ਸੰਸਾਰ ਦੀਆਂ ਕਾਰਜਸ਼ੀਲ, ਗਤੀਸ਼ੀਲ ਅਤੇ ਜਿਉਂਦੀਆਂ-ਜਾਗਦੀਆਂ ਕੌਮਾਂ ਆਪਣੇ ਪੀਰ-ਪੈਗੰਬਰਾਂ, ਸੂਰਬੀਰਾਂ-ਯੋਧਿਆਂ ਅਤੇ ਸ਼ਹੀਦਾਂ ਦੇ ਯਾਦਗਾਰੀ ਦਿਨ-ਦਿਹਾੜੇ ਪੂਰੀ ਸ਼ਰਧਾ ਨਾਲ ਮਨਾ ਕੇ ਜਿਥੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦੀਆਂ ਹਨ, ਉਥੇ ਉਨ੍ਹਾਂ ਵੱਲੋਂ ਪਾਏ ਗਏ ਪੂਰਨਿਆਂ ਤੋਂ ਪ੍ਰੇਰਨਾ ਲੈਣ ਦਾ ਕਾਰਜ ਵੀ ਕਰਦੀਆਂ ਹਨ। ਇਸ ਤਰ੍ਹਾਂ ਕਰਨ ਨਾਲ ਸੰਬੰਧਿਤ ਕੌਮ ਵਰਤਮਾਨ ਵਿਚ ਵਿਚਰਦਿਆਂ ਹੋਇਆਂ ਆਪਣੀ ਮਹਾਨ ਵਿਰਾਸਤ ਨਾਲ ਜੁੜਦਿਆਂ ਭਵਿੱਖਮੁਖੀ ਬਣੀ ਰਹਿੰਦੀ ਹੈ। ਕੌਮਾਂ ਆਪਣੇ ਇਤਿਹਾਸ ਅਤੇ ਵਿਰਾਸਤ ਤੋਂ ਟੁੱਟ ਕੇ ਜਿਉਂਦੀਆਂ ਨਹੀਂ ਰਹਿ ਸਕਦੀਆਂ। ਇਹ ਇਤਿਹਾਸ ਅਤੇ ਵਿਰਾਸਤ ਹੀ ਕੌਮਾਂ ਦਾ ਸਰੋਤ ਹੁੰਦਾ ਹੈ। ਪ੍ਰਕ੍ਰਿਤੀ ਦੀ ਹਰ ਸ਼ੈਅ ਵੀ ਆਪਣੇ ਸਰੋਤ ਤੋਂ ਟੁੱਟ ਕੇ ਮਰ-ਮੁੱਕ ਜਾਂਦੀ ਹੈ। ਇਸ ਲਈ ਜੇਕਰ ਇਤਿਹਾਸ ਅਤੇ ਵਿਰਾਸਤ, ਮਾਣ ਕਰਨ ਯੋਗ ਕੁਝ ਪਰੰਪਰਾਵਾਂ ਅਤੇ ਰਵਾਇਤਾਂ ਨੂੰ ਕਿਸੇ ਕੌਮ ਦੀ ਜਿੰਦ-ਜ਼ਾਨ ਕਿਹਾ ਜਾਵੇ ਤਾਂ ਅਤਿਕਥਨੀ ਨਹੀਂ ਹੋਵੇਗੀ।
ਸਿੱਖ ਕੌਮ ਭਾਵੇਂ ਦੁਨੀਆਂ ਦੀਆਂ ਸਾਰੀਆਂ ਕੌਮਾਂ ਤੋਂ ਉਮਰ ਵਿਚ ਵੀ ਛੋਟੀ ਅਤੇ ਗਿਣਤੀ ਵਿਚ ਸਭ ਤੋਂ ਘੱਟ ਹੈ, ਪ੍ਰੰਤੂ ਇਸ ਦਾ ਸਿਧਾਂਤ, ਇਤਿਹਾਸ, ਵਿਰਾਸਤ ਲਾਮਿਸਾਲ ਅਤੇ ਅਦੁੱਤੀ ਹੈ, ਜਿਸ ਕਾਰਨ ਇਹ ਕੌਮ ਮਹਾਨ ਹੈ। ਸਾਰੀ ਲੋਕਾਈ ਦੇ ਕਲਿਆਣ ਅਤੇ ਭਲਾਈ ਲਈ ਕਾਮਨਾ ਕਰਨ, ਸਹਿਹੋਂਦ, ਸਾਂਝੀਵਾਲਤਾ ਅਤੇ ਸ਼ਹਿਨਸ਼ੀਲਤਾ ਦਾ ਮਹਾਨ ਉਪਦੇਸ਼ ਗੁਰੂ ਸਾਹਿਬ ਨੇ ਦੁਨੀਆਂ ਨੂੰ ਦੇ ਕੇ ਇਕ ਨਵਾਂ ਕ੍ਰਾਂਤੀਕਾਰੀ ਮਾਰਗ ਦਰਸਾਇਆ। ਸਮੁੱਚੀ ਸਿੱਖ ਕੌਮ ਤਥਾ ਸਮੂਹ ਨਾਨਕ ਨਾਮ ਲੇਵਾ ਗੁਰੂ ਸਾਹਿਬਾਨ, ਸ਼ਹੀਦ ਸਿੰਘਾਂ-ਸਿੰਘਣੀਆਂ-ਭੁਝੰਗੀਆਂ ਦੇ ਦਿਨ ਹਰ ਸਾਲ ਪੂਰੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਉਂਦੇ ਹਨ ਅਤੇ ਹਰ ਵਾਰ ਨਵਾਂ ਜੋਸ਼ ਅਤੇ ਜ਼ਜ਼ਬਾ ਪ੍ਰਾਪਤ ਕੀਤਾ ਜਾਂਦਾ ਹੈ, ਪ੍ਰੰਤੂ ਵੀਹਵੀਂ ਅਤੇ ਈਕੀਵੀਂ ਸਦੀਆਂ ਦੌਰਾਨ ਵੱਖ-ਵੱਖ ਸ਼ਤਾਬਦੀਆਂ ਸਾਰੀ ਦੁਨੀਆਂ ਵਿਚ ਪੂਰੇ ਖਾਲਸਾਈ ਜੋਸ਼, ਜ਼ਜ਼ਬੇ, ਸ਼ਰਧਾ ਅਤੇ ਸਤਿਕਾਰ ਨਾਲ ਮਨਾਈਆਂ ਗਈਆਂ। ਇਨ੍ਹਾਂ ਮਹਾਨ ਧਾਰਮਿਕ ਕਾਰਜਾਂ ਵਿਚ ਦੁਨੀਆਂ ਦੇ ਦੂਜੇ ਧਰਮਾਂ ਦੇ ਲੋਕ ਵੀ ਭਾਰੀ ਗਿਣਤੀ ਵਿਚ ਸ਼ਾਮਲ ਹੋਏ।
ਸ਼ਤਾਬਦੀਆਂ ਮਨਾਉਣ ਵਿਚ ਸਿੱਖ ਕੌਮ ਦੀ ਪ੍ਰਮੁੱਖ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਮੋਹਰੀ ਅਤੇ ਕੇਂਦਰੀ ਰੋਲ ਨਿਭਾਇਆ ਗਿਆ। ਇਨ੍ਹਾਂ ਇਤਿਹਾਸਕ ਯਤਨਾਂ ਨਾਲ ਜਿਥੇ ਸਮੁੱਚੀ ਕੌਮ ਨੂੰ ਸ਼ਮੂਲੀਅਤ ਕਰਨ ਦਾ ਮੌਕਾ ਮਿਲਿਆ, ਉਥੇ ਦੂਸਰੇ ਧਰਮਾਂ ਦੇ ਲੋਕਾਂ ਨੂੰ ਸਿੱਖ ਧਰਮ ਦੇ ਸੰਪੂਰਨ ਕ੍ਰਾਂਤੀਕਾਰੀ ਸਿਧਾਂਤ, ਸਿੱਖ ਪੰਥ ਦੇ ਇਤਿਹਾਸ ਅਤੇ ਕੁਰਬਾਨੀਆਂ ਬਾਰੇ ਜਾਣਕਾਰੀ ਪ੍ਰਾਪਤ ਹੋਈ। ਸਿੱਖ ਕੌਮ ਦੀ ਨਵੀਂ ਨੌਜੁਆਨ ਪੀੜ੍ਹੀ ਨੂੰ ਵੀ ਆਪਣੇ ਸ਼ਾਨਾਂਮੱਤੇ ਇਤਿਹਾਸ ਬਾਰੇ ਜਾਣਕਾਰੀ ਪ੍ਰਾਪਤ ਹੋਈ ਅਤੇ ਇਸ ਦੇ ਨਾਲ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਵਿਚ ਮਹੱਤਵਪੂਰਨ ਤੇਜੀ ਆਈ।
ਅੱਜ ਮਨੁੱਖ ਅੰਤਾਂ ਦੇ ਵਧ ਰਹੇ ਵਾਤਾਵਰਨਿਕ-ਪ੍ਰਦੂਸ਼ਣ ਕਾਰਨ ਸਾਹ ਲੈਣ ਤੋਂ ਵੀ ਔਖਾ ਹੋ ਰਿਹਾ ਹੈ ਅਤੇ ਭਿਆਨਕ ਬੀਮਾਰੀਆਂ ਦਾ ਖੂਬ ਬੋਲਬਾਲਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਵਾਤਾਵਰਣ ਨੂੰ ਸਾਫ-ਸੁਥਰਾ ਅਤੇ ਨਰੋਆ ਰੱਖਣ ਲਈ ਪੂਰੀ ਤਰ੍ਹਾਂ ਸਮਰੱਥ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਸੰਪੂਰਨ ਕ੍ਰਾਂਤੀ ਦੀ ਮੁਕੰਮਲ ਵਿਚਾਰਧਾਰਾ ਦਾ ਸਰੋਤ ਅਤੇ ਸੋਮਾ ਹੈ। ਮਨੁੱਖ ਜਿਤਨਾ ਡੂੰਘਾਈ, ਸੁਹਿਰਦਤਾ ਅਤੇ ਗੰਭੀਰਤਾ ਨਾਲ ਖੋਜ ਕਰੇਗਾ, ਉਤਨਾ ਹੀ ਸਰਬਪੱਖੀ ਗਿਆਨ ਰੂਪੀ ਭੰਡਾਰ ਦਾ ਉਹ ਮਾਲਕ ਬਣੇਗਾ। ਮਨੁੱਖ ਦੀਆਂ ਸਮੁੱਚੀਆਂ ਧਾਰਮਿਕ, ਰਾਜਨੀਤਿਕ, ਆਰਥਿਕ, ਸਮਾਜਿਕ ਅਤੇ ਵਾਤਾਵਰਨਿਕ ਸਮੱਸਿਆਵਾਂ ਦਾ ਪੂਰਨ ਹੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਮੌਜੂਦ ਹੈ, ਪ੍ਰੰਤੂ ਅਸੀਂ ਇਨ੍ਹਾਂ ਸ਼ਤਾਬਦੀਆਂ ਦੌਰਾਨ ਲੋਕਾਂ ਵਿਚ ਇਹ ਅਨਮੋਲ ਅਤੇ ਅਦੁੱਤੀ ਗਿਆਨ ਦਾ ਭੰਡਾਰ ਵੰਡ ਕੇ ਜਗਤ-ਜਲੰਦੇ ਦੀ ਲੋੜ ਅਨੁਸਾਰ ਸੇਵਾ ਨਹੀਂ ਕਰ ਸਕੇ। ਪਦਾਰਥਵਾਦ ਦੀ ਹੋੜ ਵਿਚ ਰੁੜ੍ਹੇ ਜਾ ਰਹੇ ਅਨੇਕਾਂ ਅਖੌਤੀ ਵਿਦਵਾਨ ਬੇਲੋੜੀਆਂ ਘੁਣਤਰਾਂ ਛੱਡ ਕੇ ਸਮੁੱਚੇ ਫਲਸਫੇ ਅਤੇ ਇਤਿਹਾਸ ਨੂੰ ਤੋੜ-ਮਰੋੜ ਕੇ ਕਰੂਪ ਰੂਪ ਵਿਚ ਪੇਸ਼ ਕਰ ਕੇ ਆਪਣੀਆਂ ਖੁਦਗਰਜ਼ੀਆਂ ਪਾਲ ਰਹੇ ਹਨ ਅਤੇ ਨਿੱਕੇ-ਨਿੱਕੇ ਲਾਭਾਂ ਲਈ ਪੰਥ-ਦੋਖੀ ਸ਼ਕਤੀਆਂ ਦੇ ਹੱਥਾਂ ਵਿਚ ਖੇਡ ਕੇ ਘੋਰ ਅਨਰਥ ਕਰ ਰਹੇ ਹਨ। ਖਾਲਸਾ ਪੰਥ ਨੂੰ ਆਪਣੀ ਹੋਂਦ-ਹਸਤੀ ਕਾਇਮ ਰੱਖਣ ਲਈ ਇਨ੍ਹਾਂ ਗੁੱਝੀਆਂ ਅਤੇ ਜ਼ਾਹਰਾ ਸਾਜ਼ਸਾਂ ਤੋਂ ਸੁਚੇਤ ਹੋਣਾ ਹੋਵੇਗਾ।
ਸੋਲ੍ਹਵੀਂ, ਸਤਾਰ੍ਹਵੀਂ, ਅਠਾਰ੍ਹਵੀਂ ਸਦੀਆਂ ਅਤੇ ਉਨ੍ਹੀਵੀਂ ਸਦੀ ਦਾ ਪਿਛਲਾ ਅੱਧ, ਖਾਲਸਾ ਪੰਥ ਲਈ ਅਤਿ-ਭੀਹਾਵਲਾ ਅਤੇ ਸੰਘਰਸ਼ਮਈ ਸੀ ਅਤੇ ਖਾਲਸਾ ਪੰਥ ਆਪਣੀ ਹੋਂਦ-ਹਸਤੀ ਸੁਰੱਖਿਅਤ ਰੱਖਣ ਅਤੇ ਦੇਸ਼ ਦੀ ਸਰਬਪੱਖੀ ਰਾਖੀ ਹਿੱਤ ਜੱਦੋ-ਜਹਿਦ ਵਿਚ ਹੀ ਰੁੱਝਿਆ ਰਿਹਾ। ਸਮੇਂ ਦੇ ਇਤਿਹਾਸ ਦਾ ਹਰ ਪੰਨਾ ਸਿੰਘ-ਸ਼ਹੀਦਾਂ ਦੀਆਂ ਲਾਮਿਸਾਲ ਕੁਰਬਾਨੀਆਂ ਅਤੇ ਉਨ੍ਹਾਂ ਦੇ ਅਦੁੱਤੀ ਕਾਰਨਾਮਿਆਂ ਦੁਆਰਾ ਆਪਣੇ ਪਵਿੱਤਰ ਖੂਨ ਨਾਲ ਲਿਖਿਆ ਗਿਆ। ਇਹ ਖਾਲਸਾ ਪੰਥ ਦਾ ਸੁਨਹਿਰੀ-ਅੱਖਰਾਂ ਵਿਚ ਲਿਖਣ ਯੋਗ ਇਤਿਹਾਸ ਹੈ, ਕਿਉਂਕਿ ਦੇਸ਼ ਅਤੇ ਕੌਮ ਦੇ ਹਿੱਤਾਂ ਖਾਤਰ ਅਣਗਿਣਤ ਕੁਰਬਾਨੀਆਂ ਹੋਈਆਂ। ਪੌਣੇ ਚਾਰ ਸਾਲ ਦੇ ਬੱਚੇ ਬਾਬਾ ਅਜੈ ਸਿੰਘ (ਸਪੁੱਤਰ ਬਾਬਾ ਬੰਦਾ ਸਿੰਘ ਬਹਾਦਰ) ਤੋਂ ਲੈ ਕੇ ਮੀਰ ਮਨੂੰ ਦੀ ਜੇਲ੍ਹ ਵਿਚ ਸ਼ੀਰ-ਖੋਰ ਬੱਚਿਆਂ ਦੇ ਟੁਕੜੇ-ਟੁਕੜੇ ਕਰ ਕੇ ਮਹਾਨ ਮਾਤਾਵਾਂ ਦੇ ਗਲਾਂ ਵਿਚ ਹਾਰ ਪਾਉਣ ਤੋਂ ਲੈ ਕੇ ਤਕਰੀਬਨ 92 ਸਾਲ ਦੀ ਵਡੇਰੀ ਉਮਰ ਦੇ ਬੰਦ-ਬੰਦ ਕਟਾਉਣ ਵਾਲੇ ਭਾਈ ਮਨੀ ਸਿੰਘ ਤਕ ਸ਼ਹੀਦ ਹੋਣ ਵਾਲਿਆਂ ਵਿੱਚੋਂ ਕੋਈ ਇਕ ਵੀ ਅਜਿਹਾ ਨਹੀਂ ਹੋਇਆ ਜੋ ਡੋਲਿਆ ਹੋਵੇ, ਭੱਜਿਆ ਹੋਵੇ, ਜਿਸ ਨੇ ਮੁਆਫੀ ਮੰਗੀ ਹੋਵੇ ਜਾਂ ਫਿਰ ਆਪਣੇ ਧਰਮ ਤੋਂ ਮੂੰਹ ਮੋੜਿਆ ਹੋਵੇ। ਹਰ ਇਕ ਹੀ ਛੋਟਾ-ਵੱਡਾ ਗੁਰੂ ਦੇ ਭਾਣੇ ਵਿਚ ਵਿਚਰਦਿਆਂ ਮੌਤ ਅਤੇ ਵੈਰੀ ਨੂੰ ਟਿੱਚ ਸਮਝਦਿਆਂ ਹੋਇਆਂ ਅਹਿਲ, ਅਡਿੱਗ ਅਤੇ ਅਡੋਲ ਰਹਿੰਦਿਆਂ ਹੋਇਆਂ ਹੱਸ-ਹੱਸ ਕੇ ਸ਼ਹੀਦੀ ਪਾ ਗਿਆ। ਅਜਿਹੀ ਮਿਸਾਲ ਕਿਸੇ ਦੇਸ਼ ਜਾਂ ਕੌਮ ਵਿਚ ਨਹੀਂ ਮਿਲਦੀ। ਇਹ ਖਾਲਸਾ ਪੰਥ ਦਾ ਹੀ ਸ਼ਾਨਾਂਮੱਤਾ ਇਤਿਹਾਸ ਹੈ। ਨਿਆਰਾਪਣ ਹੈ। ਵਿਲੱਖਣਤਾ ਹੈ। ਇਹ ਖਾਲਸੇ ਦਾ ਹੀ ਮਹਾਨ ਆਦਰਸ਼ ਰਿਹਾ ਹੈ। “ਸਿਰ ਜਾਏ ਤਾਂ ਜਾਏ ਪਰ ਮੇਰਾ ਸਿੱਖੀ ਸਿਦਕ ਨਾ ਜਾਏ” ਤਥਾ “ਬਾਹ ਜਿਨ੍ਹਾਂ ਦੀ ਪਕੜੀਏ, ਸਿਰ ਦੀਜੈ ਬਾਹ ਨਾ ਛੋੜੀਏ।” “ਗੁਰੂ ਤੇਗ ਬਹਾਦਰ ਬੋਲਿਆ ਧਰ ਪਈਐ ਧਰਮ ਨ ਛੋੜੀਏ।” ਸ਼ਤਾਬਦੀਆਂ ਮਨਾਉਣ ਦਾ ਉੱਦਮ ਜਦੋਂ ਲੰਮੀ ਜਦੋ-ਜਹਿਦ ਅਤੇ ਅਣਗਿਣਤ ਸ਼ਹੀਦੀਆਂ ਅਤੇ ਲਾਸਾਨੀ ਕੁਰਬਾਨੀਆਂ ਪਿੱਛੋਂ 14 ਨਵੰਬਰ, 1920 ਈ: ਨੂੰ ਸਿੱਖ ਧਰਮ ਦੀ ਇਕ ਕੇਂਦਰੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋਂਦ ਵਿਚ ਆਉਣ ਤੋਂ ਬਾਅਦ ਸ਼ੁਰੂ ਹੁੰਦਾ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ 1965 ਈ: ਵਿਚ ਪ੍ਰਕਾਸ਼ ਪੁਰਬ ਦੀ ਤੀਜੀ ਸ਼ਤਾਬਦੀ ਮਨਾਈ ਗਈ। ਉਸ ਸਮੇਂ ਪੰਜਾਬੀ ਯੂਨੀਵਰਿਸਟੀ ਵਿਚ ਗੁਰੂ ਗੋਬਿੰਦ ਸਿੰਘ ਭਵਨ ਦੀ ਸਥਾਪਨਾ ਕੀਤੀ ਗਈ। ਉਪਰੰਤ 1969 ਈ: ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 500 ਸਾਲਾ ਪ੍ਰਕਾਸ਼ ਉਤਸਵ ਸੁਲਤਾਨਪੁਰ ਲੋਧੀ ਅਤੇ ਸ੍ਰੀ ਅੰਮ੍ਰਿਤਸਰ ਵਿਖੇ ਮਨਾਇਆ ਗਿਆ। ਇਸ ਸਮੇਂ ਗੁਰੂ ਨਾਨਕ ਦੇਵ ਯੂਨੀਵਰਿਸਟੀ ਸ੍ਰੀ ਅੰਮ੍ਰਿਤਸਰ ਦੀ ਸਥਾਪਨਾ ਕੀਤੀ ਗਈ। ਇਸ ਤੋਂ ਇਲਾਵਾ ਗੁਰੂ ਨਾਨਕ ਨਿਵਾਸ ਸ੍ਰੀ ਅੰਮ੍ਰਿਤਸਰ ਦਾ ਨੀਂਹ ਪੱਥਰ ਰੱਖਿਆ ਗਿਆ ਅਤੇ ਗੁਰਮਤਿ ਕਾਲਜ ਪਟਿਆਲਾ ਦੀ ਸਥਾਪਨਾ ਕੀਤੀ ਗਈ। ਇਨ੍ਹਾਂ ਦੋਵਾਂ ਸ਼ਤਾਬਦੀਆਂ ਸਮੇਂ ਸ਼੍ਰੋ: ਗੁ: ਪ੍ਰ: ਕਮੇਟੀ ਸ੍ਰੀ ਅੰਮ੍ਰਿਤਸਰ ਦੇ ਪ੍ਰਧਾਨ ਸੰਤ ਚੰਨਣ ਸਿੰਘ ਜੀ ਸਨ। 1975 ਈ: ਵਿਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ 300 ਸਾਲਾ ਸ਼ਹੀਦੀ ਸ਼ਤਾਬਦੀ ਦਾ ਆਯੋਜਨ ਰਾਮ ਲੀਲ੍ਹਾ ਗਰਾਊਂਡ ਦਿੱਲੀ ਵਿਖੇ ਕੀਤਾ ਗਿਆ। ਸ੍ਰੀ ਅੰਮ੍ਰਿਤਸਰ ਸਾਹਿਬ ਦਾ 400 ਸਾਲਾ ਸਥਾਪਨਾ ਦਿਵਸ 17- 18 ਅਕਤੂਬਰ, 1977 ਈ: ਨੂੰ ਸ੍ਰੀ ਅੰਮ੍ਰਿਤਸਰ ਵਿਖੇ ਮਨਾਇਆ ਗਿਆ। ਇਸ ਮੌਕੇ ਉੱਤੇ ਸ੍ਰੀ ਗੁਰੂ ਰਾਮਦਾਸ ਹਸਪਤਾਲ ਦੀ ਸਥਾਪਨਾ ਕੀਤੀ ਗਈ। 11-5- 1979 ਈ: ਨੂੰ ਸ੍ਰੀ ਗੁਰੂ ਅਮਰਦਾਸ ਜੀ ਦਾ 500 ਸਾਲਾ ਪ੍ਰਕਾਸ਼ ਪੁਰਬ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਮਨਾਇਆ ਗਿਆ ਸੀ। ਇਸ ਸਮੇਂ ਉਸ ਥਾਂ ਉੱਤੇ ਇੰਡਸਟਰੀਅਲ ਫੋਕਲ ਪੁਆਇੰਟ ਸਥਾਪਤ ਕਰਨ ਦਾ ਫੈਸਲਾ ਲਿਆ ਗਿਆ। 26-1-1982 ਈ: ਨੂੰ ਪਹੂਵਿੰਡ ਸ੍ਰੀ ਅੰਮ੍ਰਿਤਸਰ ਵਿਖੇ ਬਾਬਾ ਦੀਪ ਸਿੰਘ ਜੀ ਦਾ 300 ਸਾਲਾ ਜਨਮ ਦਿਹਾੜਾ ਮਨਾਇਆ ਗਿਆ। ਇਨ੍ਹਾਂ ਤਿੰਨਾਂ ਸ਼ਤਾਬਦੀਆਂ ਸਮੇਂ ਪ੍ਰਧਾਨ ਸ. ਗੁਰਚਰਨ ਸਿੰਘ ਟੌਹੜਾ ਸਨ। ਖਾਲਸਾ ਪੰਥ ਦਾ 300 ਸਾਲਾ ਸਾਜਨਾ ਦਿਵਸ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ 14-4-1999 ਈ: ਨੂੰ ਮਨਾਇਆ ਗਿਆ। ਇਸ ਸਮੇਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਖਾਲਸਾ ਹੈਰੀਟੇਜ ਕੰਪਲੈਕਸ ਦੀ ਸਥਾਪਨਾ ਕੀਤੀ ਗਈ। ਇਸ ਸਮੇਂ ਪ੍ਰਧਾਨ ਬੀਬੀ ਜਗੀਰ ਕੌਰ ਸਨ। ਮਹਾਰਾਜਾ ਰਣਜੀਤ ਸਿੰਘ ਦੀ 200 ਸਾਲਾ ਤਾਜਪੋਸ਼ੀ ਦੀ ਸ਼ਤਾਬਦੀ 18 ਨਵੰਬਰ, 2001 ਈ: ਨੂੰ ਸ੍ਰੀ ਅੰਮ੍ਰਿਤਸਰ ਵਿਖੇ ਮਨਾਈ ਗਈ। ਇਸ ਸਮੇਂ ਪ੍ਰਧਾਨ ਜਥੇ: ਜਗਦੇਵ ਸਿੰਘ ਤਲਵੰਡੀ ਸਨ। ਸ੍ਰੀ ਗੁਰੂ ਅੰਗਦ ਦੇਵ ਜੀ ਦਾ 500 ਸਾਲਾ ਪ੍ਰਕਾਸ਼ ਪੁਰਬ 18-4-2004 ਈ: ਨੂੰ ਸ੍ਰੀ ਖਡੂਰ ਸਾਹਿਬ ਵਿਖੇ ਮਨਾਇਆ ਗਿਆ। ਇਸ ਸਮੇਂ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਨਾਮ ਉੱਤੇ ੜੲਟੲਰਨਿੳਰੇ (ਪਸ਼ੂ-ਚਿਕਿਤਸਾ) ਯੂਨੀਵਰਿਸਟੀ ਲੁਧਿਆਣਾ ਵਿਖੇ ਸਥਾਪਤ ਕੀਤੀ ਗਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਾ 400 ਸਾਲਾ ਪੁਰਬ 1-9-2004 ਈ: ਨੂੰ ਸ੍ਰੀ ਅੰਮ੍ਰਿਤਸਰ ਵਿਖੇ ਮਨਾਇਆ ਗਿਆ। ਇਸ ਸਮੇਂ ਪ੍ਰਧਾਨ ਜਥੇ: ਅਲਵਿੰਦਰਪਾਲ ਸਿੰਘ ਪੱਖੋਕੇ ਸਨ। ਸਾਹਿਬਜ਼ਾਦਿਆਂ ਦੀ 300 ਸਾਲਾ ਸ਼ਹੀਦੀ ਸ਼ਤਾਬਦੀ ਸ੍ਰੀ ਚਮਕੌਰ ਸਾਹਿਬ ਅਤੇ ਗੁ: ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ 20 ਤੋਂ 26-12-2004 ਈ: ਤਕ ਮਨਾਈ ਗਈ। ਇਸ ਸਮੇਂ ਸ੍ਰੀ ਫਤਹਿਗੜ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਿਸਟੀ ਸਥਾਪਤ ਕੀਤੇ ਜਾਣ ਦਾ ਫੈਸਲਾ ਲਿਆ ਗਿਆ। ਚਾਲੀ ਮੁਕਤਿਆਂ ਦੀ 300 ਸਾਲਾ ਸ਼ਹੀਦੀ ਸ਼ਤਾਬਦੀ 4-5-2005 ਈ: ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਮਨਾਈ ਗਈ। ਚਾਲੀ ਮੁਕਤਿਆਂ ਦੀ ਯਾਦ ਵਿਚ ਮੀਨਾਰ-ਏ-ਖਾਲਸਾ. ਦੀ ਸਥਾਪਨਾ ਕੀਤੀ ਗਈ। ਇਨ੍ਹਾਂ ਦੋਵੇਂ ਸ਼ਤਾਬਦੀਆਂ ਸਮੇਂ ਪ੍ਰਧਾਨ ਬੀਬੀ ਜਗੀਰ ਕੌਰ ਸਨ। ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ 400 ਸਾਲਾ ਸ਼ਹੀਦੀ ਸ਼ਤਾਬਦੀ 16-6-2006 ਈ: ਨੂੰ ਸ੍ਰੀ ਦਰਬਾਰ ਸਾਹਿਬ ਸ੍ਰੀ ਤਰਨਤਾਰਨ ਸਾਹਿਬ ਵਿਖੇ ਮਨਾਈ ਗਈ। ਇਸ ਸਮੇਂ ਤਰਨਤਾਰਨ ਸਾਹਿਬ ਨੂੰ ਜ਼ਿਲ੍ਹੇ ਦਾ ਦਰਜਾ ਦਿੱਤਾ ਗਿਆ ਅਤੇ ਚਮੜੀ ਦੇ ਰੋਗਾਂ ਦੇ ਹਸਪਤਾਲ ਦਾ ਨੀਂਹ ਪੱਥਰ ਰੱਖਿਆ ਗਿਆ। ਸ੍ਰੀ ਅਕਾਲ ਤਖਤ ਸਾਹਿਬ ਦਾ 400 ਸਾਲਾ ਸਥਾਪਨਾ ਦਿਵਸ 2-7-2006 ਈ: ਨੂੰ ਦੀਵਾਨ ਹਾਲ ਗੁ: ਸ੍ਰੀ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮਨਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 400 ਸਾਲਾ ਸੰਪੂਰਨਤਾ ਦਿਵਸ 30-8- 2006 ਈ: ਨੂੰ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਮਨਾਇਆ ਗਿਆ। ਬਾਬਾ ਬੁੱਢਾ ਜੀ ਦਾ ਜਨਮ ਦਿਹਾੜਾ ਗੁਰਦੁਆਰਾ ਜਨਮ ਅਸਥਾਨ ਕੱਥੂਨੰਗਲ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਵਿਖੇ 21-10-2006 ਈ: ਨੂੰ ਮਨਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾਗੱਦੀ ਦਿਵਸ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ 19 ਅਤੇ 20-10-2008 ਈ: ਨੂੰ ਮਨਾਇਆ ਗਿਆ। ਇਨ੍ਹਾਂ ਸ਼ਤਾਬਦੀਆਂ ਸਮੇਂ ਪ੍ਰਧਾਨ ਜਥੇ: ਅਵਤਾਰ ਸਿੰਘ ਸਨ।
ਵੀਹਵੀਂ ਅਤੇ ਇੱਕੀਵੀਂ ਸਦੀ ਦੌਰਾਨ ਮਨਾਈਆਂ ਸ਼ਤਾਬਦੀਆਂ ਦਾ ਜਦੋਂ ਸਮੁੱਚਾ ਲੇਖਾ-ਜੋਖਾ ਕਰਦੇ ਹਾਂ ਤਾਂ ਜਿਹੜੇ ਨੁਕਤੇ ਉਘੜਵੇਂ ਰੂਪ ਵਿਚ ਸਾਹਮਣੇ ਆਉਂਦੇ ਹਨ, ਉਹ ਇਹ ਹਨ ਕਿ ਪੰਥ ਨਾਲ ਪੰਥ-ਦੋਖੀ ਸ਼ਕਤੀਆਂ ਵੀ ਹਰ ਤਰ੍ਹਾਂ ਨਾਲ ਪੰਥਕ ਸਫਾਂ ਤੋਂ ਬਾਹਰ ਅਤੇ ਪੰਥਕ ਸਫਾਂ ਅੰਦਰ ਪ੍ਰਵੇਸ਼ ਕਰ ਕੇ ਆਪਣੀ ਘਿਨਾਉਣੀ ਖੇਡ ਖੇਡਣੋਂ ਬਾਜ ਨਹੀਂ ਆਈਆਂ, ਜਿਸ ਨਾਲ ਨਿਸਚੇ ਹੀ ਪੰਥਕ ਸਫਾਂ ਵਿਚ ਆਪਸੀ ਨਰਾਜ਼ਗੀਆਂ ਵਧਦੀਆਂ ਰਹੀਆਂ ਹਨ ਅਤੇ ਲੁਕਵੇਂ ਅਤੇ ਕਦੇ-ਕਦੇ ਜ਼ਾਹਰਾ ਰੂਪ ਵਿਚ ਪੰਥਕ-ਸਿਧਾਂਤ, ਰਵਾਇਤਾਂ, ਪ੍ਰੰਪਰਾਵਾਂ ਆਦਿ ਬਾਰੇ ਵੀ ਕਈ ਤਰ੍ਹਾਂ ਦੇ ਸ਼ੰਕੇ ਪੈਦਾ ਕਰਨ ਦਾ ਯਤਨ ਕੀਤਾ ਜਾਂਦਾ ਰਿਹਾ ਹੈ ਅਤੇ ਇਨ੍ਹਾਂ ਹਰਕਤਾਂ ਦਾ ਅਸਰ ਅੱਜ ਵੀ ਵੇਖਣ ਨੂੰ ਮਿਲਦਾ ਹੈ। ਅਗਿਆਨਤਾ ਜਾਂ ਖੁਦਗਰਜ਼ੀ ਕਾਰਨ ਕਾਫੀ ਲੋਕ ਛੋਟੇ ਜਾਂ ਵੱਡੇ ਸਮਾਜਿਕ, ਧਾਰਮਿਕ ਅਤੇ ਰਾਜਨੀਤਕ ਰੁਤਬਿਆਂ ਵਾਲੇ ਇਨ੍ਹਾਂ ਸਾਜ਼ਸਾਂ ਦਾ ਸ਼ਿਕਾਰ ਹੁੰਦੇ ਰਹੇ ਹਨ। ਕੌਮੀ ਜਿੰਦਗੀ ਦੀਆਂ ਲਹਿਰਾਂ ਵਿਚ ਅਜਿਹੇ ਅੜਿੱਕਾਕਾਰ ਅਤੇ ਰੋੜੇ ਆਉਂਦੇ ਹੀ ਰਹਿੰਦੇ ਹਨ, ਪ੍ਰੰਤੂ ਸ਼ਹੀਦਾਂ ਦੇ ਖੂਨ ਨਾਲ ਸਿੰਜ਼ੀ ਅਤੇ ਗੁਰੂ ਸਾਹਿਬਾਨ ਵੱਲੋਂ ਸਿਰਜੀ ਸਿੱਖ ਕੌਮ ਇਨ੍ਹਾਂ ਅੜਚਣਾਂ ਅਤੇ ਸਾਜ਼ਸਾਂ ਵਿੱਚੋਂ ਹਮੇਸ਼ਾਂ ਹੀ ਸੁਰਖੁਰੂ ਹੋ ਕੇ ਨਿਕਲਦੀ ਰਹੀ ਹੈ। ਇਹ ਫੁੱਲ ਨਾਲ ਕੰਡੇ ਨੁਮਾ ਹੀ ਹਨ। ਕੀਮਤ ਕੰਡਿਆਂ ਦੀ ਨਹੀਂ ਫੁੱਲਾਂ ਦੀ ਹੁੰਦੀ ਹੈ। ਇਸ ਦੇ ਨਾਲ ਹੀ ਇਨ੍ਹਾਂ ਸ਼ਤਾਬਦੀਆਂ ਦੇ ਮਨਾਉਣ ਦੇ ਲਾਭ ਵਧੇਰੇ ਹੋਏ ਹਨ। ਸਮੇਂ-ਸਮੇਂ ਤਕਰੀਬਨ ਸਾਰੀ ਕੌਮ ਨੂੰ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਇਕੱਠੇ ਹੋ ਕੇ ਇਨ੍ਹਾਂ ਵਿਚ ਸ਼ਮੂਲੀਅਤ ਕਰਨ ਦਾ ਮੌਕਾ ਮਿਲਿਆ ਹੈ। ਸਾਰੀ ਦੁਨੀਆਂ ਵਿਚ ਸਿੱਖ ਫਲਸਫੇ ਅਤੇ ਇਤਿਹਾਸ ਬਾਰੇ ਚਰਚੇ ਛਿੜੇ ਹਨ। ਸਿੱਖ ਕੌਮ ਦੀਆਂ ਅਨੇਕਾਂ ਹੀ ਸੰਸਥਾਵਾਂ, ਸੰਪਰਦਾਵਾਂ, ਜਥੇਬੰਦੀਆਂ ਇੱਕੋ ਪਲੇਟਫਾਰਮ ਉੱਤੇ ਇਕੱਠੀਆਂ ਹੋ ਕੇ ਕੌਮੀ ਸ਼ਕਤੀ ਦਾ ਅਦਭੂਤ ਨਜ਼ਾਰਾ ਪੇਸ਼ ਕਰਦੀਆਂ ਰਹੀਆਂ ਹਨ। ਨਗਰ ਕੀਰਤਨਾਂ, ਕੀਰਤਨ ਦਰਬਾਰਾਂ, ਸੈਮੀਨਾਰਾਂ, ਗੋਸਟੀਆਂ, ਢਾਡੀ ਅਤੇ ਕਵੀਸ਼ਰੀ ਦਰਬਾਰ, ਨਿਹੰਗ ਸਿੰਘਾਂ ਦੇ ਮਾਰਸ਼ਲ ਆਰਟ, ਖਾਲਸਾਈ ਖੇਡਾਂ ਅਤੇ ਵੱਡੇ ਪੱਧਰ ਉੱਤੇ ਅੰਮ੍ਰਿਤ ਸੰਚਾਰ ਆਦਿ ਰਾਹੀਂ ਸਿੱਖ ਕੌਮ ਵਿਚ ਨਵੀਂ ਸੁਜੱਗਤਾ, ਜੋਸ਼ ਅਤੇ ਜਜ਼ਬਾ ਪੈਦਾ ਹੁੰਦਾ ਰਿਹਾ ਹੈ। ਸਮੁੱਚੀ ਕੌਮ ਨੂੰ ਆਪਣਾ ਸ਼ਾਨਾਂਮੱਤਾ ਇਤਿਹਾਸ ਜਾਣਨ, ਮਾਣਨ ਅਤੇ ਪੁਨਰ ਜੀਵਤ ਹੋਣ ਦਾ ਮੌਕਾ ਮਿਲਿਆ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੁੰਦੀ ਰਹੀ ਹੈ ਕਿ ਸਾਡੀ ਨੌਜਵਾਨ ਪੀੜ੍ਹੀ ਨੂੰ ਗੌਰਵਮਈ, ਲਾਮਿਸਾਲ, ਲਾਸਾਨੀ ਅਤੇ ਅਦੁੱਤੀ ਸਿਧਾਂਤ, ਰਵਾਇਤਾਂ, ਪਰੰਪਰਾਵਾਂ ਅਤੇ ਇਤਿਹਾਸ ਨੂੰ ਜਾਣਨ ਅਤੇ ਸਮਝਣ ਦਾ ਮੌਕਾ ਮਿਲਿਆ, ਜਿਸ ਦੁਆਰਾ ਬਹੁਤ ਸਾਰੇ ਲੋਕ ਪੰਥ ਤੋਂ ਉਨ੍ਹਾਂ ਦੀਆਂ ਪੈ ਰਹੀਆਂ ਦੂਰੀਆਂ ਨੂੰ ਮਿਟਾ ਕੇ ਮੁੱਖ ਪੰਥਕ ਧਾਰਾ ਦਾ ਹਿੱਸਾ ਬਣੇ।
ਇਸ ਤੋਂ ਇਲਾਵਾ ਜਿਸ ਤਰ੍ਹਾਂ ਉੱਪਰ ਲਿਖਿਆ ਗਿਆ ਹੈ ਕਿ ਅਨੇਕਾਂ ਹੀ ਸ਼ਾਨਦਾਰ ਵਿਕਾਸ ਦੇ ਇਤਿਹਾਸਿਕ ਕਾਰਜ ਕੀਤੇ ਗਏ, ਜਿਨ੍ਹਾਂ ਕਰਕੇ ਸਿੱਖ ਕੌਮ ਦੀ ਪ੍ਰਫੁਲਤਾ, ਵਿਕਾਸ ਅਤੇ ਖੁਸ਼ਹਾਲੀ ਵਿਚ ਚੰਗੇ ਨਤੀਜੇ ਨਿਕਲਣੇ ਸੁਭਾਵਿਕ ਹੀ ਹਨ। ਦੁਨੀਆਂ ਦੀ ਸ਼ਾਇਦ ਹੀ ਕੋਈ ਕੌਮ ਅਜਿਹੀ ਹੋਵੇਗੀ ਜੋ ਆਪਣਾ ਜਨਮ ਦਿਨ ਮਨਾਉਂਦੀ ਹੋਵੇ ਅਤੇ ਆਪਣੇ ਧਾਰਮਿਕ ਗ੍ਰੰਥ ਸੰਬੰਧੀ ਵੱਖ-ਵੱਖ ਸ਼ਤਾਬਦੀਆਂ ਮਨਾਉਂਦੀ ਹੋਵੇ, ਆਪਣੇ ਪਵਿੱਤਰ ਸ਼ਹਿਰਾਂ ਦੀਆਂ ਸਥਾਪਨਾ ਸ਼ਤਾਬਦੀਆਂ ਮਨਾਉਂਦੀ ਹੋਵੇ, ਆਪਣੇ ਧਰਮ ਸੰਸਥਾਪਕਾਂ ਦੀਆਂ ਮਾਤ-ਲੋਕ ਤੇ ਆਉਣ ਅਤੇ ਇਥੋਂ ਸਦੀਵੀ ਤੌਰ ’ਤੇ ਰੁਖਸਤ ਹੋਣ, ਆਪਣੇ ਧਾਰਮਿਕ ਗ੍ਰੰਥ ਦੇ ਪ੍ਰਕਾਸ਼ ਅਤੇ ਸੰਪੂਰਨਤਾ ਅਤੇ ਗੁਰਤਾਗੱਦੀ ਦੀਆਂ ਸ਼ਤਾਬਦੀਆਂ ਅਤੇ ਸ਼ਹੀਦੀ ਸ਼ਤਾਬਦੀਆਂ ਮਨਾਉਂਦੀ ਹੋਵੇ। ਇਹ ਕੇਵਲ ਅਤੇ ਕੇਵਲ ਸਿੱਖ ਕੌਮ ਨੂੰ ਹੀ ਮਾਨ ਪ੍ਰਾਪਤ ਹੈ। ਇਹੋ ਕਾਰਨ ਹੈ ਕਿ ਸਿੱਖ ਕੌਮ ਅੱਜ ਵੀ ਆਪਣੀ ਸਰਬਪੱਖੀ ਕੌਮੀ ਵਿਰਾਸਤ ਦੇ ਬਲਬੂਤੇ ਉੱਤੇ ਹਰ ਖੇਤਰ ਵਿਚ ਨਾਮਣਾ ਖੱਟ ਰਹੀ ਹੈ। ਸਾਰੀਆਂ ਵਿਰੋਧਤਾਵਾਂ, ਚੁਣੌਤੀਆਂ, ਸਾਜ਼ਸਾਂ, ਮਾਰੂ ਹਮਲਿਆਂ, ਦੁਸ਼ਵਾਰੀਆਂ, ਮੌਕਾਪ੍ਰਸਤ ਅਤੇ ਖੁਦਗਰਜ਼ ਘੁਸਪੈਠੀਆਂ ਦੀਆਂ ਸ਼ਰਾਰਤਾਂ ਦੇ ਬਾਵਜੂਦ ਖਾਲਸਾ ਪੰਥ ਆਪਣੀ ਨਿਆਰੀ ਹੋਂਦ-ਹਸਤੀ ਕਾਇਮ ਰੱਖਣ ਵਿਚ ਸਫਲ ਹੈ। ਇਸ ਕੌਮ ਨੂੰ ਸਫੇ-ਹਸਤੀ ਤੋਂ ਮਿਟਾਉਣ ਵਾਲੇ ਅਨੇਕਾਂ ਹੀ ਜਾਬਰ, ਜ਼ਾਲਮ ਅਤੇ ਦਰਿੰਦੇ ਮਿੱਟੀ ਵਿਚ ਮਿਲ ਗਏ। ਭਵਿੱਖ ਵਿਚ ਵੀ ਅਜਿਹਾ ਹੀ ਹੋਵੇਗਾ, ਇਹ ਕੌਮੀ ਸੋਮਾ ਸੁੱਕਣ ਵਾਲਾ ਨਹੀਂ, ਸਗੋਂ ਨਿਰੰਤਰ ਸਦੀਵਕਾਲ ਲਈ ਵਹਿੰਦਾ ਰਹੇਗਾ। ਜਗਤ-ਜਲੰਦੇ ਨੂੰ ਠਾਰਦਾ ਅਤੇ ਤਾਰਦਾ ਰਹੇਗਾ। ਲੋੜਵੰਦਾਂ ਦੀ ਸਹਾਇਤਾ ਕਰਦਾ ਰਹੇਗਾ। ਆਪਣੇ ਹੀ ਧਰਮ ਦਾ ਨਹੀਂ, ਸਗੋਂ ਜਿਸ ਵੀ ਧਰਮ ਉੱਤੇ ਹਮਲਾ ਹੋਵੇਗਾ, ਉਸ ਦੀ ਰਾਖੀ ਦਾ ਜ਼ਾਮਨ ਬਣਿਆ ਰਹੇਗਾ। ਅੱਜ ਲੋੜ ਹੈ ਕਿ ਸਮੁੱਚਾ ਖਾਲਸਾ ਪੰਥ ਗੁਰੂ ਸਾਹਿਬ ਵੱਲੋਂ ਬਖਸ਼ੀ ਜੁਗਤ ਅਨੁਸਾਰ ਸਮੁੱਚੇ ਪਿਛੋਕੜ ਦਾ ਹਰ ਪੱਖੋਂ ਮੁਲਾਂਕਣ ਕਰਦਿਆਂ ਭਵਿੱਖ ਦੇ ਕੌਮੀ ਪ੍ਰੋਗਰਾਮ ਉਲੀਕੇ ਤਾਂ ਜੋ ਪੰਥਕ ਪਰਚਮ ਉੱਚਾ ਝੂਲਦਿਆਂ ਹੋਇਆਂ (ਝੂਲਤੇ ਨਿਸ਼ਾਨ ਰਹੇਂ ਪੰਥ ਮਹਾਰਾਜ ਕੇ) ਦੇਸ਼ ਅਤੇ ਕੌਮ ਦੀ ਸੁਰੱਖਿਆ, ਵਿਕਾਸ ਅਤੇ ਖੁਸ਼ਹਾਲੀ ਦਾ ਜ਼ਾਮਨ ਬਣਿਆ ਰਹੇ। ਸਾਰੇ ਸੰਸਾਰ ਦਾ ਇਕ ਨਰੋਆ ਅੰਗ ਬਣਿਆ ਰਹਿੰਦਿਆਂ ਹੋਇਆਂ, ਆਪਣੇ ਦੇਸ਼ ਦੀ ਖੜਗ ਭੁਜਾ ਅਤੇ ਅਨਾਜ ਦਾ ਭੰਡਾਰ ਬਣਿਆ ਰਹੇ ਅਤੇ ਆਪਣਾ ਨਿਆਰਾ ਸਰੂਪ, ਸਿਧਾਂਤ, ਸਭਿਆਚਾਰ ਅਤੇ ਵਿਰਾਸਤ ਕਾਇਮ ਰੱਖੇ। ਇਹੋ ਹੀ ਦੇਸ਼ ਅਤੇ ਦੁਨੀਆਂ ਦੇ ਵਡੇਰੇ ਹਿੱਤ ਵਿਚ ਹੈ। ਸ਼ਾਇਦ ਇਸ ਕਰਕੇ ਹੀ ਦੇਸ਼ ਦੀ ਅਜ਼ਾਦੀ ਦੀ ਲੜਾਈ ਵਿਚ ਇਹ ਨਾਅਰਾ “ਪੰਥ ਅਜ਼ਾਦ – ਦੇਸ਼ ਅਜ਼ਾਦ” ਵੀ ਬੁਲੰਦ ਹੋਇਆ ਅਤੇ ਪੰਥ ਨੇ ਦੇਸ਼ ਦੀ ਅਜ਼ਾਦੀ ਦੇ ਸੰਘਰਸ਼ ਵਿਚ 80% ਸ਼ਹੀਦੀਆਂ ਅਤੇ ਕੁਰਬਾਨੀਆਂ ਦੇਕੇ ਦੇਸ਼ ਦੀ ਅਜ਼ਾਦੀ ਨੂੰ ਯਕੀਨੀ ਬਣਾਇਆ। ਭਾਵੇਂ ਸਿੱਖ ਕੌਮ ਅਤੇ ਦੇਸ਼ ਪੰਜਾਬ ਨੂੰ ਬਹੁਤ ਭਾਰੀ ਕੀਮਤ ਸਰਦਾਰਾਂ ਤੋਂ ਰਿਫਊਜੀ ਬਣ ਕੇ, ਵੱਡੇ ਪੱਧਰ ਉੱਤੇ ਕਤਲਾਮ ਦਾ ਸ਼ਿਕਾਰ ਹੋ ਕੇ ਅਤੇ ਦੇਸ਼ ਪੰਜਾਬ ਦੀ ਵੰਡ ਕਰਵਾ ਕੇ ਚੁਕਾਉਣੀ ਪਈ। ਜਦੋਂ ਇਹ ਕੁਰਬਾਨੀਆਂ ਉਪਰੰਤ ਪ੍ਰਾਪਤ ਕੀਤੀ ਅਜ਼ਾਦੀ 1975 ਈ: ਵਿਚ ਤੱਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਅਦਾਲਤ ਵੱਲੋਂ ਉਸਦੀ ਚੋਣ ਨੂੰ ਰੱਦ ਕਰਨ ਦੇ ਫੈਸਲੇ ਤੋਂ ਮੁਨਕਰ ਹੋ ਕੇ ਦੇਸ਼ ਵਿਚ ਐਮਰਜੈˆਸੀ ਲਾ ਕੇ ਜ਼ਮਹੂਰੀਅਤ ਸਮਾਪਤ ਕਰ ਦਿੱਤੀ ਅਤੇ ਸਾਰੀਆਂ ਸ਼ਹਿਰੀ ਅਜ਼ਾਦੀਆਂ ਖਤਮ ਕਰ ਦਿਤੀਆਂ ਤਾਂ ਵੀ ਭਾਵੇਂ ਸਾਰਾ ਦੇਸ਼ ਸੁਸਰੀ ਵਾਂਗ ਡਰਦਾ ਮਾਰਿਆ ਸੌਂ ਗਿਆ ਸੀ, ਪ੍ਰੰਤੂ ਖਾਲਸਾ ਪੰਥ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਾਨੂੰਨੀ ਦੂਸ਼ਣਬਾਜੀਆਂ ਅਤੇ ਅੜਚਨਾਂ ਦੇ ਬਾਵਜੂਦ ਭਰਪੂਰ ਯੋਗਦਾਨ ਪਾਇਆ, ਜਿਸ ਦੇ ਨਤੀਜੇ ਵਜੋਂ ਕੇਂਦਰੀ ਸਰਕਾਰ ਵੱਲੋਂ ਸਿੱਖਾਂ ਦੀ ਇਸ ਪ੍ਰਮੁੱਖ ਧਾਰਮਿਕ ਸੰਸਥਾ ਨੂੰ ਸਮਾਪਤ ਕਰਨ ਲਈ ਵੀ ਅਸਫਲ ਯਤਨ ਕੀਤੇ ਗਏ।
ਭਾਰੀ ਕੁਰਬਾਨੀਆਂ ਉਪਰੰਤ ਕੇਂਦਰ ਸਰਕਾਰ ਖਾਲਸਾ ਪੰਥ ਅੱਗੇ ਉਸੇ ਤਰ੍ਹਾਂ ਝੁਕੀ ਜਿਸ ਤਰ੍ਹਾਂ ਅੰਗਰੇਜ਼ ਸਰਕਾਰ ਪੰਥ ਦੇ ਬੇਤਾਜ ਬਾਦਸ਼ਾਹ ਬਾਬਾ ਖੜਕ ਸਿੰਘ ਸਾਹਮਣੇ ਝੁਕੀ ਸੀ ਉਸ ਹੈˆਕੜਬਾਜ਼ ਪ੍ਰਧਾਨ ਮੰਤਰੀ ਨੂੰ 17 ਜਨਵਰੀ, 1977 ਈ: ਨੂੰ ਆਪਣੇ ਮਾਰੂ ਸ਼ਾਹੀ ਫਰਮਾਨ ਵਾਪਸ ਲੈਣੇ ਪਏ ਅਤੇ ਦੇਸ਼ ਨੂੰ ਮੁੜ ਜਮਹੂਰੀਅਤ ਪ੍ਰਾਪਤ ਹੋਈ। ਸਾਰੀ ਦੁਨੀਆਂ ਨੇ ਖਾਲਸਾ ਪੰਥ ਦੇ ਲਾਸਾਨੀ ਯੋਗਦਾਨ ਦੀ ਭਰਪੂਰ ਪ੍ਰਸ਼ੰਸਾ ਕੀਤੀ।
ਹੁਣ ਸਾਲ 2010 ਈ: ਦੇ ਮਈ ਮਹੀਨੇ ਵਿਚ ਛੋਟੇ ਸਾਹਿਬਜ਼ਾਦਿਆਂ ਨੂੰ ਅੱਤ ਦੇ ਤਸੀਹੇ ਦੇ ਕੇ ਸ਼ਹੀਦ ਕਰਨ ਵਾਲੇ ਜ਼ਾਲਮ ਹਾਕਮ ਸੂਬਾ ਸਰਹਿੰਦ ਨੂੰ ਮਾਰ ਕੇ ਸਰਹਿੰਦ ਵਿਖੇ ਖਾਲਸਾ ਰਾਜ ਦਾ ਪਰਚਮ ਝੁਲਾਉਣ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਫਤਹਿ ਕੀਤੇ ਸਰਹਿੰਦ ਦੀ ਤੀਜੀ ਸ਼ਤਾਬਦੀ ਬੜੇ ਜਾਹੋ-ਜਲਾਲ ਨਾਲ ਮਨਾਈ ਜਾਣੀ ਹੈ।
ਆਓ! ਖਾਲਸਾ ਪੰਥ ਦੇ ਮਹਾਨ ਪਰਉਪਕਾਰੀ ਸਿਧਾਂਤ, ਕੁਰਬਾਨੀਆਂ ਵਾਲੇ ਇਤਿਹਾਸ ਅਤੇ ਸ਼ਾਨਾਂਮੱਤੇ ਵਿਰਸ਼ੇ ਨੂੰ ਹੋਰ ਮਜਬੂਤ ਕਰੀਏ। ਇਸ ਰੋਸ਼ਨੀ ਨੂੰ ਦੇਸ਼-ਦੁਨੀਆਂ ਵਿਚ ਪਸਾਰੀਏ। ਆਪਣੇ ਧਰਮ ਵਿਚ ਪਰਪੱਕ ਰਹਿੰਦਿਆਂ ਹੋਇਆਂ ਦੂਜਿਆਂ ਧਰਮਾਂ ਦਾ ਸਤਿਕਾਰ ਕਰੀਏ। ਕੌਮੀ ਹਿੱਤਾਂ ਵਿਚ ਆਪਣਾ ਢੁਕਵਾਂ ਯੋਗਦਾਨ ਪਾਉਂਦਿਆਂ ਗੁਰੂ ਪਿਤਾ ਦੇ ਸੱਚੇ ਸਪੂਤ ਬਣੀਏ ਅਤੇ ਸਤਿਗੁਰਾਂ ਦਾ ਫੁਰਮਾਨ ਅਮਲੀ ਰੂਪ ਵਿਚ ਪੇਸ਼ ਕਰੀਏ:
ਬਾਬਾਣੀਆ ਕਹਾਣੀਆ ਪੁਤ ਸਪੁਤ ਕਰੇਨਿ॥ (ਪੰਨਾ 951)
ਲੇਖਕ ਬਾਰੇ
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/June 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/June 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/August 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/September 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/October 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/December 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/January 1, 2008
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/March 1, 2008
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/May 1, 2008