ਇਤਿਹਾਸ ਕੇਵਲ ਘਟਨਾਵਾਂ ਦਾ ਸੰਗ੍ਰਹਿ ਨਹੀਂ ਹੁੰਦਾ। ਇਹ ਕਿਸੇ ਨਾ ਕਿਸੇ ਸਿਧਾਂਤ ਦੀ ਉਪਜ ਹੁੰਦਾ ਹੈ। ਦਸ਼ਮੇਸ਼ ਪਿਤਾ ਜੀ ਵਰਗੇ ਕੁਝ ਚਮਤਕਾਰੀ ਮਹਾਂਪੁਰਸ਼ ਇਸ ਧਰਤੀ ’ਤੇ ਆ ਕੇ ਸਿਧਾਂਤ ਨੂੰ ਸਿਰਜਦੇ ਹਨ ਜਿਨ੍ਹਾਂ ਤੋਂ ਇਤਿਹਾਸ ਉਪਜਦਾ ਹੈ। ਸ੍ਰੀ ਅਨੰਦਪੁਰ ਸਾਹਿਬ ਦੇ ਸਥਾਨ ’ਤੇ 1756 ਬਿਕ੍ਰਮੀ ਦੀ ਵਿਸਾਖੀ ਵਾਲੇ ਦਿਨ ਗੁਰੂ ਜੀ ਨੇ ਉਨ੍ਹਾਂ ਸਿਧਾਂਤਾਂ ਨੂੰ ਪ੍ਰਪੱਕ ਰੂਪ ਵਿਚ ਸਿਰਜਿਆ ਤੇ ਸਥਾਪਤ ਕੀਤਾ ਜੋ ਬੀਜ-ਰੂਪ ਵਿਚ ਆਪ ਜੀ ਨੂੰ ਮਹਾਨ ਵਿਰਾਸਤ ਵਿੱਚੋਂ ਮਿਲੇ ਸਨ। ਉਨ੍ਹਾਂ ਸਿਧਾਂਤਾਂ ਨੂੰ ਅਸੀਂ ਮੁੱਖ ਰੂਪ ਵਿਚ ਹੇਠ ਲਿਖੇ ਅਨੁਸਾਰ ਦਰਸਾ ਸਕਦੇ ਹਾਂ:
(ੳ) ਸ਼ਕਤੀ ਦਾ ਵਿਕੇਂਦਰੀਕਰਣ
(ਅ) ਲੋਕਤੰਤਰੀ ਢਾਂਚੇ ਦੀ ਸਥਾਪਨਾ
(ੲ) ਭਗਤੀ ਅਤੇ ਸ਼ਕਤੀ ਦਾ ਸੁਮੇਲ
(ਸ) ਸਭਿਆਚਾਰਕ ਸੁਤੰਤਰਤਾ ਦਾ ਆਦਰਸ਼
(ਹ) ਨੈਤਿਕਤਾ ’ਤੇ ਜ਼ੋਰ
ਹੁਣ ਅਸੀਂ ਵਾਰੀ-ਵਾਰੀ ਉਪਰੋਕਤ ਸਿਧਾਂਤਾਂ ਨੂੰ ਵਿਚਾਰਾਂਗੇ ਤਾਂ ਕਿ 1756 ਬਿਕ੍ਰਮੀ ਦੀ ਵਿਸਾਖੀ ਦੇ ਸਿਧਾਂਤਕ ਮਹੱਤਵ ਨੂੰ ਵਧੇਰੇ ਚੰਗੀ ਤਰ੍ਹਾਂ ਸਮਝਿਆ ਜਾ ਸਕੇ।
(ੳ) ਸ਼ਕਤੀਆਂ ਦਾ ਵਿਕੇਂਦਰੀਕਰਣ
ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਸ਼ਖਸੀ ਗੁਰਿਆਈ ਚਲੀ ਆ ਰਹੀ ਸੀ ਭਾਵੇਂ ਸ਼ਬਦ-ਗੁਰੂ ਦੇ ਸਿਧਾਂਤ ’ਤੇ ਸ਼ੁਰੂ ਤੋਂ ਹੀ ਜ਼ੋਰ ਦਿੱਤਾ ਜਾ ਰਿਹਾ ਸੀ। ਕਈ ਵਾਰ ਤਾਂ ਇਉਂ ਜਾਪਦਾ ਹੈ ਕਿ ਸਦੀਆਂ ਤੋਂ ਚਲੀ ਆ ਰਹੀ ਸ਼ਖ਼ਸੀ ਗੁਰਤਾ ਦੀ ਪਰੰਪਰਾ ਨੂੰ ਤੋੜਨ ਲਈ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਨੌਂ ਜਾਮੇ ਹੋਰ ਧਾਰਨ ਕਰਨੇ ਪਏ ਕਿਉਂਕਿ ਸ਼ਬਦ-ਗੁਰੂ ਦਾ ਸੰਕਲਪ ਲੋਕਾਂ ਦੇ ਮਨਾਂ ਵਿਚ ਬਿਠਾਉਣ ਲਈ ਲੰਮਾ ਵਕਤ ਚਾਹੀਦਾ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਕ ਸਿੱਖ ਧਰਮ ਦਾ ਵਿਕਾਸ ਬਹੁਤ ਹੋ ਚੁੱਕਿਆ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਹੋ ਚੁੱਕੀ ਸੀ, ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸਥਾਪਨਾ ਹੋ ਚੁੱਕੀ ਸੀ ਅਤੇ ਮੀਰੀ-ਪੀਰੀ ਦੇ ਸੰਕਲਪ ਨੂੰ ਅਮਲੀ ਰੂਪ ਦੇਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਵੀ ਹੋ ਗਈ ਸੀ। ਧਰਮਸਾਲ ਅਤੇ ਸੰਗਤ ਦੇ ਸਿਧਾਂਤ ਅਮਲੀ ਰੂਪ ਗ੍ਰਹਿਣ ਕਰ ਚੁੱਕੇ ਸਨ। ਬਾਈ ਮੰਜੀਆਂ ਦੀ ਸਥਾਪਨਾ ਹੋ ਗਈ ਸੀ। ਸ਼ਹਾਦਤਾਂ ਦਾ ਖਜ਼ਾਨਾ ਵੀ ਤਿਆਰ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਸ਼ਹਾਦਤਾਂ ਹੋ ਚੁੱਕੀਆਂ ਸਨ। ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਸ਼ਹੀਦ ਹੋ ਚੁੱਕੇ ਸਨ। ਛੇਵੇਂ ਗੁਰੂ ਜੀ ਵੱਲੋਂ ਕੀਤੇ ਯੁੱਧਾਂ ਵਿਚ ਵੀ ਸਿੱਖ ਸ਼ਹੀਦੀਆਂ ਪ੍ਰਾਪਤ ਕਰ ਚੁੱਕੇ ਸਨ।
ਇਸ ਤਰ੍ਹਾਂ ਉਪਰੋਕਤ ਸਾਰੇ ਕੁਝ ਨੇ ਖਾਲਸਾ ਪੰਥ ਹੱਥ ਸ਼ਕਤੀ ਦੇਣ ਦਾ ਰਾਹ ਪੱਧਰਾ ਕਰ ਦਿੱਤਾ ਹੋਇਆ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰੇ ਸਾਜ ਕੇ ਉਨ੍ਹਾਂ ਨੂੰ ਅੰਮ੍ਰਿਤ ਛਕਾਉਣ ਦਾ ਭਾਵ ਗੁਰ-ਦੀਖਿਆ ਦੇਣ ਦਾ ਅਧਿਕਾਰ ਸੌਂਪ ਦਿੱਤਾ। ਗੁਰ-ਦੀਖਿਆ ਦੇਣ ਦਾ ਅਧਿਕਾਰ ਦੇ ਕੇ ਗੁਰੂ ਜੀ ਨੇ ਸ਼ਕਤੀਆਂ ਦਾ ਅਮਲੀ ਤੌਰ ’ਤੇ ਵਿਕੇਂਦਰੀਕਰਣ ਕਰ ਦਿੱਤਾ। ਪੰਜ ਪਿਆਰਿਆਂ ਅਤੇ ਖਾਲਸਾ ਪੰਥ ਨੂੰ ਫੈਸਲੇ ਕਰਨ ਦਾ ਅਧਿਕਾਰ ਵੀ ਗੁਰੂ ਜੀ ਨੇ ਸੌਂਪ ਦਿੱਤਾ।
ਚਮਕੌਰ ਦੀ ਗੜ੍ਹੀ ਵਿਚ ਜਦੋਂ ਗੁਰੂ ਜੀ ਆਪਣੇ ਸਾਥੀ ਸਿੰਘਾਂ ਦੇ ਨਾਲ ਮੁਗ਼ਲ ਫੌਜਾਂ ਦੇ ਘੇਰੇ ਵਿਚ ਆ ਗਏ ਤਾਂ ਸਿੰਘਾਂ ਨੇ ਚਾਹਿਆ ਕਿ ਗਰੀਬਾਂ ਅਤੇ ਮਜ਼ਲੂਮਾਂ ਦੇ ਰਾਖੇ ਦਸਮੇਸ਼ ਪਿਤਾ ਜੀ ਹਰ ਹਾਲਤ ਵਿਚ ਉਥੋਂ ਸਹੀ-ਸਲਾਮਤ ਨਿਕਲਣੇ ਚਾਹੀਦੇ ਹਨ। ਪੰਜ ਸਿੰਘਾਂ ਨੇ ਪੰਜ ਪਿਆਰਿਆਂ ਦੇ ਰੂਪ ਵਿਚ ਗੁਰੂ ਜੀ ਨੂੰ ਗੜ੍ਹੀ ਛੱਡਣ ਦਾ ਹੁਕਮ ਦਿੱਤਾ। ਭਾਵੇਂ ਗੁਰੂ ਜੀ ਇਸ ਖ਼ਤਰੇ ਸਮੇਂ ਸਿੰਘਾਂ ਨੂੰ ਛੱਡ ਕੇ ਬਿਲਕੁਲ ਨਹੀਂ ਜਾਣਾ ਚਾਹੁੰਦੇ ਸਨ ਫਿਰ ਵੀ ਗੁਰੂ ਸਾਹਿਬ ਜੀ ਨੇ ਪੰਜ ਪਿਆਰਿਆਂ ਦਾ ਹੁਕਮ ਮੰਨਿਆ। ਇਸ ਤਰ੍ਹਾਂ ਗੁਰੂ ਜੀ ਨੇ ਅਮਲੀ ਰੂਪ ਵਿਚ ਖਾਲਸਾ ਪੰਥ ਨੂੰ ਗੁਰਿਆਈ ਦੀ ਬਖਸ਼ਿਸ਼ ਕਰ ਦਿੱਤੀ ਅਤੇ ਸ਼ਕਤੀਆਂ ਦਾ ਬੜਾ ਸੁਹਣਾ ਵਿਕੇਂਦਰੀਕਰਣ ਕਰ ਦਿੱਤਾ।
ਸ਼ਕਤੀਆਂ ਦਾ ਵਿਕੇਂਦਰੀਕਰਣ ਹੁੰਦਿਆਂ ਹੋਇਆਂ ਵੀ ਕੇਂਦਰ-ਬਿੰਦੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰੱਖੇ ਗਏ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿਚ ਹੀ ਗੁਰੂ-ਪੰਥ ਨੇ ਆਪਣੇ ਫੈਸਲੇ ਕਰਨੇ ਸਨ। ਇਸ ਤਰ੍ਹਾਂ ਗੁਰੂ ਖਾਲਸਾ ਸੀ ਅਤੇ ਖਾਲਸਾ ਗੁਰੂ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵਿਕੇਂਦਰੀਕਰਣ ਅਤੇ ਕੇਂਦਰੀਕਰਣ ਦੇ ਇਸ ਇਕਮਿਕਤਾ ਭਰੇ ਸੁਮੇਲ ਨੂੰ ਆਪਣੇ ਸ਼ਬਦਾਂ ਵਿਚ ਇਉਂ ਦਰਸਾਇਆ:
ਖਾਲਸਾ ਮੇਰੋ ਰੂਪ ਹੈ ਖਾਸ॥
ਖਾਲਸੇ ਮਹਿ ਹਉ ਕਰਉ ਨਿਵਾਸ॥ (ਸਰਬਲੋਹ ਗ੍ਰੰਥ)
ਸ਼ਕਤੀਆਂ ਦਾ ਵਿਕੇਂਦਰੀਕਰਣ ਕੇਂਦਰ ਤੋਂ ਰਹਿਤ ਨਹੀਂ ਸੀ। ਇਹ ਵਿਕੇਂਦਰੀਕਰਣ ਕੇਂਦਰ ਦੇ ਅਨੁਸ਼ਾਸਨ ਵਿਚ ਸੀ। ਇਹ ਸੰਬੰਧ ਪਿਤਾ ਤੇ ਪੁੱਤਰਾਂ ਵਾਲਾ ਸੀ। ਪਿਤਾ ਅਧਿਕਾਰ ਵੀ ਰੱਖਦਾ ਸੀ ਅਤੇ ਪੁੱਤਰਾਂ ਨੂੰ ਖੁੱਲ੍ਹ ਵੀ ਦਿੰਦਾ ਸੀ। ਪੁੱਤਰ ਪਿਤਾ ਦੇ ਹੁਕਮ ਵਿਚ ਰਹਿੰਦਿਆਂ ਸ਼ਕਤੀਆਂ ਦੀ ਆਜ਼ਾਦੀ ਮਾਨਣ ਦੇ ਹੱਕਦਾਰ ਹੋ ਗਏ ਸਨ।
(ਅ) ਲੋਕਤੰਤਰੀ ਢਾਂਚੇ ਦੀ ਸਥਾਪਨਾ
ਲੋਕਤੰਤਰੀ ਢਾਂਚੇ ਦੀ ਸਥਾਪਨਾ ਲਈ ਪਹਿਲੀ ਸ਼ਰਤ ਸ਼ਕਤੀਆਂ ਦਾ ਵਿਕੇਂਦਰੀਕਰਣ ਹੀ ਹੁੰਦੀ ਹੈ। ਇਸ ਦੇ ਨਾਲ ਲੋਕਤੰਤਰ ਦਾ ਪਹਿਲਾ ਲੱਛਣ ‘ਆਜ਼ਾਦੀ’ ਪੂਰਾ ਹੁੰਦਾ ਹੈ।
ਲੋਕਤੰਤਰ ਦਾ ਦੂਜਾ ਵੱਡਾ ਲੱਛਣ ਹੁੰਦਾ ਹੈ ‘ਬਰਾਬਰੀ’। 1756 ਬਿਕ੍ਰਮੀ ਦੀ ਵਿਸਾਖੀ ਤਾਂ ਬਰਾਬਰੀ ਦਾ ਇਕ ਪ੍ਰਤੀਕ ਹੈ। ਸਰਬ-ਲੋਹ ਦੇ ਇੱਕੋ ਬਾਟੇ ਵਿਚ ਇੱਕੋ ਖੰਡੇ ਨਾਲ ਅੰਮ੍ਰਿਤ ਤਿਆਰ ਕਰ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਅਤੇ ਫਿਰ ਆਪ ਉਨ੍ਹਾਂ ਤੋਂ ਅੰਮ੍ਰਿਤ ਛਕਿਆ। ਇਸ ਤੋਂ ਵੱਡੀ ਬਰਾਬਰੀ ਹੋਰ ਕੀ ਹੋ ਸਕਦੀ ਹੈ?
ਅੰਮ੍ਰਿਤ ਛਕਾਉਣ ਵਾਲੇ ਸਥਾਨ ਜਾਂ ਜਾਤ ਦਾ ਕੋਈ ਭੇਦ ਨਹੀਂ ਰੱਖਿਆ ਗਿਆ। ਭੇਦ-ਭਾਵ ਨੂੰ ਮਿਟਾਉਣ ਦੀ ਜੋ ਸਿੱਖਿਆ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਹੀ ਚਲੀ ਆ ਰਹੀ ਸੀ ਉਸ ਨੂੰ ਅਮਲੀ ਰੂਪ ਵਿਚ ਪ੍ਰਤੱਖ ਕਰ ਕੇ ਦਿਖਾ ਦਿੱਤਾ।
ਲੋਕਤੰਤਰ ਦਾ ਤੀਜਾ ਲੱਛਣ ‘ਨਿਆਂ’ ਹੁੰਦਾ ਹੈ। ਗੁਰੂ ਜੀ ਨੇ ਵਿਸ਼ਵਾਸ, ਦ੍ਰਿੜ੍ਹਤਾ ਅਤੇ ਸਿਦਕ ਦੀਆਂ ਯੋਗਤਾਵਾਂ ਨੂੰ ਸਿੱਖੀ ਦਾ ਆਧਾਰ ਬਣਾਇਆ। ਨਿਆਂ ਬਰਾਬਰੀ ਦੀ ਮੰਗ ਕਰਦਾ ਹੈ। ਨਿਆਂ ਯੋਗਤਾ ਦੀ ਕਦਰ ਕਰਨ ਦੀ ਮੰਗ ਕਰਦਾ ਹੈ। ਨਿਆਂ ਹਰ ਤਰ੍ਹਾਂ ਦੇ ਅਨਿਆਂ ਦੇ ਵਿਰੁੱਧ ਹੁੰਦਾ ਹੈ।
ਡਾ. ਸ਼ੇਰ ਸਿੰਘ ਜੀ ਆਪਣੀ ਪੁਸਤਕ Social and Political Philosophy of Guru Gobind Singh ਵਿਚ ਪੰਨਾ 11 ’ਤੇ ਭਾਈਚਾਰੇ ਦਾ ਸਮਾਜਿਕ ਅਤੇ ਰਾਜਨੀਤਿਕ ਆਦਰਸ਼ ‘ਅੰਤਰ ਰਾਸ਼ਟਰੀ ਭਾਈਚਾਰਾ’ ਦੱਸਦੇ ਹੋਏ ਖਾਲਸਾ-ਪ੍ਰਬੰਧ ਦੇ ਸੰਵਿਧਾਨ ਦੀਆਂ ਤਿੰਨ ਮੁੱਢਲੀਆਂ ਕੀਮਤਾਂ ਬਰਾਬਰੀ (Equality), ਨਿਆਂ (Justice) ਅਤੇ ਆਜ਼ਾਦੀ (Libert) ਨੂੰ ਦੱਸਦੇ ਹਨ।
ਸੁਕਰਾਤ ਨੇ ਆਪਣੇ ਆਪ ਨੂੰ ਰਾਜਾਂ, ਹੱਦਾਂ ਅਤੇ ਦੇਸ਼ਾਂ ਤੋਂ ਉੱਪਰ ਉਠਾਉਂਦੇ ਹੋਏ ਸੰਸਾਰ-ਨਾਗਰਿਕ (World Citizen) ਦਾ ਸਿਧਾਂਤ ਪੇਸ਼ ਕੀਤਾ ਸੀ। ਪ੍ਰੋ. ਪੂਰਨ ਸਿੰਘ ਗੁਰਮਤਿ ਦੇ ਦ੍ਰਿਸ਼ਟੀਕੋਣ ਤੋਂ ਇਸ ਸਿਧਾਂਤ ਨੂੰ ਹੋਰ ਅੱਗੇ ਲਿਜਾਂਦੇ ਹੋਏ ਆਪਣੇ ਆਪ ਨੂੰ ਬ੍ਰਹਿਮੰਡੀ ਨਾਗਰਿਕ (Cosmic Citizen) ਦੱਸਦੇ ਹਨ। ਸੰਸਾਰ-ਨਾਗਰਿਕ ਦੇਸ਼ਾਂ ਦੀਆਂ ਹੱਦਾਂ ਨਹੀਂ ਮੰਨਦਾ। ਉਸ ਦੀ ਸੋਚ ਨਿਰਸੰਦੇਹ ਬੜੀ ਵਿਸ਼ਾਲ ਹੁੰਦੀ ਹੈ ਪਰ ਬ੍ਰਹਿਮੰਡ-ਨਾਗਰਿਕ ਦੀ ਸੋਚ ਉਸ ਤੋਂ ਵਿਸ਼ਾਲ ਹੈ ਜੋ ਦੇਸ਼ਾਂ ਤੋਂ ਅੱਗੇ ਬ੍ਰਹਿਮੰਡ ਦੀ ਗੱਲ ਕਰਦਾ ਹੈ।
ਜਦੋਂ ਮਨੁੱਖ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੇਠ ਲਿਖੇ ਫ਼ੁਰਮਾਨ ਨੂੰ ਅਪਣਾ ਲੈਂਦਾ ਹੈ ਉਹ ਸਹੀ ਅਰਥਾਂ ਵਿਚ ਬਰਾਬਰੀ ਅਤੇ ਨਿਆਂ ਨੂੰ ਅਮਲੀ ਰੂਪ ਦੇ ਦਿੰਦਾ ਹੈ। ਆਪ ਫ਼ਰਮਾਉਂਦੇ ਹਨ:
ਮਾਨਸ ਕੀ ਜਾਤਿ ਸਬੈ ਏਕੈ ਪਹਚਾਨਬੋ। (ਅਕਾਲ ਉਸਤਤਿ)
ਵਿਸਾਖੀ ਰੂਹਾਨੀ ਲੋਕਤੰਤਰ ਦੀ ਨੀਂਹ ਉੱਤੇ ਖਾਲਸਾ-ਪੰਥ ਦੀ ਇਮਾਰਤ ਉਸਾਰਦੀ ਹੈ। ਬਰਾਬਰੀ, ਨਿਆਂ ਅਤੇ ਆਜ਼ਾਦੀ ਇਮਾਰਤ ਦੇ ਥੰਮ ਵੀ ਹਨ ਅਤੇ ਗੁੰਬਦ ਵੀ।
(ੲ) ਭਗਤੀ ਅਤੇ ਸ਼ਕਤੀ ਦਾ ਸੁਮੇਲ
ਭਗਤੀ ਅਤੇ ਸ਼ਕਤੀ ਦਾ ਸੁਮੇਲ ਸੰਸਾਰ ਦੇ ਇਤਿਹਾਸ ਵਿਚ ਅਤੇ ਭਾਰਤ ਦੇ ਇਤਿਹਾਸ-ਮਿਥਿਹਾਸ ਵਿਚ ਦੇਖਣ ਨੂੰ ਆਮ ਮਿਲਦਾ ਹੈ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵੱਲੋਂ ਕੀਤੇ ਗਏ ਯੁੱਧ ਉਹ ਇਤਿਹਾਸਕ ਮਿਸਾਲਾਂ ਹਨ ਜਿਨ੍ਹਾਂ ਦੀ ਹੋਂਦ 1756 ਬਿਕ੍ਰਮੀ ਦੀ ਵਿਸਾਖੀ ਤੋਂ ਪਹਿਲਾਂ ਹੀ ਮੌਜੂਦ ਸੀ। ਖੁਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੀ ਇਸ ਤੋਂ ਪਹਿਲਾਂ ਯੁੱਧ ਕਰ ਚੁੱਕੇ ਸਨ। ਇਸ ਲਈ ਜਦੋਂ ਗੁਰੂ ਜੀ ਨੇ ਖਾਲਸੇ ਨੂੰ ਕਿਰਪਾਨਧਾਰੀ ਬਣਾਇਆ ਤਾਂ ਉਹ ਪਹਿਲਾਂ ਤੋਂ ਚਲੀ ਆ ਰਹੀ ਭਗਤੀ-ਸ਼ਕਤੀ ਜਾਂ ਮੀਰੀ-ਪੀਰੀ ਦੀ ਪਰੰਪਰਾ ਨੂੰ ਹੀ ਅੱਗੇ ਤੋਰ ਰਹੇ ਸਨ।
ਦਸਮੇਸ਼ ਪਿਤਾ ਜੀ ਨੇ ਕਿਰਪਾਨ ਦੀ ਵਰਤੋਂ ਉਦੋਂ ਹੀ ਜਾਇਜ਼ ਦੱਸੀ ਹੈ ਜਦੋਂ ਬਾਕੀ ਸਾਰੀ ਹੀਲੇ ਮੁੱਕ ਜਾਣ। ਔਰੰਗਜ਼ੇਬ ਨੂੰ ਲਿਖੇ ਪੱਤਰ ‘ਜ਼ਫ਼ਰਨਾਮਾ’ ਵਿਚ ਗੁਰੂ ਜੀ ਲਿਖਦੇ ਹਨ:
ਚੂ ਕਾਰ ਅਜ਼ ਹਮਹ ਹੀਲਤੇ ਦਰ ਗੁਜਸ਼ਤ।
ਹਲਾਲੱਸਤ ਬੁਰਦਨ ਬ ਸ਼ਮਸ਼ੀਰ ਦਸਤ।
ਕਿਰਪਾਨ ਦੀ ਵਰਤੋਂ ਤਾਂ ਆਖਰੀ ਹੀਲਾ ਹੈ। ਜਦੋਂ ਜ਼ਾਲਮ ਏਨੀ ਅੱਤ ਚੁੱਕ ਲਵੇ ਕਿ ਉਸ ’ਤੇ ਸ਼ਾਂਤਮਈ ਤਰੀਕੇ ਨਾਲ ਦਿੱਤੀਆਂ ਸ਼ਹਾਦਤਾਂ (ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਸ਼ਹੀਦੀਆਂ) ਦਾ ਵੀ ਕੋਈ ਅਸਰ ਨਾ ਹੋਵੇ ਅਤੇ ਉਹ ਪੱਥਰ-ਦਿਲ ਹੋ ਜਾਵੇ ਤਾਂ ਉਸ ਦੇ ਟਾਕਰੇ ਲਈ ਕਿਰਪਾਨ ਵਰਤਣੀ ਜਾਇਜ਼ ਹੈ। ਪ੍ਰੋ. ਪ੍ਰੀਤਮ ਸਿੰਘ ਆਪਣੀ ਪੁਸਤਕ ‘ਦਾਰਸ਼ਨਿਕ ਸਿੱਖ ਇਤਿਹਾਸ’ ਦੇ ਪੰਨਾ 209 ’ਤੇ ਲਿਖਦੇ ਹਨ, “ਸਿੱਖ ਤਲਵਾਰ ਹਮੇਸ਼ਾਂ ਸ੍ਵੈ-ਮਾਣ ਦੀ ਜ਼ਿੰਦਗੀ ਤੇ ਪੂਰਨ ਧਾਰਮਿਕ ਆਜ਼ਾਦੀ ਲਈ ਫੜਦੇ ਹਨ। ਇਹ ਸਿਰਫ ਦੋ ਮੌਕਿਆਂ ’ਤੇ ਤਲਵਾਰ ਫੜਦੇ ਹਨ (1) ਸ੍ਵੈ-ਰੱਖਿਆ ਅਤੇ (2) ਦੀਨਾਂ ਦੀ ਰੱਖਿਆ।” ਇਸੇ ਪੰਨੇ ’ਤੇ ਆਪ ਬਹੁਤ ਸੁੰਦਰ ਸ਼ਬਦਾਂ ਵਿਚ ਲਿਖਦੇ ਹਨ, “ਖਾਲਸੇ ਦੀ ਤਲਵਾਰ ਤਲਵਾਰ ਘੱਟ ਹੈ ਅਤੇ ਢਾਲ ਬਹੁਤੀ ਹੈ।” ਖਾਲਸੇ ਦੀ ਤਲਵਾਰ ਜਾਂ ਕਿਰਪਾਨ ਹਮਲਾ ਕਰਨ ਲਈ, ਜ਼ੁਲਮ ਕਰਨ ਲਈ ਜਾਂ ਜ਼ਮੀਨ-ਜਾਇਦਾਦ ਦੱਬਣ ਜਾਂ ਖੋਹਣ ਲਈ ਨਹੀਂ ਹੈ।
ਖਾਲਸਾ ਕੇਵਲ ਸਿਪਾਹੀ ਹੀ ਨਹੀਂ, ਉਹ ਸੰਤ ਵੀ ਹੈ। ਜੇ ਉਹ ਕੇਵਲ ਸਿਪਾਹੀ ਹੁੰਦਾ ਤਾਂ ਉਹ ਜੰਗ ਵਿਚ ਜਾਇਜ਼-ਨਾਜਾਇਜ਼, ਠੀਕ-ਗਲਤ ਜਾਂ ਚੰਗਾ-ਮਾੜਾ ਕੁਝ ਵੀ ਨਾ ਦੇਖਦਾ। ਕਿਉਂਕਿ ਉਹ ਸਿਪਾਹੀ ਦੇ ਨਾਲ-ਨਾਲ ਸੰਤ ਵੀ ਹੈ ਇਸ ਲਈ ਉਹ ਇਹ ਪਰਖ ਵੀ ਨਾਲ ਹੀ ਕਰਦਾ ਹੈ। ਨਿਹੱਥਿਆਂ, ਇਸਤਰੀਆਂ, ਬੱਚਿਆਂ, ਬੁੱਢਿਆਂ, ਬੀਮਾਰਾਂ ਆਦਿ ’ਤੇ ਖਾਲਸਾ ਕਦੇ ਵਾਰ ਨਹੀਂ ਕਰਦਾ। ਖਾਲਸਾ ਕਦੇ ਜੰਗ ਵਿਚ ਝੂਠ, ਧੋਖਾ, ਫਰੇਬ ਆਦਿ ਦਾਅ-ਪੇਚ ਨਹੀਂ ਖੇਡਦਾ। ਪਹਿਲਾਂ ਕਦੇ ਹਮਲਾ ਨਹੀਂ ਕਰਦਾ। ਕਦੇ ਕਿਸੇ ਮਜ਼ਲੂਮ ’ਤੇ ਹਮਲਾ ਨਹੀਂ ਕਰਦਾ। ਇਥੋਂ ਤਕ ਕਿ ਵਾਹਿਗੁਰੂ ਦਾ ਨਾਮ ਉਹ ਜੰਗ ਵਿਚ ਵੀ ਨਹੀਂ ਭੁੱਲਦਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਅਵਸਥਾ ਦਾ ਬਿਆਨ ਇਉਂ ਕਰਦੇ ਹਨ:
ਧੰਨਿ ਜੀਓ ਤਿਹ ਕੋ ਜਗ ਮੈ ਮੁਖ ਤੇ ਹਰਿ ਚਿੱਤ ਮੈ ਜੁੱਧੁ ਬਿਚਾਰੈ।
ਕਿੱਡੀ ਵੱਡੀ ਗੱਲ ਹੈ ਇਹ! ਜੰਗ ਲੜਨਾ ਤੇ ਵਾਹਿਗੁਰੂ ਦਾ ਨਾਮ ਜ਼ਬਾਨ ’ਤੇ ਹੋਣਾ। ਸਪਸ਼ਟ ਹੀ ਹੈ ਕਿ ਸ਼ਕਤੀ ਨੂੰ ਭਗਤੀ ਲਈ ਵਰਤਣਾ ਹੈ ਨਾ ਕਿ ਭਗਤੀ ਨੂੰ ਸ਼ਕਤੀ ਲਈ। ਸ਼ਕਤੀ ਭਗਤੀ ਦੇ ਅਧੀਨ ਹੈ। ਸ਼ਕਤੀ ਨੇ ਤਾਂ ਭਗਤਾਂ ਦੀ ਰਾਖੀ ਕਰਨੀ ਹੈ।
ਖਾਲਸੇ ਦਾ ਆਚਰਣ ਭਗਤੀ ਕਰਕੇ ਏਨਾ ਉੱਚਾ ਹੈ ਕਿ ਉਹ ਦੁਸ਼ਮਣਾਂ ਦੀਆਂ ਇਸਤਰੀਆਂ ਵੱਲ ਅੱਖ ਚੁੱਕ ਕੇ ਵੀ ਨਹੀਂ ਦੇਖਦਾ। ਇਤਿਹਾਸ ਵਿਚ ਜ਼ਿਕਰ ਆਉਂਦਾ ਹੈ ਕਿ ਖਾਲਸਾ ਫੌਜ ਨੇ ਅਫਗਾਨਿਸਤਾਨ ਨੂੰ ਲਿਜਾਈਆਂ ਜਾ ਰਹੀਆਂ ਇੱਕੀ ਸੌ ਹਿੰਦੁਸਤਾਨੀ ਇਸਤਰੀਆਂ ਨੂੰ ਅਫਗਾਨਾਂ ਦੀ ਫੌਜ ਹੱਥੋਂ ਛੁਡਵਾਇਆ ਅਤੇ ਉਨ੍ਹਾਂ ਨੂੰ ਇੱਜ਼ਤ ਨਾਲ ਘਰੋ-ਘਰੀਂ ਪਹੁੰਚਾਇਆ।
ਵਿਸਾਖੀ ਨੂੰ ਜੋ ਰਹਿਤ-ਮਰਯਾਦਾ ਗੁਰੂ ਜੀ ਨੇ ਸਿੱਖਾਂ ਨੂੰ ਦਿੱਤੀ ਉਸ ਵਿਚ ਖਾਲਸਾ ਪੰਥ ਨੂੰ ਪਰ-ਇਸਤਰੀ ਦੇ ਸੰਗ ਤੋਂ ਵਰਜਿਆ। ਇਸ ਦਾ ਭਾਵ ਵੀ ਇਹੀ ਸੀ ਕਿ ਸ਼ਕਤੀ ਦੀ ਵਰਤੋਂ ਕਰਦਿਆਂ ਤਾਕਤ ਦੇ ਨਸ਼ੇ ਵਿਚ ਨੈਤਿਕਤਾ ਨੂੰ ਨਹੀਂ ਛੱਡਣਾ। ਗੁਰਬਾਣੀ ਦਾ ਪਾਠ ਕਰਦਿਆਂ ਅੰਮ੍ਰਿਤ ਦੀ ਤਿਆਰੀ ਅਤੇ ਰੋਜ਼ਾਨਾ ਦਾ ਨਿੱਤਨੇਮ ਜ਼ਰੂਰੀ ਕਰਨਾ ਵੀ ਸਿੱਖਾਂ ਨੂੰ ਸ਼ਕਤੀ ਦੇ ਨਾਲ-ਨਾਲ ਭਗਤੀ ਦੇ ਸੰਗ ਜੋੜ ਕੇ ਰੱਖਣ ਵਾਸਤੇ ਹੀ ਸੀ। ਇਸ ਤਰ੍ਹਾਂ ਭਗਤੀ ਅਤੇ ਸ਼ਕਤੀ ਦੇ ਸੁਮੇਲ ਨੂੰ ਪੂਰੀ ਤਰ੍ਹਾਂ ਅਮਲੀ ਰੂਪ ਵਿਚ ਸਿੱਖਾਂ ਵਾਸਤੇ ਲਾਗੂ ਕਰ ਦਿੱਤਾ।
(ਸ) ਸਭਿਆਚਾਰਕ ਸੁਤੰਤਰਤਾ ਦਾ ਆਦਰਸ਼
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਮੇਂ ਵਿਚ ਹੁਕਮਰਾਨ ਮੁਗ਼ਲਾਂ ਦੇ ਸਭਿਆਚਾਰਕ ਪ੍ਰਭਾਵ ਨੂੰ ਲੋਕਾਂ ’ਤੇ ਹਾਵੀ ਹੁੰਦੇ ਦੇਖ ਲਿਆ ਸੀ। ਲੋਕ ਬੋਲੀ, ਪਹਿਰਾਵਾ, ਖਾਣ-ਪੀਣ ਆਦਿ ਦੇ ਪੱਖ ਤੋਂ ਜ਼ਿਹਨੀ ਤੌਰ ’ਤੇ ਗ਼ੁਲਾਮ ਹੋ ਗਏ ਸਨ। ਇਸ ਸਭਿਆਚਾਰਕ ਗ਼ੁਲਾਮੀ ਨੇ ਲੋਕਾਂ ਨੂੰ ਗ਼ੈਰਤ ਤੋਂ ਬਿਲਕੁਲ ਖਾਲੀ ਕਰ ਦਿੱਤਾ ਸੀ। ਇਸੇ ਦਸ਼ਾ ਨੂੰ ਬਿਆਨ ਕਰਦੇ ਹੋਏ ਗੁਰੂ ਜੀ ਨੇ ਫ਼ਰਮਾਇਆ:
ਨੀਲ ਵਸਤ੍ਰ ਪਹਿਰਿ ਹੋਵਹਿ ਪਰਵਾਣੁ॥
ਮਲੇਛ ਧਾਨੁ ਲੈ ਪੂਜਹਿ ਪੁਰਾਣੁ॥ (ਪੰਨਾ 472)
ਬਾਬਰ ਇਸ ਦੇਸ਼ ਵਿਚ ‘ਪਾਪ ਕੀ ਜੰਞ’ ਲੈ ਕੇ ਹਮਲਾਵਰ ਦੇ ਤੌਰ ’ਤੇ ਆਇਆ ਸੀ। ਉਹ ਇਸ ਦੇਸ਼ ਨੂੰ ਲੁੱਟਣ ਤਕ ਹੀ ਸੀਮਤ ਨਹੀਂ ਰਿਹਾ ਸਗੋਂ ਉਸ ਨੇ ਇਥੇ ਆਪਣੀ ਹਕੂਮਤ ਕਾਇਮ ਕਰ ਲਈ। ਹਕੂਮਤ ਕਾਇਮ ਹੋਣ ’ਤੇ ਹਾਕਮ ਦਾ ਧਰਮ, ਹਾਕਮ ਦੀ ਬੋਲੀ ਅਤੇ ਹਾਕਮ ਦਾ ਰਹਿਣ-ਸਹਿਣ ਜਨਤਾ ਦਾ ਧਰਮ, ਜਨਤਾ ਦੀ ਬੋਲੀ ਅਤੇ ਜਨਤਾ ਦਾ ਰਹਿਣ-ਸਹਿਣ ਬਣਨ ਲੱਗਿਆ। ਕੁਝ ਲੋਕ ਹਕੂਮਤ ਦੇ ਡਰ ਤੋਂ ਇਹ ਸਾਰਾ ਕੁਝ ਅਪਣਾਉਣ ਲੱਗੇ ਅਤੇ ਕੁਝ ਲੋਕ ਹੁਕਮਰਾਨਾਂ ਵੱਲੋਂ ਲਾਲਚ ਨੂੰ ਪ੍ਰਵਾਨ ਕਰ ਕੇ ਇਸ ਪਾਸੇ ਆਏ। ਨੌਕਰੀਆਂ ਅਤੇ ਜਾਗੀਰਾਂ ਦਾ ਲਾਲਚ ਕੁਝ ਲੋਕਾਂ ਦੇ ਮਨਾਂ ’ਤੇ ਹਾਵੀ ਹੋ ਗਿਆ।
ਜਹਾਂਗੀਰ ਬਾਦਸ਼ਾਹ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਿਰਮਲ ਪੰਥ ਨੂੰ ਆਪਣੇ ਮਜ਼ਹਬ ਅਤੇ ਸਭਿਆਚਾਰ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਰਾਹ ਵਿਚ ਇਕ ਵੱਡਾ ਰੋੜਾ ਸਮਝਿਆ ਕਿਉਂਕਿ ਗੁਰੂ ਸਾਹਿਬਾਨ ਦੀ ਸਿੱਖਿਆ ਆਜ਼ਾਦੀ ਅਤੇ ਅਣਖ ਨਾਲ ਜੀਣ ਦੀ ਸਿੱਖਿਆ ਸੀ। ਗੁਰੂ ਸਾਹਿਬਾਨ ਲੋਕਾਂ ਨੂੰ ਆਪਣੇ ਸਭਿਆਚਾਰ ਨਾਲ ਪ੍ਰੇਮ ਕਰਨਾ ਸਿਖਾ ਰਹੇ ਸਨ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਬੁਨਿਆਦੀ ਕਾਰਨ ਇਹ ਸੀ ਕਿ ਸਭਿਆਚਾਰਕ ਸੁਤੰਤਰਤਾ ਦਾ ਆਦਰਸ਼ ਤਾਕਤ ਦੇ ਨਸ਼ੇ ਵਿਚ ਅੰਨ੍ਹੇ ਬਾਦਸ਼ਾਹ ਨੂੰ ਸੁਖਾਂਦਾ ਨਹੀਂ ਸੀ।
ਵਿਸਾਖੀ ਨੂੰ ਜੋ ਰਹਿਤ-ਮਰਯਾਦਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਾਇਮ ਕੀਤੀ ਉਸ ਦਾ ਮੁੱਖ ਮੰਤਵ ਸਭਿਆਚਾਰਕ ਸੁਤੰਤਰਤਾ ਦਾ ਜ਼ਾਹਰਾ ਤੌਰ ’ਤੇ ਐਲਾਨ ਕਰਨਾ ਹੀ ਸੀ। ਕੇਸ ਅਤੇ ਦਸਤਾਰ ਦੋਵੇਂ ਅਜਿਹੇ ਚਿੰਨ੍ਹ ਸਨ ਜਿਨ੍ਹਾਂ ਤੋਂ ਖਾਲਸਾ-ਪੰਥ ਦੀ ਉੱਘੜਵੀਂ ਪਛਾਣ ਬਣਦੀ ਸੀ। ਇਹ ਇਕ ਖੁੱਲ੍ਹਾ ਚੈਲੰਜ ਸੀ ਉਨ੍ਹਾਂ ਹੁਕਮਰਾਨਾਂ ਨੂੰ ਜੋ ਤਾਕਤ ਦੇ ਨਸ਼ੇ ਵਿਚ ਆਮ ਲੋਕਾਂ ਦੀ ਧਾਰਮਿਕ ਆਜ਼ਾਦੀ ਦਾ ਗਲਾ ਘੁੱਟ ਰਹੇ ਸਨ। ਇਹ ਇਕ ਖੁੱਲ੍ਹੀ ਵੰਗਾਰ ਸੀ ਉਨ੍ਹਾਂ ਜ਼ਾਲਮ ਹੁਕਮਰਾਨਾਂ ਲਈ ਜਿਹੜੇ ਲੋਕਾਂ ਤੋਂ ਉਨ੍ਹਾਂ ਦੇ ਵਿਸ਼ਵਾਸ, ਉਨ੍ਹਾਂ ਦੇ ਪੂਜਾ-ਪਾਠ, ਉਨ੍ਹਾਂ ਦੇ ਖਾਣ-ਪੀਣ ਦੀ ਆਜ਼ਾਦੀ ਅਤੇ ਉਨ੍ਹਾਂ ਦੇ ਪਹਿਰਾਵੇ ਦੀ ਆਜ਼ਾਦੀ ਦੇ ਅਧਿਕਾਰਾਂ ਨੂੰ ਖੋਹ ਰਹੇ ਸਨ ਅਤੇ ਸਭ ਕੁਝ ਆਪਣੇ ਵੱਲੋਂ ਜ਼ਬਰਦਸਤੀ ਠੋਸ ਰਹੇ ਸਨ।
ਜੇਕਰ ਦੂਜੇ ਸ਼ਬਦਾਂ ਵਿਚ ਸਭਿਆਚਾਰਕ ਸੁਤੰਤਰਤਾ ਨੂੰ ਦੇਖਣਾ ਹੋਵੇ ਤਾਂ ਇਹ ਅਸਲ ਅਰਥਾਂ ਵਿਚ ਧਾਰਮਿਕ-ਨਿਰਪੱਖਤਾ ਅਤੇ ਧਾਰਮਿਕ-ਸਹਿਨਸ਼ੀਲਤਾ ਦਾ ਸਿਧਾਂਤ ਸੀ। ਗੁਰਬਾਣੀ ਵਿਚ ਧਰਮ, ਜ਼ਾਤ ਅਤੇ ਹੋਰ ਅਜਿਹੇ ਕਾਰਨਾਂ ਕਰਕੇ ਮਨੁੱਖਤਾ ਨੂੰ ਵੰਡਣ ਦਾ ਖੰਡਨ ਕੀਤਾ ਗਿਆ ਸੀ। ਗੁਰਬਾਣੀ ਹਿੰਦੂ ਨੂੰ ਸੱਚਾ ਹਿੰਦੂ ਅਤੇ ਮੁਸਲਮਾਨ ਨੂੰ ਸੱਚਾ ਮੁਸਲਮਾਨ ਬਣਨ ਦੀ ਪ੍ਰੇਰਨਾ ਦਿੰਦੀ ਸੀ। ਗੁਰਬਾਣੀ ਭਾਈਚਾਰਕ ਪਿਆਰ ਸਿਖਾਉਂਦੀ ਸੀ ਨਾ ਕਿ ਧਰਮਿਕ ਕੱਟੜਤਾ।
ਬਾਦਸ਼ਾਹ ਬਹਾਦਰ ਸ਼ਾਹ ਦੇ ਪੁੱਛਣ ’ਤੇ ਕਿ ਮਜ਼ਹਬ ਤੁਮਹਾਰਾ ਖੂਬ ਕਿ ਹਮਾਰਾ ਖੂਬ? ਗੁਰੂ ਜੀ ਨੇ ਉੱਤਰ ਦਿੱਤਾ ਸੀ, ‘ਤੁਮ ਕੋ ਤੁਮਾਹਰਾ ਖੂਬ ਹਮ ਕੋ ਹਮਾਰਾ ਖੂਬ।’ ਭਾਈ ਘਨੱਈਆ ਜੀ ਪਾਣੀ ਪਿਆਉਂਦੇ ਹੋਏ ਇਹ ਨਹੀਂ ਸਨ ਦੇਖਦੇ ਕਿ ਜ਼ਖਮੀ ਮਿੱਤਰ ਹੈ ਜਾਂ ਦੁਸ਼ਮਣ। ਗੁਰੂ ਸਾਹਿਬ ਦੀ ਵਡਿਆਈ ਦੇਖੋ ਜਿਨ੍ਹਾਂ ਨੇ ਭਾਈ ਘਨੱਈਆ ਜੀ ਦਾ ਮਾਨਵਤਾ ਲਈ ਇਕਸਾਰ ਪ੍ਰੇਮ ਦੇਖ ਕੇ ਸ਼ਾਬਾਸ਼ ਦਿੱਤੀ ਸੀ ਅਤੇ ਜ਼ਖ਼ਮਾਂ ’ਤੇ ਲਾਉਣ ਲਈ ਮਲ੍ਹਮ ਵੀ ਦਿੱਤੀ ਸੀ।
ਗੁਰੂ ਜੀ ਨੇ ਸਿੱਖਾਂ ਨੂੰ ਸਿਖਾਇਆ ਕਿ ਆਪਣੇ ਧਰਮ ’ਤੇ ਪੱਕੇ ਰਹੋ। ਆਪਣੀ ਮਾਂ-ਬੋਲੀ ਅਤੇ ਆਪਣੇ ਸੱਚੇ-ਸੁੱਚੇ ਸਭਿਆਚਾਰ ਨੂੰ ਅਪਣਾਉ। ਉਨ੍ਹਾਂ ਨੇ ਇਸੇ ਕਾਰਨ ਕਰਕੇ ਹੀ ਖਾਣ-ਪੀਣ, ਰਹਿਣ-ਸਹਿਣ ਅਤੇ ਪਹਿਰਾਵੇ ਸੰਬੰਧੀ ਆਦੇਸ਼ ਜਾਰੀ ਕੀਤੇ। ਬੋਲੀ ਦੇ ਪੱਖੋਂ ਦੇਖੀਏ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖੁਦ ਅਰਬੀ, ਫਾਰਸੀ, ਸੰਸਕ੍ਰਿਤ, ਬ੍ਰਿਜ ਭਾਸ਼ਾ ਆਦਿ ਭਾਸ਼ਾਵਾਂ ਦੀ ਵਰਤੋਂ ਕੀਤੀ, ਆਪਣੇ ਦਰਬਾਰੀ ਕਵੀਆਂ ਪਾਸੋਂ ਇਨ੍ਹਾਂ ਭਾਸ਼ਾਵਾਂ ਵਿਚ ਰਚਨਾਵਾਂ ਲਿਖਵਾਈਆਂ, ਸਿੱਖਾਂ ਨੂੰ ਵੱਖ-ਵੱਖ ਭਾਸ਼ਾਵਾਂ ਸਿੱਖਣ ਲਈ ਪ੍ਰੇਰਿਆ।
ਗੁਰੂ ਸਾਹਿਬ ਨੇ ਵਿਸਾਖੀ ਵਾਲੇ ਦਿਨ ਜਿਸ ਸਭਿਆਚਾਰਕ ਸੁਤੰਤਰਤਾ ਦਾ ਉਪਦੇਸ਼ ਅਮਲੀ ਰੂਪ ਵਿਚ ਦਿੱਤਾ ਉਹ ਅਸਲ ਵਿਚ ਸਭਿਆਚਾਰਕ ਸਹਿਹੋਂਦ ਦਾ ਆਦਰਸ਼ ਸੀ। ਦੁਨੀਆਂ ਵਿਚ ‘ਜੀਉ ਅਤੇ ਜੀਣ ਦਿਓ’ ਦਾ ਆਦਰਸ਼ ਸੀ ਇਹ। ਹਰ ਇਕ ਨੂੰ ਆਪਣੀ ਇੱਛਾ ਅਤੇ ਆਪਣੇ ਵਿਸ਼ਵਾਸ ਅਨੁਸਾਰ ਜੀਣ ਦੀ ਆਜ਼ਾਦੀ ਅਤੇ ਖੁੱਲ੍ਹ ਹੋਵੇ। ਇਸ ਦੀ ਵੰਗਾਰ ਸੀ 1756 ਬਿਕ੍ਰਮੀ ਦੀ ਵਿਸਾਖੀ। ਗੁਰੂ ਜੀ ਤਾਂ ਆਪ ਹੀ ਮੰਨਦੇ ਹਨ ਕਿ ਰਹਿਣੀ-ਬਹਿਣੀ, ਬੋਲੀ, ਪਹਿਰਾਵਾ ਆਦਿ ਵੱਖ-ਵੱਖ ਇਲਾਕਿਆਂ ਦੇ ਪ੍ਰਭਾਵ ਹਨ। ਇਹ ਪ੍ਰਭਾਵ ਹੀ ਆਪੋ-ਆਪਣੀ ਥਾਂ ਸਭਿਆਚਾਰਕ ਸੁਤੰਤਰਤਾ ਹਨ। ਸਾਰੀ ਦੁਨੀਆਂ ਦੀ ਬੋਲੀ ਇੱਕ ਨਹੀਂ ਕੀਤੀ ਜਾ ਸਕਦੀ ਅਤੇ ਨਾ ਹੀ ਵਿਸ਼ਵਾਸ ਜਾਂ ਪਹਿਰਾਵਾ ਤੇ ਖਾਣ-ਪੀਣ ਇੱਕ ਕੀਤੇ ਜਾ ਸਕਦੇ ਹਨ। ਇਹ ਅਨੇਕਤਾ ਜਾਂ ਭਿੰਨਤਾ ਹੀ ਮਨੁੱਖਤਾ ਜਾਂ ਕੁਦਰਤ ਦੀ ਸੁੰਦਰਤਾ ਹੈ। ਇਹ ਅਨੇਕਤਾ ਜਾਂ ਭਿੰਨਤਾ ਹੀ ਸਭਿਆਚਾਰਕ ਸੁਤੰਤਰਤਾ ਦਾ ਦੂਜਾ ਨਾਂ ਹੈ। ਗੁਰੂ ਜੀ ਫ਼ਰਮਾਉਂਦੇ ਹਨ:
ਦੇਹੁਰਾ ਮਸੀਤ ਸੋਈ ਪੂਜਾ ਔ ਨਿਵਾਜ਼ ਓਈ ਮਾਨਸ ਸਬੈ ਏਕ ਪੈ ਅਨੇਕ ਕੋ ਭ੍ਰਮਾਉਂ ਹੈ।
ਦੇਵਤਾ ਅਦੇਵ ਜੱਛ ਗੰਧ੍ਰਬ ਤੁਰਕ ਹਿੰਦੂ ਨਿਆਰੇ ਨਿਆਰੇ ਦੇਸਨ ਕੇ ਭੇਸ ਕੋ ਪ੍ਰਭਾਉ ਹੈ।
ਏਕੈ ਨੈਨ ਏਕੈ ਕਾਨ ਏਕੈ ਦੇਹ ਏਕੈ ਬਾਨ ਖਾਕ ਬਾਦ ਆਤਿਸ ਔ ਆਬ ਕੋ ਰਲਾਉ ਹੈ।
ਅੱਲਹ ਅਭੇਖ ਸੋਈ ਪੁਰਾਨ ਅਉ ਕੁਰਾਨ ਓਈ ਏਕ ਹੀ ਸਰੂਪ ਸਬੈ ਏਕ ਹੀ ਬਨਾਉ ਹੈ। (ਅਕਾਲ ਉਸਤਤਿ ਪਾ: 10)
(ਹ) ਨੈਤਿਕਤਾ ’ਤੇ ਜ਼ੋਰ
ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ ਨੂੰ ਸਿੱਖਾਂ ਨੂੰ ਰਹਿਤ-ਬਹਿਤ ਵਿਚ ਪੂਰੇ ਰਹਿਣ ਲਈ ਆਖਿਆ ਤਾਂ ਉਨ੍ਹਾਂ ਦਾ ਆਸ਼ਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਦੇ ਬਿਲਕੁਲ ਅਨੁਕੂਲ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਾਸਤਵ ਵਿਚ ਇਨ੍ਹਾਂ ਕਕਾਰਾਂ ਨਾਲ ਜੁੜੇ ਗੁਣਾਂ ’ਤੇ ਵੀ ਜ਼ੋਰ ਦੇ ਰਹੇ ਸਨ। ਗੁਰਬਾਣੀ ਅਨੁਸਾਰ ਜੀਵਨ ਜੀਣ ਦੀ ਸਿੱਖਿਆ ਗੁਰੂ ਜੀ ਦੀ ਪਹਿਲੀ ਸਿੱਖਿਆ ਸੀ। ਗੁਰਬਾਣੀ ਤਾਂ ਗੁਰਸਿੱਖ ਨੂੰ ਅੰਦਰੋਂ-ਬਾਹਰੋਂ ਨਿਰਮਲ ਹੋਣ ਦੀ ਸਿੱਖਿਆ ਦਿੰਦੀ ਹੈ। ਗੁਰਬਾਣੀ ਨੈਤਿਕਤਾ ਤੋਂ ਬਿਨਾਂ ਜੀਵਨ ਨੂੰ ਗੁਰਸਿੱਖੀ ਜੀਵਨ ਮੰਨਦੀ ਹੀ ਨਹੀਂ। ਜੇਕਰ ਬਾਕੀ ਧਰਮਾਂ ਦੇ ਬਾਹਰਲੇ ਚਿੰਨ੍ਹਾਂ ’ਤੇ ਗੁਣਾਂ ਦੀ ਸ਼ਰਤ ਲਾਗੂ ਹੁੰਦੀ ਹੈ ਤਾਂ ਇਹੀ ਗੁਣਾਂ ਦੀ ਸ਼ਰਤ ਪੰਜ ਕਕਾਰਾਂ ’ਤੇ ਵੀ ਲਾਗੂ ਹੁੰਦੀ ਹੈ। ਕਕਾਰਾਂ ਨਾਲ ਜੁੜੇ ਅੰਤਰੀਵੀ ਜੀਵਨ ਦਾ ਵਿਸ਼ੇਸ਼ ਮਹੱਤਵ ਹੈ। ਅੰਦਰ ਦੀ ਸਿੱਖੀ ਨੈਤਿਕਤਾ ਹੈ। ਅੰਦਰ ਦੀ ਸਿੱਖੀ ਗੁਣ ਹਨ। ਅੰਦਰ ਦੀ ਸਿੱਖੀ ਵੀ ਨਾਲੋ-ਨਾਲ ਕਾਇਮ ਰਹਿਣੀ ਚਾਹੀਦੀ ਹੈ।
ਭਾਈ ਨੰਦ ਲਾਲ ਜੀ ਆਪਣੀ ਰਚਨਾ ‘ਤਨਖਾਹਨਾਮਾ’ ਵਿਚ ਖਾਲਸਾ ਸੋਇ… ਦੇ ਸ਼ਬਦਾਂ ਨਾਲ ਸ਼ੁਰੂ ਕਰਕੇ ਇਕ-ਇਕ ਵਾਕ ਵਿਚ ਖਾਲਸੇ ਦੇ ਗੁਣ ‘ਜੋ ਨਿੰਦਾ ਤਿਆਗੈ’, ਜੋ ਪੰਚ ਕਉ ਮਾਰੈ, ਮਾਨ ਜੋ ਤਿਆਗੈ, ਜੋ ਪਰਤ੍ਰਿਆ ਤੇ ਭਾਗੈ, ਬਾਣੀ ਹਿਤ ਲਾਇ, ਲੜੈ ਹੁਇ ਆਗੈ, ਨਿਰਧਨ ਕੋ ਪਾਲੈ, ਦੁਸਟ ਕੋ ਗਾਲੈ, ਨਾਮ ਜਪ ਕਰੈ, ਮਲੇਛ ਪਰ ਚੜ੍ਹੈ, ਨਾਮ ਸਿਉਂ ਜੋੜਹਿ, ਸ਼ਸਤ੍ਰ ਕਉ ਧਾਰੈ, ਦੁਸ਼ਟਿ ਕਉ ਮਾਰੈ ਆਦਿ ਦੱਸਦੇ ਹਨ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ਼ੁਭ ਕਰਮਾਂ ਦੀ ਭਾਵ ਨੈਤਿਕਤਾ ਦੀ ਅਹਿਮੀਅਤ ਨੂੰ ਦਰਸਾਉਂਦੇ ਹੋਏ ਫ਼ਰਮਾਉਂਦੇ ਹਨ:
ਦੇਹ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋਂ।
ਬਾਹਰੀ ਭੇਖ ਨੂੰ ਜੋ ਨੈਤਿਕਤਾ ਤੋਂ ਖਾਲੀ ਹੈ ਅਤੇ ਜੋ ਕੇਵਲ ਵਿਖਾਵੇ-ਮਾਤਰ ਹੈ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪ੍ਰਵਾਨ ਨਹੀਂ ਕਰਦੇ। ਨੈਤਿਕਤਾ ਧਰਮ ਜਾਂ ਭਗਤੀ ਦਾ ਇਕ ਅਜਿਹਾ ਅੰਗ ਹੈ ਜਿਸ ਨੂੰ ਕਿਸੇ ਵੀ ਸਮੇਂ ਇਨ੍ਹਾਂ ਨਾਲੋਂ ਵੱਖ ਨਹੀਂ ਕੀਤਾ ਜਾ ਸਕਦਾ। ਬਿਨਾਂ ਗੁਣਾਂ ਤੋਂ ਅਰਥਾਤ ਬਿਨਾਂ ਨੈਤਿਕਤਾ ਤੋਂ ਭਗਤੀ ਸੰਭਵ ਹੀ ਨਹੀਂ ਹੈ। ਇਹ ਐਲਾਨ ਸਪਸ਼ਟ ਤੌਰ ’ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ‘ਜਪੁ ਜੀ’ ਸਾਹਿਬ ਵਿਚ ਕੀਤਾ ਹੋਇਆ ਹੈ:
ਸਭਿ ਗੁਣ ਤੇਰੇ ਮੈ ਨਾਹੀ ਕੋਇ॥
ਵਿਣੁ ਗੁਣ ਕੀਤੇ ਭਗਤਿ ਨ ਹੋਇ॥ (ਪੰਨਾ 4)
ਸਮੁੱਚੀ ਰਹਿਤ ਮਰਯਾਦਾ ਦਾ ਅਧਿਐਨ ਕੀਤਿਆਂ ਇਹ ਸੁਤੇਸਿਧ ਦਿੱਸਣ ਲੱਗ ਜਾਂਦਾ ਹੈ ਕਿ ਨੈਤਿਕਤਾ ਤੋਂ ਬਿਨਾਂ ਸਿੱਖੀ ਦੀ ਕਲਪਨਾ ਹੀ ਨਹੀਂ ਕੀਤੀ ਜਾ ਸਕਦੀ। ਸਿੱਖ ਅਨੈਤਿਕ ਹੋ ਹੀ ਨਹੀਂ ਸਕਦਾ ਅਤੇ ਜੋ ਅਨੈਤਿਕ ਹੈ ਉਹ ਸਿੱਖ ਨਹੀਂ ਹੋ ਸਕਦਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਾਂ ਗੁਰਸਿੱਖ ਨੂੰ ‘ਸਾਬਤ ਸੂਰਤ’ ਦੇ ਨਾਲ-ਨਾਲ ‘ਸਾਬਤ ਸੀਰਤ’ ਵੀ ਵੇਖਣਾ ਚਾਹੁੰਦੇ ਸਨ। ਇਸ ਲਈ ਜਦੋਂ ਆਪ ਜੀ ਨੇ ‘ਰਹਿਣੀ ਰਹਹਿ ਸੋਈ ਸਿਖ ਮੇਰਾ’ ਆਖਿਆ ਤਾਂ ਆਪ ਜੀ ਦਾ ਭਾਵ ਮੁਕੰਮਲ ਰਹਿਣੀ ਤੋਂ ਸੀ ਜਿਸ ਵਿਚ ਬਾਹਰੀ ਅਤੇ ਅੰਤਰੀਵ ਦੋਵੇਂ ਤਰ੍ਹਾਂ ਦੀ ਰਹਿਤ ਸ਼ਾਮਲ ਸੀ। ਇਸ ਦਾ ਭਾਵ ਸਾਬਤ ਸੂਰਤ ਅਤੇ ਸਾਬਤ ਸੀਰਤ ਹੋਣ ਤੋਂ ਸੀ।
ਲੇਖਕ ਬਾਰੇ
36-ਬੀ, ਰਤਨ ਨਗਰ, ਪਟਿਆਲਾ
- ਸ. ਸੁਖਦੇਵ ਸਿੰਘ ਸ਼ਾਂਤhttps://sikharchives.org/kosh/author/%e0%a8%b8-%e0%a8%b8%e0%a9%81%e0%a8%96%e0%a8%a6%e0%a9%87%e0%a8%b5-%e0%a8%b8%e0%a8%bf%e0%a9%b0%e0%a8%98-%e0%a8%b6%e0%a8%be%e0%a8%82%e0%a8%a4/January 1, 2008
- ਸ. ਸੁਖਦੇਵ ਸਿੰਘ ਸ਼ਾਂਤhttps://sikharchives.org/kosh/author/%e0%a8%b8-%e0%a8%b8%e0%a9%81%e0%a8%96%e0%a8%a6%e0%a9%87%e0%a8%b5-%e0%a8%b8%e0%a8%bf%e0%a9%b0%e0%a8%98-%e0%a8%b6%e0%a8%be%e0%a8%82%e0%a8%a4/February 1, 2008
- ਸ. ਸੁਖਦੇਵ ਸਿੰਘ ਸ਼ਾਂਤhttps://sikharchives.org/kosh/author/%e0%a8%b8-%e0%a8%b8%e0%a9%81%e0%a8%96%e0%a8%a6%e0%a9%87%e0%a8%b5-%e0%a8%b8%e0%a8%bf%e0%a9%b0%e0%a8%98-%e0%a8%b6%e0%a8%be%e0%a8%82%e0%a8%a4/
- ਸ. ਸੁਖਦੇਵ ਸਿੰਘ ਸ਼ਾਂਤhttps://sikharchives.org/kosh/author/%e0%a8%b8-%e0%a8%b8%e0%a9%81%e0%a8%96%e0%a8%a6%e0%a9%87%e0%a8%b5-%e0%a8%b8%e0%a8%bf%e0%a9%b0%e0%a8%98-%e0%a8%b6%e0%a8%be%e0%a8%82%e0%a8%a4/April 1, 2008
- ਸ. ਸੁਖਦੇਵ ਸਿੰਘ ਸ਼ਾਂਤhttps://sikharchives.org/kosh/author/%e0%a8%b8-%e0%a8%b8%e0%a9%81%e0%a8%96%e0%a8%a6%e0%a9%87%e0%a8%b5-%e0%a8%b8%e0%a8%bf%e0%a9%b0%e0%a8%98-%e0%a8%b6%e0%a8%be%e0%a8%82%e0%a8%a4/April 1, 2008
- ਸ. ਸੁਖਦੇਵ ਸਿੰਘ ਸ਼ਾਂਤhttps://sikharchives.org/kosh/author/%e0%a8%b8-%e0%a8%b8%e0%a9%81%e0%a8%96%e0%a8%a6%e0%a9%87%e0%a8%b5-%e0%a8%b8%e0%a8%bf%e0%a9%b0%e0%a8%98-%e0%a8%b6%e0%a8%be%e0%a8%82%e0%a8%a4/June 1, 2008
- ਸ. ਸੁਖਦੇਵ ਸਿੰਘ ਸ਼ਾਂਤhttps://sikharchives.org/kosh/author/%e0%a8%b8-%e0%a8%b8%e0%a9%81%e0%a8%96%e0%a8%a6%e0%a9%87%e0%a8%b5-%e0%a8%b8%e0%a8%bf%e0%a9%b0%e0%a8%98-%e0%a8%b6%e0%a8%be%e0%a8%82%e0%a8%a4/
- ਸ. ਸੁਖਦੇਵ ਸਿੰਘ ਸ਼ਾਂਤhttps://sikharchives.org/kosh/author/%e0%a8%b8-%e0%a8%b8%e0%a9%81%e0%a8%96%e0%a8%a6%e0%a9%87%e0%a8%b5-%e0%a8%b8%e0%a8%bf%e0%a9%b0%e0%a8%98-%e0%a8%b6%e0%a8%be%e0%a8%82%e0%a8%a4/August 1, 2008
- ਸ. ਸੁਖਦੇਵ ਸਿੰਘ ਸ਼ਾਂਤhttps://sikharchives.org/kosh/author/%e0%a8%b8-%e0%a8%b8%e0%a9%81%e0%a8%96%e0%a8%a6%e0%a9%87%e0%a8%b5-%e0%a8%b8%e0%a8%bf%e0%a9%b0%e0%a8%98-%e0%a8%b6%e0%a8%be%e0%a8%82%e0%a8%a4/September 1, 2008
- ਸ. ਸੁਖਦੇਵ ਸਿੰਘ ਸ਼ਾਂਤhttps://sikharchives.org/kosh/author/%e0%a8%b8-%e0%a8%b8%e0%a9%81%e0%a8%96%e0%a8%a6%e0%a9%87%e0%a8%b5-%e0%a8%b8%e0%a8%bf%e0%a9%b0%e0%a8%98-%e0%a8%b6%e0%a8%be%e0%a8%82%e0%a8%a4/October 1, 2008