ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੈਸਾਖੀ ਦੇ ਦਿਹਾੜੇ ’ਤੇ ਸੰਮਤ 1756 ਬਿਕ੍ਰਮੀ ਨੂੰ ਕੀਤੀ ਖਾਲਸੇ ਦੀ ਸਾਜਨਾ ਕੀਤੀ ਤਾਂ ਖਾਲਸਾ ਪੰਥ ਦੇ ਰੂਪ ਵਿਚ ਵਿਕਸਿਤ ਹੋਇਆ ਜਿਸ ਨੇ ਨਿਵੇਕਲੇ ਮਹੱਤਵਪੂਰਨ ਸੁਨਹਿਰੀ ਮਕਬੂਲ ਇਤਿਹਾਸ ਦੀ ਸਿਰਜਨਾ ਕੀਤੀ। ਸਿਰਜੇ ਇਤਿਹਾਸ ਵਿਚ, ਖਾਲਸਾ ਪੰਥ ਨੇ ਧਰਮ ਦੀ ਖ਼ਾਤਰ ਅਨਗਿਣਤ ਸ਼ਹਾਦਤਾਂ ਪ੍ਰਾਪਤ ਕੀਤੀਆਂ। ਗੁਰੂ ਸਾਹਿਬਾਨ ਵੱਲੋਂ ਪਾਏ ਗਏ ਪੂਰਨਿਆਂ ’ਤੇ ਚਲਦਿਆਂ ਹੋਇਆਂ ਅਨੇਕਾਂ ਹੀ ਸਿੰਘਾਂ-ਸਿੰਘਣੀਆਂ ਅਤੇ ਗੁਰੂ ਦੇ ਪਿਆਰਿਆਂ ਨੇ ਸ਼ਹੀਦੀ ਜਾਮ ਪੀ ਕੇ ਪੰਥ ਦਾ ਨਾਂ ਰੌਸ਼ਨ ਕੀਤਾ ਅਤੇ ਗੁਰਦੁਆਰਾ ਸੁਧਾਰ ਲਹਿਰ ਲਈ ਆਪਾ ਵਾਰਿਆ। ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਜੀ ਦਾ ਸ਼ਹੀਦੀ ਸਾਕਾ ਵੀ ਦੁਨੀਆਂ ਦੇ ਧਾਰਮਿਕ ਇਤਿਹਾਸ ਵਿਚ ਸਿੱਖ ਇਤਿਹਾਸ ਦਾ ਅਹਿਮ ਪੰਨਾ ਹੋ ਨਿਬੜਿਆ ਹੈ।
ਜ਼ਿਲ੍ਹਾ ਸਿਰਮੌਰ ਦੀ ਰਿਆਸਤ ਨਾਹਨ ਵਿਚ ਜਮਨਾ ਦੇ ਕੰਢੇ ਸੁਸ਼ੋਭਿਤ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਾਵਨ ਚਰਨ ਛੋਹ ਪ੍ਰਾਪਤ ਅਸਥਾਨ ਹੈ:
ਦੇਸ ਚਾਲ ਹਮ ਤੇ ਪੁਨਿ ਭਈ।
ਸਹਰ ਪਾਂਵਟਾ ਕੀ ਸੁਧਿ ਲਈ। (ਬਚਿਤ੍ਰ ਨਾਟਕ)
ਰਾਜਾ ਮੇਦਨੀ ਪ੍ਰਕਾਸ਼ ਦੀ ਬੇਨਤੀ ’ਤੇ ਦਸਮੇਸ਼ ਪਿਤਾ ਜੀ ਨਾਹਨ ਵਿਖੇ ਪਰਵਾਰ ਅਤੇ ਸਿੱਖਾਂ ਸਮੇਤ ਪਹੁੰਚੇ ਅਤੇ ਜਮਨਾ ਦੇ ਕਿਨਾਰੇ ’ਤੇ ਬਾਬਾ ਬੁੱਢਾ ਜੀ ਦੀ ਵੰਸ ਵਿੱਚੋਂ ਭਾਈ ਰਾਮ ਕੁਇਰ (ਭਾਈ ਗੁਰਬਖਸ਼ ਸਿੰਘ ਜੀ) ਤੋਂ ਗੁਰਦੁਆਰਾ ਪਾਉਂਟਾ ਸਾਹਿਬ ਜੀ ਦੀ ਅਰਦਾਸ ਕਰਕੇ ਨੀਂਹ ਰਖਵਾਈ। ਪੀਰ ਬੁੱਧੂ ਸ਼ਾਹ ਜੀ ਸਢੌਰਾ ਦੇ ਰਹਿਣ ਵਾਲੇ ਸਨ, ਉਨ੍ਹਾਂ ਨੇ ਇਸ ਅਸਥਾਨ ’ਤੇ ਆ ਕੇ ਗੁਰੂ ਜੀ ਦੇ ਦਰਸ਼ਨ ਕੀਤੇ। ਇਸੇ ਅਸਥਾਨ ’ਤੇ ਗੁਰੂ ਜੀ ਨੇ 52 ਕਵੀਆਂ ਨਾਲ ਕਵੀ ਦਰਵਾਰ ਸਜਾਉਣੇ ਅਰੰਭ ਕੀਤੇ। ਸੰਨ 1687 ਈ: ਵਿਚ ਭੰਗਾਣੀ ਦਾ ਯੁੱਧ ਹੋਇਆ। ਦਸਮੇਸ਼ ਪਿਤਾ ਜੀ ਦੀ ਜਿੱਤ ਹੋਈ। ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਦਾ ਜਨਮ ਵੀ ਇਸੇ ਅਸਥਾਨ ’ਤੇ ਹੋਇਆ। ਕਲਗੀਧਰ ਪਿਤਾ ਜੀ ਨੇ ਇਸ ਪਵਿੱਤਰ ਅਸਥਾਨ ’ਤੇ ਸਿੱਖਾਂ ਦੇ ਦਸਤਾਰ ਮੁਕਾਬਲੇ ਕਰਵਉਣੇ ਅਰੰਭੇ ਅਤੇ ਬਹੁਤ ਸਾਰੀ ਬਾਣੀ ਦੀ ਰਚਨਾ ਵੀ ਇਸ ਅਸਥਾਨ ’ਤੇ ਹੀ ਕੀਤੀ। ਗੁਰੂ ਸਾਹਿਬ ਜੀ ਇਸ ਅਸਥਾਨ ਤੋਂ ਵਾਪਸ ਸ੍ਰੀ ਅਨੰਦਪੁਰ ਸਾਹਿਬ ਆ ਗਏ ਅਤੇ ਜਾਣ ਤੋਂ ਪਹਿਲਾਂ ਉਨ੍ਹਾਂ ਨੇ ਇਸ ਅਸਥਾਨ ਦੀ ਸੇਵਾ-ਸੰਭਾਲ ਭਾਈ ਬਿਸ਼ਨ ਸਿੰਘ ਜੀ ਨੂੰ ਸੌਂਪ ਦਿੱਤੀ। ਭਾਈ ਬਿਸ਼ਨ ਸਿੰਘ ਜੀ ਤੋਂ ਬਾਅਦ ਉਨ੍ਹਾਂ ਦੀ ਔਲਾਦ ਪੀੜ੍ਹੀ-ਦਰ-ਪੀੜ੍ਹੀ ਇਸ ਅਸਥਾਨ ਦੀ ਸੇਵਾ ਕਰਦੀ ਰਹੀ।
ਗੁਰਦੁਆਰਾ ਸੁਧਾਰ ਲਹਿਰ ਸਮੇਂ ਸਿੱਖਾਂ ਵਿਚ ਜਾਗ੍ਰਤੀ ਆਉਣੀ ਸ਼ੁਰੂ ਹੋ ਗਈ। ਬਾਬੇ ਕੀ ਬੇਰ, ਸ੍ਰੀ ਤਰਨਤਾਰਨ ਸਾਹਿਬ ਅਤੇ ਸ੍ਰੀ ਨਨਕਾਣਾ ਸਾਹਿਬ ਆਦਿ ਇਤਿਹਾਸਕ ਗੁਰਦੁਆਰਾ ਸਾਹਿਬਾਨ ਪੰਥਕ ਪ੍ਰਬੰਧ ਹੇਠ ਲਿਆਉਣ ਲਈ ਸਿੱਖ ਕੌਮ ਨੇ ਅਥਾਹ ਕੁਰਬਨੀਆਂ ਦਿੱਤੀਆਂ ਅਤੇ ਕਾਮਯਾਬੀ ਹਾਸਲ ਕੀਤੀ।
ਜਿਸ ਸਮੇਂ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਦਾ ਪ੍ਰਬੰਧ ਮਹੰਤ ਗੁਰਦਿਆਲ ਸਿੰਘ ਪਾਸ ਆਇਆ ਉਸ ਸਮੇਂ ਗੁਰਦੁਆਰਾ ਸਾਹਿਬ ਦੀ ਸੇਵਾ-ਸੰਭਾਲ ਵਿਚ ਬਹੁਤ ਗਿਰਾਵਟ ਆ ਗਈ। ਤਰਨਾ ਦਲ ਹਰੀਆਂ ਵੇਲਾਂ ਨਿਹੰਗ ਸਿੰਘ ਜਥੇਬੰਦੀ ਦੇ ਪਹਿਲੇ ਜਥੇਦਾਰ ਬਾਬਾ ਹਰਭਜਨ ਸਿੰਘ ਜੀ ਦੀ ਅਗਵਾਈ ਵਿਚ ਸੰਨ 1951 ਈ:, ਸੰਨ 1953 ਈ: ਅਤੇ ਫੇਰ 10 ਮਾਰਚ ਸੰਨ 1964 ਈ: ਨੂੰ ਤਰਨਾ ਦਲ ਹਰੀਆਂ ਵੇਲਾਂ, ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਚੇਤ ਸਿੰਘ ਜੀ ਦੀ ਆਗਿਆ ਨਾਲ ਗੁਰਦੁਆਰਾ ਸ੍ਰੀ ਅਜੀਤਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ-ਮਹੱਲਾ ਮਨਾ ਕੇ ਸ੍ਰੀ ਪਾਉਂਟਾ ਸਾਹਿਬ ਵਿਖੇ ਅਨੇਕਾਂ ਰੁਕਾਵਟਾਂ ਦੇ ਬਾਵਜੂਦ ਪੁੱਜਣ ਵਿਚ ਸਫ਼ਲ ਹੋ ਗਏ। ਦਲ ਦੀ ਪਹੁੰਚ ਬਾਰੇ ਮਹੰਤ ਨੂੰ ਵੀ ਖ਼ਬਰਾਂ ਮਿਲ ਚੁੱਕੀਆਂ ਸਨ। ਮਹੰਤ ਨੇ ਸਰਕਾਰ-ਏ-ਦਰਬਾਰ ਪਹੁੰਚ ਕਰਕੇ ਸਾਰਾ ਇੰਤਜਾਮ ਕਰ ਰੱਖਿਆ ਸੀ। ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ ਮੁਖ ਰੱਖਦਿਆ 6 ਅਪ੍ਰੈਲ ਤੋਂ ਲੜੀਵਾਰ 101 ਸ੍ਰੀ ਅਖੰਡ ਪਾਠ ਸਾਹਿਬ ਬਾਬਾ ਹਰਭਜਨ ਸਿੰਘ ਜੀ ਦੀ ਸੇਵਾ-ਸੰਭਾਲ ਹੇਠ ਅਰੰਭ ਕਰ ਦਿੱਤੇ ਗਏ। ਬਾਬਾ ਹਰਭਜਨ ਸਿੰਘ ਜੀ ਨੂੰ ਰੈਸਟ ਹਾਊਸ ਵਿਚ ਗੱਲਬਾਤ ਕਰਨ ਦੇ ਬਹਾਨੇ ਬੁਲਾ ਕੇ ਗ੍ਰਿਫਤਾਰ ਕਰ ਲਿਆ ਗਿਆ। ਤਰਨਾ ਦਲ ਹਰੀਆਂ ਵੇਲਾਂ ਦੇ ਮੌਜੂਦਾ ਜਥੇਦਾਰ ਬਾਬਾ ਨਿਹਾਲ ਸਿੰਘ ਜੀ ਜੋ ਕਿ ਸ੍ਰੀ ਦਰਬਾਰ ਸਾਹਿਬ ਅੰਦਰ ਚਵਰ ਕਰ ਰਹੇ ਸਨ, ਇਨ੍ਹਾਂ ਦੇ ਦੱਸਣ ਮੁਤਾਬਿਕ 22ਵੇਂ ਸ੍ਰੀ ਅਖੰਡਪਾਠ ਸਾਹਿਬ ਜੀ ਦੇ ਭੋਗ ਪੈ ਚੁੱਕੇ ਸਨ। 23ਵਾਂ ਸ੍ਰੀ ਅਖੰਡਪਾਠ ਅਰੰਭ ਸੀ। ਸ਼ਹੀਦੀ ਸਾਕੇ ਸਮੇਂ ਮਾਝ ਰਾਗ ਚੱਲ ਰਿਹਾ ਸੀ। ਉਸ ਦਿਨ 22 ਮਈ 1964 ਈ: ਨੂੰ ਮੰਗਲਵਾਰ ਦਾ ਦਿਨ ਸੀ। ਸਾਢੇ ਬਾਰ੍ਹਾਂ ਵਜੇ ਦੇ ਕਰੀਬ ਪੁਲੀਸ ਨੇ ਗੁਰਦੁਆਰਾ ਸਾਹਿਬ ਨੂੰ ਚਾਰੇ ਪਾਸੇ ਤੋਂ ਘੇਰਾ ਪਾ ਲਿਆ ਅਤੇ ਹਥਿਆਰਬੰਦ ਪੁਲੀਸ ਪੌੜੀਆਂ ਲਾ ਕੇ ਦਰਵਾਜ਼ੇ ਤੋੜ ਕੇ ਗੁਰੂ-ਦਰਬਾਰ ਵਿਚ ਦਾਖਲ ਹੋ ਗਈ। ਉਸ ਸਮੇਂ ਦਰਬਾਰ ਸਾਹਿਬ ਅੰਦਰ 15 ਦੇ ਕਰੀਬ ਨਿਹੰਗ ਸਿੰਘ ਮੌਜੂਦ ਸਨ। ਡਿਪਟੀ ਕਮਿਸ਼ਨਰ ਮਿਸਟਰ ਆਰ. ਕੇ. ਚੰਡੇਲ ਦੇ ਹੁਕਮ ਨਾਲ ਪੁਲੀਸ ਨੇ ਗੋਲੀਆਂ ਦੀ ਬੁਛਾੜ ਸ਼ੁਰੂ ਕਰ ਦਿੱਤੀ। ਪੁਲੀਸ ਦੀਆਂ ਗੋਲੀਆਂ ਨਾਲ 11 ਨਿਹੰਗ ਸਿੰਘ ਮੌਕੇ ’ਤੇ ਹੀ ਸ਼ਹੀਦ ਹੋ ਗਏ। ਜਥੇਦਾਰ ਬਾਬਾ ਨਿਹਾਲ ਸਿੰਘ ਜੀ ਦੇ ਤਿੰਨ ਗੋਲੀਆਂ ਲੱਗੀਆਂ ਜਿਸ ਨਾਲ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਇਕ ਪ੍ਰਸਿੱਧ ਕਵੀ ਨੇ ਬੜਾ ਖ਼ੂਬਸੂਰਤ ਬਿਆਨ ਕੀਤਾ ਹੈ:
ਜਿਹੜੀ ਕੌਮ ਸ਼ਹੀਦਾਂ ਨੂੰ ਭੁੱਲਦੀ ਨਹੀਂ,
ਤੇ ਪੈਦਾ ਕਰੇ ਸ਼ਹੀਦੀਆਂ ਪਾਉਣ ਵਾਲੇ,
ਕੌਣ ਜੰਮਿਐ ਉਹਨੂੰ ਜੋ ਮੇਟ ਸਕਦੈ,
ਮਿਟ ਜਾਣਗੇ ਉਹਨੂੰ ਮਿਟਾਉਣ ਵਾਲੇ!
ਲੇਖਕ ਬਾਰੇ
#117, ਸਤਿਨਾਮ ਨਗਰ, ਬਸਤੀ ਦਾਨਸ਼ਮੰਦਾਂ, ਜਲੰਧਰ-144002
- ਹੋਰ ਲੇਖ ਉਪਲੱਭਧ ਨਹੀਂ ਹਨ