editor@sikharchives.org

ਸ਼ਹੀਦ ਭਾਈ ਮਨੀ ਸਿੰਘ ਜੀ

ਭਾਈ ਮਨੀ ਸਿੰਘ ਜੀ ਸਾਰੇ ਪੰਥ ਵਿਚ ਪੂਰਨ ਸੰਤ ਕਰਕੇ ਮੰਨੇ ਜਾਂਦੇ ਸਨ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਸਿੱਖਾਂ ਨੂੰ ਮੁਕਾਉਣ ਦਾ ਚੰਗਾ ਢੰਗ ਖ਼ਾਨ ਬਹਾਦਰ ਜ਼ਕਰੀਆ ਖਾਨ ਨੇ ਏਹਾ ਸਮਝਿਆ ਕਿ ਉਨ੍ਹਾਂ ਨੂੰ ਅੰਮ੍ਰਿਤਸਰ ਇਸ਼ਨਾਨ ਕਰਨ ਨਾ ਆਉਣ ਦਿੱਤਾ ਜਾਵੇ। ਕਿਉਂਕਿ ਕਾਜ਼ੀਆਂ ਵੱਲੋਂ ਉਸ ਨੂੰ ਦੱਸਿਆ ਗਿਆ ਸੀ ਕਿ ਅੰਮ੍ਰਿਤਸਰ ਸਰੋਵਰ ਵਿਚ ਇਸ਼ਨਾਨ ਕਰਕੇ ਸਿੰਘ ਅਮਰ ਹੋ ਜਾਂਦੇ ਹਨ। ਇਸ ਕੰਮ ਵਾਸਤੇ ਸੂਬੇਦਾਰ ਨੇ ਕਾਜ਼ੀ ਅਬਦੁੱਰਹਿਮਾਨ ਨੂੰ ਅੰਮ੍ਰਿਤਸਰ ਦਾ ਹਾਕਮ ਬਣਾ ਕੇ ਘੱਲਿਆ। ਥੋੜ੍ਹੇ ਚਿਰ ਪਿੱਛੋਂ ਹੀ ਸ. ਸੁੱਖਾ ਸਿੰਘ ਮਾੜੀ ਕੰਬੋਕੀ ਤੇ ਸ. ਥਰਾਜ ਸਿੰਘ ਦੇ ਹੱਥੋਂ ਕਾਜ਼ੀ ਅਬਦੁੱਰਹਿਮਾਨ ਮਾਰਿਆ ਗਿਆ।

ਫਿਰ ਸੂਬੇਦਾਰ ਨੇ ਬੜਾ ਸਖ਼ਤ ਹੁਕਮ ਦੇ ਕੇ ਦੀਵਾਨ ਲਖਪਤ ਰਾਏ ਨੂੰ ਅੰਮ੍ਰਿਤਸਰ ਭੇਜਿਆ। ਉਹਨੇ ਮਿੱਟੀ ਪੁਆ ਕੇ ਸਰੋਵਰ ਦਾ ਬਹੁਤ ਸਾਰਾ ਹਿੱਸਾ ਪੂਰ ਦਿੱਤਾ। ਤੰਗ ਆ ਕੇ ਸਿੱਖ ਘਰ-ਘਾਟ ਛੱਡ ਕੇ ਜੰਗਲਾਂ, ਪਹਾੜਾਂ ਜਾਂ ਬੀਕਾਨੇਰ ਦੇ ਰੇਤਥਲਿਆਂ ਵੱਲ ਨੱਸ ਗਏ। ਮਾਝੇ ਵਿਚ ਸਿੱਖ ਦੇ ਦਰਸ਼ਨ ਵੀ ਦੁਰਲੱਭ ਹੋ ਗਏ।

ਭਾਈ ਸਾਹਿਬ ਭਾਈ ਮਨੀ ਸਿੰਘ ਜੀ 1721 ਈ. ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਗ੍ਰੰਥੀ ਚਲੇ ਆ ਰਹੇ ਸਨ। ਉਹ ਨਿਰਮਲੇ ਸੰਤਾਂ ਦੇ ਲਿਬਾਸ (ਸਫ਼ੈਦ ਕੱਪੜਿਆਂ) ਵਿਚ ਰਹਿੰਦੇ ਸਨ। ਉਹ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਸਮਝਾਉਂਦੇ ਰਹਿੰਦੇ। ਨਿਰਮਲੇ ਸੰਤਾਂ ਦੀ ਪ੍ਰਣਾਲੀ ਤੇ ਗੁਰਬਾਣੀ ਦੇ ਟਕਸਾਲੀ ਅਰਥ ਉਨ੍ਹਾਂ ਤੋਂ ਹੀ ਚੱਲੇ ਹਨ। ਉਨ੍ਹਾਂ ਕੋਲ ਹਰ ਵੇਲੇ ਪੰਦਰਾਂ-ਵੀਹ ਸੰਤ, ਫ਼ਕੀਰ (ਮੁਸਲਮਾਨ) ਟਿਕੇ ਰਹਿੰਦੇ ਤੇ ਗੁਰੂ ਕਾ ਲੰਗਰ ਵਰਤਦਾ ਰਹਿੰਦਾ। ਹਾਕਮਾਂ ਵੱਲੋਂ ਵੀ ਭਾਈ ਸਾਹਿਬ ਜੀ ਨੂੰ ਸਭ ਦਾ ਸਾਂਝਾ (ਫ਼ਕੀਰ) ਸਮਝਿਆ ਜਾਂਦਾ।

ਦੀਵਾਨ ਲਖਪਤ ਰਾਏ ਤੇ ਕਾਜ਼ੀ ਅਬਦੁੱਰਜ਼ਾਕ ਦੇ ਕਰੜੇ ਪ੍ਰਬੰਧ ਦੇ ਕਾਰਨ ਸਿੱਖਾਂ ਦਾ ਅੰਮ੍ਰਿਤਸਰ ਆਉਣਾ ਅਸਲੋਂ ਬੰਦ ਹੋ ਗਿਆ। ਭਾਈ ਮਨੀ ਸਿੰਘ ਜੀ ਦੀ ਆਤਮਾ ਵਾਸਤੇ ਇਹ ਵਿਛੋੜਾ ਅਸਹਿ ਸੀ। ਉਹ ਸੰਗਤਾਂ ਦੇ ਖੁੱਲ੍ਹੇ ਦਰਸ਼ਨ ਕਰਨ ਲਈ ਕੋਈ ਵਿਉਂਤ ਸੋਚਣ ਲੱਗੇ।

ਏਸ ਮਤਲਬ ਵਾਸਤੇ ਭਾਈ ਸਾਹਿਬ ਜੀ ਨੇ ਅੰਮ੍ਰਿਤਸਰ ਵਿਚ ਨੀਯਤ ਹਾਕਮ ਅਬਦੁੱਰਜ਼ਾਕ ਨਾਲ ਮੇਲ-ਮਿਲਾਪ ਪੈਦਾ ਕੀਤਾ। ਭਾਈ ਸਾਹਿਬ ਜੀ ਨੇ ਕਾਜ਼ੀ ਨੂੰ ਕੁਝ ਤਮ੍ਹਾਂ ਦੇਣਾ ਮੰਨਿਆ, ਤਾਂ ਕਾਜ਼ੀ ਇਸ ਗੱਲ ਉੱਤੇ ਰਜ਼ਾਮੰਦ ਹੋ ਗਿਆ ਕਿ ਭਾਈ ਸਾਹਿਬ ਜੀ ਦੇ ਪ੍ਰਬੰਧ ਥੱਲੇ ਦੀਪਮਾਲਾ ਦਾ ਮੇਲਾ ਲੱਗੇ।

ਦੋ ਹਜ਼ਾਰ ਰੁਪੈ ਤਾਂ ਕਾਜ਼ੀ ਅਬਦੁੱਰਜ਼ਾਕ ਨੂੰ ਵੱਢੀ ਤੇ ਪੰਜ ਹਜ਼ਾਰ ਠੇਕੇ ਵਜੋਂ ਲਾਹੌਰ ਸਰਕਾਰ ਨੂੰ ਦੇਣ ਦਾ ਫੈਸਲਾ ਹੋਇਆ। ਦੀਪਮਾਲਾ ਦਾ ਮੇਲਾ ਦਸ ਦਿਨ ਲੱਗਣਾ ਮੰਨਿਆ। ਇਹ ਸ਼ਰਤ ਸਾਫ਼ ਤੌਰ ’ਤੇ ਪੱਕੀ ਕੀਤੀ ਗਈ ਕਿ ਓਨੇ ਦਿਨ ਸਰਕਾਰੀ ਫ਼ੌਜ ਦਾ ਹੋਰ ਕੋਈ ਸਰਕਾਰੀ ਕਰਮਚਾਰੀ ਅੰਮ੍ਰਿਤਸਰ ਨਹੀਂ ਆਵੇਗਾ। ਇਥੇ ਰਹਿਣ ਵਾਲੇ ਹਾਕਮ ਵੀ ਮੇਲੇ ਵਿਚ ਦਖ਼ਲ ਨਹੀਂ ਦੇਣਗੇ। ਮੇਲੇ ਆਉਂਦੀਆਂ ਸੰਗਤਾਂ ਜਾਂ ਸਿੰਘਾਂ ਦੇ ਜਥਿਆਂ ਨੂੰ ਸਰਕਾਰ ਵੱਲੋਂ ਕੋਈ ਰੁਕਾਵਟ ਨਹੀਂ ਹੋਵੇਗੀ। ਸੰਗਤਾਂ ਦੇ ਚਲੇ ਜਾਣ ਪਿੱਛੋਂ ਠੇਕੇ ਦੀ ਰਕਮ ਸਰਕਾਰੀ ਖ਼ਜ਼ਾਨੇ ਵਿਚ ਜਮ੍ਹਾਂ ਕਰਾ ਦਿੱਤੀ ਜਾਵੇਗੀ।

ਕਾਜ਼ੀ ਨੂੰ ਇਸ ਵਿੱਚੋਂ ਦੋ ਹਜ਼ਾਰ ਗੁਪਤ ਤੌਰ ’ਤੇ ਮਿਲ ਜਾਣਾ ਸੀ। ਸੋ, ਉਹਨੇ ਭਾਈ ਸਾਹਿਬ ਜੀ ਦੇ ਹੱਕ ਵਿਚ ਲਿਖ ਕੇ ਇਹ ਸ਼ਰਤਾਂ ਲਾਹੌਰ ਭੇਜ ਦਿੱਤੀਆਂ। ਕਾਜ਼ੀ ਦੇ ਜ਼ੋਰ ਦੇਣ ’ਤੇ ਸੂਬੇਦਾਰ ਲਾਹੌਰ ਨੇ ਵੀ ਇਹ ਸ਼ਰਤਾਂ ਪ੍ਰਵਾਨ ਕਰ ਲਈਆਂ।

ਮੇਲਾ ਲੱਗਣ ਦਾ ਫੈਸਲਾ ਹੋ ਗਿਆ। ਤਿਆਰੀ ਹੋਣ ਲੱਗੀ। ਅੰਮ੍ਰਿਤਸਰ ਦੇ ਉਦਾਲੇ ਦੀਆਂ ਸੰਗਤਾਂ ਨੇ ਬੜੇ ਉਤਸ਼ਾਹ ਨਾਲ ਪੂਰੇ ਹੋਏ ਸਰੋਵਰ ਦੀ ਸਫ਼ਾਈ ਕੀਤੀ ਤੇ ਖੂਹਾਂ ਦਾ ਪਾਣੀ ਪਾ ਕੇ ਸਰੋਵਰ ਭਰ ਦਿੱਤਾ। ਭਾਈ ਸਾਹਿਬ ਦਾ ਅਸਲੀ ਨਿਸ਼ਾਨਾ ਸੀ ਕਿ ਥਾਂ-ਥਾਂ ਖਿਲਰੇ ਹੋਏ ਜਥੇ ’ਕੱਠੇ ਹੋਣ, ਤਾਂ ਪੰਥ ਦੀ ਬਿਹਤਰੀ ਵਾਸਤੇ ਕੋਈ ਨਿੱਗਰ ਪ੍ਰੋਗਰਾਮ ਬਣਾਇਆ ਜਾਵੇ। ਉਹਨੇ ਚਿੱਠੀਆਂ ਲਿਖ ਕੇ ਸ਼ਰਧਾਲੂ ਸਿੱਖਾਂ ਹੱਥ ਥਾਂ-ਥਾਂ ਸਿੰਘਾਂ ਨੂੰ ਭੇਜ ਦਿੱਤੀਆਂ।

ਇਹ ਚਿੱਠੀਆਂ ਭੇਜ ਕੇ ਬਾਬਾ ਮਨੀ ਸਿੰਘ ਜੀ ਲੋੜੀਂਦੀ ਤਿਆਰੀ ਕਰਨ ਲੱਗੇ। ਸਥਾਨਕ ਸੰਗਤਾਂ ਦੇ ਦਿਲ ਵਿਚ ਮੇਲੇ ਦਾ ਚਾਅ ਸੀ। ਭਾਈ ਸਾਹਿਬ ਦਾ ਖਿਆਲ ਸੀ ਕਿ ਮੇਲਾ ਬੜਾ ਲੱਗੇਗਾ ਤੇ ਚੜ੍ਹਾਵਾ ਬੇਅੰਤ ਹੋ ਜਾਵੇਗਾ। ਉਸ ਵਿੱਚੋਂ ਸੱਤ ਹਜ਼ਾਰ ਹਾਕਮਾਂ ਨੂੰ ਦੇ ਕੇ ਬਾਕੀ ਬੱਚਤ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਕੀਤੀ ਜਾਵੇਗੀ।

ਦੂਜੇ ਪਾਸੇ ਮੁਸਲਮਾਨ ਹਾਕਮ ਕੁਝ ਹੋਰ ਹੀ ਸੋਚ ਰਹੇ ਸਨ। ਉਨ੍ਹਾਂ ਵਿਚ ਧਰਮ ਈਮਾਨ ਤਾਂ ਕੋਈ ਹੈ ਨਹੀਂ ਸੀ। ਉਨ੍ਹਾਂ ਸੋਚਿਆ, ਅੱਗੇ ਥਾਂ-ਥਾਂ ਜੰਗਲਾਂ ਵਿਚ ਸਿੰਘਾਂ ਨੂੰ ਲੱਭਦੇ ਫਿਰਦੇ ਸਾਂ, ਪਰ ਉਹ ਹੱਥ ਨਹੀਂ ਸਨ ਆਉਂਦੇ। ਹੁਣ ਚੰਗਾ ਢੋਅ ਲੱਗੇਗਾ। ਸਾਰੇ ਸਿੰਘ ਸਰਦਾਰ ਮੇਲੇ ਉੱਤੇ ’ਕੱਠੇ ਹੋਣਗੇ। ਇਥੇ ਹੀ ਘੇਰਾ ਪਾ ਕੇ ਸਭ ਨੂੰ ਪਕੜ ਲਵੋ ਤੇ ਦਿੱਲੀ ਪਹੁੰਚਾ ਕੇ ਬਾਦਸ਼ਾਹ ਕੋਲੋਂ ਇਨਾਮ ਲਵੋ। ਏਸ ਤਰ੍ਹਾਂ ਬਾਦਸ਼ਾਹ ਖੁਸ਼ ਹੋ ਜਾਵੇਗਾ, ਨਾਲੇ ਸਾਡੇ ਰਾਹ ਵਿੱਚੋਂ ਸਦਾ ਵਾਸਤੇ ਕੰਡਾ ਨਿਕਲ ਜਾਵੇਗਾ।

ਦਿਲ ਵਿਚ ਇਹ ਧਾਰ ਕੇ ਸੂਬੇਦਾਰ ਨੇ ਬਹੁਤ ਸਾਰੀ ਫੌਜ ਮੇਲੇ ਦੇ ਪ੍ਰਬੰਧ ਕਰਨ ਦੇ ਬਹਾਨੇ ਅੰਮ੍ਰਿਤਸਰ ਭੇਜ ਦਿੱਤੀ। ਨਵੇਂ ਆਏ ਫੌਜੀ ਅਫ਼ਸਰਾਂ ਨੇ ਅੰਮ੍ਰਿਤਸਰ ਦੇ ਉਦਾਲੇ ਚਾਰ-ਚੁਫੇਰੇ ਡੇਰੇ ਲਾ ਲਏ, ਜਿੱਥੋਂ ਲੋੜ ਸਮੇਂ ਝੱਟਪਟ ਘੇਰਾ ਪਾਇਆ ਜਾ ਸਕੇ। ਇਹ ਹਾਲਤ ਵੇਖ ਕੇ ਭਾਈ ਮਨੀ ਸਿੰਘ ਜੀ ਸਭ ਕੁਝ ਤਾੜ ਗਏ। ਉਹ ਸੋਚਣ ਲੱਗੇ, “ਹਾਕਮਾਂ ਦੀ ਨੀਅਤ ਬਦਲ ਗਈ ਹੈ। ਸੰਗਤਾਂ ’ਕੱਠੀਆਂ ਹੋ ਗਈਆਂ, ਤਾਂ ਇਹ ਭਲੇ ਦੀ ਥਾਂ, ਸਗੋਂ ਪੰਥ ਦਾ ਨੁਕਸਾਨ ਹੋਵੇਗਾ। ਬਿਹਤਰੀ ਏਸੇ ਵਿਚ ਹੈ ਕਿ ਸੰਗਤਾਂ ਨੂੰ ਆਉਣ ਤੋਂ ਰੋਕ ਦੇਈਏ ਤੇ ਨਿਰਦਈ ਹਾਕਮਾਂ ਦਾ ਗੁੱਸਾ ਆਪਣੇ ਸਿਰ ’ਤੇ ਝੱਲੀਏ।” ਸੋ, ਭਾਈ ਸਾਹਿਬ ਜੀ ਨੇ ਸੰਗਤਾਂ ਤੇ ਜਥਿਆਂ ਨੂੰ ਵਾਪਸੀ ਚਿੱਠੀਆਂ ਭੇਜੀਆਂ।

ਸਮੇਂ ਸਿਰ ਖ਼ਬਰਾਂ ਪੁੱਜ ਜਾਣ ਕਰ ਕੇ ਸੰਗਤਾਂ ਨਾ ਆਈਆਂ। ਸੋ ਨਾ ਮੇਲਾ ਲੱਗਾ ਤੇ ਨਾ ਚੜ੍ਹਾਵਾ ਆਇਆ। ਕੁਝ ਗਿਣਤੀ ਦੇ ਉਦਾਸੀ ਸੰਤ, ਨਿਰਮਲੇ ਸਿੱਖ ਤੇ ਸੂਫ਼ੀ ਫ਼ਕੀਰ ਹੀ ’ਕੱਠੇ ਹੋਏ।

ਮੇਲੇ ਦੇ ਦਿਨ ਬੀਤ ਜਾਣ ਪਿੱਛੋਂ ਸੂਬੇਦਾਰ ਦੇ ਹੁਕਮ ਨਾਲ ਦੀਵਾਨ ਲਖਪਤ ਰਾਏ ਨੇ ਭਾਈ ਮਨੀ ਸਿੰਘ ਜੀ ਤੋਂ ਠੇਕੇ ਦੀ ਰਕਮ ਆ ਮੰਗੀ।

ਭਾਈ ਮਨੀ ਸਿੰਘ ਜੀ ਦਾ ਇਹ ਉਜ਼ਰ ਨਾ ਸੁਣਿਆ ਗਿਆ ਕਿ ਅਹਿਦਨਾਮੇ ਦੀ ਸ਼ਰਤ ਦੇ ਉਲਟ, ਅੰਮ੍ਰਿਤਸਰ ਵਿਚ ਸ਼ਾਹੀ ਫੌਜਾਂ ਦੇ ਆ ਜਾਣ ਕਰ ਕੇ ਮੇਲਾ ਨਹੀਂ ਲੱਗਾ ਤੇ ਚੜ੍ਹਾਵਾ ਨਹੀਂ ਆਇਆ। ਕਾਜ਼ੀ ਅਬਦੁੱਰਜ਼ਾਕ ਨੂੰ ਵੀ ਵੱਢੀ ਦਾ ਦੋ ਹਜ਼ਾਰ ਨਹੀਂ ਸੀ ਮਿਲਿਆ। ਏਸ ਵਾਸਤੇ ਉਹ ਆਪਣੀ ਥਾਂ ਬੜਾ ਔਖਾ ਸੀ। ਉਹਨੇ ਵੀ ਕੋਲੋਂ ਲਖਪਤ ਰਾਏ ਨੂੰ ਬੜਾ ਭੜਕਾਇਆ। ਮੁੱਕਦੀ ਗੱਲ, ਲਖਪਤ ਰਾਏ ਨੇ ਭਾਈ ਮਨੀ ਸਿੰਘ ਜੀ ਨੂੰ ਗ੍ਰਿਫ਼ਤਾਰ ਕਰਕੇ ਲਾਹੌਰ ਖਾਨ ਬਹਾਦਰ ਦੀ ਕਚਹਿਰੀ ਵਿਚ ਜਾ ਪੇਸ਼ ਕੀਤਾ। ਸਿੱਖਾਂ ਦਾ ਸਭ ਤੋਂ ਵੱਡਾ ਗ੍ਰੰਥੀ ਹੋਣ ਕਰ ਕੇ, ਮੁਤੱਸਬ ਕਾਜ਼ੀ ਤੇ ਮੁੱਲਾਂ ਭਾਈ ਸਾਹਿਬ ਨਾਲ ਬੜੀ ਈਰਖਾ ਰੱਖਦੇ ਸਨ। ਉਨ੍ਹਾਂ ਸੂਬੇਦਾਰ ਨੂੰ ਪਹਿਲਾਂ ਹੀ ਬੜਾ ਭੜਕਾ ਛੱਡਿਆ ਸੀ। ਸੋ, ਕਚਹਿਰੀ ਵਿਚ ਪੇਸ਼ ਹੁੰਦਿਆਂ ਹੀ ਸੂਬੇਦਾਰ ਨੇ ਭਾਈ ਸਾਹਿਬ ਜੀ ਨੂੰ ਧਮਕਾਉਣਾ ਸ਼ੁਰੂ ਕੀਤਾ।

ਮੁਗ਼ਲ ਹਾਕਮਾਂ ਦਾ ਇਹ ਸੁਭਾਅ ਸੀ ਕਿ ਜੇ ਆਪ ਝੂਠੇ ਹੋਣ, ਤਾਂ ਦੂਜੇ ਨੂੰ ਸਗੋਂ ਵਧੇਰੇ ਧਮਕਾਉਣਾ। ਖਾਨ ਬਹਾਦਰ ਜਾਣਦਾ ਹੋਇਆ ਵੀ ਕਿ ਸਾਡੀ ਫੌਜ ਦੇ ਜਾਣ ਕਰ ਕੇ ਹੀ ਮੇਲਾ ਨਹੀਂ ਲੱਗਾ, ਉਲਟਾ ਭਾਈ ਮਨੀ ਸਿੰਘ ਜੀ ’ਤੇ ਰੋਅਬ ਪਾਉਣ ਲੱਗਾ ਕਿ ਤੂੰ ਹੁਣ ਤਕ ਆਪਣੇ ਆਪ ਆਣ ਕੇ ਠੇਕੇ ਦੀ ਰਕਮ ਕਿਉਂ ਨਹੀਂ ਤਾਰੀ। ਅੱਗੋਂ ਭਾਈ ਸਾਹਿਬ ਜੀ ਨੇ ਖਰੀ-ਖਰੀ ਕਹਿ ਸੁਣਾਈ।

ਇਹ ਸੱਚੀ ਗੱਲ ਸੁਣ ਕੇ ਸੂਬੇਦਾਰ ਨੂੰ ਅੱਗ ਲੱਗ ਉਠੀ। ਉਸ ਸ਼ਖ਼ਸੀ ਹਕੂਮਤ ਦੇ ਹਾਕਮਾਂ ਨੂੰ ਸੱਚ ਸੁਣ ਕੇ ਸਹਾਰਨ ਦੀ ਆਦਤ ਨਹੀਂ ਸੀ। ਉਦੋਂ ਲੋਕ-ਰਾਜ ਨਹੀਂ, ਇਕ ਬੰਦੇ ਦਾ ਰਾਜ ਸੀ, ਤੇ ਜੋ ਉਹ ਕਰੇ, ਉਹ ਇਨਸਾਫ਼। ਇਕਰਾਰਨਾਮੇ ਦੀ ਸ਼ਰਤ ਦੇ ਉਲਟ ਅੰਮ੍ਰਿਤਸਰ ਫੌਜ ਕਿਉਂ ਭੇਜੀ ਗਈ? ਏਸ ਗੱਲ ਦਾ ਜਵਾਬ ਸੂਬੇਦਾਰ ਕੋਲ ਕੋਈ ਨਹੀਂ ਸੀ। ਪਰ ਭਾਈ ਸਾਹਿਬ ਦਾ ਜੁਰਮ ਤਾਂ ਇਹ ਸੀ ਕਿ ਉਹ ਅੱਗੋਂ ਬੋਲੇ ਹੀ ਕਿਉਂ ਹਨ। ਸੋ, ਖਾਨ ਬਹਾਦਰ ਬੜੇ ਕ੍ਰੋਧ ਨਾਲ ਕੜਕ ਕੇ ਬੋਲਿਆ।

ਜੋ ਮੂੰਹ ਆਇਆ, ਖ਼ਾਨ ਬਹਾਦਰ ਕਹੀ ਗਿਆ। ਗੁਨਾਹ ਆਪਣਾ ਤੇ ਸਜ਼ਾ ਦੂਸਰੇ ਨੂੰ; ਏਸ ਕੰਮ ਦੀ ਮੁਗ਼ਲ ਹਾਕਮ ਤਾਕ ਵਿਚ ਸਨ। ਨਾਲੇ ਸਿੱਖ ਨੂੰ ਸਜ਼ਾ ਦੇਣ ਵਾਸਤੇ ਤਾਂ ਏਨਾ ਹੀ ਕਾਫ਼ੀ ਸੀ ਕਿ ਉਹ ਸਿੱਖ ਹੈ। ਸ਼ਰ੍ਹਾ ਤਾਂ ਕਿਸੇ ਗ਼ੈਰ-ਮੁਸਲਮਾਨ ਨੂੰ ਜਿਉਂਦਾ ਵੇਖ ਕੇ ਸੁਖਾਂਦੀ ਹੀ ਨਹੀਂ। ਤੇ ਓਦੋਂ ਸ਼ਰ੍ਹਾ ਸੀ, ਜੋ ਮੁਫ਼ਤੀ ਦੇ ਮੂੰਹੋਂ ਨਿਕਲੇ। ਬਚਣ ਦਾ ਰਾਹ ਇੱਕੋ ਸੀ: ਇਸਲਾਮ ਧਾਰਨ ਕਰਨਾ। ਭਾਈ ਮਨੀ ਸਿੰਘ ਜੀ ਦੇ ਸਾਹਮਣੇ ਵੀ ਏਹਾ ਸਵਾਲ ਰੱਖਿਆ ਗਿਆ। ਕਾਜ਼ੀ ਤੇ ਬਾਕੀ ਸਲਾਹਕਾਰਾਂ ਵੀ ਭਾਈ ਸਾਹਿਬ ਜੀ ਨੂੰ ਏਹਾ ਸਲਾਹ ਦਿੱਤੀ ਕਿ ਮੁਸਲਮਾਨ ਹੋ ਕੇ ਜਾਨ ਬਚਾ ਲੈਣ। ਉਨ੍ਹਾਂ ਨੂੰ ਇੱਜ਼ਤ ਤੇ ਧਨ ਬਖ਼ਸ਼ਿਆ ਜਾਊ, ਜਿਸ ਤਰ੍ਹਾਂ ਉਹ ਚੰਗਾ ਜੀਵਨ ਬਸਰ ਕਰ ਸਕਣਗੇ। ਨਹੀਂ ਤਾਂ ਮੌਤ ਜਿਸ ਢੰਗ ਦੀ ਆਵੇਗੀ, ਉਸ ਬਾਰੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ।

ਇਹ ਸਾਰੀਆਂ ਧਮਕੀਆਂ ਤੇ ਵਿਚਾਰਾਂ ਸੁਣ ਕੇ ਭਾਈ ਸਾਹਿਬ ਜੀ ਨੇ ਅੱਗੋਂ ਉੱਤਰ ਦਿੱਤਾ।

ਹਾਂ, ਭਾਈ ਸਾਹਿਬ ਜੀ ਕਹਿੰਦੇ ਗਏ, “ਖ਼ਾਨ ਬਹਾਦਰ! ਜੇ ਅੱਗੇ ਕਦੇ ਕਿਸੇ ਸਿੱਖ ਨੇ ਧਰਮ ਤਿਆਗ ਕੇ ਜਾਨ ਬਚਾਈ ਹੈ, ਤਾਂ ਮੈਥੋਂ ਵੀ ਤੁਸੀਂ ਕੋਈ ਆਸ ਰੱਖੋ, ਜੇ ਨਹੀਂ ਤਾਂ ਐਵੇਂ ਵਕਤ ਕਿਉਂ ਗੁਆਉਂਦੇ ਹੋ। ਜੋ ਕਰਨਾ ਹੈ, ਛੇਤੀ ਕਰੋ। ਮੈਂ ਸੱਚਖੰਡ ਆਪਣੇ ਗੁਰੂ ਕੋਲ ਪਹੁੰਚਾਂ ਤੇ ਤੁਸੀਂ ਕਿਸੇ ਹੋਰ ’ਤੇ ਜ਼ੁਲਮ ਕਰਨ ਵਾਲੇ ਬਣੋ। ਖਾਲਸੇ ਨੂੰ ਮੌਤ ਦਾ ਕੀ ਭੈ? ਤੇ ਮੌਤ ਭਾਵੇਂ ਕਿਸੇ ਢੰਗ ਨਾਲ ਆ ਜਾਵੇ, ਇਸ ਗੱਲ ਦੀ ਕੀ ਚਿੰਤਾ? ਖਾਲਸਾ ਤਿਆਰ-ਬਰ-ਤਿਆਰ ਹੈ?”

ਇਹ ਦਲੇਰੀ ਦੇ ਬਚਨ ਸੁਣ ਕੇ ਤਾਂ ਸਾਰੀ ਕਚਹਿਰੀ ਨੂੰ ਹੀ ਅੱਗ ਲੱਗ ਉੱਠੀ। ਮੁਫ਼ਤੀ ਨੇ ਕੋਲੋਂ ਫ਼ਤਵਾ ਦੇ ਦਿੱਤਾ ਕਿ ਭਾਈ ਸਾਹਿਬ ਜੀ ਦੇ ਬੰਦ-ਬੰਦ ਕੱਟੇ ਜਾਣ। ਇਸ ਉੱਤੇ ਸ਼ਾਹੀ ਪ੍ਰਵਾਨਗੀ ਦੀ ਮੋਹਰ ਲਾ ਕੇ ਸੂਬੇਦਾਰ ਨੇ ਕਹਿਰ ਵਿਚ ਜੱਲਾਦ ਨੂੰ ਭਾਈ ਸਾਹਿਬ ਜੀ ਦੇ ਬੰਦ-ਬੰਦ ਕੱਟ ਕੇ ਸ਼ਹੀਦ ਕਰਨ ਦਾ ਹੁਕਮ ਸੁਣਾ ਦਿੱਤਾ।

ਭਾਈ ਮਨੀ ਸਿੰਘ ਜੀ ਨੂੰ ਇਸ ਅਨੋਖੀ ਸਜ਼ਾ ਦੇਣ ਦੀ ਖ਼ਬਰ ਲਾਹੌਰ ਨਿਵਾਸੀ ਸਿੱਖਾਂ ਤਕ ਪੁੱਜੀ, ਤਾਂ ਸਾਰੇ ਹਾਹਾਕਾਰ ਮੱਚ ਗਈ। ਅੱਜ ਤਕ ਕਦੇ ਵੀ ਕਿਸੇ ਵੱਡੇ ਤੋਂ ਵੱਡੇ ਗੁਨਾਹੀ ਨੂੰ ਬੰਦ-ਬੰਦ ਕੱਟੇ ਜਾਣ ਦੀ ਸਜ਼ਾ ਨਹੀਂ ਸੀ ਦਿੱਤੀ ਗਈ ਤੇ ਸੰਤ-ਸਰੂਪ ਭਾਈ ਮਨੀ ਸਿੰਘ ਜੀ ਦਾ ਤਾਂ ਕਸੂਰ ਹੀ ਕੋਈ ਨਹੀਂ ਸੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਹੋਣ ਕਰਕੇ ਭਾਈ ਸਾਹਿਬ ਜੀ ਦਾ ਸਾਰੇ ਪੰਥ ਵਿਚ ਬੜਾ ਸਤਿਕਾਰ ਸੀ। ਲਾਹੌਰੀ ਸਿੱਖਾਂ ਨੇ ਸੋਚਿਆ ਕਿ ਸਰਕਾਰ ਠੇਕੇ ਦੀ ਰਕਮ ਹੀ ਲੈਣਾ ਚਾਹੁੰਦੀ ਹੈ ਨਾ। ਸੋ ਉਗਰਾਹੀ ਕਰਕੇ ਪੂਰਾ ਕਰ ਦਿਆਂਗੇ। ਕੁਝ ਪਤਵੰਤੇ ਸਿੱਖ ਭਾਈ ਸਾਹਿਬ ਜੀ ਤੋਂ ਏਸ ਕੰਮ ਦੀ ਆਗਿਆ ਲੈਣ ਵਾਸਤੇ ਆ ਪੁੱਜੇ।

ਸਿੱਖਾਂ ਦੀ ਇਹ ਬੇਨਤੀ ਸੁਣ ਕੇ ਭਾਈ ਮਨੀ ਸਿੰਘ ਜੀ ਨੇ ਕਿਹਾ, “ਗੁਰੂ ਪਿਆਰੇ ਸਿੱਖੋ! ਕੀ ਤੁਸੀਂ ਸਮਝਦੇ ਹੋ ਕਿ ਏਸ ਤਰ੍ਹਾਂ ਸਮਾਂ ਟਲ ਜਾਵੇਗਾ? ਯਾਦ ਰੱਖੋ, ਜ਼ਾਲਮ ਪੈਸੇ ਨਹੀਂ, ਸਾਡੀ ਜਾਨ ਲੈਣਾ ਚਾਹੁੰਦਾ ਹੈ। ਨਾਲੇ ਮੌਤ ਤੋਂ ਘਬਰਾਉਣਾ ਵੀ ਕਿਸ ਗੱਲੇ? ਸਿੱਖ ਤਾਂ ਮੌਤ ਦੇ ਬਾਅਦ ਅਮਰ ਜੀਵਨ ਪ੍ਰਾਪਤ ਕਰ ਲੈਂਦਾ ਏ। ਪੰਥ ਦੇ ਹਿਤ ਇਹ ਸਰੀਰ ਲੱਗ ਜਾਵੇ, ਤਾਂ ਹੋਰ ਕੀ ਚਾਹੀਦਾ ਹੈ? ਕੀ ਉਸ ਮੌਤ ਨੂੰ ਤੁਸੀਂ ਸਤਿਗੁਰ ਦੀ ਕ੍ਰਿਪਾ ਨਹੀਂ ਸਮਝਦੇ, ਜਿਸ ਦੀ ਯਾਦ ਪਿੱਛੋਂ ਜੁੱਗਾਂ ਤੀਕ ਕਾਇਮ ਰਹੇਗੀ? ਆਪ ਮੇਰੀ ਚਿੰਤਾ ਨਾ ਕਰੋ। ਨਾਲੇ ਸਿੱਖਾਂ ਦੀ ਦਸਾਂ ਨੌਹਾਂ ਦੀ ਕਮਾਈ, ਜ਼ਾਲਮ ਦੇ ਘਰ ਪਾ ਕੇ ਮੈਂ ਇਹ ਨਾਸਵੰਦ ਠੀਕਰਾ ਨਹੀਂ ਬਚਾਉਣਾ ਚਾਹੁੰਦਾ। ਸਿੱਖ ਆਤਮ-ਸਰੂਪ ਹੈ, ਆਤਮਾ ਅਮਰ ਹੈ, ਇਸ ਵਾਸਤੇ ਸਿੱਖ ਤਾਂ ਕਦੇ ਮਰਦਾ ਨਹੀਂ। ਤੁਸੀਂ ਕਿਸ ਗੱਲ ਦਾ ਫ਼ਿਕਰ ਕਰਦੇ ਓ? ਮੈਂ ਜ਼ਾਲਮ ਨੂੰ ਧਨ ਦੇ ਕੇ ਜਾਨ ਨਹੀਂ ਬਚਾਉਣੀ, ਤੇ ਨਾ ਉਹਨੇ ਧਨ ਲੈ ਕੇ ਹੀ ਆਪਣੀ ਆਈ ਤੋਂ ਟਲਣਾ ਹੈ।…”

ਭਾਈ ਸਾਹਿਬ ਜੀ ਨੂੰ ਨਖਾਸ ਚੌਂਕ (ਲਾਹੌਰ) ਦੀ ਕਤਲਗਾਹ ਵਿਚ ਲਿਆਂਦਾ ਗਿਆ। ਸਾਦਿਕ ਦਾ ਇਮਤਿਹਾਨ ਹੁੰਦਾ ਵੇਖਣ ਵਾਸਤੇ ਖ਼ਲਕਤ ’ਕੱਠੀ ਹੋਈ-ਹੋਈ ਸੀ। ਭਾਈ ਸਾਹਿਬ ਜੀ ਚੌਂਕੜੀ ਮਾਰ ਕੇ ਬੈਠ ਗਏ। ਜੱਲਾਦ ਨੇ ਛੁਰੀ ਉਠਾਈ ਤੇ ਪਹਿਲਾ ਵਾਰ ਗੁੱਟ ’ਤੇ ਕਰਨ ਲੱਗਾ। ਭਾਈ ਸਾਹਿਬ ਜੀ ਨੇ ਹੱਥ ਪਿੱਛੇ ਕਰ ਲਿਆ। ਜੱਲਾਦ ਨੇ ਕਿਹਾ, “ਬੱਸ? ਏਨਾ ਈ ਮਾਣ ਸੀ ਆਪਣੇ ਸਿਦਕ ਉੱਤੇ? ਅਜੇ ਤਾਂ ਮੈਂ ਪਹਿਲਾ ਵਾਰ ਹੀ ਕਰਨ ਲੱਗਾ ਸਾਂ, ਤੇ ਹੁਣੇ ਘਬਰਾ ਗਏ? ਮਰਨ ਨੂੰ ਚਿੱਤ ਨਹੀਂ ਕਰਦਾ, ਤਾਂ ਇਸਲਾਮ ਧਾਰਨ ਕਰ ਕੇ ਜਾਨ ਬਚਾ ਲਵੋ।”

ਭਾਈ ਸਾਹਿਬ ਜੀ ਨੇ ਓਸੇ ਤਰ੍ਹਾਂ ਗੰਭੀਰ ਭਾਵ ਨਾਲ ਕਿਹਾ, “ਭਾਈ! ਅਸੀਂ ਮੌਤ ਤੋਂ ਨਹੀਂ ਡਰੇ। ਮੌਤ ਤਾਂ ਸਾਡੀ ਖਿਡਾਵੀ ਹੈ, ਜੋ ਪੁਰਾਣਾ ਚੋਲਾ (ਸਰੀਰ) ਲਾਹ ਕੇ ਨਵਾਂ ਪਹਿਨਾ ਦਿੰਦੀ ਹੈ। ਨਾ ਤੇਰੇ ਤੇਜ਼ ਹਥਿਆਰਾਂ ਦੇ ਦੁੱਖ ਤੋਂ ਘਬਰਾਏ ਹਾਂ, ਕਿਉਂਕਿ ਦੁੱਖ ਸਰੀਰ ਨੂੰ ਹੈ ਤੇ ਸਿੱਖ ‘ਜੋਤਿ ਸਰੂਪ’ ਹੈ। ਅਸੀਂ ਤਾਂ ਇਸ ਵਾਸਤੇ ਹੱਥ ਪਿੱਛੇ ਕੀਤਾ ਹੈ ਕਿ ਤੂੰ ਆਪਣੇ ਮਾਲਕ ਦੀ ਹੁਕਮ ਅਦੂਲੀ ਕਰਨ ਲੱਗਾ ਸੈਂ। ਤੂੰ ਪਹਿਲਾ ਵਾਰ ਹੀ ਗੁੱਟ ’ਤੇ ਕਰਨ ਲੱਗਾ ਸੈਂ, ਪਰ ਤੇਰੇ ਮਾਲਕਾਂ ਦਾ ਹੁਕਮ ਹੈ ਕਿ ਬੰਦ-ਬੰਦ ਕੱਟਣੇ ਹਨ। ਵੇਖ, ਗੁੱਟ ਤੋਂ ਪਹਿਲਾਂ ਇਕ-ਇਕ ਉਂਗਲ ਵਿਚ ਕਿੰਨੇ-ਕਿੰਨੇ ਜੋੜ ਹਨ? ਸੋ, ਹੁਕਮ ਦੀ ਪਾਲਣਾ ਕਰ, ਭਾਈ!”

ਏਨੀ ਸੁਣ ਕੇ ਵੇਖਣ ਵਾਲੇ ਦੰਗ ਰਹਿ ਗਏ। ਪਰ ਜੱਲਾਦ ਨੂੰ ਸਗੋਂ ਗੁੱਸਾ ਆ ਗਿਆ। ਜੱਲਾਦ ਦੇ ਦਿਲ ਵਿਚ ਦਇਆ ਨਹੀਂ ਹੁੰਦੀ। ਦਇਆ ਹੋਵੇ, ਤਾਂ ਉਹ ਅਜਿਹਾ ਪੇਸ਼ਾ ਹੀ ਕਿਉਂ ਅਖ਼ਤਿਆਰ ਕਰੇ? ਸ਼ਿਕਾਰ ਸ਼ਿਕਾਰੀ ਨੂੰ ਵੰਗਾਰੇ, ਤਾਂ ਉਹਦੇ ਤਰਕਸ਼ ਦੇ ਤੀਰ ਸਗੋਂ ਜ਼ਹਿਰੀਲੇ ਹੋ ਜਾਇਆ ਕਰਦੇ ਹਨ। ਹੁਣ ਦੋਵੇਂ ਧਿਰਾਂ ਤਿਆਰ ਹੋ ਗਈਆਂ। ਭਾਈ ਸਾਹਿਬ ਜੀ ਸਮਾਧੀ ਲਾ ਕੇ ‘ਜਪੁਜੀ’ ਸਾਹਿਬ ਦਾ ਪਾਠ ਕਰਨ ਲੱਗ ਪਏ ਤੇ ਜੱਲਾਦ ਨੇ ਆਪਣਾ ਕੰਮ ਅਰੰਭ ਕਰ ਦਿੱਤਾ।

ਬੰਦ-ਬੰਦ ਕੱਟੇ ਗਏ, ਪਰ ਸਿਦਕੀ ਨੇ ‘ਸੀ’ ਨਾ ਉਚਾਰੀ। ਸ਼ਹੀਦਾਂ ਦੇ ਇਤਿਹਾਸ ਵਿਚ ਇਹ ਅਨੋਖੀ ਕੁਰਬਾਨੀ ਸੀ। ਇਹ ਘਟਨਾ ਨਖ਼ਾਸ ਚੌਂਕ (ਲਾਹੌਰ) ਵਿਚ ਮੱਘਰ ਸੁਦੀ ਪੰਜ, 1705 ਬਿ. (1738 ਈ:) ਨੂੰ ਹੋਈ। ਲਾਹੌਰ ਦੇ ਸਿੱਖਾਂ ਵੱਲੋਂ ਭਾਈ ਸਾਹਿਬ ਜੀ ਦੇ ਟੁਕੜੇ ਹੋ ਚੁੱਕੇ ਸਰੀਰ ਦਾ ਸਸਕਾਰ ਸ਼ਾਹੀ ਕਿਲ੍ਹੇ ਦੇ ਚੜ੍ਹਦੇ ਬੂਹੇ ਦੇ ਸਾਹਮਣੇ ਕੀਤਾ ਗਿਆ। ਓਸੇ ਥਾਂ ’ਤੇ ਅਜੇ ਤਕ ਭਾਈ ਸਾਹਿਬ ਜੀ ਦੀ ਸਮਾਧ ਬਣੀ ਹੋਈ ਹੈ।

ਏਸ ਸ਼ਹੀਦੀ ਨੇ ਸਿੱਖਾਂ ਅੰਦਰ ਨਵੇਂ ਸਿਰਿਓਂ ਜੋਸ਼ ਪੈਦਾ ਕਰ ਦਿੱਤਾ। ਕਿਸੇ ਵੀ ਕੌਮ ਉੱਤੇ ਨਵਾਂ ਜੀਵਨ ਆਉਂਦਾ ਹੈ ਤਾਂ ਸ਼ਹੀਦਾਂ ਦੇ ਪਵਿੱਤਰ ਲਹੂ ਨਾਲ ਸਿੰਜੀ ਜਾ ਕੇ ਹੀ। ਭਾਈ ਮਨੀ ਸਿੰਘ ਜੀ ਸਾਰੇ ਪੰਥ ਵਿਚ ਪੂਰਨ ਸੰਤ ਕਰਕੇ ਮੰਨੇ ਜਾਂਦੇ ਸਨ। ਹਰ ਇਕ ਸਿੱਖ ਦੇ ਦਿਲ ਵਿਚ ਉਨ੍ਹਾਂ ਲਈ ਅਥਾਹ ਸ਼ਰਧਾ ਸੀ। ਭਾਈ ਸਾਹਿਬ ਜੀ ਨੂੰ ਦਿੱਤੇ ਗਏ ਅਕਹਿ ਤਸੀਹਾਂ ਦੀ ਖ਼ਬਰ ਅੱਗ ਵਾਂਗ ਸਾਰੇ ਪੰਥ ਵਿਚ ਖਿਲਰ ਗਈ। ਜੁਆਨਾਂ ਨੇ ਤਲਵਾਰਾਂ ਸੰਭਾਲੀਆਂ ਤੇ ਥਾਂ-ਥਾਂ ਮਾਰ ਧਾੜ ਸ਼ੁਰੂ ਕਰ ਦਿੱਤੀ। ਕਾਜ਼ੀ ਅਬਦੁੱਰਜ਼ਾਕ ਨੂੰ ਸ. ਅਘੜ ਸਿੰਘ ਨੇ ਕਤਲ ਕੀਤਾ। ਸਿੰਘਾਂ ਨੇ ਕਾਜ਼ੀ ਦਾ ਪਿੰਡ ਅਲੀਗੜ੍ਹ (ਜ਼ਿਲ੍ਹਾ ਗੁਜਰਾਂਵਾਲਾ) ਉਜਾੜ ਕੇ ਉਸ ਦਾ ਨਾਂ ‘ਅਕਾਲ ਗੜ੍ਹ’ ਰੱਖ ਦਿੱਤਾ। ਫ਼ਤਵਾ ਦੇਣ ਵਾਲੇ ਕਾਜ਼ੀ ਨੂੰ ਸ. ਥਰਾਜ ਸਿੰਘ ਨੇ ਕਤਲ ਕਰ ਦਿੱਤਾ। ਸਿੰਘਾਂ ਨੇ ਸੂਬੇਦਾਰ ਖ਼ਾਨ ਬਹਾਦਰ ਨੂੰ ਵੀ ਕਤਲ ਕਰਨ ਦੀ ਗੋਂਦ ਗੁੰਦੀ, ਪਰ ਉਹ ਨੇਪਰੇ ਨਾ ਚੜ੍ਹੀ। ਥੋੜ੍ਹੇ ਸ਼ਬਦਾਂ ਵਿਚ ਏਨਾ ਕਹਿਣਾ ਹੀ ਕਾਫ਼ੀ ਹੈ ਕਿ ਏਸ ਸ਼ਹੀਦੀ ਪਿੱਛੋਂ ਸਿੰਘ ਅਜਿਹੇ ਭੜਕੇ ਕਿ ਹਕੂਮਤ ਤੋਂ ਫੇਰ ਕਾਬੂ ਨਾ ਆਏ।

ਸੋ, ਇਸ ਸ਼ਹੀਦੀ ਨੇ ਸਿੱਖੀ ਨੂੰ ਨਵਾਂ ਉਤਸ਼ਾਹ ਬਖ਼ਸ਼ਿਆ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)