ਸ੍ਰੀ ਅਕਾਲ ਪੁਰਖ ਨੂੰ ਜਦੋਂ ਧਰਤੀ ’ਤੇ ਤਰਸ ਆਇਆ ਤਾਂ ਉਸ ਨੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਆਪਣੀ ਨਿਰੰਕਾਰੀ ਤਾਕਤ ਨਾਲ ਮਾਲਾ-ਮਾਲ ਕਰ ਕੇ ਸਤਿ ਦੀ ਸਥਾਪਤੀ ਲਈ ਭੇਜਿਆ। ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਨਿਰੰਕਾਰੀ ਜੋਤ ਨੇ ਸਮੇਂ ਮੁਤਾਬਕ ਚੋਲੇ ਬਦਲ ਕੇ ਸੰਸਾਰ ਦੀ ਅਗਵਾਈ ਕੀਤੀ। ਇਸ ਦੇ ਪਿੱਛੇ ਜੋ ਰਾਜ਼ (ਰਹੱਸ) ਮਹਿਸੂਸ ਹੁੰਦਾ ਹੈ ਉਹ ਇਹ ਹੈ ਕਿ ਮਨੁੱਖੀ ਮਾਨਸਿਕਤਾ ਅਤੇ ਵਿਹਾਰ ਵਿਚ ਤਬਦੀਲੀ ਕਿਤੇ ਗ਼ਲਤ ਪਾਸੇ ਨਾ ਤੁਰ ਪਵੇ ਉਸ ਨੂੰ ਆਪਣੀ ਮੰਜ਼ਲ ਦਾ ਨਿਸ਼ਾਨ ਜ਼ਰੂਰ ਨਜ਼ਰ ਆਉਂਦਾ ਰਹੇ। ਭਾਵ ਉਸ ਦੀ ਚੇਤਨਾ ਵਿਚ ਆਪਣੇ ਸਿਖਰੀ ਪੜਾਅ ਦਾ ਖਿਆਲ ਬਣਿਆ ਰਹੇ। ਇਸ ਵਿਚ ਕੋਈ ਦੋ-ਖਿਆਲੀ ਨਹੀਂ ਕਿ ਗੁਰੂ ਸਾਹਿਬ ਧਰਤੀ ਨੂੰ ਪੂਰਨ ਮਨੁੱਖ ਦੀ ਦਾਤ ਦੇਣ ਲਈ ਸਿਲਸਿਲੇਵਾਰ ਚੋਲੇ ਵੀ ਬਦਲਦੇ ਰਹੇ ਅਤੇ ਆਪਣੇ ਅਕਾਲ ਪੁਰਖੀ ਸਿਧਾਂਤ ਨੂੰ ਵੀ ਅੱਗੇ ਤੋਰਦੇ ਰਹੇ। ਸਮਾਂ ਆਉਣ ’ਤੇ ਪਰਮਾਤਮਾ ਦੀ ਮਰਜ਼ੀ ਅਤੇ ਮੌਜ ਨੂੰ ਖਾਲਸੇ ਦੇ ਰੂਪ ਵਿਚ ਪ੍ਰਗਟ ਕਰ ਕੇ ਸਾਹਿਬ-ਏ-ਕਮਾਲ ਨੇ ਧਰਤੀ ਨੂੰ ਪੂਰਨ ਪੁਰਖਾਂ ਦੀ ਬਾਦਸ਼ਾਹਤ ਨਾਲ ਨਿਵਾਜਿਆ। ਇਹ ਖਾਲਸ ਪੁਰਖ ਉਹ ਨੇ ਜਿਨ੍ਹਾਂ ਸਮਾਜ ਨੂੰ ਅਧਿਆਤਮਿਕ, ਸਮਾਜਿਕ, ਰਾਜਨੀਤਿਕ ਕ੍ਰਾਂਤੀ ਰਾਹੀਂ ਨਵੀਂ ਸੇਧ ਪ੍ਰਦਾਨ ਕਰਨਾ ਹੈ। ਖਾਲਸੇ ਦੀ ਹੋਂਦ ਪ੍ਰਗਟ ਹੋਣ ਤੋਂ ਪਹਿਲਾਂ ਧਰਤੀ’ ਤੇ ਜਿਹੜੀਆਂ ਧਾਰਾਵਾਂ ਲੋਕਾਂ ਨੂੰ ਪ੍ਰਭਾਵਿਤ ਕਰਦੀਆਂ ਨੇ ਉਹ ਮਨੁੱਖ ਨੂੰ ਬਾਹਰੀ ਅਤੇ ਅੰਦਰ ਦੇ ਤਲ ’ਤੇ ਵੰਡ ਕੇ ਵੇਖਦੀਆਂ ਹਨ, ਸੰਸਾਰ ਅਤੇ ਨਿਰੰਕਾਰ ਵਿਚ ਫਰਕ ਦਰਸਾਉਂਦੀਆਂ ਹਨ। ਗੁਰੂ ਸਾਹਿਬ ਇਸ ਦੋਫਾੜੀ ਜ਼ਿੰਦਗੀ ਨੂੰ ਇਕ ਚੜ੍ਹਦੀ ਕਲਾ ਵਾਲੀ ਨੁਹਾਰ ਬਖਸ਼ ਕੇ ਨਵੀਂ ਚੇਤਨਾ ਦਿੰਦੇ ਹਨ। ਮਨੁੱਖ ਨੇ ਜਿਹੜੀ ਕਾਰਗੁਜ਼ਾਰੀ ਧਰਤੀ ’ਤੇ ਰਹਿੰਦਿਆਂ ਕਰਨੀ ਹੈ ਉਸ ਨੂੰ ਨਿਰੰਕਾਰ ਨਾਲੋਂ ਵੱਖ ਕਰ ਕੇ ਵੇਖਣਾ ਤਰਸਯੋਗ ਹੈ।
ਖਾਲਸਾ ਪਰਮਾਤਮਾ ਦੀ ਮੌਜ ਦਾ ਸਾਕਾਰ ਰੂਪ ਹੈ ਜਿਸ ਨੂੰ ਸੁਹਜ ਅਤੇ ਸਾਜ਼ ਦਸਵੇਂ ਪਾਤਸ਼ਾਹ ਜੀ ਨੇ ਅਕਾਲ ਪੁਰਖ ਦੇ ਹੁਕਮ ਅਨੁਸਾਰ ਬਖਸ਼ੀ ਹੈ। ਇਸ ਲਈ ਇਸ ਦੀ ਹਰ ਕ੍ਰਿਆਤਮਿਕ ਗਤੀਵਿਧੀ ਚੜ੍ਹਦੀ ਕਲਾ ਅਤੇ ਰੂਹਾਨੀਅਤ ਵਿਚ ਭਿੱਜੀ ਪੇਸ਼ ਹੁੰਦੀ ਹੈ। ਦਸਵੇਂ ਪਾਤਸ਼ਾਹ ਜੀ ਨੇ ਖਾਲਸੇ ਨੂੰ ਮੇਲਿਆਂ, ਇਕੱਠਾਂ ਵਿਚ ਮੌਜ ਮਸਤੀ ਜਾਂ ਵਕਤ ਗੁਜ਼ਾਰੀ ਲਈ ਇਕੱਤਰ ਹੋਣ ਦੀ ਪ੍ਰੇਰਨਾ ਨਹੀਂ ਦਿੱਤੀ ਬਲਕਿ ਇਨ੍ਹਾਂ ਇਕੱਠਾਂ ਨੂੰ ਸਤਿਸੰਗਤ ਦੀ ਰੂਹਾਨੀਅਤ ਨਾਲ ਰੂਹ ਦੀ ਚੜ੍ਹਦੀ ਕਲਾ ਅਤੇ ਆਨੰਦ ਦੇ ਸੋਮੇ ਵਜੋਂ ਸਥਾਪਤ ਕੀਤਾ ਹੈ। ਗੁਰੂ ਖਾਲਸੇ ਦੇ ਪੁਰਬ, ਤਿਉਹਾਰ, ਯਾਦਗਾਰੀ ਸਾਕੇ, ਖਾਲਸਾ ਪੰਥ ਨੂੰ ਨਵੀਂ ਚੇਤਨਾ ਅਤੇ ਰੱਬੀ ਸਰੂਰ ਨਾਲ ਭਰਦੇ ਹਨ। ਉਹ ਆਪਣੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਕੇ ਰੱਬੀ ਗੁਣਾਂ ਨਾਲ ਸਾਂਝ ਪਾਉਣ ਲਈ ਤਾਂਘ ਲੈ ਕੇ ਉਤਸ਼ਾਹਿਤ ਨਜ਼ਰ ਆਉਂਦੇ ਹਨ। ਦੁਨਿਆਵੀ ਤੌਰ ’ਤੇ ਸਿਰਫ਼ ਮਨੋਰੰਜਨ ਲਈ ਚੱਲੀ ਆ ਰਹੀ ਪਰੰਪਰਾ ਨੂੰ ਇਕ ਖਾਸ ਨਜ਼ਰੀਏ ਅਤੇ ਹੁਲਾਸ ਨਾਲ ਸਿਰਫ਼ ਭਰਦੇ ਹੀ ਨਹੀਂ ਬਲਕਿ ਉਸ ਦੇ ਰੂਹਾਨੀ ਰਹੱਸ ਨੂੰ ਪ੍ਰਗਟ ਕਰਦੇ ਹਨ।
ਹੋਲਾ ਮਹੱਲਾ ਖਾਲਸੇ ਦਾ ਬੜੀ ਚੜ੍ਹਦੀ ਕਲਾ ਦਾ ਪੁਰਬ ਹੈ ਜੋ ਬਸੰਤ ਰੁੱਤ ਵਿਚ ਹੋਲੀ ਤੋਂ ਅਗਲੇ ਦਿਨ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾਂਦਾ ਹੈ। ਡਾ. ਰਤਨ ਸਿੰਘ (ਜੱਗੀ) ਅਨੁਸਾਰ ਪਹਿਲਾਂ ਇਹ ਸੱਤ-ਦਿਨਾ ਸਮਾਗਮ ਸੀ, ਜਿਸ ਵਿਚ ਦੀਵਾਨ ਸਜਦੇ, ਕਥਾ ਕੀਰਤਨ ਹੁੰਦਾ, ਵਾਰਾਂ ਗਾਈਆਂ ਜਾਂਦੀਆਂ, ਅਨੇਕ ਤਰ੍ਹਾਂ ਦੀਆਂ ਫੌਜੀ ਕਵਾਇਦਾਂ ਜਾਂ ਮਸ਼ਕਾਂ ਹੁੰਦੀਆਂ। ਹਰ ਪਾਸੇ ਚੜ੍ਹਦੀ ਕਲਾ ਦਾ ਮਾਹੌਲ ਬਣਿਆ ਰਹਿੰਦਾ। ਇਨ੍ਹਾਂ ਸਾਰੀਆਂ ਕਾਰਵਾਈਆਂ ਵਿਚ ਗੁਰੂ ਸਾਹਿਬ ਰੁਚੀ-ਪੂਰਵਕ ਸ਼ਾਮਲ ਹੁੰਦੇ ਅਤੇ ਸਿੱਖਾਂ ਦਾ ਉਤਸ਼ਾਹ ਵਧਾਉਂਦੇ। ਹੁਣ ਇਹ ਤਿੰਨ ਦਿਨਾਂ ਦਾ ਤਿਉਹਾਰ ਬਣ ਗਿਆ ਹੈ ਜੋ ਹੋਲੀ ਤੋਂ ਇਕ ਦਿਨ ਪਹਿਲਾਂ ਅਤੇ ਇਕ ਦਿਨ ਬਾਅਦ (ਫੱਗਣ ਸੁਦੀ ਚੌਦਾਂ ਤੋਂ ਚੇਤਰ ਵਦੀ ਇਕ ਤਕ) ਵਿਸ਼ੇਸ਼ ਤੌਰ ’ਤੇ ਮਨਾਇਆ ਜਾਂਦਾ ਹੈ।1 ਇਸ ਤਿਉਹਾਰ ਦੀ ਸ਼ੁਰੂਆਤ ਕਲਗੀਧਰ ਪਾਤਸ਼ਾਹ ਜੀ ਨੇ ਹੋਲਗੜ੍ਹ ਕਿਲ੍ਹੇ ’ਤੇ ਦੀਵਾਨ ਲਗਾ ਕੇ ਸੰਮਤ 1757 ਚੇਤ ਵਦੀ 1 ਨੂੰ ਕੀਤੀ। ਇਸ ਨੂੰ ਹੋਲਾ ਮਹੱਲਾ ਨਾਮ ਦਿੱਤਾ।2
ਹੋਲਾ ਮਹੱਲਾ ਦੇ ਅਰਥ ਕਰਦਿਆਂ ਭਾਈ ਕਾਨ੍ਹ ਸਿੰਘ ਨਾਭਾ ਇਸ ਨੂੰ ਹਮਲਾ ਅਤੇ ਜਾਯ ਹਮਲਾ ਕਹਿੰਦੇ ਹਨ। ਉਨ੍ਹਾਂ ਅਨੁਸਾਰ ‘ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖਾਲਸੇ ਨੂੰ ਸ਼ਸਤਰ ਅਤੇ ਯੁੱਧ ਵਿੱਦਿਆ ਵਿਚ ਨਿਪੁੰਨ ਕਰਨ ਲਈ ਇਹ ਰੀਤ ਚਲਾਈ ਸੀ। ਦੋ ਦਲ ਬਣਾ ਕੇ ਪ੍ਰਧਾਨ ਸਿੰਘਾਂ ਦੀ ਅਗਵਾਈ ਹੇਠ ਇਕ ਖਾਸ ਸਥਾਨ ’ਤੇ ਕਬਜ਼ਾ ਕਰਨ ਲਈ ਹਮਲਾ ਕਰਨਾ। ਕਲਗੀਧਰ ਪਾਤਸ਼ਾਹ ਆਪ ਇਸ ਮਸਨੂਈ ਜੰਗ ਦਾ ਕਰਤਬ ਦੇਖਦੇ ਅਤੇ ਦੋਹਾਂ ਦਲਾਂ ਨੂੰ ਸ਼ੁਭ ਸਿਖਿਆ ਦਿੰਦੇ ਸੀ, ਅਰ ਜੋ ਦਲ ਕਾਮਯਾਬ ਹੁੰਦਾ ਉਸ ਨੂੰ ਦੀਵਾਨ ਵਿਚ ਸਿਰੋਪੇ ਬਖਸ਼ਦੇ ਸਨ।3
ਹੋਲਾ ਮਹੱਲਾ ਭਾਵੇਂ ਤਿਉਹਾਰ ਵਾਂਗੂੰ ਮਨੋਰੰਜਨ ਦ੍ਰਿਸ਼ਾਂ ਜਾਂ ਰੁਝੇਵਿਆਂ ਪ੍ਰਤੀ ਸੰਕੇਤ ਕਰਦਾ ਪ੍ਰਤੀਤ ਹੁੰਦਾ ਹੈ ਪਰ ਇਸ ਦਾ ਅਸਲ ਰੂਪ ਗਹਿਰੀ ਸਿਆਣਪ ਅਤੇ ਦੂਰਅੰਦੇਸ਼ੀ ਦੀ ਸੂਖਮ ਸੂਝ ਦਾ ਪ੍ਰਗਟਾਵਾ ਕਰਦਾ ਹੈ। ਗੁਰੂ ਸਾਹਿਬ ਖਾਲਸੇ ਲਈ ਆਮ ਦੁਨਿਆਵੀ ਧਰਾਤਲ ਦੀ ਸਥੂਲ ਵੰਨ-ਸੁਵੰਨਤਾ ਅਤੇ ਮਨਪ੍ਰਚਾਵੇ ਵਾਲੀ ਪਰੰਪਰਾਗਤ ਰੀਤ ਨੂੰ ਨਵੇਂ ਵਿਕਾਸਮਈ ਅਤੇ ਵਿਸਮਾਦਮਈ ਮਾਹੌਲ ਵਿਚ ਸਿਰਜ ਕੇ ਇਸ ਨੂੰ ਮਨੁੱਖਤਾ ਦਾ ਨਿਰਭਉ ਅਤੇ ਨਿਰਵੈਰ ਬਾਦਸ਼ਾਹ ਬਣਾਉਣਾ ਚਾਹੁੰਦੇ ਹਨ। ਇਹ ਉਹ ਚੇਤੰਨ ਤਾਬਿਆਦਾਰ ਹੋਣਗੇ ਜਿਹੜੇ ਬਾਹਰੀ ਰਸਾਂ-ਕਸਾਂ ਤੋਂ ਉੱਪਰ ਉੱਠ ਕੇ ਨਵੀਆਂ ਪੈੜਾਂ ਪਾ, ਸੰਸਾਰ ਦੀ ਅਗਵਾਈ ਕਰਨਗੇ। ਹੋਲਾ ਮਹੱਲਾ ਕੋਈ ਮਨਪ੍ਰਚਾਵੇ ਵਾਲਾ ਮੇਲਾ ਨਹੀਂ, ਇਸ ਪਿੱਛੇ ਗੁਰੂ ਪਾਤਸ਼ਾਹ ਜੀ ਦੀ ਜੋ ਸੋਚ ਸੀ ਉਸ ਬਾਰੇ ਆਪਣੇ ਵਿਚਾਰ ਪ੍ਰਗਟਾਉਂਦੇ ਹੋਏ ਡਾ. ਰਤਨ ਸਿੰਘ ਜੱਗੀ ਕਹਿੰਦੇ ਹਨ “ਇਹ ਅਸਲ ਵਿਚ, ਸਿੱਖ ਸੈਨਿਕਾਂ ਨੂੰ ਅਭਿਆਸ ਕਰਾਉਣ ਲਈ ਇਕ ਬਣਾਵਟੀ ਯੁੱਧ ਹੁੰਦਾ ਸੀ। ਸੈਨਿਕਾਂ ਨੂੰ ਦੋ ਦਲਾਂ ਵਿਚ ਵੰਡ ਕੇ ਇਕ ਦਲ ਨੂੰ ਸਫ਼ੈਦ ਅਤੇ ਦੂਜੇ ਨੂੰ ਕੇਸਰੀ ਬਸਤਰ ਪਾਉਣ ਲਈ ਕਿਹਾ ਜਾਂਦਾ ਸੀ। ਬਣਾਵਟੀ ਜੰਗ ਦੇ ਵੀ ਕਈ ਰੂਪ ਹੁੰਦੇ ਸਨ। ਮੁੱਖ ਤੌਰ ’ਤੇ ਦੋਹਾਂ ਦਲਾਂ ਨੂੰ ਲੋਹਗੜ੍ਹ ਉੱਤੇ ਕਬਜ਼ਾ ਕਰਨ ਲਈ ਪ੍ਰੇਰਿਆ ਜਾਂਦਾ ਸੀ। ਜੋ ਦਲ ਪਹਿਲਾਂ ਕਬਜ਼ਾ ਕਰਦਾ ਉਸ ਨੂੰ ਇਨਾਮ ਅਤੇ ਸਿਰੋਪੇ ਦਿੱਤੇ ਜਾਂਦੇ ਜਾਂ ਫਿਰ ਇਕ ਦਲ ਨੂੰ ਲੋਹਗੜ੍ਹ ਉੱਤੇ ਕਾਬਜ਼ ਦੱਸਿਆ ਜਾਂਦਾ ਅਤੇ ਦੂਜੇ ਦਲ ਵਾਲੇ ਕਾਬਜ਼ ਦਲ ਤੋਂ ਕਿਲ੍ਹਾ ਖੋਹਣ ਦਾ ਉੱਦਮ ਕਰਦੇ। ਜਿੱਤਣ ਵਾਲੇ ਦਲ ਨੂੰ ਖੂਬ ਇਨਾਮ ਦਿੱਤੇ ਜਾਂਦੇ।4
ਗੁਰੂ ਪਾਤਸ਼ਾਹ ਜੀ ਨੇ ਖਾਲਸੇ ਨੂੰ ਜਿਸ ਅਮੀਰੀ ਨਾਲ ਭਰਿਆ ਹੈ ਉਸ ਦੀ ਤੁਲਨਾਤਮ ਵੰਨਗੀ ਲੱਭਣੀ ਬਹੁਤ ਮੁਸ਼ਕਿਲ ਹੈ। ਇਸ ਬਾਰੇ ਵਿਚਾਰ ਦਾ ਕਾਰਨ ਬੜਾ ਸਪਸ਼ਟ ਹੈ ਖਾਲਸਾ ਪਰਮਾਤਮਾ ਦੀ ਮੌਜ ’ਚੋਂ ਪਰਮਾਤਮਾ ਰਾਹੀਂ ਪ੍ਰਗਟ ਹੋਇਆ ਪ੍ਰਤੱਖ ਪਰਮਾਤਮਾ ਹੀ ਹੈ। ਰੱਬੀ ਰਹਿਮਤਾਂ ਦਾ ਪਾਤਰ ਰੂਹਾਨੀ ਜ਼ਿੰਦਾਦਿਲੀ ਨਾਲ, ਇਕਰਸ, ਹੁਕਮ ਦੀ ਤਾਮੀਰ ਕਰਨ ਵਾਲਾ, ਬੇਪਰਵਾਹ, ਆਸ਼ਕ, ਆਪਣੇ ਮਹਿਬੂਬ ਲਈ ਬੇਹੱਦ ਪ੍ਰੇਮ ਰਸ ਨਾਲ ਭਰਿਆ, ਚੜ੍ਹਦੀ ਕਲਾ ਵਿਚ ਵਿਚਰਨ ਵਾਲਾ ਖਾਲਸਾ ਜਦੋਂ ਦੁਨਿਆਵੀ ਧਰਾਤਲ ’ਤੇ ਕੋਈ ਪੁਰਬ ਮਨਾਉਂਦਾ ਹੈ ਤਾਂ ਉਹ ਆਪਣੀ ਵੱਖਰੀ ਪਛਾਣ ਸਥਾਪਤ ਕਰਦਾ ਹੈ। ਗੁਰੂ ਦਸਮ ਪਾਤਸ਼ਾਹ ਜੀ ਖਾਲਸੇ ਨੂੰ ਸ਼ਸਤਰਾਂ ਦੇ ਅਤੇ ਤਿਉਹਾਰ-ਅਭਿਆਸ ਦੇ ਅਵਸਰਾਂ ਦੇ ਰੂਪ ਵਿਚ ਬਖਸ਼ਦੇ ਹਨ। ਉਨ੍ਹਾਂ ਦਾ ਮਕਸਦ ਸਿੱਖ ਨੂੰ ਹਰ ਪਲ ਚੇਤੰਨ ਰੱਖਣ ਦਾ ਹੈ। ਉਹ ਚੇਤਨਾ ਸੰਸਾਰ ਅਤੇ ਨਿਰੰਕਾਰ ਦੋਵਾਂ ਪ੍ਰਤੀ ਬਰਾਬਰ ਬਣੀ ਰਹਿਣੀ ਚਾਹੀਦੀ ਹੈ। ਇਸ ਕਰਕੇ ਹੀ ਸਾਹਿਬ ਨੇ ਮਿਥਿਹਾਸਕ ਹੋਲੀ ਨੂੰ ਇਤਿਹਾਸਕ ਹੋਲੇ ਮਹੱਲੇ ਦੇ ਰੂਪ ਵਿਚ ਮਨਾਉਣ ਦੀ ਨਵੀਂ ਪੈੜ ਪਾਈ।
ਇਤਿਹਾਸਕ ਪ੍ਰਮਾਣਾਂ ਰਾਹੀਂ ਬੜੇ ਸਪਸ਼ਟ ਤੌਰ ’ਤੇ ਸਿੰਘਾਂ ਦੀ ਨਿਵੇਕਲੀ ਅਤੇ ਹੈਰਾਨ ਕਰਨ ਵਾਲੀ ਸ਼ਖਸੀਅਤ ਉਸਾਰੀ ਸਾਹਮਣੇ ਆਉਂਦੀ ਹੈ। ਇਹੀ ਗੁਰੂ ਦੀ ਬਖਸ਼ਿਸ਼ ਅਤੇ ਪਰਮਾਤਮਾ ਦੀ ਮੌਜ ਨਾਲ ਸਿਰਜੇ ਨਵੀਨ ਖਾਲਸਾਈ ਪੁਰਖਾਂ ਦੀ ਗਵਾਹੀ ਬਣਦੀ ਹੈ। ਵੱਡੇ-ਵੱਡੇ ਖੱਬੀ ਖਾਨ ਅਖਵਾਉਣ ਵਾਲੇ ਬਾਦਸ਼ਾਹਾਂ ਦੀ ਮਾਨਸਿਕ ਪੀੜਾ ਇਸ ਦੀ ਗਵਾਹੀ ਬਣ ਕੇ ਪੇਸ਼ ਹੁੰਦੀ ਹੈ।… ਮੇਰਾ ਨਾਉ ਨਾਦਰ ਜ਼ਾਲਮ ਹੈ, ਮੈਂ ਬੜੇ-ਬੜੇ ਰਾਖਸ਼ ਸਿੱਧੇ ਕਰ ਛੱਡੇ ਹਨ, ਮੇਰੀ ਬੱਬਰ ਸ਼ੇਰ ਦੀ ਦਾੜ੍ਹ ਵਿੱਚੋਂ ਮਾਸ ਲੈਣ ਵਾਲੇ ਉਹ ਕੌਣ ਹਨ?5 ਕਿਸੇ ਤਾਕਤਵਰ ਬਾਦਸ਼ਾਹ ਦੀ ਦਹਿਸ਼ਤ ਦੇ ਬਾਵਜੂਦ ਉਸ ਦੇ ਗਿਰੇਵਾਨ ਨੂੰ ਹੱਥ ਪਾਉਣ ਵਾਲਾ ਹੌਸਲਾ ਰੱਖਣ ਵਾਲੇ ਕਿੰਨੇ ਰੂਹਸਾਰ ਹੋਣਗੇ ਇਸ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ।… ਜਹਾਂ ਪਨਾਹ ਏਹ ਇਕ ਅਜਬ ਢੰਗ ਦਾ ਸਿੰਘ ਨਾਮ ਖਾਲਸਾ ਪੰਥ ਹੈ। ਇਨ੍ਹਾਂ ਸਿੰਘਾਂ ਦਾ ਪਿੰਡ, ਦੇਸ, ਘਰ-ਘਾਟ, ਕਿਲ੍ਹਾ, ਕੋਟ ਕੋਈ ਨਹੀਂ। ਬਰਸਾਤ ਦੀਆਂ ਖੁੰਬਾਂ ਵਾਂਗੂੰ ਆਪਣੇ ਆਪ ਕਿਧਰੋਂ ਨਿਕਲ ਕੇ ਪਲੇ-ਪਲਾਏ ਇਸ ਮਜ਼੍ਹਬ ਵਿਚ ਆ ਰਲਦੇ ਹਨ, ਇਹ ਤਾਂ ਖੁਦਾਈ ਚਸ਼ਮਾ ਸਮਝੋ।6 ਖਾਲਸੇ ਦਾ ਹਰ ਪੁੱਟਿਆ ਕਦਮ ਕੋਈ ਰੱਬੀ ਅਦਬ ਧਰਤੀ ’ਤੇ ਪੇਸ਼ ਕਰ ਰਿਹਾ ਹੁੰਦਾ ਹੈ। ਜ਼ਾਲਮ ਦੀ ਆਪਣੀ ਰੂਹ ਉਸ ਦੀ ਜ਼ੁਬਾਨ ਰਾਹੀਂ ਇਸ ਦੀ ਗਵਾਹੀ ਆਪ ਭਰਦੀ ਹੈ।… ਜਿਸ ਤਰ੍ਹਾਂ ਅਸੀਂ ਹਿੰਦੂਆਂ ਨੂੰ ਮਾਰਨਾ ਸਵਾਬ ਸਮਝਦੇ ਹਾਂ, ਏਸੇ ਤਰ੍ਹਾਂ ਇਹ ਜ਼ੁਲਮ ਦਾ ਨਾਸ਼ ਕਰਨਾ ਆਪਣਾ ਧਰਮ ਸਮਝਦੇ ਹਨ।7 ਖਾਲਸੇ ਦੇ ਪੁਰਬ ਆਪਣੇ ਆਪ ਵਿਚ ਸਿਰਫ਼ ਮਨੋਰੰਜਨ ਨਹੀਂ ਬਲਕਿ ਉਹ ਧਰਤੀ ਦੇ ਵਾਸੀ ਮਨੁੱਖਾਂ ਨੂੰ ਰੱਬੀ ਹੁਕਮ ਅਤੇ ਆਪਣੇ ਕਰਤੱਵਾਂ ਪ੍ਰਤੀ ਚੇਤੰਨ ਰਹਿਣ ਦੀ ਪ੍ਰੇਰਨਾਦਾਇਕ ਖੁਰਾਕ ਹਨ।
ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਜਿਵੇਂ ਪਰਮਾਤਮਾ ਆਪਣੇ ਕਿਸੇ ਖਾਸ ਅਸੂਲ ਨੂੰ ਬੜੀ ਸੰਜੀਦਗੀ ਨਾਲ ਗੁਰੂ ਸਾਹਿਬ ਰਾਹੀਂ ਧਰਤੀ ’ਤੇ ਪ੍ਰਗਟ ਕਰ ਰਿਹਾ ਹੈ। ਧਰਤੀ ਇਬਾਦਤੀ ਅਦਬ ਵਿਚ ਪ੍ਰਭੂ ਤੇ ਇਹ ਚੋਜ, ਚੋਜੀ ਪ੍ਰੀਤਮ ਰਾਹੀਂ ਆਪਣੇ ਵਿਹੜੇ ਵਾਪਰਦੇ ਵੇਖ ਕੇ ਵਿਸਮਾਦਿਤ ਹੁੰਦੀ ਹੈ। ਬਨਸਪਤੀ, ਚੰਨ, ਸੂਰਜ, ਤਾਰੇ, ਪਹਾੜ, ਪੰਛੀ ਸਭ ਇਸ ਵਿਸਮਾਦੀ ਵਰਤਾਰੇ ਨਾਲ ਪ੍ਰਭਾਵਿਤ ਹੋਏ ਪ੍ਰਤੀਤ ਹੁੰਦੇ ਹਨ। ਬਸੰਤ ਦੇ ਆਗਮਨ ਨਾਲ ਬਨਸਪਤੀ ਮਉਲ ਉਠੀ, ਮਨ ਮਉਲਿਆ, ਸਾਰਾ ਬ੍ਰਹਿਮੰਡ ਹੀ ਆਨੰਦਿਤ ਅਤੇ ਖਿੜਿਆ ਦਿੱਸ ਆਉਂਦਾ ਹੈ। ਮਨੁੱਖੀ ਸੁਭਾਅ ਮਚਲਦਾ ਆਪਣੇ ਆਪ ਨੂੰ ਕਿਸੇ ਰੰਗ ਵਿਚ ਰੰਙਣ ਲਈ ਲਲਚਾਉਂਦਾ ਆਪਣੀ ਸੌੜੀ ਸਮਝ ਕਰਕੇ ਬਾਹਰੀ ਸ਼ੋਖ ਰੰਗਾਂ ਵਿਚ ਆਪਾ ਰੰਗ ਕੇ ਆਪਣੇ ਅੰਦਰੂਨੀ ਭਾਵ ਪ੍ਰਗਟ ਕਰਦਾ ਝੂਮਰ ਪਾਉਂਦਾ ਹੈ। ਕਲਗੀਆਂ ਵਾਲੇ ਪਾਤਸ਼ਾਹ ਬਸੰਤ ਦੀ ਇਸ ਕੁਦਰਤੀ ਸੁਹੱਪਣ ਵਾਲੀ ਰੁੱਤ ਵਿਚ ਖਾਲਸੇ ਦੇ ਮਾਨਸਿਕ ਉਮਾਹ ਨੂੰ ਰੱਬੀ ਬਾਣੀ ਦੀ ਰੂਹਾਨੀਅਤ ਵਿਚ ਰੰਙਣ ਦੇ ਨਾਲ- ਨਾਲ ਵੀਰ ਰਸੀ ਜਲਾਲ ਨਾਲ ਰੰਗੀਚ ਜਾਣ ਦੀ ਪ੍ਰੇਰਨਾ ਨਾਲ ਭਰਦੇ ਹਨ।
ਸਮੇਂ ਦੇ ਗੁਜ਼ਰਨ ਨਾਲ ਧਰਤੀ ’ਤੇ ਸਥਾਪਤ ਮਰਿਆਦਾਵਾਂ ਵਿਚ ਸੁਭਾਵਿਕ ਪਰਿਵਰਤਨ ਆਉਂਦਾ ਹੈ। ਉਸ ਨਾਲ ਕਈ ਵਾਰ ਅਸਲ ਧੁੰਧਲਾ ਜਾਂਦਾ ਹੈ ਤੇ ਨਕਲ ਆਪਣਾ ਨਵਾਂ ਰੂਪ ਨਵੇਂ ਤਰੀਕੇ ਨਾਲ ਪੇਸ਼ ਕਰਦੀ ਹੈ। ਚੇਤੰਨ ਕੌਮਾਂ ਨੂੰ ਆਪਣੇ ਵਿਰਸੇ ਪ੍ਰਤੀ ਵਫਾਦਾਰੀ ਵਾਸਤੇ ਨਕਲ ਤੋਂ ਸਾਵਧਾਨੀ ਲਾਜ਼ਮੀ ਹੈ। ਖਾਲਸਾ ਪੰਥ ਨੂੰ ਮੌਜੂਦਾ ਸਮੇਂ ਵਿਚ ਬੜੀ ਜਾਗਰਤੀ ਨਾਲ ਗੁਰਪੁਰਬ ਅਤੇ ਤਿਉਹਾਰ ਮਨਾਉਣ ਦਾ ਉੱਦਮ ਜਾਰੀ ਰੱਖਣਾ ਚਾਹੀਦਾ ਹੈ। ਗੁਰੂ ਸਾਹਿਬ ਦੀ ਬਖਸ਼ੀ ਖਾਲਿਸ ਰਹਿਨੁਮਾਈ ਨੂੰ ਖਾਲਿਸ ਰੂਪ ਵਿਚ ਹੀ ਕ੍ਰਿਆਤਮਿਕਤਾ ਦੇਣੀ ਚਾਹੀਦੀ ਹੈ। ਇਸ ਵਿੱਚੋਂ ਰੂਹਾਨੀਅਤ ਅਤੇ ਦਾਨਿਸ਼ਪੁਣਾ ਝਲਕਣਾ ਲਾਜ਼ਮੀ ਹੈ। ਖਾਲਸੇ ਨੇ ਰੱਬੀ ਸਰੂਰ ਵਿਚ ਰੰਗੀਜ ਕੇ ਸੂਰਬੀਰਤਾ ਹਾਸਲ ਕਰਨੀ ਹੈ ਅਤੇ ਆਪਣੀ ਤਾਕਤ ਨੂੰ ਸਰਬੱਤ ਦੇ ਭਲੇ ਲਈ ਖਰਚਣਾ ਆਪਣਾ ਪਰਮ ਉਦੇਸ਼ ਸਮਝਣਾ ਹੈ।
ਹਵਾਲੇ :
1. ਜੱਗੀ, ਡਾ. ਰਤਨ ਸਿੰਘ, ਸਿੱਖ ਪੰਥ ਵਿਸ਼ਵਕੋਸ਼ ਭਾਗ ਪਹਿਲਾ, ਗੁਰ ਰਤਨ ਪਬਲਿਸ਼ਰਜ਼, ਪਟਿਆਲਾ, 2005, ਪੰਨਾ 440.
2. ਨਾਭਾ, ਭਾਈ ਕਾਨ੍ਹ ਸਿੰਘ, ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ, ਪੰਜਵੀਂ ਵਾਰ 1990, ਪੰਨਾ 283.
3. ਉਹੀ।
4. ਜੱਗੀ, ਡਾ. ਰਤਨ ਸਿੰਘ, ਸਿੱਖ ਪੰਥ ਵਿਸ਼ਵ ਕੋਸ਼, ਭਾਗ ਪਹਿਲਾ,ਪੰਨਾ 439-40.
5. ਗਿਆਨ ਸਿੰਘ, ਗਿਆਨੀ, ਤਵਾਰੀਖ ਗੁਰੂ ਖਾਲਸਾ, ਭਾਗ ਦੂਜਾ, ਭਾਸ਼ਾ ਵਿਭਾਗ ਪੰਜਾਬ, 1970, ਪੰਨਾ 139.
6. ਉਹੀ।
7. ਉਹੀ।
ਲੇਖਕ ਬਾਰੇ
- ਹੋਰ ਲੇਖ ਉਪਲੱਭਧ ਨਹੀਂ ਹਨ