editor@sikharchives.org

ਅਨੰਦਪੁਰ ਦੀ ਆਵਾਜ਼

ਆਪਣੇ ਵੇਲੇ ਵਿਚ ਸ੍ਰੀ ਅਨੰਦਪੁਰ ਸਾਹਿਬ ਦੀ ਇਹ ਸਭ ਤੋਂ ਵੱਧ ਸ਼ਕਤੀਸ਼ਾਲੀ ਆਵਾਜ਼ ਸੀ, ਜਿਹੜੀ ਸ਼ਿਵਾਲਕ ਪਰਬਤ ਵਿੱਚੋਂ ਗੂੰਜਦੀ ਹੋਈ ਸਮੁੱਚੇ ਦੇਸ਼ ਦੇ ਵਾਤਾਵਰਨ ਵਿਚ ਫੈਲ ਗਈ ਸੀ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਸ੍ਰੀ ਅਨੰਦਪੁਰ ਸਾਹਿਬ ਮਾਨਵਤਾ ਦੀ ਆਤਮਾ ਦੀ ਆਜ਼ਾਦੀ ਦਾ ਪ੍ਰਤੀਕ ਹੈ। ਜਬਰ-ਜ਼ੁਲਮ ਦੇ ਭਿਆਨਕ ਦੌਰ ਵਿਚ ਸ੍ਰੀ ਅਨੰਦਪੁਰ ਸਾਹਿਬ ਤੋਂ ਹੀ ਮਨੁੱਖੀ ਹੱਕਾਂ ਦੀ ਆਜ਼ਾਦੀ ਦੀ ਸੁਰੱਖਿਆ ਵਾਸਤੇ ਆਵਾਜ਼ ਨੂੰ ਬੁਲੰਦ ਕਰਨ ਵਾਲੇ ਮਰਦ-ਅਗੰਮੜੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਨ। ਹਜ਼ੂਰ ਨੂੰ ਪਤਾ ਸੀ ਕਿ ਹੱਕ-ਸੱਚ ਦੀ ਰਾਖੀ ਵਾਸਤੇ ਪਿਤਾ-ਪੁੱਤਰਾਂ, ਬੇਸ਼ੁਮਾਰ ਸਿੰਘ ਸੂਰਮਿਆਂ ਦੀ ਸ਼ਹਾਦਤ ਦੇਣੀ ਪਵੇਗੀ। ਪਰ ਫੇਰ ਵੀ ਹਜ਼ੂਰ ਨੇ ਜਬਰ-ਜ਼ੁਲਮ ਦੇ ਬੇਦਰਦ ਵਕਤ ਨੂੰ ਲਲਕਾਰਿਆ ਅਤੇ ਬੇਸ਼ੁਮਾਰ ਸ਼ਹਾਦਤਾਂ ਦੇ ਕੇ ਜ਼ੁਲਮ ਦੀ ਬਾਦਸ਼ਾਹਤ ਦੀਆਂ ਜੜ੍ਹਾਂ ਪੁੱਟ ਸੁੱਟੀਆਂ। ਸੂਰਮੇ ਮਰਦ ਅਗੰਮੜੇ ਗੁਰੂ ਜੀ ਵਿਸ਼ਵ ਇਤਿਹਾਸ ਵਿਚ ਆਪਣੀ ਮਿਸਾਲ ਆਪ ਹੀ ਹਨ।

ਅੱਜ ਜੇਕਰ ਪੰਜਾਬੀ ਕੌਮ ਸ੍ਰੀ ਅਨੰਦਪੁਰ ਸਾਹਿਬ ਨੂੰ ਇਕ ਵਿਲੱਖਣ ਨਗਰ ਦਾ ਰੂਪ-ਸ਼ਿੰਗਾਰ ਪ੍ਰਦਾਨ ਕਰ ਰਹੀ ਹੈ ਤਾਂ ਸ਼ਹੀਦ ਸੂਰਮਿਆਂ ਦਾ ਰਿਣ ਹੀ ਲਾਹ ਰਹੀ ਹੈ। ਰਿਣ- ਜੋ ਕਿ ਕਦੀ ਨਹੀਂ ਲੱਥ ਸਕਦਾ।

ਵਿਸ਼ਵ ਵਿਚ ਹੱਕ-ਸੱਚ ਦੀ ਰਾਖੀ ਵਾਸਤੇ ਆਵਾਜ਼ ਕਿਉਂਕਿ ਸਭ ਤੋਂ ਪਹਿਲਾਂ ਸ੍ਰੀ ਅਨੰਦਪੁਰ ਸਾਹਿਬ ਤੋਂ ਹੀ ਬੁਲੰਦ ਹੋਈ ਸੀ, ਇਸ ਲਈ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਨੇ ਆਪਣੀ ਇਤਿਹਾਸਕ ਭੂਮਿਕਾ ਅਦਾ ਕਰ ਕੇ ਮਨੁੱਖਤਾ ਦੀ ਮਹਾਨ ਸੇਵਾ ਕੀਤੀ ਹੈ।

ਸ੍ਰੀ ਅਨੰਦਪੁਰ ਸਾਹਿਬ ਵਿਖੇ ਹੀ 1756 ਬਿਕ੍ਰਮੀ ਦੀ ਵਿਸਾਖੀ ਨੂੰ ਖਾਲਸਾ ਸਾਜਣਾ ਸਮਾਗਮ ਵਿਚ ਇਹ ਨਿਰਣਾ ਹੋ ਗਿਆ ਸੀ ਕਿ ਖਾਲਸਾ ਪੰਥ ਕਿਸੇ ਇਕ ਜਾਤ ਜਾਂ ਫਿਰਕੇ ਦਾ ਨਹੀਂ, ਸਗੋਂ ਸਭਨਾਂ ਹੀ ਧਰਮਾਂ ਅਤੇ ਜਾਤਾਂ ਦੇ ਲੋਕਾਂ ਦਾ ਸਾਂਝਾ ਧਰਮ-ਈਮਾਨ ਹੋਵੇਗਾ। ਇਸ ਸੱਚ ਦੀ ਪੁਸ਼ਟੀ ਲਾਹੌਰ ਦੇ ਭਾਈ ਦਯਾ ਰਾਮ ਖੱਤਰੀ ਨੇ, ਹਸਤਨਾਪੁਰ ਦੇ ਭਾਈ ਧਰਮਦਾਸ ਨੇ, ਪੁਰੀ ਦੇ ਭਾਈ ਹਿੰਮਤ ਰਾਏ ਨੇ, ਦਵਾਰਕਾ ਦੇ ਭਾਈ ਮੋਹਕਮ ਚੰਦ ਨੇ ਅਤੇ ਬਿਦਰ ਦੇ ਭਾਈ ਸਾਹਿਬ ਚੰਦ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕੋਲੋਂ ਇੱਕੋ ਬਾਟੇ ’ਚੋਂ ਅੰਮ੍ਰਿਤਪਾਨ ਕਰਕੇ ਕੀਤੀ ਸੀ। ਇਹ ਪੰਜੇ ਸ਼ਖ਼ਸ ਖੱਤਰੀ, ਜੱਟ, ਝੀਉਰ, ਧੋਬੀ ਅਤੇ ਨਾਈ ਅਖਵਾਉਣ ਵਾਲੀਆਂ ਜਾਤਾਂ ਨਾਲ ਸੰਬੰਧ ਰੱਖਦੇ ਆ ਰਹੇ ਸਨ। ਗੁਰੂ ਸਾਹਿਬ ਨੇ ਇਨ੍ਹਾਂ ਨੂੰ ਪੰਜ ਪਿਆਰਿਆਂ ਦਾ ਉੱਚਾ ਰੁਤਬਾ ਦਿੱਤਾ ਅਤੇ ਫੇਰ ਮਗਰੋਂ ਉਨ੍ਹਾਂ ਨੂੰ ਗੁਰੂ ਧਾਰ ਕੇ ਉਨ੍ਹਾਂ ਕੋਲੋਂ ਖੁਦ ਅੰਮ੍ਰਿਤ ਛਕਿਆ।

ਮਨੁੱਖੀ ਭਾਈਚਾਰੇ ਦੀ ਇਹ ਕੇਹੀ ਸਾਂਝ ਸੀ, ਕੇਹੀ ਬੁਲੰਦੀ ਸੀ! ਹਿੰਦੁਸਤਾਨ ਦੇ ਸੰਦਰਭ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਹ ਸਰਬ ਸਾਂਝੀਵਾਲਤਾ ਦਾ ਸੰਕਲਪ ਅੱਜ ਵੀ ਸਾਰਥਕ ਹੈ ਅਤੇ ਇਸ ’ਤੇ ਅਮਲ ਕਰਨਾ ਕੌਮੀ ਇਕੁਸਰਤਾ ਵਾਸਤੇ ਬਹੁਤ ਮਹੱਤਵਪੂਰਨ ਹੈ।

ਭਾਰਤ ਵਿਚ ਬੇਸ਼ੁਮਾਰ ਪੀਰ-ਫਕੀਰ ਅਤੇ ਸਾਧੂ-ਸੰਤ ਹੋਏ ਹਨ, ਪਰ ਜਿਸ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਨੁੱਖਾਂ ਦੇ ਵੱਖੋ-ਵੱਖਰੇ ਸਰੂਪਾਂ ਅਤੇ ਉਨ੍ਹਾਂ ਦੇ ਵਿਚਾਰਾਂ ਦਾ ਆਦਰ-ਮਾਣ ਕਰ ਕੇ ਉਨ੍ਹਾਂ ਨੂੰ ਸਾਂਝੀਵਾਲਤਾ ਦੀ ਲੜੀ ਵਿਚ ਪਰੋਇਆ, ਇਹ ਕੇਵਲ ਤੇ ਕੇਵਲ ਉਨ੍ਹਾਂ ਦੇ ਹੀ ਹਿੱਸੇ ਆਇਆ ਹੈ। ਅਜਿਹੇ ਸਰਬਸਾਂਝੀਵਾਲਤਾ ਵਾਲੇ ਫਲਸਫੇ ਵਿਚ ਵਿਸ਼ਵਾਸ ਰੱਖਣ ਵਾਲੇ ਬੰਦਿਆਂ ਨੂੰ ਹੀ ਗੁਰੂ ਸਾਹਿਬ ਨੇ ‘ਖਾਲਸਾ’ ਕਿਹਾ ਅਤੇ ਇਥੋਂ ਤਕ ਵਡਿਆਇਆ-

ਖਾਲਸਾ ਮੇਰੋ ਰੂਪ ਹੈ ਖਾਸ।
ਖਾਲਸੇ ਮਹਿ ਹਉ ਕਰੋ ਨਿਵਾਸ। (ਸਰਬ ਲੋਹ ਗ੍ਰੰਥ)

ਅਜਿਹਾ ਖਾਲਸਾ ਹੀ ਸੰਤ ਸਿਪਾਹੀ ਦਾ ਸਰੂਪ ਹੈ ਅਤੇ ਹੱਕ-ਸੱਚ ਦੀ ਰਾਖੀ ਲਈ ਆਪਾ ਵਾਰਦਾ ਹੈ। ਗੁਰੂ ਸਾਹਿਬ ਨੇ ਆਪਣੇ ਜੀਵਨ-ਮੰਤਵ ਬਾਰੇ ਆਪਣੀ ਆਤਮ-ਕਥਾ ‘ਬਚਿੱਤਰ ਨਾਟਕ’ ਵਿਚ ਫ਼ਰਮਾਇਆ ਹੈ:

ਹਮ ਇਹ ਕਾਜ ਜਗਤ ਮੋ ਆਏ।
ਧਰਮ ਹੇਤ ਗੁਰਦੇਵਿ ਪਠਾਏ।
ਜਹਾਂ ਤਹਾਂ ਤੁਮ ਧਰਮ ਬਿਥਾਰੋ।
ਦੁਸਟ ਦੋਖਯਨਿ ਪਕਰਿ ਪਛਾਰੋ।
ਯਾਹੀ ਕਾਜ ਧਰਾ ਹਮ ਜਨਮੰ।
ਸਮਝ ਲੇਹੁ ਸਾਧੂ ਸਭ ਮਨਮੰ।
ਧਰਮ ਚਲਾਵਨ ਸੰਤ ਉਬਾਰਨ।
ਦੁਸਟ ਸਭਨ ਕੋ ਮੂਲ ਉਪਾਰਿਨ।

ਆਪਣੇ ਵੇਲੇ ਵਿਚ ਸ੍ਰੀ ਅਨੰਦਪੁਰ ਸਾਹਿਬ ਦੀ ਇਹ ਸਭ ਤੋਂ ਵੱਧ ਸ਼ਕਤੀਸ਼ਾਲੀ ਆਵਾਜ਼ ਸੀ, ਜਿਹੜੀ ਸ਼ਿਵਾਲਕ ਪਰਬਤ ਵਿੱਚੋਂ ਗੂੰਜਦੀ ਹੋਈ ਸਮੁੱਚੇ ਦੇਸ਼ ਦੇ ਵਾਤਾਵਰਨ ਵਿਚ ਫੈਲ ਗਈ ਸੀ।

ਗੁਰੂ ਸਾਹਿਬ ਨੇ ਆਪਣੇ ਜੀਵਨ ਉਦੇਸ਼ ਦੀ ਵਿਆਖਿਆ ਕਰਦੇ ਹੋਏ ਸਪਸ਼ਟ ਲਿਖਿਆ ਹੈ ਕਿ ‘ਦੁਸ਼ਟ ਦੋਖੀਅਨ’ ਨੂੰ ‘ਪਕਰਿ ਪਛਾਰੋ’ ਦਾ ਕਾਰਜ ਉਨ੍ਹਾਂ ਨੇ ਕਰਨਾ ਹੈ। ਪਰ ਇਸੇ ਦੇ ਨਾਲ ਹੀ ਹਜ਼ੂਰ ਇਨਸਾਨੀ ਬਿਰਾਦਰੀ ਦੀ ਬਰਾਬਰੀ ਦਾ ਸਰੋਕਾਰ ਵੀ ਆਪਣੀ ਬਾਣੀ ਵਿਚ ਪ੍ਰਗਟਾਉਂਦੇ ਹਨ:

ਹਿੰਦੂ ਤੁਰਕ ਕੋਊ ਰਾਫਿਜ਼ੀ ਇਮਾਮ ਸ਼ਾਫੀ ਮਾਨਸ ਕੀ ਜਾਤਿ ਸਬੈ ਏਕੈ ਪਹਚਾਨਬੋ।
ਕਰਤਾ ਕਰੀਮ ਸੋਈ ਰਾਜ਼ਿਕ ਰਹੀਮ ਉਈ ਦੂਸਰੋ ਨਾ ਭੇਦ ਕੋਈ ਭੂਲਿ ਭ੍ਰਮ ਮਾਨਬੋ।
ਏਕ ਹੀ ਕੀ ਸੇਵ ਸਭ ਹੀ ਕੋ ਗੁਰਦੇਵ ਏਕ ਏਕ ਹੀ ਸਰੂਪ ਸਬੈ ਏਕੈ ਜੋਤਿ ਜਾਨਬੋ।
ਦੇਹੁਰਾ ਮਸੀਤ ਸੋਈ ਪੂਜਾ ਔ ਨਿਵਾਜ਼ ਓਈ ਮਾਨਸ ਸਬੈ ਏਕ ਪੈ ਅਨੇਕ ਕੋ ਭ੍ਰਮਾਉਂ ਹੈ। (ਅਕਾਲ ਉਸਤਤਿ ਪਾ: 10)

ਗੁਰੂ ਸਾਹਿਬ ਜੋ ਕਹਿੰਦੇ ਸਨ, ਉਸ ਦੇ ਅਮਲ ਵਿਚ ਵਿਸ਼ਵਾਸ ਰੱਖਦੇ ਸਨ। ਗੁਰੂ ਸਾਹਿਬ ਦੀ ਸੂਖਮਭਾਵੀ ਸੋਚ ਕਿਸੇ ਇਕ ਫਿਰਕੇ, ਧਰਮ ਜਾਂ ਕੁਲ-ਜ਼ਾਤ ਦੇ ਹਿਤ ਵਾਸਤੇ ਕੰਮ ਕਰਨ ਦੇ ਹੱਕ ਵਿਚ ਨਹੀਂ ਸੀ। ਵਿਸ਼ਵ ਭਰ ਦੇ ਸਾਰੇ ਹੀ ਲੋਕ ਉਨ੍ਹਾਂ ਲਈ ਇਕ ਸਮਾਨ ਸਨ, ਆਪਣੇ ਸਨ। ਇਸ ਵੇਲੇ ਚੇਤੇ ਆਉਂਦਾ ਹੈ ਭੰਗਾਣੀ ਦਾ ਉਹ ਯੁੱਧ, ਜਿਸ ਵਿਚ ਪੀਰ ਬੁੱਧੂ ਸ਼ਾਹ ਅਤੇ ਉਸ ਦੇ ਬੇਟੇ ਹੋਰ ਅਨੇਕ ਮੁਸਲਮਾਨਾਂ ਸਮੇਤ, ਦਿੱਲੀ ਦੀਆਂ ਮੁਗਲ ਫੌਜਾਂ ਦੇ ਵਿਰੁੱਧ, ਗੁਰੂ ਸਾਹਿਬ ਨਾਲ ਮਿਲ ਕੇ ਲੜ ਰਹੇ ਸਨ। ਉਹ ਯੁੱਧ ਮੁਗਲਾਂ ਜਾਂ ਮੁਸਲਮਾਨਾਂ ਦੇ ਵਿਰੁੱਧ ਨਹੀਂ ਸੀ। ਇਸ ਤਰ੍ਹਾਂ ਹੁੰਦਾ ਤਾਂ ਪੀਰ ਬੁੱਧੂ ਸ਼ਾਹ ਤੇ ਉਸ ਦੇ ਅਨੇਕ ਮੁਰੀਦ ਗੁਰੂ ਸਾਹਿਬ ਦਾ ਸਾਥ ਕਿਉਂ ਦਿੰਦੇ? ਧਰਮ-ਯੁੱਧ ਉਹੋ ਹੀ ਹੈ, ਜਿਹੜਾ ਮਾਨਵਤਾ ਦੀ ਸੁਰੱਖਿਆ ਲਈ ਅਤੇ ਹੱਕ-ਇਨਸਾਫ ਵਾਸਤੇ ਲੜਿਆ ਜਾਵੇ!

ਭੰਗਾਣੀ ਦੇ ਇਸੇ ਯੁੱਧ ਦੀ ਇਕ ਹੋਰ ਘਟਨਾ ਵੀ ਵਰਣਨਯੋਗ ਹੈ। ਗੁਰੂ ਜੀ ਦਾ ਲਾਡਲਾ ਸਿੱਖ ਭਾਈ ਘਨੱਈਆ ਜੀ ਬੜੀ ਮਸਕੀਨਤਾ ਨਾਲ ਯੁੱਧ ਵਿਚ ਜ਼ਖ਼ਮੀ ਹੋਣ ਵਾਲੇ ਸੈਨਿਕਾਂ ਨੂੰ ਪਾਣੀ ਪਿਲਾ ਰਿਹਾ ਸੀ। ਉਸ ਦੀਆਂ ਨਜ਼ਰਾਂ ਵਿਚ ਗੁਰੂ ਸਾਹਿਬ ਦੇ ਸਿੰਘਾਂ ਜਾਂ ਮੁਗ਼ਲ ਸਿਪਾਹੀਆਂ ਵਿਚ ਕੋਈ ਅੰਤਰ ਨਹੀਂ ਸੀ। ਉਹ ਕਿਸੇ ਨਾਲ ਵਿਤਕਰਾ ਨਹੀਂ ਸੀ ਕਰ ਸਕਦਾ। ਉਸ ਦੀ ਇਸ ਭਾਵਨਾ ਨੂੰ ਠੀਕ ਨਾ ਸਮਝ ਕੇ ਕੁਝ ਸਿੰਘਾਂ ਨੇ ਗੁਰੂ ਸਾਹਿਬ ਕੋਲ ਸ਼ਿਕਾਇਤ ਕੀਤੀ ਸੀ ‘ਸੱਚੇ ਪਾਤਸ਼ਾਹ! ਦੇਖੋ, ਭਾਈ ਘਨੱਈਆ ਦੁਸ਼ਮਣ ਦੀਆਂ ਫੌਜਾਂ ਨੂੰ ਵੀ ਪਾਣੀ ਪਿਲਾਈ ਜਾ ਰਿਹਾ ਹੈ।’

ਆਪਣੇ ਸਿੰਘਾਂ ਦੀ ਸ਼ਿਕਾਇਤ ਸੁਣ ਕੇ ਗੁਰੂ ਸਾਹਿਬ ਨੇ ਭਾਈ ਘਨੱਈਆ ਜੀ ਨੂੰ ਬੁਲਾ ਕੇ ਇਸ ਦਾ ਕਾਰਨ ਪੁੱਛਿਆ ਤਾਂ ਭਾਈ ਜੀ ਨੇ ਨਿਮਰਤਾ ਨਾਲ ਕਿਹਾ, ‘ਹਜ਼ੂਰ! ਮੈਨੂੰ ਤਾਂ ਪਤਾ ਹੀ ਨਹੀਂ ਲੱਗਦਾ ਕਿ ਵੈਰੀ ਕੌਣ ਹੈ ਅਤੇ ਆਪਣਾ ਕੌਣ ਹੈ… ਮੈਂ ਤਾਂ ਜਿੱਧਰ ਵੀ ਦੇਖਦਾ ਹਾਂ, ਆਪ ਦੇ ਸੁੰਦਰ ਸਰੂਪ ਦੇ ਹੀ ਦਰਸ਼ਨ ਹੁੰਦੇ ਹਨ!’ ਭਾਈ ਘਨੱਈਆ ਜੀ ਦੀ ਗੱਲ ਸੁਣ ਕੇ ਗੁਰੂ ਸਾਹਿਬ ਮੁਸਕਰਾ ਪਏ ਤੇ ਕਹਿਣ ਲੱਗੇ- ‘ਭਾਈ ਘਨੱਈਆ! ਐਹ ਲੈ ਸਾਡੇ ਵੱਲੋਂ ਮਲ੍ਹਮ ਤੇ ਪੱਟੀ! ਇਹਦੇ ਨਾਲ ਵੀ ਜ਼ਖ਼ਮੀਆਂ ਦੀ ਸੇਵਾ ਕਰਦਾ ਜਾ! ਤੂੰ ਵੈਰ-ਭਾਵ ਤੋਂ ਉੱਪਰ ਉੱਠ ਗਿਆ ਏਂ। ਤੂੰ ਸੱਚਾ ਸਿੱਖ ਏਂ!’

ਗੁਰੂ ਸਾਹਿਬ ਦੀ ਇਹ ਗੱਲ ਅੱਜ ਦੇ ਯੁੱਗ ਵਿਚ ਵੀ ਪੂਰੀ ਤਰ੍ਹਾਂ ਸਾਰਥਕ ਹੈ। ਗੁਰੂ ਸਾਹਿਬ ਨੇ ਸਿੱਖ ਦੇ ਸਰੂਪ ਨੂੰ ਦੁਖੀ ਮਾਨਵਤਾ ਦੀ ਸੇਵਾ ਅਤੇ ਸੁਰੱਖਿਆ ਵਾਸਤੇ ਤਿਆਰ ਕੀਤਾ ਸੀ। ਜਿਹੜਾ ਵੀ ਵਿਅਕਤੀ ਅੱਜ ਇਹ ਕਰਤਵ ਨਿਭਾ ਰਿਹਾ ਹੈ, ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸੱਚਾ ਪੈਰੋਕਾਰ ਹੈ। ਇਸ ਦਾ ਹੀ ਪ੍ਰਚਾਰ-ਪ੍ਰਸਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ-ਕਾਲ ਵਿਚ ਕੀਤਾ ਸੀ। ਗੁਰੂ ਸਾਹਿਬ ਦੇ ਇਸ ਫਲਸਫੇ ਵਿਚ ਵਿਸ਼ਵਾਸ ਰੱਖਣ ਵਾਲਾ ਵਿਅਕਤੀ ਬੜੀ ਨਿਮਰਤਾ ਨਾਲ ਰਹਿੰਦਾ ਹੈ, ਸਭਨਾਂ ਇਨਸਾਨਾਂ ਨੂੰ ਇਕ ਸਮਾਨ ਸਮਝਦਾ ਹੈ ਅਤੇ ਹਰ ਤਰ੍ਹਾਂ ਨਾਲ ਹਿੰਸਾ ਤੋਂ ਗੁਰੇਜ਼ ਕਰਦਾ ਹੈ। ਤਦੇ ਹੀ ਉਹ ਸੰਤ-ਸਿਪਾਹੀ ਦੇ ਸਰੂਪ ਵਿਚ ਸਥਾਪਤ ਹੁੰਦਾ ਹੈ। ਕੇਵਲ ਇਕ ਸੰਤ-ਸਿਪਾਹੀ ਹੀ ਇਸ ਗੱਲ ਦੀ ਤਮੀਜ਼ ਕਰ ਸਕਦਾ ਹੈ ਕਿ ਉਸ ਨੇ ਜਿਹੜੇ ਸ਼ਸਤਰ ਧਾਰਨ ਕੀਤੇ ਹੋਏ ਹਨ, ਉਨ੍ਹਾਂ ਨਾਲ ਉਸ ਨੇ ਸੁਰੱਖਿਆ ਕਿਸ ਦੀ ਕਰਨੀ ਹੈ ਅਤੇ ਉਹ ਸ਼ਸਤਰ ਇਸਤੇਮਾਲ ਕਿਸ ਦੇ ਵਿਰੁੱਧ ਕਰਨੇ ਹਨ।

ਗੁਰੂ ਸਾਹਿਬ ਦੇ ਜੀਵਨ-ਚਰਿੱਤਰ ਵੱਲ ਧਿਆਨ ਦੇਈਏ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਹਾਲੇ ਆਪ ਛੋਟੀ ਅਵਸਥਾ ਵਿਚ ਹੀ ਸਨ ਜਦੋਂ ਔਰੰਗਜ਼ੇਬ ਦੇ ਤਾਨਾਸ਼ਾਹੀ ਹੁਕਮ ਨਾਲ ਆਪ ਦੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰ ਦਿੱਤਾ ਗਿਆ। ਸ੍ਰੀ ਅਨੰਦਪੁਰ ਸਾਹਿਬ ਛੱਡਣ ਉਪਰੰਤ ਆਪ ਦੇ ਦੋ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਜੰਗ ਵਿਚ ਸ਼ਹੀਦ ਹੋ ਗਏ ਅਤੇ ਛੋਟੇ ਦੋ ਸਾਹਿਬਜ਼ਾਦਿਆਂ ਨੂੰ ਸਰਹਿੰਦ ਦੇ ਨਵਾਬ ਨੇ ਨੀਹਾਂ ਵਿਚ ਚਿਣਵਾ ਕੇ ਸ਼ਹੀਦ ਕਰ ਦਿੱਤਾ। ਹੋਰ ਅਨੇਕ ਸਿੰਘ ਵੀ ਸ਼ਹੀਦ ਹੋਏ। ਇਹ ਨਿਰਾਪੁਰਾ ਜਬਰ ਸੀ, ਦਿੱਲੀ ਦਰਬਾਰ ਵੱਲੋਂ। ਗੁਰੂ ਸਾਹਿਬ ਨੇ ਅਜਿਹੀ ਕੋਈ ਵੀ ਗੱਲ ਨਹੀਂ ਸੀ ਕੀਤੀ ਜਿਸ ਕਰਕੇ ਹਜ਼ੂਰ ’ਤੇ ਜਬਰ ਕੀਤਾ ਜਾਂਦਾ। ਗੁਰੂ ਸਾਹਿਬ ਅਕਾਲ ਪੁਰਖ ਦੇ ਹੁਕਮ ਨਾਲ ਹੀ ਇਸ ਸੰਸਾਰ ਵਿਚ ਆਏ ਸਨ ਅਤੇ ਅਕਾਲ ਪੁਰਖ ਦੀ ਹੱਕ ਇਨਸਾਫ ਕਰਨ ਵਾਲੀ ਸ਼ਕਤੀ ਵਿਚ ਹਜ਼ੂਰ ਨੂੰ ਪੂਰਾ ਵਿਸ਼ਵਾਸ ਸੀ। ਗੁਰੂ ਸਾਹਿਬ ਹਿੰਦੁਸਤਾਨ ਵਿਚ ਸਿਫਤੀ ਤਬਦੀਲੀ (ਕੁਆਲੀਟੇਟਿਵ ਚੇਂਜ) ਚਾਹੁੰਦੇ ਸਨ, ਇਸ ਕਰਕੇ ਹਜ਼ੂਰ ਨੇ ਜ਼ਬਰ-ਜ਼ੁਲਮ ਦੇ ਮੁਕਾਬਲੇ ਲਈ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ। ਹਜ਼ੂਰ ਨੇ ਸਿੰਘਾਂ ਦੇ ਜ਼ਿੰਮੇ ਇਹ ਕੰਮ ਸੌਂਪਿਆ ਸੀ ਕਿ ਸਿੰਘਾਂ ਨੇ ਹਿੰਦੁਸਤਾਨ ਦੇ ਸਤਾਏ ਹੋਏ, ਲਤਾੜੇ ਹੋਏ, ਮਾਸੂਮ, ਮਜ਼ਲੂਮ ਅਤੇ ਸੰਤ ਪੁਰਸ਼ਾਂ ਦੀ ਸੁਰੱਖਿਆ ਲਈ ਜਾਬਰ ਰਾਜਸ਼ਾਹੀ ਨਾਲ ਟੱਕਰ ਲੈਣੀ ਹੈ। ਗੁਰੂ ਸਾਹਿਬ ਦੇ ਵੇਲੇ ਦੇ ਇਤਿਹਾਸ ਅਤੇ ਸਿੱਖ ਮਿਸਲਾਂ ਦੇ ਵਕਤ ਵਿਚ ਇਕ ਵੀ ਅਜਿਹੀ ਘਟਨਾ ਨਹੀਂ ਸੀ ਵਾਪਰੀ, ਜਿਥੇ ਗੁਰੂ ਦੇ ਸਿੰਘਾਂ ਨੇ ਕਿਸੇ ਮਾਸੂਮ ਤੇ ਬੇਗੁਨਾਹ ਨੂੰ ਕਤਲ ਕੀਤਾ ਹੋਵੇ, ਕਿਉਂਕਿ ਗੁਰੂ ਸਾਹਿਬ ਦਾ ਸਾਜਿਆ ਹੋਇਆ ਖਾਲਸਾ ਪੰਥ ਲੋਕਾਂ ਦੀ ਸੁਰੱਖਿਆ ਤੇ ਸੇਵਾ ਲਈ ਹੈ। ਹਜ਼ੂਰ ਦਾ ਕਹਿਣਾ ਸੀ ਕਿ ਜਦੋਂ ਸਭੋ ਹੀ ਲੋਕ ਸ਼ਕਤੀਸ਼ਾਲੀ ਹੋ ਕੇ ਜਬਰ ਦੇ ਵਿਰੁੱਧ ਡਟ ਜਾਣਗੇ, ਤਦ ਜਬਰ ਦਾ ਨਾਸ ਹੋ ਜਾਵੇਗਾ। ਗੁਰੂ ਸਾਹਿਬ ਨੇ ਇਸੇ ਖਿਆਲ ਨਾਲ ‘ਅਕਾਲ ਉਸਤਤਿ’ ਜਿਹੀਆਂ ਸ਼ਕਤੀਸ਼ਾਲੀ ਰਚਨਾਵਾਂ ਰਚੀਆਂ ਹਨ। ਔਰੰਗਜ਼ੇਬ ਨੂੰ ਆਪਣੇ ਜਬਰਾਂ ਦਾ ਅਹਿਸਾਸ ਕਰਵਾਉਣ ਵਾਸਤੇ ਹਜ਼ੂਰ ਨੇ ਜਿਹੜੀ ਉਸ ਨੂੰ ਚਿੱਠੀ ਲਿਖੀ, ਉਸ ਦਾ ਨਾਮ ‘ਜਫਰਨਾਮਾ’ ਰੱਖਿਆ, ਜਿਸ ਦਾ ਮਤਲਬ ਹੈ ‘ਫਤਹਿ ਦੀ ਚਿੱਠੀ’। ਗੁਰੂ ਸਾਹਿਬ ਨੇ ਵਕਤ ਦੇ ਬਾਦਸ਼ਾਹ ਨੂੰ ਲਲਕਾਰਿਆ ਕਿ ਹੱਕ- ਇਨਸਾਫ ਦੀ ਲੜਾਈ ਵਿਚ ਬਾਦਸ਼ਾਹ ਹਾਰ ਗਿਆ ਹੈ ਅਤੇ ਹਜ਼ੂਰ ਜਿੱਤ ਗਏ ਹਨ, ਕਿਉਂਕਿ ਬਾਦਸ਼ਾਹ ਨੇ ਕੁਰਾਨ ਸ਼ਰੀਫ ਦੀ ਸਹੁੰ ਖਾ ਕੇ ਵੀ ਬੇਈਮਾਨੀ ਕੀਤੀ ਅਤੇ ਹਜ਼ੂਰ ਨੂੰ ਅਕਾਲ ਪੁਰਖ ਨੇ ਹਰ ਤਰ੍ਹਾਂ ਨਾਲ ਸੁਰੱਖਿਅਤ ਰੱਖਿਆ। ‘ਜ਼ਫ਼ਰਨਾਮਾ’ ਵਿਚ ਗੁਰੂ ਸਾਹਿਬ ਕਹਿੰਦੇ ਹਨ ਕਿ ‘ਜੇ ਰੱਬ ਦੋਸਤ ਹੋਵੇ ਤਾਂ ਦੁਸ਼ਮਣ ਕੀ ਵਿਗਾੜ ਸਕਦਾ ਹੈ, ਭਾਵੇਂ ਉਹ ਸੌ ਗੁਣਾ ਵੈਰ ਵੀ ਕਰੇ।… ਉਸ (ਔਰੰਗਜ਼ੇਬ ਬਾਦਸ਼ਾਹ) ਨੂੰ ਤਾਂ ਆਪਣੇ ਰਾਜ-ਭਾਗ ਅਤੇ ਧਨ ਦੌਲਤ ਦਾ ਘੁਮੰਡ ਹੈ। ਸਾਨੂੰ ਆਪਣੇ ਅਕਾਲ ਪੁਰਖ ਦੀਆਂ ਰੱਖਾਂ ਹਨ।’

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਬਿਹਾਰ ਵਿਚ ਗੰਗਾ ਨਦੀ ਦੇ ਕਿਨਾਰੇ ਸਥਿਤ ਪਟਨਾ ਸਾਹਿਬ ਵਿਖੇ ਹੋਇਆ। ਮੁਗ਼ਲ ਸਰਕਾਰ ਦੇ ਜਬਰ-ਜ਼ੁਲਮ ਵਿਰੁੱਧ ਹਜ਼ੂਰ ਨੇ ਸਤਲੁਜ ਦਰਿਆ ਨੇੜੇ, ਸ੍ਰੀ ਅਨੰਦਪੁਰ ਸਾਹਿਬ ਵਿਖੇ ਖਾਲਸਾ ਪੰਥ ਸਾਜ ਕੇ ਸੰਘਰਸ਼ ਕੀਤਾ ਅਤੇ ਸਾਰੀ ਵਡਿਆਈ ਖਾਲਸਾ-ਪੰਥ ਨੂੰ ਦਿੱਤੀ:

ਜੁੱਧ ਜਿਤੇ ਇਨ ਹੀ ਕੇ ਪ੍ਰਸਾਦਿ ਇਨਹੀ ਕੇ ਪ੍ਰਸਾਦਿ ਸੁ ਦਾਨ ਕਰੇ।
ਅਘ ਓਘ ਟਰੇ ਇਨ ਹੀ ਕੇ ਪ੍ਰਸਾਦਿ ਕ੍ਰਿਪਾ ਇਨ ਕੀ ਪੁਨਿ ਧਾਮ ਭਰੇ।
ਇਨ ਹੀ ਕੇ ਪ੍ਰਸਾਦਿ ਸੁਬਿੱਦਿਯ ਭਏ, ਇਨ ਹੀ ਕੀ ਕ੍ਰਿਪਾ ਸਭ ਸਤ੍ਰੁ ਮਰੇ।
ਇਨ ਹੀ ਕੀ ਕ੍ਰਿਪਾ ਕੇ ਸਜੇ ਹਮ ਹੈਂ, ਨਹੀ ਮੋ ਸੇ ਗਰੀਬ ਕਰੋਰ ਪਰੇ॥

ਜੀਵਨ ਦਾ ਅੰਤਲਾ ਸਮਾਂ ਹਜ਼ੂਰ ਨੇ ਮਹਾਰਾਸ਼ਟਰ ਵਿਚ ਗੋਦਾਵਰੀ ਨਦੀ ਨੇੜੇ ਨੰਦੇੜ ਵਿਖੇ ਗੁਜ਼ਾਰਿਆ ਜਿਥੇ ਤਪੱਸਵੀ ਮਾਧੋ ਦਾਸ ਵਿਰਾਗੀ ਨੂੰ ਬੰਦਾ ਸਿੰਘ ਬਣਾ ਕੇ ਜਬਰ-ਜ਼ੁਲਮ ਦੇ ਟਾਕਰੇ ਲਈ ਤਿਆਰ ਕੀਤਾ। ਇਸ ਤਰ੍ਹਾਂ ਸਮੁੱਚਾ ਹਿੰਦੁਸਤਾਨ ਹੀ ਗੁਰੂ ਸਾਹਿਬ ਦੀਆਂ ਸਰਗਰਮੀਆਂ ਦਾ ਖੇਤਰ ਸੀ ਅਤੇ ਇਸ ਦੇਸ਼ ਦੇ ਸੱਭੋ ਹੀ ਲੋਕ ਹਜ਼ੂਰ ਦੇ ਆਪਣੇ ਸਨ। ਸਭਨਾਂ ਲੋਕਾਂ ਲਈ ਹਜ਼ੂਰ ਦੇ ਦਿਲ ਵਿਚ ਦਰਦ ਸੀ।

ਅੱਜ ਵੀ ਵਿਸ਼ਵ ਵਿਚ ਜਿੱਥੇ ਕਿਤੇ ਵੀ ਲੋਕ ਹੱਕ-ਇਨਸਾਫ ਵਾਸਤੇ ਲੜਦੇ ਹਨ, ਮੈਨੂੰ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸੂਰਮੇ ਸਿੰਘ ਮਹਿਸੂਸ ਹੁੰਦੇ ਹਨ। ਜਿਹੜੇ ਲੋਕ ਮਾਸੂਮਾਂ ਅਤੇ ਲਤਾੜੇ ਹੋਏ ਲੋਕਾਂ ਦੀ ਸੇਵਾ ਅਤੇ ਸੁਰੱਖਿਆ ਵਾਸਤੇ ਜੂਝ ਰਹੇ ਹਨ, ਉਹ ਮੇਰੇ ਲਈ ਗੁਰੂ ਸਾਹਿਬ ਦੇ ਸਿੰਘ ਹਨ। ਗੁਰੂ ਸਾਹਿਬ ਦੇ ਫਲਸਫੇ ਨੂੰ ਮੰਨਣ ਵਾਲੇ ਲੋਕ ਬੇਸ਼ੁਮਾਰ ਹਨ। ਗੁਰੂ ਸਾਹਿਬ ਕੇਵਲ ਰਾਸ਼ਟਰ ਨਾਇਕ ਹੀ ਨਹੀਂ, ਸਗੋਂ ਵਿਸ਼ਵ ਨਾਇਕ ਹਨ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

#96, ਗੋਲਡਨ ਐਵੀਨਿਊ, ਗੜ੍ਹਾ ਰੋਡ, ਜਲੰਧਰ-144022

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)