਪਣੇ ਧਰਮ ਅਤੇ ਨਿਤਨੇਮ ਵਿਚ ਪਰਪੱਕ ਹੋਣ ਦੇ ਬਾਵਜੂਦ ਉਹ ਦੂਜੇ ਧਰਮਾਂ ਪ੍ਰਤੀ ਬੜਾ ਉਦਾਰ ਅਤੇ ਸਹਿਣਸ਼ੀਲ ਸੀ। ਉਸ ਨੇ ਸ੍ਰੀ ਅਕਾਲ ਤਖ਼ਤ ਸਾਹਿਬ, ਪੰਜਾ ਸਾਹਿਬ ਅਤੇ ਮੁਕਤਸਰ ਸਾਹਿਬ ਆਦਿ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੀ ਸੇਵਾ ਕਰਵਾਈ। ਵਿਦੇਸ਼ੀ ਸੈਲਾਨੀਆਂ ਨੇ ਉਸ ਦੁਆਰਾ ਨਿਰਮਿਤ ਭਵਨਾਂ ਅਤੇ ਉਸ ਦੀ ਵਿਦਵਤਾ ਦੀ ਬੜੀ ਸ਼ਲਾਘਾ ਕੀਤੀ ਹੈ। ਉਹ ਏਸ਼ੀਆ ਅਤੇ ਯੂਰਪ ਦੀ ਰਾਜਨੀਤੀ ਤੋਂ ਵੀ ਚੰਗੀ ਤਰ੍ਹਾਂ ਵਾਕਫ਼ ਸੀ। ਉਹ ਪੰਜਾਬੀ, ਫ਼ਾਰਸੀ ਅਤੇ ਪਸ਼ਤੋ ਵਿਚ ਬੜੀ ਚੰਗੀ ਤਰ੍ਹਾਂ ਗੱਲਬਾਤ ਕਰ ਸਕਦਾ ਸੀ। ਉਸ ਦੀ ਨਿੱਜੀ ਲਾਇਬ੍ਰੇਰੀ ਵਿਚ ਅਨੇਕ ਦੁਰਲੱਭ ਪੁਸਤਕਾਂ ਅਤੇ ਹੱਥਲਿਖਤ ਪਾਂਡੂ ਲਿਪੀਆਂ ਉਪਲੱਬਧ ਸਨ, ਜੋ ਉਸ ਦੇ ਵਿੱਦਿਆ ਅਤੇ ਕਲਾ ਪ੍ਰਤੀ ਸ਼ੌਕ ਨੂੰ ਉਜਾਗਰ ਕਰਦੀਆਂ ਹਨ। ਇਸੇ ਸੰਬੰਧ ਵਿਚ ਕੇ.ਕੇ. ਖੁੱਲਰ ਲਿਖਦਾ ਹੈ-
“He could converse in Persian, Punjabi and Pushto. He was a scholar of Persian and had a huge library of rare manuscripts. During the Simla Mission in 1831, the Governor General was deeply impressed with the knowledge of Nalwa on political affairs.”
ਉਸ ਨੂੰ ਭਵਨਕਲਾ ਅਤੇ ਚਿੱਤਰਕਲਾ ਨਾਲ ਵੀ ਬੜਾ ਲਗਾਉ ਸੀ।
ਲਾਹੌਰ ਦਰਬਾਰ ਵੱਲੋਂ ਮਿਲੀਆਂ ਵੱਡੀਆਂ ਜਾਗੀਰਾਂ ਅਤੇ ਉਪਾਧੀਆਂ ਦੇ ਬਾਵਜੂਦ ਉਹ ਬੜਾ ਨਿਰਮਾਣ ਅਤੇ ਗਰੀਬ ਨਿਵਾਜ਼ ਸੀ। ਉਹ ਤਿਆਗ, ਬੀਰਤਾ ਅਤੇ ਕੁਰਬਾਨੀ ਦਾ ਮੁਜੱਸਮਾ ਸੀ, ਜਿਸ ਦੀਆਂ ਦੇਸ਼ ਪ੍ਰਤੀ ਕੀਤੀਆਂ ਸੇਵਾਵਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਅਜਿਹੇ ਸੂਰਬੀਰ ਯੋਧੇ ਸਦੀਆਂ ਵਿਚ ਕਦੇ-ਕਦੇ ਹੀ ਜਨਮ ਲਿਆ ਕਰਦੇ ਹਨ। ਸ. ਗੁਰਮੁਖ ਸਿੰਘ ਨੇ ‘ਜੰਗਨਾਮਾ ਹਰੀ ਸਿੰਘ ਕਾ’ਵਿਚ ਲਿਖਿਆ ਹੈ:
ਯੇ-ਯੁਗ ਯੁਗੋ ਵਡੇ ਭੂਪ ਹੋਏ, ਏ ਹਰੀ ਸਿੰਘ ਜੇਹਾ ਨਹੀਂ ਕੋਇ ਭਯਾ।
ਬੜੋ ਪੁੰਨ ਤੇ ਧਨ ਔ ਧਰਮ ਪੂਰੋ, ਜਗ ਵਿਚ ਐਸਾ ਨਹੀਂ (ਕੋਈ) ਹੋਇ ਭਯਾ।
ਉਹ ਖ਼ਾਲਸਾ ਰਾਜ ਦਾ ਇਕ ਚਮਕਦਾ ਸਿਤਾਰਾ ਅਤੇ ਪੰਜਾਬੀ ਵੀਰ ਪਰੰਪਰਾ ਦਾ ਇਕ ਅਦੁੱਤੀ ਨਾਇਕ ਸੀ।
ਲੇਖਕ ਬਾਰੇ
- ਡਾ. ਹਰਬੰਸ ਸਿੰਘhttps://sikharchives.org/kosh/author/%e0%a8%a1%e0%a8%be-%e0%a8%b9%e0%a8%b0%e0%a8%ac%e0%a9%b0%e0%a8%b8-%e0%a8%b8%e0%a8%bf%e0%a9%b0%e0%a8%98/July 1, 2007
- ਡਾ. ਹਰਬੰਸ ਸਿੰਘhttps://sikharchives.org/kosh/author/%e0%a8%a1%e0%a8%be-%e0%a8%b9%e0%a8%b0%e0%a8%ac%e0%a9%b0%e0%a8%b8-%e0%a8%b8%e0%a8%bf%e0%a9%b0%e0%a8%98/September 1, 2007
- ਡਾ. ਹਰਬੰਸ ਸਿੰਘhttps://sikharchives.org/kosh/author/%e0%a8%a1%e0%a8%be-%e0%a8%b9%e0%a8%b0%e0%a8%ac%e0%a9%b0%e0%a8%b8-%e0%a8%b8%e0%a8%bf%e0%a9%b0%e0%a8%98/
- ਡਾ. ਹਰਬੰਸ ਸਿੰਘhttps://sikharchives.org/kosh/author/%e0%a8%a1%e0%a8%be-%e0%a8%b9%e0%a8%b0%e0%a8%ac%e0%a9%b0%e0%a8%b8-%e0%a8%b8%e0%a8%bf%e0%a9%b0%e0%a8%98/April 1, 2009
- ਡਾ. ਹਰਬੰਸ ਸਿੰਘhttps://sikharchives.org/kosh/author/%e0%a8%a1%e0%a8%be-%e0%a8%b9%e0%a8%b0%e0%a8%ac%e0%a9%b0%e0%a8%b8-%e0%a8%b8%e0%a8%bf%e0%a9%b0%e0%a8%98/October 1, 2009
- ਡਾ. ਹਰਬੰਸ ਸਿੰਘhttps://sikharchives.org/kosh/author/%e0%a8%a1%e0%a8%be-%e0%a8%b9%e0%a8%b0%e0%a8%ac%e0%a9%b0%e0%a8%b8-%e0%a8%b8%e0%a8%bf%e0%a9%b0%e0%a8%98/March 1, 2010
- ਡਾ. ਹਰਬੰਸ ਸਿੰਘhttps://sikharchives.org/kosh/author/%e0%a8%a1%e0%a8%be-%e0%a8%b9%e0%a8%b0%e0%a8%ac%e0%a9%b0%e0%a8%b8-%e0%a8%b8%e0%a8%bf%e0%a9%b0%e0%a8%98/