ਢਾਡੀ ਕਲਾ ਓਨੀ ਹੀ ਪੁਰਾਣੀ ਹੈ, ਜਿੰਨੀ ਕਿ ਮਨੁੱਖੀ ਸੱਭਿਅਤਾ। ਇਸ ਦੀ ਸ਼ੁਰੂਆਤ ਸਬੰਧੀ ਕਈ ਰਾਵਾਂ ਹਨ। ਜਦੋਂ ਮਨੁੱਖ ਕਬੀਲਿਆਂ ਵਿਚ ਵਸ ਰਿਹਾ ਸੀ ਤਾਂ ਕਬੀਲਿਆਂ ਵਿਚ ਮਾਲਕੀ ਦਾ ਸਵਾਲ ਪੈਦਾ ਹੋਣਾ ਸੁਭਾਵਿਕ ਸੀ। ਮਾਲਕੀ ਦੇ ਆਧਾਰ ’ਤੇ ਕਬੀਲੇ ਦੋ ਭਾਗਾਂ ਵਿਚ ਵੰਡੇ ਗਏ। ਦੋ ਕਬੀਲਿਆਂ ਵਿਚ ਜੰਗ ਹੋਈ, ਜਿਹੜੇ ਕਬੀਲੇ ਨੇ ਹਾਰ ਜਾਣਾ, ਉਸ ਦੇ ਗੱਭਰੂ ਬੇਹੌਂਸਲਾ ਹੋ ਜਾਂਦੇ। ਲੋੜ ਪੈਂਦੀ ਕਿ ਉਨ੍ਹਾਂ ਦੀ ਹਾਰੀ ਹਿੰਮਤ ਨੂੰ ਨਵੇਂ ਸਿਰਿਓਂ ਟੁੰਬ ਕੇ ਜਗਾਇਆ ਜਾਵੇ। ਇਹ ਕੰਮ ਹੁੰਦਾ ਸੀ ਕਲਾਕਾਰ ਦਾ। ਹਾਰਨ ਵਾਲੇ ਸਰਦਾਰ ਨੂੰ, ਭੱਟ ਉਨ੍ਹਾਂ ਦੇ ਵੱਡੇ-ਵਡੇਰਿਆਂ ਦੀਆਂ ਬਹਾਦਰੀਆਂ ਦੀਆਂ ਗਾਥਾ ਸੁਣਾ ਕੇ ਨਵੇਂ ਸਿਰਿਓਂ ਪ੍ਰੇਰਨਾ ਦਿੰਦੇ।
ਰਾਜਸਥਾਨ ਵਿਚ ਰਾਜਪੂਤ ਘਰਾਣੇ ਉੱਭਰੇ ਤਾਂ ਉਥੇ ਭੱਟਾਂ ਦੇ ਹੁਨਰ ਦੀ ਕਦਰ ਵਧੀ। ਰਾਜਿਆਂ-ਮਹਾਰਾਜਿਆਂ ਦੀਆਂ ਲੜਾਈਆਂ ਨੂੰ ਉਨ੍ਹਾਂ ਦੇ ਦਰਬਾਰੀ ਕਵੀ ਲਿਖਦੇ ਅਤੇ ਦਰਬਾਰੀ ਗਵੱਈਏ ਗਾ ਕੇ ਰਾਜਿਆਂ ਨੂੰ ਖੁਸ਼ ਕਰਦੇ। ਹਰ ਘਰਾਣੇ ਦਾ ਆਪਣਾ ਭੱਟ ਹੁੰਦਾ ਸੀ। ਉਹ ਆਪਣੇ ਸਰਦਾਰ ਨੂੰ ਛੱਡ ਕੇ ਕਿਸੇ ਹੋਰ ਦੇ ਬੂਹੇ ਨਹੀਂ ਸੀ ਜਾਂਦਾ। ਕਿਸੇ ਹੋਰ ਬੂਹੇ ’ਤੇ ਜਾਣਾ ਉਸ ਲਈ ਬਹੁਤ ਵੱਡਾ ਉਲਾਂਭਾ ਮੰਨਿਆ ਜਾਂਦਾ ਸੀ। ਗਉੜੀ ਦੀ ਵਾਰ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਫ਼ਰਮਾਉਂਦੇ ਹਨ:
ਢਾਢੀ ਦਰਿ ਪ੍ਰਭ ਮੰਗਣਾ ਦਰੁ ਕਦੇ ਨ ਛੋੜੇ॥
ਨਾਨਕ ਮਨਿ ਤਨਿ ਚਾਉ ਏਹੁ ਨਿਤ ਪ੍ਰਭ ਕਉ ਲੋੜੇ॥ (ਪੰਨਾ 323)
ਪੁਰਾਤਨ ਗ੍ਰੰਥਾਂ ਤੇ ਮਿਥਿਹਾਸਕ ਵਿਚਾਰਾਂ ਅਨੁਸਾਰ ਢਾਡੀ ਦੇ ਗਾਉਣ ਦੀ ਪਿਰਤ ਸ਼੍ਰੀ ਸ਼ਿਵ ਜੀ ਦੇ ਸਮੇਂ ਤੋਂ ਪਈ। ਉਸ ਸਮੇਂ ਲੋਕ ਡਮਰੂ ਨਾਲ ਗਾਉਂਦੇ ਸਨ। ਪਿੰਡ-ਪਿੰਡ ਗੁੱਗੇ ਦੀਆਂ ਵਾਰਾਂ ਦਾ ਗਾਇਨ ਕਰਦੇ। ਇਹ ਡਮਰੂ ਦਾ ਆਕਾਰ ਘਟ ਕੇ ਢੱਡ ਬਣ ਗਈ। ਰਾਜਸਥਾਨ ਵਿਚ ਸਾਜ਼ਾਂ ਨਾਲ ਗਾਉਣ ਵਾਲਿਆਂ ਲਈ ਸ਼ਬਦ ‘ਘੜਕਾ’ ਪੈ ਗਿਆ। ‘ਘੜਕਾ’ ਅਖਵਾਉਣ ਵਾਲੇ ਗਾਇਕ ਪੰਜਾਬ ਵਿਚ ਆ ਕੇ ਢਾਡੀ ਬਣ ਗਏ। ‘ਘੜਕਾ’ ਦਾ ਬਦਲਿਆ ਰੂਪ ਹੈ ‘ਢਾਡੀ’। ਪੰਜਾਬ ਵਿਚ ਆ ਕੇ ਉਨ੍ਹਾਂ ਦੇ ਸਾਜ਼ ਬਦਲ ਗਏ। ਪੁਰਾਤਨ ਸਾਜ਼ ਸਰੰਦਾ ਤੇ ਮਰਦੰਗ ਸੀ ਬਾਅਦ ਵਿਚ ਸਰੰਦੇ ਦੀ ਥਾਂ ਸਾਰੰਗੀ ਅਤੇ ਮਰਦੰਗ ਦੀ ਥਾਂ ਢੱਡ ਨੇ ਲੈ ਲਈ।
ਪੁਰਾਤਨ ਸਮਿਆਂ ਵਿਚ ਪ੍ਰਸਿੱਧ ਕਬੀਲਿਆਂ ਦੇ ਆਪਣੇ ਢਾਡੀ ਹੁੰਦੇ ਸਨ ਤੇ ਢਾਡੀ ਦਾ ਪਹਿਲਾ ਕੰਮ ਆਪਣੇ ਮਾਲਕ ਨੂੰ ਖੁਸ਼ ਕਰਨਾ ਸੀ। ਅਮਨ ਦੇ ਸਮੇਂ ਵੱਡੇ ਲੋਕਾਂ ਦੇ ਮਨੋਰੰਜਨ ਲਈ ਵਾਰਾਂ ਗਾਈਆਂ ਜਾਂਦੀਆਂ ਸਨ। ਇਸ ਮਨੋਰਥ ਨੂੰ ਪੂਰਾ ਕਰਨ ਲਈ ਢਾਡੀਆਂ ਨੇ ਸ਼ਿੰਗਾਰ ਰਸ ਭਾਵ ਪਿਆਰ, ਪ੍ਰੀਤ ਦੀਆਂ ਵਾਰਾਂ ਲਿਖ ਕੇ ਗਾਈਆਂ ਜਿਵੇਂ ਹੀਰ-ਰਾਂਝਾ, ਸੱਸੀ-ਪੰਨੂੰ, ਸੋਹਣੀ-ਮਹੀਂਵਾਲ, ਮਿਰਜ਼ਾ-ਸਾਹਿਬਾਂ ਆਦਿ।
ਜਿਸ ਤਰ੍ਹਾਂ ਭੈਰਵੀ, ਤਿਲੰਗ ਆਦਿ ਸਾਡੇ ਪੁਰਾਤਨ ਕਲਾਸੀਕਲ ਰਾਗ ਹਨ, ਉਸੇ ਤਰ੍ਹਾਂ ਢਾਡੀਆਂ ਦੀਆਂ ਵੀ ਕਲਾਸੀਕਲ ਤਰਜਾਂ ਹਨ, ਜਿਵੇਂ ਕਿਸੇ ਢਾਡੀ ਨੇ ਵੱਖਰੀ ਲੈਅ ਵਿਚ ਹੀਰ ਦੀ ਕਹਾਣੀ ਲਿਖੀ ਤੇ ਗਾਈ, ਉਹ ਤਰਜ਼ ਐਨੀ ਪ੍ਰਸਿੱਧ ਹੋਈ ਕਿ ਉਸ ਧੁਨ ਦਾ ਨਾਂ ਹੀਰ ਪੈ ਗਿਆ। ਇਸੇ ਤਰ੍ਹਾਂ ਮਿਰਜ਼ਾ, ਦੁੱਲਾ, ਸੱਸੀ, ਸੋਹਣੀ, ਪੂਰਨ, ਬੈਂਤ, ਸਾਕਾ, ਢਾਹੀਆ, ਰਸਾਲੂ ਆਦਿ ਢਾਡੀਆਂ ਦੀਆਂ ਕਲਾਸੀਕਲ ਧੁਨਾਂ ਹਨ।
ਪੰਜਾਬ ਵਿਚ ਢਾਡੀ ਕਲਾ ਦਾ ਅਹਿਮ ਸਥਾਨ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਤਕ ਸਿੱਖਾਂ ਵਿਚ ਆਮ ਤੌਰ ’ਤੇ ਗੁਰਬਾਣੀ ਦਾ ਕੀਰਤਨ ਹੀ ਪ੍ਰਚੱਲਤ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਆਪ ਸਾਰੰਦਾ ਵਜਾ ਕੇ ਕੀਰਤਨ ਕਰਿਆ ਕਰਦੇ ਸਨ ਅਤੇ ਆਪ ਜੀ ਉਚਕੋਟੀ ਦੇ ਰਾਗੀ ਸਨ। ਪੰਚਮ ਪਾਤਸ਼ਾਹ ਦੀ ਸ਼ਹੀਦੀ ਤੋਂ ਬਾਅਦ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਐਲਾਨ ਕੀਤਾ ਕਿ ਹੁਣ ਕੌਮ ਨੂੰ ਬੀਰ-ਰਸ ਦੀ ਲੋੜ ਹੈ। ਉਸ ਵੇਲੇ ਦੋ ਤਖ਼ਤ ਬੜੇ ਮਸ਼ਹੂਰ ਸਨ-ਦਿੱਲੀ ਦਾ ਤਖ਼ਤ ਤੇ ਲਾਹੌਰ ਦਾ ਤਖ਼ਤ। ਇਨ੍ਹਾਂ ਦੋ ਤਖ਼ਤਾਂ ਦੇ ਮੁਕਾਬਲੇ ਹਜ਼ੂਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਕੀਤੀ।
ਸ੍ਰੀ ਗੁਰੂ ਹਰਿਗੋਬਿੰਦ ਪਾਤਸ਼ਾਹ ਜੀ ਨੇ ਢਾਡੀਆਂ ਨੂੰ ਸਿੱਖ ਦਰਬਾਰ ਵਿਚ ਥਾਂ ਦਿੱਤੀ। ਭਾਈ ਬਿਧੀ ਚੰਦ ਨੂੰ ਆਖਿਆ ਕਿ ਕੋਈ ਢਾਡੀ ਜਥਾ ਲਿਆਓ। ਭਾਈ ਬਿਧੀ ਚੰਦ ਪਿੰਡ ਸੁਰਸਿੰਘ ਤੋਂ ਢਾਡੀ ਨੱਥਾ ਜੀ ਤੇ ਢਾਡੀ ਅਬਦੁੱਲਾ ਜੀ ਨੂੰ ਲੈ ਕੇ ਆਏ। ਜਦੋਂ ਭਾਈ ਨੱਥਾ ਜੀ ਨੇ ਮਾਰਿਆ ਢੱਡ ’ਤੇ ਹੱਥ, ਭਾਈ ਅਬਦੁੱਲਾ ਜੀ ਨੇ ਫੇਰਿਆ ਸਾਰੰਗੀ ਉੱਤੇ ਗਜ਼ ਤਾਂ ਵਾਤਾਵਰਣ ਬੀਰ-ਰਸ ਨਾਲ ਗੂੰਜ ਉੱਠਿਆ। ਉਨ੍ਹਾਂ ਨੇ ਵਾਰ ਪੜ੍ਹੀ:
ਦੋ ਤਲਵਾਰਾਂ ਬੱਧੀਆਂ, ਇਕ ਮੀਰੀ ਦੀ ਇਕ ਪੀਰ ਦੀ
ਇਕ ਅਜਮਤ ਦੀ ਇਕ ਰਾਜ ਦੀ, ਇਕ ਰਾਖੀ ਕਰੇ ਵਜ਼ੀਰ ਦੀ।
ਮਾਰ ਦੁਸ਼ਟਾਂ ਕਰੇ ਤਾਗੀਰ ਦੀ, ਪੱਗ ਤੇਰੀ, ਕੀ ਜਹਾਂਗੀਰ ਦੀ?
ਸ੍ਰੀ ਗੁਰੂ ਹਰਿਗੋਬਿੰਦ ਪਾਤਸ਼ਾਹ ਜੀ ਨੇ ਆਪਣੇ ਦਰਬਾਰ ਵਿਚ ਢਾਡੀ ਪੈਦਾ ਕੀਤੇ। ਉਨ੍ਹਾਂ ਨੂੰ ਨਿਵੇਕਲਾ ਰੂਪ ਦਿੱਤਾ ਪਰ ਗੁਰਬਾਣੀ ਵਿੱਚੋਂ ਜੇਕਰ ਅਸੀਂ ਢਾਡੀਆਂ ਬਾਰੇ ਕੁਝ ਲੱਭਣ ਦਾ ਯਤਨ ਕਰੀਏ ਤਾਂ ਸਾਨੂੰ ਸਹਿਜੇ ਹੀ ਗੁਰੂ ਸਾਹਿਬਾਨ ਦੀ ਬਾਣੀ ਵਿੱਚੋਂ ਢਾਡੀ ਸ਼ਬਦਾਂ ਦਾ ਵਰਨਣ ਕੀਤਾ ਮਿਲ ਜਾਂਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਨੁੱਖੀ ਸਿਫਤ ਨਾਲੋਂ ਅਕਾਲ ਪੁਰਖ ਦੀ ਸਿਫਤ-ਸਲਾਹ ਕਰਕੇ ਆਪਣੇ-ਆਪ ਨੂੰ ਢਾਡੀ ਅਖਵਾਇਆ :
ਹਮ ਢਾਢੀ ਹਰਿ ਪ੍ਰਭ ਖਸਮ ਕੇ ਨਿਤ ਗਾਵਹ ਹਰਿ ਗੁਣ ਛੰਤਾ॥ (ਪੰਨਾ 650)
ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਲਿਖਦੇ ਹਨ:
ਢਾਢੀ ਤਿਸ ਨੋ ਆਖੀਐ ਜਿ ਖਸਮੈ ਧਰੇ ਪਿਆਰੁ॥
ਦਰਿ ਖੜਾ ਸੇਵਾ ਕਰੇ ਗੁਰ ਸਬਦੀ ਵੀਚਾਰੁ॥ (ਪੰਨਾ 516)
ਇਸੇ ਤਰ੍ਹਾਂ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਲਿਖਦੇ ਹਨ:
ਹਉ ਢਾਢੀ ਹਰਿ ਪ੍ਰਭ ਖਸਮ ਕਾ ਹਰਿ ਕੈ ਦਰਿ ਆਇਆ॥
ਹਰਿ ਅੰਦਰਿ ਸੁਣੀ ਪੂਕਾਰ ਢਾਢੀ ਮੁਖਿ ਲਾਇਆ॥ (ਪੰਨਾ 91)
ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਫ਼ਰਮਾਨ ਕਰਦੇ ਹਨ:
ਢਾਢੀ ਦਰਿ ਪ੍ਰਭ ਮੰਗਣਾ ਦਰੁ ਕਦੇ ਨ ਛੋੜੇ॥
ਨਾਨਕ ਮਨਿ ਤਨਿ ਚਾਉ ਏਹੁ ਨਿਤ ਪ੍ਰਭ ਕਉ ਲੋੜੇ॥ (ਪੰਨਾ 323)
ਅਸਲ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਤਿੰਨ ਰਚੀਆਂ ਵਾਰਾਂ, ਆਸਾ ਦੀ ਵਾਰ, ਮਾਝ ਦੀ ਵਾਰ ਅਤੇ ਮਲਾਰ ਦੀ ਵਾਰ ਤੋਂ ਪਹਿਲਾਂ ਵਾਰਾਂ ਦੀਆਂ ਨੌ ਧੁਨੀਆਂ ਦਾ ਸਬੂਤ ਮਿਲਦਾ ਹੈ। 22 ਵਾਰਾਂ ਵਿੱਚੋਂ ਪੁਰਾਤਨ ਸੁਪ੍ਰਸਿੱਧ ਵਾਰਾਂ ਦੀਆਂ 9 ਧੁਨੀਆਂ ਵਿਚ ਗਾਉਣ ਦਾ ਉਪਦੇਸ਼ ਹੈ। ਰਾਜਾ ਅਸ ਦੀ ਵਾਰ ਗੁਰੂ ਜੀ ਦੇ ਸਮੇਂ ਤੋਂ ਪਹਿਲਾਂ ਦੀ ਉਦਾਹਰਣ ਹੈ:
ਭਬਕਿਆ ਸ਼ੇਰ ਸਰਦੂਲ ਰਾਇ ਮਣ ਮਾਰੂ ਵਜੇ।
ਖਾਨ ਸੁਲਤਾਨ ਵੱਡ ਸੂਰਮੇ ਵਿਚ ਰਣ ਗਜੇ।
ਖ਼ਤ ਲਿਖ ਟੁੰਡੇ ਅਸਰਾਜ ਨੂੰ ਪਾਤਸ਼ਾਹ ਅਜੇ।
ਟਿੱਕਾ ਸਾਰੰਗ ਬਾਪ ਨੂੰ ਦਿੱਤਾ ਭਰ ਲਜੇ।
ਫਤਿਹ ਪਾਈ ਅਸ ਰਾਜ ਦੀ ਸਾਹੀ ਪਰ ਸਜੇ।
ਮਨੁੱਖਤਾ ਦੇ ਰਹਿਬਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਭਾਈ ਨੱਥਾ ਜੀ ਤੇ ਭਾਈ ਅਬਦੁੱਲਾ ਜੀ ਢਾਡੀ ਰੱਖੇ ਉਨ੍ਹਾਂ ਇਸ ਤਰੀਕੇ ਨਾਲ ਵਾਰਾਂ ਗਾਈਆਂ ਕਿ ਕਾਇਰ ਵੀ ਲੜਨ ਵਾਸਤੇ ਹੌਸਲਾ ਧਾਰਨ ਲੱਗੇ। ਭਾਈ ਨੱਥਾ ਜੀ ਤੇ ਭਾਈ ਅਬਦੁੱਲਾ ਜੀ ਦੀ ਵਾਰ ਦਾ ਨਮੂਨਾ ਪੇਸ਼ ਹੈ:
ਸਚਾ ਤਖਤ ਸਾਹਯੋ ਸ੍ਰੀ ਗੁਰੂ ਪਾਇ ਕੈ।
ਛੱਬ ਬਰਨੀ ਨਹਿ ਜਾਇ ਕਹੋ ਕਿਆ ਗਾਇ ਕੈ।
ਰਵਿ ਸਸ ਭਏ ਮਲੀਨ ਸੁ ਦਰਸ ਦਿਖਾਇ ਕੈ।
ਸ੍ਰੀ ਗੁਰੂ ਤਖਤ ਬਿਰਾਜੇ ਪ੍ਰਭ ਬਿਆਇ ਕੈ।
ਮੀਰ ਅਦਬੁਲ ਔ ਨਥਾ ਕਹੈ ਬਨਾਇ ਕੈ।
ਕੌਮ ਦੇ ਵਿਰਸੇ ਨੂੰ ਸੰਭਾਲਣ ਲਈ ਦਾਨੇ ਕਵੀ ਸੱਚ ਨੂੰ ਪ੍ਰਸੰਗ ਵਿਚ ਬੰਨ੍ਹਦੇ ਹਨ। ਸ਼ਹੀਦਾਂ ਦੇ ਸਾਕੇ, ਸੂਰਬੀਰਾਂ ਦੇ ਕਾਰਨਾਮੇ ਵਾਰਾਂ ਵਿਚ ਬੰਨ੍ਹ ਕੇ ਢਾਡੀ, ਢੱਡ, ਸਾਰੰਗੀ ਨਾਲ ਗਾ ਕੇ ਪੇਸ਼ ਕਰਕੇ ਕੌਮ ਵਿਚ ਬੀਰ-ਰਸ ਪੈਦਾ ਕਰਨ ਦੀ ਪੁਰਾਣੀ ਪਰੰਪਰਾ ਰਹੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿਚ ਭਾਈ ਮੁਸ਼ਕੀ ਜੀ ਤੇ ਭਾਈ ਛਬੀਲਾ ਜੀ ਨਾਂ ਦੇ ਢਾਡੀ ਸਨ। ‘ਢਾਡੀ’ ਤੇ ‘ਵਾਰ’ ਦੋ ਵੱਖਰੇ-ਵੱਖਰੇ ਨਾਂ ਹਨ ਪਰ ਅੱਜਕਲ੍ਹ ਢਾਡੀ ਵਾਰ ਇੱਕੋ ਸ਼ਬਦ ਨਾਲ ਜਾਣਿਆ ਜਾਣ ਲੱਗਾ। ‘ਵਾਰ’ ਅੰਗਰੇਜ਼ੀ ਵਿਚ ਜੰਗ ਨੂੰ ਕਹਿੰਦੇ ਹਨ। ਕਿਸੇ ਉੱਤੇ ਹਮਲਾ ਕਰਨ ਨੂੰ ਵੀ ‘ਵਾਰ’ ਕਹਿੰਦੇ ਹਨ। ‘ਵਾਰ ਕੀਤਾ’ ਕਈ ਸੂਰਮੇ ਕਹਿੰਦੇ ਸੀ ਬਈ ਪਹਿਲੋਂ ‘ਵਾਰ’ ਕਰ ਲੈ ਮੇਰਾ ‘ਵਾਰ’ ਖਾਲੀ ਨਈਓਂ ਜਾਣਾ।
ਪੰਜਾਬੀਆਂ ਦਾ ਸੰਗੀਤ ਨਾਲ ਅੰਤਾਂ ਦਾ ਮੋਹ ਹੈ। ਹਰ ਖੁਸ਼ੀ ਤੇ ਗ਼ਮੀ ਦੇ ਮੌਕੇ ਸੰਗੀਤ ਰਾਹੀਂ ਹੀ ਪ੍ਰਗਟਾਅ ਕੀਤਾ ਜਾਂਦਾ ਹੈ। ਅੱਜ ਹਰ ਲੋਕ-ਗਾਇਕ ਆਪਣੇ ਗੀਤਾਂ ਵਿਚ ਢੱਡ ਵੀ ਵਜਾ ਰਿਹਾ ਹੈ ਤੇ ਸਾਰੰਗੀ ਵੀ। ਪਰ ਅਫਸੋਸ ਢੱਡ ਤੇ ਸਾਰੰਗੀ ਦੇ ਵਾਰਸਾਂ ਨੂੰ ਸੰਗੀਤਕ ਕੰਪਨੀਆਂ ਅੱਖੋਂ-ਓਹਲੇ ਕਰ ਰਹੀਆਂ ਹਨ। ਅਖੌਤੀ ਕਲਾਕਾਰਾਂ ਦੇ ਹੱਥਾਂ ਵਿਚ ਢੱਡ ਤੇ ਸਾਰੰਗੀ ਫੜਾ ਕੇ ਢਾਡੀ ਹੁਨਰ ਦਾ ਤ੍ਰਿਸਕਾਰ ਕੀਤਾ ਜਾ ਰਿਹਾ ਹੈ। ਪੱਛਮੀ ਸੰਗੀਤ ਦੀਆਂ ਪੌਪ ਧੁਨਾਂ ਦੇ ਵਾਵਰੋਲੇ ਵਿਚ ਢਾਡੀ ਕਲਾ ਨੂੰ ਬਹੁਤ ਵੱਡੀ ਢਾਹ ਲੱਗੀ ਹੈ। ਸਭ ਤੋਂ ਵੱਡਾ ਨੁਕਸਾਨ ਜੋ ਸਾਡੀ ਝੋਲੀ ਵਿਚ ਪੈ ਰਿਹਾ, ਉਹ ਹੈ ਸਾਡੀ ਨੌਜਵਾਨ ਪੀੜ੍ਹੀ ਦਾ ਨੈਤਿਕ ਪਤਨ। ਡਰ ਲੱਗ ਰਿਹਾ ਕਿ ਗਿਰਝਾਂ ਦੇ ਰੂਪ ਵਿਚ ਉਡਾਰੀਆਂ ਮਾਰਦੇ ਪੱਛਮੀ ਸੱਭਿਅਤਾ ਅਤੇ ਸੱਭਿਆਚਾਰ ਦੇ ਬਾਜ਼ ਸਾਡੇ ਅਮੀਰ ਵਿਰਸੇ ਨੂੰ ਖੋਹ ਕੇ ਨਾ ਲੈ ਜਾਣ।
ਨੌਜਵਾਨੋ! ਢਾਡੀ ਬਣਨ ਤੋਂ ਸ਼ਰਮਾਵੋ ਨਾ। ਅਫਸੋਸ ਇਸ ਗੱਲ ਦਾ ਕਿ ਅੱਜ ਦਾ ਨੌਜਵਾਨ ਲੋਕ-ਗਾਇਕ ਤਾਂ ਬਣਨਾ ਚਾਹੁੰਦਾ ਹੈ ਪਰ ਢਾਡੀ ਨਹੀਂ।
ਵੀਰੋ ਯਾਦ ਰੱਖੋ! ਕੌਮ ਵਿਚ ਬੀਰ-ਰਸ ਕੇਵਲ ਢਾਡੀ ਭਰ ਸਕਦਾ ਹੈ ਕਿਉਂਕਿ ਬੀਰ-ਰਸ ਕੇਵਲ ਢਾਡੀਆਂ ਦੇ ਹਿੱਸੇ ਆਇਆ ਹੈ। ਉੱਠੋ-ਜਾਗੋ ਸਾਡੇ ਅਵੇਸਲੇਪਨ ਦਾ ਇਹ ਨਤੀਜਾ ਨਾ ਨਿਕਲੇ ਕਿ ਪੱਛਮੀ ਸੱਭਿਅਤਾ ਦੇ ਕਾਲੇ-ਬੋਲੇ ਬੱਦਲ ਸਾਡੀ ਪੁੰਗਰ ਰਹੀ ਪਨੀਰੀ ਨੂੰ ਜੜ੍ਹੋਂ ਖੋਖਲੇ ਕਰ ਕੇ ਰੱਖ ਦੇਣ। ਢਾਡੀ ਕਲਾ ਦੇ ਖੇਤਰ ਵਿਚ ਮਰਹੂਮ ਢਾਡੀ ਗਿਆਨੀ ਸੋਹਣ ਸਿੰਘ ਸੀਤਲ ਜੀ ਨੂੰ ਢਾਡੀਆਂ ਦੇ ਸਿਰਤਾਜ ਵਜੋਂ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਨੇ ਆਪਣੀ ਕਲਮ ਨਾਲ ਜੋ ਢਾਡੀਆਂ ਨੂੰ ਲਿਖਤਾਂ ਦਿੱਤੀਆਂ ਅੱਜ ਢਾਡੀ ਉਨ੍ਹਾਂ ਲਿਖਤਾਂ ਨੂੰ ਸਟੇਜ ’ਤੇ ਪੇਸ਼ ਕਰਕੇ ਆਪਣੀ ਰੋਜ਼ੀ-ਰੋਟੀ ਚਲਾ ਰਹੇ ਹਨ। ਸੀਤਲ ਜੀ ਮਹਾਨ ਢਾਡੀ, ਮਹਾਨ ਬੁਲਾਰੇ, ਮਹਾਨ ਸਾਹਿਤਕਾਰ, ਮਹਾਨ ਨਾਵਲਕਾਰ ਸਨ। ਉਨ੍ਹਾਂ ਦਾ ਨਾਂ ਸੁਣ ਕੇ ਢਾਡੀਆਂ ਦਾ ਸਿਰ ਫ਼ਖ਼ਰ ਨਾਲ ਉੱਚਾ ਹੋ ਜਾਂਦਾ ਹੈ। ਮਰਹੂਮ ਢਾਡੀ ਗਿਆਨੀ ਦਇਆ ਸਿੰਘ ਦਿਲਬਰ ਹੋਰਾਂ ਦਾ ਜ਼ਿਕਰ ਨਾ ਕਰੀਏ ਤਾਂ ਢਾਡੀ ਕਲਾ ਅਧੂਰੀ ਰਹਿ ਜਾਏਗੀ। ਢਾਡੀ ਹੁਨਰ ਵਿਚ ਦਿਲਬਰ ਹੋਰਾਂ ਦਾ ਨਾਂ ਸੁਨਹਿਰੀ ਅੱਖਰਾਂ ਵਿਚ ਚਮਕ ਰਿਹਾ ਹੈ। ਉਨ੍ਹਾਂ ਦੀ ਪੇਸ਼ਕਾਰੀ ਅੰਦਾਜ਼-ਏ-ਬਿਆਨੀ ਕਮਾਲ ਦੀ ਸੀ। ਉਨ੍ਹਾਂ ਦੀ ਆਵਾਜ਼ ਵਿਚ ਕਹਿਰਾਂ ਦਾ ਬੀਰ-ਰਸ ਸੀ। ਆਵਾਜ਼ ਸੁਣ ਕੇ ਤੁਰ ਜਾਂਦੇ ਰਾਹੀ ਠਹਿਰ ਜਾਂਦੇ ਸਨ। ਅਕਾਸ਼ ਵਿਚ ਉੱਡਦੇ ਪੰਛੀ ਸਾਹ ਸੂਤ ਲੈਂਦੇ। ਉਨ੍ਹਾਂ ਦੀਆਂ ਮਕਬੂਲ ਰਚਨਾਵਾਂ ਢਾਡੀ ਸਟੇਜ ’ਤੇ ਪੇਸ਼ ਕਰਕੇ ‘ਦਿਲਬਰ’ ਨਾਂ ਨੂੰ ਸਲਾਮ ਕਰਨ ਵਿਚ ਫ਼ਖ਼ਰ ਮਹਿਸੂਸ ਕਰਦੇ ਹਨ। ਢਾਡੀ ਭਾਈ ਸੌਦਾਗਰ ਸਿੰਘ ਬੇਪਰਵਾਹ, ਢਾਡੀ ਭਾਈ ਰਾਮ ਸਿੰਘ ਝਾਬੇਵਾਲ, ਢਾਡੀ ਭਾਈ ਉਦੈ ਸਿੰਘ ਮੁੰਡੀਆਂ, ਢਾਡੀ ਭਾਈ ਪਾਲ ਸਿੰਘ ਪੰਛੀ, ਢਾਡੀ ਭਾਈ ਗੁਰਦੀਪ ਸਿੰਘ ਸਾਜਨ, ਢਾਡੀ ਭਾਈ ਨਰੈਣ ਸਿੰਘ ਚੰਦਨ, ਢਾਡੀ ਗਿਆਨੀ ਜਸਵੰਤ ਸਿੰਘ ਤਾਨ, ਢਾਡੀ ਭਾਈ ਚਰਨ ਸਿੰਘ ਭੌਰਾ ਅਤੇ ਗਿਆਨੀ ਬਿੱਕਰ ਸਿੰਘ ਪ੍ਰਦੇਸੀ ਬਜ਼ੁਰਗ ਢਾਡੀਆਂ ਵਿੱਚੋਂ ਹਨ। ਢਾਡੀ ਹੁਨਰ ਦੇ ਨੌਜਵਾਨ ਢਾਡੀ ਜੋ ਇਸ ਪਰੰਪਰਾ ਨੂੰ ਅੱਗੇ ਤੋਰਨ ਲਈ ਯਤਨਸ਼ੀਲ ਹਨ, ਉਨ੍ਹਾਂ ਦਾ ਜ਼ਿਕਰ ਕੀਤੇ ਬਿਨਾਂ ਲੇਖ ਅਧੂਰਾ ਸਮਝਾਂਗਾ। ਢਾਡੀ ਭਾਈ ਨਿਰਮਲ ਸਿੰਘ ਨੂਰ, ਢਾਡੀ ਭਾਈ ਬਲਦੇਵ ਸਿੰਘ ਐਮ.ਏ., ਢਾਡੀ ਭਾਈ ਲਖਵੀਰ ਸਿੰਘ, ਢਾਡੀ ਭਾਈ ਚਰਨ ਸਿੰਘ ਆਲਮਗੀਰ, ਢਾਡੀ ਭਾਈ ਕੁਲਜੀਤ ਸਿੰਘ ਦਿਲਬਰ, ਢਾਡੀ ਭਾਈ ਜਗਦੀਸ਼ ਸਿੰਘ ਚੰਦਨ, ਢਾਡੀ ਭਾਈ ਜਸਪਾਲ ਸਿੰਘ ਤਾਨ, ਢਾਡੀ ਭਾਈ ਗੁਰਨਾਮ ਸਿੰਘ ਮੋਹੀ, ਢਾਡੀ ਭਾਈ ਗੁਰਮੁਖ ਸਿੰਘ ਵਲਟੋਹਾ, ਢਾਡੀ ਭਾਈ ਗੁਰਚਰਨ ਸਿੰਘ ਬੀ.ਏ., ਢਾਡੀ ਗਿਆਨੀ ਤਰਲੋਚਨ ਸਿੰਘ ਭੁਮੱਦੀ, ਢਾਡੀ ਭਾਈ ਬਲਿਹਾਰ ਸਿੰਘ ਢੀਂਡਸਾ, ਢਾਡੀ ਭਾਈ ਰਸ਼ਪਾਲ ਸਿੰਘ ਪਮਾਲ, ਢਾਡੀ ਭਾਈ ਮਹਿੰਦਰ ਸਿੰਘ ਸੀਬੀਆ, ਢਾਡੀ ਭਾਈ ਗੁਰਬਖਸ਼ ਸਿੰਘ ਅਲਬੇਲਾ, ਢਾਡੀ ਭਾਈ ਸੰਤੋਖ ਸਿੰਘ ਪ੍ਰਹਿਰੀ, ਢਾਡੀ ਭਾਈ ਗੁਲਜ਼ਾਰ ਸਿੰਘ ਗੁਲਸ਼ਨ, ਢਾਡੀ ਭਾਈ ਕਸ਼ਮੀਰ ਸਿੰਘ ਕਾਦਰ, ਢਾਡੀ ਭਾਈ ਸਵਿੰਦਰ ਸਿੰਘ ਭੰਗੂ, ਢਾਡੀ ਭਾਈ ਪੂਰਨ ਸਿੰਘ ਅਰਸ਼ੀ ਆਦਿ ਵਰਨਣਯੋਗ ਹਨ। ਸਿੱਖ ਪੰਥ ਦਾ ਮਹੱਤਵਪੂਰਨ ਅੰਗ ਢਾਡੀ ਜਥੇ ਸਿੱਖ ਸਟੇਜਾਂ ਉੱਤੇ ਬੜਾ ਮਾਣ ਤੇ ਸਤਿਕਾਰ ਪਾ ਰਹੇ ਹਨ। ਇਸ ਕਲਾ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ। ਸ਼ਾਲਾ! ਇਹ ਢਾਡੀ ਕਲਾ ਅਕਾਸ਼ ਦੀਆਂ ਬੁਲੰਦੀਆਂ ਛੋਹੇ।
ਲੇਖਕ ਬਾਰੇ
- ਹੋਰ ਲੇਖ ਉਪਲੱਭਧ ਨਹੀਂ ਹਨ