editor@sikharchives.org

ਬਾਬਾ ਬਕਾਲੇ

ਗੁਰੂ ਜੀ ਦੁਆਰਾ ਉਚਾਰਨ ਕੀਤੇ ਗਏ ‘ਬਾਬਾ ਬਕਾਲੇ’ ਸ਼ਬਦਾਂ ਵਿਚ ‘ਬਾਬਾ’ ਸ਼ਬਦ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਥਾਏ ਉਚਾਰਨ ਕੀਤਾ ਗਿਆ ਸੀ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਸਿੱਖ ਧਰਮ ਦੀ ਸਥਾਪਨਾ ਉਪਰੰਤ ਇਸ ਵਿਲੱਖਣ ਧਰਮ ਦਾ ਪੂਰਨ ਵਿਗਾਸ ਦੋ ਸਦੀਆਂ ਤੋਂ ਵੱਧ ਸਮੇਂ ਵਿਚ ਦਸ ਗੁਰੂ ਸਾਹਿਬਾਨ ਦੀ ਸੁਚੱਜੀ ਅਗਵਾਈ ਹੇਠ ਹੋਇਆ। ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖਾਲਸਾ ਸਾਜਨਾ ਦੀ ਘਟਨਾ ਇਸ ਦਾ ਪੂਰਨ ਵਿਗਾਸ ਸੁਨਿਸ਼ਚਿਤ ਕਰਦੀ ਹੈ। ਹਰੇਕ ਗੁਰੂ ਸਾਹਿਬ ਦਾ ਗੁਰਗੱਦੀ ਕਾਲ ਸਿੱਖ ਧਰਮ ਦੇ ਇਕ ਖਾਸ ਵਿਕਾਸ ਪੜਾਅ ਦਾ ਸੰਕੇਤ ਦਿੰਦਾ ਹੈ। ਅਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਗੁਰਗੱਦੀ ਦਾ ਲੱਗਭਗ ਢਾਈ ਵਰ੍ਹਿਆਂ ਦਾ ਸੀਮਤ ਸਮਾਂ ਗੁਰ-ਇਤਿਹਾਸ ਦੇ ਸੁਨਿਹਰੀ ਪੰਨਿਆਂ ’ਚ ਅੰਕਤ ਹੋਇਆ, ਹਰੇਕ ਪਾਠਕ ਸ੍ਰੋਤੇ ਨੂੰ ਵਿਸਮਾਦ ਦੇ ਆਵੇਸ਼ ਵਿਚ ਲੈ ਜਾਂਦਾ ਹੈ। ਸਿੱਖੀ ਦਾਇਰੇ ਤੋਂ ਬਾਹਰ ਰਹਿਣ ਵਾਲੇ ਲੋਕ ਤਾਂ ਹੈਰਾਨੀ ਪ੍ਰਗਟ ਕਰਨ ਲੱਗਦੇ ਹਨ ਕਿ ਮਾਤਰ ਸਵਾ ਪੰਜ ਵਰ੍ਹਿਆਂ ਦੀ ਉਮਰ ਵਿਚ ਰੂਹਾਨੀ ਅਗਵਾਈ ਦੀ ਸਮਰੱਥਾ ਕਿਵੇਂ ਹੋ ਸਕਦੀ ਹੈ, ਪਰੰਤੂ ਸੱਚੇ ਸਿੱਖ ਦਾ ਅਡੋਲ ਵਿਸ਼ਵਾਸ ਗੁਰੂ ਦੀ ਅਜ਼ਮਤ, ਉਸ ਦੀ ਵਡੱਤਣ ਨੂੰ ਸਹਿਜ ਰੂਪ ’ਚ ਪ੍ਰਵਾਨ ਕੇ ਉਸ ਅੱਗੇ ਨਤ-ਮਸਤਕ ਹੁੰਦਾ ਹੈ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਸੰਮਤ ਨਾਨਕਸ਼ਾਹੀ 193 (ਸੰਨ 1661) ਨੂੰ ਗੁਰੂ ਪਿਤਾ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਪਾਸੋਂ ਅਕਾਲ ਪੁਰਖ ਦੇ ਹੁਕਮ ਅਨੁਸਾਰ ਗੁਰਗੱਦੀ ਉੱਪਰ ਬੈਠ ਕੇ ਸਿੱਖ ਸੰਗਤਾਂ ਦੀ ਰੂਹਾਨੀ ਅਗਵਾਈ ਦੀ ਜ਼ਿੰਮੇਵਾਰੀ ਬਖਸ਼ਿਸ਼ ਕੀਤੀ ਗਈ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਤੋਂ ਆਯੂ ਵਿਚ ਕਾਫੀ ਵੱਡੇ, ਮਸੰਦਾਂ ਵਿਚ ਜਾਣ-ਪਛਾਣ ਰੱਖਣ ਵਾਲੇ ਅਤੇ ਸਰਕਾਰੇ-ਦਰਬਾਰੇ ਪਹੁੰਚ ਰੱਖਣ ਵਾਲੇ ਵੱਡੇ ਭਰਾ ਸ੍ਰੀ ਰਾਮ ਰਾਇ ਦੀ ਮਨਸ਼ਾ ਸੀ ਕਿ ਗੁਰਗੱਦੀ ਦਾ ਹੱਕ ਉਸ ਦਾ ਸੀ ਪਰੰਤੂ ਉਮਰ ’ਚ ਵੱਡੇ ਹੋਣ ਦੀ ਕਸਵੱਟੀ ਗੁਰੂ-ਘਰ ’ਚ ਲਾਗੂ ਨਹੀਂ ਹੋ ਸਕਦੀ। ਇਹ ਧੁਰ-ਦਰਗਾਹੀ ਹੁਕਮ, ਬਖਸ਼ਿਸ਼, ਰੂਹਾਨੀ ਸੰਸਕਾਰਾਂ, ਸੁੱਚੇ ਅਧਿਆਤਮਕ ਅਨੁਭਵ ਤੇ ਗਿਆਨ ਆਦਿ ਕਸਵੱਟੀਆਂ ਦਾ ਅੰਮ੍ਰਿਤ ਫਲ ਹੋ ਸਕਦੀ ਸੀ। ਰਾਮਰਾਇ ਨੇ ਪਾਵਨ ਗੁਰਬਾਣੀ ਦੀ ਤੁਕ ਨੂੰ ਬਾਦਸ਼ਾਹ ਔਰੰਗਜ਼ੇਬ ਦੇ ਭੈਅ ਜਾਂ ਖੁਸ਼ ਕਰਨ ਦੇ ਮਨੋਭਾਵ ਨਾਲ ਬਦਲ ਕੇ ਆਪਣੀ ਮੂਲ ਮੁੱਢਲੀ ਯੋਗਤਾ ਉੱਪਰ ਕਾਂਟਾ ਫਿਰਵਾ ਲਿਆ ਸੀ। ਰਾਮ ਰਾਇ ਨੇ ‘ਮਿਟੀ ਮੁਸਲਮਾਨ ਕੀ’ ਨੂੰ ‘ਮਿਟੀ ਬੇਈਮਾਨ ਕੀ’ ਲਿਖਿਆ ਦੱਸ ਕੇ ਬਾਦਸ਼ਾਹ ਨੂੰ ਤਾਂ ਖੁਸ਼ ਕਰ ਲਿਆ ਪਰੰਤੂ ਗੁਰੂ-ਪਿਤਾ ਦੀਆਂ ਨਜ਼ਰਾਂ ’ਚ ਆਪਣੇ ਆਪ ਨੂੰ ਗਿਰਾ ਲਿਆ। ਐਸੀ ਅਵੱਗਿਆ ਬਾਰੇ ਸੁਣਦਿਆਂ ਸਾਰ ਗੁਰੂ ਪਾਤਸ਼ਾਹ ਨੇ ਫ਼ੁਰਮਾਨ ਕੀਤਾ ਕਿ ਰਾਮਰਾਇ ਸਾਡੇ ਮੱਥੇ ਨਾ ਲੱਗੇ।

ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸਿੱਖ ਸੰਗਤਾਂ ਨੂੰ ਰੂਹਾਨੀ ਗਿਆਨ-ਉਪਦੇਸ਼ ਬਖਸ਼ਿਸ਼ ਕਰਦੇ। ਪਾਵਨ ਗੁਰਬਾਣੀ ਦੇ ਫ਼ੁਰਮਾਨਾਂ ਨਾਲ ਨਿਹਾਲ ਕਰਦੇ। ਅਗਿਆਨ ਹਨੇਰਾ ਕੱਟਦੇ। ਸਿੱਖ ਸੰਗਤਾਂ ਦੇ ਨਾਲ-ਨਾਲ ਸਰਬ ਸਾਧਾਰਨ ਲੋਕਾਈ ਦਾ ਵੀ ਭਵ- ਸਾਗਰ ਤੋਂ ਪਾਰ ਉਤਾਰਾ ਕਰਦੇ। ਦਸਮ ਪਾਤਸ਼ਾਹ ਦਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੰਬੰਧੀ ਵਿਸਮਾਦ ਭਰਪੂਰ ਕਥਨ ਰੋਜ਼ਾਨਾ ਸਿੱਖ ਅਰਦਾਸ ਦਾ ਅਨਿੱਖੜ ਹਿੱਸਾ ਬਣ ਚੁੱਕਾ ਹੈ:

ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੈ ਸਭਿ ਦੁਖਿ ਜਾਇ॥

ਜਿਵੇਂ ਸੂਰਜ ਦਾ ਸੁਭਾਅ ਹੈ ਕਿ ਉਹ ਪ੍ਰਕਾਸ਼ ਕਿਰਨਾਂ ਨਾਲ ਸੰਸਾਰ ਦੇ ਹਰ ਕੋਨੇ ਦਾ ਹਨ੍ਹੇਰਾ ਕੱਟਦਾ ਹੈ, ਜਿਵੇਂ ਚੰਦਰਮਾ ਪੂਰਨਤਾ ਦੀ ਸਥਿਤੀ ’ਚ ਸਭ ਨੂੰ ਸੀਤਲ ਚਾਨਣੀ ਵੰਡਦਾ ਹੈ ਇਵੇਂ ਹੀ ਸੱਚੇ ਰੂਹਾਨੀ ਗਿਆਨ ਅਨੁਭਵ ਦੇ ਅਸੀਮ ਖਜ਼ਾਨੇ ਗੁਰੂ ਦਾ ਨਿਰਮਲ ਪ੍ਰਭਾਵ ਦਰਸ਼ਨ-ਦੀਦਾਰੇ ਕਰਨ ਵਾਲਿਆਂ ’ਤੇ ਹੋਣਾ ਸੁਭਾਵਕ ਹੈ। ਭਾਈ ਸੰਤੋਖ ਸਿੰਘ ਦਾ ਅਠਵੇਂ ਪਾਤਸ਼ਾਹ ਦੇ ਵਿਅਕਤਿਤਵ-ਪ੍ਰਭਾਵ ਸੰਬੰਧੀ ਕਥਨ ਹੈ ਕਿ ਜਿਸ ਪ੍ਰਕਾਰ ਸਵੇਰ ਦਾ ਸੂਰਜ ਦੇਖਣ ਵਿਚ ਬਹੁਤ ਛੋਟਾ ਹੁੰਦਾ ਹੈ ਪਰੰਤੂ ਉਸ ਦਾ ਚਾਨਣ ਚਾਰੇ ਪਾਸੇ ਪਸਰ ਕੇ ਸ੍ਰਿਸ਼ਟੀ ਨੂੰ ਰੁਸ਼ਨਾ ਦਿੰਦੈ ਉਸੇ ਪ੍ਰਕਾਰ ਲੋਕ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਦੇਖ ਕੇ, ਉਨ੍ਹਾਂ ਦੇ ਨਿਰਮਲ ਬਚਨ ਸੁਣ ਕੇ ਬਹੁਤ ਅਨੰਦ-ਪ੍ਰਸੰਨ ਹੋ ਜਾਂਦੇ ਸਨ।

ਸਿੱਖ ਸੰਗਤਾਂ ਤਾਂ ਗੁਰੂ ਜੀ ਤੋਂ ਵਾਰਨੇ ਬਲਿਹਾਰਨੇ ਜਾਂਦੀਆਂ ਐਪਰ ਸ੍ਰੀ ਰਾਮ ਰਾਇ ਆਪਣੇ ਮਨਮੱਤੀ ਕਰਮਾਂ ’ਚ ਉਲਝੇ ਰਹੇ। ਉਨ੍ਹਾਂ ਨੇ ਚੜ੍ਹੇ ਸੂਰਜ ਰੂਪੀ ਹਕੀਕਤ ਤੋਂ ਅਨਜਾਣਤਾ, ਅਗਿਆਨਤਾ ’ਚ ਰਹਿੰਦਿਆਂ ਅੱਖਾਂ ਮੀਟੀ ਰੱਖੀਆਂ। ਇਹੀ ਨਹੀਂ, ਸਰਕਾਰੇ-ਦਰਬਾਰੇ ਆਪਣੀ ਜਾਣ-ਪਛਾਣ ਦਾ ਅਯੋਗ ਲਾਭ ਲੈਣ ਤੋਂ ਵੀ ਪਿੱਛੇ ਨਾ ਰਹੇ। ਔਰੰਗਜ਼ੇਬ ਕੋਲ ਜਾ ਸ਼ਿਕਾਇਤ ਕੀਤੀ ਕਿ ਹੇ ਬਾਦਸ਼ਾਹ ਸਲਾਮਤ! ਵੱਡਾ ਪੁੱਤਰ ਮੈਂ ਸਾਂ। ਹਰ ਪ੍ਰਕਾਰ ਦੀ ਮੇਰੇ ’ਚ ਯੋਗਤਾ ਨੂੰ ਅਣਡਿੱਠ ਕਰ ਕੇ ਮੇਰੇ ਪਿਤਾ ਜੀ ਨੇ ਮੇਰੇ ਛੋਟੇ ਭਰਾ ਸ੍ਰੀ ਹਰਿਕ੍ਰਿਸ਼ਨ ਨੂੰ ਗੁਰਗੱਦੀ ’ਤੇ ਬਿਠਾ ਕੇ ਮੇਰੇ ਨਾਲ ਅਨਿਆਂ ਕੀਤਾ ਹੈ। ਤੁਸੀਂ ਮੈਨੂੰ ਮੇਰਾ ਹੱਕ ਦਿਲਵਾਓ! ਬਾਦਸ਼ਾਹ ਨੂੰ ਮਹਿਸੂਸ ਹੋਇਆ ਕਿ ਉਸ ਨੂੰ ਇਸ ਵਿੱਚੋਂ ਰਾਜਸੀ ਲਾਭ ਮਿਲ ਸਕਦਾ ਹੈ। ਸਿੱਖ ਧਰਮ ਪ੍ਰਚਾਰ ’ਚ ਰੁਕਾਵਟ ਪੈ ਸਕਦੀ ਹੈ ਅਤੇ ਇਸਲਾਮ ਦਾ ਫੈਲਾਉ ਹੋ ਸਕਦਾ ਹੈ। ਉਸ ਨੇ ਆਪਣੇ ਵਿਸ਼ਵਾਸਪਾਤਰ ਅਹਿਲਕਾਰ ਮਿਰਜਾ ਰਾਜਾ ਜੈ ਸਿਹੁੰ ਨੂੰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਦਿੱਲੀ ਲਿਆਉਣ ਦਾ ਕਾਰਜ ਸੌਂਪਿਆ। ਸ੍ਰੀ ਗੁਰੂ ਹਰਿਰਾਇ ਸਾਹਿਬ ਤੋਂ ਗੁਰੂ-ਘਰ ਦੀ ਤਤਕਾਲੀ ਰਾਜਸੀ ਹਾਕਮ ਸੰਬੰਧੀ ‘ਨਹਿ ਮਲੇਛ ਕੋ ਦਰਸ਼ਨ ਦੇ ਹੈ’ ਦੀ ਨੀਤੀ ਚਲਦੀ ਆ ਰਹੀ ਸੀ। ਰਾਮ ਰਾਇ ਦੇ ਮਨ ਵਿਚ ਸੀ ਕਿ ਜਦੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਬਾਦਸ਼ਾਹ ਨੂੰ ਦਿੱਲੀ ਜਾ ਕੇ ਮਿਲਣਗੇ ਤਾਂ ਮੈਂ ਇਸ ਗੱਲ ਨੂੰ ਉਭਾਰਾਂਗਾ ਕਿ ਇਨ੍ਹਾਂ ਨੇ ਗੁਰੂ-ਘਰ ਦੀ ਉਸ ਦੇ ਮੱਥੇ ਨਾ ਲੱਗਣ ਦੀ ਨੀਤੀ ਦੀ ਅਵੱਗਿਆ ਕੀਤੀ ਹੈ। ਔਰੰਗਜ਼ੇਬ ਵੀ ਜਾਣਦਾ ਸੀ ਕਿ ਗੁਰੂ-ਘਰ ਦੀ ਉਸ ਦੇ ਮੱਥੇ ਨਾ ਲੱਗਣ ਦੀ ਨੀਤੀ ਜਾਰੀ ਹੈ। ਮਿਰਜਾ ਰਾਜਾ ਜੈ ਸਿਹੁੰ ਨੂੰ ਕਾਰਜ ਭਾਰ ਸੌਂਪਣ ਵਕਤ ਇਹ ਸਭ ਔਰੰਗਜ਼ੇਬ ਦੇ ਦਿਲ-ਦਿਮਾਗ ’ਚ ਸੀ। ਉਹ ਇਕ ਸ਼ਾਤਰ ਸ਼ਖ਼ਸ ਤਾਂ ਸੀ ਹੀ। ਮਿਰਜਾ ਰਾਜਾ ਜੈ ਸਿਹੁੰ ਨੇ ਆਪਣੇ ਹੱਥੀਂ ਬੜੇ ਹੀ ਪਿਆਰ-ਸਤਿਕਾਰ ਸਹਿਤ ਗੁਰੂ ਜੀ ਨੂੰ ਦਿੱਲੀ ਆਉਣ ਵਾਸਤੇ ਪੁਰਜ਼ੋਰ ਸੱਦਾ-ਪੱਤਰ ਲਿਖ ਕੇ, ਆਪਣੇ ਖਾਸ ਸੰਦੇਸ਼ਵਾਹਕ ਹੱਥ ਭੇਜਿਆ। ਗੁਰੂ ਜੀ ਨੂੰ ਦਿੱਲੀ ਦੀ ਸਿੱਖ ਸੰਗਤ ਦਾ ਵੀ ਸੱਦਾ-ਪੱਤਰ ਮਿਲਿਆ। ਸਿੱਖ ਸੰਗਤ ਨੇ ਲਿਖਿਆ ਸੀ ਕਿ ਰਾਮਰਾਇ ਦਿੱਲੀ ’ਚ ਗਲਤ ਕਿਸਮ ਦਾ ਪ੍ਰਚਾਰ ਕਰ ਰਿਹਾ ਹੈ। ਆਪ ਦਿੱਲੀ ਆਓ। ਆਪ ਦੇ ਦਰਸ਼ਨਾਂ ਲਈ ਸਾਰੀ ਸੰਗਤ ਬੜੀ ਬੇਤਾਬ ਹੈ। ਸਿੱਖ ਸੰਗਤ ਦੁਆਰਾ ਲਿਖਿਆ ਸੱਦਾ-ਪੱਤਰ ਵੀ ਸੰਦੇਸ਼ਵਾਹਕ ਹੱਥ ਹੀ ਕੀਰਤਪੁਰ ਸਾਹਿਬ ਭੇਜਿਆ ਦੱਸਿਆ ਜਾਂਦਾ ਹੈ। ਮੁੱਖ ਤੌਰ ’ਤੇ ਇਹੀ ਸੱਦਾ-ਪੱਤਰ ਸੀ ਜਿਸ ਦੀ ਸੁਭਾਵਕ ਖਿੱਚ ਦਾ ਸਦਕਾ ਗੁਰੂ ਜੀ ਦਿੱਲੀ ਜਾਣ ਵਾਸਤੇ ਰਜ਼ਾਮੰਦ ਹੋਏ। ਗੁਰੂ ਜੀ ਜਦੋਂ ਦਿੱਲੀ ਲਈ ਰਵਾਨਾ ਹੋਏ ਤਾਂ ਕੁਝ ਗਿਣਤੀ ਵਿਚ ਸਿੱਖ ਸੰਗਤਾਂ ਆਪ ਦੇ ਸੰਗ-ਸਾਥ ਹੋ ਤੁਰੀਆਂ। ਆਪ ਦੇ ਸਤਿਕਾਰਤ ਦਾਦੀ ਜੀ ਅਤੇ ਮਾਤਾ ਜੀ ਵੀ ਦਿੱਲੀ ਨਾਲ ਹੀ ਗਏ। ਰਸਤੇ ’ਚ ਕਈ ਥਾਈਂ ਪੜਾਅ ਕੀਤੇ। ਨਾਮ-ਬਾਣੀ, ਗੁਰੂ-ਗਿਆਨ ਦੇ ਨਿਰਮਲ ਉਪਦੇਸ਼ ਨਾਲ ਅਥਾਹ ਲੋਕਾਈ ਨੂੰ ਨਿਹਾਲ ਕੀਤਾ। ਪੰਜੋਖਰੇ (ਅੰਬਾਲੇ ਦੇ ਪਾਸ) ਵਿਖੇ ਵਿੱਦਿਆ ਦੇ ਅਹੰਕਾਰ ’ਚ ਬੁਰੀ ਤਰ੍ਹਾਂ ਉਲਝੇ ਪੰਡਤ ਲਾਲ ਚੰਦ ਦਾ ਅਹੰਕਾਰ ਛੱਜੂ ਨਾਮਕ ਝੀਵਰ ਦੇ ਸਿਰ ’ਤੇ ਆਪਣੀ ਸੋਟੀ ਤੇ ਮਿਹਰ ਭਰੀ ਨਿਗ੍ਹਾ ਕਰ ਕੇ ਉਸ ਤੋਂ ਗੀਤਾ ਦੇ ਅਰਥ ਕਰਵਾ ਕੇ ਨਵਿਰਤ ਕੀਤਾ। ਦਿੱਲੀ ਪਹੁੰਚ ਕੇ ਮਿਰਜਾ ਰਾਜਾ ਜੈ ਸਿਹੁੰ ਨੇ ਆਪਣੇ ਬੰਗਲੇ ’ਚ ਗੁਰੂ ਜੀ ਤੇ ਸਿੱਖ ਸੰਗਤ ਨੂੰ ਠਹਿਰਾਇਆ, ਜਿੱਥੇ ਅੱਜ ਗੁਰਦੁਆਰਾ ਬੰਗਲਾ ਸਾਹਿਬ ਇਸ ਇਤਿਹਾਸਕ ਘਟਨਾ ਦੀ ਯਾਦ ਦੇ ਪ੍ਰਤੀਕ ਦੇ ਤੌਰ ’ਤੇ ਸੁਸ਼ੋਭਿਤ ਹੈ। ਜਦੋਂ ਔਰੰਗਜ਼ੇਬ ਨੇ ਗੁਰੂ ਜੀ ਕੋਲ ਸੁਨੇਹਾ ਘੱਲਿਆ ਕਿ ਮੈਂ ਆਪ ਦੇ ਦਰਸ਼ਨ ਕਰਨੇ ਚਾਹੁੰਦਾ ਹਾਂ ਤਾਂ ਗੁਰੂ ਜੀ ਨੇ ਉਸ ਨੂੰ ਸਪਸ਼ਟ ਉੱਤਰ ਭਿਜਵਾਇਆ ਕਿ ਉਨ੍ਹਾਂ ਦਾ ਬਾਦਸ਼ਾਹ ਨਾਲ ਕੋਈ ਸਰੋਕਾਰ ਨਹੀਂ ਹੈ। ਉਸ ਨੂੰ ਇਹ ਵੀ ਸਪਸ਼ਟ ਕੀਤਾ ਕਿ ਗੁਰਗੱਦੀ ਕੋਈ ਜੱਦੀ ਮਲਕੀਅਤ ਨਹੀਂ। ਗੁਰੂ ਜੀ ਨੇ ਉਸ ਨੂੰ ਪੂਰੇ ਵੇਰਵੇ ਸਹਿਤ ਸਪਸ਼ਟ ਕਰ ਦਿੱਤਾ ਕਿ ਗੁਰੂ ਨਾਨਕ ਸਾਹਿਬ ਤੋਂ ਉਨ੍ਹਾਂ ਤਕ ਗੁਰਗੱਦੀ ਦੀ ਜ਼ਿੰਮੇਵਾਰੀ ਵਿਚ ਜੱਦੀ ਵਿਰਾਸਤ ਵਾਲਾ ਤੱਤ ਮੂਲੋਂ ਹੀ ਕ੍ਰਿਆਸ਼ੀਲ ਨਹੀਂ ਰਿਹਾ।

ਇਉਂ ਔਰੰਗਜ਼ੇਬ ਨੂੰ ਕੋਈ ਸ਼ੰਕਾ ਬਾਕੀ ਨਾ ਰਿਹਾ ਕਿ ਰਾਮ ਰਾਇ ਨਾਲ ਕੋਈ ਅਨਿਆਂ ਹੋਇਆ ਸੀ। ਫਿਰ ਵੀ ਔਰੰਗਜ਼ੇਬ ਦੇ ਮਨ ’ਚ ਗੁਰੂ-ਅਜ਼ਮਤ ਸੰਬੰਧੀ ਜੋ ਥੋੜ੍ਹੀ-ਬਹੁਤ ਸ਼ੰਕਾ ਰਹਿ ਗਈ ਸੀ ਉਹ ਮਿਰਜਾ ਰਾਜਾ ਜੈ ਸਿਹੁੰ ਦੀ ਪਟਰਾਣੀ ਦੀ ਉਸ ਦੀਆਂ ਹੋਰ ਰਾਣੀਆਂ ਅਤੇ ਕਈ ਗੋਲੀਆਂ ਵਿੱਚੋਂ ਗੁਰੂ ਜੀ ਦੁਆਰਾ ਪਛਾਣ ਕਰ ਲੈਣ ’ਤੇ ਦੂਰ ਹੋ ਗਈ। ਇਉਂ ਰਾਮਰਾਇ ਦੀ ਸ਼ਿਕਾਇਤ ਖਾਰਜ ਕਰ ਦਿੱਤੀ ਗਈ।

ਇਸ ਉਕਤ ਵਾਕਿਆ ਤੋਂ ਅਗਲੇ ਦਿਨ ਗੁਰੂ ਜੀ ਨੂੰ ਬੁਖਾਰ ਹੋ ਗਿਆ। ਉਪਰੰਤ ਚੇਚਕ ਨਿਕਲ ਆਈ ਜੋ ਕਿ ਬਹੁਤ ਹੀ ਸਖ਼ਤ ਸੀ। ਸਿੱਖ ਸੰਗਤਾਂ ਬੇਚੈਨ ਹੋ ਗਈਆਂ। ਗੁਰੂ ਜੀ ਨੇ ਸਭ ਨੂੰ ਗਿਆਨ-ਉਪਦੇਸ਼ ਰਾਹੀਂ ਤਸੱਲੀ ਬਖਸ਼ਿਸ਼ ਕੀਤੀ। ਸਿੱਖ ਸੰਗਤਾਂ ਨੇ ਭਾਵਾਵੇਸ਼ ’ਚ ਜੋਦੜੀ ਕੀਤੀ ਕਿ ਹੇ ਸੱਚੇ ਸਤਿਗੁਰ ਜੀਓ! ਹਾਲਤ ਬੜੀ ਹੀ ਅਸਥਿਰ ਹੈ। ਇਧਰ ਰਾਮ ਰਾਇ ਦੀਆਂ ਗੋਂਦਾਂ ਅਜੇ ਜਾਰੀ ਹਨ ਤੇ ਉਧਰ ਪੰਜਾਬ ’ਚ ਧੀਰ ਮੱਲ ਆਪਣੇ ਆਪ ਨੂੰ ਗੁਰਗੱਦੀ ਦਾ ਦਾਹਵੇਦਾਰ ਜਤਲਾ ਰਿਹਾ ਹੈ। ਕਿਤੇ ਐਸਾ ਨਾ ਹੋਵੇ ਕਿ ਗੁਰੂ ਨਾਨਕ ਪਾਤਸ਼ਾਹ ਦੁਆਰਾ ਲਾਇਆ ਸਿੱਖੀ ਦਾ ਬੂਟਾ ਸੰਭਾਲ ਖੁਣੋਂ ਕੁਮਲਾ ਹੀ ਜਾਵੇ। ਗੁਰੂ ਜੀ ਨੇ ਸਿੱਖ ਸੰਗਤਾਂ ਨੂੰ ਧਰਵਾਸ ਬਖਸ਼ਿਸ਼ ਕੀਤੀ ਕਿ ਗੁਰੂ ਨਾਨਕ ਪਾਤਸ਼ਾਹ ਦੁਆਰਾ ਲਾਇਆ ਗਿਆ ਸਿੱਖੀ ਦਾ ਬੂਟਾ ਸਦਾ ਹਰਿਆ-ਭਰਿਆ ਰਹੇਗਾ, ਵਧੇ-ਫੁਲੇ, ਵਿਗਸੇਗਾ। ਇਹ ਕਦੇ ਨਹੀਂ ਕੁਮਲਾਏਗਾ। ਗੁਰੂ ਜੀ ਨੇ ਗੁਰੂ-ਘਰ ਦੀ, ਗੁਰਗੱਦੀ ਦੀ ਜ਼ਿੰਮੇਵਾਰੀ ਪ੍ਰਦਾਨ ਕਰਨ ਦੀ ਚਲੀ ਆ ਰਹੀ ਮਰਯਾਦਾ ਅਨੁਸਾਰ ਨਰੇਲ ਤੇ ਪੰਜ ਪੈਸੇ ਮੰਗਵਾਏ ਅਤੇ ਲੇਟਿਆਂ ਹੀ ਬਾਂਹ ਉੱਚੀ ਕਰ ਫੁਰਮਾਇਆ : ‘ਬਾਬਾ ਬਕਾਲੇ’। ਇਹ ਫ਼ਰਮਾਨ ਕਰਨ ਸਾਰ ਗੁਰੂ ਜੀ ਨਾਸ਼ਮਾਨ ਸਰੀਰ ਪਿੱਛੇ ਛੱਡਦੇ ਹੋਏ ਅਕਾਲ ਪੁਰਖ ਦੀ ਜੋਤ ’ਚ ਸਮਾ ਗਏ। ਇਹ ਵਾਕਿਆ ਸੰਮਤ ਨਾਨਕਸ਼ਾਹੀ 196 ਮੁਤਾਬਕ 30 ਮਾਰਚ ਸੰਨ 1664 ਨੂੰ ਹੋਇਆ। ਗੁਰੂ ਜੀ ਦੀ ਦੇਹ ਦਾ ਅੰਤਮ ਸੰਸਕਾਰ ਜਮਨਾ ਨਦੀ ਕਿਨਾਰੇ ਭੋਗਲ ਨਾਮਕ ਪਿੰਡ ਦੇ ਲਾਗੇ ਕੀਤਾ ਗਿਆ ਜਿਥੇ ਬਾਲਾ ਸਾਹਿਬ ਗੁਰਦੁਆਰਾ ਸੁਭਾਇਮਾਨ ਹੈ। ਜੋਤੀ ਜੋਤਿ ਸਮਾਉਣ ਵਕਤ ਆਪ ਦੀ ਆਯੂ ਪੌਣੇ ਅੱਠ ਸਾਲ ਸੀ। ਆਪ ਨੇ ਲੱਗਭਗ ਢਾਈ ਸਾਲ ਗੁਰਿਆਈ ਦੀ ਜ਼ਿੰਮੇਵਾਰੀ ਨਿਭਾਈ।

ਗੁਰੂ ਜੀ ਦੁਆਰਾ ਉਚਾਰਨ ਕੀਤੇ ਗਏ ‘ਬਾਬਾ ਬਕਾਲੇ’ ਸ਼ਬਦਾਂ ਵਿਚ ‘ਬਾਬਾ’ ਸ਼ਬਦ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਥਾਏ ਉਚਾਰਨ ਕੀਤਾ ਗਿਆ ਸੀ। ਗੁਰੂ ਜੀ ਨੇ ਤਾਂ ਪੂਰੀ ਤਰ੍ਹਾਂ ਸਪਸ਼ਟ ਰੂਪ ’ਚ ਰਿਸ਼ਤੇ ਅਨੁਸਾਰ ਆਪਣੇ ‘ਬਾਬਾ’ ਲੱਗਦੇ, ਬਕਾਲਾ ਪਿੰਡ ’ਚ ਨਿਵਾਸ ਕਰ ਰਹੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਸਭ ਤੋਂ ਛੋਟੇ ਸਪੁੱਤਰ ਸ੍ਰੀ (ਗੁਰੂ) ਤੇਗ ਬਹਾਦਰ ਸਾਹਿਬ ਨੂੰ ਜਿਨ੍ਹਾਂ ਦਾ ਪ੍ਰਕਾਸ਼ ਸੰਮਤ ਨਾਨਕਸ਼ਾਹੀ 153 ਮੁਤਾਬਕ 1 ਅਪ੍ਰੈਲ ਸੰਨ 1621 ਨੂੰ ਗੁਰੂ ਕੇ ਮਹਿਲ ਸ੍ਰੀ ਅੰਮ੍ਰਿਤਸਰ ਵਿਖੇ ਮਾਤਾ ਨਾਨਕੀ ਜੀ ਦੀ ਕੁੱਖੋਂ ਹੋਇਆ ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਸੌਂਪੀ ਸੀ ਪਰ ਤਤਕਾਲੀਨ ਸੁਆਰਥੀ ਲੋਕਾਂ ਨੇ ਇਸ ਦੇ ਮਨਮਰਜ਼ੀ ਦੇ ਅਰਥ ਕੱਢਦਿਆਂ ਬਕਾਲੇ ਵਿਚ ਆਪਣੇ ਆਪ ਨੂੰ ਗੁਰਗੱਦੀ ਦੇ ਦਾਅਵੇਦਾਰ ਦੱਸਣਾ ਸ਼ੁਰੂ ਕਰ ਦਿੱਤਾ। ਉਹ ਮੰਜੀਆਂ ਡਾਹ ਕੇ ਬਹਿ ਗਏ ਤਾਂ ਜੋ ਸਿੱਖ ਸੰਗਤਾਂ ਨੂੰ ਭਰਮਾਇਆ ਜਾ ਸਕੇ। ਸੰਗਤਾਂ ਪਾਸੋਂ ਕਾਰ-ਭੇਟ ਉਗਰਾਹੁਣੀ ਸ਼ੁਰੂ ਕਰ ਦਿੱਤੀ ਗਈ ਭਾਵੇਂ ਕਿ ਸੰਗਤਾਂ ਸੱਚੇ ਗੁਰੂ ਦੇ ਪ੍ਰਗਟ ਨਾ ਹੋਣ ਕਾਰਨ ਬਹੁਤ ਬੇਚੈਨ ਸਨ। ਸੰਗਤਾਂ ਨੂੰ ਬੇਚੈਨੀ ’ਚੋਂ ਕੱਢਣ ਦੀ ਵਡਿਆਈ ਅਕਾਲ ਪੁਰਖ ਪਰਮਾਤਮਾ ਨੇ ਭਾਈ ਮੱਖਣ ਸ਼ਾਹ ਲੁਬਾਣਾ ਅਖਵਾਉਣ ਵਾਲੇ ਇਕ ਵਪਾਰੀ/ਕਾਰੋਬਾਰੀ ਸਿੱਖ ਨੂੰ ਬਖਸ਼ੀ।

ਭਾਈ ਮੱਖਣ ਸ਼ਾਹ ਦੇ ਬਾਰੇ ਸਿੱਖ ਧਰਮ ਦੇ ਪਰੰਪਰਾਗਤ ਕਾਵਿ-ਗ੍ਰੰਥਾਂ ’ਚ ਉਸ ਦਾ ਜਹਾਜ਼ ਤੂਫਾਨ ’ਚ ਫਸਣ ਅਤੇ ਨੌਵੇਂ ਪਾਤਸ਼ਾਹ ਦੁਆਰਾ ਰੂਹਾਨੀ ਸ਼ਕਤੀ ਨਾਲ ਉਸ ਨੂੰ ਸਹੀ ਸਲਾਮਤ ਕੰਢੇ ਲਾਉਣ ਦੇ ਬਿਰਤਾਂਤ ਮਿਲਦੇ ਹਨ। ਗੁਰੂ-ਘਰ ’ਚ ਡੂੰਘੀ ਸ਼ਰਧਾ ਤੇ ਆਸਥਾ ਰੱਖਣ ਵਾਲੇ ਕਵੀਆਂ ਨੇ ਹਰੇਕ ਯੁੱਗ ’ਚ ਇਸ ਘਟਨਾ ਨੂੰ ਆਪਣੇ ਭਾਵ-ਭਿੰਨੇ ਸ਼ਬਦਾਂ ’ਚ ਬਿਆਨਿਆ ਹੈ ਅਤੇ ਇਹ ਕ੍ਰਮ ਜਾਰੀ ਹੈ। ਪਰੰਤੂ ਪ੍ਰੋ. ਕਰਤਾਰ ਸਿੰਘ ਐਮ.ਏ. ਦੁਆਰਾ ਲਿਖੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਪ੍ਰਕਾਸ਼ਤ ਪ੍ਰਮਾਣਿਕ ਇਤਿਹਾਸ ‘ਸਿੱਖ ਇਤਿਹਾਸ’ (ਭਾਗ ਪਹਿਲਾ) ਵਿਚ ਸਫਾ 307 ਤੋਂ 310 ਤਕ ਦਿੱਤੇ ਗਏ ਵੇਰਵਿਆਂ ’ਚੋਂ ਕੁਝ ਚੋਣਵੇਂ ਅੰਸ਼ ਪਾਠਕਾਂ ਦੀ ਜਾਣਕਾਰੀ ਹਿਤ ਦੇਣੇ ਯੋਗ ਪ੍ਰਤੀਤ ਹੁੰਦੇ ਹਨ:

1. ਚੇਤ ਸੰਮਤ 1722 (ਮਾਰਚ ਸੰਨ 1665) ਵਿਚ ਇਕ ਸਿੱਖ ਭਾਈ ਮੱਖਣ ਸ਼ਾਹ ਲੁਬਾਣਾ, ਗੁਰੂ ਜੀ ਦੇ ਦਰਸ਼ਨਾਂ ਲਈ ਬਕਾਲੇ ਪੁੱਜਾ। (ਸਫਾ 307)

2. ਮੱਖਣ ਸ਼ਾਹ ਵਪਾਰੀ ਸੀ ਅਤੇ ਨਾਲੇ ਗੁਜਰਾਤ (ਕਾਠੀਆਵਾੜ) ਦੇ ਇਲਾਕੇ ਵਿਚ ਗੁਰੂ ਜੀ ਦੇ ਮਸੰਦ ਦੇ ਤੌਰ ’ਤੇ ਵੀ ਸੇਵਾ ਕਰਦਾ ਸੀ, ਉਹ ਕਾਰ- ਭੇਟਾ ਜਾਂ ਸਿੱਖਾਂ ਦੇ ਦਿੱਤੇ ਦਸਵੰਧ ਦੀਆਂ ਇਕ ਹਜ਼ਾਰ ਮੋਹਰਾਂ ਗੁਰੂ ਜੀ ਲਈ ਲਿਆਇਆ ਸੀ।

3. ਮੱਖਣ ਸ਼ਾਹ ਇੰਨੇ ਗੁਰੂ ਵੇਖ ਕੇ ਹੈਰਾਨ ਹੋ ਗਿਆ। ਉਸ ਨੇ ਅਰਦਾਸ ਕੀਤੀ, ‘ਹੇ ਸੱਚੇ ਪਾਤਸ਼ਾਹ! ਮੇਰੀ ਅਕਲ ਕੰਮ ਨਹੀਂ ਕਰਦੀ। ਤੁਸੀਂ ਆਪਣੀ ਅਮਾਨਤ ਆਪ ਮੂੰਹੋਂ ਮੰਗ ਕੇ ਲਵੋ ਤਾਂ ਜੁ ਮੇਰੇ ਮਨ ਨੂੰ ਧੀਰਜ ਹੋਏ।’ ਫੇਰ ਉਹ ਲੱਗਾ ਦੋ-ਦੋ ਮੁਹਰਾਂ ਹਰੇਕ ‘ਗੁਰੂ’ ਅੱਗੇ ਧਰ ਕੇ ਮੱਥਾ ਟੇਕਣ। ਹਰ ਕੋਈ ਮੋਹਰਾਂ ਵੇਖ ਕੇ ਖੁਸ਼ ਹੋ ਗਿਆ, ਕਿਸੇ ਨੇ ਵੀ ਕਾਰ-ਭੇਟਾ ਦੀ ਅਸਲੀ ਰਕਮ ਦੀ ਗੱਲ ਤੀਕ ਨਾ ਕੀਤੀ। (ਸਫਾ 308)

4. ਉਸ ਨੂੰ ਯਕੀਨ ਹੋ ਗਿਆ ਕਿ ਮੰਜੀਆਂ ਡਾਹ ਕੇ ‘ਗੁਰੂ’ ਬਣੀ ਬੈਠਿਆਂ ਵਿਚੋਂ ਕੋਈ ਸਤਿਗੁਰੂ (ਸੱਚਾ ਗੁਰੂ) ਨਹੀਂ। ਉਹ ਬੜਾ ਨਿਰਾਸ਼ ਹੋਇਆ। ਉਸ ਨੇ ਲੋਕਾਂ ਪਾਸੋਂ ਪੁੱਛਿਆ ਕਿ ਕੀ ਏਥੇ ਕੋਈ ਹੋਰ ਸੋਢੀ ਵੀ ਰਹਿੰਦਾ ਹੈ? ਕਿਸੇ ਨੇ ਉਸ ਨੂੰ ਇਕਾਂਤ ਸ਼ਾਂਤ ਵਿਚ ਰਹਿ ਰਹੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਦੱਸ ਪਾਈ ਅਤੇ ਕਿਹਾ, ‘ਪਰ ਉਹ ਗੁਰੂ ਬਣਨ ਦੇ ਚਾਹਵਾਨ ਨਹੀਂ।’

ਭਾਈ ਮੱਖਣ ਸ਼ਾਹ ਉਥੇ ਗਿਆ ਜਿਥੇ ਗੁਰੂ ਜੀ ਭੋਰੇ ਵਿਚ ਬੈਠੇ ਭਜਨ-ਬੰਦਗੀ ਕਰ ਰਹੇ ਸਨ। ਉਸਨੇ ਦਰਸ਼ਨਾਂ ਲਈ ਬੇਨਤੀ ਕੀਤੀ, ਪਰ ਮਾਤਾ ਗੁਜਰੀ ਜੀ ਨੇ ਕਿਹਾ: ‘ਮਹਾਰਾਜ ਕਿਸੇ ਨੂੰ ਮਿਲਦੇ ਨਹੀਂ।’ ਪਰ ਭਾਈ ਮੱਖਣ ਸ਼ਾਹ ਨੇ ਗੁਰੂ ਦਾ ਵਾਸਤਾ ਪਾ ਕੇ ਬੂਹਾ ਖੁਲ੍ਹਵਾਇਆ। ਉਹ ਅੰਦਰ ਗਿਆ, ਦਰਸ਼ਨ ਕਰਦਿਆਂ ਹੀ ਆਤਮਾ ਨੂੰ ਸ਼ਾਂਤੀ ਤੇ ਮਨ ਨੂੰ ਸੁਖ ਹੋ ਗਿਆ। ਫੇਰ ਵੀ ਪਹਿਲੇ ਇਰਾਦੇ ਮੂਜਬ ਅਤੇ ਪੱਕੀ ਤਸੱਲੀ ਦੀ ਖ਼ਾਤਰ ਉਸਨੇ ਦੋ ਮੋਹਰਾਂ ਰੱਖ ਕੇ ਮੱਥਾ ਟੇਕਿਆ। ਗੁਰੂ ਜੀ ਨੇ ਪ੍ਰਗਟ ਹੋ ਕੇ ਗੁਰਗੱਦੀ ਦੀ ਸੇਵਾ-ਸੰਭਾਲਣ ਦਾ ਸਮਾਂ ਆ ਪੁੱਜਾ ਜਾਣ ਕੇ ਭਾਈ ਮੱਖਣ ਸ਼ਾਹ ਨੂੰ ਕਿਹਾ, ‘ਭਾਈ ਸਿੱਖਾ! ਗੁਰੂ ਦੀ ਅਮਾਨਤ ਦਿੱਤੀ ਹੀ ਭਲੀ ਹੁੰਦੀ ਹੈ, ਹਜ਼ਾਰ ਵਿਚੋਂ ਕੇਵਲ ਦੋ ਦੇ ਰਿਹਾ ਹੈਂ, ਇਹ ਕਿਉਂ?’

ਆਪ ਦੇ ਬਚਨ ਸੁਣ ਕੇ ਭਾਈ ਮੱਖਣ ਸ਼ਾਹ ਖੁਸ਼ੀ ਨਾਲ ਗਦ-ਗਦ ਹੋ ਗਿਆ। ਉਸ ਨੇ ਸਾਰੀਆਂ ਮੋਹਰਾਂ ਗੁਰੂ ਜੀ ਅੱਗੇ ਧਰ ਕੇ ਉਨ੍ਹਾਂ ਦੇ ਚਰਨਾਂ ਉੱਪਰ ਸੀਸ ਧਰਿਆ। ਉਹ ਨਿਹਾਲ ਹੋ ਗਿਆ। ਫੇਰ ਉਸ ਨੇ ਕੋਠੇ ਉੱਪਰ ਚੜ੍ਹ ਕੇ ਪੱਲਾ ਫੇਰਿਆ ਅਤੇ ਉੱਚੀ-ਉੱਚੀ ਕਿਹਾ, ‘ਭੁਲੀਏ ਸੰਗਤੇ, ਸੱਚਾ ਗੁਰੂ ਲੱਭ ਪਿਆ ਜੇ।’

ਭਾਈ ਮੱਖਣ ਸ਼ਾਹ ਦਾ ਇਹ ਹੋਕਾ ਸੁਣ ਕੇ ਸੰਗਤਾਂ ਚਾਅ ਤੇ ਖੇੜੇ ਵਿਚ ਆ ਕੇ ਦਰਸ਼ਨਾਂ ਲਈ ਨੱਸ ਤੁਰੀਆਂ। ਦਿੱਲੀ ਤੋਂ ਇਕ ਸਿੱਖ ਪੰਜ ਪੈਸੇ ਤੇ ਨਰੇਲ ਲਿਆਇਆ ਹੋਇਆ ਸੀ। ਉਹ ਗੁਰੂ ਜੀ ਦੇ ਭੇਟ ਕੀਤੇ ਗਏ ਅਤੇ ਬਾਬਾ ਬੁੱਢਾ ਜੀ ਦੇ ਪੋਤਰੇ, ਬਾਬਾ ਗੁਰਦਿੱਤਾ ਜੀ ਨੇ ਆਪ ਨੂੰ ਗੁਰਿਆਈ ਦਾ ਤਿਲਕ ਲਾਇਆ। ਇਸ ਤਰ੍ਹਾਂ ਚੇਤ ਸੁਦੀ 14 (23 ਚੇਤ) ਸੰਮਤ 1722 ਮੁਤਾਬਕ 20 ਮਾਰਚ ਸੰਨ 1665 ਨੂੰ ਸੋਮਵਾਰ ਦੇ ਦਿਨ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿੰਘਾਸਣ ’ਤੇ ਬਿਰਾਜ ਕੇ ਗੁਰਿਆਈ ਦੀ ਕਾਰ ਸੰਭਾਲੀ। (ਸਫੇ 309- 310)

ਸੱਚੇ ਗੁਰੂ ਦੇ ਪ੍ਰਗਟ ਹੋ ਜਾਣ ’ਤੇ ਆਪੇ ਬਣੀ ਬੈਠੇ ‘ਗੁਰੂ’ ਮੰਜੀਆਂ ਚੁੱਕ ਕੇ ਘਰੋ-ਘਰੀ ਆਰਾਮ ਨਾਲ ਬਹਿ ਗਏ। ਗੁਰਗੱਦੀ ’ਤੇ ਬਿਰਾਜਣ ਸਮੇਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਉਮਰ 44 ਵਰ੍ਹੇ ਦੀ ਸੀ।(ਸਫਾ 310)

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਸਹਾਇਕ ਸੰਪਾਦਕ ਗੁਰਮਤਿ ਪ੍ਰਕਾਸ਼/ਗੁਰਮਤਿ ਗਿਆਨ -ਵਿਖੇ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)