editor@sikharchives.org

ਬਾਲ ਸ਼ਹੀਦ ਬਾਬਾ ਅਜੈ ਸਿੰਘ

ਬਾਲ ਸ਼ਹੀਦ ਬਾਬਾ ਅਜੈ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਦੇ ਸਪੁੱਤਰ ਸਨ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਸਿੱਖ ਧਰਮ ਦੀ ਨੀਂਹ ਅਕਾਲ ਪੁਰਖ ਦੇ ਹੁਕਮ ਅਨੁਸਾਰ ਮਨੁੱਖੀ ਸਮਾਜ ਵਿਚ ਬਰਾਬਰਤਾ ਅਤੇ ਭਾਈਚਾਰਕ ਸਾਂਝ ਉੱਪਰ ਰੱਖੀ ਗਈ। ਇਹ ਆਮ ਧਾਰਨਾ ਹੈ ਕਿ ਜਦੋਂ ਵੀ ਧਰਤੀ ਉੱਪਰ ਅਧਰਮ ਵੱਧ ਜਾਂਦਾ ਹੈ ਤਾਂ ਪਰਮਾਤਮਾ ਕਿਸੇ ਮਹਾਂਪੁਰਸ਼ ਨੂੰ ਪੈਦਾ ਕਰਦਾ ਹੈ, ਜੋ ਅਧਰਮ ਦਾ ਖਾਤਮਾ ਕਰਕੇ ਧਰਮ ਦੀ ਰੱਖਿਆ ਕਰੇ। ਸਿੱਖ ਧਰਮ ਦਾ ਅਰੰਭ ਇਸੇ ਲਈ ਹੋਇਆ। ਭਾਈ ਗੁਰਦਾਸ ਜੀ ਅਨੁਸਾਰ ਉਸ ਵੇਲੇ ਜੁੱਗ-ਗਰਦੀ ਵਰਤ ਰਹੀ ਸੀ। ਪਾਪ, ਵੱਢੀਖੋਰੀ, ਈਰਖਾ, ਦੂਸਰੇ ਧਰਮਾਂ ਦੀ ਆਲੋਚਨਾ ਅਤੇ ਅਗਿਆਨ ਦੀ ਹਨੇਰੀ ਵਗ ਰਹੀ ਸੀ। ਮਨੁੱਖਤਾ ਦੀ ਪੁਕਾਰ ਸੁਣ ਕੇ ਪਰਮਾਤਮਾ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਮਨੁੱਖਤਾ ਦਾ ਕਲਿਆਣ ਕਰਨ ਲਈ ਭੇਜਿਆ:

ਸੁਣੀ ਪੁਕਾਰਿ ਦਾਤਾਰ ਪ੍ਰਭੁ ਗੁਰੁ ਨਾਨਕ ਜਗ ਮਾਹਿ ਪਠਾਇਆ। (ਵਾਰ 1:23)

ਪਰਮਾਤਮਾ ਦੀ ਏਕਤਾ, ਹਰ ਬੁਰਾਈ ਤੋਂ ਮੁਕਤ, ਸਚਾਈ, ਇਨਸਾਫ-ਪਸੰਦ, ਭਾਈਚਾਰਕ ਸਾਂਝ ਤੇ ਪਰਉਪਕਾਰੀ ਸਮਾਜ ਦੀ ਸਿਰਜਨਾ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਉਦੇਸ਼ ਸੀ। ਦਸ ਗੁਰੂ ਸਾਹਿਬਾਨ ਨੇ ਸਮਾਜ ਵਿੱਚੋਂ ਊਚ-ਨੀਚ, ਜਾਤ-ਪਾਤ, ਅਮੀਰੀ-ਗਰੀਬੀ, ਰਾਜਸੀ ਜ਼ੁਲਮ ਅਤੇ ਧਰਮਾਂ ਦੇ ਠੇਕੇਦਾਰਾਂ ਜੋ ਉਨ੍ਹਾਂ ਨੂੰ ਕਰਮਕਾਡਾਂ ਵਿਚ ਫਸਾ ਰਹੇ ਸਨ, ਦਾ ਵਿਰੋਧ ਕੀਤਾ। ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਪੱਧਰ ’ਤੇ ਆ ਚੁੱਕੀ ਗਿਰਾਵਟ ਵਿੱਚੋਂ ਮਨੁੱਖਤਾ ਨੂੰ ਬਾਹਰ ਕੱਢ ਕੇ ਇਕ ਆਦਰਸ਼ ਸਮਾਜ ਦੀ ਸਥਾਪਨਾ ਕਰਨੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਧਰਮ ਦਾ ਅਸਲ ਮਕਸਦ ਸੀ ਅਤੇ ਇਸ ਦੀ ਪ੍ਰਾਪਤੀ ਲਈ ਧਰਮ ਵਾਸਤੇ ਆਪਾ- ਅਰਪਣ ਕਰਨ ਵਾਲੀ ਪ੍ਰਤੀਬੱਧਤਾ ਦੀ ਜ਼ਰੂਰਤ ਸੀ।

ਆਦਰਸ਼ ਦੀ ਖ਼ਾਤਰ ਜਾਨ ਨੂੰ ਕੁਰਬਾਨ ਕਰਨਾ ਮਨੁੱਖ ਦੀ ਮਹਾਨ ਪ੍ਰਾਪਤੀ ਹੈ, ਜਿਸ ਨੂੰ ਸ਼ਹੀਦੀ ਕਿਹਾ ਜਾਂਦਾ ਹੈ। ‘ਸ਼ਹਾਦਤ’ ਦਾ ਅਰਥ-ਸੱਚ ਦੀ ਗਵਾਹੀ ਦੇਣਾ। ਇਹ ਗਵਾਹੀ ਕਿਸੇ ਮਹਾਨ ਆਦਰਸ਼ ਲਈ ਜਾਨ ਕੁਰਬਾਨ ਕਰਕੇ ਦਿੱਤੀ ਜਾਂਦੀ ਹੈ, ਜੋ ਹਰ ਕੋਈ ਨਹੀਂ ਕਰ ਸਕਦਾ। ਵਿਰਲੇ ਸੂਰਮੇ ਮੌਤ ਨੂੰ ਗਲ ਨਾਲ ਲਾਉਂਦੇ ਹਨ ਅਤੇ ਉਹ ਮਰਨ ਤੋਂ ਬਾਅਦ ਪ੍ਰਵਾਨ ਵੀ ਚੜ੍ਹਦੇ ਹਨ:

ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ॥ (ਪੰਨਾ 579)

ਸਿੱਖ ਧਰਮ ਦੇ ਸੰਸਥਾਪਕ ਅਤੇ ਉਨ੍ਹਾਂ ਦੇ ਪੈਰੋਕਾਰ ਸੱਚ ਕਹਿਣ ਅਤੇ ਸੱਚ ਉੱਤੇ ਤੁਰਨ ਦੀ ਹਿੰਮਤ ਰੱਖਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਮੌਕੇ ਦੀ ਸ਼ਾਸਕ ਸ਼੍ਰੇਣੀ ਲਈ ਲਹੂ-ਪੀਣੇ ਜਮ, ਜਬਰਦਸਤੀ ਦਾਨ ਲੈਣ ਵਾਲੇ, ਮੁਕੱਦਮ ਕੁੱਤੇ ਅਤੇ ਧਰਮਾਂ ਦੇ ਆਗੂਆਂ ਨੂੰ ਵੱਢੀ ਲੈ ਕੇ ਨਿਆਂ ਕਰਨ ਵਾਲੇ ਕਿਹਾ। ਇਹੋ ਸੱਚ ਕਹਿਣ ਵਾਲਾ ਹੌਂਸਲਾ ‘ਸ਼ਹਾਦਤ’ ਦੀ ਪਰੰਪਰਾ ਨੂੰ ਬਲਵਾਨ ਕਰਦਾ ਹੈ। ਸਿੱਖ ਧਰਮ ਦੀ ਇਹ ਮਹਾਨ ਰਵਾਇਤ ਰਹੀ ਹੈ ਕਿ ਜਦ ਵੀ ਬੇਸਹਾਰੇ ਦੀ ਬਾਂਹ ਫੜ ਲਈ ਜਾਂਦੀ ਹੈ ਤਾਂ ਲੋੜ ਪੈਣ ’ਤੇ ਆਪਣਾ ਸੀਸ ਦੇ ਕੇ ਵੀ ਉਸ ਦੀ ਰੱਖਿਆ ਕੀਤੀ ਜਾਂਦੀ ਹੈ:

ਬਾਂਹ ਜਿਨ੍ਹਾਂ ਦੀ ਪਕੜੀਐ ਧਰ ਪਈਐ ਧਰਮ ਨ ਛੋਡੀਏ। (ਚਾਂਦ ਕਵੀ)

ਧਰਮ ਦੀ ਰੱਖਿਆ ਲਈ ਆਪਾ ਕੁਰਬਾਨ ਕਰਨ ਵਾਲੇ ਸੂਰਮਿਆਂ ਦੀਆਂ ਸ਼ਹੀਦੀਆਂ ਨੇ ਸਿੱਖ ਧਰਮ ਦੇ ਇਤਿਹਾਸ ਨੂੰ ਗੌਰਵਮਈ ਬਣਾ ਦਿੱਤਾ।

ਸਿੱਖ ਧਰਮ ਵਿਚ ਦੋ ਤਰ੍ਹਾਂ ਦੀਆਂ ਸ਼ਹਾਦਤਾਂ ਮਿਲਦੀਆਂ ਹਨ। ਪਹਿਲੀ ਜ਼ੁਲਮ ਅਤੇ ਅਨਿਆਂ ਦੇ ਟਾਕਰੇ ਲਈ ਨਾ ਸਹਾਰਨਯੋਗ ਕਸ਼ਟ ਸਹਾਰਦੇ ਹੋਏ ਸ਼ਹੀਦ ਹੋ ਜਾਣਾ। ਦੂਸਰੀ-ਜ਼ੁਲਮੀ, ਪਾਪੀ ਅਤੇ ਅਧਰਮੀਆਂ ਨਾਲ ਆਹਮੋ-ਸਾਹਮਣੇ ਤਲਵਾਰ ਲੈ ਕੇ ਟਾਕਰਾ ਕਰਨਾ ਤੇ ਸ਼ਹੀਦੀ ਪ੍ਰਾਪਤ ਕਰਨੀ। ਸਿੱਖ ਧਰਮ ਵਿਚ ਦੋ ਗੁਰੂ ਸਾਹਿਬਾਨਾਂ ਦੇ ਨਾਲ ਅਨੇਕ ਬਜ਼ੁਰਗਾਂ, ਨੌਜਵਾਨਾਂ, ਸਿੰਘਣੀਆਂ ਅਤੇ ਛੋਟੇ-ਛੋਟੇ ਬੱਚਿਆਂ ਦੀ ਸ਼ਹੀਦੀ ਦੀ ਗਾਥਾ ਸਿੱਖ ਇਤਿਹਾਸ ਵਿਚ ਲਿਖੀ ਮਿਲਦੀ ਹੈ। ਸਿੱਖ ਪੰਥ ਇਨ੍ਹਾਂ ਨੂੰ ਆਪਣੀ ਨਿੱਤ ਕੀਤੀ ਜਾਣ ਵਾਲੀ ਅਰਦਾਸ ਵਿਚ ਯਾਦ ਕਰਦਾ ਹੈ।

ਸ਼ਹੀਦੀਆਂ ਦੀ ਗਾਥਾ ਵਿਚ ਬਾਲ ਸ਼ਹੀਦ ਬਾਬਾ ਅਜੈ ਸਿੰਘ ਦਾ ਨਾਮ ਵੀ ਸੁਨਹਿਰੀ ਅੱਖਰਾਂ ਵਿਚ ਲਿਖਿਆ ਹੋਇਆ ਹੈ। ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਬਾਬਾ ਅਜੈ ਸਿੰਘ ਦਾ ਨਾਮ ਸ਼ਹੀਦ ਭੁਝੰਗੀਆਂ ਦੀ ਮੋਹਰਲੀ ਕਤਾਰ ਵਿਚ ਆਉਂਦਾ ਹੈ ਤੇ ਸਿੱਖ ਇਤਿਹਾਸ ਦੇ ਪੰਨਿਆਂ ’ਤੇ ਅੰਕਿਤ ਹੈ। ਬਾਲ ਸ਼ਹੀਦ ਬਾਬਾ ਅਜੈ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਦੇ ਸਪੁੱਤਰ ਸਨ। ਬਾਬਾ ਬੰਦਾ ਸਿੰਘ ਬਹਾਦਰ ਇਕ ਮਹਾਨ ਜਰਨੈਲ ਸੀ, ਜਿਸ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਚਰਨਾਂ ਦੀ ਛੋਹ ਪ੍ਰਾਪਤ ਕਰਕੇ ਪਾਤਸ਼ਾਹ ਜੀ ਦੇ ਪਾਵਨ ਹੁਕਮ ਅਨੁਸਾਰ ਸਮੇਂ ਦੀ ਅਤਿਆਚਾਰੀ ਹਕੂਮਤ ਵਿਰੁੱਧ ਧਰਮ-ਯੁੱਧ ਲੜਿਆ ਅਤੇ ਜਿੱਤਾਂ ਪ੍ਰਾਪਤ ਕੀਤੀਆਂ। ਉਨ੍ਹਾਂ ਦੀਆਂ ਜਿੱਤਾਂ ਵਿੱਚੋਂ ਸਭ ਤੋਂ ਵੱਧ ਮਹੱਤਵਪੂਰਨ ਪ੍ਰਾਪਤੀ ਸਰਹਿੰਦ ਫ਼ਤਹਿ ਕਰਨ ਨਾਲ ਹੋਈ। ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਫ਼ਤਹਿ ਕਰਨ ਤੋਂ ਬਾਅਦ ਸਿੱਖ ਰਾਜ ਦਾ ਕੇਸਰੀ ਨਿਸ਼ਾਨ ਝੁਲਾਇਆ ਅਤੇ ਸਿੱਖ ਰਾਜ ਕਾਇਮ ਕੀਤਾ। ਸਿੱਖ ਰਾਜ ਦੇ ਪਹਿਲੇ ਸਿੱਕੇ ਤੇ ਮੋਹਰਾਂ ਚਾਲੂ ਕੀਤੀਆਂ।

ਬਾਬਾ ਬੰਦਾ ਸਿੰਘ ਬਹਾਦਰ ਨੂੰ ਮੁਗ਼ਲ ਫ਼ੌਜਾਂ ਨੇ ਲੋਹਗੜ੍ਹ ਦੇ ਕਿਲ੍ਹੇ ਵਿੱਚੋਂ ਨਿਕਲਣ ਲਈ ਮਜਬੂਰ ਕਰ ਦਿੱਤਾ ਤਾਂ ਉਹ ਪਹਾੜੀ ਇਲਾਕਿਆਂ ਵੱਲ ਚਲੇ ਗਏ। ਜਦ ਉਹ ਪਹਾੜੀ ਇਲਾਕਿਆਂ ਵੱਲ ਗਏ ਤਾਂ ਉਸ ਵੇਲੇ ਚੰਬੇ ਵਿਚ ਰਾਜਾ ਉਦੈ ਸਿੰਘ ਦਾ ਰਾਜ ਸੀ। ਜਦ ਉਸ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਉਸ ਪਾਸੇ ਵੱਲ ਆਉਣ ਦਾ ਪਤਾ ਲੱਗਾ ਤਾਂ ਰਾਜੇ ਨੇ ਆਪਣੇ ਵਜ਼ੀਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਇੱਛਾ ਪਤਾ ਕਰਨ ਲਈ ਭੇਜਿਆ। ਬਾਬਾ ਬੰਦਾ ਸਿੰਘ ਬਹਾਦਰ ਨੇ ਉਸ ਨੂੰ ਤਸੱਲੀ ਕਰਵਾਈ ਕਿ ਉਸ ਦੀ ਇੱਛਾ ਕੇਵਲ ਚੰਬਾ ਸ਼ਹਿਰ ਵੇਖਣ ਦੀ ਹੈ। ਉਸ ਨੂੰ ਉਸ ਕੋਲੋਂ ਡਰਨ ਦੀ ਲੋੜ ਨਹੀਂ। ਉਹ ਕੇਵਲ ਇਕੱਲਾ ਹੀ ਆਵੇਗਾ। ਇਸ ’ਤੇ ਵਜ਼ੀਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਨਾਲ ਲੈ ਗਿਆ। ਚੰਬੇ ਦੇ ਰਾਜੇ ਉਦੈ ਸਿੰਘ ਨੇ ਉਸ ਦੀ ਬਹੁਤ ਸ਼ਰਧਾ ਭਾਵ ਨਾਲ ਆਉ- ਭਗਤ ਕੀਤੀ। ਰਾਜੇ ਦੇ ਮਨ ਉੱਪਰ ਬਾਬਾ ਬੰਦਾ ਸਿੰਘ ਬਹਾਦਰ ਦਾ ਬਹੁਤ ਪ੍ਰਭਾਵ ਪਿਆ। ਉਸ ਨੇ ਆਪਣੇ ਰਾਜ ਘਰਾਣੇ ਵਿੱਚੋਂ ਆਪਣੀ ਭਤੀਜੀ ਦਾ ਵਿਆਹ ਬਾਬਾ ਬੰਦਾ ਸਿੰਘ ਬਹਾਦਰ ਨਾਲ ਕਰ ਦਿੱਤਾ, ਜਿਸ ਦਾ ਨਾਮ ਵਿਆਹ ਤੋਂ ਬਾਅਦ ਸੁਸ਼ੀਲ ਕੌਰ ਰੱਖਿਆ ਗਿਆ। ਕੁਝ ਸਮਾਂ ਚੰਬੇ ਰਹਿਣ ਤੋਂ ਬਾਅਦ ਬਾਬਾ ਬੰਦਾ ਸਿੰਘ ਜੰਮੂ ਵੱਲ ਗਿਆ। ਉਥੇ ਉਸ ਨੇ ਜੰਮੂ ਦੇ ਫੌਜਦਾਰ ਨੂੰ ਹਰਾਇਆ। ਜੰਮੂ ਦੇ ਰਿਆਸੀ ਸਥਾਨ ਉੱਪਰ ਕੁਝ ਸਮਾਂ ਆਪਣਾ ਡੇਰਾ ਲਾਇਆ। ਇਸੇ ਜਗ੍ਹਾ ’ਤੇ 1711 ਈਸਵੀ ਦੇ ਵਿਚ ਬੀਬੀ ਸੁਸ਼ੀਲ ਕੌਰ ਨੇ ਬਾਲਕ ਅਜੈ ਸਿੰਘ ਨੂੰ ਜਨਮ ਦਿੱਤਾ।

ਬਾਬਾ ਬੰਦਾ ਸਿੰਘ ਬਹਾਦਰ ਗੁਰਦਾਸ ਨੰਗਲ ਦੇ ਲੰਮੇ ਘੇਰੇ ਵਿੱਚੋਂ ਅਖੀਰ ਆਪਣੇ ਸਾਥੀਆਂ ਸਮੇਤ ਫੜਿਆ ਗਿਆ। ਬਾਬਾ ਅਜੈ ਸਿੰਘ ਵੀ ਉਨ੍ਹਾਂ ਵਿਚ ਸ਼ਾਮਲ ਸੀ। ਬਾਬਾ ਬੰਦਾ ਸਿੰਘ ਬਹਾਦਰ ਅਤੇ ਸਿੱਖ ਕੈਦੀ ਜੋ ਗੁਰਦਾਸ ਨੰਗਲ ਦੀ ਗੜ੍ਹੀ ਵਿੱਚੋਂ ਫੜੇ ਗਏ ਸਨ, ਨੂੰ ਲਾਹੌਰ ਲਿਆਂਦਾ ਗਿਆ। ਉਨ੍ਹਾਂ ਨੂੰ ਬਹੁਤ ਹੀ ਸਖ਼ਤ ਪਹਿਰੇ ਹੇਠਾਂ ਰੱਖਿਆ ਜਾ ਰਿਹਾ ਸੀ। ਫਿਰ ਉਨ੍ਹਾਂ ਨੂੰ ਇਕ ਜਲੂਸ ਦੀ ਸ਼ਕਲ ਵਿਚ ਲਾਹੌਰ ਤੋਂ ਦਿੱਲੀ ਲਿਆਂਦਾ ਗਿਆ। ਦਿੱਲੀ ਵਿਚ ਗੁਰਦਾਸ ਨੰਗਲ ਤੋਂ ਫੜੇ ਗਏ ਬਾਬਾ ਬੰਦਾ ਸਿੰਘ ਬਹਾਦਰ ਤੇ 740 ਸਿੱਖ ਕੈਦੀਆਂ ਨੂੰ ਇਸਲਾਮ ਜਾਂ ਮੌਤ ਦੋਨਾਂ ਵਿੱਚੋਂ ਇਕ ਨੂੰ ਚੁਣਨ ਲਈ ਕਿਹਾ ਗਿਆ। ਪਰ ਕਿਸੇ ਵੀ ਸਿੱਖ ਨੇ ਆਪਣਾ ਧਰਮ ਨਹੀਂ ਛੱਡਿਆ। ਫਿਰ ਹਰ ਰੋਜ਼ 100 ਸਿੱਖਾਂ ਨੂੰ ਤਸੀਹੇ ਦੇ ਕੇ ਸ਼ਹੀਦ ਕਰਨ ਦਾ ਸਿਲਸਿਲਾ ਸ਼ੁਰੂ ਹੋਇਆ ਜੋ ਇਕ ਹਫਤਾ ਚਲਦਾ ਰਿਹਾ। ਸਿੱਖਾਂ ਨੇ ਬੜੀ ਬਹਾਦਰੀ, ਸਬਰ ਅਤੇ ਅਜਿੱਤ ਭਾਵਨਾ ਨਾਲ ਸ਼ਹੀਦੀਆਂ ਪ੍ਰਾਪਤ ਕੀਤੀਆਂ। ਬਾਬਾ ਬੰਦਾ ਸਿੰਘ ਬਹਾਦਰ ਤੇ ਕੁਝ ਹੋਰ ਸਾਥੀ ਸਿੰਘਾਂ ਅਤੇ ਬਾਬਾ ਅਜੈ ਸਿੰਘ ਨੂੰ ਉਸ ਦੇ ਖ਼ਜ਼ਾਨੇ ਦਾ ਪਤਾ ਕਰਨ ਲਈ ਤਿੰਨ ਮਹੀਨੇ ਤੱਕ ਰੋਕੀ ਰੱਖਿਆ। ਅੰਤ ਜਦ ਉਨ੍ਹਾਂ ਨੂੰ ਕੋਈ ਪ੍ਰਾਪਤੀ ਨਾ ਹੋਈ ਤਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰਨ ਦਾ ਨਿਸ਼ਚਾ ਕੀਤਾ।

9 ਜੂਨ 1716 ਈ: ਨੂੰ ਬਾਬਾ ਬੰਦਾ ਸਿੰਘ ਬਹਾਦਰ, ਉਸ ਦੇ ਸਪੁੱਤਰ ਬਾਬਾ ਅਜੈ ਸਿੰਘ ਅਤੇ ਕੁਝ ਸਾਥੀ ਜਲੂਸ ਦੀ ਸ਼ਕਲ ਵਿਚ ਕਿਲ੍ਹੇ ਵਿੱਚੋਂ ਬਾਹਰ ਲਿਆਂਦੇ ਗਏ। ਉਨ੍ਹਾਂ ਨੂੰ ਪੁਰਾਣੇ ਸ਼ਹਿਰ ਦੀਆਂ ਗਲੀਆਂ ਵਿਚ ਅਤੇ ਬਹਾਦਰ ਸ਼ਾਹ ਦੇ ਮਕਬਰੇ ਦੁਆਲੇ ਵੀ ਫਿਰਾਇਆ ਗਿਆ। ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਇਸਲਾਮ ਕਬੂਲ ਕਰਨ ਵਾਸਤੇ ਕਿਹਾ ਗਿਆ। ਉਨ੍ਹਾਂ ਨੇ ਇਨਕਾਰ ਕਰਕੇ ਮੌਤ ਨੂੰ ਤਰਜੀਹ ਦਿੱਤੀ। ਤਦ ਬਾਬਾ ਬੰਦਾ ਸਿੰਘ ਬਹਾਦਰ ਦੇ ਸਪੁੱਤਰ ਬਾਬਾ ਅਜੈ ਸਿੰਘ ਨੂੰ ਮਾਤਾ ਸੁਸ਼ੀਲ ਕੌਰ ਤੋਂ ਲੈ ਕੇ ਉਨ੍ਹਾਂ ਦੀ ਗੋਦ ਵਿਚ ਬਿਠਾ ਦਿੱਤਾ ਅਤੇ ਬਾਬਾ ਜੀ ਨੂੰ ਆਪਣੇ ਸਪੁੱਤਰ ਨੂੰ ਕਤਲ ਕਰਨ ਲਈ ਕਿਹਾ। ਬਾਬਾ ਬੰਦਾ ਸਿੰਘ ਬਹਾਦਰ ਸ਼ਾਂਤ, ਅਡੋਲ ਅਤੇ ਸਿਮਰਨ ਵਿਚ ਜੁੜੇ ਬੜੇ ਧੀਰਜ ਨਾਲ ਬੈਠੇ ਰਹੇ। ਬਾਬਾ ਬੰਦਾ ਸਿੰਘ ਬਹਾਦਰ ਦੇ ਇਨਕਾਰ ਕਰਨ ’ਤੇ ਜਲਾਦ ਨੇ ਬਾਬਾ ਅਜੈ ਸਿੰਘ ਜੋ ਇਕ ਮਾਸੂਮ ਬਾਲਕ ਸੀ, ਦਾ ਇਕ ਹੱਥ ਕੱਟ ਦਿੱਤਾ। ਬਾਬਾ ਜੀ ਫਿਰ ਵੀ ਅਡੋਲ ਰਹੇ। ਮੁੜ ਜਲਾਦ ਨੇ ਦੂਜਾ ਹੱਥ ਕੱਟ ਦਿੱਤਾ। ਇਸ ਅਸਹਿ ਦਰਦ ਨੂੰ ਵੀ ਸਹਿ ਗਏ। ਫਿਰ ਜਲਾਦ ਨੇ ਬਾਬਾ ਅਜੈ ਸਿੰਘ ਦੇ ਟੁਕੜੇ-ਟੁਕੜੇ ਕਰਕੇ ਉਸ ਦਾ ਕਲੇਜਾ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿਚ ਤੁੰਨ ਦਿੱਤਾ। ਬਾਬਾ ਅਜੈ ਸਿੰਘ ਦੀਆਂ ਆਂਦਰਾਂ ਕੱਢ ਕੇ ਉਨ੍ਹਾਂ ਦਾ ਹਾਰ ਬਣਾ ਕੇ ਬਾਬਾ ਜੀ ਦੇ ਗਲ਼ ਵਿਚ ਪਾ ਦਿੱਤਾ। ਬਾਬਾ ਬੰਦਾ ਸਿੰਘ ਬਹਾਦਰ ਅਡੋਲ, ਸ਼ਾਂਤ, ਇਕਰਸ, ਦੁੱਖ-ਸੁਖ ਤੋਂ ਨਿਰਲੇਪ ਬੈਠੇ ਰਹੇ। ਇਸ ਤੋਂ ਬਾਅਦ ਵਿਚ ਬਾਬਾ ਬੰਦਾ ਸਿੰਘ ਜੀ ਨੂੰ ਹੋਰ ਅਨੇਕ ਤਰ੍ਹਾਂ ਦੇ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ।

ਸਾਰ ਤੌਰ ’ਤੇ ਬਾਬਾ ਅਜੈ ਸਿੰਘ ਦੀ ਬਾਲ ਜੀਵਨ ਵਿਚ ਸ਼ਹਾਦਤ ਬਾਰੇ ਇਹ ਕਿਹਾ ਜਾ ਸਕਦਾ ਹੈ ਕਿ ਜਿਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਜੀਵਨ ਦੇ ਅੰਤਮ ਸਮੇਂ ਹੌਂਸਲੇ ਤੇ ਬੀਰਤਾ ਦਾ ਪ੍ਰਗਟਾਵਾ ਕੀਤਾ, ਉਥੇ ਬਾਬਾ ਅਜੈ ਸਿੰਘ ਦੀ ਸ਼ਹਾਦਤ ਅੱਜ ਵੀ ਸਾਡੇ ਲਈ ਪ੍ਰੇਰਨਾ-ਸ੍ਰੋਤ ਹੈ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਲੈਕਚਰਾਰ -ਵਿਖੇ: ਖ਼ਾਲਸਾ ਕਾਲਜ ਫਾਰ ਵੂਮੈਨ, ਸ੍ਰੀ ਅੰਮ੍ਰਿਤਸਰ
ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)