ਮਾਨਵੀ ਸਮਾਜ-ਸਭਿਆਚਾਰ ਅਤੇ ਵਿਸ਼ੇਸ਼ ਕਰ ਭਾਰਤੀ ਸਮਾਜ-ਸਭਿਆਚਾਰ ਦੇ ਗੌਰਵਸ਼ਾਲੀ ਇਤਿਹਾਸ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਅਜਿਹੇ ਮਹਾਨ ਨਾਇਕ ਹੋਏ ਹਨ, ਜਿਨ੍ਹਾਂ ਦੀ ਬਾਣੀ ਰਚਨਾ ਅਤੇ ਜੀਵਨ-ਚਰਿੱਤਰ ਨੇ ਨਿਵੇਕਲੀ ਪਛਾਣ ਸਥਾਪਤ ਕੀਤੀ ਹੈ। ਅਜੋਕੇ ਗਿਆਨ-ਵਿਗਿਆਨ ਦੇ ਯੁੱਗ ਵਿਚ ਜਿਵੇਂ-ਜਿਵੇਂ ਨਵੀਨ ਅਧਿਐਨ-ਪ੍ਰਣਾਲੀਆਂ ਅਤੇ ਸ਼ਾਸਤਰ ਸਾਹਮਣੇ ਆ ਰਹੇ ਹਨ, ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੇ ਬਾਣੀ-ਚਿੰਤਨ ਦੀ ਬਹੁਮੰਤਵੀ ਪਹੁੰਚ ਵੀ ਨਿਖਰ ਕੇ ਸਾਹਮਣੇ ਆ ਰਹੀ ਹੈ। ਲੰਮਾ ਅਰਸਾ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਇਕ ਧਾਰਮਿਕ ਆਗੂ ਅਤੇ ਧਰਮ-ਸੰਸਥਾਪਕ ਦੇ ਤੌਰ ’ਤੇ ਹੀ ਵੇਖਿਆ-ਸਮਝਿਆ ਜਾਂਦਾ ਰਿਹਾ ਹੈ। ਪਰ ਅਜੋਕੇ ਦੌਰ ਵਿਚ ਗਿਆਨ-ਵਿਗਿਆਨ ਦੀਆਂ ਅੰਤਰ-ਅਨੁਸ਼ਾਸਨੀ ਦ੍ਰਿਸ਼ਟੀਆਂ ਅਤੇ ਪਹੁੰਚ-ਵਿਧੀਆਂ ਦੁਆਰਾ ਉਹ ਇਕ ਮਹਾਨ ਦਾਰਸ਼ਨਿਕ, ਇਤਿਹਾਸਕਾਰ, ਸਭਿਆਚਾਰਕ, ਕ੍ਰਾਂਤੀਕਾਰੀ, ਉੱਚ ਕੋਟੀ ਦੇ ਸਾਹਿਤਕਾਰ ਅਤੇ ਸਮਾਜ-ਸ਼ਾਸਤਰੀ ਵਜੋਂ ਉਭਰ ਰਹੇ ਹਨ। ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਡੂੰਘੇ ਅਰਥਾਂ ਕਾਰਨ ਅਜਿਹਾ ਸੰਭਵ ਹੋ ਰਿਹਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀ ਵਿਚਾਰਧਾਰਾ ਈਸ਼ਵਰ ਕੇਂਦ੍ਰਿਤ ਹੋਣ ਦੇ ਬਾਵਜੂਦ ਸਮਾਜਿਕ ਵਿਕਾਸ ਦੀ ਵਿਚਾਰਧਾਰਾ ਹੈ ਅਤੇ ਸਮਾਜਿਕ ਵਿਕਾਸ ਦਾ ਨੇਮ ਪਰਿਵਰਤਨ ਦਾ ਨੇਮ ਹੈ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਸਮਾਜਿਕ ਵਿਕਾਸ ਨੂੰ ਉੱਥਾਨਮੁਖੀ ਗਤੀਮਾਨਤਾ ਪ੍ਰਦਾਨ ਕਰਨ ਵਾਲੇ ਆਗੂਆਂ ਅਤੇ ਉਨ੍ਹਾਂ ਦੀ ਵਿਚਾਰਧਾਰਾ ਨੂੰ ਹੀ ਲੋਕ ਸਦੀਆਂ ਤਕ ਯਾਦ ਰੱਖਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੀ ਬਾਣੀ ਦੀ ਵਿਚਾਰਧਾਰਾ ਇਕ ਖਾਸ ਇਤਿਹਾਸਕ-ਸਮਾਜਿਕ ਕਾਲ-ਖੰਡ ਉੱਤੇ ਉਦੈ ਹੋਣ ਦੇ ਬਾਵਜੂਦ ਸਰਬਕਾਲੀ ਚਰਿੱਤਰ ਦੀ ਧਾਰਨੀ ਇਸੇ ਕਾਰਨ ਹੈ ਕਿਉਂਕਿ ਇਹ ਮਾਨਵੀ ਸਮਾਜ-ਸਭਿਆਚਾਰ ਨੂੰ ਵਿਕਾਸਮੁਖੀ ਲੀਹਾਂ ਉੱਤੇ ਤੋਰਦੀ ਹੈ।
ਭਾਰਤੀ ਇਤਿਹਾਸ ਦੇ ਮੱਧਕਾਲੀ ਦੌਰ ਵਿਚ ਪ੍ਰਵਾਨ ਚੜ੍ਹੀ ਭਗਤੀ ਲਹਿਰ ਦੇ ਪ੍ਰਵਰਤਕਾਂ, ਜਿਨ੍ਹਾਂ ਵਿਚ ਭਗਤ, ਸੰਤ, ਸੂਫੀ, ਮਹਾਤਮਾ ਅਤੇ ਬਾਣੀਕਾਰ ਗੁਰੂ ਸਾਹਿਬਾਨ ਸ਼ਾਮਲ ਹਨ, ਦੀਆਂ ਰਚਨਾਵਾਂ ਵਿਚ ਸਮਕਾਲੀ ਸਮਾਜਿਕ ਵਿਵਸਥਾ ਬਾਰੇ ਨਾ ਕੇਵਲ ਲਿਖਿਆ ਗਿਆ ਹੈ ਸਗੋਂ ਇਕ ਨਵੀਨ ਪ੍ਰਕਾਰ ਦੀ ਬ੍ਰਹਮ-ਕੇਂਦਰਿਤ ਸਮਾਜਿਕ ਚੇਤਨਾ ਦਾ ਪ੍ਰਗਟਾਵਾ ਵੀ ਹੋਇਆ ਹੈ। ਮੱਧਕਾਲੀ ਦੌਰ ਦੇ ਇਨ੍ਹਾਂ ਸਮੁੱਚੇ ਬਾਣੀਕਾਰਾਂ ਦੀ ਬਾਣੀ ਵਿਚ ਇਕ ਬਿਹਤਰ ਸਮਾਜ-ਨਿਰਮਾਣ ਦੇ ਸੁਪਨੇ ਨੂੰ ਵੀ ਸੰਜੋਇਆ ਗਿਆ ਹੈ। ਭਗਤ ਨਾਮਦੇਵ ਜੀ, ਭਗਤ ਕਬੀਰ ਜੀ, ਭਗਤ ਰਵਿਦਾਸ ਜੀ ਵਰਗੇ ਬਾਣੀਕਾਰ ਭਾਰਤੀ ਸਮਾਜ ਦੀ ਗਰਕ ਚੁਕੀ ਵਿਵਸਥਾ ਨੂੰ ਆਪਣੇ ਨਵੀਨ ਅਤੇ ਲੋਕ-ਹਿਤੈਸ਼ੀ ਉੱਚੀ-ਸੁੱਚੀ ਸਮਾਜਿਕ ਚੇਤਨਾ ਵਾਲੇ ਵਿਚਾਰਾਂ ਨਾਲ ਬਦਲਣ ਦੇ ਚਾਹਵਾਨ ਸਨ। “ਮੱਧਕਾਲ ਦੇ ਇਨ੍ਹਾਂ ਪ੍ਰਤਿਭਾਵਨਾ ਧਰਮ-ਪਰਵਰਤਕਾਂ ਨੇ ਆਪਣੇ ਯੁੱਗਬੋਧ ਰਾਹੀਂ ਤੱਤਕਾਲੀਨ ਸਮਾਜਿਕ ਅਤੇ ਸਭਿਆਚਾਰਕ ਸਥਿਤੀ ਦੇ ਗੰਭੀਰ ਸੰਕਟ ਨੂੰ ਪਛਾਣਦਿਆਂ ਉਸ ਦਾ ਅਜਿਹਾ ਸਮਾਧਾਨ ਪ੍ਰਸਤੁਤ ਕੀਤਾ ਜੋ ਜਨਜੀਵਨ ਲਈ ਡੂੰਘੀ ਪ੍ਰੇਰਨਾ ਅਤੇ ਅਗਵਾਈ ਦਾ ਸੋਮਾ ਹੋ ਨਿਬੜਿਆ।” ਪੰਜਾਬ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਇਸੇ ਕੜੀ ਦਾ ਨਾ ਕੇਵਲ ਅਭਿੰਨ ਅੰਗ ਹਨ, ਸਗੋਂ ਉਨ੍ਹਾਂ ਨੇ ਆਪਣੇ ਸਿਰਜਣਾਤਮਕ ਅਤੇ ਅਲੋਚਨਾਤਮਕ ਅਮਲਾਂ ਰਾਹੀਂ ਇਸ ਲਹਿਰ ਨੂੰ ਕ੍ਰਾਂਤੀਕਾਰੀ ਮੋੜ ਦਿੱਤਾ। ਗੁਰੂ ਨਾਨਕ ਸਾਹਿਬ ਦੀ ਬਾਣੀ ਬ੍ਰਹਮ ਅਤੇ ਜੀਵਾਤਮਾ, ਮਨੁੱਖ ਅਤੇ ਪ੍ਰਕਿਰਤੀ, ਅਧਿਆਤਮਿਕਤਾ ਅਤੇ ਸੰਸਾਰਿਕਤਾ, ਉਦਾਸੀ ਅਤੇ ਗ੍ਰਿਹਸਤੀ, ਸਿਧਾਂਤ ਅਤੇ ਵਿਹਾਰ ਵਿਚਕਾਰ ਸਮਤੋਲ ਦੀ ਸਥਾਪਤੀ ਲਈ ਆਪਣਾ ਪੂਰਾ ਤਾਣ ਲਾ ਦਿੰਦੀ ਹੈ ਤਾਂ ਜੋ ਇਕ ਅਜਿਹੀ ਸਮਾਜਿਕ ਚੇਤਨਾ ਵਾਲੇ ਸਮਾਜੀ- ਪ੍ਰਬੰਧ ਦੀ ਸਥਾਪਤੀ ਹੋ ਸਕੇ, ਜਿਸ ਅੰਦਰ ਰਹਿ ਕੇ ਮਾਨਵ ਆਪਣੇ ਲੌਕਿਕ ਅਤੇ ਪਰਾਲੌਕਿਕ ਮਨੋਰਥਾਂ ਦੀ ਪ੍ਰਾਪਤੀ ਨੂੰ ਯਕੀਨੀ ਬਣਾ ਸਕੇ।
ਸਮਾਜ ਅਤੇ ਸਮਾਜਿਕ ਚੇਤਨਾ
ਗੁਰੂ ਨਾਨਕ ਸਾਹਿਬ ਦੀ ਬਾਣੀ ਵਿਚਲੀ ਸਮਾਜਿਕ ਚੇਤਨਾ ਦੇ ਬ੍ਰਹਮ-ਕੇਂਦਰਿਤ ਸੰਦਰਭ ਬਾਰੇ ਚਰਚਾ ਅਰੰਭਣ ਤੋਂ ਪਹਿਲਾਂ ਜ਼ਰੂਰੀ ਜਾਪਦਾ ਹੈ ਕਿ ਸਮਾਜ ਅਤੇ ਸਮਾਜਿਕ ਚੇਤਨਾ ਸੰਬੰਧੀ ਕੁਝ ਚਰਚਾ ਕਰ ਲਈ ਜਾਵੇ। ਸਮਾਜ ਮਨੁੱਖ ਦੇ ਸੰਦਰਭ ਵਿਚ ਵਿਸ਼ੇਸ਼ ਅਰਥ ਰੱਖਦਾ ਹੈ। ਮਨੁੱਖ ਸਮਾਜਿਕ ਜੀਵ ਹੈ, ਮਨੁੱਖ ਦਾ ਸੁਭਾਅ ਸਮਾਜਿਕ ਸੰਗਠਨਾਂ ਨੂੰ ਬਣਾ ਕੇ ਵਿਅਕਤ ਹੁੰਦਾ ਹੈ। ਮੋੜਵੇਂ ਰੂਪ ਵਿਚ ਇਹੋ ਸਮਾਜੀ ਸੰਗਠਨ ਮਾਨਵੀ ਸਰਗਰਮੀਆਂ ਨੂੰ ਸੁਤੰਤਰ ਅਤੇ ਸੀਮਿਤ ਵੀ ਕਰਦੇ ਹਨ। ਮਾਨਵੀ ਜੀਵਨ ਦੀ ਇਹ ਇਕ ਅਤਿਅੰਤ ਲੋੜੀਂਦੀ ਸ਼ਰਤ ਹੈ। ਸਮਾਜ ਤੋਂ ਬਿਨਾਂ ਮਨੁੱਖ ਦੀ ਹੋਂਦ ਖ਼ਤਰੇ ਵਿਚ ਪੈ ਜਾਂਦੀ ਹੈ। ਮਨੁੱਖ ਤੋਂ ਇਲਾਵਾ ਹੋਰਨਾਂ ਕਈ ਪ੍ਰਾਣਧਾਰੀ ਜੀਵ-ਜੰਤੂਆਂ ਵਿਚਾਲੇ ਵੀ ਸਮਾਜੀ ਸੰਬੰਧ ਹੁੰਦੇ ਹਨ ਪਰ ਮਨੁੱਖ ਦੀ ਸਰਵਉੱਚਤਾ, ਉਸ ਦੀ ਸਰਦਾਰੀ ਅਤੇ ਵਿਲੱਖਣਤਾ ਇਸ ਗੱਲ ਵਿਚ ਨਿਹਿਤ ਹੈ ਕਿ ਜਿੱਥੇ ਬਾਕੀ ਸਮਾਜੀ ਜਾਂ ਗ਼ੈਰ-ਸਮਾਜੀ ਪ੍ਰਾਣੀ-ਜਗਤ ਆਪਣਾ ਸਾਰਾ ਜੀਵਨ ਪ੍ਰਾਪਤ ਕੁਦਰਤੀ ਵਿਵਸਥਾਵਾਂ ਅਨੁਰੂਪ ਹੀ ਬਿਤਾ ਦਿੰਦੇ ਹਨ, ਉਥੇ ਮਨੁੱਖ ਲਈ ਸਮਾਜ ਅਤੇ ਸਮਾਜਿਕ ਚੇਤਨਾ ਇਕ ਪਰਿਵਰਤਨਸ਼ੀਲ, ਸਿਰਜਣਾਤਮਕ ਵਰਤ-ਵਰਤਾਰਾ ਹੈ ਜਿਸ ਨੂੰ ਮਨੁੱਖ ਆਪਣੀ ਯੋਗਤਾ ਨਾਲ ਲਗਾਤਾਰ ਹੁਣ ਤਕ ਸੰਵਾਰਦਾ, ਨਿਖਾਰਦਾ, ਵਿਗਾੜਦਾ ਆਇਆ ਹੈ। ਇੰਞ ਸਮਾਜ ਮਾਨਵ-ਸਿਰਜਿਤ ਅਜਿਹਾ ਵਰਤਾਰਾ ਹੈ ਜਿਹੜਾ ਮੋੜਵੇਂ ਰੂਪ ਵਿਚ ਮਾਨਵ ਦੇ ਵਿਅਕਤਿਤਵ ਨੂੰ ਸਿਰਜਣ-ਸੰਵਾਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਸੇ ਕਾਰਨ ਅੱਜ ਮਾਨਵੀ ਸਮਾਜ ਨੂੰ ਮਾਨਵ ਦੁਆਰਾ ਸਿਰਜਿਤ-ਵਿਕਸਿਤ ਇਕ ਪ੍ਰਬੰਧ ਵਜੋਂ ਦੇਖਿਆ-ਸਮਝਿਆ-ਪਰਖਿਆ ਜਾਂਦਾ ਹੈ। ਇਸ ਸਮਾਜ ਦੇ ਅੰਤਰਗਤ ਹੀ ਮਾਨਵ ਆਪਣੇ ਜੀਵਨ-ਵਰਤਾਰੇ, ਪ੍ਰਾਕਿਰਤਿਕ ਆਲੇ-ਦੁਆਲੇ, ਆਪਸੀ ਸੰਬੰਧਾਂ ਅਤੇ ਲੋੜਾਂ ਦੇ ਪ੍ਰਸੰਗ ਵਿਚ ਕਈ ਅਜਿਹੀਆਂ ਵਿਵਸਥਾਵਾਂ ਸਿਰਜਦਾ ਅਤੇ ਸਥਾਪਤ ਕਰਦਾ ਹੈ, ਜਿਹੜੀਆਂ ਆਉਣ ਵਾਲੀਆਂ ਮਨੁੱਖੀ ਨਸਲਾਂ ਲਈ ਆਧਾਰ ਬਣ ਜਾਂਦੀਆਂ ਹਨ। ਇਸੇ ਲਈ ਹਰ ਮਾਨਵੀ ਸਮਾਜ ਵਿਚ ਭਾਸ਼ਾ, ਧਰਮ, ਦਰਸ਼ਨ, ਸਾਹਿਤ ਅਤੇ ਕਲਾਤਮਿਕ ਰੁਚੀਆਂ ਥੋੜ੍ਹੇ-ਬਹੁਤ ਫ਼ਰਕ ਨਾਲ ਮਨੁੱਖ-ਸਿਰਜਿਤ ਵਰਤਾਰਿਆਂ ਦੀ ਹੈਸੀਅਤ ਵਿਚ ਮਿਲ ਜਾਂਦੀਆਂ ਹਨ।
ਭਾਰਤੀ ਸਮਾਜ ਅਤੇ ਸਮਾਜਿਕ ਚੇਤਨਾ ਨੂੰ ਬ੍ਰਹਮ-ਕੇਂਦਰਿਤ ਧਰਮ-ਦਰਸ਼ਨ ਦੀ ਸਮ੍ਰਿਧ ਪਰੰਪਰਾ ਵਿੱਚੋਂ ਤਲਾਸ਼ਿਆ ਜਾ ਸਕਦਾ ਹੈ। ਧਰਮ ਮਨੁੱਖ ਦੀ ਇਕ ਸਮਾਜਿਕ ਮਨੁੱਖ ਦੇ ਤੌਰ ’ਤੇ ਬਾਕੀ ਪ੍ਰਾਣੀ-ਜਗਤ ਨਾਲੋਂ ਵਿਸ਼ੇਸ਼ਤਾ ਅਤੇ ਵੱਖਰਤਾ ਨੂੰ ਆਸਾਨੀ ਨਾਲ ਸਪੱਸ਼ਟ ਕਰ ਸਕਣ ਦੇ ਸਮਰੱਥ ਹੈ। ਮਨੁੱਖ ਸਮਾਜਿਕ ਜੀਵ ਦੇ ਨਾਲ-ਨਾਲ ਧਾਰਮਿਕ ਜੀਵ ਵੀ ਹੁੰਦਾ ਹੈ, ਉਸ ਦੀ ਇਹ ਵਿਲੱਖਣਤਾ ਉਸ ਨੂੰ ਬਾਕੀ ਪ੍ਰਾਣੀ-ਸੰਸਾਰ ਨਾਲੋਂ ਵੱਖਰਿਆਉਂਦੀ ਹੈ। ਅਦ੍ਰਿਸ਼ ਬ੍ਰਹਮ ਪ੍ਰਤੀ ਮਾਨਵ ਦੀ ਪਹੁੰਚ ਨੂੰ ਦਰਸਾਉਣ ਵਾਲਾ ਧਰਮ ਮਾਨਵ-ਸਿਰਜਿਤ ਵਰਤਾਰਾ ਹੋਣ ਦੇ ਬਾਵਜੂਦ ਮਾਨਵੀ ਸਮਾਜ, ਸਮਾਜਿਕ ਚੇਤਨਾ ਅਤੇ ਉਸ ਦੀ ਸਮੁੱਚੀ ਵਿਕਾਸ-ਪ੍ਰਕਿਰਿਆ ਨੂੰ ਬਿਆਨ ਕਰਨ ਦੇ ਸਮਰੱਥ ਵੀ ਹੈ। “ਧਰਮ ਪ੍ਰਾਚੀਨ ਕਾਲ ਤੋਂ ਹੀ ਮਨੁੱਖ ਦੇ ਸਮਾਜਿਕ ਵਿਕਾਸ ਵਿਚ ਮਹੱਤਵਪੂਰਨ ਭਾਗ ਲੈਂਦਾ ਰਿਹਾ ਹੈ। ਉਸ ਨੇ ਮਨੁੱਖ ਦੀਆਂ ਪਰਵਿਰਤੀਆਂ ਉੱਤੇ ਨਿਯੰਤਰਣ ਰੱਖ ਕੇ ਉਨ੍ਹਾਂ ਨੂੰ ਸਮਾਜਿਕ ਕਲਿਆਣ ਦੀ ਦਿਸ਼ਾ ਵੱਲ ਮੋੜਿਆ ਹੈ।” ਧਰਮ ਦੇ ਨਾਲ-ਨਾਲ ਹੋਰ ਕਈ ਪ੍ਰਕਾਰ ਦੀਆਂ ਸਮਾਜਿਕ, ਨੈਤਿਕ, ਆਰਥਿਕ, ਰਾਜਨੀਤਿਕ ਪ੍ਰਕਿਰਿਆਵਾਂ ਵੀ ਮਨੁੱਖੀ ਵਿਕਾਸ ਵਿਚ ਆਪਣਾ ਹਿੱਸਾ ਪਾਉਂਦੀਆਂ ਰਹਿੰਦੀਆਂ ਹਨ, ਜਿਨ੍ਹਾਂ ਦੇ ਫਲਸਰੂਪ ਮਨੁੱਖ ਵਧੇਰੇ ਸਮਾਜਿਕ ਚੇਤਨਾ ਅਰਜਿਤ ਕਰਦਾ ਰਹਿੰਦਾ ਹੈ; ਸਮਾਜਿਕ, ਆਰਥਿਕ, ਰਾਜਨੀਤਿਕ ਪ੍ਰਪੰਚ ਉਸਾਰਦਾ ਹੈ ਅਤੇ ਫੇਰ ਉਨ੍ਹਾਂ ਦੀਆਂ ਲੋੜਾਂ ਅਨੁਰੂਪ ਹੌਲੇ-ਹੌਲੇ ਆਪਣਾ ਨੈਤਿਕ ਪ੍ਰਬੰਧ ਵੀ ਉਸਾਰ ਲੈਂਦਾ ਹੈ। ਧਰਮ ਕਿਉਂਕਿ ਇਨ੍ਹਾਂ ਸਭਨਾਂ ਵਿੱਚੋਂ ਪ੍ਰਾਚੀਨ, ਅਹਿਮ ਅਤੇ ਸ਼ਕਤੀਸ਼ਾਲੀ ਹੋਂਦ ਰੱਖਦਾ ਹੈ, ਇਸ ਲਈ ਇਹ ਮਾਨਵ-ਸਿਰਜਿਤ ਹੋਰਨਾਂ ਪ੍ਰਬੰਧਾਂ ਵਿਚ ਨਾ ਕੇਵਲ ਦਖ਼ਲਅੰਦਾਜ਼ੀ ਕਰਦਾ ਹੈ ਬਲਕਿ ਬਹੁਤੀ ਵਾਰੀ ਇਹ ਇਨ੍ਹਾਂ ਪ੍ਰਬੰਧਾਂ ਨੂੰ ਆਪਣੇ ਅਧਿਕਾਰ-ਖੇਤਰ ਵਿਚ ਲੈਣ ਅਤੇ ਆਪਣੇ ਅਨੁਕੂਲ ਢਾਲਣ ਦੀ ਪੂਰੀ-ਪੂਰੀ ਕੋਸ਼ਿਸ਼ ਕਰਦਾ ਹੈ। ਇਹੋ ਕਾਰਨ ਹੈ ਕਿ ਮਾਨਵ-ਜਾਤੀ ਆਪਣੇ ਹਰ ਪ੍ਰਬੰਧ ਅਤੇ ਪ੍ਰਪੰਚ ਨੂੰ ਬ੍ਰਹਮ-ਕੇਂਦਰਿਤ ਧਰਮ ਦੀ ਦ੍ਰਿਸ਼ਟੀ ਅਨੁਰੂਪ ਢਾਲਣ ਦਾ ਨਾ ਕੇਵਲ ਯਤਨ ਕਰਦੀ ਹੈ, ਸਗੋਂ ਹਮੇਸ਼ਾਂ ਤੋਂ ਬ੍ਰਹਮ-ਕੇਂਦਰਿਤ ਧਰਮ ਆਧਾਰਿਤ ਪ੍ਰਬੰਧਾਂ ਨੂੰ ਹੀ ਠੀਕ ਸਮਝਿਆ-ਦੱਸਿਆ ਜਾਂਦਾ ਰਿਹਾ ਹੈ।
ਮਨੁੱਖਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਮਨੁੱਖ ਵੱਲੋਂ ਆਪਣੇ ਲੌਕਿਕ ਅਤੇ ਪਰਾਲੌਕਿਕ ਪੁਰਸ਼ਾਰਥਾਂ ਦੀ ਪ੍ਰਾਪਤੀ ਨੂੰ ਸੰਭਵ ਬਣਾਉਣ ਲਈ ਜਿਸ ਵੀ ਪ੍ਰਕਾਰ ਦੀਆਂ ਵਿਧੀਆਂ, ਵਿਵਸਥਾਵਾਂ ਜਾਂ ਸਾਧਨਾਂ ਵਾਲਾ ਸਮਾਜਿਕ ਪ੍ਰਬੰਧ ਸਥਾਪਤ ਕੀਤਾ ਗਿਆ, ਸਮਾਂ ਪਾ ਕੇ ਕੁਝ ਲੋਕ ਉਸ ਸਮੁੱਚੇ ਪ੍ਰਬੰਧ ਉੱਤੇ ਇਸ ਕਦਰ ਕਾਬੂ ਪਾ ਲੈਂਦੇ ਹਨ ਕਿ ਮਨੁੱਖ ਮਨੁੱਖ ਵਿਚਕਾਰ ਸਮਾਜਿਕ ਸੰਬੰਧਾਂ ਦੇ ਵਿਘਟਨ ਦੀ ਇਕ ਅਜਿਹੀ ਸਥਿਤੀ ਪੈਦਾ ਹੋ ਜਾਂਦੀ ਹੈ ਕਿ ਹਰ ਕੋਈ ਸਮਾਜਿਕ ਸੰਬੰਧਾਂ ਨੂੰ ਆਪਣੀ ਗਰਜ਼ ਪੂਰੀ ਕਰਨ ਲਈ ਪ੍ਰਯੋਗ ਕਰਨਾ ਸ਼ੁਰੂ ਕਰ ਦਿੰਦਾ ਹੈ। ਇਹ ਸਭ ਮਨੁੱਖ, ਮਨੁੱਖੀ ਸਮਾਜ ਅਤੇ ਸਮਾਜਿਕ ਚੇਤਨਾ ਵਿੱਚੋਂ ਬ੍ਰਹਮ-ਕੇਂਦਰਿਤ ਸੰਦਰਭ ਦੇ ਗਵਾਚ ਜਾਣ ਕਾਰਨ ਵਾਪਰਦਾ ਹੈ। ਅਜਿਹੀ ਸਥਿਤੀ ਵਿਚ ਮੋਹ, ਪਿਆਰ, ਇਤਫ਼ਾਕ, ਨਿਮਰਤਾ, ਸੇਵਾ ਆਦਿ ਵਰਗੇ ਮਾਨਵੀ ਗੁਣ ਲੁਪਤ ਹੋ ਜਾਂਦੇ ਹਨ ਅਤੇ ਸਮਾਜ ਪਤਨਮੁਖੀ ਅਵਸਥਾ ਵੱਲ ਵਧਦਾ ਹੈ।
ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਕਾਲ ਦਾ ਭਾਰਤੀ ਸਮਾਜ ਅਤੇ ਸਮਾਜਿਕ ਚੇਤਨਾ ਗੁਰੂ ਨਾਨਕ ਸਾਹਿਬ ਦੇ ਕਾਲ ਦੀਆਂ ਭਾਰਤੀ ਸਮਾਜਿਕ ਪ੍ਰਸਥਿਤੀਆਂ ਸੰਬੰਧੀ ਜਾਣਕਾਰੀ ਦਾ ਪ੍ਰਮਾਣਿਕ ਸ੍ਰੋਤ ਸ੍ਰੀ ਗੁਰੂ ਨਾਨਕ ਸਾਹਿਬ ਦੀ ਬਾਣੀ ਨੂੰ ਮੰਨਿਆ ਜਾ ਸਕਦਾ ਹੈ। ਇਹ ਬਾਣੀ ਆਪਣੇ ਸਮੇਂ ਦੇ ਭਾਰਤੀ ਸਮਾਜ ਅਤੇ ਉਸ ਵਿਚ ਸੰਚਰਿਤ ਸਮਾਜਿਕ ਚੇਤਨਾ ਦੀ ਮੂੰਹ-ਬੋਲਦੀ ਤਸਵੀਰ ਹੈ। ਭਾਰਤੀ ਸਮਾਜ ਦੇ ਵੱਖੋ-ਵੱਖ ਖੇਤਰਾਂ ਵਿਚਲੀ ਵਿਘਟਨਕਾਰੀ ਸਥਿਤੀ ਸੰਬੰਧੀ ਜਾਣਕਾਰੀ ਗੁਰੂ ਨਾਨਕ ਸਾਹਿਬ ਦੀ ਬਾਣੀ ਵਿੱਚੋਂ ਉਪਲਬਧ ਹੋ ਜਾਂਦੀ ਹੈ।
ਸ੍ਰੀ ਗੁਰੂ ਨਾਨਕ ਸਾਹਿਬ ਦੇ ਕਾਲ ਦੇ ਭਾਰਤੀ ਸਮਾਜ ਅਤੇ ਸਮਾਜਿਕ ਚੇਤਨਾ ਨੂੰ ਵਿਦੇਸ਼ੀ ਹਕੂਮਤ ਦੀ ਚੜ੍ਹਤ ਕਾਰਨ ਲੱਗਭਗ ਹਰ ਪੱਖ ਤੋਂ ਖੋਰਾ ਲੱਗ ਰਿਹਾ ਸੀ। ਇਹ ਉਹ ਸਮਾਂ ਸੀ ਜਦੋਂ ਮੁਸਲਮਾਨੀ ਰਾਜ-ਪ੍ਰਬੰਧ ਅਤੇ ਇਸਲਾਮਿਕ ਪ੍ਰਭਾਵ ਭਾਰਤੀ ਸਮਾਜਿਕ ਚੇਤਨਾ ਨੂੰ ਬੁਰੀ ਤਰ੍ਹਾਂ ਵਿਕਰਿਤ ਕਰ ਰਹੇ ਸਨ। ਭਾਰਤੀ ਹਿੰਦੂ ਮੱਤ ਵਿਚਲੀ ਧਾਰਮਿਕ ਸੰਕੀਰਣਤਾ ਸਿਖਰਾਂ ਉੱਤੇ ਸੀ। ਸੂਫ਼ੀਵਾਦ ਆਪਣੀਆਂ ਕਦਰਾਂ-ਕੀਮਤਾਂ ਸਾਹਿਤ ਧਰਮ-ਦਰਸ਼ਨ ਦਾ ਅੰਗ ਬਣਨ ਦੀ ਕੋਸ਼ਿਸ਼ ਕਰ ਰਿਹਾ ਸੀ। ਪੰਜਾਬ ਅਜਿਹੇ ਸਮੇਂ ਵਿਚ ਬੁਰੀ ਤਰ੍ਹਾਂ ਅਰਾਜਕਤਾ ਦਾ ਸ਼ਿਕਾਰ ਸੀ। ਰਾਜਸੀ, ਧਾਰਮਿਕ, ਸਮਾਜਿਕ ਵਿਵਸਥਾ ਚਰਮਰਾ ਚੁੱਕੀ ਸੀ। ਗੁਰੂ ਨਾਨਕ ਸਾਹਿਬ ਦੀ ਬਾਣੀ ਨੇ ਇਸ ਸਮੁੱਚੀ ਸਥਿਤੀ ਨੂੰ ਕਲਮਬੱਧ ਕੀਤਾ ਹੈ। ਭਾਈ ਗੁਰਦਾਸ ਜੀ ਨੇ ਆਪਣੀ ਪਹਿਲੀ ਵਾਰ ਵਿਚ ਗੁਰੂ ਨਾਨਕ ਸਾਹਿਬ ਦੇ ਕਾਲ ਦੇ ਸਮਾਜ ਅਤੇ ਸਮਾਜਿਕ ਚੇਤਨਾ ਵਿੱਚੋਂ ਅਲੋਪ ਹੋ ਚੁੱਕੇ ਬ੍ਰਹਮ-ਕੇਂਦਰਿਤ ਸੰਦਰਭ ਦਾ ਪ੍ਰਗਟਾਵਾ ਕੁਝ ਇਸ ਤਰ੍ਹਾਂ ਕੀਤਾ ਹੈ:
ਕਲਿ ਆਈ ਕੁਤੇ ਮੁਹੀ ਖਾਜੁ ਹੋਆ ਮੁਰਦਾਰੁ ਗੁਸਾਈ।
ਰਾਜੇ ਪਾਪੁ ਕਮਾਂਵਦੇ ਉਲਟੀ ਵਾੜ ਖੇਤ ਕਉ ਖਾਈ।
ਪਰਜਾ ਅੰਧੀ ਗਿਆਨ ਬਿਨੁ ਕੂੜ ਕੁਸਤੁ ਮੁਖਹੁ ਅਲਾਈ।
ਚੇਲੇ ਸਾਜ ਵਜਾਇਦੇ ਨਚਨਿ ਗੁਰੂ ਬਹੁਤੁ ਬਿਧਿ ਭਾਈ।
ਚੇਲੇ ਬੈਠਨਿ ਘਰਾਂ ਵਿਚ ਗੁਰਿ ਉਠਿ ਘਰੀਂ ਤਿਨਾੜੇ ਜਾਈ।
ਕਾਜੀ ਹੋਏ ਰਿਸਵਤੀ ਵਢੀ ਲੈ ਕੇ ਹਕੁ ਗਵਾਈ।
ਇਸਤ੍ਰੀ ਪੁਰਖੈ ਦਾਮਿ ਹਿਤੁ ਭਾਵੈ ਆਇ ਕਿਥਾਊਂ ਜਾਈ।
ਵਰਤਿਆ ਪਾਪੁ ਸਭਸਿ ਜਗਿ ਮਾਂਹੀ। (ਵਾਰ 1:30)
ਗੁਰੂ ਨਾਨਕ ਸਾਹਿਬ ਜੀ ਦੇ ਕਾਲ ਦੇ ਭਾਰਤੀ ਸਮਾਜ ਅਤੇ ਸਮਾਜਿਕ ਚੇਤਨਾ ਵਿਚ ਨੈਤਿਕ ਕਦਰਾਂ-ਕੀਮਤਾਂ ਦੀ ਥਾਂ ਅਨੈਤਿਕਤਾ ਦਾ ਬੋਲਬਾਲਾ ਸੀ। ਵਿਦੇਸ਼ੀ ਹੁਕਮਰਾਨਾਂ ਦੀ ਚੜ੍ਹਤ ਕਾਰਨ ਕਈ ਅਜਿਹੀਆਂ ਤਬਦੀਲੀਆਂ ਵਾਪਰੀਆਂ ਕਿ ਸਮਾਜਿਕ ਸੰਬੰਧਾਂ ਵਿਚ ਦਰਾਰਾਂ ਪੈਣ ਲੱਗੀਆਂ। ਸਮਾਜਿਕ ਸੰਬੰਧ ਆਰਥਿਕ ਸੰਬੰਧ ਬਣਨ ਲੱਗੇ ਤੇ ਜਾਂ ਫੇਰ ਗਰਜ਼ ਅਤੇ ਸਵਾਰਥ ਹੀ ਇਨ੍ਹਾਂ ਦਾ ਮੰਤਵ ਬਣ ਗਿਆ। ਹਾਕਮ ਸ਼੍ਰੇਣੀ ਨਾਲ ਨੇੜਤਾ ਦਰਸਾਉਣ ਦੇ ਸਵਾਰਥੀਪੁਣੇ ਦੀ ਹਨੇਰੀ ਵਿਚ ਕਈ ਸਮਾਜਿਕ ਮਾਨਤਾਵਾਂ ਅਤੇ ਰਿਸ਼ਤੇ ਕੱਖੋਂ ਹੌਲੇ ਹੋ ਗਏ। ਵਿਅਕਤੀਵਾਦ ਅਤੇ ਭੌਤਿਕਵਾਦ ਨੂੰ ਅਜਿਹੇ ਸਮੇਂ ਉਤਸ਼ਾਹ ਮਿਲਣਾ ਸੁਭਾਵਿਕ ਹੀ ਸੀ। ਅਜਿਹੀ ਸਥਿਤੀ ਵਿਚ ਸ੍ਵੈ-ਕੇਂਦਰਿਤ ਵਿਅਕਤੀਵਾਦੀ ਸਮਾਜ ਦੀ ਨੁਹਾਰ ਬਣਨੀ ਸ਼ੁਰੂ ਹੋ ਗਈ ਸੀ। ਇਹ ਸਥਿਤੀ ਕਿਸੇ ਵੀ ਸਮਾਜ ਲਈ ਆਤਮਘਾਤੀ ਹੀ ਹੁੰਦੀ ਹੈ। ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਸਮੇਂ ਦੇ ਸਮਾਜ ਅਤੇ ਸਮਾਜਿਕ ਚੇਤਨਾ ਵਿੱਚੋਂ ਅਲੋਪ ਹੋ ਚੁੱਕੇ ਬ੍ਰਹਮ- ਕੇਂਦਰਿਤ ਸੰਦਰਭ ਨੂੰ ਮੁੜ ਜਾਗ੍ਰਿਤ ਕਰਨ ਦਾ ਉਪਰਾਲਾ ਕੀਤਾ। ਉਨ੍ਹਾਂ ਦੀ ਨਜ਼ਰ ਵਿਚ ਇਹੋ ਇੱਕੋ-ਇੱਕ ਕਾਰਗਰ ਤਰੀਕਾ ਸੀ ਜਿਸ ਨਾਲ ਸਮੇਂ ਦੇ ਸਮਾਜ ਨੂੰ ਆਤਮਘਾਤੀ ਸਥਿਤੀ ਵਿੱਚੋਂ ਕੱਢਿਆ ਜਾ ਸਕਦਾ ਸੀ। ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਇਹ ਦ੍ਰਿੜ੍ਹ ਨਿਸ਼ਚਾ ਸੀ ਕਿ ਜੇ ਮਾਨਵੀ ਸਮਾਜ ਅਤੇ ਸਮਾਜਿਕ ਚੇਤਨਾ ਨੂੰ ਬ੍ਰਹਮ-ਕੇਂਦਰਿਤ ਸੰਦਰਭ ਪ੍ਰਾਪਤ ਹੋ ਜਾਵੇ ਤਾਂ ਮਨੁੱਖ ਆਪਣੀ ਸ੍ਵੈ-ਕੇਂਦਰਿਤ ਸੋਚ ਤੋਂ ਉੱਚਾ ਉੱਠ ਕੇ ਸਮੂਹ ਦੇ ਹਿੱਤਾਂ ਬਾਰੇ ਸੋਚਣਾ ਸ਼ੁਰੂ ਕਰ ਦੇਵੇਗਾ।
ਗੁਰੂ ਨਾਨਕ ਸਾਹਿਬ ਜੀ ਦੀ ਬਾਣੀ : ਸਮਾਜਿਕ ਚੇਤਨਾ ਦਾ ਬ੍ਰਹਮ-ਕੇਂਦਰਿਤ ਸੰਦਰਭ
ਸ੍ਰੀ ਗੁਰੂ ਨਾਨਕ ਸਾਹਿਬ ਦੀ ਬਾਣੀ ਵਿਚਲੀ ਸਮਾਜਿਕ ਚੇਤਨਾ ਦੇ ਬ੍ਰਹਮ-ਕੇਂਦਰਿਤ ਸੰਦਰਭ ਨੂੰ ਦੇਖਦਿਆਂ ਸਭ ਤੋਂ ਅਹਿਮ ਗੱਲ ਧਿਆਨ ਵਿਚ ਰੱਖਣ ਵਾਲੀ ਇਹ ਹੈ ਕਿ ਇਹ ਬਾਣੀ ‘ਬ੍ਰਹਮ’ ਤੋਂ ਬਾਅਦ ਸਭ ਤੋਂ ਵੱਧ ਅਹਿਮੀਅਤ ਜੇ ਕਿਸੇ ਨੂੰ ਪ੍ਰਦਾਨ ਕਰਦੀ ਹੈ ਤਾਂ ਉਹ ਹੈ- ਮਨੁੱਖ ਅਤੇ ਮਨੁੱਖੀ ਸਮਾਜ। ਮਨੁੱਖ ਅਤੇ ਮਨੁੱਖੀ ਸਮਾਜ ਨਾਲ ਜੁੜੇ ਲੱਗਭਗ ਸਭਨਾਂ ਸਮਾਜਿਕ ਸਰੋਕਾਰਾਂ ਨੂੰ ਇਸ ਬਾਣੀ ਵਿਚ ਅਭਿਵਿਅਕਤੀ ਮਿਲੀ ਹੈ। ਵਿਸ਼ੇਸ਼ ਨੁਕਤਾ ਇਹ ਹੈ ਕਿ ਅਜਿਹੇ ਕਰਦੇ ਹੋਇਆਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਕਿਤੇ ਵੀ ਆਪਣੀ ਬ੍ਰਹਮ-ਕੇਂਦਰਿਤ ਪਹੁੰਚ ਨੂੰ ਨਹੀਂ ਤਿਆਗਿਆ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਮੁੱਚੀ ਬਾਣੀ-ਰਚਨਾ ਦਾ ਸਾਰ-ਤੱਤ ‘ਬ੍ਰਹਮ’ ਹੈ। ਇਸ ਬ੍ਰਹਮ ਦੀ ਅਭਿਵਿਅਕਤੀ, ਇਸ ਦੀ ਸਮਰੱਥਾ, ਵਡਿਆਈ, ਗੁਣ, ਰੂਪ-ਸਰੂਪ ਆਦਿ ਦਾ ਬਿਆਨ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਮਨਭਾਉਂਦਾ ਵਿਸ਼ਾ ਹੈ। ਗੁਰੂ ਨਾਨਕ ਸਾਹਿਬ ਦੀ ਬਾਣੀ ਵਿਚ ਵਰਣਿਤ ਬ੍ਰਹਮ ਅਕੱਥ, ਨਿਰਾਕਾਰ, ਅਰੂਪ ਹੈ ਜੋ ਮਾਨਵੀ ਸਮਰੱਥਾ ਤੋਂ ਪਰ੍ਹੇ ਹੈ। ਪਰੰਤੂ ਉਸ ਨੂੰ ਜਾਣਨ ਜਾਂ ਮਿਲਣ ਦੀ ਇਨਸਾਨੀ ਲੋਚਾ ਦਾ ਪ੍ਰਗਟਾਵਾ ਵੀ ਥਾਂ-ਪੁਰ-ਥਾਂ ਬਾਣੀ ਅੰਦਰ ਮੌਜੂਦ ਹੈ। ਆਤਮਾ ਅਤੇ ਪਰਮਾਤਮਾ ਦੀ ਸੰਯੋਗੀ ਸਥਿਤੀ ਨੂੰ ਠੋਸ ਆਧਾਰ ਪ੍ਰਦਾਨ ਕਰਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਨੂੰ ਮਨੁੱਖਾ ਜਨਮ ਤੋਂ ਪਹਿਲਾਂ ਦੀ ਅਵਸਥਾ ਨਾਲ ਸੰਯੁਕਤ ਕਰਦੇ ਹਨ। ਮਨੁੱਖਾ ਜੀਵਨ ਆਤਮ ਪਰਮਾਤਮ ਦੇ ਵਿਯੋਗ ਦੀ ਸਥਿਤੀ ਹੈ, ਇਸ ਸਥਿਤੀ ਨੂੰ ਮੁੜ ਸੰਯੋਗ ਪ੍ਰਾਪਤ ਕਰਨ ਦਾ ਅਵਸਰ ਦੱਸਦਿਆਂ ਅੰਤਿਮ ਰੂਪ ਵਿਚ ਅਭੇਦਤਾ ਦੀ ਪਰਮ ਅਵਸਥਾ ਦਾ ਉਲੇਖ ਹੋਇਆ ਹੈ, ਜੋ ਮਨੁੱਖਾ ਜਨਮ ਤੋਂ ਪਹਿਲਾਂ ਵਾਲੀ ਸੰਯੋਗੀ ਅਵਸਥਾ ਉੱਤੇ ਮੁੜ ਪਹੁੰਚਣ ਦਾ ਨਾਂ ਹੈ।
ਮਨੁੱਖਾ ਜਨਮ ਤੋਂ ਪਹਿਲਾਂ ਦੀ ਸੰਯੋਗੀ ਸਥਿਤੀ ਅਤੇ ਬਾਅਦ ਦੀ ਅਭੇਦਤਾ ਵਾਲੀ ਅਵਸਥਾ ਦਰਮਿਆਨ ਅਤਿਅੰਤ ਮਹੱਤਵਪੂਰਨ ਪੜਾਅ ਮਾਨਵੀ ਜੀਵਨ ਦਾ ਹੈ। ਇਸ ਪੜਾਅ ਉੱਤੇ ਮਾਨਵ ਨੂੰ ਮਾਨਵੀ ਸਮਾਜ, ਸਮੁੱਚੇ ਪ੍ਰਾਣੀ-ਜਗਤ, ਪ੍ਰਾਕ੍ਰਿਤਿਕ ਆਲੇ-ਦੁਆਲੇ, ਗੱਲ ਕੀ! ਸਮੁੱਚੇ ਬ੍ਰਹਿਮੰਡੀ ਪਾਸਾਰ ਦੇ ਅੰਤਰਗਤ ਆਪਣੀ ਹੋਂਦ ਨੂੰ ਸੰਤੁਲਿਤ ਰੱਖਦਿਆਂ ਅਜਿਹੇ ਕਾਰਜ-ਕਰਮ ਕਰਨੇ ਹਨ ਤਾਂ ਕਿ ਉਹ
“ਸਚਿ ਮਿਲੈ ਸਚਿਆਰੁ ਕੂੜਿ ਨ ਪਾਈਐ॥
ਸਚੇ ਸਿਉ ਚਿਤੁ ਲਾਇ ਬਹੁੜਿ ਨ ਆਈਐ॥”
ਵਾਲੇ ਮੁਕਾਮ ਨੂੰ ਹਾਸਲ ਕਰ ਲਵੇ। ਇੰਞ ਸ੍ਰੀ ਗੁਰੂ ਨਾਨਕ ਦੇਵ ਜੀ ਮਾਨਵੀ ਜੀਵਨ ਨੂੰ ਬ੍ਰਹਮ-ਕੇਂਦਰਿਤ ਸੰਦਰਭ ਪ੍ਰਦਾਨ ਕਰਦੇ ਹਨ। ਇਹ ‘ਲੋਕ’ ਹੀ ਗੁਰੂ ਨਾਨਕ ਸਾਹਿਬ ਦੀ ਬਾਣੀ ਅਨੁਸਾਰ ‘ਪਰ’ ਲੋਕ ਵਿਚ ਪ੍ਰਵੇਸ਼ ਦਾ ਮਾਧਿਅਮ ਹੋ ਸਕਦਾ ਹੈ। ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਵਿੱਚੋਂ ਉਭਰਦੀ ਸਮਾਜਿਕ ਚੇਤਨਾ ਦਾ ਬ੍ਰਹਮ-ਕੇਂਦਰਿਤ ਸੰਦਰਭ ਉਦੋਂ ਹੋਰ ਵੀ ਨਿੱਖਰ ਕੇ ਸਾਹਮਣੇ ਆਉਂਦਾ ਹੈ ਜਦੋਂ ਗੁਰੂ ਨਾਨਕ ਸਾਹਿਬ ਜੀ ਰੱਬੀ ਅਭੇਦਤਾ ਨੂੰ ਮਾਨਵ ਦੇ ਸਮਾਜਿਕ ਸਰੋਕਾਰਾਂ ਨਾਲ ਜੋੜ ਕੇ ਪ੍ਰਸਤੁਤ ਕਰਦੇ ਹਨ। ਜੀਵਨ ਤੋਂ ਪਹਿਲੀ ਸੰਯੋਗੀ ਅਤੇ ਸੰਸਾਰਿਕ ਜੀਵਨ ਉਪਰੰਤ ਪ੍ਰਾਪਤ ਹੋਣ ਵਾਲੀ ਅਭੇਦਤਾ ਦੇ ਵਿਚਾਲੇ ‘ਜੀਵਨ-ਮੁਕਤ’ ਅਰਥਾਤ ਰੂਹਾਨੀ ਪੂਰਨਤਾ ਵਾਲੀ ਜਿਸ ਜੀਵਨ-ਸ਼ੈਲੀ ਦਾ ਉਲੇਖ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਕਰਦੀ ਹੈ, ਉਹ ਉਕਤ ਦੋਵਾਂ ਅਵਸਥਾਵਾਂ ਦਰਮਿਆਨ ਇਕ ਮਜ਼ਬੂਤ ਕੜੀ ਹੈ। ‘ਜੀਵਨ- ਮੁਕਤ’ ਦਾ ਇਹ ਰੂਹਾਨੀ ਸੰਕਲਪ ਬ੍ਰਹਮ-ਕੇਂਦਰਿਤ ਸਮਾਜਿਕ ਚੇਤਨਾ ਨਾਲ ਨੇੜਿਉਂ ਜੁੜਿਆ ਅਜਿਹਾ ਸੰਕਲਪ ਹੈ ਜੋ ਮਨੁੱਖ ਦੀ ਰੂਹਾਨੀ ਆਜ਼ਾਦੀ ਲਈ ਰਾਹ ਪੱਧਰਾ ਕਰਦਾ ਹੈ। ਇਸ ਪ੍ਰਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਪਰਮਾਤਮਾ, ਆਤਮਾ, ਮੁਕਤੀ ਆਦਿ ਅਧਿਆਤਮਿਕ ਸੰਕਲਪਾਂ ਨੂੰ ਮਨੁੱਖ ਦੇ ਲੌਕਿਕ ਪਾਸਾਰਾਂ ਦੀ ਸੁੱਚਤਾ ਨਾਲ ਜੋੜ ਦਿੰਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਮਨੁੱਖ ਨੂੰ ਉਸ ਦੇ ਸਮਾਜੀ ਕਰਮਾਂ ਨਾਲ ‘ਸਚਿਆਰਾ’ ਬਣ ਕੇ ਜੁੜਨ ਦੀ ਪ੍ਰੇਰਨਾ ਕਰਦੇ ਹਨ ਤੇ ਇਵੇਂ ਇਹ ਸਾਰਾ ਭੌਤਿਕ, ਸਮਾਜਿਕ ਪਾਸਾਰ ਮਾਨਵ ਲਈ ਅਰਥਵਾਨ ਕਾਰਜ-ਭੂਮੀ ਬਣ ਜਾਂਦਾ ਹੈ। ਇਸ ਸਮੁੱਚੇ ਪਾਸਾਰੇ ਵਿਚ ਸਭ ਕੁਝ ‘ਸਚੇ ਤੇਰੇ ਖੰਡ ਸਚੇ ਬ੍ਰਹਮੰਡ’ ਅਨੁਰੂਪ ਹੈ, ਕੁਝ ਵੀ ਝੂਠ ਨਹੀਂ, ਆਦਰਸ਼ਹੀਣ, ਮਨਮੁਖ, ਆਤਮ-ਪਰਮਾਤਮ ਨੂੰ ਪਛਾਣਨ ਤੋਂ ਇਨਕਾਰੀ ਹੀ ਝੂਠੇ ‘ਕੂੜੁ ਰਾਜਾ ਕੂੜੁ ਪਰਜਾ ਕੂੜੁ ਸਭ ਸੰਸਾਰੁ॥’ ਹਨ।
ਗੁਰੂ ਨਾਨਕ ਸਾਹਿਬ ਜੀ ਦੇ ਕਾਲ ਦੇ ਭਾਰਤੀ ਸਮਾਜ ਅਤੇ ਲੋਕਾਂ ਦੀ ਸਮਾਜਿਕ-ਧਾਰਮਿਕ ਚੇਤਨਾ ਵਿਚ ਪਰੰਪਰਾਈ ਬਹੁਦੇਵਵਾਦ ਦਾ ਪ੍ਰਚਾਰ-ਪ੍ਰਸਾਰ ਵਧ ਚੁੱਕਾ ਸੀ। ਇਸਲਾਮ ਦੀ ਆਮਦ ਨਾਲ ਰੱਬ ਅਤੇ ਪੈਗ਼ੰਬਰ ਦਾ ਇਕ ਹੋਰ ਨਵਾਂ ਸੰਕਲਪ ਵੀ ਸਾਹਮਣੇ ਆ ਚੁੱਕਾ ਸੀ। ਹਾਲਾਂਕਿ ਸਿਧਾਂਤਕ ਤੌਰ ’ਤੇ ਇਕ ਬ੍ਰਹਮ ਦਾ ਮੱਤ ਵੀ ਪ੍ਰਚਲਿਤ ਸੀ ਪਰ ਬਹੁਦੇਵਵਾਦ ਦੇ ਝਮੇਲੇ ਕਾਰਨ ਪਰਸਪਰ ਤਣਾਉ ਵਾਲਾ ਮਾਹੌਲ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੀ ਬਾਣੀ ਨੇ ਇਸ ਤਣਾਉ ਨੂੰ ਖਤਮ ਕਰਨ ਲਈ ਅਧਿਆਤਮਿਕ ਮੁਹਾਵਰੇ ਦਾ ਪ੍ਰਯੋਗ ਕਰਦਿਆਂ ਸੰਸਾਰਿਕ ਪੱਧਰ ਉੱਤੇ ਸਮਾਜਿਕ ਸਮੱਸਿਆ ਨੂੰ ਹੱਲ ਕਰਨ ਲਈ ‘ਰੱਬ ਇਕ ਹੈ’ ਦਾ ਨਾਅਰਾ ਬੁਲੰਦ ਕੀਤਾ ਅਤੇ ਸਮਾਜ ਨੂੰ ਇਕ ਨਵੀਂ ਦਿਸ਼ਾ ਦਿੱਤੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰੱਬ ਦੇ ਨਾਂ ਉੱਤੇ ਹੁੰਦੇ ਝਗੜਿਆਂ ਨੂੰ ਬੇਬੁਨਿਆਦ ਦੱਸਿਆ ਅਤੇ ਬੁਲੰਦ ਆਵਾਜ਼ ਵਿਚ ਇਹ ਕਿਹਾ ਕਿ ਰੱਬ ਸਭਨਾਂ ਮਨੁੱਖੀ ਹਿਰਦਿਆਂ ਵਿਚ ਵਿਦਮਾਨ ਹੈ।
ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਵਿਚਲੀ ਸਮਾਜਿਕ ਚੇਤਨਾ ਦਾ ਬ੍ਰਹਮ-ਕੇਂਦਰਿਤ ਸੰਦਰਭ ਬ੍ਰਹਮ ਦੀਆਂ ਸਰੂਪਗਤ ਵਿਸ਼ੇਸ਼ਤਾਵਾਂ ਵਿੱਚੋਂ ਸਾਫ਼ ਝਲਕਦਾ ਹੈ। ਇਹ ਬਾਣੀ ਆਪਣੀ ਪ੍ਰਧਾਨ ਸੁਰ ਵਜੋਂ ਬ੍ਰਹਮ ਦੀਆਂ ਜਿਨ੍ਹਾਂ ਸਰੂਪਗਤ ਵਿਸ਼ੇਸ਼ਤਾਵਾਂ ਦਾ ਜ਼ਿਕਰ ਕਰਦੀ ਹੈ ਉਨ੍ਹਾਂ ਸਭਨਾਂ ਦੀ ਪ੍ਰਤਿਛਾਇਆ ਮਾਨਵੀ ਸਮਾਜ ਅੰਦਰ ਤਲਾਸ਼ਦੀ ਹੈ। ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ‘ਮੂਲ ਮੰਤਰ’ ਵਿਚ ਜਿਸ ਬ੍ਰਹਮੀ-ਸੱਤਾ ਦਾ ਉਲੇਖ ਕੀਤਾ ਹੈ, ਉਸ ਦੇ ਚਰਿੱਤਰ ਵਿਚਲੀਆਂ ‘ਨਿਰਭਉ’ ਅਤੇ ‘ਨਿਰਵੈਰੁ’ ਵਾਲੀਆਂ ਵਿਸ਼ੇਸ਼ਤਾਵਾਂ ਇਕ ਪਾਸੇ ਪਾਰਗਾਮੀ ਬ੍ਰਹਮ ਦੀ ਅਪਾਰ ਸਮਰੱਥਾ ਅਤੇ ਵੈਰ-ਵਿਰੋਧ ਰਹਿਤ ਆਚਰਣਕ ਵਡਿਆਈ ਦੀਆਂ ਸੂਚਕ ਹਨ, ਦੂਸਰੇ ਪਾਸੇ ਇਹ ਗੁਰੂ ਨਾਨਕ ਸਾਹਿਬ ਦੇ ਸਮੇਂ ਦੇ ਸਮਾਜ ਦੀ ਇੱਛਾ ਨੂੰ ਵੀ ਸਪੱਸ਼ਟ ਕਰਦੀਆਂ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਬ੍ਰਹਮੀ ਚਰਿੱਤਰ ਦੀਆਂ ਇਨ੍ਹਾਂ ਵਿਸ਼ੇਸ਼ਤਾਈਆਂ ਦੀ ਪ੍ਰਤੀਛਾਇਆ ਨਿਸ਼ਚਿਤ ਰੂਪ ਵਿਚ ਮਾਨਵੀ ਸਮਾਜ ਅੰਦਰ ਵੇਖਣਾ ਚਾਹੁੰਦੇ ਹਨ।
ਸ੍ਰੀ ਗੁਰੂ ਨਾਨਕ ਦੇਵ ਜੀ ਰਚਿਤ ਮੂਲ ਮੰਤਰ ਅਤੇ ਉਨ੍ਹਾਂ ਦੀ ਬਾਕੀ ਸਾਰੀ ਬਾਣੀ ਵਿਚ ਵੱਖੋ-ਵੱਖ ਸ਼ਬਦਾਂ ਦੁਆਰਾ ਪਰਮ ਆਤਮਾ ਦੇ ਜਿਸ ਵੀ ਗੁਣ-ਲੱਛਣ, ਕਰਮ-ਕਰਮਿ ਜਾਂ ਸੁਭਾਅ ਦਾ ਜ਼ਿਕਰ ਹੋਇਆ ਹੈ, ਉਨ੍ਹਾਂ ਸਭਨਾਂ ਸ਼ਬਦਾਂ ਦੀ ਬਿੰਬਾਂ, ਪ੍ਰਤੀਕਾਂ, ਭਾਵਾਂ ਜਾਂ ਅਰਥਾਂ ਦੀ ਪੱਧਰ ਉੱਤੇ ਲੋੜ ਅਤੇ ਮਹੱਤਵ ਮਨੁੱਖੀ ਸਮਾਜ ਅਤੇ ਸਮਾਜਿਕ ਚੇਤਨਾ ਨਾਲ ਹੀ ਜੁੜਿਆ ਹੋਇਆ ਹੈ। ਮਿਸਾਲ ਵਜੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਵਿਸ਼ਵ ਦੀ ਇੱਕੋ-ਇੱਕ ਸ਼ੁੱਧ ਹੋਂਦ ਲਈ ਵਰਤੇ ਵਿਭਿੰਨ ਸ਼ਬਦ (ਸਤਿ, ਸੱਚਾ, ਸੱਚਾ ਸਾਹਿਬ, ਨਿਰਵੈਰੁ, ਨਿਰਭਉ ਆਦਿ) ਦੇਖੇ ਜਾ ਸਕਦੇ ਹਨ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਵਿਚ ਕਈ ਅਜਿਹੇ ਸਮਾਨਾਰਥੀ, ਵਿਰੋਧਾਰਥੀ ਸ਼ਬਦ-ਜੁੱਟ, ਸਮਾਸ ਅਤੇ ਸੰਕਲਪਾਤਮਕ ਸ਼ਬਦਾਂ ਦੇ ਰੂਪ-ਸਰੂਪ ਮਿਲਦੇ ਹਨ, ਜਿਨ੍ਹਾਂ ਦੀ ਗੁਰੂ ਨਾਨਕ ਸਾਹਿਬ ਦੇ ਸਮੇਂ ਦੇ ਸਮਾਜ ਅਤੇ ਸਮਾਜਿਕ ਵਿਵਸਥਾ ਦੇ ਸੰਦਰਭ ਵਿਚ ਵਿਸ਼ੇਸ਼ ਅਹਿਮੀਅਤ ਤਾਂ ਹੈ ਹੀ ਸੀ, ਅੱਜ ਵੀ ਇਨ੍ਹਾਂ ਦੇ ਮਹੱਤਵ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ। ਸੱਚ-ਕੂੜ, ਸਤਿ-ਅਸਤਿ, ਸਚਿਆਰ-ਕੂੜਿਆਰ, ਚੰਗਾ-ਮੰਦਾ, ਭਲਾ- ਬੁਰਾ, ਸੁਚੱਜੀ-ਕੁਚੱਜੀ, ਸੁਹਾਗਣ-ਦੁਹਾਗਣ, ਗੁਰਮੁਖ-ਮਨਮੁਖ ਅਤੇ ਹਉਮੈ, ਮਾਇਆ, ਮਮਤਾ, ਮੋਖ, ਮੁਕਤੀ, ਜਗਤ, ਸੰਸਾਰ ਆਦਿ ਸ਼ਬਦ-ਜੁੱਟ ਅਤੇ ਸੰਕਲਪ, ਅਰਥ ਅਤੇ ਭਾਵ ਦੀ ਪੱਧਰ ਉੱਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਦੀ ਸਮਾਜਿਕ ਰਹਿਤਲ ਅਤੇ ਵਿਵਸਥਾ ਨੂੰ ਦਰਸਾਉਣ ਦੇ ਨਾਲ-ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਸੰਚਾਰਿਤ ਬਿਹਤਰ, ਸਮਾਜਿਕ ਚੇਤਨਾ ਦਾ ਨਮੂਨਾ ਵੀ ਪ੍ਰਸਤੁਤ ਕਰਦੇ ਹਨ। ਇੰਞ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਾਪਤ ਸਮਾਜ ਦੀਆਂ ਘਾਟਾਂ ਜਾਂ ਦੁਸ਼ਵਾਰੀਆਂ ਦਾ ਜ਼ਿਕਰ ਹੀ ਆਪਣੀ ਬਾਣੀ ਅੰਦਰ ਨਹੀਂ ਕਰਦੇ ਸਗੋਂ ਆਪਣੇ ਵੱਲੋਂ ਇੱਛਿਤ ਸਕਾਰਾਤਮਕ ਸਮਾਜ ਦਾ ਮਾਡਲ ਵੀ ਪ੍ਰਸਤੁਤ ਕਰਦੇ ਹਨ। ਅਜਿਹੇ ਸਮਾਜ ਦੇ ਨਿਰਮਾਣ ਵਿਚ ਸਹਾਇਕ ਗੁਣਾਂ (ਬਰਾਬਰਤਾ, ਨਿਆਇ, ਆਪਸੀ ਭਾਈਚਾਰਾ, ਨਿਮਰਤਾ, ਸੇਵਾ) ਵਾਲੀ ਸਮਾਜਿਕ ਚੇਤਨਾ ਦਾ ਪ੍ਰਗਟਾਵਾ ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਵਸਤੂ ਦਾ ਵਿਸ਼ੇਸ਼ ਹਾਸਲ ਹੈ। ਭਾਣਾ, ਹੁਕਮ, ਰਜ਼ਾ, ਮੁਕਤੀ, ਸਤਿ ਨਾਮੁ, ਅਨਹਦ ਨਾਦ, ਰਹਿਮ, ਕਿਰਪਾ, ਗੁਰੂ, ਗੁਰਪ੍ਰਸਾਦਿ ਆਦਿ ਪਰਮਾਰਥੀ ਨੁਕਤੇ ਇਸ ਸਮਾਜਿਕ ਚੇਤਨਾ ਨੂੰ ਅਧਿਆਤਮਿਕ ਸੰਦਰਭ ਪ੍ਰਦਾਨ ਕਰਦੇ ਹਨ।
ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੇ ਪਰਮਾਤਮਾ ਦਾ ਲੋਕ-ਹਿੱਤਕਾਰੀ ਰੂਪ ਅਤੇ ਚਰਿੱਤਰ ਇਸ ਬਾਣੀ ਦੇ ਵਸਤੂ-ਵਿਧਾਨ ਦੀ ਸਮਾਜਿਕ ਖਾਸੀਅਤ ਹੈ। ਇਸੇ ਲਈ ਇਹ ਬਾਣੀ ਆਰਥਿਕ ਪੱਧਰ ’ਤੇ ਕਾਣੀ ਵੰਡ ਨੂੰ ਭਰਦੀ ਹੈ ਅਤੇ ਅਜਿਹੀ ਵੰਡ ਕਰਨ ਵਾਲਿਆਂ ਨੂੰ ‘ਮਾਣਸ ਖਾਣੇ’ ਕਹਿੰਦੀ ਹੈ। ਮਨੁੱਖੀ ਹੱਕਾਂ ਦੀ ਰਾਖੀ ਕਰਨ ਦੇ ਨਾਲ-ਨਾਲ ਸਬਰ, ਸੰਤੋਖ ਸਿਖਾਉਂਦੀ ਹੋਈ ਇਹ ਬਾਣੀ ਲਾਲਚ ਨੂੰ ਮਾਨਵੀ ਹਿਰਦੇ ਵਿੱਚੋਂ ਮਨਫ਼ੀ ਕਰਨਾ ਲੋੜਦੀ ਹੈ। ਇਹ ਬਾਣੀ ਦਇਆ, ਮੋਹ, ਪਿਆਰ, ਸੇਵਾ, ਸੁੱਚਤਾ ਦੇ ਆਧਾਰ ਉੱਤੇ ਮਨੁੱਖ ਅਤੇ ਉਸ ਦੇ ਸਮਾਜ ਨੂੰ ਚਲਾਉਣਾ ਚਾਹੁੰਦੀ ਹੈ। ਹਉਮੈ, ਕਾਮ, ਕ੍ਰੋਧ, ਲੋਭ, ਮੋਹ, ਮਾਇਆ ’ਤੇ ਆਧਾਰਿਤ ਜ਼ਿੰਦਗੀ ਨੂੰ ਗੁਰੂ ਨਾਨਕ ਸਾਹਿਬ ਦੀ ਬਾਣੀ ਕੂੜ ਕਹਿ ਕੇ ਗ਼ਲਤ ਠਹਿਰਾਉਂਦੀ ਹੈ ਅਤੇ ਇਸ ਦੇ ਉਲਟ ਨਿਮਰਤਾ, ਸਹਿਨਸ਼ੀਲਤਾ, ਖ਼ਿਮਾ, ਪਰਉਪਕਾਰ ਅਤੇ ਸਰਬੱਤ ਦਾ ਭਲਾ ਮੰਗਣ ਵਾਲੀ ਤਰਜ਼ੇ-ਜ਼ਿੰਦਗੀ ਨੂੰ ਠੀਕ ਦੱਸਦੀ ਹੈ। ਇਹ ਬਾਣੀ ਸਮਾਜਿਕ ਕਦਰਾਂ- ਕੀਮਤਾਂ ਨੂੰ ਰੱਬ ਨਾਲ ਸੰਬੰਧਿਤ ਕਰਦੀ ਹੈ। ਰੱਬ ਨੂੰ ਮਨੁੱਖ ਦੇ ਕੀਤੇ ਕੰਮਾਂ ਦਾ ਜਾਇਜ਼ਾ ਲੈਣ ਵਾਲਾ ਜੱਜ ਦੱਸਦੀ ਹੋਈ ਮੁਕਤੀ ਜਾਂ ਰੱਬੀ ਪ੍ਰਾਪਤੀ ਲਈ ਜ਼ਰੂਰੀ ਉਨ੍ਹਾਂ ਸਾਧਨਾਂ ਅਤੇ ਨੇਮਾਂ ਦਾ ਉਲੇਖ ਕਰਦੀ ਹੈ, ਜਿਹੜੇ ਰੱਬ ਨੂੰ ਪਸੰਦ ਹਨ। ਸ੍ਰੀ ਗੁਰੂ ਨਾਨਕ ਸਾਹਿਬ ਦੀ ਬਾਣੀ ਰੱਬ ਦੀ ਪ੍ਰਾਪਤੀ ਲਈ ਉਨ੍ਹਾਂ ਸਮਾਜਿਕ ਕੀਮਤਾਂ ਦਾ ਇਕ ਖਾਸ ਪੈਟਰਨ ਨਿਸ਼ਚਿਤ ਕਰਦੀ ਹੈ, ਜਿਨ੍ਹਾਂ ਦਾ ਮੁੱਲ ਦਰਗਾਹ ਅਰਥਾਤ ਰੱਬ ਦੀ ਨਜ਼ਰ ਵਿਚ ਪੈਂਦਾ ਹੈ। ਇਸ ਸਭ ਕੁਝ ਦਾ ਸਮਾਜਿਕ ਮਨੁੱਖੀ ਅਸਰ ਇਹ ਹੁੰਦਾ ਹੈ ਕਿ ਮਨੁੱਖ ਦੀ ਸਮੁੱਚੀ ਸ਼ਖ਼ਸੀਅਤ, ਉੇਸ ਦਾ ਸਮਾਜ, ਉਸ ਦੀ ਸਮਾਜਿਕ ਚੇਤਨਾ, ਮਨੋਵੇਗ, ਸਮਾਜਿਕ ਵਿਹਾਰ ਆਦਿ ਉਸ ਸੰਚੇ ਵਿਚ ਢਲ ਜਾਂਦੇ ਹਨ, ਜਿਹੜਾ ਰੱਬ ਨੂੰ ਪਸੰਦ ਹੈ। ਜੋ ਰੱਬ ਨੂੰ ਪਸੰਦ ਹੈ, ਉਹ ਹਰ ਸੂਰਤ ਵਿਚ ਲੋਕ-ਹਿਤੈਸ਼ੀ ਹੈ ਤੇ ਹੋਵੇਗਾ, ਅਜਿਹੀ ਲੋਕ-ਮਾਨਤਾ ਹੈ।
ਸ੍ਰੀ ਗੁਰੂ ਨਾਨਕ ਸਾਹਿਬ ਦੀ ਬਾਣੀ ਵਿਚਲੀ ਸਮਾਜਿਕ ਚੇਤਨਾ ਦੇ ਬ੍ਰਹਮ-ਕੇਂਦਰਿਤ ਮੁਹਾਵਰੇ ਨੂੰ ਪਛਾਣਨ ਲਈ ਉਨ੍ਹਾਂ ਦੇ ਅਧਿਆਤਮਿਕ ਸੰਕਲਪਨਾ ਵਾਲੇ ਸੂਤ੍ਰ ‘ਹੁਕਮਿ ਰਜਾਈ ਚਲਣਾ’ ਨੂੰ ਵੇਖਿਆ-ਸਮਝਿਆ ਜਾ ਸਕਦਾ ਹੈ। ‘ਹੁਕਮਿ ਰਜਾਈ ਚਲਣਾ’ ਇਕ ਉੱਤਰ-ਕ੍ਰਾਂਤੀਕਾਰੀ ਅਤੇ ਉੱਤਰ-ਪੂੰਜੀਵਾਦੀ ਸੋਚ ਨਾਲ ਪਰਿਪੂਰਣ ਅਜਿਹਾ ਸੰਕਲਪ ਹੈ, ਜਿਹੜਾ ਮਾਨਵੀ ਸਮਾਜ ਅੰਦਰ ਪ੍ਰਤਿਯੋਗ ਦੀ ਥਾਂ ਸਹਿਯੋਗ, ਹੰਕਾਰ ਦੀ ਥਾਂ ਹੰਕਾਰ-ਤਿਆਗ, ਗਿਣਤੀ ਦੀ ਥਾਂ ਗੁਣਵੱਤਾ, ਸ਼ੋਸ਼ਣ ਦੀ ਥਾਂ ਭਾਈਚਾਰੇ, ਜਬਰ ਦੀ ਥਾਂ ਸੱਚੀਆਂ-ਸੁੱਚੀਆਂ ਕਦਰਾਂ-ਕੀਮਤਾਂ ਅਤੇ ਹਿੰਸਾ ਦੀ ਥਾਂ ਪ੍ਰੇਮ ਉੱਤੇ ਆਧਾਰਿਤ ਹੈ। ਇਹ ਮਨੁੱਖ ਨੂੰ ਸਹਿਣਸ਼ੀਲ, ਬੇਹਰਕਤ, ਉਦਾਸੀਨ ਅਤੇ ਕਰਮਵਾਚੀ ਦਰਸ਼ਕ ਨਹੀਂ ਸਗੋਂ ਸਮਾਜਿਕ-ਆਰਥਿਕ-ਰਾਜਨੀਤਿਕ- ਸਭਿਆਚਾਰਕ ਤਬਦੀਲੀ ਦਾ ਕਿਰਿਆਸ਼ੀਲ ਮਾਧਿਅਮ ਅਤੇ ਸਾਧਨ ਬਣਾਉਂਦਾ ਹੈ। ਆਪਣੀ ਬਾਣੀ ਅੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਹੁਕਮ ਜਾਂ ਭਾਣੇ ਦੇ ਮਾਧਿਅਮ ਦੁਆਰਾ ਅਜਿਹੀ ਜੀਵਨ-ਵਿਧੀ ਦਾ ਉਲੇਖ ਕਰਦੇ ਹਨ, ਜਿਸ ਅੰਦਰ ਸਮੁੱਚੀ ਮਾਨਵਤਾ ਦੇ ਲੋਕ-ਪਰਲੋਕ ਨਾਲ ਸੰਬੰਧਿਤ ਪੁਰਸ਼ਾਰਥਾਂ ਦੀ ਪੂਰਤੀ ਦਾ ਵਿਸ਼ਵਾਸ ਦ੍ਰਿੜਾਇਆ ਗਿਆ ਹੈ। ਇੰਞ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਵਿਚਲੇ ਬ੍ਰਹਮ-ਕੇਂਦਰਿਤ ਸੰਦਰਭ ਨੇ ਨਾ ਕੇਵਲ ਧਾਰਮਿਕ ਸਗੋਂ ਸਮਾਜਿਕ ਇਨਕਲਾਬ ਵਿਚ ਵੀ ਮਹੱਤਵਪੂਰਨ ਯੋਗਦਾਨ ਪਾਇਆ ਹੈ।
ਸ੍ਰੀ ਗੁਰੂ ਨਾਨਕ ਸਾਹਿਬ ਦੀ ਬਾਣੀ ਸ਼ੁਭ ਅਮਲਾਂ ਉੱਤੇ ਆਧਾਰਿਤ ਅਜਿਹੇ ਨਵੀਨ ਧਰਮ ਦਾ ਪ੍ਰਤਿਪਾਦਨ ਕਰਦੀ ਹੈ ਜਿਸ ਵਿਚਲੀ ਸਮਾਜਿਕ ਪ੍ਰਾਸੰਗਿਕਤਾ ਹਮੇਸ਼ਾਂ ਬਣੀ ਰਹੇਗੀ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਹ ਦ੍ਰਿੜ੍ਹ-ਨਿਸ਼ਚਾ ਸੀ ਕਿ ਕੋਈ ਵੀ ਧਰਮ ਉਦੋਂ ਤਕ ਨਾ ਤਾਂ ਪ੍ਰਮਾਣਿਕ ਬਣਿਆ ਰਹਿੰਦਾ ਹੈ ਅਤੇ ਨਾ ਹੀ ਉਦੋਂ ਤਕ ਪ੍ਰਾਸੰਗਿਕ ਸਾਬਤ ਹੁੰਦਾ ਹੈ ਜਦੋਂ ਤਕ ਉਹ ਸਰਬ ਸਮੂਹ ਦੇ ਸਮਾਜਿਕ ਸਰੋਕਾਰਾਂ ਨਾਲ ਪੂਰੀ ਤਰ੍ਹਾਂ ਜੁੜਿਆ ਰਹਿੰਦਾ ਹੈ। ਗੁਰੂ ਨਾਨਕ ਸਾਹਿਬ ਦੇ ਕਾਲ ਦਾ ਧਰਮ ਸਮਾਜਿਕ ਪ੍ਰਮਾਣਿਕਤਾ ਅਤੇ ਪ੍ਰਾਸੰਗਿਕਤਾ ਤੋਂ ਵਿਰਵਾ ਹੋ ਚੁੱਕਾ ਸੀ। ਅਜਿਹੇ ਸਮੇਂ ਸਮਾਜ ਦੇ ਧਾਰਮਿਕ ਗੌਰਵ ਨੂੰ ਕਾਇਮ ਕਰਨ ਲਈ ਗੁਰੂ ਜੀ ਨੇ ਮਾਨਵੀ ਸਰੋਕਾਰਾਂ ਨਾਲ ਨੇੜਿਉਂ ਜੁੜੇ ਹੋਏ ਅਜਿਹੇ ਨਵੇਂ ਧਰਮ ਦੀ ਨੀਂਹ ਰੱਖੀ ਜਿਹੜਾ ਪਾਖੰਡਾਂ ਦੀ ਥਾਂ ਅੰਤਰ-ਖੋਜ ਅਤੇ ਸਮਾਜਿਕ ਅਮਲਾਂ ਉੱਤੇ ਆਧਾਰਿਤ ਸੀ। ਅਸਲ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਸੋਚ, ਵਿਹਾਰ ਅਤੇ ਕਰਮ ਆਦਿ ਸਭਨਾਂ ਪੱਖਾਂ ਤੋਂ ਇਕ ਅਜਿਹੇ ਸੱਚੇ ਅਤੇ ਸੁੱਚੇ ਮਾਨਵ ਦਾ ਨਿਰਮਾਣ ਕਰਨਾ ਚਾਹੁੰਦੇ ਸਨ ਜਿਹੜਾ ਮਾਨਵੀ ਸਮਾਜ ਲਈ ਆਦਰਸ਼ ਸਾਬਤ ਹੋ ਸਕੇ। ਇਸ ਕਾਰਨ ਉਹ ਆਪਣੀ ਬਾਣੀ ਵਿਚ ਸੱਚੇ ਆਚਰਨ ਨੂੰ ਸਭ ਤੋਂ ਵੱਧ ਅਹਿਮੀਅਤ ਦਿੰਦੇ ਹਨ:
ਸਚਹੁ ਓਰੈ ਸਭੁ ਕੋ ਊਪਰਿ ਸਚੁ ਆਚਾਰੁ॥ (ਪੰਨਾ 62)
ਸੱਚੇ-ਸੁੱਚੇ ਮਾਨਵੀ ਆਚਰਨ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਜਿੱਥੇ ਮਨੁੱਖ ਦੇ ਸਮਾਜਿਕ ਜੀਵਨ ਦੀ ਸਫ਼ਲਤਾ ਲਈ ਜ਼ਰੂਰੀ ਖਿਆਲ ਕਰਦੇ ਹਨ, ਉਥੇ ਇਸ ਨੂੰ ਬ੍ਰਹਮ-ਕੇਂਦਰਿਤ ਸੰਦਰਭ ਪ੍ਰਦਾਨ ਕਰਦਿਆਂ ਨਰਕ-ਸਵਰਗ ਦੇ ਪਰਮਾਰਥੀ ਸੰਕਲਪਾਂ ਦੇ ਨਾਲ-ਨਾਲ ਮੁਕਤੀ ਰੂਪੀ ਰੱਬੀ ਅਭੇਦਤਾ ਨਾਲ ਵੀ ਜੋੜ ਦਿੰਦੇ ਹਨ:
ਓਥੈ ਸਚੇ ਹੀ ਸਚਿ ਨਿਬੜੈ ਚੁਣਿ ਵਖਿ ਕਢੇ ਜਜਮਾਲਿਆ॥
ਥਾਉ ਨ ਪਾਇਨਿ ਕੂੜਿਆਰ ਮੁਹ ਕਾਲੈ੍ ਦੋਜਕਿ ਚਾਲਿਆ॥ (ਪੰਨਾ 463)
ਸਚੁ ਤਾ ਪਰੁ ਜਾਣੀਐ ਜਾ ਰਿਦੈ ਸਚਾ ਹੋਇ॥
ਕੂੜ ਕੀ ਮਲੁ ਉਤਰੈ ਤਨੁ ਕਰੇ ਹਛਾ ਧੋਇ॥
ਸਚੁ ਤਾ ਪਰੁ ਜਾਣੀਐ ਜਾ ਸਚਿ ਧਰੇ ਪਿਆਰੁ॥
ਨਾਉ ਸੁਣਿ ਮਨੁ ਰਹਸੀਐ ਤਾ ਪਾਏ ਮੋਖ ਦੁਆਰੁ॥ (ਪੰਨਾ 468)
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੁੱਚੇ ਜੀਵਨ-ਚਰਿੱਤਰ ਅਤੇ ਬਾਣੀ-ਚਿੰਤਨ ਨੇ ਮਾਨਵਤਾ ਲਈ ਜਿਸ ਸਮਾਜਿਕ ਚੇਤਨਾ ਦਾ ਸੰਚਾਰ ਕੀਤਾ ਹੈ, ਉਹ ਹਰ ਯੁੱਗ ਦੀਆਂ ਪ੍ਰਸਥਿਤੀਆਂ ਦੇ ਅਨੁਰੂਪ ਮਨੁੱਖੀ ਸਮਾਜ ਦੀ ਅਗਵਾਈ ਕਰਨ ਦੀ ਸਮਰੱਥਾ ਰੱਖਦਾ ਹੈ। ਇਸ ਦ੍ਰਿਸ਼ਟੀ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਪੇਸ਼ ਕਿਰਤ, ਸੰਗਤ ਅਤੇ ਸੇਵਾ ਦੇ ਸੰਕਲਪ ਨੂੰ ਦੇਖਿਆ ਜਾ ਸਕਦਾ ਹੈ। ਇਹ ਤਿੰਨੋਂ ਸੰਕਲਪ ਮਾਨਵੀ ਸਮਾਜ ਦੇ ਵੱਖੋ- ਵੱਖ ਅਨੁਭਵਾਂ, ਲੋੜਾਂ, ਸੰਘਰਸ਼ਾਂ, ਜੀਣ-ਥੀਣ ਦੇ ਵਸੀਲਿਆਂ ਅਤੇ ਆਪਸੀ ਸਾਂਝ ਨੂੰ ਦਰਸਾਉਂਦੇ ਹਨ। ਗਹੁ ਨਾਲ ਵੇਖੀਏ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਕਿਰਤ, ਸੰਗਤ ਅਤੇ ਸੇਵਾ ਮਾਨਵੀ ਸਮਾਜ ਦੇ ਉਹ ਧੁਰੇ ਹਨ, ਜਿਨ੍ਹਾਂ ਤੋਂ ਬਿਨਾਂ ਸਮਾਜ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਵਿਚ ਇਨ੍ਹਾਂ ਤਿੰਨਾਂ ਉੱਤੇ ਬਹੁਤ ਬਲ ਦਿੱਤਾ ਹੈ। ਮਾਨਵ ਦੇ ਭੌਤਿਕ ਸੰਸਾਰ ਨਾਲ ਜੁੜੇ ਇਨ੍ਹਾਂ ਸੰਕਲਪਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ‘ਸੁਕਿਰਤ’, ‘ਸਤਿਸੰਗਤ’ ਅਤੇ ‘ਨਿਰਸੁਆਰਥ ਸੇਵਾ’ ਦੇ ਰੂਪ ਵਿਚ ਪਰਿਭਾਸ਼ਤ ਕਰਦਿਆਂ ਆਪਣੀ ਬ੍ਰਹਮ-ਕੇਂਦਰਿਤ ਪਹੁੰਚ ਦਾ ਹਿੱਸਾ ਬਣਾ ਲੈਂਦੇ ਹਨ।
‘ਘਾਲਿ ਖਾਇ ਕਿਛੁ ਹਥਹੁ ਦੇਇ॥
ਨਾਨਕ ਰਾਹੁ ਪਛਾਣਹਿ ਸੇਇ॥’
ਕਹਿ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਮਨੁੱਖ ਨੂੰ ਕਿਰਤ ਕਰਨ ਅਤੇ ਆਪਣੀ ਕਿਰਤ-ਕਮਾਈ ਵਿੱਚੋਂ ਸਮਾਜ ਲਈ ਕੁਝ ਹਿੱਸਾ ਕੱਢਣ ਦਾ ਆਦੇਸ਼ ਕਰ ਕੇ ਇਸ ਕਿਰਤ ਨੂੰ ‘ਸੁਕਿਰਤ’ ਵਿਚ ਪਰਵਰਤਿਤ ਕਰ ਦਿੰਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਰਚਿਤ ਸਮੁੱਚੀ ਬਾਣੀ ਮਨੁੱਖ ਨੂੰ ਕਰਮਯੋਗੀ ਬਣਨ ਦਾ ਸੰਦੇਸ਼ ਦਿੰਦੀ ਹੈ। ਇਸ ਬਾਣੀ ਵਿਚ ਸੰਨਿਆਸ ਦੀ ਥਾਂ ਗ੍ਰਹਿਸਤ ਮਾਰਗ ਨੂੰ ਪ੍ਰਧਾਨਤਾ ਦਿੱਤੀ ਗਈ ਹੈ। ਗ੍ਰਹਿਸਤ ਦੀ ਬੁਨਿਆਦ ਸੰਗਤ ਉੱਤੇ ਆਧਾਰਿਤ ਹੈ। ਇਸ ਤੋਂ ਇਲਾਵਾ ਸੰਗਤ ਦੇ ਸੰਕਲਪਾਂ ਨੂੰ ਸੰਪੂਰਨਤਾ ਪ੍ਰਦਾਨ ਕਰਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਮਨੁੱਖ ਨੂੰ ‘ਸਤਿਸੰਗਤ’ ਕਰਨ ਅਤੇ ‘ਕੁਸੰਗਤ’ ਤੋਂ ਬਚਣ ਦਾ ਸਮਾਜੀ ਉਪਦੇਸ਼ ਕਰਦੇ ਹਨ:
ਲਖ ਸਿਆਣਪ ਜੇ ਕਰੀ ਲਖ ਸਿਉ ਪ੍ਰੀਤਿ ਮਿਲਾਪੁ॥
ਬਿਨੁ ਸੰਗਤਿ ਸਾਧ ਨ ਧ੍ਰਾਪੀਆ ਬਿਨੁ ਨਾਵੈ ਦੂਖ ਸੰਤਾਪੁ॥ (ਪੰਨਾ 20)
ਊਤਮ ਸੰਗਤਿ ਊਤਮੁ ਹੋਵੈ॥
ਗੁਣ ਕਉ ਧਾਵੈ ਅਵਗਣ ਧੋਵੈ॥ (ਪੰਨਾ 414)
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਿਰਸੁਆਰਥ, ਆਪਸੀ ਮੋਹ-ਪਿਆਰ ਉੱਤੇ ਆਧਾਰਿਤ ਸਮਾਜਿਕ ਚੇਤਨਾ ਦਾ ਸੰਚਾਰ ਕਰਦੇ ਹੋਇਆਂ ਸਤਿ-ਸੰਗਤ ਨੂੰ ਮਾਨਵਤਾ ਦੇ ਭੌਤਿਕੀ ਅਤੇ ਰੂਹਾਨੀਅਤ ਨਾਲ ਜੁੜੇ ਮਸਲਿਆਂ ਨੂੰ ਹੱਲ ਕਰਨ ਦਾ ਕਾਰਗਰ ਤਰੀਕਾ ਦੱਸ ਕੇ ਸੰਗਤ ਨੂੰ ਬ੍ਰਹਮੀ ਕਲਾਵੇ ਵਿਚ ਲਿਆਂਦਾ ਹੈ। ਇਸੇ ਤਰ੍ਹਾਂ ‘ਸੇਵਾ’ ਦੇ ਸੰਕਲਪ ਨੂੰ ਦੁਨੀਆਂ ਅਤੇ ਦਰਗਾਹ ਦਾ ਸੰਬੰਧ ਜੋੜਨ ਵਾਲੀ ਇਕ ਮਜ਼ਬੂਤ ਕੜੀ ਮੰਨਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਲਿਖਦੇ ਹਨ:
ਵਿਚਿ ਦੁਨੀਆ ਸੇਵ ਕਮਾਈਐ॥
ਤਾ ਦਰਗਹ ਬੈਸਣੁ ਪਾਈਐ॥ (ਪੰਨਾ 26)
ਸ੍ਰੀ ਗੁਰੂ ਨਾਨਕ ਦੇਵ ਜੀ ‘ਸੇਵਾ’ ਜਿਹੇ ਮਾਨਵੀ ਗੁਣ ਨੂੰ ਜਦੋਂ ਪ੍ਰਭੂ-ਭਗਤੀ ਅਤੇ ਮਾਨਵ-ਮੁਕਤੀ ਦਾ ਸਾਧਨ ਬਣਾਉਂਦੇ ਹਨ ਤਾਂ ਉਦੋਂ ਇਕ ਤਾਂ ਇਸ ਸੰਕਲਪ ਨੂੰ ਬ੍ਰਹਮ-ਕੇਂਦਰਿਤ ਸੰਦਰਭ ਪ੍ਰਾਪਤ ਹੁੰਦਾ ਹੈ ਅਤੇ ਦੂਜੇ, ਇਹ ਸੇਵਾ ਮਾਨਵੀ ਸਮਾਜ ਲਈ ਆਦਰਸ਼ ਹੋ ਨਿੱਬੜਦੀ ਹੈ। ਸੇਵਾ ਜਿਹੇ ਆਦਰਸ਼ ਨੂੰ ਅਪਣਾਉਣ ਨਾਲ ਮਨੁੱਖ ਹੰਕਾਰੀ ਜਾਂ ਈਰਖਾਲੂ ਬਿਰਤੀਆਂ ਤੋਂ ਸਹਿਜੇ ਹੀ ਨਿਜਾਤ ਪਾ ਲੈਂਦਾ ਹੈ।
ਉਕਤ ਸਮੁੱਚੇ ਵਿਵਰਨ ਤੋਂ ਸਪੱਸ਼ਟ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਾਣੀ-ਚਿੰਤਨ ਦਾ ਅਹਿਮ ਸਰੋਕਾਰ ਇਨਸਾਨੀ ਜ਼ਿੰਦਗੀ ਅਤੇ ਸਮਾਜ ਹੈ। ਇਨਸਾਨੀ ਜ਼ਿੰਦਗੀ ਅਤੇ ਸਮਾਜ ਨੂੰ ਉੱਥਾਨਮੁਖੀ ਸਮਾਜਿਕ ਚੇਤਨਾ ਪ੍ਰਦਾਨ ਕਰਨ ਹਿਤ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਵਿਚ ਅਨੇਕ ਥਾਈਂ ਪ੍ਰੇਰਨਾਵਾਂ ਦਿੱਤੀਆਂ ਹਨ। ਇਸ ਵਿਚ ਵੀ ਕਿਸੇ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਸਮੁੱਚੇ ਰੂਪ ਵਿਚ ਅਧਿਆਤਮਵਾਦੀ ਦਾਰਸ਼ਨਿਕ ਸਨ। ਉਨ੍ਹਾਂ ਦੀ ਸਮੁੱਚੀ ਵਿਚਾਰਧਾਰਾ ਸਣੇ ਸਮਾਜਿਕ ਵਿਚਾਰਧਾਰਾ ਦੇ ਅਤੇ ਉਨ੍ਹਾਂ ਦੇ ਕਰਮ-ਖੇਤਰ ਦਾ ਆਧਾਰ ਅਧਿਆਤਮਿਕਤਾ ਹੀ ਹੈ ਪਰ ਇਹ ਪਰੰਪਰਾਗਤ ਅਰਥਾਂ ਵਿਚ ਬੰਨ੍ਹੀ ਅਧਿਆਤਮਿਕਤਾ ਨਹੀਂ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਰੋਕਾਰ ਪਰੰਪਰਾਗਤ ਧਾਰਮਿਕ ਸਰੋਕਾਰਾਂ ਤੋਂ ਵੱਖਰੇ ਹਨ ਤੇ ਇਨਸਾਨੀ ਜ਼ਿੰਦਗੀ ਅਤੇ ਸਮਾਜ ਇਸ ਦਾ ਕੇਂਦਰੀ ਲੱਛਣ ਹੈ। ਮਾਨਵੀ ਸਮਾਜਿਕ ਸਰੋਕਾਰ ਅਤੇ ਅਧਿਆਤਮਿਕਤਾ ਗੁਰੂ ਜੀ ਦੀ ਬਾਣੀ ਵਿਚ ਅਨਿੱਖੜ ਰੂਪ ਵਿਚ ਜੁੜੇ ਹੋਏ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਹ ਯਤਨ ਅਸਲੋਂ ਨਿਵੇਕਲਾ ਅਤੇ ਇਤਿਹਾਸਕ ਮਹੱਤਵ ਦਾ ਧਾਰਨੀ ਹੈ। ਮਾਨਵੀ ਸਰੋਕਾਰਾਂ ਨੂੰ ਅਭਿਵਿਅਕਤੀ ਪ੍ਰਦਾਨ ਕਰਨ ਹਿਤ ਬ੍ਰਹਮ-ਕੇਂਦਰਿਤ ਪਹੁੰਚ ਵਾਲੇ ਮੁਹਾਵਰੇ ਦਾ ਪ੍ਰਯੋਗ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਾਣੀ-ਚਿੰਤਨ ਦਾ ਮੁੱਲਵਾਨ ਪਹਿਲੂ ਹੈ।
ਸਹਾਇਕ ਪੁਸਤਕਾਂ ਤੇ ਹੋਰ ਸਮੱਗਰੀ:
1. ਡਾ. ਜਗਬੀਰ ਸਿੰਘ, “ਗੁਰੂ ਨਾਨਕ ਬਾਣੀ ਵਿਚ ਸਭਿਆਚਾਰਕ ਕ੍ਰਾਂਤੀ”, (ਵਿਸਮਾਦੁ ਨਾਦ: ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਨੁੱਖਤਾ ਨੂੰ ਦੇਣ ਵਿਸ਼ੇਸ਼ ਅੰਕ)।
2. ਆਰ.ਐਮ.ਮੈਕਾਈਵਰ ਤੇ ਚਾਰਲਸ ਐਚ.ਪੇਜ., ਸਮਾਜ : ਇਕ ਪ੍ਰਾਰੰਭਿਕ ਵਿਸ਼ਲੇਸ਼ਣ, (ਅਨੁ. ਸਾਵਿੰਦਰਜੀਤ ਕੌਰ)।
3. ਸਾਵਿੰਦਰਜੀਤ ਕੌਰ, ਸਮਾਜ ਵਿਗਿਆਨ ਨਾਲ ਜਾਣ ਪਛਾਣ।
4. ਦਰਸ਼ਨ ਸਿੰਘ (ਪ੍ਰੋ.), “ਗੁਰੂ ਗ੍ਰੰਥ ਸਾਹਿਬ ਰਾਸ਼ਟਰੀ ਏਕਤਾ ਦੇ ਮਾਡਲ ਵਜੋਂ” (ਵਿਸਮਾਦੁ ਨਾਦ: ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਨੁੱਖਤਾ ਨੂੰ ਦੇਣ ਵਿਸ਼ੇਸ਼ ਅੰਕ)।
5. ਕਿਸ਼ਨ ਸਿੰਘ (ਪ੍ਰੋ.), ਗੁਰਬਾਣੀ ਦਾ ਸੱਚ।
6. ਅਮਰਜੀਤ ਸਿੰਘ ਗਰੇਵਾਲ (ਡਾ.), “ਇਕੀਵੀਂ ਸਦੀ ਦੇ ਮਾਨਵ ਅਤੇ ਸਮਾਜ ਦੀ ਸਿਰਜਣਾ ਲਈ ਗੁਰੂ ਗ੍ਰੰਥ ਸਾਹਿਬ ਦੀ ਪ੍ਰਾਸੰਗਿਕਤਾ: ਇਕ ਦ੍ਰਿਸ਼ਟੀਕੋਣ”।
ਲੇਖਕ ਬਾਰੇ
- ਹੋਰ ਲੇਖ ਉਪਲੱਭਧ ਨਹੀਂ ਹਨ