ਪੰਜਾਬ ਭਾਰਤ ਦਾ ਦਰਵਾਜਾ ਹੋਣ ਕਰਕੇ ਪੰਜਾਬੀਆਂ ਨੂੰ ਸਭ ਤੋਂ ਵੱਧ ਵਿਦੇਸ਼ੀ ਹਮਲਿਆਂ ਦਾ ਸ਼ਿਕਾਰ ਹੋਣਾ ਪਿਆ ਹੈ ਅਤੇ ਇਸੇ ਕਰਕੇ ਯੁੱਧ ਪੰਜਾਬੀਆਂ ਦਾ ਸ਼ੌਂਕ, ਮਜਬੂਰੀ ਤੇ ਆਦਤ ਬਣ ਗਿਆ ਹੈ ਅਤੇ ਉਨ੍ਹਾਂ ਦੀ ਜ਼ਿੰਦਗੀ ਵਿਚ ਰਚ-ਮਿਚ ਗਿਆ ਹੈ। ਇਸੇ ਕਰਕੇ ‘ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ’ ਵਾਲਾ ਮੁਹਾਵਰਾ ਹਰ ਪੰਜਾਬੀ ’ਤੇ ਢੁਕਦਾ ਹੈ। ਪੁਰਾਣੇ ਸਮਿਆਂ ਵਿਚ ਰਾਜੇ-ਮਹਾਰਾਜੇ ਰਾਜ ਕਰਿਆ ਕਰਦੇ ਸਨ ਅਤੇ ਕਿਉਂਕਿ ਕਿਸੇ ਵੀ ਪਾਸਿਓਂ ਕਿਸੇ ਵੀ ਸਮੇਂ ਹਮਲਾ ਹੋਣ ਦਾ ਡਰ ਹਮੇਸ਼ਾਂ ਬਣਿਆ ਰਹਿੰਦਾ ਸੀ, ਇਸ ਲਈ ਫੌਜੀਆਂ ਨੂੰ ਹਮਲੇ ਦਾ ਸਾਹਮਣਾ ਕਰਨ ਲਈ ਸਦਾ ਤਿਆਰ-ਬਰ-ਤਿਆਰ ਰਹਿਣਾ ਪੈਂਦਾ ਸੀ। ਫੌਜੀਆਂ ਨੂੰ ਮਾਨਸਿਕ ਤੌਰ ’ਤੇ ਤਿਆਰ ਰੱਖਣ ਲਈ ਸਾਰੀ ਜ਼ਿੰਮੇਵਾਰੀ ਢਾਡੀਆਂ ਨੂੰ ਸੌਂਪੀ ਜਾਂਦੀ ਸੀ ਜੋ ਕਿ ‘ਯੁੱਧ ਦੇ ਸੋਹਲੇ’, ‘ਯੋਧਿਆਂ ਦੀਆਂ ਕਥਾਵਾਂ’ ਅਤੇ ‘ਕਾਰਨਾਮਿਆਂ ਦੇ ਬਿਰਤਾਂਤ’ ਸੁਣਾ ਕੇ ਸਿਪਾਹੀਆਂ ਨੂੰ ਗਰਮ ਕਰ ਦਿੰਦੇ ਸਨ ਅਤੇ ਫਿਰ ਉਹ ਦੇਸ਼, ਕੌਮ, ਧਰਮ ਤੇ ਚੰਗਿਆਈ ਲਈ ਲੜਣ ਮਰਨ ਲਈ ਤਿਆਰ ਹੋ ਜਾਂਦੇ ਸਨ। ਇਸੇ ਲਈ ਲਗਭਗ ਹਰ ਰਾਜੇ ਦੇ ਦਰਬਾਰ ਵਿਚ ਢਾਡੀ ਵਿਸ਼ੇਸ਼ ਤੌਰ ’ਤੇ ਰੱਖੇ ਜਾਂਦੇ ਸਨ ਜੋ ਕਿ ਇਹ ਜ਼ਿੰਮੇਵਾਰੀ ਪੂਰੀ ਤਨਦੇਹੀ ਦੇ ਨਾਲ ਨਿਭਾਉਂਦੇ ਸਨ। ਉਹ ਚੜ੍ਹਾਈ ਕਰਨ ਜਾ ਰਹੀਆਂ ਫੌਜਾਂ ਨੂੰ ਸੂਰਬੀਰਾਂ ਦੇ ਜੰਗੀ ਕਾਰਨਾਮਿਆਂ ਅਤੇ ਜੰਗ ਦੇ ਮੈਦਾਨ ਵਿਚ ਵਾਪਰਦੀਆਂ ਘਟਨਾਵਾਂ ਦਾ ਵਾਰਾਂ ਦੇ ਰੂਪ ਵਿਚ ਵਰਣਨ ਕਰਕੇ, ਉੱਚੀ ਆਵਾਜ਼ ਵਿਚ ਹੇਕਾਂ ਲਾ ਕੇ ਇਸ ਕਦਰ ਉਲੇਖ ਕਰਦੇ ਸਨ ਕਿ ਸਿਪਾਹੀਆਂ ਦੇ ਡੌਲੇ ਫਰਕਣ ਲੱਗ ਜਾਂਦੇ ਅਤੇ ਉਹ ਜਿੱਤ ਦਾ ਸੁਪਨਾ ਅੱਖਾਂ ਵਿਚ ਲੈ ਕੇ ਇਸ ਨੂੰ ਸਾਕਾਰ ਕਰਨ ਲਈ ਆਪਣੇ ਅੰਤਿਮ ਸਾਹਾਂ ਤਕ ਲੜਦੇ ਰਹਿੰਦੇ ਜਾਂ ਸ਼ਹੀਦ ਹੋ ਜਾਂਦੇ। ਵਿਦੇਸ਼ੀਆਂ ਦੇ ਹਮਲਿਆਂ ਦਾ ਸ਼ੁਰੂ ਤੋਂ ਹੀ ਅਖਾੜਾ ਹੋਣ ਕਰਕੇ ਪੰਜਾਬ ਵਿਚ ਢਾਡੀਆਂ ਦੀ ਪਰੰਪਰਾ ਬਹੁਤ ਹੀ ਪੁਰਾਣੀ ਅਤੇ ਅਮੀਰ ਹੈ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਅਤੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀਆਂ ਫੌਜਾਂ ਵਿਚ ਬੀਰਤਾ ਦਾ ਸੰਚਾਰ ਕਰਨ ਲਈ ਵਿਸ਼ੇਸ਼ ਤੌਰ ’ਤੇ ਢਾਡੀ ਜਥਿਆਂ ਦਾ ਗਠਨ ਵੀ ਕੀਤਾ ਸੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਖੁਦ ਕਈ ਵਾਰਾਂ ਦੀ ਰਚਨਾ ਵੀ ਕੀਤੀ ਸੀ। ਯੁੱਧ ’ਤੇ ਜਾਣ ਤੋਂ ਪਹਿਲਾਂ ਗੁਰੂ ਸਾਹਿਬ ਦੇ ਸਿੰਘ-ਸਿਪਾਹੀ ਚੰਡੀ ਦੀ ਵਾਰ ਦਾ ਪਾਠ ਵੀ ਕਰਿਆ ਕਰਦੇ ਸਨ ਅਤੇ ਗੁਰੂ ਦੀਆਂ ਲਾਡਲੀਆਂ ਫੌਜਾਂ ਵਜੋਂ ਜਾਣੇ ਜਾਂਦੇ ਨਿਹੰਗ ਸਿੰਘ ਤਾਂ ਅੱਜ ਵੀ ਰੋਜ਼ਾਨਾ ਇਸ ਵਾਰ ਦਾ ਪਾਠ ਕਰਦੇ ਹਨ।
ਢਾਡੀ ਸ਼ਬਦ ਕੰਨੀਂ ਪੈਂਦਿਆਂ ਹੀ ਸਾਡੀਆਂ ਅੱਖਾਂ ਦੇ ਸਾਹਮਣੇ ਚਾਰ ਤਿਆਰ-ਬਰ-ਤਿਆਰ ਸਿੰਘਾਂ ਦੀ ਤਸਵੀਰ ਸਾਕਾਰ ਹੋ ਜਾਂਦੀ ਹੈ, ਜੋ ਕਿ ਵਜਦ ਵਿਚ ਆ ਕੇ ਪੂਰੇ ਹਿੱਕ ਦੇ ਜ਼ੋਰ ਨਾਲ ਸੰਗਤਾਂ ਨੂੰ ਕੋਈ ਨਾ ਕੋਈ ਇਤਿਹਾਸਕ ਜਾਂ ਧਾਰਮਿਕ ਪ੍ਰਸੰਗ ਸੁਣਾ ਰਹੇ ਹੋਣ। ਸੱਚਮੁਚ ਢਾਡੀ ਸਿੰਘ ਆਪਣੀ ਅਦੁੱਤੀ ਕਲਾ ਦੇ ਜਾਦੂ ਨਾਲ ਕੀਲੇ ਸਰੋਤਿਆਂ ਨੂੰ ਇਕ ਵੱਖਰੀ ਹੀ ਦੁਨੀਆਂ ਵਿਚ ਲੈ ਜਾਂਦੇ ਹਨ, ਜਿਥੇ ਮਾਨੋ ਸਾਖਿਆਤ ਭਾਈ ਮਤੀ ਦਾਸ ਨੂੰ ਆਰਿਆਂ ਨਾਲ ਚੀਰਿਆ ਜਾ ਰਿਹਾ ਹੈ, ਭਾਈ ਤਾਰੂ ਜੀ ਦੀ ਖੋਪੜੀ ਲਾਹੀ ਜਾ ਰਹੀ ਹੈ, ਸਿੱਖ ਬੱਚਿਆਂ ਦੇ ਜਿਸਮਾਂ ਦੇ ਟੋਟੇ ਕਰ ਕੇ ਮਾਵਾਂ ਦੇ ਗਲਾਂ ਵਿਚ ਇਨ੍ਹਾਂ ਦੇ ਹਾਰ ਪੈ ਰਹੇ ਹਨ, ਸ੍ਰੀ ਗੁਰੂ ਤੇਗ ਬਹਾਦਰ ਜੀ ਸੀਸ ਭੇਟ ਕਰਨ ਸਮੇਂ ਜੱਲਾਦ ਦੀ ਖੂਨੀ ਤਲਵਾਰ ਦੇ ਪਰਛਾਵੇਂ ਹੇਠ ਦਿੱਲੀ ਦੇ ਚਾਂਦਨੀ ਚੌਂਕ ਵਿਚ ਅਡੋਲ ਬੈਠੇ ਹੋਣ…! ਢਾਡੀਆਂ ਦੇ ਮਨਪ੍ਰਸੰਗਾਂ ਵਿਚ ਅਣਗਿਣਤ ਸਾਖੀਆਂ, ਕਿੱਸੇ ਅਤੇ ਪ੍ਰਸੰਗ ਸ਼ਾਮਲ ਹਨ। ਖੂਨੀ ਹਾਥੀ ਦੇ ਫੌਲਾਦੀ ਤਵਿਆਂ ਨੂੰ ਚੀਰ ਕੇ ਲੰਘਦੀ ਭਾਈ ਬਚਿੱਤਰ ਸਿੰਘ ਦੀ ਇਤਿਹਾਸਕ ਨਾਗਣੀ, ਛੋਟੇ ਸਾਹਿਬਜ਼ਾਦਿਆਂ ਦਾ ਸਿਦਕ, ਚਮਕੌਰ ਦੀ ਗੜ੍ਹੀ, ਬਾਬਾ ਦੀਪ ਸਿੰਘ ਜੀ ਦਾ ਖੰਡੇ ਨਾਲ ਮੁਗ਼ਲਾਂ ਦੇ ਆਹੂ ਲਾਹੁਣਾ, ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸੀਸ ’ਤੇ ਤੱਤੀ ਰੇਤ ਪਾਉਣੀ, ਉਬਲਦੀ ਦੇਗ ਵਿਚ ਅਡੋਲ ਬੈਠੇ ਭਾਈ ਦਿਆਲਾ ਜੀ ਤੇ ਜਦ ਇਸ ਤਰ੍ਹਾਂ ਦਾ ਇਤਿਹਾਸਕ ਯਾਦਾਂ ਦਾ ਲੰਮਾਂ ਅਮੁੱਕ ਸਿਲਸਲਾ ਜੀਵੰਤ ਹੁੰਦਾ ਹੈ ਤਾਂ ਸਰੋਤਿਆਂ ਦੇ ਡੌਲੇ ਫਰਕਣ ਲੱਗ ਪੈਂਦੇ ਹਨ; ਅੱਖਾਂ ਵਿਚ ਹੰਝੂ ਆ ਜਾਂਦੇ ਹਨ ਅਤੇ ਲੂੰ ਕੰਡੇ ਖੜ੍ਹੇ ਹੋ ਜਾਂਦੇ ਹਨ। ਜਿਥੇ ਕਰੁਣਾਮਈ ਪ੍ਰਸੰਗ ਸੁਣਦਿਆਂ ਸਰੋਤੇ ਗੰਭੀਰ ਹੋ ਜਾਂਦੇ ਹਨ, ਉਥੇ ਬੀਰ-ਰਸੀ ਵਾਰਾਂ ਸੁਣਨ ’ਤੇ ਸਰਦ ਰੁੱਤ ਵਿਚ ਵੀ ਉਬਾਲੇ ਖਾਣ ਲੱਗਦਾ ਹੈ। ਆਪਣੇ ਵੱਡੇ ਵਡੇਰਿਆਂ ਦੇ ਲਾਸਾਨੀ ਕਾਰਨਾਮੇ ਸੁਣ ਕੇ ਪੰਥ ਪ੍ਰਤੀ ਉਤਪੰਨ ਸ਼ਰਧਾ ਅਤੇ ਭਾਵੁਕ ਸੰਵੇਦਨਾ ਦਾ ਸੰਚਾਰ ਵੇਖਦਿਆਂ ਹੀ ਬਣਦਾ ਹੈ ਅਤੇ ਇਸ ਦਾ ਅਮਿੱਟ ਤੇ ਲਾਸਾਨੀ ਪ੍ਰਭਾਵ ਵੀ ਖ਼ੂਬ ਪੈਂਦਾ ਹੈ।
ਇਕ ਸਮਾਂ ਸੀ ਜਦ ਮੁਗ਼ਲ ਸਾਮਰਾਜ ਦੀ ਗ਼ੁਲਾਮੀ ਦੇ ਦੌਰਾਨ ਵੀ ਢਾਡੀ ਕਲਾ ਖ਼ੂਬ ਸਿਖ਼ਰ ’ਤੇ ਸੀ ਜਦਕਿ ਅਜੋਕੇ ਅਜਾਦੀ ਦੇ ਯੁੱਗ ਵਿਚ ਇਹ ਅਮੀਰ ਤੇ ਖ਼ੂਬਸੂਰਤ ਪਰੰਪਰਾ ਖੇਰੂੰ-ਖੇਰੂੰ ਹੋ ਰਹੀ ਹੈ। ਸਿੱਖ ਰਾਜ ਦੀ ਚੜ੍ਹਦੀ ਕਲਾ ਦੇ ਦੌਰ ਵਿਚ ਮਹਾਰਾਜਾ ਰਣਜੀਤ ਸਿੰਘ ਵੱਲੋਂ ਆਪਣੇ ਸ਼ਾਹੀ ਦਰਬਾਰ ਵਿਚ ਢਾਡੀ ਸਿੰਘਾਂ ਦਾ ਉਚੇਚਾ ਮਾਣ- ਸਤਿਕਾਰ ਕੀਤਾ ਜਾਂਦਾ ਸੀ ਅਤੇ ਗੁਰੂ ਸਾਹਿਬਾਨ ਵੀ ਆਪਣੀਆਂ ਜਾਂਬਾਜ਼ ਫੌਜਾਂ ਦਾ ਮਨੋਬਲ ਬੁਲੰਦ ਤੇ ਕਾਇਮ ਰੱਖਣ ਅਤੇ ਜੋਸ਼ੀਲਾ ਕਰਨ ਲਈ ਵਿਸ਼ੇਸ਼ ਢਾਡੀ ਦਰਬਾਰ ਕਰਵਾਇਆ ਕਰਦੇ ਸਨ। ਨਤੀਜੇ ਵਜੋਂ ਢਾਡੀ ਪਰੰਪਰਾ ਦਿਨੋ-ਦਿਨ ਪ੍ਰਫੁਲੱਤ ਹੁੰਦੀ ਰਹੀ । ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਆਪਣੇ ਆਪ ਨੂੰ ਢਾਡੀ ਦੀ ਸੰਗਿਆ ਦਿੰਦੇ ਹੋਏ ਲਿਖਿਆ ਹੈ- “ਹਉ ਢਾਢੀ ਕਾ ਨੀਚ ਜਾਤਿ” ਅਤੇ ਇੰਞ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਢਾਡੀਆਂ ਦਾ ਸਿਖ਼ਰ ਯੁਗ ਸੀ, ਜਦ ਢਾਡੀ ਹਰ ਰਾਜੇ-ਮਹਾਰਾਜੇ ਜਾਂ ਧਰਮ ਦੇ ਦਰਬਾਰ ਦੀ ਸ਼ੋਭਾ ਵਧਾਉਂਦੇ ਸਨ। ਜਿਥੇ ਰਾਜ ਦਰਬਾਰਾਂ ਦੇ ਢਾਡੀ ਸਰੀਰਕ ਤੌਰ ’ਤੇ ਲੜਨ ਲਈ ਉਕਸਾਉਂਦੇ ਸਨ, ਉਥੇ ਧਾਰਮਿਕ ਦਰਬਾਰਾਂ ਦੇ ਢਾਡੀ ਮਾਨਸਿਕ ਅਤੇ ਆਤਮਿਕ ਬੁਰਾਈਆਂ ਨਾਲ ਲੜਨ ਲਈ ਪ੍ਰੇਰਨਾ ਦਿੰਦੇ ਸਨ ਅਤੇ ਹਨ। ਕੁਝ ਲੋਕਾਂ ਦੀ ਦਲੀਲ ਹੈ ਕਿ ਢਾਡੀ ਤਾਂ ਸਿਰਫ ਜੰਗ ਦੇ ਮਾਹੌਲ ਸਮੇਂ ਹੀ ਕੰਮ ਦਿੰਦੇ ਸਨ ਅਤੇ ਆਪਣੇ ਜੋਸ਼ੀਲੇ ਤੇ ਜੰਗਜੂ ਪ੍ਰਸੰਗਾਂ ਤੇ ਵਾਰਾਂ ਦੇ ਰਾਹੀਂ ਸਰੋਤੇ ਦੇ ਮਨ ਵਿਚ ਮਰ-ਮਿਟਣ ਦੀ ਤੀਬਰਤਾ ਅਤੇ ਜੋਸ਼ ਤੇ ਬੇਚੈਨੀ ਪੈਦਾ ਕਰਨ ਦੇ ਸਮਰੱਥ ਹੁੰਦੇ ਹਨ, ਜੋ ਲੜਾਈ ਦੇ ਦ੍ਰਿਸ਼ਟੀਕੋਣ ਤੋਂ ਲਾਜ਼ਮੀ ਹੈ ਅਤੇ ਅਜੋਕੇ ਯੁਗ ਵਿਚ ਉਨ੍ਹਾਂ ਦੀ ਕੋਈ ਸਾਰਥਕਤਾ ਨਹੀਂ ਹੈ ਪਰ ਅਮਨ ਦੇ ਇਨ੍ਹਾਂ ਚਾਹਵਾਨਾਂ ਨੂੰ ਹਮੇਸ਼ਾਂ ਜੰਗ ਲਈ ਵੀ ਤਾਂ ਤਿਆਰ ਰਹਿਣਾ ਹੀ ਚਾਹੀਦਾ ਹੈ। ਸੋ ਅਮਨ ਸ਼ਾਂਤੀ ਦੇ ਠੰਡੇ ਮਾਹੌਲ ਵਿਚ ਵੀ ਕੌਮਾਂ ਨੂੰ ਆਪਣਾ ਖੂਨ ਗਰਮ ਰੱਖਣਾ ਪੈਂਦਾ ਹੈ ਅਤੇ ਇਹ ਢਾਡੀ ਸਿਰਫ਼ ਸਰੀਰਕ ਯੁੱਧਾਂ ਲਈ ਹੀ ਪ੍ਰੇਰਨਾ-ਸ੍ਰੋਤ ਨਹੀਂ ਬਣਦੇ ਸਗੋਂ ਮਾਨਵ ਨੂੰ ਚੰਗਿਆਈ ਅਤੇ ਨੈਤਿਕਤਾ ਦਾ ਸਬਕ ਵੀ ਪੜ੍ਹਾਉਂਦੇ ਹਨ ਅਤੇ ਇੰਞ ਸਥਾਈ ਅਮਨ ਅਤੇ ਮੁਹੱਬਤ ਦਾ ਪ੍ਰਚਾਰ ਤੇ ਪ੍ਰਸਾਰ ਕਰਦੇ ਹਨ। ਉਂਞ ਵੀ ਕਿਸੀ ਕਲਾ ਨੂੰ ਕਿਸੀ ਸੌੜੀ ਵਲਗਣ ਵਿਚ ਕੈਦ ਕਰਨਾ ਕਲਾ ਦੀ ਤੌਹੀਨ ਹੈ। ਢਾਡੀ ਕਲਾ ਸਾਡਾ ਵਿਰਸਾ ਹੈ, ਇਕ ਅਮੀਰ ਸੰਸਕ੍ਰਿਤੀ ਦਾ ਅੰਗ! ਅਤੇ ਅਜੋਕੇ ਪ੍ਰਤੀਕੂਲ ਹਾਲਾਤਾਂ ਵਿਚ ਵੀ ਕੁਝ ਢਾਡੀ ਵੀਰ ਇਹ ਅਮੋਲਕ ਦਾਤ ਸਾਂਭੀ ਬੈਠੇ ਹਨ।
ਅਸਲੀਅਤ ਇਹ ਹੈ ਕਿ ਢਾਡੀ ਸਿਰਫ ਸਰੀਰਕ ਤੌਰ ’ਤੇ ਹੀ ਨਹੀਂ ਮਾਨਸਿਕ ਤੌਰ ’ਤੇ ਵੀ ਲੜਨ ਦੀ ਪ੍ਰੇਰਨਾ ਦਿੰਦੇ ਹਨ ਅਤੇ ਇਹ ਲੜਾਈ ਮੰਦੇ ਕੰਮਾਂ, ਬੁਰਾਈਆਂ ਆਦਿ ਨਾਲ ਹੁੰਦੀ ਹੈ ਅਤੇ ਇੰਞ ਇਹ ਢਾਡੀ ਇਨਸਾਨੀਅਤ ਨੂੰ ਸਹੀ ਰਸਤੇ ਪਾ ਕੇ ਪਰਉਪਕਾਰ ਕਰਦੇ ਹਨ। ਟੀ. ਵੀ., ਰੇਡੀਓ ਆਦਿ ਤੇ ਢਾਡੀਆਂ ਦੇ ਨਿਯਮਿਤ ਪ੍ਰੋਗਰਾਮ ਪੇਸ਼ ਹੋਣੇ ਚਾਹੀਦੇ ਹਨ ਅਤੇ ਸਕੂਲਾਂ, ਕਾਲਜਾਂ ਵਿਚ ਵੀ ਢਾਡੀ ਕਲਾ ਦੇ ਮੁਕਾਬਲੇ ਕਰਵਾ ਕੇ ਨਵੀਂ ਪੀੜ੍ਹੀ ਨੂੰ ਇਸ ਪ੍ਰਤੀ ਉਤਸ਼ਾਹਤ ਕਰਨਾ ਚਾਹੀਦਾ ਹੈ।
ਢਾਡੀਆਂ ਕੋਲ ਸਾਰੰਗੀ ਦੀ ਸੁਰ, ਢੱਡਾਂ ਦੀ ਤਾਲ ਕਵਿਤਾ ਦੇ ਬੋਲ ਅਤੇ ਗਰਜਵੀਂ ਆਵਾਜ਼ ਦਾ ਪ੍ਰਭਾਵਸ਼ਾਲੀ ਸਮਤੋਲ ਤਾਂ ਹੁੰਦਾ ਹੀ ਹੈ, ਉਨ੍ਹਾਂ ਦੀ ਇਤਿਹਾਸਕ ਜਾਣਕਾਰੀ ਦੇ ਅਮੀਰ ਖਜ਼ਾਨੇ ਨੂੰ ਪੇਸ਼ ਕਰਨ ਦਾ ਅੰਦਾਜ਼ ਵੀ ਖ਼ੂਬ ਨਿਰਾਲਾ ਅਤੇ ਜਬਰਦਸਤ ਹੁੰਦਾ ਹੈ। ਢਾਡੀਆਂ ਦੀਆਂ ਵਾਰਾਂ ਦੇ ਵਿਚ ਛੰਦਾਬੰਦੀ, ਰਸ, ਅਲੰਕਾਰ, ਬੋਲੀ, ਸ਼ੈਲੀ, ਦ੍ਰਿਸ਼ ਚਿਤਰਣ ਅਤੇ ਪਾਤਰ ਚਿਤਰਣ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ ਅਤੇ ਅਧਿਕਤਰ ਵਾਰਾਂ ਪਉੜੀਆਂ ਜਾਂ ਬੈਂਤ ਛੰਦ ਵਿਚ ਰਚੀਆਂ ਜਾਂਦੀਆਂ ਹਨ। ਵਧੇਰੇ ਵਾਰਾਂ ਵਿਚ ਬੀਰ ਰਸ ਦੀ ਪ੍ਰਧਾਨਗੀ ਹੁੰਦੀ ਹੈ ਭਾਵੇਂ ਕਿ ਕਰੁਣਾ-ਰਸ ਤੇ ਭਿਆਨਕ-ਰਸ ਦੀ ਵਰਤੋਂ ਕਰਕੇ ਵਾਰ ਨੂੰ ਹੋਰ ਤੀਬਰ, ਪ੍ਰਭਾਵਸ਼ਾਲੀ ਤੇ ਜ਼ੋਰਦਾਰ ਬਣਾਇਆ ਜਾਂਦਾ ਹੈ। ਅਸਲ ਵਿਚ ਵਾਰ ਦਾ ਮਕਸਦ ਸਰੋਤੇ ਦੇ ਦਿਲ ’ਤੇ ਸਥਾਈ ਤੇ ਡੂੰਘਾ ਅਸਰ ਛੱਡਣਾ ਹੁੰਦਾ ਹੈ। ਵਾਰਾਂ ਦੀ ਸ਼ਬਦਾਵਲੀ ਠੇਠ ਪੰਜਾਬੀ, ਗੁਰਬਾਣੀ ’ਤੇ ਆਧਾਰਿਤ ਅਤੇ ‘ਨਿਹੰਗ ਸਿੰਘਾਂ ਦੇ ਬੋਲਿਆਂ’ ਨਾਲ ਮਿਲਦੀ-ਜੁਲਦੀ ਹੁੰਦੀ ਹੈ। ਇਨ੍ਹਾਂ ਵਿਚ ਔਖੇ ਸ਼ਬਦਾਂ ਦੀ ਵਰਤੋਂ ਤੋਂ ਅਕਸਰ ਗੁਰੇਜ਼ ਕੀਤਾ ਜਾਂਦਾ ਹੈ । ਵਾਰਾਂ ਵਿਚ ਆਉਣ ਵਾਲੇ ਇਤਿਹਾਸਕ ਹਵਾਲਿਆਂ ਨੂੰ ਸਮਝਾਉਣ ਲਈ ਢਾਡੀ ਸਿੰਘ ਆਪਣੇ ਗਿਆਨ ਨੂੰ ਵਾਰਤਕ ਦੇ ਰੂਪ ਵਿਚ ਪੇਸ਼ ਕਰਦੇ ਹਨ। ਢਾਡੀ ਸਿੰਘ ਦੀ ਆਵਾਜ਼ ਵਿਚਲੀ ਗੜਕ ਅਤੇ ਉਸ ਦੀ ਜਾਣਕਾਰੀ ਸਰੋਤੇ ਨੂੰ ਬੰਨ੍ਹੀ ਰੱਖਦੀ ਹੈ।
ਅਜੋਕੇ ਯੁੱਗ ਅੰਦਰ ਢਾਡੀ ਕਲਾ ਵਿਚ ਕਾਫੀ ਤਬਦੀਲੀਆਂ ਵੀ ਆਈਆਂ ਹਨ। ਪਹਿਲਾਂ ਢਾਡੀ ਢੱਡ ਅਤੇ ਸਾਰੰਗੀ ਦੀ ਵਰਤੋਂ ਕਰਿਆ ਕਰਦੇ ਸਨ। ਅੱਜਕਲ੍ਹ ਤਾਂ ਕਈ ਜਥੇ ‘ਸਿੰਥੇਸਾਈਜ਼ਰ’ ਬੈਂਜੋ ਆਦਿ ਸਾਜ਼ਾਂ ਦੀ ਵਰਤੋਂ ਵੀ ਕਰਨ ਲੱਗੇ ਹਨ। ਕਈ ਬੀਬੀਆਂ ਦੇ ਜਥੇ ਵੀ ਇਸ ਖੇਤਰ ਵਿਚ ਆਏ ਹਨ। ਢਾਡੀ ਜਥਿਆਂ ਦੀਆਂ ਕੈਸੇਟਾਂ ਵੀ ਰਿਲੀਜ਼ ਹੋਣ ਲੱਗੀਆਂ ਹਨ। ਪਰ ਜਿਸ ਤਰ੍ਹਾਂ ਲੋੜੀਂਦੀ ਜਾਗਰੂਕਤਾ ਅਤੇ ਸਾਂਭ-ਸੰਭਾਲ ਦੀ ਘਾਟ ਨਾਲ ਕੀਮਤੀ ਤੋਂ ਕੀਮਤੀ ਸ਼ੈਅ ’ਤੇ ਵੀ ਸਮੇਂ ਦੀ ਕੁਰੱਖ਼ਤ ਗਰਦ ਜੰਮਣੀ ਅਰੰਭ ਹੋ ਜਾਂਦੀ ਹੈ, ਢਾਡੀ ਪਰੰਪਰਾ ਵੀ ਇਸ ਸਮੇਂ ਅਨਿਸ਼ਚਤਤਾ ਅਤੇ ਅਣਗੌਲੇਪਣ ਦੇ ਭਵਜਲ ਅੰਦਰ ਗੋਤੇ ਖਾਂਦੀ ਵਿਖਾਈ ਦਿੰਦੀ ਹੈ। ਮੀਡੀਏ ਦੀ ਸਰਦਾਰੀ ਦੇ ਦਿਨਾਂ ਵਿਚ ‘ਚਲੰਤ’ ਕਿਸਮ ਦੀ ਗਾਇਕੀ ਨੂੰ ਪੰਜਾਬੀ ਸੱਭਿਆਚਾਰ ਦੇ ਨਾਮ ਹੇਠ ਵੇਚਿਆ ਜਾ ਰਿਹਾ ਹੈ ਅਤੇ ‘ਦੋ ਚਾਰ ਸੁਰਾਂ ਸਿੱਖ ਕੇ ਗਾਇਕ ਬਣੇ’ ਹੀ ‘ਤਾਨਸੈਨ’ ਬਣੇ ਫਿਰਦੇ ਹਨ ਜਦਕਿ ਅਮੀਰ ਤੇ ਦੁਰਲੱਭ ਢਾਡੀ ਵਿਰਸਾ ਇਧਰ-ਉਧਰ ਰੁਲ਼ ਰਿਹਾ ਹੈ। ਪਾਵਨ ਗੁਰਬਾਣੀ ਵਿਚ ਵੀ ਇਸ ਕਲਾ ਦਾ ਜ਼ਿਕਰ ਵਾਰ-ਵਾਰ ਆਉਂਦਾ ਹੈ:
ਹਉ ਢਾਢੀ ਵੇਕਾਰੁ ਕਾਰੈ ਲਾਇਆ॥
ਰਾਤਿ ਦਿਹੈ ਕੈ ਵਾਰ ਧੁਰਹੁ ਫੁਰਮਾਇਆ॥
ਢਾਢੀ ਸਚੈ ਮਹਲਿ ਖਸਮਿ ਬੁਲਾਇਆ॥
ਸਚੀ ਸਿਫਤਿ ਸਾਲਾਹ ਕਪੜਾ ਪਾਇਆ॥ (ਪੰਨਾ 150)
ਲੇਖਕ ਬਾਰੇ
#2919, ਪਿਲਕਿਨ ਸਟਰੀਟ, ਅਨਾਰਕਲੀ ਬਜ਼ਾਰ, ਜਗਰਾਓਂ-142026 (ਪੰਜਾਬ)
- ਪ੍ਰੋ. ਹਰਸੁਖ ਮਨਜੀਤ ਸਿੰਘhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%b9%e0%a8%b0%e0%a8%b8%e0%a9%81%e0%a8%96-%e0%a8%ae%e0%a8%a8%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/December 1, 2010