editor@sikharchives.org

ਮਾਦਾ ਭਰੂਣ ਹੱਤਿਆ ਅਤੇ ਗੁਰਮਤਿ

ਗੁਰੂ ਨਾਨਕ ਪਾਤਸ਼ਾਹ ਭਾਈ ਬਾਲੇ ਵਾਲੀ ਸਾਖੀ ਵਿਚ ਕਹਿੰਦੇ ਹਨ, “ਸੁਣ ਭਾਈ ਬਾਲਾ! ਇਹ ਬੜੀ ਭਾਰੀ ਹੱਤਿਆ ਹੈ, ਕੰਨਿਆ ਦਾ ਦਰਬ ਲੈਣਾ ਤੇ ਕੰਨਿਆ ਮਾਰਨੀ, ਪਰ ਸੰਸਾਰ ਇਸ ਹੱਤਿਆ ਵਿਚ ਲੱਗ ਰਿਹਾ ਹੈ।”
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਰੱਬ ਜਾਣੇ! ਕੀ ਹੋ ਗਿਆ ਹੈ ਸਾਡੇ ਸਮਾਜ ਨੂੰ, ਏਨੀ ਘਟੀਆ ਸੋਚ, ਬਸ, ਅਜੇ ਮਾਂ ਦੇ ਅੰਦਰ ਮਾਦਾ ਭਰੂਣ ਹੋਣ ਦਾ ਪਤਾ ਹੀ ਲੱਗਦਾ ਹੈ, ਤਾਂ ਮਾਂ-ਪਿਉ ਕੀ? ਸਾਰਾ ਪਰਵਾਰ ਇਕਦਮ ਚੁੱਪ ਹੋ ਜਾਂਦਾ ਹੈ, ਜਿਵੇਂ ਕੋਈ ਸੱਪ ਸੁੰਘ ਗਿਆ ਹੋਵੇ ਤੇ ਅੱਖਾਂ ਵਿਚ ਮੋਟੇ-ਮੋਟੇ ਗਲੇਡੂ ਭਰ ਲੈਂਦੇ ਹਨ, ਜਿਵੇਂ ਕਿਸੇ ਦੀ ਸੱਜਰੀ ਮੌਤ ਦੀ ਖ਼ਬਰ ਸੁਣੀ ਹੋਵੇ। ਇਹ ਅੱਖਾਂ ਵਿਚ ਟਪਕਦੇ ਅੱਥਰੂ ਕਿਸੇ ਨੂੰ ਮੌਤ ਤੋਂ ਬਚਾਉਣ ਵਾਸਤੇ ਨਹੀਂ, ਸਗੋਂ ਕਿਸੇ ਨੰਨ੍ਹੀ ਜਿਹੀ ਜਾਨ ਨੂੰ ਕਤਲ ਕਰਨ/ਕਰਵਾਉਣ ਲਈ ਵਹਿੰਦੇ ਹਨ। ਸਾਰੇ ਪਰਵਾਰ ਦੇ ਮਨ ਵਿਚ ਇਕ ਹੀ ਘੁੰਮਣਘੇਰੀ ਉੱਠੀ ਜਾਂਦੀ ਹੈ ਕਿ ਕਿਵੇਂ ਨਾ ਕਿਵੇਂ ਮਾਂ ਦੀ ਕੁੱਖ ਵਿਚਲੇ ਬੀਜ ਨੂੰ ਪੁੰਗਰਨ ਤੋਂ ਪਹਿਲਾਂ ਹੀ ਫਨਾਹ ਕੀਤਾ ਜਾਵੇ।

ਮਾਂ, ਉਸ ਫੁੱਲ ਨੂੰ ਜਿਸ ਨੇ ਉਸ ਦੀ ਕੁੱਖ ਵਿੱਚੋਂ ਪੈਦਾ ਹੋ ਕੇ ਉਸ ਦੇ ਪਰਵਾਰ/ ਸੰਸਾਰ ਦੀ ਫੁਲਵਾੜੀ ਦਾ ਸ਼ਿੰਗਾਰ ਬਣ ਕੇ, ਮਨ ਮੋਹਣ ਵਾਲੀ ਮਿੱਠੀ-ਮਿੱਠੀ ਖੁਸ਼ਬੋ ਦੇਣੀ ਸੀ, ਉਸ ਨੂੰ ਗਰਭ ਦੌਰਾਨ ਹੀ ਖ਼ਤਮ ਕਰਨ ਵਾਸਤੇ ਖੁਦ ਤਿਆਰ ਹੋ ਜਾਂਦੀ ਹੈ। ਜਾਂ ਫਿਰ ਉਸ ਨੂੰ ਉਸ ਦੇ ਪਰਵਾਰਿਕ ਮੈਂਬਰ ਹੀ ਮਜਬੂਰ ਕਰ ਦਿੰਦੇ ਹਨ।

ਅੱਜ ਵੀ ਕਿਤੇ-ਕਿਤੇ ਪੁਰਾਣੀ ਪਰੰਪਰਾ ਅਨੁਸਾਰ, ਮਾਂ ਆਪਣੇ ਬੱਚਿਆਂ ਨੂੰ ਮੜ੍ਹੀਆਂ/ਕਬਰਾਂ ਵੱਲੋਂ ਜਾਣੋਂ ਰੋਕਦੀ ਹੈ ਜਾਂ ਫਿਰ ਮੂੰਹ ਜੂਠਾ ਕਰ ਕੇ ਜਾਣ ਲਈ ਕਹਿੰਦੀ ਹੈ ਕਿਉਂਕਿ ਉਸ ਦੇ ਮਨ ਦਾ ਭਰਮ ਹੈ ਕਿ ਮੜ੍ਹੀਆਂ/ਕਬਰਾਂ ਵਿਚ ਦਫਨਾਏ/ਸਾੜੇ ਗਏ ਮੁਰਦਿਆਂ ਦੀਆਂ ਰੂਹਾਂ ਬੱਚਿਆਂ ਨੂੰ ਚਿੰਬੜਦੀਆਂ ਤੇ ਕਸ਼ਟ ਦਿੰਦੀਆਂ ਹਨ, ਪਰ ਜਿਹੜੀ ਮਾਂ ਆਪਣੇ ਪੇਟ ਅੰਦਰ ਹੀ ਆਪਣੀ ਬਾਲੜੀ ਨੂੰ ਤਿੱਖੇ ਔਜ਼ਾਰਾਂ ਨਾਲ ਕਤਲ ਕਰਾਉਣਾ ਪ੍ਰਵਾਨ ਕਰ ਲੈਂਦੀ ਹੈ ਕੀ ਉਹ ਮਾਂ, ਮਾਂ ਕਹਾਉਣ ਦੀ ਹੱਕਦਾਰ ਹੋ ਸਕਦੀ ਹੈ?

ਕੁੜੀਆਂ ਨੂੰ ਜੰਮਦਿਆਂ ਹੀ ਮਾਰ ਦੇਣ ਦੀ ਰੀਤ ਬੜੀ ਪੁਰਾਣੀ ਚਲੀ ਆਉਂਦੀ ਹੈ, ਜੋ ਅੱਜਕਲ੍ਹ ਬੜੇ ਜ਼ੋਰਾਂ ’ਤੇ ਹੈ। ਪਹਿਲੇ ਸਮੇਂ ਵਿਚ ਮਾਸੂਮ ਬੱਚੀ ਦਾ ਗਲ ਘੁੱਟ ਕੇ, ਅਫੀਮ ਦੇ ਕੇ ਕਤਲ ਕੀਤਾ ਜਾਂਦਾ ਸੀ ਜਾਂ ਫਿਰ ਬੱਚੀ ਦੇ ਮੂੰਹ ਵਿਚ ‘ਅੱਕ ਭਿੱਜੀ ਰੂੰ ਦੀ ਵੱਟੀ’ ਪਾ ਕੇ। ਹਾਂ! ਨਾਲ ਇਹ ਵੀ ਕਿਹਾ ਜਾਂਦਾ ਸੀ ਕਿ “ਗੁੜ ਖਾਈਂ, ਪੂਣੀ ਕੱਤੀਂ। ਆਪ ਨਾ ਆਈਂ, ਵੀਰ ਨੂੰ ਘੱਤੀਂ।”

ਅਜੋਕੇ ਸਮਾਜ ਵਿਚ ਘਟੀਆ ਸੋਚ ਵਾਲਿਆਂ ਨੇ ਪੁਰਾਣੇ ਢੰਗ ਨਾਲੋਂ ਨਵਾਂ ਢੰਗ ਅਪਣਾ ਲਿਆ ਹੈ। ਹੁਣ ਪਰਵਾਰਿਕ ਮੈਂਬਰ ਦੇ ਕਹਿਣ ’ਤੇ ਜਾਂ ਫਿਰ ਆਪਣੀ ਰੁਚੀ ਅਨੁਸਾਰ ਮਾਂ, ਆਪਣੇ ਹਿਰਦੇ ਵਿੱਚੋਂ ਤਰਸ/ਮਮਤਾ ਨੂੰ ਕੱਢਦਿਆਂ, ਬੇਟੀ ਨੂੰ ਜਨਮ ਲੈਣ ਤੋਂ ਪਹਿਲਾਂ ਹੀ ਕਤਲ ਕਰਵਾ ਦਿੰਦੀ ਹੈ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਬਚਨ ਹਨ:

ਸੀਲਖਾਨ ਕੰਨਯਾ ਇਕ ਹੋਵੈ।
ਪੁਤ੍ਰੀ ਬਿਨੁ ਜਗੁ ਗ੍ਰਿਹਸਤਿ ਵਿਗੋਵੈ। (ਗੁਰ ਬਿਲਾਸ ਪਾਤਸ਼ਾਹੀ ਛੇਵੀਂ)

ਸਮਝ ਨਹੀਂ ਆਉਂਦੀ ਕਿ ਉਂਞ ਅਸੀਂ ਕਹਿੰਦੇ ਹਾਂ, “ਫਲਾਣੀ ਚੀਜ਼ ਖਾਣੀ ਪਾਪ ਹੈ, ਢੀਂਗੜਾ ਕੰਮ ਕਰਨਾ ਪਾਪ ਹੈ” ਪਰ ਅਸੀਂ ਕਦੇ ਸੋਚਿਆ ਹੈ ਕਿ ਧੀਆਂ ਨੂੰ ਸੰਸਾਰ ’ਤੇ ਆਉਣ ਤੋਂ ਪਹਿਲਾਂ ਹੀ ਕਤਲ ਕਰ/ਕਰਵਾ ਦੇਣਾ ਕੀ ਪੁੰਨ ਹੈ? ਇਹ ਤਾਂ ਘੋਰ ਪਾਪ ਹੈ। ਯਾਦ ਰਹੇ ਕਿ ਕਾਦਰ ਤੇ ਕੁਦਰਤ ਦੀ ਰਜ਼ਾ ਵਿਚ ਨਾ ਚੱਲਣ ਵਾਲੇ ਨੂੰ ਹਮੇਸ਼ਾਂ ਦੁੱਖ ਹੀ ਨਸੀਬ ਹੁੰਦਾ ਹੈ। ਆਮ ਹੀ ਸੁਣਨ ਨੂੰ ਮਿਲਦਾ ਹੈ ਕਿ ਮਾਪਿਆਂ ਦਾ ਦਿਲ ਏਨਾ ਨਾਜ਼ੁਕ ਹੁੰਦਾ ਹੈ ਕਿ ਉਹ ਆਪਣੇ ਬੱਚੇ ਤਾਂ ਕੀ, ਕਿਸੇ ਹੋਰ ਦੇ ਬੱਚੇ ਦਾ ਦੁੱਖ-ਦਰਦ ਵੀ ਨਹੀਂ ਸਹਾਰ ਸਕਦੇ, ਪਰ ਸਮਝ ਨਹੀਂ ਆਉਂਦੀ ਕਿ ਉਹ ਕਿੰਨੇ ਕਠੋਰ ਤੇ ਨਿਰਦਈ ਮਾਪੇ ਹੋਣਗੇ, ਜੋ ਆਪਣੀ ਮਾਸੂਮ ਜਿਹੀ ਬਾਲੜੀ, ਆਪਣੇ ਪਿਆਰ ਨੂੰ ਡਾਕਟਰ ਰੂਪੀ ਜਲਾਦ ਦੇ ਹਵਾਲੇ ਆਪਣੇ ਆਪ ਕਰਦੇ ਹਨ ਤਾਂ ਕਿ ਉਹ ਜਲਾਦ (ਡਾਕਟਰ) ਆਪਣੇ ਤਿੱਖੇ ਔਜ਼ਾਰਾਂ ਨਾਲ ਨੋਚ-ਨੋਚ ਕੇ ਕਤਲ ਕਰ ਸਕੇ।

ਬੇਸ਼ੱਕ ਉਨ੍ਹਾਂ ਮਾਸੂਮ ਧੀਆਂ ਦੀਆਂ ਚੀਕਾਂ ਅੰਨ੍ਹੇ-ਬੋਲ਼ੇ ਹੋਏ ਮਾਪਿਆਂ ਦੇ ਕੰਨਾਂ ਵਿਚ ਨਹੀਂ ਪੈਂਦੀਆਂ, ਪਰ ਜਗਤ ਦੇ ਵਾਰਸ ਉਸ ਅਕਾਲ ਪੁਰਖ ਦੇ ਕੰਨੀਂ ਜ਼ਰੂਰ ਪੈਂਦੀਆਂ ਹਨ ਤੇ ਉਹ ਇਸ ਜ਼ੁਲਮ ਦੇ ਭਾਗੀਦਾਰਾਂ ਨੂੰ ਸਜ਼ਾ ਵੀ ਜ਼ਰੂਰ ਦਿੰਦਾ ਹੈ। ਕਈ ਵਾਰ ਤਾਂ ਉਹ ਉਸੇ ਵੇਲੇ ਹੀ ਕੀਤੇ ਦੀ ਸਜ਼ਾ ਦੇ ਦਿੰਦਾ ਹੈ, ਜਦੋਂ ਮਾਸੂਮ ਬਾਲੜੀ ਦਾ ਕਤਲ ਹੋ ਜਾਣ ਤੋਂ ਬਾਅਦ ਮਾਪਿਆਂ ਨੂੰ ਉਸ ਦੇ ਬਾਲ (ਪੁੱਤ) ਹੋਣ ਦਾ ਪਤਾ ਲੱਗਦਾ ਹੈ। ਫਿਰ ਉਹ ਰੋਂਦੇ-ਵਿਲਕਦੇ ਸ਼ੁਦਾਈ ਬਣ ਜਾਂਦੇ ਹਨ। ਨੰਨ੍ਹੀਆਂ ਜਾਨਾਂ ਨੂੰ ਕਤਲ ਕਰਵਾਉਣ ਗਈਆਂ ਮਾਵਾਂ ਕਈ ਵਾਰ ਖੁਦ ਵੀ ਮਰ ਜਾਂਦੀਆਂ ਹਨ ਅਤੇ ਕਈ ਬਾਂਝ ਭਾਵ ਬੱਚਾ ਪੈਦਾ ਕਰਨ ਤੋਂ ਅਸਮਰੱਥ ਹੋ ਜਾਂਦੀਆਂ ਹਨ।

ਸਿਆਣੇ ਲੋਕ ਕਹਿੰਦੇ ਹਨ ਕਿ “ਡਾਕਟਰ ਰੱਬ ਦਾ ਦੂਜਾ ਰੂਪ ਹੁੰਦੇ ਹਨ”। ਕੀ ਉਹ ਡਾਕਟਰ ਵੀ ਰੱਬ ਦਾ ਦੂਜਾ ਰੂਪ ਹੋਵੇਗਾ ਜੋ ਮਾਸੂਮ ਧੀਆਂ ਨੂੰ ਤਰ੍ਹਾਂ-ਤਰ੍ਹਾਂ ਦੀਆਂ ਦਵਾਈਆਂ ਜਾਂ ਤਿੱਖੇ ਔਜ਼ਾਰਾਂ ਨਾਲ ਨੋਚ-ਨੋਚ, ਕੱਟ-ਕੱਟ ਕੇ ਕਤਲ ਕਰਦਾ ਹੈ? ਨਹੀਂ, ਉਹ ਤਾਂ ਜਮਦੂਤਾਂ ਦਾ ਦੂਜਾ ਰੂਪ ਹੈ।

ਅਫਸੋਸ ਕਿ ਸਾਡਾ ਸਮਾਜ ਜਿੱਥੇ ਧੀਆਂ ਪ੍ਰਤੀ ਆਪਣੇ ਮਨਾਂ ਵਿਚ ਕੁੱਟ-ਕੁੱਟ ਕੇ ਨਫ਼ਰਤ ਭਰੀ ਬੈਠਾ ਹੈ, ਉੱਥੇ ਪੁੱਤਰ ਪ੍ਰਾਪਤੀ ਲਈ ਹਰ ਵਿੰਗਾ-ਟੇਢਾ ਰਾਹ ਅਪਣਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਗਾਉਂਦਾ ਹੈ। ਬੇਸੂਝੇ ਲੋਕਾਂ ਦਾ ਕਹਿਣਾ ਹੈ ਕਿ “ਪੁੱਤਰ ਵੰਸ਼ ਨੂੰ ਅੱਗੇ ਤੋਰਦਾ ਹੈ ਤੇ ਬੁਢੇਪੇ ਵਿਚ ਮਾਪਿਆਂ ਦਾ ਸਹਾਰਾ ਬਣਦਾ ਹੈ।” ਕੀ ਇਨ੍ਹਾਂ ਕਦੇ ਇਹ ਸੋਚਿਆ ਹੈ ਕਿ ਜਿੱਥੇ ਪੁੱਤ ਵੰਸ਼ ਨੂੰ ਅੱਗੇ ਤੋਰਦਾ ਹੈ, ਉਥੇ ਉਹ ਆਪਣੀ ਵੰਸ਼ ਦੇ ਵਡੇਰਿਆਂ ਨੂੰ ਭੁੱਲ ਵੀ ਜਾਂਦਾ ਹੈ। ਇਥੋਂ ਤਕ ਕਿ ਉਸ ਦੇ ਮਨ ਵਿਚ ਆਪਣੀ ਵੰਸ਼ ਦੇ ਭੈਣਾਂ-ਭਰਾਵਾਂ ਪ੍ਰਤੀ ਨਫ਼ਰਤ ਵੀ ਭਰੀ ਹੁੰਦੀ ਹੈ। ਯਾਦ ਰਹੇ ਕਿ ਕੋਈ ਵਿਰਲਾ ਹੀ ਪੁੱਤ ਹੁੰਦਾ ਹੈ ਜੋ ਬੁਢਾਪੇ ਵਿਚ ਆਪਣੇ ਮਾਂ-ਪਿਉ ਦੀ ਸੇਵਾ/ਸਤਿਕਾਰ ਕਰਦਾ ਹੋਵੇ। ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਵਿਚ ਕਥਨ ਕਰਦੇ ਹਨ:

ਵਖ ਹੋਵੈ ਪੁਤੁ ਰੰਨਿ ਲੈ ਮਾਂ ਪਿਉ ਦੇ ਉਪਕਾਰੁ ਵਿਸਾਰੇ। (ਵਾਰ 37:12)

ਇਸ ਵਿਚ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਹੈ ਕਿ ਬਹੁਤੀਆਂ ਧੀਆਂ ਆਪਣੇ ਸਹੁਰੇ ਘਰ ਵਿਚ ਆਪਣੀ ਸ੍ਰੇਸ਼ਟ ਮਤ ਦਾ ਪ੍ਰਕਾਸ਼ ਕਰ ਕੇ ਆਪਣੇ ਮਾਂ-ਪਿਉ ਦਾ ਨਾਮ ਰੁਸ਼ਨਾ ਦਿੰਦੀਆਂ ਹਨ ਅਤੇ ਸੱਤ ਸਮੁੰਦਰਾਂ ਤੋਂ ਪਾਰ ਵੱਸਦੀ ਧੀ, ਆਪਣੇ ਮਾਪਿਆਂ ਦੀ ਖੈਰ-ਸੁੱਖ ਤੇ ਤੰਦਰੁਸਤੀ ਵਾਸਤੇ ਵਾਹਿਗੁਰੂ ਅੱਗੇ ਅਰਦਾਸ ਕਰਦੀ ਹੈ। ਜੇਕਰ ਨੰਨ੍ਹੀ-ਮੁੰਨੀ ਜਾਨ ਦੇ ਕਾਤਲ ਇਹ ਸੋਚਦੇ ਹਨ ਜਾਂ ਕਹਿੰਦੇ ਹਨ ਕਿ “ਅਸੀਂ ਦਾਜ ਰੂਪੀ ਦੈਂਤ ਦੇ ਨਿਗਲ ਜਾਣ ਤੋਂ ਡਰਦਿਆਂ ਮਾਸੂਮ ਬਾਲੜੀ ਨੂੰ ਮੌਤ ਦੇ ਘਾਟ ਉਤਾਰਿਆ ਹੈ” ਤਾਂ ਇਹ ਉਨ੍ਹਾਂ ਦੀ ਕੋਝੀ ਸੋਚ ਹੈ। ਹੋ ਸਕਦਾ ਹੈ ਕਿ ਉਸ ਧੀ ਨੇ ਕੋਈ ਵਕੀਲ, ਅਫਸਰ ਜਾਂ ਮੰਤਰੀ ਬਣ ਕੇ ਹੀ ਦਾਜ ਰੂਪੀ ਦੈਂਤ ਨੂੰ ਨੱਥ ਪਾਉਣੀ ਹੋਵੇ।

ਮਾਦਾ ਭਰੂਣ ਹੱਤਿਆ ਨੂੰ ਰੋਕਣ ਵਾਸਤੇ ਬੇਸ਼ੱਕ ਕਾਨੂੰਨ ਬਣੇ ਹਨ, ਪਰ ਉਹ ਫਾਈਲਾਂ ਦਾ ਸ਼ਿੰਗਾਰ ਤੇ ਲੁੱਟ ਦਾ ਸਾਧਨ ਹੀ ਬਣੇ ਹਨ। ਭ੍ਰਿਸ਼ਟ ਹੋ ਚੁੱਕੀ ਸਰਕਾਰ, ਅਹੁਦੇਦਾਰੀਆਂ ਦੇ ਨਸ਼ੇ/ਲਾਲਚ ਵਿਚ ਅੰਨ੍ਹੀ-ਬੋਲ਼ੀ ਹੋਈ, ਮਾਸੂਮ ਜਿੰਦਾਂ ਦੇ ਕਾਤਲਾਂ ਨੂੰ ਸਜ਼ਾ ਦੇਣ/ਦਿਵਾਉਣ ਤੋਂ ਕੰਨੀ ਕਤਰਾਉਂਦੀ ਹੈ।

ਸਵਾਲ ਇਹ ਉੱਠਦਾ ਹੈ ਕਿ ਇਹ ਘੋਰ ਪਾਪ ਕਦੋਂ ਤਕ ਹੋਵੇਗਾ? ਔਰਤ ਕੁਦਰਤ ਦੀ ਗੋਦੀ ਦਾ ਅਨਮੋਲ ਰਤਨ ਹੈ। ਔਰਤ ਜਾਤੀ ਨੂੰ ਕੁਬੋਲ ਵਰਤ ਕੇ ਦੁਰਕਾਰਨ/ਮਾਰਨ ਵਾਲਿਆਂ ਨੂੰ ਗੁਰੂ ਨਾਨਕ ਮਹਾਰਾਜ ਜੀ ਉਪਦੇਸ਼ ਕਰਦੇ ਹਨ:

ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ॥
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ (ਪੰਨਾ 473)

ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸਰਵਉੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਉਸਾਰੀ ਕਰ ਕੇ ਲੋਕਾਂ ਦਾ ਨਜ਼ਰੀਆ ਬਦਲਣ ਦੇ ਨਾਲ ਹੀ ਹੁਕਮ ਜਾਰੀ ਕੀਤਾ, “ਮੇਰਾ ਸਿੱਖ ਮੇਰੀ ਖੁਸ਼ੀ ਦਾ ਪਾਤਰ ਤਾਂ ਬਣੇਗਾ ਜੇ ਇਸ ਤਖ਼ਤ ਦਾ ਹੁਕਮ ਮੰਨੇਗਾ। ਸਿਰ ਗੁੰਮ, ਨੜੀਮਾਰ, ਕੁੜੀਮਾਰ ਨਾਲ ਮਿਲਵਰਤਨ ਨਾ ਕੀਤਾ ਜਾਵੇ।”

ਗੁਰੂ ਨਾਨਕ ਪਾਤਸ਼ਾਹ ਭਾਈ ਬਾਲੇ ਵਾਲੀ ਸਾਖੀ ਵਿਚ ਕਹਿੰਦੇ ਹਨ, “ਸੁਣ ਭਾਈ ਬਾਲਾ! ਇਹ ਬੜੀ ਭਾਰੀ ਹੱਤਿਆ ਹੈ, ਕੰਨਿਆ ਦਾ ਦਰਬ ਲੈਣਾ ਤੇ ਕੰਨਿਆ ਮਾਰਨੀ, ਪਰ ਸੰਸਾਰ ਇਸ ਹੱਤਿਆ ਵਿਚ ਲੱਗ ਰਿਹਾ ਹੈ।” ਭਾਈ ਚੌਪਾ ਸਿੰਘ ਜੀ ਗੁਰੂ ਸਾਹਿਬ ਦੇ ਉਪਦੇਸ਼ਾਂ ਨੂੰ ਆਪਣੇ ਸ਼ਬਦਾਂ ਵਿਚ ਇਸ ਤਰ੍ਹਾਂ ਲਿਖਦੇ ਹਨ:

“ਜੋ ਗੁਰੂ ਕਾ ਸਿਖ ਹੋਇ ਸੋ ਕੰਨਿਆ ਨਾ ਮਾਰੇ ਅਤੇ ਨੜੀਮਾਰ, ਕੁੜੀ ਮਾਰ ਨਾਲ ਨਾ ਵਰਤੇ…।” (ਰਹਤਨਾਮਾ)

ਐਸੇ ਉਪਦੇਸ਼ਾਂ ਨੂੰ ਜੇਕਰ ਮਨੁੱਖਤਾ ਸਮਝ ਲਵੇ, ਡਾਕਟਰ ਇਸ ਘੋਰ ਪਾਪ ਨੂੰ ਰੋਕਣ ਵਾਸਤੇ ਬਹੁਤ ਵੱਡਾ ਯੋਗਦਾਨ ਪਾ ਸਕਦੇ ਹਨ, ਜੇਕਰ ਉਹ ਪ੍ਰਣ ਕਰਨ ਕਿ ਅਸੀਂ ਮਾਦਾ-ਭਰੂਣ ਹੱਤਿਆ ਨਹੀਂ ਕਰਨੀ, ਅਸੀਂ ਪਾਪਾਂ ਦੇ ਭਾਗੀ ਨਹੀਂ ਬਣਨਾ। ਡਾਕਟਰ ਹਸਪਤਾਲ ਦੇ ਮੇਨ ਗੇਟ ’ਤੇ ਇਹ ਫੱਟੀ ਲਿਖ ਕੇ ਲਟਕਾਉਣ ਤਕ ਨਾ ਰਹਿਣ ਕਿ ‘ਇਥੇ ਲਿੰਗ ਨਿਰਧਾਰਨ ਟੈਸਟ ਨਹੀਂ ਹੁੰਦੇ”। ਸਗੋਂ ਇਹ ਟੈਸਟ ਵੈਸੇ ਹੀ ਬੰਦ ਕਰ ਦੇਣ ਅਤੇ ਭਰੂਣ ਹੱਤਿਆ ਕਰਵਾਉਣ ਆਏ ਪਰਵਾਰਾਂ ਨੂੰ ਸਮਝਾਉਣ ਕਿ ਧੀਆਂ ਤੇ ਪੁੱਤਾਂ ਵਿਚ ਕੋਈ ਫਰਕ ਨਹੀਂ ਹੈ, ਹੋ ਸਕਦਾ ਹੈ ਕਿ ਇਨ੍ਹਾਂ ਧੀਆਂ ਨੇ ਹੀ ਸਮਾਜ ਵਿਚ ਫੈਲ ਰਹੀਆਂ ਬੁਰਿਆਈਆਂ ਨੂੰ ਖ਼ਤਮ ਕਰਨਾ ਹੋਵੇ, ਹੋ ਸਕਦਾ ਹੈ ਕਿ ਇਨ੍ਹਾਂ ਦੀ ਕੁੱਖ ਤੋਂ ਪੈਦਾ ਹੋ ਕੇ ਕਿਸੇ ਪੁੱਤ ਜਾਂ ਧੀ, ਰੱਬ ਦੇ ਪਿਆਰੇ, ਸੂਰਮੇ, ਨੇਤਾ ਤੇ ਪਰਉਪਕਾਰੀ ਆਦਿ ਨੇ ਹੀ ਤੁਹਾਡੀ ਕੁਲ/ਵੰਸ਼ ਦਾ ਨਾਮ ਉੱਚਾ ਕਰਨਾ ਹੋਵੇ।” ਬੇਸ਼ੱਕ ਕੋਈ ਆਪਣਾ ਜਾਂ ਬੇਗਾਨਾ ਹੋਵੇ, ਜਦੋਂ ਵੀ ਉਹ ਭੈਣ-ਭਰਾ ਭਰੂਣ ਹੱਤਿਆ ਵਰਗਾ ਕੁਕਰਮ ਕਰਨ/ਕਰਵਾਉਣ ਲਈ ਤਿਆਰ ਹੋਵੇ ਪਹਿਲੀ ਗੱਲ ਉਸ ਨੂੰ ਸਮਝਾਉਣਾ ਫ਼ਰਜ਼ ਬਣਦਾ ਹੈ, ਅਗਰ ਉਹ ਆਪਣੀ ਅੜੀ ’ਤੇ ਅੜਿਆ ਰਹੇ ਤਾਂ ਉਸ ਨੂੰ ਕਾਨੂੰਨ ਦੇ ਹਵਾਲੇ ਕਰਨਾ ਹੋਰ ਵੀ ਉੱਤਮ ਫ਼ਰਜ਼ ਹੈ। ਗੁਰਮਤਿ ਦੀ ਸਿੱਖਿਆ ਹੈ:

“ਕੁੜੀ ਮਾਰ ਆਦਿਕ ਹੈਂ ਜੇਤੇ।
ਮਨ ਤੇ ਦੂਰ ਤਿਆਗੇ ਤੇਤੇ।” (ਰਹਿਤਨਾਮਾ ਭਾਈ ਦੇਸਾ ਸਿੰਘ)

ਉਪਰੋਕਤ ਉਪਦੇਸ਼ਾਂ ’ਤੇ ਪਹਿਰਾ ਦਿੰਦਿਆਂ, ਆਓ ਪ੍ਰਣ ਕਰੀਏ ਕਿ ਅਸੀਂ ਖੁਦ ਵੀ ਮਾਦਾ ਭਰੂਣ ਹੱਤਿਆ ਵਰਗਾ ਕੁਕਰਮ ਨਹੀਂ ਕਰਨਾ ਅਤੇ ਇਹੋ ਜਿਹਾ ਗੁਨਾਹ/ਪਾਪ ਕਰਨ ਵਾਲੇ ਵਿਰੁੱਧ ਲਾਮਬੰਦ ਵੀ ਹੋਣਾ ਹੈ। ਗੁਰੂ ਭਲੀ ਕਰੇਗਾ!

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Nishan Singh Gandivind
ਗ੍ਰੰਥੀ, ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ -ਵਿਖੇ: ਠੱਠਾ ਤਰਨਤਾਰਨ
ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)