ਕਮਾਨ ਤੋੜ ਦਿੱਤੀ, ਤੀਰਾਂ ਦੀਆਂ ਕਾਨੀਆਂ ਭੰਨ ਸੁੱਟੀਆਂ, ਖੰਜਰ ਨਦੀ ਵਿਚ ਵਗਾਹ ਮਾਰੀ, ਸ਼ਿਕਾਰੀ ਲਿਬਾਸ ਲਾਹ ਕੇ ਫਕੀਰਾਂ ਵਾਲਾ ਪਹਿਨ ਲਿਆ। ਇਕ ਪੰਦਰ੍ਹਾਂ ਸਾਲ ਦੇ ਗੱਭਰੂ ਦੇ ਜੀਵਨ ਵਿਚ ਏਨੀ ਤਬਦੀਲੀ ਹਿਰਨੀ ਦੇ ਦੋ ਬੱਚਿਆਂ ਦੀ ਮੌਤ ਨੇ ਲੈ ਆਂਦੀ। ਜਨਮ-ਭੂਮੀ ‘ਰਾਜੌਰੀ’ ਨੂੰ ਸਦਾ ਵਾਸਤੇ ਨਮਸਕਾਰ ਕੀਤੀ ਤੇ ਪੰਜਾਬ ਦੇ ਮੈਦਾਨਾਂ ਦਾ ਰਾਹ ਫੜਿਆ। ਪੰਜਾਬ, ਯੂ.ਪੀ.ਤੇ ਸੀ.ਪੀ. ਵਿਚ 7 ਸਾਲ ਭਟਕਦਾ ਰਿਹਾ, ਪਰ ਕਿਤੇ ਜੀਅ ਨਾ ਲੱਗਾ। ਸੰਤਾਂ, ਫਕੀਰਾਂ, ਯੋਗੀਆਂ ਦੀ ਸੰਗਤ ਕੀਤੀ, ਪਰ ਦਿਲ ਨਾ ਮੰਨਿਆ।
ਗੋਦਾਵਰੀ ਦਾ ਹਰਿਆ-ਭਰਿਆ ਕੰਢਾ ਪਸੰਦ ਆਇਆ, ਆਸ਼ਰਮ ਬਣਾ ਲਿਆ, ਚੇਲੇ ਥਾਪ ਲਏ, ਗੱਦੀ ਕਾਇਮ ਕਰ ਲਈ, ਸੀਸ ਝੁਕਣ ਲੱਗ ਪਏ। ਸਭ ਕੁਝ ਹੋ ਗਿਆ, ਪਰ ਸ਼ਿਕਾਰੀ ਸੁਭਾਅ ਅਜੇ ਨਾ ਬਦਲਿਆ। ਹੁਣ ਕਮਾਨ ਨਹੀਂ, ਤੀਰ ਨਹੀਂ, ਪਰ ਯੋਗ-ਸ਼ਕਤੀ ਨਾਲ ਪਸ਼ੂ-ਪੰਛੀਆਂ ਦੀ ਥਾਂ ਰੱਬ ਦੇ ਬੰਦਿਆਂ ਦਾ ਸ਼ਿਕਾਰ। ਆਏ ਨੂੰ ਪਲੰਘ ’ਤੇ ਬਿਠਾਉਣਾ ਤੇ ਉਲਟਾ ਦੇਣਾ। ਹੱਥ ’ਤੇ ਹੱਥ ਮਾਰ ਕੇ ਹੱਸ ਪੈਣਾ, ਕਿਸੇ ਦੀ ਬੇਇਜ਼ਤੀ ਕਰ ਕੇ ਖੁਸ਼ ਹੋ ਛੱਡਣਾ। ਇਸੇ ਵਿਹਾਰ ਵਿਚ ਸੋਲ੍ਹਾਂ ਸਾਲ ਗੁਜ਼ਾਰ ਦਿੱਤੇ।
ਆ ਗਿਆ ਕੋਈ ਸੁੱਤੀਆਂ ਸ਼ਕਤੀਆਂ ਨੂੰ ਜਗਾਉਣ ਵਾਲਾ। ਬੈਰਾਗੀ ਆਸ਼ਰਮ ’ਚੋਂ ਬਾਹਰ ਗਿਆ ਹੋਇਆ ਸੀ। ਮੇਰੇ ਦਾਤਾ ਜੀ, ਦੈਵੀ ਜੋਤ, ਅਕਾਲ-ਮੂਰਤੀ, ਪਲੰਘ ’ਤੇ ਆ ਬੈਠੇ। ਹਾਂ! ਹਾਂ! ਓਸੇ ਪਲੰਘ ’ਤੇ ਜਿਸ ’ਤੇ ਅਨੇਕਾਂ ਸਾਧੂਆਂ ਨੂੰ ਬਿਠਾ ਕੇ ਬੈਰਾਗੀ ਮਸ਼ਕਰੀ ਕਰਦਾ ਰਿਹਾ ਸੀ। ਸਿੱਖਾਂ ਨੇ ਆਸ਼ਰਮ ਵਿਚ ਭੋਜਨ ਦੀ ਤਿਆਰੀ ਅਰੰਭ ਦਿੱਤੀ। ਇਹ ਸਾਰੇ ਸਮਾਚਾਰ ਬੈਰਾਗੀ ਤਕ ਪਹੁੰਚੇ। ਦਿਲ ਵਿਚ ਜੋਸ਼, ਨੈਣਾਂ ’ਚੋਂ ਅੱਗ ਦੇ ਲੂੰਬੇ, ਕ੍ਰੋਧ ਭਰਿਆ ਉਹ ਟਾਕਰੇ ਵਾਸਤੇ ਡੇਰੇ ਨੂੰ ਆਇਆ। ਪਲੰਘ ਉਲਟਾਉਣ ਬਦਲੇ ਸਭ ਸ਼ਕਤੀਆਂ ਵਰਤੀਆਂ, ਪਰ ਕੋਈ ਪੇਸ਼ ਨਾ ਗਈ। ਨੀਝ ਲਾ ਕੇ ਮਹਾਰਾਜ ਦੇ ਚਿਹਰੇ ਵੱਲ ਤੱਕਿਆ, ਤਾਂ ਕੋਈ ਅਨੋਖਾ ਪ੍ਰਕਾਸ਼ ਦਿੱਸਿਆ। ਦਿਲ ਇਕ ਛਿਨ ਕੰਬਿਆ ਤੇ ਦੂਜੇ ਛਿਨ ਮਹਾਰਾਜ ਦੇ ਚਰਨਾਂ ਵਿਚ ਢਹਿ ਪਿਆ। ਦਾਤਾ ਜੀ ਨੇ ਮੁਸਕਰਾ ਕੇ ਕਿਹਾ, “ਕਮਾਨ ਤੋੜੀ, ਤੀਰਾਂ ਦੀਆਂ ਕਾਨੀਆਂ ਭੰਨੀਆਂ, ਪਰ ਸ਼ਿਕਾਰੀ ਸੁਭਾਅ ਨਾ ਬਦਲਿਆ?”
ਬੈਰਾਗੀ ਨੇ ਨੇਤਰ ਉੱਪਰ ਉਠਾਏ ਤੇ ਕੁਝ ਬੋਲ-ਬੋਲ ਕੇ ਰਹਿ ਗਿਆ। ਉਸ ਦਾ ਸਾਰਾ ਸਰੀਰ ਕੰਬ ਰਿਹਾ ਸੀ।
ਬੈਂਤ
ਕਿਹਾ ਹੱਸ ਕੇ ਸੱਚਿਆਂ ਸਤਿਗੁਰਾਂ ਨੇ, ਗਿਆ ਪਰਖਿਆ ਪਾਕ ਈਮਾਨ ਤੇਰਾ।
ਅਬਲਾ ਦੇਵੀਆਂ ਦੀ ਇੱਜ਼ਤ ਵੇਖ ਲਹਿੰਦੀ, ਕੀ ਨਹੀਂ ਖੌਲਦਾ ਖੂਨ ਜਵਾਨ ਤੇਰਾ?
ਬੇਗੁਨਾਹਾਂ ਦੇ ਖੂਨ ਦੀਆਂ ਵਹਿਣ ਨਦੀਆਂ, ਪਾਪਾਂ ਨਾਲ ਭਰਿਆ ਹਿੰਦੁਸਤਾਨ ਤੇਰਾ।
ਨਿੱਘਰ ਗਏ ਗ਼ੁਲਾਮਾਂ ਦੇ ਦੇਸ਼ ਅੰਦਰ, ਸੁੱਚਾ ਰਿਹਾ ਇਹ ਕਿਵੇਂ ਅਸਥਾਨ ਤੇਰਾ?
ਇਹ ਸੁਣ ਕੇ ਬੈਰਾਗੀ ਕਲਗੀਆਂ ਵਾਲੇ ਦੇ ਚਰਨਾਂ ’ਤੇ ਢਹਿ ਪਿਆ ਤੇ ਨੈਣਾਂ ਵਿਚ ਜਲ ਭਰ ਕੇ ਕਹਿਣ ਲੱਗਾ, “ਬਖਸ਼ ਲਵੋ। ਮੈਂ ਆਪ ਦਾ ‘ਬੰਦਾ’ ਹਾਂ।” ਗੁਰੂ ਜੀ: “ਤੇ ਅਸੀਂ ਆਪਣੇ ‘ਬੰਦੇ’ ਨੂੰ ‘ਬੰਦਾ ਸਿੰਘ ਬਣਾਉਂਦੇ ਹਾਂ।”
ਬੰਦਾ : “ਮੈਂ ਹਾਜ਼ਰ ਹਾਂ, ਮੇਰੇ ਦਾਤਾ!”
ਗੁਰੂ ਜੀ : “ਮੇਰੇ ਬੰਦਾ ਸਿੰਘ ਬਹਾਦਰ! ਤੇਰਾ ਸੁਭਾਅ ਸ਼ਿਕਾਰੀ ਵਾਲਾ ਹੈ। ਸੋ ਤੂੰ ਸ਼ਿਕਾਰੀ ਬਣਿਆ ਰਹੁ। ਟੁੱਟੀ ਹੋਈ ਕਮਾਨ ਦੀ ਥਾਂ ਤੈਨੂੰ ਨਾ ਟੁੱਟਣ ਵਾਲੀ ਕਮਾਨ ਦਿੰਦੇ ਹਾਂ। ਟੁੱਟੀਆਂ ਹੋਈਆਂ ਕਾਨੀਆਂ ਦੀ ਥਾਂ, ਜ਼ਾਲਮ ਦੇ ਸਿਰ ਤੋੜਨ ਵਾਲੇ ਤੀਰ ਬਖਸ਼ਦੇ ਹਾਂ। ਪਹਿਲਾਂ ਤੂੰ ਨਿਰਬਲ ਜੀਆਂ ਦਾ ਸ਼ਿਕਾਰ ਕਰਦਾ ਸੈਂ, ਹੁਣ ਅਤਿਆਚਾਰੀ ਜ਼ਾਲਮਾਂ ਦਾ ਸ਼ਿਕਾਰ ਕਰ। ਅੱਜ ਤੋਂ ਤੈਨੂੰ ਗਰੀਬਾਂ ਦਾ ਸਹਾਈ ‘ਖਾਲਸਾ’ ਬਣਾਉਂਦੇ ਹਾਂ।”
ਬੈਰਾਗੀ ਮਾਧੋਦਾਸ ਤੋਂ ਖਾਲਸਾ ਬੰਦਾ ਸਿੰਘ ਬਣ ਗਿਆ। ਗੁਰੂ ਮਹਾਰਾਜ ਨੇ ਪੰਜ ਤੀਰ, ਨਿਸ਼ਾਨ ਸਾਹਿਬ, ਨਗਾਰਾ ਤੇ ਹੁਕਮਨਾਮਾ ਬਖਸ਼ੇ। ਪੰਜ ਪਿਆਰੇ (ਭਾਈ ਬਿਨੋਦ ਸਿੰਘ, ਭਾਈ ਕਾਹਨ ਸਿੰਘ, ਭਾਈ ਬਾਜ ਸਿੰਘ, ਭਾਈ ਦਇਆ ਸਿੰਘ ਤੇ ਭਾਈ ਰਣ ਸਿੰਘ) ਤੇ ਵੀਹ ਸਿੰਘ ਨਾਲ ਹੋਰ ਦੇ ਕੇ, ਜ਼ਾਲਮਾਂ ਨੂੰ ਸੋਧਣ ਵਾਸਤੇ ਪੰਜਾਬ ਨੂੰ ਰਵਾਨਾ ਕਰ ਦਿੱਤਾ।
ਬਾਬਾ ਬੰਦਾ ਸਿੰਘ ਬਹਾਦਰ ਜਥੇ ਸਣੇ ਪੰਜਾਬ ਨੂੰ ਆ ਰਿਹਾ ਹੈ। ਜਿਉਂ-ਜਿਉਂ ਉਹ ਸਿੱਖਾਂ ਕੋਲੋਂ ਪਾਪੀਆਂ ਦੇ ਜ਼ੁਲਮਾਂ ਬਾਬਤ ਸੁਣਦਾ, ਤਿਉਂ-ਤਿਉਂ ਜੋਸ਼ੀਲਾ ਖੂਨ ਰਗਾਂ ਵਿਚ ਠਾਠਾਂ ਮਾਰਦਾ ਆਉਂਦਾ। ਦੇਸ਼ ਵਿੱਚੋਂ ਗ਼ੁਲਾਮੀ ਦੀ ਜੜ੍ਹ ਪੁੱਟਣ ਤੇ ਆਜ਼ਾਦੀ ਦੇ ਝੰਡੇ ਗੱਡਣ ਬਾਰੇ ਸ਼ੇਰ ਇਉਂ ਲਲਕਾਰਦਾ ਆ ਰਿਹਾ ਹੈ।
ਝੋਕ
ਆਉਂਦਾ ਪੰਜਾਬ ਨੂੰ ਹੈ, ਬੰਦਾ ਲਲਕਾਰਦਾ,
ਸਿੱਖੀ ਦਾ ਖੂਨ ਰਗਾਂ ਵਿਚ, ਠਾਠਾਂ ਹੈ ਮਾਰਦਾ;
ਕਹਿੰਦਾ, ਸੁਣ ਜ਼ੁਲਮ ਕਹਾਣੀ,ਦਿਲ ਨਹੀਂ ਸਹਾਰਦਾ।
ਖੰਡੇ ਦਾ ਅੰਮ੍ਰਿਤ ਛਕਿਆ, ਸਫਲ ਕਰਾਵਾਂਗਾ।
ਹਿੰਦ ਨੂੰ ਆਜ਼ਾਦ ਕਰਾਂਗਾ, ਜ਼ੁਲਮ ਮਿਟਾਵਾਂਗਾ।
ਦੇਸ਼ ਨੂੰ ਆਜ਼ਾਦ ਕਰਾਂਗਾ!
ਫੜ ਕੇ ਤਲਵਾਰ ਜਗਾਸਾਂ ਸੁੱਤੀਆਂ ਤਕਦੀਰਾਂ ਨੂੰ
ਚਾੜ੍ਹਾਂਗਾ ਪਾਣ ਲਹੂ ਦੀ, ਅਣੀਆਲੇ ਤੀਰਾਂ ਨੂੰ
ਸ਼ਾਹਾਂ ਨੂੰ ਮਾਰ ਦਿਆਂਗਾ, ਤਖ਼ਤ ਫਕੀਰਾਂ ਨੂੰ
ਖੰਡੇ ਦੇ ਨਾਲ ਵਤਨ ਦੀ ਕਿਸਮਤ ਉਲਟਾਵਾਂਗਾ
ਹਿੰਦ ਨੂੰ ਆਜ਼ਾਦ ਕਰਾਂਗਾ, ਜ਼ੁਲਮ ਮਿਟਾਵਾਂਗਾ।
ਦੇਸ਼ ਨੂੰ ਆਜ਼ਾਦ ਕਰਾਂਗਾ!
ਸਾਰੇ ਅੱਜ ਭਾਰਤ ਅੰਦਰ ਪੈਂਦੀਆਂ ਪੁਕਾਰਾਂ ਨੇ
ਜ਼ਾਲਮ ਤੇ ਅਤਿਆਚਾਰੀ ਮਾਣਦੇ ਬਹਾਰਾਂ ਨੇ
ਸੰਤਾਂ ਦੀ ਗਰਦਨ ਉੱਤੇ ਚਲਦੀਆਂ ਤਲਵਾਰਾਂ ਨੇ
ਐਸੇ ‘ਇਨਸਾਫ’ ਸ਼ਾਹੀ ਦਾ ਤਖ਼ਤ ਉਲਟਾਵਾਂਗਾ
ਹਿੰਦ ਨੂੰ ਆਜ਼ਾਦ ਕਰਾਂਗਾ, ਜ਼ੁਲਮ ਮਿਟਾਵਾਂਗਾ।
ਦੇਸ਼ ਨੂੰ ਆਜ਼ਾਦ ਕਰਾਂਗਾ!
ਦਿੱਲੀ ਦੀਆਂ ਗਲੀਆਂ ਸਹਿ ਗਈਆਂ ਜਿਸ ਅਤਿਆਚਾਰ ਨੂੰ
ਜਿੱਥੇ ਪਿਆ ਖੂਨ ਡੋਲ੍ਹਣਾ ਨੌਵੇਂ ਅਵਤਾਰ ਨੂੰ
ਪੈ ਗਿਆ ਜੋ ਚਸਕਾ ਲਹੂ ਦਾ, ਜ਼ੁਲਮੀ ਤਲਵਾਰ ਨੂੰ
ਲਾਹਵਾਂਗਾ ਪਾਣ ਓਸ ਦੀ, ਖ਼ਾਕ ਮਿਲਾਵਾਂਗਾ
ਹਿੰਦ ਨੂੰ ਆਜ਼ਾਦ ਕਰਾਂਗਾ, ਜ਼ੁਲਮ ਮਿਟਾਵਾਂਗਾ।
ਦੇਸ਼ ਨੂੰ ਆਜ਼ਾਦ ਕਰਾਂਗਾ!
ਜਿਹੜੀ ਸਰਹਿੰਦ ਵਿਚ ਐਨੇ ਪਾਪ ਕਮਾਏ ਗਏ
ਬਹਿ ਕੇ ਜਿਸ ਤਖ਼ਤ ਸ਼ਰ੍ਹਾ ਦੇ, ਫਤਵੇ ਸੁਣਾਏ ਗਏ
ਜਿਸ ਦੀਆਂ ਨੀਂਆਂ ਵਿਚ ਬੀਰ ਬਾਲਕ ਚਿਣਵਾਏ ਗਏ
ਇੱਟਾਂ ਦੇ ਨਾਲ ਓਸ ਦੀਆਂ ਇੱਟਾਂ ਖੜਕਾਵਾਂਗਾ
ਹਿੰਦ ਨੂੰ ਆਜ਼ਾਦ ਕਰਾਂਗਾ, ਜ਼ੁਲਮ ਮਿਟਾਵਾਂਗਾ।
ਦੇਸ਼ ਨੂੰ ਆਜ਼ਾਦ ਕਰਾਂਗਾ!
ਸਿੱਖ ਹਾਂ, ਹਾਂ ਬੰਦਾ ਹਾਂ ਮੈਂ, ਦਸਵੇਂ ਅਵਤਾਰ ਦਾ
ਭਾਰਤ ’ਚੋਂ ਬਦਲ ਦਿਆਂਗਾ ਰਾਜ ਅਤਿਆਚਾਰ ਦਾ
ਖੂਨ ਦੀ ਨੈਂ ਵਿਚ ਰੋਹੜੂੰ ਬੇੜਾ ਸਰਕਾਰ ਦਾ
‘ਸੀਤਲ’ ਜੀ ਲੇਖੇ ਵਤਨ ਦੇ ਸੀਸ ਤਕ ਲਾਵਾਂਗਾ
ਹਿੰਦ ਨੂੰ ਆਜ਼ਾਦ ਕਰਾਂਗਾ, ਜ਼ੁਲਮ ਮਿਟਾਵਾਂਗਾ।
ਦੇਸ਼ ਨੂੰ ਆਜ਼ਾਦ ਕਰਾਂਗਾ….
ਬਾਬਾ ਬੰਦਾ ਸਿੰਘ ਪੰਜਾਬ ਦੀਆਂ ਹੱਦਾਂ ਅੰਦਰ ਆ ਪਹੁੰਚਿਆ। ਮਹਾਰਾਜ ਦੇ ਹੁਕਮਨਾਮੇ ਥਾਂ-ਥਾਂ ਸਿੱਖਾਂ ਕੋਲ ਭੇਜ ਦਿੱਤੇ। ਭਾਈ ਫਤਹਿ ਸਿੰਘ ਭਾਈ ਭਗਤੂ ਕਾ, ਭਾਈ ਕਰਮ ਸਿੰਘ ਤੇ ਭਾਈ ਧਰਮ ਸਿੰਘ ਭਾਈ ਰੂਪੇ ਕੇ, ਭਾਈ ਆਲੀ ਸਿੰਘ, ਭਾਈ ਮਾਲੀ ਸਿੰਘ ਸਲੌਦੀ ਵਾਲੇ, ਭਾਈ ਨਗਾਹੀਆ ਸਿੰਘ, ਭਾਈ ਚੂਹੜ ਸਿੰਘ ਆਦਿ ਆਪੋ-ਆਪਣੇ ਜਥੇ ਲੈ ਕੇ ਬਾਬਾ ਬੰਦਾ ਸਿੰਘ ਨਾਲ ਆ ਮਿਲੇ। ਚੌਧਰੀ ਰਾਮ ਸਿੰਘ, ਭਾਈ ਤਿਲੋਕ ਸਿੰਘ ਫੂਲਕੇ ਆਪ ਤਾਂ ਨਾ ਆਏ, ਪਰ ਆਦਮੀ ਤੇ ਹੋਰ ਸਭ ਕਿਸਮ ਦਾ ਸਾਮਾਨ ਬਾਬਾ ਬੰਦਾ ਸਿੰਘ ਜੀ ਦੀ ਮਦਦ ਵਾਸਤੇ ਭੇਜੇ। ਰਲ-ਮਿਲ ਕੇ ਵਾਹਵਾ ਚੰਗਾ ਜਥਾ ਬਣ ਗਿਆ। ਇਲਾਕੇ ਦੇ ਪਿੰਡਾਂ ਵਿਚ ਕੁਝ ਹੱਥ-ਪੈਰ ਮਾਰੇ। ਜ਼ਾਲਮਾਂ ਨੂੰ ਦੰਡ ਤੇ ਗਰੀਬਾਂ ਨੂੰ ਮਦਦ ਦਿੱਤੀ। ਲੁੱਟ ਦਾ ਮਾਲ ਗਰੀਬਾਂ ਵਿਚ ਵੰਡ ਦਿੱਤਾ।
ਸਾਰਿਆਂ ਤੋਂ ਪਹਿਲਾਂ ਨਜ਼ਰ ਸਮਾਣੇ ’ਤੇ ਪਈ। ਇਹ ਇਕ ਚੰਗਾ ਘੁੱਗ ਵੱਸਦਾ ਕਸਬਾ ਸੀ। ਇਥੋਂ ਦਾ ਵਸਨੀਕ ਸੱਯਦ ਜਲਾਲੁੱਦੀਨ-ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਕਾਤਲ-ਸਿੱਖਾਂ ਦੇ ਦਿਲ ਵਿਚ ਕੰਡੇ ਵਾਂਗ ਰੜਕਦਾ ਸੀ। ਬਸ, ਸਿੱਖਾਂ ਦਾ ਸਾਰਾ ਕਹਿਰ ਇਸ ’ਤੇ ਟੁੱਟ ਪਿਆ। ਵੱਸਦਾ ਸ਼ਹਿਰ ਪਲਾਂ ਵਿਚ ਉਜਾੜ ਹੋ ਗਿਆ। ਦਸ ਕੁ ਹਜ਼ਾਰ ਬੰਦੇ ਤਲਵਾਰ ਦੀ ਧਾਰ ਲੰਘਾ ਦਿੱਤੇ। ਜ਼ਾਲਮਾਂ ਦੇ ਘਰ ਰੱਜ ਕੇ ਲੁੱਟੇ। ਇਹ ਗੱਲ 26 ਨਵੰਬਰ, 1709 ਈ: ਦੀ ਹੈ।
ਏਸ ਤੋਂ ਪਿੱਛੋਂ ਘੁੜਾਮ, ਸ਼ਾਹਬਾਦ, ਮੁਸਤਫ਼ਾਬਾਦ ਤੇ ਕਪੂਰੀ ਆਦਿ ਦੀ ਵਾਰੀ ਆਈ। ਫੇਰ ਸਾਰਾ ਦਲ ਮਿਲ ਕੇ ਸਢੌਰੇ ’ਤੇ ਜਾ ਪਿਆ। ਸਢੌਰੇ ਦੇ ਹਾਕਮ ਉਸਮਾਨ ਖਾਂ ਨੇ ਇਥੋਂ ਦੇ ਸੱਯਦ ਪੀਰ ਸ਼ਾਹ ਬਦਰੁੱਦੀਨ (ਬੁੱਧੂਸ਼ਾਹ) ਨੂੰ ਏਸ ਵਾਸਤੇ ਕਤਲ ਕਰਾਇਆ ਸੀ, ਕਿ ਉਸ ਨੇ ਭੰਗਾਣੀ ਦੇ ਯੁੱਧ ਵਿਚ ਗੁਰੂ ਮਹਾਰਾਜ ਦੀ ਸੇਵਾ ਕੀਤੀ ਸੀ। ਸਿੱਖਾਂ ਨੇ ਇਥੋਂ ਦੇ ਸਾਰੇ ਰਈਸਾਂ ਨੂੰ ਸੱਯਦ ਦੀ ਹਵੇਲੀ ਵਿਚ ਇਕੱਠੇ ਕਰਕੇ ਕਤਲ ਕੀਤਾ।
ਓਧਰੋਂ ਮਾਝੇ ਤੇ ਦੁਆਬੇ ਦੇ ਸਿੰਘ ਵਾਹੋ-ਦਾਹੀ ਆ ਰਹੇ ਸਨ। ਵਜ਼ੀਰ ਖਾਨ ਨੇ ਮਲੇਰਕੋਟਲੀਆਂ ਨੂੰ ਰੋਕਣ ਵਾਸਤੇ ਘੱਲਿਆ। ਰੋਪੜ ਉਤੇ ਬੜੀ ਘਮਸਾਣ ਦੀ ਲੜਾਈ ਹੋਈ। ਮਲੇਰਕੋਟਲੀਆਂ ਵਿੱਚੋਂ ਨਾਹਰ ਖਾਂ ਤਾਂ ਚਮਕੌਰ ਮਾਰਿਆ ਗਿਆ ਸੀ। ਖ਼ਿਜ਼ਰ ਖਾਂ (ਜਿਸ ਨੂੰ ਮਹਾਰਾਜ ਨੇ ‘ਖ਼ਵਾਜਾ ਮਰਦੂਦ’ ਲਿਖਿਆ ਹੈ।) ਓਥੋਂ ਤਾਂ ਬਚ ਗਿਆ, ਪਰ ਏਥੇ (ਰੋਪੜ) ਸਿੱਖਾਂ ਦੀ ਤਲਵਾਰ ਦੀ ਭੇਟਾ ਹੋ ਗਿਆ। ਨੁਸਰਤ ਖਾਂ ਤੇ ਵਲੀ ਮੁਹੰਮਦ ਵੀ ਮਾਰੇ ਗਏ। ਬਾਕੀ ਬਚੇ ਸ਼ੇਰ ਮੁਹੰਮਦ ਖਾਂ ਤੇ ਖ਼ਵਾਜਾ ਅਲੀ ਖ਼ਾਂ, ਜੋ ਸਰਹਿੰਦ ਦੀ ਲੜਾਈ ਵਿਚ ਕਤਲ ਹੋ ਗਏ। ਇਹ ਸਾਰਾ ਖਾਨਦਾਨ ਸਿੱਖਾਂ ਦੀ ਭੇਟ ਹੋਇਆ।
ਰੋਪੜ ਦਾ ਮੈਦਾਨ ਜਿੱਤ ਕੇ ਸਿੱਖ ਅੱਗੇ ਵਧੇ ਤੇ ਬਾਬਾ ਬੰਦਾ ਸਿੰਘ ਨਾਲ ਆ ਮਿਲੇ। ਬਾਬਾ ਬੰਦਾ ਸਿੰਘ ਬਨੂੜ ਨੂੰ ਫ਼ਤਹਿ ਕਰ ਕੇ ਇਥੇ ਹੀ ਡੇਰੇ ਲਾਈ ਬੈਠੇ ਸਨ। ਓਧਰੋਂ ਵਜ਼ੀਰ ਖਾਨ ਦਾ ਭੇਜਿਆ ਹੋਇਆ ਸੁੱਚਾ ਨੰਦ ਦਾ ਭਤੀਜਾ ਇਕ ਹਜ਼ਾਰ ਆਦਮੀ ਲੈ ਕੇ ਬਾਬਾ ਬੰਦਾ ਸਿੰਘ ਦੀਆਂ ਫੌਜਾਂ ਨਾਲ ਆ ਮਿਲਿਆ। ਉਸ ਨੇ ਆਉਣ ਦਾ ਕਾਰਨ ਸੁੱਚਾ ਨੰਦ ਤੇ ਵਜ਼ੀਰ ਖਾਨ ਤੋਂ ਵੈਰ ਲੈਣਾ ਦੱਸਿਆ, ਪਰ ਅਸਲ ਗੱਲ ਬਾਬਾ ਬੰਦਾ ਸਿੰਘ ਨੂੰ ਧੋਖੇ ਨਾਲ ਕਤਲ ਕਰਨਾ ਸੀ।
ਸਿੱਖਾਂ ਨੇ ਲੱਗਦੇ ਹੱਥ ਛੱਤ ਵੀ ਮਾਰ ਲਿਆ। ਇਥੋਂ ਹੀ ਸਰਹਿੰਦ ਵੱਲੇ ਚਿੱਠੀ ਲਿਖੀ ਗਈ।
ਬੈਂਤ
ਬੰਦਾ ਸਿੰਘ ਪੰਜਾਬ ਵਿਚ ਜਦੋਂ ਵੜਿਆ,
ਰਲੇ ਮਾਲਵੇ ਦੇ ਸਿੰਘ ਆ ਭਾਈ।
ਪਹਿਲੇ ਹੱਥ ਸਮਾਣੇ ਨੂੰ ਮਾਰ ਲਿਆ,
ਫੇਰ ਪਏ ‘ਘੁੜਾਮ’ ’ਤੇ ਜਾ ਭਾਈ।
ਸ਼ਾਹਾਬਾਦ ਤੇ ਮੁਸਤਫ਼ਾਬਾਦ ਮਾਰੇ,
ਦਿੱਤੀ ਮਾਰ ਕਪੂਰੀ ਉਡਾ ਭਾਈ।
ਫੇਰ ਮਾਰ ਸਢੌਰੇ ਨੂੰ ਚੌੜ ਕੀਤਾ,
ਬਦਲਾ ਪੀਰ ਦਾ ਲਿਆ ਚੁਕਾ ਭਾਈ।
ਜਦੋਂ ਲੁੱਟ ਬਨੂੜ ਨੂੰ ਅਗ੍ਹਾਂ ਵਧਿਆ,
ਪਹੁੰਚੇ ਸਿੰਘ ਮਝੈਲ ਵੀ ਆ ਭਾਈ।
ਸੁੱਚਾ ਨੰਦ ਦਾ ਆਦਮੀ ਫੌਜ ਲੈ ਕੇ,
ਏਥੇ ਨਾਲ ਸਿੰਘਾਂ ਰਲਿਆ ਆ ਭਾਈ।
ਰਲ ਕੇ ਸਾਰਿਆਂ ਛੱਤ ਨੂੰ ਫ਼ਤਹਿ ਕੀਤਾ,
ਡੇਰੇ ਏਸ ਥਾਂ ’ਤੇ ਦਿੱਤੇ ਲਾ ਭਾਈ।
ਬੰਦਾ ਸਿੰਘ ਸਰਹਿੰਦ ਨੂੰ ਖਤ ਲਿਖਿਆ,
ਦਿੱਤਾ ਪਾਸ ਵਜ਼ੀਰੇ ਪੁਚਾ ਭਾਈ।
ਸਾਹਿਬਜ਼ਾਦਿਆਂ ਦਾ ਵੈਰ ਲੈਣ ਤੈਥੋਂ,
ਗੁਰੂ ਖਾਲਸਾ ਗਿਆ ਈ ਆ ਭਾਈ।
ਖ਼ਬਰਦਾਰ ਹੋ ਆਪਣਾ ਫਿਕਰ ਕਰ ਲੈ,
ਦਿਲ ’ਚ ਰਹੇ ਨਾਹੀਂ ਪੱਛੋਤਾ ਭਾਈ।
ਵਜ਼ੀਰ ਖਾਨ ਵੀ ਚੁੱਪ ਕਰ ਕੇ ਨਹੀਂ ਬੈਠਾ ਹੋਇਆ ਸੀ। ਉਹ ਵੇਖ ਰਿਹਾ ਸੀ ਕਿ ਇਹ ਰੋਜ਼ ਵਧਦਾ ਤੂਫ਼ਾਨ ਇਕ ਦਿਨ ਸਰਹਿੰਦ ’ਤੇ ਪਵੇਗਾ। ਸੋ, ਤਿਆਰੀ ਵਿਚ ਕੋਈ ਕਸਰ ਨਹੀਂ ਸੀ। ਸਿੱਖਾਂ ਦਾ ਖ਼ਤ ਪੁੱਜਾ, ਤਾਂ ਸਭ ਸਰਦਾਰਾਂ ਦੀ ਇਕ ਮੀਟਿੰਗ ਬੁਲਾਈ। ਫੈਸਲਾ ਹੋਇਆ ਕਿ ਸਿੱਖਾਂ ਦਾ ਗੱਜ-ਵੱਜ ਕੇ ਟਾਕਰਾ ਕੀਤਾ ਜਾਵੇ। ਸਰਹਿੰਦੋਂ ਬਾਰ੍ਹਾਂ ਕੋਹ ਦੂਰ ‘ਚੱਪੜ-ਚਿੜੀ’ ਦੇ ਮੁਕਾਮ ’ਤੇ ਮੋਰਚੇ ਲਾਏ।
ਸਾਕਾ
ਸੁਣੀ ਵਜ਼ੀਰੇ ਖ਼ਬਰ ਜਾਂ, ਸਰਦਾਰ ਬੁਲਾਏ।
ਸਿੰਘਾਂ ਦਾ ਖ਼ਤ ਕੁੱਲ ਨੂੰ, ਦੱਸਿਆ ਸਮਝਾਏ।
ਕਰਨ ਤਿਆਰੀ ਜੰਗ ਦੀ, ਸਭ ਮਤਾ ਪਕਾਏ।
ਲਸ਼ਕਰ ਚੜ੍ਹੇ ਬੇਓੜਕੇ, ਜਿਉਂ ਬੱਦਲ ਛਾਏ।
ਬਾਰਾਂ ਕੋਹ ਦੀ ਵਿੱਥ ’ਤੇ, ਆ ਡੇਰੇ ਲਾਏ।
ਧੌਂਸੇ ਵੱਜਣ ‘ਸੀਤਲਾ’, ਅੰਬਰ ਗੁੰਜਾਏ।
ਵਜ਼ੀਰ ਖਾਨ ਵੱਲੇ ਚਿੱਠੀ ਲਿਖ ਕੇ ਬਾਬਾ ਬੰਦਾ ਸਿੰਘ ਵਿਹਲਾ ਨਹੀਂ ਬੈਠਾ ਸੀ। ਖਾਲਸੇ ਨੂੰ ਤਿਆਰੀ ਦਾ ਹੁਕਮ ਦਿੱਤਾ। ਸਿੱਖਾਂ ਦੀਆਂ ਅੱਖਾਂ ਸਾਹਮਣੇ ਸਰਹਿੰਦ ਤੇ ਉਹਦੀਆਂ ਨੀਹਾਂ ਵਿੱਚੋਂ ਸਾਹਿਬਜ਼ਾਦਿਆਂ ਦਾ ਵਗਦਾ ਖੂਨ ਦਿੱਸ ਰਿਹਾ ਸੀ। ਜਿੰਨਾ ਕਹਿਰ ਸਿੱਖਾਂ ਦੇ ਦਿਲਾਂ ਵਿਚ ਏਸ ਸ਼ਹਿਰ ਵਾਸਤੇ ਸੀ, ਸ਼ਾਇਦ ਹੀ ਕਿਸੇ ਥਾਂ ਵਾਸਤੇ ਹੋਵੇ। …ਧੌਂਸੇ ’ਤੇ ਚੋਟ ਲੱਗੀ ਤੇ ਬੰਦਾ ਸਿੰਘ ਨੇ ਫੌਜਾਂ ਨੂੰ ਇਉਂ ਕਿਹਾ:
ਕਬਿੱਤ
ਬੰਦਾ ਸਿੰਘ ਬੋਲ ਕੇ, ਸੁਣਾਵੇ ਫੌਜ ਆਪਣੀ ਨੂੰ,
ਸੂਰਿਓ! ਵਹੀਰ ਸਰਹਿੰਦ ਵੱਲੇ ਪਾ ਦਿਓ।
ਮਾਰ ਲਓ ਸਰਹਿੰਦ, ਘਰ ਸਾੜ ਦਿਓ ਜ਼ਾਲਮਾਂ ਦੇ,
ਕੀਤੀਆਂ ਵਧੀਕੀਆਂ ਦਾ, ਫਲ ਭੁਗਤਾ ਦਿਓ।
ਜਿਸ ਤਰ੍ਹਾਂ ਬੇ-ਦੋਸੇ ਸਾਹਿਬਜ਼ਾਦੇ ਕਤਲਾਏ ਉਨ੍ਹਾਂ,
ਬਾਲ ਬੱਚੇ ਉਨ੍ਹਾਂ ਦੇ ਜਿਉਂਦੇ ਹੀ ਜਲਾ ਦਿਓ।
‘ਸੀਤਲ’ ਜੀ ਮਾਰ ਲਓ, ਧਰਮ ਦਿਆਂ ਵੈਰੀਆਂ ਨੂੰ,
ਖ਼ਾਲਸੇ ਦਾ ਝੰਡਾ ਸਾਰੇ, ਜੱਗ ’ਤੇ ਝੁਲਾ ਦਿਓ।
ਸਰਹਿੰਦ ਤੋਂ ਬਾਰ੍ਹਾਂ ਕੋਹ ਦੂਰ ‘ਚੱਪੜਚਿੜੀ’ ਦੇ ਮੁਕਾਮ ਉੱਤੇ ਬੁੱਢੇ ਵਜ਼ੀਰ ਖਾਨ ਨੇ ਆ ਮੋਰਚੇ ਮੱਲੇ। ਸਭ ਸਰਦਾਰ, ਜਰਨੈਲ, ਫੌਜਦਾਰ ਇਕੱਠੇ ਕਰ ਲਏ। ਓਧਰੋਂ ਮੁਲਾਣਿਆਂ ਨੇ ਸ਼ਰ੍ਹਾ ਦੇ ਨਾਂ ਉੱਤੇ ਪੱਲਾ ਫੇਰ ਕੇ ਬਥੇਰੇ ਗਾਜ਼ੀ ਮੈਦਾਨ ਵਿਚ ਲੈ ਆਂਦੇ। ਇਕ ਪਾਸੇ ਮਲੇਰੀਏ, ਇਕ ਪਾਸੇ ਗਾਜ਼ੀ, ਵਿਚਕਾਰ ਵਜ਼ੀਰ ਖਾਨ ਹਾਥੀ ’ਤੇ ਹੋ ਬੈਠਾ। ਓਸ ਸਮੇਂ ਦੇ ਢੰਗ ਅਨੁਸਾਰ ਏਸ ਤਰ੍ਹਾਂ ਫੌਜ ਖੜ੍ਹੀ ਕੀਤੀ ਗਈ।
ਕੋਰੜਾ
ਬੈਠਾ ਹੈ ਵਜ਼ੀਰ, ਮੱਲ ਕੇ ਮੈਦਾਨ ਜੀ।
ਦੋਹੀਂ ਪਾਸੀਂ ਲੱਥੇ, ਸੈਂਕੜੇ ਜਵਾਨ ਜੀ।
ਬੀੜੀਆਂ ਨੇ ਤੋਪਾਂ, ਸਾਰਿਆਂ ਤੋਂ ਮੂਹਰੇ ਜੀ।
ਸੱਜੇ ਖੱਬੇ ਬੀੜੇ ਰਹਿਕਲੇ ਜ਼ੰਬੂਰੇ ਜੀ।
ਓਦੋਂ ਪਿੱਛੋਂ ਖਲੀ, ਹਾਥੀਆਂ ਦੀ ਪਾਲ ਜੀ।
ਉਹਨਾਂ ਪਿੱਛੇ ਖਲਾ ਹੈ, ਰਸਾਲਾ ਨਾਲ ਜੀ।
ਓਦੋਂ ਪਿੱਛੋਂ ਆਈ ਪੈਦਲਾਂ ਦੀ ਵਾਰੀ ਜੀ।
ਏਸ ਤਰਤੀਬ ਖਲੀ, ਫੌਜ ਸਾਰੀ ਜੀ।
ਸੱਜੇ ਹੱਥ ਮੱਲੇ, ਮੋਰਚੇ ਮਲੇਰੀਆਂ।
ਫੌਜ ਤਾਂਈਂ ਦਿੰਦੇ, ਫਿਰਦੇ ਦਲੇਰੀਆਂ।
ਖੱਬੇ ਹੱਥ ਗ਼ਾਜ਼ੀਆਂ ਨੇ, ਪਿੜ ਮੱਲਿਆ।
ਸ਼ਰ੍ਹਾ ਦਾ ਉਬਾਲ, ਜਾਵੰਦਾ ਨਾ ਠੱਲ੍ਹਿਆ।
ਏਸ ਤਰ੍ਹਾਂ ਸਾਰੀ ਫੌਜ ਨੂੰ ਖਲ੍ਹਾਰ ਜੀ।
ਹਾਥੀ ’ਤੇ ਵਜ਼ੀਰਾ, ਬੈਠਾ ਵਿਚਕਾਰ ਜੀ।
ਬੰਦਾ ਸਿੰਘ ਓਧਰੋਂ, ਜਵਾਨ ਆ ਰਿਹਾ।
ਵੈਰੀਆਂ ਦੀ ਅਲਖ, ਮੁਕਾਣ ਆ ਰਿਹਾ।
ਖੱਬੀ ਬਾਹੀ ਆਉਂਦੇ ਨੇ, ਮਝੈਲ ਗੱਜਦੇ।
ਹੱਥਾਂ ਵਿਚ ਨੇਜੇ, ਨੇ ਰੰਗੀਲ ਸੱਜਦੇ।
ਬਾਜ਼ ਸਿਹੁੰ, ਬਿਨੋਦ ਸਿੰਘ, ਸ਼ਾਮ ਸਿੰਘ ਜੀ।
ਚਾਰੇ ਸਰਦਾਰ ਸਣੇ, ਰਾਮ ਸਿੰਘ ਜੀ।
ਸੱਜੇ ਹੱਥ ਆਉਂਦੇ, ਮਲਵਈ ਸੂਰਮੇ।
ਫ਼ਤਹਿ ਸਿੰਘ ਆਦਿ ਉੱਘੇ, ਦੂਰ ਦੂਰ ਮੇਂ।
ਆਲੀ ਸਿੰਘ ਦੂਸਰਾ ਕਰਮ ਸਿੰਘ ਜੀ।
ਸ਼ੇਰ ਵਾਂਗ ਗੱਜਦਾ, ਧਰਮ ਸਿੰਘ ਜੀ।
ਚਾਰੇ ਸਰਦਾਰ, ਮਲਵਈ ਫੌਜ ਦੇ।
ਚੜ੍ਹੇ ਆਉਂਦੇ ਵਾਂਗ ਦਰਿਆ ਦੀ ਮੌਜ ਦੇ।
ਖਾਲਸੇ ਦਾ ਦਲ ਨੇੜੇ, ਆਣ ਢੁੱਕਿਆ।
ਬੰਦਾ ਸਿੰਘ ਵਿਚ ਆ, ਮੈਦਾਨ ਬੁੱਕਿਆ।
‘ਚੱਪੜਚਿੜੀ’ ਦੇ ਮੁਕਾਮ ਉੱਤੇ 12 ਮਈ, 1710 ਈ: ਨੂੰ ਦੋਹਾਂ ਦਲਾਂ ਦਾ ਪਿੜ ਪਿਆ। ਇਸ ਲੜਾਈ ਉੱਤੇ ਸਾਰਿਆਂ ਦੀਆਂ ਨਜ਼ਰਾਂ ਸਨ। ਵਜ਼ੀਰ ਖਾਨ ਨੇ ਤੋਪਖਾਨੇ ਨੂੰ ਹੁਕਮ ਦਿੱਤਾ। ਧਮਾਕੇ ਨਾਲ ਅਸਮਾਨ ਗੂੰਜ ਉੱਠਿਆ। …ਦੂਜੇ ਦਰਜੇ ’ਤੇ ਰਹਿਕਲੇ ਤੇ ਜ਼ੰਬੂਰੇ ਸਨ। ਅਖੀਰ, ਬੰਦੂਕ ਬੜੀ ਕਾਰਆਮਦ ਸੀ। ਪਰ ਇਹਦੇ ਭਰਨ ਵਿਚ ਐਨੀ ਦੇਰ ਲੱਗ ਜਾਂਦੀ ਸੀ ਕਿ, ਦੋ ਫਾਇਰ ਹੁੰਦਿਆਂ ਤਕ ਦੁਸ਼ਮਣ ਗਲ ਆ ਪੈਂਦਾ ਸੀ। ਤੀਰ ਕਮਾਨ ਸਭ ਨਾਲੋਂ ਲੋੜੀਂਦੀ ਚੀਜ਼ ਸੀ। ਬਾਕੀ ਰਹੇ ਨੇਜ਼ਾ ਤੇ ਤਲਵਾਰ, ਇਹ ਸਿੱਖਾਂ ਦੇ ਮਨਭਾਉਂਦੇ ਹਥਿਆਰ ਸਨ।“
ਪਹਿਲੇ ਹੱਥ ਵਜ਼ੀਰ ਖਾਨ ਨੇ ਤੋਪਖਾਨੇ ਨੂੰ ਹੁਕਮ ਦਿੱਤਾ। ਨਾਲ ਹੀ ਹਾਥੀਆਂ ਦੀ ਕੰਧ ਅਗ੍ਹਾਂ ਵਧੀ।
ਜੰਗਲਾ
ਕੀਤਾ ਜਿਸ ਦਮ ਹੁਕਮ ਵਜ਼ੀਰੇ, ਚੋਟ ਨਗਾਰੇ ਲਾਏ।
ਤੋਪਾਂ ਅਤੇ ਜੰਬੂਰੇ ਚੱਲੇ, ਜਿਉਂ ਬੱਦਲ ਗਰੜਾਏ।
ਧਮਕ ਨਾਲ ਸਭ ਧਰਤੀ ਹੱਲੀ, ਧੂੰਏਂ ਬੱਦਲ ਛਾਏ।
ਸਿੰਘਾਂ ਨਾਲ ਲੁਟੇਰੇ ਸੀ ਜੋ, ਜਾਂਦੇ ਨਜ਼ਰ ਨਾ ਆਏ।
ਤੋਪਾਂ ਦਾ ਚੱਲਣਾ ਹੀ ਸੀ ਕਿ ਲੁਟੇਰੇ ਹਰਨ ਹੋ ਗਏ। ਪਰ ਜਿਹੜੇ ਕੇਵਲ ਮਰਨ ਵਾਸਤੇ ਆਏ ਸਨ, ਉਹ ਵੇਲਾ ਹੱਥੋਂ ਕਦੋਂ ਗਵਾਉਂਦੇ ਸਨ? ਝੱਟ ਭਾਈ ਬਾਜ ਸਿੰਘ ਨੇ ਟਾਕਰੇ ’ਤੇ ਹੱਲਾ ਬੋਲ ਦਿੱਤਾ।
ਵਾਰ
ਬਾਜ਼ ਸਿੰਘ ਫੌਜ ਤਾਈਂ ਲਲਕਾਰਦਾ,
ਮਾਰੋ ਵੈਰੀਆਂ, ਸਿੰਘੋ! ਲਲਕਾਰ।
ਸ਼ੇਰਾਂ ਵਾਂਗ ਵੈਰੀਆਂ ’ਤੇ ਟੁੱਟ ਪਓ,
ਹੱਲਾ ਕਰੋ ਸੂਰਿਓ ਬਲ ਧਾਰ।
ਜੀਨ੍ਹੇ ਨੀਂਆਂ ’ਚ ਚਿਣਾਏ ਲਾਲ ਗੁਰਾਂ ਦੇ,
ਅਸਾਂ ਮਾਰਨਾ ਵਜ਼ੀਰੇ ਨੂੰ ਵੰਗਾਰ।
ਨਾਮ ਸੁਣ ਕੇ ਵਜ਼ੀਰੇ ਦਾ ਸੂਰਮੇ,
ਵਾਂਗ ਸ਼ੇਰਾਂ ਦੇ ਉੱਠੇ ਭਬਕਾਰ।
ਗੁੱਸਾ ਖਾਇ ਕੇ ਸਿੰਘਾਂ ਨੇ ਹੱਲਾ ਬੋਲਿਆ,
ਕਹਿ ਕੇ ‘ਸੱਤ ਕਰਤਾਰ ਕਰਤਾਰ’
ਛਿੱਥੇ ਹੋ ਕੇ ਗਲ ਵੈਰੀਆਂ ਦੇ ਜਾ ਪਏ,
ਬਾਜ਼ਾਂ ਵਾਲੇ ਦੇ ‘ਅਜੀਤ’ ਤੇ ‘ਜੁਝਾਰ’।
ਵਾਂਗ ਬਿਜਲੀ ਭਗਉਤੀਆਂ ਫੇਰੀਆਂ,
ਲਾਹੇ ਵੈਰੀਆਂ ਦੇ ਜੰਗ ’ਚ ਸਥਾਰ।
ਅੱਗੇ ਦੋਵੇਂ ਸਰਦਾਰ ਮਲੇਰੀਏ,
ਹੱਲਾ ਰੋਕਣੇ ਨੂੰ ਖਲੇ ਹੋ ਤਿਆਰ।
ਦੋਹਾਂ ਪਾਸਿਆਂ ਤੋਂ ਸੂਰਮੇਂ ਜੁੱਟ ਪਏ,
ਅੰਧਾ ਧੁੰਧ ਪਈ ਚੱਲੇ ਤਲਵਾਰ।
‘ਸੀਤਲ’ ਡਿੱਗਦੇ ਮਾਵਾਂ ਦੇ ਲਾਡਲੇ,
ਨਹੀਂ ਜੰਮਣਾ ਦੂਸਰੀ ਵਾਰ।
ਮਲੇਰੀਆਂ ਦਾ ਟਾਕਰਾ ਮਝੈਲਾਂ ਨਾਲ ਪਿਆ। ਸ਼ੇਰਾਂ ਨੇ ਘਾਣ ਲਾਹ ਛੱਡੇ। ਲੁਟੇਰਿਆਂ ਤੇ ਸੁੱਚਾ ਨੰਦ ਦੇ ਆਦਮੀਆਂ (ਜੋ ਧੋਖੇ ਨਾਲ ਬਾਬਾ ਬੰਦਾ ਸਿੰਘ ਜੀ ਨੂੰ ਕਤਲ ਕਰਨ ਵਾਸਤੇ ਆਏ ਸਨ) ਦੇ ਨੱਸਣ ਨਾਲ ਕੁਝ ਹਫੜਾ-ਦਫੜੀ ਪਈ ਸੀ, ਪਰ ਬਾਬਾ ਬੰਦਾ ਸਿੰਘ ਜੀ ਦੇ ਆਪ ਮੈਦਾਨ ਵਿਚ ਆ ਜਾਣ ਨਾਲ ਖਾਲਸਾ ਫੌਜਾਂ ਦੇ ਹੌਸਲੇ ਵਧ ਗਏ। ਓਧਰੋਂ ਮਲਵਈ ਦਲ ਨੇ ਗਾਜ਼ੀਆਂ ’ਤੇ ਹੱਲਾ ਬੋਲ ਦਿੱਤਾ।
ਸਾਕਾ
ਫਤਹਿ ਸਿੰਘ ਸਰਦਾਰ ਨੇ, ਹੱਲਾ ਕਰਵਾਇਆ।
ਤਕੜੇ ਹੋਵੋ, ਸੂਰਿਓ! ਇਉਂ ਆਖ ਸੁਣਾਇਆ।
ਮਾਰੋ ਖ਼ਾਨ ਵਜ਼ੀਰ ਨੂੰ, ਜਿਸ ਰੱਬ ਭੁਲਾਇਆ।
ਮਾਸੂਮਾਂ ਨੂੰ ਮਾਰਿਆ, ਬਹੁਤ ਜ਼ੁਲਮ ਕਮਾਇਆ।
ਨੀਂਆਂ ਅੰਦਰ ਚਿਣਦਿਆਂ, ਦਿਲ ਤਰਸ ਨਾ ਆਇਆ,
ਕੀਤੇ ਦਾ ਫਲ ਓਸ ਨੂੰ, ਚਾਹੀਏ ਭੁਗਤਾਇਆ।
ਵਜ਼ੀਰ ਖ਼ਾਨ ਦਾ ਨਾਂ ਸੁਣ ਕੇ ਸਿੰਘਾਂ ਨੂੰ ਅਥਾਹ ਜੋਸ਼ ਆ ਗਿਆ। ਉਨ੍ਹਾਂ ਉਹ ਤੇਗ਼ ਵਾਹੀ ਕਿ ਰਹੇ ਰੱਬ ਦਾ ਨਾਂ। ਮੁਗ਼ਲ ਬਥੇਰੇ ਹੱਲੇ ’ਤੇ ਹੱਲੇ ਕਰਦੇ, ਪਰ ਕੋਈ ਪੇਸ਼ ਨਾ ਜਾਂਦੀ। ਬਾਬਾ ਬੰਦਾ ਸਿੰਘ ਜੀ ਨੇ ਵੇਲਾ ਤਾੜ ਕੇ, ਮਹਾਰਾਜ ਦਾ ਬਖਸ਼ਿਆ ਹੋਇਆ ਤੀਰ ਛੱਡਿਆ, ਤੇ ਹੱਲਾ ਬੋਲ ਦਿੱਤਾ।
ਕੋਰੜਾ
ਬੰਦਾ ਸਿੰਘ ਸੂਰਮਾ, ਮੈਦਾਨ ਗੱਜਿਆ।
ਸ਼ੇਰ ਵਾਂਗ ਹੱਥ ਲੈ, ਕਮਾਨ ਗੱਜਿਆ।
ਮੀਂਹ ਵਾਂਗ ਤੀਰ, ਬਰਸਾਏ ਸੂਰਮੇ।
ਵੈਰੀਆਂ ਦੇ ਸੱਥਰ, ਵਿਛਾਏ ਸੂਰਮੇ।
ਕੰਨਾਂ ਤੀਕ ਖਿੱਚ ਬਾਣ, ਜਾਂ ਚਲਾਂਵਦਾ।
ਦਸਾਂ ਦਸਾਂ ਵਿਚਦੀ, ਸੁੱਕੇ ਲੰਘਾਂਵਦਾ।
ਮਾਰ ਉੱਚੀ ਨਾਅਰਾ, ਸਤਿ ਕਰਤਾਰ ਦਾ।
ਖਾਲਸੇ ਦੀ ਫੌਜ ਤਾਂਈਂ, ਹੈ ਵੰਗਾਰਦਾ।
ਖਾਲਸਾ ਜੀ, ਹੱਲਾ ਕਰੋ, ਬਲ ਧਾਰ ਕੇ।
ਲੁੱਟ ਲਓ ਸਰਹਿੰਦ, ਵੈਰੀਆਂ ਨੂੰ ਮਾਰ ਕੇ।
ਏਨੀ ਸੁਣ ਖਾਲਸੇ ਨੂੰ, ਜੋਸ਼ ਆ ਗਿਆ।
‘ਬੰਦੇ’ ਦਾ ਅਸਰ, ਸਾਰਿਆਂ ’ਤੇ ਛਾ ਗਿਆ।
ਗੁੱਸੇ ਨਾਲ ਤੀਰ, ਬਰਸਾਏ ਸੂਰਿਆਂ।
ਵੈਰੀਆਂ ਦੇ ਪੂਰ ਕਈ, ਖਪਾਏ ਸੂਰਿਆਂ।
ਗ਼ਾਜ਼ੀਆਂ ਨੂੰ ਫਤਹਿ ਸਿੰਘ, ਨੇ ਦਬਾ ਲਿਆ।
ਭੇਡਾਂ ਵਾਂਗ ਸੂਰਮੇ ਨੇ, ਅੱਗੇ ਲਾ ਲਿਆ।
ਬਾਜ ਸਿੰਘ ਸ਼ੇਰ ਵਾਂਗ, ਬਲ ਧਾਰ ਕੇ।
ਜਾ ਪਿਆ ਮਲੇਰੀਆਂ ’ਤੇ ਛਾਲ ਮਾਰ ਕੇ।
ਦੋਵੇਂ ਸਰਦਾਰ ਡਿੱਗ ਪਏ ਮਲੇਰੀਏ।
ਖਾਲਸੇ ਨੇ ਫੌਜ ਭੇਡਾਂ ਵਾਂਗ ਘੇਰੀ ਏ।
ਤੁਰਕਾਂ ਦਾ ਦਲ ਕੁਛ ਭੈੜਾ ਪੈ ਗਿਆ।
ਖਾਲਸੇ ਦਾ ਰੋਅਬ, ਦਿਲਾਂ ਉੱਤੇ ਬਹਿ ਗਿਆ।
‘ਸੀਤਲ’ ਜੀ ਵੇਖੋ, ਤੁਰਕਾਂ ਨੂੰ ਭੱਜਦੇ।
ਸ਼ੇਰਾਂ ਵਾਂਗ ਸਿੰਘ, ਜੰਗ ਵਿਚ ਗੱਜਦੇ।
ਮਲੇਰੀਆਂ ਸਰਦਾਰਾਂ ਦਾ ਡਿੱਗਣਾ ਹੀ ਸੀ ਕਿ ਫੌਜਾਂ ਦੇ ਪੈਰ ਉੱਖੜ ਗਏ। ਓਧਰੋਂ ਗਾਜ਼ੀਆਂ ਵੀ ਜਾਨ ਬਚਾ ਕੇ ਪਿਛਾਂਹ ਖਿਸਕਣਾ ਸ਼ੁਰੂ ਕਰ ਦਿੱਤਾ। ਦੋਹਾਂ ਬਾਹੀਆਂ ਦੇ ਮੋਰਚੇ ਟੁੱਟ ਗਏ। ਇਕ ਵਿਚਕਾਰਲਾ ਮੋਰਚਾ ਬਾਕੀ ਰਹਿ ਗਿਆ, ਜਿਸ ਵਿਚ ਵਜ਼ੀਰ ਖਾਨ ਆਪ ਖਲਾ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਝੱਟ ਉਸ ਮੋਰਚੇ ’ਤੇ ਹੱਲਾ ਬੋਲ ਦਿੱਤਾ।
ਵਾਰ
ਬੰਦਾ ਸਿੰਘ ਨੇ ਵੰਗਾਰ ਕੇ ਫੌਜ ਨੂੰ,
ਫੇਰ ਆਖਰੀ ਹੱਲਾ ਕਰਵਾਇਆ।
ਸਿੰਘੋ ਸੂਰਿਓ, ਵਜ਼ੀਰ ਖਾਂ ਨੂੰ ਮਾਰ ਲਓ,
ਵੈਰੀ ਹੱਥ ਜੇ ਸਬੱਬ ਨਾਲ ਆਇਆ।
ਬੰਦਾ ਸਿੰਘ ਦਾ ਹੁਕਮ ਸੁਣ ਖਾਲਸੇ,
ਖੰਡਾ ਜੋਸ਼ ਵਿਚ ਆਣ ਕੇ ਚਲਾਇਆ।
ਰੂਪ ਧਾਰਿਆ ਸਿੰਘਾਂ ਨੇ ਕਾਲ ਦਾ,
ਕਈਆਂ ਵੈਰੀਆਂ ਨੂੰ ਧਰਤ ਲਿਟਾਇਆ।
ਨਾਲ ਲਹੂ ਦੇ ਜ਼ਮੀਨ ਹੋ ਗਈ ਰੰਗਲੀ,
ਹੋਲੀ ਵਿਚ ਜਿਉਂ ਗੁਲਾਲ ਛਿੜਕਾਇਆ।
ਚੜ੍ਹੀ ਲੋਥ ਉੱਤੇ ਲੋਥ ਵਿਚ ਜੰਗ ਦੇ,
ਥਾਂ ਥਾਂ ਸ਼ੋਰ ਫੱਟੜਾਂ ਨੇ ਪਾਇਆ।
ਬਾਂਕੇ ਸੂਰਮੇ ਮਾਂਵਾਂ ਦੇ ਲਾਡਲੇ,
ਮੌਤ ਧੂੜ ਵਿਚ ਅੰਤ ਸੁਆਇਆ।
‘ਸੀਤਲ’ ਜਿੱਤ ਹਾਰ ਵੱਸ ਕਰਤਾਰ ਦੇ,
ਜ਼ੋਰ ਘੱਟ ਨਹੀਂ ਕਿਸੇ ਨੇ ਲਾਇਆ।
ਜ਼ਾਲਮਾਂ ਦਾ ਪਾਪ ਦਾ ਬੇੜਾ ਨਕਾ-ਨਕ ਭਰ ਚੁੱਕਾ ਸੀ। ਇਸ ਘਮਸਾਣ ਦੀ ਲੜਾਈ ਵਿਚ ਪਾਪੀ ਵਜ਼ੀਰ ਖਾਨ ਸਿੰਘਾਂ ਹੱਥੋਂ ਮਾਰਿਆ ਗਿਆ। ਉਸਦੇ ਮਰਨ ਦੇ ਨਾਲ ਹੀ ਫੌਜ ਵਿਚ ਭਗਦੜ ਮਚ ਗਈ। ਸਿੰਘਾਂ ਦੀ ਇਸ ਲੜਾਈ ਵਿਚ ਜਿੱਤ ਹੋਈ। ਵਜ਼ੀਰ ਖਾਂ ਦੀ ਹਾਰ ਦੀ ਖ਼ਬਰ ਸੁਣ ਕੇ, ਉਹਦਾ ਪੁੱਤਰ ਸਣੇ ਪਰਵਾਰ ਦਿੱਲੀ ਨੂੰ ਨੱਸ ਗਿਆ। ਪਰ ਸੁੱਚਾ ਨੰਦ ਸਿੱਖਾਂ ਦੇ ਕਾਬੂ ਆ ਗਿਆ। ਨੱਸਣ ਵਾਸਤੇ ਓਸ ਵੀ ਬਥੇਰਾ ਚਾਰਾ ਕੀਤਾ, ਪਰ ਪਾਪਾਂ ਦੀਆਂ ਬੇੜੀਆਂ ਨੇ ਨੱਸਣ ਨਾ ਦਿੱਤਾ। ਸੋ, ਸਿੱਖਾਂ ਨੇ ਪੂਰੀ ਸਜ਼ਾ ਦੇ ਕੇ ਮਾਰਿਆ।
ਕਬਿੱਤ
ਸਣੇ ਬਾਲ ਬੱਚਿਆਂ ਦੇ, ਪਾਪੀ ਸੁੱਚਾ ਨੰਦ ਤਾਈਂ,
ਗੁਰੂ ਦੇ ਦੁਲਾਰਿਆਂ ਨੇ, ਬੰਨ੍ਹ ਲਿਆ ਜਾਇ ਕੇ।
ਕੌਡੀ ਕੌਡੀ ਪਿੱਛੇ ਸਾਰਾ, ਸ਼ਹਿਰ ਵਿਚ ਫੇਰਿਓ ਨੇ,
ਕਾਲਾ ਕਰ ਮੂੰਹ ਰੱਸਾ, ਗਲ ਵਿਚ ਪਾਇ ਕੇ।
ਇਕ ਇਕ ਕਰ ਪਰਵਾਰ, ਉਹਦਾ ਮਾਰਿਓ ਨੇ,
ਕੱਢੀਓ ਨੇ ਜਾਨ, ਤਰਸਾਏ ਤਰਸਾਇ ਕੇ।
ਕੀਤਿਆਂ ਗੁਨਾਹਾਂ ਦਾ ਫਲ, ਖਾਣਾ ਪਿਆ ‘ਸੀਤਲ’ ਜੀ,
ਜ਼ੁਲਮ ਕਮਾਉਣ ਵਾਲੇ ਮੋਏ, ਦੁੱਖ ਪਾਇ ਕੇ।
ਪਾਪਾਂ ਦਾ ਬਦਲਾ ਲੈ ਲਿਆ ਗਿਆ। ਸਰਹਿੰਦ ਤਬਾਹ ਕਰ ਦਿੱਤੀ ਗਈ। ਜ਼ਾਲਮਾਂ ਦੇ ਘਰ ਸਾੜ ਕੇ ਸੁਆਹ ਕਰ ਦਿੱਤੇ ਗਏ। ਚਾਰ-ਚੁਫੇਰੇ ਖਾਲਸੇ ਦੇ ਝੰਡੇ ਝੁਲਾਏ ਗਏ।
ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਭਾਈ ਬਾਜ ਸਿੰਘ ਜੀ ਨੂੰ ਸਰਹਿੰਦ ਦਾ ਸੂਬੇਦਾਰ ਥਾਪਿਆ ਤੇ ਭਾਈ ਆਲੀ ਸਿੰਘ ਜੀ ਨੂੰ ਉਹਦਾ ਨਾਇਬ। ਭਾਈ ਫਤਹਿ ਸਿੰਘ ਜੀ ਨੂੰ ਨਵਾਬੀ ਦਾ ਖਿਤਾਬ ਦੇ ਕੇ, ਸਮਾਣੇ ਦੇ ਇਲਾਕੇ ਵਿਚ ਮੁਕੱਰਰ ਕੀਤਾ। ਭਾਈ ਰਾਮ ਸਿੰਘ ਤੇ ਭਾਈ ਬਿਨੋਦ ਸਿੰਘ ਜੀ ਥਾਨੇਸਰ ਦੇ ਹਾਕਮ ਬਣੇ। ਇਹ ਹੈ ਖਾਲਸੇ ਦੀ ਸਰਹਿੰਦ ’ਤੇ ਪਹਿਲੀ ਫ਼ਤਹਿ।
ਲੇਖਕ ਬਾਰੇ
- ਗਿਆਨੀ ਸੋਹਣ ਸਿੰਘ ਸੀਤਲhttps://sikharchives.org/kosh/author/%e0%a8%97%e0%a8%bf%e0%a8%86%e0%a8%a8%e0%a9%80-%e0%a8%b8%e0%a9%8b%e0%a8%b9%e0%a8%a3-%e0%a8%b8%e0%a8%bf%e0%a9%b0%e0%a8%98-%e0%a8%b8%e0%a9%80%e0%a8%a4%e0%a8%b2/August 1, 2009
- ਗਿਆਨੀ ਸੋਹਣ ਸਿੰਘ ਸੀਤਲhttps://sikharchives.org/kosh/author/%e0%a8%97%e0%a8%bf%e0%a8%86%e0%a8%a8%e0%a9%80-%e0%a8%b8%e0%a9%8b%e0%a8%b9%e0%a8%a3-%e0%a8%b8%e0%a8%bf%e0%a9%b0%e0%a8%98-%e0%a8%b8%e0%a9%80%e0%a8%a4%e0%a8%b2/November 1, 2009
- ਗਿਆਨੀ ਸੋਹਣ ਸਿੰਘ ਸੀਤਲhttps://sikharchives.org/kosh/author/%e0%a8%97%e0%a8%bf%e0%a8%86%e0%a8%a8%e0%a9%80-%e0%a8%b8%e0%a9%8b%e0%a8%b9%e0%a8%a3-%e0%a8%b8%e0%a8%bf%e0%a9%b0%e0%a8%98-%e0%a8%b8%e0%a9%80%e0%a8%a4%e0%a8%b2/December 1, 2009
- ਗਿਆਨੀ ਸੋਹਣ ਸਿੰਘ ਸੀਤਲhttps://sikharchives.org/kosh/author/%e0%a8%97%e0%a8%bf%e0%a8%86%e0%a8%a8%e0%a9%80-%e0%a8%b8%e0%a9%8b%e0%a8%b9%e0%a8%a3-%e0%a8%b8%e0%a8%bf%e0%a9%b0%e0%a8%98-%e0%a8%b8%e0%a9%80%e0%a8%a4%e0%a8%b2/July 1, 2010